ਹਾਈਡ-ਪਾਰਕ ਦਾ ਸਪੀਕਰਜ਼-ਕਾਰਨਰ /
ਹਰਜੀਤ ਅਟਵਾਲ /
ਹਾਈਡ-ਪਾਰਕ ਦੇ ਸਪੀਕਰਜ਼-ਕਾਰਨਰ ਬਾਰੇ ਮੈਂ ਕਾਲਜ ਸਮੇਂ ਆਪਣੇ ਕੋਰਸ ਵਿੱਚ ਪੜ੍ਹਿਆ ਸੀ, ਜਿਥੇ ਤੁਸੀਂ ਮਨ ਦੀ ਗੱਲ ਕਰ ਸਕਦੇ ਹੋ, ਕਿਸੇ ਦੇ ਖਿਲਾਫ ਕੁਝ ਵੀ ਬੋਲ ਸਕਦੇ ਹੋ, ਭਾਵੇਂ ਯੂਕੇ ਦੀ ਰਾਣੀ ਦੀ ਆਲੋਚਨਾ ਕਰੋ, ਤੁਹਾਨੂੰ ਕੋਈ ਰੋਕੇਗਾ ਨਹੀਂ। ਇਹ ਲੋਕ ਰਾਜ ਦਾ ਚਿੰਨ੍ਹ ਹੈ ਸਗੋਂ ਇਹ ਲੋਕਰਾਜ ਦਾ ਥੰਮ ਹੈ। ਦਿਲ ਦੀ ਗੱਲ ਕਹਿਣਾ, ਹੀ ਲੋਕਰਾਜ ਦਾ ਗਹਿਣਾ। ਸਪੀਕਰਜ਼-ਕਾਰਨਰ ਤੋਂ ਪਹਿਲਾਂ ਹਾਈਡ-ਪਾਰਕ ਬਾਰੇ ਗੱਲ ਕਰਨੀ ਜ਼ਰੂਰੀ ਬਣਦੀ ਹੈ ਕਿਉਂਕਿ ਹਾਈਡ-ਪਾਰਕ ਨਾਲ ਇਸਦਾ ਡੂੰਘਾ ਸੰਬੰਧ ਹੈ। ਇਸਦਾ ਹਾਈਡ ਪਾਰਕ ਵਿੱਚ ਹੋਣਾ ਕੋਈ ਇਤਫਾਕ ਨਹੀਂ ਹੈ। ਇਥੇ ਹਾਈਡ-ਪਾਰਕ ਸਥਾਪਤੀ ਦੀ ਨਿਸ਼ਾਨੀ ਹੈ ਤੇ ਸਪੀਕਰਜ਼-ਕਾਰਨਰ ਸਥਾਪਤੀ ਦੇ ਖਿਲਾਫ ਬੋਲਣ ਦਾ ਮੈਟਾਫਰ।
ਹਾਈਡ-ਪਾਰਕ ਲੰਡਨ ਦੇ ਕੇਂਦਰ ਵਿੱਚ ਸਥਿਤ ਇਕ ਰੁਆਇਲ ਪਾਰਕ ਹੈ। ਇਹ ਲੰਡਨ ਦੇ ਚਾਰ ਰੁਆਇਲ ਪਾਰਕਾਂ ਵਿੱਚੋਂ ਪ੍ਰਮੁੱਖ ਹੈ। ਇਹ 350 ਏਕੜਾਂ ਵਿੱਚ ਫੈਲਿਆ ਹੋਇਆ ਹੈ। ਇਸਨੂੰ ਰਾਜੇ ਹੈਨਰੀ ਅੱਠਵੇਂ ਨੇ 1536 ਵਿੱਚ ਵੈਸਟਰਨ-ਐਬੇ ਤੋਂ ਆਪਣੇ ਲਈ ਰਾਖਵਾਂ ਰਖਵਾਇਆ ਸੀ। ਅਸਲ ਵਿੱਚ ਇਹ ਰਾਜੇ ਲਈ ਸ਼ਿਕਾਰਗਾਹ ਬਣਾਈ ਗਈ ਸੀ। ਇਥੇ ਬਹੁਤ ਸਾਰੇ ਹਿਰਨ ਤੇ ਹੋਰ ਸ਼ਿਕਾਰਯੋਗ ਜਾਨਵਰ ਰੱਖੇ ਸਨ। ਇਥੇ ਆਮ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਫਿਰ 1637 ਵਿੱਚ ਇਸਨੂੰ ਹੌਲੀ-ਹੌਲੀ ਆਮ ਪਬਲਿਕ ਲਈ ਖੋਹਲਿਆ ਜਾਣ ਲੱਗਾ। ਥੋੜਾ-ਥੋੜਾ ਕਰਕੇ ਇਥੇ ਆਮ ਲੋਕਾਂ ਆਉਣ ਦੀ ਇਜਾਜ਼ਤ ਦਿੱਤੀ ਗਈ। ਫਿਰ ਸਾਰੇ ਲੰਡਨਰ ਤੇ ਬਾਹਰੋਂ ਆਏ ਲੋਕ ਹਾਈਡ ਪਾਰਕ ਵਿੱਚ ਘੁੰਮਦੇ ਦਿਸਣ ਲੱਗੇ।
ਇਹ ਬਹੁਤ ਖੂਬਸੂਰਤ ਪਾਰਕ ਹੈ। ਇਸ ਵਿੱਚ ਝੀਲਾਂ ਹਨ, ਵੱਡੇ-ਵੱਡੇ ਦਰਖਤ ਹਨ, ਸੜਕਾਂ ਹਨ, ਡੰਡੀਆਂ ਹਨ, ਹੋਰ ਤੁਰਨ-ਗਾਹਾਂ ਹਨ, ਰੈਸਟੋਰੈਂਟ, ਕੈਫੇ ਹਨ ਤੇ ਤਫਰੀਹ ਦੇ ਹੋਰ ਬਹੁਤ ਸਾਰੇ ਸਾਧਨ ਹਨ, ਬੱਚਿਆਂ ਲਈ ਪੀਘਾਂ-ਸਲਾਈਡਜ਼ ਆਦਿ ਹਨ, ਪ੍ਰਦਰਸ਼ਨੀਆਂ ਲਾਉਣ ਲਈ ਖੁੱਲ੍ਹੇ ਮੈਦਾਨ ਹਨ। ਸਭ ਤੋਂ ਪਹਿਲੀ ਵੱਡੀ ਨੁਮਾਇਸ਼ 1851 ਵਿੱਚ ਲਾਈ ਗਈ ਸੀ। ਕਰਿਸਟਲ-ਪੈਲਸ ਨਾਂ ਦੀ ਇਕ ਆਰਜ਼ੀ ਇਮਾਰਤ ਉਸਾਰੀ ਗਈ ਜੋ ਸ਼ੀਸ਼ੇ ਤੇ ਲੋਹੇ ਦੀ ਬਣਾਈ ਗਈ ਸੀ। ਇਵੇਂ ਹੀ ਅੱਜ ਵੀ ਇਥੇ ਟੈਂਟ ਆਦਿ ਲਾਕੇ ਵੱਡਾ ਸਾਰਾ ਹਾਲ ਬਣਾ ਵੱਡੇ-ਵੱਡੇ ਫੰਕਸ਼ਨ ਕਰਾਏ ਜਾਂਦੇ ਹਨ, ਚਾਹੇ ਉਹ ਮਿਊਜ਼ਕ ਕਾਨਸੌਰਟ ਹੋਵੇ ਜਾਂ ਕੋਈ ਖੇਡ ਈਵੈਂਟਸ ਹੋਣ ਜਾਂ ਕੋਈ ਸਮਾਜਕ ਸਰਗਰਮੀ।
ਸਭ ਤੋਂ ਪਹਿਲਾਂ ਮੈਂ ਹਾਈਡ-ਪਾਰਕ ਬਾਰੇ ਕਿਧਰੇ ਇਕ ਕਵਿਤਾ ਪੜ੍ਹੀ ਸੀ। ਫਿਰ ਹੋਰ ਵੀ ਕਾਫੀ ਕੁਝ ਪੜ੍ਹਿਆ। ਹਾਈਡ ਪਾਰਕ ਮੈਂ ਹਿੰਦੀ ਦੀ ਫਿਲਮ ਸੰਗਮ ਵਿੱਚ ਵੀ ਦੇਖਿਆ ਸੀ। ਉਸ ਤੋਂ ਬਾਅਦ ਕੁਝ ਹੋਰ ਫਿਲਮਾਂ ਵਿੱਚ ਵੀ। ਲੰਡਨ ਪੁੱਜਕੇ ਮੈਂ ਆਪਣੀ ਪਹਿਲੀ ਵਿਹਲ ਵਿੱਚ ਹੀ ਟਿਊਬ ਫੜ ਕੇ ਹਾਈਡ-ਪਾਰਕ ਜਾ ਪੁੱਜਾ ਸਾਂ। ਅੰਡਰ-ਗਰਾਊਂਡ ਦਾ ਹਾਈਡ-ਪਾਰਕ ਲਈ ਅਲੱਗ ਸਟੇਸ਼ਨ ਹੈ। ਹਾਈਡ-ਪਾਰਕ ਦੀ ਦੂਜੀ ਫੇਰੀ ਮੈਂ ਕਾਰ ਰਾਹੀਂ ਕੀਤੀ ਸੀ। ਹਾਈਡ ਪਾਰਕ ਵਿੱਚ ਘੁੰਮਣ ਤੋਂ ਪਹਿਲਾਂ ਮੈਂ ਇਸਦਾ ਸਪੀਕਰਜ਼-ਕਾਰਨਰ ਦੇਖਣ ਗਿਆ। ਇਸਦੀ ਮਹੱਤਤਾ ਕਾਰਨ ਮੇਰੇ ਮਨ ਵਿੱਚ ਇਸਦੀ ਬਹੁਤ ਵੱਡੀ ਤਸਵੀਰ ਬਣੀ ਹੋਈ ਸੀ ਪਰ ਇਹ ਪਾਰਕ ਦੇ ਉਪਰਲੇ ਸੱਜੇ ਪਾਸੇ ਇਕ ਖੂੰਜਾ ਹੈ ਜਿਥੇ ‘ਸਪੀਕਰਜ਼-ਕਾਰਨਰ’ ਦਾ ਛੋਟਾ ਜਿਹਾ ਬੋਰਡ ਲੱਗਾ ਹੋਇਆ ਹੈ। ਹਰ ਐਤਵਾਰ ਇਥੇ ਲੋਕ ਇਕੱਠੇ ਹੁੰਦੇ ਹਨ ਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੋਲਦੇ ਹਨ। ਇਕੋ ਵਾਰੀ ਕਈ-ਕਈ ਬੁਲਾਰੇ ਬੋਲ ਰਹੇ ਹੁੰਦੇ ਹਨ, ਹਰ ਬੁਲਾਰੇ ਨੂੰ ਸੁਣਨ ਲਈ ਵੱਖਰੀ ਭੀੜ ਹੁੰਦੀ ਹੈ। ਇਹ ਭੀੜ ਕੁਝ ਦਰਜਨ ਲੋਕਾਂ ਤੋਂ ਲੈਕੇ ਲੱਖਾਂ ਦੀ ਗਿਣਤੀ ਤੱਕ ਦੀ ਹੋ ਸਕਦੀ ਹੈ। ਇਰਾਕ ਉਪਰ ਅਮਰੀਕਾ ਦੇ ਹਮਲੇ ਦੇ ਖਿਲਾਫ ਹੋਇਆ ਇਕੱਠ ਸਭ ਤੋਂ ਵੱਡਾ ਮੰਨਿਆਂ ਜਾਂਦਾ ਹੈ, ਇਕ ਅੰਦਾਜ਼ੇ ਮੁਤਾਬਕ ਇਸ ਵਿੱਚ ਵੀਹ ਲੱਖ ਤੋਂ ਵੀ ਵੱਧ ਲੋਕਾਂ ਨੇ ਭਾਗ ਲਿਆ ਸੀ। ਦੁਨੀਆ ਦੀਆਂ ਜ਼ਬਰੀ ਥੋਪੀਆਂ ਗਈਆਂ ਲੜਾਈਆਂ ਜਾਂ ਹੋਰ ਵਧੀਕੀਆਂ ਬਾਰੇ ਇਥੇ ਜਲਸੇ ਹੁੰਦੇ ਹੀ ਰਹਿੰਦੇ ਹਨ। ਆਮ ਤੌਰ ‘ਤੇ ਪ੍ਰਦਸ਼ਨਕਾਰੀ ਲੰਡਨ ਵਿੱਚ ਆਪਣੇ ਵਿਚਾਰ ਲੈਕੇ, ਜਾਂ ਕਿਸੇ ਦੇ ਵਿਰੋਧ ਵਿੱਚ ਮਾਰਚ ਕਰਦੇ ਹਨ ਤੇ ਇਹ ਮਾਰਚ ਸਪੀਕਰਜ਼-ਕਾਰਨਰ ‘ਤੇ ਆਕੇ ਖਤਮ ਹੁੰਦਾ ਹੈ, ਜਿਥੇ ਭਾਸ਼ਨ ਦਿੱਤੇ ਜਾਂਦੇ ਹਨ। ਇਹ ਪ੍ਰਥਾ ਸਦੀਆਂ ਪੁਰਾਣੀ ਹੈ। ਸਪੀਕਰਜ਼-ਕਾਰਨਰ ਬ੍ਰਤਾਨਵੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਹੀ ਨਹੀਂ ਹੈ ਬਲਕਿ ਦੁਨੀਆ ਭਰ ਦੀਆਂ ਸਰਕਾਰਾਂ ਦਾ ਆਲੋਚਨਾ ਇਥੇ ਹੁੰਦੀ ਹੈ। ਹਿੰਦੁਸਤਾਨ ਦੀ ਸਰਕਾਰ ਵੀ ਸਪੀਕਰਜ਼-ਕਾਰਨਰ ਦੀ ਮਾਰ ਤੋਂ ਅਭਿੱਜ ਨਹੀਂ ਹੈ। ਭਾਰਤ ਸਰਕਾਰ ਦੀਆਂ ਨੀਤੀਆਂ ਖਿਲਾਫ ਵੀ ਇਥੇ ਬਹੁਤ ਭਾਸ਼ਨ ਹੁੰਦੇ ਰਹਿੰਦੇ ਹਨ ਪਰ ਸਭ ਤੋਂ ਵੱਡੇ ਮਾਰਚ ਖਾਲਿਸਤਾਨ ਦੀ ਲਹਿਰ ਵੇਲੇ ਰਹੇ ਹਨ। ਉਦੋਂ ਯੂਕੇ ਭਰ ਤੋਂ ਲਾਰੀਆਂ ਭਰ-ਭਰ ਕੇ ਲੋਕ ਇਥੇ ਪੁੱਜਿਆ ਕਰਦੇ ਸਨ। ਲੰਡਨ ਦੀਆਂ ਸੜਕਾਂ ‘ਤੇ ਮਾਰਚ ਕਰਦੇ ਇਥੇ ਪੁੱਜਦੇ ਸਨ ਤੇ ਭਾਰਤ ਦੀ ਸਰਕਾਰ ਨੂੰ ਰੱਜਕੇ ਕੋਸਦੇ ਸਨ। ਇਵੇਂ ਹੀ ਹੋਰਨਾਂ ਦੇਸ਼ਾਂ ਵਿੱਚ ਉਠਦੀਆਂ ਲਹਿਰਾਂ ਵਿੱਚ ਮੁਲੱਬਸ ਲੋਕ ਵੀ ਇਥੇ ਆਪਣੇ ਵਿਚਾਰ ਰੱਖਦੇ ਰਹਿੰਦੇ ਹਨ। 1866 ਤੋਂ ਲੈਕੇ ਅੱਜ ਤੱਕ ਹਰ ਐਤਵਾਰ ਸਪੀਕਰਜ਼-ਕਾਰਨਰ ਵਿੱਚ ਲੋਕ ਇਕੱਠੇ ਹੋਕੇ ਆਪਣੇ ਵਿਚਾਰ ਸਾਂਝੇ ਕਰਦੇ ਆਏ ਹਨ। ਦੁਨੀਆ ਭਰਦੇ ਬਹੁਤ ਸਾਰੇ ਮਸ਼ਹੂਰ ਨੇਤਾਵਾਂ ਨੇ ਭਾਸ਼ਨ ਦਿੱਤੇ ਹੋਏ ਹਨ ਜਿਹਨਾਂ ਵਿੱਚ ਕਾਰਲ ਮਾਰਕਸ ਤੇ ਵਲੈਡੀਮੀਰ ਲੈਨਿਨ ਵੀ ਸ਼ਾਮਲ ਹਨ।
1835 ਵਿੱਚ ਇੰਗਲੈਂਡ ਵਿੱਚ ਚੈਰਟਿਸਟ ਲਹਿਰ ਉਠੀ ਸੀ ਜਿਸਦੇ ਇਕੱਠ ਹਾਈਡ ਪਾਰਕ ਵਿੱਚ ਹੋਇਆ ਕਰਦੇ ਸਨ। ਉਦੋਂ ਹਾਲੇ ਸਪੀਕਰਜ਼-ਕੌਰਨਰ ਦੀ ਕੋਈ ਖਾਸ ਜਗਾਹ ਨਹੀਂ ਸੀ ਮਿਥੀ। 1855 ਵਿੱਚ ਹਾਈਡ-ਪਾਰਕ ਵਿੱਚ ਸੰਡੇ-ਟਰੇਡ ਨੂੰ ਲੈਕੇ ਦੰਗੇ ਹੋ ਗਏ ਸਨ। ਸਰਕਾਰ ਐਤਵਾਰ ਵਾਲੇ ਦਿਨ ਕਾਰੋਬਾਰ ਕਰਨ ਤੋਂ ਰੋਕ ਲਾਉਣਾ ਚਾਹੁੰਦੀ ਸੀ ਕਿਉਂਕਿ ਐਤਵਾਰ ਚਰਚ ਜਾਣ ਦਾ ਦਿਨ ਮਿਥਿਆ ਹੋਇਆ ਸੀ, ਇਸ ਦਿਨ ਛੁੱਟੀ ਹੋਣੀ ਚਾਹੀਦੀ ਹੈ। ਇਸ ਮਾਰਚ ਨੂੰ ਇੰਗਲਿਸ਼-ਇਨਕਲਾਬ ਦੀ ਸ਼ੁਰੂਆਤ ਵੀ ਕਿਹਾ ਜਾਂਦਾ ਹੈ। ਅਸਲ ਵਿੱਚ ਤਾਂ ਸਪੀਕਰਜ਼-ਕਾਰਨਰ ਨੂੰ 1866 ਵਿੱਚ ਰਿਫੌਰਮ-ਲੀਗ ਨੇ ਸਥਾਪਤ ਕੀਤਾ। ਰਿਫੌਰਮ-ਲੀਗ ਵਾਲੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹਾਈਡ ਪਾਰਕ ਵਿੱਚ ਮਾਰਚ ਕਰਦੇ ਤੇ ਭਾਸ਼ਨ ਦਿੱਤੇ ਜਾਂਦੇ। ਇਕ ਵਾਰ ਸਰਕਾਰ ਨੇ ਮਾਰਚ ਕਰਨ ਵਾਲਿਆਂ ਲਈ ਹਾਈਡ-ਪਾਰਕ ਬੰਦ ਕਰ ਦਿੱਤਾ। ਹਾਈਡ-ਪਾਰਕ ਦੇ ਆਲੇ-ਦੁਆਲੇ ਰੇਲ ਲੱਗੀ ਹੋਈ ਸੀ। ਜਿਥੇ ਹੁਣ ਸਪੀਕਰਜ਼-ਕਾਰਨਰ ਹੈ ਇਥੋਂ ਪ੍ਰਦਰਸ਼ਨਕਾਰੀ ਰੇਲ ਤੋੜ ਹਾਈਡ-ਪਾਰਕ ਵਿੱਚ ਜਾ ਵੜੇ ਤੇ ਨੇਤਾਵਾਂ ਨੇ ਭਾਸ਼ਨ ਕੀਤੇ ਤੇ ਸਰਕਾਰ ਦੀਆਂ ਨੀਤੀਆਂ ਦੀ ਭਰਵੀਂ ਆਲੋਚਨਾ ਕੀਤੀ। ਇਸ ਗੱਲ ਨੂੰ ਲੈਕੇ ਪੁਲੀਸ ਤੇ ਵਿਖਾਵਾਕਾਰੀਆਂ ਵਿੱਚ ਖੂਨੀ ਮੁੱਠਭੇੜ ਹੋ ਗਈ। ਤਿੰਨ ਦਿਨ ਦੰਗੇ ਹੁੰਦੇ ਰਹੇ। ਉਸ ਤੋਂ ਅਗਲੇ ਸਾਲ ਉਸੇ ਮੌਕੇ ‘ਤੇ ਡੇੜ ਲੱਖ ਲੋਕ ਇਕੱਠੇ ਹੋ ਗਏ। ਉਹਨਾਂ ਨੇ ਇਕ ਥਾਂ ਇਕੱਠ ਹੋਕੇ ਹਾਈਡ-ਪਾਰਕ ਵੱਲ ਕੂਚ ਕੀਤਾ। ਸਰਕਾਰ ਨੇ ਉਹਨਾਂ ਨੂੰ ਰੋਕਣ ਲਈ ਫੌਜ ਤੇ ਪੁਲੀਸ ਦਾ ਇੰਤਜ਼ਾਮ ਕੀਤਾ ਹੋਇਆ ਸੀ। ਲੋਕਾਂ ਦਾ ਐਡਾ ਵੱਡਾ ਇਕੱਠ ਦੇਖਕੇ ਫੌਜ ਤੇ ਪੁਲੀਸ ਨੇ ਕੋਈ ਦਖਲ ਨਾ ਦਿੱਤਾ। ਲੋਕ ਪਾਰਕ ਵਿੱਚ ਜਾ ਵੜੇ ਤੇ ਸਰਕਾਰ ਦੇ ਖਿਲਾਫ ਭਾਸ਼ਨ ਹੋਏ। ਉਸ ਵੇਲੇ ਦੇ ਹੋਮ-ਸੈਕਟਰੀ ਸਪੈਂਸਰ ਵਾਲਪੋਲ ਨੂੰ ਅਸਤੀਫਾ ਦੇਣਾ ਪਿਆ। 1872 ਵਿੱਚ ਸਰਕਾਰ ਨੇ ਪਾਰਕ ਰੈਗੂਲੇਸ਼ਨ ਐਕਟ ਬਣਾ ਦਿੱਤਾ ਜਿਸ ਅਨੁਸਾਰ ਹਾਈਡ ਪਾਰਕ ਵਿੱਚ ਇਕੱਠੇ ਹੋਣ ਤੇ ਆਜ਼ਾਦਾਨਾ ਭਾਸ਼ਨ ਦੇਣ ਦੀ ਖੁੱਲ੍ਹ ਦੇ ਦਿੱਤੀ ਗਈ। ਪਾਰਕ ਦਾ ਇਹ ਕੋਨਾ ਸਪੀਕਰਜ਼-ਕਾਰਨਰ ਬਣ ਗਿਆ ਤੇ ਇਹ ਪ੍ਰਥਾ ਅੱਜ ਵੀ ਉਂਜ ਹੀ ਕਾਇਮ ਹੈ।
ਔਰਤਾਂ ਦੀ ਵੋਟ ਲਈ ਜਦੋ-ਜਹਿਦ ਵਿੱਚ ਵੀ ਸਪੀਕਰਜ਼-ਕਾਰਨਰ ਦਾ ਵੱਡਾ ਹਿੱਸਾ ਪੈਂਦਾ ਹੈ। 1906 ਤੋਂ ਲੈ ਕੇ 1914 ਤੱਕ ਇਸ ਲਹਿਰ ਦੀਆਂ ਛੋਟੀਆਂ-ਵੱਡੀਆਂ ਮੀਟਿੰਗਾਂ ਹਾਈਡ ਪਾਰਕ ਵਿੱਚ ਵੀ ਹੁੰਦੀਆਂ ਰਹੀਆਂ। 21 ਜੂਨ 1908, ਔਰਤ ਦਿਵਸ ਵਾਲੇ ਦਿਨ ਢਾਈ ਲੱਖ ਔਰਤਾਂ ਨੇ ਹਾਈਡ ਪਾਰਕ ਵੱਲ ਮਾਰਚ ਕੀਤਾ ਸੀ। ਸਪੀਕਰਜ਼-ਕਾਰਨਰ ਵਿੱਚ ਵੀਹ ਅਲੱਗ-ਅਲੱਗ ਪਲੇਟ ਫਾਰਮ ਬਣਾਏ ਗਏ ਜਿਥੇ ਬੁਲਾਰਿਆਂ ਨੇ ਭਾਸ਼ਨ ਦਿੱਤੇ। 1913 ਵਿੱਚ ਪੁਲੀਸ ਨੇ ਔਰਤਾਂ ਦੀ ਜਥੇਬੰਦੀ ਉਪਰ ਪਾਰਕ ਵਿੱਚ ਮੀਟਿੰਗ ਕਰਨ ‘ਤੇ ਪਾਬੰਦੀ ਲਾ ਦਿੱਤੀ ਸੀ ਪਰ ਔਰਤਾਂ ਨੇ ਲਗਾਤਾਰ ਮਾਰਚ ਕਰਕੇ ਆਪਣਾ ਵੋਟ ਪਾਉਣ ਦੇ ਹੱਕਨੂੰ ਪੱਕਿਆਂ ਕੀਤਾ।
ਵੈਸੇ ਉਹਨਾਂ ਵੇਲਿਆਂ ਵਿੱਚ ਬੁਲਾਰੇ ਆਪਣੇ ਵਿਚਾਰ ਰੱਖਣ ਲਈ ਕਿਤੇ ਵੀ ਮਜਮਾਂ ਜਿਹਾ ਲਾ ਲੈਂਦੇ ਸਨ। ਕਿਸੇ ਮਾਰਕਿਟ ਵਿੱਚ, ਕਿਸੇ ਪਾਰਕ ਵਿੱਚ ਜਾਂ ਗਲੀ ਦੇ ਮੋੜ ‘ਤੇ, ਕਿਤੇ ਵੀ ਬੁਲਾਰੇ ਖੜ ਭਾਸ਼ਨ ਕਰਨ ਲਗਦੇ। 1855 ਤੋਂ ਲੈ ਕੇ 1939 ਤੱਕ ਲੰਡਨ ਵਿੱਚ ਤਕਰੀਬਨ ਸੌ ਸਪੀਕਰਜ਼-ਕਾਰਨਰ ਸਨ। ਜਦ ਹਾਈਡ-ਪਾਰਕ ਵਿੱਚ ਸਪੀਕਰਜ਼-ਕਾਰਨਰ ਸਥਾਪਤ ਹੋ ਗਿਆ ਤਾਂ ਬਾਕੀ ਦੇ ਅਲੋਪ ਹੁੰਦੇ ਗਏ। ਵੈਸੇ ਹਾਲੇ ਵੀ ਲੰਡਨ ਦੇ ਕੁਝ ਹੋਰ ਪਾਰਕਾਂ ਵਿੱਚ ਲੋਕ ਇਕੱਠੇ ਹੋਕੇ ਭਾਸ਼ਨ ਦਿੰਦੇ ਜਾਂ ਵਿਚਾਰ ਸਾਂਝੇ ਕਰਦੇ ਹਨ। ਅਜਿਹੇ ਸਪੀਕਰਜ਼-ਕਾਰਨਜ਼ ਫਿੰਸ਼ਬਰੀ ਪਾਰਕ, ਕਲੈਪਹਮ ਕੌਮਨ, ਕੈਨਿੰਗਟਨ ਪਾਰਕ, ਵਿਕਟੋਰੀਆ ਪਾਰਕ, ਲਿੰਕਨ ਇਨ ਫੀਲਡ ਵਿੱਚ ਵੀ ਹਨ। ਫਿਰ ਵੀ ਹਾਈਡ-ਪਾਰਕ ਵਾਲਾ ਸਪੀਕਰਜ਼-ਕਾਰਨਰ ਪ੍ਰਮੁੱਖ ਹੈ।
ਸਪੀਕਰਜ਼-ਕਾਰਨਰ ਆਪਣੇ ਮਨ ਦੀ ਗੱਲ ਕਹਿਣ ਦਾ ਮੈਟਾਫਰ ਹੈ। ਇਸ ਮੈਟਾਫਰ ਦਾ ਇਤਿਹਾਸ ਦਿਲਚਸਪ ਪਰ ਬਹੁਤ ਭਿਆਨਕ ਹੈ। ਅਸਲ ਵਿੱਚ ਇਸ ਜਗਾਹ ਫਾਂਸੀ-ਘਾਟ ਹੋਇਆ ਕਰਦਾ ਸੀ, ਜਿਥੇ ਦੋਸ਼ੀਆਂ ਨੂੰ ਜਨਤਕ-ਫਾਂਸੀ ਦਿਤੀ ਜਾਂਦੀ ਸੀ। ਫਾਂਸੀ ਦੇਣਾ ਲੋਕਾਂ ਲਈ ਮੇਲੇ ਵਾਂਗ ਹੁੰਦਾ ਸੀ। ਕਿਸੇ ਦੋਸ਼ੀ ਨੂੰ ਫਾਂਸੀ ਦੇਣ ਦਾ ਦਿਨ ਤੈਅ ਕਰਕੇ ਸ਼ਹਿਰ ਵਿੱਚ ਮੁਨਿਆਦੀ ਕਰਾਈ ਜਾਂਦੀ। ਲੰਡਨ ਵਾਸੀ ਹੁੰਮਾ-ਹੁਮਾ ਕੇ ਇਸ ਮੌਕੇ ‘ਤੇ ਪੁੱਜਦੇ। ਇਸ ਮੌਕੇ ਦੀ ਟਿਕਟ ਵੀ ਰੱਖੀ ਜਾਂਦੀ। ਲੱਕੜ ਦੇ ਪਲੇਟਫਾਰਮ ਉਪਰ ਲੋਕ ਬੈਠਦੇ। ਦੋਸ਼ੀ ਨੂੰ ਫਾਂਸੀ ਦੇਣ ਤੋਂ ਪਹਿਲਾਂ ਉਸ ਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਸਪੀਚ ਦੇਣ ਦਾ ਮੌਕਾ ਦਿੱਤਾ ਜਾਂਦਾ। ਦੋਸ਼ੀ ਹਾਜ਼ਰ ਲੋਕਾਂ ਨੂੰ ਮੁਖਾਤਬ ਹੁੰਦਾ ਆਪਣੀ ਗੱਲ ਕਹਿੰਦਾ। ਕੁਝ ਦੋਸ਼ੀ ਮੰਨ ਲੈਂਦੇ ਕਿ ਉਹ ਗੁਨਾਹਗਾਰ ਹੈ, ਮਰਨ ਤੋਂ ਪਹਿਲਾਂ ਆਪਣੇ ਰੱਬ ਨੂੰ ਚੇਤੇ ਕਰਦੇ ਲੋਕਾਂ ਤੋਂ ਜਨਤਕ ਮੁਆਫੀ ਵੀ ਮੰਗਦੇ ਪਰ ਕੁਝ ਲੋਕ ਆਪਣੇ ਬੇਗੁਨਾਹ ਹੋਣ ਦੀ ਗੁਹਾਰ ਲਾਉਂਦੇ ਸਨ, ਉਹ ਸਰਕਾਰ ਨੂੰ ਕੋਸਦੇ ਤੇ ਆਪਣੇ ਦਿਲ ਦੀਆਂ ਹੋਰ ਗੱਲਾਂ ਵੀ ਕਰਦੇ। ਬਹੁਤੇ ਲੋਕ ਤਾਂ ਦੋਸ਼ੀ ਦੀ ਸਪੀਚ ਸੁਣਨ ਲਈ ਹੀ ਆਉਂਦੇ। ਇਥੋਂ ਹੀ ਸਰਕਾਰ ਦੀ ਆਲੋਚਨਾ ਕਰਨ ਦੀ ਜਾਂ ਦਿਲ ਦੀ ਗੱਲ ਕਹਿਣ ਦੀ ਪ੍ਰਥਾ ਆਰੰਭ ਹੋਈ। ਜਨਤਕ-ਫਾਂਸੀ ਦੇਣ ਦਾ ਕੰਮ 1196 ਤੋਂ ਲੈ ਕੇ 1783 ਤੱਕ ਚਲਦਾ ਰਿਹਾ। ਇਸ ਸਮੇਂ ਦੁਰਮਿਆਨ ਤਕਰੀਬਨ ਪੰਜਾਹ ਹਜ਼ਾਰ ਲੋਕਾਂ ਨੂੰ ਫਾਂਸੀ ‘ਤੇ ਲਟਕਾਇਆ ਗਿਆ। ਫਿਰ ਜਿਵੇਂ-ਜਿਵੇਂ ਯੂਕੇ ਵਿੱਚ ਲੋਕਤੰਤਰ ਨੇ ਜੜ੍ਹਾਂ ਫੜੀਆਂ, ਇਸ ਜਨਤਕ-ਫਾਂਸੀ ਦਾ ਵਿਰੋਧ ਹੋਣ ਲੱਗਾ। ਇਸ ਫਾਂਸੀ-ਘਾਟ ਨੂੰ ਇਥੋਂ ਹਟਾ ਕੇ ਨਿਊਗੇਟ ਜੇਲ੍ਹ ਵਿੱਚ ਲਗਾ ਦਿੱਤਾ ਗਿਆ।
ਸਪੀਕਰਜ਼-ਕਾਰਨਰ ‘ਤੇ ਬਹੁਤ ਸਾਰੀਆਂ ਗੰਭੀਰ ਗੱਲਾਂ ਹੁੰਦੀਆਂ ਹਨ ਪਰ ਨਾਲ ਦੀ ਨਾਲ ਮਜ਼ਾਹ ਵੀ ਚਲਦਾ ਰਹਿੰਦਾ ਹੈ। ਬਹੁਤ ਸਾਰੇ ਲੋਕ ਇਥੇ ਲਗਾਤਾਰ ਹਾਜ਼ਰੀ ਲਗਵਾਉਂਦੇ ਹਨ। ਕਈ ਲੋਕ ਇਕੋ ਭਾਸ਼ਨ ਕਿੰਨੀ-ਕਿੰਨੀ ਵਾਰੀ ਦਿੰਦੇ ਰਹਿੰਦੇ ਹਨ। ਕਿਸੇ ਬੁਲਾਰੇ ਦੀ ਭਾਸ਼ਨ ਦੇਣ ਦੀ ਕਲਾ ਤੇ ਉਸ ਦੇ ਵਿਸ਼ਿਆਂ ਉਪਰ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਕੁ ਭੀੜ ਇਕੱਠੀ ਕਰ ਸਕਦਾ ਹੈ। ਹੀਕੋ ਖੂ ਜੋ ਇਕ ਮਾਰਕਸਵਾਦੀ ਸੀ, ਬਹੁਤ ਭੀੜ ਇਕੱਠੀ ਕਰ ਲੈਂਦਾ ਸੀ। ਉਹ 1986 ਦੁਆਲੇ ਬਹੁਤਾ ਸਰਗਰਮ ਰਿਹਾ। ਜੇ ਇਕ ਪਾਸੇ ਰੱਬ ਨੂੰ ਮੰਨਣ ਵਾਲਾ ਭਾਸ਼ਨ ਦੇ ਰਿਹਾ ਹੋਵੇਗਾ ਤਾਂ ਦੂਜੇ ਇਕੱਠ ਵਿੱਚ ਰੱਬ ਤੋਂ ਇਨਕਾਰੀ ਨਾਸਤਿਕ ਵੀ। ਇਕ ਮਹਿਫਲ ਵਿੱਚ ਕੁਰਾਨ ਬਾਰੇ ਭਾਸ਼ਨ ਚਲਦਾ ਹੋਵੇਗਾ ਤਾਂ ਦੂਜੇ ਪਾਸੇ ਬਾਈਬਲ ਬਾਰੇ। ਲੌਰਡ ਸੋਪਰ ਨੇ ਸਭ ਤੋਂ ਲੰਮਾ ਸਮਾਂ ਸਪੀਕਰਜ਼-ਕਾਰਨਰ ਤੇ ਹਾਜ਼ਰੀ ਲਵਾਈ ਹੈ। ਉਹ 1926 ਤੋਂ ਲੈ ਕੇ 1998, ਆਪਣੀ ਮੌਤ ਤੱਕ ਲਗਾਤਾਰ ਸਪੀਕਰਜ਼-ਕਾਰਨਰ ਵਿੱਚ ਭਾਸ਼ਨ ਦੇਣ ਆਉਂਦਾ ਰਿਹਾ। ਇਥੇ ਕਿਸੇ ਵੀ ਵਿਸ਼ੇ ‘ਤੇ, ਕਿਸੇ ਵੀ ਬੋਲੀ ਵਿੱਚ ਗੱਲ ਹੋ ਸਕਦੀ ਹੈ।
ਹਾਈਡ-ਪਾਰਕ ਦੇ ਸਪੀਕਰਜ਼-ਕਾਰਨਰ ਦੀ ਤਰਜ਼ ‘ਤੇ 1878 ਵਿੱਚ ‘ਦਾ ਡੋਮੇਨ’, ਸਿਡਨੀ, ਅਸਟਰੇਲੀਆ ਵਿੱਚ ਵੀ ਸਪੀਕਰਜ਼-ਕਾਰਨਰ ਬਣਾਇਆ ਗਿਆ। ਉਸ ਤੋਂ ਬਾਅਦ ਕਨੇਡਾ, ਨਿਊਜ਼ੀਲੈਂਡ, ਹਾਲੈਂਡ, ਮਲੇਸ਼ੀਆ, ਸਿੰਘਾਪੁਰ ਤੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਫਰੀ-ਸਪੀਚ ਲਈ ਵਿਸ਼ੇਸ਼ ਜਗਾਵਾਂ ਸਥਾਪਤ ਕੀਤੀਆਂ ਗਈਆਂ ਹਨ। ਪਰ ਹਾਈਡ-ਪਾਰਕ ਦਾ ਸਪੀਕਰਜ਼-ਕਾਰਨਰ ਸਭ ਤੋਂ ਵੱਧ ਸੈਲੀਬ੍ਰੇਟਡ ਹੈ। ਵੈਸੇ ਸਪੀਕਰਜ਼-ਕਾਰਨਰਜ਼ ਦਾ ਸਰਕਾਰਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਕਿ ਲੋਕਾਂ ਦਾ ਕਥਾਰਸਜ਼ ਹੋ ਜਾਂਦਾ ਹੈ ਤੇ ਉਹਨਾਂ ਦਾ ਗੁੱਸਾ ਖਾਰਜ ਹੋ ਜਾਂਦਾ ਹੈ ਤੇ ਸਰਕਾਰ ਲਈ ਮੁਸੀਬਤ ਕੁਝ ਘੱਟ ਜਾਂਦੀ ਹੈ।
Comments