top of page
Writer's pictureਸ਼ਬਦ

ਮਹਾਂਨਗਰ ਦੇ ਨਾਟ-ਘਰ

ਹਰਜੀਤ ਅਟਵਾਲ


    ਦੁਨੀਆ ਵਿੱਚ ਦੋ ਜਗਾਵਾਂ ਨਾਟ-ਘਰਾਂ ਲਈ ਮਸ਼ਹੂਰ ਹਨ, ਨਿਊਯੌਰਕ ਦਾ ਬਰੌਡਵੇਅ ਤੇ ਲੰਡਨ ਦਾ ਵੈੱਸਟ ਐੰਡ। ਇਥੇ ਵੱਡੇ ਵੱਡੇ ਨਾਟ-ਘਰ ਹਨ ਜਿਹਨਾਂ ਵਿੱਚ ਸਦਾ ਹੀ ਨਾਟਕ ਚਲਦੇ ਰਹਿੰਦੇ ਹਨ। ਇਥੇ ਚਲਦੇ ਨਾਟਕਾਂ ਵਿੱਚ ਦੁਨੀਆ ਦੇ ਵੱਡੇ ਵੱਡੇ ਐਕਟਰਟ ਕੰਮ ਕਰਦੇ ਹਨ। ਜਿਹੜਾ ਐਕਟਰ ਇਹਨਾਂ ਨਾਟ-ਘਰਾਂ ਵਿੱਚ ਇਕ ਵਾਰ ਕੰਮ ਕਰ ਗਿਆ ਉਸ ਨੂੰ ਸਥਾਪਤ ਐਕਟਰ ਸਮਝ ਲਿਆ ਜਾਂਦਾ ਹੈ। ਹੌਲੀਵੁੱਡ ਜਾਂ ਦੁਨੀਆ ਦੀਆਂ ਹੋਰ ਫਿਲਮ ਇੰਡਸਟਰੀਜ਼ ਦੇ ਐਕਟਰ ਜਿੰਨੇ ਵੀ ਵੱਡੇ ਹੋ ਜਾਣ ਪਰ ਉਹ ਮੁੜ ਕੇ ਇਹਨਾਂ ਨਾਟ-ਘਰਾਂ ਵਿੱਚ ਨਾਟਕ ਖੇਡ ਕੇ ਬਹੁਤ ਖੁਸ਼ ਹੁੰਦੇ ਹਨ। ਨਿਊਯੌਰਕ ਦਾ ਬਰੌਡਵੇਅ ਤਾਂ ਮੈਂ ਸਿਰਫ ਯੂਟਿਊਬ 'ਤੇ ਹੀ ਦੇਖਿਆ ਹੈ, ਹਾਂ ਵੱੈਸਟ ਐੰਡ ਬਾਰੇ ਕੁਝ ਕੁ ਅਨੁਭਵ ਜ਼ਰੂਰ ਹੋਏ ਹਨ ਜੋ ਸਾਂਝੇ ਕਰ ਸਕਦਾ ਹਾਂ।

     ਮੈਂ ਇੰਡੀਆ ਰਹਿੰਦਿਆਂ ਹੀ ਇਹਨਾਂ ਨਾਟ-ਘਰਾਂ ਬਾਰੇ ਬਹੁਤ ਕੁਝ ਪੜ੍ਹਿਆ ਸੀ। ਕੁਦਰਤੀ ਸੀ ਕਿ ਇੰਗਲੈਂਡ ਆ ਕੇ ਮੈਂ ਜਲਦੀ ਮੈਂ ਕੇਂਦਰੀ ਲੰਡਨ ਦੇ ਇਲਾਕੇ ਵੈੱਸਟ ਐੰਡ ਜਾ ਪੁੱਜਾ ਸਾਂ। ਉਥੇ 'ਓ ਕੈਲਕੂਟਾ' ਭਾਵ 'ਓ ਕੱਲਕਤਾ' ਲੱਗਾ ਹੋਇਆ ਸੀ। ਇਸ ਨਾਟਕ ਦਾ ਰਿਵੀਊ ਮੈਂ ਇਕ ਭਾਰਤੀ ਅਖ਼ਬਾਰ ਵਿੱਚ ਪੜ੍ਹਿਆ ਸੀ। ਮੈਂ ਟਿਕਟ ਲੈਣ ਲਈ ਖਿੜਕੀ ਮੁਹਰੇ ਗਿਆ ਤਾਂ ਪਤਾ ਚੱਲਿਆ ਕਿ ਐਡਵਾਂਸ ਬੁੱਕਿੰਗ ਹੁੰਦੀ ਹੈ ਤੇ ਮੈਨੂੰ ਇਕ ਹਫਤਾ ਬਾਅਦ ਦਾ ਟਿਕਟ ਮਿਲਿਆ। ਇਕ ਤਾਂ ਇਸ ਦੇ ਰਿਵੀਊ ਕਾਰਨ ਤੇ ਦੂਜੇ ਇਸ ਦੇ ਨਾਂ ਵਿੱਚ ਕੱਲਕੱਤਾ ਆਉਣ ਕਾਰਨ ਮੈਂ ਇਹ ਨਾਟਕ ਦੇਖਣਾ ਚਾਹੁੰਦਾ ਸਾਂ ਪਰ ਮੈਨੂੰ ਇਹ ਨਾਟਕ ਪਸੰਦ ਨਹੀਂ ਸੀ ਆਇਆ। ਨਾਟਕ ਵਿੱਚ ਰਵਇਤੀ ਰਿਸ਼ਤਿਆਂ ਦਾ ਮਜ਼ਾਕ ਉਡਾਇਆ ਹੋਇਆ ਸੀ। ਇਸ ਦੇ ਪਾਤਰਾਂ ਵਿੱਚ ਸਾਰੀਆਂ ਉਮਰਾਂ ਦੇ ਹੀ ਐਕਟਰ ਸਨ ਤੇ ਸਾਰੇ ਦੇ ਸਾਰੇ ਐਕਟਰ ਅਲਫ ਨੰਗੇ। ਇਹ ਨਾਟਕ ਹਾਲੇ ਵੀ ਕਈ ਮੁਲਕਾਂ ਵਿੱਚ ਚਲਦਾ ਰਹਿੰਦਾ ਹੈ। ਯੂਟਿਊਬ ਉਪਰ ਦੇਖਿਆ ਜਾ ਸਕਦਾ ਹੈ। ਦੂਜਾ ਨਾਟਕ ਜਿਹੜਾ ਮੈਂ ਹਿੰਦੀ ਵਿੱਚ ਪੜ੍ਹਿਆ ਵੀ ਸੀ ਉਹ ਸੀ ਸੈਮੂਅਲ ਬੈਕਟ ਦਾ ਨਾਟਕ 'ਵੇਟਿੰਗ ਫਾਰ ਗੋਦੋ'। ਹੈ ਤਾਂ ਇਹ ਐਬਸਰਡ ਨਾਟਕ ਪਰ ਇਸ ਦੀਆਂ ਬਹੁਤ ਸਾਰੀਆਂ ਪਰਤਾਂ ਹਨ। ਮੈਂ ਇਸ ਨੂੰ ਬਹੁਤ ਵਾਰ ਦੇਖਿਆ ਹੈ, ਹਰ ਵਾਰ ਇਸ ਦੇ ਨਵੇਂ ਅਰਥ ਸਾਹਮਣੇ ਆਉਂਦੇ ਹਨ। ਥੇਮਜ਼ ਟੱਪ ਕੇ ਦੋ ਥੀਏਟਰ ਹੁੰਦੇ ਸਨ, ਓਲਡ ਵਿੱਕ ਤੇ ਯੰਗ ਵਿੱਕ। 'ਵੇਟਿੰਗ ਫਾਰ ਗੋਦੋ' ਅਕਸਰ ਯੰਗ ਵਿੱਕ ਵਿੱਚ ਲਗਿਆ ਕਰਦਾ ਸੀ। ਹੁਣ ਵੀ ਕਦੇ ਕਦੇ ਕਿਸੇ ਨਾ ਕਿਸੇ ਥੀਏਟਰ ਵਿੱਚ ਇਸ ਦੇ ਸ਼ੋਅ ਹੁੰਦੇ ਹਨ। ਹਰ ਵਾਰ ਹਾਊਸ ਫੁੱਲ ਵਾਲੀ ਸਥਿਤੀ ਹੁੰਦੀ ਹੈ।

     ਜਿਸ ਨਾਟਕ ਦੀ ਗੱਲ ਕਰਨੀ ਹੈ ਉਸ ਦਾ ਨਾਂ ਹੈ 'ਦਾ ਮਾਊਸਟਰੈਪ' ਜੋ ਕਿ ਕੇਂਦਰੀ ਲੰਡਨ ਦੀ ਵੈੱਸਟ ਸਟਰੀਟ ਉਪਰ ਸਥਿਤ 'ਸੇਂਟ ਮਾਰਟਿਨ ਥੀਏਟਰ' ਵਿੱਚ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਜਦ ਪਹਿਲੀ ਵਾਰ ਸੇਂਟ ਮਾਰਟਿਨ ਥੀਏਟਰ ਮੁਹਰੇ ਪੁੱਜਾ ਤਾਂ ਉਥੇ ਵੱਡਾ ਬੋਰਡ ਲੱਗਾ ਹੋਇਆ ਸੀ ਕਿ ਇਥੇ 'ਦਾ ਮਾਊਸਟਰੈਪ' ਪਿਛਲੇ ਪੱਚੀ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ। ਮੈਂ ਹੈਰਾਨ ਸਾਂ ਕਿ ਪੱਚੀ ਸਾਲ ਤੋਂ ਭਾਵ ਮੇਰੇ ਜਨਮ ਤੋਂ ਵੀ ਪਹਿਲਾਂ ਤੋਂ ਇਹ ਨਾਟਕ ਇੱਥੇ ਚੱਲ ਰਿਹਾ ਹੈ, ਭਾਵ ਕਿ ਇਹ ਨਾਟਕ ਉਮਰ ਵਿੱਚ ਮੇਰੇ ਤੋਂ ਵੀ ਵੱਡਾ ਹੈ। ਇੰਨੇ ਦਰਸ਼ਕ ਕਿਥੋਂ ਆਉਂਦੇ ਹੋਣਗੇ? ਵਾਰ ਵਾਰ ਦੇਖਦੇ ਹੋਣਗੇ? ਕਿਹੜੇ ਲੋਕ ਹੋਣਗੇ ਜਿਹੜੇ ਇਸ ਨੂੰ ਮੁੜ ਮੁੜ ਦੇਖਣ ਆਉਂਦੇ ਹੋਣਗੇ? ਏਦਾਂ ਦੇ ਬਹੁਤ ਸਾਰੇ ਸਵਾਲ ਸਨ ਮੇਰੇ ਕੋਲ। ਇਹਨਾਂ ਦੇ ਜਵਾਬ ਲਈ ਮੈਂ ਨਾਟਕ ਨਾਲ ਜੁੜਿਆ ਇਤਿਹਾਸ ਤੇ ਹੋਰ ਸਾਹਿਤ ਪੜ੍ਹਿਆ। ਸਰ ਰਿਚਰਡ ਐਂਟਨਬਰੋ ਜਿਸ ਨੇ ਫਿਲਮ ਗਾਂਧੀ ਬਣਾਈ ਸੀ, ਉਹ ਇਸ ਦੇ ਪਹਿਲੇ ਐਕਟਰਾਂ ਵਿੱਚੋਂ ਸੀ। ਹੋਰ ਵੀ ਵੱਡੇ ਵੱਡੇ ਐਕਟਰਾਂ ਨੇ ਇਸ ਵਿੱਚ ਕੰਮ ਕੀਤਾ ਹੋਇਆ ਹੈ। ਮੈਂ ਸੋਚਿਆ ਕਿ ਕੁਝ ਦੇਰ ਹੋਰ ਚੱਲ ਕੇ ਇਹ ਨਾਟਕ ਲਹਿ ਜਾਵੇਗਾ। ਮੈਂ ਕਈ ਵਾਰ ਇਹ ਨਾਟਕ ਦੇਖਿਆ ਤੇ ਹਰ ਵਾਰ ਇਹੋ ਸੋਚਦਾ ਸਾਂ ਕਿ ਇਸ ਸਾਲ ਇਹ ਨਾਟਕ ਜ਼ਰੂਰ ਲਹਿ ਜਾਵੇਗਾ। ਸਾਲ ਵਧਦੇ ਗਏ ਤੇ ਨਾਲ ਹੀ ਮੇਰੀ ਉਮਰ ਵੀ। ਅੱਠਾਹਟ ਸਾਲ ਹੋ ਗਏ ਹਨ ਇਸ ਨਾਟਕ ਨੂੰ ਚਲਦਿਆਂ ਤੇ ਇਹ ਨਾਟਕ ਹਾਲੇ ਵੀ ਜਵਾਨ ਹੈ। ਹਾਲੇ ਵੀ ਤੁਹਾਨੂੰ ਖਿੜਕੀ 'ਤੇ ਟਿਕਟ ਨਹੀਂ ਮਿਲਦੀ। ਹੁਣ ਤਾਂ ਖੈਰ ਔਨ ਲਾਈਨ ਬੁਕਿੰਗ ਹੋ ਜਾਂਦੀ ਹੈ। ਇਸ ਨਾਟਕ ਦਾ ਏਨੇ ਸਾਲ ਚਲਣਾ ਇਕ ਅਜੂਬੇ ਤੋਂ ਘੱਟ ਨਹੀਂ ਹੈ। ਹਾਲੇ ਤਾਂ ਇਹਨੇ ਹੋਰ ਚੱਲਣਾ ਹੈ। ਹੋਰ ਕਈ ਪੀੜ੍ਹੀਆਂ ਨੂੰ ਬੁੱਢਿਆਂ ਕਰਨਾ ਹੈ।

    ਇਹ ਪਲੇਅ ਆਗਥਾ ਕ੍ਰਿਸਟੀ ਦਾ ਲਿਖਿਆ ਹੋਇਆ ਹੈ। ਉਸ ਨੇ ਹੋਰ ਵੀ ਬਹੁਤ ਸਾਰੇ ਪਲੇਅ ਲਿਖੇ ਹਨ ਜਿਹਨਾਂ ਦੀਆਂ ਫੀਚਰ ਫਿਲਮਾਂ ਜਾਂ ਟੈਲੀ ਫਿਲਮਾਂ ਬਣੀਆਂ ਹਨ। ਅਗਾਥਾ ਕ੍ਰਿਸਟੀ ਦਾ ਮਨਭਾਉਂਦਾ ਵਿਸ਼ਾ 'ਕਤਲ ਤੇ ਸਨਸਨੀ' ਸੀ। ਕਤਲ ਹੋਣਾ ਤੇ ਫਿਰ ਕਾਤਲ ਦੀ ਪੱਛਾਣ ਬਾਰੇ ਸਥਾਪਤ ਕਰਕੇ ਉਸ ਨੂੰ ਲੱਭਣਾ। ਇਸ ਨਾਟਕ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਇਕ ਬਰਫਾਨੀ ਰਾਤ ਵਿੱਚ ਕੁਝ ਲੋਕ ਇਕ ਗੈੱਸਟ ਹਾਊਸ ਵਿੱਚ ਪਨਾਹ ਲੈਂਦੇ ਹਨ ਤੇ ਉਥੇ ਹੀ ਇਕ ਕਤਲ ਹੋ ਜਾਂਦਾ ਹੈ। ਉਥੇ ਹਾਜ਼ਰ ਲੋਕਾਂ ਵਿੱਚ ਹੀ ਇਕ ਕਾਤਲ ਹੈ। ਕਾਤਲ ਨੂੰ ਫੜਨ ਲਈ ਫੰਦਾ ਭਾਵ ਟਰੈਪ ਲਾਇਆ ਜਾਂਦਾ ਹੈ ਤੇ ਕਾਤਲ ਫੜ ਲਿਆ ਜਾਂਦਾ ਹੈ। ਬਹੁਤ ਸਾਰੇ ਮੋੜਾਂ-ਘੋੜਾਂ ਬਾਅਦ ਕਾਤਲ ਅੜਿੱਕੇ ਆਉਂਦਾ ਹੈ। ਇਹ ਦਿਲਚਸਪ ਮੋੜ-ਘੋੜ ਹੀ ਅਸਲੀ  ਹੁੰਦੇ ਨਾਟਕ ਹਨ। ਲੇਖਕਾ ਦੇ ਹਰ ਨਾਟਕ ਦੀ ਕਹਾਣੀ ਦੇ ਮੋੜ-ਘੋੜ ਹੀ ਅਹਿਮ ਹੁੰਦੇ ਹਨ। ਇਹ ਦਰਸ਼ਕ ਨੂੰ ਉਲਝਾਈ ਰਖਦੇ ਹਨ ਤੇ ਉਸ ਦੀ ਉਤਸੁਕਤਾ ਬਣਾਈ ਰਖਦੇ ਹਨ। ਬੌਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਦੀ ਕਹਾਣੀ ਏਦਾਂ ਦੀਆਂ ਹੀ ਹੁੰਦੀਆਂ ਹੈ। ਬਚਪਨ ਵਿੱਚ ਮੈਂ 'ਗੁਮਨਾਮ' ਨਾਮੀ ਫਿਲਮ ਦੇਖੀ ਸੀ, ਇਹੋ ਕਹਾਣੀ ਵਾਲੀ। ਹਿੰਦੀ ਦੀਆਂ ਫਿਲਮਾਂ ਵਿੱਚ ਬਹੁਤ ਸਾਰੇ ਸੀਨ ਅਗਾਥਾ ਕ੍ਰਿਸਟੀ ਦੇ ਨਾਟਕਾਂ ਵਿੱਚੋਂ ਚੋਰੀ ਕੀਤੇ ਹੁੰਦੇ ਹਨ, ਕਈ ਤਾਂ ਹੂ ਬ ਹੂ ਨਕਲ ਹੁੰਦੇ ਹਨ। ਖ਼ੈਰ, ਮਾਊਸਟਰੈਪ ਵੱਲ ਮੁੜਦੇ ਹਾਂ। ਇਹ ਨਾਟਕ ਅਠਾਹਟ ਸਾਲ ਤੋਂ ਕਿਉਂ ਚੱਲ ਰਿਹਾ ਹੈ? ਮੈਂ ਕਿਉਂ ਵਾਰ ਵਾਰ ਇਸ ਨਾਟਕ ਨੂੰ ਦੇਖਣ ਜਾਂਦਾ ਹਾਂ? ਇਸ ਦਾ ਕਾਰਨ ਹੈ ਨਾਟਕ ਦੀ ਪੇਸ਼ਕਾਰੀ। ਨਾਟਕ ਵਾਲੀ ਸਟੇਜ ਦਾ ਮਹੌਲ। ਇਸ ਦੇ ਹੰਢੇ ਹੋਏ ਐਕਟਰ। ਪਕੜਵੀਂ ਨਿਰਦੇਸ਼ਨਾ। ਸਟੇਜ ਉਪਰ ਜੋ ਕੁਝ ਵਾਪਰ ਰਿਹਾ ਹੈ ਉਹ ਸੱਚ ਦੇ ਏਨੇ ਨੇੜੇ ਹੈ ਕਿ ਤੁਸੀਂ ਭੁੱਲ ਹੀ ਜਾਂਦੇ ਹੋ ਕਿ ਤੁਸੀਂ ਨਾਟਕ ਦੇਖ ਰਹੇ ਹੋ ਜਾਂ ਇਹ ਅਸਲ ਵਿੱਚ ਨਹੀਂ ਵਾਪਰ ਰਿਹਾ। ਵੈਸੇ ਤਾਂ ਇੰਗਲੈਂਡ ਦੇ ਥੀਏਟਰਾਂ ਦੀਆਂ ਸਟੇਜਾਂ ਉਪਰ ਮੀਂਹ ਪੈਂਦਾ ਦਿਖਾ ਦਿੱਤਾ ਜਾਂਦਾ ਹੈ, ਪਾਣੀ ਵਾਲੇ ਜਹਾਜ਼ ਡੁੱਬਦੇ ਦਿਖਾ ਦਿੱਤੇ ਜਾਂਦੇ ਹਨ। ਸ਼ੈਕਸਪੀਅਰ ਦੇ ਨਾਟਕ ਅਜਿਹੀਆਂ ਹੀ ਸਟੇਜਾਂ ਦੀ ਮੰਗ ਕਰਦੇ ਹਨ ਪਰ ਇਸ ਨਾਟਕ ਲਈ ਬਹੁਤੀ ਵੱਡੀ ਸਟੇਜ ਦੀ ਲੋੜ ਨਹੀਂ ਹੈ। ਬਰਫਾਨੀ ਤੁਫਾਨ ਕਹਾਣੀ ਦਾ ਇਕ ਮੁੱਖ ਹਿੱਸਾ ਹੈ। ਇਹ ਬਰਫਾਨੀ ਤੁਫਾਨ ਏਨਾ ਕਨਵਿਨਸਿੰਗ ਹੈ ਕਿ ਤੁਸੀਂ ਇਕ ਪਲ ਲਈ ਵੀ ਨਹੀਂ ਸੋਚਦੇ ਕਿ ਇਹ ਨਕਲੀ ਤੁਫਾਨ ਹੈ। ਜਿਹੜੇ ਲੋਕਾਂ ਨੇ ਬਰਫਾਨੀ ਤੁਫਾਨਾਂ ਨੂੰ ਕਦੇ ਅਨੁਭਵ ਕੀਤਾ ਹੈ ਉਹ ਲੋਕ ਇਸ ਨਾਟਕ ਦੀ ਪੇਸ਼ਕਾਰੀ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। ਗੈਸਟ ਹਾਊਸ ਦਾ ਕੋਈ ਦਰਵਾਜ਼ਾ ਜਾਂ ਖਿੜਕੀ ਇਕ ਸੈਕਿੰਡ ਲਈ ਵੀ ਖੁਲ੍ਹਦੀ ਹੈ ਤਾਂ ਤੁਫਾਨ ਅੰਦਰ ਆ ਵੜਦਾ ਹੈ। ਇਕ ਇਸ ਦਾ ਗੁਣ ਪੇਸ਼ਕਾਰੀ ਵਿੱਚ ਤਾਜ਼ਗੀ ਵੀ ਹੈ। ਇਸ ਦੇ ਕਿਰਦਾਰਾਂ ਨੂੰ ਇਕੋ ਐਕਟਰ ਬਹੁਤੀ ਦੇਰ ਨਹੀਂ ਨਿਭਾਉਂਦਾ। ਐਕਟਰ ਦੇ ਬਦਲਣ ਨਾਲ ਕਿਰਦਾਰ ਵਿੱਚ ਨਵਾਂਪਨ ਭਰ ਜਾਂਦਾ ਹੈ, ਹਰ ਐਕਟਰ ਨੇ ਕਿਰਦਾਰ ਆਪਣੇ ਹਿਸਾਬ ਨਾਲ ਜਿਉਂ ਨਿਭਾਉਣਾ ਹੁੰਦਾ ਹੈ।

     ਇਹ ਨਾਟਕ ਤੀਹ ਮਈ ੧੯੪੭ ਨੂੰ 'ਥ੍ਰੀ ਬਲਾਈਂਡ ਮਾਈਸ' ਦੇ ਨਾਂ ਹੇਠ ਰੇਡੀਓ ਤੋਂ ਬ੍ਰੌਡਕਾਸਟ ਹੋਇਆ ਸੀ। ਛੇ ਅਕਤੂਬਰ ੧੯੫੨ ਨੂੰ ਰੁਆਇਲ ਥੀਏਟਰ, ਨੌਟੀਘੰਮ ਵਿੱਚ ਪਹਿਲੀ ਵਾਰ ਇਹ ਨਾਟਕ ਸਟੇਜ ਕੀਤਾ ਗਿਆ। ਫਿਰ ਇਹ ਕਈ ਸ਼ਹਿਰਾਂ ਵਿੱਚ ਹੁੰਦਾ ਹੋਇਆ ੨੫ ਨਵੰਬਰ ੧੯੫੨ ਨੂੰ ਲੰਡਨ ਦੇ ਅੰਬੈਸਡਰ ਥੀਏਟਰ ਵਿੱਚ ਆ ਸ਼ੁਰੂ ਹੋਇਆ। ਉਥੋਂ ਛੇਤੀ ਹੀ ਪੱਕੇ ਤੌਰ 'ਤੇ ਸੇਂਟ ਮਾਰਟਿਨ ਥੀਏਟਰ ਵਿੱਚ ਆ ਗਿਆ ਤੇ ਅੱਜ ਤੱਕ ਚੱਲ ਰਿਹਾ ਹੈ। ਇਸ ਨਾਟਕ ਨਾਲ ਕੁਝ ਦਿਲਚਸਪ ਤੱਥ ਜੁੜੇ ਹੋਏ ਹਨ। ਇਸ ਦੇ ਉਣੱਤੀ ਹਜ਼ਾਰ ਦੇ ਨੇੜੇ ਤੇੜੇ ਸ਼ੋਅ ਹੋ ਚੁੱਕੇ ਹਨ। ਕਰੋੜਾਂ ਵਿੱਚ ਟਿਕਟਾਂ ਵਿਕ ਚੁੱਕੀਆਂ ਹਨ। ਥੀਏਟਰ ਵਿੱਚ ਪੰਜ ਸੌ ਟਨ ਤੋਂ ਵੱਧ ਆਈਸਕਰੀਮ ਖਾਧੀ ਜਾ ਚੁੱਕੀ ਹੈ ਤੇ ਹਜ਼ਾਰਾਂ ਗੈਲਨ ਬੀਅਰ ਲੋਕ ਪੀ ਚੁੱਕੇ ਹਨ।

    ਜਿਸ ਨਾਟਕ ਦੇ ਮੈਂ ਬੰਦ ਹੋਣ ਦੀ ਉਡੀਕ ਕਰਿਆ ਕਰਦਾ ਸਾਂ ਫਿਰ ਉਸ ਦੀ ਲੰਮੀ ਉਮਰ ਦੀਆਂ ਦੁਆਵਾਂ ਕਰਨ ਲਗਿਆ ਸਾਂ ਕਿ ਇਹ ਸਦਾ ਹੀ ਇਵੇਂ ਚਲਦਾ ਰਹੇ। ਪਰ ਇਕ ਦਿਨ ਬਹੁਤ ਭੈੜੀ ਖ਼ਬਰ ਆਈ। ਪਤਾ ਲੱਗਾ ਕਿ ਕਰੋਨਾ ਕਾਰਨ ਦੁਨੀਆਂ ਭਰ ਦੇ ਹਜ਼ਾਰਾਂ-ਲੱਖਾਂ ਥੀਏਟਰਾਂ ਦੇ ਨਾਲ ਨਾਲ ਸੇਂਟ ਮਾਰਟਿਨ ਵੀ ਸੋਲਾਂ ਮਾਰਚ ਨੂੰ ਬੰਦ ਕਰ ਦਿੱਤਾ ਗਿਆ ਹੈ। ਮੈਨੂੰ ਹੀ ਪਤਾ ਹੈ ਕਿ ਉਸ ਦਿਨ ਮੈਂ ਕਿੰਨਾ ਦੁਖੀ ਹੋਇਆ ਸਾਂ। ਇਹਨਾਂ ਦਿਨਾਂ ਵਿੱਚ ਹੀ ਆਈ ਇਕ ਖ਼ਬਰ ਨੇ ਮਨ ਬਾਗ਼-ਬਾਗ਼ ਕਰ ਦਿੱਤਾ ਹੈ ਕਿ ਇਹ ਥੀਏਟਰ ਮੁੜ ਤੇਈ ਅਕਤੂਬਰ ਨੂੰ ਖੁੱਲ੍ਹ ਰਿਹਾ ਹੈ। ਜਲਦੀ ਹੀ ਔਨ ਲਈਨ ਟਿਕਟ ਬੁੱਕ ਕਰਾ ਕੇ ਇਸ ਨੂੰ ਦੇਖਣ ਜਾਵਾਂਗਾ।

     ਮੈਂ ਇਸ ਨਾਟਕ ਬਾਰੇ ਬਹੁਤ ਦੇਰ ਪਹਿਲਾਂ ਇਕ ਆਟਰੀਕਲ ਲਿਖਿਆ ਸੀ ਜੋ ਕਿ ਪ੍ਰੀਤ ਲੜੀ ਵਿੱਚ ਛਪਿਆ ਸੀ। ਇਹ ਸੁਮੀਤ ਦੇ ਵੇਲੇ ਦੀਆਂ ਗੱਲਾਂ ਹਨ। ਮੁੜ ਕੇ ਮੈਂ ਇਸ ਬਾਰੇ ਕਦੇ ਕੁਝ ਨਹੀਂ ਲਿਖ ਸਕਿਆ ਭਾਵੇਂ ਮੈਂ ਵਾਰ ਵਾਰ ਇਸ ਵੱਲ ਮੁੜਦਾ ਰਿਹਾ ਹਾਂ। ਹੁਣ ਤਾਂ ਉਮਰ ਦੇ ਹਿਸਾਬ ਨਾਲ ਜ਼ਿੰਦਗੀ ਦੀਆਂ ਤਰਜੀਹਾਂ ਬਦਲ ਗਈਆਂ ਹਨ, ਕੋਈ ਵੇਲਾ ਸੀ ਕਿ ਮੇਰਾ ਕੋਈ ਵੀ ਦੋਸਤ ਇੰਡੀਆ ਤੋਂ ਆਉਂਦਾ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਦੋ ਚੀਜ਼ਾਂ ਜ਼ਰੂਰ ਦਿਖਾਵਾਂ, ਇਕ 'ਦਾ ਮਾਊਸਟਰੈਪ' ਤੇ ਦੂਜੇ 'ਸਟਰਿਪਟੀਜ਼'। ਸਟਰਿਪਟੀਜ਼ ਬਾਰੇ ਫਿਰ ਕਦੇ ਸਹੀ। ਵੈਸੇ ਪਰਦੇ ਦੀ ਇਕ ਗੱਲ ਦਸਦਾ ਜਾਵਾਂ ਕਿ ਸਾਡੇ ਲੇਖਕਾਂ ਨੂੰ ਨਾਟਕ ਦੇਖਣ ਵਿੱਚ ਬਹੁਤੀ ਦਿਲਚਸਪੀ ਨਹੀਂ ਹੁੰਦੀ। ਹਾਂ, ਸੁਰਜੀਤ ਪਾਤਰ ਨੇ ਇਹ ਨਾਟਕ ਬਹੁਤ ਸ਼ੌਂਕ ਨਾਲ ਦੇਖਿਆ ਸੀ, ਮੈਂ ਤੇ ਸੁਰਿੰਦਰ ਸੀਹਰਾ ਉਸ ਨੂੰ 'ਦਾ ਮਾਊਸਟਰੈਪ' ਦਿਖਾਉਣ ਲੈ ਗਏ ਸਾਂ। ਬਹੁਤ ਸਾਲਾਂ ਦੀ ਗੱਲ ਹੈ। ਹੁਣੇ ਹੱਥ ਤਸਵੀਰ ਤੋਂ ਅੰਦਾਜ਼ਾ ਲਾ ਰਿਹਾ ਸਾਂ ਕਿ ਸ਼ਾਇਦ ਪਾਤਰ ਸਾਬ ਦੀ ਪਹਿਲੀ ਬ੍ਰਤਾਨਵੀ ਫੇਰੀ ਦੀ ਗੱਲ ਹੈ।

    ਇਸ ਨਾਟਕ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਸ ਨੂੰ ਬੱਚੇ-ਬੁੱਢੇ ਸਭ ਦੇਖ ਸਕਦੇ ਹਨ। ਮੈਂ ਆਪਣੇ ਬੱਚਿਆਂ ਨੂੰ ਦੋ ਵਾਰ 'ਦ ਮਾਊਸਟਰੈਪ' ਦਿਖਾਇਆ ਸੀ। ਮੇਰੀ ਬੇਟੀ ਨੇ ਕਿਸੇ ਪਰੋਜੈਕਟ ਵਿੱਚ ਇਸ ਨਾਟਕ ਦਾ ਜ਼ਿਕਰ ਕੀਤਾ ਤਾਂ ਉਸ ਨੂੰ ਅਧਿਆਪਕਾ ਵਲੋਂ ਲਿਖਤੀ ਸ਼ਾਬਾਸ਼ੀ ਮਿਲੀ ਸੀ। ਹਾਂ, ਇਕ ਵਾਰ ਮੈਂ ਆਪਣੀ ਪਤਨੀ ਨੂੰ ਵੀ ਇਹ ਨਾਟਕ ਦਿਖਾਉਣ ਲੈ ਗਿਆ ਸਾਂ। ਉਹ ਨਾਟਕ ਦੇਖਦੀ ਜਲਦੀ ਹੀ ਸੌਂ ਗਈ ਸੀ ਤੇ ਬਾਅਦ ਵਿੱਚ ਮੇਰੇ ਨਾਲ ਝਗੜਾ ਵੀ ਕੀਤਾ ਕਿ ਉਸ ਦਾ 'ਸਾਸ ਭੀ ਕਬੀ ਬਹੂ ਥੀ' ਦਾ ਇਕ ਐਪੀਸੋਡ ਨਿਕਲ ਗਿਆ।

    ਅਠਾਹਟ ਸਾਲ ਨਿਕਲ ਗਏ, ਹੋਰ ਅਠਾਹਟ ਨਿਕਲ ਜਾਣਗੇ ਪਰ ਹੁਣ 'ਦਾ ਮਾਊਸਟਰੈਪ' ਬੰਦ ਨਹੀਂ ਹੋਣ ਲੱਗਾ। ਇਹ ਲੰਡਨ ਦਾ ਇਕ ਅਜੂਬਾ ਬਣ ਚੁੱਕਾ ਹੈ। ਜਿਹੜਾ ਵੀ ਸੈਲਾਨੀ ਲੰਡਨ ਘੁੰਮਣ ਆਉਂਦਾ ਹੈ, ਦੇਖਣ ਵਾਲੀਆਂ ਜਗਾਵਾਂ ਵਾਲੀ ਲਿਸਟ ਵਿੱਚ 'ਦਾ ਮਾਊਸਟਰੈਪ' ਦਾ ਨਾਂ ਵੀ ਹੁੰਦਾ ਹੈ।

5mail: harjeetatwal0hotmail.co.uk




Comments


bottom of page