top of page
  • Writer's pictureਸ਼ਬਦ

ਅਮਰੀਕ ਸਿਆਂ


ਮੋਇਆਂ ਪਿੱਛੋਂ ਲੋਕ ਬੜਾ ਕੁਝ ਆਖਣਗੇ ਅਮਰੀਕ ਸਿਆਂ। ਗ਼ਮ ਨਾ ਕਰ ਕੁਝ ਪੂਜਣਗੇ ਕੁਝ ਨਿੰਦਣਗੇ ਅਮਰੀਕ ਸਿਆਂ।

ਜੁਗਨੂੰ ਰੋਵਣਗੇ ਤਾਰੇ ਵੀ ਟੁੱਟਣਗੇ ਅਮਰੀਕ ਸਿਆਂ। ਪੌਣ ਭਰੂ ਗੀ ਹਉਕੇ ਤੇ ਰੁੱਖ ਸੁਲਗਣਗੇ ਅਮਰੀਕ ਸਿਆਂ।

ਪੱਥਰ ਕਿੱਦਾਂ ਮੋਮ ਹੈ ਬਣਦਾ ਵਕਤ ਕਿਵੇਂ ਰੁਕ ਜਾਂਦਾ ਹੈ ਐਦਾਂ ਦਾ ਮੰਜ਼ਰ ਵੀ ਲੋਕੀਂ ਦੇਖਣਗੇ ਅਮਰੀਕ ਸਿਆਂ।

ਸਿਵਿਆਂ ਵਾਲੀ ਬੋਹੜ ਚੋਂ ਹੌਲੀ-ਹੌਲੀ ਸੇਕ ਵੀ ਸਿੰਮੇ ਗਾ ਪੱਤਿਆਂ ਦੀ ਰਗ-ਰਗ ਵਿਚ ਹੰਝੂ ਲਿਸ਼ਕਣਗੇ ਅਮਰੀਕ ਸਿਆਂ।

ਦੂਰ-ਦੂਰ ਤਕ ਕੂਲਾਂ ਦਾ ਪਾਣੀ ਪਾਣੀ ਕੋਸਾ ਹੋ ਜਾਏ ਗਾ ਉਡਦੇ ਪੰਛੀ ਸੀਤਲ ਜਲ ਨੂੰ ਤਰਸਣਗੇ ਅਮਰੀਕ ਸਿਆਂ।

ਯਾਦ ਤੇਰੀ ਦੀ ਪੈਛੜ ਆਉ ਰਾਤ-ਬਰਾਤੇ ਗਲੀਆਂ ਚੋਂ ਦਰਦ ਜਿਹਨਾਂ ਦੇ ਦਿਲ ਵਿਚ ਸੁਲਗਣਗੇ ਅਮਰੀਕ ਸਿਆਂ।

ਵਾਵਰੋਲੇ ਦਰਦਾਂ ਦੇ ਜਦ ਅੰਬਰ ਵਿਚ ਸੱਲ ਪਾਵਣਗੇ ਭਟਕਦੀਆਂ ਰੂਹਾਂ ਦੇ ਟੋਲੇ ਡੁਸਕਣਗੇ ਅਮਰੀਕ ਸਿਆਂ।

ਗ਼ਮ ਦੇ ਬੁਰਕੇ ਪਹਿਣ ਕੇ ਕਿਰਨਾਂ ਜਦੋਂ ਮੁਕਾਣੀ ਆਉ੍ਵਣਗੀਆਂ ਸਿਵਿਆਂ ਅੰਦਰ ਓਦੋਂ ਮੇਲੇ ਲੱਗਣਗੇ ਅਮਰੀਕ ਸਿਆਂ।

ਚਾਰ ਦਿਨਾਂ ਦੇ ਪਿੱਛੋਂ ਲੋਕੀਂ ਸਾਰਾ ਕੁਝ ਭੁੱਲ ਜਾਂਦੇ ਨੇ ਦੇਰ ਤੀਕ ਪਰ ਨਗ਼ਮੇ ਤੇਰੇ ਗੂੰਜਣਗੇ ਅਮਰੀਕ ਸਿਆਂ।

ਆਲ੍ਹਣਿਆਂ ਨੂੰ ਨਾ ਸਾੜੋ, ਨਾ ਜਾਲ ਵਿਛਾਓ ਥਾਂ-ਥਾਂ 'ਤੇ ਪੰਛੀ ਉਡਣੇ ਸੱਪਾਂ ਵਾਂਗੂੰ ਡੰਗਣਗੇ ਅਮਰੀਕ ਸਿਆਂ।

ਕੌਣ ਸੀ ਉਹ ਬੇਨਾਮ ਤੇ ਬੇਘਰ , ਬੇਵਤਨਾ , ਉਪਰਾਮ ਜਿਹਾ ਅਗਲੀ ਨਸਲ ਦੇ ਲੋਕੀਂ ਅਕਸਰ ਪੁੱਛਣਗੇ ਅਮਰੀਕ ਸਿਆਂ।

Comments


bottom of page