top of page
  • Writer's pictureਸ਼ਬਦ

ਲੇਖਕਾਂ ਦਾ ਮੱਕਾ: ਸਟਰੈਟਫੋਰਡ ?

ਹਰਜੀਤ ਅਟਵਾਲ /

1999 ਦੇ ਅਖੀਰ ਵਿੱਚ ਬੀ.ਬੀ.ਸੀ. ਵਾਲਿਆਂ ਨੇ ਇਕ ਸਰਵੇ ਕਰਾਇਆ ਕਿ ਪਿਛਲੇ ਹਜ਼ਾਰ ਸਾਲ ਦਾ ਸਭ ਤੋਂ ਮਹੱਤਵਪੂਰਨ ਵਿਅਕਤੀ (ਮੈਨ ਆਫ ਮਿਲੇਨੀਅਮ) ਕੌਣ ਹੋਵੇਗਾ। ਲੋਕ-ਰਾਏ ਲਈ ਗਈ। ਉਪਰਲੇ ਦਸ ਵਿਅਕਤੀਆਂ ਵਿੱਚ ਗਾਂਧੀ, ਮੰਡੇਲਾ ਵੀ ਆਉਂਦੇ ਸਨ ਪਰ ਆਖਰੀ ਤਿੰਨਾਂ ਵਿੱਚ ਵਿਨਸੰਟ ਚਰਚਿਲ ਸਿਆਸਤਦਾਨ, ਅਲਬਰਟ ਆਇਨਸਟਾਈਨ ਸਾਇੰਸਦਾਨ ਤੇ ਵਿਲੀਅਮ ਸ਼ੈਕਸਪੀਅਰ ਲੇਖਕ ਚੁਣੇ ਗਏ। ਪਰ ਅਖੀਰ ਵਿੱਚ ਮੈਨ-ਆਫ-ਦਾ-ਮਿਲੇਨੀਅਮ ਸ਼ੈਕਸਪੀਅਰ ਰਿਹਾ। ਇਸਦਾ ਕਾਰਨ ਇਹ ਦੱਸਿਆ ਗਿਆ ਕਿ ਸਿਆਸਤਦਾਨਾਂ ਨੇ ਡੈਮੋਕਰੇਸੀ ਬਾਰੇ ਜੋ ਕੰਮ ਕੀਤਾ ਇਹ ਕੋਈ ਹੋਰਵੀ ਕਰ ਸਕਦਾ ਸੀ। ਜਿਹੜੀ ਖੋਜ ਆਈਨਸਟਾਈਨ ਨੇ ਕੀਤੀ, ਉਹ ਫਾਰਮੂਲਾ ਤਾਂ ਪਹਿਲਾਂ ਹਾਜ਼ਰ ਹੀ ਸੀ, ਅਗਾਓਂ-ਪਿਛਾਓਂ ਕਦੇ ਵੀ ਲੱਭਿਆ ਜਾ ਸਕਦਾ ਸੀ ਤੇ ਕੋਈ ਵੀ ਇਸ ਦੀ ਖੋਜ ਕਰ ਸਕਦਾ ਸੀ। ਇਹ ਚੀਜ਼ਾਂ ਉਹਨਾਂ ਦੀਆਂ ਆਪਣੀਆਂ ਰਚੀਆਂ ਹੋਈਆਂ ਨਹੀਂ ਸਨ ਪਰ ਜੋ ਕੁਝ ਸ਼ੈਕਸਪੀਅਰ ਨੇ ਰਚਿਆ ਉਹ ਕੋਈ ਹੋਰ ਨਹੀਂ ਸੀ ਰਚ ਸਕਦਾ। ਸ਼ੈਕਸਪੀਅਰ ਰਚਨਹਾਰਾ ਸੀ। ਇਥੇ ਲੇਖਕ ਨੂੰ ਰੱਬ ਦੇ ਬਰਾਬਰ ਮੰਨਿਆਂ ਗਿਆ। ਤੇ ਰੱਬ ਦੇ ਘਰ ਨੂੰ ਮੱਕਾ। ਸੋ ਲੇਖਕਾਂ ਦਾ ਮੱਕਾ ਸਟਰੈਟਫੋਰਟ-ਅਪੌਨ-ਐਵਨ ਹੈ ਜਿਥੇ ਸ਼ੈਕਸਪੀਅਰ ਜੰਮਿਆਂ, ਵੱਡਾ ਹੋਇਆ ਤੇ ਉਸਦੀ ਕਬਰ ਹੈ। ਮੈਂ ਇਸ ਮੱਕੇ ਜਾਂਦਾ ਰਹਿੰਦਾ ਹਾਂ। ਜਦ ਵੀ ਕੋਈ ਦੋਸਤ ਕਿਸੇ ਹੋਰ ਮੁਲਕ ਤੋਂ ਆਵੇ ਤਾਂ ਅਸੀਂ ਇਥੇ ਜ਼ਿਆਰਤ ਕਰਨ ਜ਼ਰੂਰ ਜਾਂਦੇ ਹਾਂ। ਹਰ ਸਾਲ ਪੱਚੀ ਲੱਖ ਤੋਂ ਵੱਧ ਲੋਕ ਉਸ ਮਹਾਨ ਲੇਖਕ ਨੂੰ ਸਿਜਦਾ ਕਰਨ ਸਟਰੈਟਫੋਰਡ ਆਉਂਦੇ ਹਨ।

ਇਥੇ ਮੈਂ ਵਿਲੀਅਮ ਸ਼ੈਕਸਪੀਅਰ ਦੇ ਰਚਨਾ-ਸੰਸਾਰ ਨਾਲੋਂ ਜ਼ਿਆਦਾ ਉਸ ਦੇ ਜਨਮ-ਸਥਾਨ ਬਾਰੇ ਗੱਲ ਕਰਨੀ ਚਾਹਾਂਗਾ। ਸਟਰੈਟਫੋਰਡ ਛੋਟਾ ਜਿਹਾ ਸ਼ਹਿਰ ਹੈ। ਇਹ ਦਰਿਆ-ਐਵਨ ਦੇ ਕੰਢੇ ਵਸਿਆ ਹੋਣ ਕਰਕੇ ਇਸ ਨੂੰ ਸਟਰੈਟਫੋਰਡ-ਅਪੌਨ-ਐਵਨ ਕਿਹਾ ਜਾਂਦਾ ਹੈ। ਯੂਕੇ ਵਿੱਚ ਸ਼ਹਿਰ ਨਾਲ ਨੇੜਲੇ ਦਰਿਆ ਦਾ ਨਾਂ ਜੋੜਨਾ ਬਹੁਤ ਪ੍ਰਚੱਲਤ ਹੈ। ਉਹ ਘਰ ਜਿਸ ਵਿੱਚ ਵਿਲੀਅਮ ਸ਼ੈਕਸਪੀਅਰ ਦਾ ਜਨਮ ਹੋਇਆ, ਹੈਨਲੀ ਸਟਰੀਟ ‘ਤੇ ਪੈਂਦਾ ਹੈ। ਇਹ ਇਮਾਰਤ ਲਕੜੀ ਦੇ ਫਰੇਮ ਬਣਾਕੇ ਉਹਨਾਂ ਵਿੱਚ ਚੂਨਾ ਜਾਂ ਉਸ ਵੇਲੇ ਦਾ ਬਿਲਡਿੰਗ-ਮਟੀਰੀਅਲ ਭਰਿਆ ਹੋਇਆ ਹੈ। ਇਸ ਵੇਲੇ ਇਹ ਆਮ ਜਿਹੀ ਇਮਾਰਤ ਹੈ ਪਰ ਸੋਲਵੀਂ-ਸਦੀ ਵਿੱਚ ਜ਼ਰੂਰ ਖਾਸ ਹੋਵੇਗੀ। ਇਹ ਘਰ ਪੰਦਰਵੀਂ ਸਦੀ ਵਿੱਚ ਬਣਿਆਂ ਹੈ ਕਿਉਂਕਿ 1564 ਵਿੱਚ ਵਿਲੀਅਮ ਸ਼ੈਕਸਪੀਅਰ ਦਾ ਜਨਮ ਹੁੰਦਾ ਹੈ। ਉਸ ਤੋਂ ਕਿਤੇ ਪਹਿਲਾਂ ਦਾ ਉਸਦਾ ਪਿਓ ਜੌਹਨ ਸ਼ੈਕਸਪੀਅਰ ਇਥੇ ਰਹਿੰਦਾ ਹੋਵੇਗਾ। ਰਿਕਾਰਡ ਦਸਦੇ ਹਨ ਕਿ ਜੌਹਨ ਸ਼ੈਕਸਪੀਅਰ ਨੂੰ 1552 ਵਿੱਚ ਘਰ ਮੁਹਰੇ ਗੰਦ ਜਮ੍ਹਾਂ ਕਾਰਨ ਜੁਰਮਾਨਾ ਹੋਇਆ ਸੀ। ਵੈਸੇ ਜੌਹਨ ਉੱਨ ਦਾ ਵਿਓਪਾਰੀ ਸੀ। ਉਸਦਾ ਵਾਹਵਾ ਕੰਮ ਚਲਦਾ ਸੀ। 1568 ਵਿੱਚ ਜੌਹਨ ਨੂੰ ਸਟਰੈਟਫੋਰਡ ਦਾ ਮੇਅਰ ਬਣਾਇਆ ਗਿਆ। ਐਤਵਾਰ ਵਾਲੇ ਦਿਨ ਉਹ ਮੇਅਰ ਵਾਲਾ ਰੰਗਦਾਰ ਚੋਲ਼ਾ ਪਾਕੇ ਚਰਚ ਜਾਂਦਾ। ਉਸਦੇ ਅੱਠ ਬੱਚੇ ਸਨ। ਵਿਲੀਅਮ ਦਾ ਨੰਬਰ ਤੀਜਾ ਸੀ। ਜੌਹਨ ਦੇ ਮਰਨ ਤੀਕ ਵਿਲੀਅਮ ਸਭ ਤੋਂ ਵੱਡਾ ਰਹਿ ਗਿਆ ਸੀ ਇਸ ਲਈ ਇਹ ਘਰ ਵਿਲੀਅਮ ਨੂੰ ਹੀ ਵਿਰਾਸਤ ਵਿੱਚ ਮਿਲਿਆ ਸੀ, ਇੰਗਲੈਂਡ ਦੇ ਉਸ ਵੇਲੇ ਦੇ ਕਾਨੂੰਨ ਮੁਤਾਬਕ। ਪਿਓ ਦਾ ਹੱਥ ਸੌਖਾ ਹੋਣ ਕਰਕੇ ਵਿਲੀਅਮ ਨੂੰ ਗਰੈਮਰ ਸਕੂਲ ਵਿੱਚ ਪੜ੍ਹਨ ਲਾਇਆ ਗਿਆ। ਯੂਕੇ ਵਿੱਚ ਗਰੈਮਰ ਸਕੂਲਾਂ ਦਾ ਕਲਚਰ ਬਹੁਤ ਪੁਰਾਣਾ ਹੈ। ਪਹਿਲਾਂ ਇਹਨਾਂ ਵਿੱਚ ਅਮੀਰਾਂ ਦੇ ਬੱਚੇ ਜਾਂਦੇ ਸਨ ਹੁਣ ਇਹ ਲਿਆਕਤ ਦੇ ਹਿਸਾਬ ਨਾਲ ਦਾਖਲਾ ਮਿਲਦਾ ਹੈ। ਇਸ ਘਰ ਵਿੱਚ ਸ਼ੈਕਸਪੀਅਰ ਜਨਮ ਤੋਂ ਲੈ ਕੇ ਪੰਜ ਸਾਲ ਵਿਆਹੁਤਾ-ਜੀਵਨ ਤੀਕ ਰਿਹਾ। ਉਸਦਾ ਵਿਆਹ ਐਨ ਹੈਥਵੇਅ ਨਾਮੀ ਸੁੰਦਰੀ ਨਾਲ ਹੋਇਆ ਸੀ। 1601 ਵਿੱਚ ਜੌਹਨ (ਪਿਤਾ) ਦੀ ਮੌਤ ਤੋਂ ਬਾਅਦ ਇਹ ਘਰ ਵਿਲੀਅਮ ਨੂੰ ਮਿਲਦਾ ਹੈ। ਵਿਲੀਅਮ ਤੋਂ ਬਾਅਦ ਉਸਦੀ ਧੀ ਸੁਜ਼ਾਨਾ ਨੂੰ ਤੇ ਉਸਤੋਂ ਬਾਅਦ ਇਹ ਘਰ ਅੱਗੇ ਸੁਜ਼ਾਨਾ ਦੀ ਇਕਲੌਤੀ ਧੀ ਅਲੈਜ਼ਬੈੱਥ ਨੂੰ। ਅਲੈਜ਼ਬੈੱਥ ਦੇ ਕੋਈ ਔਲਾਦ ਨਾ ਹੋਣ ਕਰਕੇ ਇਹ ਘਰ ਵਿਲੀਅਮ ਦੀ ਇਕ ਭੈਣ ਦੀ ਅਗਲੀ ਔਲਾਦ ਨੂੰ ਮਿਲ ਜਾਂਦਾ ਹੈ। 1847 ਵਿੱਚ ਇਸ ਘਰ ਨੂੰ ਸ਼ੈਕਸਪੀਅਰ-ਬਰਥਪਲੇਸ ਟਰੱਸਟ ਖਰੀਦ ਲੈਂਦਾ ਹੈ। ਜੌਹਨ ਵੇਲੇ ਤੋਂ ਹੀ ਅੱਧੇ ਘਰ ਨੂੰ ਕਾਰੋਬਾਰ ਲਈ ਵਰਤਿਆ ਜਾਂਦਾ ਸੀ, ਉਹੋ ਅੱਧਾ ਹਿੱਸਾ ਬਾਅਦ ਵਿੱਚ ਕਿਰਾਏ ‘ਤੇ ਦੇ ਦਿੱਤਾ ਗਿਆ ਸੀ।

ਸ਼ੈਕਸਪੀਅਰ ਦੇ ਘਰ ਦਾ ਜਿਹੜਾ ਕੁਝ ਹਿੱਸਾ ਕਿਰਾਏ ‘ਤੇ ਸੀ ਤੇ ਕਿਰਾਏਦਾਰ ਮਿਸਜ਼ ਹੌਰਨਬੀ ਸੀ, ਉਸ ਨੂੰ ਲੈਕੇ ਵੀ ਇਕ ਬਹੁਤ ਦਿਲਚਸਪ ਕਿੱਸਾ ਹੈ। ਸ਼ੈਕਸਪੀਅਰ ਦੀ ਪ੍ਰਸਿੱਧੀ ਦੁਨੀਆ ਭਰ ਵਿੱਚ ਫੈਲ ਗਈ ਸੀ। ਉਸਦੇ ਮਰਨ ਤੋਂ ਬਾਅਦ ਲੋਕ ਉਸ ਬਾਰੇ ਜਾਨਣ ਲਈ ਹੋਰ ਵੀ ਉਤਾਵਲੇ ਹੋਣ ਲੱਗੇ ਸਨ। ਉਸਦਾ ਜਨਮ-ਸਥਾਨ ਦੇਖਣ ਆਉਣ ਲੱਗੇ। 1820 ਵਿੱਚ ਮਿਸਜ਼ ਹੌਰਨਬੀ ਦਾ ਕਿਰਾਇਆ ਵਧਾਇਆ ਗਿਆ ਤਾਂ ਉਸਨੇ ਹੰਗਾਮਾ ਖੜਾ ਕਰ ਦਿੱਤਾ। ਉਸਨੇ ਹੈਨਲੀ ਸਟਰੀਟ ‘ਤੇ ਹੀ ਹੋਰ ਘਰ ਕਿਰਾਏ ‘ਤੇ ਲੈਕੇ ਉਸਨੂੰ ਸ਼ੈਕਸਪੀਅਰ-ਸੈਂਟਰ ਦੇ ਤੌਰ ‘ਤੇ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੀਆਂ ਚੀਜ਼ਾਂ ਰੱਖਕੇ ਦਾਅਵਾ ਕੀਤਾ ਕਿ ਇਹ ਸ਼ੈਕਸਪੀਅਰ ਦੀਆਂ ਅਸਲੀ ਚੀਜ਼ਾਂ ਹਨ। ਯਾਤਰੀ ਉਸਦੇ ਮਿਊਜ਼ਮ ਵਿੱਚ ਜਾਣ ਲੱਗੇ। ਜਿਸ ਦੇ ਉਹ ਪੈਸੇ ਲੈਂਦੀ ਸੀ। ਇਵੇਂ ਸ਼ੈਕਸਪੀਅਰ ਦੀਆਂ ਇਕੋ ਗਲੀ ਵਿੱਚ ਦੋ ਥਾਵਾਂ ਹੋ ਗਈਆਂ। ਇੰਜ ਕਹਿ ਲਓ ਕਿ ਮਹਾਨ ਲੇਖਕ ਦੇ ਜਨਮ-ਸਥਾਨ ਦਾ ਪ੍ਰਬੰਧ ਕੁਝ ਢਿੱਲਾ ਸੀ। ਇਸ ਦੇਖਦਿਆਂ ਉਸਦੇ ਸ਼ੁਭਚਿੰਤਕਾਂ ਨੇ 1847 ਵਿੱਚ ਸ਼ੈਕਸਪੀਅਰ-ਬਰਥਪਲੇਸ-ਟਰੱਸਟ ਬਣਾਇਆ ਤੇ ਇਹ ਘਰ ਖਰੀਦ ਲਿਆ ਤੇ ਸਾਰਾ ਪ੍ਰਬੰਧ ਲਈ ਇਕ ਵਿਸ਼ੇਸ਼ ਕਮੇਟੀ ਬਣਾਈ ਗਈ।

ਇਹ ਜਗਾਹ ਸਾਦੀ ਹੀ ਰੱਖੀ ਗਈ ਹੈ। ਇਸ ਵਿੱਚ ਸ਼ੈਕਸਪੀਅਰ ਦੇ ਜਨਮ ਸਮੇਂ ਤੋਂ ਲੈਕੇ ਉਸਦੇ ਅੰਤਿਮ ਦਿਨਾਂ ਤੀਕ ਦੀਆਂ ਯਾਦਾਂ ਪਈਆਂ ਹਨ। ਉਸਦੇ ਬਚਪੱਨ ਦੇ ਪੰਘੂੜੇ, ਕਪੜੇ, ਖਿਡੌਣੇ, ਕਿਤਾਬਾਂ ਆਦਿ ਬਹੁਤ ਕੁਝ ਹੈ ਦੇਖਣ ਵਾਲਾ। ਜਿਸ ਕਮਰੇ ਵਿੱਚ ਉਸਦਾ ਜਨਮ ਹੋਇਆ ਸਮਝਿਆ ਜਾਂਦਾ ਹੈ, ਉਹ ਵੀ ਯਾਤਰੀਆਂ ਦਾ ਧਿਆਨ ਮੰਗਦਾ ਹੈ। ਇਕ ਪਾਸੇ ਉਸ ਦੇ ਥੀਏਟਰ ਨਾਲ ਜੁੜੀਆਂ ਯਾਦਾਂ ਵੀ ਹਨ। ਉਸਦੇ ਪਾਤਰਾਂ ਦੇ ਕੌਸਚੂਮ ਤੋਂ ਲੈਕੇ ਸਟੇਜ ‘ਤੇ ਵਰਤੀਆਂ ਹੋਰ ਵਾਸਤਾਂ ਤੀਕ ਬਹੁਤ ਦੇਖਣ ਵਾਲਾ ਹੈ। ਇਥੇ ਦਾ ਵਿਜ਼ਟਰ ਸੈਂਟਰ ਤੇ ਐਗਜ਼ੀਬੀਸ਼ਨ ਖਾਸ ਖਿੱਚ ਦਾ ਕਾਰਨ ਬਣਦੇ ਹਨ। ਹਾਂ, ਸ਼ੈਕਸਪੀਅਰ ਦਾ ਗਾਰਡਨ ਵੀ ਦੇਖਣ ਯੋਗ ਹੈ। ਇਸ ਗਾਰਡਨ ਵਿੱਚ ਸ਼ੈਕਸਪੀਅਰ-ਵੇਲੇ ਦੇ ਫੁੱਲ-ਬੂਟੇ ਲਾਏ ਹੋਏ ਹਨ, ਉਸ ਵੇਲੇ ਦੀਆਂ ਕਿਤਾਬਾਂ ਵਿੱਚੋਂ ਖੋਜ ਕਰਕੇ। ਉਮੀਦ ਕੀਤੀ ਜਾਂਦੀ ਹੈ ਕਿ ਸ਼ੈਕਸਪੀਅਰ ਇਸ ਬਨਸਪਤੀ ਤੋਂ ਵਾਕਫ ਹੋਵੇਗਾ। ਉਸਦੇ ਜਨਮ-ਸਥਾਨ ‘ਤੇ ਮੈਨੂੰ ਜੋ ਸਭ ਤੋਂ ਵੱਧ ਪਸੰਦ ਆਈ ਉਹ ਸ਼ੀਸ਼ੇ ਦੀ ਇਕ ਖਿੜਕੀ ਹੈ ਜਿਸ ਉਪਰ ਇਥੇ ਆਏ ਯਾਤਰੂਆਂ ਨੇ ਦਸਤਖਤ ਕੀਤੇ ਹੋਏ ਹਨ ਜਿਹਨਾਂ ਵਿੱਚ ਮੇਰੇ ਪਸੰਦੀਦਾ ਦੋ ਵੱਡੇ ਨਾਵਲਕਾਰਾਂ ਦੇ ਦਸਤਖਤ ਸ਼ਾਮਲ ਹਨ, ਵਾਲਟਰ ਸਕੌਟ ਤੇ ਚਾਰਲਸ ਡਿੱਕਨਜ਼।

ਸ਼ੈਕਸਪੀਅਰ ਤੇ ਉਸਦੀ ਪਤਨੀ ਦੀਆਂ ਕਬਰਾਂ ਹੋਲੀ-ਟਰਿੰਟੀ ਚਰਚ ਵਿੱਚ ਹਨ। ਇਹ ਚਰਚ ਸ਼ਹਿਰ ਦੀ ਸਭ ਤੋਂ ਪੁਰਾਣੀ ਇਮਾਰਤ ਹੈ। ਵੈਸੇ ਤਾਂ ਚਰਚ ਵਿੱਚ ਕੋਈ ਵੀ ਜਾ ਸਕਦਾ ਹੈ ਪਰ ਸ਼ੈਕਸਪੀਅਰ ਦੀ ਕਬਰ ਦੇਖਣ ਦਾ ਟਿਕਟ ਹੈ। ਇਹ ਕਬਰ ਚਰਚ ਦੇ ਪੰਜ ਮੀਟਰ ਹੇਠਾਂ ਹੈ। ਇਥੇ ਸ਼ੈਕਸਪੀਅਰ ਦਾ ਮੌਨੂਮੈਂਟ ਵੀ ਲਗਿਆ ਹੋਇਆ ਹੈ। ਕਿਹਾ ਜਾਂਦਾ ਹੈ, ਲੇਖਕ ਦੀ ਮੌਨੂਮੈਂਟ ਵਾਲੀ ਤਸਵੀਰ ਲੇਖਕ ਦੀ ਸਭ ਤੋਂ ਅਸਲੀ ਤਸਵੀਰ ਹੈ ਕਿਉਂਕਿ ਸ਼ੈਕਸਪੀਅਰ ਦੇ ਮਰਨ ਤੋਂ ਛੇਤੀਂ ਪਿੱਛੋ ਹੀ ਉਦੋਂ ਦੇ ਕਲਾਕਾਰਾਂ ਨੇ ਇਸ ਨੂੰ ਬਣਾਇਆ ਸੀ।

ਮੈਂ ਸਟਰੈਟਫੋਰਡ-ਅਪੌਨ-ਐਵਨ ਬਹੁਤ ਸਾਲਾਂ ਤੋਂ ਜਾ ਰਿਹਾ ਹਾਂ। ਮੇਰੇ ਉਥੇ ਜਾਣ ਦੇ ਦੋ ਕਾਰਨ ਹਨ, ਇਕ ਤਾਂ ਮਹਾਨ ਲੇਖਕ ਦਾ ਜਨਮ-ਅਸਥਾਨ ਤੇ ਦੂਜੇ ਇਸਦੇ ਸਟਰੈਟਫੋਰਡ ਹੋਣ ਕਰਕੇ। ਇਹ ਸ਼ਹਿਰ ਬਾਰਵੀਂ ਸਦੀ ਵਿੱਚ ਵਸਿਆ। ਛੋਟਾ ਜਿਹਾ ਪਿੰਡ ਪਹਿਲਾਂ ਕਸਬਾ ਬਣਿਆਂ ਤੇ ਫਿਰ ਸ਼ਹਿਰ ਪਰ ਹਾਲੇ ਵੀ ਇਹ ਛੋਟਾ ਜਿਹਾ ਹੀ ਹੈ, ਅਠਾਈ ਹਜ਼ਾਰ ਦੀ ਅਬਾਦੀ ਵਾਲਾ। ਇਥੇ ਜਨਮ-ਅਸਥਾਨ ਤੋਂ ਬਿਨਾਂ ਹੋਰਵੀ ਕਿੰਨਾ ਕੁਝ ਦੇਖਣ ਵਾਲਾ ਹੈ। ਮੈਂ ਇਥੇ ਦੋ ਤਰੀਕਿਆਂ ਨਾਲ ਜਾਂਦਾ ਹਾਂ, ਇਕ ਸ਼ਹਿਰ ਦੇਖਣ ਤੇ ਦੂਜੇ ਜ਼ਿਆਰਤ ਕਰਨ। ਜੇ ਤਾਂ ਸਿਰਫ ਜ਼ਿਆਰਤ ਕਰਨ ਜਾਂ ਸ਼ੈਕਸਪੀਅਰ ਦਾ ਜਨਮ-ਅਸਥਾਨ ਦੇਖਣ ਜਾਣਾ ਹੋਵੇ ਤਾਂ ਇਸਨੂੰ ਨੱਬੇ-ਮਿੰਟ ਲਗਦੇ ਹਨ। ਨੱਬੇ-ਮਿੰਟ ਲੰਡਨ ਤੋਂ ਸਟਰੈਟਫੋਰਡ ਦਾ ਰਾਹ ਤੇ ਨੱਬੇ-ਮਿੰਟ ਇਸਨੂੰ ਦੇਖਣ ਲਈ। ਪਰ ਜੇ ਤੁਸੀਂ ਇਸ ਸ਼ਹਿਰ ਨੂੰ ਦੇਖਣਾ ਹੋਵੇ ਤਾਂ ਦੋ ਦਿਨ ਲੱਗਣਗੇ। ਮੈਂ ਇਸ ਸ਼ਹਿਰ ਨੂੰ ਦੇਖਣ ਵੀ ਕਈ ਵਾਰ ਚਲੇ ਜਾਂਦਾ ਹਾਂ। ਇਥੇ ਹੋਟਲ ਸਸਤੇ ਹੀ ਹਨ। ਸ਼ੈਕਸਪੀਅਰ-ਬਰਥਪਲੇਸ ਤੋਂ ਪੱਛਮ ਵੱਲ ਨੂੰ ਮੀਲ ਕੁ ‘ਤੇ ਐਨ ਹੈਥਵੇਅ ਦੀ ਕੌਟਜ ਹੈ। ਸ਼ੈਕਸਪੀਅਰ ਦੀ ਪਤਨੀ ਦੇ ਪਰਿਵਾਰ ਦਾ ਇਹ ਅਲੈਜ਼ਬੇਥੀਅਨ ਫਾਰਮ-ਹਾਊਸ, ਜਾਣੀਕਿ ਰਾਣੀ ਅਲੈਜ਼ਬੈਥ ਪਹਿਲੀ ਦੇ ਵੇਲੇ ਬਣਿਆਂ ਹੋਇਆ, ਬਹੁਤ ਖੂਬਸੂਰਤ ਹੈ। ਪੁਰਾਣਾ ਫਰਨੀਚਰ ਤੇ ਉਸ ਵੇਲੇ ਦਾ ਹੋਰ ਅੰਟੀਕ ਸਮਾਨ ਇਥੇ ਸਾਂਭਿਆ ਪਿਆ ਹੈ। ਇਵੇਂ ਹੀ ਇਥੇ ਇਕ ਨਿਊ-ਪਲੇਸ ਹੈ। ਹੈ ਨਹੀਂ ਸੀ। ‘ਨਿਊ-ਪਲੇਸ’ ਸ਼ੈਕਸਪੀਅਰ ਦਾ ਉਹ ਘਰ ਸੀ ਜਿਥੇ ਉਹ 1597 ਤੋਂ ਲੈਕੇ 1616 ਤੀਕ ਭਾਵ ਮਰਨ ਤੀਕ ਇਥੇ ਰਿਹਾ। ਲੇਖਕ ਦੁਨੀਆ ਘੁੰਮਦਾ, ਕੰਮਕਾਰ ਕਰਦਾ ਜਦ ਥੱਕ ਜਾਂਦਾ ਸੀ ਤਾਂ ਇਥੇ ਆਕੇ ਆਰਾਮ ਕਰਿਆ ਕਰਦਾ ਸੀ। ਉਸਦੀ ਮੌਤ ਤੋਂ ਕਾਫੀ ਦੇਰ ਤੀਕ ਇਹ ਠੀਕ ਰਿਹਾ ਪਰ ਫਿਰ ਇਹ ਘਰ ਉਸ ਦੇ ਇਕ ਰਿਸ਼ਤੇਦਾਰ ਦੇ ਹਿੱਸੇ ਆ ਗਿਆ ਜੋ ਬਿਲਡਰ ਸੀ, ਉਸਨੇ ਢਾਹ ਕੇ ਇਸ ਜਗਾਹ ਕੋਈ ਨਵੀਂ ਇਮਾਰਤ ਬਣਾ ਦਿੱਤੀ। ਇਥੇ ਨੇੜੇ ਹੀ ‘ਹਾਲਜ਼ ਕਰੌਫਟ’, ਸ਼ੇਕਸਪੀਅਰ ਦੀ ਕੁੜੀ ਸੂਜ਼ਨ ਦਾ ਘਰ ਵੀ ਹੈ ਉਥੇ ਵੀ ਕਾਫੀ ਸਾਰੀਆਂ ਪੁਰਾਤਨ ਵਸਤਾਂ ਦੇਖਣ ਨੂੰ ਮਿਲਦੀਆਂ ਹਨ। ਇਵੇਂ ਹੀ ਇਥੋਂ ਸਾਢੇ ਤਿੰਨ ਮੀਲ ਦੂਰ ਇਕ ਜਗਾਹ ‘ਵਿਲਮਕੋਟ’ ਹੈ ਜਿਥੇ ਸ਼ੈਕਸਪੀਅਰ ਦੀ ਮਾਂ ਮੈਰੀ ਦਾ ਪਰਿਵਾਰਿਕ ਘਰ ਹੈ ਜੋ ਟਿਊਡਰ ਵੇਲੇ ਦਾ ਬਣਿਆਂ ਹੋਇਆ ਹੈ। ਇਥੇ ਵੀ ਕਾਫੀ ਸਾਰੀਆਂ ਪੁਰਾਤਨ ਵਸਤਾਂ ਸਾਂਭੀਆਂ ਪਈਆਂ ਹਨ। ਇਥੇ ਇਕ ਬਟਰ-ਫਲਾਈ-ਗਾਰਡਨ ਵੀ ਹੈ। ਦਰਿਆ-ਐਵਨ ਦੇ ਕੰਢੇ ਖੂਬਸੂਰਤ ਰੈਸਟੋਰੈਂਟ-ਪੱਬ ਹਨ। ਦਰਿਆ ਵਿੱਚ ਰੰਗਬਰੰਗੀਆਂ ਕਿਸ਼ਤੀਆਂ ਬਹੁਤ ਖੂਬਸੂਰਤ ਲਗਦੀਆਂ ਹਨ। ਇਥੋਂ ਵਡੀਆਂ ਕਿਸ਼ਤੀਆਂ ਰਾਹੀਂ ਮਨਮੋਹਕ-ਇਲਾਕਿਆਂ ਦਾ ਟੂਰ ਕਰਾਇਆ ਜਾਂਦਾ ਹੈ। ਇੰਜਣ ਵਾਲੀਆਂ ਕਿਸ਼ਤੀਆਂ ਕਿਰਾਏ ‘ਤੇ ਵੀ ਮਿਲ ਜਾਂਦੀਆਂ ਹਨ ਤੇ ਤੁਸੀਂ ਆਪ ਵੀ ਦਰਿਆ ਵਿੱਚ ਸੇਲ ਕਰ ਸਕਦੇ ਹੋ। 26 ਅਪਰੈਲ ਦੇ ਨੇੜਲੇ ਸਪਤਾਹ-ਅੰਤ ਨੂੰ ਇਥੇ ਸ਼ੈਕਸਪੀਅਰ ਦੀ ਯਾਦ ਵਿੱਚ ਹਰ ਸਾਲ ਮੇਲਾ ਲਗਦਾ ਹੈ। ਕੁਝ ਸਾਲ ਪਹਿਲਾਂ ਉਸਦੀ ਚਾਰ-ਸੌਵੀਂ ਡੈਥ-ਐਨੀਵਰਸਰੀ ਵੀ ਮਨਾਈ ਗਈ ਸੀ।

ਇਹਨਾਂ ਸਭ ਤੋਂ ਉਪਰ ਮੇਰੇ ਲਈ ਇਥੇ ਦੇਖਣਯੋਗ ਹੈ ‘ਰੁਆਏਲ ਸ਼ੈਕਸਪੀਅਰ ਥੀਏਟਰ’, ਜਿਥੇ ਸ਼ੈਕਸਪੀਅਰ ਦੇ ਨਾਟਕ ਚਲਦੇ ਰਹਿੰਦੇ ਹਨ। ਇਸਦੀ ਸਟੇਜ ਬਹੁਤ ਵੱਡੀ ਹੈ ਜਿਥੇ ਮੀਂਹ ਪੁਆਇਆ ਜਾ ਸਕਦਾ ਹੈ, ਪਾਣੀ ਵਾਲੇ ਜਹਾਜ਼ਾਂ ਦੀ ਲੜਾਈ ਤੱਕ ਦਿਖਾ ਦਿੱਤੀ ਜਾਂਦੀ ਹੈ। 1769 ਵਿੱਚ ਇਸਦੇ ਨੇੜੇ ਹੀ ਲਕੜੀ ਦਾ ਇਕ ਥੀਏਟਰ ਬਣਿਆਂ ਸੀ। ਇਕ ਵਾਰ ਏਨਾ ਮੀਂਹ ਪਿਆ ਕਿ ਉਹ ਥੀਏਟਰ ਰੁੜ ਗਿਆ। ਸ਼ੈਕਸਪੀਅਰ ਦਾ ਤਿੰਨ ਸੌਵਾਂ ਜਨਮ-ਦਿਨ ਮਨਾਉਣ ਲਈ 1864 ਵਿੱਚ ਇਕ ਵਾਰ ਫਿਰ ਤਿੰਨ ਮਹੀਨੇ ਲਈ ਆਰਜ਼ੀ ਥੀਏਟਰ ਬਣਾਇਆ ਗਿਆ। 1870 ਵਿੱਚ ਚਾਰਲਸ ਫਲਾਵਰ ਨਾਂ ਦੇ ਇਕ ਰਈਸ ਨੇ ਪੱਕਾ ਥੀਏਟਰ ਬਣਾਉਣ ਲਈ ਦਰਿਆ ਦੇ ਕੰਢੇ ਜਗਾਹ ਦਿੱਤੀ। 1879 ਵਿੱਚ ਪਹਿਲਾ ਸ਼ੈਕਸਪੀਅਰ ਮੈਮੋਰੀਅਲ ਥੀਏਟਰ ਬਣਿਆਂ। ਇਹ ਬਹੁਤ ਮਕਬੂਲ ਹੋਇਆ। 1926 ਇਹਨੂੰ ਅੱਗ ਲੱਗ ਗਈ। 1932 ਵਿੱਚ ਹੁਣ ਵਾਲਾ ਰੁਆਏਲ-ਸ਼ੈਕਸਪੀਅਰ-ਥੀਏਟਰ ਤਿਆਰ ਹੋਇਆ। ਫਿਰ ਇਸ ਨਾਲ ਦੋ ਛੋਟੇ ਥੀਏਟਰ ਵੀ ਬਣਾਏ ਗਏ। ਇਸ ਥੀਏਟਰ ਵਿੱਚ ਚਲਦੇ ਨਾਟਕਾਂ ਵਿੱਚ ਭਾਗ ਲੈਣਾ ਹਰ ਐਕਟਰ ਦਾ ਸੁਫਨਾ ਹੁੰਦਾ ਹੈ। ਦੁਨੀਆ ਦੇ ਵੱਡੇ-ਵੱਡੇ ਐਕਟਰ-ਡਾਇਰੈਕਟਰ ਇਥੇ ਆਪਣੀ ਕਲਾ ਦੇ ਜੌਹਰ ਦਿਖਾਉਣ ਆਉਂਦੇ ਹਨ। ਤੇ ਇਸ ਥੀਏਟਰ ਦੇ ਦਰਸ਼ਕ ਵੀ ਵੱਡੀਆਂ-ਵੱਡੀਆਂ ਹਸਤੀਆਂ ਹੁੰਦੀਆਂ ਹਨ। ਤੇ ਇਹ ਦਰਸ਼ਕ ਸਾਰੀ ਦੁਨੀਆ ਵਿੱਚੋਂ ਆਉਂਦੇ ਹਨ। ਟਿਕਟਾਂ ਦੀ ਔਨ-ਲਾਈਨ ਬੁਕਿੰਗ ਹੁੰਦੀ ਹੈ, ਖਿੜਕੀ ‘ਤੇ ਸ਼ਾਇਦ ਹੀ ਤੁਸੀਂ ਖਰੀਦ ਸਕੋਂ। ਅੱਜਕੱਲ੍ਹ ਇਸਨੂੰ ਰੁਆਏਲ-ਸ਼ੈਕਸਪੀਅਰ-ਕੰਪਨੀ ਸਟਰੈਟਫੋਰਡ-ਅਪੌਨ-ਐਵਨ ਸੰਭਾਲਦੀ ਹੈ ਜਿਸਦਾ ਨਿਰਮਾਣ 1960 ਵਿੱਚ ਕੀਤਾ ਗਿਆ ਸੀ। ਇਸ ਥੀਏਟਰ ਵਿੱਚ ਸ਼ੈਕਸਪੀਅਰ ਦਾ ਨਾਟਕ ਦੇਖਣਾ ਜ਼ਿੰਦਗੀ ਦਾ ਅਦਭੁੱਤ ਤਜਰਬਾ ਹੈ ਤੇ ਮੈਂ ਇਹ ਤਜਰਬਾ ਕਈ ਵਾਰ ਕੀਤਾ ਹੈ।

ਇਥੇ ਮੈਂ ਸਟਰੈਟਫੋਰਡ ਅਪੌਨ ਐਵਨ ਨਾਲ ਜੁੜੀ ਆਪਣੀ ਇਕ ਨਿੱਜੀ ਜਿਹੀ ਯਾਦ ਸਾਂਝੀ ਕਰਨ ਦਾ ਮੌਕਾ ਨਹੀਂ ਗਵਾਵਾਂਗਾ । ਜਿਵੇਂ ਮੈਂ ਦੱਸਿਆ ਕਿ ਇਸ ਸ਼ਹਿਰ ਦੇ ਹੋਟਲਾਂ ਵਿੱਚ ਮੈਂ ਅਕਸਰ ਠਹਿਰਦਾ ਰਿਹਾ ਹਾਂ। ਜਿਸ ਦਿਨ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਉਸ ਦਿਨ ਮੈਂ ਇਥੇ ਹੀ ਇਕ ਹੋਟਲ ਵਿੱਚ ਠਹਿਰਿਆ ਹੋਇਆ ਸਾਂ। ਸਵੇਰੇ ਉਠਦਿਆਂ ਹੀ ਮੈਂ ਇਹ ਖ਼ਬਰ ਆਪਣੇ ਕਮਰੇ ਵਿੱਚ ਟੈਲੀਵੀਯਨ ‘ਤੇ ਦੇਖ ਲਈ ਸੀ। ਹੋਟਲ ਦਾ ਮੈਨੇਜਰ ਫਿਲ ਹੈਰੀਸਨ ਜੋ ਮੇਰਾ ਕੁਝ ਵਾਕਫ ਬਣ ਗਿਆ ਸੀ, ਹਾਲ ਵਿੱਚ ਮੇਰੇ ਨਾਸ਼ਤਾ ਕਰਦਿਆਂ ਉਹ ਮੇਰੇ ਕੋਲ ਅਫਸੋਸ ਕਰਨ ਆ ਬੈਠਾ ਸੀ।

(ਤਸਵੀਰ ਵਿੱਚ ਡਾ ਦੇਵਿੰਦਰ ਕੌਰ ਤੇ ਡਾ ਹਰਚਰਨ ਕੌਰ ਸ਼ੈਕਸਪੀਅਰ ਦੇ ਜਨਮ ਵਾਲੇ ਘਰ ਦੇ ਸਾਹਮਣੇ ਖੜੀਆਂ ਹਨ)

Comments


bottom of page