top of page
  • Writer's pictureਸ਼ਬਦ

ਬਰਮੂਡਾ-ਤ੍ਰਿਕੋਣ ਦਾ ਭੇਦ /

ਹਰਜੀਤ ਅਟਵਾਲ /

ਬਰਮੂਡਾ ਉਤਰੀ ਐਟਲਾਂਟਿਕ-ਸਾਗਰ ਦੇ ਪੱਛਮ ਵਿੱਚ ਛੋਟੇ-ਛੋਟੇ ਜਜ਼ੀਰਿਆਂ ਦਾ ਇਕ ਸਮੂਹ ਹੈ ਜੋ ਯੂਕੇ ਦੇ ਕੰਟਰੋਲ ਹੇਠਾਂ ਆਉਂਦਾ ਹੈ। ਟੂਰਿਸਟਾਂ ਲਈ ਇਹ ਮਨਭਾਉਂਦੀ ਜਗਾਹ ਹੈ। ਬਰਮੂਡਾ-ਟਰਾਈਐਂਗਲ (ਤ੍ਰਿਕੋਣ) ਇਥੋਂ ਹੀ ਸ਼ੁਰੂ ਹੁੰਦਾ ਹੈ ਜਿਸਦੇ ਤਿੰਨ ਕੋਨ ਹਨ, ਬਰਮੂਡਾ, ਫਲੋਰਿਡਾ ਤੇ ਪਿਓਰਟੋ ਰੀਕੋ। ਕਈ ਇਸਦੇ ਚਾਰ ਕੋਨੇ ਵੀ ਬਣਾ ਦਿੰਦੇ ਹਨ। ਇਨਸਾਈਕਲੋਪੀਡੀਆ-ਬਰਿਟੈਨਿਕਾ ਮੁਤਾਬਕ ਬਰਮੂਡਾ-ਟਰਾਈਐਂਗਲ ਦੀ ਕੋਈ ਤੈਅ-ਸ਼ੁਦਾ ਬਾਊਂਡਰੀ ਨਹੀਂ ਹੈ। ਮਿਥੇ ਗਏ ਇਸ ਇਲਾਕੇ ਦਾ ਰਕਬਾ ਪੰਜ ਲੱਖ ਵਰਗਮੀਲ ਤੱਕ ਫੈਲਦਾ ਹੈ। ਕਿਹਾ ਜਾਂਦਾ ਹੈਕਿ ਏਨੇ ਖੁੱਲ੍ਹੇ ਰਕਬੇ ਵਿੱਚ ਹੇਠਾਂ ਸਮੁੰਦਰ ਤੇ ਉਪਰ ਖਲਾਅ ਵਿੱਚੋਂ ਦੀ ਜਾਣ ਤੋਂ ਲੋਕ ਡਰਦੇ ਹਨ। ਬਹੁਤੇ ਸਾਰੇ ਹਵਾਈ-ਜਹਾਜ਼ਾਂ ਦੇ ਪਾਇਲਟ ਤੇ ਸਮੁੰਦਰੀ-ਜਹਾਜ਼ਾਂ ਦੇ ਕਪਤਾਨ ਬਰਮੂਡਾ-ਟਰਾਈਐਂਗਲ ਵਿੱਚ ਦੀ ਲੰਘਣ ਤੋਂ ਬਚਦੇ ਰਹਿੰਦੇ ਹਨ। ਇਸਦਾ ਕਾਰਨ ਹਨ ਇਸ ਇਲਾਕੇ ਨਾਲ ਜੁੜੀਆਂ ਭੇਦ-ਭਰੀਆਂ ਘਟਨਾਵਾਂ। ਜਦੋਂ ਕੁ ਤੋਂ ਸੰਚਾਰ ਦੇ ਸਾਧਨ ਵਧੇਰੇ ਐਕਟਿਵ ਹੋਏ ਹਨ ਉਦੋਂ ਤੋਂ ਸੌ ਤੋਂ ਵੱਧ ਵੱਡੇ ਸਮੁੰਦਰੀ ਜਹਾਜ਼ ਇਸ ਇਲਾਕੇ ਵਿੱਚ ਹਰੱਸਮਈ ਹਾਲਾਤ ਵਿੱਚ ਗੁੰਮ ਹੋ ਚੁੱਕੇ ਹਨ ਤੇ ਪਝੱਤਰ ਤੋਂ ਵੱਧ ਹਵਾਈ-ਜਹਾਜ਼ ਤੇ ਹਜ਼ਾਰ ਤੋਂ ਵੱਧ ਇਨਸਾਨ ਵੀ। ਇਹਨਾਂ ਬਾਰੇ ਕੁਝ ਪਤਾ ਹੀ ਨਹੀਂ ਲੱਗਾ ਕਿ ਇਹਨਾਂ ਨਾਲ ਕੀ ਬੀਤੀ। ਇਸਤੋਂ ਬਿਨਾਂ ਵੀ ਹੋਰ ਬਹੁਤ ਸਾਰੇ ਜਹਾਜ਼ ਖਾਸ ਕਰਕੇ ਸਮੁੰਦਰੀ-ਜਹਾਜ਼ ਗੁੰਮ ਹੋਏ ਹੋਣਗੇ ਜਿਹੜੇ ਰਿਕਾਰਡ ਉਪਰ ਨਹੀਂ ਆਏ। ਇਨਸਾਈਕਲੋਪੀਡੀਆ-ਬਰਿਟੈਨਿਕਾ ਅਨੁਸਾਰ ਇਥੇ ਗਾਇਬ ਹੋਏ ਸਮੁੰਦਰ ਤੇ ਹਵਾਈ ਜਹਾਜ਼ਾਂ ਦੀ ਗਿਣਤੀ ਤੈਅ ਨਹੀਂ ਹੈ, ਸਿਰਫ ਅੰਦਾਜ਼ੇ ਹੀ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਗੱਲ ਨੂੰ ਸਨਸਨੀਖੇਜ਼ ਬਣਾਉਣ ਲਈ ਗਿਣਤੀ ਵਧਾ ਦਿੱਤੀ ਜਾਂਦੀ ਹੈ।

ਇਸ ਇਲਾਕੇ ਵਿੱਚ ਸਭ ਤੋਂ ਪਹਿਲੀ ਘਟਨਾ ਸਤੰਬਰ 1918 ਵਿੱਚ ਰਿਕਾਰਡ ਹੁੰਦੀ ਹੈ। ਸਾਈਕਲੋਪਸ ਨਾਂ ਦਾ ਸਮੁੰਦਰੀ-ਜਹਾਜ਼ ਬਰਮੂਡਾ-ਟਰਾਈਐਂਗਲ ਵਿੱਚ ਡੁੱਬ ਗਿਆ ਸੀ ਜਿਸ ਵਿੱਚ ਤਿੰਨ ਸੌ ਵਿਅਕਤੀ ਸਵਾਰ ਸਨ ਤੇ ਗਿਆਰਾਂ ਹਜ਼ਾਰ-ਟਨ ਮੈਨਗਾਨੀਜ਼ (ਕੋਲੇ ਵਰਗੀ ਧਾਂਤ) ਲੱਦੀ ਹੋਈ ਸੀ, ਇਹ ਸਭ ਗਾਇਬ ਹੋ ਗਿਆ ਸੀ ਤੇ ਇਸਦਾ ਮਲਬਾ ਤੱਕ ਨਹੀਂ ਮਿਲਿਆ। ਇਸ ਤੋਂ ਦੋ ਕੁ ਸਾਲ ਬਾਅਦ ਇਕ ਛੋਟਾ ਜਹਾਜ਼ ਜਿਸ ਵਿੱਚ ਗਿਆਰਾਂ ਕਰਮਚਾਰੀ ਸਵਾਰ ਸਨ ਵੀ ਇਵੇਂ ਹੀ ਅਚਾਨਕ ਗੁੰਮ ਹੋ ਗਿਆ ਸੀ। ਗੁੰਮ ਹੋਣ ਤੋਂ ਪਹਿਲਾਂ ਜਹਾਜ਼ ਦੇ ਕਰਮਚਾਰੀਆਂ ਵਲੋਂ ਕੋਈ ਰੇਡੀਓ ਉਪਰ ਰਾਬਤਾ ਕਾਇਮ ਨਹੀਂ ਕੀਤਾ ਗਿਆ, ਨਾ ਕਿਸੇ ਕਿਸਮ ਦੀ ਮੱਦਦ ਮੰਗੀ ਗਈ। ਗੁੰਮ ਹੋਣ ਤੋਂ ਇੱਕੀ ਦਿਨ ਬਾਅਦ ਅਚਾਨਕ ਉਹ ਜਹਾਜ਼ ਨੌਰਥ ਕੈਰੋਲੀਨਾ ਦੇ ਤੱਟ ਲਵਾਰਸ ਘੁੰਮਦਾ ਮਿਲ ਗਿਆ ਪਰ ਉਸਦੇ ਅਮਲੇ ਦਾ ਕੀ ਹੋਇਆ ਕੁਝ ਪਤਾ ਨਹੀਂ ਲੱਗਾ। ਉਸ ਲੱਭੇ ਜਹਾਜ਼ ਵਿੱਚ ਇਕ ਵਾਰ ਫਿਰ ਕੁਝ ਕਰਮਚਾਰੀ ਚੜਾਏ ਗਏ ਤੇ ਇਸ ਨੂੰ ਇਕ ਵੱਡੇ ਜਹਾਜ਼ ਨਾਲ ਤੋਰਿਆ ਗਿਆ, ਉਹ ਜਹਾਜ਼ ਇਕ ਵਾਰ ਫਿਰ ਗੁੰਮ ਹੋ ਗਿਆ। ਇਕ ਵਾਰ ਫਿਰ ਉਹ ਜਹਾਜ਼ ਮਿਲ ਗਿਆ ਪਰ ਕਰਮਚਾਰੀਆਂ ਦਾ ਕੀ ਬਣਿਆਂ ਇਸ ਦਾ ਕਿਸੇ ਨੂੰ ਨਹੀਂ ਪਤਾ। ਇਸ ਘਟਨਾ ਨੇ ਲੋਕਾਂ ਨੂੰ ਬਹੁਤ ਡਰਾ ਦਿੱਤਾ ਤੇ ਇਸ ਇਲਾਕੇ ਬਾਰੇ ਕਈ ਦੰਤਕਥਾਵਾਂ ਚੱਲ ਪਈਆਂ।

ਹਵਾਈ-ਜਹਾਜ਼ ਗੁੰਮ ਹੋਣ ਦੀ ਪਹਿਲੀ ਘਟਨਾ ਦਸੰਬਰ 1945 ਨੂੰ ਵਾਪਰਦੀ ਹੈ ਜਦ ਅਮਰੀਕਾ ਦੀ ਹਵਾਈ ਸੈਨਾ ਦੇ ਪੰਜ ਜਹਾਜ਼ ਗੁੰਮ ਹੋ ਜਾਂਦੇ ਹਨ। ਨੇਵੀ ਦੇ ਇਹ ਹਵਾਈ-ਜਹਾਜ਼ ‘ਫਲਾਈਟ-19’ ਨਾਲ ਸੰਬੰਧਤ ਸਨ ਤੇ ਟਰੇਨਿੰਗ ‘ਤੇ ਸਨ, ਇਸ ਵਿੱਚ ਚੌਦਾਂ ਲੋਕਾਂ ਦਾ ਅਮਲਾ ਭਾਗ ਲੈ ਰਿਹਾ ਸੀ। ਫਲੋਰਿਡਾ ਦੇ ਫੋਰਟ ਲੌਂਡਰਡੇਲ ਤੋਂ ਉੜੇ ਤੇ ਬਰਮੂਡਾ-ਟਰਾਈਐਂਗਲ ਦੀ ਖਲਾਅ ਵਿੱਚ ਕਿਧਰੇ ਗੁੰਮ ਹੋ ਗਏ, ਮੁੜਕੇ ਇਹਨਾਂ ਦਾ ਕੁਝ ਪਤਾ ਨਹੀਂ ਲੱਗਾ। ਇਹਨਾਂ ਜਹਾਜ਼ਾਂ ਨੂੰ ਲੱਭਣ ਲਈ ਤੇਰਾਂ ਵਿਅਕਤੀਆਂ ਦੇ ਅਮਲੇ ਵਾਲਾ ਇਕ ਹੋਰ ਜਹਾਜ਼ ਭੇਜਿਆ ਗਿਆ ਪਰ ਉਹ ਵੀ ਇਵੇਂ ਹੀ ਗੁੰਮ ਹੋ ਗਿਆ ਸੀ। ਇਵੇਂ ਹੀ ਦਸੰਬਰ 1948 ਨੂੰ ਕੈਪਟਨ ਰੌਬਰਟ ਲਿੰਡਕੁਐਸਟ ਸੈਨ-ਹੁਆਨ ਤੋਂ ਫਲਾਈਟ ਨੰਬਰ ਐਨ.ਸੀ.-16002 ਲੈਕੇ ਮਿਆਮੀ ਲਈ ਉਡਿਆ। ਮੰਜ਼ਿਲ ਤੋਂ ਪੰਜਾਹ ਮੀਲ ਪਹਿਲਾਂ ਉਸ ਨੇ ਰੇਡੀਓ ‘ਤੇ ਜਹਾਜ਼ ਵਿੱਚ ਬੈਟਰੀ ਤੇ ਬਿਜਲਈ ਨੁਕਸਾਂ ਦੀ ਸ਼ਿਕਾਇਤ ਕੀਤੀ, ਜਦ ਦੂਜੇ ਪਾਸਿਓਂ ਉਸਨੂੰ ਐਮਰਜੈਂਸੀ ਲੈਂਡਿੰਗ ਦੀਆਂ ਹਿਦਾਇਤਾਂ ਮਿਲਣ ਲੱਗੀਆਂ ਤਾਂ ਕੈਪਟਨ ਕੋਈ ਜਵਾਬ ਨਾ ਦੇ ਸਕਿਆ। ਉਸ ਤੋਂ ਬਾਅਦ ਉਸ ਜਹਾਜ਼ ਦਾ ਕੀ ਬਣਿਆਂ, ਕੁਝ ਨਹੀਂ ਪਤਾ। ਇਵੇਂ ਹੀ ਹੋਰ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਤੇ ਕਹਾਣੀਆਂ ਹਨ। ਇਸ ਨਾਲ ਜੁੜਦੀ ਸਭ ਤੋਂ ਤਾਜ਼ਾ ਹਵਾਈ ਘਟਨਾ ਮਲੇਸ਼ੀਆ ਦੇ ਹਵਾਈ-ਜਹਾਜ਼ ਐਮ.ਐਚ.370 ਦੇ ਗੁੰਮ ਹੋਣ ਵਾਲੀ ਹੈ। ਜਿਸ ਵਿੱਚ 239 ਸਵਾਰ ਸਨ। ਤੇ ਸਮੁੰਦਰੀ ਘਟਨਾ ਦਸੰਬਰ 2020 ਵਿੱਚ ਬਹਾਮਾ ਤੋਂ ਫਲੋਰਿਡਾ ਲਈ ਚੱਲੀ ਇਕ ਕਿਸ਼ਤੀ ਦੀ ਹੈ ਜਿਸ ਵਿੱਚ ਵੀਹ ਲੋਕ ਸਵਾਰ ਸਨ ਤੇ ਜੋ ਰਾਹ ਵਿੱਚ ਹੀ ਕਿਧਰੇ ਗੁੰਮ ਗਏ ਤੇ ਕਦੇ ਨਹੀਂ ਲੱਭੇ।

ਇਵੇਂ ਜਹਾਜ਼ਾਂ ਦੇ ਭੇਦ-ਭਰੇ ਢੰਗ ਹੋਣ ਨਾਲ ਸੰਬੰਧਤ ਸਭ ਤੋਂ ਪਹਿਲਾਂ ਸਤੰਬਰ 1950 ਨੂੰ ਐਡਰਵਰ ਜੋਨਜ਼ ਨਾਂ ਦੇ ਬੰਦੇ ਨੇ ਮਿਆਮੀ ਹੈਰਾਲਡ ਵਿੱਚ ਲਿਖਿਆ। ਉਸ ਤੋਂ ਦੋ ਸਾਲ ਬਾਅਦ ਜੌਰਜ ਸੈਂਡ ਨੇ ਫੋਰਟ ਮੈਗਜ਼ੀਨ ਵਿੱਚ ਇਕ ਲੰਮਾ ਲੇਖ ਲਿਖਿਆ ਜਿਸ ਦਾ ਸਿਰਲੇਖ ਸੀ, ‘ਸਮੁੰਦਰੀ ਰਹੱਸ ਤੁਹਾਡੇ ਘਰ ਦੇ ਪਿੱਛਵਾੜੇ’। ਇਸ ਲੇਖ ਵਿੱਚ ਉਸਨੇ ਅਜੀਬ-ਢੰਗ ਨਾਲ ਗੁੰਮ ਹੁੰਦੇ ਜਹਾਜ਼ਾਂ ਦਾ ਪੂਰੀ ਤਫਸੀਲ ਵਿੱਚ ਜ਼ਿਕਰ ਕੀਤਾ। ਜੌਰਜ ਸੈਂਡ ਨੇ ਆਪਣੇ ਲੇਖ ਵਿੱਚ ਇਸ ਅਖਾਉਤੀ ਬਰਮੂਡਾ ਟਰਾਈਐਂਗਲ ਦੀ ਨਿਸ਼ਾਨਦੇਹੀ ਵੀ ਕੀਤੀ ਕਿ ਇਸ ਇਲਾਕੇ ਵਿੱਚ ਹੀ ਇਹ ਘਟਨਾਵਾਂ ਵਾਪਰ ਰਹੀਆਂ ਹਨ। ਅਮਰੀਕਨ ਨੇਵੀ ਦੇ ‘ਫਲਾਈਟ-19’ ਦੇ ਪੰਜ ਜਹਾਜ਼ਾਂ ਬਾਰੇ ਅਪਰੈਲ 1962 ਨੂੰ ਇਕ ਵਾਰ ਫਿਰ ਅਮਰੀਕੀ ਲੀਜ਼ਨ-ਮੈਗਜ਼ੀਨ ਵਿੱਚ ਜ਼ਿਕਰ ਛਿੜ ਪਿਆ। ਐਲਨ ਐਕਰਟ ਨਾਂ ਦੇ ਲੇਖਕ ਨੇ ਲਿਖਿਆ ਕਿ ਫਲਾਈਟ-ਲੀਡਰ ਨੂੰ ਕਹਿੰਦੇ ਸੁਣਿਆਂ ਗਿਆ ਸੀ ਕਿ, ‘‘ਅਸੀਂ ਸਫੈਦ ਪਾਣੀ ਦੇ ਵਿੱਚੋਂ ਦੀ ਜਾ ਰਹੇ ਹਾਂ, ...ਕੁਝ ਸਹੀ ਨਹੀਂ ਜਾਪਦਾ, ...ਸਾਨੂੰ ਨਹੀਂ ਪਤਾ ਅਸੀਂ ਕਿਥੇ ਹਾਂ, ...ਪਾਣੀ ਹਰਾ ਹੈ...।’’ ਉਸ ਲੇਖਕ ਨੇ ਨੇਵੀ ਦੇ ਉਪਰਲੇ ਬੋਰਡ ਨੂੰ ਲਿਖਿਆ ਕਿ ਇਹ ਹਵਾਈ ਜਹਾਜ਼ ਮਾਰਜ਼ (ਸ਼ੁਕਰ ਗ੍ਰਹਿ) ਨੂੰ ਉੜ ਗਏ।

ਫਰਬਰੀ 1964 ਨੂੰ ਵਿਨਸੈਂਟ ਗੈਡੀਜ਼ ਨੇ ਪਲਪ ਮੈਗਜ਼ੀਨ ਆਰਗੋਸੀ ਵਿੱਚ ‘ਦਾ ਡੈਡਲੀ ਬਰਮੂਡਾ-ਟਰਾਈਐਂਗਲ’ ਸਿਰਲੇਖ ਹੇਠ ਆਰਟੀਕਲ ਲਿਖਿਆ ਜਿਸ ਵਿੱਚ ਹਵਾਈ-ਜਹਾਜ਼ਾਂ ਤੇ ਸਮੁੰਦਰੀ ਜਹਾਜ਼ਾਂ ਦੇ ਇੰਜ ਗੁੰਮ ਹੋਣ ਨੂੰ ਅਜੀਬੋ-ਗਰੀਬ ਘਟਨਾਵਾਂ ਦਾ ਹਿੱਸਾ ਮੰਨਿਆਂ। ਉਸ ਤੋਂ ਅਗਲੇ ਸਾਲ ਵਿਨਸੈਂਟ ਗੈਡੀਜ਼ ਨੇ ਇਸ ਵਿਸ਼ੇ ਨਾਲ ਸੰਬੰਧਤ ਲੇਖਾਂ ਦੀ ਆਪਣੀ ਕਿਤਾਬ ਛਪਵਾਈ ਜਿਸ ਦਾ ਨਾਂ ਸੀ, ‘ਇਨਵਿਜ਼ੀਬਲ ਹੌਰਾਈਜ਼ਨਜ਼’। ਉਸ ਤੋਂ ਬਾਅਦ ਤਾਂ ਇਸ ਵਿਸ਼ੇ ਨਾਲ ਕਿਤਾਬਾਂ ਦਾ ਹੜ੍ਹ ਹੀ ਆ ਗਿਆ। 1969 ਵਿੱਚ ਜੌਹਨ ਵੌਲਸ ਦੀ ਕਿਤਾਬ ‘ਲਿੰਬੋ ਔਫ ਦਾ ਲੌਸਟ’ ਆਈ। 1974 ਵਿੱਚ ਚਾਰਲਸ ਬਰਲਿਟਜ਼ ਦੀ ‘ਦਾ ਬਰਮੂਡਾ-ਟਰਾਈਐਂਗਲ’ ਆਈ ਤੇ ਉਸਦੇ ਮਗਰ ਹੀ ਰਿਚਰਡ ਵਾਈਨਰ ਦੀ ‘ਦਾ ਡੈਵਲ‘ਜ਼ ਟਰਾਈਐਂਗਲ’ ਛਪੀ। ਇਸਤੋਂ ਬਾਅਦ ਤਾਂ ਪਤਾ ਨਹੀਂ ਕਿੰਨੀਆਂ ਕਿਤਾਬਾਂ, ਫਿਲਮਾਂ, ਡਾਕੂਮੈਂਟਰੀਜ਼ ਇਸ ਵਿਸ਼ੇ ਨੂੰ ਲੈਕੇ ਬਣੀਆਂ। ਕਈ ਲੇਖਕਾਂ ਨੇ ਬਰਮੂਡਾ-ਟਰਾਈਐਂਗਲ ਨੂੰ ਇਵੇਂ ਹਊਆ ਬਣਾਕੇ ਪੇਸ਼ ਕੀਤਾ ਕਿ ਲੋਕ ਇਸ ਇਲਾਕੇ ਦਾ ਸਫਰ ਕਰਨ ਤੋਂ ਡਰਨ ਲੱਗੇ। ਫਿਲਮਾਂ ਵਾਲਿਆਂ ਨੂੰ ਤਾਂ ਇਹ ਵਿਸ਼ਾ ਬਹੁਤ ਰੁਮਾਂਚਿਤ ਕਰਦਾ ਹੈ ਇਸ ਲਈ ਦਰਜਨਾਂ ਫਿਲਮਾਂ ਬਣੀਆਂ ਹਨ ਜਿਹਨਾਂ ਨੇ ਕਮਾਈ ਵੀ ਖੂਬ ਕੀਤੀ ਹੈ।

ਇਸਤੋਂ ਬਹੁਤ ਪਹਿਲਾਂ ਦੀ ਗੱਲ ਕਰੀਏ ਤਾਂ ਕ੍ਰਿਸਟੋਫਰ ਕਲੰਬਸ ਇੰਡੀਆ ਲੱਭਣ ਦੇ ਬਹਾਨੇ ਜਦ ਅਮਰੀਕਾ ਜਾ ਪੁੱਜਾ ਸੀ ਤਾਂ ਉਹ ਇਸੇ ਰਸਤੇ ਗਿਆ ਸੀ। ਉਸਨੇ ਰਾਹ ਵਿੱਚ ਅਜੀਬ ਰੌਸ਼ਨੀਆਂ ਮਿਲਣ ਦਾ ਜ਼ਿਕਰ ਕੀਤਾ ਹੈ ਕਿ ਰਾਤ ਵੇਲੇ ਅੱਗ ਦਾ ਇਕ ਗੋਲਾ ਅਸਮਾਨ ਵਿੱਚ ਉਠਦਾ ਤੇ ਸਮੁੰਦਰ ਵਿੱਚ ਡਿਗ ਪੈਂਦਾ ਸੀ। ਵਿਲੀਅਮ ਸ਼ੈਕਸਪੀਅਰ ਤਾਂ ਬਰਮੂਡਾ ਵਿੱਚ ਡੁੱਬਣ ਵਾਲੇ ਜਹਾਜ਼ਾਂ ਬਾਰੇ ਨਾਟਕ ਵੀ ਲਿਖਦਾ ਹੈ। ਉਸ ਨੇ 1609 ਵਿੱਚ ਇਸ ਨਾਟਕ ਦਾ ਨਾਂ ਸੀ ‘ਦਾ ਟੈਂਪਿਸਟ ਐਂਡ ਦਾ ਬਰਮੂਡਾ ਸ਼ਿਪਰੈੱਕ’। ਉਸ ਵੇਲੇ ਇਸ ਇਲਾਕੇ ਨੂੰ ਹਾਲੇ ਬਰਮੂਡਾ-ਟਰਾਈਐਂਗਲ ਦਾ ਨਾਂ ਨਹੀਂ ਸੀ ਦਿੱਤਾ ਗਿਆ।

ਇਹਨਾਂ ਵਾਹਨਾਂ ਦੇ ਗੁੰਮ ਹੋਣ ਬਾਰੇ ਕਈ ਵਿਲੱਖਣ ਧਾਰਨਾਵਾਂ ਹਨ। ਕਈ ਲੋਕ ਕਹਿੰਦੇ ਹਨ ਕਿ ਏਲੀਅਨ ਇਹਨਾਂ ਜਹਾਜ਼ਾਂ ਨੂੰ ਗਾਇਬ ਕਰ ਦਿੰਦੇ ਹਨ। ਕਈਆਂ ਦਾ ਕਹਿਣਾ ਹੈਕਿ ਐਂਟਲਾਟਿਕ ਸਾਗਰ ਦੇ ਹੇਠਾਂ ਵੀ ਇਕ ਦੁਨੀਆ ਵਸਦੀ ਹੈ। ਐਟਲਾਂਟਿਕ ਮਹਾਂਸਾਗਰ ਮੱਧ-ਵਿੱਚਕਾਰ ਗਰਕ ਹੋਏ ਮਿੱਥਕ-ਸ਼ਹਿਰ ਐਟਲਾਂਟੀਜ਼ ਨਾਲ ਤਾਂ ਇਸਨੂੰ ਜੋੜਦੇ ਹੀ ਹਨ ਕਿ ਸ਼ਹਿਰ ਵਿੱਚੋਂ ਉਠਦੀ ‘ਕ੍ਰਿਸਿਟਿਲ-ਅਨਰਜੀ’ ਦੀ ਖਿੱਚ ਕਾਰਨ ਸ਼ਿਪ-ਪਲੇਨ ਹੇਠਾਂ ਵੱਲ ਖਿੱਚੇ ਜਾਂਦੇ ਹਨ।

ਸਮੁੰਦਰ ਵਿੱਚ ਲਵਾਰਸ ਫਿਰਦੇ ਜਹਾਜ਼ਾਂ ਨੂੰ ਵੀ ਇਸ ਇਲਾਕੇ ਨਾਲ ਜੋੜ ਦਿੱਤਾ ਜਾਂਦਾ ਹੈ। ਕਈ ਵਾਰ ਪੁਰਾਣੇ ਲਵਾਰਸ ਫਿਰਦੇ ਜਹਾਜ਼ ਕੰਢੀਂ ਲਗਦੇ ਦਿਸ ਜਾਂਦੇ ਹਨ ਜਿਵੇਂ ਕਿ ਕੁਝ ਸਾਲ ਪਹਿਲਾਂ ਜੰਗਾਲ ਦਾ ਖਾਧਾ ਹੋਇਆ ਜਹਾਜ਼ ਮੁੰਬਈ ਦੇ ਤੱਟ ‘ਤੇ ਆ ਲੱਗਾ ਸੀ, ਉਸ ਦੋ ਕੁ ਸਾਲ ਪਹਿਲਾਂ ‘ਭੂਤ’ ਨਾਮੀ ਇਕ ਫਿਲਮ ਵੀ ਬਣੀ ਸੀ, ਅਜਿਹੇ ਜਹਾਜ਼ ਵੀ ਬਰਮੂਡਾ-ਟਰਾਈਐਂਗਲ ਦੇ ਹਿਸਾਬ ਵਿੱਚ ਹੀ ਪੈ ਜਾਂਦੇ ਹਨ।

ਬਹੁਤ ਸਾਰੇ ਸੰਤੁਲਿਤ-ਦਿਮਾਗ ਵਾਲੇ ਲੋਕ ਇਸਨੂੰ ਕਿਸੇ ਗਾਇਬੀ ਤਾਕਤ ਨਾਲ ਜੋੜਨ ਦੀ ਥਾਂਵੇਂ ਇਸਦੇ ਕਾਰਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਜਿਉਲੌਜੀਕਲ ਜਾਂ ਹਾਈਡਰੋਲੌਜੀਕਲ ਵਿਆਖਿਆ ਵਿੱਚ ਵੀ ਇਸਦੇ ਕਾਰਨ ਪਏ ਹੋ ਸਕਦੇ ਹਨ। ਖਾਸ ਕਿਸਮ ਦੀਆਂ ਗੈਸਾਂ ਜਾਂ ਸਮੁੰਦਰੀ ਵਾਂਵਰੋਲੇ ਵੀ ਕਾਰਨ ਹੋ ਸਕਦੇ ਹਨ। ਇਕ ਗੱਲ ਸਾਫ ਹੈਕਿ ਇਥੋਂ ਕੁ ਸਮੁੰਦਰ ਬਹੁਤ ਐਗਰੈਸਿਵ (ਆਕਰਮਕ) ਹੈ, ਬਹੁਤ ਉਚੀਆਂ ਤੇ ਵੱਡੀਆਂ ਲਹਿਰਾਂ ਉਠਦੀਆਂ ਰਹਿੰਦੀਆਂ ਹਨ। ਸੋ ਖਰਾਬ ਮੌਸਮ ਵੀ ਇਸ ਗੁੰਮਸ਼ੁਦਗੀ ਦਾ ਕਾਰਨ ਹੋ ਸਕਦਾ ਹੈ। ਬਹੁਤ ਲੋਕ ਆਖਦੇ ਹਨਕਿ ਇਹ ਸਭ ਇਨਸਾਨੀ ਗਲਤੀ ਕਾਰਨ ਹੀ ਹੋ ਰਿਹਾ ਹੈ। ਜੇ ਕੁਲ ਮਿਲਾ ਕੇ ਹਾਦਸਿਆਂ ਦੀ ਅਨੁਪਾਤ ਦੇਖੀ ਜਾਵੇ ਤਾਂ ਇਸ ਇਲਾਕੇ ਦੀਆਂ ਘਟਨਾਵਾਂ ਵਿੱਚ ਬਹੁਤਾ ਵੱਡਾ ਫਰਕ ਨਹੀਂ ਬਣਦਾ। ਪਰ ਇਹਨਾਂ ਹਾਦਸਿਆਂ ਨਾਲ ਜੁੜੀਆਂ ਕਹਾਣੀਆਂ ਕੁਝ ਅਜੀਬ ਰੂਪ ਧਾਰਨ ਕਰ ਲੈਂਦੀਆਂ ਹਨ।

ਇਕ ਹੋਰ ਇਸ ਇਲਾਕੇ ਦਾ ਮਸਲਾ ਹੈਕਿ ਇਥੇ ਆਕੇ ਬਹੁਤ ਸਾਰੇ ਵਾਹਨਾਂ ਦੇ ਕੰਪਾਸ ਕੰਮ ਕਰਨੋਂ ਹਟ ਜਾਂਦੇ ਹਨ, ਭਾਵ ਸਿਗਨਲ ਨਹੀਂ ਦਿੰਦੇ ਜਾਂ ਗਲਤ ਸਿਗਨਲ ਦਿੰਦੇ ਹਨ। ਕਈ ਵਾਰ ਕੰਪਾਸ ਤੇਜ਼-ਤੇਜ਼ ਘੁੰਮਣ ਲਗਦੇ ਹਨ। ਜਦਕਿ ਕੰਪਾਸ ਨੇ ਉਤਰੀ ਧਰੁਵ ਵੱਲ ਰਹਿਣਾ ਹੁੰਦਾ ਹੈ ਤੇ ਚਾਲਕਾਂ ਨੇ ਡਿਗਰੀ ਦੇ ਹਿਸਾਬ ਨਾਲ ਆਪਣੇ ਰਾਹ ਦੀ ਨਿਸ਼ਾਨ ਦੇਹੀ ਕਰਨੀ ਹੁੰਦੀ ਹੈ ਪਰ ਇਥੇ ਆਕੇ ਬਹੁਤ ਸਾਰੇ ਕੰਪਾਸ ਨੌਰਥ ਪੋਲ ਦੀ ਥਾਂ ‘ਮੈਗਨੈਟਿਕ-ਨੌਰਥ’ ਵੱਲ ਇਸ਼ਾਰਾ ਕਰਨ ਲਗਦੇ ਹਨ, ਇਹ ਜਗਾਹ ਕਨੇਡਾ ਵਿੱਚ ਹੈ। ਕੁਝ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਮੈਗਨੈਟਿਕ-ਫੋਰਸਿਜ਼ ਰੇਡੀਓ ਕੰਟਰੋਲ ਨੂੰ ਖਰਾਬ ਕਰ ਦਿੰਦੀਆਂ ਹਨ ਜਿਸ ਕਾਰਨ ਹਾਦਸੇ ਹੋ ਜਾਂਦੇ ਹਨ। ਹਾਦਸਾ-ਗ੍ਰਸਤ ਜਹਾਜ਼ਾਂ ਦੇ ਮਲਬੇ ਦਾ ਨਾ ਮਿਲਣ ਦਾ ਇਕ ਕਾਰਨ ਇਹ ਵੀ ਹੈਕਿ ਇਥੋਂ ਸਮੁੰਦਰ ਕਾਫੀ ਡੂੰਘਾ ਹੈ। ਇਥੇ ਅਸਮਾਨੀ ਬਿਜਲੀ ਵੀ ਜ਼ਿਆਦਾ ਵਿਸਫੋਟਕ ਦੱਸੀ ਜਾਂਦੀ ਹੈ ਤੇ ਕਾਲੇ ਬੱਦਲ ਸਾਰਾ ਸਾਲ ਛਾਏ ਰਹਿੰਦੇ ਹਨ।

‘ਨੈਸ਼ਨਲ ਓਸ਼ਨਿਕ ਐਂਡ ਐਟਮੌਸਫੀਅਰਿਕ ਐਡਮਿਨਿਸਟਰੇਸ਼ਨ’ (ਸਮੁੰਦਰੀ ਮੌਸਮ ਨਾਲ ਜੁੜੀ ਸੰਸਥਾ) ਅਨੁਸਾਰ ਗਾਇਬੀ-ਸ਼ਕਤੀ ਦੇ ਜਾਂ ਭੇਦ-ਭਰੇ ਹਾਲਾਤ ਦੇ ਕੋਈ ਸਬੂਤ ਨਹੀਂ ਮਿਲਦੇ। ਸਭ ਹਾਦਸੇ ਆਮ ਵਾਂਗ ਵਾਪਰਦੇ ਹਨ ਜਿਵੇਂ ਹੋਰਨਾਂ ਥਾਵਾਂ ‘ਤੇ ਵਾਪਰਿਆ ਕਰਦੇ ਹਨ। ਇਹ ਇਲਾਕਾ ਬਹੁਤ ਵਿਅਸਤ ਰੂਟ ਹੈ, ਉਸ ਹਿਸਾਬ ਨਾਲ ਹਾਦਸੇ ਏਨੇ ਵਧੇਰੇ ਨਹੀਂ ਹਨ। ਕੁਝ ਵੀ ਗੈਰ-ਕੁਦਰਤੀ ਨਾ ਹੋਣ ਦਾ ਇਕ ਸਬੂਤ ਇਹ ਵੀ ਦਿੱਤਾ ਜਾਂਦਾ ਹੈ ਕਿ ਇਧਰੋਂ ਦੀ ਲੰਘਣ ਵਾਲੇ ਜਹਾਜ਼ਾਂ (ਪਾਣੀ ਵਾਲੇ ਤੇ ਹਵਾਈ) ਦੀ ਇੰਸ਼ੋਰੈਂਸ ਵਿੱਚ ਕੋਈ ਫਰਕ ਨਹੀਂ ਹੁੰਦਾ ਜਦਕਿ ਖਤਰਨਾਕ ਇਲਾਕਿਆਂ ਦੀ ਇੰਸ਼ੋਰੈਂਸ ਹਮੇਸ਼ਾ ਵਧੇਰੇ ਹੁੰਦੀ ਹੈ। ਇਸੇ ਵਿਚਾਰ ਦੇ ਹੱਕ ਵਿੱਚ ਇਕ ਹੋਰ ਦਲੀਲ ਵੀ ਦਿੱਤੀ ਜਾਂਦੀ ਹੈ ਕਿ 2013 ਵਿੱਚ ਸ਼ਿਪਿੰਗ ਲਈ ਸਭ ਤੋਂ ਦਸ ਖਤਰਨਾਕ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਉਸ ਵਿੱਚ ਬਰਮੂਡਾ-ਟਰਾਈਐਂਗਲ ਨਹੀਂ ਆਉਂਦਾ। ਹਰ ਰੋਜ਼ ਮਿਆਮੀ ਤੋਂ ਸੈਨ-ਹੁਆਨ ਤੇ ਪਿਓਰਿਟੋ ਰੀਕੋ ਲਈ ਅਣਗਿਣਤ ਜਹਾਜ਼ ਚਲਦੇ ਹਨ, ਕਦੇ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ। ਸੋ ਅਖੀਰ ਵਿੱਚ ਬਰਮੂਡਾ-ਟਰਾਈਐਂਗਲ ਨੂੰ ਐਡਾ ਵੱਡਾ ਹਊਆ ਬਣਾ ਕੇ ਖੜਾ ਕਰ ਦੇਣਾ ਲੇਖਕਾਂ ‘ਤੇ ਫਿਲਮਕਾਰਾਂ ਦੇ ਹਿੱਸੇ ਆਉਂਦਾ ਹੈ। ਪਰ ਇਹ ਵੀ ਸੱਚ ਹੈ ਕਿ ਕੋਈ ਵੀ ਸਾਇੰਸਦਾਨ ਇਸ ਦਾ ਸਹੀ ਜਵਾਬ ਵੀ ਨਹੀਂ ਦੇ ਸਕਿਆ।


Commenti


bottom of page