ਇਵੇਂ ਹੋਈਆਂ ਸਨ ਓਲਿੰਪਕ ਖੇਡਾਂ /
ਹਰਜੀਤ ਅਟਵਾਲ/
ਅੱਜਕੱਲ੍ਹ ਖ਼ਬਰਾਂ ਵਿੱਚ ਓਲਿੰਪਕ-ਖੇਡਾਂ ਛਾਈਆਂ ਹੋਈਆਂ ਹਨ। ਹੁਣੇ ਖਤਮ ਹੋਈਆਂ ਹਨ। ਜੇਤੂ ਖਿਡਾਰੀ ਤਮਗੇ ਲੈ ਗਏ, ਬਹੁਤ ਸਾਰੇ ਨਿਰਾਸ਼ ਵੀ ਮੁੜੇ ਪਰ ਉਹ ਉਸ ਮੁਕਾਮ ਤੱਕ ਤਾਂ ਪਹੁੰਚੇ, ਇਹੀ ਬਹੁਤ ਹੈ। ਭਾਵੇਂ ਭਾਰਤ ਦੇ ਹਿੱਸੇ ਕਦੇ ਆਬਾਦੀ ਦੀ ਅਨੁਪਾਤ ਅਨੁਸਾਰ ਤਮਗੇ ਨਹੀਂ ਆਏ ਪਰ ਸਾਡੇ ਐਥਲੀਟਸ ਹਮੇਸ਼ਾ ਹੀ ਜੀ-ਜਾਨ ਲੜਾਉਂਦੇ ਹਨ। ਬਹੁਤ ਸਾਰੇ ਤਮਗੇ ਹਾਸਿਲ ਵੀ ਕੀਤੇ ਹਨ। ਜੈਵਲਿੰਗ ਥਰੋ ਵਿੱਚ ਸੋਨੇ ਦਾ ਤਮਗਾ ਬਹੁਤ ਵੱਡੀ ਗੱਲ ਹੈ। ਕੁੜੀਆਂ ਦੀ ਹਾਕੀ ਦਾ ਉਪਰਲੀਆਂ ਚਾਰ ਟੀਮਾਂ ਵਿੱਚ ਆ ਜਾਣਾ ਵੀ ਛੋਟੀ ਗੱਲ ਨਹੀਂ। ਮੁੰਡਿਆਂ ਦੀ ਹਾਕੀ ਵੀ ਮੁੜ ਸੁਰਜੀਤ ਹੋ ਰਹੀ ਹੈ। ਓਲਿੰਪਕ-ਖੇਡਾਂ ਦਾ ਮਹਤੱਵ ਜਿੱਤਣਾ ਹੀ ਨਹੀਂ ਸਗੋਂ ਭਾਗ ਲੈਣਾ ਵੀ ਹੈ। ਬਹੁਤ ਸਾਰੇ ਬਦਕਿਸਮਤ ਦੇਸ਼ ਓਲਿੰਪਕ ਲਈ ਕੁਆਲੀਫਾਈਡ ਵੀ ਨਹੀਂ ਕਰ ਸਕਦੇ।
ਆਪਾਂ ਸਾਰੇ ਜਾਣਦੇ ਹਾਂ ਕਿ ਹਰ ਚਾਰ ਸਾਲ ਬਾਅਦ ਲੀਪ-ਯੀਅਰ ਨੂੰ ਇਹ ਖੇਡਾਂ ਹੁੰਦੀਆਂ ਹਨ। ਅੱਜਕੱਲ੍ਹ ਹੋ ਰਹੀ ਓਲਿੰਪਕ ਪਿਛਲੇ ਸਾਲ ਜਾਣੀ ਕਿ 2020 ਵਿੱਚ ਹੋਣੀ ਸੀ ਪਰ ਕੋਵਿਡ ਕਾਰਨ ਇਸ ਸਾਲ ਹੋਈ ਹੈ। ਕੋਵਿਡ ਕਾਰਨ ਓਲਿੰਪਕ ਨੂੰ ਅਸੀਂ ਸਿਰਫ ਟੈਲੀਵੀਯਨ ‘ਤੇ ਹੀ ਦੇਖ ਸਕਦੇ ਹਾਂ। ਇਹ ਖੇਡਾਂ ਗਰਮੀਆਂ ਨੂੰ ਆਯੋਯਤ ਕੀਤੀਆਂ ਜਾਂਦੀਆਂ ਹਨ ਇਸ ਲਈ ਇਸਨੂੰ ਸਮਰ-ਓਲਿੰਪਕ ਕਿਹਾ ਜਾਂਦਾ ਹੈ। ਦੁਨੀਆ ਦੇ ਦੋ ਸੌ ਤੋਂ ਵੱਧ ਦੇਸ਼ ਇਸ ਵਿੱਚ ਭਾਗ ਲੈਂਦੇ ਹਨ। ਕੁਝ ਖੇਡਾਂ ਅਜਿਹੀਆਂ ਵੀ ਹਨ ਜਿਵੇਂ ਕਿ ਸਕੇਟਿੰਗ, ਆਈਸ-ਹਾਕੀ ਆਦਿ ਜੋ ਸਰਦੀਆਂ ਨੂੰ ਖੇਡੀਆਂ ਜਾਂਦੀਆਂ ਹਨ ਸੋ ਇਸ ਲਈ ਵਿੰਟਰ-ਓਲਿੰਪਕ ਦਾ ਅਲੱਗ ਇੰਤਜ਼ਾਮ ਕੀਤਾ ਜਾਂਦਾ ਹੈ। ਸੰਨ 1948 ਵਿੱਚ ਪੈਰਾਲਿੰਪਕ ਵੀ ਹੋਣ ਲੱਗੀਆਂ ਹਨ, ਭਾਵ ਜੋ ਲੋਕ ਸਰੀਰਕ ਪੱਖੋਂ ਕਿਧਰੇ ਘਾਟ ਖਾ ਜਾਂਦੇ ਹਨ ਇਹ ਓਲਿੰਪਕ ਉਹਨਾਂ ਲਈ ਹੁੰਦੀ ਹੈ। ਹੁਣ ਇਕ ਓਲਿੰਪਕ ਦੀ ਹੋਰ ਕਿਸਮ ਵੀ ਹੈ ਉਹ ਯੂਥ-ਓਲਿੰਪਕ, ਇਸ ਵਿੱਚ ਚੌਦਾਂ ਸਾਲ ਤੋਂ ਅਠਾਰਾਂ ਸਾਲ ਦੇ ਐਥਲੀਟਸ ਭਾਗ ਲੈਂਦੇ ਹਨ।
ਓਲਿੰਪਕ-ਖੇਡਾਂ ਦੀ ਰਿਵਾਇਤ ਬਹੁਤ ਪੁਰਾਣੀ ਹੈ, ਇਸਦਾ ਇਤਿਹਾਸ ਫਰੋਲੀਏ ਤਾਂ ਇਹ ਸਾਨੂੰ ਤਿੰਨ ਹਜ਼ਾਰ ਸਾਲ ਪਿੱਛੇ ਲੈ ਜਾਵੇਗਾ। ਯੂਨਾਨ ਵਿੱਚ ਇਹ ਖੇਡਾਂ 776 ਬੀਸੀ (ਈਸਾ ਤੋਂ ਪਹਿਲਾਂ) ਸ਼ੁਰੂ ਹੋਈਆਂ ਮੰਨੀਆਂ ਜਾਂਦੀਆਂ ਹਨ। ਇਹ ਖੇਡਾਂ ਹਰਕੁਲਿਸ ਨੇ ਸ਼ੁਰੂ ਕੀਤੀਆਂ ਸਨ। ਹਰਕੁਲੀਸ ਰੋਮਨ ਮਿਥਿਓਲੌਜੀ ਦਾ ਪਾਤਰ ਵੀ ਹੈ। ਹਰਕੁਲਿਸ (ਜਿਸਨੂੰ ਜੁਪੀਟਰ ਦਾ ਪੁੱਤਰ ਵੀ ਕਹਿੰਦੇ ਹਨ) ਨੇ ਆਪਣੇ ਪਿਤਾ ਦੇਵਤਾ ਯੁਏਸ ਦੀ ਯਾਦ ਵਿੱਚ ਓਲਿੰਪਿਕ-ਖੇਡਾਂ ਦੀ ਸ਼ੁਰੂਆਤ ਕੀਤੀ। ਉਸਨੇ ਦੋ ਸੌ ਕਦਮ ਚੱਲਕੇ ਸਟੇਡੀਅਮ ਦੀ ਹੱਦ ਮਿਥੀ। ਅੱਜ ਵੀ ਬਹੁਤੀਆਂ ਗਰਾਉਂਡਾਂ ਦੀ ਇਹ ਹੱਦ ਚੱਲੀ ਆਉਂਦੀ ਹੈ। ਪਹਿਲੀ ਓਲਿੰਪਕ ਵਿੱਚ ਜੰਪ, ਡਿਸਕਸ ਥਰੋ, ਜੈਵਲਿਨ ਥਰੋ, ਦੌੜ, ਘੋਲਾਂ ਆਦਿ ਸ਼ਾਮਲ ਸਨ। ਇਹਨਾਂ ਦਾ ਪਹਿਲਾ ਜੇਤੂ ਏਲਿਸ ਸ਼ਹਿਰ ਦਾ ਵਾਸੀ ਕਰੋਇਬਸ ਨਾਮੀ ਵਿਅਕਤੀ ਸੀ। ਇਹ ਖੇਡਾਂ ਧਰਮ ਨਾਲ ਵੀ ਜੁੜਦੀਆਂ ਹਨ ਜੋਕਿ ਦੇਵਤਾ ਯੁਏਸ ਤੇ ਪਿਲੋਪਸ ਦੀ ਯਾਦ ਵਿੱਚ ਲਗਦੇ ਮੇਲੇ ਵਜੋਂ ਲਈਆਂ ਜਾਂਦੀਆਂ ਰਹੀਆਂ ਹਨ। ਦੇਵਤਾ ਪਿਲੋਪਸ ਬਹੁਤ ਵਧੀਆ ਰਥਵਾਨ ਸੀ ਇਸ ਲਈ ਰਥਾਂ ਦੀ ਦੌੜ ਵੀ ਇਹਨਾਂ ਖੇਡਾਂ ਵਿੱਚ ਸ਼ਾਮਲ ਕੀਤੀ ਗਈ। ਹਰਕੁਲਿਸ ਨੇ ਹੀ ਇਹਨਾਂ ਖੇਡਾਂ ਨੂੰ ਓਲਿੰਪਕ ਦਾ ਨਾਂ ਦਿੱਤਾ, ਹਰ ਚਾਰ ਸਾਲ ਬਾਅਦ ਖੇਡਣ ਦਾ ਵਕਫਾ ਵੀ। ਉਸ ਵੇਲੇ ਇਹ ਖੇਡਾਂ ਬਹੁਤ ਮਕਬੂਲ ਹੋਈਆਂ। ਯੂਨਾਨ ਦੀਆਂ ਤੇ ਹੋਰ ਨੇੜੇ-ਤੇੜੇ ਦੀਆਂ ਰਿਆਸਤਾਂ ਭਾਵੇਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਨ ਪਰ ਲੜਾਈ ਆਪਣੀ ਥਾਂ ਤੇ ਖੇਡ ਆਪਣੀ ਥਾਂ ਵਾਲੀ ਪਾਲਿਸੀ ਲਾਗੂ ਹੁੰਦੀ ਸੀ। ਬਹੁਤੀ ਵਾਰ ਖੇਡਾਂ ਦੇ ਦਿਨਾਂ ਵਿੱਚ ਲੜਾਈ ਸਥਿਗਤ ਕਰ ਦਿੱਤੀ ਜਾਂਦੀ। ਇਹੀ ਫਿਨੌਮਨਾ ਅੱਜ ਵੀ ਲਾਗੂ ਹੁੰਦਾ ਹੈ। ਇਹ ਖੇਡਾਂ ਛੇਵੀਂ ਸਦੀ ਬੀਸੀ ਤੇ ਪੰਜਵੀਂ ਸਦੀ ਬੀਸੀ ਵਿੱਚ ਆਪਣੇ ਅਰੂਜ਼ ‘ਤੇ ਰਹੀਆਂ ਪਰ ਫਿਰ ਮੱਧਮ ਪੈਣ ਲਗੀਆਂ। ਜਿਵੇਂ-ਜਿਵੇਂ ਰੋਮਨ ਤਾਕਤ ਫੜਦੇ ਗਏ ਉਹਨਾਂ ਦਾ ਯੂਨਾਨ ਵਿੱਚ ਪ੍ਰਭਾਵ ਵਧਦਾ ਗਿਆ। ਥੀਓਡੋਸਿਓਸ ਪਹਿਲਾ ਰੋਮਨ ਰਾਜਾ ਸੀ ਜਿਸ ਨੇ ਓਲਿੰਪਕ ਖੇਡਾਂ ਦਾ ਵਿਰੋਧ ਕੀਤਾ ਸੀ ਤੇ ਥੀਓਡੋਸਿਓਸ ਦੂਜੇ ਨੇ ਯੂਨਾਨ ਦੇ ਮੰਦਿਰ ਹੀ ਢਾਹ ਦਿੱਤੇ ਸਨ।
ਸਮਾਂ ਪਾਕੇ ਓਲਿੰਪਕ ਇਕ ਟਰਮ ਬਣ ਗਈ ਜਿਸਨੂੰ ਖੇਡਾਂ ਨਾਲ ਜੋੜ ਕੇ ਦੇਖਿਆ ਜਾਣ ਲੱਗਾ। ਓਲਿੰਪਕ ਦੀਆਂ ਖੇਡਾਂ ਯੂਨਾਨ ਵਿੱਚ ਜ਼ਰੂਰ ਸ਼ੁਰੂ ਹੋਈਆਂ ਪਰ ਮਨੁੱਖ ਦੇ ਇਤਿਹਾਸ ਦੀ ਅਹਿਮ ਘਟਨਾ ਜਾਂ ਮਨੁੱਖਤਾ ਦੀ ਸ਼ੁਰੂਆਤ ਦਾ ਚੈਪਟਰ ਮੰਨਿਆਂ ਜਾਂਦਾ ਹੈ। ਇਸੇ ਕਰਕੇ ਓਲਿੰਪਕ ਨਾਂ ਨੂੰ ਉਂਜ ਦਾ ਉਂਜ ਕਾਇਮ ਰੱਖਿਆ ਗਿਆ ਹੈ। ਇਸੇ ਲਈ ਸਤਾਰਵੀਂ ਸਦੀ ਵਿੱਚ ਇਹ ਸ਼ਬਦ ਇੰਗਲੈਂਡ ਵਿੱਚ ਖੇਡਾਂ ਲਈ ਵਰਤਿਆ ਜਾਂਦਾ ਮਿਲਦਾ ਹੈ। 1612 ਤੋਂ 1642 ਤੱਕ ਰੌਬਰਟ ਡੋਵਰ ਵਲੋਂ ‘ਚਿਪਿੰਗ-ਕੈਂਪਡਨ’ ਦੇ ਨੇੜੇ ਖੇਡਾਂ ਕਰਵਾਈਆਂ ਗਈਆਂ ਜਿਹਨਾਂ ਨੂੰ ‘ਕੋਸਟਵਰਡ ਓਲਿੰਪਕ ਗੇਮਜ਼’ ਦਾ ਨਾਂ ਦਿੱਤਾ ਗਿਆ। ‘ਬ੍ਰਿਟਿਸ਼ ਓਲਿੰਪਕ ਅਸੌਸੀਏਸ਼ਨ’ ਨੇ ਜਦ ਯੂਕੇ ਵਿੱਚ 2012 ਵਾਲੀ ਓਲਿੰਪਕ ਕਰਵਾਉਣ ਲਈ ਅਰਜ਼ੀ ਪਾਈ ਸੀ ਤਾਂ ਇੰਗਲੈਂਡ ਵਿੱਚ ਕਰਵਾਏ ਇਸ ਇਤਿਹਾਸਕ ਓਲਿੰਪਕ ਦਾ ਜ਼ਿਕਰ ਕੀਤਾ ਸੀ। ਫਰਾਂਸ ਦੇ ਇਨਕਲਾਬ ਤੋਂ ਬਾਅਦ 1796 ਤੇ 1798 ਵਿੱਚ ਪੈਰਿਸ ਵਿੱਚ ਓਲਿੰਪਕ ਮੇਲਾ ਕਰਵਾਇਆ ਗਿਆ। ਇਹ ਯੂਨਾਨ ਵਾਲੀਆਂ ਓਲਿੰਪਕ-ਖੇਡਾਂ ਨੂੰ ਮੁੜਕੇ ਸੁਰਜੀਤ ਕਰਨ ਦੀ ਕੋਸ਼ਿਸ਼ ਹੀ ਸੀ। 1796 ਦੀਆਂ ਇਹਨਾਂ ਖੇਡਾਂ ਵਿੱਚ ਮਿਣਤੀ ਲਈ ਮੀਟਰਕ ਸਿਸਟਮ ਪਹਿਲੀ ਵਾਰ ਵਰਤਿਆ ਗਿਆ। 1834 ਤੇ 1836 ਵਿੱਚ ਓਲਿੰਪਕ-ਖੇਡਾਂ ਰਾਮਲੋਸਾ ਵਿੱਚ ਹੋਈਆਂ। 1843 ਨੂੰ ਇਹ ਖੇਡਾਂ ਸਟੌਕਹੋਮ, ਸਵੀਡਨ ਵਿੱਚ ਹੋਈਆਂ। ਇਹਨਾਂ ਖੇਡਾਂ ਵਿੱਚ ਪੱਚੀ ਹਜ਼ਾਰ ਦਰਸ਼ਕ ਸ਼ਾਮਲ ਹੋਏ ਜੋ ਉਸ ਵੇਲੇ ਦੀ ਬਹੁਤ ਵੱਡੀ ਗਿਣਤੀ ਸੀ। 1850 ਵਿੱਚ ਇਹਨਾਂ ਖੇਡਾਂ ਨੂੰ ਲਗਾਤਾਰ ਕਰਾਉਣ ਲਈ ਗੱਲਬਾਤ ਸ਼ੁਰੂ ਹੋਈ ਜਿਸਨੂੰ ਓਲਿੰਪੀਅਨ-ਕਲਾਸ ਕਿਹਾ ਗਿਆ। ਓਲਿੰਪੀਅਨ-ਕਲਾਸ ਜਾਂ ਮੀਟਿੰਗਾਂ ‘ਮੱਚ-ਵੈਨਲੌਕ’ ਨਾਮੀ ਸਥਾਨ ‘ਤੇ ਹੋਈਆਂ ਜੋ ਕਿ ਇੰਗਲੈਂਡ ਦੇ ਸ਼ਰੋਪਸ਼ਾਇਰ ਵਿੱਚ ਹੈ। ਇਹਨਾਂ ਦੀ ਪ੍ਰਤੀਨਿਧਤਾ ਵਿਲੀਅਮ ਪੈਨੀਬਰੁੱਕ ਨੇ ਕੀਤੀ। ਇਥੇ ‘ਵੈਨਲੌਕ ਓਲਿੰਪੀਅਨ ਸੁਸਾਇਟੀ’ ਬਣਾਈ ਗਈ ਜਿਸ ਵਲੋਂ 1859 ਵਿੱਚ ‘ਵੈਨਲੌਕ ਓਲਿੰਪੀਅਨ ਗੇਮਜ਼’ ਕਰਾਈਆਂ ਗਈਆਂ। 1862 ਤੋਂ 1867 ਦੇ ਦਰਮਿਆਨ ਲਿਵਰਪੂਲ ਵਿੱਚ ਹਰ ਸਾਲ ਗਰੈਂਡ ਓਲਿੰਪੀਅਨ ਫੈਸਟੀਵਲ ਲਗਾਏ ਗਏ ਤੇ ਇਹਨਾਂ ਖੇਡਾਂ ਨੂੰ ਅੰਤਰ-ਰਾਸ਼ਟਰੀ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਗਈ। ਮਾਡਰਨ ਓਲਿੰਪੀਆਰਡ ਜੋ ਏਥਨਜ਼ ਵਿੱਚ ਬਣਾਇਆ ਗਿਆ ਹੈ ਇਹ ਲਿਵਰਪੂਲ ਦੇ ਖੇਡ-ਮੈਦਾਨ ਦੀ ਤਰਜ਼ ‘ਤੇ ਹੀ ਹੈ। ਬ੍ਰਿਟਿਸ਼ ਓਲਿੰਪਕ ਅਸੌਸੀਏਸ਼ਨ ਅੱਜਕੱਲ੍ਹ ਜੋ ਓਲਿੰਪਕ ਵਿੱਚ ਬ੍ਰਤਾਨਵੀ ਹਿੱਤਾਂ ਨੂੰ ਦੇਖਦੀ ਹੈ, ਦਾ ਨਿਰਮਾਣ 1865 ਵਿੱਚ ਹੋਇਆ ਸੀ। ਉਸ ਵੇਲੇ ਇਸਦਾ ਨਾਂ ‘ਨੈਸ਼ਨਲ ਓਲਿੰਪਕ ਅਸੌਸੀਏਸ਼ਨ’ ਰਖਿਆ ਗਿਆ ਸੀ। ਇਸਨੇ 1866 ਵਿੱਚ ਲੰਡਨ ਦੇ ਕ੍ਰਿਸਟਲ-ਪੈਲਸ ਵਿੱਚ ਨੈਸ਼ਨਲ ਓਲਿੰਪਕ ਗੇਮਜ਼ ਕਰਵਾਈਆਂ।
ਯੂਨਾਨ ਵਿੱਚ ਇਹਨਾਂ ਖੇਡਾਂ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਬਹੁਤ ਖੁੰਝ ਕੇ ਹੋਈਆਂ ਮਿਲਦੀਆਂ ਹਨ। 1821 ਵਿੱਚ ਜਦ ਯੂਨਾਨ ਦੀ ਆਜ਼ਾਦੀ ਲਈ ਓਟੋਮਨ ਇੰਪਾਇਰ ਦੇ ਖਿਲਾਫ ਜਦੋਜਹਿਦ ਸ਼ੁਰੂ ਹੋਈ ਤਾਂ ਓਲਿੰਪਕ ਖੇਡਾਂ ਦੇ ਪੁਨਰ-ਸੁਰਜੀਤ ਦੀ ਗੱਲ ਵੀ ਹੋਈ। ਪੈਨਾਜਿਓਟਿਸ ਸਾਊਟਸੋਸ ਨਾਮੀ ਕਵੀ ਨੇ ਓਲਿੰਪਕ ਬਾਰੇ ‘ਡਾਇਲੌਗ ਔਫ ਡੈਡ’ ਨਾਮੀ ਕਵਿਤਾ ਲਿਖੀ ਜੋ 1833 ਵਿੱਚ ਛਪੀ ਜਿਸਦਾ ਲੋਕਾਂ ਉਪਰ ਬਹੁਤ ਅਸਰ ਹੋਇਆ। 1856 ਵਿੱਚ ਇਵਾਨਜੇਲਸ ਜ਼ਪਾਸ ਨਾਂ ਦੇ ਇਕ ਯੂਨਾਨੀ ਅਮੀਰ ਵਿਅਕਤੀ ਨੇ ਉਸ ਵੇਲੇ ਦੇ ਰਾਜੇ ਨੂੰ ਚਿੱਠੀ ਲਿਖਕੇ ਓਲਿੰਪਕ ਖੇਡਾਂ ਨੂੰ ਦੁਬਾਰਾ ਸ਼ੁਰੂ ਕਰਨ ਲਈ ਇਹਨਾਂ ਦਾ ਖਰਚਾ ਝੱਲਣ ਦੀ ਪੇਸ਼ਕਸ਼ ਕੀਤੀ। ਉਸ ਦੀਆਂ ਸਪੌਂਸਰ ਕੀਤੀਆਂ ਗੇਮਾਂ 1859 ਵਿੱਚ ਹੋਈਆਂ। ਉਸ ਨੇ ਪੁਰਾਣੇ ਪੈਨਾਥੈਨਿਕ ਸਟੇਡੀਅਮ ਨੂੰ ਮੁਰੰਮਤ ਕਰਾਉਣ ਵਿੱਚ ਸਹਾਇਤਾ ਵੀ ਕੀਤੀ ਜਿਥੇ 1870 ਤੇ 1875 ਵਿੱਚ ਗੇਮਾਂ ਹੋਈਆਂ। 16 ਤੋਂ 23 ਜੂਨ 1894 ਨੂੰ ਪੈਰਿਸ ਯੂਨੀਵਰਸਟੀ ਵਿੱਚ ਓਲਿੰਪਕ-ਕੌਂਗਰਸ ਹੋਈ ਜਿਸ ਵਿੱਚ ਇੰਟਰਨੈਸ਼ਨਲ ਓਲਿੰਪਕ ਕਮੇਟੀ ਬਣਾਈ ਗਈ ਤੇ ਲਗਾਤਾਰ ਖੇਡਾਂ ਕਰਾਉਣ ਦਾ ਫੈਸਲਾ ਲਿਆ ਗਿਆ। ਸੋ ਇਵੇਂ ਸਹੀ ਤਰੀਕੇ ਨਾਲ ਪਹਿਲੀ ਓਲਿੰਪਕ 1896 ਨੂੰ ਪੈਨਾਥੈਨਿਕ ਸਟੇਡੀਅਮ, ਏਥਨਜ਼ ਵਿੱਚ ਹੋਈ। ਇਸ ਵਿੱਚ 14 ਮੁਲਕਾਂ ਦੇ 241 ਖਿਡਾਰੀਆਂ ਨੇ ਭਾਗ ਲਿਆ ਤੇ 43 ਖੇਡਾਂ ਖੇਡੀਆਂ ਗਈਆਂ। ਇਸ ਪਹਿਲੀ ਓਲਿੰਪਕ ਨੇ ਦੁਨੀਆ ਦਾ ਧਿਆਨ ਖਿੱਚਿਆ ਤੇ ਲੋਕਾਂ ਨੇ ਇਸਦੇ ਇਤਿਹਾਸ ਵਿੱਚ ਦਿਲਚਸਪੀ ਲੈਣੀ ਸ਼ੁਰੂ ਕੀਤੀ। ਇਸ ਦੀ ਮਹੱਤਤਾ ਵਧਣ ਲੱਗੀ। ਪਹਿਲਾਂ ਫੈਸਲਾ ਇਹ ਹੋਇਆ ਸੀਕਿ ਇਹ ਖੇਡਾਂ ਸਿਰਫ ਏਥਨਜ਼ ਵਿੱਚ ਹੀ ਹੋਇਆ ਕਰਨਗੀਆਂ ਪਰ ਫਿਰ ਬਾਕੀ ਦੀ ਦੁਨੀਆ ਨੂੰ ਇਸ ਨਾਲ ਜੋੜਨ ਲਈ ਵੱਖ-ਵੱਖ ਦੇਸ਼ਾਂ ਵਿੱਚ ਕਰਾਉਣ ਦਾ ਫੈਸਲਾ ਕੀਤਾ ਗਿਆ। ਦੂਜੀ ਓਲਿੰਪਕ 1900 ਨੂੰ ਪੈਰਿਸ ਵਿੱਚ ਹੋਈ ਤੇ ਤੀਜੀ ਓਲਿੰਪਕ 1904 ਨੂੰ ਸੇਂਟ-ਲੂਈਜ਼ ਵਿੱਚ ਹੋਈ। ਉਸ ਤੋਂ ਅੱਗੇ ਸਭ ਇਤਿਹਾਸ ਹੈ। ਜਿਥੇ 1896 ਵਿੱਚ 14 ਮੁਲਕਾਂ ਦੇ 241 ਖਿਡਾਰੀ ਭਾਗ ਲੈਂਦੇ ਹਨ ਉਥੇ 2016 ਵਿੱਚ 207 ਮੁਲਕਾਂ ਦੇ 11200 ਖਿਡਾਰੀ ਹਿੱਸਾ ਲੈਂਦੇ ਹਨ। 2018 ਵਿੱਚ ਹੋਈ ਵਿੰਟਰ-ਓਲਿੰਪਕ ਵਿੱਚ 92 ਮੁਲਕਾਂ ਦੇ 2922 ਖਿਡਾਰੀ ਸ਼ਾਮਲ ਹੋਏ। ਇਹ ਖੇਡਾਂ ਹਰ ਚਾਰ-ਸਾਲ ਬਾਅਦ ਲਗਾਤਾਰ ਹੁੰਦੀਆਂ ਆ ਰਹੀਆਂ ਹਨ ਪਰ ਕੁਝ ਅਪਵਾਦ ਵੀ ਹੋਏ ਹਨ। 1916 ਵਿੱਚ ਪਹਿਲੇ ਮਹਾਂਯੁੱਧ ਕਾਰਨ ਓਲਿੰਪਕ ਨਹੀਂ ਹੋਈ, ਇਵੇਂ ਹੀ 1940, 1944 ਵਿੱਚ ਦੂਜੇ ਮਹਾਂਯੁੱਧ ਕਾਰਨ ਓਲਿੰਪਕ ਕੈਂਸਲ ਕਰਨੀ ਪਈ। ਹੁਣ 2020 ਵਿੱਚ ਵੀ ਕੋਵਿਡ ਕਾਰਨ ਇਕ ਸਾਲ ਅੱਗੇ ਪਾਈਆਂ ਗਈਆਂ ਸਨ ਜੋ ਅੱਜਕੱਲ੍ਹ ਹੋ ਰਹੀਆਂ ਹਨ।
ਓਲਿੰਪਕ ਦਾ ਆਪਣਾ ਝੰਡਾ ਹੈ। ਚਿੱਟੇ ਕਪੜੇ ਉਪਰ ਪੰਜ ਚੱਕਰ (ਰਿੰਗਜ਼) ਹਨ, ਇਹਨਾਂ ਨੂੰ ਓਲਿੰਪਕ-ਰਿੰਗਜ਼ ਵੀ ਕਿਹਾ ਜਾਂਦਾ ਹੈ। ਇਹ ਨੀਲੇ, ਪੀਲੇ, ਕਾਲੇ, ਹਰੇ, ਲਾਲ ਰੰਗ ਦੇ ਪੰਜ ਚੱਕਰ ਪੰਜ ਪ੍ਰਮੁੱਖ-ਮਹਾਂਦੀਪਾਂ ਦੀ ਨਿਸ਼ਾਨੀ ਹਨ। ਇਹ ਝੰਡਾ 1914 ਵਿੱਚ ਤਿਆਰ ਕੀਤਾ ਗਿਆ ਤੇ ਪਹਿਲੀ ਵਾਰ 1920 ਨੂੰ ਬੈਲਜੀਅਮ ਵਿੱਚ ਲਹਿਰਾਇਆ ਗਿਆ। ਓਲਿੰਪਕ-ਖੇਡਾਂ ਜਿਸ ਦੇਸ਼ ਵਿੱਚ ਵੀ ਹੁੰਦੀਆਂ ਹਨ ਉਸ ਦੇਸ਼ ਲਈ ਵਕਾਰ ਦਾ ਕਾਰਨ ਬਣਦੀਆਂ ਹਨ। ਇਹਨਾਂ ਖੇਡਾਂ ਦੀ ਸ਼ੁਰੂਆਤ ਦਾ ਸਮਾਗਮ ਬਹੁਤ ਜੋਸ਼-ਖਰੋਸ਼ ਨਾਲ ਹੁੰਦਾ ਹੈ ਤੇ ਇਹਨਾਂ ਖੇਡਾਂ ਨੂੰ ਸਮਾਪਤ ਕਰਨ ਦੀਆਂ ਵੀ ਖਾਸ ਰਸਮਾਂ ਹੁੰਦੀਆਂ ਹਨ। ਲੰਡਨ ਵਿੱਚ 2012 ਵਿੱਚ ਹੋਈ ਓਲਿੰਪਕ ਦੀ ਓਪਨਿੰਗ-ਸੈਰਾਮਨੀ ਮੇਰੇ ਹਿਸਾਬ ਨਾਲ ਸਭ ਤੋਂ ਵਧੀਆ ਸੀ ਜਿਸਦਾ ਨਾਂ ‘ਆਈਯਲ ਔਫ ਵੰਡਰ’ ਸੀ ਤੇ ਵਿਸ਼ਾ ਸੀ ਯੂਕੇ ਦਾ ਸਨਅਤੀ ਇਨਕਲਾਬ, ਜਿਸਦਾ ਨਿਰਦੇਸ਼ਨ ਪ੍ਰਸਿੱਧ ਫਿਲਮ-ਨਿਰਦੇਸ਼ਕ ਡੈਨੀ ਬੋਇਲ ਨੇ ਕੀਤਾ। ਇਵੇਂ ਹੀ ਚੀਨ ਵਿੱਚ ਹੋਈ ਓਲਿੰਪਕ ਸਮੇਂ ਓਲਿੰਪਕ-ਝੰਡਾ ਮਾਉਂਟ-ਐਵਰਿਸਟ ‘ਤੇ ਵੀ ਗੱਡਿਆ ਸੀ। ਜੇਤੂ ਖਿਡਾਰੀਆਂ ਨੂੰ ਤਮਗੇ ਵੀ ਖਾਸ ਰਸਮਾਂ ਨਾਲ ਦਿੱਤੇ ਜਾਂਦੇ ਹਨ। ਇਹਨਾਂ ਖੇਡਾਂ ਉਪਰ ਖਰਚ ਵੀ ਬਹੁਤ ਹੁੰਦਾ ਹੈ। 2016 ਵਿੱਚ ਹੋਈ ਓਲਿੰਪਕ ਉਪਰ ਪੰਜ ਬਿਲੀਅਨ ਡਾਲਰ ਤੋਂ ਉਪਰ ਖਰਚ ਹੋਇਆ ਤੇ 2018 ਵਿੱਚ ਸਰਦੀਆਂ ਵਾਲੀ ਓਲਿੰਪਕ ਉਪਰ ਤਿੰਨ ਬਿਲੀਅਨ ਤੋਂ ਵੱਧ ਡਾਲਰ ਖਰਚੇ ਗਏ।
ਓਲਿੰਪਕ-ਖੇਡਾਂ ਜਿਥੇ ਏਨੀਆਂ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ ਉਥੇ ਵਿਵਾਦਾਂ ਤੋਂ ਵੀ ਬੇਲਾਗ ਨਹੀਂ ਹਨ। ਸਿਆਸੀ ਲੋਕ ਸਿਆਸਤ ਖੇਡਣ ਤੋਂ ਬਾਜ਼ ਨਹੀਂ ਆਉਂਦੇ। ਕਈ ਮੁਲਕ ਇਹਨਾਂ ਦਾ ਬਾਈਕਾਟ ਵੀ ਕਰ ਦਿੰਦੇ ਹਨ। ਸਿਰਫ ਯੂਨਾਨ, ਅਸਟਰੇਲੀਆ, ਫਰਾਂਸ ਤੇ ਯੂਕੇ ਅਜਿਹੇ ਮੁਲਕ ਹਨ ਜਿਹਨਾਂ ਨੇ 1896 ਤੋਂ ਲੈ ਕੇ ਅੱਜ ਤੱਕ ਹੋਈ ਹਰ ਓਲਿੰਪਕ ਵਿੱਚ ਭਾਗ ਲਿਆ ਹੈ। 1936 ਵਿੱਚ ਬਰਲਿਨ ਵਿੱਚ ਹੋਈ ਓਲਿੰਪਕ ਦਾ ਆਇਰਲੈਂਡ ਨੇ ਬਾਈਕਾਟ ਕੀਤਾ ਸੀ। 1956 ਨੂੰ ਮੈਲਬੌਰਨ ਵਿੱਚ ਹੋਈ ਓਲਿੰਪਕ ਦਾ ਹਾਲੈਂਡ, ਸਪੇਨ ਤੇ ਸਵਿਟਜ਼ਰਲੈਂਡ ਨੇ ਬਾਈਕਾਟ ਕੀਤਾ ਸੀ। ਇਵੇਂ ਹੀ ਕੰਬੋਡੀਆ, ਮਿਸਰ, ਇਰਾਕ, ਲੈਬਨਾਨ ਨੇ ਨਹਿਰ ਸੁਏਜ਼ ਕਾਰਨ ਓਲਿੰਪਕ ਵਿੱਚ ਭਾਗ ਨਹੀਂ ਸੀ ਲਿਆ। ਅਫਰੀਕਾ ਦੇ ਮੁਲਕਾਂ ਨੇ ਦੋ ਵਾਰ ਸਾਊਥ ਅਫਰੀਕਾ ਕਾਰਨ ਬਾਈਕਾਟ ਕਰਨ ਦੀ ਧਮਕੀ ਦਿੱਤੀ ਸੀ। ਰੂਸ ਵਿੱਚ ਹੋਈਆਂ ਖੇਡਾਂ ਦਾ ਤਾਂ ਪੈਂਹਟ ਮੁਲਕਾਂ ਨੇ ਬਾਈਕਾਟ ਕਰ ਦਿੱਤਾ ਸੀ ਕਿਉਂਕਿ ਇਹ ਸੀਤ-ਯੁੱਧ ਦਾ ਦੌਰ ਸੀ। ਬਰਲਿਨ ਵਿੱਚ ਹੋਈ ਓਲਿੰਪਕ ਵਿੱਚ ਹਿਟਲਰ ਨੇ ਨਸਲਵਾਦ ਦਾ ਸ਼ਰੇਆਮ ਮੁਜ਼ਾਹਰਾ ਕੀਤਾ ਸੀ। 1972 ਵਿੱਚ ਮਿਊਨਿਖ ਵਿਖੇ ਹੋਈ ਓਲਿੰਪਕ ਵਿੱਚ ਅਰਬਾਂ ਵਲੋਂ ਇਜ਼ਰਾਈਲ ਦੇ ਦਰਜਨ ਭਰ ਖਿਡਾਰੀ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ। ਹੋਰ ਵੀ ਬਹੁਤ ਸਾਰੀਆਂ ਮੰਦਭਾਗੀ ਘਟਨਾਵਾਂ ਦੇ ਬਾਵਜੂਦ ਓਲਿੰਪਕ ਖੇਡਾਂ ਚਲਦੀਆਂ ਰਹੀਆਂ ਹਨ। ਵੈਸੇ ਹੁਣ ਇਸ ਦਾ ਵਿਰੋਧ ਕਰਨ ਵਾਲੇ ਬਹੁਤ ਘੱਟ ਹਨ ਤੇ ਇਸ ਦੇ ਖੈਰ-ਖੁਆਹ ਸਾਰੇ ਹਨ। ਇਸ ਦਾ ਭਵਿੱਖ ਉਜਵਲ ਹੈ।
ਕੁਝ ਵੀ ਹੋਵੇ, ਓਲਿੰਪਕ ਮਨੁੱਖਤਾ ਦੇ ਇਤਿਹਾਸ ਦਾ ਇਕ ਅਹਿਮ ਚੈਪਟਰ ਹੈ ਜਿਸਦਾ ਖੁੱਲ੍ਹਾ ਰਹਿਣਾ ਬਹੁਤ ਜ਼ਰੂਰੀ ਹੈ। ਸਾਨੂੰ ਸਭ ਨੂੰ ਇਸ ਦਾ ਜਸ਼ਨ ਮਨਾਉਂਦੇ ਰਹਿਣਾ ਚਾਹੀਦਾ ਹੈ।
Comments