top of page
  • Writer's pictureਸ਼ਬਦ


ਇਕਾਂਤਵਾਸ ਦੀ ਇੱਕ ਰਾਤ –ਕਹਾਣੀ -ਹਰੀਸ਼ ਕੁਮਾਰ

"ਹਾਂ ਜੀ,ਸਭ ਠੀਕ ਠਾਕ ਐ ਇੱਥੇ,ਅੱਜ ਤੰਗ ਤਾਂ ਨੀ ਕੀਤਾ ਇਹਨੇ,ਕੱਲ ਬਹੁਤ ਖੌਰੂ ਪਾਉਂਦਾ ਸੀ । "ਥਾਣੇਦਾਰ ਮੈਨੂੰ ਪੁੱਛਦਾ ਹੋਇਆ ਕੁਆਰੰਟੀਨ ਕੀਤੇ ਬੰਦੇ ਦੇ ਕਮਰੇ ਵੱਲ ਨੂੰ ਵਧਿਆ । ਕਰੋਨਾ ਦਾ ਸ਼ੱਕੀ ਕਮਰੇ ਦੇ ਬਾਹਰ ਬੈਠਾ ਸੀ । "ਚੱਲ ਚੱਲ,ਅੰਦਰ ਹੋ ਜਾ,ਚੱਲ ...ਬਾਹਰ ਨਾ ਨਿੱਕਲੀ...।"ਥਾਣੇਦਾਰ ਨੇ ਉਹਨੂੰ ਘੂਰਦਿਆ ਕਿਹਾ । "ਕੱਲ ਇਹ ਹੋਰ ਈ ਪਸ਼ਤੋ ਬੋਲਦਾ ਸੀ,ਦੁਪਹਿਰ ਵੇਲੇ ਈ ਟੱਲੀ ਹੋਇਆ ਫਿਰੇ । ਲੋਕਾਂ ਨੂੰ ਚਾਹ ਨੀ ਨਸੀਬ ਹੁੰਦੀ,ਇਹ ਪਤੰਦਰ ਦਾਰੂ ਨਾਲ ਡੱਕਿਆ ਹੋਇਆ । ਮਸਾਂ ਕਾਬੂ ਕੀਤਾ । ਸਾਹਬ ਨੇ ਧਰ ਵੀ ਦਿੱਤੀਆਂ ਸੀ ਦੋ ਚਾਰ । ...ਉਪਰੋਂ ਬਹੁਤ ਖਿੱਚੇ ਹੋਏ ਨੇ ਸਾਰੇ,ਕੀਂ ਕਰੀਏ?" ਸਿਪਾਹੀ ਨੇ ਜਿਵੇਂ ਥਾਣੇਦਾਰ ਦੇ ਗੁੱਸੇ ਨੂੰ ਜਸਟੀਫ਼ਾਈ ਕੀਤਾ ਸੀ । "ਅੱਛਾ ਤੁਸੀਂ ਹੁਣ ਸ਼ਾਮ ਵਾਲੀ ਸ਼ਿਫਟ ਤੇ ਹੋ । ਤੜਕੇ ਸੱਤ ਵਜੇ ਤੱਕ ਰਹੋਗੇ?.....ਆਪਣਾ ਸ਼ੁਭ ਨਾਮ?" ਥਾਣੇਦਾਰ ਮੈਨੂੰ ਪੂਛਣ ਲੱਗਿਆ । ਮੈਂ ਆਪਣਾ ਨਾਂ ਤੇ ਮਹਿਕਮੇ ਦੀ ਜਾਣਕਾਰੀ ਦੇ ਦਿੱਤੀ । "ਤੁਹਾਡੀ ਨੌਕਰੀ ਵਧੀਆ, ਸਾਨੂੰ ਦੇਖਲੋ...ਚੌਵੀ ਘੰਟੇ ਈ ਸ਼ਿਫਟ ਚੱਲੀ ਜਾਂਦੀ ਹੈ । ਰਾਤ ਨੂੰ ਪਹਿਲਾਂ ਸੜਕਾਂ,ਨਾਕਿਆਂ ਤੇ ਤੁਰੇ ਫਿਰਦੇ ਸੀ,ਮੱਛਰ ਵੱਡ ਖਾਂਦਾ । ਹੁਣ ਗਰਮੀ ਵਧ ਰਹੀ ਹੈ,ਆਹ ਬਾਹਰ ਯਾਤਰਾ ,ਦਿਹਾੜੀ ਕਰਨ ਵਾਲਿਆਂ ਨੇ ਮੁੜ ਕੇ ਹੋਰ ਕੰਮ ਵਧਾ ਦਿੱਤਾ । ਹਰੇਕ ਸਕੂਲ ਕਾਲਜ ਚ ਬਣੇ ਕੁਆਰੰਟੀਨ ਚ ਹਾਜਰੀ ਲਾਉਂਦੇ ਫਿਰਦੇ ਐ ....ਹੁਣ ਹੋਰ ਮਹਿਕਮਿਆਂ ਦੇ ਮੁਲਾਜ਼ਮ ਰਾਤ ਦੀ ਡਿਊਟੀ ਤੇ ਲਾ ਦਿੱਤੇ...ਸਾਲਾ ਸਰਿਆਂ ਨੂੰ ਚੌਂਕੀਦਾਰ ਬਣਾ ਛੱਡਿਆ ।ਪ੍ਰਬੰਧ ਹੈ ਕੋਈ ਨੀ।" "ਸਾਹਬ ਉਹ ਪਿਛਲੇ ਸਕੂਲ ਜੀਹਦੇ ਚ ਗੇੜਾ ਮਾਰਿਆ ਸੀ ਆਪਾਂ,ਉੱਥੇ ਮੁਲਾਜਮ ਵੀ ਦਾਰੂ ਪੀ ਕੇ ਟੱਲੀ ਹੋਏ ਫਿਰਦੇ ਸੀ । ਮੈਂ ਕਿਹਾ ਵੀ ਇਹ ਕਰੋਨਾ ਆਲੇ ਦੀ ਨਿਗਰਾਨੀ ਕਰਨਗੇ ਜਾਂ ਕਰੋਨਾ ਆਲਾ ਇਹਨਾਂ ਦੀ ਕਰੂ ।" "ਹਾ ਹਾ... ਉਹ ਯਾਰ ਮੁਲਾਜਮ ਹੋਰ ਕੀਂ ਕਰੇ,ਹਰੇਕ ਨੂੰ ਬੇਗਾਨੀ ਥਾਂ ਰਹਿਣਾ ਸੌਖਾ ਕਿਤੇ, ਇਹ ਤਾਂ ਆਪਣਾ ਮਹਿਕਮਾ ,ਆਪਾਂ ਨੂੰ ਪੁਲਸ ਆਲਿਆ ਨੂੰ ਅਹਿਜਿਆ ਆਦਤਾਂ ਪਈਆਂ, ਆ ਹੁਣ ਇਹ ਭਾਈ ਸਾਹਿਬ ਕਿੱਥੇ ਘਰੇ ਏ ਸੀ ਛੱਡਕੇ ਪਏ ਹੁੰਦੇ,ਹੁਣ ਇੱਥੇ ਪੱਖਾਂ ਮਸਾਂ ਚਲੱਦਾ । ਉੱਤੋਂ ਮੱਛਰ ।..ਕੋਈ ਨੀ ਤੁਸੀਂ ਬੇਫਿਕਰ ਰਿਹੋ.. ਕੋਈ ਗੱਲ ਹੋਈ ਸਾਨੂੰ ਫੋਨ ਕਰ ਦਿਉ । ਇਹਨੂੰ ਕੇਰਾ ਘੂਰਤਾ... ਇਹ ਨੀ ਹਿੱਲਦਾ ਹੁਣ ।" ਥਾਣੇਦਾਰ ਮੇਰੇ ਵੱਲ ਦੇਖ ਕੇ ਬੋਲਿਆ । "ਠੀਕ ਹੈ...ਬਾਕਿ ਡਿਊਟੀ ਤਾਂ ਡਿਊਟੀ ਹੈ,ਕੋਈ ਨੀ ਤਨਦੇਹੀ ਨਾਲ ਕਰਾਂਗੇ ।" ਮੈਂ ਸੰਖੇਪ ਉੱਤਰ ਦਿੱਤਾ । ਥਾਣੇਦਾਰ ਦਾ ਫੋਨ ਖੜਕਣ ਲੱਗਿਆ,"...ਹਾਂ ਜੀ,ਇੱਕ ਮਰੀਜ ਹੈ ਜੀ....ਟੈਸਟ ਲੈ ਗਏ ਸਾਹਿਬ...ਇੱਥੇ ਹੁਣ ਮੁਲਾਜਮ ਹਾਜ਼ਿਰ ਹੈ ਜੀ ਡਿਊਟੀ ਤੇ...ਮਰੀਜ ਟਿਕਿਆ ਹੋਇਆ ਜੀ ...ਹਾਂ ਜੀ...ਉਹ ਨਾਲ ਦੇ ਪਿੰਡ ਸੁਸਾਈਡ ਕੀਤੀ ਐ ਜੀ...ਉਹਦੇ ਘਰ ਕਲੇਸ਼ ਰਹਿੰਦਾ ਸੀ ਜੀ...ਕੁਆਰੰਟੀਨ ਕਰਕੇ ਨਹੀਂ ਸੀ ਜੀ ਗੱਲ...ਪੋਸਟਮਾਰਟਮ ਲਈ ਭੇਜਤੀ ਸੀ ਸਿਵਿਲ ਹਸਪਤਾਲ । ...ਸਰਪੰਚ ਦਾ ਬਿਆਨ ਤੇ ਗਵਾਹੀ ਦਰਜ ਕਰ ਲਈ ਜੀ ...ਠੀਕ ਐ ਸਾਹਬ...।" ਥਾਣੇਦਾਰ ਨੇ ਫੋਨ ਕੱਟਿਆ । "ਭੈਂਚੋ ,ਦੁਨੀਆ ਮਰੀ ਆਪਦੇ ਲੱਛਣਾਂ ਕਰਕੇ ਜਾਂਦੀ ਐ,ਵਖਤ ਸਾਨੂੰ ਪਾਇਆ ।...ਚਲੋ ਚੱਲੀਏ...ਇਹਨਾਂ ਨੂੰ ਨੰਬਰ ਦੇ ਦਿਉ,ਕੋਈ ਤਕਲੀਫ ਹੋਈ ਤਾਂ ਫ਼ੋਨ ਮਾਰ ਦਿਉ ।..ਚੰਗਾ ਅਸੀਂ ਚਲਦੇ ਹਾਂ ।"ਥਾਣੇਦਾਰ ਕੰਮ ਦੀ ਬਹੁਤਾਤ ਕਰਕੇ ਉੱਬਲਚਿੱਤੀ ਚ ਸੀ । ਮੈਂ ਊਹਨਾ ਦੇ ਜਾਣ ਮਗਰੋਂ ਉੱਥੇ ਹੀ ਇੱਕ ਦਰਖਤ ਥੱਲੇ ਖੜ ਗਿਆ ।

ਅੱਜ ਸਵੇਰ ਦਾ ਹੀ ਅਚਾਨਕ ਗਲ ਪੈ ਗਈ ਇਸ ਡਿਉਟੀ ਬਾਰੇ ਸਸੋਪੰਜ ਵਿਚ ਸੀ | ਦਿਨ ਦੀ ਡਿਉਟੀ ਹੁੰਦੀ ਤਾਂ ਵੀ ਕੋਈ ਗੱਲ ਨਹੀ ਸੀ ,ਪਰ ਰਾਤ ਲੰਘਾਉਣੀ ,ਉਹ ਵੀ ਇਸ ਸੁੰਨ ਸਰਾਂ ਚ ...| ਪਰ ਡਿਉਟੀ ਤਾਂ ਹੁਣ ਦੇਣੀ ਹੀ ਸੀ | ਸ਼ਾਮ ਛੇ ਵਜੇ ਤੋ ਅਗਲੇ ਦਿਨ ਦੀ ਸਵੇਰ ਤੱਕ | ਮਨ ਨੂੰ ਸਮਝਾ ਤੇ ਇਸ ਕਰੋਨਾ ਕਾਲ ਦੇ ਸਮੇਂ ਦੀ ਨਜਾਕਤ ਨੂੰ ਸਮਝਦਿਆ ਮੈ ਆਪਨੇ ਆਪ ਨੂ ਤਿਆਰ ਕਰ ਲਿਆ | ਘਰੋ ਤੁਰਨ ਲੱਗੇ ਬੈਗ ਵਿਚ ਸਾਰਾ ਸਮਾਨ ਚੰਗੀ ਤਰਾਂ ਭਰ ਲਿਆ | ਪਾਣੀ ਦੀ ਦੋ ਲੀਟਰ ਵਾਲੀ ਬੋਤਲ ,ਮੱਛਰ ਭਜਾਉਣ ਵਾਲੀ ਅਗਰਬੱਤੀ ,ਚਾਦਰ ,ਸਿਰਹਾਣਾ ,ਟੋਰਚ ਤੇ ਖਾਣ ਪੀਣ ਦਾ ਨਿੱਕ ਸੁੱਕ ,ਪਤਨੀ ਨੇ ਪੂਰਾ ਸਮਾਨ ਰੱਖ ਦਿੱਤਾ | ਸਰਕਾਰੀ ਇੰਤਜਾਮਾਂ ਬਾਰੇ ਸਭ ਪਤਾ ਈ ਸੀ | ਮਰੀਜਾ ਦੀ ਗਿਣਤੀ ਵਧਣ ਕਾਰਨ ਸਰਕਾਰੀ ਤੰਤਰ ਦੀ ਹਾਲਤ ਇਵੇਂ ਸੀ ਜਿਵੇ ਕੋਈ ਦੋ ਸੌ ਬੰਦੇ ਦੀ ਬਰਾਤ ਕਹਿ ਕੇ ਹਜਾਰ ਬੰਦਾ ਲਿਆਇਆ ਹੋਵੇ | ਹੁਣ ਤੁਸੀਂ ਸਮਝ ਈ ਸਕਦੇ ਹੋ ਕਿ ਮੇਜਬਾਨ ਦੀ ਕੀ ਹਾਲਤ ਹੋਣੀ ਹੈ | ਮੈਂ ਸਹੀ ਸਮੇਂ ਤੇ ‘ਸਭ ਚੰਗਾ ਹੋਵੇਗਾ ‘ ਦਾ ਜਾਪ ਕਰਦਾ ਪਹੁੰਚ ਗਿਆ ਸੀ | "ਬੀੜੀ ਪੀ ਸਕਦਾ ਜੀ...।" ਕਰੋਨਾ ਦੇ ਸ਼ੱਕੀ ਮਰੀਜ ਨੇ ਦੂਰੋਂ ਹੀ ਪੁੱਛਿਆ । ਉਹ ਫੇਰ ਆਪਣੇ ਕਮਰੇ ਦੀ ਦੇਹਲੀ ਤੇ ਆ ਕੇ ਬੈਠ ਗਿਆ । ਜਿਵੇ ਉਹ ਪੁਲਿਸ ਵਾਲਿਆਂ ਦੇ ਜਾਣ ਦਾ ਹੀ ਇੰਤਜਾਰ ਕਰ ਰਿਹਾ ਸੀ । "ਤੱਸਲੀ ਨਾਲ ਪੀ...ਜਿਵੇ ਜੀ ਕਰਦਾ ਕਰ...ਬਸ ਯਾਰ ਕੋਈ ਖੱਪ ਨਾ ਪਾਈ ।"ਮੈਂ ਉਸਨੂੰ ਮਿੰਨਤ ਕੀਤੀ । "ਬੱਸ ਆ ਜਵਾਕ ਰੋਟੀ ਫੜਾ ਜਾਣਗੇ ਜੀ,ਦੋ ਘੁੱਟ ਉਦੋਂ ਲਾ ਲਉ, ਹੁਣ ਰੋਜ ਪੀਣ ਦਾ ਆਦੀ ਆਂ ਜੀ...ਨਾ ਪੀਵਾਂ ਤਾਂ ਸਿਰ ਨੂੰ ਅੱਗ ਪੈਂਦੀ ਲੱਗਦੀ ਐ ।" "ਕੋਈ ਨੀ, ...ਮੈਨੂੰ ਕੋਈ ਇਤਰਾਜ ਨਹੀਂ ।" ਮੈਂ ਤਾਂ ਆਪ ਇਸ ਡਿਊਟੀ ਤੇ ਆਇਆ ਸੋਚ ਰਿਹਾ ਸੀ ,ਕਿ ਕਿਵੇਂ ਨਾ ਕਿਵੇਂ ਰਾਤ ਲੰਘੇ । ਰਾਤ ਦੇ ਅੱਠ ਕੁ ਵੱਜੇ ਹਨ । ਚਾਰੇ ਪਾਸੇ ਘੁੱਪ ਹਨੇਰਾ ਦੇ ਸ਼ਾਂਤੀ । ਪਿੰਡ ਦੇ ਬਾਹਰਵਾਰ ਬਣੇ ਇਸ ਬੀ ਐਡ ਕਾਲਜ ਨੂੰ ਕੁਆਰੰਟੀਨ ਸੈਂਟਰ ਬਣਾਇਆ ਗਿਆ ਹੈ । ਕਾਲਜ ਦੇ ਇੱਕ ਪਾਸੇ ਵੱਡਾ ਸੂਆ ਲੰਘਦਾ ਹੈ । ਉਸ ਪਿੱਛੇ ਦੂਰ ਦੂਰ ਤੱਕ ਵਾਢੀ ਪਿੱਛੋਂ ਖਾਲੀ ਪਏ ਖੇਤਾਂ ਦੀ ਕਤਾਰ ਹੈ । ਕਾਲਜ ਦਾ ਦੂਜਾ ਪਾਸਾ ਪਿੰਡ ਨੂੰ ਜਾਂਦੀ ਸੜਕ ਨਾਲ ਲੱਗਦਾ । ਦੂਰ ਦਿਸਦੇ ਕਿਸੇ ਕਿਸੇ ਘਰ ਵਿੱਚ ਲਾਈਟ ਜਗਦੀ ਦਿਸਦੀ ਹੈ । ਮੈਂ ਕਮਰੇ ਦੇ ਬਾਹਰ ਖੁੱਲੀ ਥਾਂ ਚ ਗੇੜਾ ਲਗਾਉਂਦਾ ਹਾਂ । ਇੱਥੇ ਹਵਾ ਕੁਝ ਠੰਡੀ ਹੈ । ਕਮਰੇ ਤਾਂ ਜਿਵੇਂ ਦਿਨ ਦੀ ਚੂਸੀ ਗਰਮੀ ਨਾਲ ਹੌਂਕ ਰਹੇ ਹਨ । ਸ਼ੁਕਰ ਹੈ ਕਮਰੇ ਦਾ ਚਲੱਦਾ ਪੱਖਾਂ ਮੇਰੇ ਲਈ ਇਸ ਗਰਮੀ ਵਿੱਚ ਲੜਨ ਵਾਲਾ ਯੋਧਾ ਬਣਿਆ ਹੋਇਆ ਹੈ । ਕਿਸੇ ਮਿੱਤਰ ਨੇ ਹੋਰ ਪਾਸੇ ਅਜਿਹੀ ਡਿਊਟੀ ਦਿੰਦਿਆ ਆਪਣਾ ਅਨੁਭਵ ਦੱਸਿਆ ਸੀ ਕਿ ਮੱਛਰ ਬਹੁਤ ਹੈ । ਮੱਛਰ ਭਜਾਉਣ ਲਈ ਕੱਛੂਆ ਛਾਪ ਅਗਰਬੱਤੀ ਨਾਲ ਲੈ ਕੇ ਜਾਈ । ਮੈਂ ਕਮਰੇ ਵਿੱਚ ਅਗਰਬੱਤੀ ਜਗਾ ਆਇਆ ਹਾਂ । ਕਾਲਜ ਦਾ ਚੌਂਕੀਦਾਰ ਪਤਾ ਨਹੀਂ ਰਾਤ ਨੂੰ ਰਹਿੰਦਾ ਜਾਂ ਘਰ ਚਲਾ ਜਾਂਦਾ ਹੈ । ਉਸਦਾ ਘਰ ਪਿੰਡ ਚ ਹੀ ਹੈ । ਰਾਤ ਨੂੰ ਠਹਿਰਨ ਲਈ ਉਸਦੀ ਡਿਊਟੀ ਹੈ,ਪਰ ਸੁਣਨ ਚ ਆਇਆ ਸੀ ਕਿ ਉਹ ਅੱਧੀ ਰਾਤ ਨੂੰ ਘਰੇ ਤੁਰ ਜਾਂਦਾ । ਇੱਥੇ ਸੁੰਨ ਸਰਾਂ ਚ ਕੀਹਨੂੰ ਨੀਂਦ ਆਉਂਦੀ ਹੋਵੇਗੀ । ਮੈਂ ਉਸਨੂੰ ਫੋਨ ਕਰ ਦਿੱਤਾ । ਉਹ ਸੱਠ ਕੁ ਸਾਲ ਦਾ ਬੁਜ਼ੁਰਗ ਸੀ । ਉਸਦੀ ਆਰਥਿਕ ਹਾਲਤ ਉਸਦੇ ਸ਼ਰੀਰ ਤੇ ਕੱਪੜੇ ਦੱਸ ਰਹੇ ਸਨ । ਉਹ ਇਕ ਸੋਟੀ ਚੁੱਕੀ ,ਤੇ ਸਿਰ ਤੇ ਢਿੱਲਾ ਜਿਹਾ ਪਰਨਾ ਬੰਨੀ ਸਾਈਕਲ ਤੇ ਪਹੁੰਚੁ ਗਿਆ । ਮੈਂ ਇਸ ਲਾਕ ਡਾਊਨ ਦੀ ਮੰਦੀ ਹਢਾਂਉਂਦੇ ਚੌਕੀਦਾਰ ਨੂੰ ਆਪਣੇ ਬਟੂਏ ਚੋ ਸੌ ਰੁਪਏ ਦੇ ਦਿੱਤੇ,"ਲੈ ਬਈ, ਕੁਝ ਖਾਣਾ ਪੀਣਾ ਹੋਵੇ ਤਾਂ ਆਪਣਾ ਕੋਟਾ ਲਿਆਈ । ਰਾਤ ਤਾਂ ਹੁਣ ਇੱਥੇ ਈ ਕੱਟਣੀ ਐ ।" "ਹਾਂ ਜੀ,ਬੇਫਿਕਰ ਰਹੋਂ,ਮੈਂ ਬਸ ਹੁਣ ਘਰੇ ਰੋਟੀ ਖਾਣ ਜਾਉ,ਉਹ ਸਾਹਮਣੇ ਆਲੇ ਕਮਰੇ ਚ ਮੈਂ ਹੁੰਨਾ,ਜਦੋ ਮਰਜੀ ਹਾਕ ਮਾਰ ਦਿਉ । ਇੱਕ ਕੈਂਪਰ ਪਾਣੀ ਦਾ ਭਰਿਆ ਮਰੀਜ ਵੱਲ ਰੱਖਿਆ ਹੋਇਆ,ਉਹ ਵੀ ਦੁਬਾਰੇ ਭਰ ਗਿਆ ਸੀ । ਤੁਹਾਡਾ ਚਾਹ ਪਾਣੀ ਤੇ ਰੋਟੀ......।" "ਮੈਂ ਆਪਣਾ ਸਾਰਾ ਸਮਾਨ ਨਾਲ ਲਿਆਇਆ,ਕੋਈ ਫਿਕਰ ਨਾ ਕਰੀਂ । ...ਬਸ ਇੱਕ ਮੰਜਾ ਚਾਹੀਦਾ....ਫੇਰ ਤੂੰ ਆਪਣੀ ਰੋਟੀ ਖਾਇਆ,ਟਾਈਮ ਨਾਲ ਮੁੜਕੇ ਮੇਨ ਗੇਟ ਬੰਦ ਕਰ ਦਈ ।" " ਚਲੋ ਆਹ ਵੀ ਵਧੀਆ ਕੀਤਾ.....ਥੋਡੇ ਤੋ ਪਹਿਲਾਂ ਜਿਹੜੀ ਮੈਡਮ ਦਿਨੇ ਡਿਉਟੀ ਤੇ ਆਈ ਸੀ ,ਉਹ ਤਾਂ ਆਪਣੀ ਕੁਰਸੀ ਵੀ ਨਾਲ ਲਿਆਈ ਘਰੋਂ ....ਵੀ ਦੱਸ ਐ ਬੰਦੇ ਦਾ ਕਿੱਥੇ ਕਿੱਥੇ ਬਚਾਅ ਹਉ ........ ਹਾਂ, ਮੰਜਾ ਹੁਣੇ ਲਿਆਇਆ । ਜੇ ਬਰਫ ਮੰਗਾਉਣੀ ਐ ਤਾਂ ਦੱਸ ਦਿਉ...ਮੈਂ ਆਉਂਦਾ ਲੈ ਆਉ,...ਜੇ ਪੀਣੀ ਹੋਈ ਤਾਂ ..।" "ਨਹੀਂ,ਡਿਊਟੀ ਦੇਣੀ ਆਂ ਮੈ ਤਾਂ, ਫੇਰ ਕਦੇ ਪੁਲਸ ਤੇ ਕਦੇ ਕੋਈ ਗੇੜਾ ਮਾਰਦਾ,ਚੰਗਾ ਨੀ ਲੱਗਦਾ । ਤੂੰ ਪੀ ਲਈ ਕੋਈ ਨਾ ।" ਚੌਂਕੀਦਾਰ ਹਾਂ ਜੀ ਕਹਿ ਮੰਜਾ ਚੁੱਕ ਲਿਆਇਆ ਤੇ ਕਮਰੇ ਵਿੱਚ ਪੱਖੇ ਥੱਲੇ ਡਾਹ ਦਿੱਤਾ । ਫੇਰ ਉਹ ਰੋਟੀ ਖਾਣ ਲਈ ਚਲਾ ਗਿਆ । ਮੈਂ ਆਪਣੀ ਗੱਡੀ ਚੋ ਬਿਸਤਰਾ ਕੱਢ ਕੇ ਮੰਜੇ ਤੇ ਵਿਛਾ ਦਿੱਤਾ ।ਪਿੱਛਲੇ ਕੁਝ ਦਿਨਾਂ ਤੋਂ ਲਗਭਗ ਸਾਰੇ ਜਿਲੇ ਵਿਚ ਹੀ ਬਾਹਰੋਂ ਮੁੜੇ ਕਾਮੇ,ਜਿਹੜੇ ਕਰੋਨਾ ਦੇ ਸੰਭਾਵਿਤ ਮਰੀਜ ਹੋ ਸਕਦੇ ਹਨ ,ਇਹਨਾਂ ਸਕੂਲ ਕਾਲਜਾਂ ਵਿੱਚ ਇਕਾਂਤਵਾਸ ਬਣਾ ਕੇ ਪਰਿਵਾਰ ਤੋਂ ਅੱਲਗ ਰੱਖੇ ਗਏ ਹਨ । ਪੰਦਰਾਂ ਦਿਨ ਊਹਨਾਂ ਨੂੰ ਇਸੇ ਤਰਾਂ ਰੱਖਿਆ ਜਾਣਾ ਹੈ । ਇਹ ਕਾਲਜ ਪਿੰਡ ਦੀ ਹੱਦ ਵਿਚ ਸੀ,ਇਸ ਲਈ ਇੱਥੋਂ ਦਾ ਸਰਪੰਚ ਵੀ ਮੇਰੇ ਇੱਥੇ ਆਉਣ ਤੋਂ ਬਾਅਦ ਇੱਕ ਮੇਮ੍ਬਰ ਨਾਲ ਗੇੜਾ ਮਾਰਨ ਆਇਆ । "ਅਸੀਂ ਕਾਹਨੂੰ ਇਹਨੂੰ ਇੱਥੇ ਰੱਖ ਕੇ ਰਾਜੀ ਸੀ,ਇਹ ਵੀ ਪਤੰਦਰ ਜਿਹਨਾਂ ਨਾਲ ਹਰਿਆਣੇ ਕੰਮ ਕਰਨ ਗਿਆ ਸੀ ਉਹ ਵੀ ਨਾਲ ਦੇ ਪਿੰਡ ਜਿਮੀਦਾਰ ਨੇ । ਐ ਨੀ ਵੀ ਇਹਨੂੰ ਅਜਿਹੇ ਹਾਲਤਾਂ ਚ ਚਾਰ ਦਿਨ ਮੋਟਰ ਤੇ ਰੱਖ ਲੈਂਦੇ । ਟੈਸਟ ਇਹਦਾ ਹੋਇਆ ਹੋਇਆ,ਸਭ ਠੀਕ ਐ । ਐਵੇਂ ਕੱਲ ਰਾਤ ਦਾਰੂ ਨਾਲ ਡੱਕਿਆ ਘਰੇ ਆ ਵੜਿਆ । ਸਾਡੇ ਵਿਹੜੇ ਆਲੇ ਫੇਰ ਥੋਨੂੰ ਪਤਾ ਈ ਐ, ਹਰੇਕ ਡਰਿਆ ਫਿਰਦਾ ਅੱਜਕਲ । ਸਰਪੰਚ ਹੋਣ ਕਰਕੇ ਮੇਰੇ ਤੇ ਦਬਾਅ ਸੀ,ਮੈਨੂੰ ਇੱਥੇ ਲਿਆਉਣਾ ਪਿਆ । ਇਹ ਤਾਂ ਆਉਂਦਾ ਨੀ ਸੀ । ਸਾਡੇ ਕੁਝ ਮੈਂਬਰ ਉਂਗਲ ਲਾਉਣ ਨੂੰ ਮੂਹਰੇ ਰਹਿੰਦੇ ਨੇ,ਥਾਣੇ ਫੋਨ ਕਰਕੇ ਇਤਲਾਹ ਕਰ ਦਿੱਤੀ । ਮੂਹਰੋਂ ਥਾਣੇਦਾਰ ਨੇ ਦੋ ਬੰਦੇ ਭੇਜਕੇ ਇਹਨੂੰ ਘਰੋਂ ਚੱਕ ਕੇ ਇੱਥੇ ਲਿਆ ਛੱਡਿਆ । ਕਹਿੰਦੇ ਬਾਕਿ ਇੰਤਜਾਮ ਤੁਸੀਂ ਕਰਨਾ । ਖਾਣਾ ,ਪੀਣਾ,ਚਾਹ ਰੋਟੀ ,...ਉਹ ਹੱਥ ਧੋਣ ਨੂੰ ਖਾਨੀ ਕੀਂ ਸੈਨੀਟਰ...ਕਹਿੰਦੇ ਇਹਦੇ ਕੋਲ ਲਿਆ ਕੇ ਰੱਖੋ,ਇਹਨੂੰ ਹੱਥ ਨੀ ਲਾਉਣਾ,ਪਰੇ ਰੱਖਣਾ ।...ਇਹ ਬੰਦਾ ਕੀਂ ਐ, ਸਾਨੂੰ ਪਤਾ । ਦੋ ਜਵਾਕ ਨੇ ,ਉਹੀ ਬਿਚਾਰੇ ਰੋਟੀ ਪਾਣੀ ਬਣਾਉਂਦੇ ਨੇ,ਘਰ ਆਲੀ ਤਾਂ ਇਹਨੇ ਆਪ ਈ ਅੱਗ ਲਾ ਕੇ ਮਾਰਤੀ ਸੀ । ਹੋਰ ਘਰੇ ਕੋਈ ਹੈ ਨੀ... ਕੇਸ ਜਵਾਕਾਂ ਕਰਕੇ ਰਫ਼ਾ ਦਫ਼ਾ ਹੋ ਗਿਆ । ਹੁਣ ਇਹ ਪਤੰਦਰ ਮਾੜੀ ਮੋਟੀ ਦਿਹਾੜੀ ਕਰਦਾ,ਜਾਂ ਸੀਜਨ ਤੇ ਜਾਂਦਾ,ਵਿਹਲਾ ਹੋਵੇ ਤਾਂ ਤੜਕੇ ਆਥਣੇ ਦਾਰੂ ਪੀਂਦਾ । ਘਰੇ ਕਲੇਸ ਕਰਦਾ । ਕਈ ਵਾਰੀ ਦਾਰੂ ਪੀ ਕੇ ਨੰਗਾ ਹੋ ਜਾਂਦਾ,ਗੰਦੀਆਂ ਗਾਲ੍ਹਾਂ ਕੱਢਦਾ ਵੇਹੜੇ ਚ । ਵੀਹ ਵਾਰੀ ਕੁੱਟ ਖਾ ਲਈ ਹਉ । ਫੇਰ ਮਾਫੀਆ ਮੰਗਦਾ । ਕਹੁ, ਮੇਰੇ ਘਰ ਆਲੀ ਦਿਸਦੀ ਐ ਮੈਨੂੰ,ਮੈਥੋਂ ਗਲਤੀ ਹੋ ਗਈ । ਹੁਣ ਪਛਤਾਉਂਦਾ । ...ਸਾਲਾ ਹੈ ਪੂਰਾ ਡਰਾਮੇਬਾਜ਼ ।" ਸਰਪੰਚ ਨੇ ਇੱਕੋ ਸਾਹ ਸਾਰੀ ਜਾਣਕਾਰੀ ਬਿਆਨ ਕੀਤੀ । ਮੈਨੂੰ ਇਹ ਨਾ ਸਮਝ ਆਵੇ ਕਿ ਸਰਪੰਚ ਮੈਨੂੰ ਡਰਾ ਰਿਹਾ ਕਿ ਆਪਣੀ ਮਜਬੂਰੀ ਦੱਸ ਰਿਹਾ । "ਚਲੋ, ਹੁਣ ਜਦੋਂ ਵਖਤ ਪਿਆ ਤਾਂ ਡਿਊਟੀ ਵੀ ਨਿਭਾਉਣੀ ਪਉ, ਔਖਾ ਸੌਖਾ ਹੋ ਕੇ ਹੁਣ ਅਸੀਂ ਵੀ ਟਾਈਮ ਟਪਾਉਣਾ, ਇਹਨੇ ਵੀ । ਆਪਣੇ ਸਾਰਿਆ ਦੇ ਸਹਿਯੋਗ ਨਾਲ ਕੰਮ ਨੇਪਰੇ ਚੜ ਜਾਉ ਸਰਪੰਚ ਸਾਹਬ ।" ਮੈਂ ਗੱਲ ਨੂੰ ਜਿਵੇਂ ਸਮੇਟਣਾ ਚਾਹਿਆ । "ਦੇਖੋ ਜੀ ਸਹਿਯੋਗ ਨੂੰ ਤਾਂ ਹੁਣ ਆਪਾਂ ਪਿੰਡ ਚ ਬੈਠੇ ਆ,ਚਾਹ ਪਾਣੀ ਦਾ ਕੋਈ ਔਖਾ ਨੀ, ਗੁਰੂਦਵਾਰੇ ਦਾ ਈ ਬਥੇਰਾ ਸਹਾਰਾ । ਹੁਣ ਡਿਪਟੀ ਨੇ ਤਾਂ ਕਹਿਤਾ ਵੀ ਸਰਪੰਚ ਸਾਹਿਬ ਤੁਸੀਂ ਸਾਰਾ ਇੰਤਜਾਮ ਕਰਨਾ । ਦੱਸੋ ਮੇਰੇ ਕਿਹੜਾ ਕੋਹਲੂ ਚਲਦੇ ਨੇ । ਅੱਗੇ ਗੱਲ ਹੋਰ ਸੀ,ਸਰਪੰਚ ਤਕੜਾ ਸੀ । ਥਾਣੇ ਜਿੰਨੇ ਬੰਦਿਆ ਦੀ ਰੋਟੀ ਦਾ ਹੁਕਮ ਹੁੰਦਾ,ਸਰਪੰਚ ਰਾਤ ਬਿਰਾਤੇ ਪਹੁੰਚਾ ਦਿੰਦਾ ਸੀ । ਕੇਰਾ ਸਾਬਕਾ ਸਰਪੰਚ ਦੇ ਭਤੀਜੇ ਨੂੰ ਕਿਸੇ ਸ਼ਿਕਾਇਤ ਤੇ ਚੱਕ ਲਿਆ । ਥਾਣੇਦਾਰ ਨੂੰ ਕਾਰਵਾਈ ਕਰਨੀ ਪਈ । ਪਰ ਰੱਖਿਆ ਉਹਨੂੰ ਰਾਜਕੁਮਾਰ ਵਾੰਗੂ । ਮੈਂ ਆਪ ਉਦੋ ਸਰਪੰਚ ਦੇ ਘਰੋਂ ਰੋਟੀ ਲੈ ਕੇ ਜਾਂਦਾ । ਕੁੜੀ ਦਾ ਮਸਲਾ ਸੀ । ਰਾਤ ਬਿਰਾਤੇ ਕਾਰਾ ਹੋ ਗਿਆ । ਕੁੜੀ ਵੀ ਬਰਾਬਰ ਦੀ ਹਿੱਸੇਦਾਰ ਸੀ । ਬਸ ਉਸ ਦਿਨ ਕਿਤੇ ਬੰਦੇ ਇੱਕ ਦੀ ਥਾਂ ਦੋ ਹੋਗੇ । ਕੇਸ ਕੀਂ ਵੱਧਦਾ,ਲੈ ਦੇ ਕੇ ਨਿੱਬੜ ਗਿਆ । ਮੇਰਾ ਪਿਉ ਸੀਰੀ ਰਲਿਆ ਰਿਹਾ ਸਾਰੀ ਉਮਰ ਸਰਪੰਚ ਦੇ । ਬਸ ਮੈਂ ਬਚ ਰਿਹਾ,ਆਪਦਾ ਕੰਮ ਤੋਰ ਲਿਆ ਮਿਸਤਰਿਪੁਣੇ ਦਾ । ਉਹ ਤਾਂ ਜਦੋ ਸਾਡੇ ਪਿੰਡ ਆਲੀ ਸਰਪੰਚੀ ਰਿਜ਼ਰਵ ਕੋਟੇ ਦੀ ਹੋ ਗਈ । ਫੇਰ ਮੈਨੂੰ ਫਸਾਤਾ । ਵਿਹੜੇ ਆਲੇ ਵੀ ਕੱਠੇ ਹੋ ਕੇ ਮੈਨੂੰ ਸਰਵਸੰਮਤੀ ਨਾਲ ਸਰਪੰਚੀ ਦੇਣੀ ਮੰਨ ਗਏ । ਸਾਬਕਾ ਸਰਪੰਚ ਦੀ ਵੀ ਵੱਡੀ ਸਪੋਰਟ ਸੀ,ਕਹਿੰਦਾ ਪਰਵਾਹ ਨਾ ਕਰੀਂ ,ਮੈਂ ਹੈਗਾ ਤੇਰੇ ਪਿੱਛੇ...ਉਹ ਦਿਨ ਤੇ ਆਹ ਦਿਨ । ਸਾਡੇ ਵਿਹੜੇ ਆਲੀ ਮੁੰਡੀਰ ਆਪਣੇ ਆਪ ਨੂੰ ਵੀ ਸਰਪੰਚ ਸਮਝਣ ਲੱਗ ਪਈ ,ਕਹਿੰਦੇ ਸਾਡਾ ਚੁਣਿਆ ਸਰਪੰਚ ਹੈ,ਇਸ ਲਈ ਅਸੀਂ ਵੀ ਸਾਰੇ ਸਰਪੰਚ ਈ ਆਂ ।" "ਫਿਰ ਇਸ ਚ ਮਾੜੀ ਗੱਲ ਕੀਂ ਸੀ ?" "ਇਸੇ ਗੱਲ ਨੇ ਤਾਂ ਰੱਫੜ ਪਾਂ ਤਾ । ਮੈਂ ਪਿਛਲੇ ਦੋ ਸਾਲਾ ਚ ਇਹ ਸਮਝ ਗਿਆ ਵੀ ਇਹ ਕੰਮ ਤਕੜੇ ਘਰਾਂ ਦੇ ਨੇ । ਬਹੁਤ ਖਰਚਾ ਕਰਨਾ ਪੈਂਦਾ,ਵੱਟਣ ਨੂੰ ਕੁਛ ਨੀ । ਚੌਧਰ ਦੀ ਭੁੱਖ ਮੈਨੂੰ ਕਦੇ ਰਹੀ ਨੀ, ਬਸ ਇੱਜਤ ਹਰੇਕ ਨੂੰ ਪਿਆਰੀ ਹੁੰਦੀ ਹੈ । ਮੈਂ ਵੀ ਜਦੋਂ ਸਰਪੰਚ ਆਲੇ ਕੰਮ ਕਰਨੇ ਸ਼ੁਰੂ ਕੀਤੇ ਤਾਂ ਮਾਮਲਾ ਬਿਗੜ ਗਿਆ, ਇੰਨਾ ਬਿਗੜਿਆ ਕੀਂ ਹੁਣ ਸਭ ਆਪਦੇ ਤੇ ਪੈ ਗਈ । ਦੱਸੋ ਮੈਂ ਗਰੀਬ ਬੰਦਾ ,ਮੇਰਾ ਤਾਂ ਆਪ ਸਾਰਾ ਦਿਹਾੜੀ ਦੱਪਾਂ ਰੁਲ ਗਿਆ । ਵਿਹਲ ਈ ਨੀ ,ਲੋਕਾਂ ਦੇ ਰੌਲੇ ਤੋ । ਕੱਢਣ ਪਾਉਣ ਨੂੰ ਕੁਛ ਨੀ ।" ਸਰਪੰਚ ਨੂੰ ਸ਼ਾਇਦ ਕਿਤੇ ਇਹ ਵਹਿਮ ਸੀ ਕਿ ਮੈਂ ਉਸ ਤੋਂ ਕੋਈ ਪ੍ਰਬੰਧ ਜਾਂ ਵਸਤੂ ਦੀ ਮੰਗ ਕਰਾਂ ਇਸ ਤੋਂ ਪਹਿਲਾਂ ਹੀ ਉਹ ਆਪਣੀ ਹਾਲਤ ਦੱਸ ਦੇਵੇ । "ਸਰਪੰਚ ਤੁਸੀਂ ਰਾਮ ਨਾਲ ਘਰ ਜਾ ਕੇ ਅਰਾਮ ਕਰੋ । ਬਿਸਤਰਾ,ਪਾਣੀ ਮੈਂ ਸਭ ਨਾਲ ਲੈ ਕੇ ਤੁਰਿਆਂ, ਕਿਸੇ ਚੀਜ ਦੀ ਲੋੜ ਨੀ, ਬੱਸ ਆਹ ਬੰਦੇ ਦੀ ਕੋਈ ਤਕਲੀਫ ਹੋਈ ਤਾਂ ਮੈਂ ਫ਼ੋਨ ਤੇ ਦੱਸ ਦਿਉ ।" "ਚੰਗਾ ਠੀਕ ਐ ਫੇਰ, ਇਹਦੇ ਘਰੋਂ ਜਵਾਕ ਇਹਨੂੰ ਚਾਹ ਪਾਣੀ ਫੜਾ ਜਾਣਗੇ । ਬਾਕਿ ਚੌਂਕੀਦਾਰ ਹੈ ਇੱਥੇ,ਕੋਈ ਗੱਲ ਹੋਈ ਤਾਂ ਉਹਨੂੰ ਸੁਨੇਹਾ ਲਾ ਦਿਉ ।" ਸਰਪੰਚ ਕਹਿਣ ਲੱਗਿਆ |

“ਨਾਲੇ ਜੀ ਤੁਸੀ ਰਾਤ ਨੂੰ ਮਾੜੀ ਜਿਹੀ ਬਿੜਕ ਰੱਖਿਉ | ਵਸੇ ਤਾਂ ਗੱਡੀ ਥੋਡੀ ਕਾਲਜ ਦੇ ਵਿਚ ਹੀ ਖੜੀ ਹੈ ,ਪਰ ਅੱਜਕਲ ਕਿਸੇ ਦਾ ਕੀ ਪਤਾ ,ਐਵੇ ਰਾਤ ਬਿਰਾਤੇ ਬੈਟਰੀ ਕੱਢ ਕੇ ਲੈ ਜਾਣ |.....ਇੱਕ ਗੱਲ ਹੋਰ ...ਦਰਵਾਜਾ ਖਿੜਕੀ ਬੰਦ ਈ ਰੱਖਿਉ ,ਸੱਪ ਸੁੱਪ ਦਾ ਕੋਈ ਪਤਾ ਨੀ ,ਪਰ ਹੈ ਬਹੁਤੇ ਡੱਡੂ ਖਾਣੇ.....|” ਮੇਂਬਰ ਨੇ ਜਿਵੇ ਝੇਡ ਕਰਕੇ ਖਚਰੀ ਜਿਹੀ ਹਾਸੀ ਹੱਸੀ |

“ਓ ਕਿਉ ਪਕਾਈ ਮਾਰੀ ਜਾਨਾ ਮੇਂਬਰ।..ਤੁਸੀ ਇਹਦੀ ਗੱਲ ਤੇ ਨਾ ਜਾਇਉ,ਏਨੂੰ ਐਵੇ ਮਜਾਕ ਕਾਰਨ ਦੀ ਆਦਤ ਹੈ |" ਸਰਪੰਚ ਨੇ ਕਿਹਾ | ਸਰਪੰਚ ਆਪਣੇ ਮੋਟਰ ਸਾਈਕਲ ਤੇ ਉਹਨੂੰ ਲੈ ਕੇ ਤੁਰ ਗਿਆ |

“ਲੈ ਇਹ ਮੈਨੂੰ ਉਈ ਸਮਝਦੇ ਨੇ .....ਖੈਰ ਪਿੰਡਾਂ ਦੀ ਗਵਾਰ ਮੱਤ ....ਕੋਈ ਨੀ ,ਐ ਨੀ ਮੈ ਡਰਨ ਲੱਗਿਆ |” ਮੈ ਜਿਵੇ ਆਪਨੇ ਆਪ ਨੂੰ ਕਿਹਾ | ਕੁਆਰੰਟੀਨ ਕੀਤਾ ਬੰਦਾ ਤੇ ਮੇਰੇ ਵਿਚਾਲੇ ਤਿੰਨ ਕਮਰਿਆਂ ਦੀ ਵਿੱਥ ਹੈ । ਉਸਨੂੰ ਇੱਧਰ ਆਉਣ ਦੀ ਮਨਾਹੀ ਹੈ । ਬਾਥਰੂਮ ਉਸਦੇ ਕਮਰੇ ਦੇ ਨਾਲ ਹੀ ਬਣਿਆ ਹੈ । ਉਹ ਦੇਹਲੀ ਤੇ ਬੈਠਾ ਬੀੜੀ ਪੀਂਦਾ ਹੈ । ਕਦੇ ਕਦੇ ਮੇਰੇ ਵੱਲ ਝਾਕ ਲੈਂਦਾ ਹੈ । "ਚੌਂਕੀਦਾਰ ਨੇ ਵੀ ਕਾਫੀ ਟਾਈਮ ਲਗਾ ਦਿੱਤਾ,ਪਤਾ ਨਈਂ ਆਉ ਕਿ ਨਹੀਂ । ਨਾਲੇ ਹੁਣ ਤਾਂ ਮੈਂ ਵੀ ਪੈਸੇ ਦੇ ਦਿੱਤੇ । ਦੇਸੀ ਦੀ ਬੋਤਲ ਪੀ ਕੇ ਘਰੇ ਈ ਲਿਟ ਗਿਆ ਹੋਣਾ । ਐਵੇਂ ਕਾਹਲ ਕੀਤੀ,ਪੈਸੇ ਉਹਨੂੰ ਸਵੇਰੇ ਜਾਣ ਵੇਲੇ ਫੜਾ ਦਿੰਦਾ ।...ਸੋਚਿਆ ਵੀ ਚੱਲ ਜੇ ਉਹ ਰਾਤ ਰਹਿ ਪਉ ਇੱਥੇ ਤਾਂ ਸਾਥ ਬਣਿਆ ਰਹੁ,....ਨਹੀਂ ਜੇ ਕੋਈ ਮੌਕਾਂ ਬਣਦਾ ਤਾਂ ਮੈਂ ਰਾਤ ਨੂੰ ਘਰੇ ਲੰਘ ਜਾਂਦਾ । ਇੱਥੇ ਉਜਾੜ ਚ ਕਿਹੜਾ ਨੀਂਦ ਆਉਣੀ ਐ । ਸਰਪੰਚ ਵੀ ਇਹੀ ਕਹਿੰਦਾ ਸੀ,ਵੀ ਲੰਘ ਜਿਉਂ, ਇੱਥੇ ਚੌਂਕੀਦਾਰ ਹੈ,.....ਕੀਂ ਪਤਾ ਚੌਂਕੀਦਾਰ ਨੂੰ ਵੀ ਇਹੀ ਲੱਗਿਆ ਹੋਵੇ ਵੀ ਉਹਨੂੰ ਰਾਤ ਕਟਾਉਣਗੇ... ਤਾਂ ਹੀ ਟਰਕਿਆ ਹੋਣਾ ....ਚੱਲ ਜਿਵੇ ਸਮੇ ਦੀ ਮਰਜੀ....।" ਮੈਂ ਸੋਚਦਾ ਹੋਇਆ ਆਪਣੇ ਕਮਰੇ ਵਿੱਚ ਡਹੇ ਮੰਜੇ ਤੇ ਬਿਸਤਰਾ ਵਿਛਾ ਪੈ ਗਿਆ "ਹਾਂ ਜੀ,ਪੈ ਗਏ?" ਮੇਰੇ ਕਮਰੇ ਦਾ ਦਰਵਾਜਾ ਖੜਕਿਆ । ਚੌਂਕੀਦਾਰ ਸੀ । ਸੋਟੀ ਚੁੱਕੀ ਅੰਦਰ ਝਾਕਿਆ । ਮੈਂ ਤ੍ਰਭਕ ਕੇ ਖੜਾ ਹੋ ਗਿਆ । "ਨਹੀਂ ...ਨਹੀਂ...ਆਜਾਉ,ਪੈਣ ਆਲਾ ਕੰਮ ਕਿੱਥੇ,ਇੱਥੇ ਨੀਂਦ ਨੀ ਆਉਣੀ,ਜਗਰਾਤਾ ਕੱਟਾਂਗੇ ।" ਮੈਂ ਉਸਨੂੰ ਇੱਕ ਪਾਸੇ ਪਈ ਕੁਰਸੀ ਤੇ ਬੈਠਣ ਦਾ ਇਸ਼ਾਰਾ ਕਰਦਿਆਂ ਕਿਹਾ । "ਕੋਈ ਨੀ ਜੀ....ਪੰਜ ਸੱਤ ਘੰਟੇ ਰਹਿਗਏ । ਤੁਸੀਂ ਤੜਕੇ ਚਾਹੇ ਪਹਿਲਾ ਚਲ ਜਾਣਾ, ਇੱਥੇ ਕੌਨ ਪੁੱਛਦਾ । ਮੈਂ ਚਾਹ ਪੰਜ ਵੱਜਦੇ ਨੂੰ ਗੁਰੂਦਵਾਰਾ ਸਾਹਬ ਚੋ ਲਿਆਉਂ । "ਕੋਈ ਨੀ, ਖੇਚਲ ਨੀ ਕਰਨੀ....ਹੋਰ ਕਿਵੇ ਬਹੁਤਾ ਚਿਰ ਲਾ ਦਿੱਤਾ ਮੁੜਨ ਨੂੰ । ਨਾਲੇ ਪਿੰਡਾਂ ਚ ਤਾਂ ਸੁਣਿਆ ਨੌਂ ਵੱਜਦੇ ਨੂੰ ਪੈ ਜਾਂਦੇ ਨੇ ਸਾਰੇ । ਡੰਗਰ ਪਸ਼ੂ ਆਲੇ ਘਰ ਨੇ ।" "ਲੈ, ਹੁਣ ਕਿੱਥੇ । ਆਹ ਮੈਂ ਰੋਜ ਦੇਖਦਾ । ਪੰਜ ਸੱਤ ਜਨਾਨੀਆਂ,ਬੰਦੇ ਐਸ ਵੇਲੇ ਸੂਏ ਤੱਕ ਸੈਰ ਕਰਨ ਆਉਂਦੇ ਨੇ । ਡੰਗਰ ਪਸ਼ੂ ਤਾਂ ਬਸ ਹੁਣ ਜਿਮੀਦਾਰ ਜਾਂ ਥੋੜੀ ਜਮੀਨ ਆਲਾ ਰੱਖਦਾ ਜੀ,ਬਾਕਿ ਤਾਂ ਮੁੱਲ ਪੀਣ ਆਲੇ ਨੇ । ਮੈਂ ਵੀ ਲੇਟ ਪਸ਼ੂ ਦੇ ਚੱਕਰ ਚ ਈ ਹੋਇਆ ।" "ਕੀਂ ਗੱਲ,ਪਸ਼ੂ ਦਾ ਕੀਂ ਚੱਕਰ ਸੀ ?" "ਗੱਲ ਇਹ ਹੈ ਜੀ,ਮੈਂ ਪਸ਼ੂ ਤੇ ਬੰਦੇ ਦੇ ਗੋਡੇ ਗਿੱਟੇ ਵੀ ਚਾੜ ਲੈਨਾ, ਆਹ ਰਾਹ ਚ ਇੱਕ ਘਰੇ ਪਸ਼ੂ ਸੂਣ ਆਲਾ ਸੀ । ਕਟਰੂ ਦੇ ਕਿਤੇ ਖ਼ੁਰ ਅੰਦਰ ਨੂੰ ਮੁੜ ਗਏ । ਬਸ ਮੈਨੂੰ ਜਾਂਦੇ ਨੂੰ ਦੇਖ ਕੇ ਅਗਲਿਆਂ ਨੇ ਰੋਕ ਲਿਆ । ਮੈਂ ਬਸ ਫਿਰ ਕੰਮ ਸਿਰੇ ਲਾ ਆਇਆ । ਘਰ ਦੇ ਜਾਂਦੇ ਨੂੰ ਗੜਵੀ ਭਰ ਕੇ ਘਰੇ ਕੱਢੀ ਦਾਰੂ ਦੀ ਪੀਣ ਨੂੰ ਲਿਆਏ । ਮੈਂ ਕਿਹਾ ਵੀ ਅੱਜ ਮੇਰੀ ਡਿਊਟੀ ਸਖਤ ਐ,ਛੇਤੀ ਪਹੁੰਚਣਾ । ਬਸ ਫੇਰ ਕਾਹਲ ਚ ਰੋਟੀ ਖਾ ਕੇ ਮੁੜ ਆਇਆ ।" "ਚਲੋ, ਕਿਸੇ ਦਾ ਭਲਾ ਕਰਨਾ ਵੀ ਵੱਡਾ ਕੰਮ ਹੈ । ਬੱਸ ਮੈਂ ਵੀ ਉਡੀਕਦਾ ਪੈ ਗਿਆ ਸੀ । ਇੱਕ ਤਾਂ ਸਾਲਾ ਹੈ ਵੀ ਇਹ ਥਾਂ ਜਵਾ ਸੁੰਨ ਸਰਾਂ ਚ,ਇਹੀ ਸੋਚਦਾ ਵੀ ਇੱਥੇ ਰੋਜ ਰਾਤ ਕੱਟਣੀ ਕਿਹੜਾ ਸੌਖੀ ਹੋਣੀ । ਤੈਨੂੰ ਤਾਂ ਬਾਬਾ ਬੜਾ ਔਖਾ ਹੁੰਦਾ ਹੋਣਾ ਇੱਥੇ? ਸੁੰਨੀ ਥਾਂ ਚ ਕੀ ਪਤਾ ਕੌਣ ਕਿੱਥੇ ਆ ਵੜੇ?" "ਇਹ ਤਾਂ ਆਦਤ ਦੀ ਗੱਲ ਐ ਜੀ,ਦਸ ਸਾਲ ਹੋ ਗਏ ਕੰਮ ਕਰਦੇ ਨੂੰ,ਬਾਕਿ ਮਜਬੂਰੀ ਕਾਹਨੂੰ ਕੁਝ ਦੇਖਦੀ ਹੈ । ਮੇਰਾ ਮੁੰਡਾ ਸ਼ਰਾਬ ਨੇ ਲੈ ਲਿਆ,ਚੰਗਾ ਭਲਾ ਕੰਬਾਈਨ ਤੇ ਜਾਂਦਾ ਸੀ । ਸੋਚਿਆ ਚੱਲ ਚਾਰ ਪੈਸੇ ਘਰੇ ਆਉਣਗੇ । ਦੂਜੇ ਸਾਲ ਗਿਆ ਤਾਂ ਡਬਲ ਸ਼ਿਫਟ ਚ ਕੰਮ ਕਰਦੇ ਦੀ ਅੱਖ ਲੱਗ ਗਈ । ਇੱਕ ਹੱਥ ਵਢਾ ਲਿਆ । ਰੱਬ ਦੀ ਕੀਤੀ ਦਾ ਕਿਹੜਾ ਪਤਾ ਲੱਗਦਾ । ਠੀਕ ਹੋ ਕੇ ਫੇਰ ਜਾਣ ਲੱਗ ਪਿਆ । ਔਖਾ ਸੌਖਾ ਵਿਆਹਿਆ ਵੀ ਗਿਆ । ਪਰ ਉਹਨੂੰ ਜਿਵੇ ਕੋਈ ਦੁੱਖ ਸੀ । ਪੀਣ ਵੱਲ ਨੂੰ ਹੋ ਗਿਆ । ਕੇਰਾਂ ਬੰਗਾਲ ਚੋ ਦੋ ਮਹੀਨੇ ਬਾਅਦ ਵਾਪਸ ਮੁੜਿਆ ,ਕੰਬਾਈਨ ਦੇ ਕੰਮ ਤੋਂ । ਘਰੇ ਵੜਨ ਵੇਲੇ ਵੀ ਦਾਰੂ ਨਾਲ ਡੱਕਿਆ ਹੋਇਆ । ਅਸੀਂ ਐ ਚੁੱਪ ਕਰ ਜਾਂਦੇ,ਵੀ ਚੱਲ ਕਮਾਊ ਪੁੱਤ ਐ, ਦਿਨ ਰਾਤ ਮਿਹਨਤ ਕਰਦਾ,ਕਾਹਨੂੰ ਟੋਕਣਾ । ਅਗਲੇ ਦਿਨ ਸਵੇਰੇ ਉਹਨੂੰ ਪੁੱਛਿਆ ਵੀ ਐਤਕੀ ਤਾਂ ਵਧੀਆ ਪੈਸੇ ਜੁੜ ਗਏ ਹੋਣਗੇ । ਕਹਿੰਦਾ ਪੈਸੇ ਤਾਂ ਜੁੜਗੇ ਸੀ ਪਰ ਖਰਚ ਹੋ ਗਏ । ਘਰਵਾਲੀ ਨੇ ਝੋਲਾ ਫਰੋਲਿਆ ਤਾਂ ਦਰਜਨ ਕੇਲੇ ਨਿੱਕਲੇ । ਉਹੀ ਲੈ ਕੇ ਆਇਆ ਸੀ । ਘਰੇ ਕਲੇਸ਼ ਛਿੜ ਗਿਆ । ਨਾਲ ਦਿਆ ਤੋਂ ਪਤਾ ਲੱਗਿਆ ਵੀ ਇਹ ਤਾਂ ਸਾਰਾ ਪੈਸਾ ਖਾਣ ਪੀਣ ਚ ਉਡਾ ਆਇਆ । ਇਹਤੋਂ ਕੀ ਭਾਲਦੇ ਓ ਮਲੰਗ ਤੋਂ ।....ਕਲੇਸ਼ ਕਰਕੇ ਉਹਦੇ ਘਰਵਾਲੀ ਕੁੜੀ ਲੈ ਕੇ ਪੇਕੇ ਚਲੀ ਗਈ । ਪਿੱਛੋਂ ਇਹ ਹਫਤਾ ਦਾਰੂ ਪੀਈ ਗਿਆ ਤੇ ਮਰ ਗਿਆ । ਹੁਣ ਇਸ ਬੁੱਢੀ ਉਮਰੇ ਅਸੀਂ ਨਿੱਕ ਸੁੱਕ ਕਰਕੇ ਆਪਣਾ ਡੰਗਾ ਲਾਹੀ ਜਾਨੇ ਆਂ । ਮੇਰੇ ਘਰ ਆਲੀ ਲੋਕਾਂ ਦੇ ਗੋਹਾ ਕੂੜਾ ਕਰ ਆਉਂਦੀ ਹੈ । ਪੋਤੀ ਸਾਡੇ ਨਾਲ ਰਹਿੰਦੀ ਹੈ,ਉਹਨੂੰ ਪੜਾਈ ਜਾਨੇ ਆਂ । ...ਇੱਥੇ ਰਾਤ ਨੂੰ ਰਹਿੰਦਿਆ ਤਾਂ ਮੈਨੂੰ ਥੋੜੀ ਸ਼ਾਂਤੀ ਮਿਲ ਜਾਂਦੀ ਹੈ,ਘਰ ਤਾਂ ਮੈਨੂੰ ਇੱਥੇ ਨਾਲੋਂ ਵੀ ਵੱਧ ਸੁੰਨਾ ਲੱਗਦਾ ।" ਚੌਕੀਦਾਰ ਨੇ ਆਪਣਾ ਹਾਲ ਬਿਆਨ ਕਰਦੇ ਦੱਸਿਆ । "ਬੱਸ, ਸਭ ਪਰਮਾਤਮਾ ਦੇ ਲੇਖੇ ਨੇ । ਕਹਿੰਦੇ ਕਹਾਉਂਦੇ ਰਾਜਿਆਂ ਨੂੰ ਵੀ ਵਨਵਾਸ ਕੱਟਣੇ ਪੈ ਜਾਂਦੇ ਨੇ,ਜੰਗਲਾਂ ਚ ਰਾਤਾਂ ਕੱਟਣੀਆਂ ਪੈ ਜਾਂਦੀਆਂ ਨੇ । ਇੱਥੇ ਕਿਸੇ ਦਾ ਆਪਣੇ ਕਰਮਾਂ ਤੇ ਵੱਸ ਨਹੀਂ ।" ਮੈਂ ਜਿਵੇ ਉਹਨੂੰ ਹੌਸਲਾ ਦੇਣ ਲਈ ਅਧਿਆਤਮਵਾਦੀ ਪੱਖ ਫਰੋਲਿਆ । "ਪਰ ਇੱਕ ਗੱਲ ਐ, ਇੱਥੇ ਸੁੰਨੀ ਥਾਂ ਵੀ ਕਈ ਲੋਕਾਂ ਨੂੰ ਰਾਸ ਆਉਂਦੀ ਹੈ । ਮੇਨ ਸੜਕ ਤੋਂ ਹਟਕੇ ਪੈਂਦਾ ਇਹ ਕਾਲਜ । ਰਾਤ ਬਿਰਾਤੇ ਬਥੇਰੇ ਆਸ਼ਕ ਆਉਂਦੇ ਨੇ ਇੱਥੇ ।" ਚੌਂਕੀਦਾਰ ਨੇ ਚਿਹਰੇ ਤੇ ਮੁਸਕਾਨ ਲਿਆਉਂਦੇ ਤੇ ਇੱਕ ਅੱਖ ਮੀਚਕੇ ਕਿਹਾ । "ਆਸ਼ਕ ਇੱਥੇ ਕਿਵੇ??" " ਭਾਂਤ ਭਾਂਤ ਦੀ ਦੁਨੀਆ ਇੱਥੇ । ਮੇਰੇ ਲਈ ਇਹ ਕੋਈ ਨਵੀਂ ਗੱਲ ਨਹੀਂ । ਅੱਧੀ ਰਾਤ ਨੂੰ ਕਦੇ ਗੱਡੀ,ਕਦੇ ਮੋਟਰਸਾਈਕਲ ਤੇ ਕਦੇ ਕੋਈ ਪਿੰਡ ਦਾ ਬੰਦਾ ਈ ਬਾਹਰੋਂ ਅੰਦਰੋਂ ਜਨਾਨੀ ਲੈ ਕੇ ਆ ਵੜਦੇ ਨੇ । ਅੱਧੀ ਰਾਤ ਮਗਰੋਂ ਕਈ ਵਾਰ ਉਹ ਮੇਰਾ ਦਰਵਾਜਾ ਖੜਕਾ ਦਿੰਦੇ ਨੇ ਜਾਂ ਮੈਂ ਜਦੋਂ ਪਿਸ਼ਾਬ ਕਰਨ ਉੱਠਦਾ ਤਾਂ ਉਰਾ ਪਰਾ ਖੂੰਜੇ ਚ ਲੱਗੇ ਮੈਨੂੰ ਦਿਸ ਜਾਂਦੇ ਨੇ । ਸਭ ਨੂੰ ਪਤਾ ਹੁੰਦਾ ਵੀ ਚੌਂਕੀਦਾਰ ਮਾੜਾ ਬੰਦਾ, ਇਹ ਤੋਂ ਕੀ ਡਰਨਾ ।..ਮੈਂ ਵੀ ਡਰਦਾ ਵੀ ਐਵੇ ਅਗਲੇ ਦੇ ਕੰਮ ਚ ਘੜੰਮ ਬਣੀਏ,ਕੋਈ ਸੱਟ ਫੇਟ ਮਾਰ ਦੇਣ ...ਕੌਣ ਸਾਂਭੂ ?" "ਨਾ ਉਹ ਤੇਰਾ ਬਾਰ ਕਿਉ ਖੜਕਾਉਂਦੇ ਨੇ ਫੇਰ?" ਮੈਨੂੰ ਜਿਗਿਆਸਾ ਹੋਈ । "ਉਹ ਐ ਜੀ,ਮੈਨੂੰ ਕਦੇ ਕਦਾਈਂ ਦਾਰੂ ਜਾਂ ਪੈਸਾ ਦੇ ਕੇ ਮੈਨੂੰ ਕਮਰਾ ਵਰਤਣ ਲਈ ਕਹਿੰਦੇ ਨੇ । ਹੁਣ ਇਹ ਕਾਲਜ ਵਾਲਿਆ ਦੇ ਦੋ ਹਜ਼ਾਰ ਨਾਲ ਕਿੱਥੇ ਗੁਜਾਰਾ ਹੁੰਦਾ,ਮੈਨੂੰ ਵੀ ਸਹਾਰਾ ਲੱਗ ਜਾਂਦਾ । ਅਗਲੇ ਅੱਧੇ ਪੌਣੇ ਘੰਟੇ ਚ ਮੇਰੇ ਕਮਰੇ ਤੋਂ ਬਾਹਰ ਹੋ ਜਾਂਦੇ ਨੇ । ਮੈਂ ਬੀੜੀ ਲਾ ਕੇ ਪਰਾਂ ਨੂੰ ਗੇੜਾ ਕੱਢ ਆਉਣਾ । ਕੇਰਾ ਮੈਂ ਪਿਸ਼ਾਬ ਕਰਨ ਉੱਠਿਆ ਤਾਂ ਕੀ ਦੇਖਦਾ ਵੀ ਪਤੰਦਰ ਬਰੋਟੇ ਥੱਲੇ ਈ ਚਾਦਰ ਵਿਛਾਈ ਪਏ । ਮੈਂ ਕੀ ਬੋਲਦਾ....ਚੁੱਪ ਕਰਕੇ ਲੰਘ ਗਿਆ । ਉਸ ਪਿੱਛੋਂ ਤਾਂ ਫੇਰ ਹੌਲੀ ਹੌਲੀ ਆਸ਼ਕਾਂ ਨੂੰ ਮੇਰੇ ਕਮਰੇ ਦੀ ਸੇਵਾ ਬਾਰੇ ਪਤਾ ਲੱਗ ਗਿਆ । ਮੈਨੂੰ ਵੀ ਮਹੀਨੇ ਚ ਪੰਜ ਸੱਤ ਕੇਸ ਮਿਲ ਜਾਂਦੇ ਸੀ । ਹੁਣ ਜਿੱਦੇ ਦਾ ਕਰੋਨਾ ਲੱਗਿਆ,ਪੁਲਿਸ ਦੀ ਗਸ਼ਤ ਵਧ ਗਈ ਨਾਲੇ ਲੋਕ ਵੀ ਡਰੇ ਫਿਰਦੇ ਨੇ । ਹੁਣ ਕੰਮ ਠੱਪ ਹੈ ।" ਚੌਂਕੀਦਾਰ ਨੇ ਹੱਸਦਿਆਂ ਕਿਹਾ । "ਹਾ ਹਾ...ਮਤਲਬ ਹੁਣ ਮੰਦੀ ਚੱਲ ਰਹੀ ਹੈ.... ।" "ਜਿਵੇ ਮਰਜੀ ਸਮਝ ਲਓ,ਹੁਣ ਤਾਂ ਲੋਕਾਂ ਦੇ ਗੋਡੇ ਗਿੱਟੇ ਚਾੜ ਕੇ ਜਾਂ ਪਸ਼ੂਆਂ ਦੇ ਜੋੜਾਂ ਨਾਲ ਈ ਕੰਮ ਚੱਲੀ ਜਾਂਦਾ । ਰੋਟੀ ਤੇ ਰਾਸ਼ਨ ਪਾਣੀ ਸਰਪੰਚ ਦੇ ਗਿਆ ਸੀ,ਆਪਣੀ ਬਰਾਦਰੀ ਦਾ ਹੈ,ਦਾਰੂ ਪਾਣੀ ਵੰਨਿਊ ਜੱਟ ਵਾਧੂ ਸਾਰ ਦਿੰਦੇ ਨੇ। ਢੋਲ ਕੱਢ ਕੇ ਰੱਖਦੇ ਨੇ ਅਗਲੇ । ਦੋ ਚਾਰ ਥਾਵੇਂ ਤਾਂ ਮੈਂ ਆਪ ਕਢਾਉਂਦਾ ਰਿਹਾ । ਵਾਢੀ ਤੋਂ ਪਹਿਲਾਂ ਇਹ ਸਾਰਾ ਇੰਤਜਾਮ ਕਰਨਾ ਪੈਂਦਾ । ਅੱਗੇ ਕਣਕ ਵੱਢ ਕੇ ਆਥਣੇ ਘਿਉ ਸ਼ੱਕਰ ਖਾ ਕੇ ਫੱਕੀ ਹੋਈ ਮਿੱਟੀ ਗੱਲ ਥੱਲੇ ਲਹਿੰਦੀ ਸੀ । ਹੁਣ ਕਹਿੰਦੇ ਇਹ ਪੀਤੇ ਬਗੈਰ ਨੀ ਰਗਾਂ ਸਾਫ ਹੁੰਦੀਆਂ । ......ਹਾ ਹਾ...ਜੱਟਾ ਦੇ ਜਿਗਾੜ ।" ਆਪਣੇ ਮੋਬਾਈਲ ਤੇ ਟਾਈਮ ਦੇਖਣ ਨੂੰ ਨਿਗਾਹ ਮਾਰੀ ਤਾਂ ਸਵਾ ਬਾਰਾਂ ਵੱਜ ਗਏ ਸਨ । ਗੱਲਾਂ ਮਾਰਦਿਆਂ ਟਾਈਮ ਦਾ ਪਤਾ ਹੀ ਨਹੀਂ ਲੱਗਿਆ । "ਚੰਗਾ ਫੇਰ ,ਮੈਂ ਹੁਣ ਪੈਣਾਂ ਜਾ ਕੇ । ਉਹ ਸਾਹਮਣੇ ਆਲਾ ਕਮਰਾ । ਜਦੋ ਮਰਜੀ ਹਾਕ ਮਾਰ ਦਿਉ ।" ਚੌਂਕੀਦਾਰ ਸੋਟੀ ਦਾ ਸਹਾਰਾ ਜਿਹਾ ਲੈ ਕੇ ਕੁਰਸੀ ਤੋਂ ਉੱਠ ਬਾਹਰ ਨੂੰ ਚੱਲ ਪਿਆ । ਮੈਂ ਵੀ ਉਹਦੇ ਨਾਲ ਬਾਹਰ ਆਇਆ । ਬਾਹਰ ਹਵਾ ਵਧੀਆ ਚੱਲ ਰਹੀ ਸੀ । ਕਮਰੇ ਦੀ ਉਮਸ ਚੋ ਨਿਕਲ ਕੇ ਇੱਥੇ ਜਿਵੇ ਕੁਝ ਠੰਡਕ ਜਿਹੀ ਮਹਿਸੂਸ ਹੋਈ । ਜੀ ਕੀਤਾ ਵੀ ਇੱਥੇ ਬਾਹਰ ਹੀ ਮੰਜਾ ਡਾਹ ਕੇ ਸੌ ਜਾਂਵਾਂ । ਪਰ ਬਿਗਾਨੀ ਤੇ ਵੀਰਾਨ ਥਾਂ । ਸ਼ਰਾਬੀ ਤੇ ਕਾਤਿਲ ਕਰੋਨਾ ਦਾ ਮਰੀਜ ,ਕੀ ਪਤਾ ਕਦੋ ਉਹਨੂੰ ਕਮਲ ਚੜ ਜੇ,ਹੋਰ ਨੀ ਮੇਰੇ ਸੁੱਤੇ ਪਏ ਤੇ ਥੁੱਕ ਦੇ । ਸਰਪੰਚ ਨੇ ਵੀ ਦੱਸਿਆ ਸੀ ਵੀ ਠੇਠਰ ਬੰਦਾ ਇਹ । ਕੱਪੜੇ ਲਾਹ ਕੇ ਵਿਹੜੇ ਚ ਖੜ ਜਾਂਦਾ । ਮੈਂ ਚੌਂਕੀਦਾਰ ਨੂੰ ਜਿਵੇਂ ਸੀ ਆਫ ਕੀਤਾ । "ਚੰਗਾ ਫੇਰ,ਚਾਰ ਪੰਜ ਘੰਟੇ ਹੋਰ ਨੇ,ਇਹ ਵੀ ਲੰਘ ਜਾਣਗੇ,ਤੂੰ ਪੈ ਜਾ ਕੇ,ਕੋਈ ਗੱਲ ਹੋਈ ਤਾਂ ਹਾਕ ਮਾਰ ਦਿਉ ।" ਮੈਂ ਆਪਣੇ ਕਮਰੇ ਦੀ ਉਮਸ ਵਿਚ ਫੇਰ ਮੁੜ ਆਇਆ । ਹਿੰਮਤ ਕਰਕੇ ਪਿਛਲੀ ਖਿੜਕੀ ਖੋਲ ਲਈ । ਇਸ ਵਿੱਚ ਗਰਿੱਲ ਲੱਗੀ ਸੀ ਪਰ ਜਾਲੀ ਨਹੀਂ ਸੀ । ਠੰਡੀ ਹਵਾ ਦੇ ਬੁੱਲੇ ਨੇ ਮੈਨੂੰ ਖਿੜਕੀ ਬੰਦ ਨਾ ਕਰਨ ਦਿੱਤੀ । ਖਿੜਕੀ ਚੋ ਦੂਰ ਤੱਕ ਫੈਲੇ ਸ਼ਾਂਤ ਪਏ ਖੇਤ ਅੱਧ ਚਾਨਣੀ ਰਾਤ ਵਿੱਚ ਚਮਕ ਰਹੇ ਸਨ । "ਬਾਈ ਜੀ,ਇੱਕ ਮਿੰਟ ਗੱਲ ਸੁਣਿਓ...।" ਮੇਰੇ ਦਰਵਾਜੇ ਤੇ ਖੜਕਾ ਹੋਇਆ । ਮੈਂ ਅਵਾਜ ਪਛਾਣ ਲਈ । ਇਹ ਕਰੋਨਾ ਦਾ ਮਰੀਜ ਸੀ । ਜੇ ਕਿਤੇ ਦਰਵਾਜਾ ਨਾ ਲੱਗਿਆ ਹੁੰਦਾ,ਇਹਨੇ ਤਾਂ ਮੇਰੇ ਸਿਰਹਾਣੇ ਖੜ ਜਾਣਾ ਸੀ । "ਹਾਂ, ਬਾਈ ਕੀ ਗੱਲ ਐ?" ਮੈਂ ਬਿਨਾ ਦਰਵਾਜਾ ਖੋਲੇ ਅੰਦਰੋਂ ਈ ਪੁੱਛਿਆ । "ਬੇਨਤੀ ਐ ਜੀ,ਮੈਂ ਬਸ ਅੱਧੇ ਘੰਟੇ ਨੂੰ ਮੁੜ ਆਉ,ਘਰੇ ਜਾਣਾ, ਜਵਾਕ ਮੈਨੂੰ ਥੋੜੀ ਦਾਰੂ ਦੇ ਕੇ ਗਏ ਸੀ, ਮੈਨੂੰ ਨੀਂਦ ਨੀ ਆਉਂਦੀ । ਮੈਂ ਬਸ ਹੁਣੇ ਘਰੇ ਜਾ ਕੇ ਪੀ ਕੇ ਮੁੜ ਆਉ ।" "ਉ ਯਾਰ ,ਪੈ ਜਾ ਟਿੱਕ ਕੇ,ਹੁਣ ਥੋੜੇ ਚਿਰ ਨੂੰ ਸਵੇਰ ਹੋ ਜਾਉ,ਐਵੇ ਕਿਸੇ ਪਿੰਡ ਆਲੇ ਨੇ ਫੜ ਲਿਆ,ਆਪਾ ਸਾਰੇ ਫਸ ਜਾਂਗੇ ।" "ਮਖਿਆ ਮੈਂ ਜਵਾਂ ਨੀ ਪਤਾ ਲੱਗਣ ਦਿੰਦਾ,ਹਾੜੇ ਥੋਡੇ, ਬਸ ਮੈਨੂੰ ਜਾਣ ਦਿਉ,ਅੱਧੇ ਘੰਟੇ ਨੂੰ ਆ ਜਾਉ ।" "ਬਾਈ ਮਰਜੀ ਐ ਤੇਰੀ,ਮੈਂ ਤੈਨੂੰ ਰੋਕਣ ਲਈ ਤਾਂ ਨੀ ਬੈਠਾ,ਪਰ ਮੈਨੂੰ ਸਰਪੰਚ ਨੂੰ ਦੱਸਣਾ ਪਊ, ਦੇਖ ਲੈ...।" ਮੈਨੂੰ ਐ ਲੱਗਿਆ ਜਿਵੇਂ ਮੈਂ ਉਸ ਅੱਗੇ ਮਜਬੂਰ ਹੋਵਾਂ ਤੇ ਉਸਦੀਆਂ ਮਿੰਨਤਾਂ ਕਰ ਰਿਹਾ ਹੋਵਾਂ । "ਤੁਸੀਂ ਜਵਾਂ ਫਿਕਰ ਨਾ ਕਰੋ ,ਸਾਡੇ ਵਿਹੜੇ ਚ ਸਭ ਪੀ ਕੇ ਸੌਂਦੇ ਨੇ,ਮੈਨੂੰ ਪਤਾ । ਬਸ ਮੈਂ ਆ ਗਿਆ ਹੁਣੇ ।" ਉਹ ਕਹਿ ਕੇ ਲੰਘ ਗਿਆ । ਪਤਾ ਨੀ ਮੁੜੇ ਨਾ ਮੁੜੇ....... ? ਜੇ ਫੜਿਆ ਗਿਆ .......? ਮੈਂ ਸਰਪੰਚ ਨੂੰ ਫੋਨ ਕਰਾ ਕਿ ਪੁਲਸ ਨੂੰ....... ? ਸਰਪੰਚ ਨੂੰ ਫੋਨ ਲਾਇਆ । ਰਿੰਗ ਜਾਂਦੀ ਰਹੀ । ਉਹ ਤਾਂ ਆਪ ਸੁੱਤਾ ਪਿਆ ਹਉ ਪੀ ਪਾ ਕੇ । ਫੇਰ ਕੁਝ ਸੋਚਕੇ ਮੈਂ ਆਪਣੇ ਕਮਰੇ ਦਾ ਦਰਵਾਜਾ ਖੋਲਿਆ ਤੇ ਬਾਹਰ ਨਿਕਲ ਆਇਆ । ਸਾਹਮਣੇ ਕਮਰੇ ਵਿੱਚ ਚੌਂਕੀਦਾਰ ਦੇ ਕਮਰੇ ਦੀ ਲਾਈਟ ਜੱਗ ਰਹੀ ਸੀ । ਹਨੇਰੇ ਚ ਚਾਨਣ ਦਾ ਇੱਕ ਹੋਰ ਸੂਤਰ । ਮੈਂ ਉਸਦੇ ਕਮਰੇ ਵੱਲ ਵਧ ਗਿਆ

ਆਸੇ ਪਾਸੇ ਫੈਲੇ ਹਨੇਰੇ ਨੂੰ ਦੇਖ ਕੇ ਮੈਨੂੰ ਪ੍ਰੇਮਚੰਦ ਦੀ ਕਹਾਣੀ'ਪੋਹ ਦੀ ਰਾਤ 'ਆਉਂਦੀ ਹੈ । ਉਸ ਕਹਾਣੀ ਚ ਵੀ ਗਰੀਬ ਕਿਸਾਨ ਆਪਣੇ ਕੁੱਤੇ ਨਾਲ ਫਸਲ ਦੀ ਰਾਖੀ ਕਰਦਾ ਠੰਡ ਨਾਲ ਲੜਦਾ ਹੈ । ਇੱਥੇ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਕੁਆਰੰਟੀਨ ਕੀਤਾ ਬੰਦਾ, ਅਸੀਂ ਦੋ ਜਣੇ ਇਸਦੀ ਰਾਖੀ ਬੈਠੇ ਹਾਂ, ਪਰ ਸਾਨੂੰ ਮੱਛਰ,ਹਨੇਰਾ,ਡਰ ਤੇ ਡਿਊਟੀ ਦੀ ਮਜਬੂਰੀ ਨਾਲ ਵੀ ਲੜਨਾ ਪੈ ਰਿਹਾ । "ਹਾਂ ਬਾਈ,ਜਾਗਦਾ ....ਹੈਲੋ...ਹੈਲੋ ।" ਮੈਂ ਚੌਂਕੀਦਾਰ ਦੇ ਕਮਰੇ ਦੀ ਬਾਰੀ ਵਿਚੋਂ ਉਸਨੂੰ ਹਾਕ ਮਾਰ ਕੇ ਜਗਾਉਂਦਾ । ਉਹ ਪਾਸਾ ਜਿਹਾ ਲੈ ਕੇ ਉਠਦਾ ਤੇ ਮੰਜੇ ਤੇ ਬੈਠਿਆ ਹੀ ਪੁੱਛਦਾ ਹੈ । "ਹਾਂ ਜੀ,ਕੀ ਗੱਲ ਹੋ ਗਈ...?" "ਉਹ ਯਾਰ ਉਹ ਆਪਣਾ ਮਰੀਜ ,ਪਤੰਦਰ ਘਰ ਨੂੰ ਤੁਰ ਗਿਆ,ਕਹਿੰਦਾ ਪੀਣ ਦਾ ਕੋਟਾ ਨੀ ਪੂਰਾ ਹੋਇਆ,ਅੱਧੇ ਘੰਟੇ ਨੂੰ ਮੁੜਨ ਦੀ ਕਹਿ ਕੇ ਤੁਰ ਗਿਆ ।" "ਅੱਛਾ...ਉਹਦਾ ਤਾਂ ਇਹੀ ਕੰਮ ਐ.. ਉਹ ਕਿੱਥੇ ਸਾਰਦਾ... ਚਲੋ ਕੋਈ ਨੀ ..ਮੁੜ ਆਉ..।" "ਮੈਂ ਸੋਚਦਾ ਸੀ,ਵੀ ਸਰਪੰਚ ਨੂੰ ਫੋਨ ਕਰੀਏ ਕਿ ਨਾ...?" "ਸਰਪੰਚ ਵੀ ਖਾਹ ਪੀ ਕੇ ਸੁੱਤਾ ਹਉ ਜੀ ਹੁਣ,ਕਾਹਨੂੰ ਐਵੇ ਰੌਲਾ ਪਾਉਣਾ, ਕੋਈ ਨੀ ਮੁੜ ਆਉ,..ਤੁਸੀਂ ਪੈ ਜੋ ਬੇਫਿਕਰ ਹੋ ਕੇ ।" ਚੌਂਕੀਦਾਰ ਵੀ ਸ਼ਾਇਦ ਨੀਂਦ ਦੀ ਘੂਕੀ ਚ ਸੀ । ਮੈਂ ਵੀ ਆਪਣੇ ਕਮਰੇ ਵੱਲ ਨੂੰ ਤੁਰ ਪਿਆ । "ਉਹ ਨਾਲੇ ਹੁਣ ਮੈਂ ਉਹਦੇ ਰੱਸਾ ਪਾ ਲਵਾਂ, ਐਵੇ ਮੂਰਖ ਬੰਦੇ ਨਾਲ ਖਹਿਬੜਦਾ ਫਿਰਾ ...ਸਾਲੀ ਰਾਤ ਕੱਟਣੀ ਐ.... ਚੱਲ ਕੱਟੀ ਜਾਉ,...ਇੱਥੇ ਹਰੇਕ ਨੂੰ ਆਪਣੇ ਤੇ ਆਈ ਦੂਜੇ ਉੱਪਰ ਸੁੱਟਣ ਦੀ ਆਦਤ ਹੈ...ਹੁਣ ਜੇ ਇਤਲਾਹ ਨਹੀਂ ਕਰਦਾ,ਤਾਂ ਕਹਿਣਗੇ ,ਥੋਨੂੰ ਨੰਬਰ ਕਾਹਦੇ ਵਾਸਤੇ ਦਿੱਤਾ ਸੀ । ਥਾਣੇਦਾਰ ਦਾ ਕੀ ਪਤਾ ਕੀ ਕਹੇ... ਪਰ ਐਵੇ ਜੇ ਉਹਨੂੰ ਫੋਨ ਕੀਤਾ,ਇਹਦੀ ਕੁੱਟਮਾਰ ਵਾਧੂ ਕਰ ਦੇਣਗੇ...ਉਹ ਤਾਂ ਆਥਣੇ ਆਇਆ ਸੀ ਜਦੋਂ,ਉਦੋਂ ਵੀ ਡਾਂਗ ਕੱਢ ਕੇ ਫੇਰਨ ਨੂੰ ਫਿਰਦਾ ਸੀ । ...ਨਹੀਂ ਉਹਨੂੰ ਫੋਨ ਕਰਨ ਨੂੰ ਰਹਿਣ ਈ ਦੇ...ਸਰਪੰਚ ਦੇ ਵਿਹੜੇ ਦਾ ਬੰਦਾ, ਉਹ ਸਮਝਦਾ,ਆਪੀ ਸਾਂਭ ਲਉ.. ਜੇ ਹੁਣ ਇਹਨੇ ਕੋਈ ਰੌਲਾ ਪਾਇਆ...।" ਮੈਂ ਆਪਣੇ ਆਪ ਨਾਲ ਗੱਲਾਂ ਕਰਦਾ ਆ ਰਿਹਾ ਸੀ । ਮੋਬਾਈਲ ਦੀ ਕੰਟੈਕਟ ਲਿਸਟ ਵਿੱਚ ਥਾਣੇਦਾਰ ਤੇ ਸਰਪੰਚ ਦਾ ਨੰਬਰ ਦੋ ਵਾਰ ਕੱਢਿਆ, ਡਾਇਲ ਕਰਨ ਦੀ ਸੋਚੀ,ਪਰ ਦੁਚਿੱਤੀ ਚ ਪਿਆ ਫੋਨ ਬੰਦ ਕਰਕੇ ਜੇਬ ਚ ਪਾ ਲਿਆ । "ਬਹੁਤੀ ਗੱਲ ਹੋਈ,ਕਹਿ ਦਊ, ਵੀ ਇੱਥੇ ਨੈੱਟਵਰਕ ਨੀ ਸੀ,ਫੋਨ ਇਸੇ ਕਰਕੇ ਨੀ ਕਰਿਆ,... ਸਾਲੀ ਨੌਕਰੀ ਵੀ ਕਾਹਦੀ ਐ, ਇੰਨਾ ਪੜ ਲਿਖ ਕੇ ਆਹ ਚੌਂਕੀਦਾਰੀ ਵੀ ਕਰਨੀ ਪਉ ਕੀ ਸੋਚਿਆ ਸੀ ਕਦੇ...ਉੱਥੇ ਕਾਲਜ ਚ ਵੀ ਆਊਟ ਸਾਈਡਰਾਂ ਦੇ ਆਈ ਕਾਰਡ ਚੈੱਕ ਕਰਦੇ ਫਿਰੋ । ਵੀ ਅਸੀਂ ਕਿਤਾਬਾਂ ਪੜ੍ਹਨ ਪੜਾਉਣ ਵਾਲੇ ਬੰਦੇ,ਇਹ ਕੀ ਕੰਮ ਹੋਇਆ ਭਲਾ...ਗਾਰਡ ਰੱਖੋ ਇਹਨਾਂ ਕੰਮਾਂ ਨੂੰ । ਦੋ ਵਿਹਲੇ ਪੀਰੀਅਡ ਵੀ ਇਹਨਾਂ ਨੂੰ ਚੁਭਦੇ ਨੇ । .." ਮੈਂ ਉੱਬਲ ਚਿੱਤੀ ਚ ਪਿਆ ਆਪਣੇ ਕਮਰੇ ਦੀ ਉਮਸ ਨੂੰ ਫੇਰ ਝੱਲਦਾ ਮੰਜੇ ਤੇ ਆ ਪਿਆ । 'ਹੁਣ ਜਦੋਂ ਤਾਈ ਨਹੀਂ ਮੁੜਦਾ, ਉਦੋਂ ਤੱਕ ਹੋਰ ਟੈਨਸ਼ਨ । ਕਿੰਨਾ ਮਰਜੀ ਸਮਝਾ ਲਵਾ ਵੀ ਵਾਧੂ ਟੈਨਸ਼ਨ ਨੀ ਲੈਣੀ,ਪਰ ਪਤਾ ਨੀ ਕਿਉ,ਦਿਮਾਗ ਰਿਲੈਕਸ ਨੀ ਰਹਿੰਦਾ । ਮੇਰੇ ਨਾਲ ਦੇ ਮੈਂ ਕਈ ਦੇਖੇ ਨੇ,ਕਿੰਨੀ ਬੇਫਿਕਰੀ ਨਾਲ ਨੌਕਰੀ ਕਰਦੇ ਨੇ । ਨੌਕਰੀ ਉਹਨਾਂ ਲਈ ਇੱਕ ਪਾਰਟ ਟਾਈਮ ਕੰਮ ਹੋਵੇ ਜਿਵੇ ।...ਨਾਲ ਵਾਲਾ ਸ਼ਰਮਾ ਦੱਸਦਾ ਸੀ,ਵੀ ਮੈਂ ਤਾਂ ਬਾਰਾਂ ਵੱਜਦੇ ਨੂੰ ਘਰ ਆਏ ਗਿਆ ਸੀ,ਮੌਜ ਨਾਲ ਸੌ ਗਿਆ । ਚੌਂਕੀਦਾਰ ਨੂੰ ਦੇਸੀ ਦੀ ਬੋਤਲ ਦੇ ਕੇ ਈ ਸਾਰ ਲਿਆ । ....ਮੇਰਾ ਕਿਹੜਾ ਜੀ ਨੀ ਕਰਦਾ ਘਰ ਜਾਣ ਨੂੰ..ਨਾਲੇ ਹੁਣ ਕਿਹੜਾ ਆਉਂਦਾ ਇੱਥੇ,ਸਵੇਰੇ ਵੀ ਅੱਠ ਵਜੇ ਤੱਕ ਕੋਈ ਗੇੜਾ ਮਾਰੂ,ਮੇਰੀ ਡਿਊਟੀ ਤਾਂ ਹੈ ਈ ਸੱਤ ਵਜੇ ਤੱਕ । ' ਸੋਚਦਾ ਮੈਂ ਜਕੋ ਤਕੀ ਵਿਚ ਸੀ । "ਆ ਗਿਆ ਜੀ ਮੈਂ ਘਰੋਂ,ਧੰਨਵਾਦ ਥੋਡਾ ।" ਮੇਰੇ ਦਰਵਾਜੇ ਤੇ ਖੜਕਾ ਹੋਇਆ । ਮਰੀਜ ਈ ਸੀ । ਮੁੜ ਆਇਆ । ਮੈਂ ਜਿਵੇ ਆਪਣੇ ਆਪ ਨੂੰ ਹੌਲਾ ਜਿਹਾ ਮਹਿਸੂਸ ਕੀਤਾ । ਮੋਬਾਈਲ ਤੇ ਸਮਾਂ ਦੇਖਿਆ ਤਾਂ ਇੱਕ ਵੱਜਣ ਵਾਲਾ ਸੀ । ਘਰ ਜਾਣ ਦਾ ਵਿਚਾਰ ਮੈਂ ਤਿਆਗ ਦਿੱਤਾ । ਐਵੇ ਹੁਣ ਅੱਧੀ ਰਾਤ ਨੂੰ ਲਿੰਕ ਰੋਡ ਤੇ ਜਾਣਾ ਸੁਰਖਿਅਤ ਨਹੀਂ । ਕਮਰੇ ਦੀ ਖਿੜਕੀ ਤੋਂ ਦਿਸਦਾ ਫੈਲਿਆ ਹਨੇਰਾ ਤੇ ਉਸ ਵਿਚੋਂ ਨਿਕਲਦੇ ਕੀਟ ਪਤੰਗੇ ਰੋਕਣ ਲਈ ਮੈਂ ਆਪਣੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ । ਮੰਜੇ ਤੇ ਪਿਆ ਸੌਣ ਦੀ ਕੋਸ਼ਿਸ਼ ਕਰਨ ਲੱਗਿਆ । ਜਿਹੜਾ ਪਾਸਾ ਥੱਲੇ ਹੁੰਦਾ,ਉੱਧਰ ਪਸੀਨਾ ਆ ਜਾਂਦਾ । ਪੱਖਾਂ ਭਾਵੇ ਵਧੀਆ ਸਪੀਡ ਨਾਲ ਸਿਰ ਉੱਪਰ ਚੱਲ ਰਿਹਾ ਸੀ,ਪਰ ਅੱਜ ਗਰਮੀ ਕਮਰੇ ਦੀ ਉਮਸ ਨਾਲ ਰਲਕੇ ਜਿਵੇਂ ਹਵਾ ਨੂੰ ਘੇਰਾ ਪਾਈ ਬੈਠੀ ਸੀ । ਮੈਂ ਅੱਖਾਂ ਬੰਦ ਕਰਕੇ ਆਪਣੇ ਬੱਚਿਆਂ ਬਾਰੇ ਸੋਚਿਆ,ਉਹਨਾਂ ਦੀਆਂ ਕੁਝ ਗੱਲਾਂ ਬਾਰੇ । ਮੈਨੂੰ ਯਾਦ ਆਇਆ ਕਿ ਕਈ ਵਾਰ ਜਿਆਦਾ ਵਿਅਸਤ ਹੋਣ ਕਾਰਨ ਉਹਨਾਂ ਨਾਲ ਖੁੱਲ ਕੇ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਤੇ ਉਹ ਵੀ ਹੁਣ ਇਸ ਗੱਲ ਨੂੰ ਮੰਨਕੇ ਆਪਣੇ ਆਪ ਚ ਮਸਤ ਰਹਿਣ ਲੱਗ ਪਏ ਹਨ । ਮੈਨੂੰ ਆਪਣੀ ਇਸ ਗੱਲ ਤੇ ਜਿਵੇ ਰੋਸ ਹੋਇਆ । ਸੋਚਿਆ ਕਿ ਹੁਣ ਘਰ ਜਾ ਕੇ ਮੈਂ ਰੋਜ ਬੱਚਿਆਂ ਨੂੰ ਜਰੂਰ ਸਮਾਂ ਦੇਵਾਂਗਾ । .... ਅਚਾਨਕ ਕਿਸੇ ਖੜਾਕ ਨਾਲ ਮੇਰੀ ਨੀਂਦ ਖੁੱਲ ਗਈ । ਸ਼ਾਇਦ ਪੱਖੇ ਦੀ ਹਵਾਂ ਨਾਲ ਟਕਰਾ ਕੇ ਕੋਈ ਪਤੰਗਾ ਡਿੱਗਿਆ ਸੀ । ਸਰ ਸਰ ਦੀ ਆਵਾਜ ਆਈ । ਮੈਂ ਲਾਈਟ ਜਗਾ ਕੇ ਦੇਖਿਆ । ਕੁਰਸੀ ਕੋਲ ਇੱਕ ਖੰਬਾਂ ਵਾਲਾ ਟਿੱਡਾ ਮੂਧਾ ਪਿਆ ਤੜਫ ਰਿਹਾ ਸੀ । ਇਸ ਤੋਂ ਪਹਿਲਾਂ ਮੈਂ ਉਸਨੂੰ ਸਿੱਧਾ ਕਰਨ ਦੀ ਸੋਚਦਾ । ਇੱਕ ਕਿਰਲੀ ਤੇਜੀ ਨਾਲ ਉਸਨੂੰ ਮੂੰਹ ਚ ਲੈ ਕੇ ਕੰਧ ਵੱਲ ਨੂੰ ਸਰਕ ਗਈ । ਮੋਬਾਈਲ ਚੁੱਕ ਕੇ ਸਮਾਂ ਦੇਖਿਆ ਤਾਂ ਢਾਈ ਵੱਜੇ ਸਨ । ਮਨ ਨੂੰ ਜਿਵੇਂ ਕੁਝ ਰਾਹਤ ਮਿਲੀ ਕਿ ਹੁਣ ਰਾਤ ਦਾ ਇੱਕ ਪਹਿਰ ਹੀ ਬਾਕਿ ਰਹਿ ਗਿਆ ,ਇਹ ਵੀ ਲੰਘ ਜਾਉ । ਨਾਲੇ ਮੈਂ ਵੀ ਪੰਜ ਵੱਜਦੇ ਨੂੰ ਤੁਰ ਹੀ ਪਉ, ਐ ਕਿਹੜਾ ਫਾਹੇ ਲਾ ਦੇਣਗੇ । ਮੇਰਿਆ ਅੱਖਾਂ ਜਿਵੇ ਭਾਰੀ ਹੀ ਗਈਆਂ ਸਨ ।ਨੀਂਦ ਉਹਨਾਂ ਵਿੱਚ ਰੜਕ ਰਹੀ ਸੀ ਪਰ ਦਿਮਾਗ ਨਹੀਂ ਸੀ ਸੌਂ ਰਿਹਾ । ਮੈਂ ਸਿਰਹਾਣੇ ਪਈ ਪਾਣੀ ਦੀ ਬੋਤਲ ਚੁੱਕ ਕੇ ਮੂੰਹ ਨੂੰ ਲਾ ਲਈ । ਦੋਬਾਰਾ ਮੰਜੇ ਤੇ ਪੈ ਮੋਬਾਈਲ ਚੁੱਕ ਲਿਆ । ਨੀਂਦ ਪਤਾ ਨਹੀਂ ਆਊਗੀ ਯਾ ਨਹੀਂ,ਮੈਂਆਪਣੇ ਮੋਬਾਈਲ ਦੀ ਕਿੰਡਲ ਐਪ ਉੱਪਰ ਕਿਤਾਬ ਪੜਨ ਲੱਗ ਪਿਆ । ਬੱਚਿਆਂ ਦੀਆਂ ਰਾਜੇ ਰਾਣੀਆਂ ਦੀ ਕਹਾਣੀ । ਇਹ ਕਿਤਾਬ ਮੈਂ ਆਪਣੇ ਬੱਚਿਆਂ ਲਈ ਹੀ ਇਸ ਐਪ ਵਿੱਚ ਰੱਖੀ ਸੀ । ਮੈਨੂੰ ਇਸਨੂੰ ਪੜਦਿਆ ਆਪਣਾ ਬਚਪਨ ਯਾਦ ਆ ਗਿਆ । ਮਾਂ ਮੈਨੂੰ ਰਾਤ ਨੂੰ ਕਦੇ ਕਦੇ ਕਹਾਣੀ ਸੁਣਾਉਂਦੀ ਤੇ ਮੈਂ ਕਹਾਣੀ ਪੂਰੀ ਹੋਣ ਤੋਂ ਪਹਿਲਾਂ ਹੀ ਸੌਂ ਜਾਂਦਾ । ਸੋਚਿਆ ਵੀ ਸ਼ਾਇਦ ਇਸ ਤਰਾਂ ਦੋ ਘੜੀ ਅੱਜ ਵੀ ਅੱਖ ਲੱਗ ਜਾਏ । ਦਰਵਾਜਾ ਖੜਕਿਆ ਤਾਂ ਮੇਰੀ ਅੱਖ ਖੁੱਲੀ । ਵਾਕਈ ਕਹਾਣੀ ਪੜਦਿਆਂ ਅੱਖ ਲੱਗ ਗਈ ਸੀ । ਸਹੀ ਪੰਜ ਵੱਜ ਗਏ ਸਨ । "ਚਾਹ ਪੀ ਲਉ ਜੀ....।" ਚੌਂਕੀਦਾਰ ਦੀ ਅਵਾਜ ਸੁਣ ਮੈਂ ਦਰਵਾਜਾ ਖੋਲਿਆ । "ਸਾਸਰਿਕਾਲ ਜੀ....ਹੋਰ ਫੇਰ,ਰਾਤ ਕੱਟ ਈ ਲਈ ..ਚੱਲ ਲੰਘ ਗਿਆ ਟਾਈਮ ।" ਚੌਂਕੀਦਾਰ ਨਾਲ ਖੜਾ ਸਰਪੰਚ ਵੀ ਮੁਸਕਰਾਉਂਦੀਆਂ ਬੋਲਿਆ । "ਸਾਸਰਿਕਾਲ..ਸਰਪੰਚ ਸਾਹਿਬ. ਹਾਂ ਜੀ,ਨਿੱਕਲ ਈ ਗਿਆ ਸਮਾਂ ...।" ਮੈਂ ਬਾਹਰ ਨਿਕਲਦਿਆਂ ਕਿਹਾ । ਚੌਂਕੀਦਾਰ ਨੇ ਕੁਰਸੀਆਂ ਬਾਹਰ ਕੱਢ ਦਿੱਤੀਆਂ । ਬਾਹਰ ਮੌਸਮ ਸੁਹਾਵਣਾ ਸੀ । ਹਵਾ ਸ਼ਰੀਰ ਨੂੰ ਜਿਵੇਂ ਰਾਹਤ ਦਿੰਦੀ ਲੱਗੀ । ਚੌਂਕੀਦਾਰ ਨੇ ਦੋ ਗਲਾਸਾਂ ਚ ਚਾਹ ਪਾ ਕੇ ਸਾਨੂੰ ਫੜਾ ਦਿੱਤੀ । "ਇਹ ਤੜਕੇ ਮੈਨੂੰ ਗੁਰੂਦਵਾਰੇ ਮਿਲ ਗਿਆ । ਚਾਹ ਪਵਾਈ ਜਾਂਦਾ ਸੀ ਥੋਡੇ ਲਈ । ਬਸ ਮੈਂ ਵੀ ਫੇਰ ਮੱਥਾ ਟੇਕ ਕੇ ਇਹਦੇ ਨਾਲ ਈ ਆ ਗਿਆ,ਸੋਚਿਆ ਵੀ ਚੱਲ ਥੋਡਾ ਹਾਲ ਚਾਲ ਲੈ ਆਈਏ,ਨਾਲੇ ਐ ਦੱਸ ਦੇਈਏ ਵੀ ਖਹਿੜਾ ਛੁੱਟ ਗਿਆ ਆਪਣਾ ਇਸ ਮਰੀਜ ਤੋਂ ।" ਸਰਪੰਚ ਚਾਹ ਦੀ ਘੁੱਟ ਭਰ ਕੇ ਬੋਲਿਆ । "ਉਹ ਕਿਵੇਂ, ਸਰਪੰਚ ਸਾਹਿਬ,ਇਹਦੀ ਰਿਪੋਰਟ ਆ ਗਈ ।"ਮੈਂ ਹੈਰਾਨ ਸੀ । "ਨਹੀਂ,ਰਿਪੋਰਟ ਤਾਂ ਇਹ ਦਸ ਦਿਨ ਨੀ ਦਿੰਦੇ...ਬੁਰਾ ਹਾਲ ਹੈ ਸਭ ਪਾਸੇ । ਉਹ ਤਾਂ ਰਾਤ ਨਾਲ ਦੇ ਪਿੰਡ ਇੱਕ ਇਕਾਂਤਵਾਸ ਕੀਤਾ ਬੰਦਾ ਆਤਮਹੱਤਿਆ ਕਰ ਗਿਆ । ਸਾਰੇ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ । ਥਾਣੇਦਾਰ ਦਾ ਵੀ ਮੈਨੂੰ ਰਾਤ ਈ ਫੋਨ ਆ ਗਿਆ ਸੀ । ਕਹਿੰਦਾ ਵੀ ਸਰਪੰਚ ਸਾਹਿਬ ,ਜੇ ਤੁਸੀਂ ਠੀਕ ਸਮਝੋ ਤਾਂ ਥੋਡੇ ਪਿੰਡ ਵਾਲਾ ਮਰੀਜ ਵੀ ਘਰੇ ਈ ਭੇਜ ਦੇਈਏ । ਉੱਪਰੋਂ ਆਰਡਰ ਆ ਵੀ ਕਿਸੇ ਨੂੰ ਧੱਕੇ ਨਾਲ ਨਾ ਰੱਖੋ । ਆ ਇੱਕ ਨੇ ਪੰਗਾ ਛੇੜਤਾ । ਮਜਦੂਰ ਯੂਨੀਅਨ ਵਾਲੇ ਹੁਣ ਹੋਰ ਰੌਲਾ ਪਾਉਣਗੇ ।" ਸਰਪੰਚ ਨੇ ਹੱਥ ਹਿਲਾਉਂਦੇ ਨੇ ਕਿਹਾ । "ਫੇਰ ਹੁਣ ਕੀ ਸੋਚਿਆ ਤੁਸੀਂ??" "ਸੋਚਣਾ ਕੀ ਐ, ਮੈਂ ਤਾਂ ਕੱਲ੍ਹ ਦਾ ਕਹੀ ਜਾਨਾਂ ਇਹਨਾਂ ਗੱਲਾਂ ਨੂੰ,ਨਾਲੇ ਇਹ ਖਰ ਦਿਮਾਗ ਬੰਦਾ... ਚੌਂਕੀਦਾਰ ਦੱਸਦਾ ਸੀ ,ਵੀ ਰਾਤ ਘਰੇ ਗੇੜਾ ਮਾਰ ਕੇ ਆਇਆ, ਇਹ ਕਿੱਥੋਂ ਕੱਟੂ ਐਥੇ ਪੰਦਰਾਂ ਦਿਨ । ਮੈਂ ਤਾਂ ਹੁਣ ਆਉਂਦੇ ਨੇ ਵੀ ਉਹਨੂੰ ਕਹਿਤਾ ਵੀ ਤੇਰੀ ਛੁੱਟੀ ਹੋਗੀ,ਪਰ ਹੁਣ ਘਰੇ ਅੰਦਰ ਵੜ ਕੇ ਰਹੀ, ਬਾਹਰ ਨੀ ਨਿਕਲਣਾ । ਉਹ ਤਾਂ ਸੁਣਨ ਸਾਰ ਈ ਮਿੰਟ ਚ ਤੁਰ ਗਿਆ ।" ਸਰਪੰਚ ਨੇ ਚੁਟਕੀ ਵਜਾਉਂਦਿਆ ਕਿਹਾ । "ਅੱਛਾ,ਚਲਾ ਵੀ ਗਿਆ ......।" ਮੈਂ ਪ੍ਰਸ਼ਨ ਚਿਹਨ ਬਣਿਆ ਉਹਦੇ ਕਮਰੇ ਵੱਲ ਝਾਕਣ ਲੱਗਿਆ । "ਚੰਗਾ ਫੇਰ,ਭੁੱਲ ਚੁੱਕ ਮਾਫ,ਤੁਸੀਂ ਵੀ ਘਰ ਨੂੰ ਜਾਣਾ ਹੋਣਾ । ..." ਸਰਪੰਚ ਨੇ ਕੁਰਸੀ ਤੋਂ ਉੱਠ ਕੇ ਵਿਦਾ ਲੈਂਦਿਆਂ ਕਿਹਾ । ਮੈਂ ਕਮਰੇ ਚ ਆ ਸਰਕਾਰੀ ਫਾਰਮ ਤੇ ਦਾਖਲ ਹੋਏ ਮਰੀਜ ਦੀ ਰਿਪੋਰਟ ਨਿੱਲ ਭਰਨ ਲੱਗ ਪਿਆ । ਮੈਂ ਵੀ ਇਸ ਇਕਾਂਤਵਾਸ ਚੋ ਛੇਤੀ ਤੋਂ ਛੇਤੀ ਨਿੱਕਲ ਕੇ ਘਰ ਪਹੁੰਚਣਾ ਚਾਹੁੰਦਾ ਸੀ ।


Comments


bottom of page