top of page
  • Writer's pictureਸ਼ਬਦ

ਸਕੌਟਲੈਂਡ ਦਾ ਨੈਸੀ /

ਹਰਜੀਤ ਅਟਵਾਲ /

ਸਕੌਟਲੈਂਡ ਦਾ ਨੈਸੀ ਮੇਰੇ ਲਈ ਹੀ ਨਹੀਂ ਸਗੋਂ ਹਜ਼ਾਰਾਂ-ਲੱਖਾਂ ਲੋਕਾਂ ਲਈ ਵਿਸ਼ੇਸ਼ ਹੈ। ਮੇਰੇ ਵਾਂਗ ਹੀ ਅਨੇਕਾਂ ਲੋਕ ਉਸ ਦਾ ਪਿੱਛਾ ਕਰਦੇ ਆ ਰਹੇ ਹਨ। ਮੈਂ ਪਿਛਲੇ ਚਾਲੀ ਸਾਲ ਤੋਂ ਉਸ ਦੀ ਇਕ ਝਲਕ ਦੇਖਣ ਲਈ ਵਾਰ ਵਾਰ ਸਕੌਟਲੈਂਡ ਜਾਂਦਾ ਹਾਂ। ਇਥੇ ਮੈਂ ਦਸਦਾ ਜਾਵਾਂ ਕਿ ਨੈਸੀ ਕੋਈ ਵਿਅਕਤੀ ਨਹੀਂ ਸਗੋਂ ਇਕ ਜਾਨਵਰ ਹੈ। ਜਾਨਵਰ ਵੀ ਹੈਰਾਨਕੁੰਨ ਜੋ ਲੌਕ ਨੈੱਸ ਝੀਲ ਵਿੱਚ ਰਹਿੰਦਾ ਹੈ। ਇਸ ਵੱਡ ਅਕਾਰੀ ਜਾਨਵਰ ਦੀ ਗਰਦਣ ਆਮ ਤੋਂ ਬਹੁਤ ਲੰਮੇਰੀ, ਮੂੰਹ ਸਰੀਰ ਦੇ ਹਿਸਾਬ ਨਾਲ ਛੋਟਾ, ਪੇਟ ਵਾਲਾ ਹਿੱਸਾ ਮੋਟਾ ਤੇ ਪਿੱਛੇ ਲੰਮੀ ਪੂਛ। ਤੈਰਨ ਲਈ ਦੋ ਵੱਡੇ ਪਰ ਲੱਗੇ ਹੋਏ ਹਨ। ਨੈਸੀ ਤੋਂ ਪਹਿਲਾਂ ਆਪਾਂ ਕੁਝ ਗੱਲਾਂ ਲੌਕ ਨੈੱਸ ਝੀਲ ਬਾਰੇ ਕਰ ਲਈਏ ਤਾਂ ਜੋ ਸਾਰੀ ਕਹਾਣੀ ਸਮਝਣੀ ਸੌਖੀ ਰਹੇ।

ਸਕੌਟਲੈਂਡ ਵਿੱਚ ਲੌਕ ਦਾ ਭਾਵ ਝੀਲ ਹੁੰਦਾ ਹੈ। ਇਹ ਝੀਲ ਸਕੌਟਲੈਂਡ ਦੇ ਸ਼ਹਿਰ ਆਈਵਰਨੈੱਸ ਤੋਂ ਚਾਲੀ ਕੁ ਕਿਲੋਮੀਟਰ ‘ਤੇ ਹੈ। ਇਹ ਝੀਲ ਆਮ ਝੀਲਾਂ ਤੋਂ ਬਹੁਤ ਵੱਖਰੀ ਹੈ। ਤਾਜ਼ੇ ਪਾਣੀ ਦੀ ਇਹ ਝੀਲ ਗੋਲ ਜਿਹੀ ਨਾ ਹੋ ਕੇ ਦਰਿਆ ਵਾਂਗ ਲੰਮੀ ਹੈ। ਇਸ ਦੀ ਚੌੜਾਈ ਪੌਣੇ ਤਿੰਨ ਕਿਲੋਮੀਟਰ ਤੱਕ ਜਾਂਦੀ ਹੈ ਤੇ ਕੁਲ ਲੰਮਾਈ ਛੱਤੀ ਕਿਲੋ ਮੀਟਰ ਦੇ ਕਰੀਬ ਹੈ। ਇਸ ਦੇ ਦੱਖਣ ਵਿੱਚ ਦਰਿਆ Eਇਚ ਪੈਂਦਾ ਹੈ ਤੇ ਉੱਤਰ ਵਿੱਚ ਦਰਿਆ ਨੈੱਸ ਹੈ। ਇਸ ਦੇ ਦੋਨੋਂ ਪਾਸੀਂ ਕੈਲੋਡੋਨੀਅਨ ਨਾਂ ਦੀ ਨਹਿਰ ਕੱਢੀ ਹੋਈ ਹੈ। ਨਹਿਰ ਰਾਹੀਂ ਇਸ ਤੋਂ ਆਲੇ ਦੁਆਲੇ ਪਾਣੀ ਵੀ ਸਪਲਾਈ ਹੁੰਦਾ ਹੈ। ਸਾਈਜ਼ ਵਿੱਚ ਤਾਂ ਇਹ ਦੂਜੇ ਨੰਬਰ ਦੀ ਝੀਲ ਹੈ ਪਰ ਡੂੰਘੀ ਬਹੁਤ ਹੈ। ਇਸ ਦੀ ਡੁੰਘਾਈ 230 ਮੀਟਰ, ਜਾਣੀ ਕਿ 755 ਫੁੱਟ ਹੈ। ਕੁਝ ਸਾਲ ਪਹਿਲਾਂ ਇਸ ਦੀ ਡੁੰਘਾਈ ਮਿਣੀ ਗਈ ਤਾਂ ਕਈ ਥਾਵਾਂ ਤੋਂ ਇਹ 271 ਮੀਟਰ, 889 ਫੁੱਟ ਤੱਕ ਡੂਘੀ ਚਲੇ ਜਾਂਦੀ ਹੈ। ਡੁੰਘੀ ਹੋਣ ਕਰਕੇ ਇਸ ਵਿੱਚ ਪਾਣੀ ਬਹੁਤ ਹੈ। ਏਨਾ ਪਾਣੀ ਹੈ ਕਿ ਬ੍ਰਤਾਨੀਆ ਦੀਆਂ ਸਾਰੀਆਂ ਝੀਲਾਂ ਦਾ ਪਾਣੀ ਰਲ਼ਾ ਕੇ ਵੀ ਇਸ ਤੋਂ ਘੱਟ ਰਹਿ ਜਾਂਦਾ ਹੈ। ਇਹ ਝੀਲ ਬਹੁਤ ਮਸ਼ਹੂਰ ਟੂਰਿਸਟ ਪਲੇਸ ਹੈ। ਬਹੁਤ ਸਾਰੇ ਯਾਤਰੀ ਹਰ ਸਾਲ ਆਉਂਦੇ ਹਨ। ਬਲਕਿ ਕੁਝ ਯਾਤਰੀ ਤਾਂ ਇਥੇ ਸਾਰਾ ਸਾਲ ਹੀ ਆਉਂਦੇ ਰਹਿੰਦੇ ਹਨ। ਮੈਂ ਵੀ ਇਥੇ ਅਕਸਰ ਜਾਇਆ ਕਰਦਾ ਹਾਂ। ਮੇਰੀ ਵੀ ਨੈਸੀ ਦੀ ਕਹਾਣੀ ਵਿੱਚ ਪੂਰੀ ਦਿਲਚਸਪੀ ਹੈ। ਹਾਂ, ਇਹ ਜੋ ਟੂਰਿਸਟ ਇਥੇ ਆਉਂਦੇ ਹਨ ਉਹ ਝੀਲ ਕਰਕੇ ਘੱਟ ਤੇ ਨੈਸੀ ਕਰਕੇ ਜਿ਼ਆਦਾ ਆਉਂਦੇ ਹਨ। ਹਰ ਕੋਈ ਨੈਸੀ ਦੀ ਇਕ ਝਲਕ ਦੇਖਣੀ ਚਾਹੁੰਦਾ ਹੈ। ਸਕੌਟਲੈਂਡ ਵਿੱਚ ਹਰ ਕੋਈ ਨੈਸੀ ਬਾਰੇ ਕੋਈ ਨਾ ਕੋਈ ਗੱਲ ਕਰਦਾ ਮਿਲੇਗਾ। ਨੈਸੀ ਬਾਰੇ ਜਾਨਣ ਲਈ ਸਾਨੂੰ ਪਿੱਛੇ ਨੂੰ ਜਾਣਾ ਪਵੇਗਾ। ਕੋਈ ਇਕ ਸਦੀ ਪਿੱਛੇ। ਬਲਕਿ ਕਈ ਸਦੀਆਂ ਪਿੱਛੇ। ਨੈਸੀ ਦਾ ਜਿ਼ਕਰ ਛੇਵੀਂ ਸਦੀ ਵਿੱਚ ਹੋਇਆ ਸੀ। ਫਿਰ ਇਹ ਜਿ਼ਕਰ ਕਿਸੇ ਨਾ ਕਿਸੇ ਤਰਾਂ੍ਹ ਚਲਦਾ ਰਿਹਾ ਪਰ ਨੈਸੀ ਨੂੰ ਕਿਸੇ ਨੇ ਦੇਖਿਆ ਨਹੀਂ ਸੀ। 1870 ਵਿੱਚ ਡੀ. ਮਕੈਨਜ਼ੀ ਨੇ ਦਾਅਵਾ ਕੀਤਾ ਕਿ ਉਸ ਨੇ ਨੈਸੀ ਨੂੰ ਦੇਖਿਆ ਹੈ। ਉਸ ਨੇ ਹੀ ਦੱਸਿਆ ਕਿ ਨੈਸੀ ਦੇਖਣ ਨੂੰ ਕਿਹੋ ਜਿਹਾ ਲੱਗਦਾ ਹੈ। ਮਈ 1933 ਅਲੈਕਸ ਕੈਂਪਬੈੱਲ ਨੇ ਸਥਾਨਕ ਅਖ਼ਬਾਰ ਵਿੱਚ ਇਕ ਲੇਖ ਲਿਖਿਆ ਕਿ ਉਸ ਨੇ ਨੈਸੀ ਨੂੰ ਦੇਖਿਆ ਹੈ, ਇਹ ਵੇਲ ਮੱਛੀ ਤੋਂ ਵੀ ਕਿਤੇ ਵੱਡਾ ਹੈ। ਇਹ ਬੰਦਾ ਪਾਣੀਆਂ ਦੀ ਸਾਂਭ ਸੰਭਾਲ ਅਫਸਰ ਹੋਣ ਕਰਕੇ ਇਸ ‘ਤੇ ਵਧੇਰੇ ਯਕੀਨ ਕੀਤਾ ਜਾਣਾ ਬਣਦਾ ਸੀ। ਇਸ ਤੋਂ ਬਾਅਦ ਨੈਸੀ ਦੇ ਚਰਚੇ ਘਰ ਘਰ ਹੋ ਗਏ। ਹਰ ਕੋਈ ਲੌਕ ਨੈੱਸ ਵੱਲ ਭੱਜਣ ਲੱਗਾ ਕਿ ਇਕ ਝਲਕ ਨੈਸੀ ਦੀ ਦੇਖਣ ਨੂੰ ਮਿਲ ਜਾਵੇ। ਉਸ ਤੋਂ ਕੁਝ ਮਹੀਨੇ ਬਾਅਦ ਇਕ ਹੋਰ ਜਿ਼ੰਮੇਵਾਰ ਅਧਿਕਾਰੀ ਜੌਰਜ ਸਪਾਈਸ ਨੇ ਵੀ ਇਸ ਬਾਰੇ ਲੇਖ ਲਿਖਿਆ ਕਿ ਇਹ ਆਦਿ-ਯੁੱਗ ਦਾ ਜਾਨਵਰ ਹੈ। 1934 ਵਿੱਚ ਰੌਬਰਟ ਕੈਨਥ ਵਿਲਸਨ ਨੇ ਡੇਲੀ ਮੇਲ ਵਿੱਚ ਲਿਖਿਆ ਕਿ ਉਸ ਨੇ ਤਾਂ ਨੈਸੀ ਦੀਆਂ ਤਸਵੀਰਾਂ ਵੀ ਖਿੱਚ ਲਈਆਂ ਹਨ। ਇਥੇ ਹੀ ਪਹਿਲੀ ਵਾਰ ਨੈਸੀ ਦੀ ਲੰਮੀ ਧੌਣ ਜਿਹੜੀ ਉਸ ਨੇ ਪਾਣੀ ਵਿੱਚੋਂ ਕੱਢੀ ਹੋਈ ਸੀ, ਦੀ ਫੋਟੋ ਛਪੀ। ਉਸ ਤੋਂ ਬਾਅਦ ਤਾਂ ਨੈਸੀ ਬਹੁਤ ਸਾਰੇ ਲੋਕਾਂ ਨੂੰ ਦਿਸਣ ਲੱਗਾ। ਪਰ ਜਿਵੇਂ ਹੁੰਦਾ ਹੈ ਕਿ ਹਰ ਕਹਾਣੀ ਦੇ ਬਰਾਬਰ ਇਕ ਹੋਰ ਕਹਾਣੀ ਚੱਲਣ ਲੱਗ ਪੈਂਦੀ ਹੈ ਜੋ ਰਵਾਇਤੀ ਕਹਾਣੀ ਦੇ ਉਲਟ ਹੁੰਦੀ ਹੈ। ਨੈਸੀ ਦੇ ਹੋਣ ਬਾਰੇ ਕਹਾਣੀ ਦੇ ਬਰਾਬਰ ਹੀ ਇਹ ਗੱਲ ਵੀ ਤੁਰ ਪਈ ਕਿ ਇਹ ਸਿਰਫ ਅਫਵਾਹ ਹੈ। ਉਹ ਅਫਵਾਹ ਹੋਣ ਦੇ ਆਪਣੇ ਕਾਰਨ ਦਿੰਦੇ ਤੇ ਕੋਈ ਪੱਕਾ ਸਬੂਤ ਮੰਗਦੇ। ਮਈ 1938 ਵਿੱਚ ਇਕ ਟੂਰਿਸਟ ਜੀ.ਈ. ਟੇਲਰ ਨੇ ਤਿੰਨ ਮਿੰਟ ਦੀ ਰੰਗਦਾਰ ਫਿਲਮ ਬਣਾਈ ਜਿਸ ਵਿੱਚ ਨੈਸੀ ਦੇ ਤੈਰਦੇ ਹੋਏ ਦੀ ਪਿੱਠ ਦਿਖਾਈ ਦਿੰਦੀ ਹੈ। ਪਰ 1961 ਵਿੱਚ ਛਪੀ ਇਕ ਕਿਤਾਬ ਵਿੱਚ ਇਸ ਕਹਾਣੀ ਨੂੰ ਵੀ ਨਕਾਰ ਦਿੱਤਾ ਗਿਆ। ਨੈਸੀ ਬਾਰੇ ਏਨੀਆਂ ਕਹਾਣੀਆਂ ਪ੍ਰਚੱਲਤ ਹੋ ਗਈਆਂ ਕਿ ਇਸ ਦੇ ਹੋਣ ਜਾਂ ਨਾ ਹੋਣ ਬਾਰੇ ਜ਼ਬਰਦਸਤ ਬਹਿਸ ਛਿੜ ਪਈ। 1938 ਵਿੱਚ ਹੀ ਇਲਾਕੇ ਦੇ ਵੱਡੇ ਪੁਲੀਸ ਅਧਿਕਾਰੀ ਨੇ ਇਕ ਚਿੱਠੀ ਲਿਖੀ ਜਿਸ ਵਿੱਚ ਉਸ ਨੇ ਕਿਸੇ ਸਿ਼ਕਾਰੀ ਬਾਰੇ ਡਰ ਜ਼ਾਹਿਰ ਕੀਤਾ ਕਿ ਉਹ ਨੈਸੀ ਨੂੰ ਗੋਲੀਆਂ ਮਾਰ ਕੇ ਮਾਰ ਦੇਵੇਗਾ ਕਿਉਂਕਿ ਉਸ ਸਿੱਧ ਕਰਨਾ ਚਾਹੁੰਦਾ ਕਿ ਨੈਸੀ ਝੀਲ ਵਿੱਚ ਹੈ, ਉਸ ਨੂੰ ਜਿ਼ੰਦਾ ਜਾਂ ਮੁਰਦਾ ਦਿਖਾ ਕੇ ਇਸ ਸੱਚ ਦੀ ਗਵਾਹੀ ਦੇਣੀ ਚਾਹੁੰਦਾ ਹੈ।

ਦਸੰਬਰ 1954 ਵਿੱਚ ਮੱਛੀਆਂ ਫੜਨ ਵਾਲੀ ਇਕ ਕਿਸ਼ਤੀ ਦੇ ਅਮਲੇ ਨੇ ਦੇਖਿਆ ਕਿ ਲੌਕ ਨੈੱਸ ਵਿੱਚ 146 ਮੀਟਰ ਹੇਠਾਂ ਬੋਟ ਦੇ ਬਰਾਬਰ ਕਿਸੇ ਵੱਡੇ ਜਾਨਵਰ ਦੇ ਚੱਲਣ ਦਾ ਸਿਗਨਲ ਆ ਰਿਹਾ ਹੈ। ਇਹ ਸਿਗਨਲ ਅੱਠ ਸੌ ਮੀਟਰ ਤੱਕ ਆਉਂਦਾ ਰਿਹਾ। ਉਸ ਤੋਂ ਇਕ ਸਾਲ ਬਾਅਦ ਪੀਟਰ ਮੈਕਨੈਬ ਨੇ ਦੋ ਪਿੱਠਾਂ ਵਾਲੇ ਪਾਣੀ ਵਿੱਚ ਤੈਰਦੇ ਜਾਨਵਰ ਦੀ ਫੋਟੋ ਖਿੱਚੀ। ਦੂਜੀ ਕਹਾਣੀ ਵਾਲਿਆਂ ਕਿਹਾ ਕਿ ਇਹ ਉਚੀਆਂ ਲਹਿਰਾਂ ਦਾ ਧੋਖਾ ਹੈ। 1960 ਵਿੱਚ ਟਿੱਮ ਡਿੰਸਡੇਲ ਨੇ ਚਾਲੀ ਫੁੱਟ ਲੰਮੀ ਫਿਲਮ ਬਣਾ ਕੇ ਨੈਸੀ ਦੀ ਹੋਂਦ ਸਿੱਧ ਕੀਤੀ ਪਰ ਦੂਜੀ ਧਿਰ ਨੇ ਕਿਹਾ ਕਿ ਇਹ ਉਲਟੀ ਹੋਈ ਕਿਸ਼ਤੀ ਦੀ ਫੋਟੋ ਹੈ। ਇੱਕੀ ਮਈ 1977 ਨੂੰ ਐਂਥਨੀ ਡੌਕ ਸ਼ੀਲਡ ਨੇ ਦਾਅਵਾ ਕੀਤਾ ਕਿ ਉਸ ਨੇ ਨੈਸੀ ਨੂੰ ਬਾਹਰ ਸੱਦਿਆ ਤੇ ਉਸ ਦੀ ਫੋਟੋ ਖਿੱਚੀ। ਉਸ ਨੇ ਫੋਟੋ ਦਿਖਾਈ ਵੀ ਪਰ ਦੂਜੀ ਧਿਰ ਨੇ ਕਿਹਾ ਕਿ ਇਹ ਹਾਥੀ ਦੇ ਸੁੰਡ ਦੀ ਫੋਟੋ ਹੈ। ਛੱਬੀ ਮਈ 2007 ਵਾਲੇ ਦਿਨ ਗੋਰਡਨ ਹੈਮਜ਼ ਨੇ ਇਕ ਵੀਡਿE ਬਣਾਈ ਤੇ ਦਾਅਵਾ ਕੀਤਾ ਕਿ ਇਹ ਸੱਚੀ ਵੀਡੀE ਹੈ, ਜਿਸ ਵਿੱਚ ਚਾਲੀ ਫੁੱਟ ਲੰਮੇ ਜਾਨਵਰ ਦੀ ਕਾਹਲੀ ਵਿੱਚ ਭੱਜਦੀ ਪਿੱਠ ਦੀ ਤਸਵੀਰ ਦਿਖਾਈ ਦੇ ਰਹੀ ਸੀ। ਇਸ ਨੂੰ ਸਕੌਟਲੈਂਡ ਦੇ ਬੀ.ਬੀ.ਸੀ. ਟੀ.ਵੀ. ਨੇ ਵੀ ਦਿਖਾਇਆ। ਚੌਵੀ ਅਗਸਤ ਨੂੰ ਕਿਸੇ ਕਿਸ਼ਤੀ ਵਾਲੇ ਨੇ ਇਕ ਫੋਟੋ ਖਿੱਚੀ ਕਿ ਪੰਜ ਫੁੱਟ ਦੀ ਕੋਈ ਚੀਜ਼ ਉਸ ਦਾ ਪਿੱਛਾ ਕਰ ਰਹੀ ਸੀ ਪਰ ਨੈਸ਼ਨਲ Eਸ਼ਨੋਗਰਾਫੀ ਸੈਂਟਰ ਨੇ ਇਸ ਤਸਵੀਰ ਨੂੰ ਖਾਰਜ ਕਰ ਦਿੱਤਾ। ਅਗਸਤ 2012 ਨੂੰ ਜੌਰਜ ਐਡਵਰਡ ਨੇ ਦਾਅਵਾ ਕੀਤਾ ਕਿ ਉਸ ਨੇ ਨੈਸੀ ਦੀਆਂ ਅਸਲੀ ਫੋਟੋ ਖਿੱਚੀਆਂ ਹਨ। ਉਸ ਨੇ ਕਿਹਾ ਕਿ ਉਹ ਛੱਬੀ ਸਾਲ ਤੋਂ ਇਸ ਜਾਨਵਰ ਦੇ ਪਿੱਛੇ ਲੱਗਾ ਹੋਇਆ ਸੀ ਤੇ ਹਰ ਹਫਤੇ ਸੱਠ ਸੱਠ ਘੰਟੇ ਬਹਿ ਕੇ ਇਸ ਦੀਆਂ ਫੋਟੋ ਖਿੱਚਦਾ ਸੀ ਪਰ ਉਸ ਦੀਆਂ ਤਸਵੀਰਾਂ ਉਪਰ ਵੀ ਕਿੰਤੂ ਪ੍ਰੰਤੂ ਹੋਏ। ਅਗਸਤ 2013 ਨੂੰ ਡੇਵਿਡ ਐਲਡਰ ਨੇ ਪੰਜ ਮਿੰਟ ਦੀ ਵੀਡੀE ਪੇਸ਼ ਕੀਤੀ ਜਿਸ ਵਿੱਚ ਪੰਦਰਾਂ ਫੁੱਟ ਲੰਮੀ ਕੋਈ ਸਖਤ ਕਾਲੇ ਰੰਗ ਦੀ ਚੀਜ਼ ਪਾਣੀ ਦੇ ਹੇਠ ਹੇਠ ਜਾ ਰਹੀ ਸੀ। ਅਪਰੈਲ 2014 ਵਾਲੇ ਦਿਨ ਐਪਲ-ਮੈਪਸ ਦੇ ਸੈਟਲਾਈਟ ਤੋਂ ਲੌਕ ਨੈੱਸ ਦੀ ਤੈਹਿ ਵਿੱਚ ਸੌ ਫੁੱਟ ਲੰਮਾ ਜਾਨਵਰ ਜਾਂਦਾ ਦਿਸਿਆ। ਪਰ ਮਾਹਰਾਂ ਨੇ ਇਸ ਨੂੰ ਵੀ ਗਲਤ ਕਰਾਰ ਦੇ ਦਿੱਤਾ। ਹੁਣ ਤਾਂ ਗੂਗਲ ਵਾਲਿਆਂ ਨੇ ਜਿਵੇਂ ਗਲੀਆਂ ਦੇ ਤਸਵੀਰਾਂ ਜਾਂ ਵੀਡੀE ਬਣਾਏ ਤੇ ਇਵੇਂ ਹੀ ਸਮੁੰਦਰ ਵੀ ਗਿਣ-ਮਿਣ ਧਰਿਆ ਹੈ, ੳਹਨਾਂ ਨੇ ਲੌਕ ਨੈੱਸ ਨੂੰ ਵੀ ਗੂਗਲ ਵਿੱਚ ਪਾਇਆ ਹੋਇਆ ਹੈ। ਉਸ ਰਾਹੀਂ ਇਕ ਵਾਰ ਇਕ ਜਾਨਵਰ ਜ਼ਰੂਰ ਦਿਸਿਆ ਪਰ ਇਹ ਨੈਸੀ ਨਹੀਂ ਕੋਈ ਵੇਲ ਮੱਛੀ ਹੋ ਸਕਦੀ ਸੀ।

ਸੋ ਭਾਵ ਇਹ ਕਿ ਪਿਛਲੀ ਇਕ ਸਦੀ ਤੋਂ ਹਜ਼ਾਰਾਂ ਲੋਕ ਇਹ ਸਿੱਧ ਕਰਨ ਵਿੱਚ ਲੱਗੇ ਹੋਏ ਹਨ ਕਿ ਨੈਸੀ ਨਾਂ ਦਾ ਜਾਨਵਰ ਹੈ ਤੇ ਲੌਕ ਨੈੱਸ ਵਿੱਚ ਰਹਿੰਦਾ ਹੈ। ਉਹ ਆਪਣਾ ਪੱਖ ਰੱਖਣ ਲਈ ਕਾਨਫਰੰਸਾਂ ਕਰਦੇ ਹਨ, ਅਖ਼ਬਾਰਾਂ ਮੈਗਜ਼ੀਨਾਂ ਵਿੱਚ ਲੇਖ ਲਿਖਦੇ ਹਨ ਪਰ ਕੋਈ ਅਜਿਹਾ ਸਬੂਤ ਨਹੀਂ ਪੇਸ਼ ਕਰ ਸਕਦੇ ਜਿਹਨਾਂ ਨਾਲ ਉਹ ਲੋਕਾਂ ਨੂੰ ਸੌ ਫੀ ਸਦੀ ਯਕੀਨ ਦਵਾ ਸਕਣ। ਸੈਂਕੜੇ ਲੋਕ ਦੂਰਬੀਨਾਂ, ਕੈਮਰੇ ਲੈ ਕੇ ਇਸ ਝੀਲ ਦੇ ਕੰਢੇ ਬੈਠੇ ਰਹਿੰਦੇ ਹਨ ਪਰ ਹਾਲੇ ਤੱਕ ਨੈਸੀ ਦਾ ਕੋਈ ਸਹੀ ਸਬੂਤ ਨਹੀਂ ਮਿਲ ਸਕਿਆ। ਵੈਸੇ ਇਸ ਉਪਰ ਦਰਜਨਾਂ ਕਿਤਾਬਾਂ ਲਿਖੀਆਂ ਗਈਆਂ ਹਨ, ਫਿਲਮਾਂ ਬਣੀਆਂ ਹਨ ਤੇ ਅਨੇਕਾਂ ਹੀ ਡੌਕੂਮੈਂਟਰੀਆਂ ਹਨ। ਹਜ਼ਾਰਾਂ ਲੋਕ ਗਵਾਹੀ ਦੇ ਰਹੇ ਹਨ ਕਿ ਉਹਨਾਂ ਨੇ ਨੈਸੀ ਦੇਖਿਆ। ਰੋਨਾਲਡ ਬਿੱਨਜ਼ ਨੇ ਇਸ ਬਾਰੇ ਦੋ ਕਿਤਾਬਾਂ ਲਿਖੀਆਂ ਹਨ। ਉਹ ਨੈਸੀ ਦੀ ਹੋਂਦ ਨੂੰ ਨਕਾਰਦਾ ਹੋਇਆ ਲਿਖਦਾ ਹੈ ਕਿ ਮਨੁੱਖੀ ਮਨ ਅਜਿਹਾ ਹੈ ਕਿ ਜੋ ਚਾਹੇ ਦੇਖ ਲੈਂਦਾ ਹੈ। ਜੀਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿੱਡਾ ਸਾਈਜ਼ ਨੈਸੀ ਦਾ ਦੱਸਿਆ ਜਾ ਰਿਹਾ ਹੈ ਏਡੇ ਸਾਈਜ਼ ਵਾਲੇ ਜਾਨਵਰ ਦਾ ਡੀ.ਐਨ.ਏ. ਹੀ ਰਿਕਾਰਡ ਵਿੱਚ ਉਪਲੱਭਧ ਨਹੀਂ ਹੈ, ਭਾਵ ਕਿ ਇਹ ਜਾਨਵਰ ਹੋ ਹੀ ਨਹੀਂ ਸਕਦਾ।

ਨੈਸੀ ਦੀ ਤਾਲਾਸ਼ ਵਿੱਚ ਨਿਕਲੇ ਸਟੀਵ ਫੈਲਥਮ ਦੀ ਕਹਾਣੀ ਸਭ ਤੋਂ ਅਨੋਖੀ ਹੈ। ਉਹ ਨੌਕਰੀ ਛੱਡ ਕੇ, ਘਰ ਵੇਚ ਕੇ, ਇਕ ਕੈਰਾਵੈਨ ਖਰੀਦ ਕੇ ਲੌਕ ਨੈੱਸ ਦੇ ਕੰਢੇ ਆ ਬੈਠਾ ਹੈ ਤੇ ਪਿਛਲੇ ਪੱਚੀ ਸਾਲ ਤੋਂ ਨੈਸੀ ਨੂੰ ਦੇਖਣ ਲਈ ਦੂਰਬੀਨ ਰਾਹੀ ਇਸ ਝੀਲ ਵੱਲ ਝਾਕੀ ਜਾ ਰਿਹਾ ਹੈ। ਉਸ ਦਾ ਦਾਅਵਾ ਹੈ ਕਿ ਸ਼ੁਰੂ ਵਿੱਚ ਉਸ ਨੇ ਨੈਸੀ ਦੇ ਝਾਉਲੇ ਦੇਖੇ ਸਨ। ਉਸ ਦਾ ਨਾਂ ਗੀਨਸ ਬੁੱਕ ਆਫ ਰਿਕਾਰਡ ਵਿੱਚ ਦਰਜ ਹੈ। ਸਟੀਵ ਫੈਲਥਮ ਵਰਗੇ ਹੋਰ ਵੀ ਕਈ ਲੋਕ ਪਾਗਲ ਹਨ ਨੈਸੀ ਪਿੱਛੇ। ਹਰ ਸਾਲ ਸੈਂਕੜੇ ਜੀਵ ਵਿਗਿਆਨੀ ਜਾਂ ਹੋਰ ਮਾਹਰ ਲੋਕ ਲੌਕ ਨੈੱਸ ਪੁੱਜਦੇ ਹਨ ਤੇ ਨੈਸੀ ਦੇ ਸੱਚ ਨੂੰ ਜਾਨਣ ਵਿੱਚ ਰੁਝ ਜਾਂਦੇ ਹਨ। ਇਹ ਕਹਾਣੀ ਸੌ ਸਾਲ ਪਹਿਲਾਂ ਵਾਂਗ ਅੱਜ ਵੀ ਤਾਜ਼ਾ ਹੈ।

ਹਾਂ, ਮੈਂ ਵੀ ਇਕ ਵਾਰ ਨੈਸੀ ਦੇਖਣ ਵਾਰ ਵਾਰ ਜਾਂਦਾ ਹਾਂ। ਇਕ ਵਾਰ ਦੇਖਿਆ ਵੀ ਸੀ। ਕਹਾਣੀਕਾਰ ਜਿੰਦਰ ਨੂੰ ਮੈਂ ਤੇ ਸ਼ਾਇਰ ਜਸਵਿੰਦਰ ਮਾਨ ਲੈ ਕੇ ਲੌਕ ਨੈੱਸ ਗਏ। ਕੁਝ ਹੋਰ ਦੋਸਤ ਵੀ ਸਨ। ਨੈਸੀ ਨੂੰ ਦੇਖਣ ਦੀ ਚਾਹ ਵਿੱਚ ਅਸੀਂ ਝੀਲ ਕੰਢੇ ਬਹਿ ਕੇ ਬੀਅਰ ਪੀਣ ਲੱਗੇ। ਅਚਾਨਕ ਨੈਸੀ ਦੀ ਪਿੱਠ ਉਭਰੀ। ਅਸੀਂ ਸਾਰਿਆਂ ਨੇ ਖੁਸ਼ੀ ਵਿੱਚ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਨੈਸੀ ਨੂੰ ਹਾਕਾਂ ਮਾਰਨ ਲੱਗੇ। ਨੈਸੀ ਹੌਲੀ ਹੌਲੀ ਸਾਡੇ ਵੱਲ ਹੀ ਵੱਧ ਰਿਹਾ ਸੀ। ਅਚਾਨਕ ਕੀ ਹੋਇਆ ਕਿ ਇਕ ਵੱਡੀ ਲਹਿਰ ਨੇ ਨੈਸੀ ਉਲਟਾ ਕਰ ਦਿੱਤਾ। ਕੀ ਦੇਖਦੇ ਹਾਂ ਕਿ ਇਹ ਤਾਂ ਦਰਖਤ ਦਾ ਇਕ ਵੱਡਾ ਸਾਰਾ ਟਾਹਣਾ ਹੈ।Comments


bottom of page