ਕਵਿਤਾ/ ਕੂਕਨਸ / ਅਮਰ ਜਿਓਤੀ
ਸਾਹ ਨਹੀਂ ਲੈ ਸਕਦਾ
ਨੌਂ ਮਿੰਟ ਮੈ, ਕਹਿੰਦਾ ਰਿਹਾ
ਨਹੀਂ, ਮੈਂ ਨੌਂ ਸਦੀਆਂ ਜਾਂ
ਉਸ ਤੋਂ ਵੀ ਪਹਿਲਾਂ
ਹਜਾਰਾਂ ਸਾਲ ਤੋਂ-
ਤਰਲੇ ਪਾ ਗਿੜਗਿੜਾ ਰਿਹਾ,
ਮੈਂ ਸਾਹ ਨਹੀਂ ਲੈ ਸਕਦਾ।
ਮੇਰੇ ਅੰਦਰ ਸਰਦ ਖਾਮੋਸ਼ੀ
ਗਲੇਸ਼ੀਅਰ ਬਣ ਕੇ ਜੰਮ ਗਈ
ਕਾਲੇ ਤੂਫਾਨ- ਕਾਲੀਆਂ ਹਵਾਵਾਂ
ਚਕਰਵਾਤ, ਸਾਲ-ਦਰ-ਸਾਲ
ਸਦੀ-ਦਰ-ਸਦੀ
ਗੁਲਾਮ ਸ਼ਬਦ ਜਿਉਂਦਿਆਂ
ਮੇਰੀ ਮਾਂ, ਉਹਦੀ ਮਾਂ,
ਸਾਡੀਆਂ ਮਾਵਾਂ
ਬੱਚੇ ਜੰਮਣ ਤੋਂ ਡਰਦੀਆਂ
ਕਿ ਧੀਆਂ ਨੂੰ-
ਗੋਰੇ ਚਾਨਣ ਨਿਗਲ ਜਾਣਗੇ
ਕਿ ਪੁੱਤਰਾਂ ਨੂੰ-
ਜੰਗਲਾਂ ਵਿੱਚੋਂ ਸ਼ਿਕਾਰ ਕਰ
ਦਾਸ ਬਣਾ, ਉਹ ਲੈ ਜਾਣਗੇ।
ਦੂਰ ਸਮੁੰਦਰਾਂ ਦੀ ਛਾਤੀ ਤੇ
ਤੁਰਦੇ ਜਹਾਜ਼ ਆਵਾਜ਼ ਵਿੱਚੋਂ
ਸਾਡੀਆਂ ਲੱਤਾਂ-ਬਾਹਾਂ ਤੇ
ਜਿਸਮ ਨਾਲ ਬੰਨ੍ਹੇ ਸੰਗਲਾਂ ਦੀ ਆਵਾਜ਼
ਸੁਣਦੀ ਰਹੇਗੀ,
ਸਾਡੀਆਂ ਬੁੱਢੀਆਂ ਕਮਜੋਰ ਮਾਵਾਂ ਨੂੰ
ਕਾਲਾ ਬੱਚਾ ਜਦ ਜੰਮੇਗਾ
ਉਹਦੀ ਹੋਂਦ ਦੀ ਆਵਾਜ਼
ਫਿਜਾ ਵਿੱਚ ਹ੍ਹੌਕੇ ਭਰੇਗੀ
ਸਾਡੇ ਪਿਤਾ ਦੋਹੱਥੜ ਮਾਰਕੇ ਰੋਣਗੇ।
ਚਾਰ ਕਿ ਪੰਜ ਸਾਲ ਦੀ ਉਮਰੋਂ
ਵਿਕਦੇ ਵਿਕਾਉਂਦੇ- ਕਿਥੇ,
ਅਸੀਂ ਪਹੁੰਚ ਜਾਵਾਂਗੇ
ਬਿਨ ਮਾਂ, ਬਿਨ ਪਿਓ
ਗੁਲਾਮੀ ਦੀ ਜਿੰਦਗੀ ਜਿਉਂਦੇ,
ਆਜਾਦ ਧਰਤੀ ਤੇ
ਮੁਕਤ ਹੋਣ ਦੀ ਪਰਿਭਾਸ਼ਾ ਲੱਭਦੇ
-ਜੌਰਜ ਫਲੌਇਡ- ਤਕ ਦਾ ਸਫ਼ਰ ਕਰਦੇ...
ਮੇਰਾ ਸਾਹ ਘੁੱਟਦਾ ਰਿਹਾ
ਮੈਂ ਸਫੋਕੇਟਿਡ ਰਿਹਾ
ਸੋਚਦੇ-ਆਖਦੇ-ਤਾਂਘਦੇ
ਮਰ ਜਾਵਾਂਗੇ।
ਕੂਕਨਸ ਵਾਂਗ-
ਆਪਣੀ ਮੌਤ ਦਾ ਜਸ਼ਨ ਮਨਉਂਦੇ
ਜਾਗਾਂਗੇ ਫਿਰ
-ਬਲੈਕ ਲਾਈਵਜ਼ ਮੈਟਰ-
-ਨਸਲਵਾਦ-
-ਫਿਰਕਾ ਪ੍ਰਸਤੀ-
-ਖਤਮ ਹੋਵੇਗੀ-
ਇਹ ਸ਼ਬਦ ਛਾਤੀਆਂ ਤੇ
ਮੈਡਲਾਂ ਵਾਂਗ ਸਜਾ ਕੇ
ਦੇਸ਼ਾਂ-ਵਿਦੇਸ਼ਾਂ ਦੀਆਂ ਸਰਹੱਦਾਂ
ਲੰਘ ਜਾਵਾਂਗੇ
ਧਰਤੀ ਤੇ ਫੈਲ ਜਾਵਾਂਗੇ
ਇੰਜ ਅਸੀਂ
ਕੂਕਨਸ ਦੀ ਜੂਨ ਵਿੱਚ ਆਵਾਂਗੇ।
-------
Kommentare