top of page
  • Writer's pictureਸ਼ਬਦ

ਕੋਵਿਡ-੧੯ ਦਾ ਵੈਕਸੀਨ ਲਵਾਂਦਿਆਂ

ਹਰਜੀਤ ਅਟਵਾਲ

ਅੱਜ ਮੈਂ ਤੇ ਮੇਰੀ ਪਤਨੀ ਕਰੋਨਾ ਵਾਇਰਸ ਜਾਂ ਕੋਵਿਡ-੧੯ ਦਾ ਪਹਿਲਾ ਵੈਕਸੀਨ ਲਵਾ ਕੇ ਆਏ ਹਾਂ। ਦੂਜਾ ਵੈਕਸੀਨ ਕੁਝ ਹਫਤਿਆਂ ਦੇ ਫਰਕ ਨਾਲ ਲੱਗੇਗਾ। ਵੈਕਸੀਨ ਲਈ ਘਰੋਂ ਤੁਰਨ ਤੋਂ ਲੈ ਕੇ ਵੈਕਸੀਨ ਲਵਾ ਕੇ ਪੰਦਰਾਂ ਮਿੰਟ ਦੀ ਉਡੀਕ ਤੱਕ ਦੀ ਖ਼ਬਰ ਅਸੀਂ ਪਰਿਵਾਰ ਦੇ ਵੱਟਸਐਪ ਗਰੁੱਪ ‘ਤੇ ਸਾਂਝੀ ਕਰਦੇ ਜਾ ਰਹੇ ਸਾਂ ਤੇ ਸਾਡੇ ਬੱਚੇ ਸਾਨੂੰ ਵਧਾਈਆਂ ਦੇ ਰਹੇ ਸਨ। ਬੱਚਿਆਂ ਵੱਲੋਂ ਹੀ ਨਹੀਂ ਇਹ ਵਧਾਈਆਂ ਉਹਨਾਂ ਦੋਸਤਾਂ ਵਲੋਂ ਵੀ ਮਿਲੀਆਂ ਜਿਹਨਾਂ ਨੂੰ ਪਤਾ ਸੀ ਕਿ ਅੱਜ ਸਾਡੇ ਵੈਕਸੀਨ ਲਾਏ ਜਾਣੇ ਹਨ। ਹੋਰਨਾਂ ਨੂੰ ਇਸ ਟੀਕੇ ਨੂੰ ਲਵਾਉਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਮੈਂ ਆਪਣੇ ਟੀਕੇ ਲਵਾਉਣ ਵਾਲੀ ਗੱਲ ਫੇਸਬੁੱਕ ‘ਤੇ ਵੀ ਪਾਈ ਹੈ, ਉਥੇ ਵੀ ਵਧੀਆ ਹੁੰਘਾਰਾ ਮਿਲ ਰਿਹਾ ਹੈ। ਅਸਲ ਵਿੱਚ ਕੁਝ ਸ਼ਰਾਰਤੀ ਕਿਸਮ ਦੇ ਲੋਕ ਇਸ ਵੈਕਸੀਨ ਦਾ ਵਿਰੋਧ ਕਰ ਰਹੇ ਹਨ, ਲੋਕਾਂ ਨੂੰ ਇਹ ਟੀਕੇ ਲਵਾਉਣ ਤੋਂ ਰੋਕ ਰਹੇ ਹਨ। ਸੋਸ਼ਲ ਮੀਡੀਏ ‘ਤੇ ਗਲਤ ਕਿਸਮ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਹ ਬਹੁਤ ਗਲਤ ਗੱਲ ਹੈ। ਖ਼ੈਰ, ਵੈਕਸੀਨ ਲਵਾਉਣ ਦੀਆਂ ਸਾਨੂੰ ਇਹ ਮਿਲਦੀਆਂ ਵਧਾਈਆਂ ਉਸ ਡਰ ਤੇ ਦਹਿਸ਼ਤ ਵਿੱਚੋਂ ਪੈਦਾ ਹੋਈਆਂ ਹਨ ਜਿਹੜੇ ਕਰੋਨਾ ਨੇ ਪਿਛਲੇ ਮਹੀਨੇ ਤੋਂ ਯੂਕੇ ਭਰ ਵਿੱਚ ਫੈਲਾ ਰੱਖੇ ਹੋਏ ਹਨ। ਆਪਣੇ ਇੰਗਲੈਂਡ ਵਿੱਚਲੇ ੪੩ ਸਾਲਾਂ ਦੇ ਕਿਆਮ ਦੌਰਾਨ ਮੈਂ ਕਦੇ ਵੀ ਏਨੀ ਬੇਭਰੋਸਗੀ ਨਹੀਂ ਦੇਖੀ ਜਿੰਨੀ ਇਸ ਸਾਲ ਦੇ ਜਨਵਰੀ ਤੇ ਮਹੀਨੇ ਵਿੱਚ ਦੇਖੀ ਹੈ ਤੇ ਹਾਲੇ ਵੀ ਇਸ ਦਾ ਅਨੁਭਵ ਕਰ ਰਹੇ ਹਾਂ। ਇਹ ਬੇਭਰੋਸਗੀ ਸਿਹਤ ਸਮੇਤ ਸਮਾਜਿਕ, ਆਰਥਿਕ ਤੇ ਰਾਜਨੀਤਕ ਸ਼ੋਬਿਆਂ ਵਿੱਚ ਦੂਰ ਦੂਰ ਤੱਕ ਫੈਲੀ ਹੋਈ ਹੈ। ਮੇਰੇ ਆਲਾ-ਦੁਆਲਾ, ਮੇਰਾ ਦਿਲੋ ਦਿਮਾਗ ਕੋਵਿਡ-੧੯ ਦੇ ਦਹਿਲ ਨੇ ਮੱਲਿਆ ਹੋਇਆ ਹੈ। ਹਰ ਰੋਜ਼ ਕਿਸੇ ਨਾ ਕਿਸੇ ਦੇ ਮਰਨ ਦੀ ਖ਼ਬਰ ਮਿਲ ਜਾਂਦੀ ਹੈ। ਜਿਸ ਨੂੰ ਵੀ ਫੋਨ ਕਰੀਏ ਤਾਂ ਅੱਗੋਂ ਕਰੋਨਾ ਹੋਣ ਜਾਣ ਦੀ ਖ਼ਬਰ ਆ ਟਕਰਦੀ ਹੈ। ਮੇਰੇ ਦੋਸਤ, ਮੇਰੇ ਨਾਲ ਕੰਮ ਕਰਦੇ ਸਹਿਕਾਮੇ, ਮੇਰੇ ਰਿਸ਼ਤੇਦਾਰ ਬਹੁਤ ਸਾਰੇ ਲੋਕ ਅਜਿਹੇ ਹਨ ਕਿ ਪੂਰੇ ਦਾ ਪੂਰਾ ਟੱਬਰ ਕਰੋਨਾ ਦੀ ਜ਼ੱਦ ਵਿਚ ਹੈ। ਮੈਂ ਕਈਆਂ ਦੋਸਤਾਂ ਦੀ, ਜਿਹੜੇ ਔਨ-ਲਾਈਨ ਸ਼ੌਪਿੰਗ ਕਰਨ ਦੇ ਯੋਗ ਨਹੀਂ, ਸ਼ੌਪਿੰਗ ਕਰ ਕੇ ਦੇ ਰਿਹਾ ਹਾਂ, ਕੁਝ ਦੋਸਤਾਂ ਦੇ ਘਰ ਖਾਣਾ ਵੀ ਪਹੁੰਚਦਾ ਕਰ ਰਿਹਾ ਹਾਂ, ਕਿਉਂ ਕਿ ਸਾਰਾ ਟੱਬਰ ਏਨਾ ਬਿਮਾਰ ਹੈ ਕਿ ਖਾਣਾ ਬਣਾ ਸਕਣ ਦੇ ਕਾਬਲ ਵੀ ਨਹੀਂ ਹੈ। ਇਹ ਸਮਾਨ ਉਹਨਾਂ ਦੇ ਦਰ ‘ਤੇ ਰੱਖ ਕੇ ਚੋਰਾਂ ਵਾਂਗ ਭੱਜਣਾ ਪੈਂਦਾ ਹੈ ਕਿਉਂਕਿ ਇਹ ਅਜਿਹੀ ਛੂਤ ਦੀ ਬਿਮਾਰੀ ਹੈ ਕਿ ਕਿਸੇ ਨਾਲ ਸਾਹਮਣੇ ਹੋ ਕੇ ਕੁਝ ਸਕਿੰਟ ਵੀ ਗੱਲ ਕਰੋਂ ਤਾਂ ਤੁਸੀਂ ਇਸ ਵਾਇਰਸ ਨਾਲ ਗਰੱਸੇ ਜਾਵੋਂਗੇ। ਇਕ ਪੜਾਅ ‘ਤੇ ਰੋਜ਼ਾਨਾ ਪੰਜਾਹ ਤੋਂ ਸੱਠ ਹਜ਼ਾਰ ਨਵੇਂ ਕੇਸ ਦੇਖਣ ਨੂੰ ਮਿਲ ਰਹੇ ਸਨ ਤੇ ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ ਦੋ ਹਜ਼ਾਰ ਤੱਕ ਪੁੱਜ ਗਈ ਸੀ। ਹਾਲੇ ਵੀ ਇਹ ਅੰਕੜੇ ਬਹੁਤੇ ਘੱਟ ਨਹੀਂ ਹੋਏ। ਇਸ ਵੇਲੇ ਹਸਪਤਾਲ ਵਿੱਚ ਬਿਸਤਰਿਆਂ ਦੀ ਕਮੀ ਹੋਣ ਕਰਕੇ ਮਰੀਜ਼ਾਂ ਨੂੰ ਹੋਟਲਾਂ ਵਿੱਚ ਵੀ ਰੱਖਿਆ ਜਾ ਰਿਹਾ ਹੈ। ਮੇਰੇ ਖਾਸ ਦੋਸਤ ਦੀ ਪਤਨੀ ਦੀ ਕਰੋਨਾ ਕਾਰਨ ਹਾਲਤ ਖਰਾਬ ਹੋ ਗਈ, ਐਂਬੂਲੈਂਸ ਸੱਦਣੀ ਪਈ। ਐਂਬੂਲੈਂਸ ਵਾਲੇ ਚਾਰ ਘੰਟੇ ਉਸ ਨੂੰ ਲੈ ਕੇ ਲੰਡਨ ਦੀਆਂ ਸੜਕਾਂ ‘ਤੇ ਘੁੰਮਦੇ ਰਹੇ, ਕਿਸੇ ਹੋਟਲ ਜਾਂ ਹਸਪਤਾਲ ਵਿੱਚ ਜਗਾਹ ਨਾ ਹੋਣ ਕਾਰਨ ਉਸ ਨੂੰ ਐਂਬੂਲੈਂਸ ਵਿੱਚ ਹੀ ਰਹਿਣਾ ਪਿਆ। ਮੇਰੇ ਕੁਝ ਨੇੜਲੇ ਜਾਨਣ ਵਾਲੇ ਲੋਕਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ। ਇਹਨਾਂ ਦਿਨਾਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਸ ਕਰਨ ਵਾਲੀਆਂ ਕਹਾਣੀਆਂ ਸੁਣਨ-ਦੇਖਣ ਨੂੰ ਮਿਲ ਰਹੀਆਂ ਹਨ। ਬਹੁਤ ਹੀ ਬੇਭਰੋਸਗੀ ਵਾਲੇ ਹਾਲਾਤ ਬਣੇ ਹੋਏ ਹਨ। ਜਦ ਕਿਸੇ ਦਾ ਫੋਨ ਵੱਜਦਾ ਹੈ ਤਾਂ ਡਰ ਲਗਦਾ ਕਿ ਕੋਈ ਬੁਰੀ ਖ਼ਬਰ ਹੀ ਨਾ ਹੋਵੇ। ਤੇ ਅਜਿਹੀ ਹਾਲਤ ਵਿੱਚ ਇਸ ਬਿਮਾਰੀ ਦਾ ਟੀਕਾ ਲੱਗ ਜਾਣਾ ਵਧਾਈਆਂ ਦੇਣ ਵਾਲੀ ਗੱਲ ਹੀ ਬਣ ਜਾਂਦਾ ਹੈ।

ਕੋਵਿਡ-੧੯ ਦੇ ਵੈਕਸੀਨ ਨੂੰ ਲੋਕਾਂ ਦੇ ਲਾਉਣ ਵਿੱਚ ਯੂਕੇ ਨੇ ਦੁਨੀਆ ਵਿੱਚ ਸਭ ਤੋਂ ਪਹਿਲ ਕੀਤੀ ਹੈ। ਬਾਕੀ ਦੁਨੀਆ ਨਾਲੋਂ ਯੂਕੇ ਇਸ ਕੰਮ ਵਿੱਚ ਪੰਜ ਹਫਤੇ ਅੱਗੇ ਹੈ ਤੇ ਇਹ ਆਪਣੀ ਆਬਾਦੀ ਦੇ ਵੱਡੇ ਹਿੱਸੇ ਨੂੰ ਨਵੀਂ ਵੈਕਸੀਨ ਦੇ ਕਲ਼ਾਵੇ ਵਿੱਚ ਲੈ ਚੁੱਕਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਮੁਲਕ ਨੇ ਇਸ ਦਵਾਈ ਨੂੰ ਬਾਕੀ ਦੁਨੀਆਂ ਨਾਲੋਂ ਪੰਜ ਹਫਤੇ ਪਹਿਲਾਂ ਪਾਸ ਕਰ ਦਿੱਤਾ ਸੀ ਤੇ ਪਬਲਿਕ ਨੂੰ ਇਕ ਦਮ ਵੈਕਸੀਨ ਦੇਣੇ ਸ਼ੁਰੂ ਕਰ ਦਿੱਤੇ ਸਨ। ਇਸੇ ਗੱਲ ਨੂੰ ਲੈ ਕੇ ਯੂਕੇ ਦਾ ਮੀਡੀਆ ਆਪਣੀਆਂ ਤਾਰੀਫਾਂ ਵੀ ਕਰਦਾ ਜਾ ਰਿਹਾ ਹੈ। ਜਿਹੇ ਲੋਕ ਯੌਰਪ ਵਿੱਚੋਂ ਬਾਹਰ ਨਿਕਲਣ ਭਾਵ ਬਿ੍ਰਕਜ਼ੈਟ ਦੀ ਵਕਾਲਤ ਕਰਦੇ ਸਨ ਉਹ ਬਹੁਤ ਖੁਸ਼ ਦਿਸ ਰਹੇ ਹਨ। ਜੇ ਯੂਕੇ ਹਾਲੇ ਈਯੂ ਦਾ ਮੈਂਬਰ ਹੀ ਹੁੰਦਾ ਤਾਂ ਇਥੇ ਵੀ ਵੈਕਸੀਨ ਦੇਣ ਦਾ ਕੰਮ ਪੰਜ ਹਫਤੇ ਖੁੰਝ ਜਾਣਾ ਸੀ ਤੇ ਜ਼ਿੰਗਦੀਆਂ ਦਾ ਹੋਰ ਵੱਡਾ ਨੁਕਸਾਨ ਹੋ ਜਾਣਾ ਸੀ।

ਸਾਡੇ ਜੋ ਟੀਕਾ ਲੱਗਿਆ ਇਸ ਦੀ ਕੰਪਨੀ ਦਾ ਨਾਂ ‘ਪਫਾਈਜ਼ਰ-ਬਾਇਓਟੈਕ’ ਹੈ ਜੋ ਯੌਰਪੀਅਨ ਮੂਲ ਦੀ ਕੰਪਨੀ ਹੈ ਤੇ ਇਹ ਵੈਕਸੀਨ ਬੈਲਜੀਅਮ ਵਿੱਚ ਬਣ ਰਹੀ ਹੈ। ਇਸ ਦੇ ਮੁਕਾਬਲੇ ਯੂਕੇ ਵਿੱਚ ਬਣੇ ਵੈਕਸੀਨ ਦਾ ਨਾਂ ‘ਆਸਟਰਾ-ਜ਼ੈਨਿਕਾ’ ਹੈ। ਇਵੇਂ ਹੀ ਬਹੁਤ ਸਾਰੇ ਮੁਲਕਾਂ ਨੇ ਇਸ ਬਿਮਾਰੀ ਦੀ ਦਵਾਈ ਤਿਆਰ ਕੀਤੀ ਹੈ ਪਰ ਇਸ ਬਿਮਾਰੀ ਦਾ ਤਿਆਰ ਕਰਨ ਦਾ ਫਾਰਮੂਲਾ ਤਕਰੀਬਨ ਇਕੋ ਜਿਹਾ ਹੈ। ਦੋ ਟੀਕੇ ਲੱਗਦੇ ਹਨ। ਪਹਿਲੇ ਟੀਕੇ ਤੋਂ ਬਾਅਦ ਤਿੰਨ ਚਾਰ ਹਫਤਿਆਂ ਦੇ ਫਰਕ ਨਾਲ ਦੂਜਾ ਟੀਕਾ ਲਗਦਾ ਹੈ। ਪਹਿਲਾ ਟੀਕਾ ਇਸ ਬਿਮਾਰੀ ਦੇ ਕਿਟਾਣੂ ਦਿੰਦਾ ਹੈ ਤੇ ਦੂਜੇ ਟੀਕੇ ਨਾਲ ਇਹ ਕਿਟਾਣੂ ਖਤਮ ਕੀਤੇ ਜਾਂਦੇ ਹਨ। ਤੇ ਇਹਨਾਂ ਟੀਕਿਆਂ ਦਾ ਅਸਰ ਵੀ ਤਕਰੀਬਨ ਇਕੋ ਜਿਹਾ ਹੀ ਹੁੰਦਾ ਹੈ। ਯੂਕੇ ਵਿੱਚ ਸਮਝਿਆ ਜਾਂਦਾ ਹੈ ਕਿ ਆਸਟਰਾ-ਜ਼ੈਨਿਕਾ ਜ਼ਿਆਦਾ ਅਸਰਦਾਰ ਟੀਕਾ ਸਿੱਧ ਹੋਵੇਗਾ। ਇਵੇਂ ਹਰ ਮੁਲਕ ਨੂੰ ਆਪਣੇ ਬਣਾਏ ਵੈਕਸੀਨ ਉਪਰ ਬਹੁਤਾ ਮਾਣ ਹੈ ਤੇ ਦੂਜੇ ਦੇਸ਼ ਦੇ ਬਣਾਏ ਵੈਕਸੀਨ ਨੂੰ ਛੁਟਆਈ ਨਜ਼ਰ ਨਾਲ ਦੇਖਦੇ ਹਨ। ਰੂਸ ਦੇ ਬਣਾਏ ਵੈਕਸੀਨ ‘ਸਪੂਤਨਿਕ-੫’ ਨੂੰ ਯੂਕੇ ਵਾਲਿਆਂ ਨੇ ਇਕ ਕਿਸਮ ਨਾਲ ਰੱਦ ਹੀ ਕਰ ਰੱਖਿਆ ਹੈ। ਇਵੇਂ ਹੀ ਚੀਨ ਵਿੱਚ ਬਣੇ ਵੈਕਸੀਨ ਨੂੰ ਵੀ ਭਰੋਸੇਯੋਗ ਨਜ਼ਰ ਨਾਲ ਨਹੀਂ ਦੇਖਿਆ ਜਾ ਰਿਹਾ। ਪਰ ਹੈਰਾਨੀ ਦੀ ਗੱਲ ਉਦੋਂ ਹੁੰਦੀ ਹੈ ਜਦ ਆਪੋ-ਆਪਣੇ ਬਣਾਏ ਵੈਕਸੀਨ ਨੂੰ ਲੈ ਕੇ ਯੌਰਪ ਤੇ ਯੂਕੇ ਵਿੱਚ ਘਮਸਾਣ ਛਿੜ ਜਾਂਦਾ ਹੈ। ਪਿਛਲੇ ਦਿਨੀਂ ਜਰਮਨੀ ਦੇ ਕੁਝ ਮਾਹਿਰਾਂ ਨੇ ਇਹ ਖ਼ਬਰ ਫੈਲਾ ਦਿੱਤੀ ਕਿ ਯੂਕੇ ਵਿੱਚ ਬਣਿਆਂ ਵੈਕਸੀਨ ‘ਆਸਟਰਾ-ਜ਼ੈਨਿਕਾ’ ਪੈਂਹਟ ਸਾਲ ਤੋਂ ਉਪਰ ਦੇ ਲੋਕਾਂ ਲਈ ਬਹੁਤਾ ਕਾਰਗਰ ਨਹੀਂ ਹੈ ਜਾਣੀ ਕਿ ਇਹਨਾਂ ਜਰਮਨ ਮਾਹਿਰਾਂ ਨੇ ਯੂਕੇ ਦੇ ਬਣੇ ਵੈਕਸੀਨ ਨੂੰ ਸ਼ੱਕੀ ਸਿੱਧ ਕਰ ਦਿੱਤਾ ਹੈ। ਇਸ ਗੱਲ ਨੂੰ ਲੈ ਕੇ ਦੋਨਾਂ ਧਿਰਾਂ ਵਿੱਚ ਠੰਡੀ ਜੰਗ ਸ਼ੁਰੂ ਹੋ ਗਈ ਹੈ। ਯੂਕੇ ਦੇ ਮੀਡੀਏ ਵਲੋਂ ਵੀ ਜਰਮਨਾਂ ਦੇ ਖਿਲਾਫ ਅੱਗ ਉਗਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਫਿਰ ਯੌਰਪ ਦੇ ਹੋਰਨਾਂ ਮੁਲਕਾਂ ਵਲੋਂ ‘ਆਸਟਰ-ਜ਼ੈਨਿਕਾ’ ਦੇ ਹੱਕ ਵਿੱਚ ਬਿਆਨ ਦਵਾਏ ਜਾ ਰਹੇ ਹਨ। ਹਾਲੇ ਕੱਲ ਹੀ ਯੂਕੇ ਦੇ ਮਾਹਿਰਾਂ ਵਲੋਂ ‘ਆਸਟਰਾ-ਜ਼ੈਨਿਕਾ’ ਦੇ ਵਸੀਹ ਫਾਇਦਿਆਂ ਬਾਰੇ ਦਸਦਿਆਂ ਐਲਾਨ ਕੀਤਾ ਕਿ ਇਹ ਵੈਕਸੀਨ ਕੋਵਿਡ-੧੯ ਨੂੰ ਫੈਲਣ ਵਿੱਚ ਰੋਕਣ ਦਾ ਕੰਮ ਵੀ ਕਰੇਗਾ ਜਦ ਕਿ ਦੂਜੇ ਵੈਕਸੀਨ ਇਸ ਗੱਲ ਦੀ ਹਾਲੇ ਗਰੰਟੀ ਨਹੀਂ ਦਿੰਦੇ। ਕੁਝ ਦਿਨ ਇਹ ਠੰਡੀ ਜੰਗ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀ ਰਹੀ ਹੈ ਪਰ ਹੁਣ ਹੇਠਲੀਆਂ ਤੈਹਾਂ ‘ਤੇ ਚਲੇ ਗਈ ਹੈ ਲੇਕਿਨ ਹਾਲੇ ਵੀ ਦੋਹਾਂ ਧਿਰਾਂ ਵਿੱਚ ਇਕ ਦੁਸ਼ਮਣੀ ਜਿਹੀ ਬਣੀ ਹੋਈ ਹੈ। ਮੀਡੀਏ ਵਾਲੇ ਹਾਲੇ ਵੀ ਕੋਈ ਨਾ ਕੋਈ ਘੁੰਢੀ ਪਾਈ ਹੀ ਰੱਖਦੇ ਹਨ। ਯੂਕੇ ਤੇ ਈਯੂ (ਯੌਰਪੀਅਨ ਯੂਨੀਅਨ) ਦੇ ਸੰਬੰਧਾਂ ਵਿੱਚ ਖਿੱਚੋਤਾਣ ਉਦੋਂ ਹੋਰ ਵੀ ਵੱਧ ਗਈ ਜਦ ਈਯੂ ਨੇ ਉਤਰੀ-ਆਇਰਲੈਂਡ ਨੂੰ ਕਰੋਨਾ ਦੀ ਦਵਾਈ ਦੇਣ ਤੋਂ ਨਾਂਹ ਕਰ ਦਿੱਤੀ। ਉਤਰੀ-ਆਇਰਲੈਂਡ ਕਾਨੂੰਨਨ ਈਯੂ ਦਾ ਮੈਂਬਰ ਹੈ ਪਰ ਟੈਕਨੀਕਲੀ ਇਹ ਮੁਲਕ ਯੂਕੇ ਦਾ ਇਕ ਹਿੱਸਾ ਹੈ। ਇਸ ਮਾਮਲੇ ਵਿੱਚ ਯੂਕੇ ਨੂੰ ਸਖਤ ਸਟੈਂਡ ਲੈਣਾ ਪਿਆ। ਹੁਣ ਈਯੂ ਉਤਰੀ-ਆਇਰਲੈਂਡ ਨੂੰ ਦਵਾਈ ਦਾ ਉਸ ਦਾ ਬਣਦਾ ਹਿੱਸਾ ਦੇਣ ਲਈ ਤਿਆਰ ਹੋ ਗਈ ਹੈ।

ਯੂਕੇ ਦਾ ਮੀਡੀਆ ਇਕ ਹੋਰ ਗੱਲੋਂ ਵੀ ਬ੍ਰਤਾਨਵੀ-ਸਰਕਾਰ ਦਾ ਵਿਰੋਧ ਕਰ ਰਿਹਾ ਹੈ। ਉਹ ਇਹ ਕਿ ਇਸ ਨੇ ਲੋੜ ਤੋਂ ਕਿਤੇ ਵੱਧ ਵੈਕਸੀਨ ਖਰੀਦ ਰੱਖੇ ਹਨ। ਯੂਕੇ ਦੀ ਪੂਰੀ ਆਬਾਦੀ ਨਾਲੋਂ ਕਈ ਗੁਣਾਂ ਵੱਧ ਵੈਕਸੀਨ ਯੂਕੇ ਦੀ ਸਰਕਾਰ ਨੇ ਜਮਾਂ੍ਹ ਕਰ ਲਏ ਹਨ। ਏਨੀ ਮਿਕਦਾਰ ਵਿੱਚ ਵੈਕਸੀਨ ਖਰੀਦਣ ਦੀ ਕੋਈ ਲੋੜ ਨਹੀਂ ਸੀ। ਇਸ ਮਾਮਲੇ ਵਿੱਚ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਬਾਕੀ ਬਚਦੇ ਵੈਕਸੀਨ ਸਰਕਾਰ ਹੋਰਨਾਂ ਮੁਲਕਾਂ ਨੂੰ ਵੇਚ ਦੇਵੇਗੀ। ਜਾਣੀ ਕਿ ਦਵਾਈ ਦੀ ਦਵਾਈ ਤੇ ਵਿਓਪਾਰ ਦਾ ਵਿਓਪਾਰ।

ਇਹ ਸੱਚ ਹੈ ਕਿ ਯੂਕੇ ਵਿੱਚ ਕਰੋਨਾ ਨਾਲ ਬਹੁਤ ਮੌਤਾਂ ਹੋ ਰਹੀਆਂ ਹਨ ਪਰ ਇਹ ਮੌਤਾਂ ਜ਼ਿਆਦਾਤਰ ਵੱਡੇਰੀ ਉਮਰ ਦੇ ਲੋਕਾਂ ਦੀਆਂ ਹੋਈਆਂ ਹਨ ਜਾਂ ਜੋ ਲੋਕ ਪਹਿਲਾਂ ਹੀ ਕਿਸੇ ਭਿਆਨਕ ਬਿਮਾਰੀ ਨਾਲ ਜੂਝ ਰਹੇ ਸਨ। ਕਮਜ਼ੋਰ ਸਿਹਤ ਵਾਲੇ ਲੋਕਾਂ ਦੇ ਫੇਫੜਿਆਂ ਉਪਰ ਕਰੋਨਾ ਅਸਰ ਕਰ ਜਾਂਦਾ ਹੈ ਤਾਂ ਉਹਨਾਂ ਨੂੰ ਵੈਂਟੀਲੇਟਰ ‘ਤੇ ਰਖਣਾ ਪੈ ਜਾਂਦਾ ਹੈ ਜੋ ਕਿ ਇਕ ਖਤਰਨਾਕ ਪੜ੍ਹਾਅ ਹੈ। ਇਕ ਸਿਹਤਵੰਦ ਵਿਅਕਤੀ ਉਪਰ ਕਰੋਨੇ ਦਾ ਹਮਲਾ ਕੋਈ ਵੱਡੀ ਗੱਲ ਨਹੀਂ ਹੈ। ਸਿਹਤਵੰਦ ਵਿਅਕਤੀ ਨੂੰ ਕਰੋਨਾ ਉਵੇਂ ਹੀ ਹੁੰਦਾ ਜਿਵੇਂ ਕਿਸੇ ਨੂੰ ਖੰਘ ਹੋ ਜਾਵੇ। ਇਸ ਦੀ ਕੋਈ ਦਵਾਈ ਵੀ ਨਹੀਂ ਹੈ। ਡਾਕਟਰ ਤੁਹਾਨੂੰ ਕਹਿ ਦਿੰਦਾ ਹੈ ਕਿ ਇਕ ਕਮਰੇ ਵਿੱਚ ਆਪਣੇ ਆਪ ਨੂੰ ਦਸਾਂ ਦਿਨਾਂ ਲਈ ਅਲੱਗ ਕਰ ਲਵੋ, ਕਿਸੇ ਦੇ ਨੇੜੇ ਨਾ ਜਾਵੋ। ਤੇ ਤੁਸੀਂ ਦਸਾਂ ਦਿਨਾਂ ਵਿੱਚ ਆਪਣੇ ਆਪ ਠੀਕ ਹੋ ਜਾਂਦੇ ਹੋ। ਮੈਂ ਇਹ ਗੱਲ ਏਨੇ ਯਕੀਨ ਨਾਲ ਇਸ ਲਈ ਕਹਿ ਰਿਹਾ ਹਾਂ ਕਿ ਮੇਰਾ ਇਸ ਸਭ ਦਾ ਮੇਰਾ ਨਿੱਜੀ ਤਰਜਰਬਾ ਹੈ। ਕਰੋਨਾ ਦੇ ਇਕ ਮਰੀਜ਼ ਨਾਲ ਕੁਝ ਸਕਿੰਟ ਗੱਲ ਕਰਦਿਆਂ ਮੈਨੂੰ ਇਸ ਵਾਇਰਸ ਦਾ ਛਾਂਦਾ ਮਿਲ ਗਿਆ ਸੀ। ਥੋੜੀ ਜਿਹੀ ਖੰਘ ਸੀ, ਟੈਸਟ ਕਰਾਇਆ ਤਾਂ ਕਰੋਨਾ ਪੌਜ਼ਿਟਿਵ ਨਿਕਲ ਆਇਆ। ਦਸ ਦਿਨ ਮੈਂ ਇਕ ਕਮਰੇ ਵਿੱਚ ਬੰਦ ਰਿਹਾ। ਪਤਨੀ ਮੇਰਾ ਖਾਣਾ ਇਕ ਟਰੌਲੀ ‘ਤੇ ਰੱਖ ਕੇ ਮੇਰੇ ਕਮਰੇ ਵਿੱਚ ਰੋੜ ਦਿੰਦੀ। ਇਹਨਾਂ ਦਸਾਂ ਦਿਨਾਂ ਵਿੱਚ ਕਈ ਫਿਲਮਾਂ ਦੇਖੀਆਂ, ਕਈ ਕਿਤਾਬਾਂ ਪੜ੍ਹੀਆਂ, ਫੇਸਬੁੱਕ ਨੂੰ ਵੀ ਖੰਗਾਲਿਆ। ਦਸਾਂ ਦਿਨਾਂ ਬਾਅਦ ਮੁੜ ਕੇ ਕੰਮ ‘ਤੇ ਜਾਣ ਲਈ ਤਿਆਰ ਸਾਂ। ਹਾਂ, ਇਕ ਗੱਲ ਹੋਰ ਸਾਂਝੀ ਕਰਦਾ ਜਾਵਾਂ ਕਿ ਮੂੰਹ ਦਾ ਸਵਾਦ ਜ਼ਰੂਰ ਬਦਲ ਜਾਂਦਾ ਹੈ। ਸਕੌਚ ਵਿਸਕੀ ਵਿੱਚੋਂ ਲਾਹਣ ਦਾ ਸਵਾਦ ਆਉਣ ਲੱਗਦਾ ਹੈ।Comments


bottom of page