ਜਸਵਿੰਦਰ ਸਿੰਘ
ਖੋਜਾਰਥੀ, ਪੰਜਾਬੀ ਵਿਭਾਗ
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ
Jaswindersinghbrar05@gmail.com
ਕਾਵਿ ਨਾਟਕ ਰੂਪਾਕਾਰ ਦੀ ਤਲਾਸ਼ ਵਿੱਚ
“ਮਨੁੱਖ ਅੰਦਰ ਨਕਲ ਉਤਾਰਨ ਦਾ ਚਾਉ ਮੁਢ ਤੋਂ ਈ ਹੈ। ਇਹ ਕੁਦਰਤ ਦੀ ਦਾਤ ਹੈ। ਇਸੇ ਚਾਉ ਤੋਂ ਕੋਮਲ ਹੁਨਰ ਪੈਦਾ ਹੋਏ। ਬੋਲੀ ਕੁਦਰਤ ਦੀਆਂ ਅਵਾਜਾਂ ਦੀ ਨਕਲ ਤੋਂ ਜੰਮੀ, ਚਿੱਤਰਕਾਰੀ ਆਦਿ, ਰਚਨਾਂ ਦੀ ਨਕਲ ਉਤਾਰਨ ਤੋਂ ਨਿਕਲੀ। ਇਸੇ ਤਰ੍ਹਾਂ, ਨਾਟਕ ਪੈਹਲੇ ਜੰਗਲੀ ਜਨੌਰਾਂ ਦੇ ਸਾਂਗ ਬਨੇ, ਕਿਸੇ ਨੂੰ ਸ਼ੇਰ ਬਨ ਡਰਾਇਆ ਤੇ ਕਿਸੇ ਨੂੰ ਬਾਂਦਰ ਬਨ ਸਤਾਇਆ। ਫੇਰ ਜਦ ਤੈਹਜ਼ੀਬ ਵਧੀ ਦੇਵੀ ਦੇਵਤੇ ਬਨੇ, ਤਾਂ ਇਹਨਾਂ ਦੇਵੀ ਦੇਵਤਿਆਂ ਦੇ ਜੀਵਨ ਚਿਤ੍ਰ ਉਤਾਰ ਉਤਾਰ ਜੀ ਪ੍ਰਚਾਂਦੇ ਰਹੇ। ਬਸ ਏਥੋਂ ਹੀ ਅਸਲੀ ਨਾਟਕ ਦਾ ਮੁਢ ਬੱਝਾ”। (ਬਾਵਾ ਬੁਧ ਸਿੰਘ, 1989, ਪੰ. 1)ਲਿਖਤ ਕਲਾ ਦੇ ਵਿਕਸਤ ਹੋਣ ਨਾਲ ਨਾਟਕ ਸਹਿਤ ਦਾਉਹ ਰੂਪਬਣ ਗਿਆ ਜੋ ਕਿਇੱਕ ਪਾਸੇਲਿਖਤੀ ਸਾਹਿਤਵਜੋਂ ਹੋਂਦਰੱਖਦਾ ਹੈਅਤੇ ਦੂਸਰੇਪਾਸੇ ਰੰਗਮੰਚੀ। “ਜਿੱਥੇ ਪਾਤਰ, ਪਰਸਥਿਤੀਆਂ, ਘਟਨਾਵਾਂ, ਗੋਂਦ ਤਨਾਉ ਅਤੇ ਭਾਸ਼ਾ ਪਦ ਇਸ ਕਲਾ ਦੇ ਸਾਹਿਤ ਨਾਲ ਸੰਬੰਧ ਜੋੜਦੇ ਹਨ, ਉੱਥੇ ਰੰਗ ਮੰਚ, ਅਦਾਕਾਰ, ਮੰਚੀ-ਭਾਸ਼ਾ, ਮੰਚ ਜੜਤ, ਵੇਸ਼-ਭੂਸ਼ਾ, ਮੇਕਅਪ, ਰੋਸ਼ਨੀ, ਅਵਾਜ਼ (Sound), ਦਰਸ਼ਕ, ਪ੍ਰਵੇਸ਼, ਪ੍ਰਸਥਾਨ ਤੇ ਪਰਦਾ ਆਦਿ ਵਸਤੂਆਂ ਦੀ ਵਰਤੋਂ ਇਸ ਨੂੰ ਸਾਹਿਤ ਰੂਪ ਨਾਲੋਂ ਪਰੇ ਲੈ ਜਾਂਦੀ ਹੈ”। (ਪਿਆਰਾ ਸਿੰਘ, 2013, ਪੰ. 1) ਇਸ ਤਰ੍ਹਾਂ ਨਾਟਕਦੂਹਰੇ ਚਰਿੱਤਰਦਾ ਧਾਰਨੀਬਣ ਜਾਂਦਾਹੈ, ਬਿਨ੍ਹਾਂ ਸ਼ੱਕਨਾਟਕ ਲਿਖਤੀਸਾਹਿਤ ਵਜੋਂਵੀ ਪ੍ਰਵਾਨਕੀਤਾ ਜਾਂਦਾਹੈ, ਪਰ ਅਸਲਵਿੱਚ ਸਫਲਨਾਟਕ ਉਸਨੂੰਹੀ ਸਵੀਕਾਰਿਆਜਾਂਦਾ ਹੈ, ਜੋਰੰਗਮੰਚ ਉੱਪਰਸਫਲਤਾਪੂਰਵਕ ਪੇਸ਼ਹੋਣ ਦੀਕਾਬਲੀਅਤ ਰੱਖਦਾਹੋਵੇ ਕਿਉਂਕਿ ‘ਨਾਟ-ਕਲਾ, ਦ੍ਰਿਸ਼ ਕਲਾ ਦੀ ਵਸਤ ਪਹਿਲੋਂ ਹੈ, ਸਾਹਿਤ ਕਲਾ ਦੀ ਵਸਤ ਬਾਅਦ ਵਿੱਚ ਬਣਦੀ ਹੈ’। (ਰਜਿੰਦਰ ਲਹਿਰੀ, 2018, ਪੰ. 61)
“ਪੁਰਾਣੇ ਮਿਥਿਹਾਸ ਅਨੁਸਾਰ ਨਾਟਕ ਅਤੇ ਕਵਿਤਾ ਸਰਸਵਤੀ ਮਾਤਾ ਦੇ ਕੁੱਖੋਂ ਜੰਮੇ ਜੌੜੇ ਭੈਣ ਭਰਾ ਹਨ। ਸਮੂਹਿਕ ਨਾਚ ਦੀ ਮਸਤੀ ਵਿੱਚ ਸਾਡੇ ਪ੍ਰਾਚੀਨ ਜਠੇਰੇ ਜਠੇਰੀਆਂ ਨੇ ਕਵਿਤਾ ਵਿਚ ਵਾਰਤਾਲਾਪ ਆਖੀ ਅਤੇ ਸਵਾਂਗ ਲੀਲ੍ਹਾ ਕੀਤੀ”। (ਗੁਰਚਰਨ ਸਿੰਘ ਐਮ. ਏ., 1951, ਪੰ. 9) “ਨਾਟਕ ਦਾ ਇਤਿਹਾਸ ਕਵਿਤਾ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸੰਸਾਰ ਦੀਆਂ ਦੋ ਪ੍ਰਸਿੱਧ ਨਾਟ-ਪਰੰਪਰਾਵਾਂ ਕ੍ਰਮਵਾਰ ਯੂਨਾਨੀ ਅਤੇ ਸੰਸਕ੍ਰਿਤ ਵਿੱਚ ਨਾਟਕ ਦੀ ਸ਼ੁਰੂਆਤ ਲਗਭਗ ਇਕੋ ਸਮੇਂ ਵਿਚ ਹੋਈ ਹੈ। ਦੋਵੇਂ ਨਾਟ ਪਰੰਪਰਾਵਾਂ ਵਿੱਚ ਨਾਟਕ ਨੂੰ ਕਾਵਿ ਦੇ ਮਾਧਿਅਮ ਰਾਹੀਂ ਲਿਖਿਆ ਜਾਂਦਾ ਸੀ ਭਾਵ ਵਿਸ਼ਵ ਵਿਚ ‘ਨਾਟਕ’ ਦੀ ਵਿਧਾ ‘ਕਾਵਿ ਨਾਟਕ’ ਵਜੋਂ ਹੀ ਆਰੰਭ ਹੋਈ । ਇਹ ਪਰੰਪਰਾ ਮਧਕਾਲ ਵਿਚ ਦੇਰ ਤਕ ਚੱਲੀ ਅਤੇ ਵੀਹਵੀਂ ਸਦੀ ਤੋਂ ਪਹਿਲਾਂ ਤੱਕ ਅਧਿਕਤਰ ਨਾਟਕ ‘ਕਾਵਿ ਨਾਟਕ’ ਹੀ ਸੀ। ਲਿਹਾਜ਼ਾ ਯੂਨਾਨੀ, ਸੰਸਕ੍ਰਿਤ, ਅੰਗਰੇਜ਼ੀ, ਜਾਪਾਨੀ, ਚੀਨੀ ਆਦਿ ਭਾਸ਼ਾਵਾਂ ਵਿਚ ਮੁਢਲੇ ਨਾਟਕ ਕਾਵਿ ਨਾਟਕ ਸਨ। ਇਸੇ ਪ੍ਰਕਾਰ ਪੰਜਾਬੀ ਵਿਚ ਵੀ ਪਹਿਲਾਂ ਜਿਹੜੇ ਵੀ ਨਾਟਕਾਂ ਦੀ ਰਚਨਾ ਕੀਤੀ ਗਈ ਉਨ੍ਹਾਂ ਦੀ ਵਿਧਾਗਤ ਪਛਾਣ ਵੀ ‘ਕਾਵਿ ਨਾਟਕ’ ਹੀ ਸੀ”। (ਸਤੀਸ਼ ਕੁਮਾਰ ਵਰਮਾ, 2019, ਪੰ. 206)ਭਰਤ ਮੁਨੀ ਨੇ ਸਮੁੱਚੇ ਸਾਹਿਤ ਨੂੰ ਕਾਵਿ ਦੇ ਅਧੀਨ ਵਿਚਾਰਦਿਆਂ ਹੋਇਆਂ ਕਾਵਿ ਨੂੰ ਅੱਗੇ ਦੋ ਵਰਗਾਂ ਸ਼੍ਰਵ ਕਾਵਿ ਅਤੇ ਦ੍ਰਿਸ਼ ਕਾਵਿ ਵਿੱਚ ਵੰਡਿਆ ਹੈ ਅਤੇ ‘ਨਾਟਯ ਸ਼ਾਸ਼ਤਰ ਵਿੱਚ ਨਾਟਕ ਨੂੰ ਦ੍ਰਿਸ਼ ਕਾਵਿ ਦੇ ਅਧੀਨ ਰੱਖ ਕੇ ਇਸ ਦਾ ਅਧਿਐਨ ਪੇਸ਼ ਕੀਤਾ ਹੈ’। (ਪਾਲੀ ਭੁਪਿੰਦਰ ਸਿੰਘ, 2009, ਪੰ. 37)ਭਾਵ ਭਰਤਮੁਨੀ ਨਾਟਕ ਨੂੰ ਕਾਵਿ ਦਾ ਉਹ ਰੂਪ ਸਵੀਕਾਰ ਕਰਦਾ ਹੈ ਜਿਸ ਨੂੰ ਮੰਚ ਉੱਪਰ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਜਾਂ ਦੇਖਿਆ ਜਾਂਦਾ ਹੈ। ਦੂਜੇ ਪਾਸੇ ‘ਅਰਸਤੂ ਨੇ ਆਪਣੇ ਕਾਵਿ ਸ਼ਾਸ਼ਤਰ ਦੇ ਆਰੰਭ ਵਿੱਚ ਹੀ ਕਿਹਾ ਹੈ ਕਿ ਕਾਵਿ ਇੱਕ ਕਲਾ ਹੈ ਅਤੇ ਕਾਵਿ ਦੀਆਂ ਭਿੰਨ-ਭਿੰਨ ਕਿਸਮਾਂ ਵਿੱਚੋਂ ਉਸਨੇ ਨਾਟਕ ਨੂੰ ਹੀ ਸਭ ਤੋਂ ਮਹੱਵਪੁਰਨ ਮੰਨਿਆ ਹੈ’। (ਨਵਨਿੰਦਰਾ ਬਹਿਲ, 2016, ਪੰਨੇ 21-22)ਮਤਲਬ ਅਰਸਤੂ ਵੀ ਭਰਤ ਮੁਨੀ ਦੀ ਤਰ੍ਹਾਂ ਹੀ ਨਾਟਕ ਨੂੰ ਕਾਵਿ ਦਾ ਹੀ ਇੱਕ ਵਰਗ ਸਵੀਕਾਰ ਕਰਦਾ ਹੈ।
ਸੰਸਕ੍ਰਿਤ ਵਿੱਚ ਕਾਵਿ ਨਾਟਕਾਂ ਦਾ ਆਰੰਭ ਕਾਲੀਦਾਸ (ਜਿਸ ਦਾ ਸਮਾਂ 350-415 ਏ. ਡੀ. ਮੰਨਿਆ ਜਾਂਦਾ ਹੈ) ਤੇ ਭਾਸ ਅਦਿ ਅਤੇ ਪੱਛਮ ਵਿੱਚ ਕਾਵਿ ਨਾਟਕਾਂ ਦਾ ਆਰੰਭ ਅਸਕਾਈਲਸ, ਸੋਫੋਕਲੀਜ਼ ਅਤੇ ਯੂਰੀਪੀਡੀਜ਼ (ਜਿੰਨਾਂ ਦਾ ਸਮਾਂ ਈਸਾ ਤੋਂ ਪਹਿਲਾਂ ਪੰਜਵੀ-ਛੇਵੀਂ ਸਦੀ ਹੈ) ਤੋਂ ਮੰਨਿਆ ਜਾਂਦਾ ਹੈ। ਬਿਨ੍ਹਾਂ ਸ਼ੱਕ ਸੰਸਕ੍ਰਿਤ ਅਤੇ ਯੂਨਾਨੀ ਨਾਟ ਪਰੰਪਰਾ ਵਿੱਚ ਕਾਵਿ ਨਾਟਕ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਪੰਜਾਬੀ ਭਾਸ਼ਾ ਵਿੱਚ ਨਾਟ ਪਰੰਪਰਾ ਦਾ ਇਤਿਹਾਸ ਮਸਾਂ ਸਵਾ ਕੁ ਸੌ ਸਾਲ ਪੁਰਾਣਾ ਹੈ ਕਿਉਂਕਿ ਪੰਜਾਬੀ ਭਾਸ਼ਾ ਵਿੱਚ ਨਾਟਕ ਲਿਖਣ ਦੀ ਪ੍ਰਵ੍ਰਿਤੀ 1849 ਈ. ਵਿੱਚ ਪੰਜਾਬ ਉੱਤੇ ਅੰਗਰੇਜ਼ਾਂ ਦੇ ਕਾਬਿਜ਼ ਹੋ ਜਾਣ ਤੋਂ ਬਾਅਦ ਹੀ ਹੋਂਦ ਵਿੱਚ ਆਉਂਦੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਧਾਰਮਿਕ ਅਤੇ ਸਮਾਜਿਕ ਕਾਰਨਾਂ ਕਰਕੇ ਨਾਟਕ ਲਿਖਣ ਅਤੇ ਖੇਡਣ ਦੀ ਲਗਭਗ ਮਨਾਹੀ ਹੀ ਸੀ। ਦੂਸਰਾ ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਵੀ ਇੱਥੇ ਸਾਹਿਤ ਅਤੇ ਕਲਾ ਦਾ ਵਧੇਰੇ ਵਿਕਾਸ ਨਾ ਹੋ ਸਕਿਆ ਕਿਉਂਕਿ ਪੰਜਾਬੀਆਂ ਦੀ ਮਾਨਸਿਕਤਾ ‘ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ’ ਜਾਂ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਅਨੁਸਾਰ ਹੋ ਚੁੱਕੀ ਸੀ। ਪਰੰਤੂ ਫਿਰ ਵੀ ਨਕਲਾਂ ਅਤੇ ਲੋਕ ਨਾਟਾਂ ਦੇ ਰੂਪ ਵਿੱਚ ਇੱਕ ਅਣਗੌਹਲੀ ਨਾਟਕੀ ਪਰੰਪਰਾ ਭੰਡਾਂ, ਰਾਸਧਾਰੀਆਂ ਅਤੇ ਨੌਟਕੀਆਂ ਆਦਿ ਦੇ ਜੀਵਨ ਨਿਰਵਾਹ ਦੇ ਰੂਪ ਵਿੱਚ ਜ਼ਰੂਰ ਚੱਲ ਰਹੀ ਸੀ, ਜਿਸ ਨੂੰ ਸਮਾਜ ਵਿੱਚ ਕੋਈ ਚੰਗੀ ਜਾਂ ਸਨਮਾਨ ਯੋਗ ਥਾਂ ਪ੍ਰਾਪਤ ਨਹੀ ਸੀ। ਇਸ ਨੂੰ ਤਾਂ ਨੀਵੇ ਦਰਜ਼ੇ ਦਾ ਨੀਵੀ ਜਾਤੀ ਦੇ ਲੋਕਾਂ ਦੁਆਰਾ ਕੀਤਾ ਜਾਣ ਵਾਲਾ ਕਾਰਜ ਹੀ ਸਮਝਿਆ ਜਾਂਦਾ ਸੀ। ਸ਼ਾਇਦ ਏਹੀ ਕਾਰਨ ਸੀ ਕਿ ਦੁਨੀਆਂ ਦੀ ਮਹਾਨ ਨਾਟ ਪਰੰਪਰਾ ਭਾਰਤੀ ਨਾਟ ਪਰੰਪਰਾ ਦੇ ਨੇੜੇ ਹੋ ਕੇ ਵੀ ਪੰਜਾਬ ਅਤੇ ਪੰਜਾਬੀ ਨਾਟ ਕਲਾ ਤੋਂ ਵਾਝੇ ਹੀ ਰਹੇ। ਪੰਜਾਬੀ ਭਾਸ਼ਾ ਵਿੱਚ ਰਚਿਤ ਕਾਵਿ ਨਾਟਕਾਂ ਦੀ ਪ੍ਰਾਚੀਨਤਾ ਬਾਰੇ ਵੱਖ-ਵੱਖ ਸਮੇਂ ‘ਤੇ ਅਲੋਚਕਾਂ ਦੇ ਵੱਖ-ਵੱਖ ਵਿਚਾਰ ਰਹੇ ਹਨ। ਡਾ. ਸਤੀਸ਼ ਕੁਮਾਰ ਵਰਮਾ ‘ਪੰਜਾਬੀ ਨਾਟਕ ਦੀ ਇਤਿਹਾਸਕਾਰੀ’(2019) ਵਿੱਚ ਕਾਵਿ ਨਾਟਕ ਬਾਰੇ ਲਿਖਦੇ ਹੋਏ ਆਖਦੇ ਹਨ ਕਿ “ਭਾਵੇਂ ਵਾਰਤਕ ਰੂਪ ਵਿਧਾਨ ਅਧੀਨ ਈਸ਼ਵਰ ਚੰਦਰ ਨੰਦਾ ਦੇ ‘ਦੁਲਹਨ’ (ਸੁਹਾਗ) ਨਾਲ ਆਧੁਨਿਕ ਪੰਜਾਬੀ ਨਾਟਕ 1913 ਈ. ਆਰੰਭ ਹੋਇਆ ਪਰੰਤੂ 1902 ਈ. ਵਿੱਚ ਭਾਈ ਵੀਰ ਸਿੰਘ ਦੁਆਰਾ ਰਚਿਤ ਕਾਵਿ ਨਾਟਕ ‘ਜ਼ੈਨਾ ਦਾ ਵਿਰਲਾਪ’ ਨਾਲ ਪੰਜਾਬੀ ਵਿੱਚ ਵਿਧੀਵਤ ਤੌਰ ‘ਤੇ ਕਾਵਿ ਨਾਟਕ ਦੀ ਪਿਰਤ ਸ਼ੁਰੂ ਹੋਈ ਮੰਨੀ ਜਾ ਸਕਦੀ ਹੈ’। (ਸਤੀਸ਼ ਕੁਮਾਰ ਵਰਮਾ, 2019, ਪੰਨੇ 206-07) ਇਸ ਪ੍ਰਕਾਰ ਬਾਕੀ ਭਾਸ਼ਾਵਾਂ ਦੀਆਂ ਨਾਟ ਪਰੰਪਰਾਵਾਂ ਵਾਂਗ ਹੀ ਪੰਜਾਬੀ ਨਾਟ ਪਰੰਪਰਾ ਵਿੱਚ ਵੀ ਕਾਵਿ ਨਾਟਕ, ਨਾਟ ਪਰੰਪਰਾ ਦਾ ਮੁੱਢਲਾ ਅਤੇ ਪ੍ਰਾਚੀਨ ਰੂਪ ਹੈ। ਬੇਸ਼ੱਕ 1913 ਈ. ਤੋਂ ਬਾਅਦ ਗਦ ਵਿੱਚ ਨਾਟਕ ਲਿਖਣ ਦੀ ਪਰੰਪਰਾ ਵਧੇਰੇ ਜ਼ੋਰ ਫੜ੍ਹਦੀ, ਪਰ ਪੰਜਾਬੀ ਕਾਵਿ ਨਾਟਕ ਨੇ 1902 ਈ. ਤੋਂ ਲੈ ਕੇ ਅੱਜ ਤੱਕ ਆਪਣੀ ਹੋਂਦ ਬਣਾ ਕੇ ਰੱਖ ਹੋਈ ਹੈ। ਹਾਂ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬੀ ਭਾਸ਼ਾ ਵਿੱਚ ਗਦ ਨਾਟਕਾਂ ਦੇ ਮੁਕਾਬਲੇ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਕਾਵਿ ਨਾਟਕਾਂ ਦੀ ਰਚਨਾ ਘੱਟ ਹੋਈ ਹੈ, ਪਰ ਇਹ ਵੀ ਸੱਚ ਹੈ ਕਿ ਅਜੋਕੇ ਸਮੇਂ ਵਿੱਚ ਗਦ ਨਾਟਕਾਂ ਵਿੱਚ ਕਾਵਿਕਤਾ ਦੀ ਵਰਤੋਂ ਦਿਨੋਂ ਦਿਨ ਵੱਧ ਰਹੀ ਹੈ ਜੋ ਕਾਵਿ-ਨਾਟਕਾਂ ਦੀ ਅਹਿਮੀਅਤ ਦਾ ਸਬੂਤ ਹੈ।
ਕਾਵਿ ਨਾਟਕ ਵਿੱਚ ਕਵਿਤਾ ਅਤੇ ਨਾਟਕ ਇੱਕ ਦੂਸਰੇ ਵਿੱਚ ਇਸ ਤਰ੍ਹਾਂ ਰਚੇ-ਮਿਚੇ ਹੁੰਦੇ ਹਨ ਕਿ ਇਨ੍ਹਾਂ ਨੂੰ ਇੱਕ ਦੂਸਰੇ ਤੋਂ ਅਲੱਗ ਕਰਨਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਹੁੰਦਾ ਹੈ ਕਿਉਂਕਿ ਇੱਕ ਰੂਹ ‘ਤੇ ਦੂਜਾ ਸਰੀਰ ਹੈ। ਇਸ ਲਈ ਜੇਕਰ ਇਹ ਕਹਿ ਦਿੱਤਾ ਜਾਵੇ ਕਿ ਕਾਵਿ ਨਾਟਕ ਦੀ ਰੂਹ ਕਵਿਤਾ ਅਤੇ ਜਿਸਮ ਨਾਟਕ ਹੈ ਤਾਂ ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਹੋਵੇਗੀ। ਮਨਜੀਤ ਪਾਲ ਕੌਰ ਆਪਣੀ ਕਿਤਾਬ ‘ਕਾਵਿ ਨਾਟਕ’ ਵਿੱਚ ਕਵਿਤਾ ਅਤੇ ਨਾਟਕ ਦੇ ਆਪਸੀ ਸੰਬੰਧਾ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ‘ਕਾਵਿ ਨਾਟਕ ਵਿੱਚ ਨਾਟਕੀ ਅਤੇ ਕਾਵਿਕ ਤੱਤ ਅਭੇਦ ਹੋਏ ਹੁੰਦੇ ਹਨ’। (ਮਨਜੀਤ ਪਾਲ ਕੌਰ, ਕਾਵਿ-ਨਾਟ, ਮਿਤੀ ਹੀਣ, ਪੰ. 12) ਕਾਵਿ ਨਾਟਕ ਦੇ ਵਿੱਲਖਣ ਸਰੂਪ ਅਤੇ ਇਸ ਵਿੱਚ ਕਾਵਿ ਅਤੇ ਨਾਟਕ ਦੀ ਆਪਸੀ ਅਭੇਦਤਾ ਨੂੰ ਸਮਝਣ ਲਈ ਦੁਨੀਆਂ ਭਰ ਦੇ ਵਿਦਵਾਨਾਂ ਨੇ ਕਾਵਿ ਨਾਟਕ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕਰਦੇ ਹੋਏ ਜੋ ਪਰਿਭਾਸ਼ਾਵਾਂ ਦਿੱਤੀਆਂ ਹਨ ਉਨ੍ਹਾਂ ਵਿੱਚੋਂ ਕੁਝ ਕੁ ਹੇਠ ਲਿਖੇ ਅਨੁਸਾਰ ਹਨ।
ਪੀਟਰ ਬਰੁੱਕ ਦੇ ਅਨੁਸਾਰ ‘ਕਾਵਿ ਨਾਟਕ, ਗੱਦ ਅਤੇ ਓਪੇਰਾ ਦੇ ਵਿਕਾਰਲਾ ਰਾਸਤਾ ਹੈ ਜਿੱਥੇ ਨਾ ਤਾਂ ਸੰਵਾਦਾਂ ਨੂੰ ਬੋਲਿਆ ਜਾਂਦਾ ਹੈ ਅਤੇ ਨਾਂ ਹੀ ਗਾਇਆ ਜਾਂਦਾ ਹੈ’। (Brook, 1968, p. 57)
ਬਰੈਂਡਰ ਮੈਥਿਊ ਅਨੁਸਾਰ ‘ਕਾਵਿ ਨਾਟਕ ਮਹਿਜ਼ ਐਲੀਜ਼ਾਬੇਥਨ ਢੰਗ ਨਾਲ ਖਾਲੀ ਤੁਕਾਂ ਵਿੱਚ ਲਿਖਿਆ, ਕਮਰੇ ਵਿੱਚ ਬੈਠ ਕੇ ਪੜਨ ਵਾਲਾ ਨਾਟਕ ਨਹੀਂ ਹੈ ਬਲਕਿ ਆਧੁਨਿਕ ਰੰਗਮੰਚ ਦੀਆਂ ਸਥਿਤੀਆਂ ਦੇ ਅਨੁਸਾਰ ਰਚਿਆ ਗਿਆ ਨਾਟਕ ਹੈ। ਜਿਸਦਾ ਸੁਭਾਅ ਅਤੇ ਵਿਸ਼ਾ ਕਾਵਿਕ ਹੋਣ ਦੇ ਨਾਲ-ਨਾਲ ਨਾਟਕੀ ਵੀ ਹੈ’। (Matthews, 1911, pp. 266-67)
ਮਾਰਜ਼ੋਰੀ ਬੋਲਟਨ ਕਾਵਿ ਨਾਟਕ ਬਾਰੇ ਲਿਖਦੇ ਹਨ ਕਿ ‘ਸਾਰੇ ਨਾਟਕ ਹੀ ਅਸਲ ਜ਼ਿੰਦਗੀ ਨਾਲੋ ਵਧੇਰੇ ਨਾਟਕੀ ਹੁੰਦੇ ਹਨ ਜਾਂ ਇਹ ਜ਼ਿੰਦਗੀ ਦੇ ਸਭ ਤੋਂ ਨਾਟਕੀ ਹਿੱਸੇ ਦੀ ਚੋਣ ਕਰਦੇ ਹਨ ਪਰ ਨਾਟਕ ਵਿੱਚ ਕਵਿਤਾ, ਨਾਟਕ ਨੂੰ ਇਸ ਸ਼ਾਬਦਿਕ ਯਥਾਰਥ ਤੋਂ ਇੱਕ ਕਦਮ ਹੋਰ ਅੱਗੇ ਲੈ ਜਾਂਦੀ ਹੈ। ਅਸੀ ਭਾਵੁਕ ਅਖਵਾਉਣ ਦਾ ਜ਼ੋਖਮ ਉਠਾਉਂਦੇ ਹੋਏ ਕਹਿ ਸਕਦੇ ਹਾਂ ਕਿ ਕਾਵਿ ਨਾਟਕ ਵਿੱਚ ਆਤਮਾ ਅੰਦਰੂਨੀ ਸੱਚ ਨਾਲ ਗੱਲਾਂ ਕਰਦੀ ਹੈ’। (Boulton, 1980, p. 129)
ਟੀ. ਐੱਸ. ਈਲੀਅਟ ਆਪਣੀ ਕਿਤਾਬ On Poetry and Poets (1969) ਵਿੱਚ ਕਵਿਤਾ, ਨਾਟ ਕਾਵਿ ਦਾ ਜ਼ਿਕਰ ਕਰਦੇ ਹੋਏ ਹੋਏ ਕਾਵਿ ਨਾਟਕ ਬਾਰੇ ਲਿਖਦੇ ਹਨ ਕਿ ‘ਕਾਵਿ ਨਾਟ ਵਿੱਚ ਕਵੀ, ਪਾਤਰ ਅਤੇ ਦਰਸ਼ਕ ਤਿੰਨ ਅਵਾਜਾਂ ਸ਼ਾਮਿਲ ਹੁੰਦੀਆਂ ਹਨ’। (Eliot, 1969, pp. 109-10)
ਸ.ਨ. ਸੇਵਕ ਦੇ ਅਨੁਸਾਰ “ਪਦ ਨਾਟਕ ਅੰਦਰਲੇ ਯਥਾਰਥ ਨੂੰ ਪੇਸ਼ ਕਰਦਾ ਹੈ”। (ਸ. ਨ. ਸੇਵਕ, 1974, ਪੰ. 77)
ਡਾ. ਗੁਰਦਿਆਲ ਸਿੰਘ ਫੁੱਲ ਅਨੁਸਾਰ “ਕਾਵਿ-ਨਾਟਕ ਵਿੱਚ ਸਾਰਾ ਵਾਰਤਾਲਾਪ ਅਤੇ ਮਨਬਚਨੀਆਂ ਕਵਿਤਾ ਵਿੱਚ ਹੁੰਦੇ ਹਨ”। (ਗੁਰਦਿਆਲ ਸਿੰਘ ਫੁੱਲ, 2011, ਪੰ. 171)
ਪ੍ਰੋ. ਮਨਜੀਤ ਪਾਲ ਕੌਰ ਅਨੁਸਾਰ “ਸਰਬੋਤਮ ਪ੍ਰਕਾਰ ਦੇ ਕਾਵਿ-ਨਾਟ ਵਿੱਚ ਪ੍ਰਧਾਨਤਾ ਨਾਟਕੀ ਅਤੇ ਕਾਵਿਕ ਤੱਤਾਂ ਦੇ ਸੁਮੇਲ ਦੀ ਹੀ ਹੁੰਦੀ ਹੈ”। (ਮਨਜੀਤ ਪਾਲ ਕੌਰ, ਕਾਵਿ-ਨਾਟ, ਮਿਤੀ ਹੀਣ, ਪੰ. 11)
ਡਾ. ਰੋਸ਼ਨ ਲਾਲ ਅਹੂਜਾ ਅਨੁਸਾਰ ‘ਕਾਵਿ ਨਾਟਕ ਦਾ ਅਰਥ ਪਦ ਵਿੱਚ ਲਿਖਿਆ ਗਿਆ ਨਾਟਕ ਹੈ’। (ਆਰ. ਐੱਲ. ਅਹੂਜਾ, 1985, ਪੰ. 166)
ਅਜਾਇਬ ਕਮਲ ਦੇ ਸ਼ਬਦਾਂ ਵਿੱਚ “ਨਾਟਕੀ ਬੰਦਸ਼ਾਂ ਹੋਣ ਦੇ ਨਾਲ ਕਾਵਿ ਨਾਟਕ ‘ਚ ਮੁਨਾਸਬ ਤੇ ਢੁੱਕਵੀਂ ਪੱਧਰ ਦੀ ਕਵਿਤਾ ਦਾ ਹੋਣਾ ਕਾਵਿ ਨਾਟਕ ਦੀ ਵਿਸ਼ੇਸ਼ ਲੋੜ ਹੋ ਜਾਂਦੀ ਹੈ”। (ਅਜਾਇਬ ਕਮਲ, 1978, ਪੰ. 16)
ਰਵਿੰਦਰ ਰਵੀ ਅਨੁਸਾਰ ‘ਕਾਵਿ-ਨਾਟਕ, ਕਾਵਿ ਅਤੇ ਨਾਟਕ ਦਾ ਸੁਮੇਲ ਹੈ। ਕਾਵਿ ਤੇ ਨਾਟਕ ਨੂੰ ਇਸ ਵਿੱਚ ਬਰਾਬਰ ਦਾ ਦਰਜਾ ਹਾਸਿਲ ਹੈ। ਇਨ੍ਹਾਂ ਦੋਹਾਂ ਦੀ ਸਮਤੋਲ ਏਕਤਾ ਹੀ ਕਾਵਿ-ਨਾਟਕ ਦੀ ਪ੍ਰਕਿਰਤੀ ਹੈ। ਇਸਦਾ ਸੁਭਾਅ ਹੈ।……..ਕਾਵਿ ਨਾਟਕ ਦੀ ਅਸਲ ‘ਤੇ ਨਿਰਣਾਜਨਕ ਕਸੌਟੀ ਰੰਗਮੰਚ ਹੀ ਹੈ। ਇਸ ਲਈ ਜੁ ਕਾਵਿ-ਨਾਟਕ ਰੰਗਮੰਚ ਉੱਤੇ ਖੇਡੇ ਨਹੀਂ ਜਾ ਸਕਦੇ, ਉਨ੍ਹਾਂ ਨੂੰ ਕਾਵਿ-ਨਾਟਕ ਕਹਿਣਾ ਜਾਂ ਇਸ ਸ਼੍ਰੇਣੀ ਵਿੱਚ ਰੱਖਣਾ ਭੁੱਲ ਹੋਵੇਗੀ’। (ਰਵਿੰਦਰ ਰਵੀ, 2018, ਪੰ. 51)
ਅਸੀ ਉਪਰੋਕਤ ਸਾਰੀਆਂ ਪਰਿਭਾਸ਼ਾਵਾਂ/ਵਿਦਵਾਨਾਂ ਦੇ ਵਿਚਾਰਾਂ ਵਿੱਚ ਇਹ ਸ਼ਪੱਸ਼ਟ ਦੇਖ ਸਕਦੇ ਹਾਂ ਕਿ ਜਿੱਥੇ ਇਨ੍ਹਾਂ ਵਿਦਵਾਨਾਂ ਨੇ ਕਾਵਿ ਨਾਟਕ ਵਿੱਚ ਕਾਵਿਕਤਾ ਨੂੰ ਕਾਵਿ ਨਾਟਕ ਦੇ ਮਹੱਤਵਪੂਰਨ ਅੰਗ ਵਜੋਂ ਦੇਖਿਆਂ ਹੈ ਉੱਥੇ ਹੀ ਇਨ੍ਹਾਂ ਨੇ ਕਾਵਿ ਨਾਟਕ ਵਿੱਚ ਨਾਟਕੀਅਤਾ ਨੂੰ ਕਾਵਿ ਨਾਟਕ ਦੇ ਇੱਕ ਲਾਜ਼ਮੀ ਗੁਣ ਵਜੋਂ ਕਬੂਲ ਕਰਦੇ ਹੋਏ ਇਸ ਦੇ ਰੰਗਮੰਚੀ ਪੱਖ ਨੂੰ ਸਭ ਤੋਂ ਉੱਪਰ ਰੱਖਿਆ ਹੈ। ਰੰਗਮੰਚੀ ਪੱਖ ਨੂੰ ਉੱਪਰ ਰੱਖਣ ਦਾ ਇਹ ਅਰਥ ਕਦਾਚਿਤ ਨਹੀਂ ਕਿ ਕਾਵਿਕ ਪੱਖ ਨੂੰ ਅਣਗੌਹਲਿਆਂ ਕਰ ਦਿੱਤਾ ਜਾਵੇ ਕਿਉਂਕਿ ਕਾਵਿ ਨਾਟਕ ਕਵਿਤਾ ਅਤੇ ਨਾਟਕ ਦਾ ਸੁਮੇਲ ਹੈ। ਇਸ ਕਰਕੇ ਬੇਸ਼ੱਕ ਰੰਗਮੰਚੀ ਪੱਖ ਇਸਦਾ ਅਹਿਮ ਅਤੇ ਮਹੱਤਵਪੂਰਨ ਪੱਖ ਹੈ ਪਰ ਫਿਰ ਵੀ ਕਾਵਿ ਨਾਟਕ ਵਿੱਚੋਂ ਕਾਵਿਕ ਪੱਖ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਇਸ ਸਭ ਦੇ ਬਾਵਜੂਦ ਇਹ ਵੀ ਸੱਚ ਹੈ ਕਿ ਕਾਵਿ ਨਾਟਕ ਕਵਿਤਾ ਵਿੱਚ ਰਚਿਆ ਨਾਟਕ ਹੈ ਨਾ ਕਿ ਨਾਟਕ ਵਿੱਚ ਰਚੀ ਕਵਿਤਾ। ਸੋ ਇਨ੍ਹਾਂ ਵਿਚਾਰਾਂ/ਪਰਿਭਾਸ਼ਾਵਾਂ ਦੀ ਰੌਸ਼ਨੀ ਵਿੱਚ ਅਸੀਂ ਕਹਿ ਸਕਦੇ ਹਾਂ ਕਿ ‘ਕਾਵਿ ਨਾਟਕ ਅਜਿਹਾ ਨਾਟਕ ਹੁੰਦਾ ਹੈ ਜਿਸਦਾ ਕਥਾਨਕ, ਪਾਤਰ, ਸੰਵਾਦ ਆਦਿ ਸਭ ਕੁਝ ਕਾਵਿਕ ਹੋਣ ਦੇ ਬਾਵਜੂਦ ਵੀ ਮੂਲ ਵਿੱਚ ਰੂਪ ਇਹ ਨਾਟਕੀ ਹੁੰਦਾ ਹੈ। ਜਿਸਦੀ ਵਿਸ਼ੇਸ਼ਤਾ ਕਾਵਿਕ ਹੋਣ ਦੇ ਨਾਲ-ਨਾਲ ਮੰਚ ਉੱਪਰ ਸਫਲ ਪੇਸ਼ਕਾਰੀ ਹੈ’। ਜੋ ਕਾਵਿ ਨਾਟਕ ਮੰਚ ਉਪਰ ਪੇਸ਼ ਨਹੀਂ ਕੀਤਾ ਜਾ ਸਕਦਾ ਜਾਂ ਰੰਗਮੰਚੀ ਲੋੜਾ ਨੂੰ ਪੂਰਾ ਨਹੀਂ ਕਰਦਾ, ਉਹ ਹੋਰ ਜੋ ਮਰਜ਼ੀ ਹੋਵੇ ਪਰ ਕਾਵਿ ਨਾਟਕ ਨਹੀਂ ਹੋ ਸਕਦਾ। ਇਸ ਲਈ ਕਾਵਿ ਨਾਟਕ ਲਈ ਇਹ ਜਰੂਰੀ ਹੈ ਕਿ ਉਹ ਕਾਵਿਕ ਹੋਣ ਦੇ ਨਾਲ-ਨਾਲ ਮੰਚ ਉਪਰ ਸਫਲਤਾਪੂਰਵਕ ਪੇਸ਼ ਹੋਣ ਦੇ ਸਮਰੱਥ ਹੋਵੇ।
ਕਾਵਿ ਨਾਟਕ ਦੇ ਤੱਤ
‘ਕਾਵਿ ਨਾਟਕ’ ਕਵਿਤਾ ਅਤੇ ਨਾਟਕ ਦਾ ਸੁਮੇਲ ਹੈ। ਇਸ ਵਿੱਚ ਕਵਿਤਾ ਅਤੇ ਨਾਟਕ ਨੂੰ ਅਲੱਗ ਅਲੱਗ ਕਰਕੇ ਨਹੀਂ ਦੇਖਿਆਂ ਜਾ ਸਕਦਾ। ਪਰੰਤੂ ਫਿਰ ਵੀ ਜਿਵੇਂ ਕਿ ਅਸੀ ਉਪਰ ਕਿਹਾ ਹੈ ਕਿ ‘ਕਾਵਿ ਨਾਟਕ’ ਕਾਵਿਕ ਹੋਣ ਦੇ ਨਾਲ-ਨਾਲ ਮੂਲ ਰੂਪ ਵਿੱਚ ਨਾਟਕ ਹੈ। ਇਸ ਕਰਕੇ ਕਾਵਿ ਨਾਟਕ ਦੇ ਤੱਤ ਵੀ ਨਾਟਕ ਵਾਲੇ ਹੀ ਹਨ। ਪਰ ਇਹ ਤੱਤ ਆਪਣੀ ਕਾਵਿਕਤਾ ਕਰਕੇ ਗਦ ਨਾਟਕ ਦੇ ਤੱਤਾ ਨਾਲੋਂ ਵਿਲੱਖਣਤਾ ਰੱਖਦੇ ਹਨ। ਕਾਵਿ ਨਾਟਕ ਦੇ ਕਥਾਨਕ, ਪਾਤਰ, ਵਾਰਤਾਲਾਪ ਅਤੇ ਭਾਸ਼ਾ ਆਦਿ ਤੱਤਾਂ ਬਾਰੇ ਵਿਸਥਾਰਪੂਰਵਕ ਚਰਚਾ ਹੇਠ ਲਿਖੇ ਅਨੁਸਾਰ ਕੀਤੀ ਗਈ ਹੈ।
ਕਥਾਨਕ (Plot):- ਨਾਟਕ ਆਪਣਾ ਵਿਸ਼ਾ ਕਿਸੇ ਖਲਾਅ ਵਿੱਚੋਂ ਨਹੀਂ ਚੁਣਦਾ ਬਲਕਿ ਬਾਕੀ ਸਾਹਿਤ ਰੂਪਾਂ ਦੀ ਤਰ੍ਹਾਂ ਹੀ ਆਪਣਾ ਵਿਸ਼ਾ ਮਨੁੱਖੀ ਜੀਵਨ ਅਤੇ ਉਸ ਦੇ ਆਸ-ਪਾਸ ਵਾਪਰਨ ਵਾਲੀਆਂ ਘਟਨਾਵਾਂ ਨੂੰ ਹੀ ਬਣਉਂਦਾ ਹੈ। ਪਰ ਇਨ੍ਹਾਂ ਘਟਨਾਵਾਂ ਨੂੰ ਜਿਉਂ ਦੀ ਤਿਉਂ ਮੰਚ ਉੱਪਰ ਪੇਸ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੰਚ ਦੀਆਂ ਕੁੱਝ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਜਿਸ ਕਾਰਨ ਇਨ੍ਹਾਂ ਘਟਨਾਵਾਂ ਵਿੱਚ ਕਾਂਟ-ਛਾਂਟ ਕਰਨੀ ਲਾਜ਼ਮੀ ਹੋ ਜਾਂਦੀ ਹੈ। ਨਾਟਕਕਾਰ ਆਪਣੇ ਨਾਟਕ ਲਈ ਵਿਸ਼ੇ ਵਜੋਂ ‘ਜ਼ਿੰਦਗੀ ਦੇ ਸਭ ਤੋਂ ਨਾਟਕੀ ਹਿੱਸੇ ਦੀ ਚੋਣ ਕਰਦੇ ਹਨ’। (Boulton, 1980, p. 129) ਕਥਾਨਕ ਨਾਟਕ ਦਾ ਉਹ ਤੱਤ ਹੈ ਜਿਸ ਵਿੱਚ ਨਾਟਕੀ ਕਥਾ/ਕਹਾਣੀ ਨੂੰ ਮਾਂਝ-ਸੁਆਰ ਕੇ ਅਤੇ ਘੜ ਕੇ ਇੱਕ ਤਰਤੀਬ ਵਿੱਚ ਗੁੰਦ ਕੇ ਪੇਸ਼ ਕੀਤਾ ਹੁੰਦਾ ਹੈ। ਇਸ ਵਿੱਚ ਕੁਝ ਵੀ ਬੇਲੋੜਾ ਨਹੀਂ ਹੁੰਦਾ। “ਪਲਾਟ ਨੂੰ ਅਰਸਤੂ ਨੇ ਨਾਟਕ ਵਿੱਚ ਸਭ ਤੋਂ ਪ੍ਰਮੁੱਖ ਸਥਾਨ ਦਿੱਤਾ ਹੈ। ਨਾਟਕ ਦੀ ਬਣਤਰ ਦਾ ਭਾਵ ਹੀ ਇਹ ਹੈ, ਨਾਟਕ ਦੇ ਕਾਰਜ ਨੂੰ ਇਕ ਲੜੀ ਜਾਂ ਇਕ ਸੂਤਰ ਵਿਚ ਪਿਰੋਣ ਦਾ ਪ੍ਰਯਤਨ ਕਰਨਾ” (ਨਵਨਿੰਦਰਾ ਬਹਿਲ, 2016, ਪੰ. 28)ਕਾਵਿ ਨਾਟਕ ਦਾ ਕਥਾਨਕ ਕਾਵਿਕ ਹੁੰਦਾ ਹੈ ਕਿਉਂਕਿ ਇਸ ਵਿੱਚ ਘਟਿਤ ਹੋਣ ਵਾਲੀ ਹਰ ਘਟਨਾ ਨੂੰ ਕਾਵਿ ਨਾਟਕਕਾਰ ਆਪਣੀ ਅਸੀਮ ਕਲਪਨਾ ਅਤੇ ਸੰਵੇਦਨਾ ਨਾਲ ਕਾਵਿਕ ਰੰਗਣ ਵਿੱਚ ਰੰਗ ਦਿੰਦਾ ਹੈ। ਕਥਾਨਕ ਦੀਆਂ ਘਟਨਾਵਾਂ ਦਾ ਇਹ ਕਾਵਿਕ ਰੰਗਣ ਅਤੇ ਨਾਟਕੀ ਅੰਦਾਜ ਹੀ ਕਾਵਿ ਨਾਟਕ ਨੂੰ ਗਦ ਨਾਟਕਾਂ ਤੋਂ ਵੱਖਰਾਉਂਦਾ ਹੈ। ‘ਕਾਵਿ ਨਾਟਕ ਵਿਚਲੀਆਂ ਘਟਨਾਵਾਂ ਸਮਾਜਿਕਤਾ ਦੀਆਂ ਇਕਾਈਆਂ ਦੀ ਉਪਜ ਹੋਣ ਦੇ ਨਾਲ-ਨਾਲ ਜੀਵਨ ਦੇ ਹੋਰਨਾਂ ਪੱਖਾਂ ਦੇ ਸੰਚਾਰ ਦਾ ਸਾਧਨ ਵੀ ਬਣ ਜਾਂਦੀਆਂ ਹਨ। ਜਿਸ ਕਾਰਨ ਕਾਵਿ ਨਾਟਕ ਵਿਚਲੀ ਘਟਨਾ ਸਥੂਲ ਹੁੰਦੀ ਹੋਈ ਬਹੁ-ਆਕਾਰਮਈ ਹੁੰਦੀ ਹੈ’। (ਮਨਜੀਤ ਪਾਲ ਕੌਰ, ਕਾਵਿ-ਨਾਟ, ਮਿਤੀ ਹੀਣ, ਪੰਨੇ 12-13) ‘ਕਾਵਿ ਨਾਟਕ ਦਾ ਕਥਾਨਕ ਸੰਖੇਪ ਹੁੰਦਾ ਹੈ। ਇਸ ਵਿੱਚ ਇੱਕ ਵੀ ਸ਼ਬਦ ਬਿਨਾਂ ਕਾਰਨ ਨਹੀਂ ਵਰਤਿਆ ਜਾਂਦਾ। ਸਾਰਾ ਕਥਾਨਕ ਕਾਵਿਮਈ ਸਥਿਤੀ ਵਿੱਚ ਹੁੰਦਾ ਹੈ, ਬਾਹਰੀ ਪੱਖ ਕਾਵਿ ਨਾਟਕ ਦੇ ਨਾਟਕੀ ਅਤੇ ਅੰਦਰੂਨੀ ਪੱਖ ਕਾਵਿ ਨਾਟਕ ਦੇ ਕਾਵਿਕ ਪੱਖ ਨੂੰ ਉਜਾਗਰ ਕਰਦਾ ਹੈ। ਰਚਨਾ ਦੀ ਘਟਨਾ ਦੇ ਬਾਹਰੀ ਅਤੇ ਅੰਦਰੂਨੀ ਪੱਖ ਨੂੰ ਨਿਖੇੜਿਆ ਨਹੀਂ ਜਾ ਸਕਦਾ’। (ਹੁਕਮ ਚੰਦ ਰਾਜਪਾਲ, 1985, ਪੰ. 11)ਕਾਵਿ ਨਾਟਕ ਦਾ ਰਚੇਤਾ ਮੂਲ ਰੂਪ ਵਿੱਚ ਕਾਵਿਕ ਪ੍ਰਵ੍ਰਿਤੀ ਦਾ ਹੋਣ ਕਰਕੇ ਕਥਾਨਕ ਨੂੰ ਚਿਤਵਦਾ ਹੀ ਕਾਵਿਕ ਰੂਪ ਵਿੱਚ ਹੈ, ਜਿਸ ਕਾਰਨ ਕਥਾਨਕ ਦੀ ਹਰ ਘਟਨਾ ਕਾਵਿਕ ਰੂਪ ਵਿੱਚ ਉਪਜਦੀ ਹੋਈ ਆਪਣੀ ਚਰਮ-ਸੀਮਾ ਨੂੰ ਪ੍ਰਾਪਤ ਕਰਦੀ ਹੈ।
ਪਾਤਰ (Character):- ਪਾਤਰ ਨਾਟਕ ਦਾ ਮਹੱਤਵਪੂਰਨ ਤੱਤ ਹੈ ਕਿਉਂਕਿ ਨਾਟਕ ਵਿੱਚ ਪਾਤਰਾਂ ਦੇ ਮੋਢਿਆਂ ਉੱਪਰ ਬਹੁਤ ਵੱਡੀ ਜ਼ਿੰਮੇਦਾਰੀ ਹੁੰਦੀ ਹੈ। ਪਾਤਰਾਂ ਨੇ ਹੀ ਨਾਟਕੀ ਕਹਾਣੀ ਨੂੰ ਦਰਸ਼ਕਾਂ ਸਾਵੇਂ ਅਜਿਹੇ ਪ੍ਰਭਾਵਸ਼ਾਲੀ ਢੰਗ ਨਾਲ ਸੰਜੀਵ ਰੂਪ ਪੇਸ਼ ਕਰਨਾ ਹੁੰਦਾ ਹੈ ਕਿ ਦਰਸ਼ਕਾਂ ਦੇ ਸੁਹਜ ਸਵਾਦ ਦੀ ਤ੍ਰਿਪਤੀ ਹੋ ਸਕੇ। ਪ੍ਰੋ. ਪਿਆਰਾ ਸਿੰਘ ਲਿਖਦੇ ਹਨ ਕਿ ‘ਨਾਟਕਕਾਰ ਪਾਤਰ ਰੂਪ ਵਿੱਚ ਨਾਟਕ ਲਿਖਦਾ ਹੈ, ਸਮਾਜ ਦੇ ਮਨੁੱਖਾਂ ਲਈ ਲਿਖਦਾ ਹੈ ਅਤੇ ਪਾਤਰਾਂ ਦੁਆਰਾ ਹੀ ਇਸਨੂੰ ਰੰਗਮੰਚ ਉੱਤੇ ਪੇਸ਼ ਕਰਦਾ ਹੈ। ਇਸ ਲਈ ਸ਼ਪੱਸ਼ਟ ਹੋ ਜਾਂਦਾ ਹੈ ਕਿ ਪਾਤਰ ਅਤੇ ਪਾਤਰ ਚਿਤਰਣ ਨਾਟਕ ਦਾ ਇੱਕ ਜ਼ਰੂਰੀ ਤੱਤ ਹੀ ਨਹੀਂ ਬਲਕਿ ਕੇਂਦਰੀ ਤੱਤ ਹੈ’। (ਪਿਆਰਾ ਸਿੰਘ, 2013, ਪੰ. 15) ਕਾਵਿ ਨਾਟਕ ਦੇ ਕਾਵਿਮਈ ਸੰਵਾਦ ਬੋਲਣ ਵਾਲੇ ਪਾਤਰ ਵੀ ਕਾਵਿਕ ਹੁੰਦੇ ਹਨ। ਸੰਵਾਦ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਲਈ ਪਾਤਰ ਆਪਣੇ ਆਪ ਨੂੰ ਉਸ ਅਵਸਥਾ ਤੱਕ ਲੈ ਜਾਂਦਾ ਹੈ ਜਿੱਥੋਂ ਕਾਵਿ ਰੂਪ ਲੈ ਕੇ ਸੰਵਾਦ ਪ੍ਰਗਟ ਹੁੰਦੇ ਹਨ ਅਤੇ ਇਨ੍ਹਾਂ ਕਾਵਿਕ ਸੰਵਾਦਾਂ ਨੂੰ ਉਚਾਰਦੇ-ਉਚਾਰਦੇ ਪਾਤਰ ਵਾਰਸ ਸ਼ਾਹ ਦੀਆਂ ਤੁਕਾਂ ‘ਰਾਝਾਂ ਰਾਝਾਂ ਕਰਦੀ ਨੀ, ਮੈਂ ਆਪੇ ਰਾਝਾਂ ਹੋਈ’ ਦੇ ਕਹਿਣ ਵਾਗੂੰ ਕਾਵਿਮਈ ਹੋ ਜਾਂਦੇ ਹਨ। ‘ਕਾਵਿ-ਨਾਟ ਵਿਚਲੇ ਪਾਤਰ, ਯਥਾਰਥਵਾਦੀ ਅਤੇ ਪ੍ਰਕਿਰਤੀਵਾਦੀ ਨਾਟਕਾਂ ਦੇ ਪਾਤਰਾਂ ਦੇ ਉਲਟ, ਵਿਅਕਤੀਵਾਦੀ ਨਹੀਂ ਹੁੰਦੇ। ਇਹ ਮਾਨਵੀ ਹੁੰਦੇ ਹਨ ਅਤੇ ਇਨ੍ਹਾਂ ਦੇ ਵਿਅਕਤੀਤਵ ਵਿੱਚ ਵਿਅਕਤੀਵਾਦ ਅਤੇ ਸਮਾਜਿਕਤਾ ਦਾ ਸੁਮੇਲ ਸਥਾਪਤ ਹੋਇਆ ਹੁੰਦਾ ਹੈ’। (ਮਨਜੀਤ ਪਾਲ ਕੌਰ, ਕਾਵਿ-ਨਾਟ, ਮਿਤੀ ਹੀਣ, ਪੰ. 13) ‘ਪਾਤਰਾਂ ਦੀ ਚੋਣ ਵੇਲੇ ਕਾਵਿ-ਨਾਟਕਕਾਰ ਨੂੰ ਇਸ ਪੱਖੋਂ ਸੁਚੇਤ ਰਹਿਣਾ ਲਾਜ਼ਮੀ ਹੁੰਦਾ ਹੈ ਕਿ ਉਹ ਪਾਤਰਾਂ ਦੀ ਸਹੀ ਢੰਗ ਨਾਲ ਚੋਣ ਕਰੇ ਜੋ ਉਸਦੇ ਉਦੇਸ਼ ਦੀ ਪੂਰਤੀ ਕਰਦੇ ਹੋਣ। ਕਾਵਿ ਨਾਟਕ ਦੇ ਪਾਤਰ ਹੋਣ ਕਰਕੇ ਆਮ ਪਾਤਰਾਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਅਤੇ ਸੂਖਮ ਹੋਣ। ਉਹ ਪਾਤਰ ਲੇਖਕ ਦੀ ਮੂਲ ਚੇਤਨਾ ‘ਕਾਵਿ ਨਾਟਕ ਦੀ ਕਾਵਿਕਤਾ’ ਨੂੰ, ਉਸਦੇ ਸੰਦੇਸ਼ ਨੂੰ, ਉਸਦੇ ਦ੍ਰਿਸ਼ਟੀਕੋਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੇ ਹੋਣ। ਕਾਵਿ ਨਾਟਕਕਾਰ ਆਪਣੇ ਪਾਤਰਾਂ ਨੂੰ ਐਸੀਆਂ ਸਥਿਤੀਆਂ ਵਿੱਚੋਂ ਗੁਜ਼ਾਰਦਾ ਹੈ, ਉਸਦੇ ਮਾਨਸਿਕ ਉਤਾਰ-ਚੜ੍ਹਾ, ਉਸਦੇ ਦਵੰਦ ਨੂੰ ਐਸੇ ਕਾਵਿਮਈ ਤਰੀਕੇ ਨਾਲ ਪੇਸ਼ ਕਰਦਾ ਹੈ ਕਿ ਪਾਠਕ ਜਾਂ ਦਰਸ਼ਕ ਉਸ ਨਾਲ ਆਪਣੀ ਇਕਸੁਰਤਾ ਸਹਿਜੇ ਹੀ ਕਾਇਮ ਕਰ ਸਕਦੇ ਹਨ’। (ਸਤਪਾਲ ਕੌਰ, 2003, ਪੰਨੇ 42-43)ਇਸ ਕਰਕੇ ਡਾ. ਗੁਰਦਿਆਲ ਸਿੰਘ ਫੁੱਲ ਆਖਦੇ ਹਨ ਕਿ ‘ਕਾਵਿ ਨਾਟਕ ਉਹ ਸਫਲ ਹੁੰਦਾ ਹੈ ਜਿਸ ਵਿੱਚ ਆਤਮਿਕ ਦਵੰਦ ਵਾਲਾ ਪਾਤਰ ਲਿਆ ਜਾਵੇ। ਜਿਹੜਾ ਵਿਅਕਤੀ ਤੋਂ ਸਮੂਹ ਬਣਨ ਦੀ ਸਮਰੱਥਾ ਰੱਖੇ, ਕਿਉਂਕਿ ਕਵਿਤਾ ਵਿੱਚ ਇਕ ਤੋਂ ਅਨੇਕ ਹੋਣ ਦੀ ਸਮਰੱਥਾ ਹੁੰਦੀ ਹੈ’। (ਗੁਰਦਿਆਲ ਸਿੰਘ ਫੁੱਲ, 2011, ਪੰ. 172)ਕਵਿਤਾ ਹੀ ਇਹ ਸਮੱਰਥਾ ਹੀ ਕਾਵਿ ਨਾਟਕ ਦੇ ਪਾਤਰਾਂ ਨੂੰ ਵਧੇਰੇ ਸੰਵੇਨਸ਼ੀਲ, ਕਲਪਨਾਸ਼ੀਲ ਅਤੇ ਭਾਵਨਾਤਮਕ ਆਦਿ ਗੁਣਾ ਨਾਲ ਲਿਬਰੇਜ਼ ਕਰਦੀ ਹੋਈ ਕਾਵਿਮਈ ਬਣਾ ਦਿੰਦੀ ਹੈ। ਕਾਵਿ ਨਾਟਕ ਵਿੱਚ ਕੁਝ ਪਾਤਰ ਪ੍ਰਤੀਕਾਤਮਕ ਵੀ ਹੁੰਦੇ ਹਨ। ਇਹ ਪਾਤਰ ਦਵੰਦਾਤਮਕ ਸਥਿਤੀਆਂ ਵਿੱਚੋਂ ਗੁਜ਼ਰਦੇ ਆਪਣੇ ਅੰਦਰਲੇ ਸੰਘਰਸ਼ ਨੂੰ ਪ੍ਰਗਟ ਕਰਦੇ ਹਨ। ਅਸਲ ਵਿੱਚ ਇਹ ਉਹ ਪਾਤਰ ਹੁੰਦੇ ਹਨ, ਜਿੰਨ੍ਹਾਂ ਰਾਹੀ ਕਾਵਿ ਨਾਟਕਕਾਰ ਆਪਣੀ ਸੰਵੇਦਨਸ਼ੀਲਤਾ ਅਤੇ ਚਿੰਤਨ ਪ੍ਰਦਾਨ ਦ੍ਰਿਸ਼ਟੀ ਨੂੰ ਕਲਾਤਮਕ ਰੂਪ ਰਾਹੀ ਪ੍ਰਗਟ ਕਰਦਾ ਹੈ।
ਵਾਰਤਾਲਾਪ (Dialogue):- ਵਾਰਤਾਲਾਪ ਤੋਂ ਭਾਵ ਉਨ੍ਹਾਂ ਸ਼ਬਦਾਂ ਤੋਂ ਹੈ ਜਿਨ੍ਹਾਂ ਨੂੰ ਅਦਾਕਾਰ ਮੰਚ ਉੱਪਰ ਦੂਸਰੇ ਅਦਾਕਾਰ ਨਾਲ ਜਾਂ ਆਪਣੇ ਆਪ ਨਾਲ ਮਨਬਚਨੀ ਦੇ ਰੂਪ ਵਿੱਚ ਬੋਲਦਾ ਹੈ। ਵਾਰਤਾਲਾਪ ਨਾਟਕ ਦਾ ਇੱਕ ਅਹਿਮ ਤੱਤ ਹਨ ਕਿਉਂਕਿ ਵਾਰਤਾਲਾਪ ਜਿੱਥੇ ਨਾਟਕ ਦੀ ਕਹਾਣੀ ਦੇ ਵਾਹਕ ਹੁੰਦੇ ਹਨ ਉੱਥੇ ਹੀ ਇਹ ਕਿਸੇ ਪਾਤਰ ਦੇ ਸੁਭਾਅ ਅਤੇ ਚਰਿੱਤਰ ਨੂੰ ਵੀ ਦਰਸ਼ਕਾਂ ਸਾਹਮਣੇ ਉਜਾਗਰ ਕਰਦੇ ਹਨ। ਵਾਰਤਾਲਾਪ ਸਿੱਧੇ ਦਰਸ਼ਕਾਂ ਨਾਲ ਸੰਬੰਧ ਕਇਮ ਕਰਦੇ ਹਨ ਇਸ ਕਰਕੇ ਇਹ ਜਰੂਰੀ ਹੁੰਦਾ ਹੈ ਕਿ ਸੰਵਾਦ ਚੁਸਤ ਹੋਣ ਦੇ ਨਾਲ-ਨਾਲ ਸੰਖੇਪਤਾ ਨੂੰ ਵੀ ਧਾਰਨ ਕਰਨ। ਕਾਵਿ ਨਾਟਕ ਵਿੱਚ ਸਮੁੱਚੇ ਸੰਵਾਦ ਕਾਵਿਕ ਹੁੰਦੇ ਹਨ। ਪਰੰਤੂ ਕਾਵਿ ਨਾਟਕ ਦੇ ਸੰਵਾਦ ਨਿਰੀ-ਪੁਰੀ ਕਵਿਤਾ ਨਹੀਂ ਹੁੰਦੇ/ਹੋਣੇ ਚਾਹੀਦੇ ਬਲਕਿ ਇਹ ਨਾਟਕੀਅਤਾ ਦੇ ਗੁਣਾ ਨਾਲ ਭਰਪੂਰ ਸੰਵਾਦ ਹੁੰਦੇ ਹਨ/ਹੋਣੇ ਚਾਹੀਦੇ ਹਨ। ਇਸੇ ਲਈ ਟੀ. ਐਸ. ਈਲੀਅਟ ਕਾਵਿ ਨਾਟਕ ਵਿੱਚ ਕਵਿਤਾ ਦਾ ਸਥਾਨ ਨਿਸ਼ਚਿਤ ਕਰਦੇ ਹੋਏ ਲਿਖਦੇ ਹਨ ਕਿ ‘ਜੇ ਕਵਿਤਾ ਮਹਿਜ਼ ਇੱਕ ਸਜਾਵਟ ਹੈ, ਇੱਕ ਸ਼ਿੰਗਾਰ ਹੈ ਜੋ ਨਾਟਕ ਦੇਖ ਰਹੇ ਲੋਕਾਂ ਨੂੰ ਸਿਰਫ ਕਾਵਿਕ ਆਨੰਦ ਹੀ ਦੇ ਰਹੀ ਹੈ ਤਾਂ ਇਹ ਫਜ਼ੂਲ ਹੈ। ਇਸ ਨੂੰ ਨਾਟਕ ਵਜੋਂ ਪ੍ਰਦਰਸ਼ਿਤ ਹੋਣਾ ਚਾਹੀਦਾ ਹੈ ਨਾ ਕਿ ਸਿਰਫ ਨਾਟਕੀ ਰੂਪ ਵਾਲੀ ਕਵਿਤਾ ਵਜੋਂ’। (Eliot, 1969, pp. 75-76) ‘ਕਾਵਿ ਨਾਟਕ ਦਾ ਕਾਵਿਕ ਵਾਰਤਾਲਾਪ ਅਭਿਨੈਤਮਕ ਹੋਣਾ ਚਾਹੀਦਾ ਹੈ। ਚੰਗਾ ਕਵੀ ਨਾਟਕਾਕਾਰ ਤਾਂ ਲੰਮੀਆਂ ਮਨਬਚਨੀਆਂ ਨੂੰ ਵੀ ਇਉਂ ਜੀਵਨਮਈ ਬਣਾ ਦਿੰਦਾ ਹੈ ਕਿ ਉਹ ਪਾਤਰ ਦਾ ਅੰਦਰ ਬਾਹਰ ਸਾਕਾਰ ਕਰ ਜਾਂਦੀਆਂ ਹਨ’। (ਗੁਰਦਿਆਲ ਸਿੰਘ ਫੁੱਲ, 2011, ਪੰ. 172)ਕਾਵਿਮਈ ਸੰਵਾਦਾਂ ਦੀ ਵਿਸ਼ੇਸ਼ਤਾ ਏਹ ਹੁੰਦੀ ਹੈ ਕਿ ਇਹ ਯਥਾਰਥ ਤੋਂ ਪਾਰ ਕਿਸੇ ਪਾਤਰ ਦੇ ਧੁਰ ਅੰਦਰੋਂ ਪੈਦਾ ਹੁੰਦੇ ਹਨ ਅਤੇ ਦਰਸ਼ਕਾਂ ਦੇ ਧੁਰ ਅੰਦਰ ਤੱਕ ਉਤਰ ਜਾਂਦੇ ਹਨ। ‘ਕਾਵਿਕ ਵਾਰਤਾਲਾਪ ਵਾਰਤਕ ਨਾਲੋਂ ਬਹੁਤ ਡੂੰਘੇ ਤੇ ਤੀਕਣ ਅੰਦਰਮੁਖੀ ਭਾਵ ਅਭਿਵਿਅਕਤ ਕਰਨ ਦੇ ਸਮਰੱਥ ਹੁੰਦਾ ਹੈ। ਕਾਵਿਕ ਵਾਰਤਾਲਾਪ ਮਨੁੱਖ ਦੇ ਅੰਦਰ ਅਨੋਖੀਆਂ ਭਾਵੁਕ ਲਹਿਰਾਂ ਸਿਰਜ ਦਿੰਦਾ ਹੈ, ਤਦੇ ਕਿਹਾ ਜਾਂਦਾ ਹੈ ਕਿ ਕਾਵਿ ਵਾਰਤਾਲਾਪ ਨਾਲ ਪੈਦਾ ਹੋਈ ਹਰਕਤ ਮਹਿਸੂਸ ਪੱਠਿਆ ਰਾਹੀਂ ਕੀਤੀ ਜਾਂਦੀ ਹੈ ਤੇ ਸੁਣੀ ਦਿਲ ਨਾਲ ਜਾਂਦੀ ਹੈ’। (ਗੁਰਦਿਆਲ ਸਿੰਘ ਫੁੱਲ, 2011, ਪੰ. 90)ਇਹ ਕਾਵਿਮਈ ਸੰਵਾਦ ਹੀ ਹਨ ਜੋ ਸਮੁੱਚੇ ਨਾਟਕ ਨੂੰ ਕਾਵਿਕ ਬਣਾ ਕੇ ਕਾਵਿ ਨਾਟਕ ਨੂੰ ਇੱਕ ਵਿੱਲਖਣ ਨਾਟ ਰੂਪ ਵਜੋਂ ਸਥਾਪਤ ਕਰਦੇ ਹਨ। ਬਿਨਾਂ ਸ਼ੱਕ ਇਨ੍ਹਾਂ ਦੇ ਸੰਵਾਦਾਂ ਦੇ ਨਾਲ ਨਾਲ ਕਾਵਿ ਨਾਟਕ ਦੇ ਬਾਕੀ ਤੱਤ ਵੀ ਕਾਵਿਕ ਗੁਣਾਂ ਦੇ ਧਾਰਨੀ ਹੁੰਦੇ ਹਨ, ਪਰ ਇੱਕ ਸਧਾਰਣ ਮਨੁੱਖ ਲਈ ਪਹਿਲੀ ਨਜ਼ਰੇ ਹੀ ਕਾਵਿ ਨਾਟਕ ਦੀ ਰੂਪਕ ਪਛਾਣ ਉਸਦੇ ਕਾਵਿਮਈ ਸੰਵਾਦ ਹੀ ਹੁੰਦੇ ਹਨ। ਜੇਕਰ ਇਹ ਕਹਿ ਲਿਆ ਜਾਵੇ ਕਿ ਕਾਵਿ ਨਾਟਕ ਨੂੰ ਕਾਵਿਮਈ ਬਣਾਉਣ ਵਿੱਚ ਇਸਦੇ ਕਾਵਿਕ ਸੰਵਾਦਾਂ ਦਾ ਅਹਿਮ ਸਥਾਨ ਹੁੰਦਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਗੱਲ ਨਹੀਂ ਹੋਵੇਗੀ।
ਭਾਸ਼ਾ:- ਭਾਸ਼ਾ ਸਾਰਥਕ ਧੁਨੀਆਂ ਦਾ ਉਹ ਸਮੂਹ ਹੈ ਜਿਨ੍ਹਾਂ ਰਾਹੀ ਬੋਲ ਕੇ ਅਸੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਦੇ ਹਾਂ ਦੂਸਰੇ ਸ਼ਬਦਾਂ ਵਿੱਚ ਭਾਸ਼ਾ ਸੰਚਾਰ ਦਾ ਸਾਧਨ ਹੈ। ਨਾਟਕ ਵਿੱਚ ਭਾਸ਼ਾ ਦਾ ਮਹੱਤਵਪੂਰਨ ਸਥਾਨ ਹੈ ਕਿਉਂਕਿ ਮੰਚ ਉਪਰ ਪਾਤਰਾਂ ਵਿਚਕਾਰ ਹੋਣ ਵਾਲੇ ਆਪਸੀ ਵਿਚਾਰਾਂ/ਸੰਵਾਦ ਦਾ ਸਾਧਨ ਭਾਸ਼ਾ ਹੀ ਹੈ। ਇਸ ਦਾ ਉਦੇਸ਼ ਸਿਰਫ ਪਾਤਰਾਂ ਦੇ ਆਪਸੀ ਵਿਚਾਰ-ਵਟਾਂਦਰੇ ਤੱਕ ਹੀ ਸੀਮਤ ਨਹੀ ਹੁੰਦਾ ਬਲਕਿ ਦਰਸ਼ਕਾਂ ਤੱਕ ਉਨ੍ਹਾਂ ਦੇ ਸੰਦੇਸ਼ ਨੂੰ ਪਹੁੰਚਾਉਣਾ ਵੀ ਹੁੰਦਾ ਹੈ। ਇਸ ਕਰਕੇ ਨਾਟਕ ਦੇ ਤੱਤਾਂ ਬਾਰੇ ਜ਼ਿਕਰ ਕਰਦਿਆਂ ਭਾਸ਼ਾ ਨੂੰ ਵੀ ਇੱਕ ਅਹਿਮ ਤੱਤ ਵਜੋਂ ਵਿਚਾਰਿਆ ਜਾਂਦਾ ਹੈ। ਕਾਵਿ ਨਾਟਕ ਦੇ ਸੰਦਰਭ ਵਿੱਚ ਭਾਸ਼ਾ ਦਾ ਜ਼ਿਕਰ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਕਾਵਿ ਨਾਟਕ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਆਮ ਬੋਲਚਾਲ ਦੀ ਭਾਸ਼ਾ ਨਾ ਹੋ ਕੇ ਕਾਵਿਕ ਭਾਸ਼ਾ ਹੁੰਦੀ ਹੈ ਜੋ ਕਾਵਿਕ ਹੋਣ ਦੇ ਨਾਲ-ਨਾਲ ਨਾਟਕੀਅਤਾ ਦੇ ਗੁਣਾ ਨੁੰ ਵੀ ਆਪਣੇ ਅੰਦਰ ਜ਼ਜ਼ਬ ਕਰਕੇ ਰੱਖਦੀ ਹੈ। ਕਾਵਿ ਨਾਟਕਕਾਰ, ਕਾਵਿ ਨਾਟਕ ਨੂੰ ਬਿੰਬਾਂ ਅਤੇ ਪ੍ਰਤੀਕਾਂ ਨਾਲ ਭਰਪੂਰ ਭਾਸ਼ਾ ਦੁਆਰਾ ਸ਼ਿੰਗਾਰ ਕੇ ਅਜਿਹੇ ਅਰਥ ਪ੍ਰਦਾਨ ਕਰਦਾ ਹੈ ਕਿ ਪਾਠਕ ਅਤੇ ਦਰਸ਼ਕ ਇਸ ਵੱਲ ਖਿੱਚੇ ਆਉਂਦੇ ਹਨ। ਉਂਝ ਵੀ ਕਾਵਿਕ ਭਾਸ਼ਾ ਦਿਲ ਦੀਆਂ ਗਹਿਰਾਈਆਂ ਤੱਕ ਉਤਰ ਜਾਣ ਦੇ ਸਮਰੱਥ ਹੁੰਦੀ ਹੈ। ਕਾਵਿ ਨਾਟਕ ਵਿੱਚ ਕਾਵਿ ਨਾਟਕਕਾਰ ‘ਭਾਸ਼ਾ ਦੀ ਵਰਤੋਂ ਬੜੀ ਸੂਝ-ਬੂਝ ਨਾਲ ਕਰਦਾ ਹੈ। ਭਾਸ਼ਾ ਵਿੱਚ ਸ਼ਬਦਾਂ ਦੀ ਵਰਤੋਂ ਕਰਦੇ ਹੋਏ, ਸ਼ਬਦਾਂ ਦੀ ਚੋਣ, ਵਾਕ ਰਚਨਾ, ਬਿੰਬਾਂ, ਪ੍ਰਤੀਕਾਂ ਅਤੇ ਅਲੰਕਾਰਾਂ ਦੀ ਉਚਿਤ ਵਰਤੋਂ ਕਰਕੇ ਉਹ ਆਪਣੇ ਭਾਸ਼ਾ-ਗਿਆਨ ਦਾ ਪਰਿਚੈ ਦਿੰਦਾ ਹੈ’। (ਹੁਕਮ ਚੰਦ ਰਾਜਪਾਲ, 1985, ਪੰ. 13)ਕਾਵਿ ਨਾਟਕਕਾਰ ਭਾਸ਼ਾ ਦੀ ਸਕੁਸ਼ਲ ਵਰਤੋਂ ਕਰਦਾ ਹੋਇਆ ‘ਗਾਗਰ ਵਿੱਚ ਸਾਗਰ’ ਇਸ ਤਰੀਕੇ ਨਾਲ ਭਰਦਾ ਹੈ ਕਿ ਵੱਡੀ ਤੋਂ ਵੱਡੀ ਅਤੇ ਗੰਭੀਰ ਤੋਂ ਗੰਭੀਰ ਸਮੱਸਿਆਂ ਨੂੰ ਸੰਖੇਪ, ਸਰਲ ਅਤੇ ਪ੍ਰਭਾਵਸ਼ਾਲੀ ਬਣਾ ਕੇ ਦਰਸ਼ਕਾਂ ਦੇ ਧੁਰ ਅੰਦਰ ਤੱਕ ਉਤਾਰ ਦਿੰਦਾ ਹੈ। ਇਹ ਕਾਵਿ ਨਾਟਕਕਾਰ ਦੀ ਭਾਸ਼ਾ ਯੋਗਤਾ ਹੀ ਹੁੰਦੀ ਹੈ ਕਿ ਕਾਵਿ ਨਾਟਕ ਵਿੱਚ ਪਾਤਰਾ ਦੀ ਭਾਸ਼ਾ ਆਮ-ਬੋਲਚਾਲ ਦੀ ਭਾਸ਼ਾ ਨਾ ਹੋ ਕੇ ਵੀ ਉਨ੍ਹਾਂ ਦੇ ਚਰਿੱਤਰ ਨੂੰ ਉਗਾੜਨ ਦੇ ਨਾਲ–ਨਾਲ ਦਰਸ਼ਕਾਂ ਨੂੰ ਉਨ੍ਹਾਂ ਨਾਲ ਅਭੇਦਤਾ ਕਾਇਮ ਕਰਨ ਵਿੱਚ ਕੋਈ ਅੜਿੱਕਾ ਨਹੀਂ ਬਣਦੀ। ਮਨਜੀਤ ਪਾਲ ਕੌਰ ਅਨੁਸਾਰ ‘ਕਾਵਿ ਨਾਟ ਦੀ ਰਚਨਾ ਭਰਪੂਰ ਭਾਸ਼ਾ ਵਿੱਚ ਹੀ ਹੋ ਸਕਦੀ ਹੈ। ਇਹ ਭਰਪੂਰ ਭਾਸ਼ਾ ਪਰਿਵਰਤਨਸ਼ੀਲ ਭਾਸ਼ਾ ਹੈ, ਜਿਸਦਾ ਵਿਯੋਗਾਤਮਕ ਰੂਪ ਇਸਦੇ ਸੰਯੋਗਾਤਮਕ ਰੂਪ ਵਿੱਚ ਰਲਦਾ ਰਹਿੰਦਾ ਹੈ। ਭਰਪੂਰ ਭਾਸ਼ਾ ਬਾਹਰੀ ਤੇ ਆਂਤ੍ਰਿਕ ਵਾਰਤਾਲਾਪ ਦੇ ਯੋਗ ਹੈ। ਇਸ ਵਿੱਚ ਇਹ ਅੰਤਰ ਤਾਂ ਹੈ ਕਿ ਆਂਤ੍ਰਿਕ ਵਾਰਤਾਲਾਪ ਮੌਨ ਹੈ ਤੇ ਬਾਹਰੀ ਵਾਰਤਾਲਾਪ ਮੌਨ ਨਹੀਂ ਹੁੰਦੇ। ਇਸ ਤੋਂ ਵਧੇਰੇ ਮਹੱਤਵਪੂਰਨ ਅੰਤਰ ਇਹ ਹੈ ਕਿ ਬਾਹਰੀ ਵਾਰਤਾਲਾਪ ਦੇ ਤੁਲ ਆਂਤ੍ਰਿਕ ਵਾਤਰਾਲਾਪ ਵਧੇਰੇ ਅਸਿਲਸਲੇਵਾਰ ਹੁੰਦਾ ਹੈ। ਆਂਤ੍ਰਿਕ ਵਾਰਤਾਲਾਪ ਦਾ ਅਸਿਲਸਲੇਵਾਰ ਸੁਭਾ ਬਾਹਰੀ ਵਾਰਤਾਲਾਪ ਦੇ ਸਿਲਸਲੇਵਾਰ ਸੁਭਾ ਨਾਲ ਮਿਲ ਕੇ ਭਰਪੂਰ ਭਾਸ਼ਾ ਨੂੰ ਉਸ ਸਮੁੱਚੇ ਸੰਚਾਰ ਦੇ ਯੋਗ ਬਣਾ ਦਿੰਦਾ ਹੈ, ਜਿਸਦੀ ਸੰਚਾਰਮਈ ਅਵਸਥਾ ਤੋਂ ਕੁਝ ਵੀ ਬਾਹਰ ਨਹੀਂ ਹੁੰਦਾ’। (ਮਨਜੀਤ ਪਾਲ ਕੌਰ, ਕਾਵਿ-ਨਾਟਕ, 2017, ਪੰਨੇ 230-232)ਇਸ ਤਰ੍ਹਾਂ ਕਾਵਿ ਨਾਟਕ ਦੀ ਭਾਸ਼ਾ ਕਾਵਿਕ ਅਤੇ ਨਾਟਕੀ ਗੁਣਾ ਦਾ ਅਜਿਹਾ ਸੁਮੇਲ ਹੁੰਦੀ ਹੈ ਜਿਸਦੀ ਕੋਈ ਹੋਰ ਮਿਸਾਲ ਨਹੀਂ ਹੁੰਦੀ, ਬਲਕਿ ਆਪਣੀ ਮਿਸਾਲ ਉਹ ਖੁਦ ਹੁੰਦੀ ਹੈ। ਕਾਵਿਕ ਅਤੇ ਨਾਟਕੀ ਗੁਣਾ ਨਾਲ ਭਰਪੂਰ ਭਾਸ਼ਾ ਜਿੱਥੇ ਕਾਵਿ ਨਾਟਕ ਨੂੰ ਵਿਲੱਖਣਤਾ ਪ੍ਰਦਾਨ ਕਰਦੀ ਹੈ ਉੱਥੇ ਹੀ ਇਹ ਇਸਨੂੰ ਸਾਹਿਤ ਦੀ ਇੱਕ ਪ੍ਰਭਾਵਸ਼ਾਲੀ ਵੰਨਗੀ ਵਜੋਂ ਵੀ ਸਨਮਾਨ ਦਿਵਾਉਂਦੀ ਹੈ।
ਕਾਵਿ ਨਾਟਕ ਹਰ ਭਾਸ਼ਾ ਦੇ ਨਾਟ ਸਾਹਿਤ/ਕਲਾ ਦਾ ਪੁਰਾਤਨ ਅਤੇ ਮੁੱਢਲਾ ਰੂਪ ਹੈ। ਇਸ ਵਿਚਲੀ ਕਵਿਤਾ ਅਤੇ ਨਾਟਕ ਦਾ ਸੁਮੇਲ ਜਿੱਥੇ ਇਸਨੂੰ ਬਾਕੀ ਨਾਟ ਰੂਪਾਂ ਨਾਲੋਂ ਵਿੱਲਖਣ ਬਣਾਉਂਦਾ ਹੈ ਉੱਥੇ ਹੀ ਯਥਾਰਥ ਦੇ ਕੌੜੇ ਅਨੁਭਵਾਂ ਦੀ ਅਜਿਹੇ ਸੁਅਦਲੇ ਰੂਪ ਵਿੱਚ ਪੇਸ਼ਕਾਰੀ ਕਰਦਾ ਹੈ ਕਿ ਦੇਖਣ ਸੁਣਨ ਵਾਲੇ ਦੀ ਰੂਹ ਸ਼ਰਸਾਰ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਪਤਾ ਤੱਕ ਨਹੀਂ ਲੱਗਦਾ ਕਿ ਉਨਹਾਂ ਦਾ ਸਵੈ ਕਦੋਂ ਨਾਟਕ ਦੇ ਪ੍ਰਭਾਵ ਨੂੰ ਕਬੂਲ ਕਰ ਗਿਆ। ਬੇਸ਼ੱਕ ਅੱਜ ਕਾਵਿ ਨਾਟਕ ਨੂੰ ਗਦ ਨਾਟਕ ਦੇ ਮੁਕਾਬਲੇ ਘੱਟ ਸਿਰਜਿਆ ਜਾਦਾ ਹੈ, ਪਰ ਕਾਵਿ ਨਾਟਕ ਦੀ ਪ੍ਰਭਾਵਸ਼ੀਲਤਾ ਅਤੇ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Bibliography
Boulton, M. (1980). The Anatomy of Drama. London: Routledge & Kegan Paul.
Brook, P. (1968). The Empty Space. New York: A Touchstone Book.
Eliot, T. S. (1969). On Poetry and Poets. New York: Farrar, Straus & Giroux.
Matthews, B. (1911). A Study of Drama. London: Longmans Green and Co.
ਅਜਾਇਬ ਕਮਲ. (1978). ਲੰਙੜਾ ਆਸਮਾਨ. ਅੰਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ.
ਆਰ. ਐੱਲ. ਅਹੂਜਾ. (1985). ਹੁਕਮ ਚੰਦ ਰਾਜਪਾਲ ਵਿੱਚ, ਪੰਜਾਬੀ ਨਾਟ-ਕਾਵਿ ਸਰੂਪ ਅਤੇ ਵਿਕਾਸ (ਪੰਨੇ 166-167). ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ.
ਸ. ਨ. ਸੇਵਕ. (1974). ਫ਼ਰਹਾਦ. ਅੰਮ੍ਰਿਤਸਰ: ਬਲਰਾਜ ਸਾਹਨੀ ਯਾਦਗਰੀ ਘਰੇਲੂ ਪੁਸਤਕਸ਼ਾਲਾ.
ਸਤਪਾਲ ਕੌਰ. (2003). ਪੰਜਾਬੀ ਕਾਵਿ-ਨਾਟ ਦਾ ਪਰਿਪੇਖ. ਦਿੱਲੀ: ਮਨਪ੍ਰੀਤ ਪ੍ਰਕਾਸ਼ਨ.
ਸਤੀਸ਼ ਕੁਮਾਰ ਵਰਮਾ. (2019). ਪੰਜਾਬੀ ਨਾਟਕ ਦੀ ਇਤਿਹਾਸਕਾਰੀ. ਪਟਿਆਲਾ: ਮਦਾਨ ਪਬਲੀਸ਼ਿੰਗ ਹਾਊਸ.
ਹੁਕਮ ਚੰਦ ਰਾਜਪਾਲ. (1985). ਪੰਜਾਬੀ ਨਾਟ-ਕਾਵਿ ਸਰੂਪ ਅਤੇ ਵਿਕਾਸ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ.
ਗੁਰਚਰਨ ਸਿੰਘ ਐਮ. ਏ. (1951). ਪੰਜਾਬੀ ਨਾਟਕਕਾਰ. ਅੰਮ੍ਰਿਤਸਰ: ਹਿੰਦ ਪਬਲਿਸ਼ਰਜ਼ ਲਿਮਿਟਿਡ.
ਗੁਰਦਿਆਲ ਸਿੰਘ ਫੁੱਲ. (2011). ਪੰਜਾਬੀ ਨਾਟਕ ਸਰੂਪ,ਸਿਧਾਂਤ ਤੇ ਵਿਕਾਸ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ.
ਗੁਰਬਚਨ ਸਿੰਘ ਰਾਹੀ (ਸੰਪਾ.). (2009). ਭਾਈ ਵੀਰ ਸਿੰਘ ਰਚਿਤ ਕਾਵਿ-ਨਾਟਕ ਜ਼ੈਨਾ ਦਾ ਵਿਰਲਾਪ. ਪਟਿਆਲਾ: ਅਮਰਜੀਤ ਸਾਹਿਤ ਪ੍ਰਕਾਸ਼ਨ.
ਨਵਨਿੰਦਰਾ ਬਹਿਲ. (2016). ਨਾਟਕੀ ਸਾਹਿਤ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ.
ਪਾਲੀ ਭੁਪਿੰਦਰ ਸਿੰਘ. (2009). ਨਾਟਕ ਅਤੇ ਨਾਟ ਚਿੰਤਨ. ਲੁਧਿਆਣਾ: ਚੇਤਨਾ ਪ੍ਰਕਾਸ਼ਨ.
ਪਿਆਰਾ ਸਿੰਘ. (2013). ਪੰਜਾਬੀ ਨਾਟਕ ਅਤੇ ਰੰਗਮੰਚ. ਜਲੰਧਰ: ਨਿਊ ਬੁੱਕ ਕੰਪਨੀ.
ਬਲਵੰਤ ਗਾਰਗੀ. (1961). ਰੰਗ ਮੰਚ. ਦਿੱਲੀ: ਨਵਯੁਗ ਪਬਲਿਸ਼ਰਜ਼.
ਬਾਵਾ ਬੁਧ ਸਿੰਘ. (1989). ਬਾਵਾ ਬੁਧ ਸਿੰਘ ਰਚਨਾਵਲੀ (ਨਾਟਕ). (ਰਜਨੀਸ਼ ਕੁਮਾਰ, ਸੰਪਾ.) ਪਟਿਆਲਾ: ਭਾਸ਼ਾ ਵਿਭਾਗ ਪੰਜਾਬ.
ਮਨਜੀਤ ਪਾਲ ਕੌਰ. (2017). ਕਾਵਿ-ਨਾਟਕ. ਜਸਵਿੰਦਰ ਸਿੰਘ ਸੈਣੀ, ਸਤੀਸ਼ ਕੁਮਾਰ ਵਰਮਾ, & ਉਮਾ ਸੇਠੀ (ਸੰਪਾ.) ਵਿੱਚ, ਨਾਟ-ਸਿਧਾਂਤ (ਪੰਨੇ 224-239). ਪਟਿਆਲਾ: ਪਬਲੀਕੇਸ਼ਨ ਬਿਊਰੋ.
ਮਨਜੀਤ ਪਾਲ ਕੌਰ. (ਮਿਤੀ ਹੀਣ). ਕਾਵਿ-ਨਾਟ. ਲੁਧਿਆਣਾ: ਲਾਹੌਰ ਬੁਕ ਸ਼ਾਪ.
ਰਜਿੰਦਰ ਲਹਿਰੀ. (2018). ਅਰਸਤੂ ਦੇ ਕਾਵਿ ਸ਼ਾਸਤਰ ਦੀ ਨਵੀਂ ਪੜ੍ਹਤ. ਪਟਿਆਲਾ: ਗ੍ਰੇਸ਼ੀਅਸ ਬੁੱਕਸ.
ਰਵਿੰਦਰ ਰਵੀ. (2018). ਮੇਰਾ ਕਾਵਿ-ਨਾਟਕੀ ਰੰਗਮੰਚ . ਦਿੱਲੀ: ਨੈਸ਼ਨਲ ਬੁੱਕ ਸ਼ਾਪ.
Comments