
ਪਹਿਲੇ ਵਿਸ਼ਵ ਪੰਜਾਬੀ ਸਾਹਿਤ ਸੰਮੇਲਨ ਵਿੱਚ ਮਿਲਿਆ ਡਾ ਹਰਿਭਜਨ ਸਿੰਘ- ਰਣਜੀਤ ਧੀਰ ਜੂਨ 1980 ਵਿੱਚ ਹੋਏ ਬਰਤਾਨੀਆਂ ਵਾਲੇ ਪਹਿਲੇ ਵਿਸ਼ਵ ਪੰਜਾਬੀ ਸਾਹਿਤ ਸੰਮੇਲਨ ਨੇ ਮੈਨੂੰ ਪੰਜਾਬੀ ਸਾਹਿਤ ਵਿੱਚ ਮੋੜ ਲਿਆਂਦਾ। ਮੋਗੇ ਕਾਲਜ ਪੜਦਿਆਂ ਮੈਂ ਪੰਜਾਬੀ ਸਾਹਿਤ ਦਾ ਸੁਚੇਤ ਪਾਠਕ ਸਾਂ। ਚੰਦੀਗੜ ਯੂਨੀਵਰਸਿਟੀ ਤੋਂ ਅੰਗਰੇਜ਼ੀ ਦੀ ਐਮ. ਏ. ਕਰਨ ਮਗਰੋਂ ਅੰਗਰੇਜ਼ੀ ਦਾ ਪੋੑਫ਼ਸਰ ਬਣ ਗਿਆ ਤਾਂ ਪੰਜਾਬੀ ਸਾਹਿਤ ਤੋਂ ਪਰਾਂ ਹੁੰਦਾ ਗਿਆ। ਪਰ ਕਈ ਮੁਲਕਾਂ ਤੋਂ ਆਏ ਕਰੀਬਨ 65 ਲੇਖਕਾਂ ਨਾਲ ਮਹੀਨਾ ਭਰ ਦਿਨ ਰਾਤ ਦਾ ਸਾਥ ਇਕ ਖੁਸ਼ਗਵਾਰ ਤਜਰਬਾ ਸੀ ਜਿਸਨੇ ਮੇਰੇ ਮਨ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਨਵੇਂ ਸਿਰਿਉਂ ਉਤਸ਼ਾਹ ਪੈਦਾ ਕਰ ਦਿੱਤਾ। ਲ਼ੰਦਨ ਤੋਂ ਤੁਰ ਕੇ ਧੁਰ ਸਕਾਟਲੈਂਡ ਤੀਕ ਦਸ ਬਾਰਾਂ ਸ਼ਹਿਰਾਂ ਵਿੱਚ ਕੋਚ ਰਾਹੀਂ ਸਫ਼ਰ! ਕਿਆ ਬਾਤ ਸੀ! ਿੲਸੇ ਕੋਚ ਵਿੱਚ ਸੋਹਨ ਸਿੰਘ ਜੋਸ਼, ਜਸਵੰਤ ਸਿੰਘ ਕੰਵਲ, ਹਰਿਭਜਨ ਸਿੰਘ, ਸੱਤ ਸਿੰਘ ਸੇਖੋਂ, ਗੁਰਦਿਆਲ ਸਿੰਘ, ਗੁਲਜ਼ਰ ਸੰਧੂ, ਮੀਸ਼ਾ, ਸੁਰਜੀਤ ਹਾਸ ਦਲੀਪ ਕੌਰ ਟਿਵਾਣਾ, ਸ਼ਰੀਫ਼ ਕੁੰਜਾਹੀ ਅਤੇ ਕਿੰਨੇ ਹੋਰ । ਇਹ ਤਾਂ ਸਾਹਿਤ ਦਾ ਮੇਲਾ ਸੀ। ਕੰਵਲ ਅਤੇ ਕਈ ਹੋਰ ਲੇਖਕਾਂ ਨੂੰ ਮੈਂ ਪਹਿਲਾਂ ਵੀ ਜਾਣਦਾ ਸੀ। ਲੇਖਕਾਂ , ਪੑੋਫ਼ੈਸਰਾਂ ਪਰਚੇ ਪੜੇ। ਸਾਰੇ ਆਪੋ ਆਪਣੀ ਥਾਂ ਵਧੀਆ ਸਨ। ਪਰ ਕਾਨਫਰੰਸ ਵਿੱਚ ਡਾ ਹਰਿਭਜਨ ਸਿੰਘ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਉਹਨੇ ਸਰੰਚਨਾਵਾਦ ਬਾਰੇ ਪਰਚਾ ਲੀਡਜ਼ ਸ਼ਹਿਰ ਵਿੱਚ ਪੜਿਆ। ਬੱਸ ਸਰੋਤਿਆਂ ਨੂੰ ਕੀਲ ਲਿਆ। ਉਹਦੇ ਵਿਚਾਰਾਂ ਨਾਲ ਸਹਿਮਤੀ ਜਾ ਵਿਰੋਧਤਾ ਵੱਖਰੀ ਗੱਲ ਸੀ। ਉਹਦੇ ਬੋਲਣ ਦਾ ਅੰਦਾਜ਼, ਸਹਿਜ, ਆਤਮ ਵਿਸ਼ਵਾਸ, ਚੰਗੇ ਅਧਿਆਪਿਕ- ਗੁਰੂ ਵਾਂਗ ਵਿਅਖਿਆ ਕਰਦਾ ਲੰਮੀ ਚਿੱਟੀ ਦਾਹੜੀ ਅਤੇ ਸਧਾਰਨ ਵਲ਼ੇਂਗੀ ਪੱਗ ਵਿੱਚ ਡਾਕਟਰ ਹਰਿਭਜਨ ਸਿੰਘ ਕੋਈ ਗੁਰੂ- ਰਿਸ਼ੀ ਲਗਦਾ। ਹਰਿਭਜਨ ਸਿੰਘ ਅੰਗਰੇਜ਼ੀ ਅਤੇ ਹਿੰਦੀ ਦੀ ਪੜਾਈ ਵਿੱਚ ਦੀ ਹੋ ਕੇ ਪੰਜਾਬੀ ਵੱਲ ਆਇਆ ਸੀ। ਹਿੰਦੀ ਪਰਚਿਆਂ ਵਿੱਚ ਛਪਦਾ ਰਿਹਾ ਸੀ। ਹਿੰਦੀ ਅਤੇ ਉਰਦੂ ਦੇ ਗਿਆਨ ਕਰਕੇ ਉਹ ਭਾਰਤੀ ਭਾਸ਼ਾਈ ਵਿਰਾਸਤ ਵਿੱਚ ਸੰਸਕੑਿਤ ਅਤੇ ਫ਼ਾਰਸੀ ਦੀਆਂ ਧਾਰਾਵਾਂ ਦਾ ਵੀ ਜਾਣੂ ਸੀ। ਦਿੱਲੀ ਵਿੱਚ ਰਹਿਣ ਕਰਕੇ ਉਹਨੂੰ ਇੱਕ ਹੋਰ ਲਾਭ ਇਹ ਸੀ ਕਿ ਆਪਣੇ ਆਲੇ ਦੁਆਲੇ ਵਿੱਚ ਇਨਾਂ ਬੌਧਿਕ ਧਾਰਾਵਾਂ ਨਾਲ ਉਹਦਾ ਸੰਪਰਕ ਲਗਾਤਾਰ ਬਣਿਆਂ ਰਹਿੰਦਾ। ਉਹ ਗੁਰਬਾਣੀ ਅਤੇ ਭਾਰਤ ਦੀ ਵੇਦਾਂਤਿਕ ਵਿਰਾਸਤ ਦਾ ਵੀ ਗਿਆਤਾ ਸੀ। ਉਹਨੇ ਰਿਗਵੇਦ ਦੇ ਕੁਝ ਹਿੱਸੇ ਪੰਜਾਬੀ ਕਾਵਿ ਵਿੱਚ ਅਨੁਵਾਦ ਵੀ ਕੀਤੇ ਸਨ। ਇਸ ਪਿਛੋਕੜ ਨੇ ਉਹਨੂ ਇਕ ਪਾਸੇ ਬੌਧਿਕ ਸੰਕੀਰਨਤਾ ਤੋਂ ਬਚਾਈ ਰਖਿਆ ਅਤੇ ਦੂਜੇ ਪਾਸੇ ਉਹਦੀ ਲਿਖਤ ਵਿੱਚ ਬੌਧਿਕ ਡੂੰਘਾਈ ਅਤੇ ਪਰਿਪੱਕਤਾ ਪੈਦਾ ਕੀਤੀ। ਵਿਸ਼ਵ ਸੰਮੇਲਨ ਦੇ ਸਮੇਂ ਤੀਕ ਉਹਦੀ ਪੂਰੀ ਚੜ੍ਹਤ ਸਥਾਪਿਤ ਹੋ ਚੁੱਕੀ ਸੀ। ਬੁਨਿਆਦੀ ਤੌਰ ਤੇ ਉਹ ਕਵੀ ਸੀ, ਪਰ ਉਹਦੀ ਚੜ੍ਹਤ ਦਾ ਕਾਰਣ ਉਹਦਾ ਅਲੋਚਨਾ ਦੇ ਖੇਤਰ ਵਿੱਚ ਕੰਮ ਸੀ। ਅਜ਼ਾਦੀ ਉਪਰੰਤ ਸਾਰੇ ਦੇਸ ਵਿੱਚ ਮਾਰਕਸਵਾਦ- ਸਮਾਜਵਾਦ ਤੋ ਪੑੇਰਿਤ ਪਰੋਗਰੈਸਿਵ ਵਿਚਾਰਧਾਰਾ ਦਾ ਬੋਲਬਾਲਾ ਸੀ। ਇਸੇ ਮਾਹੌਲ ਸਦਕਾ ਸੱਤ ਸਿੰਘ ਸੇਖੋਂ ਦੀ ਪੑਗਤੀਵਾਦੀ ਅਲੋਚਨਾ ਵਿਧੀ ਦੀ ਹਰ ਪਾਸੇ ਸਾਹਿਤ ਦੇ ਹਰੇਕ ਰੂਪ ਉਤੇ ਪੂਰੀ ਜਕੜ ਸੀ। ਡਾ ਅਤਰ ਸਿੰਘ ਅਤੇ ਕਿਸ਼ਨ ਸੀੰਘ ਵੀ ਇਸੇ ਵਿਚਾਰਧਾਰਾ ਨਾਲ ਤੁਰਦੇ ਰਹੇ। ਸਗੋਂ ਕਿਸ਼ਨ ਸਿੰਘ ਨੇ ਤਾਂ ਕੱਚੀ ਲੱਸੀ ਵਾਂਗ ਇਸ ਵਿਧੀ ਨੂੰ ਹੋਰ ਵੀ ਬਹੁਤ ਪੇਤਲਾ ਕਰ ਦਿੱਤਾ। ਮੈਂ ਖ਼ੁਦ ਮਾਰਕਸਵਾਦੀ ਸਿਧਾਂਤ ਦਾ ਕਾਇਲ ਹਾਂ ਪਰ ਮੈਂਸਮਝਦਾ ਹਾਂ ਕਿ ਮਾਰਕਸੀ ਵਿਚਾਰਧਾਰਾ ਨੂੰ ਸਾਹਿਤਕ ਰਚਨਾਵਾਂ ਉਤ ਇੰਨ ਬਿਨ ਲਾਗੂ ਨਹੀਂ ਕੀਤਾ ਜਦ ਸਕਦਾ। ਅਸਲ ਵਿੱਚ ਤਾਂ ਕਿਸੇ ਵੀ "ਵਾਦ" ਦਾ ਸਿੱਧੇ ਤੌਰ ਤੇ ਦਖ਼ਲ ਕਿਸੇ ਰਚਨਾ ਵਾਸਤੇ ਲਾਹੇਵੰਦ ਨਹੀਂ ਹੋ ਸਕਦਾ। ਇਸੇ ਕਰਕੇ ਹਰਿਭਜਨ ਸਿੰਘ ਦੇ ਸਮੇਂ ਤੱਿਕ ਪੑਗਤੀਸ਼ੀਲ ਵਿਚਾਰਧਾਰਾ ਦੇ "ਠੱਪਾਮਾਰ" ਚੌਖਟੇ ਕਰਕੇ ਪੰਜਾਬੀ ਸਾਹਿਤ ਅਤੇ ਸਮੁੱਚੇ ਪੰਜਾਬੀ ਚਿੰਤਨ ਦੇ ਖੇਤਰ ਵਿੱਚ ਇਕ ਖੜੋਤ ਪਸਰ ਚੁੱਕੀ ਸੀ। ਪੑਗਤੀਵਾਦ, ਪ੍ਰਯੋਗਵਾਦ ਅਤੇ ਕਈ ਹੋਰ "ਵਾਦਾਂ" ਨੇ ਕਵਿਤਾ ਦਾ ਤਾਂ ਬਹੁਤ ਮੰਦਾ ਹਾਲ ਕੀਤਾ ਹੋਇਆ ਸੀ। ਨਦ ਲਾਲ ਨੂਰਪੁਰੀ ਤੋਂ ਲੈ ਕੇ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਅਤੇ ਸ਼ਿਵਕੁਮਾਰ ਬਟਾਲਵੀ ਨੇ ਖ਼ਬਸੂਰਤ ਕਵਿਤਾਵਾਂ ਲਿਖ਼ੀਆਂ । ਇਸ ਦਾ ਇਕ ਵੱਡਾ ਕਾਰਣ ਇਹ ਵੀ ਸੀ ਕਿ ਉਹ ਪੑਗਤੀਵਾਦ ਦੀ "ਠੱਪਾਸ਼ਾਪ" ਵਿਧੀ ਤੋਂ ਬੱਚੇ ਰਹੇ। ਡਾ ਹਰਿਭਜਨ ਸਿੰਘ ਦੀ ਸੱਭ ਤੋਂ ਵੱਡੀ ਸਾਹਿਤਕ ਪੑਾਪਤੀ ਇਹ ਸੀ ਕਿ ਉਹਨੇ ਪੰਜਾਬੀ ਸਾਹਿਤ ਨੂੰ ਪੑਗਤੀਸ਼ੀਲ ਸਿਧਾਂਤ ਦੀ ਖੜੋਤ ਦੇ ਇਸ "ਪਰੈਲੇਸਿਸ" ( Paralysis ) ਤੋਂ ਮੁਕਤ ਕਰਾਉਣ ਦੀ ਸ਼ੁਰੂਆਤ ਕੀਤੀ। ਉਹ ਕਲਾਦ ਸਤਰਾਸ ਵਰਗੇ ਯੂਰਪੀ ਦਾਨਿਸ਼ਵਰਾਂ ਦੇ ਮੱਤ ਤੋਂ ਪੑਭਾਵਿਤ ਸੀ ਕਿ ਸਮਾਜ, ਆਰਥਿਕਤਾ ਅਤੇ ਭਾਸ਼ਾਵਾਂ ਨੂੰ ਸਮਝਣ ਵਾਸਤੇ ਇਨਾਂ ਦੇ ਅੰਦਰੂਨੀ ਢਾਂਚਿਆਂ ਨੂੰ ਸਮਝਣ ਦੀ ਲੋੜ ਪੈਂਦੀ ਹੈ। ਇਸੇ ਤਰਾਂ ਸਾਹਿਤਕ ਰਚਨਾਂਵਾਂ ਦੋ "ਟੈਕਸਟ" ਨੂੰ ਸਮਝਣ ਵਾਸਤੇ ਪਾਤਰਾਂ ਅਤੇ ਕਥਾ ਦੀਆਂ ਪਰਤਾਂ ਨੂੰ ਸਮਝਣਾ ਪੈਂਦੈ। ਅਸਲ ਵਿੱਚ ਹਰਿਭਜਨ ਸਿੰਘ ਸਾਹਿਤ ਉਤੇ ਕਿਸੇ ਇਕ "ਵਾਦ" ਦੇ ਠੱਪੇ ਦੇ ਹੀ ਵਿਰੁੱਧ ਸੀ। ਉਹਦੀ ਪਹੁੰਚ ਵਿੱਚ ਮੋਕਲਾਪਣ ਸੀ ਕਿ ਰਚਨਾ/ਟੈਕਸਟ ਨੂੰ ਸਮਝਣ ਵਾਸਤੇ ਇਹਨੂੰ ਕਈ ਪੱਖਾਂ/ਪਹਿਲੂਆਂ ਤੋਂ ਵੇਖਣ ਪਰਖਣ ਦੀ ਲੋੜ ਹੈ। ਤਾਹੀਂਉ ਉਹ "ਚੋਲਾ ਟਾਕੀਆਂ ਵਾਲਾ" ਵਿੱਚ ਲਿਖਦਾ ਹੈ ਕਿ "ਮੈਂ ਸਿਧਾਂਤ ਦੀ ਨੀਂਹ ਉੱਪਰ ਆਪਣੀ ਕਵਿਤਾ ਦੀ ਉਸਾਰੀ ਨਹੀਂ ਕਰ ਸਕਦਾ, ਮੈਂ ਮਾਂਗਵੇਂ ਸਿਧਾਂਤ ਨੂੰ ਆਪਣੀ ਕਵਿਤਾ ਦਾ ਆਧਾਰ ਨਹੀਂ ਬਣਾ ਸਕਦਾ, ਭਾਵੇਂ ਉਹ ਕਿੰਨਾ ਵੀ ਮੁਲਤਾਨ ਕਿਉਂ ਨਾ ਹੋਵੇ"। ਇਹ ਨੇਮ ਸਿਰਫ਼ ਕਵਿਤਾ ਉਤੇ ਨਹੀਂ ਬਲਕਿ ਸਾਹਿਤ ਦੇ ਬਾਕੀ ਰੂਪਾਂ ਉਤੇ ਵੀ ਲਾਗੂ ਹੁੰਦਾ ਹੈ। ਟੌਲਸਟੌਏ ਦੀ "ਐਨਾ ਕੈਰਾਨਿਨ" ਅਤੇ ਦਾਸਤੋਵਸਕੀ ਦੇ ਨਾਵਲ "ਦੀ ਈਡੀਅਟ" ਦੇ ਮੁੱਖ ਪਾਤਰ ਪ੍ਰਿੰਸ ਮਿਸ਼ਿਕਨ ਨੂੰ ਕਿਵੇਂ ਸਮਝ ਸਕਦੇ ਹੋ ਜਦ ਤੀਕ ਇਨਾਂ ਪਾਤਰਾਂ ਦੇ ਮਨ ਦੀਆਂ ਪਰਤਾਂ ਨੂੰ ਫਰੋਲ ਨਾ ਸਕੋ। ਹਰਿਭਜਨ ਸਿੰਘ ਦੀ ਗੁਰੂ/ ਅਧਿਆਪਿਕਾਂ ਵਾਲੀ ਪੑਤੀਭਾ ਸਦਕਾ ਜਦ ਉਹ ਇਸ ਵਿਸ਼ੇ ਤੇ ਬੋਲਦਾ ਪੇਚੀਦਾ ਦਾਰਸ਼ਨਿਕ ਸੰਕਲਪਾਂ ਦੀ ਵਿਆਖਿਆ ਕਰਦਾ ਤਾਂ ਉਹ ਸ੍ਰੋਤਿਆਂ ਨਾਲ ਅਪਣੇ ਵੱਲੋਂ ਇਕ ਨਵਾਂ "ਸੰਵਾਦ" ਸ਼ੁਰੂ ਕਰ ਲੈਂਦਾ । ਸਰੋਤਾ/ਵਿਦਿਅਤਰਥੀ ਉਹਦੀ ਕਥਾ ਨਾਲ ਕੀਲਿਆ ਉਹਦੀ ਉੰਗਲ ਫੜ ਕੇ ਨਾਲ ਤੁਰ ਪੈਂਦਾ ਜਿਹੜਾ ਮੈਂ ਉਹਦੇ ਲੀਡਜ਼ ਵਾਲੇ ਸੈਸ਼ਨ ਵਿੱਚ ਖ਼ੁਦ ਮਹਿਸੂਸ ਕੀਤਾ। ਵੀਹਵੀਂ ਸਦੀ ਦੇ ਪੰਜਾਬੀ ਸਾਹਿਤ ਦੇ ਇਤਹਾਸ ਵਿੱਚ ਡਾ ਹਰਿਭਜਨ ਦਾ ਨਾਂ ਇੱਕ ਵਿਸ਼ੇਸ਼ ਹਸਤਾਖਰ ਵਜੋਂ ਜਾਣਿਆਂ ਜਾਵੇਗਾ।
Comments