top of page
  • Writer's pictureਸ਼ਬਦ

ਦੋ-ਫਾੜ ਸ਼ਖ਼ਸੀਅਤ ਦਾ ਬਿਰਤਾਂਤ ਨਾਵਲ-ਜੇਠੂ /

ਡਾ. ਪ੍ਰਿਥਵੀ ਰਾਜ ਥਾਪਰ /

ਐਸੋਸਿਏਟ ਪ੍ਰੋਫ਼ੈਸਰ ਦਿਆਲ ਸਿੰਘ (ਈ.) ਕਾਲਜ, ਦਿੱਲੀ

ਮੋ. 9818411018 /

ਹਰਜੀਤ ਅਟਵਾਲ ਰਚਿਤ ਨਾਵਲ ‘ਜੇਠੂ’ ਉਸ ਦਾ ਬਾਰ੍ਹਵਾਂ ਨਾਵਲ ਹੈ। ਇਸ ਤੋਂ ਪਹਿਲਾਂ ਉਸ ਦੇ ‘ਵੰਨ ਵੇਅ’, ‘ਰੇਤ’, ‘ਗੀਤ’, ‘ਮੁੰਦਰੀ ਡੌਟ ਕੌਮ’, ‘ਕਾਲੇ ਰੰਗ ਗੁਲਾਬਾਂ ਦੇ’, ‘ਸਵਾਰੀ’, ‘ਅਕਾਲ ਸਹਾਏ’, ‘ਮੋਰ ਉਡਾਰੀ’, ‘ਆਪਣਾ’ ‘ਸਾਊਥਾਲ’ ਅਤੇ ‘ਬ੍ਰਿਟਿਸ਼ ਬੌਰਨ ਦੇਸੀ’ ਨਾਵਲ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ। ਨਾਵਲ ‘ਜੇਠੂ’ ਉਸ ਦਾ ਵੱਖਰਾ ਪ੍ਰਯੋਗ ਹੈ। ਇਹ ਇਕ ਭਟਕੇ ਹੋਏ ਪੰਜਾਬੀ ਲੇਖਕ ਦੀ ਜੀਵਨੀ-ਮੂਲਕ ਕਥਾ ਹੈ। ਇਕ ਅਜਿਹੇ ਨਾਵਲਕਾਰ ਦੀ ਜੋ ਮਹਿਜ਼ ਲੇਖਕ ਹੀ ਨਹੀਂ ਇਕ ਵਿਦਵਾਨ ਵੀ ਹੈ। ਜੇਠੂ ਤੋਂ ਕੁੰਦਨ ਬਣਿਆਂ ਪਾਤਰ ਇਸ ਨਾਵਲ ਦਾ ਨਾਇਕ ਹੈ।ਬਚਪਨ ਵਿਚ ਉਸ ਦੇ ਮਾਂ-ਬਾਪ ਗੁਜ਼ਰ ਜਾਂਦੇ ਹਨ। ਤਾਏ-ਤਾਈ ਦੇ ਸਹਾਰੇ ਬਚਪਨ ਬਿਤਾਉਂਦਾ ਹੈ। ਸੰਘਰਸ਼ ਕਰਕੇ ਵਿਆਹ ਕਰਾਉਣ ਉਪਰੰਤ ਇੰਗਲੈਂਡ ਪਹੁੰਚ ਜਾਂਦਾ ਹੈ। ਨਾਵਲਕਾਰ ਨੇ ਉਸ ਦੀਆਂ ਆਤ੍ਰਿਪਤ ਇਛਾਵਾਂ, ਆਯਾਸ਼ੀ ਤੇ ਝਗੜਾਲੂ ਬਿਰਤੀਆਂ ਨੂੰ ਭਰਪੂਰ ਵੇਰਵਿਆਂ ਸਹਿਤ ਪੇਸ਼ ਕੀਤਾ ਹੈ।

ਇਸ ਨਾਵਲ ਵਿਚ ਇਕ ਲੇਖਕ ਵੱਲੋਂ ਦੂਜੇ ਲੇਖਕ ਦੇ ਜੀਵਨ ਨੂੰ ਚਿਤਰਿਆ ਗਿਆ ਹੈ। ਕੁੰਦਨ ਸਿੰਘ ਕੁੰਦਨ ਪੰਜਾਬੀ ਦਾ ਮਸ਼ਹੂਰ ਨਾਵਲਕਾਰ ਹੈ। ਉਸ ਨੂੰ ਇਸ ਗੱਲ ਦਾ ਮਾਣ ਹੈ ਕਿ ਉਸ ਨੇ ਭੂਹੇਰਵਾ ਵਰਗੇ ਸ਼ਬਦ ਦੀ ਖੋਜ ਕਰਕੇ ਪੰਜਾਬੀ ਦੇ ਸ਼ਬਦ ਭੰਡਾਰ ਨੂੰ ਅਮੀਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਆਪਣੇ ਆਪ ਨੂੰ ਉਹ ਪਰਵਾਸੀ ਨਾਵਲਕਾਰਾਂ ਦੀ ਮੂਹਰਲੀ ਕਤਾਰ ਵਿਚ ਗਿਣਿਆਂ ਜਾਣ ਵਾਲਾ ਨਾਵਲਕਾਰ ਮੰਨਦਾ ਹੈ। ਪਰ ਆਪਣੇ ਅੱਖੜ ਸੁਭਾਅ ਕਾਰਨ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਘਿਰਣਾ ਦਾ ਪਾਤਰ ਬਣ ਕੇ ਰਹਿ ਜਾਂਦਾ ਹੈ। ਹਰਜੀਤ ਅਟਵਾਲ ਦੇ ਇਸ ਨਾਵਲ ਦੇ ਪੰਜਾਹ ਕਾਂਡ ਹਨ। ਯਾਨਿ ਕੁੰਦਨ ਦੇ ਜੀਵਨ ਦੀਆਂ ਪੰਜਾਹ ਅਹਿਮ ਕਹਾਣੀਆਂ। ਨਾਵਲਕਾਰ ਇਕੋ ਬੰਦੇ ਵਿਚ ਜੇਠੂ ਤੇ ਕੁੰਦਨ ਦੇ ਦੋ ਕਿਰਦਾਰ ਸਿਰਜ ਕੇ ਮਨੋ-ਵਿਸ਼ਲੇਸ਼ਣੀ ਬਿਰਤਾਂਤ ਦੀ ਰਚਨਾ ਕਰਦਾ ਹੈ। ਜੇਠੂ, ਪੰਜਾਬ ਦੇ ਦੁਆਬੇ ਦੇ ਰੇਹੜੂ ਪਿੰਡ ਦਾ ਜੰਮ-ਪਲ ਹੈ। ਜੇਠ ਦੇ ਗਰਮ ਮਹੀਨੇ ਦੀ ਪੈਦਾਇਸ਼ ਜੇਠੂ ਸੁਭਾਅ ਦਾ ਵੀ ਗਰਮ ਹੈ। ਇਸੇ ਸੁਭਾਅ ਕਾਰਨ ਉਹ ਸ਼ਾਹਕਾਰ ਰਚਨਾਵਾਂ ਦਾ ਸਿਰਜਨਹਾਰ ਹੋਣ ਦੇ ਬਾਵਜੂਦ ਪੰਜਾਬੀ ਸਾਹਿਤਕਾਰਾਂ ਵਿਚ ਆਪਣੀ ਸ਼ਾਖ ਗੁਆ ਬੈਠਦਾ ਹੈ। ਦੂਜਾ, ਵੱਡਾ ਬਣਨ ਦੀ ਲਾਲਸਾ ਉਸ ਦੀ ਤਰੱਕੀ ਦੇ ਰਾਹ ਵਿਚ ਰੋੜਾ ਹੀ ਨਹੀਂ ਬਣਦੀ, ਉਸ ਦਾ ਸਕੂਨ ਵੀ ਖੇਰੂੰ-ਖੇਰੂੰ ਕਰ ਦਿੰਦੀ ਹੈ।ਨਾਵਲੀ ਵੇਰਵੇ ਇਸੇ ਤੱਥ ਦੀ ਬਾਰ-ਬਾਰ ਪੁਸ਼ਟੀ ਕਰਦੇ ਹਨ।

ਨਾਵਲ ਵਿਚ ਜੋਗੇਂਦਰ ਨਾਮ ਦਾ ਇਕ ਹੋਰ ਪਾਤਰ ਵਿਸ਼ੇਸ਼ ਰੂਪ ਵਿਚ ਕੁੰਦਨ ਦੇ ਕਿਰਦਾਰ ਦਾ ਵਿਸ਼ਲੇਸ਼ਣ ਕਰਨ ਦਾ ਸਾਧਨ ਬਣਦਾ ਹੈ। ਜੋਗੇਂਦਰ ਵਿਚੋਂ ਨਾਵਲਕਾਰ ਦੇ ਆਪਣੇ ਦੀਦਾਰ ਹੁੰਦੇ ਹਨ। ਕੁੰਦਨ ਤੇ ਜੋਗੇਂਦਰ ਦੋਵੇਂ ਦੋਸਤ ਹਨ। ਨਜ਼ਦੀਕੀਆਂ ਦੇ ਬਾਵਜੂਦ ਦੋਵਾਂ ਦੇ ਸੰਬੰਧ ਬਣਦੇ-ਟੁੱਟਦੇ ਰਹਿੰਦੇ ਹਨ। ਲੇਕਿਨ ਬਹੁਤੀ ਦੇਰ ਵੱਖ ਵੀ ਨਹੀਂ ਰਹਿ ਸਕਦੇ। ਬਾਰ-ਬਾਰ ਵਿਛੜ ਕੇ ਮੁੜ ਇਕੱਠੇ ਹੋ ਜਾਂਦੇ ਹਨ। ਦੋਵਾਂ ਦੀ ਵਿਚਾਰ-ਚਰਚਾ ਰਾਹੀਂ ਲੇਖਕਾਂ ਦੇ ਆਚਰਨ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਨਾਵਲਕਾਰ ਇਸ ਤੱਥ ਨੂੰ ਪੁਖਤਾ ਰੂਪ ਵਿਚ ਉਭਾਰਦਾ ਹੈ ਕਿ ਵਿਦੇਸ਼ ਵਿਚ ਗਿਆ ਪੜ੍ਹਿਆ-ਲਿਖਿਆ ਵਿਦਵਾਨ ਆਪਣੀ ਮਰਦ-ਪ੍ਰਧਾਨਗੀ ਵਾਲੀ ਹਊਮੈ ਨੂੰ ਤਿਆਗਣ ਤੋਂ ਇਨਕਾਰੀ ਹੈ। ਜੋਗੇਂਦਰ ਪਤਨੀ ਦੇ ਰੋਹਬ ਨੂੰ ਨਾ ਝੱਲਦਾ ਹੋਇਆ ਉਸ ਤੋਂ ਤੋੜ - ਵਿਛੋੜਾ ਕਰ ਲੈਂਦਾ ਹੈ। ਪਾਠਕ ਨੂੰ ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਕਿਵੇਂ ਛੋਟੀ-ਮੋਟੀ ਨੋਕ-ਝੋਕ ਉੱਪਰ ਹੀ ਰਿਸ਼ਤੇ ਬਿਖਰ ਜਾਂਦੇ ਹਨ।ਆਪਣੇ ਦੋਸਤ ਕੁੰਦਨ ਕੋਲ ਇਸ ਗੱਲ ਦਾ ਖ਼ੁਲਾਸਾ ਕਰਦੇ ਜੋਗੇਂਦਰ ਦੇ ਇਹ ਬੋਲ ਧਿਆਨ ਆਕਰਸ਼ਿਤ ਕਰਦੇ ਹੈ:

“ਵੱਡੇ ਭਾਊ, ਗੜਬੜ ਹੋ ਗਈ, ਮੈਨੂੰ ਤੀਵੀਂ ਛੱਡਣੀ ਪਈ।”……

“ਬਹੁਤ ਤਿੜਫਿੜ ਕਰਦੀ ਸੀ, ਹਰ ਵੇਲੇ ਸਿਰ ’ਤੇ ਚੜ੍ਹ ਕੇ ਬੈਠੀ ਰਹਿੰਦੀ ਸੀ, ਇਕ ਦਿਨ ਦੋ ਚੁਪੇੜਾਂ ਕੀ ਮਾਰ ਬੈਠਾ ਕਿ ਸਾਲੀ ਨੇ ਪੁਲੀਸ ਬੁਲਾ ਲਈ, ਬੱਸ ਫੇਰ ਮੈਂ ਰੱਸਾ ਲਪੇਟ ’ਤਾ।”…..

“ਭਾਊ ਉਹ ਹਰ ਵੇਲੇ ਡੌਮੀਨੈਂਟ ਕਰਨ ਦੀ ਕੋਸ਼ਿਸ਼ ਕਰਦੀ ਸੀ।”1.

ਹੈਰਾਨੀ ਇਸ ਗੱਲ ਦੀ ਹੈ ਕਿ ਜੋਗੇਂਦਰ ਇਕ ਲੇਖਕ ਹੋਣ ਦੇ ਬਾਵਜੂਦ ਪਤਨੀ ਨੂੰ ਛੱਡਣ ਦੀ ਨਾਦਾਨੀ ਭਰੀ ਫੜ੍ਹ ਮਾਰਦਾ ਹੈ। ਨਿਰਸੰਦੇਹ ਉਸ ਦੀ ਮਾਨਸਿਕਤਾ ਵਿਦੇਸ਼ੀ ਅਸਰ ਦੀ ਗੁਲਾਮ ਹੈ।ਉਹ ਘਰ ਛੱਡਣ ਉਪਰੰਤ ਇਕ ਦੁਕਾਨ ਲੈ ਕੇ ਕੰਮ ਕਰਨ ਲਗਦਾ ਹੈ।ਇਕ ਅੰਗਰੇਜਣ ਜੋ ਆਪਣਾ ਬੁਆਏ ਫਰੈਂਡ ਛੱਡ ਚੁੱਕੀ ਹੈ, ਨਾਲ ਰਹਿਣ ਲੱਗਦਾ ਹੈ।ਉਸ ਦੀ ਰੀਸ ਨਾਲ ਕੁੰਦਨ ਵੀ ਆਪਣੀ ਪਤਨੀ ਮਨਜੀਤ ਦੀ ਅਧੀਨਗੀ ਤੋਂ ਮੁਕਤ ਹੋਣਾ ਲੋਚਦਾ ਹੈ।ਉਸ ਦੇ ਬੋਲ-ਕਬੋਲ ਮਗਰੋਂ ਮਨਜੀਤ ਘਰ ਛੱਡ ਕੇ ਚਲੀ ਜਾਂਦੀ ਹੈ।ਵਿਦੇਸ਼ ਵਿਚ ਦੋ ਲੇਖਕਾਂ ਦੀ ਗ੍ਰਹਿਸਤੀ ਬੜਬੋਲੇਪਨ ਅਤੇ ਨਾਸਮਝੀ ਦਾ ਸ਼ਿਕਾਰ ਹੋ ਜਾਂਦੀ ਹੈ। ਕੁੰਦਨ ਤਾਂ ਹਮੇਸ਼ਾ ਇਸੇ ਮਨੋ-ਸਥਿਤੀ ਨਾਲ ਪੀੜਿਤ ਰਹਿੰਦਾ ਹੈ।

ਨਾਵਲੀ ਬਿਰਤਾਂਤ ਅਨੁਸਾਰ ਇਸ ਦੇ ਨਾਇਕ ਕੁੰਦਨ ਵਿਚ ਨਾਇਕਤਵ ਦੇ ਗੁਣ ਘੱਟ ਅਤੇ ਖ਼ਲਨਾਇਕੀ ਦੇ ਔਗੁਣ ਵੱਧ ਹਨ। ਰਿਸ਼ਤਿਆਂ ਵਿਚ ਆਇਆ ਨਿਘਾਰ ਕੁੰਦਨ ਦੀ ਧੀ ਪਾਇਲ ਯਾਨਿ ਦੂਜੀ ਪੀੜੀ ਦੇ ਵਤੀਰੇ ਰਾਹੀਂ ਉਜਾਗਰ ਹੁੰਦਾ ਹੈ। ਨਾਵਲਕਾਰ ਮੁਟਿਆਰ ਕੁੜੀਆਂ ਦੇ ਸ਼ਰਾਬ ਅਤੇ ਸਿਗਰਟ ਪੀਣ ਦੇ ਨਾਲ-ਨਾਲ ਆਪਣੇ ਬੁਆਏ ਫਰੈਂਡਾਂ ਨਾਲ ਭੱਜ ਜਾਣ ਦਾ ਮੁੱਦਾ ਬੜੀ ਸ਼ਿੱਦਤ ਨਾਲ ਉਭਾਰਦਾ ਹੈ।ਪਾਇਲ ਘਰੋਂ ਭੱਜ ਕੇ ਅਫ਼ਰੀਕਣ ਮੁੰਡਿਆਂ ਨਾਲ ਰੰਗਰਲੀਆਂ ਮਨਾਉਣ ਅਤੇ ਗਰਭਪਾਤ ਕਰਾਉਣ ਦੀਆਂ ਘਟਨਾਵਾਂ ਰਾਹੀਂ ਦਿਸ਼ਾਹੀਣ ਨਵੀਂ ਪੀੜੀ ਦੇ ਭਵਿੱਖ ਉਪਰ ਸਵਾਲੀਆਂ ਨਿਸ਼ਾਨ ਲਗਾਉਣ ਦੇ ਆਹਰ ਵਿਚ ਹੈ। ਕੁੰਦਨ ਵੱਲੋਂ ਬੇਟੀ ਪਾਇਲ ਨੂੰ ਪਰਾਏ ਮਰਦਾਂ ਨਾਲ ਸਰੀਰਕ ਸੰਬੰਧਾਂ ਸਮੇਂ ‘ਧਿਆਨ’ ਰੱਖਣ ਦੀ ਨਸੀਹਤ ਪਿਉ-ਧੀ ਵਿਚਕਾਰ ਸੁੱਚੇ ਰਿਸ਼ਤਿਆਂ ਦੀ ਮਰਿਆਦਾ ਦੀ ਉਲੰਘਣਾ ਦਾ ਕਾਰਨ ਬਣਦੀ ਹੈ ।ਏਨਾ ਹੀ ਨਹੀਂ ਪਾਇਲ ਦਾ ਘਰ ਵਿਚ ਮਾਪਿਆਂ ਸਾਹਮਣੇ ਅਰਧ-ਨਗਣ ਹਾਲਤ ਵਿਚ ਵਿਚਰਨਾ ਭਾਰਤੀ ਰਹਿਤਲ ਦੀਆਂ ਕਦਰਾਂ-ਕੀਮਤਾਂ ਨੂੰ ਤਾਰ-ਤਾਰ ਕਰਨ ਦੇ ਤੁਲ ਹੈ।ਕੁੰਦਨ ਤੇ ਉਸ ਦੇ ਇਕ ਹੋਰ ਬਨਫੂਲ ਦੀਆਂ ਧੀਆਂ ਵੱਲੋ ਬੁਆਏ ਫਰੈਂਡ ਰੱਖਣ ਤੇ ਬਦਲਣ ਦੇ ਚੱਕਰ ਵਿਚ ਬਿਰਤਾਂਤਕ ਤਨਾਓ ਹੋਰ ਵਧ ਜਾਂਦਾ ਹੈ।ਦੋਵਾਂ ਦੋਸਤਾਂ ਦੀ ਫ਼ੋਨ ਉੱੱਪਰ ਹੋਈ ਇਸ ਵਾਰਤਾ ਵਿਚੋਂ ਪਰਵਾਸੀ ਮਾਪਿਆਂ ਦੇ ਮਨੋ-ਸੰਕਟ ਦੀ ਝਲਕ ਵਿਖਾਈ ਦਿੰਦੀ ਹੈ:

‘ਕੁੰਦਨ ਬਨਫੂਲ ਦੀ ਆਵਾਜ਼ ਤੋਂ ਹੀ ਸਮਝ ਗਿਆ ਸੀ ਕਿ ਕੋਈ ਮਾੜੀ ਖ਼ਬਰ ਹੈ।‘ ਬਨਫੂਲ ਬੋਲਿਆ,

“ਤੈਨੂੰ ਪਤੈ ਬਈ ਵੀਨਾ ਨੇ ਹੁਣ ਬੁਆਏ ਫਰੈਂਡ ਘਰ ਹੀ ਲੈ ਆਂਦਾ ਸੀ।”

“ਉਹ ਤਾਂ ਆਪਣੀ ਗੱਲ ਹੋਈ ਸੀ।”

“ਅੱਜ ਕਿਸੇ ਹੋਰ ਮੁੰਡੇ ਨੂੰ ਲੈ ਆਈ, ਅਖੇ ਮੈਂ ਬੁਆਏ ਫਰੈਂਡ ਬਦਲ ਲਿਆ, ਉਹ ਮੈਨੂੰ ਪਸੰਦ ਨਹੀਂ ਸੀ, ਕਹਿੰਦੀ ਹੁਣ ਇਹ ਮੇਰੇ ਨਾਲ ਰਹੇਗਾ, ਦੱਸ ਕਿਹੜੇ ਖੂਹ ਵਿਚ ਪੈ ਜਾਵਾਂ।”

ਕੁੰਦਨ ਨੇ ਔਖਾ ਜਿਹਾ ਸਾਹ ਭਰਿਆ ਤੇ ਆਖਣ ਲੱਗਿਆ,

“ਵਧਾਈਆਂ ਤਾਂ ਏਧਰ ਵੀ ਹੋ ਗਈਆਂ!”

“ਅੱਛਾ! ਕੀ ਹੋਇਆ?”

“ਪਾਇਲ ਆਪਣੇ ਹਸਬੈਂਡ ਨੂੰ ਛੱਡ ਕੇ ਮੁੜ ਉਸ ਕਾਲੇ ਕੋਲ ਚਲੇ ਗਈ ਏ।”2

ਦਰਅਸਲ ਇਹ ਹਾਲਤ ਸਿਰਫ਼ ਨਵੀਂ ਪੀੜੀ ਦੀ ਨਹੀਂ ਸਗੋਂ ਜੋਗੇਂਦਰ ਤੇ ਕੁੰਦਨ ਵੱਡੇ ਲੇਖਕ ਹੋਣ ਦੇ ਬਾਵਜੂਦ ਨਾਵਲੀ ਵੇਰਵਿਆਂ ਨੂੰ ਗੰਧਲਾ ਕਰਦੇ ਨਜ਼ਰ ਆਉਂਦੇ ਹਨ।

ਨਾਵਲਕਾਰ, ਕੁੰਦਨ ਵੱਲੋਂ ਆਪਣੇ ਆਪ ਨੂੰ ਵੱਡਾ ਦਰਸਾਉਣ ਲਈ ਅਪਣਾਏ ਦਾਅ-ਪੇਚਾਂ ਨੂੰ ਵੇਰਵੇ ਸਹਿਤ ਪੇਸ਼ ਕਰਦਾ ਹੈ।ਪ੍ਰਿੰਟ ਮੀਡੀਆ ਵਿਚ ਪੰਜਾਬੀ ਰਸਾਲਿਆਂ ਦੀ ਹੋਣੀ ਵਿਦੇਸ਼ੀ ਧਰਤੀ ਉੱੱਪਰ ਵੀ ਭਾਰਤ ਨਾਲੋਂ ਵੱਖਰੀ ਨਹੀਂ ਹੈ। ਨਾਵਲਕਾਰ, ਕੁੰਦਨ ਵੱਲੋਂ ‘ਚੜ੍ਹਦਾ ਸੂਰਜ’ ਰਸਾਲਾ ਕੱਢਣ ਦੇ ਉਪਰਾਲੇ ਅਤੇ ਉਸ ਨੂੰ ਚਲਦਾ ਰੱਖਣ ਲਈ ਵੇਲੇ ਪਾਪੜਾਂ ਨੂੰ ਗੰਭੀਰਤਾ ਨਾਲ ਪੇਸ਼ ਕਰਦਾ ਹੈ।‘ਵਿਦੇਸ਼’ ਰਸਾਲਾ ਖਾਲਿਸਤਾਨੀ ਵਿਚਾਰਧਾਰਾ ਨੂੰ ਸ਼ਹਿ ਦਿੰਦਾ ਹੈ ਤਾਂ ਕੁੰਦਨ ‘ਚੜ੍ਹਦਾ ਸੂਰਜ’ ਦੇ ਮਾਧਿਅਮ ਰਾਹੀਂ ਉਪਰੋਕਤ ਵਿਚਾਰਧਾਰਾ ਵਿਰੋਧੀ ਪਾਠਕਾਂ ਨੂੰ ਭੰਨਾਉਣ ਦੀ ਕੂਟਨੀਤੀ ਦਾ ਸਹਾਰਾ ਲੈਂਦਾ ਹੈ।ਇਨ੍ਹਾਂ ਦਾਅ-ਪੇਚਾਂ ਦੇ ਬਾਵਜੂਦ ਉਸ ਦਾ ‘ਚੜ੍ਹਦਾ ਸੂਰਜ’ ਅਸਤ ਹੋ ਜਾਂਦਾ ਹੈ। ਰਸਾਲੇ ਦੇ ਹਵਾਲੇ ਨਾਲ ਹਰਜੀਤ ਅਟਵਾਲ ਨੇ ਬੁੱਧੀਜੀਵੀ ਵਰਗ ਦੀਆਂ ਅੰਦਰੂਨੀ ਰੰਜਸ਼ਾਂ ਨੂੰ ਵੀ ਉਜਾਗਰ ਕੀਤਾ ਹੈ।

ਨਾਵਲ ਦਾ ਨਾਇਕ ਕੁੰਦਨ ਇਕ ਵੱਡਾ ਤੇ ਵਿਦਵਾਨ ਲੇਖਕ ਹੋਣ ਦੇ ਬਾਵਜੂਦ ਹੀਣਭਾਵਨਾ ਦਾ ਵੀ ਸ਼ਿਕਾਰ ਹੈ।ਉਸ ਦਾ ਨਾਇਕਤਵ ਉਸ ਸਮੇਂ ਡੋਲਣ ਲੱਗਦਾ ਹੈ ਜਦੋਂ ਉਹ ਆਪਣੇ ਵਿਅਕਤਿਤਵ ਨੂੰ ਘਟਾ ਕੇ ਵੇਖਦਾ ਹੈ।ਦਿੱਲੀ ਤੋਂ ਆਈ ਪ੍ਰੋਫ਼ੈਸਰ ਮੋਹਿਣੀ ਉੱਤੇ ਮੋਹਿਤ ਹੋ ਕੇ ਉਸ ਉੱਪਰ ਫ਼ਿਦਾ ਹੁੰਦਾ ਹੋਇਆ ਉਹ ਬਨਫੂਲ ਨਾਲ ਅਜਿਹੀਆਂ ਫੜ੍ਹਾਂ ਮਾਰਦਾ ਹੈ:

“ਇਕ ਤਾਂ ਸੋਹਣੀ ਔਰਤ ਤੇ ਉਪਰੋਂ ਦੀ ਡਾਕਟਰ, ਭਲਾ ਅਜਿਹੀ ਔਰਤ ਮਿਲ ਜਾਵੇ ਤਾਂ ਬੰਦੇ ਨੂੰ ਦੁਨੀਆਂ ਵਿਚ ਹੋਰ ਕੀ ਚਾਹੀਦਾ ਏ!”

…………….

“ਕੀ ਕਰਾਂ ਯਾਰ ਬਨਫੂਲ! ਤੂੰ ਆਪ ਸੋਚ, ਤੁਸੀਂ ਡਾਕਟਰ ਔਰਤ ਦੇ ਪਤੀ, ਇਕ ਵਾਰ ਯੂਨੀਵਰਸਿਟੀ ਵਿਚ ਦੀ ਲੰਘ ਜਾਵੋਂ ਦੁਨੀਆਂ ਤੁਹਾਡੇ ਵੱਲ ਨੂੰ ਅੱਡੀਆਂ ਚੁੱਕ ਚੁੱਕ ਕੇ ਦੇਖੇਗੀ ਕਿ ਨਹੀਂ?”3.

ਇਸੇ ਤਰ੍ਹਾਂ ਡਾਕਟਰੇਟ ਦੀ ਡਿਗਰੀ ਲੈਣ ਦੀ ਲਾਲਸਾ ਕੁੰਦਨ ਦੀ ਹੀਣ ਭਵਨਾ ਦੀ ਮਨੋ-ਗੁੰਝਲ ਨੂੰ ਹੋਰ ਉਲਝਾਉਂਦੀ ਹੈ।ਪੀ.ਐੱਚ.ਡੀ. ਕਰਨ ਲਈ ਡਾ. ਮਹਿਰੋਕ ਨੂੰ ਗਾਈਡ ਬਨਾਉਣ ਤੋਂ ਲੈ ਕੇ ਥੀਸਿਸ ਜਮ੍ਹਾਂ ਕਰਾਉਣ ਤੱਕ ਦੀ ਜੁਗਾੜਬਾਜ਼ੀ ਤੇ ਬੇਸਬਰੀ ਕੁੰਦਨ ਦੇ ਵੱਡੇ ਲੇਖਕ ਹੋਣ ਦੇ ਦਾਅਵੇ ਨੂੰ ਪਛਾੜ ਦਿੰਦੀ ਹੈ।ਡਾਕਟਰ ਬਣ ਜਾਣ ਉਪਰੰਤ ਉਹ ਆਪਣੇ ਨਜ਼ਦੀਕੀਆਂ ਨੂੰ ਉਚੇਚੇ ਤੌਰ ਉੱਤੇ ਆਪਣੇ ਆਪ ਨੂੰ ਡਾਕਟਰ ਬੁਲਾਉਣ ਲਈ ਮਜਬੂਰ ਕਰਦਾ ਹੈ।ਸਵਾਲ ਪੈਦਾ ਹੁੰਦਾ ਹੈ ਕਿ ਉਹ ਇਕ ਪ੍ਰਸਿੱਧ ਲੇਖਕ ਹੈ।ਫਿਰ ਉਸ ਨੂੰ ਅਜਿਹੇ ਪਰਪੰਚ ਕਰਨ ਲਈ ਮਜਬੂਰ ਕਿਉਂ ਹੋਣਾ ਪੈਂਦਾ ਹੈ। ਇਕ ਵੱਡਾ ਲੇਖਕ ਹੋਣ ਦੇ ਬਾਵਜੂਦ ਕੁੰਦਨ ਦੀ ਪੀ.ਐੱਚ.ਡੀ. ਡਾਕਟਰ ਬਣਨ ਦੀ ਤਾਂਘ, ਉਸ ਦੇ ਪਬਲੀਸਿਟੀ ਸਟੰਟ ਦੀ ਗਵਾਹ ਬਣਦੀ ਪ੍ਰਤੀਤ ਹੁੰਦੀ ਹੈ।

ਪੰਜਾਬੀ ਸਾਹਿਤ-ਜਗਤ ਵਿਚ ਇਨਾਮ ਲੈਣ ਦੀ ਕਥਿਤ ਜੁਗਾੜਬਾਜ਼ੀਆਂ ਨਾਵਲ ‘ਜੇਠੂ’ ਦੇ ਬਿਰਤਾਂਤ ਦਾ ਹਿੱਸਾ ਬਣ ਜਾਂਦੀਆਂ ਹਨ।ਇਨਾਮਾਂ ਪ੍ਰਤੀ ਕੁੰਦਨ ਦਾ ਰਵੱਈਆ ਵੀ ਅਜੀਬੋ-ਗਰੀਬ ਹੈ।ਵੱਡੇ ਇਨਾਮ ਹਾਸਲ ਕਰਕੇ ਉਹ ਪੰਜਾਬੀ ਸਾਹਿਤ ਵਿਚ ਛਾਅ ਜਾਣਾ ਚਾਹੁੰਦਾ ਹੈ। ਸਾਹਿਤ ਅਕਾਦਮੀ ਦਾ ਇਨਾਮ ਲੈਣ ਲਈ ਕੁੰਦਨ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦਾ ਹੈ।‘ਕੁਆਰੀਆਂ’ ਨਾਵਲ ਦੀ ਰਚਨਾ ਉਪਰ ਕੁੰਦਨ ਵੱਲੋਂ ਸਾਹਿਤ ਅਕਾਦਮੀ ਦੇ ਪੁਰਸਕਾਰ ਲਈ ਕੀਤੇ ਗਏ ਜੁਗਾੜ ਭ੍ਰਸ਼ਿਟ ਸਾਹਿਤਕ ਮਹੌਲ ਨੂੰ ਚਿਤਰਦੇ ਹਨ।ਵੱਡੇ ਇਨਾਮ ਲਈ ਪਰਵਾਸ ਤੋਂ ਦੇਸ਼ ਵਾਪਸੀ ਦਾ ਜ਼ੋਖ਼ਮ ਵੀ ਉਠਾ ਲੈਂਦਾ ਹੈ।ਇਸ ਖਾਤਰ ਉਹ ਇੰਗਲੈਂਡ ਛੱਡ ਕੇ ਦਿੱਲੀ ਦਾ ਵਸ਼ਿੰਦਾ ਬਣ ਜਾਂਦਾ ਹੈ।ਇੰਗਲੈਂਡ ਦੇ ਸਾਹਿਤਕ ਮਹੌਲ ਵਾਂਗ ਹੀ ਉਹ ਦਿੱਲੀ ਦੇ ਸਾਹਿਤਕ ਮਹੌਲ ਨੂੰ ਵਿਗਾੜਨ ਦਾ ਦੋਸ਼ੀ ਵੀ ਬਣਦਾ ਹੈ।ਆਪਣੀਆਂ ਇਛਾਵਾਂ ਦੀ ਪੂਰਤੀ ਲਈ ਉਹ ਹਰ ਸੀਮਾ ਉਲੰਘਣ ਲਈ ਤਿਆਰ ਹੈ।‘ਕੁਆਰੀਆਂ’ ਨਾਵਲ ਉੱਪਰ ਉਹ ਇਸ ਲਈ ਪਰਚੇ ਲਿਖਵਾਉਂਦਾ ਹੈ ਕਿ ਉਸ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲ ਜਾਵੇ।ਦਿੱਲੀ ਦੀਆਂ ਮਹਿਫ਼ਲਾਂ ਵਿਚ ਕੁੰਦਨ ਤੋਂ ਇਨਾਮ ਲੈਣ ਦੀ ਜੁਗਾੜਬਾਜ਼ੀ ਰਾਹੀਂ ਨਾਵਲਕਾਰ ਇਨਾਮਾਂ ਦੀ ਹਕੀਕਤ ਉੱਪਰ ਸਵਾਲ ਖੜ੍ਹੇ ਕਰਦਾ ਹੈ।

ਕੁੰਦਨ ਨੂੰ ਆਪਣੀ ਜਾਂ ਆਪਣੀ ਕਿਸੇ ਰਚਨਾ ਦੀ ਆਲੋਚਨਾ ਪਸੰਦ ਨਹੀਂ।ਭਾਰਤ ਵਿਚ ਡਾ. ਰੌਸ਼ਨ ਦੇ ਵਿਦਿਆਰਥੀ ਮੱਖਣ ਵੱਲੋਂ ਆਪਣੇ ਇਕ ਪਰਚੇ ਵਿਚ ਉਸ ਦੇ ਨਾਵਲ ‘ਕੁਆਰੀਆਂ’ ਨੂੰ ਸਥਿਤੀ ਤੋਂ ਬਾਹਰ ਦਾ ਨਾਵਲ ਕਰਾਰ ਦੇਣ ਉੱਪਰ ਉਹ ਉਚੇਚ ਨਾਲ ਡਾ. ਰੌਸ਼ਨ ਕੋਲ ਇਤਰਾਜ਼ ਪ੍ਰਗਟਾਉਂਦਾ ਹੈ।ਫਿਰ ਉਹ ਲੰਡਨ ਜਾ ਕੇ ਇਸ ਨਾਵਲ ਉੱਪਰ ਹੋਰ ਪ੍ਰੋਗਰਾਮ ਕਰਵਾਉਣਾ ਚਾਹੁੰਦਾ ਹੈ।ਉਥੇ ਪਹੁੰਚਣ ਉੱਪਰ ਜਦੋਂ ਬਨਫੂਲ, ਰਸ਼ਪਾਲ ਅਤੇ ਜਗਦੀਪ ਉਸ ਦੇ ਨਾਵਲ ਤੋਂ ਕੁੱਝ ਲੋਕਾਂ ਦੇ ਔਖੇ ਹੋਣ ਦੀ ਸੂਚਨਾ ਦਿੰਦੇ ਹਨ ਤਾਂ ਕੁੰਦਨ ਇਨ੍ਹਾਂ ਸ਼ਬਦਾਂ ਨਾਲ ਸੰਬੋਧਤ ਹੁੰਦਾ ਹੈ:

“ਸਕੌਟਲੈਂਡ ਵਿਚ ਮੇਰੇ ਨਾਵਲ ਨੂੰ ਮਾੜਾ ਕਹਿਣ ਵਾਲਾ ਕਿਹੜਾ ਜੰਮ ਪਿਆ?........

ਮੈਨੂੰ ਜਾਪਦਾ ਏ ਕਿ ਏਹਨਾ ਲੋਕਾਂ ਕੋਲ ਸਿਰ ਹੈ ਨਹੀਂ, ਮੈਨੂੰ ਜਰਾ ਉਹਦਾ ਨੰਬਰ ਦੇ, ਮੈਂ ਪੁੱਛਦਾਂ ਕਿ ਨੋਬਲ ਪਰਾਈਜ਼ ਦੇ ਲੈਵਲ ਦਾ ਮੇਰਾ ਨਾਵਲ ਏਹਨਾ ਨੂੰ ਕਿਉਂ ਨਹੀਂ ਪਸੰਦ ਆਇਆ।”4.

ਕੁੰਦਨ ਆਪਣੇ ਨਾਵਲ ਨੂੰ ਸ਼ੋਹਰਤ ਦੇਣ ਲਈ ਆਪ ਹੀ ਇਕ ਪਰਚਾ ਲਿਖ ਲੈਂਦਾ ਹੈ।ਇਸ ਨੂੰ ਉਹ ਕਿਸੇ ਦੇ ਨਾਂ ਹੇਠ ਪੜ੍ਹਾਉਣ ਲਈ ਵੀ ਤਿਆਰ ਹੈ।ਉਸ ਦੀ ਇਹ ਬੌਖਾਲਹਟ ਨਾਵਲੀ ਵੇਰਵਿਆਂ ਵਿਚ ਥਾਂ ਪੁਰ ਥਾਂ ਵੇਖੀ ਜਾ ਸਕਦੀ ਹੈ।ਇਸੇ ਮਨੋ-ਸਥਿਤੀ ਵਿਚ ਕੁੰਦਨ ਇੰਗਲੈਂਡ ਤੋਂ ਦਿੱਲੀ ਪਹੁੰਚ ਜਾਂਦਾ ਹੈ।ਇਥੇ ਉਹ ਡਾ. ਰੌਸ਼ਨ ਸਿੰਘ ਤੇ ਹਰੀ ਸਿੰਘ ਵਰਗੇ ਵਿਦਵਾਨਾਂ ਨਾਲ ਵਿਗਾੜ ਲੈਂਦਾ ਹੈ।ਉਸ ਨੂੰ ਸਾਹਿਤਕ ਪ੍ਰੋਗਰਾਮਾਂ ਤੇ ਪਾਰਟੀਆਂ ਵਿਚੋ ਦਰਕਿਨਾਰ ਕਰ ਦਿੱਤਾ ਜਾਂਦਾ ਹੈ।ਆਪਣੀ ਹੇਠਲੀ ਮੰਜ਼ਿਲ ਯਾਨਿ ਕੁਲਵੰਤ ਦੇ ਘਰ ਹੋ ਰਹੀ ਪਾਰਟੀ ਵਿਚ ਬਿਨ ਬੁਲਾਏ ਮਹਿਮਾਨ ਵਾਂਗ ਪਹੁੰਚ ਜਾਂਦਾ ਹੈ।ਕੁਲਵੰਤ ਤੇ ਉਸ ਦੇ ਮੁੰਡੇ ਤੋਂ ਦਰਵਾਜ਼ੇ ਉੱਪਰ ਹੀ ਬੇਇੱਜ਼ਤ ਹੋ ਕੇ ਉਸ ਨੂੰ ਪਰਤਨਾ ਪੈਂਦਾ ਹੈ।ਕੁੰਦਨ ਇਸ ਸਾਰੇ ਵਤੀਰੇ ਤੋਂ ਦੁਖੀ ਹੋ ਕੇ ਇਕ ਦਿਨ ਡਾ. ਰੌਸ਼ਨ ਨੂੰ ਚੁਨੌਤੀ ਦਿੰਦਾ ਆਖਦਾ ਹੈ:

“ਤੈਨੂੰ ਚੈਲੰਜ ਕਰਦਾਂ ਕਿ ਮੈਂ ਤਾਂ ਹਾਲੇ ਦਿੱਲੀ ਵਿਚ ਈ ਰਹਿਣਾ ਪਰ ਤੂੰ ਮੇਰੇ ਹੁੰਦੇ ਹੋਏ ਇੰਗਲੈਂਡ ਵੜ੍ਹ ਕੇ ਦਿਖਾਈਂ।”5

ਕੁੰਦਨ ਦੀ ਸਾਹਿਤਕ ਹਊਮੈ ਦੇ ਕਥਾਨਕੀ ਵੇਰਵੇ ਉਸ ਦੇ ਕਿਰਦਾਰ ਨੂੰ ਅਰਸ਼ ਤੋਂ ਫਰਸ਼ ਉੱਪਰ ਲਿਆਂ ਸੁੱਟਦੇ ਹਨ।ਉਸ ਨੂੰ ਆਪਣੀ ਹਰ ਰਚਨਾ ਹੀ ਪਾਏਦਾਰ ਲੱਗਦੀ ਹੈ।ਆਪਣੇ ਨਾਵਲ ਪ੍ਰਕਾਸ਼ਿਤ ਹੋਣ ਉਪਰੰਤ ਫੜ੍ਹ ਮਾਰਦਾ ਹੋਇਆ ਉਹ ਉਸ ਨੂੰ ਨੋਬਲ ਪੁਰਸਕਾਰ ਦੇ ਪੱਧਰ ਦੀ ਰਚਨਾ ਕਰਾਰ ਦੇ ਦਿੰਦਾ ਹੈ।ਜਦਕਿ ਉਸ ਦੀ ਕੋਈ ਚਰਚਾ ਨਾ ਹੋਣ ਜਾਂ ਉਸ ਨੂੰ ਕੋਈ ਇਨਾਮ ਨਾ ਮਿਲਣ ਦੀ ਸੂਰਤ ਵਿਚ ਵਿਚਲਤ ਹੁੰਦਾ ਵੇਖਿਆ ਜਾ ਸਕਦਾ ਹੈ।ਉਸ ਦੀ ਇਹੀ ਤੜਪ ਉਸ ਨੂੰ ਪੂਰੇ ਨਾਵਲ ਵਿਚ ਇਕ ਤ੍ਰਾਸਦਿਕ ਪਾਤਰ ਦੇ ਰੂਪ ਵਿਚ ਪੇਸ਼ ਕਰਦੀ ਹੈ।

ਕੁੰਦਨ ਦੇ ਕਿਰਦਾਰ ਦੀ ਕਮਜ਼ੋਰੀ ਹੈ ਕਿ ਉਹ ਸਾਹਿਤ ਵਿਚ ਆਪਣੇ ਤੋਂ ਉੱਚਾ ਕਿਸੇ ਦਾ ਕੱਦ ਨਹੀਂ ਵੇਖਣਾ ਚਾਹੁੰਦਾ।ਇਸ ਲਈ ਉਹ ਆਪਣੇ ਨਜ਼ਦੀਕੀ ਸਾਹਿਤਕਾਰ ਦੋਸਤ ਜੋਗੇਂਦਰ ਵੱਲੋਂ ਲਿਖੇ ਨਾਵਲ ਨੂੰ ਵੀ ਨਕਾਰਦਾ ਹੋਇਆ ਉਸ ਨੂੰ ਸਿਰਫ਼ ਕਹਾਣੀਆਂ ਲਿਖਣ ਦੀ ਸਲਾਹ ਦਿੰਦਾ ਹੈ।ਪਰ ਉਸ ਦੀ ਪਤਨੀ ਮੋਹਨੀ ਰਾਹੀਂ ਜੋਗੇਂਦਰ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਕੁੰਦਨ ਨਾਵਲ ਦੇ ਖੇਤਰ ਵਿਚ ਉਸ ਨੂੰ ‘ਬੱਚਾ’ ਹੀ ਸਮਝਦਾ ਹੈ।ਇਸ ਲਈ ਜੋਗੇਂਦਰ ਆਪਣੇ ਨਾਵਲ ‘ਇਕ ਤਰਫਾ ਰਸਤਾ’ ਦੀ ਕਾਪੀ ਭੇਂਟ ਕਰਨ ਸਮੇਂ ਉਸ ਉੱਪਰ ‘ਨਾਵਲ ਦੇ ਬੱਚੇ ਜੋਗੇਂਦਰ ਵੱਲੋਂ ਨਾਵਲ ਦੇ ਬਾਪ ਡਾਕਟਰ ਕੁੰਦਨ ਨੂੰ ਮੋਹ ਨਾਲ’ ਲਿਖ ਦਿੰਦਾ ਹੈ।ਜੋਗੇਂਦਰ ਦੀ ਇਸ ਖ਼ੁਸ਼ਾਮਦੀ ਟਿੱਪਣੀ ਤੋਂ ਕੁੰਦਨ ਦੀ ਹਊਮੈਂ ਨੂੰ ਪੱਠੇ ਪੈ ਜਾਂਦੇ ਹਨ ਤੇ ਉਹ ਖ਼ੁਸ਼ ਹੋ ਜਾਂਦਾ ਹੈ।ਅਸਲ ਵਿਚ ਕੁੰਦਨ ਨੂੰ ਇਕ ਜ਼ਿਹਨੀ ਤੌਰ ’ਤੇ ਬੀਮਾਰ ਪਾਤਰ ਵਜੋਂ ਪੇਸ਼ ਕੀਤਾ ਗਿਆ ਹੈ।ਹਰ ਵਾਰ ਵੱਡਾ ਬਣਨ ਦੀ ਕੋਸ਼ਿਸ਼ ਵਿਚ ਉਹ ਅੱਧਾ ਵੀ ਨਹੀਂ ਰਹਿ ਜਾਂਦਾ।ਓਧਰ ਜੋਗੇਂਦਰ ਇਕ ਕੂਟਨੀਤਕ ਲੇਖਕ ਵਜੋਂ ਉਭਰਦਾ ਹੈ।ਉਹ ਬੜੀ ਹੁਸ਼ਿਆਰੀ ਨਾਲ ਕੁੰਦਨ ਦੀ ਅਧੀਨਗੀ ਕਬੂਲਦਾ ਹੋਇਆ ਨਾਵਲ ਸਿਰਜਨਾ ਵਿਚ ਅੱਗੇ ਨਿਕਲ ਜਾਂਦਾ ਹੈ।ਆਖਿਰਕਾਰ ਕੁੰਦਨ, ਜੋਗੇਂਦਰ ਦੇ ਨਾਵਲਾਂ ਦੀ ਸਥਾਪਤੀ ਵੇਖ ਕੇ ਉਸ ਨੂੰ ਆਪਣੇ ਬਰਾਬਰ ਦਾ ਨਾਵਲਕਾਰ ਮੰਨਣ ਲੱਗ ਪੈਂਦਾ ਹੈ।ਪਰ ਉਸ ਦੀ ਵੱਡਾ ਬਣਨ ਦੀ ਲਾਲਸਾ ਅਜੇ ਵੀ ਮੱਠੀ ਨਹੀਂ ਪੈਂਦੀ।ਹੁਣ ਉਹ ਜੋਗੇਂਦਰ ਨੂੰ ਇਕ ਵਿਸਾਖੀ ਵਜੋਂ ਵਰਤਣ ਦੇ ਆਹਰ ਵਿਚ ਹੈ।‘ਦੋ ਵੱਡੇ ਨਾਵਲਕਾਰ’ ਕਾਂਡ ਵਿਚ ਇਕ ਵਾਰੀ ਉਹ ਜੋਗੇਂਦਰ ਅੱਗੇ ਉਸ ਨੂੰ ਵੱਡਾ ਬਨਾਉਣ ਦਾ ਤਰਲਾ ਪਾਉਂਦਾ ਹੋਇਆ ਇਹ ਸੁਝਾਅ ਰੱਖਦਾ ਹੈ:

“….ਤੂੰ ਫੇਸਬੁੱਕ ’ਤੇ ਮੈਨੂੰ ਸਵਾਲ ਕਰ, ਔਖੇ ਔਖੇ ਸਾਹਿਤਕ ਤੇ ਰਾਜਨੀਤਕ ਸਵਾਲ! ਮੈਂ ਉਹਨਾਂ ਦਾ ਜਵਾਬ ਦੇਆਂਗਾ, ਲੋਕ ਦੇਖਦੇ ਰਹਿ ਜਾਣਗੇ।”6

ਅੱਗੋਂ ਜੋਗੇਂਦਰ ਉਸ ਨੂੰ ਫ਼ੋਨ ਉਪਰ ਉਸ ਦੀ ਵੀਡੀਓ ਬਣਾ ਕੇ ਯੂ ਟਿਊਬ ’ਤੇ ਪਾ ਦੇਣ ਦਾ ਸੁਝਾਅ ਦਿੰਦਾ ਹੈ।ਇੰਜ ਹਰ ਥਾਂ ਛਾਅ ਜਾਣ ਵਾਲੀ ਤਤਪਰਤਾ ਕੁੰਦਨ ਦਾ ਸਾਹਿਤਕ ਕੱਦ ਹੋਰ ਛੋਟਾ ਕਰ ਦਿੰਦੀ ਹੈ।ਪਾਠਕ ਲਈ ਇਹ ਗੱਲ ਹੋਰ ਵੀ ਪ੍ਰੇਸ਼ਨ ਕਰਨ ਵਾਲੀ ਹੈ ਕਿ ਕੁੰਦਨ ਇਕ ਸਥਾਪਤ ਲੇਖਕ ਹੋਣ ਦੇ ਬਾਵਜੂਦ ਮਾਨਸਿਕ ਤ੍ਰਿਪਤੀ ਲਈ ਖੱਜਲ-ਖੁਆਰੀ ਦੇ ਰਾਹ ਕਿਉਂ ਤਲਾਸ਼ ਰਿਹਾ ਹੈ।

ਜੁਗੇਂਦਰ ਨਾਲ ਕੁੰਦਨ ਦੀ ਦੋਸਤੀ ਵੀ ਅਜੀਬੋ-ਗਰੀਬ ਹੈ।ਜੋਗੇਂਦਰ ਉਸ ਦੀ ਹਰ ਮੁਸ਼ਕਿਲ ਦਾ ਸਾਥੀ ਹੈ।ਪਰ ਕੁੰਦਨ ਉਸ ਦੀਆਂ ਰਚਨਾਵਾਂ ਉੱਪਰ ਸ਼ਰੀਕ ਤੋਂ ਵੀ ਘਟੀਆ ਵਤੀਰਾ ਅਖ਼ਤਿਆਰ ਕਰਦਾ ਹੈ।ਉਸ ਦੇ ਨਾਵਲਾਂ ਉੱਪਰ ‘ਈਰਖਾ’ ਕਰਦਾ ਹੈ।ਮੋਹਣੀ ਅਨੁਸਾਰ ਦੋਹਾਂ ਵਿਚਕਾਰ ‘ਲਵ-ਹੇਟ’ ਵਾਲਾ ਰਿਸ਼ਤਾ ਬਣਿਆਂ ਰਹਿੰਦਾ ਹੈ।ਗੁਸੇ-ਗਿਲੇ ਮਗਰੋਂ ਫਿਰ ਦੋਵੇਂ ਇਕ-ਦੂਜੇ ਨੂੰ ਮਿਲਣ ਲਈ ਤਾਂਘਦੇ ਹਨ।ਇਕ ਵਾਰੀ ਲੰਮੇ ਰੋਸੇ ਮਗਰੋਂ ਦੋਵੇ ਮਿਲਦੇ ਹਨ ਤਾਂ ਕੁੰਦਨ ਵਿਚ ਪਬਲੀਸਿਟੀ ਵਾਲੀ ਜਗਿਆਸਾ ਮੁੜ ਪੈਦਾ ਹੁੰਦੀ ਹੈ।ਸਾਹਿਤਕ ਗੱਲਾਂ ਕਰਦਿਆਂ ਉਹ, ਜੋਗੇਂਦਰ ਸਾਹਮਣੇ ਇਕ ਸੌਦੇਬਾਜ਼ੀ ਵਾਲੀ ਤਜਵੀਜ਼ ਰੱਖਦਾ ਆਖਦਾ ਹੈ:

“ਆਪਾਂ ਏਤਰਾਂ ਕਰੀਏ ਕਿ ਦੋਵੇਂ ਭਰਾ ਇੰਡੀਆ ਦਾ ਚੱਕਰ ਮਾਰੀਏ।ਥਾਂ ਥਾਂ ਪ੍ਰੋਗਰਾਮ ਕਰਾਈਏ, ਸਟੇਜ ਤੋਂ ਮੈਂ ਤੈਨੂੰ ਪੰਜਾਬੀ ਦੇ ਵੱਡੇ ਨਾਵਲਕਾਰ ਦੇ ਤੌਰ ’ਤੇ ਸਥਾਪਤ ਕਰਾਂਗਾ, ਪਰ ਤੈਨੂੰ ਸਟੇਜ ਤੋਂ ਕਹਿਣਾ ਪਵੇਗਾ ਕਿ ਕੁੰਦਨ ਮੇਰੇ ਤੋਂ ਬਹੁਤ ਵੱਡਾ ਨਾਵਲਕਾਰ ਏ।”7

ਉਪਰੋਕਤ ਬਿਆਨ ਤੋਂ ਕੁੰਦਨ ਦੇ ਇਕ ਵੱਡੇ ਸਾਹਿਤਕਾਰ ਹੋਣ ਦੇ ਦਾਅਵੇ ਉੱਪਰ ਸ਼ੰਕਾ ਹੀ ਪੈਦਾ ਨਹੀਂ ਹੁੰਦੀ, ਉਸ ਵਿਚ ਇਕ ਬਚਪਨਾ ਵੀ ਝਲਕਦਾ ਹੈ।ਇੰਝ ਨਾਵਲਕਾਰ ਕੁੰਦਨ ਨੂੰ ਹਰ ਮੁਹਾਜ਼ ਉੱਪਰ ਨਾਕਾਮ ਸਿੱਧ ਕਰਨ ਦੀ ਜੁਗਤ ਦਾ ਸਹਾਰਾ ਲੈਂਦਾ ਪ੍ਰਤੀਤ ਹੁੰਦਾ ਹੈ।

ਹਰਜੀਤ ਅਟਵਾਲ ਨੇ ਜੇਠੂ ਦੇ ਸੁਭਾਅ ਦਾ ਕਰੂਪ ਚਿਹਰਾ ਪੇਸ਼ ਕੀਤਾ ਹੈ। ਉਸ ਦੇ ਕੁਰੱਖਤ ਸੁਭਾਅ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਜਾਂ ਪਰਾਏ ਨਾਲ ਇਕੋ ਜਿਹਾ ਵਿਵਹਾਰ ਕਰਦਾ ਹੈ।ਉਹ ਭਾਵੇ ਉਸ ਦਾ ਪੁੱਤਰ ਅਮਰਜੋਤ ਹੋਵੇ, ਸਾਲਾ ਨਿਰਮਲ ਸਿੰਘ ਜਾਂ ਫਿਰ ਵਿਦਵਾਨ ਹਰੀ ਸਿੰਘ।ਸ਼ਰਾਬ ਪੀਣ ਉਪਰੰਤ ਉਹ ਇਨ੍ਹਾਂ ਨੂੰ ਘਰੋਂ ਕੱਢਣ ਦਾ ਫੁਰਮਾਨ ਸੁਣਾ ਦਿੰਦਾ ਹੈ।ਉਹ ਆਪਣੇ ਪੁੱਤਰ ਅਮਰਜੋਤ ਨੂੰ ਘਰੋਂ ਕੱਢ ਦਿੰਦਾ ਹੈ।ਬਹੁਤ ਦੇਰ ਪਹਿਲਾਂ ਸਿਗਰਟ ਪੀਣ ਨੂੰ ‘ਬੁਰਾ’ ਕਹਿਣ ਵਾਲੇ ਆਪਣੇ ਸਾਲੇ ਨਿਰਮਲ ਸਿੰਘ ਤੋਂ ਉਹ ਬਦਲਾ ਲੈਂਦਾ ਹੈ।ਕੁੰਦਨ ਉਸ ਨੂੰ ‘ਮੈਨੂੰ ਤੇਰੀ ਦਾਹੜੀ ਚੰਗੀ ਨਹੀਂ ਲੱਗ ਰਹੀ’ ਦਾ ਤਾਹਨਾ ਮਾਰ ਕੇ ‘ਸਾਲਿਆ ਬੈਹੜਿਆਂ ਦਿਆ, ਮੇਰੇ ਘਰੋਂ ਨਿੱਕਲ’ ਵਰਗੇ ਅਪਮਾਨਿਤ ਸ਼ਬਦਾਂ ਰਾਹੀਂ ਰੋਟੀ ਖਾਂਦੇ ਨੂੰ ਹੀ ਘਰੋਂ ਕੱਢ ਦਿੰਦਾ ਹੈ।ਦਿੱਲੀ ਤੋਂ ਇੰਗਲੈਂਡ ਆਏ ਡਾ. ਹਰੀ ਸਿੰਘ ਨੂੰ ਉਸ ਦੀ ਸੰਰਚਨਾਵਾਦੀ ਸਮੀਖਿਆ ਪ੍ਰਣਾਲੀ ਉੱਪਰ ਜ਼ਲੀਲ ਕਰਦਾ ਹੋਇਆ ਕੁੰਦਨ ਉਸ ਨੂੰ ‘ਆਪਣਾ ਅਟੈਚੀ ਚੁੱਕ ਤੇ ਮੇਰੇ ਘਰੋਂ ਨਿਕਲ’ ਜਾਣ ਦਾ ਹੁਕਮ ਸੁਣਾ ਦਿੰਦਾ ਹੈ।ਕੁੰਦਨ ਦੇ ਵਿਵਹਾਰ ਤੋਂ ਤੰਗ ਉਸ ਦੀ ਪਤਨੀ ਕਈ ਵਾਰੀ ਘਰ ਛੱਡ ਕੇ ਜਾਣ ਲਈ ਮਜਬੂਰ ਹੋ ਜਾਂਦੀ ਸੀ।ਕੁੰਦਨ ਦੀਆਂ ਅਜਿਹੀਆਂ ਹਰਕਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਵਿਰੋਧਾਭਾਸੀ ਕਿਰਦਾਰ ਹੈ।ਉਸ ਦੇ ਸੁਭਾਅ ਵਿਚ ‘ਪਲ ਵਿਚ ਤੋਲਾ ਪਲ ਵਿਚ ਮਾਸਾ’ ਵਾਲੀ ਗੱਲ ਨਜ਼ਰ ਆਉਂਦੀ ਹੈ।ਇਕ ਪਾਸੇ ਤਾਂ ਉਹ ਅਗਲੇ ਨੂੰ ਪੂਰਾ ਮਾਣ-ਸਨਮਾਨ ਦਿੰਦਾ ਹੈ ਤੇ ਦੂਜੇ ਪਲ ਉਹ ਉਸ ਨਾਲ ਬੇਹੂਦਗੀ ਉੱਪਰ ਉੱਤਰ ਆਉਂਦਾ ਹੈ।ਜਿਵੇਂ ਡਾ. ਹਰੀ ਸਿੰਘ ਤੇ ਸਾਲੇ ਨਿਰਮਲ ਸਿੰਘ ਨੂੰ ਉਹ ਪਹਿਲਾਂ ਏਅਰਪੋਰਟ ਤੋਂ ਪੂਰੀ ਇੱਜ਼ਤ ਨਾਲ ਲੈ ਕੇ ਆਉਂਦਾ ਹੈ।ਪਰ ਘਰ ਵਿਚ ਲਿਆ ਕੇ ਉਨ੍ਹਾਂ ਨੂੰ ਬੇਇੱਜ਼ਤ ਕਰਦਾ ਹੈ।ਇਕ ਦਿਨ ਦੂਜੀ ਪਤਨੀ ਮੋਹਣੀ ਨਾਲ ਬਹਿਸ ਹੋਣ ਕਰਕੇ ਉਸ ਨੂੰ ‘ਨਿਕਲ ਮੇਰੇ ਘਰੋਂ, ਸਾਲੀ ਬੈਹੜਿਆਂ ਦੀ, ਬਰਾਬਰ ਬੋਲਦੀ ਏ!’ ਕਹਿ ਕੇ ਘਰੋਂ ਜਾਣ ਲਈ ਮਜਬੂਰ ਕਰ ਦਿੰਦਾ ਹੈ।ਇੰਝ ਉਹ ਪਤੀ, ਪਿਤਾ, ਜੀਜਾ, ਦੋਸਤ ਅਤੇ ਮੇਜ਼ਬਾਨ ਦੇ ਹਰ ਰਿਸ਼ਤੇ ਉੱਪਰ ਨਾਕਾਮ ਸਿੱਧ ਹੁੰਦਾ ਹੈ।ਆਪਣੀ ਨੌਕਰੀ ਤੋਂ ਅਗਾਊਂ ਸੇਵਾ-ਮੁਕਤੀ ਲੈ ਲੈਂਦਾ ਹੈ।ਮੋਹਣੀ ਨੂੰ ਵੀ ਨੌਕਰੀ ਛੱਡਣ ਲਈ ਮਜਬੂਰ ਕਰ ਦਿੰਦਾ ਹੈ।ਪਰ ਮਗਰੋਂ ਨੌਕਰੀਆਂ ਲਈ ਤਰਲੋਮੱਛੀ ਹੁੰਦਾ ਵੇਖਿਆ ਜਾ ਸਕਦਾ ਹੈ।ਕੁੰਦਨ, ਮੋਹਨੀ ਦੇ ਨੌਕਰੀ ਲੱਗ ਜਾਣ ਉਪਰੰਤ ਉਸ ਦੀ ਤਨਖਾਹ ਵਿਚ ਹੋਈ ਦੇਰੀ ਉੱਪਰ ਨਾਰਾਜ਼ ਹੁੰਦਾ ਹੈ।ਉਸ ਨੂੰ ਇਕ ਖੁਦਗਰਜ਼ ਪਤੀ ਵਾਂਗ ਨਸੀਹਤ ਦਿੰਦਾ ਆਖਦਾ ਹੈ:

“ਏਸ ਦੁਨੀਆਂ ਵਿਚ ਮੋਹ ਦਾ ਕੋਈ ਸਬੰਧ ਨਹੀਂ ਹੁੰਦਾ।ਸਾਰੇ ਸਬੰਧ ਪੈਸੇ ਦੇ ਹੁੰਦੇ ਨੇ, ਸਭ ਕੁਝ ਆਰਥਿਕਤਾ ਦੁਆਲੇ ਘੁੰਮਦਾ ਹੈ, ਏਸ ਲਈ ਅਗਲੀ ਬਾਰ ਤਨਖਾਹ ਬਾਰੇ ਜਰੂਰ ਪੁੱਛੀਂ।”8

ਕੁੰਦਨ ਦੇ ਉਪਰੋਕਤ ਵਿਹਾਰ ਤੋਂ ਉਸ ਵਿਚਲਾ ਅਸੱਭਿਅਕ ਮਨੁੱਖ ਹਾਵੀ ਰਹਿੰਦਾ ਹੈ। ਕੁੰਦਨ ਨੂੰ ਹੱਥਾਂ ਨਾਲ ਪਾਈਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਹਨ।ਜਿਸ ਤਰ੍ਹਾਂ ਦਾ ਵਿਹਾਰ ਉਹ ਦੂਜਿਆਂ ਨਾਲ ਕਰਦਾ ਹੈ, ਉਸੇ ਤਰ੍ਹਾਂ ਦਾ ਹਾਲ ਉਸ ਦਾ ਆਪਣਾ ਵੀ ਹੁੰਦਾ ਹੈ।ਨਾਵਲਕਾਰ ਉਸੇ ਬਦਲੇ ਦੀ ਜੁਗਤ ਰਾਹੀਂ ਕੁੰਦਨ ਨੂੰ ਜ਼ਲੀਲ ਹੁੰਦਾ ਵੀ ਦਰਸਾਉਂਦਾ ਹੈ।ਕੁੰਦਨ ਨੇ ਆਪਣੇ ਮੁੰਡੇ ਅਮਰਜੋਤ ਨੂੰ ਘਰੋਂ ਕੱਢ ਦਿੱਤਾ ਸੀ।ਮਗਰੋਂ ਅਮਰਜੋਤ ਵੀ ਕੁੰਦਨ ਨਾਲ ਉਸੇ ਸੁਰ ਵਿਚ ਹੀ ਪੇਸ਼ ਆਉਂਦਾ ਹੈ।ਉਹ ਆਪਣੇ ਆਪ ਨੂੰ ਸੈਲਫ-ਮੇਡ ਕਰਾਰ ਦਿੰਦਾ ਹੈ।ਪਿਤਾ ਕੁੰਦਨ ਨੂੰ ਘਰੋਂ ਬਾਹਰ ਦਾ ਰਸਤਾ ਵਿਖਾਉਂਦਾ ਅਮਰਜੋਤ ਦੁ-ਟੁੱਕ ਆਖ ਦਿੰਦਾ ਹੈ:

“ਯੂ ਵੈਂਕਰ, ਬਾਸਟ੍ਰਡ ਕੁੰਦਨ, ਨਿਕਲ ਮੇਰੇ ਘਰੋਂ, ਗੈੱਟ ਆਊਟ ਫਰੌਮ ਮਾਈ ਆਈਜ਼, ਯੂ ਆਰ ਈਵਲ!....ਤੂੰ ਹੁਣ ਮੇਰੀ ਮੈਰਿਡ ਲਾਈਫ਼ ਖਰਾਬ ਕਰਨ ਆ ਵੜਿਐਂ! ਤੇਰੇ ਤੋਂ ਮੇਰੀ ਖ਼ੁਸ਼ੀ ਝੱਲੀ ਨਹੀਂ ਜਾ ਰਹੀ, ਯੂ ਆਰ ਰੀਅਲੀ ਏ ਈਵਲ, ਮੇਰੇ ਘਰੋਂ ਇਕ ਦਮ ਬਾਹਰ ਹੋ ਜਾਹ!”9

‘ਮਿੰਨੀ ਮਾਨਵ’ ਕਾਂਡ ਵਿਚ ਕੁੰਦਨ ਦੇ ਕਿਰਦਾਰ ਦਾ ਕਰੂਪ ਚਿਹਰਾ ਹੋਰ ਭਿਆਨਕ ਹੋ ਜਾਂਦਾ ਹੈ।ਉਹ ਪਤਨੀ ਮੋਹਣੀ ਦਾ ਗਰਬਪਾਤ ਕਰਵਾ ਕੇ ਉਸ ਨੂੰ ਜੌੜੇ ਮੁੰਡਿਆਂ ਦੀ ਪ੍ਰਾਪਤੀ ਤੋਂ ਮਹਿਰੂਮ ਕਰ ਦਿੰਦਾ ਹੈ।ਦਿੱਲੀ ਵਿਚ ਸਾਹਿਤ ਅਕਾਦਮੀ ਦੇ ਇਨਾਮ ਅਤੇ ਨੌਕਰੀ ਲੈਣ ਦੀ ਬੇਸਬਰੀ ਕਾਰਨ ਆਪਣਾ ਵਕਾਰ ਹੋਰ ਡੇਗ ਲੈਂਦਾ ਹੈ।ਉਸ ਦੇ ਬੇਲਿਹਾਜ਼ ਸੁਭਾਅ ਕਾਰਨ ਲੋਕ ਉਸ ਤੋਂ ਪਾਸਾ ਵੱਟਣ ਲੱਗਦੇ ਹਨ।ਉਸ ਦਾ ਸਵਾਰਥੀ, ਲਾਲਚੀ ਤੇ ਮੌਕਾ ਪ੍ਰਸਤ ਚਿਹਰਾ ਉਸ ਸਮੇਂ ਹੋਰ ਨਿਖਰ ਕੇ ਸਾਹਮਣੇ ਆਉਂਦਾ ਹੈ ਜਦੋਂ ਦਿੱਲੀ ਵਿਖੇ ਕੁਲਵੰਤ ਦੀ ਮਦਦ ਨਾਲ ਉਸ ਦੇ ਉਪਰਲਾ ਫਲੈਟ ਮੋਹਿਨੀ ਨਾਲ ਸਾਂਝੇ ਰੂਪ ਵਿਚ ਖ੍ਰੀਦ ਲੈਂਦਾ ਹੈ।ਇਸ ਤੋਂ ਪਹਿਲਾ ਫਲੈਟ ਸਿਰਫ਼ ਮੋਹਿਨੀ ਦੇ ਨਾਂ ਉੱਪਰ ਸੀ।ਪਰ ਉਸ ਨੂੰ ਵੇਚ ਕੇ ਹੁਣ ਉਹ ਉਸ ਦਾ ਹਿੱਸੇਦਾਰ ਬਣਨ ਦੀ ਸੋਚੀ-ਸਮਝੀ ਚਾਲ ਵਿਚ ਕਾਮਯਾਬ ਹੋ ਜਾਂਦਾ ਹੈ।

ਕੁੰਦਨ ਦੀ ਜ਼ਿੰਦਗੀ ਦਾ ਪੈਰ-ਚੱਕਰ ਉਸ ਨੂੰ ਥਾਂ-ਥਾਂ ਜਾਣ ਲਈ ਮਜਬੂਰ ਕਰਦਾ ਹੈ।ਮੋਹਨੀ ਨਾਲ ਦੁਬਾਰਾ ਸੁਲਾਹ ਹੋ ਜਾਣ ਉਪਰੰਤ ਉਹ ਮਿਡਲਸੈਕਸ ਵਾਲਾ ਮਕਾਨ ਵੇਚ ਕੇ ਮੋਹਨੀ ਦੇ ਸ਼ਹਿਰ ਵਿਲਨਹਾਲ ਚਲਾ ਜਾਂਦਾ ਹੈ।ਉਥੇ ਵੀ ਉਸ ਦੀ ਲਾਲਸਾ ਸਾਹਿਤ ਸਭਾ ਉੱਪਰ ਛਾ ਜਾਣ ਦੀ ਰਹਿੰਦੀ ਹੈ।ਜੋਗੇਂਦਰ ਨਾਲ ਆਪਣੀਆਂ ਭਾਵੀ ਸਕੀਮਾਂ ਦੀ ਸਾਂਝ ਪਾਉਂਦਿਆਂ ਕੁੰਦਨ ਦੀਆਂ ਇਹ ਸਾਹਿਤਕ ਚਾਲਾਂ ਧਿਆਨ ਦੀ ਮੰਗ ਕਰਦੀਆਂ ਹਨ:

“ਮੈਂ ਆਹ ਸਾਰੇ ਬਾਵਰੇ-ਸਾਵਰੇ ਖੂੰਜੇ ਲਾ ਦੇਣੇ ਆਂ, ਮੈਂ ਸਰਕਾਰ ਤੋਂ ਮੋਟੀ ਸਾਰੀ ਗਰਾਂਟ ਲੈਣੀ ਆਂ, ਮਰਜ਼ੀ ਦੇ ਬੰਦੇ ਇੰਡੀਆ ਤੋਂ ਸੱਦਣੇ ਆਂ, ਮਰਜ਼ੀ ਦੇ ਪੇਪਰ ਲਿਖਾਉਣੇ ਆਂ, ਦੇਖ ਤਾਂ ਡਾਕਟਰ ਕੁੰਦਨ ਸਿੰਘ ਕੁੰਦਨ ਦੀ ਚਰਚਾ ਕਰਦੇ ਨੇ ਕਿ ਨਹੀਂ।…….ਹੋਰ ਸੁਣ, ਮੈਂ ਇਕ ਇਨਾਮ ਸ਼ੁਰੂ ਕਰਨ ਬਾਰੇ ਵੀ ਸੋਚ ਰਿਹਾਂ, ਫੇਰ ਮੈਂ ਲੋਕਾਂ ਨਾਲ ਲੈਣ-ਦੇਣ ਕਰਿਆ ਕਰਾਂਗਾ ਤੇ ਪੁੱਛਾਂਗਾ ਕਿ ਦੱਸੋ, ਮੈਨੂੰ ਕੀ ਦਿੰਦੇ ਓ।ਫੇਰ ਮੈਂ ਛੇਤੀ ਹੀ ਭਾਰਤੀ ਸਾਹਿਤ ਅਕੈਡਮੀ ਦੇ ਇਨਾਮ ਤਕ ਪਹੁੰਚ ਜਾਵਾਂਗਾ।”10

‘ਜੇਠੂ’ ਨਾਵਲ ਵਿਚ ਉਸ ਸਮੇਂ ਗੰਭੀਰ ਤਨਾਓ ਵਾਲੀ ਸਥਿਤੀ ਬਣ ਜਾਂਦੀ ਹੈ ਜਦੋਂ ਕੁੰਦਨ ਦਾ ਅਚਾਨਕ ਪੰਜਾਬੀ ਭਾਸ਼ਾ ਨਾਲੋਂ ਮੋਹ ਭੰਗ ਹੋ ਜਾਂਦਾ ਹੈ।ਉਂਜ ਇਸ ਤਰ੍ਹਾਂ ਦੀ ਘਟਨਾ ਮਹਿਜ਼ ਕੁੰਦਨ ਨਾਲ ਹੀ ਨਹੀਂ ਵਾਪਰਦੀ।ਪੰਜਾਬੀ ਦੇ ਹੋਰ ਵੀ ਕਈ ਲੇਖਕ ਪੰਜਾਬੀ ਤੋਂ ਹਿੰਦੀ ਤੇ ਅੰਗਰੇਜ਼ੀ ਸਮੇਤ ਦੂਜੀਆਂ ਭਾਸ਼ਾਵਾਂ ਵਿਚ ਲਿਖਣ ਦਾ ਪ੍ਰਯੋਗ ਕਰਦੇ ਰਹਿੰਦੇ ਹਨ।ਕੁੰਦਨ ਹੁਣ ਪੰਜਾਬੀ ਦੀ ਥਾਂ ਅੰਗਰੇਜ਼ੀ ਭਾਸ਼ਾ ਵਿਚ ਨਾਵਲ ਲਿਖਣ ਦਾ ਫੈਸਲਾ ਕਰ ਲੈਂਦਾ ਹੈ।ਇਸ ਨਾਲ ਉਸ ਦਾ ਪੰਜਾਬੀ ਪ੍ਰਤੀ ਵਤੀਰਾ ਸੱਤ ਬਿਗਾਨੇ ਵਾਲਾ ਬਣ ਜਾਂਦਾ ਹੈ।ਉਹ ਪੰਜਾਬੀ ਤੇ ਪੰਜਾਬੀ ਲੇਖਕਾਂ ਨੂੰ ਭੰਡਣਾ ਸ਼ੁਰੂ ਕਰ ਦਿੰਦਾ ਹੈ।ਜੁਗਿੰਦਰ ਵੱਲੋਂ ਦਿੱਤਾ ਨਾਵਲ ਮੋਹਣੀ ਨੂੰ ਫੜਾਉਂਦਾ ਹੋਇਆ ਕੁੰਦਨ ਕਹਿੰਦਾ ਹੈ:

“ਮੈਂ ਏਸ ਘਟੀਆ ਬੋਲੀ ਦੇ ਨਾਵਲ ਨੂੰ ਛੂਹਣਾ ਵੀ ਨਹੀਂ ਚਾਹੁੰਦਾ, ਮੈਨੂੰ ਅਲਰਜੀ ਏ ਏਸ ਤੋਂ, ਇਸ ਨੂੰ ਮੇਰੇ ਤੋਂ ਦੂਰ ਰੱਖ।”11

ਉਹ ਜੋਗੇਂਦਰ ਨੂੰ ਵੀ ਅੰਗਰੇਜ਼ੀ ਵਿਚ ਲਿਖਣ ਲਈ ਪ੍ਰੇਰਦਾ ਹੈ।ਉਸ ਨੂੰ ਆਪਣੇ ਕੋਲ ‘ਸਿਰ’ ਭਾਵ ਦਿਮਾਗ ਹੋਣ ਦਾ ਬਹੁਤ ਮਾਣ ਹੈ।ਜਦਕਿ ਕੁੰਦਨ ਨੂੰ ਅੰਗਰੇਜ਼ੀ ਵਿਚ ਨਾਵਲ ਛਾਪਣਾ ਵੀ ਖੱਜਲ-ਖੁਆਰੀ ਹੀ ਜਾਪਦਾ ਹੈ।ਅੰਗਰੇਜ਼ੀ ਦਾ ਕੋਈ ਵੀ ਪ੍ਰਕਾਸ਼ਕ ਉਸ ਦਾ ਨਾਵਲ ਛਾਪਣ ਲਈ ਤਿਆਰ ਨਹੀਂ ਹੁੰਦਾ।ਅਖੀਰ ਉਹ ਆਪਣਾ ਪ੍ਰਕਾਸ਼ਨ ਖੋਲ੍ਹ ਕੇ ਅੰਗਰੇਜ਼ੀ ਵਿਚ ਆਪਣਾ ‘ਲਾਵਾ’ ਨਾਂ ਦਾ ਨਾਵਲ ਛਾਪ ਲੈਂਦਾ ਹੈ।ਪਰ ਇਸ ਦੀ ਨਾ ਤਾਂ ਕੋਈ ਵਿਕਰੀ ਹੁੰਦੀ ਹੈ ਤੇ ਨਾ ਹੀ ਕੋਈ ਰਿਵਿਊ ਹੁੰਦਾ ਹੈ।ਇੰਜ ਉਸ ਦਾ ਅੰਗਰੇਜ਼ੀ ਨਾਲੋ ਵੀ ਮੋਹ-ਭੰਗ ਹੋ ਜਾਂਦਾ ਹੈ।ਅਜਿਹੀਆਂ ਘਟਨਾਵਾਂ ਸਪਸ਼ਟ ਕਰਦੀਆਂ ਹਨ ਕਿ ਕੁੰਦਨ ਇਕ ਅਸਥਿਰ ਮਾਨਸਿਕਤਾ ਵਾਲਾ ਲੇਖਕ ਹੈ।ਸਹਿਜ ਤੇ ਸਬਰ-ਸੰਤੋਖ ਤੋਂ ਉਹ ਕੋਹਾਂ ਦੂਰ ਹੈ।ਉਹ ਆਪਣੀਆਂ ਰਚਨਾਵਾਂ ਉੱਪਰ ਰਿਵਿਊ, ਸਾਹਿਤਕ ਗੋਸ਼ਟੀਆਂ ਅਤੇ ਚਰਚਾ ਆਦਿ ਲਈ ਬੇਤਾਬ ਰਹਿੰਦਾ ਹੈ।ਜੇਕਰ ਕੋਈ ਉਸ ਦੀ ਰਚਨਾ ਬਾਰੇ ਹੁੰਗਾਰਾ ਨਹੀਂ ਭਰਦਾ ਤਾਂ ਉਹ ਵਿਚਲਿਤ ਹੁੰਦਾ ਹੈ।ਕੁੰਦਨ ਦੀ ਪੇਸ਼ਕਾਰੀ ਦੇ ਬਹਾਨੇ ਹੱਥਲੇ ਨਾਵਲ ਵਿਚ ਪੰਜਾਬੀ ਸਾਹਿਤ ਤੇ ਸਾਹਿਤਕਾਰਾਂ ਦੀਆਂ ਸਮੱਸਿਆਵਾਂ ਉੱਪਰ ਵੀ ਤਿੱਖੀ ਬਹਿਸ ਸਿਰਜੀ ਗਈ ਹੈ।ਸਭ ਤੋਂ ਵੱਡੀ ਸਮੱਸਿਆ ਪੰਜਾਬੀ ਭਾਸ਼ਾ ਵਿਚ ਕਿਤਾਬ ਪ੍ਰਕਾਸ਼ਿਤ ਕਰਾਉਣ, ਉਸ ਨੂੰ ਵੰਡਣ ਅਤੇ ਉਸ ਦੇ ਪ੍ਰਚਾਰ ਨਾਲ ਸੰਬੰਧਤ ਹੈ।ਪੰਜਾਬੀ ਤੋਂ ਅੰਗਰੇਜ਼ੀ ਵੱਲ ਜਾਣ ਦੀ ਖੱਜਲ-ਖੁਆਰੀ ਮਗਰੋਂ ਕੁੰਦਨ ਮੁੜ ਤੋਂ ਪੰਜਾਬੀ ਵਿਚ ਨਾਵਲ ਛਪਵਾਉਣ ਵੱਲ ਅਹੁਲਦਾ ਹੈ।ਇਸ ਬਾਰੇ ਉਸ ਨਾਲ ਸਲਾਹ-ਮਸ਼ਵਰੇ ਦੌਰਾਨ ਜੋਗੇਂਦਰ ਇਕ ਵੱਡੇ ਯਥਾਰਥ ਦਾ ਪਰਦਾ ਫ਼ਾਸ਼ ਕਰਦਾ ਹੈ:

“ਭਾਊ, ਤੁਹਾਨੂੰ ਪਤਾ ਕਿ ਪੰਜਾਬੀ ਵਿਚ ਪਬਲਿਸ਼ਰ ਕਿਥੇ ਆ, ਇਹ ਤਾਂ ਸਾਰੇ ਪ੍ਰਿੰਟਰ ਆ, ਇਥੇ ਤਾਂ ਲੇਖਕ ਨੂੰ ਆਪੇ ਹੀ ਸਭ ਕੁਝ ਕਰਨਾ ਪੈਂਦਾ, ਪਹਿਲਾਂ ਪੈਸੇ ਦੇ ਕੇ ਛਪਵਾਉ, ਫੇਰ ਪੈਸੇ ਖਰਚ ਕੇ ਲੋਕਾਂ ਨੂੰ ਪੋਸਟ ਕਰੋ ਤੇ ਫੇਰ ਉਸ ਉੱਪਰ ਪੈਸੇ ਖਰਚ ਕੇ ਪ੍ਰੋਗਰਾਮ ਕਰਾਓ।”12

ਸਾਹਿਤਕ ਭੁੱਖ ਪੂਰੀ ਕਰਨ ਲਈ ਕੁੰਦਨ ਪ੍ਰਯੋਗਾਂ ਦਾ ਸਹਾਰਾ ਲੈਂਦਾ ਹੈ।ਇੰਜ ਕਰਦਿਆਂ ਉਹ ਡਰਾਮੇ ਲਿਖਣ ਵਿਚ ਵੀ ਨਾਕਾਮ ਰਹਿੰਦਾ ਹੈ।ਆਪਣੇ ਨਾਵਲ ਉੱਪਰ ਫ਼ਿਲਮ ਬਨਵਾਉਣ ਲਈ ਮੁੰਬਈ ਜਾਂਦਾ ਹੈ।ਉਥੇ ਉਸ ਦੀ ਪਹਿਲਾਂ ਆਸ਼ਾ ਤੇ ਫਿਰ ਮੀਨਾ ਨਾਂ ਦੀਆਂ ਔਰਤਾਂ ਨਾਲ ਦੋਸਤੀ ਹੋ ਜਾਂਦੀ ਹੈ।ਕੋਈ ਫ਼ਿਲਮਕਾਰ ਹੁੰਗਾਰਾ ਨਹੀਂ ਭਰਦਾ।ਇੰਝ ਉਸ ਦੀ ਮੁੰਬਈ ਫੇਰੀ ਆਯਾਸ਼ੀ ਤੱਕ ਹੀ ਸੀਮਿਤ ਰਹਿੰਦੀ ਹੈ।ਮੁੰਬਈ ਵਿਚ ਉਹ ਆਪਣੇ ਲਈ ਇਕ ਫਲੈਟ ਲੈ ਲੈਂਦਾ ਹੈ।ਮੀਨਾ ਨੂੰ ਲੰਡਨ ਲਿਆਉਣ ਬਾਰੇ ਪਤਨੀ ਮੋਹਣੀ ਨਾਲ ਵਾਰਤਾਲਾਪ ਦੌਰਾਨ ਉਸ ਦੀ ਮੋਹਣੀ ਤੋਂ ਇਕ ਵਾਰੀ ਫਿਰ ਦੂਰੀ ਵਧ ਜਾਂਦੀ ਹੈ।ਉਹ ਉਸ ਨੂੰ ਘਰੋਂ ਕੱਢ ਦਿੰਦਾ ਹੈ।ਦੋਵਾਂ ਦੀ ਗੱਲ ਤਲਾਕ ਤੱਕ ਪੁੱਜ ਜਾਂਦੀ ਹੈ।ਉਸ ਨੂੰ ਦਿੱਲੀ ਵਾਲਾ ਫਲੈਟ ਵੇਚ ਕੇ ਮੋਹਣੀ ਦਾ ਹਰਜ਼ਾਨਾ ਭਰਨਾ ਪੈਂਦਾ ਹੈ।ਇੰਜ ਪਹਿਲਾਂ ਪਤਨੀ ਮਨਜੀਤ ਕੌਰ ਦੀ ਮੌਤ ਤੇ ਫਿਰ ਦੂਜੀ ਪਤਨੀ ਮੋਹਣੀ ਤੋਂ ਤਲਾਕ ਉਸ ਨੂੰ ਔਰਤ ਦੇ ਸੁਖ ਤੋਂ ਵਾਂਝਾ ਕਰ ਦਿੰਦੇ ਹਨ।ਔਰਤ ਅਤੇ ਘਰ ਦੀ ਸਮੱਸਿਆ ਨਾਲ ਉਹ ਤਾ-ਉਮਰ ਜੂਝਦਾ ਰਹਿੰਦਾ ਹੈ।ਕੁੱਲ ਮਿਲਾ ਕੇ ਕੁੰਦਨ ਇਕ ਨਾਹਮੁੱਖੀ ਕਿਰਦਾਰ ਬਣ ਕੇ ਰਹਿ ਜਾਂਦਾ ਹੈ।

ਕੁੰਦਨ ਦੀ ਇਕੱਲਤਾ ਨਾਵਲ ਵਿਚ ਇਕ ਮੁੱਖ ਸਮੱਸਿਆ ਬਣ ਕੇ ਪੇਸ਼ ਹੋਈ ਹੈ।ਉਸ ਦੇ ‘ਅਲਕੋਹਲਕ’ ਅਤੇ ਔਰਤਬਾਜ਼ ਹੋਣ ਪਿੱਛੇ ਵੀ ਇਹੀ ਕਾਰਨ ਹੈ।ਲਾਚਾਰੀ ਵਿਚ ਕੁੰਦਨ ਸਾਰੇ ਸਕੇ ਸੰਬੰਧੀਆਂ ਨੂੰ ਕੋਸਣ ਲੱਗਦਾ ਹੈ।ਉਸ ਨੂੰ ਚਾਰੇ ਪਾਸੇ ਮਾਯੂਸੀ ਦਾ ਆਲਮ ਨਜ਼ਰ ਆਉਂਦਾ ਹੈ।ਇਕ ਹਾਦਸੇ ਵਿਚ ਲੱਤ ਟੁੱਟਣ ਉਪਰੰਤ ਆਪਣੇ ਦੋਸਤ ਮੁਸ਼ਤਾਕ ਮਲਿਕ ਕੋਲ ਆਪਣੀ ਇਕੱਲਤਾ ਦੀ ਦੁਹਾਈ ਦਿੰਦਾ ਕੁੰਦਨ ਆਖਦਾ ਹੈ:

“ਮੁਸ਼ਤਾਕ, ਮੇਰੇ ਸਕੇ ਭਰਾ! ਮੈਂ ਜੇਠੂ ਆਂ, ਜੇਠੂ ਨੂੰ ਕੋਈ ਲਾਈਕ ਨਹੀਂ ਕਰਦਾ, ਕੋਈ ਨਹੀਂ ਮਿਲਣ ਆਉਂਦਾ ਮੈਨੂੰ, ਜਿਵੇਂ ਮੈਂ ਸਭ ਲਈ ਮਰ ਗਿਆ ਹੋਵਾਂ।…..ਬਚਪਨ ਵਿਚ ਮਾ-ਪਿਉ ਛੱਡ ਗਏ, ਫੇਰ ਘਰਵਾਲੀ ਛੱਡ ਗਈ,…. ਸਾਰੇ ਦੋਸਤ, ਮੇਰਾ ਪੁੱਤ, ਮੇਰੀ ਧੀ, ਮੇਰੀ ਘਰਵਾਲੀ ਮੋਹਨੀ ਸਭ ਮੈਨੂੰ ਛੱਡ ਗਏ,….ਓ ਰੱਬ ਦੇ ਵਾਸਤੇ ਦੱਸੋ ਤਾਂ ਸਹੀ ਮੇਰਾ ਕਸੂਰ ਕੀ ਸੀ?”13

ਇਕ ਜੀਵਨੀ-ਮੂਲਕ ਰਚਨਾ ਵਿਚੋਂ ਪਾਠਕ ਦੀ ਉਤਸੁਕਤਾ ਸੰਬੰਧਤ ਸ਼ਖ਼ਸੀਅਤ ਦੀ ਤਲਾਸ਼ ਵੀ ਹੁੰਦੀ ਹੈ।ਨਾਵਲੀ ਵੇਰਵੇ ਕੁੰਦਨ ਦੀਆਂ ਰਚਨਾਵਾਂ, ਆਲੋਚਨਾ, ਰਿਹਾਇਸ਼ ਦੀਆਂ ਥਾਂਵਾਂ, ਪਤਨੀ ਮੋਹਣੀ ਤੇ ਪੰਜਾਬੀ ਦੇ ਲੇਖਕਾਂ ਤੇ ਵਿਦਵਾਨਾਂ ਨਾਲ ਸੰਬੰਧਾਂ ਦੀ ਤਫ਼ਸੀਲ ਜ਼ਾਹਿਰਾ ਰੂਪ ਵਿਚ ਇਕ ਵੱਡੇ ਤੇ ਪ੍ਰਸਿੱਧ ਲੇਖਕ ਨੂੰ ਮੂਰਤੀਮਾਨ ਕਰਨ ਵਿਚ ਸਹਾਈ ਹੁੰਦੇ ਹਨ।ਕੁੰਦਨ, ਦਵਿੰਦਰ ਕੌਰ ਦੀ ਸਵੈ-ਜੀਵਨੀ ਦਾ ਪਾਤਰ ਯਾਨਿ ਉਸ ਦਾ ਪਤੀ ਹੀ ਜਾਪਦਾ ਹੈ।ਪਰ ਸਵਾਲ ਇਹ ਨਹੀਂ ਕਿ ਕੁੰਦਨ ਸੱਚਮੁੱਚ ਕਿਹੜਾ ਲੇਖਕ ਹੈ।ਸਵਾਲ ਨਾਵਲਕਾਰ ਵੱਲੋਂ ਸਿਰਜੇ ਇਸ ਬਿਰਤਾਂਤ ਦਾ ਹੈ।ਉਹ ਆਪਣੇ ਇਸ ਕਲਪਿਤ ਪਾਤਰ ਦੇ ਨਿੱਜ ਨੂੰ ਪੇਸ਼ ਕਰਨ ਵਿਚ ਕਿਸ ਹੱਦ ਤੱਕ ਸਫ਼ਲ ਰਿਹਾ ਹੈ।ਬਿਰਤਾਂਤਕ ਵੇਰਵੇ ਇਸ ਗੱਲ ਦੇ ਗਵਾਹ ਹਨ ਕਿ ਨਾਵਲਕਾਰ ਹਰਜੀਤ ਅਟਵਾਲ ਨੇ ਕੁੰਦਨ ਦੇ ਧੁਰ ਅੰਦਰ ਦੀਆਂ ਡੂੰਘਾਣਾ ਨੂੰ ਚਿਤਰਨ ਵਿਚ ਸੰਵੇਦਨਸ਼ੀਲਤਾ ਵਿਖਾਈ ਹੈ।ਉਸ ਦਾ ਨਾਵਲ ‘ਜੇਠੂ’ ਇਕ ਬੰਦੇ ਵਿਚ ਦੋ ਕਿਰਦਾਰਾਂ ਦਾ ਬਿਰਤਾਂਤ ਹੈ।ਦੋਵਾਂ ਦੀ ਆਪੋ-ਆਪਣੀ ਫਿਤਰਤ ਹੈ।ਜੇਠੂ ਹਿੰਸਕ ਤੇ ਉਜੱਡ ਹੈ।ਕੁੰਦਨ ਲੇਖਕ ਤੇ ਵਿਦਵਾਨ।ਪਹਿਲਾ ਹਮੇਸ਼ਾ ਉਸ ਨੂੰ ਬਰਬਾਦੀ ਦਾ ਰਾਹ ਦਿਖਾਂੳਂਦਾ ਹੈ।ਦੂਜਾ ਤਰਕ ਨਾਲ ਗੱਲ ਕਰਦਾ ਹੈ।ਪਰ ਕੁੰਦਨ ਦੇ ਸੁਭਾਅ ਉੱਪਰ ਸਦਾ ਜੇਠੂ ਹਾਵੀ ਰਹਿੰਦਾ ਹੈ।ਜਿਥੇ ਜੇਠੂ ਹੁੰਦਾ ਹੈ ਉਥੇ ਉਸ ਨੂੰ ਜ਼ਿੰਦਗੀ ਵੀਰਾਨ ਦਿਸਦੀ ਹੈ।ਕੁੰਦਨ ਦੇ ਸਾਹਮਣੇ ਆਉਂਦਿਆਂ ਹੀ ਰਾਹ ਰੁਸ਼ਨਾਉਂਦਾ ਨਜ਼ਰ ਆਉਂਦਾ ਹੈ।ਨਾਵਲਕਾਰ ਹਰਜੀਤ ਅਟਵਾਲ ਨੇ ਇਸ ਨਾਵਲੀ ਬਿਰਤਾਂਤ ਰਾਹੀਂ ਕੁੰਦਨ ਦੇ ਨਿੱਜ ਤੇ ਅੰਤਰ-ਮਨ ਦੀਆਂ ਗੁੰਝਲਾਂ ਨੂੰ ਮਨੋਵਿਸ਼ਲੇਸ਼ਣੀ ਨਜ਼ਰੀਏ ਤੋਂ ਫੜ੍ਹਨ ਦੀ ਕੋਸ਼ਿਸ਼ ਕੀਤੀ ਹੈ।ਇੰਝ ਕਰਦਿਆਂ ਉਸ ਨੇ ਕੁੰਦਨ ਦੇ ਉਜੱਡ, ਅਯਾਸ਼, ਲੇਖਕ ਅਤੇ ਵਿਦਵਤਾ ਦੇ ਗੁਣਾਂ ਨੂੰ ਸੰਤੁਲਿਤ ਦ੍ਰਿਸ਼ਟੀਕੋਨ ਤੋਂ ਚਿਤਰਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ।ਜੇਠੂ ਦੇ ਪ੍ਰਭਾਵ ਕਾਰਨ ਕੁੰਦਨ ਸੁਪਰ ਈਗੋ ਦਾ ਸ਼ਿਕਾਰ ਰਹਿੰਦਾ ਹੈ।ਇਸੇ ਕਰਕੇ ਉਹ ਜ਼ਿੰਦਗੀ ਦੇ ਹਰ ਮੁਕਾਮ ਉੱਪਰ ਪਛੜ ਜਾਂਦਾ ਹੈ।ਸਾਹਿਤਕਾਰ, ਸਾਹਿਤ ਸਭਾਵਾਂ, ਆਲੋਚਕ, ਰਿਸ਼ਤੇਦਾਰ ਆਦਿ ਸਭ ਉਸ ਅੰਦਰਲੇ ਅੜੀਅਲ ਜੇਠੂ ਨੂੰ ਨਕਾਰ ਦਿੰਦੇ ਹਨ।ਅਖੀਰ ਨਾਵਲਕਾਰ ਨੇ ਕੁੰਦਨ ਨੂੰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਕਰਵਾ ਕੇ ਉਸ ਕੋਲੋਂ ਜੇਠੂ ਤੋਂ ਬੰਦ-ਖ਼ੁਲਾਸੀ ਕਰਾਉਣ ਦਾ ਦਮ ਵੀ ਭਰਵਾਇਆ ਹੈ।ਜੇਠੂ ਦੀ ਗ਼ੈਰ-ਹਾਜ਼ਰੀ ਵਿਚ ਕੁੰਦਨ ਮੁੜ ਤੋਂ ਬੇਟੇ ਅਮਰਜੋਤ ਕੋਲ ਜਾਣ ਲਈ ਤਿਆਰ ਹੋ ਜਾਂਦਾ ਹੈ।ਉਂਝ ਜੋਗੇਂਦਰ ਦੇ ਕਿਰਦਾਰ ਰਾਹੀਂ ਨਾਵਲ ਵਿਚ ਸਵੈ-ਜੀਵਨੀ-ਮੂਲਕ ਨਾਵਲ ਦੇ ਅੰਸ਼ ਵੀ ਵਿਦਮਾਨ ਹਨ।

ਹਵਲੇ

1. ਹਰਜੀਤ ਅਟਵਾਲ, ਜੇਠੂ, ਪੰਨਾ 42

2. ਉਹੀ……ਪੰਨਾ 58

3. ਉਹੀ…..ਪੰਨਾ 51-52

4. ਉਹੀ…..ਪੰਨਾ 89-90

5. ਉਹੀ…….ਪੰਨਾ 93

6. ਉਹੀ ….ਪੰਨਾ 176

7. ਉਹੀ……ਪੰਨਾ 156

8. ਉਹੀ…….ਪੰਨਾ 101

9. ਉਹੀ…..ਪੰਨਾ 160

10. ਉਹੀ…ਪੰਨਾ 133

11. ਉਹੀ …..ਪੰਨਾ 139

12. ਉਹੀ ……ਪੰਨਾ 162

13. ਉਹੀ……ਪੰਨਾ 123

Comments


bottom of page