ਬ੍ਰਾਡਵੇਅ ਸਾਊਥਾਲ ਦਾ /
ਹਰਜੀਤ ਅਟਵਾਲ /
ਯੂਕੇ ਦੇ ਹਰ ਸ਼ਹਿਰ, ਹਰ ਟਾਊਨ ਵਿੱਚ ਹਾਈ ਸਟਰੀਟ ਤੇ ਬ੍ਰਾਡਵੇਅ ਹੁੰਦੇ ਹਨ। ਬ੍ਰਾਡਵੇਅ ਦਾ ਮਤਲਬ ਸ਼ਹਿਰ ਦੇ ਕੇਂਦਰ ਵਿੱਚ ਉਹ ਪ੍ਰਮੁੱਖ ਸੜਕ ਹੁੰਦੀ ਹੈ ਜਿਥੇ ਦੁਕਾਨਾਂ, ਬੈਂਕ, ਦਫਤਰ, ਰੈਸਟੋਰੈਂਟ, ਹੋਟਲ ਆਦਿ ਹੁੰਦੇ ਹਨ ਜਾਣੀ ਕਿ ਸ਼ੌਪਿੰਗ ਸੈਂਟਰ। ਦੁਨੀਆ ਵਿੱਚ ਦੋ ਬ੍ਰਾਡਵੇਅ ਬਹੁਤ ਮਸ਼ਹੂਰ ਹਨ। ਇਕ ਸਾਊਥਾਲ ਦਾ ਬ੍ਰਾਡਵੇਅ ਤੇ ਦੂਜਾ ਨਿਊਯਾਰਕ ਦਾ ਬ੍ਰਾਡਵੇਅ। ਨਿਊਯੌਰਕ ਦਾ ਬ੍ਰਾਡਵੇਅ ਥੀਏਟਰਾਂ ਕਰਕੇ ਮਸ਼ਹੂਰ ਹੈ ਜਿਹਨਾਂ ਵਿੱਚ ਸਾਰਾ ਸਾਲ ਡਰਾਮੇ ਚਲਦੇ ਰਹਿੰਦੇ ਹਨ। ਹਾਲੀਵੁੱਡ ਦੇ ਵੱਡੇ-ਵੱਡੇ ਐਕਟਰ ਇਹਨਾਂ ਡਰਾਮਿਆਂ ਵਿੱਚ ਭਾਗ ਲੈਂਦੇ ਹਨ। ਜਿਸ ਐਕਟਰ ਨੇ ਬ੍ਰਾਡਵੇਅ ਦੇ ਥੀਏਟਰਾਂ ਵਿੱਚ ਇਕ ਵਾਰ ਕੋਈ ਪਲੇਅ ਖੇਡ ਲਿਆ, ਉਹ ਸਮਝ ਲਓ ਕਿ ਹਿੱਟ ਹੋ ਗਿਆ। ਸਾਊਥਾਲ ਦਾ ਬ੍ਰਾਡਵੇਅ ਜਾਂ ਇਹ ਕੇਂਦਰੀ ਸੜਕ ਵੀ ਆਪਣੀ ਵਿਲੱਖਣਤਾ ਕਰਕੇ ਪ੍ਰਸਿੱਧ ਹੈ। ਇਥੇ ਭਾਵੇਂ ਨਿਊਯੌਰਕ ਦੇ ਬ੍ਰਾਡਵੇਅ ਵਾਂਗ ਡਰਾਮੇ ਤਾਂ ਨਹੀਂ ਖੇਡੇ ਜਾਂਦੇ ਪਰ ਡਰਾਮੇ ਬਹੁਤ ਹੁੰਦੇ ਹਨ। ਮੇਰੀਆਂ ਅੱਖਾਂ ਨੇ ਬਹੁਤ ਸਾਰੇ ਡਰਾਮੇ ਸਾਊਥਾਲ ਦੇ ਬ੍ਰਾਡਵੇਅ ‘ਤੇ ਦੇਖੇ ਹਨ। ਪਹਿਲਾ ਡਰਾਮਾ ਸੰਨ 1979 ਵਿੱਚ ਦੇਖਿਆ ਸੀ ਜਦ ਨਸਲਵਾਦੀ ਸਾਊਥਾਲ ਦੇ ਬ੍ਰਾਡਵੇਅ ‘ਤੇ ਪੈਂਦੇ ਟਾਊਨਹਾਲ ਵਿੱਚ ਮੀਟਿੰਗ ਕਰਨ ਜਾ ਰਹੇ ਸਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਏਸ਼ੀਅਨ ਲੋਕ ਇਸਦੇ ਵਿਰੋਧ ਵਿੱਚ ਬ੍ਰਾਡਵੇਅ ‘ਤੇ ਨਿਕਲ ਆਏ ਸਨ। ਪੁਲੀਸ ਨਾਲ ਖੂਨੀ ਟੱਕਰ ਹੋਈ ਸੀ। ਉਸ ਵੇਲੇ ਮੈਂ ਬ੍ਰਾਡਵੇਅ ਉਪਰ ਹਾਜ਼ਰ ਸਾਂ। ਬਹੁਤ ਸਾਰੇ ਪੁਲੀਸ ਕਰਮੀ ਜ਼ਖ਼ਮੀ ਹੋਏ ਤੇ ਬਹੁਤ ਸਾਰੇ ਏਸ਼ੀਅਨ ਕੈਦ ਕਰ ਲਏ ਗਏ। ਬਾਅਦ ਵਿੱਚ ਰਾਜਨੀਤਕ-ਆਗੂਆਂ ਨੇ ਸਮਝੌਤਾ ਕਰ ਕੇ ਦੋਵੇਂ ਧਿਰਾਂ ਬਰਾਬਰ ਛੁਡਵਾ ਦਿੱਤੀਆਂ, ਪਰ ਸਾਊਥਾਲ ਦਾ ਬ੍ਰਾਡਵੇਅ ਦੁਨੀਆ ਦੀਆਂ ਖ਼ਬਰਾਂ ਦੇ ਨਕਸ਼ੇ ‘ਤੇ ਆ ਗਿਆ। ਦੂਜਾ ਡਰਾਮਾ 1983 ਵਿੱਚ ਜਦ ਭਾਰਤ ਨੇ ਕ੍ਰਿਕਟ ਵ੍ਰਲਡ ਕੱਪ ਜਿੱਤਿਆ। ਅਨੇਕ ਨੌਜਵਾਨ ਇਸ ਜਿੱਤ ਦੀ ਖੁਸ਼ੀ ਮਨਾਉਣ ਬ੍ਰਾਡਵੇਅ ‘ਤੇ ਨਿਕਲ ਆਏ ਸਨ, ਮੈਂ ਵੀ ਉਹਨਾਂ ਦਾ ਹਿੱਸਾ ਸਾਂ। ਫਿਰ ਬ੍ਰਾਡਵੇਅ ਦੇ ਅਖੀਰ ਵਿੱਚ ਨਹਿਰ ਕੰਢੇ ਜੋ ਹੈਂਬਰੋ ਪੱਬ ਹੈ, ਜਿਸ ਵਿੱਚ ਨਸਲਵਾਦੀ-ਗੋਰੇ ਮੀਟਿੰਗਾਂ ਕਰਿਆ ਕਰਦੇ ਸਨ, ਪੰਜਾਬੀਆਂ ਨੇ ਹੈਂਬਰੋ ਪੱਬ ਨੂੰ ਅੱਗ ਲਾਕੇ ਸਾੜ ਦਿੱਤਾ ਸੀ। ਜਲ਼ਦੇ ਪੱਬ ਦੀਆਂ ਲਾਟਾਂ ਵੀ ਮੈਂ ਦੇਖੀਆਂ। ਇਹ ਹੁਣ ਵਾਲਾ ਪੱਬ ਤਾਂ ਦੁਬਾਰਾ ਬਣਿਆ ਹੈ। 1984 ਵਿੱਚ ਜਦ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਬਹੁਤ ਸਾਰੇ ਪੰਜਾਬੀ ਖਾਸ ਕਰਕੇ ਸਿੱਖ ਆਪਣਾ ਵਿਰੋਧ ਦਿਖਾਉਣ ਲਈ ਬ੍ਰਾਡਵੇਅ ‘ਤੇ ਇਕੱਠੇ ਹੋਏ ਸਨ। ਜਦ ਇੰਦਰਾ ਗਾਂਧੀ ਮਾਰੀ ਗਈ ਸੀ ਤਾਂ ਖੁਸ਼ੀ ਵਿੱਚ ਕੁਝ ਲੋਕ ਬ੍ਰਾਡਵੇਅ ‘ਤੇ ਲੱਡੂ ਵੰਡ ਰਹੇ ਸਨ, ਉਹ ਨਜ਼ਾਰਾ ਵੀ ਮੈਂ ਅੱਖੀਂ ਦੇਖਿਆ। ਉਸ ਤੋਂ ਬਾਅਦਲੇ ਦਿਨਾਂ ਵਿੱਚ ਦਿੱਲੀ ਵਿੱਚ ਸਿੱਖਾਂ ਦੇ ਕਤਲੇ-ਆਮ ਦਾ ਦੁੱਖ ਵੀ ਲੋਕਾਂ ਨੇ ਇਥੇ ਇਕੱਠੇ ਹੋ ਕੇ ਹੀ ਸਾਂਝਾ ਕੀਤਾ ਸੀ। ਇਕ ਹੋਰ ਘਟਨਾ ਦਾ ਮੈਂ ਗਵਾਹ ਹਾਂ ਜਿਸ ਦਾ ਜ਼ਿਕਰ ਮੈਂ ਆਪਣੇ ਨਾਵਲ ‘ਸਾਊਥਾਲ’ ਵਿੱਚ ਕੀਤਾ ਹੈ, ਇਕ ਪੰਜਾਬੀ ਨੇ ਬ੍ਰਾਡਵੇਅ ਦੇ ਇਕ ਰੈਸਟੋਰੈਂਟ ਵਿੱਚ ਬੈਠੀ ਆਪਣੀ ਧੀ ਦਾ ਕਤਲ ਕਰ ਦਿੱਤਾ ਸੀ ਕਿਉਂਕਿ ਉਹ ਕਿਸੇ ਦੂਜੇ ਧਰਮ ਦੇ ਮੁੰਡੇ ਨੂੰ ਡੇਟ ਕਰਦੀ ਸੀ ਤੇ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਇਹ ਇੰਗਲੈਂਡ ਵਿੱਚ ਹੋਈਆਂ ਅਜਿਹੀਆਂ ਅਨੇਕ ਘਟਨਾਵਾਂ ਵਿੱਚੋਂ ਇਕ ਸੀ ਪਰ ਉਸ ਰੈਸਟੋਰੈਂਟ ਮੁਹਰ ਦੀ ਮੈਂ ਬਹੁਤ ਵਾਰ ਲੰਘਿਆ ਸਾਂ ਇਸ ਲਈ ਇਹ ਮੈਨੂੰ ਜ਼ਿਆਦਾ ਹਾਂਟ ਕਰਦੀ ਸੀ। ਇਹਨਾਂ ਸਭ ਤੋਂ ਬਿਨਾਂ ਬ੍ਰਾਡਵੇਅ ‘ਤੇ ਹੋਏ ਬਹੁਤ ਸਾਰੇ ਸਾਹਿਤਕ ਸਮਾਗਮਾਂ ਦਾ ਤਾਂ ਮੈਂ ਖੁਦ ਸੰਚਾਲਕ ਰਿਹਾ ਹਾਂ। ਉਂਜ ਵੀ ਸਾਊਥਾਲ ਬ੍ਰਾਡਵੇਅ ‘ਤੇ ਕੁਝ ਨਾ ਕੁਝ ਹੁੰਦਾ ਹੀ ਆਇਆ ਹੈ। ਈਦ ਆਈ ਤਾਂ ਮੁਸਲਮਾਨ ਮੁੰਡੇ ਇਕੱਠੇ ਹੋਕੇ ਖੱਪ ਪਾਉਂਦੇ ਹਨ, ਦਿਵਾਲੀ ਵਿਸਾਖੀ ‘ਤੇ ਭਾਰਤੀ ਪੰਜਾਬੀ ਮੁੰਡੇ ਉਹੋ ਕੰਮ ਕਰਦੇ ਹਨ। ਬ੍ਰਾਡਵੇਅ ਪੰਜਾਬੀਆਂ ਦਾ ਹੱਬ ਹੈ ਜਾਣੀਕਿ ਕੇਂਦਰ ਬਿੰਦੂ। ਪੰਜਾਬ ਵਿੱਚ ਕੁਝ ਵੀ ਵਾਪਰੇ ਲੋਕ ਆਪਣਾ ਪ੍ਰਤੀਕਰਮ ਦੇਣ ਲਈ ਇਥੇ ਇਕੱਠੇ ਹੋ ਜਾਂਦੇ ਹਨ। ਵੈਸੇ ਬ੍ਰਾਡਵੇਅ ‘ਤੇ ਵਾਪਰੀਆਂ ਕਈ ਘਟਨਾਵਾਂ ਨੂੰ ਮੈਂ ਆਪਣੇ ਨਾਵਲਾਂ ਜਾਂ ਕਹਾਣੀਆਂ ਦਾ ਹਿੱਸਾ ਬਣਾਇਆ ਹੈ। ਕਈ ਵਾਰ ਲੋਕ ਸਾਰੇ ਸਾਊਥਾਲ ਨੂੰ ਹੀ ਬ੍ਰਾਡਵੇਅ ਵਿੱਚ ਜਮ੍ਹਾਂ ਕਰ ਲੈਂਦੇ ਹਨ ਪਰ ਬ੍ਰਾਡਵੇਅ ਤਕਰੀਬਨ ਪੁਲੀਸ ਸਟੇਸ਼ਨ ਤੋਂ ਲੈਕੇ ਨਹਿਰ ਦੇ ਪੁੱਲ ਤੱਕ ਬਣਦਾ ਹੈ। ਪੁਲੀਸ-ਸਟੇਸ਼ਨ ਤੋਂ ਮੁੱਖ ਟਰੈਫਿਕ-ਇਸ਼ਾਰੇ ਤੱਕ ਹਾਈ-ਸਟਰੀਟ ਹੈ, ਇਸ ਤੋਂ ਅੱਗੇ ਬ੍ਰਾਡਵੇਅ। ਅਸਲ ਵਿੱਚ ਇਹ ਸਾਰਾ ਇਕ-ਮਿਕ ਹੋ ਕੇ ਬ੍ਰਾਡਵੇਅ ਹੀ ਬਣ ਜਾਂਦਾ ਹੈ। ਇਹ ਇਕ ਸਹੀ ਮਹਿਨਿਆਂ ਵਿੱਚ ਸ਼ੌਪਿੰਗ-ਸੈਂਟਰ ਹੈ ਤੇ ਲੰਡਨ ਦੇ ਵੱਡੇ ਸ਼ੌਪਿੰਗ-ਸੈਂਟਰਾਂ ਵਿੱਚ ਇਸ ਦੀ ਗਿਣਤੀ ਹੁੰਦੀ ਹੈ। ਇਸ ਸ਼ੌਪਿੰਗ-ਸੈਂਟਰ ਦੀ ਖਾਸ ਗੱਲ ਇਹ ਕਿ ਇਸ ਵਿੱਚ ਪੂਰਾ ਭਾਰਤੀਤੱਵ ਝਲਕਦਾ ਹੈ। ਇਥੇ ਆ ਕੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਤੁਸੀਂ ਆਪਣੇ ਹੀ ਦੇਸ਼ ਵਿੱਚ ਆ ਗਏ ਹੋਵੋਂ ਨਹੀਂ ਤਾਂ ਯੂਕੇ ਗੋਰਿਆਂ ਦਾ ਮੁਲਕ ਹੋਣ ਕਰਕੇ ਤੁਹਾਨੂੰ ਹਰ ਜਗਾਹ ਓਪਰਾਪਨ ਦਾ ਇਹਸਾਸ ਹੁੰਦਾ ਰਹਿੰਦਾ ਹੈ। ਨਸਲਵਾਦ ਦਾ ਡਰ ਵੀ ਬਣਿਆ ਰਹਿੰਦਾ ਹੈ। ਇਹ ਬ੍ਰਾਡਵੇਅ ਭਾਰਤ ਦੇ ਕਿਸੇ ਵੱਡੇ ਸ਼ਹਿਰ ਦੇ ਵੱਡੇ ਸ਼ੌਪਿੰਗ ਸੈਂਟਰ ਤੋਂ ਘੱਟ ਨਹੀਂ ਹੋਵੇਗਾ। ਇਹ ਗਤੀਵੀਧੀਆਂ ਨਾਲ ਨੱਕੋ-ਨੱਕ ਭਰੀ ਹੋਈ ਸੜਕ ਹੈ। ਭਾਵੇਂ ਬ੍ਰਾਡਵੇਅ ਵਰਗੀਆਂ ਸਰਗਰਮੀਆਂ ਸਾਊਥਾਲ ਦੀਆਂ ਹੋਰਨਾਂ ਸੜਕਾਂ ‘ਤੇ ਵੀ ਰਹਿੰਦੀਆਂ ਹਨ ਪਰ ਬ੍ਰਾਡਵੇਅ ਦੇ ਆਪਣੇ ਹੀ ਨਜ਼ਾਰੇ ਹਨ। ਮੇਰੇ ਨਾਵਲਾਂ ‘ਸਾਊਥਾਲ’ ਤੇ ‘ਜੇਠੂ’ ਦੇ ਬਾਹਰਲੇ ਕਵਰਾਂ ਉਪਰ ਫੋਟੋ ਬ੍ਰਾਡਵੇਅ ਦੀ ਹੀ ਹੈ।
ਬ੍ਰਾਡਵੇਅ ਦਾ ਇਤਿਹਾਸ ਵੀ ਬਹੁਤ ਦਿਲਚਸਪ ਹੈ। ਪਹਿਲਾਂ ਸਾਊਥਾਲ ਰੇਲਵੇ ਲਾਈਨ ਤੋਂ ਪਰਲੇ ਪਾਸੇ ਹੁੰਦਾ ਸੀ। ਇਧਰਲਾ ਸਾਊਥਾਲ ਬਾਅਦ ਵਿੱਚ ਉਸਰਨਾ ਸ਼ੁਰੂ ਹੋਇਆ। ਇਹ ਬ੍ਰਾਡਵੇਅ ਹੁੰਦਾ ਹੀ ਨਹੀਂ ਸੀ। ਇਹ ਅਕਸਬ੍ਰਿਜ ਰੋਡ ਸੀ ਜੋ ਕੇਂਦਰੀ ਲੰਡਨ ਤੋਂ ਅਕਸਬ੍ਰਿਜ ਤੇ ਅੱਗੇ ਔਕਸਫੋਰਡ ਜਾਂਦੀ ਸੀ, ਹਾਲੇ ਵੀ ਜਾਂਦੀ ਹੈ। ਇਸ ਰੋਡ ਦਾ ਨਕਸ਼ੇ ਵਿੱਚ ਨੰਬਰ ਏ4020 ਹੈ। ਰੇਲਾਂ, ਕਾਰਾਂ ਦੀ ਆਵੰਦ ਤੋਂ ਪਹਿਲਾਂ ਲੋਕ ਇਕ ਥਾਂ ਤੋਂ ਦੂਜੀ ਥਾਂ ਸਫਰ ਘੋੜਿਆਂ ਵਾਲੀ ਸਟੇਜ-ਕੋਚ ਵਿੱਚ ਕਰਿਆ ਕਰਦੇ ਸਨ। ਲੰਡਨ ਤੋਂ ਔਕਸਫੋਰਡ ਲਈ ਚਲਦੀ ਸਟੇਜ-ਕੋਚ ਇਸੇ ਰੋਡ ਤੋਂ ਹੀ ਲੰਘਦੀ ਸੀ ਤੇ ਕਈ ਸਦੀਆਂ ਲੰਘਦੀ ਰਹੀ ਹੈ। ਏ40 ਜਾਂ ਐਮ40 ਤਾਂ ਵੀਹਵੀਂ ਸਦੀ ਦੇ ਮਗਰਲੇ ਅੱਧ ਵਿੱਚ ਬਣੀਆਂ ਹਨ। ਇਸ ਸਟੇਜ-ਕੋਚ ਦਾ ਇਕ ਅੱਡਾ ਬ੍ਰਾਡਵੇਅ ਉਪਰ ਵੀ ਸੀ। ਅੱਡਾ ਹੋਣ ਕਰਕੇ ਇਥੇ ਕੁਝ ਦੁਕਾਨਾਂ ਵੀ ਹੋਣਗੀਆਂ ਹੀ। ਵੈਸੇ ਉਨੀਵੀਂ ਸਦੀ ਦੇ ਅਖੀਰ ਵਿੱਚ ਬ੍ਰਾਡਵੇਅ ਉਸਰਨਾ ਸ਼ੁਰੂ ਹੋ ਚੁੱਕਾ ਸੀ। ਜਦ ਗਰੈਂਡ ਯੂਨੀਅਨ ਕੈਨਾਲ ਜਾਂ ਪ੍ਰਮੁੱਖ ਨਹਿਰ ਨਿਕਲੀ ਤਾਂ ਬ੍ਰਾਡਵੇਅ ਦੇ ਨੇੜੇ ਸਨਅਤਾਂ ਵੀ ਲੱਗ ਗਈਆਂ ਸਨ। ਸਨਅੱਤਾਂ ਕਾਰਨ ਦੂਜੇ ਮਹਾਂਯੁੱਧ ਵਿੱਚ ਇਹ ਇਲਾਕਾ ਜਰਮਨਾਂ ਦੇ ਹਿੱਟ ਲਿਸਟ ‘ਤੇ ਸੀ। ਰੇਲ ਦੇ ਚੱਲਣ ‘ਤੇ ਵੀ ਘੋੜਿਆਂ ਵਾਲੀ ਸਟੇਜ-ਕੋਚ ਇਸ ਸੜਕ ‘ਤੇ ਚਲਦੀ ਰਹੀ ਹੈ। ਸਟੇਜ-ਕੋਚ ਤੋਂ ਬਾਅਦ, ਵੀਹਵੀਂ ਸਦੀ ਦੇ ਸ਼ੁਰੂ ਵਿੱਚ ਟਰਾਮਾਂ ਆ ਗਈਆਂ ਤੇ 1936 ਤੱਕ ਟਰਾਮਾਂ ਚਲਦੀਆਂ ਰਹੀਆਂ। ਟਰਾਮਾਂ ਤੋਂ ਬਾਅਦ ਬਿਜਲੀ ਵਾਲੀਆਂ ਬੱਸਾਂ ਚੱਲ ਪਈਆਂ। 1960 ਵਿੱਚ ਡੀਯਲ ਬੱਸਾਂ ਦੇ ਆ ਜਾਣ ਨਾਲ ਸਭ ਕੁਝ ਬਦਲ ਗਿਆ। ਪਹਿਲੇ ਮਹਾਂਯੁੱਧ ਤੋਂ ਬਾਅਦ ਨਵਾਂ ਸਾਊਥਾਲ ਵਸਣ ਲੱਗਾ, ਘਰ ਬਣ ਗਏ ਤੇ ਨਾਲ ਹੀ ਬ੍ਰਾਡਵੇਅ ਵੀ ਪੂਰੀ ਤਰ੍ਹਾਂ ਉਸਰ ਗਿਆ। ਇਹ ਬ੍ਰਾਡਵੇਅ ਹਾਲੇ ਵੀ ਕੇਂਦਰੀ ਲੰਡਨ ਨੂੰ ਜਾਣ ਵਾਲੀ ਖਾਸ ਰੋਡ ਹੈ। ਲੋਕ ਬ੍ਰਾਡਵੇਅ ਦੀਆਂ ਰੌਣਕਾਂ ਦੇਖਣ ਲਈ ਹੀ ਇਸ ਵੱਲ ਦੀ ਲੰਘਦੇ ਹਨ ਇਸੇ ਲਈ ਇਸ ਰੋਡ ‘ਤੇ ਹਰ ਵੇਲੇ ਟਰੈਫਿਕ ਰਹਿੰਦਾ ਹੈ।
ਜਿਥੇ ਕੁ ਹਾਈ-ਸਟਰੀਟ ਹੈ ਇਥੇ ਹਰ ਬੁੱਧਵਾਰ ਘੋੜਿਆਂ ਦੀ ਮੰਡੀ ਲਗਿਆ ਕਰਦੀ ਸੀ। ਲੋਕ ਦੂਰੋਂ-ਦੂਰੋਂ ਘੋੜੇ-ਘੋੜੀਆਂ ਵੇਚਣ-ਖਰੀਦਣ ਆਇਆ ਕਰਦੇ ਸਨ। ਇਹ ਮਾਰਕੀਟ ਸੌ ਸਾਲ ਤੋਂ ਵੀ ਵੱਧ ਸਮਾਂ ਲਗਦੀ ਰਹੀ ਹੈ। ਹੁਣੇ ਜਿਹੇ 2007 ਵਿੱਚ ਬੰਦ ਹੋਈ ਹੈ। ਇਸੇ ਮਾਰਕੀਟ ਵਿੱਚ ਸੂਰਾਂ, ਗਾਈਆਂ ਆਦਿ ਦੀ ਮੰਡੀ ਵੀ ਲਗਿਆ ਕਰਦੀ ਸੀ। ਮੰਗਲਵਾਰ ਨੂੰ ਜਿਉਂਦੀਆਂ ਮੁਰਗੀਆਂ ਵਿਕਿਆ ਕਰਦੀਆਂ ਸਨ। ਹੁਣ ਤਾਂ ਘਰ ਵਿੱਚ ਕਿਸੇ ਜਾਨਵਰ ਨੂੰ ਤੁਸੀਂ ਜ਼ਿਬਾਹ ਨਹੀਂ ਕਰ ਸਕਦੇ ਪਰ ਉਹਨਾਂ ਦਿਨਾਂ ਵਿੱਚ ਲੋਕ ਇਥੋਂ ਮੁਰਗੇ ਲੈ ਜਾਇਆ ਕਰਦੇ ਸਨ। ਹਾਈ ਸਟਰੀਟ ਵਾਲੀ ਇਹ ਮਾਰਕੀਟ 1698 ਵਿੱਚ ਸ਼ੁਰੂ ਹੋਈ ਸੀ ਤੇ ਹਾਲੇ ਵੀ ਹਰ ਬੁੱਧਵਾਰ ਪੂਰੇ ਜਲੌਅ ਨਾਲ ਮਾਰਕੀਟ ਲਗਿਆ ਕਰਦੀ ਹੈ।
ਬ੍ਰਾਡਵੇਅ ਉਪਰ ਰੌਣਕਾਂ ਸਵੇਰੇ ਜਲਦੀ ਹੀ ਸ਼ੁਰੂ ਹੋ ਜਾਂਦੀਆਂ ਹਨ ਤੇ ਦੇਰ ਰਾਤ ਤੱਕ ਚਲਦੀਆਂ ਹਨ। ਬ੍ਰਾਡਵੇਅ ਦੀ ਇਹ ਰੌਣਕ ਸਾਊਥਾਲ ਦੇ ਨਿਵਾਸੀਆਂ ਕਾਰਨ ਨਹੀਂ ਹੁੰਦੀ ਬਲਕਿ ਦੂਰੋਂ-ਦੂਰੋਂ ਲੋਕ ਇਥੇ ਆਉਂਦੇ ਹਨ, ਕੁਝ ਸ਼ੌਪਿੰਗ ਕਰਨ ਤੇ ਕੁਝ ਤਫਰੀਹ ਕਰਨ। ਕਿੰਨੀਆਂ ਹੀ ਫਿਲਮਾਂ ਦੀ ਸ਼ੂਟਿੰਗ ਇਥੇ ਹੋਈ ਹੈ। ਹੁਣ ਕਰੋਨਾ ਦੀ ਕਰੋਪੀ ਕਰਕੇ ਖਾਮੋਸ਼ੀ ਹੈ ਨਹੀਂ ਤਾਂ ਹਰ ਵੇਲੇ ਇਥੇ ਕਿਸੇ ਫਿਲਮ ਜਾਂ ਗਾਣੇ ਦੀ ਸ਼ੂਟਿੰਗ ਹੁੰਦੀ ਰਹਿੰਦੀ ਹੈ। ਵੀਕ-ਐੰਡ ਨੂੰ ਖਾਸ ਕਰਕੇ ਕੁੜੀਆਂ-ਚਿੜੀਆਂ ਬ੍ਰਾਡਵੇਅ ‘ਤੇ ਫੈਸ਼ਨ ਕਰਕੇ ਨਿਕਲਦੀਆਂ ਹਨ। ਪੰਜਾਬੀ ਫੈਸ਼ਨ ਦੀ ਤਾਂ ਸ਼ੁਰੂਆਤ ਹੀ ਇਥੋਂ ਹੁੰਦੀ ਹੈ। ਕਰੋਨਾ ਕਾਰਨ ਲੌਕਡਾਊਨ ਦੁਰਮਿਆਨ ਬ੍ਰਾਡਵੇਅ ਸ਼ਾਂਤ ਹੋ ਗਿਆ ਸੀ, ਲੌਕਡਾਊਨ ਖੁੱਲ੍ਹਦਿਆਂ ਹੀ ਭਰੇ ਦਰਿਆ ਵਾਂਗ ਮੁੜ ਵਹਿਣ ਲੱਗਾ ਹੈ।
ਜਦ ਮੈਂ ਪਹਿਲੀ ਵਾਰ ਸਾਊਥਾਲ ਆਇਆ ਤਾਂ ਬ੍ਰਾਡਵੇਅ ‘ਤੇ ਕਾਫੀ ਰੌਣਕ ਸੀ ਪਰ ਅੱਜ ਵਾਲੀ ਨਹੀਂ। ਵੈਸੇ ਇਹ ਲਿਟਲ ਇੰਡੀਆ ਬਣਨ ਦੇ ਸਫਰ ‘ਤੇ ਨਿਕਲ ਚੁੱਕਾ ਸੀ। ਕੁਝ ਰਾਜਨੀਤਕ ਨੇਤਾ ਇਸਦਾ ਨਾਂ ‘ਪੰਜਾਬੀ ਬਾਜ਼ਾਰ’ ਰੱਖਣ ਦੀ ਵਕਾਲਤ ਵੀ ਕਰ ਰਹੇ ਸਨ। ਪੰਜਾਬੀ ਮਠਿਆਈ ਦੀਆਂ ਦੁਕਾਨਾਂ ਤਾਂ ਬਹੁਤ ਸਨ ਪਰ ਮੇਰੇ ਪਿੰਡ ਫਰਾਲਾ ਵਰਗੀਆਂ ਕੜਕ-ਜਲੇਬੀਆਂ ਨਹੀਂ ਸਨ ਮਿਲਦੀਆਂ। ਇਹ ਜਲੇਬੀਆਂ ਫਿਰ ‘ਏ-ਸਵੀਟ’ ਵਾਲਿਆਂ ਬਣਾਉਣੀਆਂ ਸ਼ੁਰੂ ਕੀਤੀਆਂ। ਹੁਣ ਤਾਂ ਉਹ ਦੁਕਾਨ ਕਦੋਂ ਦੀ ਬੰਦ ਹੋ ਚੁੱਕੀ ਹੈ ਤੇ ਜਲੇਬੀਆਂ ਵੀ ਰੇੜੀਆਂ ‘ਤੇ ਮਿਲਣ ਲੱਗ ਪਈਆਂ ਹਨ। ਵੈਸੇ ਹੁਣ ਤਾਂ ਡਾਕਟਰ ਨੇ ਸਭ ਬੰਦ ਕਰ ਦਿੱਤਾ ਹੈ ਪਰ ਮੈਨੂੰ ਯੂਕੇ ਦੀਆਂ ਦੇਸੀ ਮਠਿਆਈਆਂ ਵਿੱਚੋਂ ਕਦੇ ਵੀ ਆਪਣੇ ਪਿੰਡ ਵਾਲੀ ਕਿਸੇ ਮਠਿਆਈ ਦਾ ਸਵਾਦ ਨਹੀਂ ਲੱਭਾ। ਪਿਛਲੇ ਪੰਦਰਾਂ-ਵੀਹ ਕੁ ਸਾਲ ਤੋਂ ਬ੍ਰਾਡਵੇਅ ਦਾ ਹੁਣ ਵਾਲਾ ਚਿਹਰਾ-ਮੁਹਰਾ ਬਣਨਾ ਸ਼ੁਰੂ ਹੋ ਗਿਆ ਸੀ। ਪਹਿਲਾਂ ਦੁਕਾਨਾਂ ਤੋਂ ਬਾਹਰ ਹੁਣ ਵਾਂਗ ਰੇਹੜੀਆਂ ਨਹੀਂ ਸੀ ਲਗਦੀਆਂ। ਹੁਣ ਵਾਂਗ ਲੋਕ ਗੋਲ-ਗੱਪੇ ਜਾਂ ਚਾਟ-ਪਕੌੜੇ ਸੜਕਾਂ ‘ਤੇ ਖੜਕੇ ਨਹੀਂ ਸਨ ਖਾਇਆ ਕਰਦੇ। ਵੈਸੇ ਇਹਨਾਂ ਚੀਜ਼ਾਂ ਨੇ ਬ੍ਰਾਡਵੇਅ ਨੂੰ ਹੋਰ ਵੀ ਆਕਾਰਸ਼ਕ ਬਣਾ ਦਿੱਤਾ ਹੈ। ਯੌਰਪ ਵਿੱਚ ਵਸਦੇ ਭਾਰਤੀ ਲੋਕ ਯੂਕੇ ਦਾ ਗੇੜਾ ਮਾਰਨ ਆਉਂਦੇ ਹੀ ਰਹਿੰਦੇ ਹਨ। ਯੂਕੇ ਦੀਆਂ ਹੋਰ ਮਹੱਤਵ-ਪੂਰਨ ਜਗਾਵਾਂ ਦੇ ਨਾਲ-ਨਾਲ ਉਹ ਬ੍ਰਾਡਵੇਅ ਦੇਖਣ ਵੀ ਜ਼ਰੂਰ ਆਉਂਦੇ ਹਨ।
ਪਹਿਲਾਂ ਬ੍ਰਾਡਵੇਅ ਉਪਰਲੀਆਂ ਬਹੁਤੀਆਂ ਦੁਕਾਨਾਂ ਭਾਰਤੀਆਂ ਦੀਆਂ ਸਨ। ਫਿਰ ਇਹ ਦੁਕਾਨਾਂ ਨੂੰ ਪਾਕਿਸਤਾਨੀ ਪੰਜਾਬੀ ਆ ਕੇ ਖਰੀਦਣ ਲੱਗੇ। ਅੱਜ ਬਹੁਤੀਆਂ ਦੁਕਾਨਾਂ ਪਾਕਿਸਤਾਨੀ ਪੰਜਾਬੀਆਂ ਦੀਆਂ ਹਨ ਖਾਸ ਕਰਕੇ ਰੈਸਟੋਰੈਂਟ। ਇਥੇ ਮੈਂ ਰੈਸਟੋਰੈਂਟਾਂ ਬਾਰੇ ਆਪਣਾ ਇਕ ਤਜਰਬਾ ਸਾਂਝਾ ਕਰਦਾ ਜਾਵਾਂ ਕਿ ਖਾਣਾ ਬਣਾਉਣ ਵਿੱਚ ਜੋ ਮੁਹਾਰਤ ਪਾਕਿਸਤਾਨੀ ਪੰਜਾਬੀਆਂ ਨੂੰ ਹੈ ਉਹ ਭਾਰਤੀ ਪੰਜਾਬੀਆਂ ਨੂੰ ਨਹੀਂ ਹੈ।
ਇਹ ਬ੍ਰਾਡਵੇਅ ਸਾਊਥਾਲ ਦਾ ਨਹੀਂ ਸਗੋਂ ਪੂਰੇ ਇਲਾਕੇ ਦਾ ਹੈ। ਮੈਂ ਬਾਰਾਂ ਸਾਲ ਉਤਰੀ ਲੰਡਨ ਵਿੱਚ ਰਹਿ ਕੇ 1996 ਵਿੱਚ ਸਾਊਥਾਲ ਮੁੜਿਆ ਸਾਂ। ਉਦੋਂ ਤੋਂ ਹੀ ਜਦ ਵੀ ਮੌਕਾ ਮਿਲੇ ਮੈਂ ਬ੍ਰਾਡਵੇਅ ਦਾ ਇਕ ਚੱਕਰ ਜ਼ਰੂਰ ਮਾਰਿਆ ਕਰਦਾ ਹਾਂ। ਮੇਰਾ ਚੱਕਰ ਮੁੱਖ ਟਰੈਫਿਕ-ਇਸ਼ਾਰੇ ਤੋਂ ਸ਼ੁਰੂ ਹੋਕੇ ਨਹਿਰ ਤੱਕ ਦਾ ਹੁੰਦਾ ਹੈ। ਕੋਈ ਵੀ ਦੋਸਤ ਇੰਡੀਆ ਜਾਂ ਕਿਸੇ ਹੋਰ ਦੇਸ਼ ਤੋਂ ਆਵੇ ਤਾਂ ਉਸ ਨੂੰ ਲੈ ਕੇ ਮੈਂ ਬ੍ਰਾਡਵੇਅ ਜਾਂਦਾ ਹਾਂ। ਪੂਰਾ ਬ੍ਰਾਡਵੇਅ ਲੰਘਕੇ ਨਹਿਰ ਕੰਢੇ ਹੈਂਬਰੋ ਪੱਬ ਵਿੱਚ ਬੀਅਰ ਪੀਣੀ ਇਸ ਰੁਟੀਨ ਵਿੱਚ ਸ਼ਾਮਲ ਹੁੰਦਾ ਹੈ। ਇਹਨਾਂ ਸਾਲਾਂ ਵਿੱਚ ਬ੍ਰਾਡਵੇਅ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ। ਵੱਡੀ ਤਬਦੀਲੀ ਇਹਕਿ ਇਸ ਉਪਰਲੀ ਭੀੜ ਮੋਢ੍ਹਾ ਖਹਿੰਦੀ ਹੋ ਗਈ ਹੈ। ਇਸ ਭੀੜ ਵਿੱਚ ਵਾਕਫ ਬੰਦੇ ਘਟਦੇ ਜਾ ਰਹੇ ਹਨ। ਇਕ ਵੇਲਾ ਸੀਕਿ ਬ੍ਰਾਡਵੇਅ ‘ਤੇ ਗੇੜਾ ਮਾਰਦਿਆਂ ਕਈ ਬੰਦੇ ਹੱਥ ਮਿਲਾਉਣ ਵਾਲੇ ਮਿਲ ਜਾਂਦੇ ਸਨ ਤੇ ਹੁਣ ਸ਼ਾਇਦ ਕਦੇ-ਕਦਾਈਂ ਹੀ ਕੋਈ ਮਿਲੇ। ਹੁਣ ਮੈਂ ਨਹਿਰ ਤੱਕ ਨਹੀਂ ਜਾਂਦਾ, ਮੇਰੇ ਤੋਂ ਜਾ ਹੀ ਨਹੀਂ ਹੁੰਦਾ। ਜਿਸ ਦਾ ਕਾਰਨ ਕੁਝ ਸਾਲ ਪਹਿਲਾਂ ਵਾਪਰੀ ਇਕ ਦੁਖਦਾਇਕ ਘਟਨਾ ਹੈ। ਸਾਡੇ ਇਕ ਖਾਸ ਮਿੱਤਰ-ਪਿਆਰੇ ਦੀ ਜੀਵਨ-ਸਾਥਣ, ਜੋਕਿ ਸਾਡੇ ਦੋਸਤਾਂ ਵਿੱਚ ਹੀ ਸ਼ਾਮਲ ਸੀ, ਦੀ ਇਸ ਨਹਿਰ ਵਿੱਚ ਡਿੱਗ ਕੇ ਮੌਤ ਹੋ ਗਈ ਸੀ। ਇਸ ਦੁਰਘਟਨਾ ਦੀ ਯਾਦ ਆਉਂਦਿਆਂ ਅੱਜ ਵੀ ਮਨ ਉਦਾਸੀ ਨਾਲ ਭਰ ਜਾਂਦਾ ਹੈ।
ਮਨ ਚਾਹੇ, ਆਹ ਭੁੱਲ ਜਾਂ, ਓਹ ਭੁੱਲ ਜਾਂ,
ਭੁਲਾਉਣ ਵਾਲਾ ਮਖ਼ਸੂਸ ਦਿਲ ਕਿਥੋਂ ਲਿਆਂ?
Comments