top of page
Writer's pictureਸ਼ਬਦ

ਯੂਕੇ ਵਿੱਚ ਛੋਟੇ ਸ਼ਿਕਾਰ ਦੀ ਖੇਡ /

ਹਰਜੀਤ ਅਟਵਾਲ /

ਸ਼ਿਕਾਰ ਕਰਨਾ ਮਨੁੱਖ ਦਾ ਪਹਿਲਾ ਕਿੱਤਾ ਰਿਹਾ ਹੈ। ਜਦ ਤੱਕ ਉਸਨੇ ਜੰਗਲੀ ਜਾਨਵਰਾਂ ਨੂੰ ਪਾਲਤੂ ਬਣਾਕੇ ਖੇਤੀ ਲਈ ਜਾਂ ਦੁੱਧ ਲਈ ਨਹੀਂ ਵਰਤਣਾ ਸ਼ੁਰੂ ਕੀਤਾ ਉਦੋਂ ਤੱਕ ਉਹ ਸ਼ਿਕਾਰ ਨਾਲ ਹੀ ਪੇਟ ਭਰਦਾ ਆਇਆ ਹੈ। ਹੌਲੀ-ਹੌਲੀ ਮਨੁੱਖ ਨੇ ਬਸਤੀਆਂ ਵਸਾ ਲਈਆਂ ਤੇ ਸ਼ਿਕਾਰ ਕਰਨਾ ਸ਼ਿਕਾਰ ਖੇਡਣਾ ਵਿੱਚ ਤਬਦੀਲ ਹੋ ਗਿਆ। ਸ਼ੇਰ ਦਾ ਜਾਂ ਹੋਰ ਖਤਰਨਾਕ ਜਾਨਵਰਾਂ ਦਾ ਸ਼ਿਕਾਰ ਕਰਨਾ ਮਨੁੱਖ ਦੀ ਬਹਾਦਰੀ ਦੀ ਨਿਸ਼ਾਨੀ ਰਿਹਾ ਹੈ। ਪੁਰਾਣੇ ਜ਼ਮਾਨੇ ਵਿੱਚ ਰਾਜੇ-ਰਾਣੇ ਅਜਿਹੇ ਜਾਨਵਰਾਂ ਦੇ ਸ਼ਿਕਾਰ ਲਈ ਨਿਕਲਦੇ ਸਨ। ਇਹਨਾਂ ਸ਼ਿਕਾਰੀਆਂ ਕਾਰਨ ਹੀ ਬਹੁਤ ਸਾਰੇ ਜੀਵਾਂ ਦੀਆਂ ਕਿਸਮਾਂ ਧਰਤੀ ਤੋਂ ਖਤਮ ਹੋ ਗਈਆਂ ਹਨ ਜਾਂ ਖਤਮ ਹੋ ਰਹੀਆਂ ਹਨ। ਇਸੇ ਕਾਰਨ ਹੀ ਹੁਣ ਸ਼ਿਕਾਰੀਆਂ ਖਿਲਾਫ ਬਹੁਤ ਸਾਰੀਆਂ ਸੰਸਥਾਵਾਂ ਬਣ ਗਈਆਂ ਹੋਈਆਂ ਹਨ। ਉਹਨਾਂ ਦੇ ਪ੍ਰਦਰਸ਼ਨਾਂ ਕਾਰਨ ਹੀ ਸਰਕਾਰਾਂ ਹੁਣ ਕਈ ਕਿਸਮ ਦੀ ਹੰਟਿੰਗ ਉਪਰ ਪਾਬੰਦੀਆਂ ਲਾ ਰਹੀਆਂ ਹਨ।

ਅਰਿਸਟੌਟਲ ਆਖਦਾ ਹੈ ਕਿ ਕੁਝ ਜਾਨਵਰ ਸ਼ਿਕਾਰ ਕਰਨ ਲਈ ਢੁਕਵੇਂ ਹੁੰਦੇ ਹਨ ਤੇ ਕੁਝ ਸ਼ਿਕਾਰ ਬਣਨ ਲਈ। ਰੱਬ ਨੇ ਸ਼ਿਕਾਰੀ ਜਾਨਵਰ ਬਿਹਤਰ ਬਣਾਏ ਹਨ। ਸ਼ਿਕਾਰ ਲਈ ਜਾਣਾ ਮਨੁੱਖ ਲਈ ਹਮੇਸ਼ਾਂ ਹੀ ਰੁਮਾਂਚਿਤ ਰਿਹਾ ਹੈ। ਇਸ ਨਾਲ ਜੁੜੀਆਂ ਅਨੇਕਾਂ ਕਹਾਵਤਾਂ ਵੀ ਬਣੀਆਂ ਹੋਈਆਂ ਹਨ ਜਿਵੇਂ ਕਿ ਪਹਿਲੇ ਦਿਨ ਤਾਂ ਹਰ ਕਿਸੇ ਨੂੰ ਸ਼ਿਕਾਰ ਲੱਭ ਜਾਂਦਾ ਹੈ, ਮੱਛੀ ਦਾ ਸ਼ਿਕਾਰ ਤੁਹਾਨੂੰ ਸਬਰ ਸਿਖਾਉਂਦਾ ਹੈ, ਸ਼ਿਕਾਰੀ ਆਪਣੀ ਸ਼ਿਕਾਰਗਾਹ ਦਾ ਭੇਦ ਬਹੁਤ ਘੱਟ ਦਿੰਦਾ ਹੈ, ਸ਼ਿਕਾਰ ਕਰਨਾ ਤੁਹਾਨੂੰ ਆਪਣਾ ਮਾਲਕ ਬਣਨਾ ਸਿਖਾਉਂਦਾ ਹੈ।

ਮਨੁੱਖ ਸ਼ਿਕਾਰ ਲਈ ਕਈ ਤਰ੍ਹਾਂ ਦੇ ਹਥਿਆਰ ਵਰਤਦਾ ਆਇਆ ਹੈ, ਖਾਸ ਕਰਕੇ ਤੀਰ-ਕਮਾਣ। ਕਿਹਾ ਜਾਂਦਾ ਹੈ ਕਿ ਤੀਰ-ਕਮਾਣ ਤੇ ਮਨੁੱਖ ਦਾ ਇਤਿਹਾਸ ਇਕੋ ਜਿੰਨਾ ਪੁਰਾਣਾ ਹੈ। ਫਿਰ ਮਨੁੱਖ ਨੇ ਸ਼ਿਕਾਰ ਕਰਨ ਲਈ ਜਾਨਵਰ ਵੀ ਸਿਧਾ ਲਏ। ਕੁੱਤੇ ਤੇ ਮਨੁੱਖ ਦੀ ਦੋਸਤੀ ਦਾ ਅਰੰਭ ਵੀ ਸ਼ਿਕਾਰ ਕਰਕੇ ਹੀ ਹੋਇਆ ਜਾਪਦਾ ਹੈ। ਬਾਜ਼ ਵੀ ਮਨੁੱਖ ਦੇ ਸ਼ਿਕਾਰ ਦਾ ਸਾਥੀ ਬਣਦਾ ਹੈ। ਪੂਰਬੀ ਯੌਰਪ ਵਿੱਚ ਸ਼ਿਕਾਰੀ ਬਾਜ਼ ਨਾਲ ਲੂੰਬੜੀ ਤੇ ਜੰਗਲੀ ਬਕਰੀਆਂ ਦਾ ਸ਼ਿਕਾਰ ਕਰਦੇ ਹਨ। ਅੱਜ ਦੀ ਦੁਨੀਆਂ ਵਿੱਚ ਸ਼ੇਰ-ਚੀਤੇ ਵਰਗੇ ਜਾਨਵਰਾਂ ਦਾ ਸ਼ਿਕਾਰ ਕਰਨ ਦੀ ਮਨਾਹੀ ਹੈ ਪਰ ਛੋਟੇ ਜਾਨਵਰਾਂ ਦਾ ਸ਼ਿਕਾਰ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ। ਛੋਟੇ ਜਾਨਵਰਾਂ ਤੋਂ ਭਾਵ ਜੋ ਮਨੁੱਖ ‘ਤੇ ਹਮਲਾ ਨਹੀਂ ਕਰਦੇ ਜਾਂ ਜਿਹੜੇ ਜਾਨਵਰ ਮਨੁੱਖ ਦੇ ਖਾਣੇ ਦਾ ਹਿੱਸਾ ਵੀ ਬਣ ਸਕਦੇ ਹਨ।

ਯੂਕੇ ਵਿੱਚ ਛੋਟਾ ਸ਼ਿਕਾਰ ਕਾਫੀ ਪ੍ਰਚੱਲਤ ਹੈ। ਇਥੇ ਖਤਰਨਾਕ ਜਾਨਵਰਾਂ ਦੇ ਕਦੇ ਵੀ ਹੋਣ ਦੇ ਖਾਸ ਸਬੂਤ ਨਹੀਂ ਮਿਲਦੇ। ਯੂਕੇ ਦੇ ਨਿੱਕੇ ਜਿਹੇ ਜਜ਼ੀਰੇ ਜਰਸੀ ਵਿੱਚ ਵੱਡੇ ਜਾਨਵਰਾਂ ਦੇ ਰਹਿਣ ਦੇ ਕੁਝ ਨਿਸ਼ਾਨ ਜ਼ਰੂਰ ਮਿਲਦੇ ਹਨ। ਅਜਿਹੇ ਨਿਸ਼ਾਨ ਵੀ ਮਿਲਦੇ ਹਨ ਕਿ ਬਰਫ-ਯੁੱਗ ਦਾ ਮਨੁੱਖ ਉਹਨਾਂ ਨੂੰ ਘੇਰ ਕੇ ਵੱਡੀ ਪਹਾੜੀ ਤੋਂ ਡੇਗ, ਉਹਨਾਂ ਦਾ ਸ਼ਿਕਾਰ ਕਰਦਾ ਸੀ। ਅੱਜ ‘ਹੰਟਿੰਗ’ (ਸ਼ਿਕਾਰ ਕਰਨਾ) ਸ਼ਬਦ ਇਕ ਟਰਮ ਬਣ ਚੁੱਕਾ ਹੈ ਜੋ ਕੁੱਤਿਆਂ ਨਾਲ ਸ਼ਿਕਾਰ ਖੇਡਣ ਲਈ ਵਰਤੀ ਜਾਂਦੀ ਹੈ। ਇਵੇਂ ਹੀ ‘ਗੇਮ’ ਸ਼ਬਦ ਪੰਛਿਆਂ ਦੇ ਸ਼ਿਕਾਰ ਲਈ ਵਰਤੀ ਜਾਂਦੀ ਟਰਮ ਹੈ। ਹੰਟਿੰਗ ਵਿੱਚ ਲੂੰਬੜੀ, ਖਰਗੋਸ਼, ਹਿਰਨ, ਜੰਗਲੀ-ਸੂਰ ਆਦਿ ਆਉਂਦੇ ਹਨ। ਗੇਮ ਵਿੱਚ ਕਈ ਕਿਸਮ ਦੇ ਤਿੱਤਰ, ਕਬੂਤਰ, ਜੰਗਲੀ-ਬਤਖਾਂ, ਮੁਰਗਾਬੀਆਂ, ਮੱਗ ਆਦਿ ਗਿਣੇ ਜਾਂਦੇ ਹਨ। ਅੱਜਕੱਲ੍ਹ ਲੋਕ ਸ਼ਿਕਾਰ ਤਫਰੀਹ ਲਈ ਖੇਡਦੇ ਹਨ। ਸੋ ਇਸਨੂੰ ਸ਼ਿਕਾਰ ਕਰਨਾ ਨਹੀਂ ਕਿਹਾ ਜਾ ਸਕਦਾ। ਯੂਕੇ ਦੀ ਸ਼ਿਕਾਰ ਨਾਲ ਸੰਬੰਧਤ ਸੰਸਥਾ ‘ਬ੍ਰਿਟਿਸ਼ ਅਸੌਸੀਏਸ਼ਨ ਫਾਰ ਸ਼ੂਟਿੰਗ ਐਂਡ ਕਨਜ਼ਰਵੇਸ਼ਨ’ ਅਨੁਸਾਰ ਹਰ ਸਾਲ ਯੂਕੇ ਵਿੱਚ ਦਸ ਲੱਖ ਤੋਂ ਵੱਧ ਲੋਕ ਸ਼ਿਕਾਰ ਖੇਡਦੇ ਹਨ। ਇਸ ਖੇਡ ਵਿੱਚ ਬਹੁਤੀ ਵਾਰ ਕੁੱਤਿਆਂ ਤੇ ਸ਼ੌਰਟ-ਗੰਨਾਂ ਨੂੰ ਵਰਤਿਆ ਜਾਂਦਾ ਹੈ। ਇਸ ਖੇਡ ਵਿੱਚ ਸ਼ਿਕਾਰੀ ਕੁੱਤਿਆਂ ਨਾਲੋਂ ਖੰਦੇ-ਕੁੱਤੇ ਵਧੇਰੇ ਵਰਤੇ ਜਾਂਦੇ ਹਨ ਜੋ ਸ਼ਿਕਾਰ ਨੂੰ ਉਠਾਉਂਦੇ ਹਨ। ਇਹ ਖਾਸ ਕਿਸਮ ਦੇ ਕੁੱਤੇ ਤਿੰਨ ਹਜ਼ਾਰ ਸਾਲ ਪਹਿਲਾਂ ਰੋਮਨ ਆਪਣੇ ਨਾਲ ਲਿਆਏ ਸਨ। ਰੋਮਨਾਂ ਨੇ ਬਾਅਦ ਵਿੱਚ ਭੂਰੇ ਰੰਗ ਦੇ ਖਰਗੋਸ਼, ਵਿਸ਼ੇਸ਼ ਨਸਲ ਦੇ ਹਿਰਨ ਤੇ ਜੰਗਲੀ ਸੂਰ ਵੀ ਲਿਆ ਕੇ ਛੱਡੇ। ਇੰਜ ਕਰਨ ਦਾ ਉਹਨਾਂ ਦਾ ਮਕਸਦ ਵੀ ਸ਼ਿਕਾਰ-ਗਾਹਾਂ ਕਾਇਮ ਕਰਨਾ ਸੀ।

ਪੂਰਬੀ ਇੰਗਲੈਂਡ ਦੇ ਨੌਰਫੋਕ ਸ਼ਹਿਰ ਵਿੱਚ ਸ਼ਿਕਾਰ ਨਾਲ ਜੁੜੀ ਪਹਿਲੀ ਘਟਨਾ 1534 ਵਿੱਚ ਰਜਿਸਟਰ ਹੁੰਦੀ ਹੈ। ਉਥੇ ਲੂੰਬੜੀਆਂ ਏਨੀਆਂ ਵੱਧ ਗਈਆਂ ਸਨ ਕਿ ਕਿਸਾਨਾਂ ਦਾ ਨੁਕਸਾਨ ਕਰਨ ਲਗੀਆਂ ਸਨ। ਇਹਨਾਂ ਦਾ ਸ਼ਿਕਾਰ ਖੇਡਿਆ ਜਾਣ ਲੱਗਾ। ਨਹੀਂ ਤਾਂ ਲੂੰਬੜੀ ਅਜਿਹਾ ਜਾਨਵਰ ਹੈ ਜਿਸ ਦਾ ਮਾਸ ਆਮ ਨਹੀਂ ਖਾਧਾ ਜਾਂਦਾ। ਸਬੂਤ ਮਿਲਦੇ ਹਨ ਕਿ ਸਤਾਰਵੀਂ ਸਦੀ ਵਿੱਚ ਕੁੱਤਿਆਂ ਨੂੰ ਲੂੰਬੜੀਆਂ ਦਾ ਸ਼ਿਕਾਰ ਕਰਨਾ ਸਿਖਾਇਆ ਜਾਂਦਾ ਸੀ। ਉਦੋਂ ਕੁ ਹੀ ਲੋਕ ਗਰੁੱਪ ਬਣਾਕੇ ਸ਼ਿਕਾਰ ਲਈ ਨਿਕਲਣ ਲੱਗੇ ਤੇ ਸ਼ਿਕਾਰ ਖੇਡਣ ਲਈ ਸੰਸਥਾਵਾਂ ਬਣਨ ਲੱਗੀਆਂ। ਤੇ ਨਾਲ ਹੀ ਸ਼ਿਕਾਰ-ਗਾਹਾਂ ਉਸਰਨ ਲੱਗੀਆਂ ਜਿਥੇ ਸ਼ਿਕਾਰ ਕਰਨ ਲਈ ਪੰਛੀਆਂ ਤੇ ਜਾਨਵਰਾਂ ਨੂੰ ਪਾਲਿਆ ਜਾਂਦਾ ਸੀ। ਅੱਜ ਵਾਲਾ ਹਾਈਡ-ਪਾਰਕ ਕਿਸੇ ਵੇਲੇ ਇੰਗਲੈਂਡ ਦੇ ਮਹਾਂਰਾਜੇ ਦੀ ਸ਼ਿਕਾਰ-ਗਾਹ ਹੋਇਆ ਕਰਦਾ ਸੀ। ਅਠਾਰਵੀਂ-ਉਨੀਵੀਂ ਸਦੀ ਵਿੱਚ ਸ਼ੌਰਟ-ਗੰਨ ਵਿੱਚ ਕਾਫੀ ਸਾਰੇ ਸੁਧਾਰ ਹੋ ਜਾਣ ਕਾਰਨ ਇਹ ਸ਼ਿਕਾਰ ਲਈ ਬਹੁਤੀ ਵਰਤੀ ਜਾਣ ਲੱਗੀ। ਹੁਣ ਤੱਕ ਸਰਕਾਰ ਨੇ ਵਾਈਲਡ-ਲਾਈਫ ਬਾਰੇ ਚਿੰਤਾ ਕਰਦਿਆਂ ਇਸ ਬਾਰੇ ਸਖਤ ਕਾਨੂੰਨ ਬਣਾ ਦਿੱਤੇ ਸਨ। ਸਰਕਾਰ ਦੀ ਆਗਿਆ ਬਿਨਾਂ ਸ਼ਿਕਾਰ ਨਹੀਂ ਸੀ ਖੇਡਿਆ ਜਾ ਸਕਦਾ। 1831 ਵਿੱਚ ਸਰਕਾਰ ਨੇ ਗੇਮ-ਲਾਅ ਕੁਝ ਨਰਮ ਕਰ ਦਿੱਤਾ ਜਿਸ ਨਾਲ ਇਜਾਜ਼ਤ ਲੈਣੀ ਕੁਝ ਸੌਖੀ ਹੋ ਗਈ। ਪਰ ਕਿਸੇ ਦੀ ਮਲਕੀਅਤ ਅੰਦਰ ਮਾਲਕ ਦੀ ਮਰਜ਼ੀ ਬਿਨਾਂ ਸ਼ਿਕਾਰ ਨਹੀਂ ਸੀ ਖੇਡਿਆ ਜਾ ਸਕਦਾ, ਅੱਜ ਵੀ ਇਹੋ ਕਾਨੂੰਨ ਹੈ।

ਵੈਸੇ ਸ਼ਿਕਾਰ ਖੇਡਣਾ ਅਮੀਰ ਲੋਕਾਂ ਦਾ ਕੰਮ ਹੀ ਰਿਹਾ ਹੈ। ਬੌਕਸਿੰਗ-ਡੇ ਵਾਲੇ ਦਿਨ ਸ਼ਿਕਾਰ ਖੇਡਣਾ ਇਕ ਰਸਮ ਬਣ ਚੁੱਕਾ ਹੈ। ਵਿਕਟੋਰੀਅਨ ਯੁੱਗ ਵਿੱਚ ਸ਼ਿਕਾਰ ਇਕ ਫੈਸ਼ਨਏਬਲ ਖੇਡ ਬਣੀ ਰਹੀ ਹੈ। ਇਥੇ ਮਹਾਂਰਾਜਾ ਦਲੀਪ ਸਿੰਘ ਦੇ ਵਿਕਟੋਰੀਆ ਯੁੱਗ ਦੇ ਇਕ ਉਘੇ ਸ਼ਿਕਾਰੀ ਦੇ ਤੌਰ ‘ਤੇ ਜ਼ਿਕਰ ਕਰਨਾ ਗਲਤ ਨਹੀਂ ਹੋਵੇਗਾ। ਮਹਾਂਰਾਜੇ ਦਾ ਨਿਸ਼ਾਨਾ ਬਹੁਤ ਪੱਕਾ ਸੀ। ਉਸ ਨੂੰ ਹਜ਼ਾਰ ਵਿੱਚੋਂ ਵੱਧ ਤੋਂ ਵੱਧ ਪੰਛੀ ਮਾਰ ਸਕਣ ਦਾ ਰੁਤਬਾ ਹਾਸਲ ਸੀ। ਮਹਾਂਰਾਜੇ ਨੇ ਆਪਣੀ ਐਲਵੇਡਨ ਇਸਟੇਟ ਵਿੱਚ ਬਹੁਤ ਵੱਡੀ ਸ਼ਿਕਾਰ-ਗਾਹ ਬਣਾਈ ਸੀ। ਉਥੇ ਉਹ ਸ਼ਿਕਾਰ ਖੇਡਣ ਦੇ ਪੈਸੇ ਲੈਂਦਾ ਸੀ। ਯੂਕੇ ਦਾ ਸ਼ਾਹੀ ਪਰਿਵਾਰ ਵੀ ਉਥੇ ਸ਼ਿਕਾਰ ਖੇਡਣ ਜਾਂਦਾ ਸੀ। ਐਲਵੇਡਨ ਤੋਂ ਪਹਿਲਾਂ ਮਹਾਂਰਾਜੇ ਨੇ ਸਕੌਟਲੈਂਡ ਵਿੱਚ ਵੀ ਇਕ ਇਸਟੇਟ ਖਰੀਦੀ ਸੀ ਜਿਸ ਵਿੱਚ ਵੀ ਬਹੁਤ ਵੱਡੀ ਸ਼ਿਕਾਰ-ਗਾਹ ਸੀ। ਸਕੌਟਲੈਂਡ ਦੀਆਂ ਸ਼ਿਕਾਰ-ਗਾਹਾਂ ਅੱਜ ਵੀ ਮਸ਼ਹੂਰ ਹਨ। ਐਲਵੇਡਨ ਵਾਲੀ ਸ਼ਿਕਾਰ-ਗਾਹ ਨੂੰ ਹੁਣ ਵੀ ਚੇਤੇ ਕੀਤਾ ਜਾਂਦਾ ਹੈ। ਐਲਵੇਡਨ ਦੇ ਇਲਾਕੇ ਵਿੱਚ ਉਸ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਹਾਲੇ ਵੀ ਕਾਇਮ ਹਨ। ਮਹਾਂਰਾਜੇ ਦੀ ਸ਼ਿਕਾਰ-ਗਾਹ ਕਾਰਨ ਇਲਾਕੇ ਵਿੱਚ ਖੱਲਾਂ ਤੋਂ ਬਣਨ ਵਾਲੀਆਂ ਵਸਤਾਂ ਦੀਆਂ ਫੈਕਟਰੀਆਂ ਲੱਗ ਗਈਆਂ ਸਨ। ਇਸ ਤੋਂ ਹਿਸਾਬ ਲਾਇਆ ਜਾ ਸਕਦਾ ਹੈ ਕਿ ਕਿੰਨੇ ਜਾਨਵਰਾਂ ਦਾ ਸ਼ਿਕਾਰ ਖੇਡਿਆ ਜਾਂਦਾ ਹੋਵੇਗਾ। ਮਹਾਂਰਾਜਾ ਦਲੀਪ ਸਿੰਘ ਦੀਆਂ ਸ਼ਿਕਾਰ ਖੇਡਦੇ ਦੀਆਂ ਜਾਂ ਅਜਿਹਿਆਂ ਮੌਕਿਆਂ ਦਾ ਜਸ਼ਨ ਮਨਾਉਂਦਿਆਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਇੰਟਰਨੈੱਟ ‘ਤੇ ਉਪਲਭਧ ਹਨ। ਕਹਾਵਤ ਹੈ ਕਿ ਸ਼ਿਕਾਰੀ ਆਪਣੇ ਬੱਚਿਆਂ ਨਾਲ ਸ਼ਿਕਾਰ ਖੇਡਕੇ ਬਹੁਤ ਖੁਸ਼ ਰਹਿੰਦਾ ਹੈ, ਮਹਾਂਰਾਜੇ ਵਿੱਚ ਇਹ ਗੁਣ ਸੀ। ਉਸ ਦੇ ਦੋ ਵੱਡੇ ਮੁੰਡਿਆਂ ਦਾ ਨਿਸ਼ਾਨਾ ਬਚਪੱਨ ਵਿੱਚ ਹੀ ਬਹੁਤ ਪੱਕਾ ਸੀ। ਆਪਣੇ ਦੋਸਤਾਂ ਨੂੰ ਮਹਾਂਰਾਜਾ ਇਹ ਗੱਲ ਹੁੱਬ ਕੇ ਦਸਦਾ। ਇੰਗਲੈਂਡ ਦੇ ਮਹਾਂਰਾਜੇ ਕਿੰਗ ਐਡਵਰਡ ਸਤਵੇਂ ਦਾ ਨਿਸ਼ਾਨਾ ਵੀ ਬਹੁਤ ਵਧੀਆ ਮੰਨਿਆਂ ਜਾਂਦਾ ਸੀ। 18 ਦਸੰਬਰ 1913 ਨੂੰ ਉਸ ਨੇ 3937 ਵਿੱਚੋਂ 1000 ਪੰਛੀ ਮਾਰ ਕੇ ਸਭ ਨੂੰ ਹੈਰਾਨ ਕੀਤਾ ਸੀ। ਜੌਰਜ ਪੰਚਮ ਵੀ ਬਹੁਤ ਵਧੀਆ ਨਿਸ਼ਾਨਚੀ ਸੀ। ਪਰ ਉਸ ਤੋਂ ਬਾਅਦ ਯੂਕੇ ਦੇ ਰਾਜਿਆਂ-ਰਾਣੀਆਂ ਨੇ ਪੰਛੀਆਂ ਦਾ ਸ਼ਿਕਾਰ ਕਰਨਾ ਘੱਟ ਕਰ ਦਿੱਤਾ। ਲੋਕਾਂ ਵਲੋਂ ਤੇ ਮੀਡੀਏ ਵਲੋਂ ਇਸ ਦਾ ਵਿਰੋਧ ਵੀ ਹੋਣ ਲੱਗਾ ਸੀ।

ਸਮੇਂ-ਸਮੇਂ ਸ਼ਿਕਾਰ ਖੇਡਣ ਬਾਰੇ ਕਾਨੂੰਨ ਬਣਦੇ ਰਹੇ ਹਨ। ਜਿਹਨਾਂ ਦਿਨਾਂ ਵਿੱਚ ਇਹ ਪੰਛੀ-ਜਾਨਵਰ ਆਂਡੇ-ਬੱਚੇ ਦਿੰਦੇ ਹਨ ਉਹਨਾਂ ਦਿਨਾਂ ਵਿੱਚ ਇਹਨਾਂ ਦੇ ਸ਼ਿਕਾਰ ਦੀ ਮਨਾਹੀ ਹੈ। ਆਮ ਤੌਰ ‘ਤੇ ਸ਼ਿਕਾਰ ਕਰਨ ਦੀ ਇਜਾਜ਼ਤ ਸਿਆਲਾਂ ਨੂੰ ਹੈ। ਪਹਿਲਾਂ ਤਾਂ ਲੋਕਾਂ ਦੇ ਝੁੰਡ ਲੂੰਬੜੀਆਂ ਦੇ ਸ਼ਿਕਾਰ ਲਈ ਨਿਕਲਦੇ ਹੁੰਦੇ ਸਨ ਪਰ 2005 ਵਿੱਚ ਇਸ ਤੇ ਰੋਕ ਲੱਗ ਗਈ। ਫਿਰ ਵੀ ਸ਼ਿਕਾਰ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ। ਜਿਵੇਂ ਕਿ ਹੁਣ ਤੁਸੀਂ ਬਹੁਤੇ ਕੁੱਤਿਆਂ ਨਾਲ ਸ਼ਿਕਾਰ ‘ਤੇ ਨਹੀਂ ਜਾ ਸਕਦੇ। ਕੁੱਤਿਆਂ ਨੂੰ ਲੂੰਬੜੀ ‘ਤੇ ਹਮਲਾ ਕਰਨ ਲਈ ਵੀ ਨਹੀਂ ਵਰਤ ਸਕਦੇ, ਉਹ ਸਿਰਫ ਉਹਨਾਂ ਨੂੰ ਸ਼ਿਕਾਰ ਦੀ ਸੂਹ ਲਈ ਹੀ ਵਰਤ ਸਕਦੇ ਹੋ। ਜੇਕਰ ਲੂੰਬੜੀਆਂ ਤੁਹਾਡੀ ਫਸਲ ਜਾਂ ਜਾਇਦਾਦ ਦਾ ਨੁਕਾਸਨ ਕਰਦੀਆਂ ਹੋਣ ਤਾਂ ਤੁਸੀਂ ਦੋ ਕੁੱਤਿਆਂ ਦੀ ਮੱਦਦ ਨਾਲ ਉਹਨਾਂ ਨੂੰ ਭਜਾ ਸਕਦੇ ਹੋ। ਤੁਸੀਂ ਕੁੱਤੇ ਨੂੰ ਉਹਨਾਂ ਦੀ ਖੁੱਡ ਵਿੱਚ ਉਸ ਵੇਲੇ ਹੀ ਵਾੜੋਗੇ ਜਦ ਉਹ ਤੁਹਾਡੇ ਰੱਖੇ ਪੰਛੀਆਂ ਲਈ ਖਤਰਾ ਹੋਣ। ਤਾਂ ਵੀ ਲੂੰਬੜੀ ਨੂੰ ਬਾਹਰ ਕੱਢਣ ਲਈ ਇਕ ਕੁੱਤਾ ਹੀ ਉਸਦੀ ਖੁੱਡ ਵਿੱਚ ਵਾੜੋਗੇ। ਲੂੰਬੜੀ ਦਿਸ ਜਾਣ ਤੋਂ ਇਕ ਦਮ ਬਾਅਦ ਤੁਹਾਨੂੰ ਉਸ ਨੂੰ ਗੋਲੀ ਮਾਰਨੀ ਹੋਵੇਗੀ, ਖੁੰਝ ਗਏ ਤਾਂ ਗੋਲੀ ਨਹੀਂ ਮਾਰੋਗੇ। ਜਿਥੇ ਤੁਸੀਂ ਲੂੰਬੜੀ ਦਾ ਸ਼ਿਕਾਰ ਕਰ ਰਹੇ ਹੋਵੋਂਗੇ ਉਸ ਜਗਾਹ ਦੇ ਤੁਸੀਂ ਮਾਲਕ ਹੋਣੇ ਚਾਹੀਦੇ ਹੋ ਜਾਂ ਮਾਲਕ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਜੇ ਤੁਸੀਂ ਕਾਨੂੰਨ ਨਹੀਂ ਮੰਨਦੇ ਤਾਂ ਤੁਹਾਡਾ ਕੁੱਤਾ ਤੇ ਗੰਨ ਦੋਵੇਂ ਹੀ ਜ਼ਬਤ ਕੀਤੇ ਜਾ ਸਕਦੇ ਹਨ।

ਹਿਰਨ ਦੇ ਸ਼ਿਕਾਰ ਲਈ ਖਾਸ ਲਾਇਸੰਸ ਲੈਣਾ ਪੈਂਦਾ ਹੈ। ਉਸਨੂੰ ਮਾਰਨ ਲਈ ਖਾਸ ਕਿਸਮ ਦੀ ਗੰਨ-ਗੋਲੀ ਵਰਤੇ ਜਾਣੇ ਚਾਹੀਦੇ ਹਨ। ਉਸ ਦੇ ਸ਼ਿਕਾਰ ਦਾ ਸਮਾਂ ਵੀ ਸਿਆਲ ਹੀ ਹੈ। ਰਾਤ ਨੂੰ ਹਿਰਨ ਦਾ ਸ਼ਿਕਾਰ ਨਹੀਂ ਕੀਤਾ ਜਾ ਸਕਦਾ। ਉਸ ਦਾ ਪਿੱਛਾ ਕਰਨ ਲਈ ਕੋਈ ਵਾਹਨ ਨਹੀਂ ਵਰਤਿਆ ਜਾਣਾ ਚਾਹੀਦਾ। ਪੰਛੀਆਂ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਕੁਝ ਹੈ। ਗੰਨ ਦੀ ਨਲ਼ੀ ਇਕ ਖਾਸ ਸਾਈਜ਼ ਤੋਂ ਵੱਡੀ ਨਹੀਂ ਹੋਣੀ ਚਾਹੀਦੀ ਤੇ ਬੰਦੂਕ ਵੀ ਦੋ ਰਾਊਂਡਾਂ ਤੋਂ ਵੱਧ ਵਾਲੀ ਨਹੀਂ ਚਾਹੀਦੀ। ਨਕਲੀ ਰੌਸ਼ਨੀ ਵਾਲੀ ਗੰਨ ਵਰਤਣ ਦੀ ਵੀ ਮਨਾਹੀ ਹੈ। ਸ਼ਿਕਾਰ ਲਈ ਸਚਰ-ਲਾਈਟ ਵੀ ਨਹੀਂ ਵਰਤੀ ਜਾ ਸਕਦੀ। ਐਤਵਾਰ ਤੇ ਕ੍ਰਿਸਮਸ ਵਾਲੇ ਦਿਨ ਪੰਛੀਆਂ ਦਾ ਸ਼ਿਕਾਰ ਨਹੀਂ ਕੀਤਾ ਜਾ ਸਕਦਾ। ਸ਼ਿਕਾਰ ਲਈ ਵੀ ਉਹੀ ਪੰਛੀ ਮਿੱਥੇ ਗਏ ਹਨ ਜਿਹਨਾਂ ਨੂੰ ਮਨੁੱਖ ਖਾਂਦਾ ਹੈ। ਬਹੁਤੇ ਪੰਛੀਆਂ ਦੇ ਸ਼ਿਕਾਰ ਦੀ ਸਖਤ ਮਨਾਹੀ ਹੈ। ਹਾਂ, ਸ਼ਿਕਾਰ ਕੀਤੇ ਪੰਛੀਆਂ ਨੂੰ ਮੀਟ ਦੇ ਤੌਰ ‘ਤੇ ਵੇਚਣ ਦੀ ਮਨਾਹੀ ਨਹੀਂ ਹੈ। ਸਗੋਂ ਇਹ ਮੀਟ ਮਹਿੰਗਾ ਵਿਕਦਾ ਹੈ।

ਮੱਛੀ ਫੜਨਾ ਵੀ ਖੇਡ ਵਿੱਚ ਹੀ ਆਉਂਦਾ ਹੈ। ਇਥੇ ਮਛੇਰੇ ਤੇ ਮੱਛੀ ਦੇ ਸ਼ਿਕਾਰੀ ਵਿੱਚ ਬਹੁਤ ਫਰਕ ਹੈ। ਸ਼ਿਕਾਰੀ ਮੱਛੀ ਨੂੰ ਫੜ ਕੇ ਬਹੁਤੀ ਵਾਰ ਵਾਪਸ ਪਾਣੀ ਵਿੱਚ ਛੱਡ ਦਿੰਦੇ ਹਨ ਤੇ ਮਛੇਰਿਆਂ ਦਾ ਇਹ ਉਪਜੀਵਕਾ ਦਾ ਸਾਧਨ ਹੁੰਦਾ ਹੈ। ਮੱਛੀ ਦਾ ਸ਼ਿਕਾਰ ਕਰਨਾ ਸੌਖਾ ਹੀ ਹੈ ਪਰ ਫਿਰ ਵੀ ਤੁਸੀਂ ਕਿਤੇ ਵੀ ਕੁੰਡੀ ਸੁੱਟ ਕੇ ਨਹੀਂ ਬਹਿ ਸਕਦੇ। ਕੁਝ ਖਾਸ ਕਿਸਮ ਦੀਆਂ ਮੱਛੀਆਂ ਜਿਵੇਂ ਕਿ ਸਾਮਨ, ਟਰਾਊਟ ਫੜਨ ਲਈ ਲਾਇਸੰਸ ਜ਼ਰੂਰ ਲੈਣਾ ਪੈਂਦਾ ਹੈ। ਲਾਇਸੰਸ ਲਈ ਘੱਟੋ-ਘੱਟ ਉਮਰ ਤੇਰਾਂ ਸਾਲ ਚਾਹੀਦੀ ਹੈ। ਲੰਡਨ ਦੇ ਥੇਮਜ਼ ਦਰਿਆ ਵਿੱਚੋਂ ਮੱਛੀ ਫੜਨ ਦੀ ਖਾਸ ਇਜਾਜ਼ਤ ਲੈਣੀ ਹੁੰਦੀ ਹੈ। ਬਾਕੀ ਦੇ ਝੀਲਾਂ, ਦਰਿਆਵਾਂ ਵਿੱਚੋਂ ਮੱਛੀ ਫੜਨ ਦੇ ਸਥਾਨਕ ਕਾਨੂੰਨ ਹੁੰਦੇ ਹਨ, ਥੋੜੀ ਜਿਹੀ ਫੀਸ ਦੇ ਕੇ ਤੁਸੀਂ ਖੇਡ ਖੇਡ ਸਕਦੇ ਹੋ ਭਾਵ ਮੱਛੀ ਫੜ ਸਕਦੇ ਹੋ।

ਸ਼ਿਕਾਰ ਖੇਡਣਾ ਇਕ ਖਬਤੀ ਰੁਝਾਨ ਹੈ। ਕਈਆਂ ਨੂੰ ਇਹ ਮਾਫਕ ਬੈਠਦਾ ਹੈ ਤੇ ਉਹਨਾਂ ਨੂੰ ਰਿਲੈਕਸ ਕਰਦਾ ਹੈ ਪਰ ਕਈਆਂ ਨੂੰ ਇਹ ਕੰਮ ਫਜ਼ੂਲ ਲਗਦਾ ਹੈ। ਕਈ ਲੋਕ ਇਕ ਮੱਛੀ ਨੂੰ ਫੜਨ ਲਈ ਘੰਟਿਆਂ ਬੱਧੀ ਬੈਠੇ ਰਹਿੰਦੇ ਹਨ ਜਿਸਨੂੰ ਉਹਨਾਂ ਨੇ ਵਾਪਸ ਛੱਡ ਦੇਣਾ ਹੁੰਦਾ ਹੈ ਤੇ ਕਈ ਉਹਨਾਂ ਉਪਰ ਹੱਸਦੇ ਹਨ। ਜਿਥੇ ਸ਼ਿਕਾਰ ਖੇਡਣ ਦੇ ਖਿਲਾਫ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਉਥੇ ਇਸ ਦੇ ਹੱਕ ਵਿੱਚ ਦਲੀਲ ਦਿੱਤੀ ਜਾਂਦੀ ਹੈ ਕਿ ਸ਼ਿਕਾਰ ਖੇਡਣਾ ਕੁਦਰਤ ਦਾ ਸੰਤੁਲਨ ਰੱਖਣ ਲਈ ਜ਼ਰੂਰੀ ਹੈ ਨਹੀਂ ਤਾਂ ਇਹ ਜਾਨਵਰ ਏਨੇ ਹੋ ਜਾਣ ਕਿ ਫਸਲਾਂ ਦਾ ਤੇ ਹੋਰ ਕਈ ਕਸਮ ਦਾ ਨੁਕਸਾਨ ਕਰਨ। ਇਸ ਦਾ ਸਬੂਤ ਹੈ ਕਿ ਜਦ ਤੋਂ ਲੂੰਬੜੀਆਂ ਨੂੰ ਮਾਰਨ ਉਪਰ ਕਈ ਕਿਸਮ ਦੀਆਂ ਪਾਬੰਦੀਆਂ ਲੱਗੀਆਂ ਹਨ, ਲੂੰਬੜੀਆਂ ਦੀ ਜਨ-ਸੰਖਿਆ ਬਹੁਤ ਵਧ ਗਈ ਹੈ, ਏਨੀ ਕਿ ਇਹ ਜੰਗਲ ਵਲੋਂ ਸ਼ਹਿਰ ਵਿੱਚ ਆ ਵੜੀਆਂ ਹਨ। ਲੰਡਨ ਹੁਣ ਲੂੰਬੜੀਆ ਨਾਲ ਭਰਿਆ ਪਿਆ ਹੈ। ਏਨਾ ਕਿ ਘਰਾਂ ਦੇ ਬਗੀਚਿਆਂ ਵਿੱਚ ਘੁੰਮਦੀਆਂ ਦਿਸ ਜਾਂਦੀਆਂ ਹਨ। ਕਈ ਲੂੰਬੜੀਆਂ ਹਿੰਸਕ ਹੋ ਕੇ ਮਨੁੱਖ ‘ਤੇ ਹਮਲਾ ਵੀ ਕਰ ਦਿੰਦੀਆਂ ਹਨ ਖਾਸ ਕਰਕੇ ਬੱਚਿਆਂ ‘ਤੇ।

Comments


bottom of page