ਮਸਤ/ਹਰਜੀਤ ਅਟਵਾਲ/ ਮੈਂ ਬ੍ਰਿਸਟਲ ਡੇਢ ਕੁ ਘੰਟੇ ਵਿੱਚ ਪਾਰ ਕਰ ਲਿਆ। ਅੱਗੇ ਵੈਸਟਨ-ਸੁਪਰ-ਮੇਅਰ ਅੱਧੇ ਘੰਟੇ ਵਿੱਚ, ਉਸ ਤੋਂ ਅੱਗੇ ਲੀਅ-ਸੈਂਡਜ਼ ਤੱਕ ਪੁੱਜਣ ਵਿੱਚ ਪੰਦਰਾਂ ਮਿੰਟ ਲੱਗੇ। ਕੁਲ ਸਫਰ ਸਵਾ ਦੋ ਘੰਟੇ। ਏਨਾ ਕੁ ਹੀ ਨੈਵੀਗੇਟਰ ਦੱਸ ਰਿਹਾ ਸੀ। ਤੇ ਨੈਵੀਗੇਟਰ ਨੇ ਮੈਨੂੰ ਇਕ ਦਮ ਬਲਿਊ ਵੇਲ ਬੈਂਗਲੋ, ਮੇਰਾ ਹੌਲੀਡੇ ਹੋਮ, ਮੁਹਰੇ ਲੈ ਜਾ ਖੜਾ ਕੀਤਾ। ਇਸ ਬੰਗਲੇ ਨੂੰ ਮੈਂ ਤਸਵੀਰ ਤੋਂ ਹੀ ਪੱਛਾਣ ਲਿਆ। ਇਹ ਟੈਰੀ ਰੋਡ ਸੀ। ਜਿਸ ਦੇ ਖੱਬੇ ਪਾਸੇ ਸਾਰੇ ਹੌਲੀਡੇ ਹੋਮਜ਼ ਸਨ, ਸੱਜੇ ਪਾਸੇ ਕੈਰਾਵੈਨਾਂ ਖੜੀਆਂ ਕਰਨ ਲਈ ਵਿਸ਼ੇਸ਼ ਜਗਾਹ। ਟੈਰੀ ਰੋਡ ਕੁਝ ਹੋਰ ਅੱਗੇ ਐਲੀਫੈਂਟ ਹਿਲਜ਼ 'ਤੇ ਜਾ ਕੇ ਖਤਮ ਹੋ ਜਾਂਦੀ ਸੀ। ਐਲੀਫੈਂਟ ਹਿਲਜ਼ ਨਾਮੀ ਪਹਾੜੀ ਦੀ ਖਿੱਚ ਕਾਰਨ ਹੀ ਮੈਂ ਇਥੇ ਆਇਆ ਸਾਂ। ਦੱਸ ਪਈ ਸੀ ਕਿ ਇਥੇ ਇਸ ਮੌਸਮ ਵਿੱਚ ਪੀਲੀਆਂ ਚਿੜੀਆਂ ਦੇਖਣ ਨੂੰ ਮਿਲਦੀਆਂ ਹਨ ਤੇ ਉਹਨਾਂ ਨੂੰ ਮੈਂ ਕੈਮਰੇ ਵਿੱਚ ਬੰਦ ਕਰਨਾ ਸੀ। ਅਮੈਚੁਇਅਰ ਫੋਟਗ੍ਰਾਫਰਜ਼ ਕਲੱਬ ਦਾ ਮੈਂ ਮੈਂਬਰ ਸਾਂ, ਉਥੋਂ ਹੀ ਇਹ ਜਾਣਕਾਰੀ ਮਿਲੀ ਸੀ। ਵਾਈਲਡ ਲਾਈਫ ਦੀ ਫੋਟੋਗ੍ਰਾਫੀ ਕਰਨ ਦਾ ਸ਼ੌਂਕ ਮੈਨੂੰ ਸੁਦਾਅ ਦੀ ਹੱਦ ਤੱਕ ਸੀ। ਹੁਣ ਵੀ ਮਹੀਨੇ ਦੀਆਂ ਛੁੱਟੀਆਂ ਕਰ ਕੇ ਇਥੇ ਆ ਗਿਆ ਸਾਂ। ਇਥੇ ਆਲੇ ਦੁਆਲੇ ਕਈ ਰਿਜ਼ੌਰਟ ਹਨ ਜਿਥੇ ਅਲਬੇਲੇ ਜੰਗਲੀ ਜੀਵ ਮਿਲਦੇ ਹਨ, ਖਾਸ ਕਰਕੇ ਮਸਤ ਪੰਛੀ। ਸ਼ਾਇਦ ਚਿੱਟੀ ਪੂਛ ਵਾਲੇ ਉਸ ਬਾਜ਼ ਦੀ ਤਸਵੀਰ ਵੀ ਲੈ ਸਕਾਂ ਜੋ ਤਕਰੀਬਨ ਢਾਈ ਸੌ ਸਾਲ ਬਾਅਦ ਇੰਗਲੈਂਡ ਮੁੜਿਆ ਹੈ। ਅਖ਼ਬਾਰਾਂ ਦਸ ਰਹੀਆਂ ਸਨ ਕਿ ਜਦ ਇਹ ਪੰਛੀ ਪੂਰੇ ਖੰਭ ਖਿਲਾਰਦਾ ਹੈ ਤਾਂ ਇਸ ਦਾ ਆਕਾਰ ਢਾਈ ਮੀਟਰ ਦੇ ਕਰੀਬ ਹੋ ਜਾਂਦਾ ਹੈ। ਅਠਾਰਵੀਂ ਸਦੀ ਵਿੱਚ ਸ਼ਹਿਰਾਂ ਦੇ ਵਿਕਸਤ ਹੋਣ ਨਾਲ ਅਚਾਨਕ ਬਾਜ਼ ਦੀ ਇਹ ਨਸਲ ਇੰਗਲੈਂਡ ਵਿੱਚੋਂ ਅਲੋਪ ਹੋ ਗਈ ਸੀ, ਹੁਣ ਇਸ ਪੰਛੀ ਨੂੰ ਦੇਖਣ ਲਈ ਮੇਰੇ ਵਰਗੇ ਫੋਟੋਗ੍ਰਾਫਰ ਕਾਹਲੇ ਪੈ ਰਹੇ ਸਨ। ਜਿਵੇਂ ਜੈਕ ਨੇ ਕਿਹਾ ਸੀ, ਦੋ ਵਜੇ ਤੋਂ ਬਾਅਦ ਬੰਗਲੇ ਦੀ ਚਾਬੀ ਮੈਟ ਹੇਠਾਂ ਪਈ ਹੋਵੇਗੀ। ਚਾਬੀ ਚੁੱਕੀ, ਬੂਹਾ ਖੋਹਲਿਆ। ਅੰਦਰੋਂ ਵਧੀਆ ਜਿਹੀ ਖੁਸ਼ਬੂ ਆਈ। ਜਾਪਦਾ ਸੀ ਕਿ ਤਾਜ਼ਾ ਹੀ ਸੰਵਾਰਿਆ ਹੈ। ਦੋ ਬੈੱਡ ਰੂਮ, ਇਕ ਬੈਠਕ ਤੇ ਨਾਲ ਰਸੋਈ ਤੇ ਗੁਸਲਖਾਨਾ ਆਦਿ। ਏਨੀ ਜਗਾਹ ਮੇਰੇ ਲਈ ਬਹੁਤ ਸੀ। ਛੋਟਾ ਸੀ, ਕਿਰਾਇਆ ਵੀ ਇਸੇ ਲਈ ਹੀ ਕੁਝ ਘੱਟ ਸੀ। ਕੌਫੀ-ਟੇਬਲ 'ਤੇ ਵੈਲਕੰਮ ਹੈਂਪਰ ਪਿਆ ਸੀ ਜਿਸ ਵਿੱਚ ਫੁੱਲਾਂ ਦਾ ਗੁਲਦਸਤਾ, ਸ਼ੈਪੇਨ ਦੀ ਬੋਤਲ ਤੇ ਚੌਕਲੇਟ ਦਾ ਡੱਬਾ ਸੀ। ਰਸੋਈ ਵਿੱਚ ਖਾਣ-ਪੀਣ ਦਾ ਕੁਝ ਸਮਾਨ ਸੀ ਭਾਵ ਕਿ ਅੱਜ ਲਈ ਮੈਨੂੰ ਕੁਝ ਵੀ ਬਾਹਰੋਂ ਲਿਆਉਣ ਦੀ ਲੋੜ ਨਹੀਂ ਸੀ। ਵੈਸੇ ਮੈਂ ਕਾਫੀ ਸਾਰਾ ਸਮਾਨ ਨਾਲ ਲੈ ਆਇਆ ਸਾਂ। ਗੂਗਲ ਤੋਂ ਦੇਖ ਲਿਆ ਸੀ ਕਿ ਦੋ ਕੁ ਸੌ ਗਜ਼ 'ਤੇ ਇਕ ਲੋਕਲ ਦੁਕਾਨ ਵੀ ਹੈ। ਵੱਡੇ ਸਟੋਰ ਨੇੜਲੇ ਸ਼ਹਿਰ, ਵੈਸਟਨ-ਸੁਪਰ-ਮੇਅਰ ਵਿੱਚ ਸਨ। ਆਪਣੇ ਲਈ ਖਾਣਾ ਬਣਾਉਣ ਦੀ ਮੈਂ ਕਦੇ ਵੀ ਘੋਲ਼ ਨਹੀਂ ਕੀਤੀ। ਮੈਂ ਕਾਰ ਵਿੱਚੋਂ ਸਮਾਨ ਕੱਢ ਕੇ ਟਿਕਾਇਆ। ਫਰਿੱਜ ਵਾਲਾ ਫਰਿੱਜ ਵਿੱਚ ਰੱਖਿਆ ਤੇ ਸ਼ੈਲਫ ਵਾਲਾ ਸ਼ੈਲਫ 'ਤੇ। ਵਾਈਫਾਈ ਕੁਨੈਕਟ ਕੀਤਾ, ਆਪਣਾ ਲੈਪਟੌਪ ਤੇ ਕੈਮਰੇ-ਲੈਨਜ਼ ਵਾਲਾ ਬੈਗ ਰਾਈਟਿੰਗ ਟੇਬਲ 'ਤੇ ਰੱਖੇ। ਕੈਮਰਾ ਦਾ ਸਟੈਂਡ ਵੀ ਫਿੱਟ ਕਰ ਲਿਆ। ਕੈਮਰਾ ਤੇ ਲੈਪਟੌਪ ਚਾਰਜ 'ਤੇ ਲਾ ਕੇ ਮੈਂ ਬਾਹਰ ਗਾਰਡਨ ਵੱਲ ਨਿਕਲ ਗਿਆ। ਨੀਲਾ ਸਮੁੰਦਰ ਦੂਰ ਤੱਕ ਫੈਲਿਆ ਹੋਇਆ ਸੀ। ਸਾਹਮਣੇ ਦੂਰ, ਸਮੁੰਦਰੋਂ ਪਾਰ, ਵੇਲਜ਼ ਦੀਆਂ ਪਹਾੜੀਆਂ ਦੇ ਝਾਉਲੇ ਦਿਸ ਰਹੇ ਸਨ। ਸੱਜੇ ਪਾਸੇ ਦੋ ਕੁ ਸੌ ਮੀਟਰ 'ਤੇ ਸਮੁੰਦਰ ਵਿੱਚ ਨੂੰ ਵਧੀ ਹੋਈ ਐਲੀਫੈਂਟ ਹਿੱਲ ਸੀ। ਦੂਰੋਂ ਇਵੇਂ ਜਾਪਦਾ ਸੀ ਜਿਵੇਂ ਹਾਥੀ ਸਮੁੰਦਰ ਵਿੱਚ ਪਾਣੀ ਪੀ ਰਿਹਾ ਹੋਵੇ, ਸ਼ਾਇਦ ਇਸੇ ਕਰਕੇ ਇਸ ਦਾ ਨਾਂ ਐਲੀਫੈਂਟ ਹਿੱਲ ਸੀ। ਦੋਵੇਂ ਮਹਾਂ ਯੁੱਧਾਂ ਵਿੱਚ ਇੱਥੇ ਦੁਸ਼ਮਣਾਂ ਖਿਲਾਫ ਤੋਪਖਾਨੇ ਬੀੜੇ ਰਹੇ ਸਨ ਕਿ ਕਿਤੇ ਦੁਸ਼ਮਣ ਇਸ ਪਾਸਿਓਂ ਹਮਲਾ ਨਾ ਕਰ ਦੇਵੇ। ਖੱਬੇ ਪਾਸੇ ਨੂੰ ਕਈ ਮੀਲ ਤੱਕ ਬੀਚ ਫੈਲਿਆ ਹੋਇਆ ਸੀ। ਜਿਵੇਂ ਵੈਬਸਾਈਟ 'ਤੇ ਲਿਖਿਆ ਹੀ ਸੀ ਕਿ ਇਥੇ ਲੋਕ ਬਹੁਤ ਘੱਟ ਹੁੰਦੇ ਹਨ ਕਿਉਂ ਕਿ ਇਹ ਸਾਰੇ ਹੌਲੀਡੇਅ ਹੋਮਜ਼ ਹੀ ਹਨ, ਇਹਨਾਂ ਤੋਂ ਬਿਨਾਂ ਇਥੇ ਲੋਕ ਬਹੁਤ ਘੱਟ ਆਇਆ ਕਰਦੇ ਹਨ। ਇਹਨਾਂ ਹੌਲੀਡੇ ਹੋਮਜ਼ ਦੇ ਗਾਰਡਨ ਵੀ ਬੀਚ ਵਾਂਗ ਹੀ ਸਨ ਇਸ ਲਈ ਆਮ ਲੋਕ ਬੀਚ ਵੱਲ ਘੱਟ ਨਿਕਲਦੇ ਹੋਣਗੇ। ਇਸ ਵੇਲੇ ਵੀ ਬੀਚ 'ਤੇ ਕੁਝ ਗਿਣਤੀ ਦੇ ਲੋਕ ਹੀ ਸਨ, ਏਨੇ ਵੱਡੇ ਬੀਚ ਤੇ ਮਸਾਂ ਵੀਹ ਕੁ ਲੋਕ ਦਿਖਾਈ ਦੇ ਰਹੇ ਸਨ, ਬਹੁਤੇ ਆਪਣੇ ਕੁੱਤਿਆਂ ਨਾਲ ਸਨ। ਕੁਝ ਕੁ ਗਜ਼ ਬਰੀਕ ਪੱਥਰ ਜਾਂ ਬੱਟੀਆਂ ਸਨ ਤੇ ਅੱਗੇ ਰੇਤਾ ਜਾਂ ਗਾਰਾ ਸੀ ਜੋ ਦੂਰ ਤੱਕ ਜਾਂਦਾ ਸੀ। ਇਹ ਗਿੱਲੀ ਜਗਾਹ ਸਮੁੰਦਰ ਦੇ ਚੜ੍ਹਨ ਦੀ ਆਮ ਹੱਦ ਸੀ। ਪੰਜ ਵੱਜੇ ਸਨ। ਸੂਰਜ ਹਾਲੇ ਜੋਬਨ 'ਤੇ ਸੀ। ਜ਼ਰਾ ਕੁ ਸੁਸਤਾ ਕੇ ਬੀਚ ਦਾ ਚੱਕਰ ਲਾਵਾਂਗਾ। ਅਗਲੇ ਦਿਨ ਮੈਂ ਜਲਦੀ ਉਠਿਆ। ਨਾਸ਼ਤਾ ਕਰਕੇ ਸੂਰਜ ਦੇ ਚੜ੍ਹਨ ਦੇ ਨਾਲ ਹੀ ਪਹਾੜੀ ਵੱਲ ਚਲੇ ਗਿਆ। ਕੈਮਰਾ ਤੇ ਸਾਰੇ ਲੈਨਜ਼ ਮੇਰੇ ਕੋਲ ਸਨ। ਕਾਫੀ ਸਾਰੇ ਪੰਛੀ ਦੇਖਣ ਨੂੰ ਮਿਲੇ ਪਰ ਪੀਲੀਆਂ ਚਿੜੀਆਂ ਜਿਸ ਬਾਰੇ ਮੈਨੂੰ ਮੇਰੇ ਇਕ ਫੋਟੋਗ੍ਰਾਫਰ ਦੋਸਤ ਹੈਲਨਾ ਨੇ ਦੱਸਿਆ ਸੀ, ਨਹੀਂ ਦਿਸੀਆਂ। ਕੁਝ ਨਵੇਂ ਪੰਛੀਆਂ ਦੀ ਤਸਵੀਰਾਂ ਨੇ ਮੇਰੀ ਤਸੱਲੀ ਕਰਾ ਦਿੱਤੀ ਸੀ। ਪੰਜ ਘੰਟੇ ਮੈਂ ਘੁੰਮ ਕੇ ਜ਼ਰਾ ਕੁ ਥੱਕ ਗਿਆ ਸਾਂ। ਭੁੱਖ ਵੀ ਲੱਗ ਆਈ ਸੀ। ਮੈਂ ਵਾਪਸੀ ਕਰ ਲਈ। ਦੁਪਹਿਰ ਦਾ ਖਾਣਾ ਖਾ ਕੇ ਸੋਚਿਆ ਕਿ ਬੀਚ ਦੀ ਸੈਰ ਕੀਤੀ ਜਾਵੇ। ਮੈਂ ਕੈਮਰਾ ਗਲ਼ ਵਿੱਚ ਪਾਇਆ ਤੇ ਗਾਰਡਨ ਦਾ ਦਰਵਾਜ਼ਾ ਖੋਹਲ ਕੇ ਬੀਚ ਵੱਲ ਉਤਰ ਗਿਆ। ਮੈਂ ਪੱਥਰ ਜਿਹੇ ਲੰਘ ਕੇ ਰੇਤੇ ਉਪਰ ਆ ਗਿਆ ਤੇ ਸਮੁੰਦਰ ਦੇ ਨਾਲ ਨਾਲ ਚੱਲਣ ਲੱਗਾ। ਇਸ ਵੇਲੇ ਸਮੁੰਦਰ ਉਤਰ ਰਿਹਾ ਸੀ। ਇਸ ਦੇ ਉਤਰਾਅ-ਚੜਾਅ ਦੇ ਵਕਤ ਦੇ ਵਾਕਫ ਹੋਣ ਨੂੰ ਕੁਝ ਦਿਨ ਲੱਗ ਹੀ ਜਾਣੇ ਸਨ। ਦੂਰੋਂ ਮੈਨੂੰ ਕੋਈ ਆਪਣੇ ਵੱਲ ਆਉਂਦਾ ਦਿਸਿਆ। ਜਾਪਦਾ ਸੀ ਕਿ ਉਸ ਨੇ ਕਪੜੇ ਨਹੀਂ ਪਹਿਨੇ ਹੋਏ। ਮੈਂ ਤੁਰਦਾ ਹੋਇਆ ਉਸ ਦੇ ਹੋਰ ਨੇੜੇ ਹੋਇਆ ਤਾਂ ਦੇਖਿਆ ਕਿ ਇਹ ਕੋਈ ਔਰਤ ਸੀ, ਅਲਫ ਨੰਗੀ। ਮੈਂ ਇਕ ਦਮ ਸਕਤੇ ਵਿੱਚ ਆ ਗਿਆ। ਕਿਤੇ ਇਹ ਨਿਊਡ-ਬੀਚ ਤਾਂ ਨਹੀਂ। ਜਿਸ ਨੂੰ ਸਭਿਆ ਬਣਾਉਣ ਲਈ ਨੈਚੁਰਿਸਟ-ਬੀਚ ਕਿਹਾ ਜਾਂਦਾ ਹੈ। ਉਹ ਔਰਤ ਹੋਰ ਨੇੜੇ ਆਈ। ਛਾਂਟਵੇਂ ਜਿਸਮ ਵਾਲੀ ਜਵਾਨ ਖੂਬਸੂਰਤ ਔਰਤ ਸੀ। ਉਸ ਨੇ ਮੇਰੇ ਵੱਲ ਦੇਖਿਆ ਤੇ ਮੁਸਕ੍ਰਾਹਟ ਦਿੱਤੀ। ਮੈਂ ਇਕ ਦਮ 'ਗੁੱਡ ਆਫਟਰਨੂਨ' ਕਹਿ ਦਿੱਤਾ। ਉਸ ਨੇ ਵੀ 'ਗੁੱਡ ਆਫਟਰਨੂਨ' ਕਿਹਾ ਤੇ ਨਾਲ ਹੀ ਮੇਰੇ ਗਲ਼ ਵਿੱਚ ਕੈਮਰਾ ਦੇਖਦੀ, ਹੱਥ ਨਾਂਹ ਵਿੱਚ ਹਿਲਾਉਂਦੀ ਬੋਲੀ, “ਨੋ ਫੋਟੋ ਪਲੀਜ਼!” “ਡੌਂਟ ਵੱਰੀ!” ਆਖਦਾ ਮੈਂ ਅੱਗੇ ਲੰਘ ਗਿਆ। ਫੋਟੋ ਖਿੱਚਣ ਦੀ ਮੈਨੂੰ ਕਿਥੋਂ ਸੁੱਧ ਸੀ। ਮੈਂ ਤਾਂ ਉਸ ਨੂੰ ਇਸ ਹਾਲਤ ਵਿੱਚ ਦੇਖ ਕੇ ਹੀ ਸੁੰਨ ਜਿਹਾ ਹੋਇਆ ਪਿਆ ਸਾਂ। ਮੇਰਾ ਦਿਲ ਕੀਤਾ ਕਿ ਉਸ ਨੂੰ ਪਿੱਛਿਓ ਵੀ ਦੇਖਾਂ। ਬਹੁਤੀਆਂ ਔਰਤਾਂ ਪਿੱਛੋਂ ਹੋਰ ਵੀ ਸੁਹਣੀਆਂ ਦਿਸਦੀਆਂ ਹਨ ਪਰ ਮੈਂ ਮੁੜ ਕੇ ਨਾ ਦੇਖਿਆ। ਮੈਨੂੰ ਜਾਪਿਆ ਕਿ ਇਵੇਂ ਦੇਖਣਾ ਉਸ ਦੇ ਖੂਬਸੂਰਤ ਜਿਸਮ ਦੀ ਤੌਹੀਨ ਕਰਨਾ ਹੋਵੇਗਾ। ਮੈਂ ਤੁਰਿਆ ਜਾਂਦਾ ਫੋਨ ਤੋਂ ਗੂਗਲ 'ਤੇ ਚੈੱਕ ਕਰਨ ਲੱਗਾ ਕਿ ਸ਼ਾਇਦ ਇਸ ਬੀਚ 'ਤੇ ਨਿਊਡ ਲੋਕਾਂ ਲਈ ਕੋਈ ਰਿਆਇਤਾਂ ਦਿੱਤੀਆਂ ਹੋਈਆਂ ਹੋਣ। ਗੂਗਲ ਵਿੱਚ ਅਜਿਹਾ ਕੁਝ ਵੀ ਨਾ ਮਿਲਿਆ। ਐਡੇ ਵੱਡੇ ਬੀਚ 'ਤੇ ਇਵੇਂ ਇਕ ਔਰਤ ਦਾ ਨੰਗੇ ਫਿਰਨਾ ਮੇਰੇ ਲਈ ਅਜੀਬ ਗੱਲ ਸੀ। ਜ਼ਰੂਰ ਇਹ ਮਸਤ ਹੋਵੇਗੀ। ਉਸ ਦੀਆਂ ਵੱਡੀਆਂ ਕਾਲੀਆਂ ਅੱਖਾਂ ਸਵੈ-ਵਿਸਵਾਸ਼ ਨਾਲ ਭਰੀਆਂ ਪਈਆਂ ਸਨ। ਉਸ ਨੇ ਜਿਸ ਹਿਸਾਬ ਨਾਲ ਮੈਨੂੰ ਮੁਸਕ੍ਰਾਹਟ ਦਿੱਤੀ, ਸੰਖੇਪ ਜਿਹੇ ਬੋਲ ਬੋਲੇ, ਇਹ ਤਾਂ ਕੋਈ ਪੜ੍ਹੀ-ਲਿਖੀ ਔਰਤ ਹੀ ਕਰ ਸਕਦੀ ਹੈ। ਉਸ ਨੂੰ ਮਸਤ ਸੋਚਣ ਨਾਲ ਹੀ ਮੈਨੂੰ ਮਸਤਾਂ ਦਾ ਉਹ ਪਿੰਡ ਚੇਤੇ ਆ ਗਿਆ ਜਿਥੇ ਬਹੁਤ ਸਾਲ ਪਹਿਲਾਂ ਮੈਂ ਕੁਝ ਸਮਾਨ ਡਿਲਿਵਰ ਕਰਨ ਗਿਆ ਸਾਂ। ਉਤਰੀ ਲੰਡਨ ਤੋਂ ਬਾਹਰ ਨਿਕਲਦਿਆਂ ਹੀ ਹਾਰਟਫੋਰਟਸ਼ਾਇਰ ਵਿੱਚ ਇਕੱਲਵਾਂਝੇ ਜਿਹੇ ਇਹ ਇਕ ਛੋਟਾ ਜਿਹਾ ਪਿੰਡ ਹੈ। ਇਥੇ ਸਾਰੇ ਲੋਕ ਨੰਗੇ ਰਹਿੰਦੇ ਹਨ। ਟੱਬਰਾਂ ਦੇ ਟੱਬਰ। ਬੱਚੇ, ਜਵਾਨ, ਬੁੱਢੇ, ਔਰਤਾਂ ਮਰਦ। ਸਾਰੇ ਹੀ ਨੰਗੇ। ਇਥੇ ਇਕ ਵੱਡਾ ਸਟੋਰ ਸੀ ਜਿਥੇ ਮੈਂ ਸਮਾਨ ਛੱਡਣਾ ਸੀ। ਉਸ ਸਟੋਰ ਵਿੱਚ ਨੰਗੇ ਲੋਕ ਆਮ ਵਾਂਗ ਸ਼ੌਪਿੰਗ ਕਰਦੇ ਫਿਰ ਰਹੇ ਸਨ। ਇਕ ਪੱਬ ਵੀ ਸੀ, ਬੈਂਕ ਤੇ ਹੋਰ ਸਾਰੀਆਂ ਸਹੂਲਤਾਂ ਵੀ ਸਨ। ਉਥੇ ਕੰਮ ਕਰਨ ਵਾਲੇ ਕੁਝ ਲੋਕਾਂ ਨੇ ਭਾਵੇਂ ਕਪੜੇ ਪਹਿਨੇ ਹੋਏ ਸਨ ਪਰ ਉਸ ਪਿੰਡ ਦੇ ਬਾਸ਼ਿੰਦੇ ਅਲਫ ਨੰਗੇ ਸਨ। ਮੈਂ ਅੱਧਾ ਕੁ ਘੰਟਾ ਉਥੇ ਘੁੰਮਿਆਂ ਪਰ ਕਿਸੇ ਨੇ ਵੀ ਮੇਰੇ ਵੱਲ ਨਹੀਂ ਦੇਖਿਆ। ਇਸ ਸਾਰੇ ਆਪਣੇ ਆਪ ਵਿੱਚ ਮਸਤ ਸਨ। ਇਹ ਨੈਚੁਰਿਸਟ-ਲੋਕਾਂ ਦਾ ਪਿੰਡ ਸੀ ਜੋ ਕੁਦਰਤ ਦੇ ਨੇੜੇ ਰਹਿਣਾ ਚਾਹੁੰਦਾ ਸਨ। ਜਿਹਨਾਂ ਨੂੰ ਨਵੀਂ ਸਭਿਅਤਾ ਪਸੰਦ ਨਹੀਂ ਸੀ। ਆਮ ਲੋਕਾਂ ਵਿੱਚ ਤਾਂ ਨੰਗੇ ਹੋ ਕੇ ਇਹ ਲੋਕ ਆ ਨਹੀਂ ਸਨ ਸਕਦੇ ਇਸ ਲਈ ਅਲੱਗ ਪਿੰਡ ਹੀ ਵਸਾ ਲਿਆ ਸੀ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਸਾਧਾਰਨ ਲੋਕ ਨਹੀਂ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਡਾਕਟਰ, ਵਕੀਲ, ਇੰਨਜੀਅਰ ਤੇ ਵੱਡੀਆਂ ਨੌਕਰੀਆਂ ਵਾਲੇ ਵੀ ਹਨ। ਅੱਸੀਵਿਆਂ ਵਿੱਚ ਅਜਿਹੇ ਲੋਕਾਂ ਨੇ ਇਕ ਲਹਿਰ ਚੱਲੀ ਸੀ ਕਿ ਸਾਨੂੰ ਨੰਗੇ ਰਹਿਣ ਦਾ ਹੱਕ ਮਿਲਣਾ ਚਾਹੀਦਾ ਹੈ। ਇਸ ਲਹਿਰ ਦਾ ਯੌਰਪ ਵਿੱਚ ਬਹੁਤਾ ਜ਼ੋਰ ਸੀ। ਉਥੇ ਨੇਚੁਰਿਸਟਾਂ ਲਈ ਅਲੱਗ ਬੀਚ ਬਣਾ ਦਿੱਤੇ ਗਏ। ਇਹਨਾਂ ਲਈ ਸੈਰ-ਗਾਹਾਂ ਜਾਂ ਪਾਰਕ ਵੀ ਤੈਅ ਕਰ ਦਿੱਤੇ ਗਏ। ਕਲੋਨੀਆਂ-ਪਿੰਡ ਉਸਰ ਗਏ। ਅਜਿਹੇ ਪਿੰਡ ਜਿਹਨਾਂ ਵਿੱਚ ਦੁਕਾਨਾਂ, ਬੈਂਕ, ਰੈਸਟੋਰੈਂਟ ਆਦਿ ਹੁੰਦੇ ਹਨ। ਅੱਜ ਵੀ ਇਹ ਪਿੰਡ ਹੋਂਦ ਵਿੱਚ ਹਨ। ਇਸ ਲਹਿਰ ਨੇ ਬ੍ਰਤਾਨੀਆਂ ਵਿੱਚ ਵੀ ਜ਼ੋਰ ਫੜਿਆ ਸੀ। ਬਰਾਈਟਨ ਬੀਚ ਦੇ ਇਕ ਹਿੱਸੇ ਨੂੰ ਨੇਚੁਰਿਸਟ-ਬੀਚ ਘੋਸ਼ਿਤ ਕਰ ਦਿੱਤਾ ਗਿਆ। ਹੋਰ ਵੀ ਕੁਝ ਬੀਚਾਂ ਉਪਰ ਵੀ ਨੰਗੇ ਰਹਿਣ ਵਾਲੇ ਲੋਕਾਂ ਲਈ ਜਗਾਵਾਂ ਰਾਖਵੀਆਂ ਰੱਖ ਦਿੱਤੀਆਂ ਗਈਆਂ ਸਨ ਤੇ ਪਿੰਡ ਵੀ ਵਸਾ ਦਿੱਤੇ ਗਏ ਸਨ। ਪੱਚੀ ਸਾਲ ਹੋ ਗਏ ਸਨ ਮੈਨੂੰ ਮਸਤਾਂ ਦੇ ਉਸ ਪਿੰਡ ਵਿੱਚ ਗਿਆਂ, ਮੁੜ ਕੇ ਮੈਂ ਉਧਰ ਨੂੰ ਮੂੰਹ ਨਹੀਂ ਸੀ ਕੀਤਾ। ਵੈਸੇ ਬਹੁਤ ਸਾਰੇ ਲੋਕ ਇਹਨਾਂ ਨਿਊਡ-ਬੀਚਾਂ ਉਪਰ ਇਹਨਾਂ ਨੇਚੁਰਿਸਟਾਂ ਨੂੰ ਦੇਖਣ ਚਲੇ ਜਾਇਆ ਕਰਦੇ ਹਨ ਪਰ ਮੈਨੂੰ ਚੰਗਾ ਨਹੀਂ ਲੱਗਦਾ। ਉਹਨਾਂ ਦਾ ਇਵੇਂ ਨੰਗੇ ਰਹਿਣ ਦੀ ਸੋਚ ਨਾਲ ਮੈਂ ਸਹਿਮਤ ਨਹੀਂ ਪਰ ਹਰ ਬੰਦੇ ਦੀ ਆਪਣੀ ਸੋਚ ਹੈ, ਆਪਣੀ ਮਰਜ਼ੀ। ਉਹ ਸਮਾਜ ਤੋਂ ਅਲੱਗ ਰਹਿੰਦੇ ਹਨ ਸੋ ਕਿਸੇ 'ਤੇ ਅਸਰ-ਅੰਦਾਜ਼ ਨਹੀਂ ਹੁੰਦੇ, ਕਿਸੇ ਦੀ ਰੰਜੀਦਗੀ ਨਹੀਂ ਸਹੇੜਦੇ। ਆਮ ਪਬਲਿਕ ਵਿੱਚ ਨੰਗੇ ਫਿਰਨਾ ਗੈਰ-ਸਮਾਜਕ ਤਾਂ ਹੈ ਪਰ ਇੰਗਲੈਂਡ ਦਾ ਕਾਨੂੰਨ ਇਸ ਬਾਰੇ ਬਹੁਤਾ ਸਖਤ ਨਹੀਂ ਹੈ। ਪੁਲੀਸ ਤੁਹਾਨੂੰ ਉਦੋਂ ਤੱਕ ਨਹੀਂ ਫੜਦੀ ਜਾਂ ਰੋਕਦੀ ਜਦ ਤੱਕ ਕੋਈ ਤੁਹਾਡੀ ਸ਼ਿਕਾਇਤ ਨਾ ਕਰੇ। ਜਦ ਤੱਕ ਤੁਸੀਂ ਕਿਸੇ ਦੇ ਜਜ਼ਬਿਆਂ ਨੂੰ ਭੜਕਾਓਂ ਨਾ, ਜਦ ਤੱਕ ਆਪਣੇ ਨੰਗੇਜ਼ ਨਾਲ ਤੁਸੀਂ ਕਿਸੇ ਦਾ ਅਪਮਾਨ ਨਾ ਕਰੋਂ। ਜੇ ਕੋਈ ਸ਼ਿਕਾਇਤ ਕਰ ਦੇਵੇ ਤਾਂ ਪੁਲੀਸ ਤੁਹਾਨੂੰ ਰੋਕ ਦਿੰਦੀ ਹੈ। ਅੱਜਕੱਲ ਦੇ ਸਮੇਂ ਵਿੱਚ ਨੰਗੇ ਹੋਣਾ ਕਈ ਹੋਰ ਅਰਥ ਵੀ ਰੱਖਦਾ ਹੈ। ਬਹੁਤ ਸਾਰੇ ਲੋਕ ਸਰਕਾਰ ਦੀ ਪਾਲਸੀਆਂ ਵਿਰੁਧ ਜਾਂ ਆਪਣੇ ਵਿਚਾਰਾਂ ਦਾ ਇਜ਼ਹਾਰ ਕਰਨ ਲਈ ਨੰਗੇ ਹੋ ਕੇ ਰੈਲੀਆਂ ਕਰਦੇ ਹਨ। ਲੰਡਨ ਵਿੱਚ ਇਕ 'ਵ੍ਰਲਡ ਨੇਕਡ ਬਾਈਕ ਰਾਈਡ' ਨਾਮੀ ਸੰਸਥਾ ਬਣੀ ਹੋਈ ਹੈ ਜਿਸ ਦੇ ਹਜ਼ਾਰਾਂ ਮੈਂਬਰ ਹਨ ਤੇ ਇਹ ਮੈਂਬਰ ਹਰ ਸਾਲ ਗਰਮੀਆਂ ਨੂੰ ਅਲਫ ਨੰਗੇ ਹੋ ਕੇ, ਸਾਈਕਲ ਚਲਾਉਂਦੇ ਹੋਏ ਲੰਡਨ ਵਿੱਚ ਰੈਲੀ ਕਰਦੇ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਇਹਨਾਂ ਦੀ ਇਕ ਰੈਲੀ ਹੋਈ ਸੀ ਜਿਸ ਵਿੱਚ ਇਕ ਭਾਰਤੀ ਕੁੜੀ, ਜੋ ਡਾਕਟਰ ਹੈ, ਇਸ ਰੈਲੀ ਦੀ ਅਗਵਾਈ ਕਰ ਰਹੀ ਸੀ। ਅਖ਼ਬਾਰਾਂ ਵਿੱਚ ਉਸ ਦੀ ਵਾਹਵਾ ਚਰਚਾ ਰਹੀ। ਉਸ ਦੀ ਨੰਗੀ ਦੀਆਂ ਬਹੁਤ ਸਾਰੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਛਪੀਆਂ ਸਨ। ਟਵਿੱਟਰ ਤੇ ਹੋਰ ਸੋਸ਼ਲ ਮੀਡੀਆ 'ਤੇ ਗਾਲੀ-ਗਲੋਚ ਵੀ ਹੋਇਆ। ਕਈ ਵਾਰ ਕਿਸੇ ਚਲਦੇ ਮੈਚ ਵਿੱਚ ਕੋਈ ਮਨਚਲਾ ਜਾਂ ਮਨਚਲੀ ਨੰਗੇ ਹੋ ਕੇ ਗਰਾਊਂਡ ਵਿੱਚ ਜਾ ਵੜਦੇ ਹਨ ਤੇ ਫਿਰ ਪੁਲੀਸ ਉਹਨਾਂ ਨੂੰ ਫੜ ਕੇ ਕਪੜੇ ਪੁਆ ਕੇ ਉਥੋਂ ਲੈ ਜਾਂਦੇ ਹਨ, ਜੇਲ੍ਹ ਕਦੇ ਨਹੀਂ ਭੇਜਿਆ ਜਾਂਦਾ।... ਮੈਂ ਆਪਣਾ ਚੱਕਰ ਪੂਰਾ ਕਰਕੇ ਵਾਪਸ ਮੁੜਿਆ ਤਾਂ ਉਹ ਔਰਤ ਫਿਰ ਦਿਸ ਪਈ। ਉਹ ਵੀ ਗੇੜਾ ਲਾ ਕੇ ਵਾਪਸ ਆ ਰਹੀ ਸੀ। ਮੈਂ ਫਿਰ ਉਸ ਦੇ ਬਰਾਬਰ ਆਇਆ। ਉਸ ਨੇ ਅੰਗੂਠਾ ਦਿਖਾਉਂਦਿਆਂ ਭਰਵੀਂ ਮੁਸਕ੍ਰਾਹਟ ਦਿੱਤੀ ਤੇ ਅੱਗੇ ਲੰਘ ਗਈ। ਉਹ ਅੰਗਰੇਜ਼ ਨਹੀਂ ਸੀ ਜਾਪਦੀ। ਉਸ ਦੇ ਗੋਰੇ ਰੰਗ ਵਿੱਚ ਰਲ਼ਾਅ ਸੀ। ਰਲ਼ਵੀ ਨਸਲ ਦੀ ਜਾਪਦੀ ਸੀ। ਜਿਵੇਂ ਮੈਕਸੀਕਨ ਜਾਂ ਪੁਰਤਗਾਲੀ ਹੋਵੇ। ਅੱਖਾਂ ਕਾਲੀਆਂ ਸਨ। ਜਿਵੇਂ-ਜਿਵੇਂ ਤੁਸੀਂ ਯੌਰਪ ਤੋਂ ਅਰਬ ਵੱਲ ਨੂੰ ਤੁਰਦੇ ਜਾਂਦੇ ਹੋ ਤਾਂ ਰੰਗ ਵਿੱਚ ਗਦਮੀਪਨ ਆਉਂਦਾ ਜਾਂਦਾ ਹੈ। ਹੋ ਸਕਦਾ ਹੈ ਉਹਨਾਂ ਕਿਸੇ ਮੁਲਕਾਂ ਵਿੱਚੋਂ ਹੋਵੇ ਪਰ ਜਿੰਨੇ ਕੁ ਬੋਲ ਉਸ ਨੇ ਮੇਰੇ ਨਾਲ ਸਾਂਝੇ ਕੀਤੇ ਉਸ ਤੋਂ ਤਾਂ ਜਾਪਦਾ ਸੀ ਕਿ ਉਹ ਲੰਡਨ ਜਾਂ ਆਲੇ-ਦੁਆਲੇ ਦੀ ਰਹਿਣ ਵਾਲੀ ਹੋਵੇਗੀ। ਮੈਂ ਵਾਪਸ ਆਪਣੇ ਬੰਗਲੇ ਵਿੱਚ ਆਇਆ। ਯੁਟਿਊਬ ਤੇ ਗੂਗਲ 'ਤੇ ਇਹਨਾਂ ਨੰਗੇ ਰਹਿਣ ਦੀ ਪ੍ਰਵ੍ਰਿਤੀ ਬਾਰੇ ਖੋਜਣ ਲੱਗਾ। ਇਕ ਕਾਰਨ ਨੇਚੁਰਿਸਟ ਹੋਣਾ ਤਾਂ ਹੈ ਹੀ ਸੀ, ਹੋਰ ਜਿਹੜੇ ਕਾਰਨ ਹੱਥ ਲੱਗ ਰਹੇ ਸਨ ਉਹ ਕੋਈ ਖਾਸ ਨਹੀਂ ਸਨ, ਕਿਸੇ ਨੂੰ ਕਪੜਿਆਂ ਤੋਂ ਅਲਰਜੀ ਹੋ ਸਕਦੀ ਹੈ, ਕਿਸੇ ਨੂੰ ਆਪਣੇ ਸਰੀਰ ਨਾਲ ਬਹੁਤਾ ਮੋਹ ਹੋ ਸਕਦਾ ਹੈ, ਇਵੇਂ ਪਾਚਨ ਸ਼ਕਤੀ ਵਧਦੀ ਹੈ, ਇਵੇਂ ਤੁਹਾਨੂੰ ਡਰ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਪਰ ਇਸ ਵਿੱਚ ਪਾਗਲਪਨ ਵਰਗਾ ਕੋਈ ਕਾਰਨ ਨਹੀਂ ਸੀ। ਹੋਰ ਕੁਝ ਹੋਵੇ ਜਾਂ ਨਾ ਪਰ ਉਸ ਨੇ ਮੇਰਾ ਬਾਕੀ ਦਾ ਦਿਨ ਖਰਾਬ ਕਰ ਕੇ ਰੱਖ ਦਿੱਤਾ ਸੀ। ਮੁੜ ਕੇ ਕੁਝ ਵੀ ਕਰਨ ਨੂੰ ਮਨ ਨਾ ਹੋਇਆ। ਅਗਲੀ ਸਵੇਰ। ਅੱਜ ਮੈਂ ਇਥੋਂ ਵੀਹ ਕੁ ਮੀਲ 'ਤੇ ਪੈਂਦੇ ਪੰਛੀਆਂ ਲਈ ਰਾਖਵੇਂ ਰਿਜ਼ੌਰਟ ਵਿੱਚ ਜਾਣਾ ਹੈ ਪਰ ਉਠਣ ਨੂੰ ਮਨ ਨਹੀਂ ਕਰ ਰਿਹਾ। ਸਵੇਰੇ ਉਠਦਿਆਂ ਹੀ ਉਹ ਔਰਤ ਮੇਰੇ ਮਨ 'ਤੇ ਫਿਰ ਹਾਵੀ ਹੋ ਗਈ। ਮੇਰਾ ਦਿਲ ਕੀਤਾ ਕਿ ਜੈਕ ਨੂੰ, ਜੋ ਇਸ ਬੈਂਗਲੋ ਦੀ ਦੇਖ-ਰੇਖ ਕਰ ਰਿਹਾ ਸੀ, ਈਮੇਲ ਕਰਾਂ ਕਿ ਬੀਚ 'ਤੇ ਇਕ ਨੰਗੀ ਔਰਤ ਘੁੰਮਦੀ ਮਿਲੀ ਹੈ। ਫਿਰ ਸੋਚਿਆ ਕਿ ਮੈਨੂੰ ਇਸ ਨਾਲ ਕੀ ਨੁਕਸਾਨ ਹੈ। ਦੁਪਹਿਰ ਨੂੰ ਮੈਂ ਕੈਮਰਾ ਲੈ ਕੇ ਗਾਰਡਨ ਵਿੱਚ ਆ ਗਿਆ। ਮੈਂ ਬੀਚ 'ਤੇ ਕੈਮਰਾ ਘੁਮਾਉਣ ਲੱਗਾ ਕਿ ਸ਼ਾਇਦ ਉਹ ਕਿਤੇ ਦਿਸ ਪਵੇ। ਕੈਮਰੇ ਨੂੰ ਮੈਂ ਵੱਡਾ ਲੈਂਨਜ਼ ਚਾੜ੍ਹਿਆ ਹੋਇਆ ਸੀ ਜਿਸ ਰਾਹੀਂ ਤੁਸੀਂ ਬਹੁਤ ਦੂਰ ਤੱਕ ਦੀ ਚੀਜ਼ ਨੂੰ ਇਕ ਦਮ ਨੇੜੇ ਦੇਖ ਸਕਦੇ ਹੋ। ਫਿਰ ਮੈਨੂੰ ਲੱਗਿਆ ਕਿ ਇਹ ਗਲਤ ਗੱਲ ਹੈ। ਮੈਨੂੰ ਕੈਮਰੇ ਰਾਹੀਂ ਕਿਸੇ ਦੀ ਨਿੱਜਤਾ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਮੈਂ ਕਿਹੜਾ ਕੋਈ ਰਿਪੋਟਰ ਹਾਂ ਕਿ ਸਨਸਨੀ ਖ਼ਬਰ ਦੇਣੀ ਹੈ। ਮੈਂ ਦੁਪਹਿਰ ਨੂੰ ਬੀਚ ਦੇ ਕੰਢੇ-ਕੰਢੇ ਚੱਕਰ ਲਾਇਆ ਪਰ ਉਹ ਨਜ਼ਰ ਨਾ ਆਈ। ਉਸ ਤੋਂ ਅਗਲੀ ਦੁਪਹਿਰ ਮੀਂਹ ਪੈ ਗਿਆ। ਅੱਜ ਤਾਂ ਉਸ ਨੇ ਆਉਣਾ ਹੀ ਕੀ ਸੀ। ਇਹ ਨੈਚੁਰਿਸਟਸ ਵੀ ਠੰਡ ਹੋਈ 'ਤੇ ਕਪੜੇ ਪਹਿਨ ਲੈਂਦੇ ਹੋਣਗੇ। ਮੈਂ ਅੱਜ ਵੀ ਬਹੁਤਾ ਕੰਮ ਨਾ ਕਰ ਸਕਿਆ। ਕੈਮਰੇ ਦੇ ਮੈਮਰੀ ਕਾਰਡ ਤੋਂ ਸਾਰੀਆਂ ਫੋਟੋ ਲੈਪਟੌਪ 'ਤੇ ਡਾਊਨਲੋਡ ਕੀਤੀਆਂ। ਕੁਝ ਫੋਟੋਆਂ ਦੀਆਂ ਸਲਾਈਡਜ਼ ਵੀ ਬਣਾਈਆਂ। ਅਮੈਚੁਇਅਰ ਫੋਟਗ੍ਰਾਫੀ ਦੀ ਵੈਬਸਾਈਟ 'ਤੇ ਕਾਫੀ ਸਮਾਂ ਲੰਘਾਇਆ। ਰਾਤ ਭਰ ਮੀਂਹ ਪੈਂਦਾ ਰਿਹਾ ਪਰ ਸਵੇਰੇ ਦਿਨ ਸਾਫ ਹੋ ਗਿਆ। ਸਵੇਰੇ ਹੀ ਧੁੱਪ ਚਮਕ ਉਠੀ। ਮੈਂ ਕੈਮਰਾ ਚਾਰਜ ਕੀਤਾ ਹੋਇਆ ਸੀ। ਸਾਰਾ ਸਮਾਨ ਬੈਗ ਵਿੱਚ ਪਾਇਆ ਕਿ ਕਿਸੇ ਪਾਸੇ ਜਾ ਕੇ ਆਵਾਂ ਪਰ ਸੱਚ ਇਹ ਸੀ ਕਿ ਆਪਣੇ ਆਪ ਨੂੰ ਕਈ ਕਿਸਮ ਦੇ ਝੂਠ ਬੋਲਦਾ, ਦੁਪਹਿਰ ਦੀ ਉਡੀਕ ਕਰ ਰਿਹਾ ਸਾਂ। ਮੈਂ ਸਮੁੰਦਰ ਦੇ ਨਾਲ ਨਾਲ ਤੁਰਨ ਲੱਗਾ। ਅੱਜ ਮੈਂ ਕੈਮਰਾ ਨਹੀਂ ਸੀ ਚੁੱਕਿਆ ਕਿ ਉਸ ਨੂੰ ਕੋਈ ਇਤਰਾਜ਼ ਨਾ ਹੋਵੇ। ਮੈਨੂੰ ਲੱਗਦਾ ਸੀ ਕਿ ਉਹ ਸਾਹਮਣਿਓਂ ਆਉਂਦੀ ਦਿਸ ਪਵੇਗੀ ਪਰ ਨਾ ਦਿਸੀ। ਮੇਰਾ ਚੱਕਰ ਪੂਰਾ ਹੋ ਗਿਆ। ਵਾਪਸ ਮੁੜਿਆ ਤਾਂ ਉਹ ਮੈਨੂੰ ਇਕ ਬੰਗਲੇ ਦੇ ਪਿਛਲੇ ਗੇਟ ਵਿੱਚੋਂ ਨਿਕਲਦੀ ਦਿਸੀ। ਉਵੇਂ ਹੀ। ਅਲਫ ਨੰਗੀ। ਉਹ ਮੇਰੇ ਤੋਂ ਫਰਕ 'ਤੇ ਸੀ ਪਰ ਉਸ ਨੇ ਹੱਥ ਹਿਲਾ ਕੇ ਦੂਰੋਂ ਹੀ ਮੈਨੂੰ ਹੈਲੋ ਕਿਹਾ। ਮੈਂ ਵੀ ਉਸ ਦਾ ਜਵਾਬ ਦਿੱਤਾ ਤੇ ਬਿਨਾਂ ਰੁਕੇ ਅੱਗੇ ਲੰਘ ਗਿਆ। ਅੰਦਰੋਂ ਮੇਰਾ ਮਨ ਕਰ ਰਿਹਾ ਸੀ ਕਿ ਉਸ ਨਾਲ ਆਮੋ-ਸਾਹਮਣਾ ਹੋਵੇ ਤੇ ਕੋਈ ਗੱਲ ਵੀ ਕਰਾਂ। ਸ਼ਾਇਦ ਉਸ ਦੇ ਇਵੇਂ ਨੰਗੀ ਫਿਰਨ ਦੇ ਕਾਰਨ ਦਾ ਪਤਾ ਚੱਲ ਸਕੇ। ਉਸ ਸ਼ਾਮ ਮੈਂ ਬਹਿ ਕੇ ਆਪਣੇ ਆਪ ਬਾਰੇ ਸੋਚਿਆ ਕਿ ਮੇਰੀਆਂ ਇਹ ਛੁੱਟੀਆਂ ਫਜ਼ੂਲ ਹੀ ਨਾ ਜਾਣ। ਮੈਂ ਹੈਲਨਾ ਨਾਲ ਰਲ਼ ਕੇ ਅਗਲੇ ਮਹੀਨਿਆਂ ਵਿੱਚ ਤਸਵੀਰਾਂ ਦੀ ਪ੍ਰਦਸ਼ਨੀ ਲਾਉਣ ਦਾ ਪਰੋਜੈਕਟ ਬਣਾਇਆ ਹੋਇਆ ਸੀ। ਅਗਲੇ ਦਿਨ ਮੈਂ ਮੈਨਡਿੱਪ ਹਿੱਲਜ਼ ਵਿੱਚ ਪੂਰਾ ਦਿਨ ਲਾਇਆ ਤੇ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ। ਤੇ ਉਸ ਤੋਂ ਅਗਲੇ ਦਿਨ ਮੈਂ ਕੁਆਨਟੌਪ ਹਿਲਜ਼ ਚਲੇ ਗਿਆ। ਇਥੇ ਈਗਲ ਫਾਰਮ ਸੀ। ਬਾਜ਼, ਉਲੂ ਤੇ ਕੁਝ ਹੋਰ ਜਾਨਵਰ ਜੋ ਇੰਗਲੈਂਡ ਵਿੱਚੋਂ ਖਤਮ ਹੋ ਰਹੇ ਹਨ, ਉਹਨਾਂ ਨੂੰ ਪਾਲਣ ਲਈ ਸਰਕਾਰ ਨੇ ਵਿਸ਼ੇਸ਼ ਫਾਰਮ ਬਣਾਏ ਹੋਏ ਹਨ ਤਾਂ ਜੋ ਉਹਨਾਂ ਦੀ ਨਸਲ ਖਤਮ ਨਾ ਹੋਵੇ। ਈਗਲ ਫਾਰਮ ਵਿੱਚ ਕਈ ਕਿਸਮ ਦੇ ਬਾਜ਼ ਸਨ ਪਰ ਚਿੱਟੀ ਪੂਛ ਵਾਲਾ ਬਾਜ਼ ਨਾ ਦਿਸਿਆ। ਉਥੇ ਹੋਰ ਵੀ ਬਹੁਤ ਸਾਰੇ ਫੋਟੋਗ੍ਰਾਫਰ ਗਏ ਹੋਏ ਸਨ। ਹਰ ਕੋਈ ਚਿੱਟੀ ਪੂਛ ਵਾਲੇ ਬਾਜ਼ ਦੀਆਂ ਗੱਲਾਂ ਕਰ ਰਿਹਾ ਸੀ ਪਰ ਉਸ ਦੀ ਫੋਟੋ ਕੋਈ ਨਹੀਂ ਸੀ ਖਿੱਚ ਸਕਿਆ। ਪੰਜ ਕੁ ਵਜੇ ਮੈਂ ਵਾਪਸ ਆ ਗਿਆ। ਵਾਪਸ ਆਉਂਦਿਆਂ ਮੈਂ ਵੈਸਟਨ-ਸੁਪਰ-ਮੇਅਰ ਦੇ ਮੌਰੀਸਨ ਵਿੱਚ ਸ਼ੌਪਿੰਗ ਕਰਨ ਚਲੇ ਗਿਆ। ਮੈਂ ਟਰਾਲੀ ਧੱਕਦਾ ਸ਼ੌਪਿੰਗ ਕਰ ਰਿਹਾ ਸਾਂ। ਇਕ ਔਰਤ ਸਾਹਮਣਿਓਂ ਆਉਂਦੀ ਦਿਸੀ। ਲੱਗਿਆ ਕਿ ਕਿਤੇ ਦੇਖੀ ਹੋਈ ਹੈ। ਉਹ ਮੇਰੇ ਵੱਲ ਦੇਖ ਕੇ ਮੁਸਕ੍ਰਾਈ। ਉਹ! ਇਹ ਤਾਂ ਉਹੀ ਔਰਤ ਹੈ ਜੋ ਬੀਚ 'ਤੇ ਨੰਗੀ ਫਿਰਦੀ ਮਿਲੀ ਸੀ। ਹੁਣ ਪੂਰੇ ਕਪੜਿਆਂ ਵਿੱਚ ਸੀ। ਕਪੜਿਆਂ ਵਿੱਚ ਤਾਂ ਹੋਰ ਵੀ ਸੋਹਣੀ ਲੱਗ ਰਹੀ ਸੀ। ਮੈਂ 'ਹੈਲੋ' ਕਿਹਾ। ਜਵਾਬ ਦਿੰਦੀ ਬੋਲੀ, “ਲੀਅ ਵਿਲੇਜ ਵਾਲੀ ਦੁਕਾਨ ਵਿੱਚ ਤਾਂ ਕੁਝ ਵੀ ਨਹੀਂ ਮਿਲਦਾ, ਇਥੇ ਹੀ ਆਉਣਾ ਪੈਂਦਾ ਏ।” “ਤੁਸੀਂ ਲੋਕਲ ਹੀ ਰਹਿਣ ਵਾਲੇ ਹੋ ਜਾਂ ਛੁੱਟੀਆਂ 'ਤੇ ਆਏ ਹੋਏ ਹੋ?” “ਮੈਂ ਛੁੱਟੀਆਂ 'ਤੇ ਹਾਂ, ਪੰਜ ਦਿਨ ਹੋਰ ਰਹਿੰਦੇ ਨੇ, ਜੇ ਜੈਕ ਮੰਨ ਗਿਆ ਤਾਂ ਸ਼ਾਇਦ ਕੁਝ ਦਿਨ ਹੋਰ ਰਹਿ ਲਵਾਂ।” ਮੈਂ ਸਮਝ ਗਿਆ ਕਿ ਇਸ ਦਾ ਬੰਗਲਾ ਵੀ ਮੇਰੇ ਨੇੜੇ ਹੀ ਹੋਵੇਗਾ ਤੇ ਇਕੋ ਕੰਪਨੀ ਦੇ ਇਹ ਸਾਰੇ ਬੰਗਲੇ ਹੋਣਗੇ। ਮੈਂ ਉਹਦੇ ਵੱਲ ਹੱਥ ਵਧਾਉਂਦਿਆਂ ਕਿਹਾ, “ਆਏ'ਮ ਜੋਅ, ਫਰੌਮ ਵੈਸਟ ਲੰਡਨ, ਬਲਿਊ ਵੇਲ ਵਿੱਚ ਠਹਿਰਿਆਂ, 96 ਟੈਰੀ ਰੋਡ।” “ਮੈਂ ਟੀਆ, ਈਸਟ ਲੰਡਨ ਤੋਂ। ਵਿਲੋ ਟਰੀ ਵਿੱਚ ਆਂ, 80 ਟੈਰੀ ਰੋਡ।” ਉਸ ਨੇ ਮੇਰੇ ਨਾਲ ਹੱਥ ਮਿਲਾਉਂਦਿਆਂ ਕਿਹਾ। “ਫਿਰ ਤਾਂ ਆਪਾਂ ਗਵਾਂਡੀ ਹੋਏ, ਕਿਸੇ ਸਵੇਰ ਮੇਰੀ ਰਿਹਾਇਸ਼ 'ਤੇ ਆਓ, ਚਾਹ ਦੇ ਕੱਪ 'ਤੇ।” “ਸਵੇਰੇ ਤਾਂ ਮੈਂ ਆਪਣਾ ਕੰਮ ਕਰਨਾ ਹੁੰਦਾ, ਵੈਸੇ ਤਾਂ ਮੈਂ ਛੁੱਟੀਆਂ 'ਤੇ ਆਂ ਪਰ ਆਫਿਸ ਦਾ ਕੰਮ ਵੀ ਕਰਨਾ ਪੈਂਦਾ ਏ।” “ਫਿਰ ਸ਼ਾਮ ਨੂੰ ਆ ਜਾਵੋ, ਮੇਰੇ ਨਾਲ ਡਿਨਰ ਕਰੋ।” ਉਸ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ, ਸ਼ਾਇਦ ਓਪਰੇ ਬੰਦੇ ਵਲੋਂ ਖਾਣੇ ਦਾ ਸੱਦਾ ਚੰਗਾ ਨਾ ਲੱਗਾ ਹੋਵੇ। ਪਰ ਹਲਕਾ-ਹਲਕਾ ਮੁਸਕ੍ਰਾਉਂਦੀ ਰਹੀ। ਮੈਂ ਫਿਰ ਕਿਹਾ, “ਕੱਲ ਸ਼ਾਮ ਆ ਜਾਓ, ਚਿਕਨ-ਰੋਸਟ ਬਣਾਵਾਂਗਾਂ, ...ਬੁਰਾ ਕੁੱਕ ਨਹੀਂ ਆਂ।” “ਸੀ ਯੂ ਲੇਟਰ!” ਆਖਦੀ ਉਹ ਆਪਣੀ ਟਰਾਲੀ ਤੋਰਦੀ ਤੁਰ ਗਈ। ਮੈਨੂੰ ਪਛਤਾਵਾ ਜਿਹਾ ਹੋ ਰਿਹਾ ਸੀ ਕਿ ਸੱਦਾ ਦੇਣ ਵਿੱਚ ਮੈਂ ਕੁਝ ਜ਼ਿਆਦਾ ਹੀ ਕਾਹਲੀ ਕਰ ਗਿਆ ਹਾਂ।... ਮੈਂ ਆਪਣਾ ਖਾਣਾ ਬਣਾਉਣ 'ਤੇ ਬਹੁਤਾ ਵਕਤ ਨਹੀਂ ਖਰਚਿਆ ਕਰਦਾ। ਪਹਿਲਾਂ ਹੀ ਤਿਆਰ ਫ੍ਰੋਜ਼ਨ ਖਾਣੇ ਨੂੰ ਗਰਮ ਕਰ ਲਿਆ ਕਰਦਾ ਹਾਂ। ਚਿਕਨ ਰੋਸਟ ਕਰਨ ਦਾ ਬਹੁਤ ਦੁਕੱਮਣ ਹੁੰਦਾ ਹੈ। ਅੱਜ ਪਤਾ ਨਹੀਂ ਕਿਉਂ ਇਕ ਆਸ ਜਿਹੀ ਸੀ ਕਿ ਟੀਆ ਆ ਜਾਵੇਗੀ। ਜੇ ਆ ਗਈ ਤਾਂ ਇਕ ਦਮ ਕੀ ਬਣਾਵਾਂਗਾ? ਮੈਂ ਰੋਸਟ-ਚਿਕਨ ਦਾ ਸਾਰਾ ਸਮਾਨ ਤਿਆਰ ਕਰ ਲਿਆ ਕਿ ਜੇ ਆਵੇਗੀ ਤਾਂ ਓਵਨ ਵਿੱਚ ਰੱਖ ਦੇਵਾਂਗਾ। ਦੋ ਘੰਟੇ ਵਿੱਚ ਖਾਣਾ ਤਿਆਰ ਹੋ ਜਾਵੇਗਾ। ਕੁਝ ਗੱਲਾਂ ਕਰਾਂਗੇ ਤੇ ਜਦ ਤੱਕ ਖਾਣਾ ਵੀ ਤਿਆਰ। ਸੱਤ ਕੁ ਵਜੇ ਡੋਰ ਬੈੱਲ ਹੋਈ। ਮੈਂ ਦਰਵਾਜ਼ਾ ਖੋਹਲਿਆ। ਟੀਆ ਖੜੀ ਸੀ। ਉਸ ਦੇ ਇਕ ਹੱਥ ਵਿੱਚ ਵਾਈਨ ਦੀ ਬੋਤਲ ਤੇ ਦੂਜੇ ਹੱਥ ਵਿੱਚ ਕੱਟੇ ਹੋਏ ਸਲਾਦ ਦਾ ਡੱਬਾ ਸੀ। ਦੋਵੇਂ ਚੀਜ਼ਾਂ ਉਸ ਨੇ ਮੈਨੂੰ ਫੜਾ ਦਿੱਤੀਆਂ। ਮੈਂ ਵੈਲਕੰਮ ਕਹਿ ਕੇ ਉਸ ਨੂੰ ਅੰਦਰ ਲੰਘਾ ਲਿਆ। “ਤੁਹਾਡੀ ਇਹ ਜਗਾਹ ਤਾਂ ਬਹੁਤ ਨਿੱਘੀ ਏ!” ਉਸ ਨੇ ਮੇਰੇ ਰਿਹਾਇਸ਼ ਨੂੰ ਅੰਦਰੋਂ ਘੋਖਦਿਆਂ ਕਿਹਾ। “ਤੁਹਾਡੇ ਵਿਲੋ ਟਰੀ ਮੁਕਾਬਲੇ ਤਾਂ ਇਹ ਬਹੁਤ ਛੋਟੀ ਏ।” ਮੈਂ ਉਸ ਦੇ ਬੰਗਲੇ ਨੂੰ ਬਾਹਰੋਂ ਦੇਖਿਆ ਸੀ ਜੋ ਕਿ ਬਹੁਤ ਵੱਡਾ ਸੀ। “ਜੈਕ ਨੇ ਮੈਨੂੰ ਇਸ ਬੰਗਲੇ ਬਾਰੇ ਦੱਸਿਆ ਸੀ ਪਰ ਇਹ ਜਦ ਤੱਕ ਜਾ ਚੁੱਕਾ ਸੀ, ਤੁਸੀਂ ਬੁੱਕ ਕਰਾ ਲਿਆ ਹੋਵੇਗਾ।” “ਮੈਂ ਤਾਂ ਜਨਵਰੀ ਵਿੱਚ ਹੀ ਬੁੱਕ ਕਰਾ ਲਿਆ ਸੀ।” ਮੈਂ ਗੱਲਾਂ ਕਰਦਿਆਂ ਹੀ ਦੋ ਗਲਾਸਾਂ ਵਿੱਚ ਵਾਈਨ ਪਾ ਕੇ ਮੇਜ਼ ਉਪਰ ਲਿਆ ਰੱਖੇ ਤੇ ਉਸ ਦਾ ਲਿਆਂਦਾ ਸਲਾਦ ਇਕ ਪਲੇਟ ਵਿੱਚ ਪਾ ਲਿਆ ਸੀ। ਮੈਂ ਉਸ ਤੋਂ ਇਜਾਜ਼ਤ ਲੈ ਕੇ ਚਿਕਨ ਓਵਨ ਵਿੱਚ ਰੱਖ ਦਿੱਤਾ। ਹੁਣ ਆਰਾਮ ਨਾਲ ਬਹਿ ਕੇ ਗੱਲਾਂ ਕੀਤੀਆਂ ਜਾ ਸਕਦੀਆਂ ਸਨ। ਉਸ ਨੇ ਮੇਰੇ ਖਿਲਰੇ ਪਏ ਕੈਮਰੇ-ਲੈਨਜ਼, ਪ੍ਰੋਜੈਕਟਰ ਆਦਿ ਨੂੰ ਦੇਖਦਿਆਂ ਕਿਹਾ, “ਤੁਸੀਂ ਤਾਂ ਪ੍ਰੋਫੈਸ਼ਨਲ ਫੋਟੋਗ੍ਰਾਫਰ ਜਾਪਦੇ ਹੋ?” “ਪ੍ਰੋਫੈਸ਼ਨਲ ਨਹੀਂ, ਬਸ ਸ਼ੌਂਕ ਦਾ ਹਿੱਸਾ ਏ। ਇਥੇ ਵੀ ਮੈਂ ਵਾਈਲਡ ਲਾਈਫ ਦੀ ਫੋਟੋਗ੍ਰਾਫੀ ਕਰਨ ਆਇਆ ਹੋਇਆਂ।” “ਬਹੁਤ ਦਿਲਚਸਪ!” “ਦਿਲਚਸਪ ਤਾਂ ਹੈ ਏ ਪਰ ਬਹੁਤ ਉਕਾਊ ਏ। ...ਇਨਸਾਨ ਦੀ ਫੋਟੇ ਲੈਣ ਵੇਲੇ ਕਹਿ ਸਕਦੇ ਹਾਂ 'ਸਮਾਈਲ ਪਲੀਜ਼' ਪਰ ਪੰਛੀ ਇਹ ਗੱਲ ਨਹੀਂ ਸਮਝਦੇ।” ਆਖਦਾ ਮੈਂ ਹੱਸਿਆ। “ਹਾਂ, ਇਹ ਗੱਲ ਤਾਂ ਠੀਕ ਏ।” ਉਹ ਸਹਿਜੇ ਹੀ ਮੇਰੇ ਨਾਲ ਸਹਿਮਤ ਹੋ ਰਹੀ ਸੀ। “ਤੇ ਤੁਸੀਂ ਸਿਰਫ ਛੁੱਟੀਆਂ 'ਤੇ ਹੀ ਆਏ ਹੋ ਜਾਂ...?” “ਮੈਂ ਛੁੱਟੀਆਂ ਤੇ ਹੀ ਆਂ ਪਰ ਕੁਝ ਦੇਰ ਪਹਿਲਾਂ ਹੀ ਮੇਰੀ ਪ੍ਰੋਮੋਸ਼ਨ ਹੋਣ ਕਰਕੇ ਮੈਂ ਯੂਕੇ ਤੋਂ ਬਾਹਰ ਛੁੱਟੀਆਂ ਲਈ ਨਹੀਂ ਜਾ ਸਕਦੀ ਸੀ। ...ਭਾਵੇਂ ਮੈਂ ਛੁੱਟੀਆਂ 'ਤੇ ਹਾਂ ਪਰ ਸਵੇਰੇ ਚਾਰ ਘੰਟੇ ਕੰਮ ਕਰਨਾ ਪੈਂਦਾ ਏ।” “ਕੀ ਕੰਮ ਕਰਦੇ ਹੋ?” “ਮੈਂ ਬਾਰਕਲੇ ਬੈਂਕ ਵਿੱਚ ਰੀਜਨਲ ਮੈਨੇਜਰ ਆਂ।” “ਕਿਹੜੀ ਬ੍ਰਾਂਚ ਵਿੱਚ? ਮੇਰਾ ਮਤਲਬ ਕਿਹੜੇ ਇਲਾਕੇ ਵਿੱਚ?” “ਮੈਂ ਬੈਂਕ ਦੀ ਬ੍ਰਾਂਚ ਵਿੱਚ ਨਹੀਂ, ਡੈਟਾ ਸੈਂਟਰਜ਼ ਦੀ ਮੈਨੇਜਰ ਆਂ, ਨੌਰਥੌਲਟ ਤੇ ਸਲੋਹ ਦੇ ਡੈਟਾ ਸੈਂਟਰ ਮੇਰੇ ਅੰਡਰ ਨੇ ਤੇ ਸਾਡਾ ਹੈੱਡ ਆਫਿਸ ਕਨੇਰੀ ਵਾਰਫ ਵਿੱਚ ਏ। ਮੈਨੂੰ ਇਕ ਦਿਨ ਕਿਤੇ ਤੇ ਦੂਜੇ ਦਿਨ ਕਿਤੇ ਜਾਣਾ ਪੈਂਦਾ। ਬਹੁਤਾ ਕੰਮ ਮੈਂ ਘਰੋਂ ਹੀ ਕਰਦੀ ਆਂ। ਛੁੱਟੀਆਂ ਵਿੱਚ ਵੀ ਮੈਂ ਇਕ ਤਰੀਕੇ ਨਾਲ ਕੰਮ 'ਤੇ ਹੀ ਆਂ।” “ਇਹ ਨੰਗੇ ਘੁੰਮਣਾ ਤੁਹਾਡੀ ਸੋਚ ਦਾ ਹਿੱਸਾ ਏ ਜਾਂ ਸ਼ੌਂਕ ਦਾ?” ਮੈਂ ਗੱਲ ਨੂੰ ਘੁਮਾਉਣ ਦੀ ਥਾਂ ਸਿੱਧਾ ਸਵਾਲ ਕੀਤਾ। ਉਸ ਦੇ ਏਡੀ ਵੱਡੀ ਜੌਬ 'ਤੇ ਹੋਣ ਨੇ ਮੈਨੂੰ ਹੋਰ ਵੀ ਉਲਝਾ ਦਿੱਤਾ ਸੀ। “ਨੰਗੇ ਨਹੀਂ, ਨੇਚੁਰਿਸਟ ਘੁੰਮਣਾ, ...ਹਾਂ, ਇਹ ਮੇਰੀ ਸੋਚ ਦਾ ਹਿੱਸਾ ਵੀ ਤੇ ਸ਼ੌਂਕ ਦਾ ਹਿੱਸਾ ਵੀ। ਇਹ ਸੋਚ, ਸ਼ੌਂਕ ਤੇ ਮੇਰੀ ਖ਼ਬਤ ਏ। ਮੈਂ ਸਮਝਦੀ ਹਾਂ ਕਿ ਮਨੁੱਖ ਨੂੰ ਕਪੜਿਆਂ ਦੇ ਬੰਧੇਜ ਵਿੱਚ ਨਹੀਂ ਰਹਿਣਾ ਚਾਹੀਦਾ। ਇਹ ਨਵਾਂ ਸਮਾਜ ਸਾਨੂੰ ਪਸੰਦ ਨਹੀਂ।” “ਇਹਦਾ ਮਤਲਬ ਤੁਸੀਂ ਨੇਚੁਰਿਸਟ ਹੋ?” “ਬਿਲਕੁਲ।” “ਮੈਨੂੰ ਪਤਾ ਕਿ ਨੇਚੁਰਿਸਟਸ ਆਮ ਸਮਾਜ ਤੋਂ ਅਲੱਗ ਰਹਿੰਦੇ ਨੇ ਪਰ ਤੁਸੀਂ ਇਥੇ ਸ਼ਰੇਆਮ ਲੋਕਾਂ ਵਿੱਚ ਫਿਰ ਰਹੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਆਪਣਾ ਨੰਗ ਦਿਖਾ ਕੇ ਲੋਕਾਂ ਨੂੰ ਤਕਲੀਫ ਦੇ ਰਹੇ ਹੋ? ਲੋਕਾਂ ਦੀ ਨਜ਼ਰ ਵਿੱਚ ਚੁੱਭ ਰਹੇ ਹੋ।” “ਨਹੀਂ, ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਸੇ ਦੀਆਂ ਨਜ਼ਰਾਂ ਵਿੱਚ ਚੁੱਭ ਰਹੇ ਹਾਂ। ਅਸੀਂ ਜੰਮੇ ਹੀ ਨੰਗੇ ਹਾਂ ਤਾਂ ਕਪੜਿਆਂ ਦੀ ਕੈਦ ਵਿੱਚ ਕਿਉਂ ਵੜ ਜਾਂਦੇ ਹਾਂ। ਅਸੀਂ ਸਮਾਜ ਤੋਂ ਅਲੱਗ ਤਾਂ ਰਹਿੰਦੇ ਹਾਂ ਕਿ ਸਮਾਜ ਦੇ ਕੁਝ ਲੋਕ ਇਸ ਨੂੰ ਗਲਤ ਮੰਨਦੇ ਨੇ।” “ਮੈਨੂੰ ਨੇਚੁਰਿਸਟਾਂ ਦੇ ਕਾਰਨਾਂ ਦਾ ਪਤਾ ਕਿ ਉਹ ਕਿਉਂ ਨੰਗੇ ਰਹਿਣਾ ਚਾਹੁੰਦੇ ਨੇ। ...ਠੀਕ ਏ ਤੁਸੀਂ ਆਪਣੇ ਲਈ ਰਾਖਵੀਆਂ ਜਗਾਵਾਂ 'ਤੇ ਜਾਓ ਪਰ ਇਸ ਬੀਚ 'ਤੇ ਆਮ ਲੋਕਾਂ ਵਿੱਚ ਨੇਚੁਰਿਸਟ ਫਿਰਨਾ ਕਿਥੋਂ ਤੱਕ ਸਹੀ ਏ?” “ਅਸਲ ਵਿੱਚ ਸਾਲ ਵਿੱਚ ਦੋ ਵਾਰ ਮੈਂ ਯੌਰਪ ਚਲੇ ਜਾਇਆ ਕਰਦੀ ਆਂ ਪਰ ਇਸ ਵਾਰ ਨਵੀਂ ਜੌਬ ਕਰਕੇ ਨਹੀਂ ਜਾ ਸਕੀ ਇਸ ਲਈ ਇਥੇ ਆ ਗਈ। ਮੈਨੂੰ ਕਿਸੇ ਨੇ ਦੱਸਿਆ ਸੀ ਕਿ ਇਹ ਬਹੁਤ ਖਾਮੋਸ਼ ਜਿਹੀ ਜਗਾਹ ਏ। ਫਿਰ ਮੈਂ ਜੈਕ ਨਾਲ ਵੀ ਸਾਰੀ ਗੱਲ ਕੀਤੀ ਸੀ, ਉਸ ਨੇ ਪੂਰੀ ਸਕਿਓਰਟੀ ਦਾ ਭਰੋਸਾ ਦਵਾਇਆ ਸੀ।” “ਪਰ ਏਹੋ ਜਿਹਾ ਕੀ ਹੋ ਗਿਆ ਕਿ ਤੁਹਾਡੇ ਕੋਲੋਂ, ...ਨੇਚੁਰਿਸਟ ਹੋਣ ਬਿਨਾਂ ਰਹਿ ਨਹੀਂ ਹੋਇਆ? ਏਨੀ ਸ਼ਿੱਦਤ ਕਿਉਂ?” “ਇਸ ਦਾ ਜਵਾਬ ਏ ਮੇਰੀ ਖ਼ਬਤ! ...ਮੈਂ ਨੇਚੁਰਿਸਟ ਹਾਂ ਤਾਂ ਸਾਲ ਵਿੱਚ ਕੁਝ ਦੇਰ ਕਪੜਿਆਂ ਤੋਂ ਬਿਨਾਂ ਜਿਉਣਾ ਚਾਹੁੰਦੀ ਹਾਂ, ਨਹੀਂ ਤਾਂ ਬਹੁਤ ਗੜਬੜ ਹੋ ਜਾਵੇਗੀ। ਲਗਾਤਾਰ ਕਪੜੇ ਪਹਿਨਦੇ ਰਹਿਣ ਨਾਲ ਮੈਨੂੰ ਗੁੱਸਾ ਆਉਣ ਲੱਗਦਾ ਏ, ਕੰਮ ਤੋਂ ਮਨ ਉਚਾਟ ਹੋ ਜਾਂਦਾ ਏ।” “ਤੁਸੀਂ ਨੰਗੇ ਰਹਿਣ ਦੇ ਕਿਸੇ ਫਾਇਦੇ ਬਾਰੇ ਗੱਲ ਕਰੋਂਗੇ?” “ਤੁਸੀਂ ਹਰ ਕੰਮ ਫਾਇਦੇ ਲਈ ਨਹੀਂ ਕਰਦੇ, ਕੁਝ ਕੰਮ ਰੂਹ ਦੀ ਸੰਤੁਸ਼ਟੀ ਲਈ ਹੁੰਦੇ ਨੇ। ...ਇਹ ਮਨੁੱਖੀ ਸਰੀਰ ਅਸੀਂ ਇਕ ਦੂਜੇ ਲਈ ਬੁਝਾਰਤ ਬਣਾ ਰੱਖਿਆ ਏ। ਮਰਦ ਲਈ ਔਰਤ ਦਾ ਸਰੀਰ ਤੇ ਔਰਤ ਲਈ ਮਰਦ ਦਾ ਸਰੀਰ ਸਿਰਫ ਇਕ ਗੁਪਤ ਅੰਗ ਤੱਕ ਸਿਮਟ ਆਏ ਨੇ।” “ਇਹ ਗੱਲ ਤਾਂ ਸ਼ਾਇਦ ਤੁਹਾਡੀ ਠੀਕ ਹੋਵੇ। ...ਮੈਂ ਨੇਚੁਰਿਸਟ ਪਿੰਡ ਵਿੱਚ ਗਿਆਂ, ਲੋਕ ਇਵੇਂ ਤੁਰੇ ਫਿਰਦੇ ਨੇ ਜਿਵੇਂ ਉਹਨਾਂ ਦਾ ਇਸ ਦੁਨੀਆ ਤੋਂ ਤੇ ਕਾਮ ਤੋਂ ਮਨ ਉਠ ਗਿਆ ਹੋਵੇ।” “ਨਹੀਂ, ਅਸੀਂ ਇਸ ਦੁਨੀਆ ਦਾ ਅਹਿਮ ਹਿੱਸਾ ਹਾਂ ਤੇ ਕਾਮ ਤੋਂ ਵੀ ਇਨਸਾਨ ਦਾ ਮਨ ਕਦੇ ਉਠਦਾ!” “ਮੈਨੂੰ ਤਾਂ ਇਵੇਂ ਹੀ ਲੱਗਦਾ, ਜਿਵੇਂ ਤੁਸੀਂ ਇਕੱਲੇ ਬੀਚ 'ਤੇ ਕਪੜੇ ਲਾਹ ਕੇ ਤੁਰੇ ਫਿਰਦੇ ਹੋ, ਫਿਰ ਤੁਸੀਂ ਹੋ ਵੀ ਇਕੱਲੇ, ਜਾਪਦਾ ਏ ਕਿ ਤੁਹਾਡੇ ਕੋਲ ਨਾ ਕੋਈ ਬੁਆਏ ਫ੍ਰੈੰਡ ਏ ਨਾ ਹੀ ਗ੍ਰਲ ਫ੍ਰੈੰਡ।” “ਏਦਾਂ ਦੀ ਗੱਲ ਨਹੀਂ, ਹੁਣੇ ਜਿਹੇ ਹੀ ਮੇਰਾ ਬੁਆਏ ਫ੍ਰੈੰਡ ਛੱਡ ਕੇ ਗਿਆ ਏ।” “ਓਹ! ਸੌਰੀ ਟੂ ਨੋਅ! ...ਕਿਉਂ ਛੱਡ ਗਿਆ? ਉਹ ਤੁਹਾਡੇ ਵਿਚਾਰਾਂ ਦਾ ਧਾਰਣੀ ਨਹੀਂ ਸੀ?” “ਏਦਾਂ ਦੀ ਗੱਲ ਨਹੀਂ, ਉਹਦੀ ਸੋਚ ਮੇਰੇ ਵਾਲੀ ਹੀ ਸੀ। ਅਸੀਂ ਡੇੜ ਕੁ ਸਾਲ ਇਕੱਠੇ ਰਹੇ, ਇਕੱਠੇ ਹੀ ਨੇਚੁਰਿਸਟ ਕਲੋਨੀਆਂ ਵਿੱਚ ਛੁੱਟੀਆਂ ਕੱਟਣ ਜਾਇਆ ਕਰਦੇ ਸਾਂ ਪਰ ਉਹ ਸਿਗਰਟਾਂ ਬਹੁਤ ਪੀਂਦਾ ਸੀ। ਮੈਂ ਕਿਹਾ ਜਾਂ ਮੈਨੂੰ ਛੱਡ ਦੇ ਜਾਂ ਫਿਰ ਸਿਗਰਟਾਂ। ਉਹ ਮੈਨੂੰ ਛੱਡ ਕੇ ਚਲੇ ਗਿਆ।” ਗੱਲ ਕਰ ਕੇ ਟੀਆ ਹੱਸਣ ਲੱਗੀ। “ਲੰਡਨ ਵਿੱਚ ਹੀ ਇਕ ਬਹੁਤ ਪੁਰਾਣਾ ਪਿੰਡ ਏ ਨੇਚੁਰਿਸਟ ਲੋਕਾਂ ਦਾ, ਕੁਝ ਬੀਚ ਵੀ ਨੇ, ਉਥੇ ਕਿਉਂ ਨਹੀਂ ਜਾਂਦੇ?” “ਇੰਗਲੈਂਡ ਵਿੱਚ ਕੁਝ ਅਜਿਹੀਆਂ ਕਲੋਨੀਆਂ ਹੈਨ ਪਰ ਸਾਡਾ ਵਿਚਾਰਧਾਰਕ ਫਰਕ ਏ, ਇਸ ਲਈ ਮੈਂ ਯੌਰਪ, ਖਾਸ ਤੌਰ 'ਤੇ ਸਪੇਨ ਜਾਣਾ ਪਸੰਦ ਕਰਦੀ ਆਂ। ...ਪਰ ਜੋਅ, ਇਕ ਗੱਲ ਦੱਸਾਂ, ਮੈਂ ਨੇਚੁਰਿਸਟ ਕਲੋਨੀ ਤੋਂ ਬਾਹਰ ਨਿਕਲ ਕੇ ਆਮ ਲੋਕਾਂ ਵਿੱਚ ਵੀ ਆਪਣੇ ਕੁਦਰਤ ਦੇ ਦਿੱਤੇ ਰੂਪ ਵਿੱਚ ਵਿਚਰਨਾ ਚਾਹੁੰਦੀ ਹਾਂ।” “ਤੁਸੀਂ ਮੈਨੂੰ ਬਹੁਤ ਹੀ ਨੌਰਮਲ ਤੇ ਵਧੀਆ ਫੀਮੇਲ ਲੱਗਦੇ ਹੋ, ਬਹੁਤ ਹੀ ਸਮਾਜਕ ਜਿਹੇ ਪਰ ਤੁਹਾਡੀ ਸ਼ਖਸੀਅਤ ਦਾ ਦੂਜਾ ਪੱਖ ਬਿਲਕੁਲ ਵੱਖਰਾ ਏ।” “ਇਹ ਤੁਹਾਨੂੰ ਹੀ ਲੱਗਦਾ ਏ, ਮੇਰਾ ਦੂਜਾ ਪੱਖ ਵੀ ਓਨਾ ਹੀ ਨੌਰਮਲ ਏ।” “ਤੁਹਾਨੂੰ ਇਹ ਸ਼ੌਂਕ ਕਿਥੋਂ ਪੈ ਗਿਆ?” “ਮੈਂ ਕਿਹਾ ਨਾ ਕਿ ਇਹ ਸ਼ੌਂਕ ਨਹੀਂ, ਜਨੂੰਨ ਏ, ਇਹ ਮੇਰੇ ਜੀਨਜ਼ ਵਿੱਚ ਹੀ ਏ। ਮੇਰਾ ਪਿਓ ਨੇਚੁਰਿਸਟ ਸੀ ਤੇ ਮਾਂ ਵੀ, ਮੇਰੇ ਪਿਓ ਨੇ ਸਪੇਨ ਤੇ ਪੁਰਤਗਾਲ ਦੇ ਬਾਰਡਰ 'ਤੇ ਇਕ ਬਹੁਤ ਵੱਡਾ ਨੇਚੁਰਿਸਟ ਪਿੰਡ ਵਸਾਇਆ ਸੀ...।” “ਤੁਹਾਡਾ ਪਿਓ ਸਪੈਨਿਸ਼ ਸੀ?” “ਮੇਰੇ ਜੀਨਜ਼ ਦਾ ਸਫਰ ਬਹੁਤ ਲੰਮਾ ਏ। ਪਿਓ ਸੂਰੀਨਾਮੀ-ਡੱਚ ਸੀ, ਉਸ ਦਾ ਪਿਓ ਮੈਕਸੀਕਨ ਸੀ ਤੇ ਉਸ ਦਾ ਪਿਓ ਸਾਊਥ ਅਮਰੀਕਾ ਦੀ ਕਿਸੇ ਹੋਰ ਡੱਚ ਕਲੋਨੀ ਤੋਂ ਸੀ। ਹਾਂ, ਮੇਰੀ ਮਾਂ ਇੰਗਲਿਸ਼ ਏ।” “ਤੁਹਾਡੇ ਮਾਂ-ਪਿਓ ਨੇਚੁਰਿਸਟ ਪਿੰਡ ਵਿੱਚ ਹੀ ਮਿਲੇ?” “ਬਿਲਕੁਲ, ਉਥੇ ਹੀ ਮੇਰੇ ਮਾਂ-ਪਿਓ ਦਾ ਵਿਆਹ ਹੋਇਆ ਤੇ ਉਥੇ ਹੀ ਮੇਰਾ ਜਨਮ ਹੋਇਆ। ਜਦ ਮੇਰਾ ਸਕੂਲ ਜਾਣ ਦਾ ਵਕਤ ਹੋਇਆ ਤਾਂ ਮੇਰੀ ਮਾਂ ਲੰਡਨ ਮੂਵ ਹੋ ਗਈ, ਉਦੋਂ ਤੱਕ ਮੇਰੇ ਮਾਂ-ਪਿਓ ਵਿੱਚ ਅਣਬਣ ਵੀ ਹੋ ਗਈ ਸੀ। ਇਵੇਂ ਅਸੀਂ ਮਾਂ-ਧੀ ਉਹ ਕਲੋਨੀ ਛੱਡ ਕੇ ਲੰਡਨ ਰਹਿਣ ਲੱਗੀਆਂ।” “ਵਾਪਸ ਸਪੇਨ ਜਾਂਦੀਆਂ ਰਹੀਆਂ ਹੋਵੋਂਗੀਆਂ, ਇਸੇ ਲਈ ਤਾਂ ਇਹ ਸ਼ੌਂਕ ਵੱਧਦਾ ਗਿਆ?” “ਮੇਰੇ ਪਿਤਾ ਦਾ ਘਰ ਏ ਉਸ ਪਿੰਡ ਵਿੱਚ, ਜਾਂਦੇ ਵਕਤ ਉਹਨੇ ਮੇਰੇ ਨਾਂ ਕਰ ਦਿੱਤਾ ਸੀ, ਮਾਂ ਤੋਂ ਬਾਅਦ ਮੈਂ ਉਥੇ ਹੀ ਚਲੇ ਜਾਣਾਂ।” ਸਾਡੀਆਂ ਇਹ ਗੱਲਾਂ ਖਾਣੇ ਦੇ ਦੌਰਾਨ ਵੀ ਚਲਦੀਆਂ ਰਹੀਆਂ। ਮੇਰੇ ਹਰ ਸਵਾਲ ਦਾ ਉਸ ਨੇ ਖਿੜੇ ਮੱਥੇ ਜਵਾਬ ਦਿੱਤਾ। ਚਿੱਟੀ ਪੂਛ ਵਾਲੇ ਬਾਜ਼ ਬਾਰੇ ਵੀ ਗੱਲਾਂ ਹੋਈਆਂ। ਬ੍ਰਤਾਨਵੀ ਤੇ ਯੌਰਪ ਦੀ ਸਿਆਸਤ ਬਾਰੇ ਵੀ ਸਾਡੀ ਲੰਮੀ ਗੱਲਬਾਤ ਹੋਈ। ਉਹ ਇੰਗਲੈਂਡ ਦੇ ਯੂਰਪੀਅਨ ਯੂਨੀਅਨ ਵਿੱਚੋਂ ਨਿਕਲ ਆਉਣ ਤੋਂ ਬਹੁਤ ਦੁਖੀ ਸੀ। ਮੈਂ ਆਪਣੀਆਂ ਖਿਚੀਆਂ ਫੋਟੋਆਂ ਦੀਆਂ ਸਲਾਈਡਾਂ ਉਹਨੂੰ ਦਿਖਾ ਰਿਹਾ ਸਾਂ। ਉਹ ਬਹੁਤ ਧਿਆਨ ਨਾਲ ਦੇਖ ਰਹੀ ਸੀ। ਅਚਾਨਕ ਬੋਲੀ, “ਜੋਅ, ਆਹ ਦੇਖ ਸਾਰੇ ਜਾਨਵਰ ਨੰਗੇ ਨੇ, ਇਹਨਾਂ ਦਾ ਨੰਗ ਤਾਂ ਕਿਸੇ ਸਮਾਜ ਉਪਰ ਹਮਲਾ ਨਹੀਂ ਕਰਦਾ? ਕੋਈ ਰੰਜ ਪੈਦਾ ਨਹੀਂ ਹੁੰਦਾ?” “ਟੀਆ, ਇਕ ਗੱਲ ਧਿਆਨ ਨਾਲ ਦੇਖ, ਕੁਦਰਤ ਨੇ ਇਥੇ ਵੀ ਪੂਛ ਦੇ ਕੇ ਫੀਮੇਲ ਨੂੰ ਆਪਣਾ ਨੰਗ ਢਕਣ ਦਾ ਵਸੀਲਾ ਕੀਤਾ ਹੋਇਆ ਏ! ...ਫਿਰ ਸਾਨੂੰ ਹਜ਼ਾਰਾਂ ਸਾਲ ਲੱਗ ਗਏ ਇਸ ਸਾਮਾਜ ਨੂੰ ਬੰਨ੍ਹਣ ਲਈ, ਮੁੜ ਕੇ ਜੰਗਲ ਵੱਲ ਜਾਣਾ ਕਿਥੋਂ ਤੱਕ ਸਹੀ ਹੋਵੇਗਾ?” “ਸਮਾਜ ਬੰਨ ਕੇ ਅਸੀਂ ਕੁਦਰਤ ਤੋਂ ਬਹੁਤ ਦੂਰ ਹੋ ਗਏ ਹਾਂ, ਜਿਹੜੇ ਗੁਨਾਹ ਅੱਜ ਸਮਾਜ ਵਿੱਚ ਹੋ ਰਹੇ ਨੇ ਇਹ ਜੰਗਲ ਵਿੱਚ ਕਦੇ ਨਹੀਂ ਹੁੰਦੇ।” ਇਸ ਵਿਸ਼ੇ ਨੂੰ ਲੈ ਕੇ ਸਾਡੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਪਰ ਅਸੀਂ ਦੋਵੇਂ ਹੀ ਕਿਸੇ ਬਹਿਸ ਵਿੱਚ ਪੈਣੋ ਡਰਦੇ ਵੀ ਸਾਂ। ਸਾਡੀਆਂ ਗੱਲਾਂ ਅੱਧੀ ਰਾਤ ਤੱਕ ਚਲਦੀਆਂ ਰਹੀਆਂ। ਅਗਲੀ ਸਵੇਰ ਮੈਂ ਲੋਕਲ ਦੁਕਾਨ ਤੋਂ ਦੁੱਧ ਲੈਣ ਗਿਆ ਤਾਂ ਟੀਆ ਉਥੇ ਮਿਲ ਗਈ। ਬੋਲੀ, “ਜੋਅ, ਮੈਂ ਪਰਸੋਂ ਚਲੇ ਜਾਣਾ।” “ਪਰ ਤੂੰ ਤਾਂ ਕਿਹਾ ਸੀ ਕਿ ਤੇਰੀਆਂ ਛੁੱਟੀਆਂ ਹਾਲੇ ਹੈਗੀਆਂ।” ਭਾਵੇਂ ਅੰਗਰੇਜ਼ੀ ਵਿੱਚ 'ਤੂੰ' ਤੇ 'ਤੁਸੀਂ' ਲਈ ਇਕੋ ਸ਼ਬਦ 'ਯੂ' ਹੁੰਦਾ ਹੈ ਪਰ ਜਿਵੇਂ ਉਸ ਨੇ ਮੇਰੇ ਨਾਲ ਨੂੰ ਲੱਗ ਕੇ ਗੱਲ ਕੀਤੀ ਤਾਂ ਮੈਨੂੰ ਲੱਗਿਆ ਕਿ ਹੁਣ ਅਸੀਂ 'ਤੁਸੀਂ' ਨਹੀਂ ਰਹੇ, 'ਤੂੰ' ਹੋ ਗਏ ਹਾਂ। “ਹਾਂ, ਮੈਂ ਜੈਕ ਨੂੰ ਈਮੇਲ ਕੀਤੀ ਸੀ ਕਿ ਮੈਂ ਪੰਜ ਦਿਨ ਹੋਰ ਰਹਿਣਾ ਚਾਹੁੰਦੀ ਹਾਂ ਪਰ ਉਸ ਦਾ ਜਵਾਬ ਆਇਆ ਕਿ ਇਹ ਬੰਗਲਾ ਪਹਿਲਾਂ ਹੀ ਕਿਸੇ ਹੋਰ ਲਈ ਬੁੱਕ ਹੋ ਚੁੱਕਾ ਏ ਤੇ ਏਨੇ ਛੋਟੇ ਨੋਟਿਸ ਵਿੱਚ ਉਸ ਕੋਲ ਹੋਰ ਕੋਈ ਜਗਾਹ ਨਹੀਂ ਏ।” “ਟੀਆ, ਮੇਰੇ ਕੋਲ ਦੋ ਕਮਰੇ ਨੇ, ਚਾਹੇ ਤਾਂ ਇਕ ਵਿੱਚ ਤੂੰ ਰਹਿ ਸਕਦੀ ਏਂ।” ਉਹ ਸੋਚਣ ਲੱਗ ਪਈ। ਫਿਰ ਬੋਲੀ, “ਆਪਣੇ ਵਿਚਾਰ ਨਹੀਂ ਰਲ਼ਦੇ, ਤੈਨੂੰ ਮੇਰਾ ਨੇਚੁਰਿਸਟ ਹੋਣਾ ਪਸੰਦ ਨਹੀਂ ਪਰ ਇਹੋ ਮੇਰਾ ਜੀਣ-ਢੰਗ ਏ।” “ਜੋ ਕੁਝ ਵੀ ਏ ਪਰ ਮੈਂ ਤੇਰੇ ਜੀਣ-ਢੰਗ ਵਿੱਚ ਅੜਿੱਕਾ ਨਹੀਂ ਬਣਾਂਗਾ, ਤੂੰ ਜਿਵੇਂ ਮਰਜ਼ੀ ਰਹੀਂ।” “ਦਿਨ ਦੇ ਬਾਰਾਂ ਵਜੇ ਤੱਕ ਮੇਰੀਆਂ ਵੀਡੀਓ ਮੀਟਿੰਗਜ਼ ਚੱਲਦੀਆਂ ਰਹਿੰਦੀਆਂ, ਤੈਨੂੰ ਮੁਸ਼ਕਿਲ ਆਵੇਗੀ।” “ਮੈਨੂੰ ਕੋਈ ਮੁਸ਼ਕਲ ਨਹੀਂ ਆਵੇਗੀ, ਤੇਰਾ ਅਲੱਗ ਕਮਰਾ ਹੋਵੇਗਾ, ਵੈਸੇ ਵੀ ਮੈਂ ਤਾਂ ਸਵੇਰੇ ਹੀ ਕੈਮਰਾ ਲੈ ਕੇ ਨਿਕਲ ਜਾਇਆ ਕਰਾਂਗਾ।” ਉਹ ਕੁਝ ਨਾ ਬੋਲੀ ਤੇ ਚਲੇ ਗਈ।... ਉਹ ਪੰਜ ਦਿਨ ਮੇਰੇ ਨਾਲ ਰਹੀ। ਉਹ ਬਹੁਤ ਹਸਮੁੱਖ ਸੁਭਾਅ ਦੀ ਮਾਲਕਣ ਸੀ। ਦੁਪਹਿਰ ਤੱਕ ਉਹ ਬਹੁਤ ਰੁਝੀ ਰਹਿੰਦੀ। ਦੁਪਹਿਰ ਤੋਂ ਬਾਅਦ ਉਹ ਨੇਚੁਰਿਸਟ ਹੋ ਜਾਂਦੀ। ਘਰ ਦੇ ਅੰਦਰ ਵੀ, ਧੁੱਪ ਹੋਵੇ ਤਾਂ ਬਾਹਰ ਗਾਰਡਨ ਵਿੱਚ ਅਰਾਮ ਕੁਰਸੀ 'ਤੇ ਪਈ ਰਹਿੰਦੀ, ਬੀਚ 'ਤੇ ਘੁੰਮਣ ਚਲੇ ਜਾਂਦੀ। ਉਸ ਦਾ ਨੰਗੇਜ਼ ਹੁਣ ਮੈਨੂੰ ਅਸਹਿਜ ਨਹੀਂ ਸੀ ਕਰਦਾ ਬਲਕਿ ਮੈਂ ਨੋਟਿਸ ਹੀ ਨਹੀਂ ਸਾਂ ਕਰਦਾ ਕਿ ਜੋ ਔਰਤ ਮੇਰੇ ਘਰ ਵਿੱਚ ਤੁਰੀ ਫਿਰਦੀ ਹੈ ਤੇ ਸੋਫੇ 'ਤੇ ਬੈਠੀ ਮੇਰੇ ਨਾਲ ਗੱਲਾਂ ਕਰ ਰਹੀ ਹੈ, ਉਸ ਨੇ ਕਪੜੇ ਨਹੀਂ ਪਹਿਨੇ ਹੋਏ। ਇਕ ਬਹੁਤ ਅਜੀਬ ਗੱਲ ਸੀ ਕਿ ਉਸ ਨੇ ਕਦੇ ਵੀ ਮੇਰੇ ਬਾਰੇ ਕੋਈ ਸਵਾਲ ਨਹੀਂ ਸੀ ਪੁੱਛਿਆ, ਨਾ ਮੇਰੀ ਨੌਕਰੀ ਬਾਰੇ, ਨਾ ਮੇਰੇ ਪਿਛੋਕੜ ਬਾਰੇ। ਇਕ ਦਿਨ ਮੈਂ ਸਵਾਲ ਕੀਤਾ, “ਟੀਆ, ਤੇਰੇ ਸਹਿਕਾਮਿਆਂ ਨੂੰ ਪਤਾ ਕਿ ਤੂੰ ਨੇਚੁਰਿਸਟ ਏਂ?” “ਹਾਂ, ਪਤਾ ਏ, ਮੇਰਾ ਇਕ ਬੁਆਏ ਫ੍ਰੈੰਡ ਸੀ ਪੀਟਰ, ਉਸ ਨੂੰ ਮੈਂ ਇਕ ਵਾਰ ਨਾਲ ਲੈ ਗਈ ਸੀ, ਉਹਨੇ ਸਭ ਨੂੰ ਦੱਸ ਦਿੱਤਾ ਸੀ, ਪਰ ਮੈਂ ਕਦੇ ਉਹਨਾਂ ਦੇ ਸਾਹਮਣੇ ਇਸ ਵਿਸ਼ੇ 'ਤੇ ਗੱਲ ਨਹੀਂ ਕਰਦੀ। ਵੈਸੇ ਇਕ ਵਾਰ ਆਪਣੇ ਸੀਨੀਅਰ ਨਾਲ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜੇ ਕੋਈ ਪਰਾਈਵੇਟ ਫਰਮ ਹੁੰਦੀ ਤਾਂ ਸ਼ਾਇਦ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ...। ਜਿੰਨਾ ਚਿਰ ਮੈਂ ਹੇਠਲੀ ਜੌਬ 'ਤੇ ਰਹੀ ਤਾਂ ਲੋਕ ਮਜ਼ਾਕ ਕਰਦੇ ਸਨ, ਜਦ ਮੈਨੇਜਰ ਬਣ ਗਈ ਤਾਂ ਸਾਰੇ ਚੁੱਪ ਕਰ ਗਏ।”... ਉਸ ਦਿਨ ਉਸ ਨੇ ਚਲੇ ਜਾਣਾ ਸੀ। ਸਵੇਰੇ ਉਠੀ ਤੇ ਸਮਾਨ ਇਕੱਠਾ ਕਰਨ ਲੱਗੀ। ਕੁਝ ਸਮਾਨ ਉਸ ਨੇ ਕਾਰ ਵਿੱਚ ਰੱਖ ਲਿਆ। ਮੈਂ ਉਸ ਦੇ ਕਮਰੇ ਵਿੱਚ ਕੁਝ ਚੁੱਕਣ ਗਿਆ ਤਾਂ ਦੇਖਿਆ ਕਿ ਉਥੇ ਕੁਝ ਮੂਰਤੀਆਂ ਪਈਆਂ ਸਨ। ਇਕ ਸ਼ਿਵਾ ਦੀ, ਇਕ ਰਾਮ-ਸੀਤਾ ਦੀ ਤੇ ਕੁਝ ਦਿਗੰਬਰ ਮੁਨੀਆਂ ਦੀਆਂ ਵੀ। ਮੈਂ ਪੁੱਛਿਆ, “ਇਹ ਮੂਰਤੀਆਂ ਕਿਥੋਂ?” “ਇਹ ਮੇਰੀ ਪਰਿਵਾਰਕ ਨਿਸ਼ਾਨੀ ਏ, ਤੂੰ ਜਾਣਦਾਂ ਇਹਨਾਂ ਬਾਰੇ?” “ਕਿਉਂ ਨਹੀਂ ਜਾਣਦਾ? ...ਇਹਦਾ ਮਤਲਬ ਤੇਰੀਆਂ ਜੜ੍ਹਾਂ ਮੇਰੇ ਮੁਲਕ ਨਾਲ ਜਾ ਕੇ ਜੁੜਦੀਆਂ।” “ਮੈਂ ਸੋਚਦੀ ਸੀ ਕਿ ਤੂੰ ਕੋਈ ਗਰੀਕ ਜਾਂ ਅਰਬੀ ਹੋਵੇਂਗਾ!”... ਉਸ ਨੇ ਕਾਰ ਸਟਾਰਟ ਕੀਤੀ ਤੇ ਚਲੇ ਗਈ। ਹੈਰਾਨੀ ਦੀ ਗੱਲ ਇਹ ਸੀ ਕਿ ਉਸ ਨੇ ਨਾ ਮੇਰਾ ਫੋਨ ਨੰਬਰ ਮੈਨੂੰ ਪੁੱਛਿਆ ਤੇ ਨਾ ਹੀ ਆਪਣਾ ਦਿੱਤਾ। ਮੈਨੂੰ ਲੱਗਿਆ ਕਿ ਮੈਂ ਕਿਸੇ ਗੱਲੋਂ ਟੀਆ ਨੂੰ ਨਾਰਾਜ਼ ਕਰ ਲਿਆ ਹੈ। ਅਣਜਾਣੇ ਵਿੱਚ ਉਸ ਦਾ ਮੈਂ ਕਿਤੇ ਸਖਤ ਵਿਰੋਧ ਕਰ ਬੈਠਾ ਹੋਵਾਂਗਾ, ਨਹੀਂ ਤਾਂ ਏਨੀ ਨੇੜਤਾ ਤੋਂ ਬਾਅਦ ਏਨੀ ਬੇਰੁਖੀ ਨਹੀਂ ਸੀ ਹੋਣੀ। ਏਨੇ ਨੰਗੇ ਸਾਧੂ ਸਮਾਜ ਵਿੱਚ ਤੁਰੇ ਫਿਰਦੇ ਹਨ ਜਾਂ ਜੈਨ ਧਰਮ ਵਰਗੇ ਕੁਝ ਧਰਮਾਂ ਦੇ ਕੁਝ ਮੋਹਰੀ ਵੀ, ਉਹਨਾਂ ਦੇ ਨੰਗੇਜ਼ ਨਾਲ ਤਾਂ ਕਦੇ ਰੰਜੀਦਗੀ ਪੈਦਾ ਨਹੀਂ ਹੋਈ, ਟੀਆ ਦਾ ਜਾਂ ਉਸ ਦੀ ਸੋਚ ਵਾਲੇ ਕੁਝ ਲੋਕਾਂ ਦਾ ਨੰਗ ਸਮਾਜ ਨੂੰ ਕਿਡੀ ਕੁ ਢਾਹ ਲਾ ਦੇਵੇਗਾ? ਉਹ ਚਲੇ ਤਾਂ ਗਈ ਪਰ ਮੈਨੂੰ ਭੁੱਲੀ ਨਹੀਂ। ਕਦੇ-ਕਦੇ ਮੇਰਾ ਦਿਲ ਕਰਦਾ ਕਿ ਉਸ ਨਾਲ ਗੱਲ ਕਰ ਸਕਾਂ ਪਰ ਉਹ ਸੋਸ਼ਲ ਮੀਡੀਏ 'ਤੇ ਵੀ ਨਹੀਂ ਸੀ। ਤੇ ਉਸ ਦੇ ਪੂਰੇ ਨਾਂ ਦਾ ਵੀ ਮੈਨੂੰ ਨਹੀਂ ਸੀ ਪਤਾ। ਇਹ ਨਾਂ ਟੀਆ ਵੀ ਸ਼ਾਇਦ ਉਸ ਦਾ ਅਸਲੀ ਨਾਂ ਨਾ ਹੋਵੇ। ਇਕ ਦਿਨ ਮੈਨੂੰ ਸੁਫਨਾ ਆਇਆ ਕਿ ਟੀਆ ਉਵੇਂ ਹੀ ਆਪਣੇ ਨੇਚੁਰਿਸਟ ਅੰਦਾਜ਼ ਵਿੱਚ ਇਕ ਬੱਘੀ ਦੀ ਉਚੀ ਸੀਟ ਤੇ ਬੈਠੀ, ਜਿਸ ਨੂੰ ਦੋ ਘੋੜੇ ਜੁਪੇ ਹੋਏ ਸਨ, ਮੇਰੇ ਕੋਲ ਦੀ ਲੰਘ ਰਹੀ ਹੈ, ਮੈਨੂੰ ਹੱਥ ਹਿਲਾ ਰਹੀ ਹੈ। ਉਸ ਦੀ ਬੱਘੀ ਸੱਜੇ ਪਾਸੇ ਨੂੰ ਮੋੜ ਮੁੜਦੀ ਹੈ ਤੇ ਉਸ ਦੀ ਜਾਣੀ ਪਛਾਣੀ ਪਿੱਠ ਮੈਨੂੰ ਦੇਰ ਤੱਕ ਦਿਸਦੀ ਰਹਿੰਦੀ ਹੈ। ਇਸ ਸੁਫਨੇ ਤੋਂ ਬਾਅਦ ਕੁਝ ਦਿਨਾਂ ਤੱਕ ਟੀਆ ਨੂੰ ਮਿਲਣ ਦੀ ਤਲਬ ਜ਼ੋਰ ਪਾਉਂਦੀ ਰਹੀ ਪਰ ਫਿਰ ਸਭ ਭੁੱਲ ਭੁੱਲਾ ਗਿਆ। ਸਾਲ ਲੰਘ ਗਿਆ। ਮੁੜ ਕੇ ਗਰਮੀਆਂ ਆ ਗਈਆਂ। ਲੰਡਨ ਵਿੱਚ 'ਵ੍ਰਲਡ ਨੇਕਡ ਬਾਈਕ ਰਾਈਡ' ਵਾਲਿਆਂ ਦੀ ਰੈਲੀ ਸੀ। ਐਤਵਾਰ ਹੋਣ ਕਰਕੇ ਮੈਂ ਵਿਹਲਾ ਸਾਂ। ਮੈਂ ਸੋਚਿਆ ਕਿ ਚਲੋ ਕੁਝ ਫੋਟੋਗ੍ਰਾਫੀ ਹੀ ਹੋ ਜਾਵੇ। ਮੈਂ ਟ੍ਰਫਾਲਗਰ ਸੁਕੈਅਰ ਪੁੱਜ ਗਿਆ। ਇਥੇ ਹੀ ਲੋਕ ਆਪਣੇ ਸਾਈਕਲ ਫੜੀ ਇਕੱਠੇ ਹੋ ਰਹੇ ਸਨ। ਜਿਸਮ ਹੀ ਜਿਸਮ। ਨੰਗ-ਧੜੰਗੇ ਜਿਸਮ। ਪੂਰੇ ਨੇਚੁਰਿਸਟ। ਇਕ ਜਿਸਮ ਮੇਰਾ ਧਿਆਨ ਖਿੱਚ ਰਿਹਾ ਸੀ, ਜਿਵੇਂ ਮੈਂ ਪਹਿਲਾਂ ਦੇਖਿਆ ਹੋਇਆ ਹੋਵੇ। ਉਸ ਨੇ ਮੇਰੇ ਵੱਲ ਦੇਖਿਆ। ਇਕ ਪਲ ਲਈ ਉਸ ਦੀਆਂ ਅੱਖਾਂ ਝੁਕ ਗਈਆਂ ਪਰ ਫਿਰ ਉਹ ਮੇਰੇ ਵੱਲ ਦੇਖਦੀ ਅੱਗੇ ਵਧੀ ਤੇ ਹੱਥ ਕੱਢਦੀ ਬੋਲੀ, “ਹੈਲੋ ਜੋਅ, ਨਾਈਸ ਟੂ ਸੀ ਯੂ! ਚੱਲ, ਮੇਰੀ ਫੋਟੋ ਲੈ।” ਉਸ ਨੇ ਆਪਣੀਆਂ ਦੋਵੇਂ ਬਾਹਵਾਂ ਪੂਰੀਆਂ ਖਿਲਾਰੀਆਂ ਤੇ ਉਹਨਾਂ ਨੂੰ ਬਾਜ਼ ਦੇ ਪਰਾਂ ਵਾਂਗ ਹਿਲਾਉਣ ਲੱਗੀ। ਮੈਨੂੰ ਜਾਪਿਆ, ਮੈਂ ਚਿੱਟੀ ਪੂਛ ਵਾਲੇ ਬਾਜ਼ ਦੀ ਫੋਟੋ ਲੈ ਰਿਹਾ ਹਾਂ।
top of page
bottom of page
Comments