top of page
  • Writer's pictureਸ਼ਬਦ


ਡਾਇਸਪੋਰਾ ਨੂੰ ਸਮਝਿਦਆਂ /

ਹਰਜੀਤ ਅਟਵਾਲ /

ਅਸੀਂ ਜੋ ਭਾਰਤੀ ਮੂਲ ਦੇ ਲੋਕ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹਾਂ ਸਾਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਜਿਵੇਂ ਕਿ ਓਵਰਸੀਜ਼ ਇੰਡੀਅਨ, ਨੌਨ ਰੈਜ਼ੀਡੈਂਟ ਇੰਡੀਅਨ ਜਾਂ ਪਰਸਨ ਆਫ ਇੰਡੀਅਨ ਓਰਿਜਨ ਆਦਿ। ਇਹਨਾਂ ਸਾਰੇ ਸ਼ਬਦਾਂ ਨੂੰ ਕਲ਼ਾਵੇ ਵਿੱਚ ਲੈਂਦਾ ਇਕ ਸ਼ਬਦ ਹੈ, ਇੰਡੀਅਨ ਡਾਇਸਪੋਰਾ। ਬਹੁਤੇ ਭਾਰਤੀ ਹਾਈਕਮਿਸ਼ਨਾਂ ਜਾਂ ਰਾਜਦੂਤ-ਘਰਾਂ ਵਿੱਚ ਭਾਰਤੀ ਡਾਇਸਪੋਰਾ ਦਾ ਇਕ ਅਲੱਗ ਸੈਕਸ਼ਨ ਬਣਿਆ ਹੋਇਆ ਹੈ। ਮੈਂ ਇਸ ਨੂੰ ਆਪਣੇ ਨਾਵਲ ‘ਹਾਦਸੇ’ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਰ ਵੀ ਮੇਰੇ ਵਰਗੇ ਲੱਖਾਂ ਲੋਕ ਜੋ ਵਿਦੇਸ਼ਾਂ ਵਿੱਚ ਪੱਕੇ ਤੌਰ ‘ਤੇ ਸੈਟਲ ਹੋ ਗਏ ਲੋਕਾਂ ਬਾਰੇ ਕੁਝ ਵਿਅਕਤੀਆਂ ਜਾਂ ਸੰਸਥਾਵਾਂ ਦਾ ਕਹਿਣਾ ਹੈ ਕਿ ਉਹ ਪਰਵਾਸੀ ਭਾਰਤੀ ਹਨ ਨਾ ਕਿ ਭਾਰਤੀ ਡਾਇਸਪੋਰਾ। ਉਹ ਸਾਡੀ ਸਥਿਤੀ ਨੂੰ ਡਾਇਸਪੋਰਸ ਸਥਿਤੀ ਮੰਨਣ ਲਈ ਤਿਆਰ ਨਹੀਂ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ਬਦ ਸਿਰਫ ਯਹੂਦੀਆਂ ਦੇ ਸੰਦਰਭ ਵਿੱਚ ਹੀ ਵਰਤਿਆ ਜਾਂਦਾ ਹੈ। ਛੇਵੀਂ ਸਦੀ ਵਿੱਚ ਯਹੂਦੀਆਂ ਨੂੰ ਫਿਲਿਸਤੀਨ ਵਿੱਚੋਂ ਜ਼ਬਰਦਸਤੀ ਕੱਢ ਕੇ ਬੇਬੀਲੋਨ ਵੱਲ ਧੱਕ ਦਿੱਤਾ ਗਿਆ ਸੀ। ਉਦੋਂ ਦੇ ਨਿਕਲੇ ਯਹੂਦੀ ਅੱਜ ਵੀ ਦੁਨੀਆ ਭਰ ਵਿੱਚ ਖਿਲਰੇ ਮਿਲਦੇ ਹਨ। ਸਦੀਆਂ ਬਾਅਦ ਵੀ ਇਹਨਾਂ ਦਾ ਸਭ ਕੁਝ ਸਾਂਝਾ ਹੈ, ਕਲਚਰ, ਬੋਲੀ, ਧਰਮ, ਵਿਰਾਸਤ ਤੇ ਯਕੀਨ ਆਦਿ ਸਭ, ਤੇ ਇਹ ਇਕ ਦਿਨ ਆਪਣੇ ਮੁਲਕ ਵਾਪਸ ਜਾਣ ਦਾ ਸੁਫਨਾ ਦੇਖਦੇ ਰਹੇ ਹਨ। ਹੁਣ ਤਾਂ ਦੂਜੇ ਮਹਾਂਯੁੱਧ ਤੋਂ ਬਾਅਦ ਇਹਨਾਂ ਨੂੰ ਆਪਣਾ ਮੁਲਕ ਵਾਪਸ ਮਿਲ ਗਿਆ ਹੈ ਤੇ ਉਥੇ ਰਹਿਣ ਲੱਗੇ ਹਨ ਪਰ ਹਾਲੇ ਵੀ ਬਹੁਤ ਸਾਰੇ ਯਹੂਦੀ ਬਾਹਰਲੇ ਦੇਸ਼ਾਂ ਵਿੱਚ ਵਸਦੇ ਹਨ, ਉਹਨਾਂ ਨੂੰ ਅੱਜ ਵੀ ਜਿਊਇਸ਼-ਡਾਇਸਪੋਰਾ ਕਿਹਾ ਜਾਂਦਾ ਹੈ।

ਡਾਇਸਪੋਰਾ ਦੇ ਜੇ ਅਸੀਂ ਮਾਹਿਨੇ ਦੇਖੀਏ ਤਾਂ ਮੋਟੇ ਤੌਰ ‘ਤੇ ਜੋ ਹੱਥ ਲਗਦੇ ਹਨ- ਕਿਸੇ ਮੁਲਕ ਦੀ ਆਬਾਦੀ ਦੇ ਇਕ ਹਿੱਸੇ ਦਾ ਖਿੰਡਰਾਅ। ਖਿੰਡਰ ਕੇ ਇਹਨਾਂ ਲੋਕਾਂ ਦਾ ਦੂਜੇ ਮੁਲਕ ਵਿੱਚ ਪੱਕੇ ਤੌਰ ‘ਤੇ ਜਾ ਵਸਣਾ। ਆਮ ਤੌਰ ‘ਤੇ ਆਪਣਾ ਮੁਲਕ ਛੱਡਣ ਦੇ ਕਾਰਨ ਰਾਜਨੀਤਕ ਹੁੰਦੇ ਹਨ ਪਰ ਸਮੇਂ ਦੇ ਨਾਲ-ਨਾਲ ਇਸ ਵਿੱਚ ਆਰਥਿਕ ਤੇ ਹੋਰ ਕੁਝ ਕਾਰਨ ਵੀ ਜਮ੍ਹਾਂ ਹੋ ਗਏ ਹਨ। ਡਾਇਸਪੋਰਾ ਦੇ ਪੁਰਾਣੇ ਅਰਥਾਂ ‘ਤੇ ਟਿਕੇ ਰਹਿਣ ਵਾਲੇ ਚਿੰਤਕਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਇਸ ਖਿੰਡਰਾਅ ਵਿੱਚ ਉਹਨਾਂ ਦੇ ਆਪਣੇ ਹੀ ਮੁਲਕ ਵਿੱਚੋਂ ਜ਼ਬਰਦਸਤੀ ਕੱਢਿਆ ਗਿਆ ਹੁੰਦਾ ਹੈ ਜਿਵੇਂ ਯਹੂਦੀਆਂ ਨਾਲ ਕੀਤਾ ਗਿਆ ਸੀ। ਇਸ ਤੋਂ ਬਾਅਦ ਅਫਰੀਕਨ ਲੋਕਾਂ ਨੂੰ ਵੀ ਜ਼ਬਰਦਸਤੀ ਗੁਲਾਮ ਬਣਾ ਕੇ ਅਮਰੀਕਾ ਵਿੱਚ ਲਿਆਂਦਾ ਗਿਆ ਸੀ ਪਰ ਅਫਰੀਕਨਾਂ ਲਈ ਡਾਇਸਪੋਰਾ ਸ਼ਬਦ ਬਹੁਤ ਘੱਟ ਵਰਤਿਆ ਗਿਆ ਹੈ। ਯਹੂਦੀਆਂ ਬਿਨਾ ਕਿਸੇ ਹੋਰ ਮੁਲਕ ਦੇ ਲੋਕਾਂ ਦੇ ਦੂਜੇ ਦੇਸ਼ ਵਿੱਚ ਜਾ ਵਸਣ ਵਾਲੇ ਲੋਕਾਂ ਲਈ ਇਹ ਟਰਮ ਵਰਤਣ ਵਿੱਚ ਕੁਝ ਬੁਧੀਜੀਵੀ ਖੁਸ਼ ਨਹੀਂ ਹਨ। ਉਹਨਾਂ ਦੀ ਇਹ ਨਾਖੁਸ਼ੀ ਥੋੜੀ ਬਹਿਸ ਤਾਂ ਮੰਗਦੀ ਹੈ ਪਰ ਏਨੀ ਵੀ ਨਹੀਂ ਕਿ ਸ਼ਬਦ ਦੀ ਵਰਤੋਂ ਨੂੰ ਨਾਕਾਰ ਦਿੱਤਾ ਜਾਵੇ।

ਡਾਇਸਪੋਰਾ ਦਾ ਇਸਤੇਮਾਲ ਜਾਂ ਇਸਦੀ ਭਾਵਨਾ ਦੀ ਵਰਤੋਂ ਬਾਈਬਲ ਵਿੱਚ ਵੀ ਮਿਲਦੀ ਹੈ। ਇਸ ਸ਼ਬਦ ਦੀ ਉਤਪਤੀ ਗਰੀਕ ਭਾਸ਼ਾ ਵਿੱਚੋਂ ਹੁੰਦੀ ਹੈ। ਜਦ ਹੈਬਰੀਉ ਬਾਈਬਲ ਨੂੰ ਗਰੀਕ ਵਿੱਚ ਉਲਥਾਇਆ ਗਿਆ ਤਾਂ ਕਿਸੇ ਨਾ ਕਿਸੇ ਤਰ੍ਹਾਂ ਜਲਾਵਤਨੀ ਦੀ ਸਥਿਤੀ ਲਈ ਇਸ ਸ਼ਬਦ ਦੀ ਵਰਤੋਂ ਉਸਰਨੀ ਸ਼ੁਰੂ ਹੋਈ। ‘ਔਕਸਫੋਰਡ ਡਿਕਸ਼ਨਰੀ ਔਨ ਲਾਈਨ’ ਮੁਤਾਬਕ ਅੰਗਰੇਜ਼ੀ ਵਿੱਚ ਇਸ ਸ਼ਬਦ ਦੀ ਵਰਤੋਂ ਪਹਿਲੀ ਵਾਰ 1876 ਵਿੱਚ ਹੋਈ। ਵੀਹਵੀਂ ਸਦੀ ਦੇ ਮੱਧ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਇਹ ਸ਼ਬਦ ਲੰਮੇ ਸਮੇਂ ਤੋਂ ਇਕ ਮੁਲਕ ਦੇ ਬਸ਼ਿੰਦਿਆਂ ਦਾ ਦੂਜੇ ਮੁਲਕ ਵਿੱਚ ਰਹਿਣ ਲਈ ਵਰਤਿਆ ਜਾਣ ਲੱਗਾ। ਅਕੈਡਮਿਕ ਪੱਧਰ ‘ਤੇ ਵੀ ਡਾਇਸਪੋਰਾ ਤੋਂ ਇਹੋ ਭਾਵ ਜਾਂ ਅਰਥ ਖੜੇ ਹੋਣ ਲੱਗ ਪਏ - ਕਿਸੇ ਮੁਲਕ ਦੇ ਲੋਕਾਂ ਦੀ ਧਿਆਨ ਖਿੱਚਣਯੋਗ ਆਬਾਦੀ ਜਦ ਦੂਜੇ ਮੁਲਕ ਵਿੱਚ ਜਾ ਵਸਦੀ ਹੈ ਤਾਂ ਉਹ ਸਥਿਤੀ ਡਾਇਸਪੋਰਾ ਹੁੰਦੀ ਹੈ। ਮਤਲਬ ਕਿ ਹਰ ਭਾਵ ਵਿੱਚ ਵਰਤੇ ਜਾਂਦੇ ਡਾਇਸਪੋਰਾ ਦੇ ਮਾਹਿਨੇ ਖਿਲਰਨਾ (ਡਿਸਪਲੇਸਮੈਂਟ) ਹੁੰਦੇ ਹਨ। ਇਕ ਹੋਰ ਪਰਿਭਾਸ਼ਾ ਮੁਤਾਬਕ ਡਾਇਸਪੋਰਾ ਕਿਸੇ ਦੂਜੇ ਮੁਲਕ ਵਿੱਚ ਵੱਸ ਚੁੱਕੇ ਪਰਵਾਸੀਆਂ ਜਾਂ ਉਹਨਾਂ ਦੀ ਅਗਲੀ ਔਲਾਦ ਦਾ ਉਹ ਸਮੂਹ ਹੈ ਜਿਹਨਾਂ ਦੇ ਪਰਵਾਸ ਦੇ ਤਜਰਬੇ, ਪਿਛੋਕੜ ਨਾਲ ਜੁੜੇ ਹੋਣ ਦੇ ਜਜ਼ਬਾਤ, ਸਭਿਆਚਾਰ, ਵਿਰਾਸਤ, ਬੋਲੀ, ਧਰਮ, ਇਤਿਹਾਸ ਆਦਿ ਸਾਂਝੇ ਹੁੰਦੇ ਹਨ। ਵਿਲੀਅਮ ਸੈਫਰਨ ਨਾਂ ਦੇ ਲੇਖਕ ਦਾ ਲੇਖ 1991 ਵਿੱਚ ਛਪਿਆ ਸੀ ਜਿਸ ਵਿੱਚ ਉਸ ਨੇ ਡਾਇਸਪੋਰਾ ਦੇ ਲੱਛਣਾਂ ਦਾ ਜ਼ਿਕਰ ਕੀਤਾ ਸੀ। ਉਹਨਾਂ ਵਲੋਂ ਆਪਣੇ ਮੁਲਕ ਤੋਂ ਹਿਜਰਤ ਕਰਨ ਦੇ ਕਾਰਨਾਂ ਉਪਰ ਜ਼ੋਰ ਨਹੀਂ ਸੀ ਦਿੱਤਾ ਗਿਆ। ਰੌਜਰ ਬਰੁਬੇਕਰ ਨਾਮੀ ਚਿੰਤਕ ਇਕੀਵੀਂ ਸਦੀ ਦੇ ਅਰੰਭ ਵਿੱਚ ਡਾਇਸਪੋਰਾ ਦੇ ਅਰਥਾਂ ਨੂੰ ਹੋਰ ਵਸੀਹ ਕਰ ਦਿੰਦਾ ਹੈ। ਉਹ ਮੰਨਦਾ ਹੈ ਕਿ ਵੀਹਵੀਂ ਸਦੀ ਦੇ ਸ਼ੁਰੂ ਦੇ ਦਸ ਸਾਲਾਂ ਵਿੱਚ ਡਾਇਸਪੋਰਾ ਉਪਰ ਲਿਖੀਆਂ ਅਠਾਰਾਂ ਕਿਤਾਬਾਂ ਵਿੱਚੋਂ ਸਤਾਰਾਂ ਵਿੱਚ ਯਹੂਦੀਆਂ ਦੇ ਆਪਣੇ ਮੁਲਕ ਵਿੱਚੋਂ ਜ਼ਬਰਦਸਤੀ ਕਰਾਈ ਹਿਜਰਤ ਕਰਨ ਵਾਲੀ ਪਰਿਭਾਸ਼ਾ ਹੀ ਦਿੱਤੀ ਗਈ ਹੈ ਪਰ ਬਾਅਦ ਵਿੱਚ ਇਹ ਸਥਿਤੀ ਉਲਟੀ ਹੋਣ ਲਗਦੀ ਹੈ। ਹੁਣ ਉਹ ਪਰਿਭਾਸ਼ਾ ਪੁਰਾਣੀ ਹੋ ਚੁੱਕੀ ਹੈ ਤੇ ਨਵੀਂ ਪਰਿਭਾਸ਼ਾ ਅਨੁਸਾਰ ਹੀ ਡਾਇਸਪੋਰਾ ਨੂੰ ਵਿਚਾਰਨਾ ਚਾਹੀਦਾ ਹੈ। ਡਾਇਸਪੋਰਾ ਦੀ ਪਰਿਭਾਸ਼ਾ ਵਿੱਚ ਤਬਦੀਲੀਆਂ ਆਉਣ ਦੇ ਕਾਰਨ ‘ਡਾਇਸਪੋਰਸ ਟਰਨ’ ਨਾਮੀ ਟਰਮ ਵਿੱਚ ਪਏ ਹਨ ਕਿ ਇਸ ਬਾਰੇ ਬਹਿਸਾਂ ਹੁੰਦੀਆਂ ਰਹੀਆਂ ਹਨ, ਬਹੁਤ ਕੁਝ ਨਵਾਂ ਵਾਪਰਦਾ ਰਿਹਾ ਹੈ ਜੋ ਇਸ ਦੇ ਅਰਥਾਂ ਵਿੱਚ ਜਮ੍ਹਾਂ ਹੁੰਦਾ ਰਿਹਾ ਹੈ। ਭਾਵੇਂ ਡਾਇਸਪੋਰਾ ਬਾਰੇ ਯੋਯਨਾਵਾਂ ਤੇ ਜਥੇਬੰਦੀਆਂ ਉਨੀਵੀਂ ਸਦੀ ਦੇ ਸ਼ੁਰੂ ਵਿੱਚ ਹੀ ਬਣਨ ਲਗੀਆਂ ਸਨ ਪਰ ਦੁਨੀਆ ਭਰ ਦੇ ਲੋਕਾਂ ਵਿੱਚ ਮਾਈਗਰੇਸ਼ਨ ਦਾ ਫੈਲਾਅ 1990 ਤੋਂ ਤੇਜ਼ੀ ਨਾਲ ਵਧਣ ਲੱਗਾ। ‘ਦਾ ਔਕਸਫੋਰਡ ਡਾਇਸਪੋਰਾ ਪਰੋਗਰਾਮ’ ਜਿਹੜਾ 2015 ਵਿੱਚ ਖਤਮ ਜਾਂ ਪੂਰਾ ਹੋਇਆ ਸੀ ਉਸ ਵਿੱਚ ‘ਕੰਪੈਰੇਟਿਵ ਅਨੈਲਿਸਜ਼ ਆਫ ਡਾਇਪੋਰਾ’ ਦੇ ਨਾਲ-ਨਾਲ ਇਸਦੇ ਦੁਨੀਆ ਉਪਰ ਸਮਾਜਕ, ਆਰਥਿਕ, ਰਾਜਨੀਤਕ ਤੇ ਸਭਿਆਚਾਰ ਅਸਰ ਦਾ ਅਧਿਐਨ ਵੀ ਸ਼ਾਮਲ ਸੀ। ਡਾਇਸਪੋਰਾ ਦੇ ਚਿੰਤਨ ਲਈ ਅੰਤਰ-ਰਾਸ਼ਟਰੀ ਸੰਸਥਾਵਾਂ ਖਾਸ ਬਜਟ ਰੱਖ ਰਹੀਆਂ ਹਨ। ਇੰਟਰਨੈੱਟ ਉਪਰ ਡਾਇਸਪੋਰਾ ਬਾਰੇ ਏਨਾ ਕੁਝ ਉਪਲਬਧ ਹੈ ਕਿ ਕਿਤਾਬਾਂ ਦੀਆਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ।

ਸੋ ਇਕ ਵਾਰੀ ਫਿਰ ਡਾਇਸਪੋਰਾ ਕਿਸੇ ਮੁਲਕ ਦੇ ਦੂਜੇ ਮੁਲਕ ਵਿੱਚ ਵਸਦੇ ਉਹਨਾਂ ਲੋਕਾਂ ਦਾ ਸਮੂਹ ਹੈ ਜਿਹਨਾਂ ਦੀ ਬੋਲੀ, ਸਭਿਆਚਾਰ, ਧਰਮ, ਯਕੀਨ, ਪ੍ਰਤੀਬੱਧਤਾ, ਵਿਰਾਸਤ, ਇਤਿਹਾਸਕ ਤੇ ਭੁਗੋਲਿਕ ਪਿਛੋਕੜ ਇਕੋ ਜਿਹਾ ਹੁੰਦਾ ਹੈ। ਇਹ ਲੋਕ ਆਪਣੇ ਹੋਮਲੈਂਡ ਵਿੱਚੋਂ ਜ਼ਬਰਦਸਤੀ ਕੱਢੇ ਗਏ ਵੀ ਹੋ ਸਕਦੇ ਹਨ ਜਾਂ ਆਪਣੀ ਮਰਜ਼ੀ ਨਾਲ ਆਏ ਵੀ। ਕੰਮ ਦੀ ਭਾਲ਼, ਵਿਓਪਾਰ, ਰਾਜਨੀਤਕ ਕਾਰਨਾਂ ਕਰਕੇ ਭਗੌੜੇ ਜਾਂ ਰਿਫਿਉਜ਼ੀ ਵੀ ਹੋ ਸਕਦੇ ਹਨ। ਇਹਨਾਂ ਦਾ ਆਪਣੀ ਹੋਮਲੈਂਡ ਨਾਲ ਲਗਾਤਾਰ ਰਾਬਤਾ ਰਹਿੰਦਾ ਹੈ। ਆਪਣੇ ਜੱਦੀ ਮੁਲਕ ਦੀਆਂ ਸਿਆਸੀ ਗਤੀਵਿਧੀਆਂ ਉਪਰ ਇਹਨਾਂ ਦੀ ਡੂੰਘੀ ਨਜ਼ਰ ਰਹਿੰਦੀ ਹੈ। ਆਪਣੀ ਹੋਮਲੈਂਡ ਵਿੱਚ ਹੁੰਦੇ ਧਾਰਮਿਕ, ਆਰਥਿਕ, ਰਾਜਨੀਤਕ ਉਤਰਾਅ-ਚੜਾਅ ਦਾ ਅਸਰ ਡਾਇਸਪੋਰੇ ਉਪਰ ਸਿੱਧਾ ਪੈਂਦਾ ਹੈ। ਉਥੋਂ ਦੀ ਹਰ ਤਰ੍ਹਾਂ ਦੀ ਤਰੱਕੀ ਵਿੱਚ ਹਿੱਸਾ ਪਾਉਣ ਲਈ ਇਹ ਲੋਕ ਤਿਆਰ ਰਹਿੰਦੇ ਹਨ। ਡਾਇਸਪੋਰਾ ਆਪਣੇ ਮੁਲਕ ਦੀ ਸਿਆਸਤ ਨੂੰ ਹਰ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ। ਆਪਣੇ ਅਪਣਾਏ ਮੁਲਕ ਦੀ ਸਿਆਸਤ ਨੂੰ ਆਪਣੇ ਹੋਮਲੈਂਡ ਦੇ ਹੱਕ ਵਿੱਚ ਭਗਤਾਉਣ ਦੇ ਯਤਨਾਂ ਵਿੱਚ ਰਹਿੰਦਾ ਹੈ। ਡਾਇਸਪੋਰਾ ਹਮੇਸ਼ਾ ਆਪਣੇ ਸਭਿਆਚਾਰ, ਬੋਲੀ ਤੇ ਧਰਮ ਨਾਲ ਹੋਮਲੈਂਡ ਦੇ ਲੋਕਾਂ ਨਾਲੋਂ ਵਧੇਰੇ ਜੁੜਿਆ ਰਹਿਣ ਦੀ ਪ੍ਰਵਿਰਤੀ ਵਿੱਚ ਹੁੰਦਾ ਹੈ। ਦੂਜੇ ਮੁਲਕਾਂ ਦੇ ਹੋਰ ਡਾਇਸਪੋਰੇ ਨਾਲ ਵੀ ਇਹਨਾਂ ਦੇ ਵਧੀਆ ਸੰਬੰਧ ਹੋ ਸਕਦੇ ਹਨ। ਦੋ ਦੁਸ਼ਮਣ ਦੇਸ਼ਾਂ ਦਾ ਡਾਇਸਪੋਰਾ ਦੇ ਅਪਣਾਏ ਮੁਲਕ ਵਿੱਚ ਸੰਬੰਧ ਨਿੱਗਰ ਹੋ ਸਕਦੇ ਹਨ। ਡਾਇਸਪੋਰਾ ਦੇ ਆਪਣੇ ਅਖ਼ਬਾਰ, ਰੇਡੀਓ, ਟੈਲੀਵੀਯਨ ਜਾਂ ਹੋਰ ਸੋਸ਼ਲ ਮੀਡੀਆ ਦੇ ਗਰੁੱਪ ਵੀ ਹੋ ਸਕਦੇ ਹਨ। ਇਹ ਸਾਰੇ ਹੀ ਲੱਛਣ ਜਿੰਨੀ ਸ਼ਿੱਦਤ ਨਾਲ ਯਹੂਦੀ ਡਾਇਸਪੋਰਾ ਵਿੱਚ ਹਨ ਓਨੀ ਹੀ ਸ਼ਿੱਦਤ ਨਾਲ ਭਾਰਤੀ ਡਾਇਸਪੋਰਾ ਵਿੱਚ ਵੀ ਸ਼ਾਮਲ ਹਨ। ਦੂਜੇ ਸ਼ਬਦਾਂ ਵਿੱਚ ਭਾਰਤੀ ਡਾਇਸਪੋਰਾ ਯਹੂਦੀ ਡਾਇਸਪੋਰਾ ਦੀ ਬਣਤਰ ਤੇ ਬੁਣਤਰ ਦੇ ਬਰੋ-ਬਰਾਬਰ ਖੜਦਾ ਹੈ।

ਡਾਇਸਪੋਰਾ ਸ਼ਬਦ ਬਹੁਤ ਸਾਰੇ ਮੁਲਕਾਂ ਨਾਲ ਜੁੜਦਾ ਹੈ। ਅਫਰੀਕਨ ਡਾਇਸਪੋਰਾ, ਫਿਲਿਸਤੀਨ ਡਾਇਸਪੋਰਾ, ਅਰਮੀਨੀਅਨ ਡਾਇਸਪੋਰਾ, ਇਟਾਲੀਅਨ ਡਾਇਸਪੋਰਾ ਆਦਿ। ਇਤਿਹਾਸ ਗਵਾਹ ਹੈ ਕਿ ਲੋਕ ਸਦਾ ਹੀ ਇਕ ਥਾਂ ਤੋਂ ਉਠ ਕੇ ਦੂਜੇ ਥਾਂ ਵਸਦੇ ਰਹੇ ਹਨ। ਇਹ ਵੱਖ ਗੱਲ ਹੈ ਕਿ ਕੁਝ ਦੇਰ ਤੋਂ ਇਸ ਨੂੰ ਦਸਤਾਵੇਜ਼ੀ ਰੂਪ ਦਿੱਤਾ ਜਾਣ ਲੱਗਾ ਹੈ। ਦੁਨੀਆ ਦੇ ਧਰਮ ਵੀ ਡਾਇਸਪੋਰਾ ਨਾਲ ਡੀਲ ਕਰਦੇ ਨਜ਼ਰ ਆਉਂਦੇ ਹਨ। ਇਸਲਾਮ ਵਿੱਚ ਆਪਣੇ ਧਰਮ ਨੂੰ ਫੈਲਾਉਣ ਦੀ ਜੋ ਧਾਰਨਾ ਹੈ ਉਸ ਵਿੱਚ ਖਿਲਰ ਜਾਣਾ ਆਉਂਦਾ ਹੈ। ਖਿਲਰ ਜਾਓ ਤੇ ਇਸਲਾਮ ਫੈਲਾਓ। ਬਾਬਾ ਨਾਨਕ ਉਦਾਸੀਆਂ ਲਾ ਕੇ ਕਰਤਾਰ ਪੁਰ ਵਿਖੇ ਆਪਣਾ ਟਿਕਾਣਾ ਬਣਾ ਕੇ ਰਹਿੰਦਾ ਹੈ, ਅਸੀਂ ਵੀ ਜਦ ਨਿਕਲੇ ਸਾਂ ਇਕ ਕਿਸਮ ਨਾਲ ਇਕ ਕਰਤਾਰ ਪੁਰ ਦਾ ਸੁਫਨਾ ਲੈ ਕੇ ਹੀ ਨਿਕਲੇ ਸਾਂ, ਜਿਥੇ ਟਿਕ ਕੇ ਰਹਿ ਸਕੀਏ ਪਰ ਸਮੇਂ ਨਾਲ ਸਾਡੀਆਂ ਤਰਜੀਹਾਂ ਬਦਲ ਗਈਆਂ। ਸਮੀਕਰਣ ਵੀ ਬਦਲ ਗਏ।

ਦੁਨੀਆ ਵਿੱਚ ਸਭ ਤੋਂ ਵੱਡਾ ਭਾਰਤੀ ਡਾਇਸਪੋਰਾ ਹੈ। ਇਸ ਵੇਲੇ ਲੱਗਭੱਗ ਦੋ ਕਰੋੜ ਭਾਰਤੀ ਵਿਦੇਸ਼ਾਂ ਵਿੱਚ ਵਸਦੇ ਹਨ, ਭਾਵ ਕਿ ਇਕ ਮੁਲਕ ਜਿੰਨੀ ਆਬਾਦੀ। ਦੂਜੇ ਨੰਬਰ ‘ਤੇ ਮੈਕਸੀਕਨ ਡਾਇਸਪੋਰਾ ਆਉਂਦਾ ਹੈ, ਇਕ ਕਰੋੜ ਵੀਹ ਲੱਖ ਦੇ ਕਰੀਬ ਮੈਕਸੀਕਨ ਦੁਨੀਆ ਵਿੱਚ ਵਸਦੇ ਹਨ। ਤੀਜੇ ਨੰਬਰ ‘ਤੇ ਚੀਨੀ ਡਾਇਸਪੋਰਾ ਆਉਂਦਾ ਹੈ, ਉਹ ਇਕ ਕਰੋੜ ਦਸ ਲੱਖ ਦੇ ਕਰੀਬ ਚੀਨੀ ਲੋਕ ਦੁਨੀਆ ਵਿੱਚ ਖਿਲਰੇ ਹੋਏ ਹਨ। ਕਿਸੇ ਮੁਲਕ ਦੇ ਡਾਇਸਪੋਰਾ ਅੰਦਰ ਵੀ ਵੰਡੀਆਂ ਹੁੰਦੀਆਂ ਹਨ ਜਿਵੇਂ ਕਿ ਪੰਜਾਬੀ ਡਾਇਸਪੋਰਾ, ਗੁਜਰਾਤੀ ਡਾਇਸਪੋਰਾ ਆਦਿ। ਕੁਝ ਚਿੰਤਕਾਂ ਦਾ ਤਾਂ ਇਹ ਕਹਿਣਾ ਵੀ ਕਿ ਕਿਸੇ ਦੇਸ਼ ਦੇ ਅੰਦਰ ਵੀ ਡਾਇਸਪੋਰਾ ਦੀਆਂ ਅਲਾਮਤਾਂ ਹੁੰਦੀਆਂ ਹਨ, ਖਾਸ ਤੌਰ ‘ਤੇ ਅਮਰੀਕਾ ਤੇ ਭਾਰਤ ਵਰਗੇ ਵੱਡੇ ਮੁਲਕਾਂ ਵਿੱਚ। ਜਿਵੇਂ ਕਿ ਪੰਜਾਬੀ ਪੂਰੇ ਭਾਰਤ ਵਿੱਚ ਆਪਣਾ ਕਲਚਰ, ਧਰਮ, ਵਿਰਾਸਤ, ਯਕੀਨ ਆਦਿ ਲੈ ਕੇ ਵਸਦੇ ਹਨ। ਪੰਜਾਬ ਵਿੱਚ ਹੀ ਬਿਹਾਰੀ ਲੋਕਾਂ ਨੇ ਆਪਣੇ ਘਰ ਬਣਾ ਲਏ ਹੋਏ ਹਨ।

ਡਾਇਸਪੋਰਾ ਤੇ ਪਰਵਾਸ ਵਿੱਚ ਮਹੀਨ ਜਿਹੇ ਫਰਕ ਹੀ ਹਨ ਪਰ ਸਥਿਤੀ ਬਹੁਤ ਵੱਖਰੀ ਹੈ। ਪਰਵਾਸ ਵਿੱਚ ਬਹੁਤੇ ਮੁਲਕਾਂ ਦੇ ਲੋਕ ਰਲ਼ੇ-ਮਿਲ਼ੇ ਹੁੰਦੇ ਹਨ ਜਿਵੇਂ ਅਸੀਂ ਪਹਿਲੀਆਂ ਵਿੱਚ ਇੰਗਲੈਂਡ ਜਾਂ ਹੋਰਨਾਂ ਮੁਲਕਾਂ ਵਿੱਚ ਸਾਂ, ਗਿਣਤੀ ਵਿੱਚ ਥੋੜੇ ਸਾਂ। ਹੌਲੀ ਹੌਲੀ ਸਥਿਤੀ ਬਦਲਣ ਲੱਗੀ। ਡਾਇਸਪੋਰਾ ਵਿੱਚ ਇਕ ਹੋਮਲੈਂਡ ਦੇ ਲੋਕ ਇਕੱਠੇ ਹੋ ਕੇ ਵਿਚਰਦੇ ਹਨ। ਪਰਵਾਸ ਵਿੱਚ ਵਾਪਸ ਮੁੜਨ ਦੇ ਮੌਕੇ ਬਣੇ ਰਹਿੰਦੇ ਹਨ। ਕੁਝ ਚਿੰਤਕ ਇਹ ਵੀ ਕਹਿੰਦੇ ਹਨ ਕਿ ਪਰਵਾਸ ਵਿੱਚ ਬੰਦਾ ਇਕੱਲਾ ਹੁੰਦਾ ਹੈ ਡਾਇਸਪੋਰਾ ਦੀ ਸਥਿਤੀ ਵਿੱਚ ਪੂਰਾ ਪਰਿਵਾਰ ਇਕੱਠਾ ਹੁੰਦਾ ਹੈ। ਪਰਵਾਸ ਵਿੱਚ ਭੁਹੇਰਵਾ (ਨੌਸਟੈਲਜੀਆ) ਹੁੰਦਾ ਹੈ ਪਰ ਡਾਇਸਪੋਰਾ ਕਿਸੇ ਹੱਦ ਤੱਕ ਇਸ ਤੋਂ ਮੁਕਤ ਹੋ ਗਿਆ ਹੁੰਦਾ ਹੈ। ਬਹੁਤ ਸਾਰੇ ਆਲੋਚਕਾਂ ਦਾ ਕਹਿਣਾ ਹੈ ਕਿ ਮੇਰੇ ਪਹਿਲੇ ਪੰਜ ਨਾਵਲ (ਵਨ-ਵੇਅ, ਰੇਤ, ਸਵਾਰੀ, ਸਾਊਥਾਲ ਤੇ ਬਿ੍ਰਟਿਸ਼ ਬੌਰਨ ਦੇਸੀ) ਪੰਜਾਬੀ ਲੋਕਾਂ ਦੇ ਪਰਵਾਸ ਤੋਂ ਡਾਇਸਪੋਰਾ ਦੇ ਸਫਰ ਨੂੰ ਡੀਲ ਕਰਦੇ ਹਨ। ਮੈਨੂੰ ਵੀ ਜਾਪਦਾ ਹੈ ਕਿ ਜਾਣੇ-ਅਣਜਾਣੇ ਵਿੱਚ ਇਸੇ ਤਰਤੀਬ ਵਿੱਚ ਲਿਖੇ ਗਏ ਹਨ।

ਡਾਇਸਪੋਰਾ ਦਾ ਵਿਸ਼ਾ ਇਕ ਲੰਮੇ ਲੇਖ ਦੀ ਮੰਗ ਕਰਦਾ ਹੈ। ਇਸ ਬਾਰੇ ਸੰਖੇਪ ਜਿਹੀ ਗੱਲ ਕਰਕੇ ਮੇਰਾ ਮਤਲਬ ਕੋਈ ਵਿਵਾਦ ਛੇੜਨਾ ਨਹੀਂ ਹੈ। ਫਿਰ ਵੀ ਇਕ ਸਵਾਲ ਦਾ ਜਵਾਬ ਮੈਂ ਜ਼ਰੂਰ ਲੱਭ ਰਿਹਾ ਹਾਂ। ਸਵਾਲ ਹੈ: ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਲੇਖਕਾਂ ਦੇ ਲਿਖੇ ਅੱਜ ਦੇ ਸਾਹਿਤ ਨੂੰ ਕੀ ਕਿਹਾ ਜਾਣਾ ਚਾਹੀਦਾ ਹੈ? ਪੰਜਾਬੀ ਪਰਵਾਸੀ ਸਾਹਿਤ ਜਾਂ ਪੰਜਾਬੀ ਡਾਇਸਪੋਰਸ ਸਾਹਿਤ? ਜਿਸ ਪਰਵਾਸੀ ਸਾਹਿਤ ਨੂੰ ਸਵਰਨ ਚੰਦਨ ਨੇ ਪਰਿਭਾਸ਼ਿਤ ਕੀਤਾ ਸੀ, ਅੱਜ ਦਾ ਲਿਖਿਆ ਜਾ ਰਿਹਾ ਸਾਹਿਤ ਉਹ ਸਾਹਿਤ ਨਹੀਂ ਹੈ। ਅੱਜ ਬਾਹਰ ਲਿਖੇ ਜਾ ਰਹੇ ਪੰਜਾਬੀ ਸਾਹਿਤ ਵਿੱਚੋਂ ਭੁਹੇਰਵਾ ਬਿਲਕੁਲ ਗਾਇਬ ਹੋ ਚੁੱਕਾ ਹੈ ਤੇ ਵਾਪਸ ਮੁੜਨ ਦੇ ਇਰਾਦੇ ਵੀ। ਮੇਰੀ ਨਿੱਜੀ ਰਾਏ ਅਨੁਸਾਰ ਅੱਜ ਦਾ ਲੇਖਕ ਡਾਇਸਪੋਰਾ ਦਾ ਹਿੱਸਾ ਹੈ ਤੇ ਉਸ ਦਾ ਰਚਿਆ ਸਾਹਿਤ ਵੀ ਡਾਇਸਪੋਰਾ ਦਾ ਸਾਹਿਤ ਹੈ। ਖ਼ੈਰ, ਇਹ ਤਾਂ ਬੁਧੀਜੀਵੀਆਂ ਦੀ ਮਰਜ਼ੀ ਉਪਰ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਕਿਵੇਂ ਲੈਂਦੇ ਹਨ। ਮੈਂ ਆਪਣੇ ਡਾਇਸਪੋਰਸ ਜੀਵਨ ਨੂੰ ਇਹਨਾਂ ਲਾਈਨਾਂ ਨਾਲ ਅਭਿਵਿਅਕਤ ਕਰਨਾ ਚਾਹਾਂਗਾ,

ਜਿਸ ਘਰ ਵਿੱਚ ਮੇਰਾ ‘ਸਾਮਾਨ’ ਪਿਆ ਹੈ,

ਉਸ ਘਰ ਵਿੱਚ ਮੈਂ ਵਸਦਾ ਹਾਂ,

ਜਿਥੇ ਕੀਲੀ ਪਿਓ ਦੇ ਕੁੜਤੇ, ਮਾਂ ਦੇ ਦੁਪੱਟੇ ਟੰਗੇ ਨੇ,

ਉਹ ਘਰ ਮੇਰੇ ਅੰਦਰ ਵਸਦਾ ਹੈ।

Comments


bottom of page