ਛੁੱਟੀਆਂ ‘ਤੇ ਜਾਣ ਦੀ ਖੱਬਤ /
ਹਰਜੀਤ ਅਟਵਾਲ /
ਹਰ ਬੰਦਾ ਛੁੱਟੀਆਂ ‘ਤੇ ਜਾਣਾ ਚਾਹੁੰਦਾ ਹੈ ਬਲਕਿ ਛੁੱਟੀਆਂ ‘ਤੇ ਜਾਣਾ ਖੱਬਤ ਬਣ ਚੁੱਕਾ ਹੈ। ਛੁੱਟੀ ਅਜਿਹਾ ਸ਼ਬਦ ਹੈ ਜਿਸ ਨੂੰ ਸੁਣਕੇ ਕੰਨ ਬਹੁਤ ਖੁਸ਼ ਹੁੰਦੇ ਹਨ। ਛੁੱਟੀ ਭਾਵ ਜ਼ਿੰਮੇਵਾਰੀ ਤੋਂ ਮੁਕਤੀ। ਮੋਟੇ ਤੌਰ ‘ਤੇ ਛੁੱਟੀ ਦਾ ਮਤਲਬ, ਤੁਸੀਂ ਆਪਣੇ ਰੋਜ਼ਾਨਾ ਕੰਮ ਨੂੰ ਸਥਿਗਤ ਕਰਕੇ ਆਰਾਮ ਕਰਦੇ ਹੋ ਜਾਂ ਕੋਈ ਹੋਰ ਮਨ-ਭਾਉਂਦੇ ਤਰੀਕੇ ਨਾਲ ਦਿਨ ਬਤੀਤ ਕਰਦੇ ਹੋ। ਜੇ ਮਨੁੱਖਤਾ ਦੇ ਪਿਛੋਕੜ ਵੱਲ ਜਾਈਏ ਤਾਂ ਛੁੱਟੀ ਦਾ ਵਾਹ ਧਰਮ ਜਾਂ ਸਭਿਆਚਾਰ ਨਾਲ ਜੁੜਦਾ ਹੈ। ਜਦੋਂ ਵੀ ਲੋਕਾਂ ਨੇ ਕੋਈ ਧਾਰਮਿਕ-ਦਿਵਸ ਮਨਾਉਣਾ ਹੁੰਦਾ ਹੋਵੇਗਾ ਤਾਂ ਰੋਜ਼ਾਨਾ ਦੇ ਕੰਮਾਂ ਨੂੰ ਜਲਦੀ ਮੁਕਾਉਂਦੇ ਜਾਂ ਅੱਗੇ ਪਾ ਲੈਂਦੇ ਹੋਣਗੇ। ਦੀਵਾਲੀ, ਹੋਲੀ, ਕ੍ਰਿਸਮਸ, ਈਦ ਆਦਿ ਵਰਗੇ ਤਿਓਹਾਰ ਸਦੀਆਂ ਤੋਂ ਮਨਾਏ ਜਾਂਦੇ ਆ ਰਹੇ ਹਨ। ਸੋ ਛੁੱਟੀ ਜਾਂ ਥੋੜਾ ਵਿਹਲ ਰੱਖਣਾ ਮਨੁੱਖ ਦੀ ਫਿਤਰਤ ਵਿੱਚ ਹੈ। ਸਮੇਂ ਨਾਲ ਛੁੱਟੀ ਜ਼ਰੂਰਤ ਬਣ ਗਈ ਜਾਂ ਇਸ ਨੂੰ ਇਵੇਂ ਮਿਥ ਲਿਆ ਗਿਆ ਕਿ ਐਤਵਾਰ, ਜੁੰਮੇ (ਸ਼ੁਕਰਵਾਰ) ਜਾਂ ਫਲਾਨੇ ਦਿਨ ਛੁੱਟੀ ਹੋਣੀ ਚਾਹੀਦੀ ਹੈ। ਮਾਡਰਨ-ਯੁੱਗ ਵਿੱਚ ਛੁੱਟੀ ਦੀ ਰੂਪ-ਰੇਖਾ ਆਦਿ ਸਰਕਾਰ, ਧਾਰਮਿਕ-ਸੰਸਥਾਵਾਂ ਜਾਂ ਹੋਰ ਗਰੁੱਪ/ਸੰਸਥਾਵਾਂ ਵਲੋਂ ਤੈਅ ਕੀਤੀ ਜਾਂਦੀ ਹੋ ਸਕਦੀ ਹੈ। ਕਈ ਵਾਰ ਪੂਰੇ ਦਿਨ ਦੀ ਛੁੱਟੀ ਨਾ ਕਰਕੇ ਅੱਧੇ ਦਿਨ ਦੀ ਛੁੱਟੀ ਵੀ ਕੀਤੀ ਜਾਂਦੀ ਹੈ। ਸ਼ਨਿਚਰਵਾਰ ਵਾਲੀ ਅੱਧੀ-ਛੁੱਟੀ ਇਸੇ ਦਾ ਹਿੱਸਾ ਹੈ। ਕਈ ਥਾਵੀਂ ਵਰਕਿੰਗ-ਹੌਲੀਡੇ ਦਾ ਰਿਵਾਜ ਵੀ ਹੈ, ਭਾਵ ਛੁੱਟੀ ਵਾਲੇ ਦਿਨ ਵੀ ਕੰਮ। ਅਮਰੀਕਨ-ਜਿਊਆਂ ਵਿੱਚ ਛੁੱਟੀ ਦੀ ਇਕ ਪ੍ਰਥਾ ਹੈ ਜਿਸ ਨੂੰ ‘ਹੈਨੁਕਾਹ’ ਕਹਿੰਦੇ ਹਨ। ਲੋਕ ਛੁੱਟੀ ਤਾਂ ਕਰ ਲੈਂਦੇ ਹਨ ਪਰ ਕੰਮ ਵੀ ਕਰਦੇ ਰਹਿੰਦੇ ਹਨ ਪਰ ਇਸਦੀ ਰੁਟੀਨ ਬਦਲ ਕੇ।
ਅੰਗਰੇਜ਼ੀ ਵਿੱਚ ਛੁੱਟੀ ਲਈ ਕਈ ਸ਼ਬਦ ਹਨ। ਪ੍ਰਚੱਲਤ ਸ਼ਬਦ ਤਾਂ ਹੌਲੀਡੇ ਹੀ ਹੈ। ਵੈਸੇ ਹੌਲੀਡੇ ਦੇ ਮਾਹਿਨੇ ‘ਧਾਰਮਿਕ-ਦਿਵਸ’ ਬਣਦੇ ਹਨ ਕਿ ਹੋਲੀ ਭਾਵ ਧਾਰਮਿਕ, ਡੇ ਭਾਵ ਦਿਵਸ। ਜੇ ਛੁੱਟੀਆਂ ਇਕ ਤੋਂ ਵੱਧ ਹੋਣ ਤਾਂ ਇਸ ਲਈ ਵਕੇਸ਼ਨ ਸ਼ਬਦ ਵੀ ਵਰਤ ਲੈਂਦੇ ਹਨ। ਦਫਰਤੀ ਬੋਲੀ ਵਿੱਚ ਛੁੱਟੀਆਂ ਨੂੰ ਲੀਵ ਵੀ ਕਿਹਾ ਜਾਂਦਾ ਹੈ। ਤੁਸੀਂ ਨਵੀਂ ਜੌਬ ‘ਤੇ ਲਗਦੇ ਹੋ ਤਾਂ ਜ਼ਰੂਰ ਪੁੱਛਦੇ ਹੋਕਿ ਐਨੂਅਲ-ਲੀਵ (ਸਾਲਾਨਾ-ਛੁੱਟੀਆਂ) ਕਿੰਨੀਆਂ? ਇਹ ਛੁੱਟੀਆਂ ਤਨਖਾਹ ਸਮੇਤ ਹੁੰਦੀਆਂ ਹਨ। ਹਰ ਜੌਬ ਦੀਆਂ ਸਲਾਨਾ ਛੁੱਟੀਆਂ ਪਹਿਲਾਂ ਤੈਅ ਹੁੰਦੀਆਂ ਹਨ ਜੇ ਇਹਨਾਂ ਤੋਂ ਵੱਧ ਛੁੱਟੀਆਂ ਲੈਣੀਆਂ ਹੋਣ ਤਾਂ ਬਿਨਾਂ ਤਨਖਾਹ ਲੈਣੀਆਂ ਪੈਣਗੀਆਂ। ਸਾਰੀ ਦੁਨੀਆਂ ਵਿੱਚ ਹੀ ਕੁਝ ਏਧਰ ਓਧਰ ਕਰਕੇ ਇਹ ਸਿਸਟਮ ਲਾਗੂ ਹੈ।
ਇਹ ਹਫਤਾਵਾਰ ਛੁੱਟੀਆਂ ਤੋਂ ਬਿਨਾਂ ਜੋ ਇਕਾ-ਦੁੱਕਾ ਛੁੱਟੀਆਂ ਹੁੰਦੀਆਂ ਹਨ ਇਹ ਹਰ ਦੇਸ਼ ਵਿੱਚ ਨੈਸ਼ਨਲ, ਧਾਰਮਿਕ ਜਾਂ ਸਭਿਆਚਾਰਕ ਹਿਸਾਬ ਨਾਲ ਵੀ ਹੁੰਦੀਆਂ ਹਨ। ਇਸਲਾਮਿਕ-ਮੁਲਕਾਂ ਤੇ ਇਸਾਈ-ਮੁਲਕਾਂ ਦੀਆਂ ਛੁੱਟੀਆਂ ਦਾ ਭਿੰਨ ਹੋਣਾ ਕੁਦਰਤੀ ਹੈ। ਭਾਰਤ ਵਿੱਚ ਕਈ ਧਰਮ ਹੋਣ ਕਰਕੇ ਛੁੱਟੀਆਂ ਦਾ ਸਦਾ ਹੀ ਰੌਲ਼ਾ ਪਿਆ ਰਹਿੰਦਾ ਹੈ। ਇੰਗਲੈਂਡ ਵਿੱਚ ਅੱਠ ਨੈਸ਼ਨਲ ਜਾਂ ਬੈਂਕ ਹੌਲੀਡੇਜ਼ ਹਨ ਤੇ ਹਰ ਹੌਲੀਡੇ ਦਾ ਇਕ ਵੱਖਰਾ ਇਤਿਹਾਸ ਹੈ। ਯੂਕੇ ਵਿੱਚ ਹੁਣ ਕਈ ਧਰਮ ਹੋ ਗਏ ਹਨ। ਹਰ ਧਰਮ ਵਾਲਾ ਆਪਣੇ ਖਾਸ ਦਿਨਾਂ ਦੀ ਛੁੱਟੀ ਮੰਗਦਾ ਹੈ। ਸਕੂਲਾਂ ਵਿੱਚ ਸਰਕਾਰ ਨੇ ਨੀਤੀ ਅਪਣਾਈ ਹੈਕਿ ਵਿਦਿਆਰਥੀ ਆਪਣੇ ਧਾਰਮਿਕ-ਦਿਵਸ ‘ਤੇ ਛੁੱਟੀ ਕਰ ਸਕਦੇ ਹਨ।
ਹਫਤਾਵਾਰ ਛੁੱਟੀਆਂ ਦੇ ਨਾਲ-ਨਾਲ ਸਾਲਾਨਾ-ਛੁੱਟੀਆਂ ਦੀ ਜ਼ਿਆਦਾ ਮਹੱਤਤਾ ਹੈ। ਇਕ ਹਫਤਾ ਕੰਮ ਕਰੇ ਦੋ ਛੁੱਟੀਆਂ ਮਿਲਦੀਆਂ ਹਨ ਤਾਂ ਸਾਲ ਭਰ ਕੰਮ ਕਰਕੇ ਤਾਂ ਜ਼ਿਆਦਾ ਛੁੱਟੀਆਂ ਮਿਲਣੀਆਂ ਚਾਹੀਦੀਆਂ ਹਨ। ਮੈਨੂੰ ਜਾਪਦਾ ਹੈਕਿ ਹੋਰ ਬਹੁਤ ਸਾਰੀਆਂ ਕਾਢਾਂ ਵਾਂਗ ਸਾਲਾਨਾ-ਛੁੱਟੀਆਂ ਦੀ ਕਾਢ ਵੀ ਪੱਛਮ ਵਿੱਚ ਹੀ ਹੋਈ ਹੋਵੇਗੀ ਜਿਸ ਨੇ ਅੱਗੇ ਜਾ ਕੇ ਟੂਰਿਜ਼ਮ ਦਾ ਰੂਪ ਧਾਰਿਆ। ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਤਾਂ ਜ਼ਰੂਰ ਅੰਗਰੇਜ਼ਾਂ ਦੀ ਦੇਣ ਹੋਵੇਗੀ। ਇੰਗਲੈਂਡ ਵਿੱਚ ਲੰਮੀਆਂ-ਛੁੱਟੀਆਂ ਦੀ ਪਰੰਪਰਾ ਉਨੀਵੀਂ-ਸਦੀ ਵਿੱਚ ਜ਼ੋਰ ਫੜਦੀ ਹੈ। ਵੀਹਵੀਂ-ਸਦੀ ਤੋਂ ਪੱਛਮ ਵਿੱਚ ਸਾਲਾਨਾ-ਛੁੱਟੀਆਂ ‘ਤੇ ਜਾਣਾ ਹਰ ਕੋਈ ਜ਼ਰੂਰੀ ਸਮਝਣ ਲਗਦਾ ਹੈ। ਹੁਣ ਤਾਂ ਸਾਲ ਵਿੱਚ ਇਕ ਵਾਰ ਛੁੱਟੀਆਂ ‘ਤੇ ਜਾਣਾ ਲੋੜ ਬਣ ਚੁੱਕਾ ਹੈ। ਅੱਜ ਛੁੱਟੀਆਂ ‘ਤੇ ਜਾਣ ਦਾ ਭਾਵ ਵਿਦੇਸ਼ ਜਾਣ ਤੋਂ ਲਿਆ ਜਾਂਦਾ ਹੈ। ਭਾਰਤ ਵਿੱਚ ਵੀ ਉਪਰਲੀ ਮਿਡਲ-ਕਲਾਸ ਵਿੱਚ ਇਹ ਰੁਝਾਨ ਪੂਰੀ ਤਰ੍ਹਾਂ ਘਰ ਕਰੀ ਬੈਠਾ ਹੈ। ਵੈਸੇ ਜੇ ਅਸੀਂ ਆਪਣਾ ਇਤਿਹਾਸ ਦੇਖੀਏ ਤਾਂ ਸ਼ਾਇਦ ਹੀ ਮਹਾਂਭਾਰਤ ਜਾਂ ਰਮਾਇਣ ਵਿੱਚ ਛੁੱਟੀਆਂ ਜ਼ਿਕਰ ਆਇਆ ਹੋਵੇਗਾ।
ਅੱਜ ਦੇ ਯੁੱਗ ਵਿੱਚ ਜਿਹੜੇ ਲੋਕ ਨੌਕਰੀਆਂ ਕਰਦੇ ਹਨ ਉਹੀ ਛੁੱਟੀਆਂ ਵੱਲ ਜ਼ਿਆਦਾ ਝਾਕਦੇ ਹਨ। ਛੋਟੇ ਕਾਰੋਬਾਰਾਂ ਵਿੱਚ ਮੁਲੱਬਸ ਸੈਲਫ-ਇੰਪਲਾਏਡ ਲੋਕ (ਆਪਣੇ-ਆਪ ਲਈ ਕੰਮ ਕਰਨ ਵਾਲੇ) ਘੱਟ ਹੀ ਛੁੱਟੀ ਕਰਦੇ ਹਨ। ਵੱਡੇ ਕਾਰੋਬਾਰਾਂ ਦੇ ਮਾਲਕਾਂ ਦੀ ਭਾਵੇਂ ਕਹਾਣੀ ਹੋਰ ਹੈ। ਮੈਂ ਜਿੰਨਾ ਚਿਰ ਆਪਣਾ ਕਾਰੋਬਾਰ ਕੀਤਾ ਹੈ ਕਦੇ ਛੁੱਟੀ ਨਹੀਂ ਕੀਤੀ, ਨਾ ਹੀ ਬਿਮਾਰ ਹੋਣ ਬਰਦਾਸ਼ਤ ਕਰ ਸਕਿਆ ਹਾਂ। ਹੁਣ ਜਦੋਂ ਕੁ ਤੋਂ ਬੇਗਾਨੀ ਨੌਕਰੀ ਸ਼ੁਰੂ ਕੀਤੀ ਹੈ, ਛੁੱਟੀਆਂ ਦੀ ਤਾਂਘ ਬਣਨ ਲੱਗੀ ਹੈ। ਹੁਣ ਇਹਨਾਂ ਦੀ ਲੋੜ ਸਮਝ ਪੈਂਦੀ ਹੈ। ਹਰ ਇਕ ਕਾਮੇ ਲਈ ਸਾਲ ਵਿੱਚ ਇਕ ਵਾਰ ਛੁੱਟੀਆਂ ਬਹੁਤ ਜ਼ਰੂਰੀ ਹਨ। ਆਪਣੇ ਰੋਜ਼-ਮਰਹਾ ਦੇ ਜੀਵਨ ਤੋਂ ਕੁਝ ਦਿਨਾਂ ਲਈ ਦੂਰ ਜਾਣਾ ਲਾਜ਼ਮੀ ਹੈ। ਇਹ ਤੁਹਾਨੂੰ ਚਾਰਜ ਕਰਕੇ ਵਧੇਰੇ ਕੰਮ ਲਈ ਤਿਆਰ ਕਰਦਾ ਹੈ। ਤੁਸੀਂ ਛੁੱਟੀਆਂ ਕੱਟਣ ਕਿਤੇ ਵੀ ਜਾ ਸਕਦੇ ਹੋ। ਸਾਡੇ ਵੇਲਿਆਂ ਵੇਲੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੀਂ ਜਾਣ ਦਾ ਰਿਵਾਜ ਸੀ। ਮੇਰੀ ਪੀੜ੍ਹੀ ਦੇ ਲੋਕ ਜੋ ਵਿਦੇਸ਼ਾਂ ਵਿੱਚ ਰਹਿੰਦੇ ਹਨ ਆਪਣੀਆਂ ਛੁੱਟੀਆਂ ਵਿੱਚ ਇੰਡੀਆ ਜਾਇਆ ਕਰਦੇ ਸਨ। ਸ਼ਾਇਦ ਹੀ ਕਿਸੇ ਨੇ ਇੰਡੀਆ ਬਿਨਾਂ ਕਿਤੇ ਹੋਰ ਜਾਣ ਦਾ ਸੋਚਿਆ ਹੋਵੇ। ਜਦ ਇੰਡੀਆ ਵਾਲੇ ਸਾਡੇ ਘਰ ਢਹਿ ਗਏ ਤੇ ਰਿਸ਼ਤੇਦਾਰ ਤੰਗ ਕਰਨ ਲੱਗ ਪਏ ਤਾਂ ਅਸੀਂ ਕਨੇਡਾ-ਅਮਰੀਕਾ ਦਾ ਰੁੱਖ ਕਰ ਲਿਆ ਉਹ ਵੀ ਦੋਸਤਾਂ ਰਿਸ਼ਤੇਦਾਰਾਂ ਕੋਲ ਹੀ। ਮੈਂ ਇਹੀ ਸੋਚਦਾ ਹੁੰਦਾ ਸਾਂਕਿ ਇਸ ਵਾਰ ਟਰੰਟੋ ਬਲਰਾਜ ਚੀਮੇ ਕੋਲ ਚਲਦੇ ਹਾਂ ਜਾਂ ਵੈਨਕੋਵਰ ਅਮਨਪਾਲ ਸਾਰਾ/ਨਵਦੀਪ ਸਿੱਧੂ ਕੋਲ ਜਾਇਆ ਜਾ ਸਕਦਾ ਹੈ। ਇਹ ਤਾਂ ਜਦ ਬੱਚੇ ਵੱਡੇ ਹੋਏ ਉਹਨਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਨਾਲ ਨਾਲ ਇਹ ਵੀ ਸਿਖਾਇਆ ਕਿ ਛੁੱਟੀਆਂ ਹੋਟਲ ਜਾਂ ਵਿਲਾ ਬੁੱਕ ਕਰਾ ਕੇ ਮਾਣੀਆਂ ਜਾ ਸਕਦੀਆਂ ਹਨ ਜਾਂ ਕਰੂਜ਼ ਆਦਿ ‘ਤੇ ਜਾ ਕੇ। ਕਿਸੇ ਰਿਸ਼ਤੇਦਾਰ ਜਾਂ ਦੋਸਤ ਦੇ ਘਰ ਜਾਕੇ ਉਸਨੂੰ ਤੰਗ ਕਰਨ ਨੂੰ ਛੁੱਟੀਆਂ ਨਹੀਂ ਕਿਹਾ ਜਾ ਸਕਦਾ।
ਛੁੱਟੀਆਂ ਵਿੱਚ ਕਿੱਥੇ ਜਾਇਆ ਜਾਵੇ? ਇਹ ਵੀ ਬਹੁਤ ਵੱਡਾ ਸਵਾਲ ਹੈ। ਪਰ ਇਸ ਦਾ ਜਵਾਬ ਵੀ ਹੈ। ਛੁੱਟੀਆਂ ਦੀ ਮੰਜ਼ਿਲ ਬਾਰੇ, ਛੁੱਟੀਆਂ ਦੇ ਪ੍ਰਬੰਧ ਬਾਰੇ ਬਹੁਤ ਸਾਰੀਆਂ ਏਜੰਸੀਆਂ ਬਣੀਆਂ ਹੋਈਆਂ ਹਨ। ਇਹ ਤੁਹਾਡਾ ਮਨ ਭਰਮਾਉਂਦੀਆਂ ਜਗਾਵਾਂ ਲੱਭ ਦਿੰਦੀਆਂ ਹਨ। ਇਹਨਾਂ ਕੋਲ ਇਕ ਨਹੀਂ ਸੈਂਕੜੇ-ਹਜ਼ਾਰਾਂ ਟਿਕਾਣੇ ਹੁੰਦੇ ਹਨ। ਇਹਨਾਂ ਉਪਰ ਮੌਸਮ ਦੇ ਹਿਸਾਬ ਨਾਲ ਵਿਸ਼ੇਸ਼ ਪੇਸ਼ਕਸ਼ਾਂ (ਔਫਰਜ਼) ਲਗਦੀਆਂ ਰਹਿੰਦੀਆਂ ਹਨ। ਇਹ ਤਕਰੀਬਨ ਦੁਕਾਨ ਤੋਂ ਸੌਦਾ ਖਰੀਦਣ ਵਰਗੀ ਪ੍ਰਕਿਰਿਆ ਹੀ ਹੈ। ਤੁਹਾਨੂੰ ਪੈਕੇਜ-ਡੀਲ ਵੀ ਮਿਲਦੀ ਹੈ ਜਿਸ ਵਿੱਚ ਕਿਰਾਇਆ, ਰਹਿਣਾ, ਖਾਣਾ-ਪੀਣਾ ਆਦਿ ਸ਼ਾਮਲ ਹੁੰਦਾ ਹੈ। ਇਹ ਸਭ ਕੁਝ ਟੂਰਿਜ਼ਮ ਵਿੱਚ ਆਉਂਦਾ ਹੈ। ਟੂਰਿਜ਼ਮ ਇਸ ਵੇਲੇ ਆਪਣੇ ਆਪ ਵਿੱਚ ਇਕ ਪੂਰੀ ਇੰਡਸਟਰੀ ਹੈ ਜਿਸ ਵਿੱਚ ਬਿਲੀਅਨ-ਟ੍ਰਿਲੀਅਨ ਡਾਲਰ ਸ਼ਾਮਲ ਹਨ। ਕਈ ਮੁਲਕਾਂ ਨੇ ਤਾਂ ਇਸ ਇੰਡਸਟਰੀ ਨੂੰ ਬੜ੍ਹਾਵਾ ਦੇਣ ਲਈ ਵਿਸ਼ੇਸ਼ ਮਿਨਿਸਟਰੀਜ਼ ਬਣਾਈਆਂ ਹੋਈਆਂ ਹਨ। ਕਰੋਨਾ ਨੇ ਇਸ ਕਾਰੋਬਾਰ ਨੂੰ ਭਾਰੀ ਸੱਟ ਮਾਰੀ ਹੈ। ਸ਼ਇਦ ਇਸੇ ਕਾਰੋਬਾਰ ਨੂੰ ਹੀ ਸਭ ਤੋਂ ਵੱਧ ਨੁਕਸਾਨ ਹੋਇਆ ਹੋਵੇਗਾ। ਕਰੋਨਾ ਘਟਣ ਨਾਲ ਫਿਰ ਲੋਕ ਨਿਕਲ ਰਹੇ ਹਨ। ਟਰੈਵਿਲ ਏਜੰਟ ਮੁੜ ਸਰਗਰਮ ਹੋ ਰਹੇ ਹਨ। ਟੂਰਿਜ਼ਮ ਵਾਲੀਆਂ ਥਾਵਾਂ ਸਜਾਈਆਂ ਜਾ ਰਹੀਆਂ ਹਨ। ਕਰੂਜ਼ ‘ਤੇ ਜਾਣ ਵਾਲੀਆਂ ਛੁੱਟੀਆਂ ਤਾਂ ਅੱਧੀ ਕੀਮਤ ਵਿੱਚ ਮਿਲ ਰਹੀਆਂ ਹਨ। ਇਕ ਸਰਵੇ ਅਨੁਸਾਰ ਛੁੱਟੀਆਂ ‘ਤੇ ਨਾ ਜਾ ਸਕਣ ਕਾਰਨ ਯੂਕੇ ਦੇ ਕਈ ਲੋਕ ਨੀਮ-ਪਾਗਲਪਨ ਦਾ ਸ਼ਿਕਾਰ ਹੋ ਰਹੇ ਸਨ।
ਆਮ ਕਰਕੇ ਲੋਕ ਆਪਣੇ ਪਰਿਵਾਰ ਨਾਲ ਛੁੱਟੀਆਂ ‘ਤੇ ਜਾਂਦੇ ਹਨ ਤੇ ਕੁਝ ਦੋਸਤਾਂ ਨਾਲ ਜਾਕੇ ਖੁਸ਼ ਰਹਿੰਦੇ ਹਨ ਪਰ ਮੈਂ ਬਹੁਤ ਵਾਰੀ ਲੋਕ ਇਕੱਲੇ ਵੀ ਛੁੱਟੀਆਂ ‘ਤੇ ਗਏ ਦੇਖੇ ਹਨ। ਪਹਿਲੀ ਵਾਰ ਕਿਹੜਾ ਬੰਦਾ ਛੁੱਟੀਆਂ ‘ਤੇ ਗਿਆ ਹੋਵੇਗਾ ਇਸ ਬਾਰੇ ਤਾਂ ਬਹੁਤਾ ਨਹੀਂ ਕਿਹਾ ਜਾ ਸਕਦਾ ਪਰ ਪਹਿਲੀ ਵਾਰ ਛੁੱਟੀਆਂ ਕੱਟਣ ਦਾ ਇੰਤਜ਼ਾਮ ਕਿਸ ਨੇ ਕੀਤਾ ਸੀ ਇਸ ਬਾਰੇ ਪਤਾ ਹੈ ਭਾਵ ਕਿ ਪਹਿਲੇ ਟਰੈਵਿਲ-ਏਜੰਟ ਦੀ ਨਿਸ਼ਾਨਦੇਹੀ ਹੁੰਦੀ ਹੈ। ਇਹ ਯੂਕੇ ਦਾ ਥੌਮਸ ਕੁੱਕ ਸੀ ਜਿਸਨੇ ਪਹਿਲੀ ਵਾਰ 5 ਜੁਲਾਈ 1841 ਨੂੰ ਕੁਝ ਲੋਕਾਂ ਦਾ ਛੁੱਟੀਆਂ ‘ਤੇ ਜਾਣ ਦਾ ਇੰਤਜ਼ਾਮ ਕੀਤਾ ਸੀ। ਇਹ ਲੋਕ ਛੁੱਟੀਆਂ ਲਈ ਲੈਸਟਰ ਤੋਂ ਲੌਫਬੌਰੌ ਗਏ। ਛੁੱਟੀਆਂ ‘ਤੇ ਜਾਣ ਦੀ ਮੰਜ਼ਿਲ ਦੂਰ ਤਾਂ ਨਹੀਂ ਸੀ, ਸਿਰਫ ਗਿਆਰਾਂ ਮੀਲ, ਪਰ ਇਹ ਬਰਸਾਤ ਦੀ ਪਹਿਲੀ ਬੂੰਦ ਵਾਂਗ ਸੀ। ਥੌਮਜ ਕੁੱਕ ਨੇ ਇਹਨਾਂ ਲੋਕਾਂ ਨੂੰ ਰੇਲ ਰਾਹੀਂ ਛੁੱਟੀਆਂ ‘ਤੇ ਭੇਜਿਆ ਸੀ। ਉਦੋਂ ਰੇਲ ਵੀ ਨਵੀਂ ਚੀਜ਼ ਸੀ। ਛੁੱਟੀਆਂ ‘ਤੇ ਜਾਣ ਦਾ ਉਹਨਾਂ ਲੋਕਾਂ ਦਾ ਬਿਲਕੁਲ ਨਵਾਂ ਅਨੁਭਵ ਸੀ ਤੇ ਉਹਨਾਂ ਸਭ ਨੇ ਇਸ ਇੰਤਜ਼ਾਮ ਦੀ ਬਹੁਤ ਤਾਰੀਫ ਕੀਤੀ। ਫਿਰ ਉਸ ਨੇ ਕੁਝ ਹੋਰ ਦੂਰ ਦੀ ਬੁਕਿੰਗ ਸ਼ੁਰੂ ਕੀਤੀ। 1855 ਵਿੱਚ ਉਸ ਨੇ ਆਪਣੇ ਗਾਹਕਾਂ ਨੂੰ ਦੂਜੇ ਦੇਸ਼ਾਂ ਵਿੱਚ ਛੁੱਟੀਆਂ ‘ਤੇ ਭੇਜਣਾ ਸ਼ੁਰੂ ਕਰ ਦਿੱਤਾ ਸੀ। ਥੌਮਸ ਕੁੱਕ ਦੀ 1892 ਵਿੱਚ ਮੌਤ ਹੋਈ, ਉਸ ਨੇ ਆਪਣੇ ਜੀਵਨ ਕਾਲ ਵਿੱਚ ਹਜ਼ਾਰਾਂ ਲੋਕਾਂ ਨੂੰ ਲੱਖਾਂ ਮੀਲਾਂ ਦਾ ਸਫਰ ਕਰਵਾਇਆ। ਉਸ ਤੋਂ ਬਾਅਦ ਉਸ ਦਾ ਕਾਰੋਬਾਰ ਉਸ ਦੀ ਅਗਲੀ ਪੀੜ੍ਹੀ ਨੇ ਸੰਭਾਲਿਆ ਤੇ ਅੱਜ ਥੇਮਸ ਕੁੱਕ ਨਾਂ ਦੀ ਟਰੈਵਿਲ ਏਜੰਸੀ ਦੁਨੀਆਂ ਦੀ ਬਹੁਤ ਵੱਡੀ ਕੰਪਨੀ ਹੈ ਜੋ ਦੁਨੀਆ ਭਰ ਵਿੱਚ ਫੈਲੀ ਹੋਈ ਹੈ ਤੇ ਜਿਸ ਦੇ ਆਪਣੇ ਹਵਾਈ ਜਹਾਜ਼ ਵੀ ਹਨ ਤੇ ਕਈ ਸੌ ਮਿਲੀਅਨ ਡਾਲਰ ਦਾ ਕਾਰੋਬਾਰ ਕਰਦੇ ਹਨ। ਇਸ ਤਰ੍ਹਾਂ ਥੌਮਸ ਕੁੱਕ ਟੂਰਿਜ਼ਮ ਦਾ ਨਕੜ-ਦਾਦਾ ਹੈ।
ਛੁੱਟੀਆਂ ਬਾਰੇ ਲਿਖਦੇ ਹੋਏ ਇਕ ਲੇਖਕ ਟੋਨੀ ਪੈਰੋਟੇਟ ਲਿਖਦਾ ਹੈਕਿ ਛੁੱਟੀਆਂ ਕੱਟਣ ਦਾ ਰਿਵਾਜ ਰੋਮਨ-ਯੁੱਗ ਤੋਂ ਹੁੰਦਾ ਹੈ। ਵੈਸੇ ਰੋਮਨਾਂ ਨੂੰ ਛੁੱਟੀਆਂ ਕੱਟਣ ਵਾਲੇ ਲੋਕ ਨਹੀਂ ਕਿਹਾ ਜਾਂਦਾ ਕਿਉਂਕਿ ਉਹ ਤਾਂ ਗਲੈਡੀਏਟਰ-ਲੜਾਈਆਂ ਵਿੱਚੋਂ ਮੰਨੋਰੰਜਨ ਲੱਭਦੇ ਸਨ। ਰੋਮਨਾਂ ਦਾ ਇਕ ਮਨੋਰੰਜਨ ਹੋਰ ਵੀ ਸੀ- ਖਾਣਾ-ਖਾਣਾ। ਉਹ ਏਨਾ ਖਾਣਾ ਖਾਂਦੇ ਕਿ ਬਿਮਾਰ ਹੋਣ ਤੱਕ ਖਾਂਦੇ ਰਹਿੰਦੇ। ਫਿਰ ਰੋਮਨਾਂ ਦੀ ਕਈ ਸਦੀਆਂ ਚੜ੍ਹਾਈ ਰਹੀ ਹੈ, ਉਹਨਾਂ ਕੋਲ ਮੁਲਕ ਜਿੱਤਣ ਤੋਂ ਹੀ ਵਿਹਲ ਨਹੀਂ ਸੀ, ਛੁੱਟੀਆਂ ਕਿਹੜੇ ਵੇਲੇ ਕਰਦੇ। ਹਕੂਮਤ ਦਾ ਏਨੀ ਦੂਰ ਤੱਕ ਵਿਸਥਾਰ ਤਕਰੀਬਨ ਰੋਮਨਾਂ ਤੋਂ ਹੀ ਸ਼ੁਰੂ ਹੁੰਦਾ ਹੈ। ਪਰ ਕਿਹਾ ਜਾਂਦਾ ਹੈ ਕਿ ਛੁੱਟੀਆਂ ‘ਤੇ ਜਾਣ ਦੀ ਸ਼ੁਰੂਆਤ ਰੋਮਨਾਂ ਨੇ ਹੀ ਕੀਤੀ। ਉਹ ਆਪਣੇ ਸਿਪਾਹੀਆਂ ਤੇ ਹੋਰ ਵਿਸ਼ੇਸ਼ ਕਰਮਚਾਰੀਆਂ ਨੂੰ ਸਾਲ ਵਿੱਚ ਇਕ ਵਾਰ ਛੁੱਟੀਆਂ ‘ਤੇ ਭੇਜਦੇ ਸਨ। ਉਹਨਾਂ ਲਈ ਵਿਸ਼ੇਸ ਸਰਾਵਾਂ, ਭੋਜਨ-ਗ੍ਰਹਿ ਆਦਿ ਬਣਾਏ ਹੋਏ ਸਨ। ਆਮ ਰੋਮਨ ਵੀ ਛੁੱਟੀਆਂ ਕਰਦੇ ਸਨ ਪਰ ਅੱਜ ਵਾਂਗ ਹਫਤੇ-ਦੋ ਹਫਤਿਆਂ ਦੀਆਂ ਨਹੀਂ, ਉਹ ਦੋ ਸਾਲ ਦੀਆਂ ਇਕੱਠੀਆਂ ਛੁੱਟੀਆਂ ਕਰ ਲੈਂਦੇ ਸਨ। ਰੋਮਨਾਂ ਦੇ ਪੱਤਣ ਤੋਂ ਬਾਅਦ ਡਾਰਕ-ਏਜ (ਕਾਲਾ-ਯੁੱਗ) ਸ਼ੁਰੂ ਹੁੰਦਾ ਹੈ। ਇਹ ਵਾਈਕਿੰਗ ਧਾੜਵੀਆਂ ਦਾ ਦੌਰ ਸੀ। ਵਾਇਕਿੰਗ ਰੋਮਨਾਂ ਤੋਂ ਉਲਟੇ ਸਨ। ਰੋਮਨ ਜਿਹੜੀ ਜਗਾਹ ਨੂੰ ਜਿੱਤਦੇ ਸਨ ਉਸ ਦੀ ਉਸਾਰੀ ਕਰਦੇ ਸਨ ਤੇ ਵਾਈਕਿੰਗ ਬਹੁਤੀ ਵਾਰੀ ਉਜਾੜਦੇ ਸਨ। ਯੂਕੇ ਵਿੱਚ ਰੋਮਨਾਂ ਦੀਆਂ ਬਣਾਈਆਂ ਜਗਾਵਾਂ ਹਾਲੇ ਵੀ ਕਾਇਮ ਹਨ। ਵਾਈਕਿੰਗਾਂ ਵੇਲੇ ਯੂਕੇ ਵਿੱਚ ਇਸ ਦੌਰਾਨ ਲੋਕ ਡਰਦੇ ਹੋਏ ਘਰਾਂ ਵਿੱਚੋਂ ਨਹੀਂ ਸਨ ਨਿਕਲਦੇ। ਜੇ ਨਿਕਲਦੇ ਵੀ ਤਾਂ ਬਹੁਤੀ ਦੂਰ ਨਹੀਂ ਸਨ ਜਾਂਦੇ। ਨੇੜੇ-ਤੇੜੇ ਦੇ ਵਿਆਹਾਂ ਜਾਂ ਧਾਰਮਿਕ-ਦਿਵਸਾਂ ਤੱਕ ਹੀ ਜਾਂਦੇ।
ਉਨੀਵੀਂ ਸਦੀ ਤੱਕ ਛੁੱਟੀਆਂ ਉਹਨਾਂ ਲਈ ਹੀ ਹੁੰਦੀਆਂ ਸਨ ਜਿਹੜੇ ਇਸਦਾ ਖਰਚ ਸਹਿ ਸਕਦੇ। ਆਮ ਬੰਦੇ ਲਈ ਛੁੱਟੀਆਂ ‘ਤੇ ਜਾਣਾ ਸੰਭਵ ਨਹੀਂ ਸੀ ਹੁੰਦਾ। ਉਨੀਵੀਂ ਸਦੀ ਵਿੱਚ ਯੂਕੇ ਦੇ ਮਜਦੂਰਾਂ ਅਤੇ ਹੋਰ ਛੋਟੀਆਂ ਨੌਕਰੀਆਂ ਵਾਲੇ ਲੋਕਾਂ ਨੇ ਤਨਖਾਹ ਸਮੇਤ ਛੁੱਟੀਆਂ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਇਹ ਸੰਘਰਸ਼ ਬਹੁਤ ਲੰਮਾ ਚਲਿਆ। ਪਹਿਲੀ ਵਾਰ ਅਗਸਤ 1938 ਨੂੰ ਹਜ਼ਾਰਾਂ ਵਰਕਿੰਗ-ਕਲਾਸ ਲੋਕਾਂ ਨੂੰ ਤਨਖਾਹ ਸਮੇਤ ਛੁੱਟੀਆਂ ਮਿਲੀਆਂ। ਇਹ ਕਾਮਿਆਂ ਦੀ ਬਹੁਤ ਵੱਡੀ ਜਿੱਤ ਸੀ। ਉਸੇ ਵੇਲੇ ਕਵੈਂਟਰੀ ਦਾ ਇਕ ਕਾਮਾ ਆਪਣੀਆਂ ਪਹਿਲੀਆਂ ਛੁੱਟੀਆਂ ਕੱਟਣ ਇੰਗਲੈਂਡ ਦੇ ਇਕ ਬੀਚ ‘ਤੇ ਜਾਂਦਾ ਹੈ। ਛੁੱਟੀਆਂ ਤੋਂ ਵਾਪਸ ਆਕੇ ਉਹ ਆਪਣੇ ਤਜਰਬੇ ‘ਮਿਡਲੈਂਡ ਡੇਲੀ ਟੈਲੀਗ੍ਰਾਫ’ ਵਿੱਚ ਇਕ ਆਰਟੀਕਲ ਲਿਖਕੇ ਸਾਂਝੇ ਕਰਦਾ ਹੈ। ਆਰਟੀਕਲ ਦੇ ਅਖੀਰ ਵਿੱਚ ਉਹ ਆਪਣਾ ਅਸਲੀ ਨਾਂ ਨਹੀਂ ਦਿੰਦਾ। ਸਿਰਫ ਏਨਾ ਲਿਖਿਆ ਹੀ ਮਿਲਦਾ ਹੈ¸ਸਨਬਰਨਡ (Sunburned) ਭਾਵ ਕਿ ਧੁੱਪ ਦਾ ਛਿੱਲਿਆ।
ਮੈਂ ਟੂਰਿਜ਼ਮ ਦੇ ਖਰਚਿਆਂ ਤੋਂ ਅਣਲੱਗ ਰਿਹਾਂ ਕਿਉਂਕਿ ਦੋਸਤ ਟਿਕਾਣਾ ਬਣਦੇ ਸਨ। ਛੇ ਕੁ ਸਾਲ ਤੋਂ ਬੱਚੇ ਯੂਕੇ ਵਿੱਚ ਹੀ ਕੋਈ ਹੌਲੀਡੇ-ਹੋਮ ਬੁੱਕ ਕਰਾ ਲੈਂਦੇ ਹਨ, ਇਹਵੀ ਇਕ ਵੱਖਰਾ ਤਜਰੁਬਾ ਹੈ। ਵੈਸੇ ਮੈਂ ਸਪੇਨ ਜਾ ਕੇ ਜ਼ਿਆਦਾ ਖੁਸ਼ ਹਾਂ। ਬਹੁਤ-ਸਾਰੇ ਟੂਰਿਸਟਾਂ ਲਈ ਟੋਰੇਮੋਲੀਨੋਜ਼ (ਸਪੇਨ) ਬਹੁਤ ਮਨਭਾਉਂਦੀ ਜਗਾਹ ਹੈ ਤੇ ਮੇਰੇ ਲਈ ਵੀ। ਮੈਂ ਇਸ ਸ਼ਹਿਰ ਵਿੱਚ ਹੌਲੀਡੇ-ਹੋਮ ਖਰੀਦਣ ਦੇ ਇਰਾਦੇ ਵਿੱਚ ਸਾਂ ਕਿ ਬਰੈਕਜ਼ਿਟ ਵਾਪਰ ਗਿਆ। ਮੇਰੇ ਲਈ ਟੋਰੇਮੋਲੀਨੋਜ਼ ਮਨ-ਲੁਭਾਵੀਂ ਜਗਾਹ ਕਿਉਂ ਹੈ, ਇਹ ਕਦੇ ਫੇਰ।
댓글