top of page
  • Writer's pictureਸ਼ਬਦ

ਅੰਮਿ੍ਤਾ ਨੂੰ ਇਕ ਸਵਾਲ - ਪਾਲ ਕੌਰ


ਅੰਮਿ੍ਤਾ ! ਤੂੰ ਕਿਵੇਂ ਤਿੰਨ ਰਕਮਾਂ ਵੱਖ-ਵੱਖ ਲਿਖ ਲਈਆਂ? ਪਤੀ, ਮਹਿਬੂਬ ਤੇ ਦੋਸਤ! ਅਤੇ ਫਿਰ ਕਿਵੇਂ ਇਕ ਨਜ਼ਰ ਨਾਲ ਸਾਰੇ ਸਵਾਲ ਹੱਲ ਕਰ ਲਏ? ਇਹ ਜ਼ਰੂਰ ਕੋਈ ਅਜੂਬਾ ਹੋਵੇਗਾ! ਮੈਂ ਤਾਂ ਦੋ ਹੀ ਰਕਮਾਂ ਵੇਖੀਆਂ ਨੇ — ਇਕ ਖ਼ੂਨ ਦੀ ਤੇ ਇਕ ਖ਼ੂਨ-ਬਾਹਰੀ ! ਇਕ ਰਕਮ ਬਾਪ ਦੀ ਏ— ਬਾਪ ਬਾਪ ਹੁੰਦਾ ਏ ਵੀਰ ਜਵਾਨ ਹੋ ਜਾਵੇ ਤਾਂ ਬਾਪ ਹੁੰਦਾ ਏ ਪੁੱਤਰ ਜਵਾਨ ਹੋ ਜਾਵੇ ਤਾਂ ਬਾਪ ਹੁੰਦਾ ਏ। ਦੂਜੀ ਰਕਮ ਮਰਦ ਦੀ ਏ— ਹਰ ਸਵਾਲ ਦਾ ਜਵਾਬ ਜਾਂ ਬਾਪ ਤੇ ਜਾਂ ਮਰਦ ! ਉਂਜ ਤਾਂ ਮਰਦ ਹਰ ਕੋਣ ਤੋਂ ਹਰ ਰਿਸ਼ਤੇ ਵਿਚ ਹਰ ਫ਼ਲਸਫ਼ੇ ਵਿਚ ਹਰ ਪੱਧਰ ਉੱਪਰ ਮਰਦ ਹੁੰਦਾ ਏ ! ਪਤੀ ਹੋਣ ਤੋਂ ਪਹਿਲਾਂ ਉਹ ਹੋਂਦ ਤੇ ਜ਼ਿਹਨੀਅਤ ਦਾ ਕਦਰਦਾਨ ਹੁੰਦਾ ਏ ਅਤੇ ਮਗਰੋਂ ਸਿਰਫ਼ ਪਤੀ ਹੁੰਦਾ ਏ ਤੇ ਪਤਨੀ ਉਸ ਲਈ ਮਹਿਜ਼ ਇਕ ਵਸਤੂ ! ਇਸ਼ਕ ਜੇ ਵਿਆਹ ਦੀ ਰਕਮ ਨਾ ਵੀ ਬਣੇ ਤਾਂ ਇਹਦੀ ਉਮਰ ਫੁੱਲਾਂ ਜਿੰਨੀ ਵੀ ਨਹੀਂ ਹੁੰਦੀ। ਮਰਦ ਛੇਤੀ ਹੀ ਘੋੜੀਆਂ/ਲੋਰੀਆਂ ਵਿਚ ਗਵਾਚ ਜਾਂਦਾ ਏ— ਤੇ ਔਰਤ ਲਈ ਜਾਂ ਤਾਂ ਉਹਦੀ ਪਿੱਠ ਹੁੰਦੀ ਏ ਤੇ ਜਾਂ ਫਿਰ ਦੂਸਰੀ ਔਰਤ ਤੇ ਮਰਦ ਦਾ ਰਿਸ਼ਤਾ ! ਕਦਰਦਾਨ ਤਾਂ ਉਹ ਬੋਹੜਾਂ-ਪਿੱਪਲਾਂ ਦਾ ਹੁੰਦਾ ਏ ਪਰ ਮਾਣਤਾ ਉਹ ਆਪਣੇ ਗਮਲੇ 'ਚ ਲਾਏ ਬੌਣੇ ਰੁੱਖਾਂ ਨੂੰ ਦੇਂਦਾ ਏ ! ਕਿਸੇ ਦਾ ਕੱਦ ਛਾਂਗ ਕੇ ਘਰ ਦੀ ਚੁਗਾਠ 'ਚੋਂ ਲੰਘਾ ਲੈਂਦਾ ਹੈ ਤੇ ਫਿਰ ਉਸ ਤੋਂ ਉਚਾਈਆਂ ਦੀ ਮੰਗ ਕਰਦਾ - ਨਿਰਾਸ਼ ਹੋ ਕੇ ਘਰੋਂ ਬਾਹਰ ਨਿਕਲ ਜਾਂਦਾ ਏ - ਬਾਹਰ ਕਿਸੇ ਕੱਦ-ਕਾਠ ਦਾ ਸਾਥ ਮਿਲ ਵੀ ਜਾਵੇ ਤਾਂ ਉਸ ਨੂੰ ਵੀ ਜਿਸਮ ਦੇ ਗਜ਼ ਨਾਲ ਮਾਪਣ ਲਗਦਾ ਏ ! ਅੰਮਿ੍ਤਾ ! ਕਿੰਨੇ ਕੁ ਜਿਸਮ ਨੇ ਜੋ ਰੂਹ ਦੇ ਦਰਿਆ 'ਚ ਉਤਰਦੇ ਨੇ? ਕਿੰਨੀਆਂ ਕੁ ਰੂਹਾਂ ਨੇ ਜਿਹੜੀਆਂ ਇਕ ਦੂਜੇ ਦੀ ਜ਼ਮੀਨ 'ਤੇ ਉੱਗਦੀਆਂ ਨੇ? ਜਿਸਮਾਂ ਦੀ ਭਟਕਣ ਇਕ ਤਰਫ਼ ਰੂਹਾਂ ਦੀ ਭਟਕਣ ਇਕ ਤਰਫ਼ !! ਕਿੰਨੇ ਕੁ ਘਰਾਂ ਵਿਚ ਮਲਹਾਰ ਗਾਏ ਜਾਂਦੇ ਨੇ? ਹਰੇਕ ਘਰ ਦੀਆਂ ਕੰਧਾਂ ਕੋਈ ਚੀਕ ਕੋਈ ਹਉਕਾ ਕੋਈ ਅੱਥਰੂ ਜਾਂ ਕੋਈ ਰੋਹ ਲੁਕਾਈ ਦੇਹਲੀ ਦੀ ਲਾਜ ਨੂੰ ਬਣਾਈ ਰੱਖਦੀਆਂ ਨੇ ! ਪੜਿੵਆ ਤਾਂ ਅਸੀਂ ਫਰਾਇਡ ਵੀ ਹੈ ਤੇ ਰਜਨੀਸ਼ ਵੀ - ਜਾਣਿਆ ਤਾਂ ਅਸੀਂ ਮੀਰਾ ਨੂੰ ਵੀ ਹੈ ਤੇ ਰਾਧਾ ਨੂੰ ਵੀ ! ਅੰਮਿ੍ਤਾ ! ਤੇਰੀ 'ਰਸੀਦੀ ਟਿਕਟ' ਉੱਪਰ — ਇਮਰੋਜ਼ ਦੇ ਦਸਤਖ਼ਤਾਂ ਨੂੰ ਸਭ ਨੇ ਵਸੂਲ ਪਾਇਆ ਹੈ ਪਰ ਕਿਸੇ ਪਾਠਕ ਜਾਂ ਸਮਕਾਲੀ ਕੋਲ ਇਮਰੋਜ਼ ਦਾ ਕੋਈ ਨਕਸ਼ ਕਿਉਂ ਨਹੀਂ ਆਇਆ ? ਕਹਿੰਦੇ ਨੇ ਧਰਤੀ 'ਤੇ ਜ਼ੁਲਮ ਦੀ ਅੱਤ ਹੋ ਜਾਵੇ ਤਾਂ ਰੱਬ ਅਵਤਾਰ ਧਾਰਦਾ ਏ— ਰਿਸ਼ਤਿਆਂ ਦੇ ਨਾਵਾਂ ਦੇ ਇਸ ਅੱਤ ਹਨੇਰੇ ਵਿਚ ਕੋਈ ਦੋਸਤ ਕਦੋਂ ਜੰਮੇਗਾ--?

Comments


bottom of page