top of page
  • Writer's pictureਸ਼ਬਦ

ਮਹਾਂਰਾਜਾ ਦਲੀਪ ਸਿੰਘ ਦੀ ਸ਼ਖਸੀਅਤ ਦੇ ਕੁਝ ਹੋਰ ਪੱਖ /

ਹਰਜੀਤ ਅਟਵਾਲ/

ਮੇਰੀ ਸੋਚ ਮੁਤਾਬਕ ਮਹਾਂਰਾਜਾ ਦਲੀਪ ਸਿੰਘ ਦੀ ਇਹ ਤਸਵੀਰ ਕਿਸੇ ਕਲਾਕਾਰ ਨੇ ਜਾਣ-ਬੁੱਝ ਕੇ ਉਸ ਨੂੰ ਭੱਦਾ ਦਿਖਾਉਣ ਲਈ ਬਣਾਈ ਹੈ।

ਮੇਰੇ ਅਨੁਸਾਰ ਮਹਾਂਰਾਜਾ ਦਲੀਪ ਸਿੰਘ ਲੰਡਨ ਵਿੱਚ ਪਹਿਲਾ ਪਰਵਾਸੀ ਪੰਜਾਬੀ ਸੀ, ਇਹੀ ਕਾਰਨ ਹੈ ਕਿ ਅੱਜ ਡੇੜ ਸੌ ਸਾਲ ਬਾਅਦ ਵੀ ਉਹ ਹਰ ਪੰਜਾਬੀ ਦੇ ਮਨ ਵਿੱਚ ਵਸਦਾ ਹੈ। ਜਿਹੜੇ ਤਜਰਬੇ ਅੱਜ ਪਰਵਾਸੀ ਪੰਜਾਬੀਆਂ ਦੇ ਹੋ ਰਹੇ ਹਨ ਮਹਾਂਰਾਜਾ ਦਲੀਪ ਸਿੰਘ ਦੇ ਉਸ ਵੇਲੇ ਹੋਏ ਸਨ। ਉਸ ਨੂੰ ਵੀ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਸੀ, ਉਪਰਲੀ ਸੁਸਾਇਟੀ ਵਿੱਚ ਕਈ ਅਮੀਰ ਲੋਕਾਂ ਵਿੱਚ ਵੀ ਨਸਲਵਾਦੀ ਲੋਕਾਂ ਨਾਲ ਉਸ ਦਾ ਵਾਹ ਪੈਂਦਾ ਰਹਿੰਦਾ ਸੀ। ਪੀੜ੍ਹੀ-ਪਾੜਾ ਵੀ ਉਸ ਦੇ ਤਜਰਬੇ ਵਿੱਚ ਆਇਆ, ਉਸ ਦੇ ਮੁੰਡੇ-ਕੁੜੀਆਂ ਭਾਵੇਂ ਉਸ ਦੀ ਹਰ ਗੱਲ ਮੰਨਦੇ ਸਨ ਪਰ ਸਹਿਮਤ ਘੱਟ ਹੀ ਹੁੰਦੇ ਸਨ। ਰਿਸ਼ਤਿਆਂ ਵਿੱਚ ਅਜਨਬੀਅਤ ਉਸ ਨੇ ਵੀ ਹੰਢਾਈ। ਮਹਾਂਰਾਣੀ ਬੰਬਾਂ ਦਾ ਉਸ ਦੇ ਬਹੁਤੇ ਵਧੀਆ ਸੰਬੰਧ ਸਥਾਪਿਤ ਨਹੀਂ ਸਨ ਹੋ ਸਕੇ, ਇਸੇ ਲਈ ਤਾਂ ਐਡਾ ਨਾਮੀ ਔਰਤ ਨਾਲ ਉਹ ਬੰਬਾਂ ਦੇ ਹੁੰਦਿਆਂ ਹੀ ਰਹਿਣ ਲੱਗ ਪਿਆ ਸੀ। ਮਹਾਂਰਾਜੇ ਦੇ ਸ਼ੁਰੂ ਦੇ ਕਾਲ ਵਿੱਚ ਆਪਣੇ ਮੁਲਕ ਲਈ ਹੇਰਵੇ ਬਾਰੇ ਬਹੁਤੇ ਸੰਕੇਤ ਨਹੀਂ ਮਿਲਦੇ ਪਰ ਫਿਰ ਜਿਵੇਂ ਪੰਜਾਬ ਉਸ ਨੂੰ ਹਾਕਾਂ ਮਾਰ ਰਿਹਾ ਹੋਵੇ। ਜਦ ਉਹ 1861 ਵਿੱਚ ਆਪਣੀ ਮਾਂ ਮਹਾਂਰਾਣੀ ਜਿੰਦ ਕੌਰ ਨੂੰ ਲੈਣ ਕਲਕੱਤੇ ਜਾਂਦਾ ਹੈ ਤੇ ਅੱਗੇ ਪੰਜਾਬ ਜਾਣਾ ਚਾਹੁੰਦਾ ਹੈ ਪਰ ਨਹੀਂ ਜਾਣ ਦਿੱਤਾ ਜਾਂਦਾ, ਇਹ ਉਸ ਦਾ ਆਪਣੀ ਮਾਂ-ਭੂਮੀ ਨਾਲ ਪਿਆਰ ਹੀ ਸੀ। ਦੂਜੀ ਵਾਰ ਜਦ ਉਹ ਆਪਣੀ ਮਾਂ ਦਾ ਸਸਕਾਰ ਪੰਜਾਬ ਵਿੱਚ ਕਰਨਾ ਚਾਹੁੰਦਾ ਹੈ ਪਰ ਉਸ ਨੂੰ ਪੰਜਾਬ ਨਹੀਂ ਜਾਣ ਦਿੱਤਾ ਜਾਂਦਾ ਤੇ ਉਸ ਨੂੰ ਸਸਕਾਰ ਬੰਬਈ ਨੇੜਲੇ ਸ਼ਹਿਰ ਨਾਸਿਕ ਵਿੱਚ ਗੁਦਾਵਰੀ ਨਦੀ ਦੇ ਕੰਢੇ ਕਰਨਾ ਪੈਂਦਾ ਹੈ।

ਮਹਾਂਰਾਜਾ ਦਲੀਪ ਸਿੰਘ ਬਾਰੇ ਫਿਲਮਾਂ ਵੀ ਬਣੀਆਂ ਤੇ ਡਾਕੂਮੈਂਟਰੀਜ਼ ਵੀ। ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਗਈਆਂ। ਮੈਂ ਵੀ ਨਾਵਲ ‘ਆਪਣਾ’ ਲਿਖਿਆ ਹੈ। ਬਹੁਤੀ ਵਾਰ ਮਹਾਂਰਾਜੇ ਨੂੰ ਅਯਾਸ਼ ਤੇ ਵਿਗੜਿਆ ਹੋਇਆ ਅਮੀਰ ਹੀ ਚਿਤਰਿਆ ਗਿਆ ਹੈ ਜਦ ਕਿ ਮੈਂ ਕਿਸੇ ਹੱਦ ਤੱਕ ਮਹਾਂਰਾਜੇ ਨੂੰ ਇਕ ਜਜ਼ਬਾਤੀ ਮਨੁੱਖ ਸਮਝਦਿਆਂ ਉਸ ਦੇ ਦਿਲ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੀ ਸ਼ਖਸੀਅਤ ਦੇ ਬਹੁਤ ਸਾਰੇ ਅਜਿਹੇ ਪੱਖ ਹਨ ਜਿਹਨਾਂ ਦਾ ਬਹਤਾ ਜ਼ਿਕਰ ਨਹੀਂ ਹੋਇਆ। ਮਹਾਂਰਾਜੇ ਦੇ ਵਿਅਕਤੀਤੱਵ ਨੂੰ ਸਮਝਣ ਲਈ ਉਸ ਦੇ ਬਚਪੱਨ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਉਸ ਦਾ ਬਚਪੱਨ ਬਹੁਤ ਤਕਲੀਫਾਂ ਭਰਪੂਰ ਰਿਹਾ ਹੈ। ਆਪਣੇ ਮਾਮੇ ਜਵਾਹਰ ਸਿੰਘ ਦਾ ਕਤਲ ਉਹ ਆਪਣੀਆਂ ਅੱਖਾਂ ਸਾਹਮਣੇ ਦੇਖਦਾ ਹੈ। ਬਲਕਿ ਕਤਲ ਸਮੇਂ ਜਵਾਹਰ ਸਿੰਘ ਨੇ ਬੱਚੇ ਦਲੀਪ ਸਿੰਘ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਸੀ। ਉਸਨੂੰ ਜਾਪਦਾ ਸੀ ਕਿ ਖਾਲਸਾ ਫੌਜ ਬੱਚੇ ਦਲੀਪ ਸਿੰਘ ਨੂੰ ਉਸ ਦੀ ਗੋਦੀ ਵਿੱਚ ਦੇਖਕੇ ਉਸਨੂੰ ਕੁਝ ਨਹੀਂ ਕਹੇਗੀ ਪਰ ਦਲੀਪ ਸਿੰਘ ਨੂੰ ਜਵਾਹਰ ਸਿੰਘ ਕੋਲੋਂ ਖੋਹਕੇ ਇਕ ਪਾਸੇ ਕਰਕੇ ਜਵਾਹਰ ਸਿੰਘ ਕਤਲ ਦਿੱਤਾ ਗਿਆ। ਜਦ ਅੰਗਰੇਜ਼ ਤੇ ਹਿੰਦੁਸਤਾਨੀ ਸਿਪਾਹੀ ਮਹਾਂਰਾਣੀ ਜਿੰਦ ਕੌਰ ਨੂੰ ਕੈਦ ਕਰਨ ਲਈ ਵਾਲਾਂ ਤੋਂ ਫੜਕੇ ਖਿੱਚ ਰਹੇ ਹਨ ਤਾਂ ਦਲੀਪ ਸਿੰਘ ਖੜਾ ਦੇਖ ਰਿਹਾ ਹੈ। ਅਜਿਹੇ ਸਮੇਂ ਇਕ ਬੱਚੇ ਦੇ ਮਨ ‘ਤੇ ਕੀ ਬੀਤਦੀ ਹੋਵੇਗੀ, ਇਹ ਗੱਲ ਕਿਸੇ ਨੇ ਨਹੀਂ ਵਿਚਾਰੀ। ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਮੰਦ-ਘਟਨਾਵਾਂ ਦਾ ਉਹ ਗਵਾਹ ਸੀ ਜਿਹਨਾਂ ਨੇ ਉਸ ਦੀ ਮਾਨਸਿਕਤਾ ਉਪਰ ਸਦੀਵੀ ਅਸਰ ਛੱਡਿਆ ਹੋਵੇਗਾ। ਇਸ ਸਭ ਤੋਂ ਉਪਰ ਉਹ ਹਰ ਵੇਲੇ ਮੌਤ ਦੇ ਸਾਏ ਹੇਠ ਜਿਉਂ ਰਿਹਾ ਸੀ, ਸੋ ਅਜਿਹੇ ਹਾਲਾਤ ਵਿੱਚ ਉਸਦਾ ਅੰਤਹਕਰਣ ਕਿਹੋ ਜਿਹਾ ਉਸਰਨਾ ਸੀ ਇਸਦਾ ਅੰਦਾਜ਼ਾ ਤੁਸੀਂ ਬਾਖੂਬੀ ਲਾ ਸਕਦੇ ਹੋ। ਫਿਰ ਜਦ ਉਹ ਪੰਜਾਬ ਛੱਡਦਾ ਹੈ ਤਾਂ ਕੋਈ ਵੀ ਉਸਦਾ ਆਪਣਾ ਉਸਦੇ ਨਾਲ ਜਾਣ ਲਈ ਤਿਆਰ ਨਹੀਂ ਹੈ ਕਿਉਂਕਿ ਸਭ ਨੂੰ ਪਤਾ ਹੈਕਿ ਮਹਾਂਰਾਜੇ ਨੇ ਮੁੜ ਪੰਜਾਬ ਕਦੇ ਨਹੀਂ ਪਰਤਣਾ। ਪੰਜਾਬ ਛੱਡਦਿਆਂ ਹੀ ਉਹ ਇਕੱਲਾ ਹੋ ਗਿਆ ਸੀ। ਉਸ ਵੇਲੇ ਉਹ ਇਕ ਬੱਚਾ ਸੀ। ਜਿਹੜੇ ਰਿਸ਼ਤਿਆਂ ਦਾ ਨਿੱਘ ਉਸ ਉਮਰ ਵਿੱਚ ਲੋੜੀਂਦਾ ਹੁੰਦਾ ਹੈ, ਉਹੀ ਨਿੱਘ ਦਲੀਪ ਸਿੰਘ ਬੇਗਾਨਿਆਂ ਵਿੱਚ ਤਲਾਸ਼ਣ ਲੱਗਾ ਹੋਵੇਗਾ। ਅਜਿਹੀਆਂ ਹਾਲਤਾਂ ਵਿੱਚ ਉਸਦਾ ਇਸਾਈ ਬਣ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਉਸਦੇ ਆਦਾਰਸ਼ ਵੀ ਉਸਦੇ ਆਲੇ-ਦੁਆਲੇ ਲੋਕ ਹੀ ਬਣਨੇ ਸਨ। ਡਾ ਲੋਗਨ ਉਸਦਾ ਗਾਰਡੀਅਨ ਸੀ ਤੇ ਉਹ ਉਸੇ ਵਿੱਚੋਂ ਹੀ ਆਪਣਾ ਪਿਓ ਲੱਭਣ ਲੱਗਾ ਸੀ ਬਲਕਿ ਲੱਭ ਲਿਆ ਸੀ। ਡਾ ਲੋਗਨ ਦੇ ਮਰਨ ਉਪਰ ਉਹ ਇੰਜ ਹੀ ਰੋਇਆ ਜਿਵੇਂ ਕੋਈ ਆਪਣੇ ਪਿਓ ਦੇ ਮਰਨ ‘ਤੇ ਰੋਂਦਾ ਹੈ।

ਮਹਾਂਰਾਜਾ ਦਲੀਪ ਸਿੰਘ ਆਪਣੇ ਅਤੀਤ ਤੋਂ ਕਦੇ ਭਗੌੜਾ ਨਹੀਂ ਸੀ ਹੁੰਦਾ। ਬਚਪੱਨ ਤੋਂ ਹੀ ਉਸ ਨੂੰ ਤਾਹਨੇ-ਮਿਹਣੇ ਸੁਣਨ ਦੀ ਆਦਤ ਪਈ ਹੋਈ ਸੀ। ਕੋਈ ਉਸ ਦੀ ਮਾਂ ਉਪਰ ਇਲਜ਼ਾਮ ਲਾਉਂਦਾ ਕੌੜੇ ਬੋਲ ਬੋਲ ਜਾਂਦਾ ਤੇ ਕੋਈ ਉਸ ਦੇ ਆਪਣੇ ਬਾਰੇ। ਜਦ ਉਹ ਵੱਡਾ ਹੋਇਆ ਤੇ ਪੱਛਮੀ ਮੀਡੀਏ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਕੋਈ ਗੱਲ ਕਰਨ ਤੋਂ ਝਿਜਕਦਾ ਨਹੀਂ ਸੀ। ਇਕ ਵਾਰ ਫਰਾਂਸੀਸੀ ਅਖ਼ਬਾਰ ਦਾ ਨੁਮਾਇੰਦਾ ਉਸ ਨਾਲ ਇੰਟਰਵਿਊ ਕਰ ਰਿਹਾ ਸੀ। ਉਹ ਸਵਾਲ ਕੁਝ ਝਿਜਕ ਕੇ ਪੁੱਛ ਰਿਹਾ ਸੀ ਤਾਂ ਮਹਾਂਰਾਜੇ ਨੇ ਆਪ ਹੀ ਕਹਿ ਦਿੱਤਾ ਕਿ ਮੈਂ ਮਹਾਂਰਾਜਾ ਰਣਜੀਤ ਸਿੰਘ ਦੀ ਸਤਵੀਂ ਪਤਨੀ (ਜਾਂ ਕਿੰਨਵੀ?) ‘ਚੋਂ ਅਠਵਾਂ ਬੇਟਾ ਹਾਂ। ਹੈਰਾਨੀ ਦੀ ਗੱਲ ਇਹ ਹੈਕਿ ਏਨਾ ਕੁਝ ਵਾਪਰਨ ਤੋਂ ਬਾਅਦ ਵੀ ਉਹ ਹਾਵੀ ਰਹਿਣ ਵਾਲੀ ਸ਼ਖਸੀਅਤ ਦਾ ਮਾਲਕ ਬਣਿਆਂ। ਅੜਬ ਤੇ ਜ਼ਿੱਦੀ ਸੁਭਾਅ ਦਾ ਮਾਲਕ ਵੀ ਸੀ। ਉਸ ਦੀ ਜ਼ਿੱਦ ਹੀ ਉਸਦੇ ਦੁਖਦਾਇਕ ਅੰਤ ਦਾ ਕਾਰਨ ਬਣੀ। ਜਦ ਉਹ ਮਰਿਆ ਤਾਂ ਬਿਲਕੁਲ ਇਕੱਲਾ ਸੀ। ਉਸ ਦਾ ਸਹਿਯੋਗੀ, ਪੀ.ਏ. ਜਾਂ ਮੱਦਦਗਾਰ ਅਰੂੜ ਸਿੰਘ ਫਰਾਂਸ ਤੋਂ ਇੰਗਲੈਂਡ ਆਇਆ ਹੋਇਆ ਸੀ। ਉਸ ਨੇ ਹੀ ਕਿਸੇ ਕੰਮ ਭੇਜਿਆ ਸੀ, ਸ਼ਾਇਦ ਉਹ ਇਕੱਲਾ ਮਰਨਾ ਚਾਹੁੰਦਾ ਹੋਵੇ। ਮੈਂ ਉਸ ਦੀ ਮੌਤ ਨੂੰ ਆਪਣੇ ਨਾਵਲ ਵਿੱਚ ਆਪਣੇ ਹਿਸਾਬ ਨਾਲ ਚਿਤਰਿਆ ਹੈ। ਲਿਖਦੇ ਸਮੇਂ ਰੋਣਾ ਕੁਦਰਤੀ ਸੀ। ਹਰ ਭਾਵੁਕ ਲੇਖਕ ਦੁਖ ਨੂੰ ਲਿਖਦੇ ਸਮੇਂ ਜਜ਼ਬਾਤੀ ਹੋ ਹੀ ਜਾਂਦਾ ਹੈ।

ਇਕ ਵਾਰ ਜਦ ਉਹ ਸਕੌਟਲੈਂਡ ਵਿੱਚ ਆਪਣੀ ਇਸਟੇਟ ਵਿੱਚ ਰਹਿ ਰਿਹਾ ਸੀ ਤਾਂ ਉਸਨੇ ਇਕ ਬਿੱਲੀ ਉਪਰ ਗੋਲੀ ਚਲਾ ਦਿੱਤੀ ਤੇ ਬਿੱਲੀ ਮਰ ਗਈ। ਬਿੱਲੀ ਦੀ ਮਾਲਕਣ ਵਿਰਲਾਪ ਕਰਨ ਲੱਗੀ। ਬਹੁਤ ਲੋਕਾਂ ਨੇ ਮਹਾਂਰਾਜੇ ਨੂੰ ਕਿਹਾ ਕਿ ਉਹ ਬਿੱਲੀ ਦੀ ਮਾਲਕਣ ਕੋਲੋਂ ਮੁਆਫੀ ਮੰਗ ਲਵੇ ਪਰ ਉਸਨੇ ਨਾ ਮੰਗੀ। ਇਵੇਂ ਹੀ ਜਦ ਉਸ ਨੇ ਵਾਪਸ ਪੰਜਾਬ ਜਾਣ ਦਾ ਫੈਸਲਾ ਕਰ ਲਿਆ, ਬਹੁਤ ਸਾਰੇ ਦੋਸਤਾਂ ਨੇ ਰੋਕਿਆ ਪਰ ਉਹ ਨਾ ਰੁਕਿਆ। ਹੋਰ ਵੀ ਉਸਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ ਜਿਹੜੀਆਂ ਉਸਦੇ ਜ਼ਿੱਦੀ ਸੁਭਾਅ ਨਾਲ ਜੁੜੀਆਂ ਹੋਈਆਂ ਹਨ। ਉਸਦਾ ਵਿਆਹ ਵੀ ਕਿਸੇ ਹੱਦ ਤੱਕ ਜ਼ਿੱਦ ਨਾਲ ਹੀ ਜੁੜਦਾ ਦਿਸਦਾ ਹੈ। ਮਹਾਂਰਣੀ ਵਿਕਟੋਰੀਆ ਉਸਦਾ ਵਿਆਹ ਗਰਾਹਿਮਾ ਨਾਂ ਦੀ ਇਕ ਭਾਰਤੀ ਕੁੜੀ ਨਾਲ ਕਰਨੀ ਚਾਹੁੰਦੀ ਸੀ। ਗਰਾਹਿਮਾ ਵੀ ਮਹਾਂਰਜੇ ਵਾਂਗ ਇਕ ਭਾਰਤੀ ਰਾਜੇ ਦੀ ਕੁੜੀ ਸੀ ਤੇ ਵਿਕਟੋਰੀਆ ਦੀ ਦੇਖ-ਰੇਖ ਹੇਠ ਸੀ ਪਰ ਮਹਾਂਰਾਜੇ ਨੂੰ ਉਹ ਕੁੜੀ ਪਸੰਦ ਨਹੀਂ ਸੀ। ਮਹਾਂਰਾਜਾ ਇਕ ਤੇਜ਼-ਤਰਾਰ ਨੌਜਵਾਨ ਸੀ ਤੇ ਗਰਾਹਿਮਾ ਸਿੱਧੀ-ਸਾਦੀ। ਮਹਾਂਰਾਜਾ ਇਕ ਗੋਰੀ ਕੁੜੀ ਨੂੰ ਪਸੰਦ ਕਰਦਾ ਸੀ ਜਿਸਦਾ ਕੁਝ ਗੋਰੇ ਅੰਦਰੋ-ਗਤੀ ਵਿਰੋਧ ਕਰਦੇ ਸਨ। ਫਿਰ ਮਹਾਂਰਾਣੀ ਜਿੰਦ ਕੌਰ ਇੰਗਲੈਂਡ ਆ ਗਈ। ਉਸਨੇ ਮਹਾਂਰਾਜੇ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਭਾਰਤੀ ਕੁੜੀ ਨਾਲ ਹੀ ਵਿਆਹ ਕਰਾਵੇ। ਜਦ ਉਹ ਮਹਾਂਰਾਣੀ ਜਿੰਦ ਕੌਰ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਭਾਰਤ ਜਾ ਰਿਹਾ ਸੀ ਤਾਂ ਰਾਹ ਵਿੱਚ ਉਸਦਾ ਜਹਾਜ਼ (ਪਾਣੀ ਵਾਲਾ) ਅਲੈਗਜ਼ੈਂਡਰੀਆ (ਮਿਸਰ) ਰੁਕਿਆ ਤਾਂ ਉਥੇ ਹੀ ਉਸਨੇ ਮਹਾਂਰਾਣੀ ਬੰਬਾਂ ਨੂੰ ਦੇਖਿਆ। ਬੰਬਾਂ ਚਰਚ ਵਿੱਚ ਪ੍ਰਾਰਥਨਾ ਕਰ ਰਹੀ ਸੀ। ਇਥੇ ਦਸਦਾ ਜਾਵਾਂ ਕਿ ਮਹਾਂਰਾਜਾ ਕੱਟੜ ਇਸਾਈ ਸੀ ਤੇ ਚਰਚਾਂ ਆਦਿ ਨੂੰ ਬਹੁਤ ਸਾਰਾ ਦਾਨ ਕਰਿਆ ਕਰਦਾ ਸੀ। ਮਹਾਂਰਾਜਾ ਉਸ ਚਰਚ ਵਿੱਚ ਵੀ ਕੁਝ ਅਜਿਹੀ ਮਨਸ਼ਾ ਨਾਲ ਗਿਆ ਸੀ। ਮਹਾਂਰਾਜੇ ਨੂੰ ਭੁਲੇਖਾ ਪਿਆ ਕਿ ਪ੍ਰਰਾਥਨਾ ਕਰਦੀ ਕੁੜੀ ਭਾਰਤੀ ਮੂਲ ਦੀ ਹੈ। ਉਸਦਾ ਰੰਗ ਜ਼ਰੂਰ ਗੰਦਵੀਂ (ਭਾਰਤੀ) ਸੀ ਪਰ ਉਹ ਜਰਮਨ ਪਿਓ ਤੇ ਇਥੋਪੀਅਨ ਮਾਂ ਦੀ ਧੀ ਸੀ। ਕਾਲੇ ਤੇ ਗੋਰੇ ਰੰਗ ਦੇ ਸੁਮੇਲ ਤੋਂ ਉਸ ਦਾ ਰੰਗ ਭਾਰਤੀ ਬਣ ਗਿਆ ਸੀ। ਬੰਬਾਂ ਉਸ ਵੇਲੇ ਪੰਦਰਾਂ ਕੁ ਸਾਲ ਦੀ ਹੀ ਸੀ। ਮਹਾਂਰਾਜੇ ਦੀ ਹਾਵੀ ਰਹਿਣ ਵਾਲੀ ਸ਼ਖਸੀਅਤ ਮੁਹਰੇ ਬੰਬਾਂ ਦਾ ਵਿਅਕਤੀਤੱਵ ਕਦੇ ਉਭਰ ਨਾ ਸਕਿਆ, ਇਸੇ ਲਈ ਇਤਿਹਾਸ ਵਿੱਚ ਉਸਦਾ ਜ਼ਿਕਰ ਸੀਮਤ ਜਿਹਾ ਰਹਿ ਜਾਂਦਾ ਹੈ।

ਮਹਾਂਰਾਣੀ ਜਿੰਦ ਕੌਰ ਦੇ ਇੰਗਲੈਂਡ ਆਉਣ ਤੋਂ ਬਾਅਦ ਮਹਾਂਰਾਜੇ ਦੀ ਸ਼ਖਸੀਅਤ ਵਿੱਚ ਬਦਲਾਓ ਆਉਣੇ ਸ਼ੁਰੂ ਹੋ ਗਏ ਸਨ। ਮਹਾਂਰਾਣੀ ਨੇ ਉਸਨੂੰ ਚੇਤੇ ਕਰਾਇਆ ਕਿ ਉਸਦਾ ਅਸਲ ਕੀ ਹੈ। ਅੰਗਰੇਜ਼ਾਂ ਨੇ ਪੰਜਾਬ ਦੱਬਣ ਦੇ ਨਾਲ-ਨਾਲ ਉਸ ਦੇ ਪੁਰਖਿਆਂ ਦੀ ਜਾਇਦਾਦ ਵੀ ਦੱਬ ਲਈ ਸੀ ਜਿਸਦਾ ਉਹ ਉਤਰ-ਅਧਿਕਾਰੀ ਸੀ। ਮਹਾਂਰਾਣੀ ਜਿੰਦ ਕੌਰ ਨੇ ਉਸਨੂੰ ਸਾਖੀ ਸੁਣਾ ਕੇ ਉਸ ਵਿੱਚ ਅਜਿਹਾ ਜੋਸ਼ ਭਰਿਆ ਕਿ ਉਸਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਵਿੱਢਣ ਲਈ ਤਿਆਰ ਹੋ ਗਿਆ। ਇਸ ਬਾਰੇ ਅੰਗਰੇਜ਼ ਸਰਕਾਰ ਨੂੰ ਬਹੁਤ ਫਿਕਰ ਪੈ ਗਿਆ ਸੀ, ਨਤੀਜਾ ਇਹ ਨਿਕਲਿਆ ਕਿ ਉਸਨੂੰ ਮਹਾਂਰਾਣੀ ਤੋਂ ਦੂਰ ਕਰ ਦਿੱਤਾ ਗਿਆ। ਮਾਂ-ਪੁੱਤ ਦੀਆਂ ਮਿਲਣੀਆਂ ਬਹੁਤ ਸੀਮਤ ਕਰ ਦਿੱਤੀਆਂ ਤੇ ਉਹਨਾਂ ਉਪਰ ਨਿਗਾਹ ਰੱਖੀ ਜਾਣ ਲੱਗੀ। ਮਹਾਂਰਾਣੀ ਨੂੰ ਸਲੋਅ-ਪੁਆਜ਼ਿਨ ਦੇਣੀ ਸ਼ੁਰੂ ਕਰ ਦਿੱਤੀ ਸੀ ਤੇ ਬਿਨਾਂ ਕਿਸੇ ਵੱਡੀ ਬਿਮਾਰੀ ਦੇ ਮਹਾਂਰਾਣੀ ਦੀ ਬਹੁਤ ਜਲਦੀ ਮੌਤ ਹੋ ਗਈ।

ਮਹਾਂਰਾਜਾ ਦਲੀਪ ਸਿੰਘ ਦੀ ਸ਼ਖਸੀਅਤ ਦਾ ਇਕ ਹੋਰ ਪੱਖ ਵੀ ਸੀ ਜਿਸ ਬਾਰੇ ਕਦੇ ਗੱਲ ਨਹੀਂ ਹੋਈ। ਉਹ ਕਲਾਕਾਰ ਵੀ ਸੀ। ਉਸਨੇ ਇਕ ਓਪੇਰਾ ਵੀ ਕੰਡੱਕਟ ਕੀਤਾ ਸੀ। ਓਪੇਰਾ ਕੰਡੱਕਟ ਕਰਨ ਦਾ ਮਤਲਬ ਕਿ ਉਹਨੂੰ ਸੰਗੀਤ ਦੀ ਬਹੁਤ ਡੂੰਘੀ ਸਮਝ ਹੋਣੀ ਚਾਹੀਦੀ ਹੈ ਤੇ ਸਾਜ਼ ਵੀ ਜ਼ਰੂਰ ਵਜਾ ਲੈਂਦਾ ਹੋਵੇਗਾ। ਉਹ ਕਿਤਾਬਾਂ ਵੀ ਬਹੁਤ ਪੜ੍ਹਦਾ ਸੀ। ਰੂਸ ਨੂੰ ਜਾਂਦਿਆਂ ਬਾਰਡਰ ਦੇ ਰੇਲਵੇ ਸਟੇਸ਼ਨ ਉਪਰਲੀ ਕਿਤਾਬਾਂ ਦੀ ਦੁਕਾਨ ‘ਤੇ ਕਿਤਾਬ ਖਰੀਦਣ ਜਾਂਦਾ ਹੈ ਤਾਂ ਦੁਕਾਨਦਾਰ ਨੂੰ ਹੈਰਾਨੀ ਨਾਲ ਆਖਦਾ ਹੈਕਿ ਤੁਹਾਡੇ ਕੋਲ ਬਾਲਜ਼ਾਕ ਤੋਂ ਬਿਨਾਂ ਕਿਸੇ ਹੋਰ ਲੇਖਕ ਦੀ ਕਿਤਾਬ ਹੀ ਨਹੀਂ। ਉਹ ਡਾਂਸ ਕਲੱਬਾਂ ਵਿੱਚ ਅਕਸਰ ਜਾਇਆ ਕਰਦਾ ਸੀ ਤੇ ਡਾਂਸ ਦਾ ਮਾਹਰ ਵੀ ਸੀ। ਆਪਣੇ ਗਾਰਡੀਅਨ ਡਾ ਲੋਗਨ ਦੇ ਮਰਨ ਤੋਂ ਬਾਅਦ ਜਦ ਉਹ ਲੇਡੀ ਲੇਨਾ ਲੋਗਨ ਨੂੰ ਮਿਲਣ ਗਿਆ ਤਾਂ ਉਥੇ ਲੇਨਾ ਦੀ ਭੈਣ ਵੀ ਸੀ। ਜਿਵੇਂ ਗੋਰਿਆਂ ਦੇ ਰਿਵਾਜ ਹੈਕਿ ਅਜਿਹੇ ਅਫਸੋਸ ਵੇਲੇ ਸ਼ਰਾਬ ਪੀਂਦੇ ਹਨ। ਸ਼ਰਾਬ ਪੀਂਦਿਆਂ ਲੇਨਾ ਦੀ ਭੈਣ ਪਿਆਨੋ ਵਜਾਉਣ ਲੱਗੀ ਤੇ ਮਹਾਂਰਾਜਾ ਦਲੀਪ ਸਿੰਘ ਡਾਂਸ ਕਰਨ ਲੱਗ ਪਿਆ ਤੇ ਘੰਟਿਆਂ ਬੱਧੀ ਨੱਚਦਾ ਰਿਹਾ।

ਮਹਾਂਰਾਜੇ ਨੂੰ ਦੁਨੀਆ ਦੀ ਉਸ ਵੇਲੇ ਦੀ ਸਿਆਸਤ ਤੇ ਇਤਿਹਾਸ ਦੀ ਡੂੰਘੀ ਸਮਝ ਸੀ। ਉਸ ਨੂੰ ਪਤਾ ਸੀ ਕਿ ਫਰਾਂਸ ਤੇ ਰੂਸ ਇੰਗਲੈਂਡ ਦੇ ਦੁਸ਼ਮਣ ਹਨ ਇਸ ਲਈ ਉਹ ਇੰਗਲੈਂਡ ਦੀ ਸਰਕਾਰ ਵਿਰੁਧ ਲੜਾਈ ਛੇੜ ਕੇ ਫਰਾਂਸ ਚਲੇ ਜਾਂਦਾ ਹੈ। ਉਸ ਨੂੰ ਪਤਾ ਹੈਕਿ ਅਜਿਹੀ ਸਥਿਤੀ ਵਿੱਚ ਉਹ ਫਰਾਂਸ ਵਿੱਚ ਹੀ ਸੁਰੱਖਿਅਤ ਹੋਵੇਗਾ। ਫਿਰ ਅਗਲੇਰੀ ਮੱਦਦ ਮੰਗਣ ਉਹ ਰੂਸ ਕੋਲ ਜਾਂਦਾ ਹੈ। ਰੂਸ ਦੇ ਜ਼ਾਰ ਨੂੰ ਮਿਲਣ ਲਈ ਉਹ ਤੜਫਦਾ ਹੈ। ਉਹ ਹਿੰਦੁਸਤਾਨ ਜ਼ਮੀਨੀ ਰਾਹ ਰਾਹੀਂ ਪੁੱਜਣ ਦੀਆਂ ਤਿਆਰੀਆਂ ਕਰਦਾ ਹੈ। ਉਸਦੀ ਅੰਗਰੇਜ਼ਾਂ ਖਿਲਾਫ ਵਿੱਢੀ ਇਸ ਲੜਾਈ ਨੂੰ ਬਹੁਤ ਸਾਰੇ ਲੋਕ ਗਦਰੀ ਬਾਬਿਆਂ ਨਾਲ ਵੀ ਜੋੜਦੇ ਹਨ ਪਰ ਇਹ ਸ਼ਾਇਦ ਸਹੀ ਨਾ ਹੋਵੇ। ਉਸ ਦੀ ਇਸ ਲੜ੍ਹਾਈ ਨੂੰ ਪੱਛਮੀ ਲੇਖਕ ਤਾਂ ਸਦਾ ਘਟਾ ਕੇ ਦੇਖਦੇ ਹੀ ਹਨ ਪਰ ਸਾਡੇ ਲੇਖਕਾਂ ਨੇ ਵੀ ਇਸ ਉਪਰ ਪੂਰੀ ਤਰ੍ਹਾਂ ਖੋਜ ਨਹੀਂ ਕੀਤੀ। ਕੁਝ ਲੋਕ ਉਸ ਦੇ ਮੁਟਾਪੇ ਨੂੰ ਲੈਕੇ ਉਸ ‘ਤੇ ਵਿਅੰਗ ਕਸਦੇ। ਉਸਨੂੰ ਨਿਕੰਮਾ ਜਾਂ ਅਲਗਰਜ਼ ਸਿੱਧ ਕਰਨ ਲਈ ਕੁਝ ਕਲਾਕਾਰਾਂ ਨੇ ਉਸਦੇ ਅਜਿਹੇ ਪੋਰਟਰੇਟ ਬਣਾਏ ਜਾਂ ਬਣਵਾਏ ਗਏ ਕਿ ਉਹ ਬਹੁਤ ਕੋਝਾ ਲੱਗੇ।

ਮਹਾਂਰਾਜਾ ਬਹੁਤ ਵਧੀਆ ਘੋੜ ਸਵਾਰ ਸੀ। ਉਹ ਘੋੜੇ ਨੂੰ ਦੌੜਾ ਕੇ ਉਸ ਉਪਰ ਚੜ੍ਹਿਆ ਕਰਦਾ ਸੀ। ਉਹ ਉੱਤਮ ਦਰਜੇ ਦਾ ਸ਼ਿਕਾਰੀ ਵੀ ਸੀ। ਉਸ ਦੀ ਐਲਵੇਡਨ ਇਸਟੇਟ ਬਹੁਤ ਵਧੀਆ ਸ਼ਿਕਾਰਗਾਹ ਸੀ ਜਿਥੇ ਸ਼ਾਹੀ ਪਰਿਵਾਰ ਦੇ ਲੋਕ ਸ਼ਿਕਾਰ ਖੇਡਣ ਜਾਇਆ ਕਰਦੇ ਸਨ। ਉਸ ਦੀ ਐਲਵੇਡਨ ਇਸਟੇਟ ਅਠਾਰਾਂ ਹਜ਼ਾਰ ਏਕੜ ਵਿੱਚ ਛਾਈ ਹੋਈ ਸੀ, ਇਸ ਦੇ ਮੁਰੱਬੇ ਪਤਾ ਨਹੀਂ ਕਿੰਨੇ ਬਣਨਗੇ। ਇਸ ਇਸਟੇਟ ਨੂੰ ਪਾਰ ਕਰਨ ਲਈ ਤਕਰੀਬਨ ਪੰਜਾਹ ਮੀਲ ਦਾ ਸਫਰ ਤੈਅ ਕਰਨਾ ਪੈਂਦਾ ਸੀ। ਉਹ ਆਪਣੀ ਇਸਟੇਟ ਦੇ ਪਿੰਡਾਂ ਵਿੱਚ ਬਹੁਤ ਹਰਮਨ ਪਿਆਰਾ ਸੀ। ਇਹੀ ਕਾਰਨ ਹੈਕਿ ਇਸ ਇਲਾਕੇ ਦੇ ਲੋਕ ਅੱਜ ਵੀ ਉਸ ਨੂੰ ਚੇਤੇ ਕਰਦੇ ਹਨ।

ਮਹਾਂਰਾਜੇ ਦੀ ਸ਼ਖਸੀਅਤ ਦੇ ਬਹੁਤ ਸਾਰੇ ਅਜਿਹੇ ਪਹਿਲੂ ਹਨ ਜੋ ਉਭਰ ਕੇ ਸਾਹਮਣੇ ਨਹੀਂ ਆਉਂਦੇ। ਮੈਂ ਆਪਣੇ ਨਾਵਲ ਇਹਨਾਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਪਾਸੇ ਹੋਰ ਕੰਮ ਕਰਨ ਦੀ ਲੋੜ ਹੈ। ਉਸ ਨੂੰ ਨਕਾਰਾਨ ਜਾਂ ਉਸ ਦੀ ਨਖੇਧੀ ਕਰਨ ਨਾਲੋਂ ਉਸ ਬਾਰੇ ਹਮਦਰਦੀ ਨਾਲ ਸੋਚਣ ਦੀ ਲੋੜ ਹੈ।

bottom of page