top of page
Writer's pictureਸ਼ਬਦ

ਵਣ ਦੇਵ ਕਿਸ ਲਈ ਗਾਵੇ ! (ਨਜ਼ਮ)

ਇਸ ਵਾਰ ਮੇਰੇ ਕੋਲ਼ ਕਵਿਤਾ ਇੰਞ ਆਈ ਜਿਵੇਂ ਇਕੱਲੇ ਖੜ੍ਹੇ ਰੁੱਖ ‘ਤੇ ਅਚਾਨਕ ਕੋਈ ਚਿੜੀ ਆਣ ਉੱਤਰਦੀ ਹੈ

ਬਿਰਖ ਦੇ ਧੁਰ ਅੰਦਰ ਕਿਤੇ ਸੁੱਤਾ ਵਣ ਦੇਵ ਜਾਗ ਜਾਂਦਾ ਹੈ ਅਤੇ ਹਵਾ ਨੂੰ ਸਾਜ਼ ਬਣਾਅ ਕੁਝ ਗਾਉਣ ਲਗਦਾ ਹੈ

ਸ਼ਾਇਦ ਇਹ ਜੰਗਲ਼ ਤੇ ਚਿੜੀ ਦੀ ਮੁਹੱਬਤ ਲਈ ਗਾਇਆ ਜਾਣ ਵਾਲ਼ਾ ਮੁੱਢ ਕਦੀਮੀ ਗੀਤ ਹੈ

********

ਆਖ਼ਰੀ ਡੰਡੇ ‘ਤੇ (ਨਜ਼ਮ)

ਮੈਂ ਤੇ ਤੂੰ ਹਮਸਫ਼ਰ ਹੀ ਸਾਂ ਬੋਧੀਧਰਮ !

ਤੂੰ ਪੂਰਬ ਦੇਸ਼ ਨੂੰ ਤੁਰ ਗਿਆ ਤੇ ਮੈਂ ਉਸ ਦੇ ਚਰਖ਼ੇ ਦੀ ਘੂਕ ਸੁਣ ਏਧਰ ਆ ਗਿਆ

ਨਦੀ ਵਿਚ ਰੁੜ੍ਹੀ ਜਾ ਰਹੀ ਖ਼ਾਲੀ ਬੇੜੀ ਵਾਂਗ ਤੇ ਟੁੱਟੇ ਪੱਤੇ ਵਾਂਗ ਨਿਹੱਥੇ ਹੋਣਾ ਵੀ ਨਿਰਵਾਣ ਹੀ ਹੁੰਦਾ ਹੈ ਬੋਧੀਧਰਮ !

ਸੁਜਾਤਾ ਤਾਂ ਬੁੱਧ ਤੋਂ ਪਹਿਲਾਂ ਵੀ ਹਾਜ਼ਿਰ ਸੀ

ਤੂੰ ਚੱਲ ਬੋਧੀਧਰਮ ! ਮੈਂ ਵੀ ਆਇਆ ਸੁਜਾਤਾ ਨੂੰ ਮਿਲ਼ ਕੇ ...

***** ਰਾਤ ‘ਚ ਡੁੱਬਦੀ ਝੀਲ … (ਨਜ਼ਮ)

ਤੂੰ ਮੇਰੇ ਅੰਦਰ ਇੰਞ ਆਣ ਬੈਠੀ ਸੀ ਜਿਵੇਂ ਝੀਲ ਦੇ ਨੀਲੇ ਪਾਣੀਆਂ ‘ਤੇ ਕੋਈ ਫੁੱਲ-ਪੱਤੀ ਆਣ ਬੈਠੇ

ਗਹਿਰੀ ਹੁੰਦੀ ਸ਼ਾਮ ‘ਚ ਝੀਲ ਪੱਤੀ ਨੂੰ ਮਹਿਸੂਸ ਕਰੇ ਪਿਆਰ ਕਰੇ

ਪੱਤੀ ਦਾ ਧਿਆਨ ਪਿੱਛੇ ਵੱਲ ਮੁੜੇ ਉਸ ਨੂੰ ਫੁੱਲ ਯਾਦ ਆਵੇ ਸ਼ਾਖ਼ ਤੇ ਬੂਟਾ ਯਾਦ ਆਵੇ ਬਾਗ਼ ਤੇ ਜੰਗਲ਼ ਯਾਦ ਆਵੇ

ਝੀਲ ਮੌਤ ਦਾ ਮੌਨ ਧਾਰੇ ਮੌਨ ‘ਚੋਂ ਇਹ ਪਲ ਜਾਗੇ ਇਸ ਜਾਗਦੇ ਪਲ ਝੀਲ ਪੱਤੀ ‘ਚ ਡੁੱਬਣਾ ਚਾਹੇ

ਪਰ ਪੱਤੀ ਜੰਗਲ਼ ਵੱਲ ਪਰਤੇ ਜੰਗਲ਼ ‘ਚ ਸ਼ੋਰ ਹੋਵੇ

ਸ਼ੋਰ ‘ਚੋਂ ਸ਼ੋਰ ਫੈਲੇ

ਝੀਲ ਚੁੱਪ ਹੋ ਜਾਵੇ ਖ਼ਲਾਅ ‘ਚ ਲੋਪ ਹੋ ਜਾਵੇ

ਗਈ ਰਾਤ ਝੀਲ ਉਦਾਸ ਸੌਂਵੇਂ ਤੇ ਪੱਤੀ ! ਪੱਤੀ ਦੀਆਂ ਪੱਤੀ ਜਾਣੇ …

*****

ਤੈਨੂੰ ਨਹੀਂ ਪਤਾ (ਨਜ਼ਮ)

ਮੈਂ ਤੇਰੇ ਚਿਹਰੇ ਵੱਲ ਦੇਖਿਆ ਤੇ ਪੂਰਾ ਹੋ ਗਿਆ

ਸਵੇਰੇ ਤੇਰੇ ਲਈ ਚਾਹ ਬਣਾ ਤੇਰੇ ਬਿਸਤਰ ਕੋਲ਼ ਜਾ ਬੈਠਾ

ਤੇਰੇ ਹੱਥਾਂ ਦੀ ਚਮੜੀ ਪਾਰਦਰਸ਼ੀ ਚਾਨਣੀ ਵਾਂਗ ਮੇਰੇ ਖਾਬਾਂ 'ਚ ਆਉਂਦੀ ਮੈਂ ਛੂਹਣ-ਛੂਹਣ ਕਰਦਾ

ਤੈਨੂੰ ਚੁੰਮਣਾ ਇਕ ਹਜ਼ਾਰ ਇਕ ਜਨਮਾਂ ਦੀ ਸਾਧਨਾ ਤੋਂ ਪਾਰ ਉੱਤਰਨਾ ਹੈ ਮੈਨੂੰ ਪਤਾ ਮੈਥੋਂ ਨਹੀਂ ਹੋਣਾ

ਤੇਰੀ ਆਭਾ ਸੱਤ ਹਜ਼ਾਰ ਮੀਲ ਆਣ ਮਿਲ਼ਦੀ ਮੇਰੇ ਦਿਨ ਤੇ ਰਾਤ ਜੀਵਨ-ਨਾਚ ਕਰਦੇ

ਤੂੰ ਮੇਰਾ ਖ਼ਾਬ ਬਣਦੀ ਅੱਖਾਂ 'ਚ ਬੇਵਜ੍ਹਾ ਨਮੀ ਬਣ ਉੱਤਰਦੀ

ਅੱਧੀ ਰਾਤ ਮੇਰੇ ਸਾਹਾਂ ਨੂੰ ਰਵਾਂ ਕਰਦੀ

ਮੈਂ ਗੀਤਾ 'ਤੇ ਹੱਥ ਰੱਖ ਸਹੁੰ ਖਾ ਕੇ ਕਹਿੰਦਾ ਹਾਂ

ਤੂੰ ਲਛਮਣ ਝੂਲਾ ਬਣ ਆਕਾਸ਼ ਗੰਗਾ ਦੇ ਆਰ-ਪਾਰ ਫੈਲਦੀ ...

ਤੈਨੂੰ ਆਪ ਹੀ ਨਹੀਂ ਪਤਾ ਕਿ ਤੂੰ ਕੌਣ ਏਂ

ਤੇਰੇ ਹੋਣ ਨਾਲ਼ ਹੀ ਰਾਗ, ਰੰਗ ਧੁੱਪ, ਪ੍ਰੇਮ ਅਤੇ ਹਵਾ ਹੁੰਦੀ ਹੈ

ਤੇਰੇ ਹੋਣ ਨਾਲ਼ ਹੀ ਮੈਂ ਹੁੰਦਾ ਤੇ ਮੇਰੀ ਕਵਿਤਾ ਹੁੰਦੀ ਹੈ...

*****

ਕੀ ਤੁਸੀਂ ਕਦੇ ਫ਼ਰੋਜ਼ਨ ਝੀਲ* ਦੇਖੀ ਹੈ ! (ਨਜ਼ਮ)

ਰਾਤ ਜਿਸ ਝੀਲ ਕੋਲ਼ ਬੈਠ ਅਸੀਂ ਦੇਰ ਤੀਕ ਗੱਲਾਂ ਕਰਦੇ ਰਹੇ ਸੀ ਸਵੇਰ ਹੁੰਦਿਆਂ ਹੀ ਉਹ ਬਰਫ਼ ਦਾ ਮੈਦਾਨ ਬਣ ਦੂਰ ਤਕ ਫੈਲ ਗਈ ਸੀ

ਤੇਰੇ ਹੋਣ ਨਾਲ਼ ਝੀਲ ਜਾਗ ਪੈਂਦੀ ਹੈ ਤੇਰੀਆਂ ਗੱਲਾਂ ਤੇ ਲਹਿਰਾਂ ਇਕ-ਸੁਰ ਹੋਕੇ ਮੇਰੇ ਆਰ-ਪਾਰ ਲੰਘਦੀਆਂ

ਤੂੰ ਨਾ ਹੁੰਦੀ ਝੀਲ ਰੁਕ ਜਾਂਦੀ ਲਹਿਰਾਂ ਜੰਮ ਜਾਂਦੀਆਂ

ਮੈਂ ਸੰਸਿਆਂ ‘ਚ ਡੁੱਬਿਆ ਸੋਚਦਾ ਕਿ ਦੂਰ ਤਕ ਫੈਲੇ ਇਸ ਸ਼ੀਤਕਾਲੀ ਦਿਨ ਨੂੰ ਮੈਂ ਕਿੰਞ ਪਾਰ ਕਰਨਾ ਹੈ !

ਤੇ ਕਿੰਞ ਉੱਥੇ ਅੱਪੜਨਾ ਹੈ!

ਜਿੱਥੇ ਦਿਨ ਤੋਂ ਪਾਰ ਝੀਲ ਸਦਾ ਜਾਗਦੀ ਜਿੱਥੇ ਲਹਿਰਾਂ ਤੇ ਤੇਰੀਆਂ ਗੱਲਾਂ ਰਾਤ ਵਿਚ ਖੁਰਨ ਲੱਗਦੀਆਂ ਤੇ ਮੇਰੇ ਆਰ-ਪਾਰ ਲੰਘਦੀਆਂ ...

* ਉੱਤਰੀ ਧਰੁਵ ਨੇੜੇ ਕੁਝ ਝੀਲਾਂ ਪਾਲੇ ਨਾਲ਼ ਜੰਮ ਜਾਂਦੀਆਂ ਨੇ। ਜੰਮੀਆਂ ਝੀਲਾਂ ‘ਤੇ ਲੋਕ ਤੁਰ ਫਿਰ ਵੀ ਸਕਦੇ ਨੇ ।

….

Comments


bottom of page