top of page
Writer's pictureਸ਼ਬਦ

ਪੁਸਤਕ ਸਮੀਖਿਆ/

ਮਸਤ/ ਹਰਜੀਤ ਅਟਵਾਲ/

ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, 2022,/

ਮੁੱਲ-195/ ਪੰਨੇ : 144/

ਡਾ -ਜਸਵਿੰਦਰ ਕੌਰ ਬਿੰਦਰਾ/


ਕਾਫੀ ਅਰਸੇ ਬਾਅਦ ਹਰਜੀਤ ਅਟਵਾਲ ਦਾ ਨਵਾਂ ਕਹਾਣੀ ਸੰਗ੍ਰਹਿ ‘ਮਸਤ’ ਸਾਡੇ ਸਾਹਮਣੇ ਆਇਆ।ਹਰਜੀਤ ਅਟਵਾਲ ਅਜਿਹਾ ਸਾਹਿਤਕਾਰ ਹੈ, ਜਿਸ ਨੇ ਹਮੇਸ਼ਾ ਲੀਕ ਤੋਂ ਹੱਟ ਕੇ ਲਿਖਣ ਦੀ ਕੋਸ਼ਿਸ਼ ਕੀਤੀ। ਪ੍ਰਵਾਸੀ ਸਾਹਿਤ ਵਿੱਚ ਉਸ ਦੇ ਨਾਂ ਦੀ ਨਵੇਕਲੀ ਪਛਾਣ ਹੈ।ਉਹ ਅਜਿਹਾ ਸਾਹਿਤਕਾਰ ਹੈ, ਜਿਸ ਨੇ ਕਹਾਣੀਆਂ ਤੇ ਨਾਵਲੀ ਰਚਨਾ ਦੋਵਾਂ ਵਿੱਚ ਖੁਲ੍ਹੇ ਦਿਲ ਨਾਲ ਲਿਖਿਆ। ਉਸ ਦੇ ਵਿਸ਼ੇ ਬਹੁਤ ਵੱਖਰੇ ਤਰ੍ਹਾਂ ਦੇ ਹੁੰਦੇ ਹਨ। ਉਸ ਦੀਆਂ ਸਾਹਿਤਕ ਰਚਨਾਵਾਂ ਵਿੱਚ ਵਿਸ਼ਿਆਂ ਤੇ ਪਾਤਰਾਂ ਵਜੋਂ ਦੇਸੀ ਤੇ ਵਿਦੇਸੀ ਦੋਵੇਂ ਪੱਧਰ ਦੀਆਂ ਧਿਰਾਂ ਸਮਾਨ ਰੂਪ ਤੋਂ ਦਿੱਸਦੀਆਂ ਹਨ।ਵਿਦੇਸੀ ਪਾਤਰਾਂ ਨੂੰ ਪੰਜਾਬੀ ਕਹਾਣੀ ਦਾ ਹਿੱਸਾ ਬਣਾਉਣ ਵਿੱਚ ਹਰਜੀਤ ਅਟਵਾਲ ਦਾ ਬਹੁਤ ਯੋਗਦਾਨ ਰਿਹਾ ਹੈ।

ਇਸ ਨਵੀਨ ਕਹਾਣੀ ਸੰਗ੍ਰਹਿ ‘ਮਸਤ’ ਵਿੱਚ ਕੁੱਲ 13 ਕਹਾਣੀਆਂ ਹਨ।ਸੰਗ੍ਰਹਿ ਦੀ ਪਹਿਲੀ ਹੀ ਕਹਾਣੀ ਸਿਰਲੇਖ ਵਾਲੀ ‘ਮਸਤ’ ਹੈ। ਇਹ ਅਸਲੋਂ ਹੀ ਨਵੇਕਲੀ ਕਿਸਮ ਦੀ ਕਹਾਣੀ ਹੈ, ਅਜਿਹੀ ਕਹਾਣੀ ਪੰਜਾਬੀਆਂ ਨੇ ਪਹਿਲਾ ਕਦੇ ਪੜ੍ਹੀ-ਸੁਣੀ ਨਹੀਂ ਹੋਣੀ, ਲਿਖਣੀ ਤਾਂ ਦੂਰ ਦੀ ਗੱਲ ਹੈ।ਵਾਈਲਡ ਲਾਈਫ ਦਾ ਫੋਟੋਗ੍ਰਾਫਰ ਲੀਅ-ਸੈਡਜ਼ ਉਤੇ ਚਿੱਟੇ ਬਾਜ਼ ਦੀ ਤਸਵੀਰ ਲੈਣ ਦੇ ਇਰਾਦੇ ਨਾਲ, ਉਥੋਂ ਦੇ ਹੌਲੀਡੇ ਹੋਮਜ਼ ਵਿੱਚ ਕੁਝ ਦਿਨ ਰਹਿਣ ਦਾ ਪ੍ਰੋਗਰਾਮ ਬਣਾ ਕੇ ਗਿਆ। ਉਥੇ ਕਈ ਮੀਲਾਂ ਤਕ ਫੈਲੇ ਬੀਚ ਉਤੇ ਘੁੰਮਦੇ ਹੋਏ ਉਸ ਨੂੰ ਟੀਆ ਮਿਲੀ, ਜੋ ਨੇਚੁਰਿਸਟ ਸੀ। ਇਸੇ ਕਰਕੇ ਪ੍ਰਕ੍ਰਿਤੀ ਨਾਲ ਇਕਮਿੱਕ ਹੋਣ ਕਾਰਣ ਉਹ ਪੂਰੇ ਸਰੀਰ ਉਤੇ ਕੋਈ ਵੀ ਕੱਪੜਾ ਪਾਏ ਬਿਨਾ, ਇਸੇ ਤਰ੍ਹਾਂ ਬੀਚ ਉਤੇ ਘੁੰਮ ਰਹੀ ਸੀ।ਹਾਲਾਂਕਿ ਉਹ ਬਾਰਕਲੇ ਬੈਂਕ ਦੀ ਰੀਜਨਲ ਮੈਨੇਜਰ ਸੀ। ਸਵੇਰੇ ਔਨਲਾਈਨ ਆਫਿਸ ਦਾ ਕੰਮ ਕਰਨ ਤੋਂ ਬਾਅਦ ਉਹ ਇਸੇ ਅਵਸਥਾ ਵਿੱਚ ਇੱਕਲੀ ਘੁੰਮਦੀ। ਜੋਅ ਨਾਲ ਉਸ ਦੀ ਦੋਸਤੀ ਹੋਣ ਤੇ ਉਹ ਉਸ ਦੇ ਕਹਿਣ ਉਤੇ ਦੋ ਦਿਨ ਉਸ ਦੇ ਬੰਗਲੇ ਵਿੱਚ ਵੀ ਰਹੀ। ਫਿਰ ਬਿਨਾ ਕਿਸੇ ਰਿਸ਼ਤੇ, ਪਤਾ ਜਾਂ ਮੋਬਾਇਲ ਨੰਬਰ ਲਏ-ਦਏ ਬਿਨਾ ਚਲੀ ਗਈ।ਇਕ ਸਾਲ ਬਾਅਦ ਲੰਡਨ ਵਿੱਚ ਨੇਚੁਰਿਸਟਾਂ ਦੀ ਇਕ ਰੈਲੀ ਵਿੱਚ ਨੰਗੇ-ਧੜੰਗੇ ਜਿਸਮਾਂ ਵਿਚੋਂ ਇਕ ਜਿਸਮ ਨੇ ਜੋਅ ਦਾ ਧਿਆਨ ਆਪਣੇ ਖਿੱਚਿਆ ਤੇ ਉਸ ਨੂੰ ਪੁਕਾਰ ਨੇ ਆਪਣੀ ਫੋਟੋ ਲੈਣ ਲਈ ਕਿਹਾ। ਆਪਣੀਆਂ ਬਾਹਵਾਂ ਫੈਲਾਏ ਖੜੀ ਟੀਆ ਦੀ ਫੋਟੋ ਲੈਂਦੇ ਹੋਈ ਫੋਟੋਗ੍ਰਾਫਰ ਨੂੰ ਲੱਗਾ, ਜਿਵੇਂ ਉਹ ਚਿੱਟੀ ਪੂੰਛ ਵਾਲੇ ਬਾਜ਼ ਦੀ ਫੋਟੋ ਲੈ ਰਿਹਾ ਹੋਵੇ। ਨੇਚੁਰਿਸਟਾਂ ਦੀ ਸੋਚ ਤੇ ਉਨ੍ਹਾਂ ਬਾਰੇ ਜਾਣਕਾਰੀ ਲੇਖਕ ਨੇ ਅਤਿ ਸਹਿਜਤਾ ਨਾਲ ਦਿੱਤੀ ਤੇ ਪਾਠਕਾਂ ਦੀ ਬਾਹਰਲੇ ਮੁਲਕਾਂ ਦੇ ਵੱਖਰੀ ਸੋਚ ਵਾਲੇ ਪਾਤਰਾਂ ਨਾਲ ਜਾਣ-ਪਛਾਣ ਕਰਵਾ, ਪੰਜਾਬੀ ਵਿਸ਼ੇ ਨੂੰ ਅਮੀਰ ਕੀਤਾ।

ਇਸੇ ਤਰ੍ਹਾਂ ਦੀ ਇਕ ਹੋਰ ਕਹਾਣੀ ‘ਮੈਰੀਅਨ’, ਜਿਸ ਤੋਂ ਪਤਾ ਲੱਗਦਾ ਹੈ ਕਿ ਆਇਰਸ਼ ਲੋਕ ਕਿੰਨੇ ਰੂੜ੍ਹੀਵਾਦੀ ਹਨ ਤੇ ਕੈਥੋਲਿਕ ਚਰਚ ਦੇ ਅਨਾਥ-ਆਸ਼ਰਮ ਵਿੱਚ ਵਿਆਹ ਬਾਹਰੇ ਬੱਚਿਆਂ ਦੀ ਪਾਲਣਾ ਕਰਨ ਦੀ ਬਜਾਏ ਉਨ੍ਹਾਂ ਨੂੰ ਅਮੀਰ ਬੇਔਲਾਦ ਲੋਕਾਂ ਨੂੰ ਮੋਟੀ ਰਕਮ ਦੇ ਕੇ ਵੇਚਿਆ ਜਾਂਦਾ ਹੈ। ਇਕ ਪਾਸੇ ਉਹ ਕੈਥੋਲਿਕ ਧਰਮ ਦੀ ਦੁਹਾਈ ਦੇਂਦੇ ਹਨ ਤੇ ਦੂਜੇ ਪਾਸੇ ਅਣਵਿਆਹੀਆਂ ਕੁੜੀਆਂ ਉਤੇ ਤਸ਼ਦੱਦ ਕਰਦੇ ਤੇ ਬੱਚੇ ਦੇ ਜਨਮ ਮਗਰੋਂ ਬੱਚਾ ਉਨ੍ਹਾਂ ਤੋਂ ਬੱਚਾ ਖੋਹ ਲਿਆ ਜਾਂਦਾ ਹੈ ਤੇ ਉਨ੍ਹਾਂ ਨਾਲ ਅਮਾਨਵੀ ਵਿਹਾਰ ਕਰਦੇ ਹੋਏ, ਉਨ੍ਹਾਂ ਤੋਂ ਬੇਗਾਰਾਂ ਜਿਹਾ ਕੰਮ ਲਿਆ ਜਾਂਦਾ ਹੈ।ਜਦੋਂ ਉਨ੍ਹਾਂ ਕੁੜੀਆਂ ਨੂੰ ਕਿੱਧਰੇ ਕੰਮ ਜਾਂ ਨੌਕਰੀ ਮਿਲ ਜਾਏ ਤਾਂ ਉਹ ਸ਼ੁਕਰ ਕਰਦੀਆਂ ਤੇ ਇੱਥੋਂ ਭੱਜਣ ਵਿੱਚ ਭਲਾਈ ਸਮਝਦੀਆਂ ਹਨ।ਮੈਰੀਅਨ ਨਾਲ ਇਹੀ ਸਭ ਕੁਝ ਵਾਪਰਿਆ, ਪਰ ਜਦੋਂ ਕਾਫੀ ਅਰਸੇ ਬਾਅਦ ਉਸ ਨੇ ਇਸ ਚਰਚ ਦੇ ਆਸ਼ਰਮ ਵਿੱਚ ਆ ਕੇ ਆਪਣੀ ਜੰਮੀ ਧੀ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਪਹਿਲਾ ਉਸ ਨਾਲ ਰਿਕਾਰਡ ਹੜ੍ਹ ਵਿੱਚ ਰੁੜ੍ਹ ਜਾਣ ਦਾ ਝੂਠ ਬੋਲਿਆ। ਫਿਰ ਉਸ ਨੂੰ ਉਹ ਇਕਰਾਰਨਾਮਾ ਦਿੱਖਾ ਦਿੱਤਾ ਕਿ ਜਨਮ ਦੇਣ ਮਗਰੋਂ ਉਸ ਦਾ ਆਪਣੇ ਬੱਚੇ ਨਾਲ ਕੋਈ ਸੰਬੰਧ ਨਹੀਂ ਰਹੇਗਾ। ਇਹ ਕਹਾਣੀ ਵੀ ਪੱਛਮ ਬਾਰੇ ਇਕ ਨਵੇਂ ਰੱਹਸ ਤੋਂ ਪਰਦਾ ਚੁੱਕਦੀ ਹੈ। ਸਾਡੇ ਜਿਹੇ ਮੁਲਕਾਂ ਵਾਲਿਆਂ ਨੂੰ ਉਥੋਂ ਦੀ ਖੁਲ੍ਹੀ ਆਜ਼ਾਦੀ ਤੇ ਆਪਣੀ ਮਰਜ਼ੀ ਨਾਲ ਜੀਵਨ ਜੀਉਣ ਦੀ ਹੀ ਜਾਣਕਾਰੀ ਹੈ, ਉਨ੍ਹਾਂ ਦੇ ਅੰਦਰ ਵੀ ਧਰਮ ਦੇ ਨਾਂ ਉਤੇ ਕਿਸ ਤਰ੍ਹਾਂ ਅਮਾਨਵੀ ਵਿਹਾਰ ਕੀਤਾ ਜਾਂਦਾ ਹੈ, ਇਹ ਗੱਲ ਉਹ ਕਦੇ ਬਾਹਰ ਨਹੀਂ ਆਉਣ ਦੇਂਦੇ। ਪੱਛਮੀ ਲੇਖਕ ਤੇ ਪੱਤਰਕਾਰ ਹਮੇਸ਼ਾਂ ਭਾਰਤ ਤੇ ਹੋਰ ਏਸ਼ੀਆਈ ਦੇਸ਼ਾਂ ਦੀ ਗਰੀਬੀ, ਸਭਿਆਚਾਰ ਦੀ ਵਿਭਿੰਨਤਾ ਤੇ ਧਰਮਾਂ ਦੇ ਰੀਤੀ-ਰਸਮਾਂ ਦਾ ਕਿਸੇ ਨ ਕਿਸੇ ਤਰ੍ਹਾਂ ਨਾਲ ਮਜ਼ਾਕ ਉਡਾਉਂਦੇ ਹਨ, ਪਰ ਆਪਣੇ ਦੇਸ ਦੀਆਂ ਵੱਡੀਆਂ ਕਮੀਆਂ ਤੇ ਚਾਲਾਕੀਆਂ ਉਤੇ ਪਰਦਾ ਪਾਏ ਰੱਖਦੇ ਹਨ, ਜਦਕਿ ਭਾਰਤੀ ਤੇ ਏਸ਼ੀਆਈ ਆਪਣੀਆਂ ਹੀ ਕਮੀਆਂ ਨੂੰ ਵੱਧ-ਚੜ੍ਹ ਕੇ ਦੱਸ ਕੇ ਮਾਣ ਮਹਿਸੂਸ ਕਰਦੇ ਹਨ। ਬਸ ਇਹੀ ਫਰਕ ਹੈ, ਪੂਰਬ ਤੇ ਪੱਛਮ ਵਾਲਿਆਂ ਵਿੱਚ…।ਪਤਾ ਹੁਣ ਕੌਣ ਠੀਕ ਤੇ ਸੱਚਾ ਤੇ ਕੌਣ ਝੂਠਾ ਤੇ ਮੱਕਾਰ….!

‘ਪਰਛਾਵੇਂ’ ਦੀ ਨਿੰਮੀ ਨੇ ਵੱਡੀ ਨਾਮੀ ਲਾਅ ਕੰਪਨੀ ਵਿੱਚ ਉੱਚਾ ਮੁਕਾਮ ਹਾਸਿਲ ਕਰ ਲਿਆ। ਹਰ ਨਵੀਂ ਥਾਂ ਉਤੇ ਨਵੇਂ ਸਾਥੀ ਨਾਲ ਜਾਣ ਦੇ ਬਾਵਜੂਦ ਆਪਣੇ ਅਤੀਤ ਵੱਲ ਝਾਕਦੀ ਰਹੀ। ਐਨੇ ਸਾਲਾਂ ਬਾਅਦ ਉਹ ਇਕ ਵਾਰ ਫਿਰ ਵਿਦਿਆਰਥੀ ਜੀਵਨ ਦੇ ਆਪਣੇ ਪ੍ਰੇਮੀ ਰਹੇ ਜਗਦੀਸ਼ ਦੇ ਵਿਆਹੁਤਾ ਜੀਵਨ ਵਿੱਚ ਆਪਣੀ ਮੌਜੂਦਗੀ ਦਾ ਇਹਸਾਸ ਕਰਵਾਉਣ ਲਈ ਆਪਣੇ ਛੋਟੇ ਸ਼ਹਿਰ ‘ਸਟੋਕ’ ਵਾਪਸ ਆ ਗਈ। ਜਦਕਿ ਉਸ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਫਿਰ ਵੀ ਉਹ ਆਪਣੇ ਮਾਪਿਆਂ ਨਾਲ ਹੁਣ ਤਕ ਇਸ ਕਰਕੇ ਨਾਰਾਜ਼ ਰਹੀ ਕਿ ਉਨ੍ਹਾਂ ਨੇ ਜਿਸ ਆਦਮੀ ਨਾਲ ਉਸ ਦਾ ਵਿਆਹ ਕੀਤਾ, ਉਹ ਜਲਦੀ ਹੀ ਉਸ ਨੂੰ ਛੱਡ ਗਿਆ। ਬੰਦਾ ਦਾ ਅਵਚੇਤਨ ਕਿਉਂ ਹਮੇਸ਼ਾ ਆਪਣੇ ਅਤੀਤ ਨਾਲ ਜੁੜੇ ਤੇ ਪੁਰਾਣੇ ਸੰਬੰਧਾਂ ਦੀ ਦੁਹਾਈ ਦੇਂਦਾ, ਅਤੀਤ ਦੇ ਪਰਛਾਵਿਆਂ ਤੋਂ ਬਾਹਰ ਨਹੀਂ ਆਉਣਾ ਚਾਹੁੰਦਾ। ਇਸ ਦੇ ਪਿੱਛੇ ਕੀ ਉਸ ਦਾ ਅਹਿੰ ਭਾਵ ਕਾਰਜਸ਼ੀਲ ਰਹਿੰਦਾ ਹੈ, ਜੋ ਪੁਰਾਣਿਆਂ ਤੋਂ ਹੀ ਸ਼ਾਬਾਸ਼ੀ ਚਾਹੁੰਦਾ ਹੈ ਜਾਂ….।ਬੰਦਾ ਆਪਣੇ ਅਤੀਤ ਤੋਂ ਪਿੱਛਾ ਛਡਾਉਣਾ ਵੀ ਚਾਹੇ ਤਾਂ ਅਜਿਹਾ ਐਨੀ ਆਸਾਨੀ ਨਾਲ ਹੁੰਦਾ ਨਹੀਂ ਹੈ।

ਬਹੁਤ ਸਾਰੇ ਦੇਸੀ ਪੰਜਾਬੀ ਲੋਕ ਵਰਿ੍ਹਆਂ ਬੱਧੀ ਬਾਹਰ ਵੱਸਣ ਦੇ ਬਾਵਜੂਦ ‘ਅੱਕ’ ਦੇ ਭਜਨ ਵਾਂਗ ਜਾਤ-ਪਾਤ ਤੇ ਉੱਚ-ਨੀਚ ਨੂੰ ਨਾ ਸਿਰਫ਼ ਮੰਨਦੇ ਹੀ ਹਨ ਸਗੋਂ ਆਪਣੀ ਔਲਾਦ ਦੀ ਜ਼ਿੰਦਗੀ ਨੂੰ ਇਨ੍ਹਾਂ ਗੱਲਾਂ ਰਾਹੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।ਇਹੀ ਹਾਲ ‘ਚੀਅਰਜ਼’ ਦੇ ਰਣਬੀਰ ਸਿੰਘ ਤੇ ਪ੍ਰਿਤਪਾਲ ਦਾ ਹੈ, ਜੋ ਉਥੇ ਵੱਸਦੇ ਆਧੁਨਿਕ ਕਹਾਉਣ ਤੇ ਸਮੇਂ ਨਾਲ ਬਦਲਣ ਦੀਆਂ ਗੱਲਾਂ ਲੋਕਾਂ ਸਾਹਮਣੇ ਵੱਧ-ਚੜ੍ਹ ਕੇ ਜ਼ਰੂਰ ਕਰਦੇ ਹਨ।ਉਹ ਉਥੇ ਵੀ ਪੁੱਤਰ ਨੂੰ ਉਸ ਦੀ ਪਸੰਦ ਦਾ ਵਿਆਹ ਕਰਨ ਦੀ ਇਜਾਜ਼ਤ ਦੇਂਦੇ ਹਨ ਪਰ ਜੇ ਉਨ੍ਹਾਂ ਦੀ ਧੀ ਦੇ ਨੇੜੇ ਕੋਈ ਕਾਲਾ ਜਾਂ ਹੋਰ ਮੁੰਡਾ ਗੇੜੇ ਕੱਢੇ ਤਾਂ ਮੌਕਾ ਦੇਖ ਕੇ ਪ੍ਰਿਤਪਾਲ ਜਿਹਾ ਨੌਜਵਾਨ ਵੀ ਜੱਟ ਦੀ ਟੈਂ ਵਿੱਚ ਉਸ ਨੂੰ ਕੁੱਟਣ ਦਾ ਮੌਕਾ ਨਹੀਂ ਛੱਡਦਾ।ਭਾਰਤੀ ਆਪਣੀ ਔਲਾਦ ਨੂੰ ਸਾਰੀ ਉਮਰ ਹੀ ਬੱਚਾ ਸਮਝ ਕੇ ਉਸ ਨੂੰ ਸਭ ਕੁਝ ਦੇਣ ਦੀ ਸੋਚ ਨਾਲ ਹੀ ਬੰਨ੍ਹੇ ਹੋਏ ਹਨ। ਜਿਸ ਦਾ ਖਾਮਿਆਜ਼ਾ ਵੀ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ, ਕਿਉਂਕਿ ਔਲਾਦ ਉਨ੍ਹਾਂ ਦੀ ਹਰ ਚੀਜ਼ ਨੂੰ ਆਪਣਾ ਹੱਕ ਸਮਝ ਕੇ ਉਨਾਂ੍ਹ ਤੋਂ ਖੋਹ ਲੈਣ ਜਿਹਾ ਵਿਹਾਰ ਕਰਨ ਲੱਗ ਪਈ ਹੈ। ਬਾਹਰਲੇ ਦੇਸ਼ਾਂ ਵਿੱਚ ਘਟੋ-ਘੱਟ ਮਾਪੇ ਤੇ ਔਲਾਦ ਵਿਚਕਾਰ ਅਜਿਹਾ ਲੈਣ-ਦੇਣ ਦਾ ਰਿਸ਼ਤਾ ਨਹੀਂ ਹੈ, ਜੋ ਦੇਸੀ ਲੋਕਾਂ ਵਾਂਗ ਖੋਹਣ ਦੀ ਪੱਧਰ ਤਕ ਪੁਜ ਚੁੱਕਾ ਹੈ। ‘ਵਰ੍ਹੇਗੰਢ ਮੁਬਾਰਕ’ ਦਾ ਅਵਤਾਰ ਚਾਹੁੰਦਾ ਹੈ ਕਿ ਬਾਪ ਆਪਣਾ ਮਕਾਨ ਉਸ ਦੇ ਨਾਂ ਕਰ ਦੇਵੇ ਨਹੀਂ ਤਾਂ ਮਾਂ ਦਾ ਇਲਾਜ ਕਰਨ ਵਾਲੇ ਹਸਪਤਾਲ ਵਾਲੇ, ਮਰੀਜ਼ ਕੋਲ ਜਾਇਦਾਦ ਹੋਣ ਕਾਰਣ, ਮਕਾਨ ਲੈ ਕੇ ਆਪਣਾ ਖ਼ਰਚ ਪੂਰਾ ਕਰਨਗੇ। ਜੇ ਜਾਇਦਾਦ ਨਹੀਂ ਹੁੰਦੀ ਤਾਂ ਨਰਸਿੰਗ ਹੋਮ ਵਾਲੇ ਕੁਝ ਨਹੀਂ ਕਰ ਸਕਦੇ। ਪਰ ਸਤਨਾਮ ਸਿੰਘ ਆਪਣੇ ਬੁਢਾਪੇ ਲਈ ਇਸ ਮਕਾਨ ਨੂੰ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਹੈ ਤਾਂ ਕਿ ਕਲ੍ਹ ਨੂੰ ਬਿਮਾਰ ਪੈਣ ਤੇ ਨਰਸਿੰਗ ਹੋਮ ਵਾਲੇ ਉਸ ਦੀ ਚੰਗੀ ਦੇਖਭਾਲ ਕਰਨ।ਫਿਰ ਜੇ ਮਕਾਨ ਉਨ੍ਹਾਂ ਕੋਲ ਜਾਂਦਾ ਵੀ ਹੈ ਤਾਂ ਕੋਈ ਗੱਲ ਨਹੀਂ। ਮਾਪਿਆਂ ਦੀ ਪੰਜਾਹਵੀਂ ਵਰੇ੍ਹਗੰਢ ਉਤੇ ਕੇਕ ਲਿਆ ਕੇ ਦਿਹਾੜਾ ਮਨਾਉਣ ਦਾ ਦਿਖਾਵਾ ਅਵਤਾਰ ਨੇ ਜ਼ਰੂਰ ਕੀਤਾ ਪਰ ਜਦੋਂ ਬਾਪ ਨੇ ਮਕਾਨ ਉਸ ਦੇ ਨਾਂ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ, ਉਹ ਉਸ ਕੇਕ ਨੂੰ ਠੁੱਡਾ ਮਾਰ ਕੇ ਘਰੋਂ ਬਾਹਰ ਨਿਕਲ ਗਿਆ।

ਕਹਾਣੀ ‘ਗੁਰੂ’ ਵਿਚਲੀ ਗੁਰੂ ਨੇ ਸੰਗੀਤ ਦੀ ਚੰਗੀ ਸਿੱਖਿਆ ਆਪਣੇ ਚੰਗੇ ਸ਼ਿਸ਼ ਨੂੰ ਦੇ ਕੇ ਉਸ ਨੂੰ ਗਾਣ ਵਿੱਚ ਮਾਹਿਰ ਜ਼ਰੂਰ ਕਰ ਦਿੱਤਾ, ਪਰ ਦੀਖਿਆ ਦੇ ਤੌਰ ਤੇ ਉਸ ਨੇ ਆਪਣੇ ਸ਼ਿਸ ਨਾਲ ਸੰਬੰਧ ਕਾਇਮ ਕਰ, ਉਸ ਤੋਂ ਬਹੁਤ ਕੁਝ ਖੋਹ ਲਿਆ। ਸੰਗੀਤ ਤੇ ਨਿਤ੍ਰ ਦੀ ਸਿੱਖਿਆ ਦੇਣ ਵਾਲੇ ਗੁਰੂਆਂ-ਸ਼ਿਸ਼ਾਂ ਦੇ ਅਜਿਹੇ ਕਈ ਕਿੱਸੇ ਹਮੇਸ਼ਾ ਹੀ ਸੁਣਨ ਵਿੱਚ ਆਉਂਦੇ ਰਹੇ। ਜਦੋਂ ਪ੍ਰਸਿੱਧ ਹੋਣ ਲਈ ਸ਼ਿਸ਼ ਆਪ ਵੀ ਅੱਗੇ ਵੱਧ ਕੇ ਹਰ ਸੀਮਾ ਪਾਰ ਕਰ ਜਾਂਦੇ ਹਨ ਜਾਂ ਗੁਰੂ ਹੀ ਦੱਖਣਾ ਰੂਪ ਵਿੱਚ ਸ਼ਿਸ ਦਾ ਸੋਸ਼ਣ ਕਰਨ ਤੋਂ ਪਿੱਛੇ ਨਹੀਂ ਹੱਟਦੇ।ਅੱਜ ਸਭ ਕੁਝ ਬਜ਼ਾਰਵਾਦ ਤੇ ਲੋਕਪ੍ਰਿਅਤਾ ਦੀ ਭੇਂਟ ਚੜ੍ਹ ਚੁੱਕਾ ਹੈ।ਪਰ ਇਸ ਕਹਾਣੀ ਵਿਚਲਾ ਸ਼ਿਸ਼ ਉਸ ਵੇਲੇ ਵਹਾਓ ਵਿੱਚ ਵਹਿ ਜ਼ਰੂਰ ਗਿਆ, ਪਰ ਫਿਰ ਸਾਰੀ ਉੱਮਰ ਸਾਵਾਂ ਨ ਰਹਿ ਸਕਿਆ।ਕੋਈ ਕਿੰਨਾ ਵੀ ਬਹਾਦਰ ਹੋਣ ਦੀ ਦੁਹਾਈ ਦੇਵੇ, ਹਰ ਮੁਸ਼ਕਲ ਦਾ ਸਾਹਮਣਾ ਕਰ ਲੈਣ ਦਾ ਸਿਦਕ ਦਿਖਾਵੇ ਪਰ ਸੱਚ ਤਾਂ ਇਹ ਹੈ ਕਿ ਕਿਸੇ ਵੀ ਦੁਖ ਤੇ ਔਕੜਾਂ ਵੇਲੇ ਕਿਸੇ ਆਪਣੇ ਦਾ ਮੋਢ੍ਹਾ ਬਹੁਤ ਸਹਾਰਾ ਦੇਂਦਾ ਹੈ। ਬਹੁਤ ਵਾਰ ਸਮਾਜ ਬਾਰੇ, ਕਿਸੇ ਦੂਜੇ ਦਾ ਭਲਾ ਕਰਨ ਦੇ ਚੱਕਰ ਵਿੱਚ ਬੰਦਾ ਆਪਣੇ ਜੀਵਨ ਦਾ ‘ਅੱਜ’ ਖ਼ਰਾਬ ਕਰ ਲੈਂਦਾ ਹੈ। ਦਿਲ ਉਤੇ ਪੱਥਰ ਤਕ ਰੱਖ ਲੈਂਦਾ ਹੈ। ਪਰ ਵਰਿ੍ਹਆਂ ਬਾਅਦ ਪਤਾ ਲੱਗਦਾ ਹੈ ਕਿ ਜਿਸ ਲਈ ਸੋਚ-ਸਮਝ ਕੇ ਕੁਰਬਾਨੀ ਦਿੱਤੀ, ਉਹ ਤਾਂ ਅੰਝਾਈਂ ਗਈ, ਕਿਉਂਕਿ ਜਿਵੇਂ ਸਿੰਘ ਨੇ ਨਿੰਮੀ ਲਈ ਇਸ ਗੱਲੋਂ ਇਨਕਾਰ ਕੀਤਾ ਕਿ ਉਹ ਕਿਸੇ ਹੋਰ ਨਾਲ ਵਿਆਹ ਕਰਵਾ ਕੇ ਸੁਖੀ ਰਹੇਗੀ ਤੇ ਕਿਉਂਕਿ ਉਹ ਨਿੰਮੀ ਦੇ ਪਹਿਲੇ ਦੋ ਬੱਚੇ ਨਹੀਂ ਪਾਲ ਸਕੇਗਾ।ਵਰਿ੍ਹਆਂ ਬਾਅਦ ਨਿੰਮੀ ਦੇ ਮਿਲਣ ਤੇ ਪਤਾ ਲੱਗਾ, ਉਸ ਨੂੰ ਦੇਖਦੇ ਹੀ ਉਹ ਪਹਿਲੇ ਵਾਲੀ ‘ਤਿਤਲੀ’ ਵੱਖੀ ਵਿੱਚ ਖੰਭ ਜ਼ਰੂਰ ਖਲਾਰਣ ਲੱਗੀ ਸੀ। ਦੋਵਾਂ ਵਿਚੋਂ ਕੋਈ ਵੀ ਸੁਖੀ ਨ ਰਿਹਾ।ਬਾਹਰਲੇ ਮੁਲਕਾਂ ਵਿੱਚ ਇੱਕਲਾਪਨ ਬੁਢਾਪੇ ਨਾਲੋਂ ਵੀ ਵੱਡੀ ਬਿਮਾਰੀ ਹੈ।

ਵਹਿਮਣ ਚੇਤਨੀ ਨੇ ਇਸ ਤੋਂ ਪਹਿਲਾ ਘਰ ਇਸ ਘਰ ਕੇ ਛੱਡ ਦਿੱਤਾ ਸੀ ਕਿ ਉਥੇ ਇਕ ਔਰਤ ਪਾਗਲ ਮਰ ਗਈ ਸੀ। ਹੁਣ ਉਹ ਇਸ ਕਰਕੇ ਖੁਸ਼ ਸੀ ਕਿ ਬਗਲ ਦੇ ਘਰ ਵਾਲਾ ਗਵਾਂਢੀ ਹੈਰੀ ਇਕ ਕੰਧ ਦੀ ਵਿੱਥ ਤੇ ਉਨ੍ਹਾਂ ਵਾਂਗ ਹੀ ਆਪਣੇ ਕੁੱਤੇ ਸਿੰਬਾ ਨਾਲ ਘਰ ਦੀ ਲੌਬੀ ਵਿੱਚ ਬੈਠ ਕੇ ਟੀਵੀ ਦੇਖਦਾ ਤੇ ਗੱਲਾਂ ਕਰਦਾ ਸੀ।ਕਾਫੀ ਅਰਸੇ ਤਕ ਉਨ੍ਹਾਂ ਨੂੰ ਇਕ ਕੰਧ ਦੇ ਓਹਲਿਆਂ ਵੀ ਇਸ ਗੱਲ ਦਾ ਅੰਦਾਜ਼ਾ ਨ ਹੋ ਸਕਿਆ ਕਿ ਹੈਰੀ ਤੇ ਉਸ ਦਾ ਕੁੱਤਾ ਇਕ ਦਿਨ ਉਥੇ ਬੈਠੇ-ਬੈਠੇ ਹੀ ਮਰ ਗਏ ਤੇ ਗਵਾਂਢ ਰਹਿੰਦਿਆਂ ਉਨ੍ਹਾਂ ਨੂੰ ਪਤਾ ਨ ਲੱਗਾ। ਪਤੀ ਨੂੰ ਫਿਕਰ ਇਸ ਗੱਲ ਦਾ ਸੀ ਕਿ ਹੁਣ ਚੇਤਨੀ ਕੀ ਕਰੇਗੀ…?

ਹਰਜੀਤ ਅਟਵਾਲ ਦਾ ਇਹ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀ ਨੂੰ ਆਪਣੇ ਵਿਸ਼ਿਆਂ ਤੇ ਨਵੀਂ ਜਾਣਕਾਰੀ ਨਾਲ ਹੋਰ ਵੀ ਮੋਕਲਾ ਕਰਦਾ ਹੈ।

ਮੋ. 9868182835

Comments


bottom of page