top of page
Writer's pictureਸ਼ਬਦ

ਇਸ ਦੇਸ਼ ਦੇ ਨਰਸਿੰਗ ਹੋਮਜ਼

ਹਰਜੀਤ ਅਟਵਾਲ

(ਤਸਵੀਰ ਵਿੱਚ- ਹ ਅਟਵਾਲ, ਹਰਬਖਸ਼ ਮਕਸੂਦਪੁਰੀ, ਕੁਲਵੰਤ ਢਿਲੋਂ, ਜਸਵਿੰਦਰ ਮਾਨ, ਕਿਰਪਾਲ ਪੂਨੀ, ਸੰਤੋਖ ਹੇਅਰ)


ਕੁਦਰਤ ਦਾ ਅਜੀਬ ਨਿਯਮ ਹੈ ਕਿ ਜਿਵੇਂ ਬੱਚਾ ਆਪਣੇ ਆਪ ਨੂੰ ਸੰਭਾਲਣ ਤੋਂ ਅਸਮਰਥ ਹੁੰਦਾ ਹੈ ਇਵੇਂ ਹੀ ਬੁੱਢਾਪੇ ਵਿੱਚ ਵੀ ਇਕ ਅਵਸਥਾ ਆਉਂਦੀ ਹੈ ਜਦ ਇਨਸਾਨ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ। ਬੱਚੇ ਵਾਂਗ ਹੀ ਉਸ ਨੂੰ ਵੀ ਨਾਪੀ ਲੱਗ ਸਕਦੀ ਹੈ। ਬੜੇ ਖੁਸ਼ਨਸੀਬ ਹਨ ਉਹ ਲੋਕ ਜੋ ਬਿਨਾਂ ਬਹੁਤਾ ਬਿਮਾਰ ਹੋਏ ਪੂਰੇ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਉਸ ਨੂੰ ਸੰਭਾਲਣ ਲਈ ਕੇਅਰਰ (ਸੰਭਾਲ-ਕਰਤਾ) ਦੀ ਲੋੜ ਪੈਂਦੀ ਹੈ। ਬ੍ਰਤਾਨੀਆ ਸਮੇਤ ਬਹੁਤ ਸਾਰੇ ਦੇਸ਼ਾਂ ਵਿੱਚ ਬੁੱਢਿਆਂ, ਬਿਮਾਰਾਂ ਤੇ ਅਪੰਗਾਂ ਨੂੰ ਸੰਭਾਲਣ ਦੀ ਵਿਵਸਥਾ ਬਹੁਤ ਸ਼ਲਾਘਾਯੋਗ ਹੈ। ਜੇ ਤੁਹਾਨੂੰ ਸੰਭਾਲ ਦੀ ਲੋੜ ਹੋਵੇਗੀ ਤਾਂ ਕੇਅਰਰਜ਼ ਤੁਹਾਡੇ ਘਰ ਆਉਣ ਲੱਗਦੇ ਹਨ। ਇਸ ਤੋਂ ਪਹਿਲਾਂ ਨਰਸਾਂ ਜਾਂ ਮਾਹਿਰਾਂ ਦੀ ਇਕ ਟੀਮ ਤੁਹਾਡਾ ਮੁਆਇਨਾ ਕਰਦੀ ਹੈ ਕਿ ਤੁਹਾਨੂੰ ਕਿੰਨੀ ਕੁ ਸੰਭਾਲ ਦੀ ਲੋੜ ਹੈ। ਇਹ ਕੇਅਰਰਜ਼ ਅੱਧੇ ਘੰਟੇ ਤੋਂ ਲੈ ਕੇ ਕਈ ਘੰਟਿਆਂ ਤੱਕ ਤੁਹਾਡੀ ਸੰਭਾਲ ਲਈ ਆ ਸਕਦੇ ਹਨ। ਦਿਨ ਵਿੱਚ ਇਕ ਵਾਰ, ਦੋ ਵਾਰ ਜਾਂ ਕਈ ਵਾਰ ਵੀ। ਕਈ ਲੋਕਾਂ ਨੂੰ ਚੌਵੀ ਘੰਟੇ ਕੇਅਰ ਦੀ ਲੋੜ ਵੀ ਹੋ ਸਕਦੀ ਹੈ। ਜੇ ਘਰ ਵਿੱਚ ਤੁਹਾਡੀ ਸੰਭਾਲ ਨਾ ਹੋ ਸਕੇ ਜਾਂ ਤੁਹਾਡਾ ਘਰ ਇਸ ਸਰਵਿਸ ਦੇ ਅਨੁਕੂਲ ਨਾ ਹੋਵੇ ਤਾਂ ਤੁਹਾਨੂੰ ਨਰਸਿੰਗ ਹੋਮ ਵਿੱਚ ਭੇਜ ਦਿੱਤਾ ਜਾਂਦਾ ਹੈ। ਇਥੇ ਮੈਂ ਲੰਡਨ ਦੇ ਨਰਸਿੰਗ ਹੋਮਜ਼ ਬਾਰੇ ਹੀ ਸੰਖੇਪ ਜਿਹੀ ਗੱਲ ਕਰਨੀ ਹੈ।

ਵਿਗਿਆਨ ਦੀ ਤਰੱਕੀ ਨਾਲ ਇਨਸਾਨ ਦੀ ਉਮਰ ਵੱਧਦੀ ਜਾ ਰਹੀ ਹੈ। ਦੁਨੀਆ ਭਰ ਵਿੱਚ ਬੁੱਢੇ ਲੋਕਾਂ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ। ਉਮਰਾਂ ਵਿੱਚ ਵਾਧਾ ਹੋਣ ਕੇ ਹੀ ਪੈਨਸ਼ਨ ਦੀ ਉਮਰ ਵੀ ਲਗਾਤਾਰ ਵਧਾਈ ਜਾ ਰਹੀ ਹੈ। ਬ੍ਰਤਾਨੀਆ ਵਿੱਚ ਇਸ ਵੇਲੇ ਪੈਨਸ਼ਾਨ ਦੀ ਉਮਰ 66 ਸਾਲ ਹੈ ਤੇ ਜਲਦੀ ਹੀ 67 ਸਾਲ ਤੇ ਫਿਰ ਸੱਤਰ ਸਾਲ ਹੋਣ ਜਾ ਰਹੀ ਹੈ। ਗੌਰਮਿੰਟ ਨੂੰ ਇਤਰਾਜ਼ ਹੈ ਕਿ ਲੋਕ ਪੈਨਸ਼ਨਾਂ ਬਹੁਤੀ ਦੇਰ ਖਾਂਦੇ ਹਨ ਇਸ ਲਈ ਇਹਨਾਂ ਤੋਂ ਕੰਮ ਲਿਆ ਜਾਵੇ। ਇਸ ਵੇਲੇ ਬ੍ਰਤਾਨੀਆ ਦੀ ਸਮੁੱਚੀ ਆਬਾਦੀ ਵਿੱਚ ਅੱਸੀ ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਦੀ ਗਿਣਤੀ ਕਾਫੀ ਹੈ ਤੇ ਵੀਹ ਸਾਲਾਂ ਵਿੱਚ ਇਹ ਗਿਣਤੀ ਦੁੱਗਣੀ ਹੋ ਜਾਵੇਗੀ। ਵੈਸੇ ਤਾਂ ਅੱਜ ਕੱਲ ਦਵਾਈਆਂ ਅਜਿਹੀਆਂ ਆ ਰਹੀਆਂ ਹਨ ਕਿ ਬੰਦੇ ਨੂੰ ਜਲਦੀ ਡਿਗਣ ਨਹੀਂ ਦਿੰਦੀਆਂ ਪਰ ਇਹਨਾਂ ਦਵਾਈਆਂ ਦੇ ਉਲਟੇ ਅਸਰ ਵੀ ਹਨ। ਜਿਵੇਂ ਜਿਵੇਂ ਬੁੱਢਿਆਂ ਦੀ ਗਿਣਤੀ ਵੱਧ ਰਹੀ ਹੈ, ਨਵੇਂ ਨਵੇਂ ਨਰਸਿੰਗ ਹੋਮਜ਼ ਖੋਹਲਣ ਦੀ ਲੋੜ ਪੈ ਰਹੀ ਹੈ। ਇਸ ਵੇਲੇ ਚਾਰ ਲੱਖ ਰੈਜ਼ੀਡੈਂਟਸ ਲਈ ਨਰਸਿੰਗ ਹੋਮਜ਼ ਲਈ ਬੈੱਡ ਹਨ। ਨਰਸਿੰਗ ਹੋਮ ਵਿੱਚ ਰਹਿਣ ਵਾਲੇ ਬੁੱਢਿਆਂ ਜਾਂ ਬਿਮਾਰਾਂ ਨੂੰ ਰੈਜ਼ੀਡੈਂਟ ਕਹਿੰਦੇ ਹਨ।

ਇਸ ਸੇਵਾ ਦੀ ਸ਼ੁਰੂਆਤ ਕਿਸੇ ਹੱਦ ਤੱਕ ਸਤਾਰਵੀਂ ਸਦੀ ਵਿੱਚ ਉਤਰੀ ਅਮਰੀਕਾ ਵਿੱਚ ਹੋਈ ਜਿਥੇ ਇਹਨਾਂ ਨੂੰ ਗਰੀਬ-ਘਰ (ਪੂਅਰ-ਹੋਮ) ਜਾਂ ਦਾਨ-ਘਰ (ਆਲਮ-ਹਾਊਸ) ਕਿਹਾ ਜਾਂਦਾ ਸੀ। ਬ੍ਰਤਾਨੀਆ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਦੇ ਉਦੈ ਦੇ ਨਾਲ ਹੀ 'ਵਰਕ-ਹਾਊਸ' ਹੋਂਦ ਵਿੱਚ ਆਏ। ਇਹਨਾਂ ਘਰ ਵਿੱਚ ਬੇਰੁਗਜ਼ਾਰ ਤੇ ਬੁੱਢੇ ਰਹਿੰਦੇ ਸਨ। ਜਿਹਨਾਂ ਲੋਕਾਂ ਕੋਲ ਆਪਣੇ ਠਿਕਾਣੇ ਨਹੀਂ ਸਨ ਉਹਨਾਂ ਦੀ ਸੰਭਾਲ ਲਈ ਕਈ ਕਿਸਮ ਦੇ ਕਾਨੂੰਨ ਬਣਦੇ ਰਹੇ ਤੇ ਸਮੇਂ ਸਮੇਂ ਇਹਨਾਂ ਦੇ ਕਈ ਰੂਪ ਬਦਲਦੇ ਰਹੇ। ਸੰਨ 1929 ਵਿੱਚ ਆ ਕੇ ਸਰਕਾਰ ਨੇ ਸਥਾਨਕ ਕੌਂਸਲਾਂ ਨੂੰ ਅਧਿਕਾਰ ਦੇ ਦਿੱਤੇ ਗਏ। ਵਰਕ-ਹਾਊਸ ਦੀ ਥਾਂ ਮਿਉਨਸਪਲ ਹਸਪਤਾਲ ਅਤੇ ਐਲਡਰਲੀ ਕੇਅਰ ਹੋਮਜ਼ ਆ ਗਏ। ਜਿਹੜੀਆਂ ਵਰਕ-ਹਾਊਸ ਲਈ ਇਮਾਰਤਾਂ ਵਰਤੀਆਂ ਜਾਂਦੀਆਂ ਸਨ ਉਹਨਾਂ ਵਿੱਚੋਂ ਕੁਝ ਕੁ ਨੂੰ ਬਿਜ਼ੁਰਗਾਂ ਦੇ ਰਹਿਣ ਲਈ ਬਣਾ ਦਿੱਤਾ ਗਿਆ ਤੇ ਕੁਝ ਕੁ ਨੂੰ ਹਸਪਤਾਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ। ਸੰਨ 1914 ਤੱਕ ਜਿਹੜੇ ਲੋਕ ਸਮਰਥਾ ਰੱਖਦੇ ਸਨ ਉਹਨਾਂ ਲਈ ਘਰਾਂ ਵਿੱਚ ਹੀ ਕੇਅਰ ਦਾ ਇੰਤਜ਼ਾਮ ਕੀਤਾ ਜਾਂਦਾ। ਫਿਰ ਸਭ ਬਦਲਣਾ ਸ਼ੁਰੂ ਹੋਇਆ। ਪਰਾਈਵੇਟ ਨਰਸਿੰਗ ਹੋਮ ਬਣਨੇ ਸ਼ੁਰੂ ਹੋ ਗਏ। ਸੰਨ 1977 ਤੱਕ 1249 ਪਰਾਈਵੇਟ ਨਰਸਿੰਗ ਹੋਮ ਰਜਿਸਟਰ ਹੋਏ ਜਿਹਨਾਂ ਵਿੱਚ 34546 ਬਿਸਤਰ ਸਨ। ਸੰਨ 2019 ਵਿੱਚ ਸਤਾਰਾਂ ਹਜ਼ਾਰ ਤੋਂ ਵੱਧ ਨਰਸਿੰਗ ਹੋਮ ਹਨ ਜਿਹਨਾਂ ਵਿੱਚ ਚਾਰ ਲੱਖ ਲੋਕਾਂ ਲਈ ਰਹਿਣ ਦਾ ਇੰਤਜ਼ਾਮ ਹੈ। ਜੇ ਤੁਹਾਡੇ ਕੋਲ ਕੋਈ ਆਮਦਨ ਜਾਂ ਕੋਈ ਜਮਾਂ ਪੂੰਜੀ ਨਹੀਂ ਹੈ ਤਾਂ ਇਹ ਨਰਸਿੰਗ ਹੋਮ ਮੁਫਤ ਹਨ। ਸੰਨ 2009 ਤੱਕ ਮਰੀਜ਼ ਦੀ ਪੈਨਸ਼ਨ ਆਦਿ ਨਾਲ ਕੰਮ ਚਲਾ ਲਿਆ ਜਾਂਦਾ ਸੀ, ਬਾਕੀ ਦਾ ਖਰਚਾ ਲੋਕਲ ਕੌਂਸਲ ਦਿੰਦੀ ਸੀ। ਮਰੀਜ਼ ਨੂੰ ਇਕ ਹੱਦ ਤੱਕ ਆਪਣੀ ਕੈਪੀਟਲ ਰੱਖ ਲੈਣ ਦੀ ਇਜਾਜ਼ਤ ਸੀ ਪਰ ਬਾਅਦ ਵਿੱਚ ਕਾਨੂੰਨ ਬਦਲ ਦਿੱਤੇ ਗਏ। ਜੇ ਮਰੀਜ਼ ਪੈਸੇ ਦੇ ਸਕਦਾ ਹੈ ਤਾਂ ਉਸ ਤੋਂ ਪੂਰਾ ਖਰਚ ਲਿਆ ਜਾਂਦਾ ਹੈ। ਜੇ ਤੁਹਾਡੇ ਕੋਲ ਘਰ ਜਾਂ ਕੋਈ ਜਾਇਦਾਦ ਹੈ ਤੇ ਤੁਸੀਂ ਨਰਸਿੰਗ ਹੋਮ ਵਿੱਚ ਚਲੇ ਜਾਂਦੇ ਹੋ ਤਾਂ ਤੁਹਾਡਾ ਸਾਰਾ ਖਰਚ ਤੁਹਾਡਾ ਘਰ ਜਾਂ ਤੁਹਾਡੀ ਜਾਇਦਾਦ ਵੇਚ ਕੇ ਪੂਰਾ ਕਰ ਲਿਆ ਜਾਂਦਾ ਹੈ। ਇਸ ਵਿਸ਼ੇ ਨੂੰ ਲੈ ਕੇ ਪਿੱਛੇ ਜਿਹੇ ਮੈਂ ਇਕ ਕਹਾਣੀ ਵੀ ਲਿਖੀ ਸੀ ਜੋ ਪ੍ਰਵਚਨ ਨਾਮੀ ਮੈਗਜ਼ੀਨ ਵਿੱਚ ਛਪੀ ਹੈ।

ਨਰਸਿੰਗ ਹੋਮਜ਼ ਦੀ ਗੱਲ ਕਰੀਏ ਤਾਂ ਇਹ ਮੌਡਰਨ ਸਮਾਜ ਦਾ ਇਕ ਸਿਹਤਵੰਦ ਅੰਗ ਹਨ ਪਰ ਹੈ ਇਹ ਸ਼ੁੱਧ ਵਿਓਪਾਰ। ਤੇ ਵਿਓਪਾਰ ਵੀ ਵੱਡੀ ਪੱਧਰ ਦਾ। ਵਿਓਪਾਰ ਵਿੱਚ ਕੋਈ ਵੀ ਘਾਟਾ ਨਹੀਂ ਖਾਣਾ ਚਾਹੁੰਦਾ। ਇਹਨਾਂ ਦੇ ਮਾਲਕ ਵੀ ਮਰੀਜ਼ਾਂ ਜਾਂ ਰੈਜ਼ੀਡੈਂਟਸ ਨੂੰ ਸੰਭਾਲਣ ਦੀ ਪੂਰੀ ਕੀਮਤ ਲੈਂਦੇ ਹਨ। ਜਿਹੋ ਜਿਹਾ ਨਰਸਿੰਗ ਹੋਮ ਦਾ ਪੱਧਰ ਉਹੋ ਜਿਹੀ ਫੀਸ। ਜਿਵੇਂ ਹੋਟਲ ਹੁੰਦੇ ਹਨ। ਪਹਿਲਾਂ ਇਹਨਾਂ ਨੇ ਆਪਣੇ ਖਰਚੇ ਪੂਰੇ ਕਰਨੇ ਹੁੰਦੇ ਹਨ ਤੇ ਫਿਰ ਉਪਰੋਂ ਦੀ ਮੁਨਾਫਾ ਵੀ ਕੱਢਣਾ ਹੁੰਦਾ ਹੈ। ਬਹੁਤੇ ਨਰਸਿੰਗ ਹੋਮਜ਼ ਵੱਡੀਆਂ ਵੱਡੀਆਂ ਕੰਪਨੀਆਂ ਦੇ ਹਨ ਪਰ ਹੁਣ ਸਾਡੇ ਲੋਕ ਵੀ ਇਸ ਬਿਜ਼ਨਸ ਵਿੱਚ ਆ ਗਏ ਹਨ ਤੇ ਖੂਬ ਨਾਂ ਚਮਕਾ ਰਹੇ ਹਨ। ਨਰਸਿੰਗ ਹੋਮਜ਼ ਵਿੱਚ ਆਪਣਾ ਵਿਓਪਾਰ ਵਧਾਉਣ ਦੀ ਹੋੜ ਵੀ ਲੱਗੀ ਰਹਿੰਦੀ ਹੈ। ਇਹ ਆਪਣੇ ਰੈਜ਼ੀਡੈਂਟਸ ਦਾ ਪੂਰਾ ਧਿਆਨ ਰੱਖਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਵੱਧ ਤੋਂ ਵੱਧ ਗਾਹਕ ਖਿੱਚ ਸਕਣ। ਇਹਨਾਂ ਵਿੱਚ ਰੈਜ਼ੀਡੈਂਟਸ ਦੇ ਧਰਮ, ਬੋਲੀ, ਖਾਣੇ ਆਦਿ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਹੁਣ ਸਾਡੀ ਵੀ ਇਥੇ ਵਾਹਵਾ ਆਬਾਦੀ ਹੈ ਤੇ ਸਾਡੇ ਬਹੁਤ ਸਾਰੇ ਬਿਜ਼ੁਰਗ ਇਹਨਾਂ ਨਰਸਿੰਗ ਹੋਮਜ਼ ਵਿੱਚ ਰਹਿ ਰਹੇ ਹਨ। ਜੇ ਤੁਸੀਂ ਕਿਸੇ ਨਰਸਿੰਗ ਹੋਮ ਵਿੱਚ ਚਲੇ ਜਾਵੋਂ ਤੇ ਜੇ ਮੁਹੰਮਦੀ ਰਫੀ ਦੇ ਗਾਣੇ ਵੱਜ ਰਹੇ ਹੋਣ ਤਾਂ ਇਹ ਹੈਰਾਨੀ ਵੱਲੀ ਗੱਲ ਨਹੀਂ ਹੋਵੇਗੀ।

ਜਿਥੇ ਨਰਸਿੰਗ ਹੋਮਜ਼ ਇਸ ਸਮਾਜ ਦੀ ਵਧੀਆ ਵਿਵਸਥਾ ਹੈ ਉਥੇ ਇਹਨਾਂ ਦੇ ਬੰਦ ਦਰਵਾਜ਼ਿਆਂ ਪਿੱਛੇ ਜੋ ਕੁਝ ਵਾਪਰਦਾ ਹੈ ਉਹ ਬਹੁਤ ਹੀ ਅਣਸੁਖਾਵਾਂ ਹੈ। ਇਹਨਾਂ ਰੈਜ਼ੀਡੈਂਟਸ ਨਾਲ ਦੁਰ-ਵਿਵਹਾਰ ਦੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਦੁਰ-ਵਿਵਹਾਰ ਤੋਂ ਭਾਵ ਇਹਨਾਂ ਦੀ ਕੁੱਟ-ਮਾਰ, ਥੱਪੜ-ਮੁੱਕੇ, ਧੱਕੇ, ਖਰੋਚਾਂ, ਕੋਈ ਅੰਗ ਮੋਰੜਨਾ ਆਦਿ ਕੁਝ ਵੀ ਹੋ ਸਕਦਾ ਹੈ। ਜਾਂ ਫਿਰ ਇਸ ਦੁਰ-ਵਿਵਹਾਰ ਦੀਆਂ ਕੁਝ ਹੋਰ ਕਿਸਮਾਂ ਵੀ ਹਨ ਜਿਵੇਂ ਕਪੜੇ ਗੰਦੇ ਰੱਖਣੇ, ਸਫਾਈ ਤੋਂ ਵਾਂਝੇ ਰੱਖਣਾ, ਦਵਾਈ ਵਕਤ ਸਿਰ ਨਾ ਦੇਣੀ, ਖਾਣਾ ਢੰਗ ਨਾਲ ਨਾ ਦੇਣਾ ਜਾਂ ਉਹਨਾਂ ਨੂੰ ਪਾਸਾ ਨਾ ਦੁਆਉਣਾ ਜਿਸ ਕਾਰਨ ਬੈੱਡ-ਸੋਰ ਭਾਵ ਜ਼ਖ਼ਮ ਹੋ ਜਾਂਦੇ ਹਨ ਆਦਿ। ਕੁਝ ਖ਼ਬਰਾਂ ਤਾਂ ਬਲਾਤਕਾਰ ਵਰਗੀਆਂ ਵੀ ਮਿਲ ਜਾਂਦੀਆਂ ਹਨ। ਜਿਹੜੇ ਲੋਕ ਆਪਣੀ ਯਾਦਾਸ਼ਤ ਗਵਾ ਚੁੱਕੇ ਹੁੰਦੇ ਹਨ ਜਾਂ ਖਰਾਬ-ਦਿਮਾਗੀ ਸਥਿਤੀ ਵਿੱਚ ਹੁੰਦੇ ਹਨ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨਾਲ ਦੁਰ-ਵਿਵਹਾਰ ਹੋ ਰਿਹਾ ਹੈ। ਇਸ ਦੁਰ-ਵਿਵਹਾਰ ਦੇ ਬਹੁਤ ਸਾਰੇ ਕਾਰਨ ਹਨ। ਮੁੱਖ ਕਾਰਨ ਹੈ ਕਿ ਕਈ ਵਾਰ ਬਹੁਤੇ ਬਿਮਾਰ ਲੋਕ ਸਟਾਫ ਦਾ ਕਹਿਣਾ ਨਹੀਂ ਮੰਨਦੇ ਜਿਵੇਂ ਕਿ ਦਵਾਈ ਨਹੀਂ ਲੈਂਦੇ ਜਾਂ ਨਹਾਉਂਦੇ ਨਹੀਂ ਜਾਂ ਅਜਿਹਾ ਹੀ ਕੁਝ ਹੋਰ ਤਾਂ ਇਹਨਾਂ ਦੇ ਕੇਅਰਰਜ਼, ਨਰਸਜ਼ ਜਾਂ ਹੋਰ ਸਟਾਫ ਖਿਝਦੇ ਹੋਏ, ਗੁੱਸੇ ਵਿੱਚ ਆਏ ਇਹਨਾਂ ਨਾਲ ਦੁਰ-ਵਿਵਹਾਰ ਕਰਨ ਲੱਗਦੇ ਹਨ। ਰੈਜ਼ੀਡੈਂਟਸ ਨੂੰ ਸਜ਼ਾ ਦੇਣ ਲਈ ਇਹਨਾਂ ਦੀ ਬਾਂਹ ਮਰੋੜਨਾ ਜਾਂ ਕੋਈ ਤਿੱਖੀ ਚੀਜ਼ ਚੋਭਣੀ ਵਰਗੇ ਹੱਥਕੰਡੇ ਅਪਣਾਏ ਜਾਂਦੇ ਹਨ। ਜਿਹਨਾਂ ਰੈਜ਼ੀਡੈਂਟਸ ਦੇ ਰਿਸ਼ਤੇਦਾਰ ਉਹਨਾਂ ਨੂੰ ਦੇਖਣ ਜਾਂਦੇ ਰਹਿੰਦੇ ਹਨ, ਉਹ ਤਾਂ ਇਹਨਾਂ ਨੂੰ ਦੇਖਦੇ ਸਾਰ ਹੀ ਸਮਝ ਜਾਂਦੇ ਹਨ। ਸਰੀਰ ਉਪਰ ਜ਼ਖ਼ਮ ਜਾਂ ਖਰੋਚਾਂ ਗਵਾਹੀ ਭਰਦੀਆਂ ਹਨ। ਉਹ ਇਕ ਦਮ ਸਟਾਫ ਦੀ ਸ਼ਿਕਾਇਤ ਕਰ ਸਕਦੇ ਹਨ ਤੇ ਸੰਬੰਧਤ ਦੋਸ਼ੀ ਨੂੰ ਪੂਰੀ ਸਜ਼ਾ ਮਿਲਦੀ ਹੈ। ਬਹੁਤ ਸਾਰੇ ਰੈਜ਼ੀਡੈਂਟਸ ਅਜਿਹੇ ਵੀ ਹੁੰਦੇ ਹਨ ਜਿਹਨਾਂ ਦੇ ਪਰਿਵਾਰ ਨਹੀਂ ਹੁੰਦੇ ਜਾਂ ਉਹਨਾਂ ਨੂੰ ਦੇਖਣ ਨਹੀਂ ਆਉਂਦੇ, ਉਹਨਾਂ ਦੀ ਸ਼ਿਕਾਇਤ ਨੂੰ ਅੱਗੇ ਪੁੱਜਦੀ ਕਰਨ ਵਾਲਾ ਕੋਈ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਆਪ ਆਪਣੇ ਨਾਲ ਹੋਏ ਦੁਰ-ਵਿਵਹਾਰ ਦਾ ਪਤਾ ਹੀ ਨਹੀਂ ਹੁੰਦਾ।

ਵੈਸੇ ਰੈਜ਼ੀਡੈਂਟਸ ਦਾ ਡਾਕਟਰਾਂ ਵਲੋਂ ਸਮੇਂ ਸਮੇਂ ਮੁਆਇਨਾ ਹੁੰਦਾ ਰਹਿੰਦਾ ਹੈ। ਉਹਨਾਂ ਦੇ ਮੁਆਇਨੇ ਵਿੱਚ ਦੁਰ-ਵਿਵਹਾਰ ਦੇ ਨਿਸ਼ਾਨ ਮਿਲ ਜਾਂਦੇ ਹਨ। ਫਿਰ ਇਹ ਕੁਕਰਮ ਕਰਨ ਵਾਲਿਆਂ ਦੀ ਸ਼ਾਮਤ ਆ ਜਾਂਦੀ ਹੈ। ਇਸ ਸਜ਼ਾ ਵਜੋਂ ਨੌਕਰੀਓਂ ਕੱਢਣ ਤੋਂ ਲੈ ਕੇ ਜੇਲ੍ਹ ਤੱਕ ਹੋ ਜਾਂਦੀ ਹੈ। ਹਰ ਨਰਸਿੰਗ ਹੋਮ ਵਿੱਚ ਥਾਂ ਥਾਂ ਕੈਮਰੇ ਲੱਗੇ ਹੁੰਦੇ ਹਨ ਇਸ ਲਈ ਅਜਿਹੇ ਲੋਕਾਂ ਨੂੰ ਫੜਨਾ ਬਹੁਤ ਸੌਖਾ ਹੁੰਦਾ ਹੈ। ਬਾਕੀ ਕਿਸੇ ਨਰਸਿੰਗ ਹੋਮ ਦੀ ਮੈਨੇਜਮੈਂਟ ਉਪਰ ਵੀ ਨਿਰਭਰ ਕਰਦਾ ਹੈ। ਜੇ ਤੁਹਾਨੂੰ ਕਿਸੇ ਵੀ ਨਰਸਿੰਗ ਹੋਮ ਵਿੱਚ ਕੋਈ ਗਲਤ ਗੱਲ ਦਿਸਦੀ ਹੈ ਤਾਂ ਤੁਸੀਂ ਏ ਪੀ ਐਸ (ਔਡਿਟ ਪਰੋਟੈਕਟਿਵ ਸਰਵਿਸ) ਕੋਲ ਸ਼ਿਕਾਇਤ ਕਰ ਸਕਦੇ ਹੋ। ਤੁਹਾਡੀ ਕਿਸੇ ਵੀ ਸ਼ਿਕਾਇਤ ਨੂੰ ਇਹ ਸੰਸਥਾ ਬਹੁਤ ਗੰਭੀਰਤਾ ਨਾਲ ਲਵੇਗੀ। ਵੈਸੇ ਵੀ ਨਰਸਿੰਗ ਹੋਮਜ਼ ਦੀ ਨਿਰੰਤਰ ਚੈਕ ਅੱਪ ਹੁੰਦੀ ਰਹਿੰਦੀ ਹੈ ਜਿਸ ਵਿੱਚ ਰੈਜ਼ੀਡੈਂਟਸ ਦੀ ਸਿਹਤ ਤੇ ਸੁਰੱਖਿਆ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ। ਜੇ ਕੋਈ ਨਰਸਿੰਗ ਹੋਮਜ਼ ਇਹਨਾਂ ਦੀਆਂ ਸ਼ਰਤਾਂ ਉਪਰ ਠੀਕ ਨਾ ਉਤਰੇ ਉਸ ਨੂੰ ਬੰਦ ਵੀ ਕਰਾਇਆ ਜਾ ਸਕਦਾ ਹੈ। ਇਹਨਾਂ ਉਪਰ ਅੱਖ ਰੱਖਣ ਲਈ -ਕੇਅਰ ਕੁਆਲਟੀ ਕਮਿਸ਼ਨ- ਨਾਮੀ ਸੰਸਥਾ ਵੀ ਹੈ।

ਕੁਝ ਅਪਵਾਦਾਂ ਦੇ ਬਾਵਜੂਦ ਵੀ ਕੇਅਰਰ ਸਰਵਿਸ ਜਾਂ ਨਰਸਿੰਗ ਹੋਮ ਵਾਲੇ ਸਿਸਟਮ ਤੋਂ ਮੈਂ ਕਾਫੀ ਪ੍ਰਭਾਵਿਤ ਹਾਂ। ਇਸ ਸਿਸਟਮ ਦਾ ਮੇਰੀ ਜ਼ਿੰਦਗੀ ਵਿੱਚ ਬਹੁਤ ਦਖਲ ਰਿਹਾ ਹੈ। ਮੇਰੀ ਪਤਨੀ ਇਕ ਸਾਲ ਤੋਂ ਵੀ ਵੱਧ ਸਮਾਂ ਨਰਸਿੰਗ ਹੋਮ ਵਿੱਚ ਰਹੀ ਹੈ। ਸਟਰੋਕ ਤੋਂ ਬਾਅਦ ਪੁਨਰਵਾਸ ਲਈ ਉਸ ਨੂੰ ਰਹਿਣਾ ਪਿਆ ਸੀ। ਫਿਰ ਜਦ ਉਹ ਘਰ ਆਈ ਤਾਂ ਬਹੁਤ ਸਾਲ ਕੇਅਰਰ ਉਸ ਦੀ ਸੰਭਾਲ ਲਈ ਘਰ ਆਉਂਦੀ ਰਹੀ ਹੈ। ਮੇਰੇ ਪਿਤਾ ਨੂੰ ਵੀ ਬਿਮਾਰ ਹੋਣ ਵੇਲੇ ਇਕ ਕੇਅਰਰ ਸੰਭਾਲਣ ਆਇਆ ਕਰਦਾ ਸੀ। ਪੰਜਾਬੀ ਦਾ ਪ੍ਰਸਿੱਧ ਲੇਖਕ ਅਮਨਪਾਲ ਸਾਰਾ ਕਨੇਡਾ ਦੇ ਇਕ ਨਰਸਿੰਗ ਹੋਮ ਵਿੱਚ ਰਹਿੰਦਾ ਹੈ ਕਿਉਂਕਿ ਬਿਮਾਰ ਹੋਣ 'ਤੇ ਉਸ ਦੇ ਪਰਿਵਾਰ ਨੇ ਉਸ ਨੂੰ ਸੰਭਾਲਣ ਤੋਂ ਨਾਂਹ ਕਰ ਦਿੱਤੀ ਸੀ। ਪੰਜਾਬੀ ਦਾ ਆਲੋਚਕ ਹਰਬਖਸ਼ ਮਕਸੂਦਪੁਰੀ ਡਰਬੀ ਦੇ ਇਕ ਨਰਸਿੰਗ ਹੋਮ ਵਿੱਚ ਹੈ। ਇਵੇਂ ਹੀ ਪ੍ਰੀਤਮ ਸਿੱਧੂ ਵੀ ਆਪਣੇ ਆਖਰੀ ਸਾਲ ਨਰਸਿੰਗ ਹੋਮ ਵਿੱਚ ਹੀ ਰਿਹਾ ਸੀ। ਜਦ ਪਰਿਵਾਰ ਦੇ ਜੀਅ ਕਿਸੇ ਮਰੀਜ਼ ਨੂੰ ਨਾ ਸੰਭਾਲ ਸਕਦੇ ਹੋਣ ਤਾਂ ਉਸ ਲਈ ਨਰਸਿੰਗ ਹੋਮ ਬਹੁਤ ਢੁਕਵੀਂ ਜਗਾਹ ਹੈ। ਮੈਂ ਤਾਂ ਆਪ ਇਹੋ ਫੈਸਲਾ ਕੀਤਾ ਹੋਇਆ ਹੈ ਕਿ ਜੇ ਮੈਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਤਾਂ ਕਿਸੇ ਨੂੰ ਤਕਲੀਫ ਦੇਣ ਦੀ ਥਾਂ ਮੈਂ ਨਰਸਿੰਗ ਹੋਮ ਹੀ ਚਲੇ ਜਾਵਾਂਗਾ। ਇਸ ਲਈ ਮੈਂ ਨਰਸਿੰਗ ਹੋਮਜ਼ ਬਾਰੇ ਅਕਸਰ ਪੜ੍ਹਦਾ ਰਹਿੰਦਾ ਹਾਂ।

Comments


bottom of page