ਕਹਾਣੀ
ਉਹ ਮੇਰਾ ਵੀ ਕੁਝ ਲੱਗਦੈ
ਨਿਰੰਜਣ ਬੋਹਾ
ਅੱਖਾਂ ਮੀਚ ਕੇ ਸੌਣ ਦਾ ਨਾਟਕ ਜ਼ਰੂਰ ਕਰ ਲੈਂਦੀ ਹਾਂ ਪਰ ਨੀਂਦ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਦਿਲੋਂ ਮੈਂ ਇਹ ਨਾਟਕ ਕਰਨਾ ਨਹੀਂ ਚਾਹੁੰਦੀ ਪਰ ਸਤਨਾਮ ਦੇ ਸਵਾਲਾਂ ਤੋਂ ਬਚਣ ਲਈ ਮੈਨੂੰ ਇਹ ਕਰਨਾ ਪੈਂਦਾ ਹੈ । ਸਾਰੀ ਰਾਤ ਬੇ-ਚੈਨੀ ਨਾਲ ਪਾਸੇ ਪਲਟਦਿਆਂ ਜੇ ਘੰਟੇ ਦੋ ਘੰਟੇ ਲਈ ਅੱਖ ਲੱਗ ਵੀ ਜਾਵੇ ਤਾਂ ਭੈੜੇ ਭੈੜੇ ਸੁਪਨੇ ਆਉਣ ਤੇ ਤ੍ਰਬਕ ਕੇ ਜਾਗ ਪੈਂਦੀ ਹਾਂ। ਪਿਛਲੇ ਡੇਢ ਮਹੀਨੇ ਤੋਂ ਮੇਰਾ ਇਹੀ ਹਾਲ ਹੈ। ਲਗਾਤਾਰ ਦੇ ਉਨੀਂਦਰੇ ਨੇ ਭਾਵੇਂ ਮੇਰੀ ਸਿਹਤ ਤੇ ਸੁਭਅ ਵਿਚ ਵੀ ਕੁਝ ਅੰਤਰ ਲੈ ਆਂਦਾ ਹੈ ਪਰ ਸਤਨਾਮ ਤੇ ਆਪਣੀ ਸੱਸ ਨਾਲ ਸਾਹਮਣਾ ਹੋਣ ‘ਤੇ ਮੈਂ ਆਪਣੇ ਆਪ ਨੂੰ ਸਹਿਜ ਦਰਸਾਉਣ ਸੰਬੰਧੀ ਹਰ ਸੰਭਵ ਯਤਨ ਕਰਦੀ ਹਾਂ । ਆਪਣਾ ਧਿਆਨ ਵੰਡਾਉਣ ਲਈ ਮੈਂ ਸਾਰਾ ਦਿਨ ਆਪਣੇ ਆਪ ਨੂੰ ਘਰੇਲੂ ਕੰਮਾਂ ਦੇ ਆਹਰ ਵਿਚ ਲਾਈ ਰੱਖਦੀ ਹਾਂ। ਬਹੁਤ ਯਤਨ ਕਰਦੀ ਹਾਂ ਕਿ ਸਤਨਾਮ ਤੇ ਉਸਦੀ ਮਾਂ ਨੂੰ ਮੇਰੀ ਮਾਨਸਿਕ ਹਾਲਤ ਦਾ ਪਤਾ ਨਾ ਲੱਗੇ , ਪਰ ਕੀ ਕਰਾਂ ? ਉਂਨੀਦਰੇ ਨਾਲ ਲਾਲ ਹੋਈਆਂ ਅੱਖਾਂ ਤੇ ਪੀਲਾ ਜ਼ਰਦ ਚਿਹਰਾ ਉਨ੍ਹਾਂ ਕੋਲ ਮੇਰੇ ਮਨ ਦਾ ਭੇਦ ਖੋਲ੍ਹ ਹੀ ਦੇਂਦਾ ਹੈ।
“ਬਬਲੀ ਐਨੀ ਗੁੰਮ ਸੁੰਮ ਕਿਉਂ ਰਹਿਣ ਲੱਗ ਪਈ ਐਂ .. ਤੂੰ ਆਪਣੀ ਸਿਹਤ ਪ੍ਰਤੀ ਬਿਲਕੁਲ ਵੀ ਧਿਆਨ ਨਹੀਂ ਰੱਖਦੀ ...।” ਸਤਨਾਮ ਕਈ ਵਾਰ ਮੋਹ ਨਾਲ ਤੇ ਕਈ ਵਾਰ ਗੁੱਸੇ ਨਾਲ ਮੈਨੂੰ ਤਾੜਣਾ ਕਰਦਾ ਹੈ।
“ਕੁੜੇ ਕੀ ਹੁੰਦਾ ਜਾ ਰਿਹੈ ਤੈਨੂੰ ...ਦਿਨੋ ਦਿਨ ਨਿਘਰਦੀ ਜਾਂਦੀ ਏਂ। ” ਮੇਰੀ ਸੱਸ ਦੇ ਬੋਲਾਂ ਵਿੱਚ ਵੀ ਅੰਤਾਂ ਦੀ ਚਿੰਤਾ ਸ਼ਾਮਿਲ ਹੁੰਦੀ ਹੈ।
“ਕੁਝ ਨਹੀਂ , ਮੈਂ ਚੰਗੀ ਭਲਾਂ ਤਾਂ ਹਾਂ......ਐਂਵੇਂ ਵਹਿਮ ਹੋ ਗਿਐ ਤੁਹਾਨੂੰ .... ਉਨ੍ਹਾਂ ਦਾ ਦਿਲ ਰੱਖਣ ਲਈ ਮੈ ਬਦੋ- ਬਦੀ ਹੱਸਣ ਦਾ ਯਤਨ ਕਰਦੀ ਹਾਂ ਤਾਂ ਮੇਰਾ ਹਾਸਾ ਵੀ ਮੇਰੀ ਉਦਾਸੀ ਵਰਗਾ ਫਿੱਕਾ ਜਿਹਾ ਹੀ ਹੁੰਦਾ ਹੈ।
ਸਤਨਾਮ ਤੇ ਆਪਣੀ ਸੱਸ ਕੋਲ ਤਾਂ ਮੈਂ ਝੂਠ ਬੋਲ ਦਿੰਦੀ ਹਾਂ ਪਰ ਆਪਣੇ ਆਪ ਨਾਲ ਝੂਠ ਕਿਵੇਂ ਬੋਲਾਂ ? ਰਾਤ ਨੂੰ ਤਾਂ ਹੋਣੇ ਹੀ ਹਨ ,ਹੁਣ ਤਾਂ ਦਿਨ ਵੇਲੇ ਵੀ ਮੇਰੇ ਮਨ ਵਿਚ ਬਹੁਤ ਡਰਾਉਣੇ ਜਿਹੇ ਖਿਆਲ ਪੈਦਾ ਹੁੰਦੇ ਰਹਿੰਦੇ ਨੇ। ਹਰ ਵੇਲੇ ਮੈਨੂੰ ਲੱਗਦਾ ਹੈ ਕਿ ਮੇਰੇ ਨਾਲ ਕੋਈ ਅਣਹੋਣੀ ਜ਼ਰੂਰ ਵਾਪਰੇਗੀ। ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰਦੀ ਹਾ ਕਿ ਆਪਣੇ ਬਾਰੇ ਚੰਗਾ ਹੀ ਚੰਗਾ ਸੋਚਾਂ ਪਰ ਪਤਾ ਨਹੀਂ ਕਿਹੜੇ ਵੇਲੇ ਢਾਹੂ ਜਿਹੀਆਂ ਕਲਪਨਾਵਾ ਮੇਰੀ ਸੋਚਾਂ ਵਿਚ ਦਾਖਿਲ ਹੋ ਜਾਂਦੀਆਂ ਹਨ। । ਮੇਰੇ ਲਈ ਹੁਣ ਦਿਨ ਤੇ ਰਾਤ ਵਿਚ ਬਹੁਤਾ ਫਰਕ ਵੀ ਨਹੀਂ ਰਿਹਾ । ਦਿਨੇ ਵੀ ਸਾਰਾ ਸਮਾ ਬੇ-ਚੈਨ ਰਹਿੰਦੀ ਹਾਂ ਤੇ ਰਾਤ ਨੂੰ ਵੀ ਚੈਨ ਨਹੀ ਪੈਂਦੀ। ਕ਼ੱਲ੍ਹ ਰਾਤ ਵੀ ਮੈਂ ਦੇਰ ਤੱਕ ਜਾਗਦੀ ਰਹੀ ਸਾਂ। ਤੀਜੇ ਪਹਿਰ ਅੱਖ ਲੱਗੀ ਤਾਂ ਮੰਦੇ ਸੁਪਨੇ ਨੇ ਮੇਰੀ ਹਾਲਤ ਪਾਣੀ ਬਿਨ ਤੜਫਦੀ ਮੱਛੀ ਵਰਗੀ ਕਰ ਦਿੱਤੀ।
‘ਮੈਂ ਪੱਪੀ ਨੂੰ ਸਕੂਲ ਛੱਡਣ ਜਾ ਰਹੀ ਹਾਂ । ਅਚਾਨਕ ਕਾਲੇ ਰੰਗ ਦੀ ਕਾਰ ਸਾਡੇ ਕੋਲ ਆ ਕੇ ਰੁਕਦੀ ਹੈ ਤੇ ਉਸ ਵਿਚਲੇ ਬਦਮਾਸ ਜਿਹੇ ਵਿਖਾਈ ਦਿੰਦੇ ਬੰਦਿਆ ਨੇ ਤੇਜ਼ੀ ਨਾਲ ਪੱਪੀ ਨੂੰ ਚੁੱਕ ਕੇ ਕਾਰ ਵਿਚ ਸੁੱਟ ਲਿਆ ਹੈ। ਪੱਪੀ ਉੱਚੀ -ਉੱਚੀ ਰੋ ਰਿਹਾ ਹੈ ਤੇ ਮੈਨੂੰ ਹਾਕਾਂ ਮਾਰ ਰਿਹਾ ਹੈ .....ਮੈ ਕਾਰ ਵੱਲ ਭੱਜਦੀ ਹਾਂ... ਪਰ ਕਾਰ ਮੇਰੀਆ ਨਜ਼ਰਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਮੈਂ ਚੀਕਣ ਦੀ ਕੋਸ਼ਿਸ਼ ਕਰਦੀ ਹਾ , ਪਰ ਇਹ ਕੀ..... ਮੇਰੀ ਅਵਾਜ਼ ਮੇਰੇ ਸੰਘ ਵਿਚੋਂ ਹੀ ਨਿਕਲ ਨਹੀਂ ਰਹੀ।‘ ਫਿਰ ਇਕ ਦਮ ਜਾਗ ਖੁਲ੍ਹੀ ਤਾਂ ਮੇਰਾ ਦਿਲ ਤੇਜੀ ਨਾਲ ਧੜਕ ਰਿਹਾ ਸੀ। ਆਪਣੇ ਸੀਨੇ ਤੋਂ ਹੱਥ ਚੁਕਦਿਆਂ ਮੈਂ ਥੋੜ੍ਹਾ ਸੁੱਖ ਦਾ ਸਾਹ ਲਿਆ ਕਿ ਮੇਰੇ ਵੱਲੋਂ ਚਿਤਵਿਆ ਦ੍ਰਿਸ਼ ਸੁਪਨਾ ਹੀ ਸੀ, ਹਕੀਕਤ ਨਹੀਂ। ਅਕਸਰ ਹੁਣ ਮੈਨੂੰ ਅਜਿਹੇ ਹੀ ਸੁਪਨੇ ਆਉਣ ਲੱਗ ਪਏ ਹਨ , ਜਿਨਾਂ ਵਿੱਚ ਪਹਿਲਾ ਮੈਂ ਤੇ ਪੱਪੀ ਇਕਠੇ ਹੁੰਦੇ ਹਾਂ , ਫਿਰ ਕੋਈ ਹੋਣੀ ਜਬਰੀ ਮੈਥੋਂ ਪੱਪੀ ਨੂੰ ਖੋਹ ਕੇ ਲੈਂ ਜਾਂਦੀ ਹੈ। ਕਦੇ ਸੁਪਨੇ ਵਿਚ ਉਸ ਦਾ ਐਕਸੀਡੈਂਟ ਹੋਇਆ ਵੇਖਦੀ ਹਾਂ ਤੇ ਕਦੇ ਉਸਦੇ ਪਾਣੀ ਵਿਚ ਡੁੱਬਦੇ ਦੇ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਸਕਾਰ ਹੁੰਦੇ ਹਨ। ਜਾਗ ਖੁਲ੍ਹਣ ਤੋਂ ਬਾਦ ਮੇਰੇ ਹੱਥ ਆਪਣੇ ਆਪ ਬਾਬੇ ਨਾਨਕ ਦੀ ਫੋਟੋ ਅੱਗੇ ਜੁੜ ਜਾਂਦੇ ਹਨ , “ ਹੇ ਸੱਚੇ ਪਾਤਸ਼ਾਹ! ਮੇਰੇ ਲਾਲ ਨੂੰ ਤੱਤੀ ਵਾਅ ਨਾ ਲਾਈ। ”
ਸਵੇਰੇ ਆਪਣੇ ਹੀ ਖਿਆਲ ਵਿਚ ਗੁਆਚੀ ਵਰਾਂਡੇ ਵੱਲ ਮੰਜਾ ਚੁੱਕ ਕੇ ਲਿਜਾ ਰਹੀ ਸਾਂ ਤਾਂ ਮੰਜੇ ਦੀ ਬਾਹੀ ਦੀ ਛਿਲਤਰ ਮੇਰੇ ਸੱਜੇ ਹੱਥ ਦੇ ਅਗੂੰਠੇ ਵਿਚ ਚੁੱਭ ਗਈ। ਭਾਵੇ ਇਹ ‘ਛਿਲਤਰ’ ਮੈਂ ਸੂਈ ਦੀ ਮੱਦਦ ਨਾਲ ਕੱਢ ਲਈ ਸੀ ਪਰ ਇਸ ਦੀ ਰੜਕ ਅਜੇ ਵੀ ਮੌਜੂਦ ਹੈ । ਸਵੇਰੇ ਤੋਂ ਹੀ ਬਸ ਇਹੀ ਸੋਚ ਰਹੀ ਹਾ ਕਿ ਆਪਣੇ ਮਨ ਵਿਚ ਪੁੜੀ ਛਿਲਤਰ ਨੂੰ ਕੱਢਣ ਲਈ ਕੀ ਕਰਾਂ? ਮੇਰੀ ਘੱਟ ਰਹੀ ਸਿਹਤ ਤੋਂ ਚਿੰਤਤ ਸਤਨਾਮ ਮੈਨੂੰ ਕਈ ਵਾਰ ਡਾਕਟਰ ਕੋਲ ਵਿਖਾਉਣ ਲਈ ਕਹਿ ਚੁੱਕਾ ਹੈ, ਪਰ ਮੈਂ ਜਾਣਦੀ ਹਾ ਕਿ ਕਿਸੇ ਵੀ ਡਾਕਟਰ ਕੋਲ ਅਜਿਹੇ ਔਜ਼ਾਰ ਨਹੀਂ ਹਨ , ਜੋ ਮੇਰੇ ਮਨ ਵਿਚ ਪੁੜੀ ਛਿਲਤਰ ਨੂੰ ਪਕੜ ਸਕਣ । ਇਹ ਮਨ ਦੀ ਪੀੜ ਤਾਂ ਹੁਣ ਮੇਰੇ ਨਾਲ ਹੀ ਨਿਭੇਗੀ। ਇਸਦਾ ਕੋਈ ਵੀ ਇਲਾਜ਼ ਮੈਨੂੰ ਅਸਰਦਾਰ ਹੁੰਦਾ ਵਿਖਾਈ ਨਹੀਂ ਦਿੰਦਾ।
ਜਦੋ ਮੈਂ ਆਪਣੀ ਦਰਦ ਕਹਾਣੀ ਛੇੜ ਹੀ ਲਈ ਹੈ ਤਾਂ ਇਹ ਦੱਸਣ ਵਿਚ ਵੀ ਕਿਉਂ ਸੰਕੋਚ ਕਰਾਂ ਕਿ ਸਤਨਾਮ ਨਾਲ ਵਿਆਹ ਬੰਧਨ ਵਿੱਚ ਬੰਨ੍ਹੇ ਜਾਣ ਤੋਂ ਪਹਿਲਾਂ ਵੀ ਅਸੀਂ ਦੋਹੇਂ ਗ੍ਰਹਿਸਥ ਜੀਵਨ ਨੂੰ ਹੰਢਾ ਚੁੱਕੇ ਸਾਂ । ਮੇਰਾ ਪਹਿਲਾ ਵਿਆਹ ਬਰਨਾਲੇ ਲਾਗੇ ਸੇਖੇ ਪਿੰਡ ਵਿੱਚ ਹੋਇਆ ਸੀ। ਪਹਿਲੇ ਪਤੀ ਗੁਰਪਿਆਰ ਨਾਲ ਗੁਜਾਰੇ ਚਾਰ ਸੁਖਦਾਇਕ ਗ੍ਰਹਿਸਥੀ ਵਰ੍ਹਿਆ ਦੀ ਯਾਦ ਹੁਣ ਵੀ ਮੇਰੇ ਕਲੇਜੇ ਵਿਚੋ ਰੁਗ ਭਰ ਕੇ ਲੈਂ ਜਾਂਦੀ ਹੈ। ਪੱਪੀ ਮੇਰੇ ਪਹਿਲੇ ਪਤੀ ਦੀ ਹੀਂ ਨਿਸ਼ਾਨੀ ਹੈ।
ਹੁਣ ਜਦੋਂ ਗੁਰਪਿਆਰ ਦੇ ਸੀਨੇ ਵਿਚ ਉੱਠੇ ਦਰਦ ਦੀ ਘਟਨਾ ਬਿਆਨ ਕਰ ਰਹੀ ਹਾਂ ਤਾਂ ਮੇਰੇ ਆਪਣੇ ਸੀਨੇ ਵਿਚੋ ਹੀ ਹਲਕਾ ਹਲਾਕਾ ਦਰਦ ਉੱਠਦਾ ਹੋਇਆ ਮਹਿਸੂਸ ਹੋ ਰਿਹਾ ਹੈ ਤੇ ਮੇਰਾ ਮਨ ਪੀੜ ਨਾਲ ਨੱਕੋ ਨੱਕ ਭਰਿਆ ਪਿਆ ਹੈ। ਰਾਤੀ ਰੋਟੀ ਖਾਣ ਤੋਂ ਬਾਅਦ ਗੁਰਪਿਆਰ ਨੇ ਇਸ ਦਰਦ ਬਾਰੇ ਦੱਸਿਆ ਤਾਂ ਮੇਰੇ ਜੇਠ ਉਸੇ ਵੇਲੇ ਉਸਨੂੰ ਕਾਰ ਵਿੱਚ ਪਾ ਕੇ ਡੀ. ਐਮ. ਸੀ. ਲੁਧਿਆਣਾ ਲੈ ਗਏ ਸਨ। ਮੈਂ ਵੀ ਉਸ ਵੇਲੇ ਨਾਲ ਹੀ ਸਾਂ। ਉਸਦੇ ਇਲਾਜ ‘ਤੇ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਵੀ ਉਹ ਵੇਖਦਿਆਂ ਹੀ ਵੇਖਦਿਆਂ ਰੇਤ ਵਾਂਗ ਮੇਰੀ ਮੁੱਠੀ ਵਿੱਚੋਂ ਕਿਰ ਗਿਆ ਸੀ। ਮੇਰੇ ‘ਤੇ ਤਾ ਉਸ ਵੇਲੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਸੀ, ਪਰ ਸਾਲ ਕੁ ਭਰ ਦੇ ਪੱਪੀ ਨੂੰ ਕੀ ਪਤਾ ਸੀ ਕਿ ਸਾਡੇ ਨਾਲ ਕੀ ਭਾਣਾ ਵਰਤ ਗਿਆ ਹੈ।
ਗੁਰਪਿਆਰ ਦੀ ਮੌਤ ਤੋਂ ਬਾਅਦ ਤਾਂ ਮੈਂ ਜਿਵੇਂ ਸੇਖੇ ਵਾਲਿਆਂ ਲਈ ਬਿਗਾਨੀ ਹੀ ਹੋ ਗਈ ਸਾਂ। ਮਹੀਨਾ ਕੁ ਭਰ ਉਨ੍ਹਾਂ ਦੇ ਜਵਾਨ ਪੁੱਤ ਨੂੰ ਖਾ ਜਾਣ ਦੇ ਇਲਜ਼ਾਮ ਮੈਂ ਸੁਣੇ ਤੇ ਫਿਰ ਸਬਰ ਦਾ ਪਿਆਲਾ ਭਰ ਜਾਣ ‘ਤੇ ਪੱਪੀ ਨੂੰ ਗੋਦ ਵਿਚ ਚੁੱਕ ਕੇ ਆਪਣੇ ਪੇਕੇ ਘਰ ਆ ਗਈ ਸਾਂ। ਉਂਝ ਵੀ ਗੁਰਪਿਆਰ ਸਾਰਿਆਂ ਤੋਂ ਛੋਟਾ ਸੀ ਇਸ ਲਈ ਮੇਰੇ ਸਹੁਰੇ ਘਰ ਵਿਚ ਮੈਨੂੰ ਆਸਰਾ ਦੇਣ ਦੇ ਯੋਗ ਕੋਈ ਮਰਦ ਮੈਂਬਰ ਨਹੀਂ ਸੀ। ਦੋ ਸਾਲ ਮੈਂ ਪੱਪੀ ਦੇ ਸਹਾਰੇ ਪੇਕਿਆਂ ਦੇ ਘਰ ਬੈਠੀ ਰਹੀ। ਮੇਰੀ ਉਮਰ ਨੇ ਅਜੇ ਤੀਹਾਂ ਦਾ ਹਿੰਦਸ਼ਾ ਪਾਰ ਨਹੀਂ ਸੀ ਕੀਤਾ। ਮੇਰਾ ਬਾਪੂ ਚਾਹੁੰਦਾ ਸੀ ਕਿ ਮੇਰਾ ਮੁੜ ਵਸੇਬਾ ਕਰਨ ਲਈ ਕੋਈ ਵਸੀਲਾ ਬਣ ਜਾਵੇ। ਬਾਪੂ ਨੇ ਬਹੁਤ ਭੱਜ ਨੱਠ ਕੀਤੀ ਕਿ ਦਹਾਜੂ ਜਾ ਕੋਈ ਥੁੜਿਆ ਗਰੀਬ ਮੁੰਡਾ ਮਿਲ ਜਾਵੇ। ਪਰ ਇਧਰੋਂ ਜਾ ਉਧਰੋ ਕੋਈ ਰੁਕਾਵਟ ਪੈ ਹੀ ਜਾਂਦੀ । ਆਖਿਰ ਮੇਰੇ ਮਾਮਿਆਂ ਦੀ ਥਾ ਲੱਗਦੇ ਜਰਨੈਲ ਨੇ ਦੱਸ ਪਾਈ ਕਿ ਘੱਲ ਕਲਾਂ ਦੇ ਇਕ ਚੰਗੇ ਗੁਜਾਰੇ ਵਾਲੇ ਤੇ ਸਰਕਾਰੀ ਮਾਸਟਰ ਲੱਗੇ ਇੱਕ ਮੁੰਡੇ ਦੀ ਘਰ ਵਾਲੀ ਕੁਝ ਮਹੀਨਾ ਪਹਿਲਾਂ ਗੁਜ਼ਰ ਗਈ ਹੈ ਤੇ ਉਹ ਹੁਣ ਢੁੱਕਵੇਂ ਰਿਸ਼ਤੇ ਦੀ ਭਾਲ ਵਿੱਚ ਨੇ। ਮੁੰਡੇ ਦੀ ਉਮਰ ਤਾਂ ਭਾਵੇ ਚਾਲੀ ਸਾਲ ਦੇ ਨੇੜ ਤੇੜ ਹੈ ਪਰ ਉਹ ਵੇਖਣ ਨੂੰ ਤੀਹ ਬੱਤੀ ਸਾਲ ਦਾ ਹੀ ਲੱਗਦਾ ਹੈ।
ਬਾਪੂ ਨੇ ਦੂਰ ਨੇੜੇ ਦੀ ਰਿਸ਼ਤੇਦਾਰੀ ਰਾਹੀਂ ਘੱਲਕਲਾਂ ਵਾਲਿਆਂ ਦੇ ਘਰ ਪਰਿਵਾਰ ਅਤੇ ਜ਼ਮੀਨ ਜਾਇਦਾਦ ਬਾਰੇ ਸੂਹ ਕੱਢੀ ਤਾਂ ਪਤਾ ਲੱਗਾ ਕਿ ਮਰਨ ਵਾਲੀ ਆਪਣੇ ਪਿੱਛੇ ਧੀ ਤੇ ਪੁੱਤਰ ਦੇ ਰੂਪ ਵਿਚ ਦੋ ਬੱਚੇ ਛੱਡ ਗਈ ਹੈ। ਮੁੰਡੇ ਦਾ ਬਾਪੂ ਪਿਛਲੇ ਸਾਲ ਹੀ ਅਕਾਲ ਚਲਾਣਾ ਕਰ ਗਿਆ ਸੀ। ਸਭ ਕੁਝ ਸੋਚ ਵਿਚਾਰ ਕੇ ਬਾਪੂ ਨੇ ਜਰਨੈਲ ਨੂੰ ਵਿਚੋਲਾ ਬਣਾ ਕੇ ਉਨ੍ਹਾਂ ਨਾਲ ਮੇਰੇ ਰਿਸ਼ਤੇ ਦੀ ਗੱਲ ਤੋਰੀ ਪਰ ਮੁੰਡੇ ਦੀ ਮਾਂ ਨੇ ਕੋਈ ਠੋਸ ਹੁੰਗਾਰਾ ਨਾ ਭਰਿਆ। ਸਤਨਾਮ ਦੀ ਬੇਬੇ ਨੇ ਉਸਦੀ ਸਰਕਾਰੀ ਨੌਕਰੀ ਦੇ ਬਲਬੂਤੇ ‘ਤੇ ਸ਼ਰਤ ਰੱਖ ਦਿੱਤੀ ਕਿ ਉਹ ਬਿਨਾਂ ਬੱਚੇ ਵਾਲੀ ਕੁੜੀ ਦਾ ਰਿਸ਼ਤਾ ਹੀ ਲੈਣਗੇ। ਬਾਪੂ ਨੇ ਬਥੇਰਾ ਵਿਸ਼ਵਾਸ ਦਿਵਾਇਆ ਕਿ ਮੈਂ ਉਸਦੇ ਪੋਤੇ ਪੋਤੇ ਦਾ ਖਿਆਲ ਆਪਣੇ ਪੱਪੀ ਨਾਲੋਂ ਵੀ ਵੱਧ ਕੇ ਰਖਾਗੀ , ਪਰ ਉਹ ਅੜੀ ਛੱਡਣ ਲਈ ਤਿਆਰ ਨਹੀਂ ਸੀ ਹੋਈ ।
ਸਾਡੇ ਰਿਸ਼ਤੇ ਦੀ ਗੱਲ ਇਕ ਵਾਰ ਤਾਂ ਟੁੱਟ ਹੀ ਗਈ ਸੀ ਪਰ ਬਾਦ ਵਿਚ ਬਾਪੂ ਨੇ ਮੇਰੇ ਭਰਾ ਭਰਜਾਈ ਨਾਲ ਸਲਾਹ ਕਰਕੇ ਇਹ ਫੈਸਲਾ ਸੁਣਾ ਦਿੱਤਾ ਕਿ ਜੇ ਘੱਲ ਕਲਾਂ ਵਾਲੇ ਮੰਨਦੇ ਨੇ ਤਾਂ ਉਹ ਪੱਪੀ ਨੂੰ ਆਪਣੇ ਕੋਲ ਰੱਖਣ ਲਈ ਤਿਆਰ ਹਨ। ਇਸ ਫੈਸਲੇ ਨੇ ਮੈਨੂੰ ਭਾਰੀ ਦੁਚਿਤੀ ਵਿਚ ਪਾ ਦਿੱਤਾ । ਪੱਪੀ ਨੂੰ ਆਪਣੇ ਕੋਲ ਰੱਖਣ ਲਈ ਤਾਂ ਉਸਦਾ ਦਾਦਕੇ ਵੀ ਤਿਆਰ ਸਨ। ਸੇਖਾ ਛੱਡਣ ਲੱਗਿਆਂ ਉਨ੍ਹਾਂ ਬਹੁਤ ਅੜੀ ਕੀਤੀ ਸੀ ਕਿ ਉਹ ਆਪਣੇ ਪੁੱਤਰ ਦੀ ਅੰਸ਼ ਨੂੰ ਆਪਣੇ ਕੋਲ ਹੀ ਰੱਖਣਗੇ ਪਰ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਪੱਪੀ ਦੀ ਉਮਰ ਨੂੰ ਵੇਖਦਿਆ ਫੈਸਲਾ ਮੇਰੇ ਹੱਕ ਵਿਚ ਸੁਣਾਇਆ ਸੀ । ਹੁਣ ਮੈਂ ਕਿਵੇਂ ਆਪਣੇ ਢਿੱਡ ਦੀ ਆਂਦਰ ਨੂੰ ਆਪਣੇ ਤੋਂ ਵੱਖ ਕਰ ਦੇਵਾਂ ਤੇ ਆਪਣੇ ਸੁੱਖ ਲਈ ਕਿਵੇਂ ਮਾਸੂਮ ਨੂੰ ਨਵੇ ਦੁੱਖਾਂ ਵਿੱਚ ਪਾ ਦੇਵਾਂ । ਬੇਬੇ ਬਾਪੂ ਨੇ ਨੇ ਮੈਨੂੰ ਸਮਝਾਇਆ ਸੀ , “ਵੇਖ ਧੀਏ ਅਸੀਂ ਤਾਂ ਕੰਧੀ ਉਤੇ ਰੁੱਖੜਾ ਹਾਂ , ਪਤਾ ਨਹੀਂ ਕਿਹੜੇ ਵੇਲੇ ਉੱਤੋਂ ਸੱਦਾ ਆ ਜਾਵੇ...ਤੂੰ ਸਾਰੀ ਉਮਰ ਭਰਾ ਭਰਜਾਈ ਦੇ ਬੂਹੇ ‘ਤੇ ਕਿਵੇਂ ਕੱਟੇਂਗੀ । ਅਜੇ ਤਾਂ ਸਾਡੀ ਪੁੱਗਤ ਹੈ... ਵਕਤ ਬਦਲਦਿਆਂ ਦੇਰ ਨਹੀਂ ਲੱਗਦੀ।” ਉਨ੍ਹਾਂ ਦੀ ਗੱਲ ਠੀਕ ਵੀ ਸੀ ਅਜੇ ਘਰ ਦੀ ਮੁਖਤਿਆਰੀ ਬੇਬੇ ਬਾਪੂ ਦੇ ਹੱਥ ਵਿਚ ਹੈ , ਜਦੋਂ ਭਰਾ ਭਰਜਾਈ ਦੇ ਹੱਥ ਆ ਗਈ ਤਾਂ ਬਾਪੂ ਵਲੋ ਪ੍ਰਗਟਾਇਆ ਖਦਸ਼ਾ ਸੱਚ ਹੋ ਵੀ ਹੋ ਸਕਦਾ ਹੈ। ਆਖਿਰ ਆਪਣੇ ਆਪ ਨੂੰ ਸਮਝਾਇਆ ਕਿ ਘੱਲਕਲਾਂ ਕਿਹੜਾ ਦੂਰ ਹੈ...ਪੰਦਰਾ ਵੀਹ ਦਿਨ ਬਾਦ ਪੱਪੀ ਨੂੰ ਆ ਕੇ ਮਿਲ ਜਾਇਆ ਕਰਾਂਗੀ ।
ਸਤਨਾਮ ਨਾਲ ਵਿਆਹ ਤੋਂ ਕੁਝ ਦਿਨ ਬਾਦ ਤਕ ਤਾਂ ਮੈਂ ਸਹੁਰੇ ਘਰ ਦੇ ਨਵੇਂ ਮਾਹੌਲ ਵਿਚ ਪਰਚੀ ਰਹੀ। ਸਤਨਾਮ ਦੇ ਨਾਲ ਮੇਰੀ ਸੱਸ ਤੇ ਨਨਾਣ ਦਾ ਵਰਤਾਉ ਵੀ ਆਪਣੇਪਣ ਵਾਲਾ ਸੀ। ਵਿਆਹ ਤੋਂ ਪਹਿਲਾਂ ਸੱਸ ਵੱਲੋਂ ਰੱਖੀ ਸ਼ਰਤ ਨੇ ਭਾਵੇਂ ਮੇਰੇ ਦਿਮਾਗ ਵਿਚ ਉਸਦਾ ਅਕਸ਼ ਰਵਾਇਤੀ ਸੱਸਾਂ ਵਰਗਾ ਬਣਾ ਦਿੱਤਾ ਸੀ ਪਰ ਇਹਨਾਂ ਦਿਨਾਂ ਵਿਚ ਉਹ ਮੈਨੂੰ ਆਪਣੇ ਦਿਲ ਵਿਚ ਬਣਾਏ ਅਕਸ਼ ਤੋਂ ਉਲਟ ਹੀ ਲੱਗੀ ਸੀ ਤੇ ਸਾਰਾ ਦਿਨ ਮੈਨੂੰ ਪੁੱਤ ਪੁੱਤ ਕਰਦੇ ਉਸਦਾ ਮੂੰਹ ਨਹੀ ਸੀ ਸੁੱਕਦਾ। ਸਤਨਾਮ ਦੀ ਪਹਿਲੀ ਪਤਨੀ ਦੇ ਧੀ ਤੇ ਪੁੱਤਰ ਵੀ ਮੇਰੇ ਨਾਲ ਬਿਲਕੁਲ ਘੁਲ ਮਿਲ ਗਏ ਸਨ। ਗੋਲਡੀ ਤਾਂ ਮੈਨੂੰ ਜਵਾਂ ਪੱਪੀ ਵਰਗਾ ਹੀ ਜਾਪਿਆ ਸੀ , ਪੱਪੀ ਦੀ ਯਾਦ ਨੂੰ ਮੈਨੂੰ ਉਦੋਂ ਵੀ ਬਹੁਤ ਆਉਂਦੀ ਸੀ ਪਰ ਗੋਲਡੀ ਤੇ ਰੀਤੂ ਸਾਰਾ ਦਿਨ ਮੇਰੇ ਨੇੜੇ ਨੇੜੇ ਹੀ ਫਿਰਦੇ ਰਹਿੰਦੇ ਸਨ ਤੇ ਮੈਂ ਉਨ੍ਹਾਂ ਵਿਚ ਪਰਚੀ ਰਹਿੰਦੀ ਸਾਂ। ਵਿਆਹ ਤੋਂ ਬਾਅਦ ਪੇਕੇ ਘਰ ਲੱਗੇ ਦੋ ਫੇਰਿਆਂ ਤੱਕ ਸੱਭ ਕੁਝ ਠੀਕ ਚਲਦਾ ਰਿਹਾ।
ਤੀਜੀ ਵਾਰ ਪੇਕੇ ਜਾਣ ਵਿਚ ਢਾਈ ਮਹੀਨੇ ਦਾ ਵਕਫਾ ਪੈ ਗਿਆ। ਲੱਖੀਵਾਲੇ ਪਹੁੰਚ ਕੇ ਮੈਨੂੰ ਲੱਗਿਆ ਕਿ ਪੱਪੀ ਪਹਿਲਾ ਨਾਲੋਂ ਬਹੁਤ ਕੰਮਜੋਰ ਹੋ ਗਿਆ ਹੈ ਤੇ ਉਹ ਗੁੰਮ ਸੁੰਮ ਜਿਹਾ ਰਹਿਣ ਲੱਗ ਪਿਆ ਹੈ। ਉਸਦੇ ਚਿਹਰੇ ਦਾ ਰੰਗ ਤਾਂ ਜਵਾਂ ਹਲਦੀ ਵਰਗਾ ਪੀਲਾ ਵਸਾਰ ਹੋਇਆ ਪਿਆ ਸੀ । ਇਸ ਵੇਲੇ ਮੈਨੂੰ ਤੀਬਰ ਅਹਿਸਾਸ ਹੋਇਆ ਕਿ ਮਾਂ ਮਾ ਹੀ ਹੁੰਦੀ ਹੈ ।.. ਮਾਮੀ ਭਾਵੇ ਬੱਚਿਆਂ ਦਾ ਕਿੰਨਾ ਵੀ ਖਿਆਲ ਰੱਖੇ ਉਹ ਮਾਂ ਦਾ ਸਥਾਨ ਨਹੀਂ ਲੈ ਸਕਦੀ। ਪੱਪੀ ਦੇ ਪਾਏ ਮੈਲੇ ਕੁਚੈਲੇ ਕਪੜਿਆਂ ਤੇ ਗਿੱਟਿਆਂ ਤੇ ਜੰਮੀ ਮੇਲ ਵੇਖ ਕੇ ਮੇਰਾ ਤਾਂ ਰੋਣ ਹੀ ਨਿਕਲ ਆਇਆ। ਮੈਂ ਉਸਨੂੰ ਸੀਨੇ ਨਾਲ ਲਾ ਕੇ ਕਿੰਨਾ ਹੀ ਚਿਰ ਵਿਲਕਦੀ ਰਹੀ ਸਾਂ।
ਦੋ ਦਿਨ ਬਾਦ ਘੱਲ ਕਲਾਂ ਵਾਪਸ ਜਾਣ ਲਈ ਪੇਕੇ ਘਰ ਦੀ ਦਹਿਲੀਜ਼ ਪਾਰ ਕਰਨ ਲੱਗੀ ਤਾਂ ਪੱਪੀ ਨੇ ਰੋ ਰੋ ਕੇ ਘਰ ਸਿਰ ਤੇ ਚੁੱਕ ਲਿਆ। “ ਮੰਮੀ ਮੈਨੂੰ ਵੀ ਆਪਣੇ ਨਾਲ ਲੈ ਚੱਲੋਂ ...।” ਉਹ ਤਰਲੇ ਪਾ ਰਿਹਾ ਸੀ ਪਰ ਉਸਨੂੰ ਅਗਲੀ ਵਾਰ ਆਪਣੇ ਨਾਲ ਲਿਜਾਣ ਦਾ ਝੂਠਾ ਦਿਲਾਸਾ ਦੇਣ ਤੋਂ ਇਲਾਵਾ ਮੈ ਕਰ ਵੀ ਕੀ ਸਕਦੀ ਸਾਂ। ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੇ ਮੈਂ ਸਤਨਾਮ ਜਾਂ ਉਸਦੀ ਮਾਂ ਨਾਲ ਪੱਪੀ ਨੂੰ ਕੁਝ ਦਿਨ ਲਈ ਆਪਣੇ ਨਾਲ ਰੱਖਣ ਦੀ ਗੱਲ ਕਰਾਂਗੀ ਤਾਂ ਮੇਰੀ ਮੇਰੀ ਗੱਲ ਅਣਸੁਣੀ ਕਰ ਦਿੱਤੀ ਜਾਵੇਗੀ। ਜੇ ਮੈਂ ਜ਼ਿੱਦ ਕਰਾਂਗੀ ਤਾਂ ਹੋ ਸਕਦੈ ਮੇਰਾ ਆਪਣਾ ਵਸੇਬਾ ਵੀ ਖਤਰੇ ਵਿੱਚ ਪੈ ਜਾਵੇ। ਪੱਪੀ ਨੂੰ ਰੋਂਦਾ ਵਿਲਕਦਾ ਛੱਡ ਕੇ ਆਉਣ ਸਮੇ ਮੈਂ ਕਿਹੜਾ ਘੱਟ ਵਿਲਕੀ ਹਾਂ । ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਰੂਹ ਆਪਣੇ ਪੇਕੇ ਘਰ ਹੀ ਛੱਡ ਆਈ ਹਾਂ ਤੇ ਘੱਲ ਕਲਾਂ ਕੇਵਲ ਮੇਰਾ ਸਰੀਰ ਹੀ ਪਰਤਿਆ ਹੈ। ਮੈਂ ਅੰਦਰ ਹੀ ਅੰਦਰ ਖੁਰ ਰਹੀ ਹਾਂ ਪਰ ਆਪਣੇ ਪਤੀ ਤੇ ਆਪਣੀ ਸੱਸ ਕੋਲ ਆਪਣਾ ਦੁੱਖ ਸਾਂਝਾ ਨਹੀਂ ਕਰ ਸਕਦੀ।
……………..
ਅੱਜ ਮੈਂ ਲਖੀਵਾਲ ਦੁਬਾਰਾ ਜਾਣ ਲਈ ਸਤਨਾਮ ਨੂੰ ਮਣਾਉਣ ਸਬੰਧੀ ਆਪਣੇ ਆਪ ਨੂੰ ਤਿਆਰ ਹੀ ਕਰ ਰਹੀ ਸਾਂ ਕਿ ਭਰਾ ਦਾ ਫੋਨ ਆ ਗਿਆ, “ਸਵੇਰੇ ਸਕੂਲ ਜਾਂਦਿਆ ਇਕ ਮੋਟਰ ਸਾਈਕਲ ਵਾਲਾ ਪੱਪੀ ਨੂੰ ਫੇਟ ਮਾਰ ਗਿਐ , ਉਸਦੀ ਖੱਬੀ ਲੱਤ ਤੇ ਪਲਸਤਰ ਚੜ੍ਹਾਉਣਾ ਪਿਆ ਹੈ। .... ਉਹ ਤੈਨੂੰ ਬਹੁਤਾ ਯਾਦ ਕਰ ਰਿਹੈ।” ਫੋਨ ਸੁਣਦਿਆਂ ਹੀ ਮੈਂ ਸਿਰ ਫੜ ਕੇ ਬੈਠ ਗਈ ਹਾਂ । ਨਿਤ ਦਿਹਾੜੀ ਪੱਪੀ ਬਾਰੇ ਜਿਹੜੇ ਮੰਦੇ ਸੁਪਨੇ ਵੇਖਦੀ ਰਹੀ ਸਾਂ , ਮੈਨੂੰ ਲਗਿਆ ਉਹ ਸੱਚ ਹੀ ਸਨ । “ਹਾਏ ਹੁਣ ਮੈ ਕੀ ਕਰਾਂ”? ਮੇਰੇ ਮੂੰਹੋ ਹਾਉਂਕਾ ਜਿਹਾ ਨਿਕਲਿਆ ਹੈ।
“ਕੁੜੇ ਸੁੱਖ ਤਾਂ ਹੈ ,... ਕੀਹਦਾ ਫੋਨ ਸੀ ।” ਮੇਰੀ ਹਾਲਤ ਵੇਖ ਕੇ ਮੇਰੀ ਸੱਸ ਮੇਰੇ ਕੋਲ ਥਾਂ ਖੜ੍ਹੀ ਹੋਈ ਹੈ।
“ਪੱਪੀ ਦਾ ਐਕਸੀਡੈਂਟ ਹੋ ਗਿਐ , ਹੁਣ ਕੀ ਹੋਵੇਗਾ?” ਭਰੀਆਂ ਅੱਖਾਂ ਤੇ ਭਰੇ ਮਨ ਨਾਲ ਮੈਂ ਏਨਾਂ ਹੀ ਕਹਿ ਸਕੀ ਹਾਂ ਤੇ ਥਾਏਂ ਹੀ ਬਹਿ ਗਈ ਹਾਂ।
ਮੇਰੀ ਸੱਸ ਨੇ ਉਸ ਵੇਲੇ ਫੋਨ ਕਰਕੇ ਸਤਨਾਮ ਨੂੰ ਸਕੂਲੋਂ ਬੁਲ੍ਹਾ ਲਿਆ ਹੈ । ਉਸ ਮੇਰੇ ਮੋਢੇ ਤੇ ਹੱਥ ਰੱਖ ਕੇ ਮੈਨੂੰ ਰੋਂਦਿਆਂ ਚੁੱਪ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।
ਮੋਟਰ ਸਾਈਕਲ ਤੇ ਅਸੀਂ ਦੋ ਘੱਟਿਆ ਵਿਚ ਹੀ ਲੱਖੀਵਾਲੇ ਪਹੁੰਚ ਗਏ ਹਾਂ। ਮੈਨੂੰ ਵੇਖ ਕੇ ਪੱਪੀ ਦੀਆਂ ਅੱਖਾ ਭਰ ਆਈਆਂ ਹਨ ਪਰ ਉਹ ਪਹਿਲਾ ਵਾਂਗ ਖੁਲ੍ਹ ਕੇ ਰੋਇਆ ਨਹੀਂ ਹੈ। ਉਸਦੀ ਖੱਬੀ ਲੱਤ ਤੇ ਗੋਡਿਆਂ ਤੱਕ ਪਲਸਤਰ ਚੜ੍ਹਿਆ ਹੋਇਆ ਹੈ ਤੇ ਲੱਤ ਨੂੰ ਹਿੱਲਣ- ਜੁੱਲਣ ਤੋਂ ਰੋਕਣ ਲਾਈ ਤਿੰਨ ਇੱਟਾਂ ਦਾ ਭਾਰ ਬੰਨ੍ਹ ਕੇ ਖਿੱਚ ਵੀ ਲਾਈ ਹੋਈ ਸੀ। ਉਸਦੀ ਬੇਵਸੀ ਵੱਲ ਵੇਖ ਕੇ ਮੇਰਿਆ ਭੁੱਬਾਂ ਨਿਕਲ ਗਈਆਂ ਹਨ।
“ ਆਪਣੇ ਆਪ ਨੂੰ ਸੰਭਾਲ ਬਬਲੀ .... ਕੁਝ ਨਹੀਂ ਹੋਇਆ ਪੱਪੀ ਨੂੰ ਐਵੇ ਹੱਡੀ ਦਾ ਮਾਮੂਲੀ ਜਿਹਾ ਫਰੈਕਚਰ ਹੈ , ਮਹੀਨੇ ਤਕ ਬਿਲਕੁਲ ਠੀਕ ਹੋ ਜਾਵੇਗਾ। ”. ਭਰਾ ਨੇ ਸਿਰ ਪਲੋਸਦਿਆਂ ਮੈਨੂੰ ਦਿਲਾਸਾ ਦਿੱਤਾ ਹੈ।
ਮੈਂ ਪੱਪੀ ਦਾ ਸਿਰ ਆਪਣੇ ਗੋਡਿਆ ਤੇ ਰੱਖ ਲਿਆ ਤੇ ਕਿੰਨਾ ਹੀ ਚਿਰ ਉਸਦੇ ਸਿਰ ਦੇ ਵਾਲਾਂ ਵਿਚ ਉਂਗਲਾਂ ਫੇਰਦੀ ਰਹੀ ਹਾਂ । ਮੈਨੂੰ ਪਤਾ ਹੈ ਕਿ ਵਾਲਾ ਵਿਚ ਉਗਲਾਂ ਫੇਰਨ ਤੇ ਪੱਪੀ ਨੂੰ ਵਿਸ਼ੇਸ਼ ਰਾਹਤ ਮਿਲਦੀ ਹੈ। ਜਦੋ ਮੈਂ ਪੇਕੇ ਘਰ ਸਾਂ ਤਾਂ ਪੱਪੀ ਅਕਸਰ ਨੂੰ ਆਪਣੇ ਵਾਲਾਂ ਵਿਚ ਉਂਗਲਾਂ ਫੇਰਨ ਲਈ ਆਖਦਾ ਹੁੰਦਾ ਸੀ ਤੇ ਮੇਰੇ ਵੱਲੋਂ ਕੁਝ ਹੀ ਮਿੰਟ ਇਕ ਕਿਰਿਆ ਦੁਹਰਾਉਣ ਨਾਲ ਉਸਨੂੰ ਨੀਂਦ ਆਉਣ ਲੱਗ ਪੈਂਦੀ ਸੀ। ਹੁਣ ਵੀ ਉਸਦੀਆਂ ਅੱਖਾਂ ਨੀਂਦ ਨਾਲ ਮਿਚਦੀਆਂ ਜਾ ਰਹੀਆਂ ਹਨ। ਸਤਨਾਮ ਨੇ ਵੀ ਪੱਪੀ ਦਾ ਸਿਰ ਪਲੋਸਿਆ ਹੈ, ਪਰ ਉਹ ਮੂੰਹੋ ਕੁਝ ਨਾ ਬੋਲਿਆ।
ਰਾਤੀ ਸਤਨਾਮ ਲੱਖੀਵਾਲ ਹੀ ਰਿਹਾ । ਭਾਵੇ ਪੱਪੀ ਤਕਲੀਫ਼ ਵਿਚ ਸੀ ਪਰ ਫਿਰ ਵੀ ਬਾਪੂ ਤੇ ਭਰਾ ਨੇ ਘਰ ਆਏ ਪ੍ਰਾਹੁਣੇ ਦੀ ਸੇਵਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਸਵੇਰੇ ਦਿਨ ਚੜ੍ਹਦਿਆਂ ਹੀ ਉਸ ਮੈਨੂੰ ਤਿਆਰ ਹੋਣ ਲਈ ਕਹਿ ਦਿੱਤਾ , ਤਾਂ ਕਿ ਅਸੀ ਉਸਦੇ ਸਕੂਲ ਲੱਗਣ ਤੋਂ ਪਹਿਲਾਂ ਪਿੰਡ ਪਹੁੰਚ ਸਕੀਏ। ਭਾਵੇਂ ਮੇਰਾ ਦਿਲ ਅਜੇ ਪੱਪੀ ਨੂੰ ਛੱਡ ਕੇ ਜਾਣ ਲਈ ਨਹੀਂ ਸੀ ਕਰ ਰਿਹਾ ਪਰ ਮੈਂ ਸਤਨਾਮ ਨੂੰ ਵੀ ਮਨ੍ਹਾਂ ਨਾ ਕਰ ਸਕੀ। ਤਿਆਰ ਹੋ ਕੇ ਤੁਰਣ ਵੇਲੇ ਪੱਪੀ ਨੂੰ ਮਿਲਣ ਗਈ ਤਾਂ ਉਸ ਮੇਰੀ ਚੁੰਨ੍ਹੀ ਦਾ ਲੜ ਘੁੱਟ ਕੇ ਫੜ ਲਿਆ ,“ਮੰਮੀ ਤੁਸੀਂ ਮੇਰੇ ਕੋਲ ਰਹੋ ਜਾਂ ਮੈਨੂੰ ਵੀ ਆਪਣੇ ਨਾਲ ਲੈ ਚੱਲੋ।“
ਪੱਪੀ ਵੱਲੋਂ ਵਾਸਤਾ ਪਾਏ ਜਾਣ ਤੇ ਮੈਨੂੰ ਆਪਣਾ ਦਿਲ ਬੈਠਦਾ ਹੋਇਆ ਮਹਿਸੂਸ ਹੋਇਆ । ਮੈਂ ਇਕ ਆਸ ਜਿਹੀ ਨਾਲ ਸਤਨਾਮ ਵੱਲ ਵੇਖਿਆ ਕਿ ਉਹ ਪੱਪੀ ਨੂੰ ਦਿਲਾਸਾ ਦੇਣ ਲਈ ਮੂੰਹੋ ਜ਼ਰੂਰ ਕੁਝ ਕਹੇਗਾ। ਪਰ ਉਸ ਤਾਂ ਜਿਵੇਂ ਕੁਝ ਨਾ ਬੋਲਣ ਦੀ ਸੌਂਹ ਹੀ ਪਾ ਰੱਖੀ ਹੋਵੇ। ਪੱਪੀ ਮੈਨੂੰ ਛੱਡਣ ਲਈ ਤਿਆਰ ਨਹੀਂ ਸੀ ਤੇ ਹੁਬਕੀ ਹੁਬਕੀ ਰੋ ਰਿਹਾ ਸੀ ਪਰ ਦੂਜੇ ਪਾਸੇ ਸਤਨਾਮ ਜਲਦੀ ਜਾਣ ਦੀ ਕਾਹਲੀ ਕਰ ਰਿਹਾ ਸੀ। ਮੇਰੇ ਅੰਦਰੋ ਇਕ ਉਬਾਲ ਜਿਹਾ ਉੱਠਿਆ । ਕਿੰਨਾ ਨਿਰਦਈ ਹੈ ਸਤਨਾਮ, ਜੋ ਇਕ ਵਿਲਕ ਰਹੇ ਬੱਚੇ ਨੂੰ ਝੂਠਾ ਦਿਲਾਸਾ ਦੇ ਕੇ ਚੁੱਪ ਵੀ ਨਹੀਂ ਕਰਾ ਸਕਦਾ । ਮੈਂ ਤਾਂ ਉਸਦੇ ਬੱਚਿਆ ਤੇ ਜਾਨ ਵਾਰਨ ਤੱਕ ਜਾਂਦੀ ਹਾਂ ਪਰ ਇਹ...। ਉਚਿਤ ਮੌਕਾ ਨਾ ਜਾਣ ਕੇ ਮੈਂ ਆਪਣੇ ਗੁੱਸੇ ਨੂੰ ਵਿੱਚੇ ਹੀ ਵਿੱਚ ਪੀ ਗਈ ਹਾਂ ਪਰ ਸਤਨਾਮ ਦੇ ਵਿਵਹਾਰ ਨੇ ਮੇਰੇ ਅੰਦਰ ਇਹ ਕਹਿਣ ਦੀ ਜ਼ੁਅਰਤ ਜ਼ਰੂਰ ਪੈਦਾ ਕਰ ਦਿਤੀ ਕਿ ਉਹ ਇੱਕਲਾ ਹੀ ਵਾਪਸ ਚਲਿਆ ਜਾਵੇ ... ਮੈਂ ਅਜੇ ਕੁਝ ਦਿਨ ਹੋਰ ਪੱਪੀ ਕੋਲ ਰਹਾਂਗੀ।
ਪੱਪੀ ਕਾਰਨ ਮੈਨੂੰ ਪੂਰੇ ਵੀਹ ਦਿਨ ਲੱਖੀਵਾਲੇ ਰਹਿਣਾ ਪਿਆ। ਸਤਨਾਮ ਦੇ ਵਾਰ ਵਾਰ ਵਾਰ ਫੋਨ ਆ ਰਹੇ ਸਨ , ਇਸ ਲਈ ਮੇਰੀ ਮਾਂ ਮੇਰੇ ‘ਤੇ ਜ਼ੋਰ ਪਾ ਰਹੀ ਸੀ ਕਿ ਮੈਂ ਛੇਤੀ ਹੀ ਘੱਲ ਕਲਾਂ ਚਲੀ ਜਾਵਾਂ । ਉਸਨੂੰ ਨੂੰ ਡਰ ਸੀ ਕਿ ਮੇਰੇ ਵਧੇਰੇ ਸਮਾਂ ਇੱਥੇ ਰਹਿਣ ਕਾਰਨ ਸਤਨਾਮ ਨਰਾਜ਼ ਵੀ ਹੋ ਸਕਦਾ ਹੈ। ਜਦੋਂ ਮੈਂ ਵਾਪਸੀ ਲਈ ਅਟੈਚੀ ਚੁੱਕੀ ਤਾਂ ਪੱਪੀ ਨੇ ਭਾਵੇਂ ਪਹਿਲਾ ਵਾਂਗ ਜ਼ਿੱਦ ਤਾਂ ਨਾ ਕੀਤੀ ਪਰ ਉਸਦੀਆਂ ਅੱਖਾਂ ਜ਼ਰੂਰ ਭਰ ਆਈਆਂ ਸਨ। ਉਹ ਬੜੀ ਬੇਵਸੀ ਨਾਲ ਮੇਰੇ ਵੱਲ ਵੇਖ ਰਿਹਾ ਸੀ । ਸ਼ਾਇਦ ਉਸਦੇ ਬਾਲ ਮਨ ਨੇ ਜਾਣ ਲਿਆ ਸੀ ਕਿ ਉਸ ਨੂੰ ਛੱਡ ਕੇ ਜਾਣ ਵਿੱਚ ਵੀ ਮੇਰੀ ਕੋਈ ਮਜਬੂਰੀ ਹੈ। ਪੱਪੀ ਦੀਆਂ ਮਾਸੂਮ ਤੇ ਨਿਰਦੋਸ਼ ਨਜ਼ਰਾਂ ਨੇ ਮੇਰੇ ਪੈਰਾ ਵਿੱਚ ਫਿਰ ਸੰਗਲ ਪਾ ਦਿਤਾ ਸੀ ਤੇ ਮੈਂ ਬੜੀ ਮੁਸ਼ਕਲ ਨਾਲ ਇਸ ਭਾਵਨਾਵਾਂ ਦੇ ਸੰਗਲ ਨੂੰ ਤੋੜ ਕੇ ਪੇਕੇ ਘਰ ਦੀ ਦਹਿਲੀਜ਼ ਨੂੰ ਪਾਰ ਕੀਤਾ ਸੀ। ਬਸ ਅੱਡੇ ਤੀਕ ਜਾਂਦਿਆਂ ਮੇਰੀਆ ਅੱਖਾਂ ਲਗਾਤਾਰ ਵਹਿੰਦੀਆਂ ਹੀ ਰਹੀਆਂ ਸਨ।
ਘੱਲ ਕਲਾ ਪਹੁੰਚ ਕੇ ਮੇਰੀ ਹਾਲਤ ਹੋਰ ਵੀ ਖਰਾਬ ਹੋ ਗਈ। ਨਾ ਤਾਂ ਹੁਣ ਮੈਂ ਨਾਂ ਤਾਂ ਪਹਿਲਾਂ ਵਾਂਗ ਕਿਸੇ ਨਾਲ ਖੁਲ੍ਹ ਕੇ ਗੱਲ ਕਰਦੀ ਸਾਂ ਤੇ ਨਾ ਹੀ ਪਹਿਲਾਂ ਵਰਗੀ ਫੁਰਤੀ ਨਾਲ ਮੈਥੋਂ ਘਰ ਦਾ ਕੰਮ ਹੁੰਦਾ ਸੀ । ਮੰਜੇ ‘ਤੇ ਲੇਟਦੀ ਤਾਂ ਉੱਠਣ ਦਾ ਦਿਲ ਹੀ ਨਾ ਕਰਦਾ। ਬਸ ਟਿਕਟਿਕੀ ਲਗਾਈ ਕਮਰੇ ਦੀ ਛੱਤ ਨੂੰ ਘੂਰਦੀ ਰਹਿੰਦੀ ।
“ ਬੱਚਿਆ ਦੇ ਸੱਟਾਂ ਤਾਂ ਲੱਗਦੀਆ ਹੀ ਰਹਿੰਦੀਆ ਨੇ .... ਛੇਤੀ ਹੀ ਪੱਪੀ ਠੀਕ ਹੋ ਜੂ.... ਤੂੰ ਦਿਲ ਛੋਟਾ ਕਿਉਂ ਕਰਦੀ ਏਂ – ਪੱਪੀ ਦੇ ਪਲਸਤਰ ਖੁਲ੍ਹਣ ਵਾਲੇ ਦਿਨ ਤੂੰ ਫਿਰ ਲੱਖੀ ਵਾਲੇ ਚੱਲੀ ਜਾਈਂ।” ਮੇਰੀ ਸੱਸ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦੀ ਤਾਂ ਉਸਦੀ ਹਮਦਰਦੀ ਮੈਨੂੰ ਨਿਰਾ ਵਿਖਾਵਾ ਹੀ ਲੱਗਦੀ। ਸੋਚਦੀ ਹਾਂ, ਜੇ ਸੱਟ ਪੱਪੀ ਦੀ ਥਾਂ ‘ਤੇ ਗੋਲਡੀ ਨੂੰ ਲੱਗੀਂ ਹੁੰਦੀ ਤਾਂ ਮੇਰੀ ਸੱਸ ਨੂੰ ਵੀ ਮੇਰੇ ਵਾਂਗ ਹੀ ਤੜਫਣਾ ਲੱਗੀ ਹੁੰਦੀ.. ਪਰ ਪੱਪੀ ਉਸ ਤੇ ਸਤਨਾਮ ਦਾ ਕੀ ਲੱਗਦਾ ਸੀ? ਮੈਂ ਆਪਣੀ ਸੱਸ ਦੇ ਮੂੰਹੋ ਇਹ ਸੁਣਨਾ ਚਾਹੁੰਦੀ ਹਾਂ “ਆਪਾਂ ਆਪਾ ਕੁਝ ਦਿਨ ਲਈ ਪੱਪੀ ਨੂੰ ਏਥੇ ਲੈ ਆਈਏ।” ਪਰ ਉਹ ਅਜਿਹੀ ਮਿੱਟੀ ਦੀ ਨਹੀਂ ਸੀ ਬਣੀ ਹੋਈ ਕਿ ਛੇਤੀ ਪਿਘਲ ਜਾਵੇ।
ਹਰ ਵੇਲੇ ਧਿਆਨ ਪੱਪੀ ਵਿਚ ਰਹਿਣ ਕਾਰਨ ਹੁਣ ਘਰ ਦਾ ਕੰਮ ਵੀ ਠੀਕ ਤਰਾਂ ਨਹੀਂ ਹੁੰਦਾ । ਕਦੇ ਚਾਹ ਵਿਚ ਖੰਡ ਪਾਉਣਾ ਭੁੱਲ ਜਾਂਦੀ ਹਾਂ ਤੇ ਕਦੇ ਦੋ ਵਾਰ ਪਾ ਕੇ ਨਿਰਾ ਸ਼ਰਬਤ ਬਣਾ ਦੇਂਦੀ ਹਾਂ। ਭਾਵੇਂ ਭਰਾ ਤਾਂ ਆਪਣੇ ਵੱਲੋਂ ਪੱਪੀ ਦੀ ਸੰਭਾਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਸੀ ਰੱਖਦਾ ਪਰ ਭਰਜਾਈ ਉਸ ਵੱਲ ਵਧੇਰੇ ਧਿਆਨ ਨਹੀਂ ਸੀ ਦੇਂਦੀ, ਭਲਾ ਬੰਦੇ ਬੱਚਿਆ ਦੀ ਕਿੰਨੀ ਕੁ ਸੰਭਾਲ ਕਰ ਸਕਦੇ ਨੇ। ਮਾਂ ਤਬੀਅਤ ਤਾਂ ਹੁਣ ਲਗਾਤਾਰ ਖਰਾਬ ਹੀ ਰਹਿੰਦੀ ਹੈ । ਉਹ ਥਾਂ ਹੁਣ ਆਪ ਆਪਣੀ ਸੰਭਾਲ ਲਈ ਦੂਜਿਆਂ ਦੀ ਮੁਥਾਜ ਹੈ।
ਇਹਨੀ ਦਿਨੀਂ ਸਤਨਾਮ ਨੇ ਦੋ ਚਾਰ ਵਾਰ ਮੇਰੇ ਸਰੀਰ ਤੋਂ ਆਪਣੇ ਪਤੀ ਹੋਣ ਦਾ ਹੱਕ ਵਸੂਲਣਾ ਚਾਹਿਆ ਸੀ ਪਰ ਇਹ ਤਾਂ ਹੀਂ ਸੰਭਵ ਸੀ ਜੇ ਮੇਰਾ ਮੇਰੇ ਮਨ ਮੇਰੇ ਤਨ ਦਾ ਪੂਰਾ ਸਾਥ ਦੇਂਦਾ। ਮੇਰੇ ਸਰੀਰ ਦਾ ਠੰਡਾਪਣ ਉਸਦੇ ਅੰਦਰ ਇਕ ਖਿੱਝ ਜਿਹੀ ਪੈਦਾ ਕਰ ਦਿੰਦਾ। ਇਕ ਦੋ ਦਿਨ ਤਾਂ ਸਾਡੇ ਵਿਚਕਾਰ ਚੁੱਪ ਜਿਹੀ ਪਸਰੀ ਰਹਿੰਦੀ ਫਿਰ ਕਿਸੇ ਬਹਾਨੇ ਆਪ ਹੀ ਬੋਲ ਪੈਂਦੇ। ਕਦੇ ਕਦੇ ਉਹ ਪੱਪੀ ਦੀ ਗੱਲ ਛੇੜ ਕੇ ਉਚੇਚੀ ਹਮਦਰਦੀ ਵਿਖਾਉਂਦਾ ਤਾਂ ਮੈਨੂੰ ਉਹ ਪਖੰਡ ਜਿਹਾ ਕਰਦਾ ਜਾਪਦਾ। ਅਜਿਹੇ ਸਮੇ ਮੈਨੂੰ ਯਾਦ ਆਉਂਦਾ ਕਿ ਕਿਸ ਤਰਾਂ ਉਸ ਪੱਪੀ ਨੂੰ ਮੇਰੇ ਨਾਲ ਚਲਣ ਦੇ ਤਰਲੇ ਪਾਉਂਦਾ ਵੇਖ ਕੇ ਮੂੰਹ ਦੂਜੇ ਪਾਸੇ ਕਰ ਲਿਆ ਸੀ। ਕਈ ਵਾਰ ਤਾਂ ਮੈਨੂੰ ਆਪਣੇ ਆਪ ਤੇ ਵੀ ਗੁੱਸਾ ਆਉਂਦਾ ਕਿ ਜਦੋ ਉਸ ਨੂੰ ਮੇਰੇ ਪੱਪੀ ਦਾ ਭੋਰਾ ਫਿਕਰ ਨਹੀਂ ਤਾਂ ਉਸਦਾ ਗੋਲਡੀ ਵੀ ਮੇਰਾ ਕੀ ਲੱਗਦੈ.... ਮੈਂ ਕਿਉ ਉਸ ‘ਤੇ ਆਪਣੀ ਮਮਤਾ ਲੁਟਾਉਂਦੀ ਫਿਰਾਂ । ਹੋਣ ਤਾਂ ਮੈਨੂੰ ਇਹ ਵੀ ਮਹਿਸੂਸ ਹੋਣ ਲੱਗ ਪਿਆ ਹੈ ਕਿ ਮੇਰੇ ਮਨ ਦੇ ਕਿਸੇ ਕੋਨੇ ਵਿਚ ਸਤਨਾਮ ਤੇ ਉਸਦੀ ਮਾਂ ਲਈ ਹਲਕੀ ਜਿਹੀ ਨਫ਼ਰਤ ਵੀ ਮੌਜੂਦ ਹੈ।
ਚਾਰ ਪੰਜ ਦਿਨ ਮੈਂ ਜਾਣ ਬੁਝ ਕੇ ਗੋਲਡੀ ਪ੍ਰਤੀ ਲਾ-ਪ੍ਰਵਾਹ ਵੀ ਰਹੀ ਹਾਂ । ਪਹਿਲਾ ਗੋਲਡੀ ਨੂੰ ਨੁਹਾ ਕਿ ਸਕੂਲ ਭੇਜਣ ਦੀ ਜਿੰਮੇਵਾਰੀ ਮੇਰੀ ਸੀ ਪਰ ਹੁਣ ਇਹ ਕੰਮ ਮੇਰੀ ਸੱਸ ਨੂੰ ਕਰਨਾ ਪੈ ਰਿਹਾ ਹੈ। ਭਾਵੇ ਬੁੱਢੀ ਨੇ ਮੈਨੂੰ ਬੋਲ ਕੇ ਕੁਝ ਨਹੀਂ ਕਿਹਾ ਪਰ ਮੈਂ ਉਸਨੂੰ ਬੁੜ ਬੁੜ ਕਰਦੀ ਅਕਸਰ ਵੇਖਦੀ ਹਾਂ। ਮਨ ਵਿਚ ਕੁਝ ਠਹਿਰਾਅ ਆਇਆ ਤਾਂ ਆਪਣੇ ਆਪ ਨੂੰ ਹੀ ਦੋਸ਼ ਦੇਣ ਲੱਗ ਪਈ ਹਾਂ। ਮੇਰਾ ਰੋਸਾ ਸਤਨਾਮ ਨਾਲ ਹੈ, ਇਸ ਵਿੱਚ ਵਿਚਾਰੇ ਗੋਲਡੀ ਦਾ ਕੀ ਕਸੂਰ । ਉਹ ਮਾਸੂਮ ਤਾਂ ਮੈਨੂੰ ਸੱਕੀ ਮਾਂ ਵਾਂਗ ਹੀ ਪਿਆਰ ਕਰਦਾ ਹੈ। ਉਹ ਤਾਂ ਰਾਤ ਸਮੇ ਵੀ ਮੇਰੇ ਨਾਲ ਹੀ ਸੌਣ ਦੀ ਜ਼ਿੱਦ ਕਰਦਾ ਹੈ। ਚਾਰ ਪੰਜ ਦਿਨ ਮੈਂ ਉਸ ਵੱਲ ਬੇ-ਰੁੱਖੀ ਵਿਖਾਈ ਤਾਂ ਉਹ ਸਹਿਮਿਆ ਸਹਿਮਿਆ ਰਹਿਣ ਲੱਗ ਪਿਆ ਹੈ । ਉਸ ਵਿਚਾਰੇ ਨੂੰ ਕੀ ਸਮਝ ਹੈ ਕਿ ਮੇਰੇ ਦਿਲ ‘ਤੇ ਕੀ ਬੀਤ ਰਹੀ ਹੈ। ਮੈਂ ਗੋਲਡੀ ਨੂੰ ਆਪਣੇ ਕੋਲ ਬੁਲ੍ਹਾ ਕਿ ਉਸਦਾ ਮੂੰਹ ਚੁੰਮ ਲਿਆ ਹੈ।
“ ਤੁਸੀ ਮੇਰੇ ਨਾਲ ਨਰਾਜ਼ ਕਿਉਂ ਹੋਗੇ ਸੀ ਮੰਮੀ।’ ਮੇਰੇ ਵੱਲੋਂ ਮੁੜ ਅਪੱਣਤ ਮਿਲਣ ਤੇ ਗੋਲਡੀ ਨੇ ਮਸੂਮੀਅਤ ਨਾਲ ਪੁੱਛਿਆ ਹੈ।
“ ਮੈਂ ਤੇਰੇ ਨਾਲ ਨਰਾਜ਼ ਕਿਵੇਂ ਹੋ ਸਕਦੀ ਹਾ ਮੇਰੇ ਲਾਲ! ਬੱਸ ਐਵੇਂ ਮੇਰਾ ਚਿੱਤ ਕੁਝ ਦਿਨਾਂ ਤੋਂ ਠੀਕ ਨਹੀਂ ਹੈ।” ਮੈਂ ਉਸਨੂੰ ਕਲਾਵੇ ਵਿੱਚ ਲੈਂਦਿਆ ਕਿਹਾ ਹੈ।
..............
ਭਰਾ ਨੇ ਫੋਨ ਤੇ ਦੱਸਿਆ ਹੈ ਕਿ ਪੱਪੀ ਦਾ ਪਲਸਤਰ ਉਤਰ ਗਿਆ ਹੈ ਤੇ ਉਹ ਸੋਟੀ ਦੇ ਸਹਾਰੇ ਤੁਰਣ ਵੀ ਲਗ ਗਿਆ ਹੈ। ਡਾਕਟਰ ਨੇ ਕਿਹਾ ਸੀ ਕਿ ਉਹ ਮਹੀਨੇ ਤੱਕ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ। ਫੋਨ ਸੁਣਨ ਤੋਂ ਬਾਅਦ ਮੇਰਾ ਦਿਲ ਕੀਤਾ ਹੈ ਕਿ ਮੈਂ ਉੱਡ ਕੇ ਪੱਪੀ ਕੋਲ ਪਹੁੰਚ ਜਾਵਾਂ ... ਪਰ ਮੈਂ ਅਜਿਹਾ ਨਹੀਂ ਕਰ ਸਕਦੀ। ਗੋਲਡੀ ਨੂੰ ਪਰਸੋਂ ਦਾ ਤੇਜ ਬੁਖਾਰ ਹੈ। ਕੱਲ ਮੈਂ ਤੇ ਸਤਨਾਮ ਉਸਨੁੰ ਮਾਨਸਾ ਡਾਕਟਰ ਕਟੌਦੀਆ ਦੇ ਹਸਪਤਾਲ ਵਿਖਾ ਕੇ ਆਏ ਹਾਂ। ਡਾਕਟਰ ਅਨੁਸਾਰ ਮਲੇਰੀਆ ਬੁਖਾਰ ਵਿਗੜ ਕੇ ਟਾਈਫਾਈਡ ਬਣ ਗਿਆ ਹੈ। ਡਾਕਟਰ ਨੇ ਕੁਝ ਦਵਾਈਆਂ ਦਿੱਤੀਆਂ ਸਨ ਤੇ ਹਦਾਇਤ ਕੀਤੀ ਸੀ ਕਿ ਪਰਸੋਂ ਉਸਨੂੰ ਫਿਰ ਹਸਪਤਾਲ ਵਿਚ ਚੈਕਅੱਪ ਲਈ ਲਿਆਂਦਾ ਜਾਵੇ। ਗੋਲਡੀ ਨੂੰ ਇਸ ਹਾਲਤ ਵਿਚ ਛੱਡ ਕੇ ਲੱਖੀਵਾਲ ਜਾਣ ਲਈ ਮੇਰਾ ਦਿਲ ਨਹੀਂ ਮੰਨਦਾ। ਔਰਤ ਹਾਂ ਨਾਂ ..... ਜੇ ਮੇਰਾ ਦਿਲ ਵੀ ਸਤਨਾਮ ਵਾਂਗ ਪੱਥਰ ਦਾ ਹੁੰਦਾਤਾਂ ਮੈਂ ਵੀ ਗੋਲਡੀ ਵੱਲੋਂ ਉਸੇ ਤਰ੍ਹਾਂ ਲਾ- ਪ੍ਰਵਾਹ ਹੋ ਜਾਂਦੀ ਜਿਵੇਂ ਉਹ ਮੇਰੇ ਪੱਪੀ ਵੱਲੋਂ ਹੋ ਗਿਆ ਹੈ।
ਗੋਲਡੀ ਦਾ ਬੁਖਾਰ ਘੱਟਣ ਦੀ ਬਜਾਇ ਹੋਰ ਵੱਧ ਗਿਆ ਹੈ। ਉਸਨੂੰ ਫਿਰ ਮਾਨਸਾ ਹਸਪਤਾਲ ਵਿਚ ਲੈ ਗਏ ਹਾਂ। ਡਾਕਟਰ ਨੇ ਉਸਨੂੰ ਉੱਥੇ ਹੀ ਦਾਖ਼ਲ ਕਰ ਲਿਆ ਹੈ । ਗੋਲਡੀ ਨੂੰ ਬੁਖਾਰ ਨਾਲ ਬੈਡ ‘ਤੇ ਲੇਟੇ ਵੇਖਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਉਹ ਗੋਲਡੀ ਦੀ ਬਜਾਇ ਮੇਰਾ ਪੱਪੀ ਹੀ ਹੋਵੇ। ਉਸਦੀ ਸੰਭਾਲ ਲਈ ਮੈਂ ਦਿਨ ਰਾਤ ਇੱਕ ਕਰ ਦਿੱਤਾ ਹੈ। ਹਸਪਤਾਲ ਵਿਚ ਪਹਿਲੀ ਰਾਤ ਜਾਗਦਿਆਂ ਹੀ ਬਿਤਾਈ ਹੈ। ਸਾਰੀ ਰਾਤ ਗੋਲਡੀ ਤੇ ਮੱਥੇ ਤੇ ਠੰਡੀਆ ਪੱਟੀਆਂ ਕਰਦੀ ਰਹੀ ਹਾਂ।
ਹਸਪਤਾਲ ਵਿਚ ਬੀਤੀ ਦੂਸਰੀ ਰਾਤ ਰਾਤ ਸਮੇ ਮੈਂ ਸੱਸ ਦੇ ਵਾਰ ਵਾਰ ਕਹਿਣ ਤੇ ਦੋ ਤਿੰਨ ਘੰਟੇ ਲਈ ਨੀਂਦ ਲਈ ਹੈ। ਰਾਤੀ ਦੋ ਵਜੇ ਅੱਖ ਖੁਲ੍ਹੀ ਤਾਂ ਮੈਂ ਫਿਰ ਗੋਲਡੀ ਦੇ ਸਿਰਹਾਣੇ ਆ ਬੈਠੀ ਹਾਂ। ਮੇਰੇ ਹੱਥਾਂ ਦੀਆਂ ਉਂਗਲਾਂ ਆਪਣੇ ਆਪ ਉਸਦੇ ਵਾਲਾਂ ਵਿਚ ਫਿਰਨ ਲੱਗ ਪਈਆਂ ਹਨ ਜਿਵੇਂ ਇਹ ਵਾਲ ਪੱਪੀ ਦੇ ਹੀ ਹੋਣ । ਗੋਲਡੀ ਦੇ ਵਾਲ ਵੀ ਪੱਪੀ ਵਾਂਗ ਹੀ ਸੁਨਿਹਰੀ ਭਾਅ ਮਾਰਦੇ ਹਨ। ਅਜਿਹਾ ਕਰਦਿਆਂ ਮੈਨੂੰ ਖੁਦ ਬਹੁਤ ਮਾਨਸਿਕ ਰਾਹਤ ਮਿਲ ਰਹੀ ਹੈ।
ਗੋਲਡੀ ਨੂੰ ਪੂਰੇ ਸੱਤ ਦਿਨ ਹਸਪਤਾਲ ਵਿਚ ਰਹਿਣਾ ਪਿਆ ਹੈ । ਇਸ ਦਰਮਿਆਨ ਮੇਰੀ ਸੱਸ ਤੇ ਸਤਨਾਮ ਨੇ ਬਹੁਤ ਕਿਹਾ ਹੈ ਕਿ ਮੈਂ ਕਿ ਮੈਂ ਇਕ ਅੱਧ ਦਿਨ ਲਈ ਲੱਖੀਵਾਲ ਜਾਹ ਕੇ ਪੱਪੀ ਨੂੰ ਮਿਲ ਆਵਾਂ ਪਰ ਮੇਰਾ ਦਿਲ ਨਾ ਮੰਨਿਆ। ਗੋਲਡੀ ਆਪਣੀ ਹਰ ਜ਼ਰੂਰਤ ਆਪਣੇ ਡੈਡੀ ਤੇ ਆਪਣੀ ਦਾਦੀ ਤੋਂ ਪਹਿਲਾਂ ਮੈਨੂੰ ਦੱਸਦਾ ਹੈ , ਇਸ ਲਈ ਮੈਂ ਘੜੀ ਪਲ ਲਈ ਵੀ ਉਸਤੋਂ ਦੂਰ ਰਹਿਣਾ ਵਾਜਿਬ ਨਾ ਸਮਝਿਆ।
ਗੋਲਡੀ ਨੂੰ ਹਸਪਤਾਲ ਵਿਚੋ ਛੁੱਟੀ ਮਿਲਣ ਤੇ ਅਸੀਂ ਘੱਲ ਕਲਾਂ ਆ ਗਏ ਹਾਂ। ਮੈਂ ਮਨ ਬਣਾਇਆ ਹੈ ਕਿ ਭਲਕੇ ਲੱਖੀਵਾਲ ਚਲੀ ਜਾਵਾਂ। ਪੱਪੀ ਬਹੁਤ ਯਾਦ ਆ ਰਿਹਾ ਹੈ.... ਸਤਨਾਮ ਤੇ ਮੇਰੀ ਸੱਸ ਹੁਣ ਮੇਰੇ ਤੇ ਬਹੁਤ ਖੁਸ਼ ਹਨ... ਸਤਨਾਮ ਨਾਲ ਚਲਾ ਜਾਵੇ ਤਾਂ ਹੋਰ ਵੀ ਠੀਕ ਹੈ ਨਹੀਂ ਤਾਂ ਇੱਥੋਂ ਸਿੱਧੀ ਬੱਸ ਜਾਦੀ ਹੈ,... ਮੈਂ ਇਕਲੀ ਹੀ ਚਲੀ ਜਾਂਵਾਗੀ ।
“ ਬੱਬਲੀ ਕ਼ੱਲ੍ਹ ਨੂੰ ਤਿਆਰ ਰਹੀਂ ਆਪਾਂ ਲੱਖੀਵਾਲ ਚਲਾਂਗੇ। ” ਸਤਨਾਮ ਨੇ ਬੜੇ ਮੋਹ ਜਿਹੇ ਨਾਲ ਕਿਹਾ ਹੈ , ਜਿਵੇਂ ਉਸ ਮੇਰੇ ਮੇਰੇ ਦਿਲ ਦੀ ਗੱਲ ਬੁੱਝ ਲਈ ਹੋਵੇ ।
“ਅਚਾਣਕ ਤੁਹਾਨੂੰ ਲੱਖੀਵਾਲ ਕਿਵੇਂ ਯਾਦ ਆ ਗਿਆ?” ਮੇਰੇ ਬੋਲਾਂ ਵਿਚ ਥੋੜ੍ਹਾ ਜਿਹਾ ਪਿਛਲੇ ਸਮੇ ਦਾ ਗਿਲਾ ਵੀ ਸ਼ਾਮਿਲ ਹੈ।
“ਮੈ ਤੇ ਬੇਬੇ ਨੇ ਫੈਸਲਾ ਕੀਤਾ ਐ ਕਿ ਆਪਾਂ ਪੱਪੀ ਨੂੰ ਵੀ ਪੱਕੇ ਤੋਰ ਤੇ ਏਥੇ ਲੈ ਆਈਏ...... ਤਿੰਨੇ ਭੈਣ ਭਰਾਵਾ ਦਾ ਜੀਅ ਲੱਗਾ ਰਹੇਗਾ..... ਤੈਨੂੰ ਤਾਂ ਕੋਈ ਇਤਰਾਜ਼ ਨਹੀਂ.....।” ਸਤਨਾਮ ਦੇ ਬੁਲ੍ਹਾ ਤੇ ਗੁਝੀ ਪਰ ਮਨਮੋਹਕ ਮੁਸ਼ਕਰਾਹਟ ਹੈ।
“ਇਹ ਕੀ ਕਹਿ ਰਹੇ ਹੋ ਤੁਸੀਂ......?” ਮੈਨੂੰ ਵਿਸਵਾਸ਼ ਨਹੀਂ ਹੋ ਰਿਹਾ ਕਿ ਇਹ ਸਤਨਾਮ ਹੀ ਬੋਲ ਰਿਹਾ ਹੈ।
“ਹਾਂ ਬੱਬਲੀ , ਜੇ ਗੋਲਡੀ ਤੈਥੋਂ ਸੱਕੀ ਮਾ ਦਾ ਪਿਆਰ ਲੈ ਸਕਦਾ ਹੈ ਤਾਂ ਪੱਪੀ ਨਾਲ ਮੇਰਾ ਵੀ ਕੋਈ ਰਿਸ਼ਤਾ ਜੁੜਦੈ.... ..।” ਸਤਨਾਮ ਨੇ ਮੋਹ ਨਾਲ ਭਿੱਜੇ ਸ਼ਬਦਾਂ ਵਿਚ ਮੈਨੂੰ ਅੰਦਰ ਤੱਕ ਝੰਜੋੜਣ ਵਾਲਾ ਨਵਾਂ ਖੁਲਾਸਾ ਕੀਤਾ ਹੈ।
ਮੈਂ ਹੈਰਾਨ ਪ੍ਰੇਸ਼ਾਨ ਹੋਈ ਆਪਣੀ ਸੱਸ ਵੱਲ ਵੇਖਿਆ ਹੈ । ਉਹ ਵੀ ਮੇਰੇ ਵੱਲ ਵੇਖ ਕੇ ਮੁਸ਼ਕਰਾ ਰਹੀ ਹੈ।
ਮੈਨੂੰ ਪਤਾ ਹੀ ਨਾ ਲੱਗਾ ਕਿ ਮੈਂ ਕਿਹੜੇ ਵੇਲੇ ਆਪਣੀ ਸੱਸ ਦੇ ਗਲ ਨਾਲ ਚਿੰਬੜ ਕੇ ਹੁਬਕੀ ਹੁਬਕੀ ਰੋਣ ਲੱਗ ਪਈ ਹਾਂ । ਮੇਰੀ ਪਿੱਠ ਥਾਪੜ ਕੇ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ ਮੇਰੀ ਸੱਸ ਮੈਨੂੰ ਪਹਿਲੀ ਵਾਰ ਆਪਣੀ ਮਾਂ ਵਰਗੀ ਜਾਪ ਰਹੀ ਰਹੀ ਹੈ। ਮੇਰਾ ਰੋਣ ਉੱਚੀ ਤੋਂ ਹੋਰ ਉੱਚੀ ਹੁੰਦਾ ਜਾ ਰਿਹਾ ਹੈ ।
ਕੱਕੜ ਕਾਟੇਜ , ਮਾਡਲ ਟਾਊਨ
ਬੋਹਾ ( ਮਾਨਸਾ )
ਮੋਬਾਈਲ-- 89682-8270
ความคิดเห็น