top of page
Writer's pictureਸ਼ਬਦ

ਲੰਡਨ ਵਿੱਚ ਪਹਿਲਾ ਭਾਰਤੀ /

ਹਰਜੀਤ ਅਟਵਾਲ /

ਕਰੋਨਾ ਨੇ ਦੁਨੀਆ ਦੀ ਅਜਿਹੀ ਹਾਲਤ ਕੀਤੀ ਹੈ ਕਿ ਆਮ ਬੰਦੇ ਨੂੰ ਬਹੁਤ ਕੁਝ ਭੁੱਲ ਗਿਆ ਹੈ। ਜਿ਼ੰਦਗੀ ਵਿੱਚ ਜਿਵੇਂ ਹੋਰ ਸਮੱਸਿਆਵਾਂ ਤਾਂ ਹੋਣ ਹੀ ਨਾ। ਭਾਵੇਂ ਭਾਰਤ ਵਿੱਚ ਕਰੋਨਾ ਦਾ ਕਹਿਰ ਪੱਛਮੀ ਦੇਸ਼ਾਂ ਜਿਹਾ ਨਹੀਂ ਹੈ ਪਰ ਉਥੇ ਕਿਸਾਨ ਅੰਦੋਲਨ ਨੇ ਦੇਸ਼ ਭਰ ਦੇ ਲੋਕਾਂ ਦੇ ਮਨਾਂ ਨੂੰ ਮੱਲ ਰਖਿਆ ਹੈ। ਮੀਡੀਏ ਕੋਲ ਜਿਵੇਂ ਕਿਸਾਨ ਅੰਦੋਲਨ ਤੋਂ ਬਿਨਾਂ ਕੋਈ ਹੋਰ ਖ਼ਬਰ ਹੀ ਨਾ ਹੋਵੇ। ਇਹ ਗੱਲ ਭਾਰਤੀ ਸਰਕਾਰ ਨੂੰ ਬਹੁਤ ਸੂਤ ਬਹਿ ਰਹੀ ਹੈ। ਖ਼ੈਰ, ਅੱਜ ਮੈਂ ਗੱਲ ਇਸ ਤੋਂ ਬਾਹਰੀ ਕਰਨੀ ਹੈ। ਮੈਂ ਭਾਰਤੀਆਂ ਦੀ ਲੰਡਨ ਵਿੱਚ ਜਾਂ ਬ੍ਰਤਾਨੀਆ ਵਿੱਚ ਹਾਜ਼ਰੀ ਦੀ ਗੱਲ ਕਰਨੀ ਹੈ। ਜਾਂ ਇਹ ਕਹਿ ਲE ਕਿ ਬ੍ਰਤਾਨੀਆ ਵਿੱਚ ਇਕ ਭਾਰਤੀ ਦੇ ਇਤਿਹਾਸ ਦੀ ਗੱਲ ਕਰਨੀ ਹੈ। ਜਦ ਮੈਂ ਇਸ ਮੁਲਕ ਵਿੱਚ ਆ ਕੇ ਵਸਿਆ ਤਾਂ ਮੇਰੇ ਸਾਹਮਣੇ ਇਹ ਸਵਾਲ ਅਕਸਰ ਆ ਖੜਦਾ ਕਿ ਅਸੀਂ ਕਦੋਂ ਕੁ ਤੋਂ ਇਸ ਮੁਲਕ ਵਿੱਚ ਰਹਿ ਰਹੇ ਹਾਂ। ਥੋੜਾ ਇਤਿਹਾਸ ਵਿੱਚ ਜਾਂਦਾ ਤਾਂ ਪਤਾ ਚਲਦਾ ਕਿ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਇਥੇ ਗੁਰਦਵਾਰਾ ਬਣਦਾ ਹੈ ਜਿਸ ਦਾ ਮਤਲਬ ਕਿ ਉਸ ਵੇਲੇ ਕਾਫੀ ਸਿੱਖ ਲੰਡਨ ਵਿੱਚ ਵਸਦੇ ਹੋਣਗੇ, ਭਾਵ ਕਿ ਇਕ ਗੁਰਦਵਾਰਾ ਬਣਾਉਣ ਜੋਗੇ। ਉਸ ਤੋਂ ਹੋਰ ਪਿੱਛੇ ਜਾਈਏ ਤਾਂ ਉਨੀਵੀਂ ਸਦੀ ਦੇ ਅਖੀਰ ਵਿੱਚ ਭਾਰਤੀ ਇਥੇ ਪਾਰਲੀਮੈਂਟ ਦੇ ਮੈਂਬਰ ਵੀ ਰਹੇ ਹਨ। ਉਸ ਤੋਂ ਪਹਿਲਾਂ ਰਾਜਾ ਰਾਮ ਮੋਹਨ ਰਾਏ। ਇੰਝ ਕਰਦਿਆਂ ਹੋਰ ਪਿੱਛੇ ਨੂੰ ਜਾਈਏ ਤਾਂ 1854 ਵਿੱਚ ਮਹਾਂਰਾਜਾ ਦਲੀਪ ਸਿੰਘ ਇੰਗਲੈਂਡ ਆ ਵਸਦਾ ਹੈ। ਮੈਂ ਮਹਾਂਰਾਜਾ ਦਲੀਪ ਸਿੰਘ ਨੂੰ ਪਹਿਲਾ ਭਾਰਤੀ ਪਰਵਾਸੀ ਮੰਨਦਾ ਹਾਂ। ਇਸ ਤੋਂ ਕੁਝ ਹੋਰ ਪਿੱਛੇ ਜਾਈਏ ਤਾਂ 1830 ਵਿੱਚ ਇਕ ਲਾਹੌਰ ਤੋਂ ਆਇਆ ਪੰਜਾਬੀ ਲੰਡਨ ਦੀਆਂ ਗਲੀਆਂ ਵਿੱਚ ਤੁਰਦਾ-ਫਿਰਦਾ ਮਿਲਦਾ ਹੈ ਜੋ ਵਾਪਸ ਭਾਰਤ ਜਾ ਕੇ ਆਪਣਾ ਸਫਰਨਾਮਾ ਲਿਖਦਾ ਹੈ। ਉਸ ਤੋਂ ਪਹਿਲਾਂ ਇਕ ਹੋਰ ਭਾਰਤੀ ਅਠਾਰਵੀਂ ਸਦੀ ਵਿੱਚ ਪਹਿਲਾਂ ਆਇਰਲੈਂਡ ਆ ਕੇ ਵਸਦਾ ਹੈ ਤੇ ਫਿਰ ਲੰਡਨ ਵਿੱਚ ਆ ਕੇ ਚਾਹ ਦੀ ਦੁਕਾਨ ਖੋਹਲਦਾ ਹੈ। ਇਕ ਹੋਰ ਭਾਰਤੀ ਦਾ ਵਿਸਤਿ੍ਰਤ ਸਫਰਨਾਮਾ ਵੀ ਇਸ ਦੇਸ਼ ਦਾ ਮਿਲਦਾ ਹੈ। ਮੈਂ ਇਸ ਵਿਸ਼ੇ ‘ਤੇ ਖੋਜ ਕਰਨ ਲੱਗਾ ਤਾਂ ਇਸ ਮੁਲਕ ਵਿੱਚ ਸਾਡੀ ਹੋਂਦ ਪੰਜ ਸੌ ਸਾਲ ਤੋਂ ਮਿਲਦੀ ਹੈ।

ਸੰਨ 1600 ਤੋਂ ਭਾਰਤੀਆਂ ਦੇ ਇਸ ਮੁਲਕ ਵਿੱਚ ਹੋਣ ਦੇ ਸਬੂਤ ਮਿਲਣੇ ਸ਼ੁਰੂ ਹੋ ਜਾਂਦੇ ਹਨ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਈਸਟ ਇੰਡੀਆ ਕੰਪਨੀ ਨੇ ਭਾਰਤ ਨਾਲ ਵਿEਪਾਰ ਕਰਨਾ ਸ਼ੁਰੁ ਕੀਤਾ ਸੀ। ਇਤਿਹਾਸ ਵਿੱਚ ਆਉਂਦਾ ਹੈ ਕਿ ਪਹਿਲਾ ਭਾਰਤੀ ਸੰਨ 1614 ਵਿੱਚ ਇੰਗਲੈਂਡ ਪੁੱਜਾ ਸੀ। ਅਸਲ ਵਿੱਚ ਇਹ ਉਸ ਦੇ ਪੁੱਜਣ ਦਾ ਸਮਾਂ ਨਹੀਂ, ਸਗੋਂ ਉਸ ਦੀ ਹਾਜ਼ਰੀ ਦਾ ਸਮਾਂ ਹੈ। ਉਸ ਨੂੰ ਬਾਈ ਦਸੰਬਰ 1616 ਨੂੰ ਬੈਪਟਾਈਜ਼ ਕੀਤਾ ਗਿਆ ਭਾਵ ਕਿ ਇਸਾਈ ਬਣਾਇਆ ਗਿਆ। ਅੰਗਰੇਜ਼ਾਂ ਦੀ ਖਾਸ ਗੱਲ ਇਹ ਸੀ ਕਿ ਜਿਥੇ ਵੀ ਇਹ ਜਾਂਦੇ ਆਪਣਾ ਧਰਮ ਫੈਲਾਉਣ ਦੀ ਕੋਸਿ਼ਸ਼ ਕਰਦੇ। ਹਿੰਦੁਸਤਾਨ ਵਿੱਚ ਵਿੱਚ ਵੀ ਇਸਾਈਮੱਤ ਫੈਲਾਇਆ ਜਾ ਰਿਹਾ ਸੀ। ਕੁਝ ਕੁ ਇਸ ਦਾ ਵਿਰੋਧ ਵੀ ਹੋ ਰਿਹਾ ਹੋਵੇਗਾ ਇਸੇ ਲਈ ਬਿਸ਼ਪ ਔਫ ਕੈਂਟਬਰੀ ਨੂੰ ਇਸ ਮਾਮਲੇ ਨੂੰ ਆਪਣੇ ਹੱਥ ਵਿਚ ਲਿਆ ਗਿਆ ਤੇ ਉਸ ਇਸਾਈ ਬਣਾਉਣ ਦੀ ਇਸ ਰਸਮ ਨੂੰ ਬਹੁਤ ਅਹਿਮ ਬਣਾ ਕੇ ਪੇਸ਼ ਕੀਤਾ ਗਿਆ ਤਾਂ ਜੋ ਹੋਰ ਲੋਕਾਂ ਨੂੰ ਪਤਾ ਚਲੇ ਕਿ ਹੋਰ ਰੰਗਾਂ ਦੇ ਲੋਕ ਵੀ ਹੁਣ ਖੁਸ਼ੀ ਖੁਸ਼ੀ ਇਸਾਈ ਬਣ ਰਹੇ ਹਨ। ਇਸ ਨਵੇਂ ਬਣੇ ਇਸਾਈ ਦਾ ਨਾਮਕਰਣ ਰਾਜਾ ਜੇਮਜ਼ ਪਹਿਲੇ ਨੇ ਕੀਤੀ। ਇਸ ਦਾ ਨਾਂ ਰੱਖਿਆ ਗਿਆ; ਪੀਟਰ। ਮਾੜੀ ਕਿਸਮਤ ਇਸਾਈ ਬਣਾਉਣ ਵਾਲਿਆਂ ਦੀ ਕਿ ਉਹ ਇਸਾਈ ਬਣਨ ਤੋਂ ਕੁਝ ਹਫਤਿਆਂ ਦੇ ਅੰਦਰ ਅੰਦਰ ਹੀ ਅਲੋਪ ਹੋ ਗਿਆ। ਉਸ ਨੂੰ ਵਾਪਸ ਹਿੰਦੁਸਤਾਨ ਲਈ ਚੜਦੇ੍ਹ ਦੇਖਿਆ ਗਿਆ। ਇਹ ਤਾਂ ਇਕ ਇਤਿਹਾਸਕ ਕਹਾਣੀ ਸੀ ਅਸਲ ਵਿਚ ਇੰਗਲੈਂਡ ਦੀ ਧਰਤੀ ਤੇ ਪਹਿਲਾ ਹਿੰਦੁਸਤਾਨੀ ਇਕ ਮਲਾਹ ਸੀ। ਜਦੋਂ ਤੋਂ ਹਿੰਦੁਸਤਾਨ ਦਾ ਹੋਰਨਾਂ ਮੁਲਕਾਂ ਨਾਲ ਸਮੁੰਦਰ ਰਾਹੀਂ ਕਾਰੋਬਾਰ ਸ਼ੁਰੂ ਹੋਇਆ ਤਾਂ ਹਿੰਦੁਸਤਾਨੀ ਮਲਾਹਾਂ ਦਾ ਹੋਰਨਾਂ ਮੁਲਕਾਂ ਵਿਚ ਆਉਣਾ ਜਾਣਾ ਸ਼ੁਰੂ ਹੋ ਗਿਆ। ਇਹ ਗੱਲ ਗੌਲਣਯੋਗ ਹੈ ਕਿ ਸਮੁੰਦਰੀ ਤਟਾਂ ਦੇ ਹਿੰਦੁਸਤਾਨੀ ਲੋਕ ਬਹੁਤ ਵਧੀਆ ਮਲਾਹ ਸਿੱਧ ਹੁੰਦੇ ਰਹੇ ਹਨ ਕਿਉਂਕਿ ਉਹਨਾਂ ਨੂੰ ਹਿੰਦ ਮਹਾਂ ਸਾਗਰ ਬਾਰੇ ਵਧੇਰੇ ਜਾਣਕਾਰੀ ਹੁੰਦੀ ਸੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਵਾਸਕੋ ਡੇ ਗਾਮਾ ਦਾ ਪ੍ਰਮੁੱਖ ਜਹਾਜ਼ ਚਾਲਕ ਇਕ ਹਿੰਦੁਸਤਾਨੀ ਸੀ। ਵਾਸਕੋਡੇ ਗਾਮਾ ਕੋਚੀਨ ਤੋਂ ਵਿਸ਼ਾਖਾਪਟਨਮ ਜਾ ਰਿਹਾ ਸੀ। ਉਸ ਨੂੰ ਜਹਾਜ਼ ਸ਼੍ਰੀਲੰਕਾ ਉਪਰ ਦੀ ਘੁਮਾ ਕੇ ਲੈ ਜਾਣਾ ਚਾਹੀਦਾ ਸੀ ਪਰ ਉਸ ਨੇ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਦੀ ਜਹਾਜ਼ ਕੱਢ ਲਿਆ ਤੇ ਉਥੇ ਪਾਣੀ ਬਹੁਤ ਪੇਤਲਾ ਹੈ ਜਿਸ ਕਾਰਨ ਉਸ ਦਾ ਜਹਾਜ਼ ਫਸ ਗਿਆ। ਇਹ ਉਸ ਜਗਾਹ ਦੀ ਗੱਲ ਹੈ ਜਿਥੇ ਰਾਮ-ਸੇਤੂ ਹੈ, ਕਿਹਾ ਜਾਂਦਾ ਹੈ ਕਿ ਕਿਸੇ ਵੇਲੇ ਇਥੋਂ ਲੋਕ ਤੁਰੇ ਕੇ ਲੰਘਿਆ ਕਰਦੇ ਸਨ। ਉਦੋਂ ਹੀ ਵਾਸਕੋਡੇ ਗਾਮਾ ਨੇ ਭਾਰਤੀ ਮਲਾਹਾਂ ਨੂੰ ਭਰਤੀ ਕਰਨਾ ਸ਼ੁਰੂ ਕੀਤਾ ਸੀ। ਸੋ ਉਸ ਤੋਂ ਬਾਅਦ ਸਾਰੀਆ ਵੱਡੀਆਂ ਕੰਪਨੀਆਂ ਨੇ ਭਾਰਤੀ ਮਲਾਹਾਂ ਤੇ ਜਹਾਜ਼ੀ ਮਜਦੂਰਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਲਿਆ ਸੀ। ਅੰਗਰੇਜ਼ਾਂ ਜਾਂ ਹੋਰ ਪੱਛਮੀ ਮਲਾਹਾਂ ਤੇ ਮਜਦੂਰਾਂ ਨਾਲੋਂ ਭਾਰਤੀ ਸਸਤੇ ਪੈਂਦੇ ਸਨ। ਇਹਨਾਂ ਨੂੰ ਲਸ਼ਕਰ ਵੀ ਕਿਹਾ ਜਾਂਦਾ ਸੀ। ਜਦ ਈਸਟ ਇੰਡੀਆ ਕੰਪਨੀ ਜਾਂ ਕਿਸੇ ਹੋਰ ਇੰਗਲਿਸ਼ ਕੰਪਨੀ ਦਾ ਪਹਿਲਾ ਮਾਲ ਨਾਲ ਭਰਿਆ ਜਹਾਜ਼ ਵਾਪਸ ਇੰਗਲੈਂਡ ਗਿਆ ਹੋਵੇਗਾ ਤਾਂ ਉਸ ਵਿੱਚ ਹੀ ਪਹਿਲਾ ਭਾਰਤੀ ਗਿਆ ਹੋਵੇਗਾ। ਇਥੇ ਇਹ ਵੀ ਪੜ੍ਹਨ ਨੂੰ ਮਿਲਦਾ ਹੈ ਕਿ ਈਸਟ ਇੰਡੀਆ ਕੰਪਨੀ ਨੇ ਜਿਹੜੇ ਲੋਕਾਂ ਨਾਲ ਹਿੰਦੁਸਤਾਨ ਵਿਚ ਵਿEਪਾਰ ਕਰਨਾ ਸੀ ਉਹਨਾਂ ਨੂੰ ਆਪਣੇ ਨਾਲ ਲਿਆ ਕੇ ਇੰਗਲੈਂਡ ਦਿਖਾਇਆ ਤੇ ਦੱਸਣ ਦੀ ਕੋਸਿ਼ਸ਼ ਕੀਤੀ ਕਿ ਅਸੀਂ ਇਹ ਚੀਜ਼ਾਂ ਤੁਹਾਡੇ ਤੋਂ ਖਰੀਦਣੀਆਂ ਚਾਹੁੰਦੇ ਹਾਂ ਤੇ ਇਹ ਚੀਜ਼ਾਂ ਸਾਡੇ ਕੋਲ ਵੇਚਣ ਲਈ ਹਨ।

ਇਸ ਦੇ ਨਾਲ ਹੀ ਇੰਗਲੈਂਡ ਵਿੱਚ ਵਸਣ ਵਾਲੇ ਭਾਰਤੀਆਂ ਦਾ ਕੋਈ ਰਿਕਾਰਡ ਤਾਂ ਰੱਖਿਆ ਨਹੀਂ ਸੀ ਜਾਂਦਾ। ਲੰਡਨ ਦੇ ਵੂਲਿਚ ਦੇ ਇਲਾਕੇ ਦੀਆਂ ਕਬਰਾਂ ਵਿੱਚ ਇਕ ਕਬਰ ਉਪਰ ਲਿਖਿਆ ਹੋਇਆ ਹੈ; ਫਲੋਰ ਇਕ ਭਾਰਤੀ। ਇਹ ਵਿਅਕਤੀ ਇਥੇ ਕਦੋਂ ਆਇਆ ਹੋਵੇਗਾ ਤੇ ਕੀ ਇਥੇ ਪੱਕਾ ਹੀ ਰਹਿੰਦਾ ਹੋਵੇਗਾ ਇਸ ਬਾਰੇ ਕੋਈ ਸਬੂਤ ਨਹੀਂ ਮਿਲਦਾ। ਇਵੇਂ ਹੀ ਇਕ ਹਿੰਦੁਸਤਾਨੀ ਦੇ ਵਿਆਹ ਦਾ ਇੰਦਰਾਜ਼ ਵੀ ਮਿਲਦਾ ਹੈ। ਇਹ ਵਿਆਹ ਸੰਨ 1613 ਲੰਡਨ ਦੇ ਡੈਟਫੋਰਡ ਦੇ ਇਲਾਕੇ ਵਿਚ ਸੈਮੂਅਲ ਮਨਸੂਰ (ਹਿੰੁਦਸਤਾਨੀ) ਤੇ ਜੇਨ ਜੌਹਨਸਨ (ਸ਼ਾਇਦ ਅੰਗਰੇਜ਼ ਔਰਤ) ਵਿੱਚਕਾਰ ਹੋਇਆ। ਸੰਨ 1652 ਤੋਂ ਲੰਡਨ ਵਿਚ ਭਾਰਤੀ ਮਸਾਲਿਆਂ ਦੇ ਵਰਤੇ ਜਾਣ ਦੇ ਸਬੂਤ ਮਿਲਦੇ ਹਨ। ਇਹਨਾਂ ਦਿਨਾਂ ਵਿੱਚ ਹੀ ਹਿੰਦੁਸਤਾਨ ਦੇ ਬਾਦਸ਼ਾਹ ਦਾ ਇਕ ਵਜ਼ੀਰ ਵੀ ਇੰਗਲੈਂਡ ਆਇਆ ਸੀ ਜਿਸ ਦਾ ਮਕਸਦ ਸੀ ਅੰਗਰੇਜ਼ਾਂ ਨਾਲ ਵਿEਪਾਰ ਦੀਆਂ ਸੰਭਾਵਨਾਵਾਂ ਦਾ ਜਾਇਜ਼ਾ ਲੈਣਾ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਗੋਰੇ ਸਾਨੂੰ ਚਾਹ ਤੇ ਕੌਫੀ ਦੇ ਗਏ ਹਨ ਪਰ ਇੰਗਲੈਂਡ ਵਿੱਚ ਤਾਂ ਚਾਹ ਤੇ ਕੌਫੀ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ। ਜਦੋਂ ਇਹ ਲੰਡਨ ਵਿੱਚ ਮਸ਼ਹੂਰ ਹੋਈ ਤਾਂ ਇਕ ਦਮ ਛਾ ਗਈ। ਇਹ ਗੋਰੇ ਨਵਾਬ ਭਾਰਤ ਤੋਂ ਲਿਆਏ ਸਨ ਤੇ ਨੌਰਸ ਸਟਰੀਟ ‘ਤੇ ਪਹਿਲਾ ਕੌਫੀ ਹਾਊਡ ਸੰਨ 1773 ਵਿੱਚ ਖੁਲਿ੍ਹਆ ਸੀ। ਵੈਸੇ ਇੰਗਲੈਂਡ ਦਾ ਇਹ ਉਹ ਦੌਰ ਸੀ ਜਦ ਇਕ ਆਮ ਅੰਗਰੇਜ਼ ਦੀ ਆਰਥਿਕ ਹਾਲਤ ਬਹੁਤ ਵਧੀਆ ਨਹੀਂ ਸੀ ਹੁੰਦੀ। ਸਿਰਫ ਵੀਹ ਫੀ ਸਦੀ ਲੋਕ ਹੀ ਰੱਜ ਕੇ ਖਾਣਾ ਖਾਂਦੇ ਸਨ। ਬਹੁਤੇ ਲੋਕਾਂ ਨੇ ਮੀਟ ਚੰਗੀ ਤਰਾਂ੍ਹ ਖਾ ਵੀ ਨਹੀਂ ਸੀ ਦੇਖਿਆ। ਅੰਗਰੇਜ਼ਾਂ ਨੇ ਮੀਟ ਖਾਣਾ ਉਦੋਂ ਸ਼ੁਰੂ ਕੀਤਾ ਜਦ ਇਹਨਾਂ ਦਾ ਕਬਜ਼ਾ ਨਿਊਜ਼ੀਲੈਂਡ ਉਪਰ ਹੋਇਆ।

ਉਸ ਵੇਲੇ ਦੀ ਭਾਰਤੀਆਂ ਦੀ ਲੰਡਨ ਤੇ ਹੋਰ ਸ਼ਹਿਰਾਂ ਵਿੱਚ ਹਾਜ਼ਰੀ ਦਾ ਇਤਿਹਾਸ ਬਹੁਤ ਨਿਰਾਸ਼ਾਜਨਕ ਹੈ। ਮਿਸਾਲ ਦੇ ਤੌਰ ‘ਤੇ ਜਦ ਈਸਟ ਇੰਡੀਆ ਦਾ ਮਾਲ ਦਾ ਭਰਿਆ ਜਹਾਜ਼ ਭਾਰਤ ਤੋਂ ਆਉਂਦਾ ਸੀ ਤਾਂ ਉਸ ਨੂੰ ਸੰਭਾਲਣ ਲਈ ਸੌ ਬੰਦੇ ਦੀ ਲੋੜ ਹੁੰਦੀ ਹੋਵੇਗੀ ਤੇ ਜਦ ਖਾਲੀ ਜਹਾਜ਼ ਵਾਪਸ ਭਾਰਤ ਜਾ ਰਿਹਾ ਹੁੰਦਾ ਤਾਂ ਉਸ ਨੂੰ ਸੰਭਾਲਣ ਲਈ ਪੰਜਾਹ ਬੰਦੇ ਹੀ ਚਾਹੀਦੇ ਹੋਣਗੇ। ਇਵੇਂ ਪੰਜਾਹ ਬੰਦਿਆਂ ਨੂੰ ਇਸ ਮੁਲਕ ਵਿੱਚ ਹੀ ਛੱਡ ਦਿੱਤਾ ਜਾਂਦਾ। ਉਹ ਗਲੀਆਂ ਵਿੱਚ ਮਾਰੇ ਮਾਰੇ ਫਿਰਨ ਲੱਗਦੇ। ਜਿਥੇ ਜਿਥੇ ਵੀ ਬੰਦਰਗਾਹਾਂ ਹਨ ਉਥੇ ਹੀ ਭਾਰਤੀਆਂ ਦਾ ਪੁਰਾਣਾ ਇਤਿਹਾਸ ਮਿਲ ਜਾਂਦਾ ਹੈ ਜਿਵੇਂ ਕਿ ਗਰੇਵਜ਼ੈਂਡ, ਲਿਵਰਪੂਲ, ਐਡੰਬਰਾ, ਸਾਊਥਹੈਪਟਨ ਆਦਿ। ਜਹਾਜ਼ੀ ਮਜਦੂਰਾਂ ਤੋਂ ਬਿਨਾਂ ਵੀ ਹੋਰ ਬਹੁਤ ਸਾਰੇ ਭਾਰਤੀ ਸਨ ਜਿਹਨਾਂ ਨੂੰ ਲਿਆ ਕੇ ਇਸ ਮੁਲਕ ਵਿੱਚ ਛੱਡ ਦਿੱਤਾ ਜਾਂਦਾ ਸੀ, ਜਿਵੇਂ ਕਿ ਅੰਗਰੇਜ਼ ਅਫਸਰਾਂ ਦੇ ਨੌਕਰ। ਈਸਟ ਇੰਡੀਆ ਵਿੱਚ ਕੰਮ ਕਰਨ ਵਾਲੇ ਅੰਗਰੇਜ਼ ਅਫਸਰ ਆਪਣੇ ਘਰਾਂ ਵਿੱਚ ਹਿੰਦੁਸਤਾਨੀ ਨੌਕਰਾਂ ਦੀ ਇਕ ਫੌਜ ਰੱਖਿਆ ਕਰਦੇ ਸਨ। ਜਦ ਉਹ ਇੰਗਲੈਂਡ ਆਉਂਦੇ ਤਾਂ ਇਹਨਾਂ ਵਿਚੋਂ ਕਈਆਂ ਨੂੰ ਨਾਲ ਲੈ ਆਉਂਦੇ। ਉਹ ਥੋੜੀ ਜਿਹੀ ਤਨਖਾਹ ‘ਤੇ ਕੰਮ ਕਰਦੇ ਰਹਿੰਦੇ। ਜਦੋਂ ਉਹਨਾਂ ਦੀ ਲੋੜ ਨਾ ਹੁੰਦੀ ਤਾਂ ਅੰਗੇਰਜ਼ ਉਹਨਾਂ ਨੂੰ ਘਰੋਂ ਕੱਢ ਦਿੰਦੇ। ਉਹਨਾਂ ਗਰੀਬਾਂ ਕੋਲ ਵਾਪਸ ਜਾਣ ਲਈ ਕਿਰਾਇਆ ਵੀ ਨਾ ਹੁੰਦਾ। ਉਹ ਅਖਬਾਰਾਂ ਵਿੱਚ ਆਪਣੀਆਂ ਸੇਵਾਵਾਂ ਬਾਰੇ ਇਸ਼ਤਿਹਾਰ ਦਿੰਦੇ, ਕਈਆਂ ਨੂੰ ਘਰਾਂ ਵਿੱਚ ਨੌਕਰੀ ਕਰਨ ਦਾ ਕੰਮ ਮਿਲ ਜਾਂਦਾ ਤੇ ਕਈ ਉਵੇਂ ਹੀ ਲੰਡਨ ਦੀਆਂ ਗਲ਼ੀਆਂ ਵਿੱਚ ਘੁੰਮਣ ਲਗਦੇ। ਕਈ ਮੋੜਾਂ ਤੇ ਖੜ ਕੇ ਭੀਖ ਮੰਗਣ ਲਗਦੇ ਤਾਂ ਜੋ ਵਾਪਸ ਹਿੰਦੁਸਤਾਨ ਜਾਣ ਲਈ ਕਿਰਾਏ ਦਾ ਜੁਗਾੜ ਕਰ ਸਕਣ। ਇਹਨਾਂ ਦੀ ਹਾਲਤ ਤਰਸਯੋਗ ਹੋ ਜਾਂਦੀ। ਇਹਨਾਂ ਨੌਕਰਾਂ ਦੀ ਇਕ ਹੋਰ ਕਿਸਮ ਵੀ ਸੀ; ਆਇਆ, ਬੱਚਿਆਂ ਨੂੰ ਸੰਭਾਲਣ ਵਾਲੀ ਔਰਤ। ਜਦੋਂ ਅੰਗਰੇਜ਼ਾਂ ਨੇ ਆਪਣੇ ਟੱਬਰ ਹਿੰੁਦਸਤਾਨ ਲਿਆਉਣੇ ਸ਼ੁਰੂ ਕਰ ਦਿਤੇ ਤਾਂ ਉਹਨਾਂ ਨੂੰ ਬੱਚੇ ਖਿਡਾਵੀਆਂ ਦੀ ਭਾਵ ਕਿ ਆਇਆਵਾਂ ਦੀ ਲੋੜ ਵੀ ਪਈ। ਵਾਪਸ ਆਉਣ ਤੇ ਕਿਸੇ ਨਾ ਕਿਸੇ ਆਇਆ ਨੂੰ ਨਾਲ ਲੈ ਆਉਂਦੇ। ਕਈ ਵਾਰ ਜਹਾਜ਼ ਦੇ ਸਫਰ ਦੁਰਮਿਆਨ ਹੀ ਆਇਆ ਦੀ ਲੋੜ ਹੁੰਦੀ। ਅਜਿਹੀ ਆਰਜ਼ੀ ਆਇਆ ਨੂੰ ਉਹ ਲੈ ਆਉਂਦੇ ਤੇ ਇਵੇਂ ਹੀ ਕੋਈ ਹੋਰ ਪਰਿਵਾਰ ਹਿੰਦੁਸਤਾਨ ਜਾ ਰਿਹਾ ਹੁੰਦਾ ਤਾਂ ਇਹ ਆਰਜ਼ੀ ਆਇਆ ਉਹਨਾਂ ਨਾਲ ਹਿੰਦੁਸਤਾਨ ਲਈ ਵਾਪਸ ਚੜ੍ਹ ਜਾਂਦੀ ਪਰ ਜੇਕਰ ਹਿੰਦੁਸਤਾਨ ਲਈ ਕੋਈ ਪਰਿਵਾਰ ਨਾ ਮਿਲੇ ਤਾਂ ਆਇਆ ਦੀ ਹਾਲਤ ਖਰਾਬ ਹੋ ਜਾਂਦੀ। ਇਵੇਂ ਹੀ ਜਦ ਕਿਸੇ ਅੰਗਰੇਜ਼ ਪਰਿਵਾਰ ਦੇ ਬੱਚੇ ਵੱਡੇ ਹੋ ਜਾਂਦੇ ਤਾਂ ਉਹਨਾਂ ਨੂੰ ਆਇਆ ਦੀ ਲੋੜ ਨਾ ਰਹਿੰਦੀ ਤਾਂ ਉਹ ਵੀ ਸੜਕ ਤੇ ਆ ਜਾਂਦੀ। ਫਿਰ ਹੌਲੀ ਹੌਲੀ ਕੁਝ ਦਾਨੀ ਲੋਕਾਂ ਨੇ ਆਇਆ-ਘਰ ਬਣਾਉਣੇ ਸ਼ੁਰੂ ਕੀਤੇ। ਇਹ ਇੰਗਲੈਂਡ ਜਿ਼ਆਦਾਤਰ ਲੰਡਨ ਵਿਚ ਆਏ ਹਿੰਦੁਸਤਾਨੀਆਂ ਦਾ ਦੁਖਦਾਈ ਕਾਲ ਹੈ ਪਰ ਇਹਨਾਂ ਵਿਚੋਂ ਕੋਈ ਵੀ ਇੰਗਲੈਂਡ ਵਿੱਚ ਪੱਕਾ ਟਿਕਣਾ ਨਹੀਂ ਸੀ ਚਾਹੁੰਦਾ। ਹਰ ਕੋਈ ਆਪਣੇ ਵਤਨ ਮੁੜਨਾ ਚਾਹੁੰਦਾ ਸੀ। ਸੱਚਾਈ ਇਹ ਵੀ ਸੀ ਕਿ ਉਸ ਵੇਲੇ ਇਕ ਆਮ ਹਿੰਦੁਸਤਾਨੀ ਦੀ ਇਕ ਆਮ ਅੰਗਰੇਜ਼ ਨਾਲੋਂ ਜਿ਼ੰਦਗੀ ਬਿਹਤਰ ਹੁੰਦੀ ਸੀ।

ਬਹੁਤ ਸਾਲ ਪਹਿਲਾਂ ਮੈਂ ਇਸ ਵਿਸ਼ੇ ਨੂੰ ਲੈ ਕੇ ਨਾਵਲ ਵੀ ਲਿਖਣਾ ਸ਼ੁਰੂ ਕੀਤਾ ਸੀ, ‘ਸਾਝਦੇ ਦਾ ਚੋਗ’ ਪਰ ਕੁਝ ਕਾਰਨਾਂ ਕਰਕੇ ਨਹੀਂ ਲਿਖ ਹੋਇਆ। ਸ਼ਾਇਦ ਲਿਖ ਵੀ ਹੋ ਜਾਵੇ। ਉਸ ਵਿੱਚ ਇਸ ਵਿਸ਼ੇ ਬਾਰੇ ਹੋਰ ਵੀ ਜਾਣਕਾਰੀ ਹੋਵੇਗੀ।

Comments


bottom of page