top of page
  • Writer's pictureਸ਼ਬਦ

ਬੇਲੋੜੀਆਂ ਚੀਜ਼ਾਂ ਦੀ ਜਮ੍ਹਾਂਖੋਰੀ: ਇਕ ਮਾਨਸਿਕ-ਬਿਮਾਰੀ /

ਹਰਜੀਤ ਅਟਵਾਲ /

ਕਈ ਲੋਕਾਂ ਨੂੰ ਬੇਲੋੜੀਆਂ ਚੀਜ਼ਾਂ ਨੂੰ ਜਮ੍ਹਾਂ ਕਰਨ ਦੀ ਆਦਤ ਹੁੰਦੀ ਹੈ, ਅਸਲ ਵਿੱਚ ਇਹ ਇਕ ਬਿਮਾਰੀ ਹੈ, ਦਿਮਾਗੀ ਬਿਮਾਰੀ। ਇਸਨੂੰ ਹੋਰਡਿੰਗ-ਡਿਸਆਰਡਰ ਕਿਹਾ ਜਾਂਦਾ ਹੈ। ਅਜਿਹੇ ਲੋਕ ਤੁਹਾਨੂੰ ਰੋਜ਼-ਮਰਹਾ ਜੀਵਨ ਵਿੱਚ ਅਕਸਰ ਮਿਲ ਜਾਂਦੇ ਹਨ। ਬਹੁਤ ਦੇਰ ਪਹਿਲਾਂ ਸਾਡੇ ਇਕ ਗਵਾਂਢੀ ਅੰਗਰੇਜ਼ ਡੇਵ ਦਾ ਘਰ ਪੁਰਾਣੇ ਫਰਨੀਚਰ ਨਾਲ ਭਰਿਆ ਪਿਆ ਸੀ, ਘਰ ਵਿੱਚ ਸਿਰਫ ਸੌਣ ਲਈ ਜਗਾਹ ਬਚਦੀ ਸੀ, ਨਹੀਂ ਤਾਂ ਹਰ ਜਗਾਹ ਕੁਝ ਨਾ ਕੁਝ ਪਿਆ ਹੁੰਦਾ। ਉਹ ਹਰ ਹਫਤੇ ਸੈਕਿੰਡ-ਹੈਂਡ ਫਰਨੀਚਰ ਖਰੀਦ ਲਿਆਉਂਦਾ। ਮੈਂ ਉਹਦੇ ਬਾਰੇ ਇਕ ਕਹਾਣੀ ਵੀ ਲਿਖੀ ਸੀ। ਇਵੇਂ ਹੀ ਮੇਰੇ ਇਕ ਹੋਰ ਦੋਸਤ ਪੀਟਰ ਦੇ ਫਲੈਟ ਵਿੱਚ ਅਖ਼ਬਾਰਾਂ-ਮੈਗਜ਼ੀਨ ਭਰੇ ਪਏ ਸਨ। ਜਿਹੜੀ ਵੀ ਅਖ਼ਬਾਰ ਜਾਂ ਮੈਗਜ਼ੀਨ ਖਰੀਦਦਾ ਪੜ੍ਹ ਕੇ ਇਕ ਪਾਸੇ ਰੱਖ ਦਿੰਦਾ, ਸੁੱਟਦਾ ਨਾ। ਮੈਂ ਉਸ ਦੇ ਘਰ ਜਾਂਦਾ ਤਾਂ ਇਵੇਂ ਬੇਲੋੜੀਆਂ ਪਈਆਂ ਚੀਜ਼ਾਂ ਬੁਰੀਆਂ ਤਾਂ ਲਗਦੀਆਂ ਪਰ ਕਦੇ ਸੋਚਿਆ ਨਹੀਂ ਸੀਕਿ ਇਹ ਇਕ ਮਾਨਸਿਕ-ਬਿਮਾਰੀ ਹੈ। ਇਸਦਾ ਸ਼ਾਇਦ ਹਾਲੇ ਵੀ ਮੈਨੂੰ ਪਤਾ ਨਾ ਲਗਦਾ ਜੇ ਮੈਨੂੰ ਵੀ ਇਸ ਦਿਮਾਗੀ-ਬਿਮਾਰੀ ਦਾ ਸ਼ਿਕਾਰ ਨਾ ਕਿਹਾ ਜਾਂਦਾ।

ਮੈਨੂੰ ਚਾਬੀਆਂ ਇਕੱਠੀਆਂ ਕਰਨ ਦੀ ਖੱਬਤ ਹੈ। ਮੇਰੇ ਪਹਿਲੇ ਘਰ, ਪਹਿਲੀ ਕਾਰ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਘਰਾਂ ਵਿੱਚ ਰਿਹਾਂ ਜਾਂ ਕਾਰੋਬਾਰੀ ਕੰਪਲੈਕਸ ਵਰਤੇ ਹਨ, ਜਿੰਨੀਆਂ ਕਾਰਾਂ-ਵੈਨਾਂ ਰੱਖੀਆਂ ਹਨ ਸਭ ਦੀ ਇਕ-ਇਕ ਚਾਬੀ ਮੇਰੇ ਕੋਲ ਪਈ ਹੈ। ਇਹ ਕਿਉਂ ਹੈ? ਇਹ ਮੈਨੂੰ ਵੀ ਨਹੀਂ ਪਤਾ। ਪਿਛਲੇ ਚਾਰ ਦਹਾਕਿਆਂ ਵਿੱਚ ਕਰਦਿਆਂ-ਕਰਦਿਆਂ ਚਾਬੀਆਂ ਨਾਲ ਇਕ ਡਰਾਅ ਭਰ ਗਿਆ ਹੈ। ਇਕ ਦਿਨ ਕੁਝ ਲੱਭਦਿਆਂ ਮੇਰੇ ਮੁੰਡੇ ਨੇ ਉਹ ਡਰਾਅ ਖੋਹਲਿਆ, ਬਸ, ਲੱਗ ਗਿਆ ਮੇਰੇ ‘ਤੇ ਹੋਰਡਿੰਗ-ਡਿਸਆਰਡਰ ਦਾ ਇਲਜ਼ਾਮ। ਮੇਰੀ ਬੇਟੀ ਜੋ ਇੰਗਲੈਂਡ ਦੀ ਨੈਸ਼ਨਲ ਹੈਲਥ ਸਰਵਿਸ ਵਿੱਚ ਕੰਮ ਕਰਦੀ ਹੈ ਉਸਨੇ ਮੇਰੇ ਉਪਰ ਕੁਝ ਟੈਸਟ ਕਰਨੇ ਸ਼ੁਰੂ ਕਰ ਦਿੱਤੇ। ਮੈਂ ਵੀ ਇਸ ਬਾਰੇ ਕਾਫੀ ਸਾਰੀ ਖੋਜ ਕੀਤੀ ਤਾਂ ਪਤਾ ਚਲਿਆ ਕਿ ਇਸ ਸੱਚਮੁੱਚ ਹੀ ਦਿਮਾਗੀ-ਬਿਮਾਰੀ ਹੈ, ਗੰਭੀਰ ਬਿਮਾਰੀ।

ਹੋਰਡਿੰਗ-ਡਿਸਆਰਡਰ ਨੂੰ ਕੰਪੱਲਸਿਵ-ਹੋਰਡਿੰਗ ਭਾਵ ਆਵੇਗਸ਼ੀਲ-ਜਮ੍ਹਾਂਖੋਰੀ ਵੀ ਕਿਹਾ ਜਾਂਦਾ ਹੈ ਜਾਣੀਕਿ ਅਜਿਹੀ ਜਮ੍ਹਾਂਖੋਰੀ ਜਿਹੜੀ ਤੁਸੀਂ ਕਿਸੇ ਆਵੇਗ ਵਿੱਚ ਆਕੇ ਕਰਦੇ ਹੋ, ਜਿਸਦੀ ਕੋਈ ਲੋੜ ਨਹੀਂ ਹੁੰਦੀ, ਇਸਨੇ ਕਦੇ ਕੰਮ ਵੀ ਨਹੀਂ ਆਉਣਾ ਹੁੰਦਾ। ਅਜਿਹੇ ਲੋਕ ਚੀਜ਼ਾਂ ਨੂੰ ਘਰ ਅੰਦਰ ਜਮ੍ਹਾਂ ਕਰਦੇ-ਕਰਦੇ ਆਪਣੇ ਘਰਦਾ ਹਰ ਖੂੰਜਾ ਭਰ ਲੈਂਦੇ ਹਨ, ਵਰਤਣ ਤੋਂ ਬੇਲੋੜੀ ਹੋਈ ਨੂੰ ਵੀ ਸੁੱਟਦੇ ਨਹੀਂ ਤੇ ਡੇਵ ਦੇ ਘਰ ਵਾਂਗ ਮਸਾਂ ਸੌਣ ਜੋਗੀ ਜਗਾਹ ਬਚਦੀ ਹੈ। ਉਹ ਅਜਿਹਾ ਕਿਉਂ ਕਰਦੇ ਹਨ, ਇਸਦੇ ਵੱਖਰੇ ਵੱਖਰੇ ਕਾਰਨ ਹੋ ਸਕਦੇ ਹਨ। ਹੋ ਸਕਦਾ ਹੈਕਿ ਉਹਨਾਂ ਨੂੰ ਲਗਦਾ ਹੋਵੇਕਿ ਇਕ ਦਿਨ ਇਹ ਕੰਮ ਆਉਣਗੀਆਂ, ਜਾਂ ਚੀਜ਼ਾਂ ਨਾਲ ਮੋਹ ਹੋ ਜਾਂਦਾ ਹੈ, ਸੁੱਟਣ ਵੇਲੇ ਤਕਲੀਫ ਹੁੰਦੀ ਹੈ, ਜਾਂ ਫੈਸਲਾ ਨਹੀਂ ਕਰ ਸਕਦੇ ਕਿ ਇਹ ਚੀਜ਼ ਸੁੱਟੀ ਜਾਵੇ ਜਾਂ ਨਾ, ਜਾਂ ਸੁੱਟਣ ਦੀ ਉਕਤ ਹੀ ਨਹੀਂ ਆਉਂਦੀ। ਕੋਈ ਹੋਰ ਵੀ ਕਾਰਨ ਹੋ ਸਕਦਾ ਹੈ ਪਰ ਇਹ ਸਿੱਧ ਹੋ ਚੁੱਕਾ ਹੈਕਿ ਇਹ ਇਕ ਦਿਮਾਗੀ-ਬਿਮਾਰੀ ਹੈ। ਇਹ ਬਿਮਾਰੀ ਪਿਛਲੀ ਸਦੀ ਦੇ ਅੱਸੀਵਿਆਂ ਵਿੱਚ ਸਾਹਮਣੇ ਆਉਣ ਲੱਗੀ ਪਰ ਇਸਨੂੰ ਫੜਨ ਜਾਂ ਪੱਛਾਨਣ ਜਾਂ ਸਥਾਪਤ ਕਰਨ ਲਈ ਵਕਤ ਲੱਗ ਗਿਆ। ਸੰਨ 2013 ਵਿੱਚ ਆਕੇ ਇਸਨੂੰ ਦਿਮਾਗੀ-ਬਿਮਾਰੀ ਘੋਸ਼ਿਤ ਕੀਤਾ ਗਿਆ। ਡੀ.ਐਸ.ਐਮ. (ਡਾਇਗਨੋਸਟਿਕ ਸਟੈਸਟੀਕਲ ਮੈਨੂਅਲ) ਨਾਂ ਦੇ ਇਕ ਮੈਗਜ਼ੀਨ ਦੇ ਪੰਜਵੇਂ ਈਸ਼ੂ ਵਿੱਚ ਇਸਨੂੰ ਮਾਨਸਿਕ-ਬਿਮਾਰੀ ਦੇ ਤੌਰ ‘ਤੇ ਮੰਨਿਆਂ ਗਿਆ। ਇਸ ਬਿਮਾਰੀ ਦੇ ਪੈਦਾ ਹੋਣ ਦੇ ਕਾਰਨ ਡਿਪਰੈਸ਼ਨ, ਸਟਰੈੱਸ, ਚਿੰਤਾ, ਡਰ, ਵਹਿਮ ਆਦਿ ਕੁਝ ਵੀ ਹੋ ਸਕਦੇ ਹਨ। ਇਵੇਂ ਫਜ਼ੂਲ ਚੀਜ਼ਾਂ ਜਮ੍ਹਾਂ ਕਰਨ ਦੇ ਨੁਕਸਾਨ ਬਹੁਤ ਹੋ ਸਕਦੇ ਹਨ। ਇਕ ਤਾਂ ਜਗਾਹ ਘਟ ਜਾਣ ਕਾਰਨ ਤੇ ਗੰਦਗੀ ਕਾਰਨ ਸਿਹਤ ਲਈ ਹਾਨੀਕਾਰਕ ਹੈ। ਅੱਗ ਲੱਗਣ ਦਾ ਡਰ ਬਣਿਆਂ ਰਹਿੰਦਾ ਹੈ। ਚੂਹੇ, ਕੀੜੇ-ਮਕੌੜੇ ਪੈਦਾ ਹੋ ਸਕਦੇ ਹਨ। ਅਜਿਹੇ ਲੋਕ ਵਾਕਫਕਾਰਾਂ ਵਲੋਂ ਨਫਰਤ ਦੇ ਪਾਤਰ ਵੀ ਬਣਦੇ ਹਨ।

ਹੋਰਡਿੰਗ-ਡਿਸਆਰਡਰ ਦੇ ਨੇੜੇ-ਤੇੜੇ ਦੀ ਇਕ ਹੋਰ ਸਥਿਤੀ ਵੀ ਹੈ ਜਿਸਨੂੰ ਓ.ਸੀ.ਡੀ. (ਓਬਸੈਸਸਡ ਕੰਪੱਲਸਿਵ ਡਿਸਆਰਡਰ) ਕਹਿੰਦੇ ਹਨ ਭਾਵ ਜਨੂੰਨੀ ਆਵੇਗਸ਼ੀਲ ਪਾਗਲਪਨ। ਇਸ ਦਾ ਬਿਮਾਰ ਜਦ ਕੋਈ ਕੰਮ ਕਰਨ ਲਗਦਾ ਹੈ ਤਾਂ ਉਹ ਕਰੀ ਹੀ ਜਾਂਦਾ ਹੈ। ਕਈ ਲੋਕ ਬੇਲੋੜੀ ਸਫਾਈ ਕਰੀ ਜਾਂਦੇ ਹਨ, ਕਈ ਬੁਰਸ਼ ਕਰਨ ਲੱਗਣ ਤਾਂ ਬੁਰਸ਼ ਹੀ ਕਰੀ ਜਾਂਦੇ ਹਨ ਜਾਂ ਅਜਿਹਾ ਹੀ ਕੁਝ ਹੋਰ। ਹੋਰ ਅੱਗੇ ਖੋਜ ਹੋਣ ਨਾਲ ਇਕ ਸਥਿਤੀ ਵਿੱਚੋਂ ਅੱਗੇ ਕਈ ਸਥਿਤੀਆਂ ਨਿਕਲ ਰਹੀਆਂ ਹਨ ਜਾਂ ਇਲਾਜ ਕਰਨ ਦੇ ਮਕਦਸ ਨਾਲ ਬਣਾਈਆਂ ਜਾ ਰਹੀਆਂ ਹਨ ਜਾਂ ਵੰਡੀਆਂ ਕਰ ਲਈਆਂ ਜਾਂਦੀਆਂ ਹਨ। ਇਕ ਹਾਲਤ ਵਿੱਚ ਸਿਰਫ ਹੋਰਡਿੰਗ ਕੀਤੀ ਜਾਂਦੀ ਹੈ, ਦੂਜੀ ਸਥਿਤੀ ਵਿੱਚ ਕਿਸੇ ਕੰਮ ਨੂੰ ਵਾਰ-ਵਾਰ ਕਰੀ ਜਾਣਾ ਤੇ ਜਮ੍ਹਾਂਖੋਰੀ ਵੀ ਕਰਨੀ, ਤੀਜੀ ਸਥਿਤੀ ਵਿੱਚ ਕਿਸੇ ਕੰਮ ਨੂੰ ਵਾਰ-ਵਾਰ ਕੀਤੇ ਜਾਣ ਵਾਲੇ ਕੰਮ ਨਾਲ ਜੁੜੀਆਂ ਵਸਤਾਂ ਜਮ੍ਹਾਂ ਕਰਨੀਆਂ।

ਮੈਗਜ਼ੀਨਾਂ-ਅਖ਼ਬਾਰਾਂ ਤੋਂ ਬਾਅਦ ਅਜਿਹੇ ਬਿਮਾਰ ਲੋਕ ਕਿਤਾਬਾਂ ਵੀ ਜਮ੍ਹਾਂ ਕਰਦੇ ਹਨ। ਇਕੋ ਕਿਤਾਬ ਦੀਆਂ ਕਈ-ਕਈ ਕਾਪੀਆਂ ਵੀ ਇਹਨਾਂ ਕੋਲ ਦੇਖਣ ਨੂੰ ਮਿਲ ਸਕਦੀਆਂ ਹਨ। ਕਿਤਾਬਾਂ ਇਕੱਠੀਆਂ ਕਰਨ ਦੀ ਬਿਮਾਰੀ ਨੂੰ ਬਿਬਲੋਮੇਨੀਓ ਕਹਿੰਦੇ ਹਨ। ਅਮਰੀਕਾ ਦਾ ਇਕ ਬੰਦਾ ਸਟੀਫਨ ਬਲੱਮਬਰਗ ਕਿਤਾਬਾਂ ਜਮ੍ਹਾਂ ਕਰਨ ਦੇ ਮਾਮਲੇ ਵਿੱਚ ਸਭ ਤੋਂ ਮਸ਼ਹੂਰ ਹੋਇਆ ਹੈ, ਉਸ ਦੇ ਘਰ ਦੇ ਕੋਨੇ-ਕੋਨੇ ਵਿੱਚ ਕਿਤਾਬਾਂ ਪਈਆਂ ਸਨ। ਉਸਨੇ ਕਦੇ ਵੀ ਇਹ ਨਹੀਂ ਮੰਨਿਆਂ ਕਿ ਉਹ ਇਸ ਬਿਮਾਰੀ ਦਾ ਸ਼ਿਕਾਰ ਹੈ ਜਾਂ ਕੋਈ ਫਜ਼ੂਲ ਕੰਮ ਕਰ ਰਿਹਾ ਹੈ ਸਗੋਂ ਉਸ ਦੀ ਦਲੀਲ ਸੀਕਿ ਜਿਹੜੀਆਂ ਕਿਤਾਬਾਂ ਨੂੰ ਲਾਇਬ੍ਰੇਰੀਆਂ ਅਣਗੌਲਦੀਆਂ ਹਨ ਉਹਨਾਂ ਨੂੰ ਉਹ ਆਸਰਾ ਦਿੰਦਾ ਹੈ। ਅਮਰੀਕਾ ਦੇ ਹੀ ਇਕ ਹੋਰ ਬੰਦੇ ਗੁਸਤਾਵ ਹੈਸਫੋਰਡ ਦੇ ਘਰ ਵਿੱਚ ਕਿਤਾਬਾਂ ਦੇ ਢੇਰ ਲੱਗੇ ਸਨ। ਉਸ ਉਪਰ ਲਾਇਬ੍ਰੇਰੀਆਂ ਵਿੱਚੋਂ ਕਿਤਾਬਾਂ ਚੋਰੀ ਕਰਨ ਦੇ ਕਈ ਕੇਸ ਸਨ।

ਇਕ ਹੋਰ ਕਿਸਮ ਦੀ ਜਮ੍ਹਾਂਖੋਰੀ ਹੈ ਜੋ ਖਤਰਨਾਕ ਵੀ ਹੋ ਸਕਦੀ ਹੈ ਉਹ ਹੈ ਐਨੀਮਲ-ਹੋਰਡਿੰਗ, ਭਾਵ ਪਾਲਤੂ ਜਾਨਵਰਾਂ ਦੀ ਜਮ੍ਹਾਂਖੋਰੀ। ਕਈ ਲੋਕ ਘਰ ਦੀ ਸਮਰਥਾ ਤੋਂ ਕਿਤੇ ਵੱਧ ਜਾਨਵਰ- ਕੁੱਤੇ, ਬਿੱਲੀਆਂ, ਸਹੇ, ਹੈਮਸਟਰ ਆਦਿ ਰੱਖ ਲੈਂਦੇ ਹਨ। ਉਹਨਾਂ ਨੂੰ ਜਾਨਵਰਾਂ ਨਾਲ ਏਨਾ ਮੋਹ ਹੋ ਜਾਂਦਾ ਹੈਕਿ ਉਹ ਉਹਨਾਂ ਨੂੰ ਛੱਡ ਨਹੀਂ ਸਕਦੇ। ਬਾਕੀ ਕਿਸਮ ਦੀ ਜਮ੍ਹਾਂਖੋਰੀ ਗੈਰਕਾਨੂੰਨੀ ਨਾ ਹੋਣ ਕਰਕੇ ਸਰਕਾਰ ਬਹੁਤਾ ਦਖਲ ਨਹੀਂ ਦਿੰਦੀ ਪਰ ਜਾਨਵਰਾਂ ਦੀ ਜਮ੍ਹਾਂਖੋਰੀ ਦੀ ਇਜਾਜ਼ਤ ਨਹੀਂ। ਜਾਨਵਰਾਂ ਦੀ ਭਲਾਈ ਵਾਲਾ ਮਹਿਕਮਾ ਅਜਿਹੇ ਲੋਕਾਂ ਨੂੰ ਸਹਿਜੇ ਹੀ ਕਚਿਹਰੀ ਵਿੱਚ ਲੈਜਾ ਸਕਦਾ ਹੈ। ਪੱਛਮ ਦੇ ਕਈ ਦੇਸ਼ਾਂ ਵਿੱਚ ਜਾਨਵਰਾਂ ਦੀ ਜਮ੍ਹਾਂਖੋਰੀ ਦੇ ਖਿਲਾਫ ਇਕ ਹੋਰਡਿੰਗ-ਪਰਵੈਨਸ਼ਨ ਟੀਮ ਬਣੀ ਹੋਈ ਹੁੰਦੀ ਹੈ। ਵੈਸੇ ਜਾਨਵਰਾਂ ਦੀ ਜਮ੍ਹਾਂਖੋਰੀ ਪਿੱਛੇ ਮਨੋਵਿਗਿਆਨੀ ਕਾਰਨ ਦੱਸਦੇ ਹਨਕਿ ਅਜਿਹੇ ਲੋਕਾਂ ਨੂੰ ਬਚਪੱਨ ਵਿੱਚ ਪਿਆਰ ਨਹੀਂ ਮਿਲਿਆ ਹੁੰਦਾ। ਜਾਨਵਰਾਂ ਦੀ ਜਮ੍ਹਾਂਖੋਰੀ ਬਾਰੇ ਯੂਟਿਊਬ ਉਪਰ ਬਹੁਤ ਸਾਰੀਆਂ ਦਿਲ-ਦਹਿਲਾ ਦੇਣ ਵਾਲੀਆਂ ਵੀਡਿਓ ਮਿਲਦੀਆਂ ਹਨ। ਵੈਸੇ ਹੋਰਡਰਾਂ ਬਾਰੇ ਬਹੁਤ ਕੁਝ ਪੜ੍ਹਨ-ਦੇਖਣ ਨੂੰ ਮਿਲਦਾ ਹੈ, ਗੂਗਲ ਤੇ ਯੂਟਿਊਬ ‘ਤੇ ਇਹਨਾਂ ਦੇ ਕਿੱਸੇ ਭਰੇ ਪਏ ਹਨ ਪਰ ਜੈਸਮੀਨ ਹਰਮਨ ਦੀ ਕਹਾਣੀ ਕੁਝ ਅਲੱਗ ਹੈ। ਜੈਸਮੀਨ ਟੀਵੀ ਪ੍ਰੈਜ਼ੈਂਟਰ ਹੈ, ਉਸਦੀ ਮਾਂ ਹੋਰਡਰ (ਜਮ੍ਹਾਂਖੋਰ) ਹੈ ਤੇ ਉਸ ਨੇ ਬੀ.ਬੀ.ਸੀ. ਤੋਂ ਇਕ ਪ੍ਰੋਗਰਾਮ ਦਿੱਤਾ ਸੀ, ‘ਮਾਈ ਹੋਰਡਰ ਮੰਮ ਐਂਡ ਮੀ’ ਜੋ ਦੇਖਣਯੋਗ ਹੈ। ਇਹ ਤੁਸੀਂ ਯੂਟਿਊਬ ‘ਤੇ ਹਾਲੇ ਵੀ ਦੇਖ ਸਕਦੇ ਹੋ।

ਅਜਿਹੇ ਬਿਮਾਰਾਂ ਦੀਆਂ ਜਮ੍ਹਾਂ ਕਰਨ ਵਾਲੀਆਂ ਚੀਜ਼ਾਂ ਵਿੱਚ ਘਰਾਂ ਵਿੱਚ ਸੁੱਟੇ ਜਾਂਦੇ ਮਸ਼ਹੂਰੀ ਵਾਲੇ ਪਰਚੇ, ਅਖ਼ਬਾਰਾਂ, ਮੈਗਜ਼ੀਨ, ਰਸੋਈ ਦੇ ਫਜ਼ੂਲ ਵਰਤਣ, ਘਸੇ ਹੋਏ ਕਪੜੇ, ਨਾ-ਵਰਤੋਂ ਵਿੱਚ ਆਉਂਦੇ ਬਿਸਤਰ, ਮੰਜੇ, ਮੇਜ਼-ਕੁਰਸੀਆਂ ਆਦਿ ਹੁੰਦੀਆਂ ਹਨ। ਇਥੇ ਮੈਂ ਆਪਣੀ ਜਮ੍ਹਾਂਖੋਰੀ ਦੀ ਇਕ ਹੋਰ ਆਦਤ ਦਾ ਇਕਬਾਲ ਕਰਦਾ ਜਾਵਾਂ ਕਿ ਮੇਰੇ ਘਰਦੀ ਅਟਕ ਜਾਂ ਲੌਫਟ ਵਿੱਚ ਬਹੁਤ ਸਾਰਾ ਸਾਮਾਨ ਭਰਿਆ ਪਿਆ ਹੈ ਜਿਸ ਵਿੱਚ ਮੇਰੇ ਬੱਚਿਆਂ ਦੇ ਖਿਡਾਉਣੇ, ਸਾਈਕਲ, ਪੁਰਾਣੀਆਂ ਕੰਪਿਊਟਰ-ਗੇਮਾਂ, ਪਤਾ ਨਹੀਂ ਅਜਿਹਾ ਕੀ-ਕੀ ਪਿਆ ਹੈ। ਬੱਚੇ ਵੱਡੇ ਹੁੰਦੇ ਗਏ, ਮੈਂ ਇਹਨਾਂ ਦੇ ਖਿਡੌਣੇ ਆਦਿ ਲੌਫਟ ਵਿੱਚ ਰੱਖਦਾ ਗਿਆ। ਉਸ ਵਿੱਚ ਪੁਰਾਣੇ ਅਟੈਚੀਕੇਸ, ਜੈਕਟਾਂ ਆਦਿ ਵੀ ਹੋਣਗੇ। ਮੈਨੂੰ ਲਗਦਾ ਹੈਕਿ ਇਸ ਫਜ਼ੂਲ ਸਾਮਾਨ ਨਾਲ ਇਕ ਛੋਟਾ ਟਰੱਕ ਭਰ ਜਾਵੇਗਾ। ਮੇਰੇ ਦੋਸਤ ਰੌਡ ਲੌਜ ਦੇ ਘਰ ਕਿੰਨੇ ਹੀ ਪੁਰਾਣੇ ਟੈਲੀਵੀਯਨ ਪਏ ਹਨ, ਬਿਜਲੀ ਦੀਆਂ ਪੁਰਾਣੀਆਂ ਮੋਟਰਾਂ, ਪੁਰਾਣੇ ਡਿਸਕ-ਟੌਪ ਕੰਪਿਊਟਰ ਤੇ ਪਤਾ ਨਹੀਂ ਹੋਰ ਕੀ-ਕੀ ਪਿਆ ਹੈ। ਇਹ ਬਿਜਲਈ ਸਮਾਨ ਦੀ ਜਮ੍ਹਾਂਖੋਰੀ ਦਾ ਇਕ ਨਮੂਨਾ ਹੈ। ਇਕ ਹੋਰ ਖਤਰਨਾਕ ਸਥਿਤੀ ਅਧੀਨ ਬਿਮਾਰ ਘਰ ਵਿੱਚ ਆਈ ਕਿਸੇ ਵੀ ਚੀਜ਼ ਨੂੰ ਨਹੀਂ ਸੁੱਟਦਾ, ਜਿਵੇਂ ਖਾਲੀ ਬੋਤਲਾਂ, ਡੱਬੇ, ਪੈਕਟ, ਪਾਟੇ ਹੋਏ ਕਪੜੇ, ਇਥੋਂ ਤੱਕ ਕਿ ਬਚਿਆ ਹੋਇਆ ਖਾਣਾ ਜਾਂ ਰਸੋਈ ਦਾ ਗੰਦ-ਮੰਦ ਵੀ ਨਹੀਂ। ਅਜਿਹੇ ਬਿਮਾਰਾਂ ਦੀ ਗਿਣਤੀ ਅਮਰੀਕਾ ਵਿੱਚ ਬਹੁਤੇ ਹੈ।

ਇਹ ਬਿਮਾਰੀ ਜਨਰਲ-ਮੈਡੀਕਲ-ਕੰਡੀਸ਼ਨ ਵਿੱਚ ਨਹੀਂ ਆਉਂਦੀ ਭਾਵ ਇਹ ਸੱਟ-ਫੇਟ ਜਾਂ ਸਰੀਰਕ-ਬਿਮਾਰੀ ਵਿੱਚ ਨਹੀਂ ਗਿਣੀ ਜਾਂਦੀ। ਇਸ ਦਾ ਨਿਰੋਲ ਸੰਬੰਧ ਦਿਮਾਗ/ਮਾਨਸਿਕਤਾ ਨਾਲ ਹੈ। ਇਹ ਕਿਸੇ ਵੱਡੀ ਦਿਮਾਗੀ-ਬਿਮਾਰੀ ਦੀ ਪਹਿਲੀ ਸਟੇਜ ਵੀ ਹੋ ਸਕਦੀ ਹੈ। ਇਕ ਸਰਵੇ ਮੁਤਾਬਕ ਇਹ ਬਿਮਾਰੀ ਇਨਸਾਨ ਦੀ ਗਿਆਰਾਂ ਤੋਂ ਵੀਹ ਸਾਲ ਦੀ ਉਮਰ ਵਿੱਚ ਵਿਕਸਤ ਹੋਣ ਲਗਦੀ ਹੈ। 70% ਲੋਕਾਂ ਨੂੰ ਇਹ ਬਿਮਾਰੀ ਇੱਕੀ ਸਾਲ ਦੀ ਉਮਰ ਤੋਂ ਪਹਿਲਾਂ ਹੀ ਲੱਗ ਚੁੱਕੀ ਹੁੰਦੀ ਹੈ। ਸਿਰਫ ਚਾਰ ਫੀ ਸਦੀ ਲੋਕਾਂ ਨੂੰ ਇਹ ਚਾਲੀ ਸਾਲ ਤੋਂ ਬਾਅਦ ਲਗਦੀ ਹੈ। ਉਮਰ ਦੇ ਵਧਣ ਨਾਲ ਇਸਦਾ ਅਸਰ ਤਿੱਖਾ ਹੁੰਦਾ ਜਾਂਦਾ ਹੈ। ਜਦ ਵਿਅਕਤੀ ਆਪਣੇ ਮਾਂ-ਪਿਓ ਨਾਲ ਜਾਂ ਕਿਸੇ ਹੋਰ ਦੇ ਘਰ ਰਹਿੰਦਾ ਹੋਵੇ ਤਾਂ ਇਹ ਬਿਮਾਰੀ ਬਹੁਤੀ ਪ੍ਰਬਲ ਨਹੀਂ ਹੁੰਦੀ ਪਰ ਜਦ ਉਸ ਕੋਲ ਆਪਣਾ ਘਰ ਹੋਵੇ ਤੇ ਰੋਕਣ ਵਾਲਾ ਕੋਈ ਨਾ ਹੋਵੇ ਤਾਂ ਇਹ ਬਿਮਾਰੀ ਉਸ ਨੂੰ ਗ੍ਰਸ ਲੈਂਦੀ ਹੈ।

ਇਸ ਬਿਮਾਰੀ ਦਾ ਕੋਈ ਸਿੱਧਾ ਇਲਾਜ ਨਹੀਂ ਹੈ ਇਸ ਲਈ ਬਹੁਤੀ ਵਾਰ ਐਂਟੀ-ਡਿਪਰੈਸੈਂਟ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਹਨ। ਆਮ ਤੌਰ ‘ਤੇ ਇਸ ਦੀ ਕੌਂਸਲਿੰਗ ਕੀਤੀ ਜਾਂਦੀ ਹੈ ਜਿਸ ਨੂੰ ਸੀ.ਬੀ.ਟੀ. (ਕੌਂਗਨਿਟਿਵ ਬੀਹੇਵੀਅਰੋਲ ਥੈਰੇਪੀ) ਕਿਹਾ ਜਾਂਦਾ ਹੈ। ਇਸ ਵਿੱਚ ਮਰੀਜ਼ ਨੂੰ ਸਮਝਾਇਆ ਜਾਂਦਾ ਹੈਕਿ ਕਿਹੜੀ ਚੀਜ਼ ਸੁੱਟਣ ਵਾਲੀ ਹੈ, ਕਿਹੜੀ ਰੱਖਣ ਵਾਲੀ। ਫੈਸਲਾ ਕਰਨ ਦੇ ਗੁਣਾਂ ਨੂੰ ਵਿਕਸਤ ਕੀਤਾ ਜਾਂਦਾ ਹੈ, ਘਰ ਨੂੰ ਸਜਾਉਣ ਦੇ ਢੰਗ ਤੇ ਚੀਜ਼ਾਂ ਨੂੰ ਰੁਕ-ਸਿਰ ਰੱਖਣ ਦੀ ਜਾਚ ਸਿਖਾਈ ਜਾਂਦੀ ਹੈ। ਉਹਨਾਂ ਨੂੰ ਸਮਾਜਿਕ-ਇਕੱਲਤਾ ਤੋਂ ਬਚਣ ਦੇ ਤਰੀਕੇ ਸਿਖਾਏ ਜਾਂਦੇ ਹਨ। ਥੈਰੇਪੀ ਦੇਣ ਵਾਲੇ ਉਹਨਾਂ ਨੂੰ ਵਾਰ-ਵਾਰ ਮਿਲਣ ਜਾਂਦੇ ਹਨ। ਟੱਬਰਾਂ ਜਾਂ ਗਰੁੱਪਾਂ ਵਿੱਚ ਸਾਂਝੀ ਥੈਰੇਪੀ ਵੀ ਦਿੱਤੀ ਜਾਂਦੀ ਹੈ।

ਉਂਜ ਤਾਂ ਅਜਿਹੇ ਲੋਕਾਂ ਨੂੰ ਸਮਾਜ ਲਈ ਖਤਰਾ ਨਹੀਂ ਮੰਨਿਆਂ ਜਾਂਦਾ ਪਰ ਇਹਨਾਂ ਵਿੱਚੋਂ 42% ਲੋਕ ਮੁਸੀਬਤ ਖੜੀ ਕਰ ਸਕਦੇ ਹਨ। ਉਹਨਾਂ ਦੇ ਦੋਸਤਾਂ, ਰਿਸ਼ਤੇਦਾਰਾਂ ਵਿੱਚੋਂ 63% ਲੋਕ ਇਹਨਾਂ ਨੂੰ ਮੁਸੀਬਤ ਸਮਝਦੇ ਹਨ।

ਚਾਬੀਆਂ ਜਮ੍ਹਾਂ ਕਰਨ ਦੀ ਆਪਣੀ ਆਦਤ ਬਾਰੇ ਸੋਚਦਿਆਂ ਇਕ ਹੋਰ ਅਜੀਬ ਗੱਲ ਸਾਹਮਣੇ ਆਈ। ਮੈਂ ਆਪਣਾ ਚਾਬੀਆਂ ਵਾਲਾ ਛੱਲਾ ਦੇਖਿਆ ਤਾਂ ਦੋ ਚਾਬੀਆਂ ਅਜਿਹੀਆਂ ਸਨ ਕਿ ਜਿਹਨਾਂ ਬਾਰੇ ਮੈਨੂੰ ਪਤਾ ਹੀ ਨਹੀਂ ਹੈ ਕਿ ਉਹ ਮੇਰੇ ਛੱਲੇ ਵਿੱਚ ਕਿਉਂ ਹਨ। ਮੈਂ ਇਹ ਗੱਲ ਬਹੁਤ ਸਾਰੇ ਦੋਸਤਾਂ ਨਾਲ ਸਾਂਝੀ ਕੀਤੀ। ਮੇਰਾ ਜਿਹੜਾ ਵੀ ਦੋਸਤ ਆਪਣਾ ਚਾਬੀਆਂ ਵਾਲਾ ਛੱਲਾ ਦੇਖੇ ਉਸ ਵਿੱਚ ਇਕ ਦੋ ਬੇਲੋੜੀਆਂ ਚਾਬੀਆਂ ਜ਼ਰੂਰ ਸਨ। ਤੁਸੀਂ ਵੀ ਆਪਣਾ ਛੱਲਾ ਜ਼ਰੂਰ ਦੇਖਣਾ।

ਜਮ੍ਹਾਂਖੋਰੀ ਦੀ ਇਕ ਹੋਰ ਕਿਸਮ ਵੀ ਹੈ, ਵਿਸ਼ੇਸ਼-ਚੀਜ਼ਾਂ ਇਕੱਠੀਆਂ ਕਰਨੀਆਂ। ਅਜਿਹੇ ਲੋਕਾਂ ਨੂੰ ਕੁਲੈਕਟਰਜ਼ ਕਹਿੰਦੇ ਹਨ। ਕੁਲੈਕਟਰਜ਼ ਕਿਸੇ ਹੋਰ ਮਕਸਦ ਨਾਲ ਚੀਜ਼ਾਂ ਜਮ੍ਹਾਂ ਕਰਦੇ ਹਨ, ਕਿਸੇ ਨੂੰ ਪੇਟਿੰਗਜ਼ ਇਕੱਠੀਆਂ ਕਰਨ ਦਾ ਸ਼ੌਂਕ ਹੋ ਸਕਦਾ ਹੈ, ਕੋਈ ਟਿਕਟਾਂ ਇਕੱਠੀਆਂ ਕਰਦਾ ਹੈ ਤੇ ਕੋਈ ਸਿੱਕੇ। ਇਸਨੂੰ ਬਿਮਾਰੀ ਨਹੀਂ ਕਿਹਾ ਜਾ ਸਕਦਾ। ਸੋ ਮੈਂ ਚਾਬੀਆਂ ਦਾ ਕੁਲੈਕਟਰ ਹਾਂ, ਉਹਨਾਂ ਚਾਬੀਆਂ ਦਾ ਜਿਹਨਾਂ ਦਾ ਵਾਹ ਮੇਰੇ ਜੀਵਨ ਨਾਲ ਰਿਹਾ ਹੈ। ਸੋ ਮੇਰੀ ਸਥਿਤੀ ਕੁਲੈਕਟਰ ਵਾਲੀ ਹੋ ਸਕਦੀ ਹੈ ਹੋਰਡਿੰਗ-ਡਿਸਆਰਡਰ ਵਾਲੀ ਨਹੀਂ। ਅਸਲ ਵਿੱਚ ਮੇਰੀ ਹਾਲਤ ਇਹ ਹੈ;

ਸੁੱਟੀ ਨਾ ਗਈ ਮੈਥੋਂ, ਆਪਣੇ ਘਰ ਦੀ ਉਹ ਚਾਬੀ,

ਜਿਹਦੇ ਨਾਲ ਤੂੰ ਖੋਲ੍ਹਿਆ ਬੂਹਾ, ਪਹਿਲੀ ਤੇ ਆਖਰੀ ਵਾਰ।


Comments


bottom of page