top of page
  • Writer's pictureਸ਼ਬਦ

ਲੰਡਨ ਦੇ ਜਨ-ਜੀਵਨ ਦਾ ਅਹਿਮ ਹਿੱਸਾ: ਮੋਟਰਵੇਅ ਐਮ-25 /

ਹਰਜੀਤ ਅਟਵਾਲ /

ਤੁਸੀਂ ਜਿਸ ਸ਼ਹਿਰ ਜਾਂ ਪਿੰਡ ਵਿੱਚ ਰਹਿੰਦੇ ਹੋ ਉਸਦੀਆਂ ਇਮਾਰਤਾਂ, ਪਾਰਕਾਂ, ਸੜਕਾਂ ਆਦਿ ਨਾਲ ਖਾਸ ਮੋਹ ਜਿਹਾ ਹੋ ਜਾਂਦਾ ਹੈ। ਮੈਨੂੰ ਵੀ ਲੰਡਨ ਨਾਲ ਇਵੇਂ ਹੀ ਹੈ ਖਾਸ ਕਰਕੇ ਲੰਡਨ ਦੇ ਓਰਬਿਟਲ ਮੋਟਰਵੇਅ ਐਮ-25 ਨਾਲ। ਇਹ ਲੰਡਨ ਦੇ ਦੁਆਲੇ ਘੁੰਮਦੀ ਰਿੰਗ-ਰੋਡ ਹੈ ਤੇ ਲੰਡਨ ਦੇ ਜਨ-ਜੀਵਨ ਦੁਆਲੇ ਵੀ। ਇਸਨੂੰ ਅਸਮਾਨ ਵਿੱਚੋਂ ਦੇਖਿਆ ਜਾਵੇ ਤਾਂ ਇਹ ਲੰਡਨ ਦੁਆਲੇ ਹਾਰ ਜਿਹਾ ਜਾਪਦੀ ਹੈ। ਰਿੰਗ-ਰੋਡ ਤਾਂ ਹਰ ਸ਼ਹਿਰ ਵਿੱਚ ਹੁੰਦੇ ਹਨ ਪਰ ਲੰਡਨ-ਓਰਬਿਟ ਸਾਰੇ ਰਿੰਗ-ਰੋਡਾਂ ਤੋਂ ਹਟਵਾਂ ਹੈ। ਇਸ ਨੂੰ ਯੌਰਪ ਦੀ ਇਹ ਸਭ ਤੋਂ ਵੱਡੀ ਰਿੰਗ-ਰੋਡ ਵੀ ਕਿਹਾ ਜਾ ਸਕਦਾ ਹੈ। ਯੂਕੇ ਮੁਲਕ ਦਾ ਛੋਟਾ ਹੋਣਾ ਇਹ ਓਰਬਿਟਲ ਮੋਟਰਵੇਅ ਹੋਰ ਵੀ ਮਹੱਤਵਪੂਰਨ ਬਣਾ ਜਾਂਦਾ ਹੈ।

ਮੇਰੇ ਵਾਂਗ ਜੇ ਤੁਸੀਂ ਲੰਡਨ ਵਿੱਚ ਰਹਿੰਦੇ ਹੋ ਤੇ ਡਰਾਈਵਰ ਹੋ ਤਾਂ ਇਸ ਉਪਰ ਦੀ ਗੁਜ਼ਰਨ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੋਵੇਗਾ। ਤਕਰੀਬਨ ਹਰ ਰੋਜ਼ ਹੀ ਇਸਦੀ ਵਰਤੋਂ ਕਰਨੀ ਪਵੇਗੀ, ਚਾਹੇ ਕੰਮ ‘ਤੇ ਜਾਣਾ ਹੋਵੇ ਜਾਂ ਕਿਸੇ ਰਿਸ਼ਤੇਦਾਰ-ਦੋਸਤ ਨੂੰ ਮਿਲਣ। ਇਸ ਰੋਡ ਨੂੰ ਵਰਤਣ ਦਾ ਸੁੱਖਦ ਤਜਰਬਾ ਵੀ ਹੈ, ਦੁੱਖਦ ਵੀ। ਸੁੱਖਦ ਕਿ ਜੇ ਮੈਂ ਲੰਡਨ ਦੇ ਦੂਜੇ ਪਾਸੇ ਬਲਵੀਡੀਅਰ ਵਿੱਚ ਵਸਦੇ ਭੈਣ-ਭਣੋਈਏ ਨੂੰ ਮਿਲਣ ਜਾਣਾ ਹੋਵੇ ਤਾਂ ਲੰਡਨ ਵਿੱਚੋਂ ਦੀ ਮੇਰਾ ਸਫਰ ਮਸਾਂ ਤੀਹ ਕੁ ਮੀਲ ਹੋਵੇਗਾ ਤੇ ਐਮ-25 ਤੋਂ ਦੀ 75 ਮੀਲ ਦਾ ਪਰ ਲੰਡਨ ਵਿੱਚੋਂ ਦੀ ਲੰਘਣ ਲਈ ਢਾਈ-ਤਿੰਨ ਘੰਟੇ ਲੱਗ ਜਾਣਗੇ ਤੇ ਪੰਦਰਾਂ ਪੌਂਡ ਕੰਜੈਸ਼ਨ-ਚਾਰਜਜ ਵੀ ਤੇ ਐਮ-25 ਤੋਂ ਦੀ ਸਿਰਫ ਸਵਾ-ਘੰਟਾ ਲਗੇਗਾ। ਦੁੱਖਦ ਇਸ ਕਰਕੇ, ਜੇਕਰ ਇਸ ਮੋਟਰਵੇਅ ‘ਤੇ ਟਰੈਫਿਕ ਪੈ ਗਿਆ ਤਾਂ ਸਵਾ-ਘੰਟੇ ਦੀ ਥਾਂ ਕਈ ਘੰਟੇ ਵੀ ਲੱਗ ਸਕਦੇ ਹਨ। ਮੇਰੇ ਨਾਲ ਕਈ ਵਾਰ ਇਵੇਂ ਹੋਇਆ, ਕਿਸੇ ਪਾਰਟੀ ‘ਤੇ ਜਾਂਦਿਆਂ ਐਮ-25 ‘ਤੇ ਇਵੇਂ ਟਰੈਫਿਕ ਵਿੱਚ ਫਸਿਆ ਹਾਂ ਕਿ ਪਾਰਟੀ ਖਤਮ ਹੋਣ ਵੇਲੇ ਹੀ ਪੁੱਜ ਹੁੰਦਾ ਹੈ। ਇਹਨਾਂ ਈਸਟਰ ਦੀਆਂ ਛੁੱਟੀਆਂ ਵੇਲੇ ਐਮ-25 ਉਪਰ ਸਤਾਈ-ਮੀਲ ਲੰਮਾ ਜਾਮ ਲਗਿਆ ਹੋਇਆ ਸੀ। ਅੱਠ-ਘੰਟੇ ਲੱਗ ਗਏ ਸਨ ਇਸਨੂੰ ਕਲੀਅਰ ਹੋਣ ਲਈ। ਇਹ ਯੂਕੇ ਦਾ ਸਭ ਤੋਂ ਵੱਧ ਜਾਮ ਲਗਣ ਵਾਲਾ ਮੋਟਰਵੇਅ ਹੈ। ਜਦ ਇਹ ਬਣਾਇਆ ਗਿਆ ਸੀ ਤਾਂ ਇਸਦੀ ਕੈਪਸਿਟੀ ਇਕ ਲੱਖ ਵਾਹਨਾਂ ਦੀ ਸੀ ਪਰ ਜਲਦੀ ਹੀ ਇਸ ਉਪਰੋਂ ਦੀ ਦੋ ਲੱਖ ਵਾਹਨ ਲੰਘਣ ਲਗੇ ਤੇ ਇਸਨੂੰ ਅਪਗਰੇਡ ਕਰਨਾ ਪਿਆ। ਅਪਗਰੇਡ ਤਾਂ ਇਸ ਨੂੰ ਹਾਲੇ ਤੱਕ ਕੀਤਾ ਜਾ ਰਿਹਾ ਹੈ। ਹੁਣ ਇਸਨੂੰ ਸਮਾਰਟ ਮੋਟਰਵੇਅ ਬਣਾਇਆ ਜਾ ਰਿਹਾ ਹੈ।

ਅੰਦਰਲੇ-ਲੰਡਨ ਵਿੱਚ ਰਿੰਗ-ਰੋਡ ਹੈ ਹੀ ਸੀ, ਟਰੈਫਿਕ ਵਧਣ ਨਾਲ ਵੱਡੇ-ਲੰਡਨ ਦੁਆਲੇ ਨਵਾਂ ਰਿੰਗ-ਰੋਡ ਬਣਾਇਆ ਗਿਆ। ਜਿਸਨੂੰ ਥੇਮਜ਼ ਦਰਿਆ ਦੇ ਉਤਰ ਵਿੱਚ ਨੌਰਥ-ਸਰਕੂਲਰ ਰੋਡ ਆਖਦੇ ਹਨ ਤੇ ਦੱਖਣ ਵਿੱਚ ਸਾਊਥ-ਸਰਕੂਲਰ ਰੋਡ। ਟਰੈਫਿਕ ਦੇ ਵਧਣ ਨਾਲ ਇਹ ਛੋਟੇ ਪੈਣ ਲੱਗ ਪਿਆ ਤੇ ਐਮ-25 ਬਣਾਉਣਾ ਪਿਆ। ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੇ ਇਸਨੂੰ 1986 ਵਿੱਚ ਖੋਹਲਿਆ ਸੀ। ਇਹ ਥੇਮਜ਼ ਦਰਿਆ ਦੇ ਦੱਖਣ ਵੱਲੋਂ ਡਾਰਟਫੋਰਟ-ਕਰੌਸਿੰਗ ਤੋਂ ਸ਼ੁਰੂ ਹੁੰਦਾ ਹੈ ਤੇ ਬਾਹਰੋ-ਬਾਹਰ ਪੂਰਾ ਲੰਡਨ ਵਗਲ਼ ਕੇ, 117 ਮੀਲ ਦਾ ਓਰਬਿਟ ਬਣਾਉਂਦਾ ਹੋਇਆ ਥੇਮਜ਼ ਦੇ ਉਤਰ ਵੱਲ ਥਰੱਕ ਸ਼ਹਿਰ ਵਿੱਚ ਆਕੇ ਜੁੜ ਜਾਂਦਾ ਹੈ। ਡਾਰਟਫੋਰਡ ਕਰੌਸਿੰਗ ਦੇ ਨੇੜੇ ਆਕੇ ਇਹ ਮੋਟਰਵੇਅ ਨਹੀਂ ਰਹਿੰਦਾ ਬਲਕਿ ਟਰੰਕ-ਰੋਡ ਬਣ ਜਾਂਦਾ ਹੈ ਤੇ ਇਸਦਾ ਨਾਂ ਵੀ ਏ-282 ਹੋ ਜਾਂਦਾ ਹੈ। ਇਸ ਥੋੜੀ ਜਿਹੀ ਜਗਾਹ ਵਿੱਚ ਮੋਟਰਵੇਅ ਵਾਲੇ ਕਾਨੂੰਨ ਲਾਗੂ ਨਹੀਂ ਹੁੰਦੇ। ਇਸਦਾ 117 ਮੀਲ ਦਾ ਸਫਰ ਜੇ ਤੁਸੀਂ ਲਗਾਤਾਰ ਸੱਤਰ ਮੀਲ ਦੀ ਪ੍ਰਵਾਨਿਤ-ਸਪੀਡ ‘ਤੇ ਚਲਦੇ ਜਾਵੋਂ ਤਾਂ ਇਕ-ਘੰਟੇ ਤੇ ਚਾਲੀ-ਮਿੰਟ ਵਿੱਚ ਤੈਅ ਕਰ ਸਕਦੇ ਹੋ। ਇਸਦੇ ਦੋਨਾਂ ਪਾਸਿਆਂ ਦੇ ਸਫਰ ਨੂੰ ‘ਕਲੌਕਵਾਈਜ਼’ ਤੇ ‘ਐਂਟਕਲੌਕਵਾਈਜ਼’ ਕਿਹਾ ਜਾਂਦਾ ਹੈ।

ਦੂਜੇ-ਮਹਾਂਯੁੱਧ ਤੋਂ ਪਹਿਲਾਂ ਯੂਕੇ ਵਿੱਚ ਕੋਈ ਮੋਟਰਵੇਅ ਨਹੀਂ ਸੀ। ਪਹਿਲਾ ਮੋਟਰਵੇਅ 1958 ਵਿੱਚ ਬਣਦਾ ਹੈ। ਕਹਿੰਦੇ ਹਨ ਕਿ ਯੁੱਧ ਵਿਨਾਸ਼ ਦੇ ਨਾਲ-ਨਾਲ ਤਰੱਕੀ ਦਾ ਕਾਰਨ ਵੀ ਬਣਦੇ ਹਨ। ਯੌਰਪ ਜਾਂ ਘੱਟੋ-ਘੱਟ ਯੂਕੇ ਨਾਲ ਜ਼ਰੂਰ ਇਵੇਂ ਹੋਇਆ ਹੈ, ਇਥੇ ਬਹੁਤੀ ਤਰੱਕੀ ਦੂਜੇ-ਮਹਾਂਯੁੱਧ ਤੋਂ ਬਾਅਦ ਦੀ ਹੀ ਹੈ। ਦੂਜਾ-ਮਹਾਂਯੁੱਧ ਖਤਮ ਹੁੰਦਿਆਂ ਹੀ ਪੈਟਰਿਕ ਐਬਰਕਰੌਂਬੀ ਨਾਂ ਦੇ ਬੰਦੇ ਨੇ ਲੰਡਨ-ਓਰਬਿਟਲ ਮੋਟਰਵੇਅ ਦਾ ਨਕਸ਼ਾ ਬਣਾਇਆ ਜਿਸਨੇ ਲੰਡਨ ਵਿੱਚੋਂ ਨਿਕਲਣ ਵਾਲੇ ਹਰ ਮੋਟਰਵੇਅ ਨੂੰ ਆਪਸ ਵਿੱਚ ਜੋੜਨਾ ਸੀ। ਇਹ ਨਕਸ਼ਾ ਸਰਕਾਰ ਵਲੋਂ ਮਨਜ਼ੂਰ ਕਰ ਲਿਆ ਗਿਆ ਸੀ ਪਰ ਇਸਨੂੰ ਅਮਲੀ-ਜਾਮਾ ਪਹਿਨਾਉਣ ਲਈ ਬਹੁਤ ਦੇਰ ਲੱਗ ਗਈ। ਇਸਨੂੰ ਬਣਾਉਣ ਦਾ ਕੰਮ 1975 ਵਿੱਚ ਹੋਇਆ। ਇਸਨੂੰ ਟੋਟਿਆਂ ਵਿੱਚ ਬਣਾਇਆ ਗਿਆ। ਇਹ ਮੋਟਰਵੇਅ ਲੰਡਨ ਦੇ ਦੁਆਲੇ ਉਲੀਕੀ ਗਈ ਗਰੀਨ-ਬੈਲਟ ਵਿੱਚ ਦੀ ਲੰਘਦਾ ਸੀ, ਗਰੀਨ-ਬੈਲਟ ਉਪਰ ਨਵੀਂ ਡਿਵੈਲਪਮੈਂਟ ਹੋਣ ਦੀ ਮਨਾਹੀ ਹੈ। ਇਸ ਲਈ ਨੌਰਥ ਡਾਊਨਜ਼ ਤੇ ਇਪਿੰਗ ਫੌਰੇਸਟ ਵਿੱਚ ਇਸਨੂੰ ਲੰਘਾਉਣ ਲਈ ਟਨਲਜ਼ ਬਣਾਉਣੇ ਪਏ। ਇਵੇਂ ਇਸ ਮੋਟਰਵੇਅ ਨੂੰ ਬਣਾਉਣ ਵਿੱਚ ਚੌਦਾਂ ਸਾਲ ਲੱਗ ਗਏ। ਇਸ ਦੀਆਂ ਇਕ ਪਾਸੇ ਦੀਆਂ ਦੋ ਤੋਂ ਲੈ ਕੇ ਛੇ ਲਾਈਨਾਂ ਹਨ। 909 ਮਿਲੀਅਨ ਪੌਂਡ ਇਸਨੂੰ ਬਣਾਉਣ ‘ਤੇ ਖਚਰ ਆਏ, ਇਹ ਖਰਚਾ ਸਾਢੇ-ਸੱਤ ਮਿਲੀਅਨ-ਪੌਂਡ ਫੀ-ਮੀਲ ਪੈਂਦਾ ਹੈ। ਇਸ ਉਪਰ ਦਸ ਹਜ਼ਾਰ ਸਟਰੀਟ-ਲਾਈਟਾਂ ਹਨ, ਕਿੰਨੇ ਸਾਰੇ ਹੀ ਪੌਲੂਸ਼ਨ ਨੂੰ ਰੋਕਣ ਵਾਲੇ ਵੌਲਵ ਹਨ, ਪਾਣੀ ਦੇ ਵਆਹ ਲਈ ਵਿਸ਼ੇਸ਼ ਇੰਤਜ਼ਾਮ ਹਨ।

ਇਸ ਮੋਟਰਵੇਅ ਦੇ ਬਣਦਿਆਂ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ ਕਿ ਲੰਡਨ ਦੇ ਟਰੈਫਿਕ ਉਪਰ ਕਾਬੂ ਪਾ ਲਿਆ ਜਾਵੇਗਾ ਪਰ ਛੇਤੀ ਹੀ ਪਤਾ ਚੱਲ ਗਿਆ ਕਿ ਇਹ ਨਾਕਾਫੀ ਹੈ। ਅਸਲ ਵਿੱਚ ਇਸ ਮੋਟਰਵੇਅ ਵਿੱਚ ਇਕ ਨੁਕਸ ਇਹ ਹੈ ਕਿ ਇਸ ਦੇ ਬਹੁਤ ਸਾਰੇ ਜੰਕਸ਼ਨ ਅਜਿਹੇ ਹਨ ਜੋ ਪ੍ਰਮੁੱਖ ਟਰੈਫਿਕ ਨਾਲ ਡੀਲ ਨਾ ਕਰਕੇ ਲੋਕਲ ਟਰੈਫਿਕ, ਦਫਤਰਾਂ ਜਾਂ ਰਿਟੇਲ ਡਿਵੈਲਪਮੈਂਟ ਲਈ ਵਰਤੇ ਜਾਂਦੇ ਹਨ ਜੋ ਬਾਕੀ ਦੇ ਟਰੈਫਿਕ ਲਈ ਅੜਿੱਕਾ ਬਣਦੇ ਹਨ। ਇਸਦਾ ਹੱਲ ਲੱਭਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਕ ਕੋਸ਼ਿਸ਼ ਇਸਨੂੰ ਸਮਾਰਟ ਮੋਟਰਵੇਅ ਬਣਾਉਣ ਦੀ ਹੈ। ਸਮਾਰਟ ਮੋਟਰਵੇਅ ਇਕੀਵੀਂ ਸਦੀ ਦੀ ਕਾਢ ਹੈ ਜਾਣੀ ਕਿ ਭੀੜ ਨੂੰ ਘਟਾਉਣ ਲਈ ਕੰਟਰੋਲਡ ਮੋਟਰਵੇਅ। ਇਸ ਟੈਕਨੀਕ ਨੂੰ ‘ਐਕਟਿਵ ਟਰੈਫਿਕ ਮੈਨੇਜਮੈਂਟ’ ਕਿਹਾ ਜਾਂਦਾ ਹੈ। ਇਸ ਟੈਕਨੀਕ ਅਨੁਸਾਰ ਟਰੈਫਿਕ ਨੂੰ ਲੋੜ ਦੇ ਹਿਸਾਬ ਨਾਲ ਸਪੀਡ ਘਟਾ-ਵਧਾ ਦਿੱਤੀ ਜਾਂਦੀ ਹੈ ਤੇ ਇਸਦਾ ਹਾਰਡ-ਸ਼ੋਲਡਰ ਭਾਵ ਵਾਧੂ ਰੋਡ ਜੋ ਖਰਾਬ ਕਾਰਾਂ ਲਈ ਹੁੰਦੀ ਹੈ, ਨੂੰ ਵੀ ਮੇਨ-ਟਰੈਫਿਕ ਲਈ ਵਰਤਿਆ ਜਾਂਦਾ ਹੈ। ਸਕੌਟਲੈਂਡ ਵਿੱਚ ਇਸਨੂੰ ‘ਇੰਟੈਲੀਜੈਂਟ ਟਰਾਂਸਪੋਰਟ ਸਿਸਟਮ’ ਕਿਹਾ ਜਾਂਦਾ ਹੈ। ਇਹ ਸਿਸਟਮ ਕਿੰਨਾ ਕੁ ਕਾਮਯਾਬ ਹੁੰਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਇਸ ਦੀ ਆਲੋਚਨਾ ਬਹੁਤ ਹੋ ਰਹੀ ਹੈ।

ਐਮ-25 ਬਣਦਿਆਂ ਸਾਰ ਹੀ ਇਸ ਲਈ ਵੀ ਚਰਚਾ ਵਿੱਚ ਆ ਗਿਆ ਸੀ ਕਿ ਥਾਂ-ਥਾਂ ਜਾਮ ਲਗਣ ਲੱਗੇ ਸਨ। ਅਖ਼ਬਾਰਾਂ ਵਾਲੇ ਇਸਦੀ ਆਲੋਚਨਾ ਕਰ ਰਹੇ ਸਨ। ਇਸਦਾ ਮਜ਼ਾਕ ਉਡਾਉਂਦੇ ਅਖ਼ਬਾਰਾਂ ਵਾਲੇ ਇਸਦੇ ਅਜੀਬ-ਅਜੀਬ ਨਾਂ ਰੱਖਣ ਲੱਗੇ ਸਨ। ਕੋਈ ਕਾਰਾਂ ਰੁਕੀਆਂ ਰਹਿਣ ਕਾਰਨ ਇਸ ਨੂੰ ਯੂਕੇ ਦਾ ਸਭ ਤੋਂ ਵੱਡਾ ਕਾਰ-ਪਾਰਕ ਕਹਿੰਦਾ ਤੇ ਕੋਈ ਇਸਨੂੰ ਘਰਾਂ ਵਿੱਚ ਲੜਾਈ ਕਰਾਉਣ ਦਾ ਸਾਧਨ। ਕੋਈ ਇਸਨੂੰ ਮਿੱਥਕ-ਸ਼ੈਤਾਨ ਦਾ ‘ਸੀਗਿਲ’ ਵੀ ਆਖਦਾ। ਸੀਗਿਲ ਸ਼ੈਤਾਨ ਦਾ ਐਮ-25 ਵਰਗਾ ਗੋਲ ਨਿਸ਼ਾਨ ਹੈ ਜਿਸ ਨਾਲ ਉਹ ਜਾਦੂ ਕਰਦਾ ਹੈ।

ਐਮ-25 ਅਜਿਹੀ ਰੋਡ ਹੈ ਜਿਸ ਬਾਰੇ ਕਈ ਮਿੱਥਾਂ ਬਣ ਗਈਆਂ ਹਨ। ਕਿਹਾ ਜਾਂਦਾ ਹੈ ਕਿ ਇਸਦੇ ਹੇਠਾਂ ਗੈਂਗਲੈਂਡ ਦੀਆਂ ਲੜਾਈਆਂ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੱਬੀਆਂ ਹੋਈਆਂ ਹਨ। ਇਹ ਵੀ ਮਿੱਥ ਹੈ ਕਿ ਇਸ ਉਪਰ ਕਾਰ ਚਲਾਉਣ ਵੇਲੇ ਡਰਾਈਵਰਾਂ ਨੂੰ ਗੁੱਸਾ ਬਹੁਤ ਆਉਂਦਾ ਹੈ ਤੇ ਇਸ ਗੁੱਸੇ ਵਿੱਚ ਸ਼ੈਤਾਨ ਦਾ ਹੱਥ ਹੈ। ਕਿਉਂਕਿ ਇਸ ਦਾ ਨਕਸ਼ਾ ਸ਼ੈਤਾਨ ਦੇ ਸੀਗਿਲ ਨਾਲ ਮਿਲਦਾ ਹੈ ਇਸ ਲਈ ਇਸਨੂੰ ਬਣਾਉਣ ਵਿੱਚ ਸ਼ੈਤਾਨ ਦਾ ਦਖਲ ਹੈ। ਐਮ-25 ਬਾਰੇ ਲਿਖੇ ਇਕ ਨਾਵਲ ‘ਗੁੱਡ ਓਮੈਂਟ’ ਵਿੱਚ ਕਰੌਲੀ ਨਾਂ ਦਾ ਇਕ ਕਿਰਦਾਰ ਇਨਸਾਨਾਂ ਦੇ ਮਨਾਂ ਵਿੱਚ ਨਿਰਾਰਥਕਤਾ ਪੈਦਾ ਕਰਦਾ ਹੈ। ਕਰਿਸ ਰੀਆ ਨਾਂ ਦੇ ਇਕ ਗਾਇਕ ਨੇ ਇਸ ਬਾਰੇ ਇਕ ਗੀਤ ਵੀ ਬਣਾਇਆ ਸੀ ਜਿਸਦਾ ਨਾਂ ਸੀ, ‘ਦਾ ਰੋਡ ਟੂ ਹੈੱਲ’ (ਨਰਕ ਵੱਲ ਜਾਂਦੀ ਸੜਕ)। ਪਰ ਇਸਦੇ ਆਲੇ-ਦੁਆਲੇ ਵਸਦੇ ਲੋਕ ਇਸਨੂੰ ਸ਼ੁੱਭ-ਸ਼ਗਨ ਮੰਨਦੇ ਹਨ। ਉਹ ਇਸਨੂੰ ‘ਇਲੈਕਟਰਿਕ ਡੂਓ ਓਰਬੀਟਲ’ ਕਹਿੰਦੇ ਹਨ ਜਿਸ ਕਾਰਨ ਉਹ ਸੰਗੀਤਕ ਤੇ ਡਾਂਸ-ਪਾਰਟੀਆਂ ਵਿੱਚ ਜਲਦੀ ਪੁੱਜ ਸਕਦੇ ਹਨ।

ਫਿਪਨ ਰੋਏ ਨਾਂ ਦੇ ਬੰਦੇ ਨੇ 2005 ਵਿੱਚ ‘ਟਰੈਵਲਿੰਗ ਐਮ-25 ਕਲੌਕਵਾਈਜ਼’ ਕਿਤਾਬ ਲਿਖੀ ਸੀ। ਈਅਨ ਸਿੰਕਲੇਅਰ ਨੇ 2002 ਵਿੱਚ ‘ਲੰਡਨ ਓਰਬੀਟਲ’ ਨਾਂ ਦੀ ਕਿਤਾਬ ਲਿਖੀ ਤੇ ਫਿਲਮ ਵੀ ਬਣਾਈ। ਉਸਨੇ ਇਕ ਸਾਲ ਐਮ-25 ਦੇ ਨਾਲ-ਨਾਲ ਤੁਰ ਕੇ ਇਸ ਨੇੜੇ ਦੀਆਂ ਖਾਸ ਜਗਾਵਾਂ ਦੀ ਜਾਣਕਾਰੀ ਦਿੰਦੀ ਇਹ ਫਿਲਮ ਬਣਾਈ ਸੀ। ਵੈਸੇ ਐਮ-25 ਦੇ ਆਲੇ-ਦੁਆਲੇ ਦੀਆਂ ਜਗਾਵਾਂ ਦਾ ਟੂਰ ਕਰਾਉਂਦੀ ‘ਬਰਾਈਟਨ ਐਂਡ ਹੋਵ’ ਕੰਪਨੀ ਦੀ ਇਕ ਬੱਸ ਵੀ ਚਲਦੀ ਹੈ। ਇਹ ਸੇਵਾ 2012 ਵਿੱਚ ਸ਼ੁਰੂ ਹੋਈ ਸੀ।

ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਮੋਟਰਵੇਆਂ ਦੇ ਉਪਰ ਦੀ ਲੰਘਦੇ ਪੁੱਲਾਂ ‘ਤੇ ਅਕਸਰ ਮਨਚਲੇ ਗਰੈਫਿਟੀ ਕਰ ਜਾਂਦੇ ਹਨ ਕਿ ਕੁਝ ਨਾ ਕੁਝ ਲਿਖ ਜਾਂਦੇ ਹਨ ਜਾਂ ਕੋਈ ਤਸਵੀਰ ਬਣਾ ਜਾਂਦੇ ਹਨ। ਐਮ-25 ਉਪਰ ਵੀ ਅਜਿਹੀ ਹੀ ਗਰੈਫਿਟੀ ਕਰ ਦਿੱਤੀ ਗਈ ਸੀ ਜੋ ਬਹੁਤ ਮਸ਼ਹੂਰ ਹੋਈ ਸੀ, ਏਨੀ ਮਸ਼ਹੂਰ ਕਿ ਸੋਸ਼ਲ ਮੀਡੀਏ ਉਪਰ ਇਸਦੇ ਗਰੁੱਪ ਬਣ ਗਏ ਸਨ। ਫਿਰ ਕੀ ਸੀ ਕਿ ਲੋਕ ਸਿਰਫ ਇਸ ਗਰੈਫਿਟੀ ਨੂੰ ਦੇਖਣ ਲਈ ਹੀ ਇਥੋਂ ਦੀ ਲੰਘਦੇ। ਜੰਕਸ਼ਨ ਸੋਲਾਂ ਤੇ ਸਤਾਰਾਂ ਦੇ ਵਿਚਕਾਰ ਚੈਲਫੈਂਟ ਵਾਇਡੱਕਟ, ਰੇਲਵੇ ਪੁੱਲ ਪੈਂਦਾ ਹੈ, ਇਸ ਪੁੱਲ ਉਪਰ ਕਿਸੇ ਨੇ ਮੋਟੇ ਅੱਖਰਾਂ ਵਿੱਚ ਲਿਖ ਦਿੱਤਾ ਸੀ, ‘ਗਿਵ ਪੀਜ਼ ਏ ਚਾਂਸ’। ਇਹ ਬੀਟਲ ਗਰੁੱਪ ਦੇ ਮਸ਼ਹੂਰ ਗਾਇਕ ਜੌਹਨ ਲੈਨਿਨ ਦੇ ਇਕ ਗੀਤ ਦੀ ਪੈਰੋਡੀ ਸੀ। ਉਸਦਾ ਬਹੁਤ ਹੀ ਹਰਮਨ-ਪਿਆਰਾ ਗੀਤ ਸੀ, ‘ਗਿਵ ਪੀਸ ਏ ਚਾਂਸ’ ਭਾਵ ਸ਼ਾਂਤੀ ਨੂੰ ਇਕ ਮੌਕਾ ਦਿਓ ਤੇ ਕਿਸੇ ਸ਼ਰਾਰਤੀ ਦਿਮਾਗ ਨੇ ਇਸਨੂੰ ‘ਗਿਵ ਪੀਜ਼ ਏ ਚਾਂਸ’ ਬਣਾ ਦਿੱਤਾ। 2018 ਵਿੱਚ ਕਿਸੇ ਹੋਰ ਸ਼ਰਾਰਤੀ ਨੇ ਇਸ ਗਰੈਫਿਟੀ ਨੂੰ ਖਰਾਬ ਕਰ ਦਿੱਤਾ। ਗਰੈਫਿਟੀ ਦੇ ਪਰਸੰਸਕਾਂ ਵਲੋਂ ਰੇਲਵੇ-ਵਿਭਾਗ ਨੂੰ ਇਹ ਲਾਈਨ ਦੁਬਾਰਾ ਲਿਖਣ ਦੀ ਬੇਨਤੀ ਕੀਤੀ ਗਈ ਪਰ ਰੇਲਵੇ ਨੇ ਬੇਨਤੀ ਪਰਵਾਨ ਨਾ ਕੀਤੀ ਕਿਉਂਕਿ ਰੇਲਵੇ-ਪੁੱਲ ਦਾ ਇਹ ਸੁਰਖਿਅਤ ਲਾਂਘਾ ਆਮ ਲੋਕਾਂ ਲਈ ਖਤਰਨਾਕ ਸਿੱਧ ਹੋ ਸਕਦਾ ਸੀ।

ਇਹ ਮੋਟਰਵੇਅ ਕਾਰਾਂ ਦੀ ਦੌੜ ਵਾਲੇ ਰੇਸ-ਟਰੈਕ ਵਰਗਾ ਹੈ ਤੇ ਕਿਸੇ ਵੇਲੇ ਇਥੇ ਕਾਰਾਂ ਦੀਆਂ ਦੌੜਾਂ ਲਗਦੀਆਂ ਵੀ ਰਹੀਆਂ ਹਨ। ਹਾਲਾਂਕਿ ਇਹ ਦੌੜਾਂ ਗੈਰਕਾਨੂੰਨੀ ਹੁੰਦੀਆਂ ਸਨ ਪਰ ਲੋਕ ਇਸ ਵਿੱਚ ਬਹੁਤ ਦਿਲਚਸਪੀ ਦਿਖਾਉਂਦੇ ਸਨ। ਜਿੱਤਣ ਵਾਲੇ ਨੂੰ ਸ਼ੈਪੇਨ ਦੀ ਬੋਤਲ ਦਿੱਤੀ ਜਾਂਦੀ ਸੀ। ਇਹਨਾਂ ਦੋੜਾਂ ਲਈ ਐਮ-25 ਕਲੱਬ ਬਣਾਈ ਗਈ ਸੀ। ਇਹ ਦੌੜ ਅੱਧੀ ਰਾਤ ਨੂੰ ਸ਼ੁਰੂ ਹੁੰਦੀ ਤੇ ਇਕ ਘੰਟੇ ਦੀ ਹੁੰਦੀ। ਇਸ ਵਿੱਚ ਕਾਰ ਦੀ ਔਸਤਨ ਸਪੀਡ 117 ਮੀਲ ਹੁੰਦੀ। ਇਹ ਦੌੜ ‘ਸਾਊਥ ਮਿਮਜ਼ ਸਰਵਿਸ ਸਟੇਸ਼ਨ’ ਤੋਂ ਸ਼ੁਰੂ ਹੋਕੇ ਉਥੇ ਹੀ ਆਕੇ ਖਤਮ ਹੁੰਦੀ। ਡਾਰਟਫੋਰਡ-ਕਰਾਸਿੰਗ ਲਈ ਕੁਝ ਵਾਧੂ ਸਮਾਂ ਰੱਖਿਆ ਜਾਂਦਾ। ਐਮ-25 ਕਲੱਬ ਵਲੋਂ ਸਥਾਨਕ-ਅਖ਼ਬਾਰਾਂ ਵਿੱਚ ਇਸ ਰੇਸ ਬਾਰੇ ਮਸ਼ਹੂਰੀ ਵੀ ਦਿੱਤੀ ਜਾਂਦੀ ਪਰ ਅਮੀਰਾਂ ਦੀ ਖੇਡ ਹੋਣ ਕਰਕੇ ਪੁਲੀਸ ਅਣਗੌਲ ਜਾਂਦੀ। ਇਹ ਦੌੜਾਂ ਓਨਾ ਚਿਰ ਚਲਦੀਆਂ ਰਹੀਆਂ ਜਦ ਤੱਕ ਵਾਹਨਾਂ ਦੀ ਤੇਜ਼-ਰਫਤਾਰ ਫੜਨ ਵਾਲੇ ਯੰਤਰ ਈਜਾਦ ਨਹੀਂ ਹੋ ਗਏ।

ਅੱਜਕੱਲ੍ਹ ਪ੍ਰਦਸ਼ਨਕਾਰੀਆਂ ਨੇ ਐਮ-25 ਦਾ ਟਰੈਫਿਕ ਜਾਮ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੋਇਆ ਹੈ। ਪਰੈੱਸ ਤੇ ਲੋਕਾਂ ਦਾ ਧਿਆਨ ਖਿੱਚਣ ਲਈ ਕੁਝ ਲੋਕ ਇਥੇ ਆਕੇ ਧਰਨਾ ਲਾ ਲੈਂਦੇ ਹਨ, ਕਈ ਤਾਂ ਆਪਣੇ ਆਪ ਨੂੰ ਗਲੂ ਲਾਕੇ ਮੋਟਰਵੇਅ ਨਾਲ ਜੋੜ ਲੈਂਦੇ ਹਨ। ਪਿੱਛੇ ਜਿਹੇ ਡੇੜ ਸੌ ਤੋਂ ਵੱਧ ਅਜਿਹੇ ਪ੍ਰਦਸ਼ਨਕਾਰੀ ਫੜੇ ਗਏ ਸਨ, ਹੁਣ ਉਹਨਾਂ ਉਪਰ ਮੁਕੱਦਮੇ ਚੱਲ ਰਹੇ ਸਨ, ਪਰ ਇਸ ਮੁਲਕ ਦੇ ਨਰਮ-ਕਾਨੂੰਨ ਹੋਣ ਕਰਕੇ ਉਹਨਾਂ ਨੂੰ ਕੁਝ ਨਹੀਂ ਹੋਣ ਲੱਗਾ।

ਕੁਝ ਵੀ ਹੋਵੇ ਪਰ ਇਸ ਮੋਟਰਵੇਅ ‘ਤੇ ਡਰਾਈਵ ਕਰਨ ਦਾ ਵੱਖਰਾ ਹੀ ਅਨੁਭਵ ਹੈ।


Comments


bottom of page