ਦੋ ਨਜ਼ਮਾਂ
ਇਕ
ਇਹ ਰਾਹਾਂ ਦੇ ਕੰਡੇ, ਇਹ ਖ਼ਿਆਲਾਂ ਦੀ ਭਟਕਣ,
ਲੈ ਕਿੱਧਰ ਨੂੰ ਚੱਲੀ ਇਹ ਪੈਰਾਂ ਦੀ ਥਿੜਕਣ,
ਉਹ ਅੱਗ 'ਚੋਂ ਵੀ ਕੂਕੇ ਕਿ ਮੁੜ ਆਵੇ ਰਾਵਣ,
ਇਹ ਲੈਂਦੇ ਪਰਿਖਿਆ ਤੇ ਰੱਬ ਵੀ ਕਹਾਵਣ,
ਇਹ ਮੱਤਾਂ ਤੋਂ ਭਾਰੇ ਤੇ ਨੀਤਾਂ ਤੋਂ ਹੌਲ਼ੇ
ਜੋ ਕਹਿੰਦੇ ਨੇ ਗੂੰਗੇ ਤੇ ਸੁਣਦੇ ਨੇ ਬੋਲ਼ੇ
ਇਹ ਪੱਥਰ ਕਦੋਂ ਚੀਰ ਹਰਨਾਂ ਨੂੰ ਗੌਲ਼ੇ
ਨਾ ਸਦੀਆਂ ਤੋਂ ਮੁੱਕੇ ਇਹ ਧਰਮਾਂ ਦੇ ਰੌਲ਼ੇ
ਇਹ ਊਚਾਂ ਇਹ ਨੀਚਾਂ ਇਹ ਜਾਤਾਂ ਇਹ ਪਾਤਾਂ,
ਇਹ ਜੰਮਣ ਤੋਂ ਪਹਿਲਾਂ ਹੀ ਮਿਲੀਆਂ ਸੌਗਾਤਾਂ,
ਜੋ ਹੱਕਾਂ ਨੂੰ ਖੋਂਹਦੇ, ਨਾ ਮੰਗਦੇ ਖ਼ੈਰਾਤਾਂ,
ਇਹ ਕੁੱਖੋਂ ਨਾ ਬਾਗੀ, ਜੋ ਕੀਤੇ ਹਾਲਾਤਾਂ,
ਉਹ ਬਿਰਹੋਂ ਦੇ ਹਉਂਕੇ ਜੋ ਭਰਦੀ ਹੈ ਬਿਰਹਣ,
ਜੋ ਪੱਥਰਾਂ ਦੇ ਮੱਥੇ ਤੇ ਧਰਦੀ ਹੈ ਦਰਪਣ,
ਉਹ ਅੱਗ 'ਚੋਂ ਵੀ ਕੂਕੇ ਕਿ ਮੁੜ ਆਵੇ ਰਾਵਣ,
ਇਹ ਲੈਂਦੇ ਪਰਿਖਿਆ ਤੇ ਰੱਬ ਵੀ ਕਹਾਵਣ,
ਦੋ
ਤੇਰੀ ਚੁੱਪ ਸਜ਼ਾ ਸੀ ਯਾਰਾ ਉਸ ਤੋਂ ਪਾਰ ਖਲਾਅ ਸੀ ਯਾਰਾ
ਮੰਨਿਆ ਤੇਰਾ ਕੁਝ ਨਹੀਂ ਲੱਗਿਆ ਜਾਨ ਮੇਰੀ ਪਰ ਦਾਅ ਸੀ ਯਾਰਾ
ਤੇਰੇ ਲਈ ਮੈਂ 'ਜ਼ਿੱਦ' ਸਾਂ ਕੋਈ ਮੇਰਾ ਯਾਰ 'ਖ਼ੁਦਾ' ਸੀ ਯਾਰਾ
ਸਾਹ ਤਾਂ ਭਾਵੇਂ ਹੁਣ ਵੀ ਚੱਲਣ 'ਤਦ' ਜਿਉਣੇ ਦਾ ਚਾਅ ਸੀ ਯਾਰਾ
ਮਰਜ਼ੀ ਹੈ ਜੋ ਤੂੰ ਨਹੀਂ ਮੁੜਿਆ ਉਂਜ ਮੁੜਨੇ ਦੇ ਰਾਹ ਸੀ ਯਾਰਾ
ਸ਼ੀਸ਼ੇ ਚੋਂ ਜਦ ਤੂੰ ਨਾ ਦਿੱਸਿਆ 'ਅਕਸ' ਦੀ ਨਿੱਕਲੀ ਧਾਹ ਸੀ ਯਾਰਾ
Comments