top of page
Writer's pictureਸ਼ਬਦ

ਬ੍ਰਤਾਨਵੀ ਖੇਤੀ/

ਹਰਜੀਤ ਅਟਵਾਲ/


     ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਇਹ ਕਾਲਮ ਬਹੁਤ ਪਿਆਰ ਨਾਲ ਪੜ੍ਹਿਆ ਜਾ ਰਿਹਾ ਹੈ। ਮੇਰੇ ਸੁਹਿਰਦ ਪਾਠਕ ਮੈਨੂੰ ਕਈ ਤਰਾਂ੍ਹ ਦੇ ਸਵਾਲ ਪੁੱਛਦੇ ਰਹਿੰਦੇ ਹਨ। ਇਕ ਪਾਠਕ ਅੰਮ੍ਰਿਤ ਪਾਲ ਸਿੰਘ ਨੇ ਬ੍ਰਤਾਨਵੀ ਖੇਤੀ ਬਾਰੇ ਲਿਖਣ ਲਈ ਕਿਹਾ ਹੈ। ਖੇਤੀ ਮੇਰਾ ਪਿੱਤਰੀ ਕਿੱਤਾ ਹੈ ਇਸ ਬਾਰੇ ਲਿਖਣਾ ਮੇਰੇ ਲਈ ਔਖਾ ਨਹੀਂ। ਇਹ ਸੱਚ ਹੈ ਕਿ ਇੰਡੀਆ ਵਿੱਚ ਮੈਨੂੰ ਖੇਤੀ ਤੋਂ ਬਹੁਤ ਡਰ ਲਗਦਾ ਸੀ। ਜਦ ਮੈਂ ਲੰਡਨ ਵਸ ਗਿਆ ਤਾਂ ਖੇਤੀ ਮੈਨੂੰ ਹੌਂਟ ਕਰਨ ਲੱਗੀ। ਜਦ ਵੀ ਮੈਨੂੰ ਵਕਤ ਮਿਲਦਾ ਤਾਂ ਮੈਂ ਕਾਰ ਲੈ ਕੇ ਇੰਗਲੈਂਡ ਦੇ ਪਿੰਡਾਂ ਵੱਲ ਨਿਕਲ ਜਾਂਦਾ। ਦੂਰ ਤੱਕ ਖਿਲਰੇ ਖੇਤ ਜਿਵੇਂ ਮੈਨੂੰ ਕੁਝ ਕਹਿ ਰਹੇ ਹੁੰਦੇ। ਕਣਕ ਜਾਂ ਰੇਪਸੀਡ (ਸਰੋਂ ਵਰਗੀ ਫਸਲ) ਦੇ ਪੀਲੇ ਫੁੱਲਾਂ ਨੂੰ ਦੇਖਦਿਆਂ ਮਨ ਖੁਸ਼ ਹੋ ਜਾਂਦਾ। ਮੈਨੂੰ ਇਸ ਮੁਲਕ ਦੇ ਆਪਣੇ ਪਿੰਡਾਂ ਤੋਂ ਵੀ ਚੰਗੇ ਲਗਦੇ, ਉੱਚੇ-ਨੀਵੇਂ, ਸੱਪਾਂ ਵਰਗੀਆਂ ਸੜਕਾਂ। ਮੇਰੇ ਬੱਚੇ ਵੱਡੇ ਹੋਏ ਤਾਂ ਉਹਨਾਂ ਨੂੰ ਆਪਣੇ ਖੇਤੀਬਾੜੀ ਵਾਲੇ ਪਿਛੋਕੜ ਬਾਰੇ ਤਫਸੀਲ ਵਿੱਚ ਦੱਸਿਆ ਸੀ। ਘਰ ਦੇ ਗਾਰਡਨ ਵਿੱਚ ਫੁੱਲ-ਸਬਜ਼ੀਆਂ ਬੀਜ ਕੇ ਇਹਨਾਂ ਬਾਰੇ ਬੇਸਿਕ ਗੱਲਾਂ ਵੀ ਸਮਝਾਈਆਂ ਸਨ। ਇੰਡੀਆ ਗਏ ਤਾਂ ਮੈਂ ਆਪਣੇ ਬੇਟੇ ਨੂੰ ਆਪਣੇ ਖੇਤ ਦਿਖਾਏ ਹਨ। ਇਕ ਵਾਰ ਖੇਤਾਂ ਵੱਲ ਹਨੇਰੇ ਹੋਏ ਇਸ ਕਰਕੇ ਲੈ ਕੇ ਗਿਆ ਕਿ ਦਿਖਾ ਸਕਾਂ ਕਿ ਉਥੇ ਸੱਪ ਕਿਵੇਂ ਤੁਹਾਡੇ ਸਾਹਮਣੇ ਪੈਹਾ ਲੰਘਦੇ ਹਨ। ਬਰਜ਼ੀਲੀ ਕਹਾਵਤ ਹੈ ਕਿ ਇਕ ਵਾਰ ਕਿਸਾਨ, ਸਾਰੀ ਉਮਰ ਕਿਸਾਨ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਨੇ ਨੇ ਖੇਤੀ ਛੱਡ ਦਿੱਤੀ ਤੇ ਹੁਣ ਉਹ ਕਿਸਾਨ ਨਹੀਂ ਰਿਹਾ।

      ਅੱਜ ਕੱਲ ਪੰਜਾਬ ਦੇ ਕਿਸਾਨ ਦਾ ਭਵਿੱਖ ਖਤਰੇ ਵਿੱਚ ਜਾਪ ਰਿਹਾ ਹੈ। ਹੋਰ ਪਰਵਾਸੀਆਂ ਵਾਂਗ ਮੇਰੀ ਵੀ ਹਰ ਖ਼ਬਰ 'ਤੇ ਨਜ਼ਰ ਹੈ। ਪੰਜਾਬ ਦੇ ਕਿਸਾਨ ਨੂੰ ਲੱਗਦਾ ਸੇਕ ਹਰ ਪ੍ਰਵਾਸੀ ਤੱਕ ਪੁਜਦਾ ਹੈ ਸਮੇਤ ਮੇਰੇ।...      

      ਸ਼ੁਰੂ ਦੇ ਦਿਨਾਂ ਦੀ ਗੱਲ ਹੈ, ਕੰਟਰੀ ਸਾਈਡ (ਪਿੰਡਾਂ) ਵੱਲ ਜਾਂਦਾ ਤਾ ਮੈਂ ਖੇਤਾਂ ਨੂੰ ਬਹੁਤ ਧਿਆਨ ਨਾਲ ਦੇਖਦਾ ਕਿ ਇਹਨਾਂ ਵਿੱਚ ਕਿਹੜੀ ਫਸਲ ਖੜੀ ਹੋਈ ਜਾਂ ਕਿਹੜੀ ਫਸਲ ਬੀਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਆਪਣੀ ਪਹਿਲੀ ਭਾਰਤ ਫੇਰੀ ਸਮੇਂ ਮੈਂ ਕਹੀ, ਦਾਤੀ ਤੇ ਰੰਬਾ ਲੈ ਕੇ ਆਇਆ ਸਾਂ। ਮੇਰੇ ਪਿਤਾ ਇਸ ਨੂੰ ਮੇਰਾ ਪਾਗਲਪਨ ਕਹਿ ਰਹੇ ਸਨ ਪਰ ਮੈਨੂੰ ਲਗਦਾ ਸੀ ਕਿ ਮੈਂ ਲੰਡਨ ਰਹਾਂ ਜਾਂ ਫਰਾਲੇ ਪਰ ਇਹ ਸੰਦ ਮੇਰੇ ਘਰ ਜ਼ਰੂਰ ਹੋਣੇ ਚਾਹੀਦੇ ਹਨ। ਫਿਰ ਜਦ ਮੇਰੇ ਪੈਰ ਇਸ ਮੁਲਕ ਵਿੱਚ ਲੱਗ ਗਏ ਤਾਂ ਮੈਂ ਸੋਚਣ ਲੱਗਾ ਕਿ ਕਿਉਂ ਨਾ ਕੁਝ ਜ਼ਮੀਨ ਖਰੀਦ ਲਵਾਂ ਤੇ ਖੇਤੀ ਕਰਾਂ। ਮੈਂ ਮਨ ਵਿੱਚ ਗੁਣਗੁਣਾਉਣ ਲਗਦਾ- ਇਕ ਫਾਰਮ ਬਣੇ ਨਿਆਰਾ! ਮੈਂ ਫਾਰਮ ਵੇਚਣ ਵਾਲੇ ਏਜੰਟਾਂ ਤੋਂ ਵਿਕਾਊ ਫਾਰਮਾਂ ਦੀਆਂ ਲਿਸਟਾਂ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ। ਬਹੁਤ ਸਾਰੇ ਫਾਰਮ ਮਾਰਕਿਟ ਵਿੱਚ ਵਿਕਣ ਲਈ ਲੱਗੇ ਹੋਏ ਸਨ। ਯੌਰਕਸ਼ਾਇਰ ਦੇ ਯੌਰਕ ਪਿੰਡ ਵਿੱਚ ਸੌ ਏਕੜ ਦਾ ਇਕ ਫਾਰਮ ਮਿਲ ਰਿਹਾ ਸੀ। ਇਸ ਫਾਰਮ ਵਿੱਚ ਸੌ ਗਾਈਆਂ ਵੀ ਸਨ, ਖੇਤੀ ਦੀ ਮਸ਼ੀਨਰੀ ਵੀ ਤੇ ਫਾਰਮ ਵਿੱਚ ਹੀ ਖੂਬਸੂਰਤ ਫਾਰਮ-ਹਾਊਸ ਵੀ। ਕੀਮਤ ਸੀ ਇਕ ਲੱਖ ਪੌਂਡ। ਮੈਨੂੰ ਇੰਡੀਆ ਦੇ ਹਿਸਾਬ ਨਾਲ ਇਹ ਕੀਮਤ ਬਹੁਤ ਥੋੜੀ ਜਾਪੀ। ਇਕ ਏਕੜ ਦੀ ਕੀਮਤ ਇਕ ਹਜ਼ਾਰ ਪੌਂਡ। ਇੰਡੀਆ ਵਿੱਚ ਜ਼ਮੀਨ ਇਸ ਤੋਂ ਕਈ ਗੁਣਾਂ ਮਹਿੰਗੀ ਸੀ ਉਸ ਵੇਲੇ। ਇਕ ਲੱਖ ਪੌਂਡ ਮੇਰੀ ਪਹੁੰਚ ਵਿੱਚ ਵੀ ਸੀ। ਕੁਝ ਕਰਜ਼ਾ, ਕੁਝ ਕੈਸ਼। ਮੇਰੇ ਸੁਫਨਿਆਂ ਨੂੰ ਖੰਭ ਲੱਗ ਗਏ। ਜ਼ਮੀਨ ਦੀ ਭੁੱਖ ਹਰ ਕਿਸਾਨ ਨੂੰ ਹੁੰਦੀ ਹੈ। ਮੈਂ ਸੌ ਏਕੜ ਦਾ ਜਾਣੀ ਕਿ ਚਾਰ ਮੁਰੱਬਿਆਂ ਦਾ ਮਾਲਕ ਬਣਨ ਜਾ ਰਿਹਾ ਸਾਂ। ਮੈਂ ਆਪਣੇ ਆਇਰਸ਼ ਦੋਸਤ ਟੌਮ ਨਾਲ ਸਲਾਹ ਕੀਤੀ। ਟੌਮ ਦਾ ਆਇਰਲੈਂਡ ਵਿੱਚ ਇਕ ਵੱਡਾ ਫਾਰਮ ਸੀ ਜੋ ਉਸ ਨੇ ਘਰੇਲੂ ਝਗੜਿਆਂ ਕਾਰਨ ਪਿੱਛੇ ਜਿਹੇ ਹੀ ਵੇਚਿਆ ਸੀ। ਮੈਂ ਏਜੰਟ ਨੂੰ ਫੋਨ ਕਰਕੇ ਇਹ ਫਾਰਮ ਦੇਖਣ ਦੀ ਐਪੁਆਏਂਟਮਿੰਟ ਬਣਾਈ ਤੇ ਟੌਮ ਨੂੰ ਲੈ ਕੇ ਫਾਰਮ ਦੇਖਣ ਨਿਕਲ ਗਿਆ।...

     ਖੇਤੀ ਖਸਮਾਂ ਸੇਤੀ। ਖੇਤੀ ਕੋਈ ਅਸਾਨ ਕੰਮ ਨਹੀਂ ਹੈ। ਇਸ ਦਾ ਬਹੁਤਾ ਕੁਝ ਮੌਸਮਾਂ ਨਾਲ ਜੁੜਿਆ ਹੋਇਆ ਹੈ। ਭਾਰਤ ਵਿੱਚ ਤਾਂ ਵੱਡਾ ਮਸਲਾ ਪਾਣੀ ਦਾ ਹੁੰਦਾ ਹੈ, ਬ੍ਰਤਾਨੀਆ ਵਿੱਚ ਪਾਣੀ ਸ਼ਾਇਦ ਪਹਿਲੀ ਸਮੱਸਿਆ ਨਾ ਹੋਵੇ। ਪਰ ਇਥੇ ਵੀ ਖੇਤੀ ਦੇ ਬਹੁਤ ਸਾਰੇ ਮਸਲੇ ਹਨ। ਮੌਸਮ ਤਾਂ ਇਕ ਚੈਲੰਜ ਬਣਦਾ ਹੀ ਹੈ। ਬਲੈਕ-ਗਰਾਸ ਨਾਮੀ ਬੂਟੀ ਫਸਲਾਂ ਲਈ ਤਬਾਹਕੁੰਨ ਸਾਬਤ ਹੁੰਦੀ ਹੈ ਜਿਸ ਨੂੰ ਮਾਰਨਾ ਬਹੁਤ ਮੁਸ਼ਕਲ ਹੁੰਦਾ ਹੈ। ਕਣਕ ਨੂੰ ਸੈਪਟੋਰੀਆ ਨਾਮੀ ਬਿਮਾਰੀ ਲੱਗ ਜਾਂਦੀ ਹੈ। ਖੇਤੀ ਨਾਲ ਜੁੜੇ ਕਰਮਚਾਰੀਆਂ ਦੀ ਵੀ ਬਹੁਤ ਘਾਟ ਹੈ। ਫਸਲ ਨੂੰ ਪਾਲਣ ਦੇ ਵਾਧੂ ਖਰਚੇ। ਫਸਲ ਦੀ ਮਾਰਕਿੰਗਟ ਵੀ ਇਕ ਮਸਲਾ ਹੈ। ਸਾਡੇ ਮੁਲਕ ਵਾਂਗ ਹੀ ਇਥੇ ਵੀ ਖੇਤੀ ਦੇ ਉਤਪਾਦਨਾਂ ਦੀਆਂ ਕੀਮਤਾਂ ਬਹੁਤ ਘੱਟ ਹਨ। ਕਈ ਵਸਤਾਂ ਇਥੇ ਪੈਦਾ ਕਰਨੀਆਂ ਮਹਿੰਗੀਆਂ ਪੈਂਦੀਆਂ ਹਨ ਤੇ ਬਾਹਰੋਂ ਮੰਗਵਾਣੀਆਂ ਸਸਤੀਆਂ।

     ਭਾਵੇਂ ਇਥੇ ਸਰਕਾਰ ਅਤੇ ਕਿਸਾਨ ਵਿੱਚ ਬਹੁਤਾ ਵਿਰੋਧ ਨਹੀਂ ਹੈ ਪਰ ਫਿਰ ਵੀ ਜੇ ਕਦੇ ਤਕਰਾਰ ਹੋ ਜਾਵੇ ਤਾਂ ਕਿਸਾਨ ਆਪਣਾ ਗੁੱਸਾ ਚੰਗੀ ਤਰ੍ਹਾਂ ਰਜਿਸਟਰ ਕਰਾਉਂਦਾ ਹੈ। ਪਿੱਛੇ ਜਿਹੇ ਦੁੱਧ ਦੀਆਂ ਸਸਤੀਆਂ ਕੀਮਤਾਂ ਦਾ ਵਿਰੋਧ ਕਰਦੇ ਬਹੁਤ ਸਾਰੇ ਕਿਸਾਨ ਆਪਣੀਆਂ ਗਾਈਆਂ ਲੈ ਕੇ 'ਆਸਦਾ' ਨਾਮੀ ਸਟੋਰ ਵਿੱਚ ਜਾ ਵੜੇ ਸਨ। ਇਟਲੀ ਵਿੱਚ ਤਾਂ ਸਸਤੀਆਂ ਕੀਮਤਾਂ ਖਿਲਾਫ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਨੇ ਹਜ਼ਾਰਾਂ ਗੈਲਨ ਦੁੱਧ ਸੜਕਾਂ 'ਤੇ ਰੋੜ ਦਿੱਤਾ ਸੀ। ਜਦ ਵੀ ਕਿਸਾਨਾਂ ਨੇ ਕਿਸੇ ਪਾਲਸੀ ਦਾ ਜਾਂ ਕਿਸੇ ਹੋਰ ਗੱਲ ਦਾ ਵਿਰੋਧ ਕਰਨਾ ਹੁੰਦਾ ਹੈ ਤਾਂ ਟਰੈਕਟਰ ਲੈ ਕੇ ਲੰਡਨ ਵਿੱਚ ਆ ਵੜਦੇ ਹਨ। ਆਪੇ ਹਿਸਾਬ ਲਾ ਲਓ ਕਿ ਲੰਡਨ ਦੇ ਟਰੈਫਿਕ ਦਾ ਕੀ ਹਾਲ ਹੋਵੇਗਾ। ਸਰਕਾਰ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ।

     ਅਸਲ ਵਿੱਚ ਬ੍ਰਤਾਨੀਆ ਖੇਤੀ ਪ੍ਰਧਾਨ ਦੇਸ਼ ਨਹੀਂ ਹੈ। ਬ੍ਰਤਾਨੀਆ ਖੇਤੀ ਦੇ ਮਾਮਲੇ ਵਿੱਚ ਆਤਮ ਨਿਰਭਰ ਨਹੀਂ ਤੇ ਕਦੇ ਹੋ ਵੀ ਨਹੀਂ ਸਕਦਾ। ਉਪਜਾਊ ਜ਼ਮੀਨ ਦੇ ਕੁਲ ਰਕਬੇ ਦਾ ੬੯ ਫੀ ਸਦੀ ਹੀ ਹਲ਼ ਹੇਠ ਹੈ। ਬਹੁਤ ਸਾਰੀ ਅਜਿਹੀ ਜ਼ਮੀਨ ਹੈ ਜੋ ਸਰਕਾਰ ਦੀ ਨੀਤੀ ਮੁਤਾਬਕ ਜੰਗਲ ਜਾਂ ਹੋਰ ਹਰਿਆਵਲ ਲਈ ਰਾਖਵੀਂ ਹੈ। ਕਿਸਾਨ ਨੂੰ ਖੇਤੀ ਕਰਦਿਆਂ ਰੱਖਣ ਲਈ ਸਰਕਾਰ ਵਲੋਂ ਕਈ ਕਿਸਮ ਦੇ ਫੰਡ ਤੇ ਸਹਾਇਤਾਵਾਂ ਮਿਲਦੀਆਂ ਹਨ। ਹਰ ਫਾਰਮ ਨੂੰ ਸਲਾਨਾ ਤੀਹ ਹਜ਼ਾਰ ਪੌਂਡ ਦੇ ਕਰੀਬ ਕੌਮਨ ਐਗਰੀਕਲਚਰਲ ਪੌਲਿਸੀ ਅਧੀਨ ਮਿਲਦੇ ਹਨ ਤੇ ਤਿੰਨ ਹਜ਼ਾਰ ਪੌਂਡ ਸਾਲਾਨਾ ਪੌਦਿਆਂ ਤੇ ਹੋਰ ਹਰਿਆਵਲ ਲਾਉਣ ਲਈ ਮਿਲਦੇ ਹਨ। ਕਿਸਾਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਹਨ।

     ਖੇਤੀ ਦੀਆਂ ਇਥੇ ਵੀ ਚਾਰ ਰੁੱਤਾਂ ਮੰਨੀਆਂ ਜਾਂਦੀਆਂ ਹਨ। ਫਾਲ (ਅੱਧ ਸਤੰਬਰ ਤੋਂ ਅੱਧ ਦਸੰਬਰ), ਵਿੰਟਰ ( ਅੱਧ ਦਸੰਬਰ ਤੋਂ ਫਰਬਰੀ), ਸਪਰਿੰਗ (ਮਾਰਚ ਤੋਂ ਜੁਲਈ) ਤੇ ਸਮਰ (ਜੁਲਈ ਤੋਂ ਸਤੰਬਰ)। ਜਿਵੇਂ ੬੯ ਫੀ ਸਦੀ ਇਲਾਕਾ ਖੇਤੀ ਯੋਗ ਹੈ ਪਰ ਸਿਰਫ ਕੁਲ ਕਾਮਾ-ਸ਼ਕਤੀ ਦਾ ਸਿਰਫ ਡੇੜ ਫੀ ਸਦੀ ਲੋਕ ਹੀ ਖੇਤੀ ਵਿੱਚ ਕੰਮ ਕਰਦੇ ਹਨ। ਤੇ ਮੁਲਕ ਦੀ ਕੁਲ ਆਮਦਨ ਦਾ ਪੌਣਾ ਕੁ ਫੀ ਸਦੀ ਹਿੱਸਾ ਹੀ ਖੇਤੀ ਦੀ ਆਮਦਨ ਬਣਦੀ ਹੈ। ਬ੍ਰਤਾਨੀਆ ਦੀ ਖੇਤੀ ਦੇ ਦੋ ਮੁੱਖ ਖੇਤਰ ਹਨ, ਫਸਲਬਾੜੀ ਤੇ ਪਸ਼ੂ-ਪਾਲਨ। ਪਸ਼ੂ-ਪਾਲਨ ਵਿੱਚ ਦੁੱਧ, ਮੀਟ, ਆਂਡੇ ਆ ਜਾਂਦੇ ਹਨ। ਬਹੁਤੇ ਕਿਸਾਨ ਇਕ ਖੇਤਰ ਨੂੰ ਮੁੱਖ ਰੱਖ ਕੇ ਖੇਤੀ ਕਰਦੇ ਹਨ, ਕਈ ਪਸ਼ੂ ਪਾਲਨ 'ਤੇ ਜ਼ੋਰ ਦਿੰਦੇ ਹਨ ਤੇ ਕਈ ਫਸਲਬਾੜੀ 'ਤੇ। ਪਰ ਕਈ ਦੋਵਾਂ ਖੇਤਰਾਂ ਵਿੱਚ ਖੇਤੀ ਕਰ ਰਹੇ ਹਨ। ਈਸਟ ਐਂਗਲੀਆ ਦਾ ਇਲਾਕਾ ਫਸਲਬਾੜੀ ਲਈ ਮਸ਼ਹੂਰ ਹੈ ਤੇ ਦੱਖਣ-ਪੱਛਮੀ ਇਲਾਕਾ ਪਸ਼ੂ-ਪਾਲਨ ਵਿੱਚ ਜ਼ਿਆਦਾ ਸਰਗਰਮ ਹੈ। ਤਕਰੀਬਨ ਸਵਾ ਦੋ ਲੱਖ ਫਾਰਮ ਹਨ, ਛੋਟੇ-ਵੱਡੇ। ਕਿਸਾਨਾਂ ਦੀ ਸਭ ਤੋਂ ਵੱਡੀ ਆਮਦਨ ਦੁੱਧ ਵਿੱਚੋਂ ਹੈ, ਦੂਜੇ ਨੰਬਰ 'ਤੇ ਕਣਕ ਵਿੱਚੋਂ ਤੇ ਤੀਜੇ ਨੰਬਰ 'ਤੇ ਪੋਲਟ੍ਰੀ-ਫਾਰਮਿੰਗ ਵਿੱਚੋਂ। ਮੁੱਖ ਫਸਲ ਕਣਕ, ਜੌਂ ਤੇ ਰੇਪਸੀਡ ਹਨ। ਜੜ੍ਹਾਂ ਵਾਲੀਆਂ ਕੁਝ ਸਬਜ਼ੀਆਂ ਜਿਵੇਂ ਆਲੂ, ਚਕੰਦਰ ਤੇ ਫਲਾਂ ਵਿੱਚੋਂ ਸੇਬ ਤੇ ਨਾਸ਼ਪਤੀ। ਇਵੇਂ ਮੋਟੇ ਤੌਰ 'ਤੇ ਵੀਹ ਕੁ ਕਿਸਮ ਦੇ ਉਤਪਾਦਨਾਂ ਵਿੱਚੋਂ ਕਿਸਾਨ ਦੀ ਆਮਦਨ ਗਿਣੀ ਜਾਂਦੀ ਹੈ। ਪਰ ਕਿਸਾਨ ਦੀ ਆਮਦਨ ਬਹੁਤ ਘੱਟ ਹੈ। ਜਦ ਕੁ ਔਰਗੈਨਿਕ ਸਬਜ਼ੀਆਂ ਦੀ ਮੰਗ ਵਧੀ ਤਾਂ ਕਿਸਾਨ ਦੀ ਆਮਦਨ ਨੂੰ ਵੀ ਫਰਕ ਪੈਣ ਲਗਿਆ ਸੀ ਪਰ ਨਾਂ ਬਰਾਬਰ। ਖੇਤੀ ਤੋਂ ਬਾਇਓਫਿਊਲ ਪੈਦਾ ਕਰਨ ਦੀਆਂ ਵੀ ਗੱਲਾਂ ਹੋਈਆਂ ਹਨ ਪਰ ਫਿਰ ਵੀ ਕਿਸਾਨ ਦੀ ਆਮਦਨ ਲਈ ਨਾਕਾਫੀ ਹੈ। ਬ੍ਰਤਾਨੀਆ ਦੇ ਕਿਸਾਨ ਸਕਿੱਲਡ ਹਨ, ਮਾਡਰਨ ਮਸ਼ੀਨਰੀ ਹੈ, ਵਧੀਆ ਫਰਟਲਾਈਜ਼ਰ ਤੇ ਬੀਜ, ਟਰੇਨਿੰਗ ਤੇ ਢੇਰ ਸਾਰੀਆਂ ਸਬਸਿਡਰੀਆਂ ਦੇ ਬਾਵਜੂਦ ਨਵੀਂ ਪੀੜ੍ਹੀ ਖੇਤੀ ਤੋਂ ਦੂਰ ਭੱਜ ਰਹੀ ਹੈ। ਖੇਤੀ ਕਰਨ ਵਾਲੇ ਕਿਸਾਨਾਂ ਦੀ ਔਸਤਨ ਉਮਰ ਸੱਠ ਸਾਲ ਹੈ, ਇਸੇ ਤੋਂ ਹੀ ਅੰਦਾਜ਼ਾ ਲਾ ਲਓ ਕਿ ਕਿੰਨੇ ਕੁ ਨਵੇਂ ਲੋਕ ਖੇਤੀ ਨਾਲ ਜੁੜ ਰਹੇ ਹਨ।

      ਖੇਤੀ ਤੋਂ ਭੱਜਦੇ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਫਾਰਮਾਂ ਦੇ ਇਕ ਇਕ ਏਕੜ ਜਾਂ ਅੱਧੇ ਅੱਧੇ ਏਕੜ ਦੇ ਪਲਾਟ ਬਣਾ ਕੇ ਵੇਚ ਦਿੱਤੇ ਹਨ। ਵੈਸੇ ਕਾਨੂੰਨਨ ਖੇਤੀ ਵਾਲੀ ਜ਼ਮੀਨ ਟੁਕੜੇ ਕਰਕੇ ਵੇਚੀ ਨਹੀਂ ਜਾ ਸਕਦੀ ਪਰ ਕਿਸੇ ਫਾਰਮ ਵਿੱਚ ਜੇ ਚਾਰ ਸਾਲ ਤੱਕ ਖੇਤੀ ਨਹੀਂ ਕੀਤੀ ਜਾਂਦੀ, ਜ਼ਮੀਨ ਨੂੰ ਖੇਤੀ ਲਈ ਅਯੋਗ ਕਹਿ ਕੇ ਵਿਕਰੀ 'ਤੇ ਲਈ ਜਾ ਸਕਦੀ ਹੈ। ਮੈਂ ਵੀ ਬਕਿੰਘਮਸ਼ਾਇਰ ਵਿੱਚ ਏਕੜ-ਏਕੜ ਦੇ ਦੋ ਪਲਾਟ ਖਰੀਦੇ ਹੋਏ ਹਨ। ਇਹ ਨਹੀਂ ਪਤਾ ਕਿ ਇਹ ਮੈਂ ਖਰੀਦੇ ਹਨ ਜਾਂ ਮੇਰੇ ਅੰਦਰਲੇ ਕਿਸਾਨ ਨੇ।

      ਬ੍ਰਤਾਨੀਆਂ ਆਪਣੀ ਲੋੜ ਜੋਗੀਆਂ ਮਸਾਂ ਸੱਠ ਕੁ ਫੀ ਸਦੀ ਚੀਜ਼ਾਂ ਹੀ ਪੈਦਾ ਕਰ ਸਕਦਾ ਹੈ। ਤੀਹ ਫੀਸਦੀ ਯੌਰਪ ਤੋਂ ਮਾਲ ਆਉਂਦਾ ਹੈ ਤੇ ਗਿਆਰਾਂ ਫੀਸਦੀ ਇੰਡੀਆ ਵਰਗੇ ਮੁਲਕਾਂ ਤੋਂ। ਬਹੁਤ ਸਾਰੀਆਂ ਅਜਿਹੀਆਂ ਫਸਲਾਂ ਹਨ ਜਿਹੜੀਆਂ ਬ੍ਰਤਾਨੀਆਂ ਵਿੱਚ ਪੈਦਾ ਨਹੀਂ ਹੋ ਸਕਦੀਆਂ, ਖਾਸ ਕਰਕੇ ਗਰਮ ਮੁਲਕਾਂ ਵਾਲੀਆਂ। ਬ੍ਰਤਾਨੀਆਂ ਵਿੱਚ ਬਹੁਤਾ ਸਮਾਂ ਠੰਡ ਹੀ ਰਹਿੰਦੀ ਹੈ ਇਸ ਕਰਕੇ ਬਹੁਤ ਸਾਰੀਆਂ ਸਬਜ਼ੀਆਂ ਬਾਹਰੋਂ ਆਉਂਦੀਆਂ ਹਨ। ਕੁਝ ਕਿਸਾਨ ਵੱਡੇ ਵੱਡੇ ਗਰੀਨ ਹਾਊਸ ਬਣਾ ਕੇ ਗਰਮ ਮੁਲਕਾਂ ਵਾਲੀਆਂ ਸਬਜ਼ੀਆਂ ਪੈਦਾ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਮਹਿੰਗੀਆਂ ਪੈਂਦੀਆਂ ਹਨ।...

     ਮੈਂ ਆਪਣੇ ਫਾਰਮ ਖਰੀਦਣ ਬਾਰੇ ਦੱਸ ਰਿਹਾ ਸਾਂ। ਮੈਂ ਤੇ ਟੌਮ ਏਜੰਟ ਨੂੰ ਮਿਲੇ। ਉਸ ਨੇ ਸਾਨੂੰ ਫਾਰਮ ਦਿਖਾਇਆ। ਮੇਰੇ ਲਈ ਸਭ ਕੁਝ ਠੀਕ ਸੀ ਪਰ ਏਜੰਟ ਸ਼ਾਇਦ ਖੁਸ਼ ਨਹੀਂ ਸੀ। ਉਸ ਨੇ ਮੇਰੇ ਬਾਰੇ ਤਫਸੀਲ ਵਿੱਚ ਪੁੱਛਿਆ ਤੇ ਕਿਹਾ ਕਿ ਇਸ ਮੁਲਕ ਵਿੱਚ ਖੇਤੀ ਲਈ ਫਾਰਮ ਖਰੀਦਣ ਤੋਂ ਪਹਿਲਾਂ ਇਥੋਂ ਦੀ ਖੇਤੀ ਦਾ ਤਜਰਬਾ ਹਾਸਲ ਕਰ ਲੈਣਾ ਚਾਹੀਦਾ ਹੈ ਕਿਉਂ ਇਹ ਇਹ ਖੇਤੀ ਇੰਡੀਆ ਦੀ ਖੇਤੀ ਤੋਂ ਬਿਲਕੁਲ ਭਿੰਨ ਹੈ। ਬਿਨਾਂ ਕਿਸੇ ਤਜਰਬੇ ਤੋਂ ਫਾਰਮ ਖਰੀਦ ਕੇ ਮੈਂ ਪੈਸੇ ਖਰਾਬ ਕਰ ਬੈਠਾਂਗਾ। ਖੇਤੀ ਪਰਿਵਾਰਕ ਵਿਓਪਾਰ ਵਾਂਗ ਹੈ ਤੇ ਮੈਂ ਉਸ ਵੇਲੇ ਹਾਲੇ ਵਿਆਹਿਆ ਵੀ ਨਹੀਂ ਸਾਂ। ਮੈਨੂੰ ਇਹ ਗੱਲ ਚੰਗੀ ਲੱਗੀ ਕਿ ਏਜੰਟ ਨੂੰ ਆਪਣੇ ਕਮਿਸ਼ਨ ਨਾਲੋਂ ਮੇਰਾ ਬਾਰੇ ਜ਼ਿਆਦਾ ਫਿਕਰ ਸੀ। ਫੈਸਲਾ ਹੋਇਆ ਕਿ ਹਾਲੇ ਮੈਂ ਹੋਰ ਘੁੰਮਾਂ ਫਿਰਾਂ, ਖੇਤੀ ਦਾ ਤਜਰਬਾ ਹਾਸਿਲ ਕਰਾਂ ਤੇ ਫਿਰ ਫਾਰਮ ਖਰੀਦਣ ਬਾਰੇ ਸੋਚਾਂ। ਉਹਨਾਂ ਦਿਨਾਂ ਵਿੱਚ ਹੀ ਮੈਂ ਉਤਰੀ ਲੰਡਨ ਵਿੱਚ ਸ਼ਰਾਬ ਦਾ ਸਟੋਰ ਖਰੀਦ ਲਿਆ। ਫਿਰ ਸਾਰੀ ਉਮਰ ਸ਼ਰਾਬ ਵੇਚਣ ਵਿੱਚ ਹੀ ਨਿਕਲ ਗਈ।

     ਹਾਂ, ਜਿਵੇਂ ਮੈਂ ਉਪਰ ਦੱਸਿਆ ਕਿ ਐਮਰਸ਼ੈਮ ਦੇ ਨੇੜੇ ਪੈਂਦੇ ਇਕ ਪਿੰਡ ਲੀਅ ਵਿੱਚ ਮੈਂ ਏਕੜ-ਏਕੜ ਦੇ ਦੋ ਪਲਾਟ ਸਸਤੇ ਭਾਅ ਦੇ ਲਏ ਹੋਏ ਹਨ। ਸੋਚ ਰਿਹਾ ਹਾਂ ਕਿ ਰਿਟਾਇਰ ਹੋ ਕੇ ਇਕ ਪਲਾਟ ਵਿੱਚ ਘਰ ਬਣਾਵਾਂਗਾ ਤੇ ਦੂਜੇ ਵਿੱਚ ਸਬਜ਼ੀਆਂ ਬੀਜਾਂਗਾ, ਮੁਰਗੀਆਂ ਰੱਖਾਂਗਾ, ਇਕ ਦੋ ਗਾਈਆਂ ਵੀ। ਵੈਸੇ ਰਿਟਾਇਰ ਹੋ ਕੇ ਕਰਨ ਵਾਲੇ ਕੰਮਾਂ ਦੀ ਲਿਸਟ ਬਹੁਤ ਲੰਮੀ ਹੈ।

5mail: harjeetatwal0hotmail.co.uk

Comments


bottom of page