top of page
  • Writer's pictureਸ਼ਬਦ

ਸਟੋਨਹੈਂਜ- ਰਹੱਸਮਈ ਸਮਾਰਕ

ਹਰਜੀਤ ਅਟਵਾਲ

ਸਟੋਨਹੈਂਜ ਦੁਨੀਆ ਦੇ ਰਹੱਸਮਈ ਸਮਾਰਕਾਂ ਵਿੱਚੋਂ ਇਕ ਹੈ। ਅਜਿਹਾ ਸਮਾਰਕ ਜਿਸ ਦਾ ਕੋਈ ਜਵਾਬ ਹੀ ਨਹੀਂ ਹੈ ਕਿ ਇਹ ਇਥੇ ਕਿਉਂ ਹੈ ਤੇ ਕਿਵੇਂ ਹੈ ਤੇ ਹੈ ਕੀ। ਪਹਿਲੀਆਂ ਵਿੱਚ ਜਦ ਮੈਂ ਇੰਗਲੈਂਡ ਭਰਮਣ ਨਿਕਲਿਆ ਸਾਂ ਤਾਂ ਵਿਲਟਸ਼ਾਇਰ ਕਾਉਂਟੀ ਦੇ ਐਮਜ਼ਬਰੀ ਟਾਊਨ ਦੇ ਕੋਲ ਸੜਕ ਤੋਂ ਕੁਝ ਸੌ ਗਜ਼ ਦੂਰ ਪਏ ਪੱਥਰਾਂ ਨੇ ਮੇਰਾ ਧਿਆਨ ਖਿਚਿਆ ਸੀ। ਮੈਂ ਸੋਚਿਆ, ਇਹ ਬੇਤਰਤੀਬੇ ਪੱਥਰ ਇਥੇ ਕਿਥੋਂ ਆ ਗਏ? ਨਾ ਸਮੁੰਦਰ ਦਾ ਨੇੜ, ਨਾ ਹੀ ਕੋਈ ਪਹਾੜ, ਨਾ ਹੀ ਦਰਿਆ। ਮੈਂ ਪੱਥਰਾਂ ਨੇੜੇ ਗਿਆ ਤਾਂ ਤਖਤੀ ਲੱਗੀ ਹੋਈ ਸੀ- ਸਟੋਨਹੈਂਜ। ਕੁਝ ਵੱਡੇ ਵੱਡੇ ਪੱਥਰ ਇਕ ਗੋਲ ਦਾਇਰੇ ਵਿੱਚ ਪਏ ਸਨ। ਪਏ ਨਹੀਂ ਸਗੋਂ ਖੜੇ ਸਨ। ਕੁਝ ਪੱਥਰ ਉਹਨਾਂ ਉਪਰ ਛੱਤ ਪਾਉਣ ਵਾਂਗ ਵੀ ਰੱਖੇ ਹੋਏ ਸਨ। ਆਲੇ ਦੁਆਲੇ ਉਜਾੜ ਪੱਸਰੀ ਹੋਈ ਸੀ। ਇਹ ਪੱਥਰ ਇਵੇਂ ਪਏ ਜਾਂ ਖੜੇ ਸਨ ਕਿ ਇਹਨਾਂ ਨੂੰ ਇਸ ਸਥਿਤੀ ਵਿੱਚ ਜ਼ਰੂਰ ਕਿਸੇ ਨੇ ਰੱਖਿਆ ਹੋਵੇਗਾ। ਪਰ ਕਿਉਂ? ਕੀ ਇਹ ਕਿਸੇ ਗੱਲ ਵੱਲ ਇਹ ਇਸ਼ਾਰਾ ਕਰ ਰਹੇ ਹਨ? ਮੈਂ ਸੋਚ ਰਿਹਾ ਸਾਂ ਕਿ ਕਿਸੇ ਤੋਂ ਪੁੱਛਿਆ ਜਾਵੇ ਪਰ ਉਥੇ ਕੋਈ ਹੋਵੇ ਤਾਂ ਹੀ ਪੁੱਛਾਂ। ਮੈਂ ਵਾਪਸ ਆ ਕੇ ਇਸ ਬਾਰੇ ਖੋਜ ਕਰਨੀ ਸ਼ੁਰੂ ਕਰ ਦਿੱਤੀ। ਪਤਾ ਚੱਲਿਆ ਕਿ ਇਹ ਤਾਂ ਇਥੇ ਸਦੀਆਂ ਤੋਂ ਇੰਜ ਹੀ ਖੜੇ ਸਨ। ਇਹਨਾਂ ਦੇ ਇਤਿਹਾਸ ਦਾ ਸਹੀ ਕਿਸੇ ਨੂੰ ਵੀ ਨਹੀਂ ਸੀ ਪਤਾ। ਸਭ ਅੰਦਾਜ਼ੇ ਹੀ ਲਾਏ ਜਾ ਰਹੇ ਸਨ। ਮੋਟੇ ਤੌਰ ‘ਤੇ ਇਹਨਾਂ ਨੂੰ ਪੱਥਰ-ਯੁੱਗ ਦੀ ਨਿਸ਼ਾਨੀ ਕਹਿ ਦਿੱਤਾ ਜਾਂਦਾ ਹੈ। ਜਦ ਤੋਂ ਮਨੁੱਖੀ ਇਤਿਹਾਸ ਲਿਖਿਆ ਜਾਣ ਲੱਗਾ ਜਾਂ ਜਦ ਤੱਕ ਦੇ ਇੰਗਲੈਂਡ ਦੇ ਇਤਿਹਾਸ ਬਾਰੇ ਵਾਕਫੀ ਮਿਲਦੀ ਹੈ ਤਾਂ ਇਹ ਪੱਥਰ ਇਥੇ ਮੌਜੂਦ ਸਨ। ਜਿਵੇਂ ਮੈਂ ਕਿਹਾ ਕਿ ਇਹ ਆਮ ਪੱਥਰ ਨਹੀਂ ਹਨ। ਇਹਨਾਂ ਦੇ ਤਰਾਸ਼ੇ ਹੋਣ ਦੇ ਨਿਸ਼ਾਨ ਸਾਫ ਦਿਸਦੇ ਹਨ ਕਿਉਂਕਿ ਇਹਨਾਂ ਵਿੱਚੋਂ ਕੁਝ ਚਪਟੇ ਹਨ। ਇਹ ਤਕਰੀਬਨ ਤਿੰਨ ਮੀਟਰ ਉੱਚੇ ਤੇ ਦੋ ਮੀਟਰ ਦੇ ਕਰੀਬ ਚੌੜੇ ਹਨ। ਭਾਰ ਵਿੱਚ ਇਹ ਪੱਚੀ ਟੱਨ ਦੇ ਨੇੜੇ ਹਨ। ਆਮ ਆਦਮੀ ਤਾਂ ਇਸ ਨੂੰ ਹਿਲਾ ਵੀ ਨਹੀਂ ਸਕੇਗਾ।

ਮਨੁੱਖ ਨੂੰ ਇਹਨਾਂ ਬਾਰੇ ਜਾਨਣ ਦੀ ਸਦਾ ਹੀ ਚੇਸ਼ਟਾ ਰਹੀ ਹੈ। ਸਦੀਆਂ ਤੋਂ ਆਰਕੌਲੌਜਿਸਟ (ਪੁਰਾਤਨਵਿਗਿਆਨੀ) ਇਹਨਾਂ ਬਾਰੇ ਖੋਜ ਕਰਦੇ ਆਏ ਹਨ। ਸੰਨ 1666 ਵਿੱਚ ਜੌਹਨ ਔਬਰੇ ਨਾਂ ਦੇ ਵਿਅਕਤੀ ਨੇ ਇਸ ਬਾਰੇ ਖੋਜ ਕਰਦਿਆਂ ਕੁਝ ਮੋਰੀਆਂ ਲੱਭੀਆਂ ਸਨ ਜੋ ਇਹਨਾਂ ਪੱਥਰਾਂ ਦੀ ਹੇਠਲੀ ਦੁਨੀਆ ਵੱਲ ਜਾਂਦੀਆਂ ਸਨ। ਪਰ ਉਦੋਂ ਉਸ ਦੀ ਗੱਲ ਵੱਲ ਕਿਸੇ ਨੇ ਵਿਸ਼ੇਸ਼ ਧਿਆਨ ਨਹੀਂ ਸੀ ਦਿੱਤਾ। ਸੰਨ 1920 ਵਿੱਚ ਆ ਕੇ ਵਿਲੀਅਮ ਹੌਲੇ ਨੇ ਜੌਹਨ ਔਬਰੇ ਦੀਆਂ ਦੱਸੀਆਂ ਮੋਰੀਆਂ ਦੀ ਦੁਬਾਰਾ ਨਿਸ਼ਾਨਦੇਹੀ ਕੀਤੀ ਤੇ ਉਹਨਾਂ ਨੂੰ ਔਬਰੇ ਹੋਲਜ਼ ਦਾ ਨਾਂ ਦੇ ਦਿੱਤਾ ਗਿਆ। ਸੰਨ 1882 ਵਿੱਚ ਸਟੋਨਹੈਂਜ ਨੂੰ ਸਰਕਾਰ ਵਲੋਂ ਬ੍ਰਤਾਨੀਆ ਦੇ ਪੁਰਾਣੇ ਸਮਾਰਕਾਂ (ਹਿਸਟੌਰੀਕਲ ਇਮਾਰਤਾਂ) ਦੀ ਸੂਚੀ ਵਿੱਚ ਪਾ ਦਿੱਤਾ ਗਿਆ ਸੀ ਭਾਵ ਕਿ ਇਹਨਾਂ ਨਾਲ ਕੋਈ ਵੀ ਛੇੜਛਾੜ ਜਾਂ ਇਹਨਾਂ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ। ਇਸ ਦੀ ਦੇਖਭਾਲ ਬ੍ਰਤਾਨਵੀ ਤਾਜ ਭਾਵ ਸਰਕਾਰ ਕਰਦੀ ਹੈ। ਤੇ ਇਸ ਦੇ ਆਲੇ ਦੁਆਲੇ ਦੀ ਜਗਾਹ ਦੀ ਸੰਭਾਲ ਇੰਗਲਿਸ਼ ਹੈਰੀਟੇਜ ਵਾਲੇ ਕਰਦੇ ਹਨ। ਪਹਿਲੀਆਂ ਵਿੱਚ ਮੈਂ ਕਈ ਵਾਰ ਗਿਆ ਹਾਂ। ਉਹਨਾਂ ਦਿਨਾਂ ਵਿੱਚ ਇਹਨਾਂ ਦੀ ਕੋਈ ਖਾਸ ਸਾਂਭ-ਸੰਭਾਲ ਨਹੀਂ ਸੀ ਹੁੰਦੀ। ਇਹ ਪੱਥਰ ਇਕੱਲੇ, ਦੁਨੀਆਂ ਤੋਂ ਦੂਰ ਖੜੇ ਸਨ ਤੇ ਰਾਤ-ਬਰਾਤੇ ਬਹੁਤ ਡਰਾਵਣੇ ਲੱਗਦੇ ਸਨ।

ਆਰਕੌਲੌਜਿਸਟ ਸਦਾ ਹੀ ਖੋਜ ਕਰਦੇ ਹੋਏ ਇਹਨਾਂ ਦੇ ਸੱਚ ਨੂੰ ਜਾਨਣ ਦੀ ਕੋਸਿ਼ਸ਼ ਕਰਦੇ ਰਹੇ ਹਨ। ਜਿਵੇਂ ਜਿਵੇਂ ਧਰਤੀ ਹੇਠਾਂ ਛੁਪੀਆਂ ਚੀਜ਼ਾਂ ਬਾਰੇ ਜਾਨਣ ਲਈ ਨਵੇਂ ਵਿਗਿਆਨਕ ਆਲੇ ਨਿਕਲ ਰਹੇ ਹਨ ਤਾਂ ਸਟੋਨਹੈਂਜ ਬਾਰੇ ਹੋਰ ਪਤਾ ਲਗਦਾ ਜਾ ਰਿਹਾ ਹੈ ਜਾਂ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ। ਇਹਨਾਂ ਪੱਥਰਾਂ ਉਪਰ ਜੰਮੀ ਰੇਡੀE ਕਾਰਬਨ ਦਾ ਨਰੀਖਣ ਕਰਕੇ ਇਹਨਾਂ ਦੀ ਉਮਰ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਇਹ ਪੱਥਰ ਇਥੇ ਪੰਜ ਤੋਂ ਅੱਠ ਹਜ਼ਾਰ ਸਾਲ ਤੋਂ ਹੋ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਇਹ ਪੱਥਰ ਇਕੱਠੇ ਹੀ ਇਥੇ ਨਾ ਰੱਖੇ ਗਏ ਹੋਣ, ਇਹਨਾਂ ਨੂੰ ਇਥੇ ਰੱਖਣ ਵਿੱਚ ਕਈ ਸਦੀਆਂ ਲੱਗ ਗਈਆਂ ਹੋਣ। ਇਹਨਾਂ ਦੀ ਉਮਰ ਦਾ ਅੱਲਗ ਅਲੱਗ ਹੋਣਾ ਇਸ ਗੱਲ ਵੱਲ ਸੰਕੇਤ ਹੈ। ਪਰ ਇਹ ਬਹੁਤ ਵੱਡਾ ਸਵਾਲ ਹੈ ਕਿ ਇਹ ਪੱਥਰ ਇਥੇ ਆਏ ਕਿਥੋਂ। ਪੰਜ ਹਜ਼ਾਰ ਸਾਲ ਪਹਿਲਾਂ ਪੱਚੀ ਟਨ ਪੱਥਰ ਨੂੰ ਇਕ ਥਾਂ ਤੋਂ ਦੂਜੀ ਥਾਂ ਟਰਾਂਸਪੋਰਟ ਕਰਨਾ ਬਹੁਤ ਮੁਸ਼ਕਲ ਹੁੰਦਾ ਹੋਵੇਗਾ। ਫਿਰ ਇਸ ਕਿਸਮ ਦੇ ਪੱਥਰ ਪੂਰੇ ਬ੍ਰਤਾਨੀਆ ਵਿੱਚ ਨਹੀਂ ਹਨ। ਇਹ ਕੁਝ ਕੁਝ ਹਰੇ/ਨੀਲੇ ਰੰਗ ਦੇ ਹਨ ਤੇ ਬ੍ਰਤਾਨੀਆ ਤਾਂ ਕੀ ਪੂਰੇ ਯੌਰਪ ਵਿੱਚ ਹੀ ਇਸ ਰੰਗ ਦੇ ਪੱਥਰ ਜਾਂ ਚਟਾਨਾਂ ਨਹੀਂ ਹਨ। ਦੱਖਣੀ ਅਮਰੀਕਾ ਵਿੱਚ ਅਜਿਹੀਆਂ ਚਟਾਨਾਂ ਜ਼ਰੂਰ ਮਿਲਦੀਆਂ ਹਨ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਦੂਰੋਂ ਕਿਤਿEਂ ਇਹ ਪੱਥਰ ਲਿਆਂਦੇ ਵੀ ਗਏ ਹਨ ਤਾਂ ਇਹਨਾਂ ਦਾ ਕੀ ਕਾਰਨ ਹੈ। ਫਿਰ ਇਥੇ ਹੀ ਕਿਉਂ ਰੱਖੇ ਗਏ, ਇਹ ਇਲਾਕਾ ਤਾਂ ਸਮੁੰਦਰ ਤੋਂ ਕਾਫੀ ਦੂਰ ਪੈਂਦਾ ਹੈ। ਇਹ ਤਾਂ ਜ਼ਾਹਰ ਹੈ ਕਿ ਇਹ ਪੱਥਰ ਸਿਰਫ ਸਮੁੰਦਰ ਰਾਹੀਂ ਹੀ ਲਿਆਂਦੇ ਗਏ ਹੋਣਗੇ। ਇਕ ਥਿਊਰੀ ਜਾਂ ਧਾਰਨਾ ਇਹ ਵੀ ਹੈ ਕਿ ਪਹਿਲਾਂ ਇਹ ਪੱਥਰ ਪਏ ਸਨ ਤੇ ਕੋਈ ਪੰਜ ਹਜ਼ਾਰ ਸਾਲ ਪਹਿਲਾਂ ਇਹ ਖੜੇ ਕਰ ਦਿੱਤੇ ਗਏ। ਇਕ ਧਾਰਨਾ ਇਹ ਵੀ ਹੈ ਕਿ ਇਥੇ ਧਰਤੀ ਦਾ ਗੱਭਾ ਹੈ ਜਿਸ ਕਰਕੇ ਇਹ ਪੱਥਰ ਰੱਖੇ ਗਏ ਹਨ। ਇਕ ਧਾਰਨਾ ਇਹ ਹੈ ਕਿ ਇਹ ਕਦੇ ਵਕਤ ਮਾਪਣ ਲਈ ਰੱਖੇ ਗਏ ਹੋਣਗੇ। ਇਹਨਾਂ ਦਾ ਸੂਰਜ ਦੇ ਚੜਨ-ਡੁੱਬਣ ਨਾਲ ਵੀ ਕੋਈ ਵਾਹ ਹੋ ਸਕਦਾ ਹੈ। ਪਿਛਲੀ ਸਦੀ ਵਿੱਚ ਇਹਨਾਂ ਪੱਥਰਾਂ ਦਾ ਰਹੱਸ ਹੋਰ ਵੀ ਡੂੰਘਾ ਹੋ ਗਿਆ ਜਦ ਆਰਕੌਲੌਜਿਸਟਾਂ ਨੇ ਔਬਰੇ ਹੋਲਜ਼ ਰਾਹੀਂ ਕੈਮਰੇ ਅੰਦਰ ਭੇਜੇ ਤੇ ਕੁਝ ਖੁਦਾਈ ਕਰਨ ਸਮੇਂ ਪਤਾ ਚੱਲਾ ਕੇ ਇਹਨਾਂ ਪੱਥਰਾਂ ਦੇ ਹੇਠਾਂ ਮਨੁੱਖੀ ਹੱਡੀਆਂ ਦੱਬੀਆਂ ਹੋਈਆਂ ਹਨ। ਇਹ ਹੱਡੀਆਂ ਵੀ ਪੰਜ ਹਜ਼ਾਰ ਸਾਲ ਪੁਰਾਣੀਆਂ ਹਨ। ਇਹਨਾਂ ਵਿੱਚ ਹਰ ਉਮਰ ਦੇ ਮਨੁੱਖ ਦੀਆਂ ਹੱਡੀਆਂ ਸ਼ਾਮਲ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸਮਾਜ ਦੇ ਖਾਸ ਖਾਸ ਲੋਕਾਂ ਨੂੰ ਇਥੇ ਦਫਨਾਇਆ ਜਾਂਦਾ ਰਿਹਾ ਹੋਵੇਗਾ। ਇਵੇਂ ਜਦ ਵੀ ਕੋਈ ਨਵੀਂ ਖੋਜ ਹੁੰਦੀ ਹੈ ਤਾਂ ਕੋਈ ਨਾ ਕੋਈ ਨਵੀਂ ਥਿਊਰੀ ਸਾਹਮਣੇ ਆ ਜਾਂਦੀ ਹੈ ਪਰ ਸੱਚ ਦਾ ਪੂਰਾ ਪਤਾ ਹਾਲੇ ਕਿਸੇ ਨੂੰ ਨਹੀਂ ਹੈ ਤੇ ਸ਼ਾਇਦ ਲੱਗੇ ਵੀ ਨਾ॥

ਇਹ ਜ਼ਰੂਰ ਹੈ ਕਿ ਸਮੇਂ ਨਾਲ ਇਸ ਜਗਾਹ ਦੀ ਮਹੱਤਤਾ ਬਹੁਤ ਵੱਧ ਗਈ ਹੈ। ਪਹਿਲੀਆਂ ਵਿੱਚ ਇਸ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ ਪਰ ਅੱਜ ਇਸ ਨੂੰ ਬ੍ਰਤਾਨੀਆ ਦੇ ਸਭਿਆਚਾਰ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਇਤਿਹਾਸ ਮੁਤਾਬਕ ਪੰਜ ਹਜ਼ਾਰ ਪਹਿਲਾਂ ਬ੍ਰਤਾਨੀਆ ਦਾ ਸਮਾਜ ਬਿਲਕੁਲ ਉੱਨਤ ਨਹੀਂ ਸੀ ਪਰ ਸਟੋਨਹੈਂਜ ਦੇ ਪੱਥਰ ਦੂਜੀ ਹੀ ਕਹਾਣੀ ਕਹਿ ਰਹੇ ਹਨ। ਇਹਨਾਂ ਪੱਥਰਾਂ ਦਾ ਇਥੇ ਹੋਣਾ ਜਾਂ ਆਉਣਾ ਦੱਸਦਾ ਹੈ ਕਿ ਬ੍ਰਤਾਨੀਆ ਦਾ ਸਮਾਜ ਉਸ ਵੇਲੇ ਵੀ ਕਾਫੀ ਪ੍ਰਫੁੱਲਤ ਹੋ ਸਕਦਾ ਹੈ। ਪਰ ਇਸ ਸਵਾਲ ਦਾ ਜਵਾਬ ਉਂਜ ਦਾ ਉਂਜ ਹੈ ਕਿ ਇਹ ਅਸਾਧਾਰਨ ਪੱਥਰ ਇਥੇ ਕਿਉਂ ਤੇ ਕਿਵੇਂ ਹਨ ਤੇ ਇਹ ਕੀ ਹਨ। ਦੁਨੀਆ ਭਰ ਦੇ ਆਰਕੌਲੋਜਿਸਟ ਇਹਨਾਂ ਬਾਰੇ ਹੋਰ ਜਾਨਣ ਦੀ ਲਾਲਸਾ ਨਾਲ ਇਥੇ ਆਉਂਦੇ ਰਹਿੰਦੇ ਹਨ। ਹਰ ਵੇਲੇ ਕੋਈ ਨਾ ਕੋਈ ਖੋਜ ਚਲਦੀ ਰਹਿੰਦੀ ਹੈ। ਸਟੋਨਹੈਂਜ ਨੇ ਯੂਨੈਸਕੋ ਦਾ ਧਿਆਨ ਵੀ ਖਿਚਿਆ ਤੇ 1986 ਵਿੱਚ ਇਸ ਨੂੰ ਦੁਨੀਆਂ ਦੀਆਂ ਵਿਰਾਸਤੀ ਜਗਾਵਾਂ ਵਿੱਚ ਸ਼ਾਮਲ ਕਰ ਲਿਆ ਗਿਆ।

ਇਹ ਜਗਾਹ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਕ ਵਾਰ ਇਥੇ ਜਿਪਸੀ ਅਸਿੱਧੇ ਤਰੀਕੇ ਨਾਲ ਕਬਜ਼ਾ ਕਰ ਚੱਲੇ ਸਨ। ਜਿਪਸੀ ਜੋ ਦੁਨੀਆ ਭਰ ਵਿੱਚ ਘੁੰਮਦੇ ਰਹਿੰਦੇ ਹਨ ਕਈ ਵਾਰ ਖਾਲੀ ਜਗਾਹ ਦੇਖ ਕੇ ਆਪਣਾ ਕੈਂਪ ਬਣਾਉਣ ਦੀ ਕੋਸਿ਼ਸ਼ ਕਰਦੇ ਹਨ। ਜਿਪਸੀਆਂ ਦਾ ਇਕ ਗਰੁੱਪ ਹਰ ਸਾਲ ਪਹਿਲੀ ਜੂਨ ਨੂੰ ਇੰਗਲੈਂਡ ਵਿੱਚ ਕਿਤੇ ਨਾ ਕਿਤੇ ਮੇਲਾ ਲਾਇਆ ਕਰਦਾ ਸੀ। ਇਸ ਮੇਲੇ ਵਿੱਚ ਕਈ ਕਿਸਮ ਦੇ ਗੈਰ ਕਾਨੂੰਨੀ ਧੰਦੇ ਹੁੰਦੇ ਹਨ। ਪੁਲੀਸ ਇਸ ਨੂੰ ਰੋਕਣ ਦੀ ਕੋਸਿ਼ਸ਼ ਕਰਦੀ ਸੀ। ਕਈ ਥਾਂ ਹੁੰਦੇ ਹੋਏ ਇਕ ਸਾਲ ਆਪਣਾ ਮੇਲਾ ਸਟੋਨਹੈਂਜ ਲੈ ਗਏ। ਇਸ ਮੇਲੇ ਕਾਰਨ ਸਟੋਨਹੈਂਜ ਲਈ ਵੱਡਾ ਖਤਰਾ ਪੈਦਾ ਹੋ ਗਿਆ। ਪੁਲੀਸ ਨੂੰ ਜਿਪਸੀਆਂ ਦਾ ਮੇਲਾ ਰੋਕਣ ਲਈ ਬਹੁਤ ਸਘੰਰਸ਼ ਕਰਨਾ ਪਿਆ। ਪਹਿਲੀ ਜੂਨ 1985 ਜਿਪਸੀਆਂ ਤੇ ਪੁਲੀਸ ਵਿੱਚ ਬਹੁਤ ਵੱਡੀ ਖੂਨੀ ਝੜਪ ਹੋਈ। ਬਹੁਤ ਸਾਰੇ ਲੋਕ ਜ਼ਖ਼ਮੀ ਹੋ ਗਏ। ਛੇ ਸੌ ਬੰਦਾ ਹਿਰਾਸਤ ਵਿੱਚ ਲਿਆ ਗਿਆ। ਬ੍ਰਤਾਨੀਆ ਦੇ ਇਤਿਹਾਸ ਵਿੱਚ ਏਨੀ ਵੱਡੀ ਗਿਣਤੀ ਵਿੱਚ ਕਦੇ ਵੀ ਬੰਦੇ ਪੁਲੀਸ ਹਿਰਾਸਤ ਵਿੱਚ ਨਹੀਂ ਲਏ ਗਏ।

ਸਟੋਨਹੈਂਜ ਦੇ ਪੱਥਰ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਮਾਨਸਿਕਤਾ ਵਿੱਚ ਬੈਠੇ ਹਨ। ਇਹਨਾਂ ਬਾਰੇ ਕੋਈ ਵੀ ਖ਼ਬਰ ਆਵੇ, ਕੋਈ ਆਰਟੀਕਲ ਜਾਂ ਡੌਕੂਮੈਂਟਰੀ ਆਵੇ ਤਾਂ ਮੈਂ ਬਹੁਤ ਚਾਹ ਕੇ ਪੜ੍ਹਦਾ-ਦੇਖਦਾ ਹਾਂ। ਮੇਰਾ ਜਦ ਵੀ ਕੋਈ ਮਿੱਤਰ ਪਿਆਰਾ ਇੰਗਲੈਂਡ ਆਉਂਦਾ ਹੈ ਤਾਂ ਉਸ ਨੂੰ ਲੈ ਕੇ ਮੈਂ ਇਥੇ ਦਾ ਗੇੜਾ ਜ਼ਰੂਰ ਮਾਰਦਾ ਹਾਂ। ਹੁਣ ਇਹ ਜਗਾਹ ਪਹਿਲਾਂ ਜਿਹੀ ਸੁੰਨਸਾਨ ਨਹੀਂ ਹੈ। ਇਹਨਾਂ ਦੇ ਨੇੜੇ ਇਕ ਆਲੀਸ਼ਾਨ ਇਮਾਰਤ ਬਣ ਗਈ ਹੋਈ ਹੈ ਜਿਥੇ ਇਹਨਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇਥੇ ਇਹਨਾਂ ਪੱਥਰਾਂ ਦੇ ਮਾਡਲ ਵੀ ਪਏ ਹਨ ਜਿਹਨਾਂ ਤੋਂ ਇਹਨਾਂ ਦੀ ਵਿਸ਼ਾਲਤਾ ਦਾ ਪਤਾ ਚੱਲਦਾ ਹੈ। ਇਥੇ ਕੁਝ ਪੁਰਾਣੇ ਜ਼ਮਾਨੇ ਦੀਆਂ ਝੁਗੀਆਂ ਜਾਂ ਹੱਟਾਂ ਬਣਾਈਆਂ ਹੋਈਆਂ ਹਨ ਜਿਹਨਾਂ ਰਾਹੀਂ ਉਸ ਵੇਲੇ ਦਾ ਜੀਵਨ ਦਰਸਾਉਣ ਦੀ ਕੋਸਿ਼ਸ਼ ਕੀਤੀ ਗਈ ਹੈ। ਇਥੇ ਸੋਵੀਨੀਅਰ ਬਗੈਰਾ ਦੀਆਂ ਦੁਕਾਨਾਂ ਵੀ ਹਨ। ਵਧੀਆ ਕਿਸਮ ਦਾ ਰੈਸਟੋਰੈਂਟ ਵੀ ਹੈ। ਕਾਰਾਂ ਬੱਸਾਂ ਖੜੀਆਂ ਕਰਨ ਲਈ ਵੱਡਾ ਸਾਰਾ ਕਾਰ ਪਾਰਕ ਹੈ। ਹੁਣ ਇਹ ਯਾਤਰੂਆਂ ਦੇ ਦੇਖਣ ਲਈ ਸਹੀ ਤਰੀਕੇ ਦੀ ਖਸਮ-ਖਾਸ ਜਗਾਹ ਹੈ। ਹਾਂ, ਜਿਵੇਂ ਹਰ ਟੂਰਿਸਟ ਜਗਾਹ ‘ਤੇ ਹੁੰਦਾ ਹੀ ਹੈ ਕਿ ਰੈਸਟੋਰੈਂਟ ਤੇ ਹੋਰ ਦੁਕਾਨਾਂ ਬਹੁਤ ਮਹਿੰਗੀਆਂ ਹਨ।

ਸਟੋਨਹੈਂਜ ਦੇ ਰਹੱਸ ਨੂੰ ਇਕ ਗੱਲ ਹੋਰ ਵੀ ਗਹਿਰਾਉਂਦੀ ਹੈ ਕਿ ਬਿਲਕੁਲ ਅਜਿਹਾ ਸਮਾਰਕ ਭਾਵ ਸਟੋਨਹੈਂਜ ਸਵੀਡਨ ਵਿੱਚ ਵੀ ਹੈ।Comments


bottom of page