ਸਾਊਥਾਲ ਇਕ ਮੈਟਾਫਰ / ਹਰਜੀਤ ਅਟਵਾਲ/
ਸਾਊਥਾਲ ਲੰਡਨ ਦਾ ਇਕ ਕਸਬਾ ਨਹੀਂ ਸਗੋਂ ਪੰਜਾਬੀਅਤ ਇਹ ਇਕ ਮੈਟਾਫਰ ਹੈ। ਸਾਊਥਾਲ ਦਾ ਨਾਂ ਲੈਂਦਿਆਂ ਹੀ ਇਕ ਭਾਰਤੀਪਨ ਦਾ, ਇਕ ਪੰਜਾਬੀਅਤ ਦਾ, ਇਕ ਅਪਣੱਤ ਦਾ ਅਹਿਸਾਸ ਜਾਗ ਪੈਂਦਾ ਹੈ। ਸਾਊਥਾਲ ਵਿੱਚ ਘੁੰਮਦਿਆਂ ਤੁਹਾਨੂੰ ਇਵੇਂ ਲਗਦਾ ਹੈ ਜਿਵੇਂ ਆਪਣੇ ਹੀ ਮੁਲਕ ਵਿੱਚ ਘੁੰਮ ਰਹੇ ਹੋਈਏ। ਆਪਣੇ ਪਿੰਡ ਤੋਂ ਬਾਅਦ ਜੇ ਕੋਈ ਜਗਾਹ ਮੈਨੂੰ ਆਪਣੀ ਲੱਗਦੀ ਹੈ ਤਾਂ ਉਹ ਹੈ ਸਾਊਥਾਲ।
ਕਦੇ ਸਾਊਥਾਲ ਲੰਡਨ ਦੇ ਨੇੜੇ ਵਸਦੇ ਪਿੰਡੋਂ ਵਿੱਚੋਂ ਇਕ ਸੀ। ਜੇ ਇਸ ਦਾ ਇਤਿਹਾਸ ਦੇਖੀਏ ਤਾਂ ਬਾਰਾਂ ਸੌ ਸਾਲ ਤੋਂ ਇਸ ਦਾ ਨਾਂ ਚੱਲਦਾ ਮਿਲ ਜਾਂਦਾ ਹੈ। ਇਸ ਦੇ ਨਾਂ ਦੇ ਥੋੜੇ ਬਹੁਤ ਹੱਯੀਏ (ਸਪੈਲਿੰਗਜ਼) ਏਧਰ ਓਧਰ ਹੋ ਸਕਦੇ ਹਨ ਪਰ ਮਹਿਨੇ ਇਕੋ ਜਿਹੇ ਰਹੇ ਹਨ- ਨੌਟਥੌਲਟ ਤੋਂ ਦੱਖਣ ਵੱਲ, ਭਾਵ ਸਾਊਥ ਵੱਲ ਵਸਦਾ ਪਿੰਡ। ਕਦੇ ਇਹ ਅਕਸਬ੍ਰਿੱਜ ਜ਼ਿਲੇ ਦਾ ਛੋਟਾ ਜਿਹਾ ਪਿੰਡ ਸੀ। ਟਿਊਡਰ ਟਾਈਮਜ਼ ਵੇਲੇ ਭਾਵ ਸੋਲਵੀਂ ਸਦੀ ਦੇ ਅਖੀਰ ਵਿੱਚ ਨੌਰਵੁੱਡ ਗਰੀਨ ਤੇ ਸਾਊਥਾਲ ਦਾ ਮਾਲਕ ਰੌਬ੍ਰਟ ਚੀਜ਼ਮੈਨ ਨਾਮੀਂ ਬੰਦਾ ਸੀ। ਇਥੇ ਸਥਿਤ ਮੈਨਰ ਹਾਊਸ ਨਾਮੀ ਇਮਾਰਤ ਜੋ ਇਤਿਹਾਸਕ ਇਮਾਰਤਾਂ ਵਿੱਚ ਲਿਸਟਿਡ ਹੈ ਇਹ ਟਿਊਡਰ ਟਾਈਮ ਦੇ ਸਟਾਈਲ ਵਿੱਚ ਹੀ ਬਣੀ ਹੋਈ ਹੈ। ਜਦ ਸਨਅੱਤੀ ਇਨਕਲਾਬ ਆਉਣ ਨਾਲ ਨਵੇਂ ਨਵੇਂ ਕਾਰਖਾਨੇ ਲਗਣੇ ਸ਼ੁਰੂ ਹੋਏ ਤਾਂ ਢੋਆ ਢੁਆਈ ਲਈ ਲੰਡਨ ਵਿੱਚ ਦੀ ਸਭ ਤੋਂ ਵੱਡੀ ਨਹਿਰ ਗਰੈਂਡ ਯੂਨੀਅਨ ਕੈਨਾਲ ਕੱਢੀ ਗਈ ਤਾਂ ਉਹ ਨਹਿਰ ਸਾਊਥਾਲ ਵਿੱਚ ਦੀ ਵੀ ਲੰਘ ਰਹੀ ਸੀ ਜਿਸ ਕਰਕੇ ਇਥੇ ਫੈਕਟਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਇਸ ਦੀ ਵੱਖਰੀ ਪੱਛਾਣ ਬਣਨ ਲੱਗੀ। ਫਿਰ ਰੇਲਵੇ ਲਾਈਨ ਨਿਕਲਣ ਨਾਲ ਸਾਊਥਾਲ ਵਿੱਚ ਸਰਗਰਮੀਆਂ ਹੋਰ ਵੀ ਵਧ ਗਈਆਂ। ਇਹ ਪਿੰਡ ਤੋਂ ਕਸਬਾ ਬਣ ਗਿਆ। ਜਿਹੜੀ ਸਟੇਜਕੋਚ ਜਾਂ ਘੋੜਾ-ਬੱਸ ਸਵਾਰੀਆਂ ਲੈ ਕੇ ਲੰਡਨ ਤੋਂ ਔਕਸਫੋਰਡ ਨੂੰ ਚਲਦੀ ਸੀ ਉਸ ਦਾ ਇਕ ਸਟੌਪ ਸਾਊਥਾਲ ਦੇ ਬ੍ਰਾਡਵੇਅ 'ਤੇ ਵੀ ਹੁੰਦਾ ਸੀ। ਪਹਿਲਾਂ ਸਾਊਥਾਲ ਰੇਲਵੇ ਲਾਈਨ ਦੇ ਦੱਖਣ ਵੱਲ ਹੀ ਵੱਸਦਾ ਸੀ, ਫਿਰ ਰੇਲਵੇ ਲਾਈਨ ਦੇ ਉਤਰ ਵੱਲ ਵੀ ਘਰ ਬਣਨ ਲੱਗੇ। ਇਸ ਨੂੰ ਨਵਾਂ ਸਾਊਥਾਲ ਕਿਹਾ ਜਾਣ ਲੱਗਾ। ਹਾਲੇ ਵੀ ਰੇਲਵੇ ਲਾਈਨ ਤੋਂ ਦੱਖਣ ਵੱਲ ਦੇ ਪਾਸੇ ਦੇ ਸਾਊਥਾਲ ਨੂੰ ਪੁਰਾਣਾ ਸਾਊਥਾਲ ਤੇ ਦੂਜੇ ਨੂੰ ਨਵਾਂ ਸਾਊਥਾਲ ਹੀ ਕਿਹਾ ਜਾਂਦਾ ਹੈ। ਬ੍ਰਾਡਵੇਅ ਉਪਰ ਸਟੇਜਕੋਚਾਂ ਜਾਂ ਘੋੜਾ-ਬੱਸਾਂ ਤੋਂ ਬਾਅਦ ਟਰਾਮਾਂ ਚਲਣ ਲੱਗੀਆਂ। ਇਹ ਟਰਾਮਾਂ ਡੀਯਲ-ਬੱਸਾਂ ਆਉਣ (1960) ਤੱਕ ਚਲਦੀਆਂ ਰਹੀਆਂ। ਜਦ ਤੱਕ ਮੋਟਰਵੇਅ ਨਹੀਂ ਬਣੇ ਤੱਦ ਤੱਕ ਬ੍ਰਾਡਵੇਅ ਪ੍ਰਮੁੱਖ ਸੜਕਾਂ ਵਿੱਚੋਂ ਹੀ ਗਿਣੀ ਜਾਂਦੀ ਸੀ।
ਭਾਰਤੀਆਂ ਜਾਂ ਪੰਜਾਬੀਆਂ ਤੋਂ ਪਹਿਲਾਂ ਇਥੇ ਕੁਝ ਹੋਰ ਭਾਈਚਾਰਿਆਂ ਦਾ ਗੜ੍ਹ ਵੀ ਰਿਹਾ ਹੈ। ਸੰਨ 1910 ਵਿੱਚ ਇਥੇ ਟਿਊਡਰ ਰੋਜ਼ ਨਾਈਟ ਕਲੱਬ ਖੁਲ੍ਹੀ ਸੀ ਜਿਥੇ ਅਫਰੀਕਨ ਤੇ ਵੈਸਟ ਇੰਡੀਜ਼ ਮੂਲ ਦੇ ਕਾਲੇ ਲੋਕ ਜਾਇਆ ਕਰਦੇ ਸਨ। ਉਹਨਾਂ ਦਾ ਖਾਣਾ ਵਰਤਾਇਆ ਜਾਂਦਾ ਤੇ ਸੰਗੀਤ ਵਜਾਇਆ ਜਾਂਦਾ। ਇਹ ਨਾਈਟ ਕਲੱਬ 1983 ਤੱਕ ਚਲਦੀ ਰਹੀ। ਇਵੇਂ ਹੀ 1920 ਬਹੁਤ ਸਾਰੇ ਵੈਲਸ਼ ਲੋਕ ਆ ਕੇ ਇਥੇ ਵਸਣ ਲੱਗੇ ਸਨ। ਉਹਨਾਂ ਦਿਨਾਂ ਵਿੱਚ ਸਾਊਥਾਲ ਦੀ ਬੋਲੀ ਉਪਰ ਵੈਲਸ਼ ਲਹਿਜ਼ਾ ਭਾਰੂ ਹੋ ਗਿਆ ਸੀ।
ਇਹ ਸਾਊਥਾਲ ਇਕ ਮੈਟਾਫਰ ਕਿਵੇਂ ਬਣਿਆਂ ਇਸ ਬਾਰੇ ਮੈਂ ਇਕ ਪੂਰਾ ਨਾਵਲ ਲਿਖ ਚੁੱਕਾ ਹਾਂ ਪਰ ਮੈਨੂੰ ਜਾਪਦਾ ਹੈ ਕਿ ਉਹ ਨਾਕਾਫੀ ਹੈ। ਦਿਲ ਕਰਦਾ ਹੈ ਕਿ ਇਕ ਹੋਰ ਵੱਡਾ ਨਾਵਲ ਲਿਖਾਂ। ਸਾਊਥਾਲ ਨੂੰ ਬਹੁਤੇ ਲੋਕ 'ਸਾਡਾ ਸਾਊਥਾਲ' ਵੀ ਕਹਿੰਦੇ ਹਨ। ਇਹ ਸਾਊਥਾਲ ਸਾਡਾ ਸਾਊਥਾਲ ਪੰਜਾਹਵਿਆਂ ਵਿੱਚ ਬਣਨਾ ਸ਼ੁਰੂ ਹੋ ਗਿਆ ਸੀ ਜਦ ਪੰਜਾਬੀ ਲੋਕ ਇਥੇ ਵਸਣ ਲੱਗੇ ਸਨ। ਜਦ ਸੰਨ 1954 ਇਥੇ ਪਹਿਲੀ ਪੰਜਾਬੀ ਦੁਕਾਨ ਖੁਲ੍ਹ ਗਈ ਤਾਂ ਇਸ ਵਿੱਚ ਅਪਣੱਤ ਭਰਨ ਲੱਗੀ। ਅਜਿਹੀ ਦੁਕਾਨ ਜਿਥੋਂ ਦੇਸੀ ਸਮਾਨ ਮਿਲਦਾ ਸੀ ਉਥੇ ਨੂੰ ਹਰ ਕੋਈ ਭੱਜਦਾ। ਉਹਨਾਂ ਦਿਨਾਂ ਵਿੱਚ ਦੇਸੀ ਖਾਣਾ ਜਾਂ ਖਾਣਾ ਬਣਾਉਣ ਲਈ ਰਸਦ ਆਦਿ ਆਮ ਨਹੀਂ ਮਿਲਦਾ ਸੀ। ਸਾਊਥਾਲ ਦੀਆਂ ਫੈਕਟਰੀਆਂ ਨੇ ਸਾਡੇ ਲੋਕਾਂ ਨੂੰ ਰੰਗ ਦਾ ਭੇਦ-ਭਾਵ ਕੀਤੇ ਬਿਨਾਂ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਫੈਕਟਰੀਆਂ ਦੇ ਮਾਲਕ ਚੰਮ ਨਹੀਂ ਕੰਮ ਦੇਖਦੇ ਸਨ। ਇਹਨਾਂ ਮਾਲਕਾਂ ਵਿੱਚੋਂ ਕੁਝ ਪੰਜਾਬ ਵਿੱਚ ਰਹਿ ਕੇ ਸਾਡੇ ਲੋਕਾਂ ਨੂੰ ਦੇਖ ਚੁੱਕੇ ਸਨ। ਉਹ ਜਾਣਦੇ ਸਨ ਕਿ ਇਹ ਬਹੁਤ ਮਿਹਨਤੀ ਤੇ ਹਿੰਮਤ ਵਾਲੇ ਲੋਕ ਹਨ, ਜੁੱਸੇ ਵਿੱਚ ਵਿੱਚ ਵੀ ਹੋਰਨਾਂ ਕਈਆਂ ਕੌਮਾਂ ਨਾਲੋਂ ਅਮੀਰ। ਇਵੇਂ ਇਥੇ ਪੰਜਾਬੀਆਂ ਨੂੰ ਕੰਮ ਮਿਲਦਾ ਗਿਆ ਤੇ ਲੋਕ ਇਕੱਠੇ ਹੁੰਦੇ ਗਏ। ਘਰ ਖਰੀਦਦੇ ਗਏ। ਦੁਕਾਨਾਂ ਖੁਲ੍ਹਦੀਆਂ ਗਈਆਂ। ਫਿਰ ਇਕ ਵੇਲਾ ਅਜਿਹਾ ਵੀ ਆਇਆ ਕਿ ਸੱਤਰ ਹਜ਼ਾਰ ਦੀ ਅਬਾਦੀ ਵਿੱਚੋਂ ਸੱਤਰ ਫੀ ਸਦੀ ਪੰਜਾਬੀ ਸਨ। ਇਹਨਾਂ ਪੰਜਾਬੀਆਂ ਵਿੱਚ ਪਾਕਿਸਤਾਨ ਦੇ ਪੰਜਾਬ ਦੇ ਲੋਕ ਵੀ ਸ਼ਾਮਲ ਸਨ ਭਾਵੇਂ ਕੁਝ ਘੱਟ ਗਿਣਤੀ ਵਿੱਚ। ਸਾਊਥਾਲ ਵਿੱਚ ਥਾਂ ਥਾਂ ਪੰਜਾਬੀ ਰੈਸਟੋਰੈਂਟ ਖੁਲ੍ਹਣ ਲੱਗੇ, ਪੰਜਾਬੀ ਗਰੌਸਰੀ ਦੀਆਂ ਦੁਕਾਨਾਂ ਦੀ ਭਰਮਾਰ ਹੋ ਗਈ। ਪੰਜਾਬੀ ਹਿਸਾਬ ਨਾਲ ਕੱਟਿਆ ਮੀਟ ਮਿਲਣ ਲੱਗਾ, ਪੰਜਾਬੀ ਫੈਸ਼ਨ ਦਾ ਸਾਊਥਾਲ ਵਿੱਚ ਬੋਲ ਬਾਲਾ ਹੋ ਗਿਆ। ਪਟਿਆਲਾ ਸੂਟਾਂ ਤੇ ਸਾੜੀਆਂ ਦੀਆਂ ਦੁਕਾਨਾਂ ਵਾਹਵਾ ਵਿਓਪਾਰ ਕਰਨ ਲੱਗੀਆਂ। ਪੂਰੇ ਬ੍ਰਤਾਨੀਆ ਵਿੱਚੋਂ ਪੰਜਾਬੀ ਲੋਕ ਇਥੇ ਸ਼ੌਪਿੰਗ ਕਰਨ ਆਉਣ ਲੱਗੇ। ਇਸ ਨੂੰ ਲਿਟਲ ਪੰਜਾਬ ਕਿਹਾ ਜਾਣ ਲੱਗਾ। ਪੰਜਾਬੀਆਂ ਦਾ ਇਥੇ ਏਨਾ ਬੋਲਬਾਲਾ ਹੋ ਗਿਆ ਕਿ ਸਾਊਥਾਲ ਦੇ ਰੇਲਵੇ ਸਟੇਸ਼ਨ ਦਾ ਨਾਂ ਪੰਜਾਬੀ ਵਿੱਚ ਵੀ ਲਿਖ ਦਿੱਤਾ ਗਿਆ, ਇਹ ਗੱਲ ਵੱਖਰੀ ਕਿ ਇਹ ਕਿਸੇ ਅੱਧਪੜ੍ਹ ਪੰਜਾਬੀ ਨੇ ਇਸ ਦੇ ਹੱਯੀਏ ਭਾਵ ਸਪੈਲਿੰਗਜ਼ ਗਲਤ ਲਿਖ ਦਿੱਤੇ, 'ਸਾਊਥਾਲ' ਨੂੰ 'ਸਾਊਥਹਾਲ' ਲਿਖ ਦਿੱਤਾ ਹੈ। ਖੈæਰ ਇਹਦੇ ਨਾਲ ਸਾਊਥਾਲ ਦੀ ਮਹੱਤਤਾ ਨੂੰ ਫਰਕ ਨਹੀਂ ਪੈਂਦਾ। ਉਹਨਾਂ ਦਿਨਾਂ ਵਿੱਚ ਇਥੇ ਦੇ ਲੋਕਾਂ ਵਲੋਂ ਮੰਗ ਉਠਾਈ ਕਿ ਸਾਊਥਾਲ ਦਾ ਨਾਂ ਬਦਲ ਕੇ 'ਪੰਜਾਬੀ ਟਾਊਨ' ਜਾਂ 'ਪੰਜਾਬੀ ਬਾਜ਼ਾਰ' ਰੱਖ ਦਿੱਤਾ ਜਾਵੇ। ਖ਼ੈਰ ਇਹ ਨਾਂ ਤਾਂ ਨਾ ਬਦਲਿਆ ਜਾ ਸਕਿਆ ਪਰ ਪੰਜਾਬੀਆਂ ਦੇ ਨਾਲ ਨਾਲ ਹੋਰ ਭਾਰਤੀ ਤੇ ਏਸ਼ੀਅਨ ਲੋਕ ਵੀ ਸਾਊਥਾਲ ਵਿੱਚ ਆ ਕੇ ਵਸਣ ਜਾਂ ਕਾਰੋਬਾਰ ਕਰਨ ਲੱਗੇ। ਪਾਕਿਸਤਾਨੀ ਪੰਜਾਬੀਆਂ ਦੀ ਗਿਣਤੀ ਵੀ ਸਾਊਥਾਲ ਵਿੱਚ ਵਧਣ ਲੱਗੀ। ਇਕ ਵੇਲਾ ਸੀ ਕਿ ਸਾਊਥਾਲ ਬ੍ਰਾਡਵੇਅ ਉਪਰ ਸਾਰੀਆਂ ਦੁਕਾਨਾਂ ਭਾਰਤੀ ਪੰਜਾਬੀਆਂ ਦੀਆਂ ਸਨ ਤੇ ਹੁਣ ਇਹਨਾਂ ਵਿੱਚੋਂ ਬਹੁਤੀਆਂ ਦੁਕਾਨਾਂ ਪਾਕਿਸਤਾਨੀ ਪੰਜਾਬੀਆਂ ਦੀਆਂ ਹਨ। ਭਾਵੇਂ ਇਹਨਾਂ ਪ੍ਰਾਪਰਟੀਆਂ ਦੇ ਬਹੁਤੇ ਅਸਲੀ ਮਾਲਕ ਭਾਰਤੀ ਪੰਜਾਬੀ ਹੀ ਹਨ।
ਸਾਊਥਾਲ ਵਿੱਚ ਦੇਸੀ ਲੋਕਾਂ ਦੇ ਵਸਣ ਦਾ ਕਾਰਨ ਹੀਥਰੋ ਏਅਰ ਪੋਰਟ ਵੀ ਸੀ। ਜਦ ਹੀਥਰੋ ਏਅਰਪੋਰਟ ਦਾ ਵਾਧਾ ਹੋਣ ਲੱਗਾ ਤਾਂ ਬਹੁਤ ਸਾਰੀਆਂ ਨੌਕਰੀਆਂ ਨਿਕਲੀਆਂ ਜਿਹਨਾਂ ਵਿੱਚੋਂ ਬਹੁਤੀਆਂ ਸਾਡੇ ਲੋਕ ਲੈ ਗਏ। ਹੀਥਰੋ ਨੂੰ ਸਾਊਥਾਲ ਤੋਂ ਸਿੱਧੀ ਬੱਸ ਜਾਂਦੀ ਸੀ ਤੇ ਇਵੇਂ ਕੰਮ 'ਤੇ ਜਾਣਾ ਸੌਖਾ ਸੀ। ਸਾਊਥਾਲ ਵਿੱਚ ਏਸ਼ੀਅਨ ਲੋਕਾਂ ਦੇ ਇਕੱਠੇ ਹੋ ਕੇ ਵਸਣ ਦਾ ਇਕ ਕਾਰਨ ਇਨਸਾਨੀ ਸੁਭਾਅ ਵਿੱਚ ਵੀ ਬੈਠਾ ਹੈ। ਕਿਉਂਕਿ ਮਨੁੱਖ ਕਬੀਲਿਆਂ ਵਿੱਚ ਰਹਿੰਦਾ ਆਇਆ ਹੈ ਇਸ ਲਈ ਅਸੀਂ ਵੀ ਇਕ ਦੂਜੇ ਦੇ ਨੇੜੇ ਰਹਿਣਾ ਚੰਗਾ ਸਮਝਿਆ। ਜਿਵੇਂ ਜੰਗਲ ਵਿੱਚ ਵਪਰੀਤ ਸਥਿਤੀਆਂ ਹੁੰਦੀਆਂ ਹਨ ਇਵੇਂ ਹੀ ਓਪਰੇ ਤੇ ਨਸਲਵਾਦੀ ਸਮਾਜ ਵਿੱਚ ਵੀ ਬਹੁਤ ਸਾਰੀਆਂ ਸਥਿਤੀਆਂ ਸਨ ਜਿਹਨਾਂ ਦਾ ਇਕੱਠੇ ਹੋ ਕੇ ਹੀ ਸਾਹਮਣਾ ਕੀਤਾ ਜਾ ਸਕਦਾ ਸੀ, ਲੋਕ ਸਾਊਥਾਲ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਨ। ਇਹ ਆਪਣਾ ਹੀ ਮੁਲਕ ਤਾਂ ਹੈ। ਜਦ ਲੋਕ ਸਾਊਥਾਲ ਵਿੱਚ ਵਸਦੇ ਜਾ ਰਹੇ ਸਨ ਤਾਂ ਇਸ ਬਾਰੇ ਕਈ ਲਤੀਫੇ ਵੀ ਘੜੇ ਗਏ ਸਨ। ਇਕ ਤਾਂ ਇਹ ਸੀ ਕਿ ਲੋਕ ਇਸ ਕਰਕੇ ਇਥੇ ਜਮਾਂ੍ਹ ਹੋ ਰਹੇ ਹਨ ਕਿ ਜੇ ਗੋਰਿਆਂ ਨੇ ਇਥੋਂ ਕੱਢ ਦਿੱਤਾ ਤਾਂ ਵਾਪਸ ਜਾਣਾ ਸੌਖਾ ਰਹੇਗਾ ਕਿਉਂਕਿ ਏਅਰਪੋਰਟ ਨਜ਼ਦੀਕ ਜਿਉਂ ਪੈਂਦਾ ਹੈ। ਗੋਰੇ ਵੀ ਸਾਊਥਾਲ ਬਾਰੇ ਆਪਸ ਵਿੱਚ ਮਜ਼ਾਕ ਕਰਦੇ ਹਨ, ਜੇ ਕੋਈ ਗੋਰਾ ਸਾਊਥਾਲ ਜਾ ਰਿਹਾ ਹੋਵੇ ਤਾਂ ਉਸ ਦਾ ਦੋਸਤ ਪੁੱਛੇਗਾ ਕਿ ਕੀ ਪਾਸਪੋਰਟ ਕੋਲ ਲੈ ਚੱਲਿਆਂ। ਹੁਣ ਕੁਝ ਦੇਰ ਤੋਂ ਸਾਊਥਾਲ ਪੰਜਾਬੀ ਸਭਿਆਚਾਰ ਹੀ ਨਹੀਂ ਸਗੋਂ ਭਾਰਤੀ ਸਭਿਆਚਾਰ ਦਾ ਅਕਸ ਬਣ ਚੁੱਕਾ ਹੈ।
ਉਵੇਂ ਹੀ ਰੇੜੀਆਂ ਉਪਰ ਜਲੇਬੀਆਂ-ਪਕੌੜੇ ਵਿਕਦੇ ਹਨ, ਉਵੇਂ ਹੀ ਮਠਿਆਈਆਂ ਦੀਆਂ ਦੁਕਾਨਾਂ ਸਜਦੀਆਂ ਹਨ। ਕਰਵਾ-ਚੌਥ ਲਈ ਛਾਨਣੀਆਂ ਤੋਂ ਲੈ ਕੇ ਵਿਆਹਾਂ ਵਿੱਚ ਕੁੱਟਣ ਲਈ ਛੱਜਾਂ ਤੱਕ ਸਭ ਕੁਝ ਇਥੇ ਮਿਲਦਾ ਹੈ। ਵੈਸੇ ਤਾਂ ਬਹੁਤ ਸਾਰੇ ਸ਼ਹਿਰਾਂ ਵਿੱਚ ਭਾਰਤੀ ਸਭਿਆਚਾਰ ਜਾਂ ਭਾਰਤੀ ਲੋਕ ਛਾਏ ਹੋਏ ਹਨ ਪਰ ਸਾਊਥਾਲ ਨੇ ਜਿਵੇਂ ਸਾਡੀ ਜੀਵਨ-ਜਾਚ ਨੂੰ ਅਪਣਾਇਆ ਉਹ ਵੱਖਰੀ ਹੀ ਗੱਲ ਹੈ। ਭਾਵੇਂ ਕਿਸੇ ਨੇ ਮਜ਼ਾਕ ਵਿੱਚ ਹੀ ਕਦੇ ਕਿਹਾ ਸੀ ਪਰ ਝੂਠ ਨਹੀਂ ਕਿ ਜੇ ਸਾਊਥਾਲ ਨਿੱਛ (ਛਿੱਕ) ਮਾਰੇ ਤਾਂ ਬ੍ਰਤਾਨੀਆ ਭਰ ਦੇ ਭਾਰਤੀ ਭਾਈਚਾਰੇ ਨੂੰ ਜੁਕਾਮ ਹੋ ਜਾਂਦਾ ਹੈ।
ਸਾਊਥਾਲ ਵਿੱਚ ਵਸਦਿਆਂ ਹੀ ਸਭ ਤੋਂ ਪਹਿਲਾਂ ਪੰਜਾਬੀਆਂ ਨੇ ਭਾਰਤੀ ਮਜ਼ਦੂਰ ਸਭਾ, ਇੰਡੀਅਨ ਵਰਕਰਜ਼ ਅਸੌਸੀਏਸ਼ਨ ਨਾਮੀ ਸੰਸਥਾ ਖੜੀ ਕੀਤੀ। ਜੋ ਕਿ ਬਹੁਤ ਹੀ ਅਹਿਮ ਤੇ ਇਤਿਹਾਸਕ ਸੰਸਥਾ ਹੋ ਨਿਬੜੀ। ਇਸ ਸੰਸਥਾ ਨੇ ਬ੍ਰਤਾਨਵੀ ਸਿਆਸਤ ਨੂੰ ਵੀ ਪ੍ਰਭਾਵਿਤ ਕੀਤਾ ਤੇ ਇਸ ਦੀ ਚਰਚਾ ਦੁਨੀਆ ਭਰ ਵਿੱਚ ਹੋਈ। ਇਸ ਸੰਸਥਾ ਨੇ ਸਿਰਫ ਭਾਰਤੀਆਂ ਦੇ ਮਸਲੇ ਹੀ ਹੱਲ ਨਹੀਂ ਕੀਤੇ ਸਗੋਂ ਘੱਟ ਗਿਣਤੀ ਦੇ ਸਾਰੇ ਲੋਕਾਂ ਦੇ ਹਰ ਤਰਾਂ੍ਹ ਦੇ ਮਸਲੇ ਹੱਲ ਕੀਤੇ ਹਨ। ਇਹ ਮਸਲੇ ਚਾਹੇ ਇਮੀਗਰੇਸ਼ਨ ਦੇ ਹੋਣ, ਜਾਂ ਕੰਮ ਉਪਰ ਕੋਈ ਮਸਲਾ, ਚਾਹੇ ਨਸਲਵਾਦ ਨਾਲ ਜੁੜਿਆ ਜਾਂ ਮਨੁੱਖੀ ਅਧਿਕਾਰਾਂ ਦਾ। ਭਾਰਤੀ ਮਜ਼ਦੂਰ ਸਭਾ ਦੀਆਂ ਹੋਰ ਸ਼ਹਿਰਾਂ ਵਿੱਚ ਸ਼ਾਖਾਵਾਂ ਵੀ ਹਨ ਪਰ ਸਾਊਥਾਲ ਵਾਲੀ ਮਜ਼ਦੂਰ ਸਭਾ ਦਾ ਜਲੌਅ ਕੁਝ ਹੋਰ ਹੀ ਰਿਹਾ ਹੈ।
ਭਾਰਤੀ ਮਜਦੂਰ ਸਭਾ ਦੇ ਨਾਲ ਹੀ ਗੁਰਦਵਾਰਾ ਸਾਹਿਬ ਵੀ ਹੋਂਦ ਵਿੱਚ ਆ ਗਿਆ। ਫਿਰ ਮੰਦਿਰ ਤੇ ਮਸਜਦਾਂ ਵੀ ਬਣ ਗਈਆਂ। ਬੁੱਧ ਵਿਹਾਰ ਕੇਂਦਰ ਵੀ ਖੁਲ੍ਹ ਗਿਆ। ਸਿਨਮੇ ਖੁਲ੍ਹ ਗਏ। ਤਿੰਨ ਸਿਨਮੇ ਸਨ ਤੇ ਹਰ ਸਿਨਮੇ ਵਿੱਚ ਤਿੰਨ ਤਿੰਨ ਸ਼ੋਅ ਚਲਦੇ। ਫਿਲਮਾਂ ਨਾਲ ਜੁੜੀ ਇਕ ਬਹੁਤ ਦਿਲਚਸਪ ਘਟਨਾ ਹੈ ਕਿ ਪੰਜਾਹ ਸਾਲ ਪਹਿਲਾਂ ਜਦ ਬੌਬੀ ਫਿਲਮ ਰਿਲੀਜ਼ ਹੋਈ ਸੀ ਤਾਂ ਰਾਜਕਪੂਰ ਨੇ ਇਹ ਫਿਲਮ ਸਭ ਤੋਂ ਪਹਿਲਾਂ ਸਾਊਥਾਲ ਦੇ ਪ੍ਰਮੁੱਖ ਸਿਨਮੇ ਵਿੱਚ ਰਿਲੀਜ਼ ਕੀਤੀ ਸੀ। ਰਾਜਕਪੂਰ ਇਕ ਹੋਟਲ ਵਿੱਚ ਠਹਿਰਿਆ ਹੋਇਆ ਸੀ ਤੇ ਉਹ ਆਪ ਫਿਲਮ ਲੈ ਕੇ ਆਉਂਦਾ ਤੇ ਆਪ ਹੀ ਫਿਲਮ ਚਲਾਉਂਦਾ ਤਾਂ ਜੋ ਕੋਈ ਇਸ ਦੀ ਕਾਪੀ ਨਾ ਕਰ ਲਵੇ, ਕਿਉਂਕਿ ਇੰਡੀਆ ਵਿੱਚ ਹਾਲੇ ਇਹ ਫਿਲਮ ਰਿਲੀਜ਼ ਹੋਣੀ ਸੀ। ਅਜਿਹੇ ਬਹੁਤ ਸਾਰੇ ਦਿਲਚਸਪ ਕਿੱਸੇ ਹਨ। ਪਹਿਲੀਆਂ ਵਿੱਚ ਹਰ ਵੱਡਾ ਐਕਟਰ ਸਾਊਥਾਲ ਆਉਣਾ ਚਾਹੁੰਦਾ ਸੀ। ਫਿਲਮਾਂ ਦੀ ਸ਼ੂਟਿੰਗ ਇਥੇ ਹੋਇਆ ਕਰਦੀ ਸੀ। ਦੇਵਾ ਨੰਦ ਦੀ ਫਿਲਮ ਦੇਸ ਪਰਦੇਸ ਤਾਂ ਸਾਊਥਾਲ ਵਿੱਚ ਹੀ ਬੇਸਡ ਸੀ। ਅੱਜ ਵੀ ਬਹੁਤ ਸਾਰੀਆਂ ਹਿੰਦੀ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਇਥੇ ਹੁੰਦੀ ਹੈ। ਇਵੇਂ ਹੀ ਹਰ ਧਾਰਮਿਕ ਤੇ ਰਾਜਨੀਤਕ ਨੇਤਾ ਸਾਊਥਾਲ ਪੁੱਜਦਾ ਹੈ। ਸਾਊਥਾਲ ਅਜਿਹਾ ਟਾਊਨ ਹੈ ਜਿਥੇ ਪਾਕਿਸਤਾਨੀ ਤੇ ਹਿੰਦੁਸਤਾਨੀ ਬਹੁਤ ਪਿਆਰ ਨਾਲ ਰਹਿੰਦੇ ਹਨ। ਜਿਹੜੇ ਲੋਕ ਬਾ੍ਰਡਰ 'ਤੇ ਇਕ ਦੂਜੇ ਵੱਲ ਤੋਪਾਂ ਬੀੜੀ ਖੜੇ ਹਨ ਇਥੇ ਸਾਊਥਾਲ ਵਿੱਚ ਜੱਫੀਆਂ ਪਾ ਪਾ ਕੇ ਮਿਲ ਰਹੇ ਹਨ।
ਰਿਕਾਰਡ ਉਪਰਲੀਆਂ ਕੁਝ ਗੱਲਾਂ ਸਾਂਝੀਆਂ ਕਰੀਏ ਤਾਂ ਭਾਰਤ ਤੋਂ ਬਾਹਰ ਸਭ ਤੋਂ ਪਹਿਲਾਂ ਪੰਜਾਬੀ ਲੇਖਕ ਸਭਾ ਇਥੇ ਬਣੀ। ਪਹਿਲੀ ਪੰਜਾਬੀ ਵ੍ਰਲਡ ਕਾਨਫਰੰਸ ਇਥੇ ਹੋਈ। ਭਾਰਤ ਤੋਂ ਬਾਹਰ ਪਹਿਲਾ ਹਿੰਦੀ ਦਾ ਰੇਡੀਓ ਤੇ ਫਿਰ ਪਹਿਲਾ ਪੰਜਾਬੀ ਦਾ ਰੇਡੀਓ ਇਥੇ ਸ਼ੁਰੂ ਹੋਇਆ, ਪਹਿਲਾ ਪੰਜਾਬੀ ਐਮæ ਪੀæ ਇਥੋਂ ਬਣਿਆ। ਭਾਰਤ ਤੋਂ ਬਾਹਰ ਸਭ ਤੋਂ ਮਹਿੰਗਾ ਗੁਰਦਵਾਰਾ ਸਭ ਤੋਂ ਪਹਿਲਾਂ ਇਥੇ ਬਣਿਆ। ਪਹਿਲਾ ਪੱਬ ਗਲਾਸੀ ਜੰਕਸ਼ਨ ਜਿਥੇ ਤੁਸੀਂ ਖਰੀਦੋ ਫਰੋਕਤ ਰੁਪਈਆਂ ਵਿੱਚ ਕਰ ਸਕਦੇ ਸਾਓ, ਇਥੇ ਹੀ ਸੀ। ਇਵੇਂ ਇਹ ਲਿਸਟ ਬਹੁਤ ਲੰਮੀ ਹੈ।
ਇਸ ਵੇਲੇ ਸਾਊਥਾਲ ਵਿੱਚ ਇਕ ਦਰਜਨ ਗੁਰਦਵਾਰੇ ਹਨ, ਬਾਲਮੀਕ ਮੰਦਿਰ, ਰਵਿਦਾਸ ਗੁਰਦਵਾਰਾ, ਨਾਮਧਾਰੀ ਕੇਂਦਰ, ਦੋ ਮੰਦਿਰ, ਛੇ ਮਸਜਦਾਂ, ਦਸ ਚਰਚ ਹਨ। ਇਹਨਾਂ ਚਰਚਾਂ ਵਿੱਚੋਂ ਪੰਜ ਐਂਗਲੀਕਨ ਚਰਚ ਹਨ ਤੇ ਕੈਥਲਿਕ ਚਰਚ ਵੀ ਹਨ। ਹੁਣ ਬਹੁਤ ਸਾਰੇ ਭਾਰਤੀ ਵੀ ਕ੍ਰਿਸੀਅਨ ਹਨ, ਉਹਨਾਂ ਦੇ ਆਪਣੇ ਅਲੱਗ ਚਰਚ ਜਾਂ ਸਭਿਆਚਾਰ ਕੇਂਦਰ ਹਨ। ਦੱਖਣੀ ਭਾਰਤੀ ਲੋਕਾਂ ਦੇ ਆਪਣੇ ਚਰਚ ਤੇ ਧਾਰਮਿਕ ਅਸਥਾਨ ਵੀ ਹਨ। ਇਹ ਸਾਊਥਾਲ ਨੂੰ ਸਾਡਾ ਸਾਊਥਾਲ ਕਹਿਣ ਲਈ ਕਾਫੀ ਹਨ। ਸਾਊਥਾਲ ਵਿੱਚ ਇਕੱਠਾ ਹੋਣ ਵਾਲੇ ਟੈਕਸ ਵਿੱਚ 90 ਫੀਸਦੀ ਹਿੱਸਾ ਭਾਰਤੀਆਂ ਜਾਂ ਏਸ਼ੀਅਨਾਂ ਦਾ ਹੈ। ਸਾਊਥਾਲ ਬਹੁ-ਭਾਸ਼ੀ, ਬਹੁ-ਸਭਿਆਚਾਰਕ, ਬਹੁ-ਸਮਾਜੀ, ਬਹੁ-ਧਰਮੀ, ਬਹ-ਕੌਮੀ ਅਦਭੁੱਤ ਕਸਬਾ ਹੈ। ਦੁਨੀਆ ਭਰ ਦੇ ਲੋਕਾਂ ਵਿੱਚ ਸਾਊਥਾਲ ਦਾ ਨਾਂ ਲੈਂਦਿਆਂ ਹੀ ਇਕ ਖੂਬਸੂਰਤ ਦੇਸੀ ਕਸਬੇ ਚਿਹਰਾ ਮੁਹਰਾ ਅੱਖਾਂ ਮੁਹਰੇ ਆ ਖੜਦਾ ਹੈ। ਦੁਨੀਆ ਵਿੱਚ ਇਸ ਦੇ ਮੁਕਾਬਲੇ ਦਾ ਕੋਈ ਕਸਬਾ ਸ਼ਾਇਦ ਹੀ ਹੋਵੇ।
Comments