top of page
  • Writer's pictureਸ਼ਬਦ

ਜ਼ਿੰਦਗੀ ਦਾ ਅਸਲੀ ਹੀਰੋ: ਅਮਨਪਾਲ ਸਾਰਾ  

ਹਰਜੀਤ ਅਟਵਾਲ


    ਜ਼ਿੰਦਗੀ ਅਜੀਬ ਚੀਜ਼ ਹੈ। ਅਚਾਨਕ ਕਿਸੇ ਮੋੜ 'ਤੇ ਕੋਈ ਮਿਲਦਾ ਹੈ ਤੇ ਉਮਰ ਭਰ ਦਾ ਰਿਸ਼ਤਾ ਬਣ ਜਾਂਦਾ ਹੈ ਜਾਂ ਪਲ ਭਰ ਲਈ ਗੂਹੜਾ ਰਿਸ਼ਤਾ ਬਣ ਕੇ ਅਗਲੇ ਪਲਾਂ ਵਿੱਚ ਸਭ ਭੁੱਲ ਜਾਂਦਾ ਹੈ। ਜਿਵੇਂ ਕਹਿੰਦੇ ਹਨ ਕਿ ਖੜੇ ਦਾ ਖਾਲਸਾ, ਇਵੇਂ ਹੀ ਮਿੱਤਰਤਾ ਹੈ ਵੀ। ਤੁਸੀਂ ਹਾਜ਼ਰ ਹੋ ਤਾਂ ਹੈ, ਨਹੀਂ ਤਾਂ ਨਹੀਂ। ਮੇਰਾ ਇਹੋ ਤਜਰੁਬਾ ਹੈ, ਤੁਹਾਡਾ ਕੁਝ ਹੋਰ ਹੋ ਸਕਦਾ ਹੈ। ਮੈਨੂੰ ਮਿਲੇ ਮਿੱਤਰਾਂ ਵਿੱਚੋਂ ਇਕ ਨਾਂ ਅਮਨਪਾਲ ਸਾਰਾ ਹੈ। ਉਹ ਮੇਰੀ ਯਾਦ ਵਿੱਚ ਇਵੇਂ ਹੈ ਜਿਵੇਂ ਸਵੇਰ ਵਿੱਚ ਤ੍ਰੇਲ।

ਅੱਜਕੱਲ ਸਾਰਾ ਖਰਾਬ ਸਿਹਤ ਨਾਲ ਜੂਝ ਰਿਹਾ ਹੈ, ਜਿਵੇਂ ਕਿ ਅਸੀਂ ਸਦਾ ਇਕੋ ਜਿਹੇ ਨਹੀਂ ਰਹਿੰਦੇ, ਗਰਾਫ ਹੇਠਾਂ ਉਤੇ ਹੁੰਦਾ ਹੀ ਰਹਿੰਦਾ ਹੈ। ਅਮਨਪਾਲ ਦਾ ਗਰਾਫ ਕੁਝ ਹੇਠਾਂ ਚੱਲ ਰਿਹਾ ਹੈ, ਮੇਰੀ ਦੁਆ ਹੈ ਕਿ ਜਲਦੀ ਸਿਹਤਵੰਦ ਹੋ ਕੇ ਦੋਸਤਾਂ ਦੇ ਕਾਫਲੇ ਵਿੱਚ ਆ ਰਲ਼ੇ। ਉਹ ਇਕ ਅਜਿਹਾ ਵਿਅਕਤੀ ਹੈ ਜੋ ਮੈਨੂੰ ਮਿਲਿਆ ਤੇ ਉਮਰ ਭਰ ਦਾ ਰਿਸ਼ਤਾ ਬਣਾ ਗਿਆ। ਉਹ ਮੇਰੇ ਨਾਲ ਨਾ ਵੀ ਹੋਵੇ ਤਾਂ ਮੇਰੇ ਨਾਲ ਹੀ ਰਹਿੰਦਾ ਹੈ। ਉਸ ਦੀ ਹੋਂਦ ਨੂੰ ਮੈਂ ਸਦਾ ਆਪਣੇ ਨੇੜੇ ਤੇੜੇ ਮਹਿਸੂਸ ਕਰਦਾ ਰਹਿੰਦਾ ਹਾਂ। ਉਸ ਦਾ ਟੁਣਕਵਾਂ ਹਾਸਾ ਅਚਾਨਕ ਕੰਨਾਂ ਵਿੱਚ ਆ ਸੁਣਦਾ ਹੈ। ਕੋਈ ਫਿਲਮ ਦੇਖਦਿਆਂ ਹੀਰੋ ਵਿੱਚ ਅਮਨਪਾਲ ਦੇ ਝਲਕਾਰੇ ਪੈਣ ਲਗਦੇ ਹਨ। ਕੋਈ ਆਪਣੇ ਇਸ਼ਟ ਲਈ ਜ਼ਿੱਦੀ ਜਿਹਾ ਵਿਅਕਤੀ ਮਿਲਦਾ ਹੈ ਤਾਂ ਅਮਨਪਾਲ ਚੇਤੇ ਆ ਜਾਂਦਾ ਹੈ।

ਉਸ ਦੀ ਪਹਿਲੀ ਕਿਤਾਬ ਮੈਨੂੰ ਡਾਕ ਰਾਹੀਂ ਮਿਲੀ ਸੀ। ਕਹਾਣੀ ਸੰਗ੍ਰਹਿ। ਕਿਸੇ ਚਲਾਵੇਂ ਜਿਹੇ ਪ੍ਰਕਾਸ਼ਕ ਦੀ ਛਾਪੀ ਹੋਈ। ਨਾ ਤਾਂ ਕਿਤਾਬ ਕੋਈ ਪ੍ਰਭਾਵ ਛੱਡ ਸਕੀ ਤੇ ਨਾ ਹੀ ਕਹਾਣੀਆਂ ਪਰ ਅਮਨਪਾਲ ਸਾਰਾ ਨਾਂ ਮੈਨੂੰ ਬਹੁਤ ਚੰਗਾ ਲੱਗਾ। ਪਾਕਿਸਤਾਨੀ ਸ਼ਾਇਰਾ ਸਾਰਾ ਹੋਇਆ ਕਰਦੀ ਸੀ। ਸਾਰਾ ਸ਼ਗੁਫਤਾ। ਪਰ ਅਮਨਪਾਲ 'ਸਾਰਾ' ਕਿਵੇਂ ਬਣ ਗਿਆ? ਸ਼ਾਇਦ ਸਾਰਾ ਸ਼ਗੁਫਤਾ ਦੀ ਸ਼ਾਇਰੀ ਤੋਂ ਪ੍ਰਭਾਵਿਤ ਹੋ ਕੇ ਆਪਣਾ ਨਾਂ ਉਹਦੇ ਵਾਲਾ ਰੱਖ ਲਿਆ ਹੋਵੇ। ਬਾਅਦ ਵਿੱਚ ਪਤਾ ਲੱਗਾ ਕਿ ਹੁਸ਼ਿਆਰਪੁਰ ਜ਼ਿਲੇ ਵਿੱਚ ਜੱਟਾਂ ਦੇ ਅਜਿਹੇ ਓਪਰੇ ਜਿਹੇ ਕੁਝ ਗੋਤ ਹਨ ਕਿ ਜਿਹਨਾਂ ਬਾਰੇ ਤੁਸੀਂ ਸਹਿਜੇ ਅੰਦਾਜ਼ਾ ਨਹੀਂ ਲਾ ਸਕਦੇ।

ਜਿੰਦਰ ਨੂੰ ਅਮਨਪਾਲ ਨਾਲ ਮੇਰੀ ਨੇੜਤਾ ਬਾਰੇ ਪਤਾ ਹੈ ਇਸੇ ਲਈ ਉਹ ਕਹਿੰਦਾ ਹੈ ਕਿ ਉਸ ਦਾ ਰੇਖਾ ਚਿੱਤਰ ਲਿਖਾਂ। ਰੇਖਾ ਚਿੱਤਰ ਸਭ ਤੋਂ ਔਖੀ ਤੇ ਖਤਰਨਾਕ ਵਿਧਾ ਹੈ। ਗਾਰਗੀ ਭਲਿਆਂ ਵੇਲਿਆਂ ਵਿੱਚ ਏਨੇ ਰੇਖਾ ਚਿੱਤਰ ਲਿਖ ਗਿਆ, ਹੁਣ ਤਾਂ ਲੜਾਈ ਗਲ਼ ਪੁਵਾਉਣ ਵਾਲੀ ਗੱਲ ਹੈ। ਇਕ ਲੇਖਕ ਮੇਰੇ ਬਹੁਤ ਹੀ ਨੇੜੇ ਹੋਇਆ ਕਰਦਾ ਸੀ, ਉਸ ਨੂੰ ਲੈ ਕੇ ਮੈਂ ਚਾਰ ਸੌ ਸਫੇ ਦਾ ਨਾਵਲ ਲਿਖ ਮਾਰਿਆ, ਇਹ ਗੱਲ ਵੱਖਰੀ ਹੈ ਕਿ ਉਹ ਨਾਵਲ ਮੇਰੇ ਕੰਪਿਊਟਰ ਵਿੱਚ ਹੀ ਸਾਂਭਿਆ ਪਿਆ ਹੈ। ਉਸ ਨੂੰ ਛਪਵਾਉਣ ਦੀ ਹਿੰਮਤ ਹੀ ਨਹੀਂ ਪੈ ਰਹੀ। ਪਾਸ਼ ਨਾਲ ਮੇਰਾ ਸੀਮਤ ਜਿਹਾ ਵਾਹ ਰਿਹਾ ਹੈ ਪਰ ਉਸ ਸੀਮਤ ਵਾਹ ਵਿੱਚੋਂ ਨਿਕਲਿਆ ਬਹੁਤ ਕੁਝ। ਉਸ ਬਾਰੇ ਲਿਖਿਆ ਵੀ ਕਿਸੇ ਫਾਈਲ ਵਿੱਚ ਦੱਬਿਆ ਪਿਆ ਹੈ। ਰੇਖਾ ਚਿੱਤਰ ਲਿਖਣਾ ਮੇਰੇ ਵੱਸ ਦੀ ਗੱਲ ਨਹੀਂ ਹੈ ਪਰ ਜਿੰਦਰ ਪਤਾ ਨਹੀਂ ਕਿਉਂ ਜ਼ਿੱਦ ਕਰੀ ਜਾ ਰਿਹਾ ਹੈ?


ਸਾਰੇ ਨਾਲ ਪਹਿਲੀ ਅਣਹੋਈ ਮੁਲਾਕਾਤ

ਸ਼ਾਮ ਦਾ ਵਕਤ ਹੈ। ਮੈਂ ਕੰਮ ਤੋਂ ਮੁੜਿਆ ਹੀ ਹਾਂ ਕਿ ਸਵਰਨ ਚੰਦਨ ਦਾ ਫੋਨ ਆਉਂਦਾ ਹੈ। ਸਵਰਨ ਚੰਦਨ ਪਿੱਛੇ ਜਿਹੇ ਹੀ ਦਿੱਲੀ ਤੋਂ ਫੇਹਲ ਹੋ ਕੇ ਮੁੜਿਆ ਹੈ ਤੇ ਮੇਰੇ ਵਲ ਦੋਸਤੀ ਦਾ ਹੱਥ ਵਧਾਉਂਦਾ ਹੈ। ਪਹਿਲਾਂ ਮੈਂ ਉਸ ਦੀ ਦੋਸਤਾਂ ਦੀ ਫਰਿਹਸਤ ਵਿੱਚ ਨਹੀਂ ਸਾਂ। ਸਾਹਿਤ ਦਾ ਇਕ ਜ਼ਿਆਲਾ ਸਾਂ, ਇਕ ਸਧਾਰਨ ਜਿਹਾ ਲੇਖਕ। ਹੁਣ ਉਹ ਬਹੁਤ ਇਕੱਲਾ ਹੈ। ਇਕੱਲ ਵਿੱਚ ਹਾਜ਼ਮਾ ਮਜ਼ਬੂਤ ਹੋ ਜਾਂਦਾ ਹੈ। ਮੇਰੀ ਦੋਸਤੀ ਉਸ ਨੂੰ ਹਜ਼ਮ ਹੋ ਰਹੀ ਹੈ।

ਸਵਰਨ ਚੰਦਨ: ਕੀ ਹੋ ਰਿਹੈ? (ਉਹ ਜ਼ਰਾ ਕੁ ਨਸ਼ੇ ਵਿੱਚ ਹੈ।)

ਮੈਂ: ਹੁਣੇ ਕੰਮ ਤੋਂ ਆਇਆਂ। ਸ਼ਾਵਰ ਲੈਣ ਲੱਗਾਂ।

ਸ਼ ਚੰ: ਮੇਰਾ ਭਤੀਜਾ ਇੰਡੀਆ ਤੋਂ ਆਇਆ। ਉਹ ਤੇਰੇ ਨਾਲ ਗੱਲ ਕਰਨੀ ਚਾਹੁੰਦਾ, ਤੇਰਾ ਪਾਠਕ ਐ ਉਹ।

ਮੈਂ ਸੋਚਣ ਲਗਦਾ ਹਾਂ ਕਿ ਕਿਹੜਾ ਹੋਇਆ ਉਸ ਦਾ ਭਤੀਜਾ। ਪਹਿਲਾਂ ਤਾਂ ਉਸ ਨੇ ਕਦੇ ਕੋਈ ਗੱਲ ਨਹੀਂ ਕੀਤੀ। ਉਸ ਦਾ ਭਤੀਜਾ ਫੋਨ 'ਤੇ ਆਉਂਦਾ ਹੈ,

ਭਤੀਜਾ: ਹੈਲੋ ਅਟਵਾਲ ਸਾਹਿਬ, ਮੈਂ ਤੁਹਾਡਾ ਬਹੁਤ ਵੱਡਾ ਪਾਠਕ ਆਂ। ਤੁਹਾਡੀ ਇਕ ਇਕ ਕਹਾਣੀ ਪੜ੍ਹੀ ਤੇ ਵਿਚਾਰੀ ਐ, ਇਕ ਇਕ ਡਾਇਲੌਗ ਮੈਨੂੰ ਯਾਦ ਐ।

ਉਹ ਮੇਰੀਆਂ ਦੋ ਕੁ ਕਹਾਣੀਆਂ ਦਾ ਜ਼ਿਕਰ ਕਰਦਾ ਹੈ। ਉਹ ਫਿਰ ਆਖਦਾ ਹੈ,

ਭਤੀਜਾ: ਮੇਰੀਆਂ ਕਹਾਣੀਆਂ ਦੀ ਕਿਤਾਬ ਤਾਂ ਮਿਲ ਗਈ ਹੋਵੇਗੀ, ਮੈਂ ਇੰਡੀਆ ਤੋਂ ਪੋਸਟ ਕਰਵਾਈ ਸੀ।

ਮੈਂ: ਉਹ! ਅਮਨਪਾਲ ਸਾਰਾ?

ਸਾਰਾ: ਹਾਂ, ਠੀਕ ਪੱਛਾਣਿਆਂ ਅਟਵਾਲ ਸਾਹਿਬ। ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸੀ ਪਰ ਮੇਰੀ ਵੈਨਕੋਵਰ ਦੀ ਫਲਾਈਟ ਐ ਤੇ ਮੈਂ ਏਅਰਪੋਰਟ ਨੂੰ ਜਾਣ ਵਾਲਾ ਹੀ ਆਂ, ਸਟੇਅ ਬਹੁਤ ਥੋੜੀ ਸੀ, ਸਮਾਂ ਇਜਾਜ਼ਤ ਨਹੀਂ ਦਿੰਦਾ।

ਮੈਂ: ਮਿਲਣਾ ਤਾਂ ਮੈਂ ਵੀ ਚਾਹੁੰਨਾ ਚਲੋ ਅਗਲੀ ਵਾਰ ਸਹੀ।

ਸਾਰਾ: ਮੇਰੀਆਂ ਕਹਾਣੀਆਂ ਪੜ੍ਹੀਆਂ?

ਮੈਂ: ਹਾਂ, ਪੜ੍ਹੀਆਂ ਸਾਰੀਆਂ ਪਰ ਕਿਤੇ ਬਹਿ ਕੇ ਗੱਲਾਂ ਕਰਾਂਗੇ। ਛਪਾਈ ਦੀਆਂ ਬਹੁਤ ਗਲਤੀਆਂ।

ਸਾਰਾ: ਦੁਬਾਰਾ ਛਪਵਾਵਾਂਗਾ। ਅਟਵਾਲ ਸਾਹਿਬ, ਹੁਣ ਤਾਂ ਮੈਂ ਚੱਲਿਆਂ ਪਰ ਮੈਂ ਤੁਹਾਨੂੰ ਤੇ ਚਾਚੇ ਚੰਦਨ ਨੂੰ ਵੈਨਕੋਵਰ ਆਉਣ ਦਾ ਸੱਦਾ ਦਿੰਨਾਂ, ਇਹਨਾਂ ਹੀ ਗਰਮੀਆਂ ਵਿੱਚ, ਵਾਅਦਾ ਕਰੋ। ਖੂਬ ਘੁੰਮਾਂਗੇ, ਫਿਰਾਂਗੇ। ਫੁੱਲ ਇੰਜੁਆਏਮਿੰਟ!

ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਸਵਰਨ ਚੰਦਨ ਉਸ ਤੋਂ ਫੋਨ ਫੜ ਲੈਂਦਾ ਹੈ,

ਸ਼ ਚੰ: ਮੈਂ ਵਾਅਦਾ ਕਰ ਲਿਆ ਭਾਊ। ਆਪਾਂ ਜਾਣਾ ਹੀ ਜਾਣਾ। ਤੂੰ ਤਿਆਰ ਰਹਿ।

ਅਮਨਪਾਲ ਸਾਰਾ ਮੁੜ ਫੋਨ 'ਤੇ ਆਉਂਦਾ ਹੈ,

ਸਾਰਾ: ਅਟਵਾਲ ਸਾਹਿਬ, ਮੈਂ ਆਪਣੀ ਫਿਲਮ 'ਓਹਲਾ' ਦੀ ਇਕ ਵੀਡਿਓ ਕਾਪੀ ਚਾਚੇ ਕੋਲ ਤੁਹਾਡੇ ਲਈ ਛੱਡ ਚੱਲਿਆਂ।

ਮੈਨੂੰ ਯਾਦ ਆਉਂਦਾ ਹੈ ਕਿ ਇਸ ਫਿਲਮ ਦਾ ਰਿਵੀਊ ਪਿੱਛੇ ਜਿਹੇ ਮੈਂ ਕਿਧਰੇ ਪੜਿਆ ਸੀ। ਫਿਲਮ ਦੇਖਣ ਨੂੰ ਮੇਰਾ ਮਨ ਕਾਹਲਾ ਪੈਣ ਲਗਦਾ ਹੈ।


ਅਗਲੇ ਦਿਨ

ਮੈਂ ਸਵਰਨ ਚੰਦਨ ਦੇ ਘਰ ਜਾਂਦਾ ਹਾਂ। ਸਵਾਲ ਜੋ ਕੱਲ ਦਾ ਹੀ ਮੇਰੇ ਮਨ ਵਿੱਚ ਘੁੰਮ ਰਿਹਾ ਹੈ,

ਮੈਂ; ਡਾਕਟਰ ਸਾਹਿਬ, ਤੁਸੀਂ ਤਾਂ ਕਿਸੇ ਤੋਂ ਡਾਕਟਰ ਸਾਹਿਬ ਤੋਂ ਘੱਟ ਅਖਵਾਉਂਦੇ ਹੀ ਨਹੀਂ, ਫੇਰ ਇਹ ਅਮਨਪਾਲ ਤੁਹਾਨੂੰ ਚਾਚਾ ਚੰਦਨ ਕਿੱਦਾਂ ਕਹਿ ਰਿਹੈ?

ਸ਼ ਚੰ: ਅਸਲ ਵਿੱਚ ਗੱਲ ਇਤਰਾਂ ਵੇ ਕਿ ਇਹ ਦਿੱਲੀ ਆਇਆ ਸੀ ਮੈਨੂੰ ਮਿਲਣ, ਬੜਾ ਪਿਆਰਾ ਮੁੰਡਾ! ਇਹਦੀ ਸ਼ਕਲ ਮੇਰੇ ਭਤੀਜੇ ਨਾਲ ਮਿਲਦੀ ਐ, ਫਿਲਮਾਂ ਬਣਾਉਣ ਦਾ ਕੀੜਾ ਇਹਦੇ ਅੰਦਰ। ਕਹਿੰਦਾ ਤੇਰੀਆਂ ਕਹਾਣੀਆਂ 'ਤੇ ਵੀ ਫਿਲਮਾਂ ਬਣਾਉਣੀਆਂ। ਮੇਰੇ ਨਾਵਲ 'ਕੰਜਕਾਂ' ਉਪਰ ਸੀਰੀਅਲ ਦੀ ਗੱਲ ਵੀ ਚੱਲੀ ਸੀ।

ਸਵਰਨ ਚੰਦਨ ਨੂੰ ਇਹ ਖ਼ਬਤ ਸਾਰੀ ਉਮਰ ਰਹਿੰਦੀ ਹੈ ਕਿ ਉਸ ਦੀ ਕਿਸੇ ਰਚਨਾ ਉਪਰ ਫਿਲਮ ਜਾਂ ਸੀਰੀਅਲ ਬਣੇ ਪਰ ਖ਼ਬਤ ਸੁਫਨਾ ਹੀ ਰਹਿੰਦੀ ਹੈ। ਅਸੀਂ ਅਮਨਪਾਲ ਬਾਰੇ ਤੇ ਕਨੇਡਾ ਜਾਣ ਬਾਰੇ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ। ਕਨੇਡਾ ਦੇਖਣ ਲਈ ਮੇਰਾ ਮਨ ਵੀ ਕਾਹਲਾ ਪੈ ਰਿਹਾ ਹੈ।


ਓਹਲਾ

ਮੈਂ ਉਸੇ ਸ਼ਾਮ ਹੀ ਅਮਨਪਾਲ ਦੀ ਫਿਲਮ 'ਓਹਲਾ' ਦੇਖ ਲਈ। ਇਹ ਇਕ ਆਰਟ ਫਿਲਮ ਸੀ। ਅਮਨਪਾਲ ਨੇ ਇਕ ਪਹਿਲਵਾਨ ਦਾ ਕਿਰਦਾਰ ਨਿਭਾਇਆ ਸੀ ਜਿਸ ਦਾ ਭਰਾ ਨਿਪੁੰਸਕ ਹੈ ਤੇ ਉਸ ਦੀ ਭਰਜਾਈ ਦੇਵਰ ਨਾਲ ਰਿਸ਼ਤਾ ਬਣਾ ਲੈਂਦੀ ਹੈ। ਪਹਿਲਵਾਨ ਦਾ ਵਿਆਹ ਹੋ ਜਾਂਦਾ ਹੈ। ਭਰਜਾਈ ਵਿਆਹ ਵਿੱਚ ਵੀ ਅੜਿੱਕੇ ਪਾਉਣ ਲਗਦੀ ਹੈ ਪਰ ਅਸਫਲ ਰਹਿੰਦੀ ਹੈ ਪਰ ਉਹ ਪਹਿਲਵਾਨ ਤੇ ਉਸ ਦੀ ਪਤਨੀ ਦੀ ਵਿਆਹੁਤਾ ਜ਼ਿੰਦਗੀ ਵਿੱਚ ਨਾਗਣ ਬਣ ਕੇ ਫਿਰਨ ਲਗਦੀ ਹੈ। ਫਿਲਮ ਦੇ ਬਾਕੀ ਸਾਰੇ ਕਲਾਕਾਰ ਤਾਂ ਨਵੇਂ ਜਿਹੇ ਹੀ ਸਨ ਪਰ ਅਮਨਪਾਲ ਦੀ ਪਤਨੀ ਦਾ ਰੋਲ ਉਸ ਵੇਲੇ ਦੀ ਮਸ਼ਹੂਰ ਹੀਰੋਇਨ ਰਮਾ ਵਿੱਜ ਨੇ ਨਿਭਾਇਆ ਸੀ। ਫਿਲਮ ਵਿੱਚ ਜੇ ਮੈਨੂੰ ਕੋਈ ਭਾਇਆ ਤਾਂ ਉਹ ਸੀ ਅਮਨਪਾਲ ਸਾਰਾ। ਛੇ ਫੁੱਟਾ ਬਹੁਤ ਹੀ ਖੂਬਸੂਰਤ ਨੌਜਵਾਨ, ਬੌਲੀਵੁੱਡ ਦੇ ਕਿਸੇ ਵੀ ਹੀਰੋ ਤੋਂ ਘੱਟ ਨਹੀਂ ਸੀ। ਮੇਰਾ ਮਨ ਉਸ ਨੂੰ ਮਿਲਣ ਲਈ ਤਾਂਘਣ ਲਗਦਾ ਹੈ।


ਵੈਨਕੋਵਰ

ਇਸ ਤੋਂ ਅਗਲੀਆਂ ਗਰਮੀਆਂ। ਮੈਂ ਤੇ ਸਵਰਨ ਚੰਦਨ ਵੈਨਕੋਵਰ ਦੇ ਏਅਰਪੋਰਟ ਦੇ ਬਾਹਰ ਖੜੇ ਅਮਨਪਾਲ ਸਾਰਾ ਨੂੰ ਉਡੀਕ ਰਹੇ ਹਾਂ। ਮੈਂ ਇਵੇਂ ਉਡੀਕ ਰਿਹਾ ਹਾਂ ਜਿਵੇਂ ਕੋਈ ਫੈਨ ਆਪਣੇ ਹੀਰੋ ਨੂੰ ਉਡੀਕਦਾ ਹੈ। ਅਜਿਹੀ ਉਡੀਕ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ। ਲੋਕ ਆ ਜਾ ਰਹੇ ਹਨ। ਕਨੇਡਾ ਅਸੀਂ ਟਰੰਟੋ ਹੀ ਨਵਾਂ ਕਰ ਆਏ ਹਾਂ, ਬਲਰਾਜ ਚੀਮੇ ਕੋਲ ਹਫਤਾ ਕੁ ਰਹਿ ਕੇ। ਅਸੀਂ ਇਕ ਪਾਸੇ ਨੂੰ ਦੇਖਦੇ ਜਾਂਦੇ ਹਾਂ। ਅਚਾਨਕ ਸਵਰਨ ਚੰਦਨ ਆਪਣਾ ਬੈਗ ਸਾਂਭਦਾ ਕਹਿੰਦਾ ਹੈ,

-ਆ ਗਿਆ ਅਮਨਪਾਲ!

ਇਕ ਫਿਲਮੀ ਚਿਹਰਾ ਭੀੜ ਦੇ ਉਪਰੋਂ ਦੀ ਦਿਸ ਰਿਹਾ ਹੈ ਜੋ ਦੂਰੋਂ ਹੀ ਮੁਸਕਰਾਉਂਦਾ ਆ ਰਿਹਾ ਹੈ। ਮੈਂ Aਸ ਵਲ ਹੱਥ ਵਧਾਉਂਦਾ ਹਾਂ ਪਰ ਉਹ ਮੈਨੂੰ ਬਾਹਾਂ ਵਿੱਚ ਲੈ ਲੈਂਦਾ ਹੈ ਤੇ ਆਖਦਾ ਹੈ,

-ਅਟਵਾਲ ਸਾਹਿਬ, ਬਹੁਤ ਦੇਰ ਦੀ ਤਮੰਨਾ ਸੀ ਤੁਹਾਨੂੰ ਮਿਲਣ ਦੀ। ਰੋਜ਼ ਗੱਲਾਂ ਹੁੰਦੀਆਂ ਤੁਹਾਡੀਆਂ।

ਫਿਰ ਉਹ ਸਵਰਨ ਚੰਦਨ ਨਾਲ ਜੱਫੀ ਪਾਉਂਦਾ ਹੈ ਤੇ ਕਹਿੰਦਾ ਹੈ,

-ਚਾਚਾ, ਪਹੁੰਚ ਹੀ ਗਿਆਂ। ਬਹੁਤ ਉਡੀਕ ਐ ਤੇਰੀ। ਇਥੇ ਦੇ ਸਾਰੇ ਲੇਖਕ ਹੀ ਚੇਤੇ ਕਰਦੇ ਆ।

ਅਸੀਂ ਸਾਰੇ ਅਮਨਪਾਲ ਦੀ ਕਾਰ ਵਿੱਚ ਬੈਠਦੇ ਹਾਂ। ਇਕ ਗੱਲ ਦਾ ਅਹਿਸਾਸ ਤਾ ਟਰੰਟੋ ਹੀ ਹੋ ਗਿਆ ਸੀ ਕਿ ਕਨੇਡਾ ਵਿੱਚ ਇੰਗਲੈਂਡ ਨਾਲੋਂ ਕਾਰਾਂ ਵੱਡੀਆਂ ਰੱਖੀਆਂ ਜਾਂਦੀਆਂ ਹਨ। ਘਰ ਵੀ ਵੱਡੇ ਹਨ। ਵੱਡਾ ਮੁਲਕ ਤੇ ਖੁਲ੍ਹੀਆਂ ਖੁਲ੍ਹੀਆਂ ਸੜਕਾਂ। ਅਮਨਪਾਲ ਦੀ ਕਾਰ ਸੜਕਾਂ 'ਤੇ ਭੱਜੀ ਜਾ ਰਹੀ ਹੈ। ਵੈਨਕੋਵਰ ਦੀ ਹਰਿਆਲੀ ਦੇਖ ਕੇ ਮਨ ਖੁਸ਼ ਹੋ ਰਿਹਾ ਹੈ। ਟਰੰਟੋ ਤਾਂ ਜਿਵੇਂ ਸੋਕੇ ਦਾ ਮਾਰਿਆ ਹੋਵੇ। ਅਮਨਪਾਲ ਦੇ ਘਰ ਪੁੱਜਦੇ ਹਾਂ। ਅਲਸੇæਸ਼ਨ ਨਸਲ ਦਾ ਇਕ ਕੁੱਤਾ ਕੰਧ ਉਪਰ ਦੀ ਛਾਲਾਂ ਮਾਰਦਾ ਹੋਇਆ ਭੌਂਕ ਰਿਹਾ ਹੈ। ਅਮਨਪਾਲ ਕਹਿੰਦਾ ਹੈ,

-ਇਹ ਸ਼ੇਰੋ ਐ, ਮੇਰੀ ਧੀ, ਮੈਨੂੰ ਪਤਾ ਕਿ ਘਰ ਵਿੱਚ ਮੈਨੂੰ ਕੋਈ ਨਹੀਂ ਉਡੀਕ ਰਿਹਾ ਹੋਣਾ ਪਰ ਸ਼ੇਰੋ ਜ਼ਰੂਰ ਕੰਧ ਉਪਰ ਦੀ ਮੇਰਾ ਰਾਹ ਦੇਖਦੀ ਹੋਵੇਗੀ। ਇਹ ਐ ਨਿਰਛੱਲ ਪਿਆਰ!

ਅਸੀਂ ਘਰ ਅੰਦਰ ਜਾਂਦੇ ਹਾਂ। ਉਸ ਦੀ ਪਤਨੀ ਸੁਖਜਿੰਦਰ, ਬੇਟੇ ਆਜ਼ਾਦ ਤੇ ਸੂਰਜ ਤੇ ਉਸੇ ਦੇ ਡੈਡੀ ਤੇ ਮੰਮੀ, ਸਾਰੇ ਪਿਆਰ ਨਾਲ ਮਿਲਦੇ ਹਨ ਪਰ ਉਸ ਦਾ ਪਿਤਾ ਹੱਥ ਮਿਲਾਉਂਦਾ ਮੇਰਾ ਹੱਥ ਆਪਣੇ ਦੋਨਾਂ ਹੱਥਾਂ ਵਿੱਚ ਘੁੱਟ ਲੈਂਦਾ ਹੈ ਜਿਵੇਂ ਦੇਰ ਦਾ ਜਾਣਦਾ ਹੋਵੇ। ਮੈਂ ਕੁਝ ਕੁ ਹੈਰਾਨ ਹਾਂ। ਅਮਨਪਾਲ ਦੀ ਸ਼ੇਰੋ ਵੀ ਅੰਦਰ ਆ ਜਾਂਦੀ ਹੈ। ਕੁਝ ਦੇਰ ਅਮਨਪਾਲ ਨਾਲ ਲਾਡ ਕਰ ਕੇ ਬਾਕੀਆਂ ਨੂੰ ਸੁੰਘਣ ਲਗਦੀ ਹੈ। ਮੈਨੂੰ ਕੁੱਤਿਆਂ ਤੋਂ ਬਹੁਤ ਸੂੰਕ ਹੈ ਤੇ ਸਵਰਨ ਚੰਦਨ ਨੂੰ ਵੀ ਪਰ ਕੀ ਕੀਤਾ ਜਾ ਸਕਦਾ ਹੈ। ਅਮਨਪਾਲ ਦਾ ਪਿਤਾ ਮੇਰੇ ਕੋਲ ਬੈਠਦਾ ਕਹਿੰਦਾ ਹੈ,

-ਅਟਵਾਲ ਸਾਹਿਬ, ਮੈਨੂੰ ਪਤਾ ਲੱਗਾ ਕਿ ਤੁਸੀਂ ਆ ਰਹੇ ਹੋ, ਮੇਰਾ ਤਾਂ ਮਨ ਖੁਸ਼ੀ ਨਾਲ ਭਰ ਗਿਆ।

ਮੈਂ ਹਾਲੇ ਵੀ ਹੈਰਾਨ ਹਾਂ।

-ਮੇਰੀ ਤਾਂ ਅਟਵਾਲਾਂ ਨਾਲ ਬਹੁਤ ਬਣਦੀ ਐ, ਮੈਂ ਤੁਹਾਡੇ ਪਿੰਡ ਕਈ ਸਾਲ ਹੈਡਮਾਸਟਰ ਰਿਹਾਂ ਤੇ ਉਥੋਂ ਹੀ ਰਿਟਾਇਰ ਹੋਇਆਂ। ਬਹੁਤ ਵਧੀਆ ਦਿਨ ਨਿਕਲੇ ਤੁਹਾਡੇ ਪਿੰਡ, ਅਟਵਾਲਾਂ ਨੇ ਬਹੁਤ ਮਾਣ ਦਿੱਤਾ।

ਫਿਰ ਉਹ ਪਿੰਡ ਦੇ ਕੁਝ ਮੋਹਤਵਾਰ ਬੰਦਿਆਂ ਦੇ ਤੇ ਸਕੂਲ ਦੇ ਅਧਿਆਪਕਾਂ ਦੇ ਨਾਂ ਲੈਂਦਾ ਹੈ। ਬਹੁਤਿਆਂ ਨੂੰ ਮੈਂ ਜਾਣਦਾ ਹਾਂ। ਗੱਲਾਂ ਵਿਚਲੀ ਸਾਂਝ ਵਧਣ ਲਗਦੀ ਹੈ। ਅਮਨਪਾਲ ਆਖਦਾ ਹੈ,

-ਮੇਰੀ ਤਾਂ ਭੈਣ ਵੀ ਅਟਵਾਲਾਂ ਵਿੱਚ ਵਿਆਹੀ ਐ, ਤੁਹਾਡੇ ਪਿੰਡ, ਤੁਹਾਡੀ ਹੀ ਪੱਤੀ ਵਿੱਚ। ਸੋ ਸਾਨੂੰ ਤਾਂ ਅਟਵਾਲਾਂ ਦੀ ਇੱਜ਼ਤ ਕਰਨੀ ਹੀ ਪੈਂਦੀ ਐ।

ਫਿਰ ਅਜਿਹੀਆਂ ਰਿਸ਼ਤੇਦਾਰੀਆਂ ਦੀਆਂ ਗੱਲਾਂ ਹੋਣ ਲਗਦੀਆਂ ਹਨ। ਸਵਰਨ ਚੰਦਨ ਗਲਬਾਤ ਵਿੱਚੋਂ ਬਾਹਰ ਰਹਿ ਰਿਹਾ ਹੈ। ਮੈਂ ਸਮਝਦਾ ਹੋਇਆ ਕੋਈ ਸਾਂਝੀ ਗੱਲ ਤੋਰਦਾ ਹਾਂ। ਕੁਝ ਦੇਰ ਬਾਅਦ ਜਦ ਮੈਂ ਤੇ ਚੰਦਨ ਇਕੱਲੇ ਹੁੰਦੇ ਹਾਂ ਤਾਂ ਉਹ ਮੈਨੂੰ ਆਖਦਾ ਹੈ,

-ਤੇਰਾ ਬਹੁਤ ਅੱਘ ਹੋ ਰਿਹੈ, ਮੈਂ ਤਾਂ ਜਿਵੇਂ ਵਾਧੂ ਹੀ ਹੋਵਾਂ!

-ਰਿਸ਼ਤੇਦਾਰੀ ਕਰ ਕੇ।

ਮੈਂ ਸੰਖੇਪ ਜਿਹਾ ਜਵਾਬ ਦਿੰਦਾ ਹਾਂ।

ਅਮਨਪਾਲ ਸਾਨੂੰ ਆਖਦਾ ਹੈ,

-ਏਸ ਅਲਮਾਰੀ ਵਿੱਚ ਹਰ ਤਰਾਂ੍ਹ ਦੀ ਵਿਸਕੀ ਪਈ ਐ, ਜਿਹੜੀ ਮਰਜ਼ੀ ਤੇ ਜਦੋਂ ਮਰਜ਼ੀ ਪੀਓ।

-ਅਸੀਂ ਤਾਂ ਕਨੇਡੀਅਨ ਵਿਸਕੀਆਂ ਹੀ ਪੀਵਾਂਗੇ, ਸਕੌਚ ਤਾਂ ਰੋਜ਼ ਪੀਈਦੀ ਐ।

ਸਵਰਨ ਚੰਦਨ ਆਖਦਾ ਹੈ।

ਕੁਝ ਦੇਰ ਬਾਅਦ ਸ਼ੇਰੋ ਇਕ ਵਾਰ ਫਿਰ ਬੈਠਕ ਵਿੱਚ ਆ ਜਾਂਦੀ ਹੈ। ਉਹ ਘੁੰਮਦੀ ਹੋਈ ਟੁਆਇਲਟ ਵਿੱਚੋਂ ਪਾਣੀ ਪੀਣ ਲਗਦੀ ਹੈ। ਕੋਈ ਸ਼ੇਰੋ ਨੂੰ ਦਬਕਦਾ ਹੈ ਤਾਂ ਉਹ ਮੁੜ ਬੈਠਕ ਵਿੱਚ ਆ ਜਾਂਦੀ ਹੈ ਤੇ ਸਵਰਨ ਚੰਦਨ ਦਾ ਮੂੰਹ ਚੱਟਣ ਲਗਦੀ ਹੈ। ਸਵਰਨ ਚੰਦਨ ਉਸ ਨੂੰ ਪਰਾਂ੍ਹ ਕਰਦਾ ਬੋਲਦਾ ਹੈ,

-ਪਰਾਂ੍ਹ ਹੋ ਮਾਂ ਯਾਵੀ!

ਕੋਲ ਬੈਠੇ ਅਮਨਪਾਲ ਦਾ ਪਾਰਾ ਚੜ੍ਹ ਜਾਂਦਾ ਹੈ, ਆਖਦਾ ਹੈ,

-ਚਾਚਾ, ਤੂੰ ਮੇਰੀ ਧੀ ਨੂੰ ਗਾਲ਼ ਕੱਢਦਾਂ? ਧੀਆਂ ਵਾਂਗ ਪਾਲ਼ੀ ਐ ਇਹ ਮੈਂ।

ਸਵਰਨ ਚੰਦਨ ਕੁਝ ਨਹੀਂ ਬੋਲਦਾ। ਮੈਂ ਵੀ ਚੁੱਪ ਹਾਂ। ਅਮਨਪਾਲ ਵੀ ਚੁੱਪ ਕਰ ਜਾਂਦਾ ਹੈ। ਕੁਝ ਪਲ ਲਈ ਮਹੌਲ ਭਾਰੂ ਹੋ ਜਾਂਦਾ ਹੈ। ਮੈਂ ਵੈਨਕੋਵਰ ਦੇ ਮੌਸਮ ਬਾਰੇ ਕੋਈ ਗੱਲ ਤੋਰਦਾ ਹਾਂ। ਅਮਨਪਾਲ ਉਠ ਕੇ ਕਨੇਡੀਅਨ ਵਿਸਕੀ ਰਾਈ ਦੀ ਬੋਲਤ ਚੁੱਕ ਲਿਆਉਂਦਾ ਹੈ।

*  *  *

ਅਸੀਂ ਦੋ ਕੁ ਹਫਤੇ ਵੈਨਕੋਵਰ ਠਹਿਰੇ। ਸਾਰੇ ਲੇਖਕਾਂ ਨੂੰ ਮਿਲੇ। ਸਾਹਿਤਕ ਇਕੱਠਾਂ ਵਿੱਚ ਭਾਗ ਲਿਆ। ਸਾਹਿਤਕ ਬਹਿਸਾਂ ਹੋਈਆਂ। ਅਮਨਪਾਲ ਨੇ ਸਾਨੂੰ ਖੂਬ ਘੁੰਮਾਇਆ। ਵੈਨਕੋਵਰ ਤੋਂ ਕਲੋਨੇ ਤਕ ਦੇ ਇਲਾਕੇ ਦਿਖਾਏ। ਉਹ ਸਾਨੂੰ ਅਮਰੀਕਾ ਵੀ ਲੈ ਕੇ ਗਿਆ। ਉਥੇ ਵੀ ਦੋਸਤਾਂ ਨਾਲ ਮੁਲਾਕਾਤਾਂ ਹੋਈਆਂ। ਸਵਰਨ ਚੰਦਨ ਨੂੰ ਉਹ ਤੂੰ-ਤਾਂ ਕਰਕੇ ਹੀ ਬੋਲਦਾ ਤੇ ਮੈਨੂੰ ਅਟਵਾਲ ਸਾਹਿਬ ਆਖਦਾ। ਫਿਰ ਮੇਰੇ ਕਹਿਣ 'ਤੇ ਮੈਨੂੰ ਬੜੇ ਭਾਈ ਕਹਿਣ ਲੱਗਾ। ਉਸ ਦੇ ਫਿਲਮਾਂ ਦੇ ਸ਼ੌਂਕ ਬਾਰੇ ਵੀ ਰੱਜਵੀਆਂ ਗੱਲਾਂ ਕੀਤੀਆਂ। ਫਿਲਮ ਬਣਾਉਣ ਦਾ ਉਸ ਦਾ ਇਕੋ ਇਕ ਸੁਫਨਾ ਸੀ। ਫਿਲਮਾਂ ਵਿੱਚ ਕੰਮ ਕਰਨ ਲਈ ਉਹ ਮੁੰਬਈ ਵੀ ਗਿਆ ਸੀ। ਵੈਨਕੋਵਰ ਆਏ ਫਿਲਮ ਮੇਕਰਾਂ ਨੂੰ ਵੀ ਮਿਲਦਾ। ਇਕ ਵਾਰ ਯਸ਼ ਚੋਪੜਾ ਨੇ ਉਸ ਨੂੰ ਕਿਹਾ ਸੀ ਕਿ ਜੇ ਹਿੰਦੀ ਫਿਲਮਾਂ ਵਿੱਚ ਕੰਮ ਕਰਨਾ ਤਾਂ ਮੁੰਬਈ ਆ ਕੇ ਬੈਠ, ਕਿਸੇ ਵੀ ਪਰੋਡਿਊਸਰ ਨੇ ਤੇਰੇ ਮਗਰ ਕਨੇਡਾ ਨਹੀਂ ਆਉਣਾ। ਮੁੰਬਈ ਉਹ ਪੱਕੇ ਤੌਰ 'ਤੇ ਜਾ ਨਾ ਸਕਿਆ। ਘਰ ਦੀਆਂ ਕਿਸ਼ਤਾਂ ਤੇ ਹੋਰ ਪਰਿਵਾਰ ਦੇ ਖਰਚੇ ਵੀ ਸਨ।

ਅਮਨਪਾਲ ਦੇ ਸੁਭਾਅ ਵਿੱਚ ਹੈ ਕਿ ਜਿਸ ਕੰਮ ਪਿੱਛੇ ਉਹ ਪੈਂਦਾ ਹੈ, ਪੂਰੀ ਸ਼ਿੱਦਤ ਨਾਲ ਪੈਂਦਾ ਹੈ। ਉਸ ਦੇ ਸੁਭਾਅ ਵਿੱਚ ਕੁਝ ਕਾਹਲ ਤੇ ਖ਼ਬਤ ਵੀ ਹੈ, ਜਿਸ ਨੂੰ ਮੈਂ ਹਲਕੀ ਜਿਹੀ ਅੱਤ ਆਖਦਾ ਹਾਂ।


ਉਸ ਦੇ ਸੁਭਾਅ ਵਿਚਲੀ ਖ਼ਬਤ

ਅਸੀਂ ਕਿਧਰੇ ਜਾ ਰਹੇ ਹਾਂ। ਅਮਨਪਾਲ ਕਾਰ ਬਹੁਤ ਤੇਜ਼ ਚਲਾ ਰਿਹਾ ਹੈ। ਕਾਰ ਉਹ ਸਦਾ ਤੇਜ਼ ਹੀ ਚਲਾਉਂਦਾ ਹੈ। ਆਪਣੀ ਕਾਰ ਦੀ ਤੇਜ਼ੀ ਬਾਰੇ ਗੱਲ ਕਰਦਾ ਦਸਦਾ ਹੈ,

-ਮੇਰੇ ਭਰਾ ਦਾ ਚੰਡੀਗੜ੍ਹ ਪੇਪਰ ਸੀ। ਬੱਸ ਆਈ ਨਾ ਤੇ ਭਰਾ ਰੋਵੇ। ਏਨਾ ਲੇਟ ਹੋ ਗਿਆ ਕਿ ਕਾਰ ਰਾਹੀਂ ਵੀ ਜਾਣ ਦਾ ਵਕਤ ਨਹੀਂ ਸੀ। ਮੈਂ ਉਹਨੂੰ ਕਿਹਾ ਕਿ ਬਹਿ ਕਾਰ ਵਿੱਚ। ਮੈਂ ਕਾਰ ਭਜਾ ਲਈ। ਉਹ ਡਰੇ ਤੇ ਚੀਕਾਂ ਮਾਰੇ। ਮੈਂ ਕਾਰ ਬਿਲਕੁਲ ਟਾਈਮ ਸਿਰ ਟਿਕਾਣੇ ਜਾ ਲਈ।

ਦੱਸਦਾ ਉਹ ਹੱਸਣ ਲਗਦਾ ਹੈ। ਉਸ ਦੀ ਤੇਜ਼ ਸਪੀਡ ਤੋਂ ਮੈਨੂੰ ਵੀ ਡਰ ਲੱਗ ਰਿਹਾ ਹੈ। ਮੈਂ ਸਵਰਨ ਚੰਦਨ ਵਲ ਦੇਖਦਾ ਹਾਂ। ਕਾਰ ਦੀ ਸਪੀਡ ਇਕ ਸੌ ਵੀਹ ਮੀਲ ਹੈ। ਸਵਰਨ ਚੰਦਨ ਆਖਦਾ ਹੈ,

-ਹੌਲੀ ਚੱਲ ਯਾਰ, ਕਿਤੇ ਮਰਵਾ ਹੀ ਨਾ ਦੇਵੀਂ!

-ਚਾਚਾ, ਮੈਨੂੰ ਮੇਰੀ ਡਰਾਈਵਿੰਗ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ। ਇਕ ਵਾਰੀ ਰਮਾ ਵਿੱਜ ਆਈ ਹੋਈ ਸੀ। ਉਹ ਕਹੇ ਕਿ ਹੌਲੀ ਚੱਲ। ਜਦ ਨਾ ਹਟੀ ਤਾਂ ਮੈਂ ਕਾਰ ਰੋਕ ਲਈ ਤੇ ਕਿਹਾ ਕਿ ਉਤਰ ਕਾਰ ਵਿੱਚੋਂ। ਫੇਰ ਮਰੂੰ ਮਰੂੰ ਕਰੇ!

ਸਵਰਨ ਚੰਦਨ ਆਪਣਾ ਮੂੰਹ ਜਿਹਾ ਲੈ ਕੇ ਰਹਿ ਗਿਆ।

*  *  *

ਸਾਡੇ ਪਹਿਲੇ ਦਿਨਾਂ ਵਿੱਚ, ਨਾਸ਼ਤੇ ਤੋਂ ਬਾਅਦ ਉਹ ਆਖਦਾ ਹੈ,

-ਚਲੋ ਬਈ, ਸੈਰ ਕਰ ਆਈਏ, ਸ਼ੇਰੋ ਨੂੰ ਲੈਜਾਣਾ ਪੈਂਦਾ ਨਾ। ਨਾਲੇ ਆਪਣੀ ਵਾਕ ਹੋ ਜਾਏਗੀ।

ਮੈਂ ਤੇ ਚੰਦਨ ਤਿਆਰ ਹੋ ਜਾਂਦੇ ਹਾਂ। ਮੈਂ ਸੋਚਦਾ ਹਾਂ ਕਿ ਕਿਸੇ ਪਾਰਕ ਦਾ ਇਕ ਚਕਰ ਜਿਹਾ ਹੀ ਹੋਵੇਗਾ ਪਰ ਉਹ ਇਕ ਖੱਡ ਜਿਹੀ ਦੇ ਨਾਲ ਨਾਲ ਤੁਰਿਆ ਜਾਂਦਾ ਹੈ। ਸ਼ੇਰੋ ਉਸ ਨੂੰ ਖਿੱਚਦੀ ਹੋਈ ਅੱਗੇ ਅੱਗੇ। ਅਸੀਂ ਉਸ ਨਾਲ ਰਲਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡਾ ਤੁਰਨ ਦਾ ਅਭਿਆਸ ਨਹੀਂ ਹੈ। ਅਮਨਪਾਲ ਰੁਕ ਰੁਕ ਕੇ ਸਾਨੂੰ ਨਾਲ ਰਲਾਉਂਦਾ ਹੈ। ਡੇੜ ਕੁ ਘੰਟਾ ਤੁਰ ਕੇ ਅਸੀਂ ਅੱਕ ਜਾਂਦੇ ਹਾਂ। ਮੈਂ ਆਖਦਾ ਹਾਂ,

-ਅਮਨਪਾਲ, ਚੱਲ ਯਾਰ ਵਾਪਸ ਚੱਲੀਏ।

ਉਹ ਮੇਰੇ ਵਲ ਦੇਖਦਾ ਹੈ ਤੇ ਹੱਸਣ ਲਗਦਾ ਹੈ,

-ਅਟਵਾਲ ਸਾਹਿਬ, ਮੇਰਾ ਤੇ ਸ਼ੇਰੋ ਦਾ ਘਰ ਹਾਲੇ ਪੂਰਾ ਨਹੀਂ ਹੋਇਆ। ਚਲੋ ਕੱਲ ਸਹੀ।

ਅਗਲੇ ਦਿਨ ਫਿਰ ਸਾਨੂੰ ਨਾਲ ਤੋਰ ਲੈਂਦਾ ਹੈ। ਉਹੀ ਡੇੜ-ਦੋ ਘੰਟੇ ਤੁਰਦੇ ਹਾਂ। ਅਸੀਂ ਵਾਪਸ ਮੁੜਨ ਲਈ ਕਹਿ ਰਹੇ ਹਾਂ ਪਰ ਕੌਣ ਸੁਣਦਾ ਹੈ। ਮੇਰੀ ਤੇ ਚੰਦਨ ਦੀ ਬੁਰੀ ਹਾਲਤ ਹੋ ਜਾਂਦੀ ਹੈ। ਵਾਪਸੀ ਵੇਲੇ ਅਸੀਂ ਅਮਨਪਾਲ ਤੋਂ ਸੌ ਗਜ਼ ਪਿੱਛੇ ਤੁਰ ਰਹੇ ਹਾਂ। ਚੰਦਨ ਨੇ ਬਾਂਹ ਮਰੋੜ ਕੇ ਪਿੱਠ 'ਤੇ ਰੱਖੀ ਹੋਈ ਹੈ ਤੇ ਆਖਦਾ ਹੈ,

-ਪਾਗਲ ਸਾਲ਼ਾ!

ਉਸ ਤੋਂ ਅਗਲੇ ਦਿਨ ਫਿਰ ਉਹੋ ਗੱਲ। ਸਾਨੂੰ ਜ਼ਬਰਦਸਤੀ ਆਪਣੇ ਨਾਲ ਤੋਰ ਲੈਂਦਾ ਹੈ। ਅਸੀਂ ਡਿਗਦੇ ਢਹਿੰਦੇ ਵਾਪਸ ਪੁੱਜਦੇ ਹਾਂ। ਉਸ ਤੋਂ ਅਗਲੇ ਦਿਨ ਫਿਰ ਜਾਣ ਲਈ ਆਖਦਾ ਹੈ ਤਾਂ ਸਵਰਨ ਚੰਦਨ ਕਹਿੰਦਾ ਹੈ,

-ਯਾਰ, ਏਨਾ ਤਸ਼ੱਦਦ ਨਾ ਕਰ ਸਾਡੇ 'ਤੇ।

*  *  *

ਅਸੀਂ ਕਲੋਨੇ ਜਾ ਰਹੇ ਹਾਂ। ਅਮਨਪਾਲ ਦੇ ਦੋਵੇਂ ਮੁੰਡੇ ਆਜ਼ਾਦ ਤੇ ਸੂਰਜ ਵੀ ਸਾਡੇ ਨਾਲ ਹਨ। ਰਾਹ ਵਿੱਚ ਦੂਰੋਂ ਇਕ ਪਾਸੇ ਦੀ ਸੜਕ ਤੋਂ ਕੋਈ ਇਕ ਅਲਸ਼ੇਸ਼ਨ ਕੁੱਤੇ ਨੂੰ ਲਈ ਆ ਰਿਹਾ ਹੈ। ਅਮਨਪਾਲ ਆਪਣੇ ਮੁੰਡਿਆਂ ਨੂੰ ਕਹਿੰਦਾ ਹੈ,

-ਸ਼ੇਰੋ!

ਉਹ ਕਾਰ ਰੋਕ ਲੈਂਦਾ ਹੈ। ਦੋਵੇਂ ਪੁੱਤਰ ਤੇ ਅਮਨਪਾਲ ਉਸ ਕੁੱਤੇ ਵਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਣ ਲਗਦੇ ਹਨ। ਕੁੱਤਾ ਹੌਲੀ ਹੌਲੀ ਆਪਣੇ ਮਾਲਕ ਨਾਲ ਤੁਰਦਾ ਕਾਰ ਕੋਲ ਪੁੱਜਦਾ ਹੈ ਤੇ ਅੱਗੇ ਲੰਘ ਜਾਂਦਾ ਹੈ। ਅਮਨਪਾਲ ਤੇ ਉਸ ਦੇ ਮੁੰਡਿਆਂ ਨੂੰ ਢੇਰ ਤਸੱਲੀ ਹੁੰਦੀ ਹੈ।

*  *  *

ਕਲੋਨੇ ਹੀ ਜਾ ਰਹੇ ਹਾਂ। ਇਕ ਖੁਲ੍ਹੀ ਜਿਹੀ ਜਗਾਹ ਦੇਖ ਕੇ ਅਮਨਪਾਲ ਬੋਲਦਾ ਹੈ,

-ਆਓ, ਫੁੱਟਬਾਲ ਖੇਡੀਏ।

ਮੈਂ ਤੇ ਚੰਦਨ ਇਕ ਦੂਜੇ ਵਲ ਦੇਖਦੇ ਹਾਂ ਪਰ ਕੀ ਕਰ ਸਕਦੇ ਹਾਂ। ਅਸੀਂ ਤਾਂ ਫੁੱਟਬਾਲ ਖੇਡਣ ਬਾਰੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਹੋਣਾ।  ਅਮਨਪਾਲ ਬੇਖ਼ਬਰ ਫੁੱਟਬਾਲ ਵਿੱਚ ਪੂਰੀ ਤਰਾਂ੍ਹ ਖੁਭਿਆ ਹੋਇਆ ਹੈ। ਇਕ ਇਕ ਨੂੰ ਹਾਕਾਂ ਮਾਰਦਾ ਭਜਾ ਰਿਹਾ ਹੈ। ਫੁੱਟਬਾਲ ਖੇਡਦਿਆਂ ਸਵਰਨ ਚੰਦਨ ਨੂੰ ਚੁੱਕ ਪੈ ਜਾਂਦੀ ਹੈ ਤੇ ਮੇਰੇ ਪੈਰ ਨੂੰ ਮਚਕੋੜ ਆ ਜਾਂਦੀ ਹੈ ਜਿਸ ਕਾਰਨ ਮੈਨੂੰ ਮਹੀਨਾ ਭਰ ਲੰਗੜਾ ਕੇ ਤੁਰਨਾ ਪਵੇਗਾ।

*  *  *

ਇਕ ਸ਼ਾਮ ਅਮਨਪਾਲ ਮੈਨੂੰ ਆਪਣੀ ਗੈਰਿਜ ਵਿੱਚ ਲੈ ਜਾਂਦਾ ਹੈ ਜਿਥੇ ਉਸ ਨੇ ਵਰਜਿਸ਼ ਦਾ ਸਮਾਨ ਰੱਖਿਆ ਹੋਇਆ ਹੈ। ਮੈਨੂੰ ਇਕ ਪਾਸੇ ਕੁਰਸੀ 'ਤੇ ਬੈਠਾ ਦਿੰਦਾ ਹੈ ਤੇ ਪੂਰੇ ਦੋ ਘੰਟੇ ਵਰਜਿਸ਼ ਕਰਦਾ ਰਹਿੰਦਾ ਹੈ।

*  *  *

ਇਕ ਵਾਰ ਅਮਨਪਾਲ ਦੇ ਮਨ ਵਿੱਚ ਆਉਂਦਾ ਹੈ ਕਿ ਘਰ ਬਦਲ ਲਵੇ। ਉਹ ਆਪਣੇ ਘਰ ਨੂੰ ਸੇਲ 'ਤੇ ਲਾ ਦਿੰਦਾ ਹੈ, ਘਰ ਵਿਕ ਜਾਂਦਾ ਹੈ। ਇਕ ਗੋਰਾ ਘਰ ਦਾ ਬਿਆਨਾ ਦੇ ਦਿੰਦਾ ਹੈ ਪਰ ਅਮਨਪਾਲ ਆਪਣਾ ਮਨ ਬਦਲ ਲੈਂਦਾ ਹੈ। ਹੁਣ ਉਹ ਘਰ ਵੇਚਣਾ ਨਹੀਂ ਚਾਹੁੰਦਾ ਪਰ ਗੋਰਾ ਘਰ ਖਰੀਦਣਾ ਚਾਹੁੰਦਾ ਹੈ। ਅਮਨਪਾਲ ਸੋਚਦਾ ਹੈ ਕਿ ਅਜਿਹਾ ਕੁਝ ਕਰੇ ਕਿ ਗੋਰਾ ਘਰ ਨਾ ਖਰੀਦੇ। ਉਹ ਸਵਿਮਿੰਗ ਪੂਲ ਵਿੱਚ ਡੈਬਰੀ ਸੁੱਟ ਕੇ ਪੂਰ ਦਿੰਦਾ ਹੈ ਤੇ ਘਰ ਨੂੰ ਹੋਰ ਨੁਕਸਾਨ ਵੀ ਪਹੁੰਚਾ ਦਿੰਦਾ ਹੈ ਤਾਂ ਜੋ ਗੋਰਾ ਘਰ ਖਰੀਦਣ ਤੋਂ ਮੁਕਰ ਜਾਵੇ ਪਰ ਗੋਰਾ ਅੜ ਜਾਂਦਾ ਹੈ। ਉਸ ਨੇ ਇਹੋ ਘਰ ਖਰੀਦਣਾ ਹੈ, ਖਰੀਦਣਾ ਵੀ ਉਸੇ ਸ਼ਕਲ ਵਿੱਚ ਜਿਵੇਂ ਉਸ ਨੇ ਪਹਿਲਾਂ ਦੇਖਿਆ ਸੀ। ਸੋ ਅਮਨਪਾਲ ਨੇ ਜਿੰਨਾ ਘਰ ਨੂੰ ਨੁਕਸਾਨ ਕੀਤਾ ਹੈ ਉਹ ਵੀ ਪੂਰਾ ਕਰਨਾ ਪੈਂਦਾ ਹੈ। ਆਪਣੇ ਖ਼ਬਤੀ ਸੁਭਾਅ ਕਾਰਨ ਉਸ ਨੂੰ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ।

*  *  *

ਅਮਨਪਾਲ ਇੰਡੀਆ ਜਾਂਦਾ ਹੈ। ਉਸ ਦੇ ਦੋਸਤਾਂ ਦੀ ਲੰਮੀ ਸੂਚੀ ਹੈ। ਇਕ ਦਿਨ ਇਕ ਦੋਸਤ ਨਾਲ ਕਿਧਰੇ ਜਾ ਰਿਹਾ ਹੈ ਕਿ ਕੁਝ ਲੋਕ ਉਸ ਦੇ ਦੋਸਤ ਨੂੰ ਕੁੱਟਣ ਆ ਪੈਂਦੇ ਹਨ। ਅਮਨਪਾਲ ਵੀ ਲੜਾਈ ਵਿੱਚ ਜਾ ਸ਼ਾਮਲ ਹੁੰਦਾ ਹੈ। ਏਨੀਆਂ ਸੱਟਾਂ ਲਗਦੀਆਂ ਹਨ ਕਿ ਉਸ ਨੂੰ ਹਸਪਤਾਲ ਭਰਤੀ ਹੋਣਾ ਪੈਂਦਾ ਹੈ। ਮੈਨੂੰ ਪਤਾ ਚਲਦਾ ਹੈ ਤਾਂ ਮੈਂ ਫੋਨ ਕਰਕੇ ਹਾਲ ਚਾਲ ਪੁੱਛਦਾ ਹਾਂ। ਉਹ ਦਸਦਾ ਹੈ,

-ਬੜੇ ਭਾਈ, ਉਹ ਬੰਦੇ ਬਹੁਤੇ ਸਨ ਤੇ ਮੇਰੇ ਦੋਸਤ ਨੇ ਬਹੁਤਾ ਕੁੱਟਿਆ ਜਾਣਾ ਸੀ, ਮੈਂ ਲੜਾਈ ਵਿੱਚ ਇਸ ਕਰਕੇ ਸ਼ਾਮਲ ਹੋ ਗਿਆ ਕਿ ਕੁੱਟ ਵੰਡੀ ਜਾਵੇ।

*  *  *

ਅਮਨਪਾਲ ਦਾ ਵੈਨਕੋਵਰ ਦੇ ਸਥਾਨਕ ਅਦਾਰਿਆਂ ਵਿੱਚ ਵਾਹਵਾ ਨਾਂ ਹੈ। ਵਿਸ਼ੇਸ਼ ਮੌਕਿਆਂ ਉਪਰ ਉਸ ਨੂੰ ਸੱਦਿਆ ਜਾਂਦਾ ਹੈ। ਰੇਡੀਓ ਟਾਕ ਵਿੱਚ ਤਾਂ ਉਹ ਅਕਸਰ ਸ਼ਾਮਲ ਹੁੰਦਾ ਰਹਿੰਦਾ ਹੈ। ਐਕਟਰ ਰਾਜ ਬੱਬਰ ਵੈਨਕੋਵਰ ਆਉਂਦਾ ਹੈ। ਇਕ ਰੇਡੀਓ ਸਟੇਸ਼ਨ ਵਾਲੇ ਰਾਜ ਬੱਬਰ ਦੀ ਇੰਟਰਵਿਊ ਕਰਨ ਲਈ ਅਮਨਪਾਲ ਨੂੰ ਬੁਲਾਉਂਦੇ ਹਨ। ਰੇਡੀਓ ਦੀ ਐਂਕਰ ਨੂੰ ਇਹ ਗੱਲ ਪਸੰਦ ਨਹੀਂ। ਉਹ ਆਪ ਇਕੱਲੀ ਹੀ ਰਾਜ ਬੱਬਰ ਨੂੰ ਸਵਾਲ ਕਰਨੇ ਚਾਹੁੰਦੀ ਹੈ। ਇਕ ਘੰਟੇ ਦਾ ਲਾਈਵ ਪਰੋਗਰਾਮ ਹੈ। ਪਰੋਗਰਾਮ ਤੋਂ ਬਾਅਦ ਐਂਕਰ ਗੁੱਸੇ ਵਿੱਚ ਅਮਨਪਾਲ ਨੂੰ ਆਖਦੀ ਹੈ,

-ਤੁਸੀਂ ਮੈਨੂੰ ਚੰਗੀ ਤਰਾਂ੍ਹ ਸਵਾਲ ਪੁੱਛਣ ਹੀ ਨਹੀਂ ਦਿੱਤੇ, ਵਿੱਚ ਆਪਣਾ ਹੀ ਦਖ਼ਲ ਦਿੰਦੇ ਰਹੇ।

ਅਮਨਪਾਲ ਓਨੇ ਹੀ ਗੁੱਸੇ ਵਿੱਚ ਬੋਲਦਾ ਹੈ,

-ਇਹੋ ਇਤਰਾਜ਼ ਮੈਨੂੰ ਤੁਹਾਡੇ ਨਾਲ ਐ।

*  *  *


ਅਮਨਪਾਲ ਤੇ ਸਾਹਿਤ

ਆਪਣੀ ਖ਼ਰਾਬ ਸਿਹਤ ਕਾਰ ਅਮਨਪਾਲ ਬਹੁਤਾ ਸਾਹਿਤ ਨਹੀਂ ਰਚ ਸਕਿਆ। ਉਸ ਨੇ ਤਿੰਨ-ਚਾਰ ਕੁ ਦਰਜਨ ਕਹਾਣੀਆਂ ਹੀ ਲਿਖੀਆਂ। ਲੇਖਾਂ ਉਪਰ ਵੀ ਹੱਥ ਅਜ਼ਮਾਈ ਕੀਤੀ। ਇਕ ਨਾਵਲ ਵੀ ਲਿਖਣਾ ਸ਼ੁਰੂ ਕੀਤਾ ਸੀ ਪਰ ਪੂਰਾ ਨਾ ਕਰ ਸਕਿਆ। ਕਹਾਣੀ ਲਿਖਣ ਵਿੱਚ ਉਸ ਨੇ ਜਲਦੀ ਹੀ ਮੁਹਾਰਤ ਹਾਸਲ ਕਰ ਲਈ ਸੀ। ਆਲੋਚਕ ਵੀ ਉਸ ਦੇ ਦੁਆਲੇ ਮੰਡਲਾਉਣ ਲੱਗੇ ਸਨ। ਅਸੀਂ ਆਲੋਚਕਾਂ ਬਾਰੇ ਗੱਲਾਂ ਕਰਦੇ ਬਹੁਤ ਹੱਸਦੇ। ਬਾਹਰਲੇ ਲੇਖਕਾਂ ਦੁਆਲੇ ਇਹ ਇਵੇਂ ਇਕੱਠੇ ਹੋ ਜਾਂਦੇ ਹਨ ਜਿਵੇਂ ਗੁੜ ਦੁਆਲੇ ਮੱਖੀਆਂ। ਉਹਨਾਂ ਦਿਨਾਂ ਵਿੱਚ ਪਰੋਫੈਸਰਾਂ ਦੀਆਂ ਤਨਖਾਹਾਂ ਅੱਜ ਵਾਂਗ ਨਹੀਂ ਸਨ ਹੁੰਦੀਆਂ। ਕੰਮ ਸਾਵਾਂ ਹੀ ਹੁੰਦਾ ਸੀ ਤੇ ਬਾਹਰ ਦਾ ਚੱਕਰ ਮਾਰਨ ਲਈ ਪਰਵਾਸੀ ਲੇਖਕਾਂ ਨੂੰ ਖੁਸ਼ ਕਰਨ ਵਿੱਚ ਰੁੱਝੇ ਰਹਿੰਦੇ। ਜਿਹੜਾ ਲੇਖਕ ਉਹਨਾਂ ਨੂੰ ਘਾਹ ਨਾ ਪਾਉਂਦਾ ਉਹਦੇ ਕੀੜੇ ਕੱਢਣ ਲਗਦੇ। ਇਹਨਾਂ ਗੱਲਾਂ ਕਰਕੇ ਪਰਵਾਸੀ ਸਾਹਿਤ ਦਾ ਕਦੇ ਸਹੀ ਮੁਲਾਂਕਣ ਹੋਇਆ ਹੀ ਨਹੀਂ ਹੈ। ਬਹੁਤੇ ਪਰਵਾਸੀ ਲੇਖਕ ਸਭ ਕੁਝ ਸਮਝਦੇ ਸਨ ਪਰ ਉਹਨਾਂ ਦੀਆਂ ਆਪਣੀਆਂ ਵੀ ਮਜਬੂਰੀਆਂ ਸਨ ਤੇ ਕਿਸੇ ਨਾ ਕਿਸੇ ਆਲੋਚਕ ਨੂੰ ਫਸਾਈ ਰੱਖਦੇ। ਅਸੀਂ ਆਲੋਚਨਾ ਦੇ ਖੇਤਰ ਵਿੱਚ ਪਏ ਕਾਲ ਬਾਰੇ ਫਿਕਰਵੰਦ ਵੀ ਹੁੰਦੇ। ਡਾ ਹਰਭਜਨ ਸਿੰਘ ਤੋਂ ਬਾਅਦ ਕੋਈ ਵੀ ਆਲੋਚਕ ਨਹੀਂ ਦਿਸਦਾ।

ਕਹਾਣੀ ਦੇ ਖੇਤਰ ਵਿੱਚ ਅਮਨਪਾਲ ਤੋਂ ਬਹੁਤ ਆਸਾਂ ਸਨ ਪਰ ਬਿਮਾਰੀ ਨੇ ਇਹ ਸੰਭਵ ਨਾ ਹੋਣ ਦਿੱਤਾ। ਫਿਰ ਵੀ ਉਸ ਨੇ 'ਵੀਹਾਂ ਦਾ ਨੋਟ', 'ਗੁੱਡ ਡੀਲ' ਵਰਗੀਆਂ ਵਧੀਆ ਕਹਾਣੀਆਂ ਲਿਖੀਆਂ ਹਨ।


ਅਮਨਪਾਲ ਤੇ ਐਕਟਿੰਗ

ਅਮਨਪਾਲ ਨੂੰ ਮੈਂ ਉਸ ਦੀ ਫਿਲਮ 'ਓਹਲਾ' ਵਿੱਚ ਹੀ ਐਕਟਿੰਗ ਕਰਦਿਆਂ ਦੇਖਿਆ ਸੀ। ਵੈਸੇ ਉਸ ਨੇ ਕਈ ਡਰਾਮਿਆਂ ਵਿੱਚ ਭਾਗ ਵੀ ਲਿਆ। ਉਸ ਨੇ ਵੈਨਕੋਵਰ ਆ ਕੇ ਐਕਟਿੰਗ ਦਾ ਕੋਰਸ ਵੀ ਕੀਤਾ ਸੀ। ਸ਼ਾਇਦ ਕਿਸੇ ਹਿੰਦੀ ਫਿਲਮ ਵਿੱਚ ਵੀ ਛੋਟਾ ਮੋਟਾ ਰੋਲ ਮਿਲਿਆ ਹੋਵੇ। ਸ਼ੂਟਿੰਗ ਲਈ ਇੰਡੀਆ ਤੋਂ ਪ੍ਰੋਡਿਊਸਰ ਆਉਂਦੇ ਰਹਿੰਦੇ ਸਨ। ਪ੍ਰੋਡਿਊਸਰ ਉਸ ਨੂੰ ਮੁੰਬਈ ਆਉਣ ਦਾ ਸੱਦਾ ਦਿੰਦੇ ਰਹਿੰਦੇ ਸਨ। ਐਕਟਰ ਰਾਜ ਬੱਬਰ ਕਿਸੇ ਫਿਲਮ ਦੇ ਸਿਲਸਿਲੇ ਵਿੱਚ ਕਨੇਡਾ ਆਇਆ ਤਾਂ ਉਸ ਦਾ ਵੈਨਕੋਵਰ ਏਅਰਪੋਰਟ ਤੇ ਸਵਾਗਤ ਕਰਨ ਵਾਲਿਆਂ ਵਿੱਚ ਅਮਨਪਾਲ ਸਾਰਾ ਤੇ ਮੈਂ ਵੀ ਸਾਂ। ਕਿਸੇ ਨੇ ਅਮਨਪਾਲ ਦਾ ਰਾਜ ਬੱਬਰ ਨਾਲ ਤੁਆਰਫ ਕਰਾਉਂਦਿਆਂ ਕਿਹਾ ਕਿ ਇਹ ਵੀ ਫਿਲਮਾਂ ਵਿੱਚ ਕੰਮ ਕਰਦਾ ਹੈ ਤਾਂ ਰਾਜ ਬੱਬਰ ਇਕ ਦਮ ਕਹਿ ਉਠਿਆ ਕਿ ਇਹ ਤਾਂ ਲਗਦਾ ਹੀ ਪੂਰੇ ਦਾ ਪੂਰਾ ਹੀਰੋ ਹੈ।

ਉਸ ਦਾ ਬਹੁਤ ਸ਼ੌਂਕ ਸੀ ਕਿ ਉਸ ਦੀ ਫਿਲਮ ਸਿਨਮਾ ਹਾਲ ਵਿੱਚ ਚੱਲੇ। ਉਸ ਦੇ ਵੱਡੇ ਵੱਡੇ ਪੋਸਟਰ ਸਿਨਮੇ ਦੇ ਬਾਹਰ ਲੱਗੇ ਹੋਏ ਹੋਣ। ਉਸ ਦੀ ਇਹ ਖੁਸ਼ੀ ਪੂਰੀ ਹੋਈ ਵੀ ਉਸ ਦੀ ਇਕ ਫਿਲਮ 'ਗੁਲਦਸਤਾ' ਸਿਨਮੇ ਵਿੱਚ ਚੱਲੀ ਵੀ। ਇਹ ਫਿਲਮ ਉਸ ਨੇ ਕਸ਼ਮੀਰ ਵਿੱਚ ਜਾ ਕੇ ਬਣਾਈ ਸੀ। ਉਸ ਨੇ ਸ਼ਾਇਦ ਮੇਜਰ ਦੀ ਭੂਮਿਕਾ ਨਿਭਾਈ ਸੀ। ਮੈਨੂੰ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਵੀ ਭੇਜੀਆਂ ਸਨ। ਫੋਨ ਉਪਰ ਗੱਲ ਕਰਦਿਆਂ ਦੱਸਿਆ ਸੀ,

-ਬੜੇ ਭਾਈ, ਮੇਰੀ ਐਕਟਿੰਗ ਦੇਖ ਕੇ ਤੂੰ ਸਨੀ ਦੇਓਲ ਨੂੰ ਭੁੱਲ ਜਾਏਂਗਾ।

ਫਿਲਮ ਬਣਾਉਂਦੇ ਸਮੇਂ ਉਸ ਦੀ ਬਿਮਾਰੀ ਸ਼ੁਰੂ ਹੋ ਗਈ ਸੀ ਪਰ ਦਵਾਈਆਂ ਨਾਲ ਬਿਮਾਰੀ ਉਪਰ ਕਾਬੂ ਪਾ ਲੈਂਦਾ ਸੀ ਤੇ ਕਿਸੇ ਨੂੰ ਪਤਾ ਨਹੀਂ ਸੀ ਚਲਦਾ। ਮੈਂ ਉਸ ਦੀ ਇਹ ਫਿਲਮ ਦੇਖ ਨਹੀਂ ਸਾਂ ਸਕਿਆ ਪਰ ਜਦ ਕਨੇਡਾ ਰਹਿੰਦੇ ਮੇਰੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਅਮਨਪਾਲ ਦੀ ਫਿਲਮ ਥੀਏਟਰ ਵਿੱਚ ਲੱਗੀ ਸੀ ਪਰ ਚੱਲੀ ਨਹੀਂ। ਫਿਲਮ ਚੱਲਣ ਦੀ ਕਿਸ ਨੂੰ ਚਿੰਤਾ ਸੀ, ਸੁਫਨਾ ਤਾਂ ਇਕ ਵਾਰ ਫਿਲਮ ਲੱਗਣ ਦਾ ਸੀ।

ਅਮਨਪਾਲ ਨੇ ਆਪਣੇ ਮੁੰਡਿਆਂ ਤੇ ਭਾਣਜੇ ਨੂੰ ਲੈ ਕੇ ਕਈ ਸਕਿੱਟਾਂ ਵੀ ਤਿਆਰ ਕੀਤੀਆਂ ਜਿਹਨਾਂ ਨੂੰ ਉਹ ਸਕੂਲ ਵਿੱਚ ਜਾਂ ਵਿਆਹਾਂ ਵਿੱਚ ਖੇਡਿਆ ਕਰਦੇ ਸਨ। ਘਰ ਵਿੱਚ ਉਸ ਦੀ ਐਕਟਿੰਗ ਦੀ ਖ਼ਬਤ ਨਾਲ ਕਿਸੇ ਨੂੰ ਕੋਈ ਬਹੁਤਾ ਵਾਹ ਨਹੀਂ ਸੀ। ਉਸ ਦਾ ਪਿਤਾ ਤਾਂ ਉਸ ਦੇ ਇਸ ਸ਼ੌਂਕ ਨੂੰ ਪਸੰਦ ਹੀ ਨਹੀਂ ਸੀ ਕਰਦਾ। ਹਾਂ, ਉਸ ਦੀ ਮਾਂ ਜ਼ਰੂਰ ਲਾਡ ਵਿੱਚ ਆਈ 'ਮੇਰਾ ਹੀਰੋ ਪੁੱਤ' ਕਹਿ ਕੇ ਬੁਲਾਉਂਦੀ।

'ਗੁਲਦਸਤਾ' ਛੋਟੇ ਜਿਹੇ ਬੱਜਟ ਦੀ ਫਿਲਮ ਸੀ ਪਰ ਉਹ ਵੱਡੇ ਬੱਜਟ ਦੀ ਫਿਲਮ ਬਣਾਉਣ ਦਾ ਸੁਫਨਾ ਦੇਖਦਾ ਸੀ। ਇਸ ਲਈ ਉਸ ਕੋਲ ਫੰਡ ਨਹੀਂ ਸਨ। ਫੰਡ ਇਕੱਠੇ ਕਰਨ ਲਈ ਉਹ ਇੰਗਲੈਂਡ ਵੀ ਆਇਆ ਸੀ ਤੇ ਜਰਮਨੀ ਵੀ ਗਿਆ ਪਰ ਗੱਲ ਨਹੀਂ ਸੀ ਬਣੀ। ਫਿਲਮ ਦੀ ਕਹਾਣੀ, ਫਿਲਮ ਦੇ ਕਲਾਕਾਰ, ਡਾਇਰੈਕਟਰ ਕਿਹਨੂੰ ਲੈਣਾ ਹੈ ਆਦਿ ਬਾਰੇ ਉਹ ਹਰ ਵੇਲੇ ਗੱਲਾਂ ਕਰਦਾ ਰਹਿੰਦਾ ਸੀ। ਇਕ ਵਾਰ ਮੈਂ ਉਸ ਨੂੰ ਕਿਹਾ,

-ਅਮਨਪਾਲ, ਯਾਰ ਫਿਲਮ ਬਣਾਉਣ ਦਾ ਸੁਫਨਾ ਤੇਰਾ ਬਹੁਤ ਮਹਿੰਗਾ ਨਹੀਂ?

-ਬੜੇ ਭਾਈ, ਫਿਲਮ ਤਾਂ ਮੈਂ ਇਕ ਵਾਰ ਬਣਾਉਣੀ ਹੀ ਬਣਾਉਣੀ ਐ।

-ਮਸਲਾ ਤਾਂ ਪੈਸੇ ਦਾ।

-ਏਨੀ ਜਮੀਨ ਐ ਮੇਰੇ ਹਿੱਸੇ ਦੀ, ਇਕ ਦਿਨæææ।

ਉਸ ਨੇ ਨਾਲ ਦੇ ਕਮਰੇ ਵਿੱਚ ਬੈਠੇ ਪਿਤਾ ਵਲ ਇਸ਼ਾਰਾ ਕੀਤਾ ਤੇ ਕਿਹਾ,

-ਕੁਝ ਦੇਰ ਰੁਕਣਾ ਹੋਵੇਗਾ।

ਉਸ ਦਾ ਇਸ਼ਾਰਾ ਸੀ ਕਿ ਪਿਤਾ ਤੋਂ ਬਾਅਦ ਫਿਲਮ ਬਣਾ ਸਕੇਗਾ। ਉਹ ਕਈ ਵਾਰ ਪਿਤਾ ਨੂੰ ਜ਼ਮੀਨ ਵੇਚਣ ਲਈ ਕਹਿ ਚੁੱਕਾ ਸੀ। ਉਸ ਦੀ ਬਿਮਾਰੀ ਨੇ ਉਸ ਦਾ ਵੱਡੇ ਬੱਜਟ ਦੀ ਫਿਲਮ ਬਣਾਉਣ ਦਾ ਸੁਫਨਾ ਪੂਰਾ ਨਾ ਹੋਣ ਦਿੱਤਾ।


ਅਮਨਪਾਲ ਇੰਗਲੈਂਡ ਵਿੱਚ

ਮੈਂ ਤੇ ਸਵਰਨ ਚੰਦਨ ਕਨੇਡਾ ਦੇ ਟੂਰ ਤੋਂ ਅੱਕ ਗਏ ਸਾਂ। ਚਾਰ ਹਫਤੇ ਬਹੁਤੇ ਸਨ। ਸਾਨੂੰ ਸਿਰਫ ਦੋ ਹਫਤੇ ਲਈ ਹੀ ਜਾਣਾ ਚਾਹੀਦਾ ਸੀ। ਵਾਪਸ ਇੰਗਲੈਂਡ ਪੁੱਜ ਕੇ ਅਸੀਂ ਖੁਸ਼ ਸਾਂ। ਇਸ ਟੂਰ ਤੋਂ ਚੰਦਨ ਕੁਝ ਨਿਰਾਸ਼ ਸੀ। ਸ਼ਾਇਦ ਉਸ ਦਾ ਬਣਦਾ ਮਾਣ-ਤਾਣ ਨਹੀਂ ਸੀ ਹੋਇਆ ਤੇ ਉਪਰੋਂ ਅਮਨਪਾਲ ਵਲੋਂ ਕੀਤੇ ਤੂੰ-ਤਾਂ ਕਾਰਨ ਵੀ ਦੁਖੀ ਸੀ। ਉਹ ਇਹ ਵੀ ਸਮਝ ਗਿਆ ਸੀ ਕਿ ਅਮਨਪਾਲ ਉਸ ਦੀ ਕਿਸੇ ਕਹਾਣੀ-ਨਾਵਲ ਉਪਰ ਫਿਲਮ ਨਹੀਂ ਬਣਾ ਸਕੇਗਾ।

ਆਉਂਦੇ ਹੋਏ ਅਸੀਂ ਉਥੋਂ ਦੇ ਦੋਸਤਾਂ ਮਿੱਤਰਾਂ ਨੂੰ ਇੰਗਲੈਂਡ ਆਉਣ ਦਾ ਸੱਦਾ ਦੇ ਆਏ ਸਾਂ। ਬਲਰਾਜ ਚੀਮਾ ਤੇ ਅਮਨਪਾਲ ਸਾਰਾ ਆਏ ਵੀ। ਅਸੀਂ ਕਾਫੀ ਵੱਡਾ ਫੰਕਸ਼ਨ ਕੀਤਾ। ਸਾਰੇ ਖੁਸ਼ ਸਨ। ਫੰਕਸ਼ਨ ਤੋਂ ਬਾਅਦ ਕੁਝ ਦੋਸਤ ਮੇਰੇ ਘਰ ਆ ਗਏ। ਅਮਨਪਾਲ ਫਿਰ ਸਵਰਨ ਚੰਦਨ ਨੂੰ ਚਾਚਾ ਕਹਿਣ ਦੀ ਗਲਤੀ ਕਰ ਬੈਠਾ। ਚੰਦਨ ਦਾ ਗੁੱਸਾ ਸਤਵੇਂ ਅਸਮਾਨ 'ਤੇ ਜਾ ਚੜਿਆ,

-ਕਮਾਲ ਐ ਯਾਰ! ਲੋਕ ਮੈਨੂੰ ਡਾਕਟਰ ਸਾਬ ਤੋਂ ਬਿਨਾਂ ਨਹੀਂ ਬੁਲਾਉਂਦੇ ਤੇ ਤੂੰ ਮੈਨੂੰ ਕਿਤੇ ਹੋਰ ਹੀ ਲਈ ਫਿਰਦਾਂ। ਤੈਨੂੰ ਪਤਾ ਨਹੀਂ ਮੈਂ ਕੌਣ ਆਂ? ਮੈਂ ਆਲੋਚਕ ਆਂ, ਤੈਨੂੰ ਰੋਲ਼ ਕੇ ਰੱਖ ਦੇਊਂ! ਤੇਰੀ ਹਿੰਮਤ ਕਿਵੇਂ ਪਈ ਮੇਰੇ ਨਾਲ ਬਦਕਲਾਮੀ ਕਰਨ ਦੀ?

ਉਹ ਅਜਿਹਾ ਸ਼ੁਰੂ ਹੋਇਆ ਕਿ ਹਟਣ ਦਾ ਨਾਂ ਹੀ ਨਾ ਲਵੇ। ਆਖ਼ਰ ਮੈਨੂੰ ਕਹਿਣਾ ਪਿਆ,

-ਡਾਕਟਰ ਸਾਹਿਬ, ਸਾਰਾ ਮੇਰਾ ਗੈਸਟ ਐ ਤੇ ਤੁਸੀਂ ਮੇਰੇ ਗੈਸਟ ਦੀ ਬੇਇਜ਼ਤੀ ਨਹੀਂ ਕਰ ਸਕਦੇ।

ਪਰ ਚੰਦਨ ਨੇ ਮੇਰੀ ਗੱਲ ਅਣਸੁਣੀ ਕਰ ਦਿੱਤੀ ਤੇ ਲੱਗਾ ਰਿਹਾ। ਅਮਨਪਾਲ ਚੁੱਪ ਸੀ। ਉਹ ਏਨੀ ਗੱਲ ਕਹਿ ਹੀ ਨਾ ਸਕਿਆ ਕਿ ਮੈਂ ਤਾਂ ਇਹ ਮੋਹ ਵਿੱਚ ਹੀ ਕਹਿ ਰਿਹਾ ਸਾਂ।

ਅਗਲੇ ਦਿਨ ਸਭ ਠੀਕ ਹੋ ਗਿਆ ਜਾਂ ਬਾਹਰੋਂ ਬਾਹਰੋਂ ਠੀਕ ਦਿਸ ਰਿਹਾ ਸੀ। ਇਸ ਘਟਨਾ ਤੋਂ ਬਾਅਦ ਚੰਦਨ ਨੇ ਅਮਨਪਾਲ ਦੀ ਇਕ ਕਿਤਾਬ ਉਪਰ ਪਰਚਾ ਵੀ ਲਿਖਿਆ ਸੀ ਪਰ ਮੇਰੇ ਕਹਿਣ 'ਤੇ।

ਅਮਨਪਾਲ ਇੰਗਲੈਂਡ ਵਿੱਚ ਕਈ ਵਾਕਫਾਂ ਤੇ ਰਿਸ਼ਤੇਦਾਰਾਂ ਨੂੰ ਮਿਲਿਆ। ਸ਼ਾਇਦ ਫਿਲਮ ਲਈ ਫੰਡ ਇਕੱਠਾ ਕਰਨ ਦਾ ਇਰਾਦਾ ਸੀ ਉਸ ਦਾ। ਇਸੇ ਇਰਾਦੇ ਨਾਲ ਉਹ ਜਰਮਨੀ ਵੀ ਜਾਣਾ ਚਾਹੁੰਦਾ ਸੀ। ਅਸੀਂ ਜਰਮਨੀ ਜਾਣ ਦੀ ਤਿਆਰੀ ਕਰਨ ਲੱਗੇ। ਬਲਰਾਜ ਚੀਮਾ, ਅਮਨਪਾਲ ਤੇ ਮੈਂ। ਪਰ ਮੇਰੀ ਮਜਬੂਰੀ ਇਹ ਕਿ ਉਹਨਾਂ ਦਿਨਾਂ ਵਿੱਚ ਮੈਂ ਕਿਸੇ ਕਾਰਨ ਕਾਰ ਨਹੀਂ ਸਾਂ ਚਲਾ ਸਕਦਾ। ਲਾਇਸੰਸ ਉਪਰ ਜ਼ਿਆਦਾ ਪੁਆਇੰਟ ਲੱਗ ਜਾਣ ਕਾਰਨ ਮੇਰੇ ਉਪਰ ਕੁਝ ਦੇਰ ਕਾਰ ਚਲਾਉਣ ਦਾ ਬੈਨ ਲਗਾ ਹੋਇਆ ਸੀ। ਮੈਂ ਅਮਨਪਾਲ ਨੂੰ ਦਸਿਆ ਤਾਂ ਉਸ ਨੇ ਕਿਹਾ ਕਿ ਕਾਰ ਉਹ ਚਲਾਏਗਾ। ਅਸੀਂ ਜਰਮਨੀ ਲਈ ਚੱਲ ਪਏ। ਸ਼ਾਇਦ ਉਸ ਸ਼ਹਿਰ ਦਾ ਨਾਂ ਹੈਨੀਕੇਨ ਸੀ ਜਿਥੇ ਅਸੀਂ ਗਏ। ਦੋ ਭਰਾ ਰਹਿੰਦੇ ਸਨ ਉਥੇ। ਅਮਨਪਾਲ ਦੇ ਕਿਸੇ ਤਰਾਂ੍ਹ ਵਾਕਫ ਸਨ। ਮੈਨੂੰ ਨਹੀਂ ਪਤਾ ਕਿ ਉਸ ਦੀ ਉਹਨਾਂ ਨਾਲ ਕੀ ਗੱਲ ਹੋਈ ਪਰ ਅਮਨਪਾਲ ਖੁਸ਼ ਦਿਸਦਾ ਸੀ।

ਵਾਪਸ ਆਉਂਦੇ ਹੋਏ ਵੀ ਅਮਨਪਾਲ ਹੀ ਕਾਰ ਚਲਾ ਰਿਹਾ ਸੀ। ਮੈਂ ਤਾਂ ਚਲਾ ਹੀ ਨਹੀਂ ਸਾਂ ਸਕਦਾ। ਬਲਰਾਜ ਚੀਮੇ ਦੀ ਸਿਹਤ ਵੀ ਲੰਮੇ ਸਫਰ ਲਈ ਕਾਰ ਚਲਾਉਣ ਦੀ ਇਜਾਜ਼ਤ ਨਹੀਂ ਸੀ ਦਿੰਦੀ। ਅਮਨਪਾਲ ਡਰਾਈਵਿੰਗ ਕਰਦਾ ਰਿਹਾ ਤੇ ਮੈਂ ਤੇ ਚੀਮਾ ਦਾਰੂ ਪੀਂਦੇ ਰਹੇ। ਫਰਾਂਸ ਵਿੱਚ ਇਕ ਥਾਂ ਅਸੀਂ ਰੁਕੇ। ਅਚਾਨਕ ਅਮਨਪਾਲ ਨੇ ਵਿਸਕੀ ਦੀ ਬੋਤਲ ਚੁੱਕੀ ਤੇ ਮੂੰਹ ਨੂੰ ਲਾ ਲਈ ਤੇ ਛੇਤੀ ਹੀ ਢੇਰੀ ਹੋ ਗਿਆ। ਚੀਮਾ ਤੇ ਮੈਂ ਇਕ ਦੂਜੇ ਦੇ ਮੂੰਹ ਵਲ ਦੇਖੀਏ। ਇਕ ਤਾਂ ਮੈਂ ਸ਼ਰਾਬ ਦੇ ਨਸ਼ੇ ਅਧੀਨ ਸਾਂ ਤੇ ਦੂਜੇ ਮੇਰੇ ਕੋਲ ਲਾਇਸੰਸ ਵੀ ਨਹੀਂ ਸੀ ਤੇ ਤੀਜੇ ਯੌਰਪ ਦੀ ਡਰਾਈਵਿੰਗ ਵੀ ਉਲਟੇ ਹੱਥ ਦੀ ਸੀ, ਮੈਂ ਸਹਿਜੇ ਹੀ ਗਲਤੀ ਕਰ ਸਕਦਾ ਸਾਂ। ਜੇ ਕਿਤੇ ਫੜਿਆ ਗਿਆ ਤਾਂ ਸਿੱਧੀ ਜੇਲ ਹੋਣੀ ਸੀ ਪਰ ਮਰਦਾ ਕੀ ਨਾ ਕਰਦਾ। ਉਥੇ ਤਾਂ ਬੈਠੇ ਨਹੀਂ ਸਾਂ ਰਹਿ ਸਕਦੇ। ਮੈਂ ਮੂੰਹ ਧੋਤਾ, ਸਿਰ ਵਿੱਚ ਪਾਣੀ ਪਾਇਆ ਤੇ ਸਟੇਅਰਿੰਗ 'ਤੇ ਬਹਿ ਗਿਆ। ਮੈਂ ਕਈ ਸੌ ਮੀਲ ਕਾਰ ਚਲਾਈ ਪਰ ਇਕ ਵਿਸ਼ੇਸ਼ ਡਰ ਅਧੀਨ। ਅਮਨਪਾਲ ਸਾਰੇ ਸਫਰ ਦੌਰਾਨ ਸੁੱਤਾ ਰਿਹਾ।

ਬਿਮਾਰੀ ਵਲੋਂ ਢਾਹੇ ਜਾਣ ਤਕ ਅਮਨਪਾਲ ਨੇ ਇੰਗਲੈਂਡ ਦੇ ਕਈ ਚੱਕਰ ਲਾਏ। ਇੰਡੀਆ ਜਾਂਦਾ ਰੁਕ ਹੀ ਜਾਇਆ ਕਰਦਾ। ਇਕ ਵਾਰ ਉਸ ਦਾ ਸਾਰਾ ਪਰਿਵਾਰ ਵੀ ਸਾਡੇ ਕੋਲ ਰਹਿ ਕੇ ਗਿਆ। ਹਰ ਵਾਰ ਸਾਡੀਆਂ ਵਾਹਵਾ ਮਹਿਫਲਾਂ ਲਗਦੀਆਂ। ਖੂਬ ਗੱਲਾਂ ਹੁੰਦੀਆਂ। ਬਿਮਾਰ ਹੋਣ ਤੋਂ ਬਾਅਦ ਵੀ ਉਸ ਦਾ ਕਦੇ ਕਦੇ ਫੋਨ ਆਉਂਦਾ ਕਿ ਉਸ ਦਾ ਦਿਲ ਇੰਗਲੈਂਡ ਆਉਣ ਨੂੰ ਕਰਦਾ ਹੈ ਪਰ ਉਹ ਆ ਨਾ ਸਕਿਆ।


ਅਮਨਪਾਲ ਤੇ ਬਿਮਾਰੀ

ਫਿਰ ਮੇਰਾ ਮਿੱਤਰ, ਮੇਰਾ ਹੀਰੋ ਇਕ ਅਜਿਹੀ ਬਿਮਾਰੀ ਨਾਲ ਘਿਰ ਗਿਆ ਜਿਸ ਦਾ ਕੋਈ ਇਲਾਜ ਨਹੀਂ। ਅਜਿਹੀ ਬਿਮਾਰੀ ਜੋ ਨਾ ਮਰਨ ਦਿੰਦੀ ਹੈ ਤੇ ਨਾ ਹੀ ਜੀਉਣ ਦਿੰਦੀ ਹੈ। ਇਸ ਬਿਮਾਰੀ ਨੂੰ ਝੋਲਾ ਆਖਦੇ ਹਨ, ਪਾਰਕਿਨਸਨ ਡਿਜੀਜ਼। ਸਾਰਾ ਸਰੀਰ ਹਿੱਲਣ ਲਗਦਾ ਹੈ, ਸਰੀਰ ਉਪਰ ਤੁਹਾਡਾ ਕੋਈ ਕਾਬੂ ਨਹੀਂ ਹੁੰਦਾ। ਜਦ ਕਿ ਤੁਹਾਡਾ ਦਿਮਾਗ ਪੂਰੀ ਤਰਾਂ੍ਹ ਕੰਮ ਕਰ ਰਿਹਾ ਹੁੰਦਾ ਹੈ। ਮੈਂ ਉਸ ਦੀ ਬਿਮਾਰੀ ਦਾ ਨੋਟਿਸ ਉਦੋਂ ਲਿਆ ਜਦ ਮੈਂ ਦੂਜੀ ਵਾਰ ਕਨੇਡਾ ਗਿਆ ਸਾਂ। ਉਹ ਬੱਸ ਚਲਾਇਆ ਕਰਦਾ ਸੀ। ਇਕ ਦਿਨ ਮੈਂ ਉਸ ਦੇ ਨਾਲ ਚਲੇ ਗਿਆ। ਮੈਂ ਅਚਾਨਕ ਕੀ ਦੇਖਿਆ ਕਿ ਉਸ ਦੇ ਹੱਥ ਹਿੱਲ ਰਹੇ ਸਨ। ਪਹਿਲਾਂ ਤਾਂ ਮੈਂ ਸੋਚਿਆ ਕਿ ਸ਼ਾਇਦ ਜ਼ਿਆਦਾ ਸ਼ਰਾਬ ਪੀਣ ਕਰਕੇ ਹੋਣਗੇ ਪਰ ਇਹ ਕੁਝ ਹੋਰ ਸੀ। ਮੈਂ ਪੁੱਛਿਆ ਤਾਂ ਉਸ ਨੇ ਉਦਾਸ ਹੁੰਦਿਆਂ ਆਪਣੀ ਬਿਮਾਰੀ ਬਾਰੇ ਦੱਸ ਦਿੱਤਾ। ਉਹ ਆਪਣੀ ਬਿਮਾਰੀ ਨੂੰ ਛੁਪਾ ਕੇ ਰੱਖ ਰਿਹਾ ਸੀ। ਬਿਮਾਰੀ ਨੇ ਉਸ ਨੂੰ ਹੌਲੀ ਹੌਲੀ ਢਾਉਣਾ ਸ਼ੁਰੂ ਕਰ ਦਿੱਤਾ। ਛੇਤੀ ਹੀ ਨੌਕਰੀ ਤੋਂ ਵਾਂਝਾ ਕਰ ਦਿੱਤਾ ਗਿਆ।

ਬਿਮਾਰੀ ਨੇ ਉਸ ਦੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕੀਤਾ ਹੈ, ਉਸ ਦੇ ਲਿਖਣ-ਪੜ੍ਹਨ ਨੂੰ, ਉਸ ਦੀ ਐਕਟਿੰਗ ਨੂੰ, ਉਸ ਦੀ ਪਰਿਵਾਰਿਕ ਜ਼ਿੰਦਗੀ ਨੂੰ। ਜਿਹੜੀਆਂ ਦਵਾਈਆਂ ਉਹ ਖਾਂਦਾ ਸੀ ਉਸ ਦੇ ਸਾਈਡ ਅਫੈਕਟਸ ਤੇ ਆਫਟਰ ਅਫੈਕਟਸ ਬਹੁਤ ਗੰਭੀਰ ਸਨ। ਦਵਾਈਆਂ ਉਸ ਨੂੰ ਬਹੁਤ ਹਾਈਪਰ ਕਰਦੀਆਂ ਸਨ, ਕਾਮੁਕ ਤੌਰ 'ਤੇ ਵੀ ਬਹੁਤਾ ਐਕਟਿਵ ਕਰ ਰਹੀਆਂ ਸਨ, ਜਿਹਨਾਂ ਦੇ ਨਤੀਜੇ ਗਲਤ ਵੀ ਨਿਕਲ ਰਹੇ ਸਨ। ਉਸ ਨੂੰ ਬਦਨਾਮੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ। ਕਨੇਡਾ ਦਾ ਕੋਈ ਦੋਸਤ ਮਿਲਦਾ ਤਾਂ ਮੈਂ ਉਸ ਤੋਂ ਅਮਨਪਾਲ ਬਾਰੇ ਪੁੱਛਦਾ, ਕੋਈ ਵਧੀਆ ਖ਼ਬਰ ਨਾ ਮਿਲਦੀ। ਉਸ ਦਾ ਦਿਮਾਗ ਪੂਰੀ ਤਰਾਂ੍ਹ ਕੰਮ ਕਰਦਾ ਹੋਣ ਕਰਕੇ ਉਸ ਦਾ ਦੁਖਾਂਤ ਹੋਰ ਵੀ ਵੱਡਾ ਹੋ ਜਾਂਦਾ। ਵੈਨਕੋਵਰ ਵਿੱਚ ਇਕ ਸਾਹਿਤਕ ਸਮਾਗਮ ਹੋ ਰਿਹਾ ਸੀ। ਅਮਨਪਾਲ ਆਪਣੇ ਵਿਚਾਰ ਰੱਖਣ ਲਈ ਸਟੇਜ ਉਪਰ ਚੜ ਗਿਆ। ਉਸ ਦਾ ਸਾਰਾ ਸਰੀਰ ਹਿੱਲ ਰਿਹਾ ਸੀ। ਜ਼ਬਾਨ ਵੀ ਲੜਖੜਾ ਰਹੀ ਸੀ। ਦੇਖਣ ਵਾਲੇ ਦੋਸਤ ਦਸਦੇ ਹਨ ਕਿ ਬਹੁਤ ਤਕਲੀਫ-ਦੇਹ ਦਰਿਸ਼ ਸੀ।

ਮੁੜ ਕੇ ਮੈਂ ਤਾਂ ਕਦੇ ਵੈਨਕੋਵਰ ਨਹੀਂ ਜਾ ਸਕਿਆ ਪਰ ਅਮਨਪਾਲ ਨਾਲ ਫੋਨ ਉਪਰ ਗੱਲ ਹੁੰਦੀ ਰਹਿੰਦੀ ਸੀ। ਉਹ ਆਪਣੀ ਸਿਹਤ ਬਾਰੇ ਦਸਦਾ ਰਹਿੰਦਾ ਸੀ। ਉਹ ਆਪਣੀ ਬਿਮਾਰੀ ਬਾਰੇ ਖੋਜ ਵੀ ਕਰਦਾ ਰਹਿੰਦਾ ਸੀ। ਕਦੇ ਕਦੇ ਉਸ ਨੂੰ ਉਮੀਦਾਂ ਵੀ ਬੱਝਦੀਆਂ ਕਿ ਇਲਾਜ ਨਿਕਲ ਆਵੇਗਾ ਤੇ ਉਹ ਠੀਕ ਹੋ ਜਾਵੇਗਾ।

ਇਕ ਵਾਰ ਉਸ ਦਾ ਫੋਨ ਆਇਆ,

-ਬੜੇ ਭਾਈ, ਨਵੰਬਰ ਵਿੱਚ ਵੱਡੇ ਮੁੰਡੇ ਦਾ ਵਿਆਹ ਐ, ਤਿਆਰ ਹੋ ਜਾਹ। ਚੰਡੀਗੜ੍ਹ ਕਰਨਾ, ਹੋਟਲ ਬੁੱਕ ਕਰਾ ਦੇਣੇ ਆਂ।

ਮੈਂ ਆਪਣੇ ਵਲੋਂ ਤਿਆਰ ਹੋ ਗਿਆ। ਉਹਨਾਂ ਦਿਨਾਂ ਵਿੱਚ ਮੇਰਾ ਸਟੋਰ ਹੁੰਦਾ ਸੀ। ਮੈਂ ਪੂਰਾ ਨਵੰਬਰ ਕਿਸੇ ਦੋਸਤ ਨੂੰ ਮੱਦਦ ਲਈ ਕਹਿ ਦਿੱਤਾ ਕਿ ਮੈਂ ਇੰਡੀਆ ਜਾ ਰਿਹਾਂ। ਮੈਂ ਅਮਨਪਾਲ ਦਾ ਅਗਲਾ ਫੋਨ ਉਡੀਕਣ ਲਗਾ ਪਰ ਉਸ ਦਾ ਫੋਨ ਨਾ ਆਇਆ। ਕਈ ਮਹੀਨੇ ਲੰਘ ਗਏ। ਸੋਚਿਆ ਕਿ ਸ਼ਾਇਦ ਵਿਆਹ ਅੱਗੇ ਪਾ ਦਿੱਤਾ ਗਿਆ ਹੋਵੇ। ਕਈ ਮਹੀਨਿਆਂ ਬਾਅਦ ਉਸ ਦਾ ਫੋਨ ਆਇਆ। ਫਰਬਰੀ ਜਾਂ ਮਾਰਚ ਮਹੀਨਾ ਸੀ। ਮੈਂ ਪੈਂਦੀ ਸੱਟੇ ਹੀ ਮੁੰਡੇ ਦੇ ਵਿਆਹ ਬਾਰੇ ਪੁੱਛਿਆ ਤਾਂ ਉਹ ਹੈਰਾਨ ਹੁੰਦਾ ਬੋਲਿਆ,

-ਬੜੇ ਭਾਈ, ਤੈਨੂੰ ਵਿਆਹ ਬਾਰੇ ਕਿੱਦਾਂ ਪਤਾ?

-ਤੂੰ ਹੀ ਤਾਂ ਫੋਨ ਕਰ ਕੇ ਦਸਿਆ ਸੀ।

-ਹਾਂ ਯਾਰ, ਸੁਖਜਿੰਦਰ ਮੈਨੂੰ ਅੰਦਰ ਕਰਵਾ ਗਈ ਸੀ, ਮੁੜ ਕੇ ਆ ਕੇ ਛੁਡਵਾਇਆ। ਪਿਛਲੇ ਹਫਤੇ ਹੀ ਬਾਹਰ ਆਇਆਂ।

-ਰੀਅਲੀ!

-ਹਾਂ ਬੜੇ ਭਾਈ, ਤੂੰ ਕਦੇ ਫੋਨ ਕਰਕੇ ਸੁਖਜਿੰਦਰ ਨੂੰ ਪੁੱਛੀਂ ਤਾਂ ਸਹੀ ਕਿ ਏਦਾਂ ਕਿਉਂ ਕੀਤਾ।

ਇਸ ਫੋਨ ਤੋਂ ਬਾਅਦ ਅਮਨਪਾਲ ਦਾ ਮੈਨੂੰ ਕਦੇ ਫੋਨ ਨਹੀਂ ਆਇਆ। ਉਸ ਦੀ ਕੋਈ ਖ਼ਬਰ ਵੀ ਨਹੀਂ ਮਿਲੀ। ਸ਼ਾਇਦ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਇਕ ਵਾਰ ਕਿਸੇ ਦੋਸਤ ਕੋਲੋਂ ਪਤਾ ਚਲਿਆ ਕਿ ਉਹ ਪੈਸੇ ਵਲੋਂ ਹਰ ਵੇਲੇ ਟੁੱਟਿਆ ਰਹਿੰਦਾ ਹੈ। ਜਿੰਨੇ ਕੁ ਪੈਸੇ ਗੌਰਮਿੰਟ ਵਲੋਂ ਮਿਲਦੇ ਸਨ ਉਹਨਾਂ ਨੂੰ ਉਹ ਗਲਤ ਪਾਸੇ ਖਰਚ ਦਿੰਦਾ ਸੀ

ਅਮਨਪਾਲ ਦੇ ਪਰਿਵਾਰ ਦਾ ਪਿਛੋਕੜ ਬਹੁਤ ਅਮੀਰ ਸੀ। ਉਸ ਦਾ ਬਾਬਾ ਹੁਸ਼ਿਆਰਪੁਰ ਦਾ ਸੈਸ਼ਨ ਜੱਜ ਸੀ। ਉਹ ਘਰੋਂ ਹੀ ਕਚਿਹਰੀ ਲਾਇਆ ਕਰਦਾ ਸੀ। ਉਹਨਾਂ ਦਾ ਘਰ ਸ਼ਹਿਰ ਦੇ ਐਨ ਵਿਚਕਾਰ ਹੈ ਜਿਹੜਾ ਕਿ ਕਚਿਹਰੀਆਂ ਦੀ ਸ਼ਕਲ ਵਿੱਚ ਬਣਾਇਆ ਹੋਇਆ ਹੈ। ਮੈਨੂੰ ਉਸ ਘਰ ਵਿੱਚ ਸੌਣ ਦਾ ਸੁਭਾਗ ਹਾਸਲ ਹੈ। ਇਕ ਵਾਰ ਅਸੀਂ ਇਕੱਠੇ ਇੰਡੀਆ ਗਏ ਸਾਂ ਤੇ ਵਾਹਵਾ ਅਨੰਦਮਈ ਵਕਤ ਗੁਜ਼ਾਰਿਆ ਸੀ।

ਕਨੇਡਾ ਵਿੱਚ ਸੈਟਲ ਹੋਣ ਤੋਂ ਪਹਿਲਾਂ ਉਹ ਕੁਝ ਦੇਰ ਇੰਗਲੈਂਡ ਵੀ ਰਿਹਾ। ਪਹਿਲਾਂ ਇਥੇ ਸੈਟਲ ਹੋਣਾ ਚਾਹੁੰਦਾ ਸੀ ਪਰ ਫਿਰ ਉਹ ਕਨੇਡਾ ਲਈ ਚੜ ਗਿਆ।

ਅਮਨਪਾਲ ਅੱਜ ਵੀ ਬਿਮਾਰ ਹੈ। ਉਸ ਦੀ ਸਿਹਤ ਵਿੱਚ ਕਿਸੇ ਵੀ ਤਰਾਂ੍ਹ ਦਾ ਸੁਧਾਰ ਨਹੀਂ ਹੋਇਆ ਤੇ ਨਾ ਹੀ ਆਸ ਹੈ। ਮੈਂ ਉਸ ਨੂੰ ਬਿਮਾਰੀ ਦੀ ਹਾਲਤ ਵਿੱਚ ਕਦੇ ਵੀ ਨਹੀਂ ਦੇਖਿਆ। ਦੇਖਣਾ ਵੀ ਨਹੀਂ ਚਾਹੁੰਦਾ, ਹਿੰਮਤ ਹੀ ਨਹੀਂ ਹੈ। ਹਾਂ, ਮੈਂ ਉਸ ਦੀ ਸਿਹਤ ਬਾਰੇ ਜਾਂ ਉਸ ਬਾਰੇ ਹਰ ਵੇਲੇ ਵੈਨਕੋਵਰ ਦੇ ਦੋਸਤਾਂ ਨੂੰ ਪੁੱਛਦਾ ਰਹਿੰਦਾ ਹਾਂ। ਇਹ ਤਾਂ ਪਤਾ ਹੀ ਸੀ ਕਿ ਘਰੋਂ ਉਸ ਨੂੰ ਕੱਢ ਦਿੱਤਾ ਗਿਆ ਸੀ ਪਰ ਉਹ ਕਿੱਥੇ ਰਹਿੰਦਾ ਹੈ ਇਸ ਬਾਰੇ ਕੁਝ ਨਹੀਂ ਪਤਾ। ਇਕ ਵਾਰ ਪਤਾ ਚਲਿਆ ਕਿ ਉਹ ਕਿਸੇ ਨਰਸਿੰਗ ਹੋਮ ਵਿੱਚ ਹੈ। ਨਵਦੀਪ ਸਿੱਧੂ ਤੇ ਹਰਪ੍ਰੀਤ ਸੇਖਾ ਉਸ ਨੂੰ ਮਿਲਣ ਗਏ। ਉਹਨਾਂ ਨੇ ਫੋਨ ਉਪਰ ਅਮਨਪਾਲ ਨਾਲ ਮੇਰੀ ਗੱਲ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਮੇਰਾ ਫੋਨ ਕਿਤੇ ਔਫ ਸੀ। ਉਹਨਾਂ ਨੇ ਮੈਨੂੰ ਅਮਨਪਾਲ ਦੀਆਂ ਤਾਜ਼ੀਆਂ ਤਸਵੀਰਾਂ ਭੇਜੀਆਂ। ਅਮਨਪਾਲ ਦੇ ਚਿਹਰੇ ਉਪਰ ਪਹਿਲਾਂ ਵਾਲੀ ਹੀ ਟਹਿਕ ਸੀ ਪਰ ਵਾਲ ਸਫੇਦ ਹੋ ਚੁੱਕੇ ਸਨ। ਉਸ ਦੀ ਯਾਦ-ਦਾਸ਼ਤ ਪੂਰੀ ਤਰਾਂ੍ਹ ਕਾਇਮ ਸੀ। ਉਸ ਦੇ ਮੁੰਡੇ ਜਾਂ ਪਤਨੀ ਉਸ ਦਾ ਬਹੁਤਾ ਸਾਥ ਨਹੀਂ ਦੇ ਰਹੇ। ਉਸ ਦੇ ਮਾਂਪਿਓ ਤਾਂ ਬਹੁਤ ਬੁੱਢੇ ਹੋ ਚੁੱਕੇ ਹੋਣਗੇ। ਅਮਨਪਾਲ ਦੀ ਜੀਵਨ-ਗਾਥਾ ਗਰੀਕ ਟਰੈਜਿਡੀ ਵਰਗੀ ਹੈ।

ਪਿਛਲੇ ਸਾਲਾਂ ਵਿੱਚ ਮੈਨੂੰ ਵੈਨਕੋਵਰ ਜਾਣ ਦੇ ਕਈ ਮੌਕੇ ਮਿਲੇ ਪਰ ਮੈਂ ਨਹੀਂ ਗਿਆ। ਜਾਵਾਂ ਵੀ ਕਿਵੇਂ? ਅਮਨਪਾਲ ਨਰਸਿੰਗ ਹੋਮ ਵਿੱਚ ਹੈ, ਮੈਂ ਜਾਵਾਂ ਕਿਹਦੇ ਕੋਲ?

Comments


bottom of page