ਵ੍ਰਲਡ ਪੋਇਟਰੀ ਇਨ ਟਰਾਂਸਲੇਸ਼ਨ- ਵਿਸ਼ਵ ਕਵਿਤਾ ( ਪੰਜਾਬੀ ਅਨੁਵਾਦ ਰਾਹੀਂ) ਗੁਰਦੇਵ ਚੌਹਾਨ ਅਜ ਵਿਸ਼ਵ ਨੂੰ ਗਲੋਬਲ ਪਿੰਡ ਨਾਲ ਤੁਲਨਾਇਆ ਜਾਣ ਲੱਗਾ ਹੈ। ਹੁਣ ਸਾਡਾ ਘਰ ਜਾਂ ਵਾਸ ਪਹਿਲਾਂ ਵਾਲਾ ਅਤੇ ਪਹਿਲਾਂ ਵਾਂਗ ਨਹੀਂ ਰਿਹਾ।ਇਸ ਨੂੰ ਪੈਰ ਲਗ ਗਏ ਹਨ। ਅਤੇ ਸ਼ਾਇਦ ਜੰਦਰੇ ਵੀ। ਕੋਰਨਾ ਮਹਾਂਮਾਰੀ ਨੇ ਤਾਂ ਅਜੋਕੀ ਜ਼ਿੰਦਗੀ ਦਾ ਸਾਰਾ ਨਕਸ਼ਾ ਅਤੇ ਮਾਨਸਕ ਭੂਗੋਲ ਹੀ ਬਦਲ ਦਿੱਤਾ ਹੈ ਜਾਂ ਇਹ ਬਦਲ ਸਕਦੀ ਹੈ ਜਾਂ ਬਦਲ ਦੇਵੇਗੀ। ਇਸ ਦੇ ਬਾਵਜੂਦ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਵਿਸ਼ਵ ਸਾਹਿਤ ਦੀਆਂ ਕੁਝ ਅਜਿਹੀਆਂ ਨਜ਼ਮਾਂ ਨੂੰ ਪੰਜਾਬੀ ਪਾਠਕਾਂ ਪਾਸ ਰੱਖ ਸਕਾਂ ਜਿਹੜੀਆਂ ਵਕਤ ਅਤੇ ਲੋਕਮਨ ਦੀ ਕਸਵੱਟੀ ਦੀ ਪੀੜ ਸਹਿ ਚੁੱਕੀਆਂ ਹਨ ਜਾਂ ਘਟੋ ਘਟ ਮੈਨੂੰ ਇਹ ਜਾਪਿਆ ਹੈ। ਇਹ ਕਵਿਤਾਵਾਂ ਬਹੁਤ ਦੂਰੋਂ ਆਈਆਂ ਹਨ ਅਤੇ ਕੁਝ ਬਹੁਤ ਸਮੇਂ ਬਾਅਦ ਵੀ। ਪਰ ਇਹਨਾਂ ਦੀ ਤਾਜ਼ਗੀ ਲਗਦਾ ਹੈ, ਫਿਰ ਵੀ ਅਜੋਕੀ ਪੜ੍ਹਤ ਲਈ ਬਚ ਸਕੀ ਹੈ ਅਤੇ ਵਕਤ ਦੇ ਲੇਖੇ ਨਹੀਂ ਲੱਗੀ। ਹੋ ਸਕਦਾ ਹੈ ਇਹਨਾਂ ਨੂੰ ਪੌਲਿਸ਼, ਸਪੈਨਿਸ਼, ਅਰਬੀ ਜਾਂ ਹੋਰ ਅਜਿਹੀਆਂ ਦੂਰਗਾਮੀ ਭਾਸ਼ਾਵਾਂ ਤੋਂ ਅੰਗਰੇਜੀ ਤੀਕ ਆਉਣ ਵਿਚ ਇਕ ਤੋਂ ਵੱਧ ਹੱਥ ਲਗੇ ਹੋਣ ਪਰ ਅਕਸਰ ਕੁਝ ਹੋਣਹਾਰ ਕਵਿਤਾਵਾਂ ਅਜਿਹੀਆਂ ਕਠਿਨਾਈਆਂ ਵਿਚੋਂ ਲੰਘ ਹੀ ਜਾਂਦੀਆਂ ਹਨ। ਉਹਨਾਂ ਦੀ ਦੇਹ ਨਿੱਗਰ ਅਤੇ ਲਚਕਦਾਰ ਹੁੰਦੀ ਹੈ। ਇਸ ਦੇ ਨਾਲ ਹੀ ਕੁਝ ਨਵੇਂ ਕਵੀਆਂ ਦੀਆਂ ਲੋਕ ਪ੍ਰੀਯਤਾ ਗ੍ਰਹਿਣ ਕਰ ਰਹੀਆਂ ਕਵਿਤਾਵਾਂ ਵੀ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ ਹੋਵਾਂਗਾ ਜਿਹੜੀਆਂ ਮੈਨੂੰ ਹੋਂਦੜ ਜਾਪਦੀਆਂ ਲੱਗਣਗੀਆਂ। ਮੈਂ ਚਾਹੁੰਦਾ ਹਾਂ ਕਿ ਵਿਸ਼ਵ ਭਰ ਵਿਚ ਨਵੀਂ ਲਿਖੀ ਜਾ ਰਹੀ ਕਵਿਤਾ ਦੀ ਵੰਨਗੀ ਦਾ ਜ਼ਾਇਕਾ ਤੁਸੀਂ ਲੈ ਸਕੋ। ਨਵੀਂ ਅਤੇ ਪੁਰਾਣੀ, ਪ੍ਰਮਾਣਕ ਅਤੇ ਅਣਪ੍ਰਮਾਣਕ, ਸਰਲ ਅਤੇ ਜਟਲ ਹਰ ਤਰਾਂ ਦੀ ਕਵਿਤਾ ਦਾ ਸੁਆਦ ਭਾਵੇਂ ਆਪੋ ਆਪਣਾ ਹੁੰਦਾ ਹੈ ਪਰ ਅਕਸਰ ਹੀ ਕੁਝ ਪਸੰਦਾਂ ਮਿਲ ਵੀ ਜਾਂਦੀਆਂ ਹਨ। ਇਸ ਅਤਿ ਦੇ ਨਾਜ਼ਕ ਦੌਰ ਵਿਚ ਤੁਹਾਨੂੰ ਨਵੀਂ ਲਿਖਤ ਦਾ ਸੁਹਜਾਤਮਿਕ ਅਨੰਦ ਦੇਣਾ ਹੀ ਮੇਰੀ ਕਾਮਨਾ ਅਤੇ ਮੇਰਾ ਮਨੇਰਥ ਹੈ। ਜੇਕਰ ਮੇਰੇ ਸ਼ਬਦਾਂ ਵਿਚੋਂ ਤੁਹਾਨੂੰ ਮੇਰੀ ਈਗੋ ਦੇ ਪ੍ਰਦ੍ਰਸ਼ਣ ਦੀ ਸੂਹ ਜਾਂ ਲਿਲਕ ਆਵੇ ਤਾਂ ਮੈਨੂੰ ਮੁਆਫ਼ ਕਰ ਦੇਣਾ। ਮੇਰੀ ਇਹ ਕੋਸ਼ਿਸ਼ ਹੋਵੇਗੀ ਕਿ ਇਹਨਾਂ ਨਜ਼ਮਾਂ ਬਾਰੇ ਪ੍ਰਾਪਤ ਅਤੇ ਨਿਜੀ ਪ੍ਰਤਿਕਿਰਿਆ ਜਾਂ ਟਿੱਪਣੀਆਂ ਅਤੇ ਢੁੱਕਵੀਂ ਜਾਣ ਪਛਾਣ ਵੀ ਦਿੱਤੀ ਜਾ ਸਕੇ। ਪਰ ਇਹ ਮੇਰੀ ਫੁਰਸਤੀ ਸੁਲੱਭਤਾ ਤੇ ਹੀ ਨਿਰਭਰ ਹੋ ਸਕੇਗਾ। ਇਹ ਸਾਰੀਆਂ ਨਜ਼ਮਾਂ ਭਾਰਤੀ ਭਾਸ਼ਾਵਾਂ ਨੂੰ ਛਡ ਕੇ ਅੰਗਰੇਜੀ ਤੋਂ ਅਨੁਵਾਦ ਕੀਤੀਆਂ ਜਾਣਗੀਆਂ। ਸੋ ਪੇਸ਼ ਹੈ ਮੇਰੀ ਪਹਿਲੀ ਅਨੁਵਾਦਿਤ ਨਜ਼ਮ: ਪੈਕਸ
ਡੀ ਐਚ ਲਾਰੰਸ (1885-1930) (ਅੰਗਰੇਜ਼ੀ ਤੋਂ ਗੁਰਦੇਵ ਚੌਹਾਨ ਵਲੋਂ ਤਰਜਮਾ)
ਜਿਹੜੀ ਗੱਲ ਅੰਤਮ ਤੌਰ ‘ਤੇ ਮਹੱਤਵ ਰੱਖਦੀ ਹੈ, ਉਹ ਹੈ ਅਭਿੰਨ ਹੋਣਾ ਜੀਵੰਤ ਰੱਬ ਨਾਲ ਜੀਵ ਹੋਣਾ ਜ਼ਿੰਦਗੀ ਦੇ ਰੱਬ ਦੇ ਘਰ ਦਾ ਬਿੱਲੀ ਵਾਂਗੂ, ਜਿਹੜੀ ਸੁੱਤੀ ਹੈ ਕੁਰਸੀ ਤੇ, ਅਡੋਲ , ਸ਼ਾਂਤ ਘਰ ਦੇ ਸਵਾਮੀ ਨਾਲ ਇਕਮਿਕ , ਘਰ ਦੀਆਂ ਨੌਕਰਾਣੀ ਨਾਲ, ਘਰ ਨਾਲ. ਅੰਗੀਠੀ ਨੇੜੇ ਸੌਂ ਰਹੀ, ਅੱਗ ਸਾਹਵੇਂ, ਲੈ ਰਹੀ ਉਬਾਸੀ
ਜੀਵੰਤ ਦੁਨੀਆਂ ਦੀ ਅੰਗੀਠੀ ਮੂਹਰੇ ਘਰ ਵਿਚ, ਸਾਹਵੇਂ ਜੀਵਨ ਦੀ ਅੱਗ ਦੇ ਜੀਵੰਤ ਰੱਬ ਦੀ ਹਾਜ਼ਰੀ, ਕਰ ਰਹੀ ਮਹਿਸੂਸ, ਵੱਡੇ ਭਰੋਸੇ ਨਾਲ ਡੂੰਘੀ ਸ਼ਾਂਤੀ ਹਿਰਦੇ ਵਿਚ ਭਰ ਹਾਜ਼ਰ, ਜਿਵੇਂ ਮਾਲਕ ਮੀਟਿੰਗ ਵਿਚ ਹੋਵੇ ਆਪਣੇ ਆਪ ਵਿਚ, ਵੱਡੇ ਘਰ ਵਿਚ ਜ਼ਿੰਦਗੀ ਦੇ, ਵੱਡੇ ਜੀਵ ਦੀ ਤਰਾਂ * ਅੰਗਰੇਜੀ ਤੋਂ ਸਿੱਧਾ ਅਨੁਵਾਦ ਗੁਰਦੇਵ ਚੌਹਾਨ ਡੀ ਐਚ ਲਾਰੈਂਸ ਦਾ ਜਨਮ ਇੰਗਲੈਂਡ ਵਿਚ ਨੌਟਿੰਘਮ ਦੇ ਨੇੜੇ ਈਸਟਵੁੱਡ ਸ਼ਹਿਰ ਵਿਚ ਇਕ ਕਾਮਕਾਜੀ ਪਰਿਵਾਰ ਵਿਚ ਹੋਇਆ। ਉਸ ਆਪਣੀ ਵਿੱਦਿਆ ਨੌਟਿੰਘਮ ਵਿਸ਼ਵਵਿਦਿਆਲੇ ਵਿਚੋਂ ਹਾਸਲ ਕੀਤੀ। ਕੁਝ ਦੇਰ ਉਸ ਨੇ ਸਰਜੀਕਲ ਔਜਾਰ ਬਨਾਉਣ ਵਾਲੀ ਕੰਪਨੀ ਵਿਚ ਨੌਕਰੀ ਕੀਤੀ ਅਤੇ ਬਾਅਦ ਵਿਚ ਕੁਝ ਸਾਲ ਅਧਿਆਪਕ ਵਜੋਂ ਕੰਮ ਕੀਤਾ। ਸਾਲ 1912 ਵਿਚ ਉਹ ਨੌਟਿਘਮ ਯੂਨੀਵਰਸਿਟੀ ਵਿਚ ਫਰੈਂਚ ਭਾਸ਼ਾ ਦੇ ਪਰੋਫੈਸਰ ਦੀ ਜਰਮਨ ਪਤਨੀ, ਫਰੀਦਾ ਵੀਕਲੇ, ਨਾਲ ਨੱਸ ਗਿਆ। ਸਬੱਬ ਨਾਲ, ਇਸੇ ਸਾਲ ਉਸ ਲਿਖਣਾ ਵੀ ਸੁਰੂ ਕੀਤਾ ਸੀ। ਉਹਨਾਂ ਨੇ 1914 ਵਿਚ ਵਿਆਹ ਕਰਾ ਲਿਆ। ਬਰਤਾਨੀਆਂ ਵਿਚ ਜੰਗ ਕਾਰਨ ਮੰਦੀ ਦੇ ਦਿਨ ਸਨ। ਉਹ ਇਸ ਕਾਲ ਵਿਚ ਇਟਲੀ, ਫਰਾਂਸ, ਅਮਰੀਕਾ, ਮੈਕਸੀਕੋ ਅਤੇ ਬਾਅਦ ਵਿਚ ਫਰਾਂਸ ਵਿਚ ਚਲੇ ਗਏ ਜਿੱਥੇ ਉਸ ਨੂੰ ਟੀਵੀ ਹੋ ਗਈ। ਉਹ ਅਧਿਕਤਰ ਆਪਣੇ ਨਾਵਲਾਂ ਕਰਕੇ ਜਾਣਿਆਂ ਜਾਂਦਾ ਹੈ, ਜਿਹਨਾਂ ਵਿਚ ਲੇਡੀ ਚੈਟਰਲੀ ਦਾ ਆਸ਼ਕ ਵੀ ਸ਼ਾਮਿਲ ਹੈ ਜਿਹੜਾ ਬੈਨ ਹੋ ਗਿਆ ਸੀ। ਉਸ ਨੇ ਬਹੁਤ ਸਾਰੀਆਂ ਕਵਿਤਾਵਾਂ ਅਤੇ ਲੇਖ ਵੀ ਲਿਖੇ। ਵਿਮਨ ਇਨ ਲਵ ਅਤੇ ਰੇਨਬੋਅ ਉਸ ਦੇ ਬਿਹਤਰੀਨ ਨਾਵਲਾਂ ਵਿਚ ਸਾਮਿਲ ਹਨ । ਰੇਨਬੋਅ ਨਾਵਲ ਦਾ ਅਨੰਦ ਮੈਂ ਬਹੁਤ ਵਰ੍ਹੇ ਪਹਿਲਾਂ ਖੂਬ ਮਾਣਿਆ ਸੀ। ਉਸ ਦੀ ਕਵਿਤਾ, ਸੱਪ, ਵੀ ਬਹੁਤ ਸਲਾਹੀ ਗਈ ਹੈ ਜਿਹੜੀ ਬਹੁਤ ਸਾਰੇ ਕਵਿਤਾ ਸੰਗ੍ਰਿਹਾਂ ਵਿਚ ਅਕਸਰ ਸ਼ਾਮਿਲ ਕੀਤੀ ਜਾਂਦੀ ਹੈ। ਇਹ ਨਜ਼ਮ ਵੀ ਮੈਂ ਪਿੱਛੇ ਜਿਹੇ ਅਨੁਵਾਦ ਕੀਤੀ ਸੀ ਪਰ ਇਹ ਇਸ ਵਕਤ ਸਾਡੇ ਮੋਹਾਲੀ ਵਾਲੇ ਘਰ ਵਿਚ ਬਹੁਤ ਹੋਰ ਅਨੁਵਾਦਾਂ ਨਾਲ ਪਈ ਹੈ। ਸੋ ਉਹ ਕਵਿਤਾ ਕਦੇ ਫਿਰ ਸਹੀ। ਗੁਰਦੇਵ ਚੌਹਾਨ
Opmerkingen