ਹਰਜੀਤ ਅਟਵਾਲ ਦੇ ਨਾਵਲਾਂ ਵਿਚਲਾ ਵਸਤੂ ਯਥਾਰਥ
ਬਿਕਰਮਜੀਤ ਸਿੰਘ
ਖੋਜਾਰਥੀ (ਪੰਜਾਬੀ ਵਿਭਾਗ)
ਡਾ : ਲਖਵਿੰਦਰ ਕੌਰ
ਅਸਿਸਟੈਂਟ ਪ੍ਰੋਫੈਸਰ
ਸੀ.ਟੀ ਯੂਨੀਵਰਸਟੀ ਪੰਜਾਬ
ਹਰਜੀਤ ਅਟਵਾਲ ਪਰਵਾਸੀ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇੱਕ ਸਥਾਪਤ ਨਾਵਲਕਾਰ ਹੈ।ਹਰਜੀਤ ਅਟਵਾਲ ਦੁਆਰਾ ਪਰਵਾਸੀ ਪੰਜਾਬੀ ਭਾਈਚਾਰੇ ਦੀ ਬਰਤਾਨੀਆ ਵਿਚਲੀ ਤਸਵੀਰ ਨੂੰ ਬਾਖ਼ੂਬੀ ਪੇਸ਼ ਕੀਤਾ ਹੈ ।ਹਰਜੀਤ ਅਟਵਾਲ ਦੁਆਰਾ ਪਰਵਾਸੀ ਭਾਈਚਾਰਾ ਜਿਸ ਨੇ ਪੱਛਮ ਦੇ ਵੱਖਰੇ ਵਾਤਾਵਰਨ ਨੂੰ ਕੀ ਮਹਿਸੂਸ ਕੀਤਾ ਆਪਣੇ ਨਾਵਲਾਂ ਵਿੱਚ ਪੇਸ਼ ਕਰਦਾ ਹੈ।ਪਰਵਾਸੀ ਭਾਈਚਾਰਾ ਜਿਸ ਦੁਆਰਾ ਵੱਖਰੇ ਵਾਤਾਵਰਨ ਅਨੁਸਾਰ ਆਪਣੇ ਆਪ ਨੂੰ ਢਾਲਿਆ।ਪਰਵਾਸੀਆਂ ਦੁਆਰਾ ਪੱਛਮ ਦੇ ਮਾਹੌਲ ਨੂੰ ਵਾਚਿਆ ਅਤੇ ਉਸ ਅਨੁਸਾਰ ਜੀਵਨ ਬਿਤਾਉਣਾ ਸ਼ੁਰੂ ਕੀਤਾ।ਹਰਜੀਤ ਅਟਵਾਲ ਦੁਆਰਾ ਪਰਵਾਸੀ ਮਨੁੱਖੀ ਜੀਵਨ ਦੀਆਂ ਹਕੀਕਤਾਂ ,ਪ੍ਰਸਥਿਤੀਆਂ,ਨਸਲਵਾਦ ,ਸੱਭਿਆਚਾਰ ਪ੍ਰਤੀ ਮੋਹ ਨੂੰ ਪੇਸ਼ ਕੀਤਾ ਹੈ।ਪੰਜਾਬੀ ਸੱਭਿਆਚਾਰ ਆਪਣੀਆਂ ਰਸਮਾਂ-ਰਿਵਾਜਾਂ, ਕਦਰਾਂ-ਕੀਮਤਾਂ ਦੀ ਕਦਰ ਕਰਦਾ ਹੈ।ਪੰਜਾਬੀ ਭਾਈਚਾਰਾ ਪੱਛਮ ਦੀਆਂ ਕਦਰਾਂ-ਕੀਮਤਾਂ ਨੂੰ ਸਵੀਕਾਰ ਨਹੀਂ ਕਰਦਾ।ਪੱਛਮ ਦੇ ਮੁਲਕਾਂ ਵਿੱਚ ਪਰਵਾਸੀ ਸੱਭਿਆਚਾਰ ਪੂੰਜੀਵਾਦੀ ਸੱਭਿਆਚਾਰ ਹੈ।ਇਨ੍ਹਾਂ ਮੁਲਕਾਂ ਵਿੱਚ ਹਰ ਇੱਕ ਰਿਸ਼ਤੇ ਵਿੱਚ ਸਵਾਰਥ ਹੈ ।ਪਰਵਾਸੀ ਸੱਭਿਆਚਾਰ ਵਿੱਚ ਮਨੁੱਖੀ ਰਿਸ਼ਤੇ,ਕਦਰਾਂ-ਕੀਮਤਾਂ ਸਭ ਪੈਸੇ ਦੇ ਆਲੇ- ਦੁਆਲੇ ਘੁੰਮਦੇ ਹਨ।ਪਰਵਾਸ ਵਿੱਚ ਕਿਸੇ ਨੂੰ ਕਿਸੇ ਨਾਲ ਕੋਈ ਸਰੋਕਾਰ ਨਹੀਂ।ਹਰ ਕੋਈ ਆਪਣੇ ਸਵਾਰਥ ਲਈ ਇੱਕ ਦੂਜੇ ਨੂੰ ਵਰਤ ਰਿਹਾ ਹੈ।ਹਰਜੀਤ ਅਟਵਾਲ ਦੇ ਨਾਵਲਾਂ ਵਿੱਚ ਪਰਵਾਸੀ ਪੰਜਾਬੀ ਭਾਈਚਾਰਾ ਜੋ ਕਿ ਬੇਗਾਨੇ ਮੁਲਕਾਂ ਦੀ ਧਰਤੀ ਉੱਪਰ ਪੈਰ ਤਾਂ ਪਾ ਲੈਂਦਾ ਹੈ ਅਤੇ ਉੱਥੋਂ ਦੀਆਂ ਕਦਰਾਂ-ਕੀਮਤਾਂ ਸਮਾਜਿਕ ਦਵੰਦਾ ਦਾ ਨਹੀਂ ਪਤਾ ਜਿਸ ਨਾਲ ਪਰਵਾਸੀ ਪੰਜਾਬੀ ਇਨ੍ਹਾਂ ਮੁਲਕਾਂ ਵਿੱਚ ਉੱਥੋਂ ਦੇ ਮੂਲ ਲੋਕਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿਸ ਵਿੱਚ ਪਰਵਾਸੀ ਪੰਜਾਬੀ ਲੋਕ ਬੇਗਾਨੇ ਸੱਭਿਆਚਾਰ ਨੂੰ ਅਪਣਾਉਣ ਲਈ ਤਿਆਰ ਨਹੀਂ ਹਨ ।
ਅਟਵਾਲ ਦੁਆਰਾ ਆਪਣੇ ਨਾਵਲਾਂ ਵਨ-ਵੇਅ, ਸਵਾਰੀ, ਸਾਊਥਾਲ, ਰੇਤ, ਬ੍ਰਿਟਿਸ਼ ਬੋਰਨ ਦੇਸੀ, ਮੁੰਦਰੀ ਡੌਟ ਕੌਮ, ਗੀਤ, ਆਦਿ ਵਿੱਚ ਪਰਵਾਸੀਆਂ ਨਾਲ ਪੱਛਮ ਦੇ ਲੋਕਾਂ ਦੁਆਰਾ ਕੀਤੇ ਵਿਤਕਰੇ ਨੂੰ ਉਜਾਗਰ ਕਰਦਾ ਹੈ।ਹਰਜੀਤ ਅਟਵਾਲ ਦੀ ਸਿਰਜਣਾਤਮਕ ਸ਼ਕਤੀ ਬਾਰੇ ਰਾਣਾ ਨਈਅਰ ਉਸ ਦੀ ਸਿਰਜਣਾਤਮਕ ਗਤੀ ਭੂ-ਹੇਰਵੇ ਤੋਂ ਸ਼ੁਰੂ ਹੋ ਕੇ ਉਤਰ ਉਦਯੋਗਿਕ ਅੰਗਰੇਜ਼ੀ ਸਮਾਜ ਵਿੱਚ ਉਭਰਨ ਵਾਲੇ ਬਹੁਪਸਾਰੀ ਤਣਾਉ ਤੱਕ ਵਿਗਸਦੀ ਹੋਈ ਮਹਿਸੂਸ ਕਰਦੇ ਹਨ।1 ਪੱਛਮੀ ਮੁਲਕਾਂ ਵਿੱਚ ਪਰਵਾਸੀਆਂ ਨੂੰ ਛੋਟੀ ਜਾਤੀ ਨਾਲ ਸੰਬੰਧਿਤ ਸਮਝਿਆ ਜਾਂਦਾ ਹੈ।ਬਰਤਾਨੀਆ ਵਰਗੇ ਵਿਕਸਤ ਮੁਲਕਾਂ ਵਿੱਚ ਪਰਵਾਸੀਆਂ ਨੂੰ ਨਸਲੀ ਵਿਤਕਰੇ ਦਾ ਮੂਲ ਰੂਪ ਵਿੱਚ ਸਾਹਮਣਾ ਕਰਨਾ ਪੈਂਦਾ ਹੈ।ਬਰਤਾਨੀਆ ਵਿੱਚ ਅਕਸਰ ਹੀ ਪੰਜਾਬੀਆਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਡਾ.ਗੁਰਪਾਲ ਸਿੰਘ ਸੰਧੂ ਆਖਦੇ ਹਨ, “ਉੱਤਰ-ਆਧੁਨਿਕਤਾ ਦੇ ਦੌਰ ਵਿੱਚ ਵਿਸ਼ਵ ਪੱਧਰ ਤੇ ਨਵੇਂ ਆਰਥਿਕ,ਵਿਉਪਾਰਕ,ਰਾਜਸੀ,ਸਮਾਜਿਕ ਅਤੇ ਸੱਭਿਆਚਾਰਕ ਜੀਵਨ-ਜਾਚ ਦੇ ਵਿਭਿੰਨ ਸੰਦਰਭਾਂ ਵਿੱਚ ਅਹਿਮ ਤਬਦੀਲੀਆਂ ਵਾਪਰੀਆਂ ਹਨ।”2
ਹਰਜੀਤ ਅਟਵਾਲ ਦਾ ਨਾਵਲ ‘ਵਨ-ਵੇਅ’ ਦਾ ਪਾਤਰ ਸੁਰਜਨ ਸਿੰਘ ਜਦੋਂ ਇੰਗਲੈਂਡ ਦੀ ਧਰਤੀ ਤੇ ਸੈੱਟ ਹੋ ਜਾਂਦਾ ਹੈ ਤਾਂ ਉਹ ਆਪਣੇ ਪਰਿਵਾਰ ਨੂੰ ਬਰਤਾਨੀਆ ਸੱਦ ਲੈਂਦਾ ਹੈ।ਸੁਰਜਨ ਸਿੰਘ ਦੀਆਂ ਪੰਜ ਬੇਟੀਆਂ ਹਨ।ਸੁਰਜਨ ਸਿੰਘ ਦੀ ਵੱਡੀ ਬੇਟੀ ਗੁਰਿੰਦਰ ਨੂੰ ਛੱਡ ਕੇ ਬਾਕੀ ਚਾਰਾਂ ਲਈ ਨਵੇਂ ਤਜ਼ਰਬੇ ਵਾਲੀ ਜ਼ਿੰਦਗੀ ਸ਼ੁਰੂ ਹੋਣ ਵਾਲੀ ਸੀ ।ਗੁਰਿੰਦਰ ਕਿਉਂਕਿ ਸੋਲ੍ਹਾਂ ਸਾਲਾਂ ਦੀ ਸੀ ਉਸ ਲਈ ਸਕੂਲ ਜਾਣਾ ਜ਼ਰੂਰੀ ਨਹੀਂ ਸੀ ।ਬਾਕੀ ਚਾਰਾਂ ਨੂੰ ਸਕੂਲ ਜਾਣਾ ਲਾਜ਼ਮੀ ਸੀ ਕਿਉਂਕਿ ਇਹ ਪਰਿਵਾਰ ਪੂਰਬੀ ਸੱਭਿਆਚਾਰ ਵਿੱਚੋਂ ਆਇਆ ਹੈ।ਜਿਸ ਕਰਕੇ ਪੱਛਮ ਦੇ ਤੌਰ ਤਰੀਕੇ ਇਨ੍ਹਾਂ ਲਈ ਨਵੇਂ ਹਨ।ਅਸਲ ਵਿੱਚ ਇਨ੍ਹਾਂ ਬੱਚਿਆਂ ਨੂੰ ਜਦੋਂ ਪੱਛਮ ਦੇ ਸਮਾਜ ਵਿੱਚ ਨਸਲਵਾਦ,ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ ਤਾਂ ਆਪਣੇ ਮੁਲਕ ਦੀ ਬਹੁਤ ਯਾਦ ਆਉਂਦੀ ਹੈ।
ਹਰਜੀਤ ਅਟਵਾਲ ਦੇ ਨਾਵਲ ‘ਸਵਾਰੀ’ ਦਾ ਪਾਤਰ ਸ਼ਿੰਦਾ ਜਿਸ ਨੂੰ ਪੂੰਜੀਵਾਦੀ ਸਮਾਜ ਦੀਆਂ ਕਦਰਾਂ-ਕੀਮਤਾਂ ਬਹੁਤ ਰੜਕਦੀਆਂ ਹਨ।ਸ਼ਿੰਦਾ ਬਰਤਾਨੀਆ ਵਿੱਚ ਰਹਿੰਦਾ ਹੋਇਆ ਦੋਹਰੇ ਸੰਤਾਪ ਦਾ ਭਾਗੀ ਬਣਦਾ ਹੈ।ਬਰਤਾਨੀਆ ਸਮਾਜ ਵਿੱਚ ਸਵਾਰਥ ਇਸ ਹੱਦ ਤੱਕ ਵੱਧ ਗਿਆ ਹੈ ਕਿ ਹਰ ਕੋਈ ਇੱਕ ਦੂਜੇ ਨੂੰ ਵਰਤ ਰਿਹਾ ਹੈ।ਪੱਛਮ ਵਿੱਚ ਸ਼ਿੰਦੇ ਦੇ ਭਰਾ ਉਸ ਨੂੰ ਆਪਣੇ ਸਵਾਰਥ ਲਈ ਇੰਗਲੈਂਡ ਬੁਲਾਉਂਦੇ ਹਨ।‘ਸਵਾਰੀ’ ਨਾਵਲ ਵਿੱਚ ਸ਼ਿੰਦੇ ਨੂੰ ਇੰਗਲੈਂਡ ਸਿਰਫ਼ ਇੱਕ ਕਾਮੇ ਦੀ ਵਿਹਲੀ ਹੋਈ ਜਗ੍ਹਾ ਦੀ ਪੂਰਤੀ ਲਈ ਬੁਲਾਇਆ ਜਾਂਦਾ ਹੈ।ਬਰਤਾਨਵੀ ਸਮਾਜ ਦਾ ਹਿੱਸਾ ਬਣ ਚੁੱਕੇ ਉਸ ਦੇ ਭਰਾ ਜਦੋਂ ਸ਼ਿੰਦੇ ਦਾ ਸ਼ੋਸ਼ਣ ਕਰਦੇ ਹਨ ਤਾਂ ਸ਼ਿੰਦੇ ਅੰਦਰ ਆਪਣੇ ਵਤਨ ਪ੍ਰਤੀ ਹੇਰਵਾ ਹੁੰਦਾ ਹੈ।ਪੱਛਮੀ ਸਮਾਜ ਵਿੱਚ ਪਰਵਾਸੀਆਂ ਦੀ ਮਾਨਸਿਕਤਾ ਇਸ ਹੱਦ ਤੱਕ ਗਿਰ ਚੁੱਕੀ ਹੈ ਕਿ ਆਪਣੇ ਰਿਸ਼ਤੇਦਾਰਾਂ ,ਭੈਣ-ਭਾਈਆਂ ਤੱਕ ਨੂੰ ਨਹੀਂ ਬਖ਼ਸਿਆ ਜਾਂਦਾ।ਪੱਛਮ ਵਿੱਚ ਭੋਲੇ-ਭਾਲੇ ਲੋਕਾਂ ਨੂੰ ਵੱਧ ਸ਼ਿਕਾਰ ਬਣਾਇਆ ਜਾਂਦਾ ਹੈ।
ਹਰਜੀਤ ਅਟਵਾਲ ਦਾ ਨਾਵਲ ‘ਸਾਊਥਾਲ’ ਜੋ ਕਿ ਇੰਗਲੈਂਡ ਦਾ ਪੰਜਾਬੀ ਵਸੋਂ ਵਾਲਾ ਇਲਾਕਾ ਹੈ।‘ਸਾਊਥਾਲ’ ਅਟਵਾਲ ਪੰਜਾਬੀਆਂ ਦੇ ਪਰਵਾਸੀ ਜੀਵਨ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਆਪਣੇ ਨਾਵਲ ਵਿੱਚ ਪੇਸ਼ ਕਰਦਾ ਹੈ।ਸਾਊਥਾਲ ਨਾਵਲ ਵਿੱਚ ਪੰਜਾਬੀਆਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ ਹੈ।‘ਸਾਊਥਾਲ’ ਇੰਗਲੈਂਡ ਦੇ ਲੋਕਾਂ ਲਈ ਕੋਈ ਬਹੁਤੀ ਮਹਤੱਤਾ ਨਹੀਂ ਰੱਖਦਾ ਪਰ ਪੰਜਾਬੀ ਭਾਈਚਾਰੇ ਵਿੱਚ ਇਸ ਦਾ ਖਾਸ ਸਥਾਨ ਹੈ।‘ਸਾਊਥਾਲ’ ਨਾਵਲ ਵਿੱਚ ਪੰਜਾਬੀ ਸਮਾਜ ਵਿੱਚ ਵਾਪਰ ਰਹੀਆਂ ਸਮੱਸਿਆਵਾਂ ਨੂੰ ਪੇਸ਼ ਕਰਦਾ ਹੈ।ਇਸ ਨਾਵਲ ਵਿੱਚ ਪੰਜਾਬੀਆਂ ਦੇ ਪੱਛਮੀ ਸੱਭਿਆਚਾਰ ਵਿੱਚ ਰਹਿਣ-ਸਹਿਣ ,ਪੱਛਮੀ ਸਮਾਜ ਵਿੱਚ ਜਦੋ-ਜਹਿਦ ਨੂੰ ਪੇਸ਼ ਕੀਤਾ ਗਿਆ ਹੈ।ਸਾਊਥਾਲ ਪੰਜਾਬੀਆਂ ਦੀ ਵਧੇਰੇ ਵਸੋਂ ਹੋਣ ਕਰਕੇ ਇੱਥੇ ਵਾਪਰ ਰਹੀਆਂ ਘਟਨਾਵਾਂ ਵਿਸ਼ਵ ਪੱਧਰ ਤੇ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।ਪਰਵਾਸੀਆਂ ਦੁਆਰਾ ‘ਸਾਊਥਾਲ’ ਜਾ ਕੇ ਆਪਣੀਆਂ ਆਰਥਿਕ ਪ੍ਰਸਥਿਤੀਆਂ ਤਾਂ ਮਜ਼ਬੂਤ ਕੀਤੀਆਂ ਹਨ ਪਰ ਪਰਵਾਸੀ ਸਮਾਜ-ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਖਿੱਚੋਤਾਣ ਵਿੱਚ ਫਸ ਗਿਆ ਹੈ।ਪਰਵਾਸੀ ਭਾਈਚਾਰੇ ਲਈ ਆਰਥਿਕ ਸਥਿਤੀਆਂ ਖ਼ਤਮ ਹੋਣ ਉਪਰੰਤ ਸੱਭਿਆਚਾਰਕ ਸਮੱਸਿਆਵਾਂ ਦੀ ਸ਼ੁਰੂਆਤ ਹੋ ਜਾਂਦੀਆਂ ਹਨ।
‘ਸਾਊਥਾਲ’ ਨਾਵਲ ਵਿੱਚ ਪਾਤਰ ਪਰਦੁੱਮਣ ਜੋ ਕਿ ਪੱਛਮ ਤੋਂ ਵਾਪਸ ਪੰਜਾਬ ਆ ਜਾਂਦਾ ਹੈ।ਪਰਦੁੱਮਣ ਦੇਖਦਾ ਹੈ ਕਿ ਪੰਜਾਬ ਵਿੱਚ ਸਥਿਤੀ ਠੀਕ ਨਹੀਂ ਹੈ।ਖਾੜਕੂਵਾਦ ਦੇ ਦੌਰ ਨੇ ਆਮ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਪਰਦੁੱਮਣ ਪੰਜਾਬ ਆ ਕੇ ਅਜਿਹੀ ਸਥਿਤੀ ਭੋਗਦਾ ਹੈ।ਜਿਸ ਵਿੱਚ ਪੰਜਾਬ ਦੇ ਹਲਾਤਾਂ ਨੂੰ ਦੇਖ ਕੇ ਬੜਾ ਨਿਰਾਸ਼ ਹੁੰਦਾ ਹੈ।ਪਰਦੁੱਮਣ ਪੰਜਾਬ ਆ ਕੇ ਸੋਚਦਾ ਹੈ ਕਿ ਵਿਦੇਸ਼ ਬਹੁਤ ਪੈਸਾ ਕਮਾ ਲਿਆ।ਹੁਣ ਆਪਣੀ ਧਰਤੀ ਉੱਪਰ ਪੈਰ ਧਰਿਆ ਜਾਵੇ,ਪਰ ਪੰਜਾਬ ਦੇ ਹਾਲਤ ਠੀਕ ਨਹੀਂ ਹਨ।ਪੰਜਾਬ ਦੀ ਧਰਤੀ ਉੱਪਰ ਖਾੜਕੂਵਾਦ ਨੇ ਉੱਥਲ-ਪੁਥਲ ਮਚਾਈ ਹੋਈ ਹੈ।ਪੰਜਾਬ ਵਿੱਚ ਮੌਜੂਦਾ ਹਲਾਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਕੋਈ ਵੀ ਬੰਦਾ ਸੁਰੱਖਿਅਤ ਨਹੀਂ ਹੈ:-
“ ਇਹ ਵੀ ਕੀ ਗੱਲ ਹੋਈ ਯਾਰ ਕੀ ,ਬੰਦਾ ਆਪਣੇ ਪਿੰਡ,ਆਪਣੇ ਘਰ ਈ ਸੇਫ ਈ ਨਹੀਂ”3
ਖਾੜਕੂਵਾਦ ਪਰਦੁੱਮਣ ਦੇ ਜੀਵਨ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਜਾਂਦਾ ਹੈ।ਜਿਸ ਵਿੱਚ ਪਰਦੁੱਮਣ ਆਪਣੇ ਵਾਪਸ ਕਰਮ ਭੂਮੀ ਜਾਣ ਲਈ ਫੈਸਲਾ ਕਰ ਲੈਂਦਾ ਹੈ।ਪਰਦੁੱਮਣ ਆਪਣੇ ਪਰਿਵਾਰ ਸਮੇਤ ਵਿਦੇਸ਼ ਦੀ ਧਰਤੀ ਉੱਪਰ ਡੇਰੇ ਲਾ ਲੈਂਦਾ ਹੈ।ਪਰਦੁੱਮਣ ਬਰਤਾਨੀਆ ਜਾ ਕੇ ਆਪਣੇ-ਆਪ ਅਤੇ ਆਪਣੇ ਪਰਿਵਾਰ ਨੂੰ ਸੇਫ ਮਹਿਸੂਸ ਕਰਦਾ ਹੈ।ਪਰਦੁੱਮਣ ਦਾ ਪਰਿਵਾਰ ਵਿਦੇਸ਼ੀ ਧਰਤੀ ਉੱਪਰ ਹੁਣ ਦਰਪੇਸ਼ ਸਮੱਸਿਆਵਾਂ ਦੇ ਰ-ੂਬ-ਰੂ ਸੀ ।ਜਿਸ ਕਰਕੇ ਪਰਦੁੱਮਣ ਵਰਗੇ ਵਿਅਕਤੀਆਂ ਨੂੰ ਭੂ-ਹੇਰਵੇ ਦੀ ਸਥਿਤੀ ਨਾਲ ਦੋ ਚਾਰ ਹੋਣਾ ਪੈਂਦਾ ਹੈ:-
“ਸਭ ਠੀਕ ਠਾਕ ਐ,ਸਭ ਚੜ੍ਹਦੀਆਂ ਕਲਾ ’ਚ ਐ,ਬੱਸ ੳਧਰੋਂ ਇੰਡੀਆ ਤੋਂ ਹੀ ਟੈਰੋਰਿਸਟਾਂ ਦੀਆਂ ਵਾਰਦਾਤਾਂ ਪੜ੍ਹ ਪੜ੍ਹ ਕੇ ਮਨ ਖਰਾਬ ਹੁੰਦਾ ਰਹਿੰਦੈ,ਬਾਕੀ ਸਭ ਲੋਹੇ ਵਰਗਾ ਐ।”4
ਹਰਜੀਤ ਅਟਵਾਲ ਦੇ ਨਾਵਲਾਂ ਵਿੱਚ ਬੱਚਿਆਂ ਪ੍ਰਤੀ ਸਮੱਸਿਆਵਾਂ ਮਾਪਿਆਂ ਨੂੰ ਇਸ ਹੱਦ ਤੱਕ ਦੁਖੀ ਕਰਦੀਆਂ ਹਨ ਕਿ ਉਹ ਆਪਣੇ ਮੁਲਕਾਂ ਵਿੱਚ ਵਾਪਸ ਜਾਣ ਲਈ ਸੋਚਦੇ ਹਨ।ਨਾਵਲ ਵਿੱਚ ਮਾਪੇ ਆਪਣੇ ਬੱਚਿਆਂ ਦੇ ਵਿਆਹ ਇੰਡੀਆ ਕਰਨਾ ਚਾਹੁੰਦੇ ਹਨ ਪਰ ਪਰਵਾਸ ਵਿੱਚ ਜੰਮੀ ਪਲੀ ਪੀੜ੍ਹੀ ਇੰਡੀਆ ਨੂੁੰ ਬਿਲਕੁਲ ਵੀ ਪਸੰਦ ਨਹੀਂ ਕਰਦੀ।‘ਸਾਊਥਾਲ’ ਨਾਵਲ ਦਾ ਪਾਤਰ ਪਾਲਾ ਸਿੰਘ ਆਪਣੇ ਮੁੰਡੇ ਦਾ ਵਿਆਹ ਇੰਡੀਆ ਕਰਨਾ ਚਾਹੰਦਾ ਹੈ,ਤਾਂ ਮੁੰਡਾ ਇੰਡੀਆ ਵਿੱਚ ਵਿਆਹ ਕਰਵਾਉਣ ਲਈ ਬਿਲਕੁਲ ਰਾਜ਼ੀ ਨਹੀਂ ਹੈ।ਪਾਲਾ ਸਿੰਘ ਦਾ ਮੁੰਡਾ ਆਪਣੇ ਆਪ ਨੂੰ ਬ੍ਰਿਟਿਸ਼ ਮੰਨਦਾ ਹੈ ਤੇ ਆਪਣੇ ਪਿਤਾ ਨੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਊਣ ਲਈ ਆਖਦਾ ਹੈ ਅਤੇ ਆਪ ਨੂੰ ਬ੍ਰਿਟਿਸ਼ ਮੰਨਦਾ ਹੋਇਆ ਆਪਣੇ ਆਪ ਨੂੰ ਭਾਰਤੀ ਨਹੀਂ ਬ੍ਰਿਟਿਸ਼ ਆਖਦਾ ਹੋਇਆ ਆਖਦਾ ਹੈ:-
“ਲੁਕ ਡੈਡ,ਮੈਂ ਕਿੰਨ੍ਹੀਂ ਵਾਰ ਦੱਸਿਆ ਕਿ ਮੈਂ ਇੰਡੀਅਨ ਨਹੀਂ,
ਮੈਂ ਬ੍ਰਿਟਿਸ਼ ਹਾਂ ਤੇ ਮੈਨੂੰ ਜ਼ਬਰਦਸਤੀ ਮੈਨੂੰ ਇੰਡੀਆਨ ਨਾ
ਬਣਾ,ਇਹ ਮੇਰੀ ਲਾਈਫ ਹੈ ,ਮੈਨੂੰ ਆਪਣੇ ਤਰੀਕੇ ਨਾਲ ਜੀਊਣ ਦੇ”5
ਨਾਵਲ ਵਿੱਚ ਇਸੇ ਤਰ੍ਹਾਂ ਅੰਤਰ-ਨਸਲੀ ਵਿਆਹ ਇੱਕ ਪਰਵਾਸੀਆਂ ਲਈ ਨਵਾ ਸੰਕਟ ਹੈ ਜੋ ਕਿ ਪਰਵਾਸੀ ਭਾਈਚਾਰਾ ਆਪਣੇ ਬੱਚਿਆਂ ਦੁਆਰਾ ਕੀਤੇ ਜਾ ਰਹੇ ਹਨ,ਅੰਤਰ-ਨਸਲੀ ਵਿਆਹਾਂ ਨੂੰ ਬਿਲਕੁਲ ਵੀ ਮਾਨਤਾ ਨਹੀਂ ਦਿੰਦਾ ।ਅੰਤਰ-ਨਸਲੀ ਵਿਆਹ ਕਰਵਾਉਣ ਤੇ ਮਾਪੇ ਆਪਣੇ ਬੱਚਿਆਂ ਦੇ ਕਤਲ ਤੱਕ ਕਰ ਦਿੰਦੇ ਹਨ।ਪਰਵਾਸੀ ਪੰਜਾਬੀ ਭਾਈਚਾਰੇ ਨੂੰ ਅੰਤਰ-ਨਸਲੀ ਵਿਆਹ ਆਪਣੀ ਹੋਂਦ ਅਤੇ ਸੱਭਿਆਚਾਰ ਸੰਕਟ ਵਿੱਚ ਪ੍ਰਤੀਤ ਹੁੰਦੇ ਹਨ।ਜਿਨ੍ਹਾਂ ਵਿੱਚ ਪਰਵਾਸੀਆਂ ਨੂੰ ਲਗਦਾ ਹੈ ਕਿ ਇਹ ਅੰਤਰ ਨਸਲੀ ਵਿਆਹ ਇਨ੍ਹਾਂ ਦੀਆਂ ਨਸਲਾਂ ਤੱਕ ਬਰਬਾਦ ਕਰ ਦੇਣਗੇ।ਨਾਵਲ ਵਿੱਚ ਪਾਲਾ ਸਿੰਘ ਆਪਣੀ ਬੇਟੀ ਮੰਨਿਦਰ ਨੂੰ ਸਮਝਾਉਂਦਾ ਹੋਇਆ ਆਖਦਾ ਹੈ :-
“ਆਪਣੀ ਜਾਤ ਜਾਂ ਆਪਣੇ ਮੁਲਕ ਦਾ ਮੁੰਡਾ ਹੋਇਆ ਤਾਂ ਦੱਸੀ ਆਹ ਪਾਕਿਸਤਾਨੀ ਨਹੀਂ ਚੱਲਣਾ।”6
ਹਰਜੀਤ ਅਟਵਾਲ ਦੇ ਨਾਵਲਾਂ ਵਿੱਚ ਸੱਪਸ਼ਟ ਹੈ ਕਿ ਅੰਤਰ-ਨਸਲੀ ਵਿਆਹ ਦੇ ਸੰਬੰਧ ਵਿੱਚ ਪੁਰਾਣੀ ਪੀੜ੍ਹੀ ਇਸ ਪ੍ਰਵਿਰਤੀ ਦੇ ਵਿਰੋਧ ਵਿੱਚ ਖੜੀ ਹੈ।ਪੱਛਮ ਵਿੱਚਲੇ ਇਹ ਅੰਤਰ-ਨਸਲੀ ਵਿਆਹ, ਪਰਿਵਾਰਾਂ ਵਿੱਚ ਅਜੀਬ ਕਿਸਮ ਦੀ ਟੁੱਟ-ਭੱਜ ਦਾ ਸ਼ਿਕਾਰ ਹੁੰਦੇ ਹਨ।ਪੱਛਮ ਵਿੱਚ ਜੰਮੀ-ਪਲੀ ਪੀੜ੍ਹੀ ਆਪਣੇ ਆਪ ਨੂੰ ਪੱਛਮੀ ਮੰਨਦੀ ਹੈ ਤੇ ਆਪਣੇ ਪੂਰਬੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਦੀ ਪਰਵਾਹ ਨਹੀਂ ਕਰਦੀ ਹੈ।ਪੱਛਮ ਵਿੱਚ ਜੰਮੀ ਪੀੜ੍ਹੀ ਪੱਛਮੀ ਕਦਰਾਂ-ਕੀਮਤਾਂ ਨੂੰ ਅਪਣਾਉਂਦੀ ਹੈ ਤੇ ਪੂਰਬ ਦੀਆਂ ਕਦਰਾਂ-ਕੀਮਤਾਂ ਦੀ ਕੋਈ ਪਰਵਾਹ ਨਹੀਂ ਕਰਦੀ।ਪੁਰਾਣੀ ਪੀੜ੍ਹੀ ਆਪਣੇ ਬੱਚਿਆਂ ਦੇ ਸੁਭਾਅ ਤੋਂ ਬਹੁਤ ਚਿੰਤਤ ਹੈ ਤੇ ਵੱਖਰੀ ਕਿਸਮ ਦਾ ਸੰਤਾਪ ਹੰਢਾਉਂਦੀ ਹੈ।ਹਰਜੀਤ ਅਟਵਾਲ ਦੇ ਨਾਵਲਾਂ ਵਿੱਚ ਪੁਰਾਣੀ ਪੀੜ੍ਹੀ ਤੋਂ ਨਵੀਂ ਪੀੜ੍ਹੀ ਵਿੱਚ ਆਏ ਵਖਰਾਅ ਨੂੰ ਪੇਸ਼ ਕੀਤਾ ਗਿਆ ਹੈ।ਪਰਵਾਸੀ ਪੰਜਾਬੀ ਦੀਆਂ ਤਿੰਨ ਪੀੜ੍ਹੀਆਂ ਪੱਛਮ ਵਿੱਚ ਆਪਣੀ-ਆਪਣੀ ਜਦੋ-ਜਹਿਦ ਕਰਦੀਆਂ, ਵੱਖਰੇ ਪੜਾਅ ਤੱਕ ਪਹੁੰਚਦੀਆਂ ਹਨ।ਹਰ ਇੱਕ ਪੀੜ੍ਹੀ ਲਈ ਪੱਛਮ ਵਿੱਚ ਨਵਾਂ ਤਜ਼ਰਬਾ ਸੀ।ਕਿਸੇ ਪੀੜ੍ਹੀ ਨੂੰ ਸੱਭਿਆਚਾਰਕ ਸੰਕਟ,ਆਰਥਿਕ ਤੰਗੀਆਂ,ਸਮਾਜਿਕ ਵਖਰਾਅ ਦਾ ਸਾਹਮਣਾ ਕਰਨਾ ਪੈਂਦਾ ਹੈ।ਪਰਵਾਸ ਵਿੱਚ ਤੀਜੀ ਪੀੜ੍ਹੀ ਜੋ ਕਿ ਪੱਛਮ ਦੇ ਸਰੋਕਾਰਾਂ ਨੂੰ ਮੰਨਦੀ ਹੈ।ਤੀਜੀ ਪੀੜ੍ਹੀ ਹਰ ਪੱਛਮ ਦੇ ਕਾਨੂੰਨ ਜਾਂ ਹੱਕਾਂ ਦੇ ਫਾਇਦੇ ਲੈਣਾ ਚਾਹੁੰਦੀ ਹੈ ਜੋ ਪੱਛਮ ਦੇ ਲੋਕ ਲੈ ਰਹੇ ਹਨ।ਪੱਛਮੀ ਸਮਾਜ ਵਿੱਚ ਜੰਮੀ ਪਲੀ ਪੀੜ੍ਹੀ ਪੱਛਮੀ ਸਮਾਜ ਦੀਆਂ ਕਦਰਾਂ-ਕੀਮਤਾਂ ਤੋਂ ਜਾਣੂ ਹੈ।ਪੱਛਮ ਵਿੱਚ ਇਹ ਪੀੜ੍ਹੀ ਰਹਿੰਦੀ ਹੋਈ ਉੱਥੋਂ ਦੇ ਸਮਾਜ ਪ੍ਰਬੰਧ ਤੋਂ ਜਾਣੂ ਹੈ ਕਿ ਕਿਸ ਤਰ੍ਹਾਂ ਅਸੀਂ ਕਾਨੂੰਨ ਜਾਂ ਹੋਰ ਸਹੂਲਤਾਂ ਨੂੰ ਮਾਣ ਸਕਦੇ ਹਾਂ।ਨਵੀਂ ਪੀੜ੍ਹੀ ਦੁਆਰਾ ਪੱਛਮ ਦੇ ਕਾਨੂੰਨਾਂ ਅਨੁਸਾਰ ਚਲਿਆ ਜਾਂਦਾ ਹੈ ਜਿਸ ਵਿੱਚ ਉਨ੍ਹਾਂ ਨੂੰ ਪੱਛਮ ਦੇ ਨਿਯਮਾਂ ਦਾ ਪੂਰਾ ਪਤਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਪੱਛਮ ਦੇ ਸਮਾਜ ਵਿੱਚ ਰਹਿਣਾ ਹੈ।ਪਹਿਲੀ ਪੀੜ੍ਹੀ ਜੋ ਕਿ ਪੱਛਮ ਵਿੱਚ ਆਈ ਸੀ।ਉਨ੍ਹਾਂ ਨੂੰ ਪੱਛਮ ਦੇ ਕਾਨੂੰਨਾਂ ਦਾ ਨਹੀਂ ਸੀ ਪਤਾ ਕੁਝ ਲੋਕ ਗੈਰ-ਕਾਨੂੰਨੀ ਢੰਗ ਨਾਲ ਪੱਛਮ ਵਿੱਚ ਪਰਵਾਸ ਕਰਕੇ ਆਏ ਅਤੇ ਮੂਲ ਲੋਕਾਂ ਵੱਲੋਂ ਕੀਤਾ ਦੁਰਵਿਹਾਰ ਨੂੰ ਸਹਿਣਾ ਪਿਆ।ਪੱਛਮ ਵਿੱਚ ਪਹਿਲੀ ਪੀੜ੍ਹੀ ਨੂੰ ਮਾਨਸਿਕ,ਸਰੀਰਕ ਪੀੜਾ ਵੱਧ ਸਹਿਣ ਕਰਨੀਆਂ ਪਈਆਂ ਕਿਉਂਕਿ ਉਹ ਪੱਛਮ ਦੇ ਕਾਨੂੰਨਾਂ ਤੋਂ ਪੂਰੀ ਤਰ੍ਹਾ ਜਾਣੂ ਨਹੀਂ ਸੀ।ਨਵੀਂ ਪੀੜ੍ਹੀ ਜੋ ਕਿ ਪੱਛਮੀ ਸਮਾਜ,ਪੱਛਮੀ ਕਦਰਾਂ-ਕੀਮਤਾਂ ਤੋਂ ਪੂਰੀ ਤਰ੍ਹਾਂ ਨਾਲ ਜਾਣੂ ਹੈ ਉਹ ਇਸ ਸਭ ਦਾ ਖੁੱਲ੍ਹ ਕੇ ਵਿਰੋਧ ਕਰਦੀ ਹੈ।ਪਰਵਾਸ ਵਿੱਚ ਪਹਿਲੀ ਪੀੜ੍ਹੀ ਅਤੇ ਨਵੀਂ ਪੀੜ੍ਹੀ ਜੋ ਕਿ ਵੱਖ-ਵੱਖ ਸੰਦਰਭਾਂ ਦੇ ਦੌਰ ਵਿੱਚੋਂ ਨਿਕਲਦੀ ਹੈ।ਦੋਨਾਂ ਪੀੜ੍ਹੀਆਂ ਦੇ ਤਜ਼ਰਬੇ ਵੱਖੋ-ਵੱਖ ਹਨ,ਜਿਸ ਕਾਰਨ ਕਈ ਵਾਰ ਇਹ ਪੀੜ੍ਹੀਆਂ ਇਕ ਦੂਜੇ ਦੇ ਸਾਹਮਣੇ ਟਕਰਾਓ ਦੀ ਸਥਿਤੀਆਂ ਵਿੱਚ ਆ ਜਾਂਦੀਆਂ ਹਨ।ਜਿੱਥੇ ਨਵੀਂ ਪੀੜ੍ਹੀ ਆਪਣੇ ਆਪ ਨੂੰ ਪੂਰਨ ਤੌਰ ਤੇ ਪੱਛਮੀ ਮੰਨਦੀ ਹੈ ਤੇ ਪੁਰਾਣੀ ਪੀੜ੍ਹੀ ਇਸ ਦਾ ਵਿਰੋਧ ਕਰਦੀ ਹੈ।
ਹਵਾਲੇ ਤੇ ਟਿੱਪਣੀਆਂ
1. ਰਾਣਾ ਨਈਅਰ, “ਰੇਤ:ਸੰਵਾਦੀ ਨਾਵਲ ਦੇ ਰੂਪ ਵਿੱਚ” ਸਮਦਰਸ਼ੀ ਨਵਾ ਨਾਵਲ ਵਿਸ਼ੇਸ਼ ਅੰਕ 83,ਪੰਨਾ-143
2. ਡਾ.ਗੁਰਪਾਲ ਸਿੰਘ ਸੰਧੂ, “ਪਹਿਚਾਣ,ਸੱਭਿਆਚਾਰ ਅਤੇ ਪੂੰਜੀ :ਵਨ-ਵੇਅ”ਹਰਜੀਤ ਅਟਵਾਲ ਦੀ ਨਾਵਲ ਦ੍ਰਿਸ਼ਟੀ,ਡਾ.ਸੁਖਵਿੰਦਰ ਸਿੰਘ ਰੰਧਾਵਾ (ਸੰਪਾ) ਪੰਨਾ-22
3. ਹਰਜੀਤ ਅਟਵਾਲ ,ਸਾਊਥਾਲ, ਸੰਗਮ ਪਬਲੀਕੇਸ਼ਨ ਸਮਾਣਾ,ਪੰਨਾ-28
4. ਹਰਜੀਤ ਅਟਵਾਲ ,ਸਾਊਥਾਲ, ਸੰਗਮ ਪਬਲੀਕੇਸ਼ਨ ਸਮਾਣਾ,ਪੰਨਾ-21
5. ਹਰਜੀਤ ਅਟਵਾਲ,ਬ੍ਰਿਟਿਸ਼ ਬੌਰਨ ਦੇਸੀ,ਸੰਗਮ ਪਬਲੀਕੇਸ਼ਨ ਸਮਾਣਾ,ਪੰਨਾ-209
6. ਹਰਜੀਤ ਅਟਵਾਲ ,ਸਾਊਥਾਲ, ਸੰਗਮ ਪਬਲੀਕੇਸ਼ਨ ਸਮਾਣਾ,ਪੰਨਾ-234
Comments