ਕੀ ਹੈ ਮਾਸਟਰ-ਬੈੱਡਰੂਮ ਦੀ ਕਹਾਣੀ /
ਹਰਜੀਤ ਅਟਵਾਲ /
ਕੋਈ ਵੇਲਾ ਸੀ ਕਿ ਘਰ ਦੀ ਪਛਾਣ ਖਣਾਂ ਵਿੱਚ ਹੁੰਦੀ ਸੀ ਕਿ ਫਲਾਨੇ ਦਾ ਘਰ ਏਨੇ ਖਣਾਂ ਦਾ ਹੈ। ਹੁਣ ਘਰ ਦੀ ਪੱਛਾਣ ਕਮਰਿਆਂ ਵਿੱਚ ਹੁੰਦੀ ਹੈ ਕਿ ਫਲਾਨੇ ਦੀਆਂ ਏਨੀਆਂ ਬੈਠਕਾਂ, ਏਨੇ ਸੌਣ-ਕਮਰੇ। ਬਹੁਤੀ ਵਾਰ ਇਹਨਾਂ ਸੌਣ-ਕਮਰਿਆਂ ਜਾਂ ਬੈੱਡਰੂਮਾਂ ਵਿੱਚ ਇਕ ਮਾਸਟਰ-ਬੈੱਡਰੂਮ ਹੁੰਦਾ ਹੈ। ਕੋਈ ਵੇਲਾ ਸੀ, ਲੋਕ ਇਕੋ ਦਲਾਨ ਵਿੱਚ ਰਹਿੰਦੇ ਸਨ, ਉਥੇ ਹੀ ਸੌਂਦੇ, ਖਾਂਦੇ-ਪਕਾਉਂਦੇ। ਲੋਕਾਂ ਵਿੱਚ ਨੇੜਤਾ ਬਣੀ ਰਹਿੰਦੀ। ਹੁਣ ਘਰ ਕਮਰਿਆਂ ਵਿੱਚ ਵੰਡੇ ਗਏ ਹਨ। ਜੀਵਨ ਵਿੱਚ ਨਿੱਜਤਾ ਹਾਵੀ ਹੋ ਗਈ ਹੈ। ਪੰਜਾਬ ਵਿੱਚ ਪਿਛਲੇ ਵੀਹ-ਪੱਚੀ ਸਾਲ ਤੋਂ ਲੋਕ ਆਪੋ-ਆਪਣੇ ਕਮਰਿਆਂ ਵਿੱਚ ਵੜਨ ਲੱਗੇ ਹਨ। ਮੈਂ ਪੰਜਾਬ ਦੀ ਨਵੀਂ ਤਰਜ਼ੇ-ਜ਼ਿੰਦਗੀ ਤੋਂ ਬਹੁਤਾ ਵਾਕਫ ਤਾਂ ਨਹੀਂ ਹਾਂ ਪਰ ਯਕੀਨ ਹੈ ਕਿ ਹੁਣ ਨਕਸ਼ਾਨਵੀਸ ਘਰ ਦੇ ਨਕਸ਼ੇ ਵਿੱਚ ਮਾਸਟਰ-ਬੈੱਡਰੂਮ ਦਾ ਪਲਾਨ ਜ਼ਰੂਰ ਰੱਖਦਾ ਹੋਵੇਗਾ। ਮਾਸਟਰ-ਬੈੱਡਰੂਮ ਇਕ ਟਰਮ ਹੈ। ਜਾਪਦਾ ਹੈ ਕਿ ਇਹ ਟਰਮ ਬਹੁਤ ਪੁਰਾਣੀ ਹੋਵੇਗੀ। ਕਾਫੀ ਸਾਰੇ ਸਾਲ ਪਹਿਲਾਂ ਮੈਂ ਅੰਗਰੇਜ਼ੀ ਦਾ ਪੁਰਾਣੀ-ਕਹਾਣੀ ਵਾਲਾ ਇਕ ਨਾਟਕ ਦੇਖਿਆ ਸੀ ਜਿਸ ਵਿੱਚ ਨੌਕਰ ਆਕੇ ਮਾਲਕ ਨੂੰ ਪੁੱਛਦਾ ਹੈ, ‘ਮਾਸਟਰ, ਲੈਂਪ ਕਿਥੇ ਰੱਖਾਂ?’ ਮਾਲਕ ਕਹਿੰਦਾ ਹੈ, ‘ਮੇਰੇ ਬੈੱਡਰੂਮ ਵਿੱਚ ਰੱਖ ਦੇ।’ ਨੌਕਰ ਨਵੀਂ ਨੌਕਰਾਣੀ ਨੂੰ ਦਸਦਾ ਹੈ, ‘ਲੂਸੀ, ਮੈਂ ਲੈਂਪ ਮਾਸਟਰ-ਬੈੱਡਰੂਮ ਵਿੱਚ ਰੱਖ ਰਿਹਾਂ।’ ਲੂਸੀ ਪੁੱਛਦੀ ਹੈ, ‘ਕਿਥੇ ਹੈ ਮਾਸਟਰ-ਬੈੱਡਰੂਮ?’
ਅੰਗਰੇਜ਼ੀ ਦੀ ਕਹਾਵਤ ਹੈ ਕਿ ਆਪਣੇ ਮੇਜ਼ਬਾਨ ਦੇ ਮਾਸਟਰ-ਬੈੱਡਰੂਮ ਵਿੱਚ ਕਦੇ ਨਾ ਜਾਵੋ। ਇਥੇ ਹੀ ਕੋਈ ਮਹਿਮਾਨ ਆਪਣੇ ਮੇਜ਼ਬਾਨ ਦੀ ਵਡੱਤਣ ਦੀ ਮਹਿਮਾ ਇਵੇਂ ਗਾਵੇਗਾ ਕਿ ਉਸਨੇ ਮੇਰੀ ਏਨੀ ਸੇਵਾ ਕੀਤੀ ਕਿ ਮੈਨੂੰ ਆਪਣੇ ਮਾਸਟਰ-ਬੈੱਡਰੂਮ ਵਿੱਚ ਲੈ ਗਿਆ। ਪਰ ਪਿਛਲੀ ਸਦੀ ਵਿੱਚ ਇਸ ਟਰਮ ਨੂੰ ਬਿਲਡਰਾਂ ਜਾਂ ਨਕਸ਼ਾਨਵੀਸਾਂ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਘਰ ਨੂੰ ਜ਼ਿਆਦਾ ਖਿੱਚਦਾਰ ਬਣਾਉਣ ਲਈ ਇਹ ਇਸ ਦੀ ਵਾਰ-ਵਾਰ ਵਰਤੋਂ ਕਰਦੇ ਹਨ। ਉਹ ਇਸ ਨੂੰ ਮੇਨ-ਬੈੱਡਰੂਮ ਕਹਿਕੇ ਵੀ ਕਹਿ ਸਕਦੇ ਹਨ ਪਰ ਉਹਨਾਂ ਨੂੰ ਮਾਸਟਰ-ਬੈੱਡਰੂਮ ਕਹਿਣ ਵਿੱਚ ਹੀ ਜ਼ਿਆਦਾ ਚਾਰਮ ਦਿਸਦਾ ਹੈ।
ਜਦ ਸਾਡੇ ਮਨ ਵਿੱਚ ਮਿਡਲ-ਕਲਾਸ ਘਰ ਦੇ ਕਮਰੇ ਦੀ ਤਸਵੀਰ ਆਉਂਦੀ ਹੈ ਤਾਂ ਅਜਿਹਾ ਇਕ ਕਮਰਾ ਜੋ ਤਕਰੀਬਨ ਬਾਰਾਂ ਬਾਈ ਬਾਰਾਂ ਫੁੱਟ ਦਾ, ਪੁਰਾਣੇ ਤਿੰਨਾਂ ਖਣਾਂ ਦਾ, ਜਿਸ ਵਿੱਚ ਇਕ ਬੈੱਡ, ਕਪੜਿਆਂ ਲਈ ਅਲਮਾਰੀ, ਮੇਜ਼-ਕੁਰਸੀ ਤੇ ਉਪਰ ਪਿਆ ਲੈਪ-ਟੌਪ, ਰੇਡੀਓ, ਕਲੌਕ ਆਦਿ ਪਏ ਦਿਸਦੇ ਹਨ। ਮਾਸਟਰ-ਬੈੱਡਰੂਮ ਇਸ ਤੋਂ ਜ਼ਰਾ ਵੱਡਾ ਹੋਵੇਗਾ ਜਿਸ ਵਿੱਚ ਦੋ ਅਲਮਾਰੀਆਂ ਹੋਣਗੀਆਂ, ਇਕ ਪਤੀ ਲਈ ਤੇ ਇਕ ਪਤਨੀ ਦੇ ਕਪੜਿਆਂ ਲਈ। ਡੱਬਲ-ਬੈੱਡ ਹੋਵੇਗਾ। ਇਕ ਡਰੈਸਿੰਗ-ਟੇਬਲ, ਇਕ ਹੋਰ ਮੇਜ਼-ਕੁਰਸੀ। ਜਦ ਬੱਚਾ ਹੋਵੇਗਾ ਤਾਂ ਇਕ ਕੌਟ ਆ ਜਾਵੇਗੀ। ਅਗਲੇ ਬੱਚੇ ਵੇਲੇ ਪਹਿਲੇ ਨੂੰ ਦੂਜੇ ਕਮਰੇ ਵਿੱਚ ਧੱਕ ਦਿਤਾ ਜਾਵੇਗਾ ਤੇ ਇਹ ਕੌਟ ਨਵੇਂ ਨੂੰ ਮਿਲ ਜਾਵੇਗੀ। ਅਸਲ ਵਿੱਚ ਇਹ ਕਮਰਾ ਮੁਖ-ਦੰਪਤੀ ਦਾ ਹੁੰਦਾ ਹੈ, ਘਰ ਦੇ ਮੁਖੀਏ ਦਾ ਵੀ ਕਿਹਾ ਜਾ ਸਕਦਾ ਹੈ। ਸੌ-ਸੌ ਮੰਜ਼ਿਲੇ ਫਲੈਟਾਂ ਵਿੱਚ ਵੀ ਅਜਿਹਾ ਇਕ ਵੱਡਾ ਕਮਰਾ ਹੁੰਦਾ ਹੈ।
ਮਾਸਟਰ-ਬੈੱਡਰੂਮ ਨਾਲ ਮੇਰੀ ਵਾਕਫੀ ਇਕ ਇਸਟੇਟ ਏਜੰਟ ਵਲੋਂ ਕਰਵਾਈ ਗਈ ਸੀ ਜਦ ਮੈਂ ਈਸਟ-ਲੰਡਨ ਵਿੱਚ ਪਹਿਲਾ ਘਰ ਲਿਆ ਸੀ। ਮਾਸਟਰ-ਬੈਡਰੂਮ ਦੀਆਂ ਦੋ ਵੱਡੀਆਂ ਖਿੜਕੀਆਂ ਸਨ ਜਦਕਿ ਦੂਜੇ ਬੈੱਡਰੂਮਾਂ ਦੀ ਇਕ-ਇਕ ਖਿੜਕੀ ਸੀ। ਇਸਟੇਟ ਏਜੰਟ ਹੁੱਬ-ਹੁੱਬ ਕੇ ਮਾਸਟਰ-ਬੈੱਡਰੂਮ ਦਿਖਾ ਰਿਹਾ ਸੀ ਪਰ ਉਦੋਂ ਮੇਰੇ ਲਈ ਮਾਸਟਰ-ਬੈੱਡਰੂਮ ਦੀ ਕੋਈ ਮਹੱਤਤਾ ਨਹੀਂ ਸੀ। ਘਰ ਲੈਣਾ ਹੀ ਜੀਵਨ ਦੀ ਬਹੁਤ ਵੱਡੀ ਪ੍ਰਾਪਤੀ ਸੀ। ਸਾਡਾ ਜੱਦੀ ਘਰ ਬਹੁਤ ਛੋਟਾ ਸੀ, ਮੇਰੇ ਕੋਲ ਆਪਣਾ ਕੋਈ ਕਮਰਾ ਨਹੀਂ ਸੀ, ਹੁਣ ਮੈਨੂੰ ਪੂਰੇ ਦਾ ਪੂਰਾ ਘਰ ਮਿਲ ਰਿਹਾ ਸੀ। ਇਕ ਵਾਰ ਅੰਮ੍ਰਿਤਾ ਪ੍ਰੀਤਮ ਨੇ ਨਾਗਮਣੀ ਲਈ ‘ਮੇਰਾ ਕਮਰਾ’ ਅਨੁਵਾਨ ਅਧੀਨ ਆਰਟੀਕਲ ਮੰਗੇ ਸਨ। ਮੇਰਾ ਦਿਲ ਕੀਤਾ ਸੀਕਿ ਮੈਂ ਵੀ ਆਰਟੀਕਲ ਲਿਖਾਂ ਪਰ ਉਦੋਂ ਮੇਰੇ ਕੋਲ ਆਪਣਾ ਕਮਰਾ ਹੀ ਨਹੀਂ ਸੀ, ‘ਮੇਰਾ ਕਮਰਾ’ ਦਾ ਅਨੁਭਵ ਕਿਥੋਂ ਲਿਆਉਂਦਾ ਪਰ ਮੈਂ ਆਰਟੀਕਲ ਲਿਖਿਆ, ਇਸ ਗੱਲ ਨੂੰ ਆਧਾਰ ਬਣਾ ਕੇ ਕਿ ਜਿਥੇ ਤੁਸੀਂ ਬਹਿ ਗਏ ਉਹੀ ਤੁਹਾਡਾ ਕਮਰਾ। ਪਰ ਮੈਂ ਆਰਟੀਕਲ ਨਾਗਮਣੀ ਨੂੰ ਭੇਜਿਆ ਨਹੀਂ। ਖੈਰ ਆਪਣੇ ਪਹਿਲੇ ਘਰ ਦਾ ਮਾਸਟਰ-ਬੈੱਡਰੂਮ ਦੇਖਦਿਆਂ ਮੈਂ ਸੋਚ ਰਿਹਾਂ ਸਾਂਕਿ ਹੁਣ ਮੇਰੇ ਲਈ ਉਹ ਆਰਟੀਕਲ ਲਿਖਣਾ ਸੌਖਾ ਹੋਵੇਗਾ ਪਰ ਨਹੀਂ ਲਿਖ ਸਕਿਆ। ਉਸ ਵੇਲੇ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਸੀ, ਸੈਟਲ ਹੋਣਾ ਸੀ। ਹਾਲਾਤ ਕੁਝ ਅਜਿਹੇ ਹੋਏ ਕਿ ਸਭ ਕੁਝ ਭੁੱਲ ਗਿਆ। ਮਾਸਟਰ-ਬੈਡਰੂਮ ਕੀ ਯਾਦ ਰਹਿਣਾ ਸੀ।
ਪੰਜਾਬ ਵਿੱਚ ਮਿਡਲ-ਕਲਾਸ ਜਾਂ ਲੋਅਰ-ਮਿਡਲ-ਕਲਾਸ ਦੇ ਘਰ ਸਦਾ ਛੋਟੇ ਹੀ ਰਹੇ ਹਨ। ਪੱਛਮ ਵਿੱਚ ਵੀ ਹਾਲਾਤ ਕੁਝ ਅਜਿਹੇ ਹੀ ਸਨ। ਅਮਰੀਕਾ ਦੇ ਸ਼ੁਰੂ ਦੇ ਬਹੁਤੇ ਘਰ ਇਕ ਮੰਜ਼ਿਲੇ ਹੁੰਦੇ ਸਨ। ਪਰ ਇੰਗਲੈਂਡ ਵਿੱਚ ਬਹ-ਮੰਜ਼ਿਲਾਂ ਦਾ ਰਿਵਾਜ ਬਹੁਤ ਪੁਰਾਣਾ ਹੈ। ਪੁਰਾਣੇ ਘਰਾਂ ਵਿੱਚੋਂ ਵਿਕਟੋਰੀਅਨ ਵੇਲੇ ਦੇ ਹਾਲੇ ਵੀ ਬਹੁਤ ਸਾਰੇ ਘਰ ਕਾਇਮ ਹਨ। ਇਹਨਾਂ ਦੇ ਸਾਰੇ ਕਮਰੇ ਤਕਰੀਬਨ ਇਕੋ ਜਿਹੇ ਹਨ। ਉਸ ਵੇਲੇ ਮਾਸਟਰ-ਬੈਡਰੂਮ ਦੀ ਧਾਰਨਾ ਨਜ਼ਰ ਨਹੀਂ ਆਉਂਦੀ। ਕਮਰਾ ਵੱਡਾ-ਛੋਟਾ ਹੋਣ ਦੇ ਹੋਰ ਕਾਰਨ ਭਾਵੇਂ ਰਹੇ ਹੋਣਗੇ। ਸਾਡੇ ਮੁਲਕਾਂ ਵਿੱਚ ਤਾਂ ਮੰਜੇ ਸ਼ਾਇਦ ਬਹੁਤ ਪੁਰਾਣੀ ਚੀਜ਼ ਹੋਵੇਗੀ ਪਰ ਯੂਕੇ ਵਿੱਚ ਹੇਠਲੀ ਜਮਾਤ ਦੇ ਲੋਕ ਹੇਠਾਂ ਹੀ ਸੌਂਦੇ ਸਨ। ਵੱਧ ਤੋਂ ਵੱਧ ਪਰਾਲ਼ੀ ਹੇਠਾਂ ਵਿਛਾ ਲੈਂਦੇ। ਚੌਧਵੀਂ ਸਦੀ ਵਿੱਚ ਪਰਾਲ਼ੀ ਦੇ ਮੈਟਰਸ ਬਣਨੇ ਸ਼ੁਰੂ ਹੋ ਗਏ ਸਨ। ਸੋਲਵੀਂ ਸਦੀ ਵਿੱਚ ਆਕੇ ਮੈਟਰਸਾਂ ਵਿੱਚ ਪੰਛੀਆਂ ਦੇ ਖੰਭ ਪੈਣ ਲੱਗ ਪਏ। ਖੰਭਾਂ ਦੇ ਮੈਟਰਸ ਮਹਿੰਗੇ ਹੁੰਦੇ ਸਨ। ਜਿਹੜਾ ਜੋੜਾ ਵਧੀਆ ਕਮਾਈ ਕਰਦਾ ਉਹ ਵਿਆਹ ਤੋਂ ਸੱਤ ਸਾਲ ਬਾਅਦ ਇਹ ਮੈਟਰਸ ਖਰੀਦਣ ਜੋਗਾ ਹੋ ਜਾਂਦਾ। ਖੰਭਾਂ ਦੇ ਰਜਾਈਆਂ-ਸਰਾਹਣੇ ਤਾਂ ਅੱਜ ਵੀ ਮਿਲਦੇ ਹਨ। ਅਠਾਰਵੀਂ ਸਦੀ ਵਿੱਚ ਆ ਕੇ ਰੂੰਅ ਤੇ ਉੱਨ ਦੇ ਮੈਟਰਸ ਬਣਨ ਲੱਗ ਪਏ ਹਨ। ਇਹ ਜਿਹੜੇ ਸਪਰਿੰਗਾਂ ਵਾਲੇ ਮੈਟਰਸ ਹਨ ਜੋ ਮਾਸਟਰ-ਬੈਡਰੂਮ ਦਾ ਸ਼ਿੰਗਾਰ ਬਣਦੇ ਹਨ ਇਹ 1871 ਇਜਾਦ ਹੋਏ। ਹੁਣ ਤਾਂ ਫੋਮ, ਲੈਟਿਕਸ, ਵੂਲਿਨ, ਸਿਲਕਨ ਤੇ ਪਤਾ ਨਹੀਂ ਹੋਰ ਕੀ-ਕੀ ਕਿਸਮਾਂ ਦੇ ਮੈਟਰਸ ਬਣਨ ਲੱਗ ਪਏ ਹਨ। ਅੱਜ ਦਾ ਵਧੀਆ ਮੈਟਰਸ ਸਖਤੀ ਤੇ ਨਰਮੀ ਦਾ ਅਜੀਬ ਜਿਹਾ ਸੁਮੇਲ ਹੁੰਦਾ ਹੈ, ਜਿਸ ਦਾ ਵਰਨਣ ਕਰਨਾ ਮੁਸ਼ਕਲ ਹੈ। ਗੱਲ ਮਾਸਟਰ-ਬੈਡਰੂਮ ਦੀ ਹੋ ਰਹੀ ਸੀ। ਇਕ ਅੰਦਾਜ਼ੇ ਮੁਤਾਬਕ ਇਸ ਸ਼ਬਦ ਦੀ ਲਿਖਤੀ ਵਰਤੋਂ ਅਮਰੀਕਾ ਦੇ ਇਕ ਇਸਟੇਟ ਏਜੰਟ ਨੇ ਪਹਿਲੀ ਵਾਰ 1926 ਵਿੱਚ ਕੀਤੀ ਸੀ। ਉਸ ਨੇ ਇਕ ਘਰ ਵੇਚਣ ਲਈ ਉਸ ਦੀ ਮਸ਼ਹੂਰੀ ਕੁਝ ਇਸ ਤਰ੍ਹਾਂ ਕੀਤੀ ਸੀਕਿ ਇਕ ਖੂਬਸੂਰਤ ਘਰ ਵਿਕਾਊ ਹੈ ਜਿਸ ਵਿੱਚ ਅਲਮਾਰੀਆਂ ਵਾਲੀ ਰਸੋਈ, ਧੁੱਪ ਸੇਕਣ ਵਾਲੀ ਬਾਲਕੋਨੀ ਤੇ ਇਕ ਮਾਸਟਰ-ਬੈਡਰੂਮ ਜਿਸ ਵਿੱਚ ਬਾਥਰੂਮ ਤੇ ਟੁਆਇਲਟ ਜੁੜੇ ਹਨ। ਤੇ ਉਹ ਘਰ ਹੌਟਕੇਕ ਵਾਂਗ ਵਿਕ ਗਿਆ। ਉਸ ਵੇਲੇ ਉਹ 4398 ਡਾਲਰ ਦਾ ਵਿਕਿਆ ਜੋਕਿ ਬਹੁਤ ਵੱਡੀ ਕੀਮਤ ਸੀ। ਬਸ ਉਥੋਂ ਹੀ ਇਸਟੇਟ-ਏਜੰਟ ‘ਮਾਸਟਰ-ਬੈਡਰੂਮ’ ਸ਼ਬਦ ਨੂੰ ਮਸਾਲੇ ਵਾਂਗ ਵਰਤਣ ਲੱਗੇ। ਵੈਸੇ ਅਮਰੀਕਾ ਵਿੱਚ ਘਰਾਂ ਦੀ ਮਾਰਕਿਟ ਨੇ ਦੂਜੇ ਮਹਾਂਯੁੱਧ ਤੋਂ ਬਾਅਦ ਤਰੱਕੀ ਕੀਤੀ ਹੈ। ਯੂਕੇ ਵਿੱਚ ਵਿਕਟੋਰੀਅਨ ਯੁੱਗ ਵਿੱਚ ਬਹੁਤੇ ਘਰ ਬਣੇ ਸਨ ਜੋ ਅੱਜ ਵੀ ਮਜ਼ਬੂਤ ਤੇ ਰਹਿਣਯੋਗ ਹਨ। ਉਸ ਤੋਂ ਬਾਅਦ 1930 ਵਿੱਚ ਘਰਾਂ ਦੀ ਮਾਰਕਿਟ ਵਿੱਚ ਬੂਮ ਆਇਆ। ਅੱਜ ਲੰਡਨ-ਸਬਰਬ ਦੇ ਬਹੁਤੇ ਘਰ 1930 ਦੇ ਹੀ ਬਣੇ ਹੋਏ ਹਨ। ਇਹਨਾਂ ਘਰਾਂ ਵਿੱਚ ਹੇਠਲੀ ਮੰਜ਼ਿਲ ‘ਤੇ ਦੋ ਬੈਠਕਾਂ ਤੇ ਇਕ ਰਸੋਈ, ਉਪਰਲੀ ਮੰਜ਼ਿਲ ‘ਤੇ ਇਕ ਵੱਡਾ ਕਮਰਾ ਜਾਣੀਕਿ ਅਖੌਤੀ ਮਾਸਟਰ-ਬੈੱਡਰੂਮ, ਇਕ ਦੁਰਮਿਆਨਾ ਕਮਰਾ, ਫਿਰ ਇਕ ਬੌਕਸ ਰੂਮ ਹੁੰਦਾ ਹੈ। ਇਕ ਟੁਆਇਲਟ-ਬਾਥਰੂਮ। ਮੈਂ ਪਿਛਲੇ ਜਿੰਨੇ ਵੀ ਘਰਾਂ ਵਿੱਚ ਰਿਹਾ ਹਾਂ, ਇਸੇ ਬਣਤਰ ਦੇ ਘਰ ਹੁੰਦੇ ਸਨ। ਇਹਨਾਂ ਘਰਾਂ ਨੂੰ ਹੀ ਲੋਕਾਂ ਨੇ ਲੋੜ ਮੁਤਾਬਕ ਵਧਾ ਲੈਂਦੇ ਹਨ। ਮੈਂ ਵੀ ਜਦ ਬੱਚੇ ਵੱਡੇ ਹੋਏ ਤਾਂ ਤਿੰਨ ਬੈੱਡਰੂਮਾਂ ਦੇ ਘਰ ਨੂੰ ਵੱਡਾ ਕਰਕੇ ਪੰਜ ਬੈੱਡਰੂਮ ਦਾ ਬਣਾ ਲਿਆ ਸੀ ਕਿਉਂਕਿ ਮੇਰੇ ਘਰ ਦੇ ਨਾਲ ਕਾਫੀ ਜਗਾਹ ਪਈ ਸੀ। ਪਰ ਮੇਰੇ ਘਰ ਵਿੱਚ ਮਾਸਟਰ-ਬੈੱਡਰੂਮ ਕੋਈ ਨਹੀਂ ਹੈ। ਤਿੰਨਾਂ ਬਚਿਆਂ ਕੋਲ ਤਿੰਨ ਕਮਰੇ, ਇਕ ਕਮਰਾ ਮੇਰੇ ਪਿਤਾ ਕੋਲ ਸੀ। ਜਿਹੜਾ ਮੇਰਾ ਤੇ ਪਤਨੀ ਦਾ ਕਮਰਾ ਹੈ ਉਸ ਵਿੱਚ ਸਦਾ ਪਤਨੀ ਦਾ ਬੋਲਬਾਲਾ ਹੀ ਰਿਹਾ ਹੈ। ਸਾਰੀ ਉਮਰ ਲੰਘ ਗਈ ਮੈਨੂੰ ਇਕ ਕਮਰਾ ਨਹੀਂ ਜੁੜਿਆ।
ਮਿਡਲ-ਕਲਾਸ ਘਰਾਂ ਦੇ ਮਾਸਟਰ-ਬੈੱਡਰੂਮ ਨਾਲ ਬਾਥਰੂਮ-ਟੁਆਇਲਟ ਦਾ ਜੁੜੇ ਹੋਣਾ ਇਕੀਵੀਂ ਸਦੀ ਦੀ ਗੱਲ ਹੈ। ਪੰਜਾਬ ਦੇ ਮੌਡਰਨ ਘਰਾਂ ਵਿੱਚ ਤਾਂ ਇਕ ਟੁਆਇਲਟ-ਬਾਥ ਨਾਲ ਦੋ-ਦੋ ਕਮਰੇ ਜੁੜੇ ਮੈਂ ਦੇਖੇ ਹਨ। ਮੈਂ ਸਮਝਦਾ ਹਾਂਕਿ ਮਾਸਟਰ-ਬੈੱਡਰੂਮ ਇਕ ਮੈਟਾਫਰ ਬਣ ਚੁੱਕਾ ਹੈ। ਮਾਸਟਰ-ਬੈੱਡਰੂਮ ਵਿੱਚ ਰਹਿਣਾ ਭਾਵ ਘਰ ਦੇ ਮਾਲਕ ਹੋਣਾ। ਮੇਰੇ ਦੋਸਤ ਗੁਰਚਰਨ ਸਿੰਘ ਦੇ ਮੁੰਡੇ ਦਾ ਵਿਆਹ ਹੋਇਆ ਤਾਂ ਉਸ ਨੇ ਘਰ ਦਾ ਵੱਡਾ ਕਮਰਾ ਨਵੀਂ ਜੋੜੀ ਨੂੰ ਦੇ ਦਿੱਤਾ। ਪਲਾਨਿੰਗ ਲੈਕੇ ਕਮਰੇ ਦੇ ਨਾਲ ਹੀ ਬਾਥ-ਟੁਆਇਲਟ ਵੀ ਬਣਾ ਦਿੱਤੇ। ਆਪ ਗੁਰਚਰਨ ਛੋਟੇ ਕਮਰੇ ਵਿੱਚ ਚਲੇ ਗਿਆ। ਛੇਤੀ ਹੀ ਮੁੰਡਾ ਘਰ ਦੇ ਮਾਲਕ ਵਾਂਗ ਵਰਤਾਵ ਕਰਨ ਲੱਗ ਪਿਆ। ਗੁਰਚਰਨ ਸਿੰਘ ਕੋਲ ਹਿੰਮਤ ਸੀ, ਉਸ ਨੇ ਆਪਣੇ ਲਈ ਨਵਾਂ ਘਰ ਖਰੀਦ ਲਿਆ ਨਹੀਂ ਤਾਂ ਘਰ ਵਿੱਚ ਝਗੜਾ ਹੋਣਾ ਤੈਅ ਸੀ।
ਜਿਵੇਂ ਪੰਜਾਬੀ ਕਲਚਰ ਵਿਹੜਿਆਂ, ਦਲਾਨਾਂ ਜਾਂ ਸਵਾਤਾਂ ਵਿੱਚ ਵਸਦਾ ਰਿਹਾ ਹੈ ਇਵੇਂ ਹੀ ਜਪਾਨੀ ਘਰਾਂ ਵਿੱਚ ਵੀ ਬੈੱਡਰੂਮਾਂ ਦੀ ਪੱਛਮ ਜਿੰਨੀ ਮਹਤੱਤਾ ਨਹੀਂ ਸੀ ਹੁੰਦੀ। ਸਾਡੇ ਮੰਜੇ ਜੋੜ ਕੇ ਸੌਣ ਵਾਂਗ ਜਪਾਨੀ ਲੋਕ ਵੀ ਇਕੱਠੇ ਹੀ ਸੌਂ ਜਾਂਦੇ। ਉਹ ਸੌਣ ਵੇਲੇ ਆਪਣੀਆਂ ਤਪੜੀਆਂ ਜਿਹੀਆਂ ਖੋਹਲਦੇ ਤੇ ਸਵੇਰੇ ਗੋਲ਼ ਕਰਕੇ ਸੰਭਾਲ ਕੇ ਰੱਖ ਦਿੰਦੇ। ਕਿਤੇ-ਕਿਤੇ ਵਿਚਕਾਰ ਮਹੀਨ-ਪਰਦੇ ਵੀ ਹੁੰਦੇ ਜਿਹਨਾਂ ਨੂੰ ਉਹ ਸ਼ੋਜੀ ਕਹਿੰਦੇ। ਪੱਛਮੀ ਮਾਸਟਰ-ਬੈੱਡਰੂਮ ਦੇ ਮੁਕਾਬਲੇ ਜਪਾਨ ਵਿੱਚ ਟੈਟਾਮੀ-ਰੂਮ ਹੁੰਦਾ ਹੈ ਪਰ ਇਸ ਦਾ ਕੋਈ ਦਰਵਾਜ਼ਾ ਨਹੀਂ ਹੁੰਦਾ ਤੇ ਨਾ ਹੀ ਕੋਈ ਬੈੱਡ ਹੁੰਦਾ ਹੈ। ਸਾਡੇ ਦਲਾਨਾਂ ਵਾਂਗ ਅਠਾਰਵੀਂ ਵਿੱਚ ਅਮਰੀਕਨਾਂ ਦਾ ਖਾਣ-ਪੀਣ, ਮਿਲਣ-ਗਿਲਣ, ਸੌਣ-ਬਹਿਣ ਇਕ ਵੱਡੇ ਕਮਰੇ ਵਿੱਚ ਹੀ ਹੁੰਦਾ ਸੀ। ਫਿਰ ਲੋਕਾਂ ਕੋਲ ਪੈਸੇ ਆਉਣ ਲੱਗੇ ਤੇ ਘਰਾਂ ਨੂੰ ਡਿਜ਼ਾਈਨ ਕੀਤਾ ਜਾਣ ਲੱਗਾ। ਅੱਜ ਅਮਰੀਕਾ ਦੇ ਕਈ ਰਾਜਾਂ ਵਿੱਚ ਕਮਰਿਆਂ ਦਾ ਘੱਟੋ-ਘੱਟ ਸਾਈਜ਼ ਤੈਅ ਕੀਤਾ ਹੋਇਆ ਹੈ। ਹਰ ਕਮਰਾ ਹਵਾਦਾਰ ਤੇ ਰੌਸ਼ਨੀਦਾਰ ਹੋਣਾ ਚਾਹੀਦਾ ਹੈ। ਮੈਂ ਈਸਟ-ਯੌਰਪ ਵਿੱਚ ਸੋਵੀਅਤ ਵੇਲੇ ਦੇ ਖੁੱਡੇ-ਨੁਮਾ ਘਰ-ਕਮਰੇ ਦੇਖੇ ਹਨ। ਛੋਟੀਆਂ-ਛੋਟੀਆਂ ਖਿੜਕੀਆਂ ਵਾਲੇ।
ਹੁਣ ਤਾਂ ਮਹਿੰਗੇ ਘਰਾਂ ਵਿੱਚ ਡੂਅਲ-ਮਾਸਟਰ-ਬੈੱਡਰੂਮ ਵੀ ਪ੍ਰਚੱਲਤ ਹੋ ਰਹੇ ਹਨ। ਜੇ ਪਤੀ-ਪਤਨੀ ਇਕ ਦੂਜੇ ਨੂੰ ਨਾ ਝੱਲ ਸਕਣ ਤਾਂ ਆਪੋ-ਆਪਣੇ ਕਮਰੇ ਵਿੱਚ ਜਾ ਪੈਣ। ਇਹ ਗੱਲ ਬਹੁਤੀ ਹੈਰਾਨ ਵਾਲੀ ਨਹੀਂ ਕਿ ਬਹੁਤ ਸਾਰੇ ਲੋਕ ਮਾਸਟਰ-ਬੈੱਡਰੂਮ ਵਾਲੇ ਕਥਨ ਦਾ ਵਿਰੋਧ ਵੀ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਵਿੱਚੋਂ ਮੇਲ-ਸ਼ੋਵਨਿਜ਼ਮ ਦੀ ਬੋਅ ਆਉਂਦੀ ਹੈ। ਇਸ ਵਿੱਚੋਂ ਮਾਲਕੀ ਦੀ ਹੈਂਕੜ ਝਲਕਦੀ ਹੈ। ਜੌਹਨ ਲੀਜੈਂਡ ਨਾਂ ਦੇ ਇਕ ਬੰਦੇ ਨੇ ਮਾਸਟਰ-ਬੈੱਡਰੂਮ ਦੀ ਟਰਮ ਨੂੰ ਬਹਿਸ ਦਾ ਵਿਸ਼ਾ ਬਣਾ ਦਿੱਤਾ ਹੈ। ਉਸ ਦਾ ਕਹਿਣ ਹੈਕਿ ਇਹ ਟਰਮ ਅਮਰੀਕਨ ਗੁਲਾਮੀ ਨਾਲ ਜਾ ਜੁੜਦੀ ਹੈ; ਇਕ ਕਮਰਾ ਮਾਸਟਰ ਦਾ, ਬਾਕੀ ਗੁਲਾਮਾਂ ਦੇ, ਇਸ ਲਈ ਇਹ ਸ਼ਬਦ ਵਰਤਣਾ ਬੰਦ ਕਰ ਦੇਣਾ ਚਾਹੀਦਾ ਹੈ। ਪਰ ਮੈਂ ਉਸ ਨਾਲ ਸਹਿਮਤ ਨਹੀਂ ਹਾਂ। ਮਾਸਟਰ ਨਾਲ ਜੁੜਦੇ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਵੇਂਕਿ ਮਾਸਟਰ-ਮਾਈਂਡ, ਮਾਸਟਰ-ਕਾਪੀ, ਮਾਸਟਰ-ਪਿਲਰ, ਮਾਸਟਰ-ਗੇਟ ਆਦਿ। ਇਵੇਂ ਤੁਸੀਂ ਕਿਹੜੇ-ਕਿਹੜੇ ਸ਼ਬਦ ਨੂੰ ਵਰਤੋਂ ਵਿੱਚੋਂ ਕੱਢੋਗੇ?
Comments