ਪੀੜ੍ਹੀ-ਪਾੜਾ /
ਹਰਜੀਤ ਅਟਵਾਲ /
ਕੋਈ ਵੇਲਾ ਸੀ ਕਿ ਪੀੜ੍ਹੀ-ਪਾੜਾ ਪਰਵਾਸੀ ਸਾਹਿਤ ਦਾ ਮੁੱਖ ਲੱਛਣ ਹੋਇਆ ਕਰਦਾ ਸੀ ਕਿਉਂਕਿ ਸਾਡੀ ਉਦੋਂ ਦੀ ਨਵੀਂ ਪੀੜ੍ਹੀ ਉਪਰ ਪੱਛਮੀ ਸਭਿਆਚਾਰ ਨੇ ਬਹੁਤ ਡੂੰਘਾ ਅਸਰ ਕੀਤਾ ਸੀ ਤੇ ਭਾਰਤ ਤੋਂ ਆਏ ਲੋਕ ਹਾਲੇ ਉਸੇ ਸਭਿਆਚਾਰ ਨਾਲ ਲੈਸ ਸਨ ਸੋ ਦੋਵਾਂ ਪੀੜ੍ਹੀਆਂ ਵਿੱਚ ਵਿਰੋਧ ਬਹੁਤ ਜ਼ੋਰਾਂ ‘ਤੇ ਸੀ, ਇਹੋ ਸਭ ਲੇਖਕਾਂ ਦੀਆਂ ਲਿਖਤਾਂ ਵਿੱਚ ਵੀ ਆ ਰਿਹਾ ਸੀ। ਜਿਵੇਂ-ਜਿਵੇਂ ਦੁਨੀਆ ਇਕ ਪਿੰਡ ਬਣਦੀ ਗਈ, ਇਸ ਦੇ ਬਹੁਤੇ ਹਿੱਸੇ ਵਿੱਚ ਪੀੜ੍ਹੀ-ਪਾੜਾ ਇਕੋ ਤਰੀਕੇ ਨਾਲ ਵਾਪਰਨ ਲੱਗਾ। ਮੋਟੇ ਤੌਰ ‘ਤੇ ਪੀੜ੍ਹੀ-ਪਾੜਾ ਦੋ ਪੀੜ੍ਹੀਆਂ ਦੇ ਸੋਚਣ-ਢੰਗ ਦਾ ਫਰਕ ਹੈ। ਪੀੜ੍ਹੀ-ਪਾੜਾ ਨਵੀਂ ਪੀੜ੍ਹੀ ਦਾ ਪਹਿਲੀ ਪੀੜ੍ਹੀ ਨਾਲੋਂ ਸਭਿਆਚਾਰਕ ਪ੍ਰਤੀਮਾਨਾਂ, ਮਾਪਦੰਡਾਂ ਦਾ ਵੱਖਰੇ ਹੋਣਾ, ਤਰਕਾਂ ਦਾ ਅੱਡ ਹੋਣਾ ਹੈ ਜਿਸ ਦਾ ਪ੍ਰਭਾਵ ਵਿਹਾਰ, ਸਦਾਚਾਰਕ ਕਦਰਾਂ, ਧਾਰਮਿਕ ਯਕੀਨ, ਕੰਮ ਕਰਨ ਦੇ ਤਰੀਕੇ, ਦੂਜਿਆਂ ਦਾ ਇੱਜ਼ਤ-ਮਾਣ, ਰਾਜਨੀਤਕ ਵਿਚਾਰਾਂ ਉਪਰ ਪੈਂਦਾ ਹੈ। ਸਾਡੀਆਂ ਜ਼ਿੰਦਗੀ ਤੋਂ ਉਮੀਦਾਂ, ਲਗਾਤਾਰ ਸਮਾਜਕ, ਆਰਥਿਕ ਤੇ ਰਾਜਨੀਤਕ ਤਬੀਦੀਆਂ, ਤਕਨੀਕੀ ਤਰੱਕੀ ਤੇ ਸਾਡੇ ਆਲੇ-ਦੁਆਲੇ ਵਾਪਰ ਰਿਹਾ ਸਭ ਕੁਝ ਸਾਡੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ। ‘ਦਿ ਔਕਸਫੋਰਡ ਡਿਕਸ਼ਨਰੀ’ ਅਨੁਸਾਰ ਵੱਖ-ਵੱਖ ਪੀੜ੍ਹੀਆਂ ਦਾ ਵਖਰਾ ਵਿਹਾਰ ਹੀ ਪੀੜ੍ਹੀ-ਪਾੜਾ ਹੈ ਜੋ ਆਪਸੀ ਸਮਝ ਦੀ ਘਾਟ ਪੈਦਾ ਕਰਦਾ ਹੈ। ਪੀੜ੍ਹੀ-ਪਾੜੇ ਦੀ ਸਮਝ ਤੇ ਇਸ ਦਾ ਹੱਲ ਸਾਡੀ ਬੋਲੀ ਦੇ ਇਕ ਮੁਹਾਵਰੇ ਵਿੱਚ ਬਾਖੂਬੀ ਵਸਦਾ ਹੈ: ‘ਜਦ ਪਿਓ ਦੀ ਜੁੱਤੀ ਪੁੱਤ ਦੇ ਮੇਚ ਆਉਣ ਲੱਗ ਜਾਵੇ’। ਇਹ ਮੁਹਾਵਰਾ ਪੂਰਾ ਇਵੇਂ ਬਣੇਗਾ ਕਿ ਅਜਿਹੀ ਸਥਿਤੀ ਵਿੱਚ ਪਿਓ ਨੂੰ ਪੁੱਤਰ ਆਪਣੇ ਬਰਾਬਰ ਸਮਝਣਾ ਚਾਹੀਦਾ ਹੈ। ਪਰ ਇਵੇਂ ਹੁੰਦਾ ਨਹੀਂ, ਆਮ ਤੌਰ ‘ਤੇ ਪਿਓ, ਪਿਓ ਹੀ ਬਣੇ ਰਹਿਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ।
ਮੈਂ ਅਕਸਰ ਸੋਚਿਆ ਕਰਦਾ ਹਾਂ ਕਿ ਮੇਰੀ ਪੀੜ੍ਹੀ ਜੋ ਪੰਜਾਹਵਿਆਂ ਦੇ ਨੇੜੇ ਤੇੜੇ ਜਨਮੀ ਹੈ, ਨੂੰ ਪੀੜ੍ਹੀ-ਪਾੜੇ ਦੀ ਦੋਹਰੀ ਮਾਰ ਝੱਲਣੀ ਪਈ ਹੈ। ਸਾਡੇ ਮਾਂਪੇ ਆਪਣੀਆਂ ਮਰਜ਼ੀਆਂ ਸਾਡੇ ਉਪਰ ਥੋਪਦੇ ਸਨ ਤੇ ਇਹਨਾਂ ਨੂੰ ਮਨਵਾਉਣ ਲਈ ਹਿੰਸਕ ਵੀ ਹੁੰਦੇ ਸਨ। ਮੇਰੀ ਮਾਂ ਮੈਨੂੰ ਉਦੋਂ ਵੀ ਕੁੱਟ ਲੈਂਦੀ ਸੀ ਜਦ ਮੈਂ ਯੂਨੀਵਰਸਟੀ ਪੜ੍ਹਦਾ ਸਾਂ। ਅੱਜ ਅਗਲੀ ਪੀੜ੍ਹੀ ਸਾਡੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਤੇ ਸਾਡੇ ਕੋਲ ਆਪਣੀ ਪਹਿਲੀ ਪੀੜ੍ਹੀ ਵਰਗੀ ਜ਼ਬਰਦਸਤੀ ਮੰਨਵਾਉਣ ਵਾਲੀ ਤਾਕਤ ਵੀ ਨਹੀਂ। ਮੇਰੀ ਪੀੜ੍ਹੀ ਨੇ ਪਹਿਲਾਂ ਆਪਣੇ ਮਾਂਪਿਓ ਦੀਆਂ ਮਰਜ਼ੀਆਂ ਮੰਨੀਆਂ ਤੇ ਹੁਣ ਅਗਲੀ ਪੀੜ੍ਹੀ ਦੀਆਂ ਮਰਜ਼ੀਆਂ ਸੁਣਨੀਆਂ ਪੈਂਦੀਆਂ ਹਨ। ਮੈਨੂੰ ਯਾਦ ਹੈ, ਜੇ ਮੈਂ ਕਿਤੇ ਬਾਹਰ ਜਾਣਾ ਹੋਵੇ ਤਾਂ ਆਪਣੇ ਮਾਂਪਿਓ ਨੂੰ ਪੁੱਛਣਾ ਪੈਂਦਾ ਸੀ, ਜੇ ਉਹ ਨਾਂਹ ਕਰ ਦੇਣ ਤਾਂ ਮੈਂ ਨਹੀਂ ਜਾਂਦਾ ਸਾਂ ਤੇ ਹੁਣ ਅਗਲੀ ਪੀੜ੍ਹੀ ਨੇ ਬਾਹਰ ਜਾਣਾ ਹੋਵੇ ਤਾਂ ਉਹ ਪੁੱਛਦੇ ਨਹੀਂ, ਸਿਰਫ ਦੱਸਦੇ ਹਨ ਕਿ ਅਸੀਂ ਚੱਲੇ। ਦੱਸ ਵੀ ਦੇਣ ਤਾਂ ਵੱਡੀ ਗੱਲ ਹੈ। ਜਾਣੀਕਿ ਅਸੀਂ ਦੋ ਪੀੜ੍ਹੀਆਂ ਵਿੱਚ ਸੈਂਡਵਿੱਚ ਹਾਂ। ਸਾਡੇ ਪਿਓ ਕਹਿੰਦੇ ਸਨ ਕਿ ਤੁਹਾਨੂੰ ਕੁਝ ਨਹੀਂ ਪਤਾ,ਤੁਹਾਡੇ ਕੋਲ ਤਜਰਬੇ ਦੀ ਘਾਟ ਹੈ ਤੇ ਇਹੋ ਗੱਲ ਸਾਡੀ ਅਗਲੀ ਪੀੜ੍ਹੀ ਕਹਿੰਦੀ ਹੈ ਕਿ ਤੁਹਾਨੂੰ ਕੁਝ ਨਹੀਂ ਪਤਾ। ਮੇਰੀ ਮਾਂ ਕਿਹਾ ਕਰਦੀ ਕਿ ਆਪਣੇ ਪਿਓ ਦਾ ਕਹਿਣਾ ਮੰਨਿਆ ਕਰ, ਮੈਨੂੰ ਨਹੀਂ ਲਗਦਾ ਕਿ ਇਹ ਗੱਲ ਮੇਰੀ ਪਤਨੀ ਨੇ ਮੇਰੇ ਪੁੱਤਰ ਨੂੰ ਕਹੀ ਹੋਵੇ। ਖ਼ੈਰ ਸਾਡੀ ਇਸ ਪੀੜ੍ਹੀ ਨੇ ਪੀੜ੍ਹੀ-ਪਾੜੇ ਦੇ ਦੁੱਖ ਬਹੁਤੇ ਸਹੇ ਹਨ ਪਰ ਜ਼ਿੰਦਗੀ ਦੇ ਰੰਗ ਵੀ ਅਸੀਂ ਹੀ ਸਭ ਤੋਂ ਵੱਧ ਦੇਖੇ ਹੋਣਗੇ। ਸਾਡੇ ਜਨਮ ਵੇਲੇ ਬਹੁਤੇ ਪਿੰਡਾਂ ਵਿੱਚ ਬਿਜਲੀ ਵੀ ਨਹੀਂ ਸੀ, ਫਿਰ ਰੇਡੀਓ, ਟੈਲੀਵੀਯਨ, ਟੈਲੀਫੋਨ, ਮੁਬਾਈਲ ਫੋਨ ਤੋਂ ਲੈ ਕੇ ਅੱਜ ਦਾ ਇੰਟਰਨੈੱਟ। ਇਵੇਂ ਸਾਡਾ ਸਫਰ ਤਬਦੀਲੀਆਂ ਭਰਪੂਰ ਰਿਹਾ ਹੈ।
ਪਿਛਲੀਆਂ ਸਦੀਆਂ ਵਿੱਚ ਪੀੜ੍ਹੀ-ਪਾੜੇ ਵਰਗਾ ਕੋਈ ਸ਼ਬਦ ਹੈ ਹੀ ਨਹੀਂ ਸੀ। ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਵੀ ਕੋਈ ਸਮਾਜਕ ਮਸਲਾ ਹੋ ਸਕਦਾ ਹੈ। ਜਰਮਨ ਸਮਾਜਵਿਗਿਆਨੀ ਕਾਰਲ ਮੈਨਹਿਅਮ ਨੇ ਪੀੜ੍ਹੀ-ਪਾੜੇ ਨੂੰ ਸਮਝਦਿਆਂ ਪਹਿਲੀ ਵਾਰ ਇਕ ਲੇਖ ਲਿਖਿਆ, ਜੋ 1952 ਵਿੱਚ ਅੰਗਰੇਜ਼ੀ ਵਿੱਚ ‘ਦਿ ਥਿਊਰੀ ਔਫ ਜਨਰੇਸ਼ਨ’ ਦੇ ਨਾਂ ਹੇਠ ਛਪਿਆ। ਪੀੜ੍ਹੀ-ਪਾੜੇ ਬਾਰੇ ਇਹ ਪਹਿਲਾ ਢੁਕਵਾਂ ਲੇਖ ਸੀ। ‘ਦਿ ਸੋਸ਼ਿਓਲੌਜੀਕਲ ਥਿਊਰੀ ਔਫ ਜਨਰੇਸ਼ਨ ਗੈਪ’ ਪਿਛਲੀ ਸਦੀ ਦੇ ਸਠਵਿਆਂ ਵਿੱਚ ਹੋਂਦ ਵਿੱਚ ਆਈ ਜਦ ਨਵੀਂ ਪੀੜ੍ਹੀ ਨੇ ਮਾਂਪਿਆਂ ਦੇ ਹਰ ਯਕੀਨ ਤੋੜ ਕੇ ਰੱਖ ਦਿੱਤਾ। ਇਸ ਯਕੀਨ ਵਿੱਚ ਸੰਗੀਤ, ਕਦਰਾਂ-ਕੀਮਤਾਂ, ਗੌਰਮਿੰਟਲ ਤੇ ਰਾਜਨੀਤਕ ਵਿਚਾਰ, ਸਭਿਆਚਾਰਕ ਸਮਝ ਆਉਂਦੇ ਸਨ। ਇਵੇਂ ਨਵੀਂ ਪੀੜ੍ਹੀ ਦੇ ਲੋਕ ਅਜਿਹੀਆਂ ਗਤੀ-ਵਿਧੀਆਂ ਵਿੱਚ ਪੈਂਦੇ ਹਨ ਜਿਹਨਾਂ ਨੂੰ ਪੁਰਾਣੇ ਲੋਕ ਪਸੰਦ ਨਹੀਂ ਕਰਦੇ ਤੇ ਉਹ ਇਕੱਲੇ ਹੋ ਜਾਂਦੇ ਹਨ ਤੇ ਮਸਲੇ ਖੜੇ ਹੋਣ ਲਗਦੇ ਹਨ। ਇਕ ਪੜਾਅ ‘ਤੇ ਆ ਕੇ ਸਮਾਜਵਿਗਿਆਨੀਆਂ ਨੇ ਪੀੜ੍ਹੀ-ਪਾੜੇ ਨੂੰ ਉਮਰਾਂ ਦੇ ਹਿਸਾਬ ਨਾਲ ਵੰਡ ਕੇ ਇਸ ਦੀ ਪੱਛਾਣ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੀੜ੍ਹੀਆਂ ਦੀ ਇਹ ਪੱਛਾਣ ‘ਬੇਬੀ ਬੂਮਰਜ਼’ ਤੋਂ ਸ਼ੁਰੂ ਹੁੰਦੀ ਹੈ, ਇਸ ਵਿੱਚ ਉਹ ਲੋਕ ਆਉਂਦੇ ਹਨ ਜੋ ਦੂਜੇ ਮਹਾਂਯੁੱਧ ਤੋਂ ਬਾਅਦ ਜਨਮੇ। ਇਸ ਤੋਂ ਪਹਿਲਾਂ ਦੀ ਪੀੜ੍ਹੀ ਨੂੰ ‘ਸਾਈਲੈਂਟ ਜਨਰੇਸ਼ਨ’ ਕਿਹਾ ਗਿਆ ਹੈ। ‘ਬੇਬੀ ਬੂਮਰਜ਼’ ਜਿਹੜੇ ਬੱਚੇ 1946 ਤੋਂ ਲੈ ਕੇ 1964 ਵਿੱਚ ਪੈਦਾ ਹੁੰਦੇ ਹਨ, ਜਿਹਨਾਂ ਦੀ ਉਮਰ ਇਸ ਵੇਲੇ ਪਝੱਤਰ ਸਾਲ ਤੋਂ ਸਤਵੰਜਾ ਸਾਲ ਦੇ ਵਿਚਕਾਰ ਹੋਵੇਗੀ। ਇਸ ਪੱਛਾਣ ਦਾ ਦੂਜਾ ਭਾਗ ‘ਜਨਰੇਸ਼ਨ-ਐਕਸ’ ਹੈ, ਜਿਹੜੇ ਬੱਚੇ 1965 ਤੋਂ ਲੈ ਕੇ 1980 ਵਿਚਕਾਰ ਜੰਮੇ ਤੇ ਜਿਹਨਾਂ ਦੀ ਉਮਰ ਇਸ ਵੇਲੇ ਛਪੰਜਾ ਤੋਂ ਇਕਤਾਲੀ ਸਾਲ ਦੇ ਵਿਚਕਾਰ ਹੋਵੇਗੀ। ਤੇ ਤੀਜਾ ਭਾਗ ‘ਫੋਲੋ ਜਨਰੇਸ਼ਨ ਐਕਸ’ ਜਾਂ ‘ਮਿਲੇਨੀਅਲਜ਼’ ਹੈ, ਜਿਹੜੇ ਲੋਕ 1981 ਤੋਂ 1997 ਵਿਚਕਾਰ ਵਿੱਚ ਜਨਮੇ ਹਨ ਤੇ ਜਿਹਨਾਂ ਦੀ ਉਮਰ ਇਸ ਵੇਲੇ ਚਾਲੀ ਸਾਲ ਤੋਂ ਲੈ ਕੇ ਚੌਵੀ ਸਾਲ ਦੇ ਵਿਚਕਾਰ ਹੈ। ਇਸ ਤੋਂ ਬਾਅਦ ਦੀ ਪੀੜ੍ਹੀ ਨੂੰ ‘ਜਨਰੇਸ਼ਨ ਜ਼ੈਡ’ ਤੇ ਫਿਰ ਉਸ ਤੋਂ ਬਾਅਦਲੀ ਪੀੜ੍ਹੀ ਨੂੰ ‘ਜਨਰੇਸ਼ਨ ਅਲਫਾ’ ਕਿਹਾ ਜਾਂਦਾ ਹੈ।
ਅਸੀਂ ਜ਼ਰਾ ਕੁ ਧਿਆਨ ਨਾਲ ਦੇਖੀਏ ਤਾਂ ਸਾਨੂੰ ਹਰ ਪੀੜ੍ਹੀ ਆਪਣਾ ਟਰੈਂਡ ਸੈਟ ਕਰਦੀ ਨਜ਼ਰ ਆਵੇਗੀ। ਇਕੋ ਵੇਲੇ ਕਈ ਪੀੜ੍ਹੀਆਂ ਉਮਰ ਵਿੱਚ ਅੱਗੇ ਵੱਧ ਰਹੀਆਂ ਹੁੰਦੀਆਂ ਹਨ ਪਰ ਆਪਸ-ਵਿੱਚ ਉਹੀ ਉਲਝਦੀਆਂ ਹਨ ਜਿਹਨਾਂ ਦਾ ਆਪਸੀ ਵਾਹ ਪੈਂਦਾ ਹੈ। ਇਹ ਵਾਹ ਘਰ ਵਿੱਚ ਵੀ ਪੈ ਸਕਦਾ ਹੈ, ਕੰਮ ਉਪਰ ਜਾਂ ਆਮ ਪਬਲਿਕ ਥਾਵਾਂ ‘ਤੇ ਵੀ। ਅੱਜ ਦੀ ਪੀੜ੍ਹੀ ਦਾ ਸਭ ਕੁਝ ਮੁਬਾਈਲ ਫੋਨ ਵਿੱਚ ਹੈ: ਟੈਲੀਵੀਯਨ ਵੀ, ਕਿਤਾਬਾਂ ਵੀ, ਫਿਲਮਾਂ ਵੀ, ਪੜ੍ਹਾਈ ਵੀ, ਨੌਕਰੀ ਨਾਲ ਜੁੜੇ ਫਿਕਰ ਵੀ, ਵਿਓਪਾਰ ਨਾਲ ਜੁੜੀਆਂ ਜ਼ਰੂਰਤਾਂ ਵੀ, ਸਿਹਤ ਨਾਲ ਸੰਬੰਧਤ ਸੋਧਾਂ ਵੀ। ਹਰ ਗੱਲ ਦੀ ਐਪ ਬਣੀ ਮਿਲਦੀ ਹੈ। ਮੇਰੇ ਆਪਣੇ ਘਰ ਵਿੱਚ ਉਸ ਵੇਲੇ ਕੁੜ-ਕੁੜ ਸ਼ੁਰੂ ਹੋ ਜਾਂਦੀ ਹੈ ਜਦ ਔਨ ਲਾਈਨ ਕੀਤੀ ਸ਼ੌਪਿੰਗ ਦੇ ਲਿਫਾਫੇ ਪੁੱਜਦੇ ਹਨ। ਵੈਸੇ ਕਰੋਨਾ ਦੇ ਯੁੱਗ ਵਿੱਚ ਔਨ ਲਾਈਨ ਸ਼ੌਪਿੰਗ ਬਹੁਤ ਫਾਇਦੇਵੰਦ ਸਿੱਧ ਹੋਈ ਹੈ। ਸਾਡੇ ਬੱਚੇ ਭਾਵੇਂ ਹੁਣ ਵੱਡੇ ਹੋ ਚੁੱਕੇ ਹਨ, ਕਦੇ-ਕਦੇ ਹੀ ਮਿਲਦੇ ਹਨ ਪਰ ਜਦ ਵੀ ਮਿਲਦੇ ਹਨ ਤਾਂ ਫੋਨ ਅੱਖਾਂ ਮੁਹਰੇ ਰੱਖੀ ਹੀ ਗੱਲ ਕਰਦੇ ਹਨ। ਕਰੋਨਾ ਦੇ ਇਸ ਦੌਰ ਵਿੱਚ ਘਰੋਂ ਹੀ ਕੰਮ ਕਰਨ ਦੇ ਰੁਝਾਨ ਨੇ ਨਵੀਂ ਪੀੜ੍ਹੀ ਦੇ ਜੀਵਨ ਨੂੰ ਵੱਖਰਾ ਹੀ ਮੋੜ ਦੇ ਦਿੱਤਾ ਹੈ। ਸਾਡੀ ਪੀੜ੍ਹੀ ਨੇ ਕਦੇ ਘਰੋਂ ਕੰਮ ਕਰਨ ਬਾਰੇ ਸੋਚਿਆ ਵੀ ਨਹੀਂ ਸੀ।
ਪੰਜਾਬੀ ਵਿੱਚ ਪੀੜ੍ਹੀ-ਪਾੜੇ ਬਾਰੇ ਬਹੁਤਾ ਕੁਝ ਲਿਖਿਆ ਨਹੀਂ ਮਿਲਦਾ। ਹਰ ਪੀੜ੍ਹੀ ਦਾ ਇਕ ਵਿਸ਼ੇਸ਼ ਮਹੱਤਵ ਹੁੰਦਾ ਹੈ, ਸਾਨੂੰ ਇਸ ਨੂੰ ਸਮਝਣ ਦੀ ਲੋੜ ਹੈ ਤੇ ਇਸਦੀ ਕਦਰ ਕਰਨੀ ਚਾਹੀਦੀ ਹੈ। ਮੈਨੂੰ ਆਪਣੀ ਅਗਲੀ ਪੀੜ੍ਹੀ ਬਹੁਤ ਸਮਰਥਾਵਾਨ ਜਾਪਦੀ ਹੈ। ਮੈਂ ਇਸ ਤੋਂ ਬਹੁਤ ਕੁਝ ਸਿਖਿਆ ਹੈ। ਮੈਨੂੰ ਜਿੰਨਾ ਕੁ ਅੱਜ ਕੰਪਿਊਟਰ ਵਰਤਣਾ ਆਉਂਦਾ ਹੈ ਇਹ ਸਭ ਮੇਰੇ ਬੱਚਿਆਂ ਦੀ ਬਦੌਲਤ ਹੀ ਹੈ। ਇਕ ਵਾਰ ਮੇਰਾ ਇਕ ਦੋਸਤ, ਜੋ ਕੰਪਿਊਟਰ ਦੀਆਂ ਕਲਾਸਾਂ ਲੈ ਕੇ ਇਸ ਦਾ ਮਾਹਿਰ ਬਣ ਗਿਆ ਸੀ, ਸਾਡੇ ਘਰ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਆ ਤੈਨੂੰ ਕੰਪਿਊਟਰ ਬਾਰੇ ਸਮਝਾਵਾਂ। ਜਦ ਉਸਨੇ ਦੇਖਿਆ ਕਿ ਇਸ ਨਾਲ ਥੋੜੀ-ਬਹੁਤ ਜਾਣ-ਪੱਛਾਣ ਹੈ ਤਾਂ ਉਹ ਬਹੁਤ ਹੈਰਾਨ ਹੋਇਆ। ਮੈਂ ਆਪਣੇ ਬੱਚਿਆਂ ਵੱਲ ਇਸ਼ਾਰਾ ਕਰਦਿਆਂ ਬੋਲਿਆ ਕਿ ਦੇਖ, ਮੇਰੇ ਤਿੰਨ ਅਧਿਆਪਕ। ਮੇਰਾ ਯਕੀਨ ਹੈ ਕਿ ਪੀੜ੍ਹੀ-ਪਾੜੇ ਨੂੰ ਪੱਛਾਣਦਿਆਂ ਇਸ ਨੂੰ ਪੂਰਨ ਦੀ ਜਾਂ ਇਸ ਉਪਰ ਪੁੱਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਆਪਣੇ ਪਿਤਾ ਨਾਲ ਆਪਣੇ ਫਰਕਾਂ ਨੂੰ ਪਛਾਣਦਾ ਹੋਇਆ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਮੈਨੂੰ ਪਤਾ ਸੀ ਕਿ ਮੇਰੇ ਪਿਤਾ ਨੂੰ ਡਰਾਈਵਿੰਗ ਸੀਟ ‘ਤੇ ਬੈਠੇ ਰਹਿਣ ਦੀ ਆਦਤ ਹੈ, ਮੈਂ ਇੰਗਲੈਂਡ ਤੋਂ ਵਾਪਸ ਘਰ ਜਾਂਦਾ ਤਾਂ ਆਪਣੇ ਸਾਰੀ ਕਮਾਈ ਤੇ ਕਾਗਜ਼-ਪੱਤਰ ਉਹਨਾਂ ਦੇ ਹਵਾਲੇ ਕਰ ਦਿੰਦਾ ਤੇ ਜਦ ਵੀ ਖਰਚ ਦੀ ਲੋੜ ਹੁੰਦੀ ਤਾਂ ਪੈਸੇ ਉਹਨਾਂ ਤੋਂ ਮੰਗਦਾ। ਇਸੇ ਗੱਲ ਦਾ ਉਹਨਾਂ ਨੂੰ ਬਹੁਤ ਹੌਸਲਾ ਰਹਿੰਦਾ। ਇਸ ਮੁਕਾਬਲੇ ਮੇਰੇ ਪੁੱਤਰ ਨੇ ਕਦੇ ਮੈਨੂੰ ਇਕ ਪੈਨੀ ਨਹੀਂ ਦਿੱਤੀ ਤੇ ਨਾ ਕਦੇ ਦੱਸਿਆ ਕਿ ਉਸ ਦੀ ਕਿੰਨੀ ਤਨਖਾਹ ਹੈ। ਜਦ ਪਿਤਾ ਮੇਰੇ ਕੋਲ ਇੰਗਲੈਂਡ ਪੱਕੇ ਤੌਰ ‘ਤੇ ਰਹਿਣ ਆ ਗਏ ਤਾਂ ਉਹਨਾਂ ਨੇ ਇਕ ਕਿਸਮ ਨਾਲ ਸੁਰੈਂਡਰ ਕਰ ਦਿੱਤਾ ਸੀ। ਇਕ ਵਾਰ ਮੇਰੇ ਚਾਚੇ ਨਾਲ ਇਸ ਗੱਲ ਦਾ ਜ਼ਿਕਰ ਕਰਦੇ ਕਹਿ ਰਹੇ ਸਨ ਕਿ ਜੀਵਨ ਵਿੱਚ ਇਕ ਮੌਕਾ ਆਉਂਦਾ ਹੈ ਕਿ ਤੁਹਾਨੂੰ ਸਵਾਰੀ ਬਣਨਾ ਪੈਂਦਾ ਹੈ ਤੇ ਬਣ ਜਾਣਾ ਚਾਹੀਦਾ ਹੈ। ਵੈਸੇ ਵੀ ਉਮਰ ਵੱਧਣ ਨਾਲ ਪਿਓ ਪੁੱਤਰ ਦੋਸਤਾਂ ਵਾਂਗ ਹੋ ਜਾਇਆ ਕਰਦੇ ਹਨ।
ਐਵੀਵਾ, ਯੂਕੇ ਦੀ ਇਕ ਵੱਡੀ ਇੰਸ਼ੋਰੈਂਸ ਕੰਪਨੀ, ਨੇ ਪੀੜ੍ਹੀ-ਪਾੜੇ ਬਾਰੇ ਬਹੁਤ ਦਿਲਚਸਪ ਖੁਲਾਸੇ ਕੀਤੇ ਹਨ। ਕੰਪਨੀ ਵਿੱਚ ਕੰਮ ਕਰਦੇ ਪੰਜਾਹ ਸਾਲ ਤੋਂ ਉਪਰਲੇ ਲੋਕ ਨਵੀਂ ਪੀੜ੍ਹੀ ਦੇ ਕਾਮਿਆਂ ਨਾਲ ਨਿਭਾਅ ਨਹੀਂ ਸਨ ਕਰ ਪਾ ਰਹੇ ਤੇ ਨਵੀਂ ਪੀੜ੍ਹੀ ਪੁਰਾਣੇ ਲੋਕਾਂ ਤੋਂ ਦੁਖੀ ਸੀ। ਇਵੇਂ ਪੀੜ੍ਹੀਆਂ ਦੇ ਟਕਰਾਅ ਕਾਰਨ ਕੰਪਨੀ ਕਈ ਵਧੀਆ ਹੁਨਰਵੰਦ ਕਾਮੇ ਗਵਾ ਰਹੀ ਸੀ। ਇਸ ਮਸਲੇ ਨੂੰ ਹੱਲ ਕਰਨ ਲਈ ਕੰਪਨੀ ਨੇ ‘ਜਨਰੇਸ਼ਨਜ਼’ ਨਾਮੀ ਪਰੋਗਰਾਮ ਸ਼ੁਰੂ ਕੀਤਾ ਤਾਂ ਜੋ ਸਾਰੀਆਂ ਪੀੜ੍ਹੀਆਂ ਰਲ਼-ਮਿਲ਼ ਕੇ ਕੰਮ ਕਰ ਸਕਣ। ਇਵੇਂ ਹੀ ਕਈ ਕੰਪਨੀਆਂ ਨੂੰ ਮਾਰਕਿਟਿੰਗ ਕਰਨ ਵਿੱਚ ਵੀ ਦਿੱਕਤਾਂ ਪੇਸ਼ ਆਉਂਦੀਆਂ ਹਨ। ਵਡੇਰੀ ਉਮਰ ਦੇ ਲੋਕ ਨਵੀਂ ਪੀੜ੍ਹੀ ਦੇ ਗਾਹਕਾਂ ਨਾਲ ਸਹੀ ਤਾਲ-ਮੇਲ ਨਹੀਂ ਬੈਠਾ ਸਕਦੇ। ਨਵੀਂ ਪੀੜ੍ਹੀ ਦੇ ਲੋਕ ਪੁਰਾਣੀ ਪੀੜ੍ਹੀ ਦੇ ਗਾਹਕਾਂ ਨੂੰ ਮੁਤਾਸਰ ਕਰਨ ਵਿੱਚ ਫੇਲ੍ਹ ਰਹਿੰਦੇ ਹਨ। ਕੁਝ ਕੰਪਨੀਆਂ ਨੇ ਵਿਸ਼ੇਸ਼ ਢੰਗ ਅਪਣਾਏ ਹੋਏ ਹਨ ਜਿਸ ਨੂੰ ‘ਮੈਂਟਰਸ਼ਿੱਪ ਪਰੋਗਰਾਮ’ ਆਖਦੇ ਹਨ, ਜਿਸ ਅਨੁਸਾਰ ਰਿਟਾਇਰ ਹੋ ਰਹੇ ਕਰਮਚਾਰੀ ਆਪਣਾ ਤਜਰਬਾ ਨਵੇਂ ਕਰਮਚਾਰੀਆਂ ਨੂੰ ਮੁੰਤਕਿਲ (ਟਰਾਂਸਫਰ) ਕਰ ਦਿੰਦੇ ਹਨ।
ਅੱਜ ਦੇ ਹਰ ਸਮਾਜ ਵਿੱਚ, ਪੂਰਬ ਜਾਂ ਪੱਛਮ, ਪੀੜ੍ਹੀ-ਪਾੜਾ ਸਾਫ ਦਿਸਦਾ ਹੈ ਪਰ ਇਸ ਉਪਰ ਪੁੱਲ ਬਣਾਉਣ ਦੀ ਲੋੜ ਹੁੰਦੀ ਹੈ: ਇਕ ਦੂਜੇ ਦੀ ਕਦਰ ਕਰਕੇ, ਇਕ ਦੂਜੇ ਨਾਲ ਲਗਾਤਾਰ ਰਾਬਤਾ ਕਾਇਮ ਰੱਖਕੇ, ਆਪਸੀ ਫਰਕਾਂ ਨੂੰ ਪੱਛਾਣਦੇ ਹੋਏ ਇਕ ਦੂਜੇ ਸਹਾਰਦੇ ਹੋਏ, ਇਕ ਦੂਜੇ ਨਾਲ ਸਹਿਮਤੀ ਬਣਾ ਕੇ, ਆਪਸੀ ਫਰਕਾਂ ਨਾਲੋਂ ਰਿਸ਼ਤਿਆਂ ਨੂੰ ਤਰਜੀਹ ਦੇ ਕੇ। ਮੈਂ ਕਿਤੇ ਲਿਖਿਆ ਸੀ ਕਿ ਜਦ ਬੰਦਾ ਸ਼ੀਸ਼ਾ ਦੇਖੇ ਬਿਨਾਂ ਪੱਗ ਬੰਨਣ ਲੱਗ ਪਵੇ ਤਾਂ ਸਮਝ ਲਓ ਕਿ ਉਹ ਪੁਰਾਣੀ ਪੀੜ੍ਹੀ ਵਿੱਚ ਸ਼ਾਮਲ ਹੋ ਗਿਆ। ਮੈਂ ਜਦ ਤੀਹ ਸਾਲ ਆਪਣਾ ਕਾਰੋਬਾਰ ਕਰਨ ਤੋਂ ਬਾਅਦ ਏਅਰਪੋਰਟ ‘ਤੇ ਨੌਕਰੀ ਕਰਨ ਜਾ ਰਿਹਾ ਸਾਂ ਤਾਂ ਮੈਂ ਇਸ ‘ਪੁਰਾਣੀ ਪੀੜ੍ਹੀ’ ਵਿੱਚ ਸ਼ਾਮਲ ਸਾਂ। ਇਕ ਵੰਗਾਰ ਤਾਂ ਮੇਰੇ ਮੁਹਰੇ ਇਹ ਸੀ ਕਿ ਸਾਰੀ ਉਮਰ ਆਪਣੇ ਆਪ ਲਈ ਕੰਮ ਕਰਕੇ ਹੁਣ ਕਿਸੇ ਲਈ ਕੰਮ ਕਰਨਾ ਬਹੁਤ ਮੁਸ਼ਕਲ ਹੋਣਾ ਸੀ। ਦੂਜੇ ਮੈਨੂੰ ਇਹੋ ਡਰ ਸੀ ਕਿ ਕੰਮ ਉਪਰ ਨਵੀਂ ਪੀੜ੍ਹੀ ਨਾਲ ਟਕਰਾਅ ਨੂੰ ਕਿਵੇਂ ਸੰਭਾਲਾਂਗਾ। ਪਰ ਕੰਮ ਕਰਿਦਆਂ ਇਹਨਾਂ ਫਰਕਾਂ ਨੂੰ ਪੱਛਾਣ ਕੇ ਇਹਨਾਂ ਉਪਰ ਪੁੱਲ ਬਣਾਕੇ ਮੈਂ ਅੱਜ ਤੱਕ ਕਾਮਯਾਬੀ ਨਾਲ ਆਪਣੀ ਨੌਕਰੀ ਕਰਦਾ ਆ ਰਿਹਾ ਹਾਂ। ਵੈਸੇ ਮੇਰੀ ਆਪਣੀ ਸਥਿਤੀ ਕੁਝ ਇਵੇਂ ਰਹੀ ਹੈ,
ਇਕ ਦੇ ਨਾਲ ਰਲ਼ਣ ਲਈ ਮੈਂ ਭੱਜਦਾ ਰਿਹਾ,
ਇਕ ਉਡ ਕੇ ਉਪਰ ਦੀ ਲੰਘਦਾ ਰਿਹਾ,
ਇਵੇਂ ਹੀ ਬੀਤ ਗਿਆ ਜੀਵਨ ਮੇਰਾ,
ਜਿਉਣ ਦੀ ਜਾਂਚ ਜਾਣਦਿਆਂ।
Commenti