top of page
  • Writer's pictureਸ਼ਬਦ

ਪੈੱਟ ਪਾਲਣ ਦੀ ਖੱਬਤ/

ਹਰਜੀਤ ਅਟਵਾਲ/

ਮਨੁੱਖ ਸ਼ੁਰੂ ਤੋਂ ਹੀ ਜਾਨਵਰ ਪਾਲਦਾ ਆਇਆ ਹੈ। ਇਹ ਜਾਨਵਰ ਉਸਦਾ ਰਿਜ਼ਕ ਹੁੰਦੇ ਹਨ, ਕੁਝ ਉਸਦੀ ਰਾਖੀ ਕਰਦੇ ਹਨ, ਕੁਝ ਉਸਦੀ ਖੁਰਾਕ ਭਾਲਣ ਲਈ ਸਹਾਈ ਭਾਵ ਸ਼ਿਕਾਰ ਕਰਨ ਵਿੱਚ ਤੇ ਕੁਝ ਉਸਦੇ ਸਾਥ ਲਈ ਹੁੰਦੇ ਹਨ। ਮਨੁੱਖਤਾ ਦੀ ਸ਼ੁਰੂਆਤ ਵੱਲ ਦਾ ਸਫਰ ਕਰੀਏ ਤਾਂ ਜਾਨਵਰਾਂ ਨਾਲ ਦੋਸਤੀ ਪਾਉਣ ਵਿੱਚ ਮਨੁੱਖ ਨੂੰ ਬਹੁਤਾ ਸਮਾਂ ਨਹੀਂ ਲੱਗਾ ਹੋਵੇਗਾ। ਇਕ ਅੰਦਾਜ਼ੇ ਮੁਤਾਬਕ ਜੰਗਲੀ ਮੱਝਾਂ ਨੂੰ ਸਭ ਤੋਂ ਪਹਿਲਾਂ ਏਸ਼ੀਅਨ ਲੋਕਾਂ ਨੇ ਬੰਨਕੇ ਘਰੇਲੂ ਬਣਾਇਆ। ਜਿਹੜੀਆਂ ਅੱਜ-ਬੀਬੀਆਂ ਰਾਣੀਆਂ ਮੱਝਾਂ ਸਾਡੀਆਂ ਖੁਰਲੀਆਂ ‘ਤੇ ਖੜੀਆਂ ਹਨ ਇਹ ਉਹਨਾਂ ਜੰਗਲੀ-ਮੱਝਾਂ ਦੀ ਪਤਾ ਨਹੀਂ ਕਿਨਵੀਂ ਹਜ਼ਾਰਵੀ ਨਸਲ ਹੋਵੇਗੀ। ਇਥੇ ਮੈਂ ਖੁਰਲੀਆਂ ਬੱਝੇ ਜਾਨਵਰਾਂ (Live-stock) ਨਾਲੋਂ ਉਹਨਾਂ ਪਾਲਤੂਆਂ ਦੀ ਗੱਲ ਕਰਨੀ ਚਾਹਾਂਗਾ ਜਿਹਨਾਂ ਨੂੰ ਅਸੀਂ ਆਪਣੀਆਂ ਬੈਠਕਾਂ ਬਲਕਿ ਬੈਡਰੂਮਾਂ ਤੱਕ ਵੀ ਲੈ ਜਾਂਦੇ ਹਾਂ ਜਿਵੇਂਕਿ ਕੁੱਤਾ, ਬਿੱਲੀ ਆਦਿ। ਆਮ ਤੌਰ ‘ਤੇ ਮਨੁੱਖ ਪੈੱਟ ਭਾਵ ਪਾਲਤੂ ਆਪਣੇ ਸਾਥ ਲਈ ਰੱਖਦਾ ਹੈ। ਉਹੀ ਪੈੱਟ ਜ਼ਿਆਦਾ ਰੱਖੇ ਜਾਂਦੇ ਸਨ ਜੋ ਦੇਖਣ ਨੂੰ ਸੁਹਣੇ ਲਗਦੇ ਹਨ, ਸਮਝਦਾਰ ਵੀ ਹੁੰਦੇ ਹਨ, ਸਿਖਾਇਆਂ ਜਲਦੀ ਸਿੱਖ ਜਾਂਦੇ ਹਨ, ਜੋ ਬੰਦੇ ਦੀ ਸ਼ਖਸੀਅਤ ਲਈ ਢੁਕਵੇਂ ਵੀ ਹੁੰਦੇ ਹਨ। ਕਈ ਵਾਰ ਲੋਕ ਕਿਸੇ ਨਿਕੰਮੇ ਜਾਨਵਰਾਂ ਨੂੰ ਵੀ ਪਾਲਤੂ ਬਣਾ ਲੈਂਦੇ ਹਨ। ਬਾਜ਼ ਤੇ ਕੁੱਤੇ ਵਰਗੇ ਪਾਲਤੂ ਮਨੁੱਖ ਦੇ ਸ਼ਿਕਾਰ ਖੇਡਣ ਵਿੱਚ ਸਹਾਈ ਹੁੰਦੇ ਆਏ ਹਨ। ਕੁੱਤੇ ਦੀ ਰਖਵਾਲੀ ਤਾਂ ਮਸ਼ਹੂਰ ਹੈ ਹੀ।

ਅੱਜ ਪਾਲਤੂ ਪਾਲਣ ਦੀ ਰੁਚੀ ਖੱਬਤ ਦੀ ਹੱਦ ਤੱਕ ਪੁੱਜ ਗਈ ਹੈ। ਇਸ ਵੇਲੇ ਦੁਨੀਆਂ ਵਿੱਚ 471 ਮਿਲੀਅਨ ਪਾਲਤੂ ਕੁੱਤੇ ਹਨ ਤੇ 373 ਮਿਲੀਅਨ ਪਾਲਤੂ ਬਿੱਲੀਆਂ। ਪਿਛਲੇ ਦਸ ਸਾਲਾਂ ਵਿੱਚ ਇਹ ਗਿਣਤੀ ਦੁੱਗਣੀ ਹੋ ਗਈ ਹੈ। ਨਵੀਂ ਪੀੜ੍ਹੀ ਵਿੱਚ ਕੁੱਤਾ ਰੱਖਣ ਦਾ ਰੁਝਾਨ ਬਹੁਤ ਵਧ ਰਿਹਾ ਹੈ। ਕੁੱਤਾ ਰੱਖਣ ਨੂੰ ਲੈ ਕੇ ਕਈ ਵਾਰ ਮੇਰੇ ਘਰ ਵਿੱਚ ਝਗੜਾ ਹੋਇਆ ਹੈ। ਜਦ ਮੇਰੇ ਬੱਚੇ ਛੋਟੇ ਸਨ ਤਾਂ ਤਿੰਨੋਂ ਹੀ ਕੁੱਤਾ ਰੱਖਣ ਲਈ ਬਾਜ਼ਿੱਦ ਸਨ। ਪਿੱਛੇ ਪਿੰਡ ਵਿੱਚ ਤਾਂ ਅਸੀਂ ਕੁੱਤਾ ਰੱਖਦੇ ਰਹੇ ਹਾਂ। ਬੱਚੇ ਇੰਡੀਆ ਜਾਂਦੇ ਤਾਂ ਮੇਰੇ ਪਿਤਾ ਇਹਨਾਂ ਦੇ ਖੇਡਣ ਲਈ ਖਾਸ ਕੁੱਤਾ ਰੱਖ ਲੈਂਦੇ। ਖੁੱਲ੍ਹੀ ਜਗਾਹ ਹੁੰਦੀ ਸੀ, ਕੂਕਰ ਜਿਥੇ ਮਰਜ਼ੀ ਫਿਰੇ। ਪਰ ਪੱਛਮ ਦੇ ਇਹਨਾਂ ਮੁਲਕਾਂ ਵਿੱਚ ਕੁੱਤਾ ਪਾਲਣਾ ਇਕ ਨੌਕਰੀ ਵਾਂਗ ਹੈ। ਉਸਦੇ ਖਾਣ-ਪੀਣ ਦਾ ਧਿਆਨ ਰੱਖਣਾ, ਉਸ ਦੀਆਂ ਬਿਮਾਰੀਆਂ ਦਾ, ਟੀਕਿਆਂ ਦਾ, ਹੋਰ ਕਿੰਨਾ ਕੁਝ। ਸਭ ਤੋਂ ਵੱਧ ਉਸਦੀ ਪੌਟੀ ਵੀ ਚੁੱਕਣੀ ਪੈਂਦੀ ਹੈ। ਕੁੱਤੇ ਦੇ ਮਾਲਕ ਨੂੰ ਪੌਟੀ/ਪੂ ਬੈਗ ਹਰ ਵੇਲੇ ਜੇਬ੍ਹ ਵਿੱਚ ਰੱਖਣੇ ਪੈਂਦੇ ਹਨ, ਖਾਸ ਤੌਰ ‘ਤੇ ਉਦੋਂ ਜਦ ਉਹ ਕੁੱਤੇ ਨੂੰ ਸੈਰ ਕਰਾ ਰਹੇ ਹੋਣ। ਕੁੱਤਾ ਪੌਟੀ ਕਰੇ ਤਾਂ ਇਕ ਦਮ ਇਸਨੂੰ ਚੁੱਕਕੇ ਨੇੜਲੇ ਕਿਸੇ ਖੰਭੇ ਨਾਲ ਲੱਗ ਢੋਲ ਵਿੱਚ ਪਾ ਦਿਓ, ਨਹੀਂ ਤਾਂ ਜੁਰਮਾਨਾ ਹੋਵੇਗਾ। ਪਾਲਤੂ ਜਾਨਵਰ ਥੋੜਾ ਵੀ ਅਣਗੌਲ਼ੌਂ ਤਾਂ ਜੁਰਮਾਨਾ ਹੋਇਆ ਲਓ। ਮੈਂ ਤਾਂ ਬੱਚਿਆਂ ਦੀਆਂ ਨਾਪੀਆਂ ਬਦਲਣ ਲਈ ਵੀ ਪਤਨੀ ਦੇ ਮਿੰਨਤ-ਤਰਲੇ ਕਰਦਾ ਰਿਹਾ ਹਾਂ, ਹੁਣ ਕੁੱਤੇ ਨੂੰ ਕੌਣ ਸੰਭਾਲੇ। ਉਦੋਂ ਘਰ ਵਿੱਚ ਹੋਏ ਸਮਝੌਤੇ ਅਨੁਸਾਰ ਬੱਚਿਆਂ ਨੂੰ ਮੈਂ ਹੈਮਸਟਰ, ਚੂਹੇ ਵਰਗਾ ਇਕ ਮੈਮਲ, ਰੱਖਣ ਦੀ ਇਜਾਜ਼ਤ ਦੇ ਦਿੱਤੀ ਸੀ। ਤਿੰਨੋਂ ਜਣੇ ਆਪੋ-ਆਪਣਾ ਹੈਮਸਟਰ ਮੋਢਿਆਂ ‘ਤੇ ਚੁੱਕੀ ਫਿਰਦੇ। ਕਦੇ ਜੇਬ੍ਹਾਂ ਵਿੱਚ ਪਾ ਲੈਂਦੇ। ਵੈਸੇ ਅਜਿਹੇ ਛੋਟੇ ਪੈੱਟ ਜੋ ਜੇਬ੍ਹ ਵਿੱਚ ਪੈ ਜਾਂਦੇ ਹਨ, ਬੱਚਿਆਂ ਦੇ ਮਨਪਸੰਦ ਹੁੰਦੇ ਹਨ। ਜਦ ਮੈਂ ਬੱਚਿਆਂ ਨੂੰ ਕੁੱਤਾ ਰੱਖਣ ਤੋਂ ਮਨ੍ਹਾਂ ਕਰ ਰਿਹਾ ਸਾਂ ਤਾਂ ਮੇਰੀ ਬੇਟੀ ਅਨੁਰੀਝ ਦਾ ਕਹਿਣਾ ਸੀਕਿ ਜਦ ਉਸਨੇ ਆਪਣਾ ਘਰ ਲਿਆ ਤਾਂ ਸਭ ਤੋਂ ਪਹਿਲਾਂ ਉਹ ਕੁੱਤਾ ਰੱਖੇਗੀ। ਇਵੇਂ ਹੀ ਹੋਇਆ, ਵਿਆਹ ਤੋਂ ਬਾਅਦ ਜਦ ਉਸਨੇ ਆਪਣਾ ਘਰ ਖਰੀਦਿਆ ਤਾਂ ਅਗਲੇ ਦਿਨ ਉਹ ਤੇ ਉਸਦਾ ਪਤੀ ਗੋਵਿਲ ਜਾਕੇ ਪੱਪੀ, ਟਾਈਸਨ, ਲੈਕੇ ਆਏ। ਟਾਈਸਨ ਰੌਟਵਾਇਲਰ ਵੱਡਾ ਕੁੱਤਾ ਹੈ। ਜੇ ਮੇਰੀ ਕਿਸੇ ਕੁੱਤੇ ਨਾਲ ਕੋਈ ਤਸਵੀਰ ਹੈ ਤਾਂ ਇਹ ਟਾਈਸਨ ਹੀ ਹੈ। ਟਾਈਸਨ ਮੇਰੇ ਨਾਵਲ ‘ਹਾਦਸੇ’ ਦਾ ਇਕ ਅਹਿਮ ਪਾਤਰ ਹੈ। ਇਸੇ ਨਾਵਲ ਵਿੱਚ ਕੁੱਤੇ ਦੀ ਸੰਭਾਲ ਵਿੱਚ ਆਉਂਦੀਆਂ ਕੁਝ ਮੁਸ਼ਕਲਾਂ ਦਾ ਜ਼ਿਕਰ ਵੀ ਹੈ। ਹੁਣ ਅਨੁਰੀਝ ਜਦ ਵੀ ਸਾਨੂੰ ਮਿਲਣ ਆਵੇ ਤਾਂ ਉਸ ਦੀ ਇਸਟੇਟ ਕਾਰ ਵਿੱਚ ਟਾਈਸਨ ਵੀ ਹੁੰਦਾ ਹੈ। ਜਿੰਨੇ ਦਿਨ ਰਹੇ ਉਹ ਖੂਬ ਦਿਲ ਲਾਉਂਦਾ ਹੈ। ਜਦ ਮੈਂ ਅਨੁਰੀਝ ਦੇ ਘਰ ਜਾਵਾਂ ਤਾਂ ਦੋਹਤੀ-ਦੋਹਤੇ ਸੰਗ ਖੇਡਣ ਦੇ ਨਾਲ-ਨਾਲ ਟਾਈਸਨ ਦਾ ਲਾਲਚ ਵੀ ਹੁੰਦਾ ਹੈ।

ਕੁੱਤੇ ਤੋਂ ਬਾਅਦ ਜਾਂ ਕੁੱਤੇ ਦੇ ਬਰਾਬਰ ਦਾ ਪਾਲਤੂ ਹਰਮਨ-ਪਿਆਰਾ ਜਾਨਵਰ ਬਿੱਲੀ ਹੈ। ਸਾਡੇ ਮੁਲਕਾਂ ਨਾਲੋਂ ਇਹ ਯੌਰਪ ਵਿੱਚ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ਬਿੱਲੀ ਦੀ ਸੰਭਾਲ ਕੁੱਤੇ ਦੇ ਮੁਕਾਬਲੇ ਬਹੁਤ ਘੱਟ ਹੈ। ਇਕ ਤਾਂ ਬਿੱਲੀ ਸਫਾਈ-ਪਸੰਦ ਜਾਨਵਰ ਹੈ, ਆਪਣੀ ਸਫਾਈ ਆਪ ਰੱਖਦੀ ਹੈ, ਦੂਜੇ ਇਸ ਨੂੰ ਸੈਰ ਲਈ ਵੀ ਨਹੀਂ ਲੈਜਾਣਾ ਪੈਂਦਾ। ਜੇਬ੍ਹ ਵਿੱਚ ਬੈਗ ਰੱਖਣ ਦੀ ਲੋੜ ਨਹੀਂ ਪੈਂਦੀ। ਦੁਕਾਨਾਂ ਤੋਂ ਕੈਟ-ਲਿਟਰ ਮਿਲਦਾ ਹੈ ਜੋ ਬਜਰੀ ਵਰਗਾ ਹੁੰਦਾ ਹੈ ਜਿਸ ਨੂੰ ਘਰ ਦੇ ਇਕ ਖੂੰਜੇ ਰੱਖ ਦਿੱਤਾ ਜਾਂਦਾ ਹੈ, ਬਿੱਲੀ ਇਸ ਨੂੰ ਵਰਤਣਾ ਸਹਿਜੇ ਹੀ ਸਿੱਖ ਜਾਂਦੀ ਹੈ। ਗਾਰਡਨ ਦੇ ਦਰਵਾਜ਼ੇ ਵਿੱਚ ਲੱਗੀ ਇਕ ਛੋਟੀ ਜਿਹੀ ਖਿੜਕੀ ਰਾਹੀਂ ਬਿੱਲੀ ਆਪ ਹੀ ਬਾਹਰ ਨਿਕਲ ਕੇ ਸੈਰ ਕਰ ਆਉਂਦੀ ਹੈ। ਬਿੱਲੀ ਦਾ ਥੈਲੇ ‘ਚੋਂ ਬਾਹਰ ਆਉਣ ਵਾਲੀ ਕਹਾਵਤ ਸ਼ਾਇਦ ਇਥੋਂ ਹੀ ਨਿਕਲੀ ਹੋਵੇ।

ਕੁੱਤਿਆਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਸਾਈਨੋਫਿਲ (Synophile) ਤੇ ਬਿੱਲੀਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਏਅਲੁਰੋਫਿਲ (Ailurophile) ਕਿਹਾ ਜਾਂਦਾ ਹੈ। ਮਨੁੱਖ ਕੁੱਤਿਆਂ-ਬਿੱਲੀਆਂ ਨੂੰ ਹੀ ਪਾਲਤੂ ਨਹੀਂ ਰੱਖਦਾ ਸਗੋਂ ਹੋਰ ਵੀ ਬਹੁਤ ਸਾਰੇ ਜਾਨਵਰ ਹਨ। ਬਹੁਤ ਸਾਰੇ ਲੋਕ ਸੱਪਾਂ ਨੂੰ ਵੀ ਪਾਲਤੂ ਰੱਖਦੇ ਹਨ। ਇਕ ਅੰਦਾਜ਼ੇ ਮੁਤਾਬਕ ਇਕੱਲੇ ਇਟਲੀ ਵਿੱਚ ਹੀ ਦਸ ਮਿਲੀਅਨ ਪਾਲਤੂ ਸੱਪ ਹਨ। ਹੋਰ ਵੀ ਅਨੇਕਾਂ ਕਿਸਮ ਦੇ ਜਾਨਵਰਾਂ ਨੂੰ ਲੋਕ ਪਾਲਦੇ ਹਨ ਜਿਵੇਂ ਕਿ ਖਰਗੋਸ਼, ਚੂਹੇ, ਹੈਮਸਟਰ, ਗਿਨੀਪੈਗ, ਬਾਜ਼, ਤੋਤੇ, ਕਬੂਤਰ, ਕੱਛੂ, ਮੱਛੀਆਂ ਤੇ ਹੋਰ ਪਤਾ ਨਹੀਂ ਕੀ ਕੀ...। ਲੋਕ ਤਾਂ ਸ਼ੇਰ-ਬਘਿਆੜ ਤੱਕ ਪਾਲਦੇ ਹਨ। ਇਟਲੀ ਵਿੱਚ ਸੱਤ ਮਿਲੀਅਨ ਕੁੱਤੇ, ਸਾਢੇ ਸੱਤ ਮਿਲੀਅਨ ਬਿੱਲੀਆਂ, ਸੋਲਾਂ ਮਿਲੀਅਨ ਮੱਛੀਆਂ ਤੇ ਬਾਰਾਂ ਮਿਲੀਅਨ ਪੰਛੀ ਪਾਲਤੂ ਹਨ। ਚੀਨ ਵਿੱਚ 45 ਮਿਲੀਅਨ ਕੁੱਤੇ, 41 ਮਿਲੀਅਨ ਬਿੱਲੀਆਂ ਹਨ। ਖੈਰ ਚੀਨੀ ਤਾਂ ਕੁੱਤੇ ਬਿੱਲੀਆਂ ਖਾਂਦੇ ਵੀ ਬਹੁਤ ਸ਼ੌਂਕ ਨਾਲ ਹਨ। ਇਸੇ ਕਰਕੇ ਚੀਨ ਵਿੱਚ ਅਵਾਰਾ ਕੁੱਤੇ ਨਹੀਂ ਹੁੰਦੇ। ਯੂਕੇ ਵਿੱਚ ਸਾਢੇ ਦਸ ਮਿਲੀਅਨ ਕੁੱਤੇ ਤੇ ਏਨੀਆਂ ਕੁ ਬਿੱਲੀਆਂ ਹਨ। ਅਮਰੀਕਾ ਵਿੱਚ 87 ਮਿਲੀਅਨ ਬਿੱਲੀਆਂ ਤੇ 78 ਮਿਲੀਅਨ ਕੁੱਤੇ ਹਨ। ਪੜ੍ਹੇ-ਲਿਖੇ ਲੋਕਾਂ ਵਿੱਚ ਪੈੱਟ ਰੱਖਣ ਦਾ ਬਹੁਤ ਰੁਝਾਨ ਹੈ। ਸਾਡੇ ਭਾਰਤੀ ਮੁਆਸ਼ਰੇ ਵਿੱਚ ਵੀ ਕੁੱਤਿਆਂ ਦੀ ਖਾਸ ਥਾਂ ਹੈ। ਸਾਡੀ ਲੋਕਧਾਰਾ ਵਿੱਚ ਵਿੱਚ ਇਹਨਾਂ ਦਾ ਜ਼ਿਕਰ ਕਈ ਵਾਰ ਆਉਂਦਾ ਹੈ। ਮੁਹਾਵਰੇ ਵੀ ਬਹੁਤ ਬਣੇ ਹੋਏ ਹਨ। ਬਹੁਤ ਸਾਰੇ ਲੋਕ ਕੁੱਤੇ ਨੂੰ ਬੰਦਿਆਂ ਨਾਲੋਂ ਵੱਧ ਸਮਝਦੇ ਹਨ, ਤਾਂ ਹੀ ਤਾਂ ਉਹ ਕਹਿ ਦਿੰਦੇ ਹਨ ਕਿ ਤੁਹਾਡਾ ਕੁੱਤਾ, ਕੁੱਤਾ ਤੇ ਸਾਡਾ ਕੁੱਤਾ ਟੌਮੀ। ਕੁੱਤਾ ਸਾਡੀ ਗਾਲ਼-ਗਲੋਚ ਦਾ ਵੀ ਇਕ ਵੱਡਾ ਕਿਰਦਾਰ ਹੈ। ਕੁੱਤਾ ਫਿਲਮੀ ਵਾਰਤਾਲਾਪ ਨੂੰ ਚਰਮ-ਸੀਮਾ ਵੱਲ ਲੈ ਜਾਣ ਵਿੱਚ ਬਹੁਤ ਸਹਾਈ ਹੁੰਦਾ ਹੈ ਜਿਵੇਂ ਕਿ ਕੁੱਤੇ, ਮੈਂ ਤੇਰਾ ਖੂਨ ਪੀ ਜਾਵਾਂਗਾ।

ਲੋਕ ਪੈੱਟ ਪਾਲਦੇ ਹੀ ਨਹੀਂ ਉਹਨਾਂ ਨਾਲ ਮੋਹ ਵੀ ਬਹੁਤ ਕਰਦੇ ਹਨ। ਇਹਨਾਂ ਨੂੰ ਘਰ ਦਾ ਜੀਅ ਹੀ ਸਮਝਦੇ ਹਨ। ਇਹਨਾਂ ਦੇ ਵਿਛੋੜੇ ਦਾ ਅਫਸੋਸ ਮਨਾਉਂਦੇ ਹਨ। ਮੈਂ ਕੁੱਤੇ ਜਾਂ ਬਿੱਲੀ ਆਦਿ ਦੇ ਮਰਨ ‘ਤੇ ਲੋਕ ਧਾਹਾਂ ਮਾਰਕੇ ਰੋਂਦੇ ਦੇਖੇ ਹਨ। ਲੋਕ ਇਹਨਾਂ ਦੇ ਮਰਨ ਉਪਰੰਤ ਅਸਤ ਪਾਉਣ ਜਾਂਦੇ ਹਨ। ਪਿੱਛੇ ਜਿਹੇ ਇੰਗਲੈਂਡ ਦੇ ਪਰਿਵਾਰ ਨੇ ਕੁੱਤੇ ਦੇ ਮਰਨ ‘ਤੇ ਪਾਠ ਵੀ ਰਖਾਇਆ ਸੀ। ਗੋਰੇ ਤਾਂ ਇਹਨਾਂ ਦੇ ਨਾਵਾਂ ‘ਤੇ ਜਾਇਦਾਦਾਂ ਲਵਾ ਜਾਂਦੇ ਹਨ। ਕੁੱਤਾ ਤੇ ਬਿੱਲੀ ਮੁੱਢ-ਕਦੀਮ ਤੋਂ ਹੀ ਮਨੁੱਖ ਦੇ ਦੋਸਤ ਰਹੇ ਹਨ। ਮਿਸਰ ਵਿੱਚ ਖੁਦਾਈ ਦੌਰਾਨ ਜਿਥੇ ਮਨੁੱਖਾਂ ਦੀਆਂ ਮੱਮੀਆਂ ਮਿਲਦੀਆਂ ਹਨ ਉਥੇ ਬਿੱਲੀਆਂ, ਕੁੱਤਿਆਂ ਦੀਆਂ ਹਜ਼ਾਰਾਂ ਮੱਮੀਆਂ ਵੀ ਲੱਭਦੀਆਂ ਹਨ। ਕੁੱਤਾ ਪੁਲੀਸ ਤੇ ਫੌਜ ਦੇ ਬਹੁਤ ਕੰਮ ਆਉਂਦਾ ਹੈ। ਫੌਜ ਵਿੱਚ ਤਾਂ ਕੁੱਤਿਆਂ ਨੂੰ ਰੈਂਕ ਵੀ ਮਿਲਦੇ ਹਨ। ਲਾਡਨ ਤੇ ਯੂਕੇ ਦੇ ਬਹੁਤ ਸਾਰੇ ਪਾਰਕਾਂ ਵਿੱਚ ਉਹਨਾਂ ਘੋੜਿਆਂ, ਕੁੱਤਿਆਂ ਦੇ ਬੁੱਤ ਲੱਗੇ ਹੋਏ ਹਨ ਜਿਹਨਾਂ ਨੇ ਮਹਾਂਯੁੱਧਾਂ ਵਿੱਚ ਇਨਸਾਨਾਂ ਦੇ ਬਰਾਬਰ ਹਿੱਸਾ ਲਿਆ ਤੇ ਬਹੁਤ ਸਾਰੀਆਂ ਜਾਨਾਂ ਬਚਾਈਆਂ।

‘ਪੈੱਟ ਕੇਅਰ ਮਾਰਕਿਟ’ ਇਕ ਸੰਪੂਰਨ ਇੰਡਸਟਰੀ ਹੈ। ਯੂਕੇ ਵਿੱਚ ਤਿੰਨ ਬਿਲੀਅਨ ਪੌਂਡ ਦੇ ਕਰੀਬ ਸਲਾਨਾ ਪਾਲਤੂਆਂ ਦੇ ਖਾਣੇ ਦਾ ਸਮਾਨ ਵਿਕਦਾ ਹੈ ਤੇ ਢਾਈ ਬਿਲੀਅਨ ਪੌਂਡ ਵੈਟਰਿਨਰੀ ਖਰਚੇ ਹੁੰਦੇ ਹਨ ਜਿਵੇਂ ਕਿ ਪਾਲਤੂਆਂ ਦੇ ਟੀਕੇ ਆਦਿ ਤੇ ਉਪਰਲਾ ਸਮਾਨ। ਜੇ ਪੂਰੀ ਦੁਨੀਆਂ ਨੂੰ ਦੇਖੀਏ ਤਾਂ 2016 ਵਿੱਚ ਇਹ ਇੰਡਸਟਰੀ 132 ਬਿਲੀਅਨ ਡਾਲਰ ਦੀ ਸੀ ਤੇ 2025 ਵਿੱਚ ਇਹ ਵਧ ਕੇ 203 ਬਿਲੀਅਨ ਡਾਲਰ ਦੀ ਹੋ ਜਾਵੇਗੀ। ਤੁਸੀਂ ਕਿਸੇ ਵੀ ਸਟੋਰ ਵਿੱਚ ਜਾਂਦੇ ਹੋ ਤਾਂ ਪਾਲਤੂ-ਜਾਨਵਰਾਂ ਦੇ ਸਮਾਨ ਦਾ ਇਕ ਵਖਰਾ ਸੈਕਸ਼ਨ ਮਿਲੇਗਾ। ਇਹਨਾਂ ਦੇ ਵਿਸ਼ੇਸ਼ ਡਾਕਟਰ ਹੁੰਦੇ ਹੀ ਹਨ, ਅੱਜਕੱਲ੍ਹ ਤਾਂ ਇਹਨਾਂ ਦੇ ਟੌਹਰ-ਕੇਂਦਰ ਭਾਵ ਬਿਊਟੀ-ਪਾਰਲਰ ਵੀ ਬਣ ਗਏ। ਇਹ ਜਾਨਵਰ ਖਾਸ ਕਰਕੇ ਕੁੱਤਾ ਤੇ ਬਿੱਲੀ ਇਨਸਾਨਾਂ ਨੂੰ ਸਰੀਰਕ, ਮਾਨਸਿਕ ਤੇ ਭਾਵੁਕ ਸੁੱਖ ਦਿੰਦੇ ਹਨ। ਜੋ ਲੋਕ ਇਕੱਲੇ ਰਹਿੰਦੇ ਹਨ ਉਹਨਾਂ ਨੂੰ ਇਹਨਾਂ ਦਾ ਬਹੁਤ ਸਹਾਰਾ ਹੁੰਦਾ ਹੈ। ਆਪਾਂ ਗਾਈਡ ਕੁੱਤਿਆਂ ਬਾਰੇ ਤਾਂ ਸਾਰੇ ਹੀ ਜਾਣਦੇ ਹਾਂ ਜਿਹੜੇ ਨਜ਼ਰ-ਵਿਹੂਣੇ ਤੇ ਹੋਰ ਸਰੀਰਕ ਕਮੀਆਂ ਵਾਲੇ ਲੋਕਾਂ ਲਈ ਬਹੁਤ ਸਹਾਈ ਹੁੰਦੇ ਹਨ, ਅੱਜਕੱਲ੍ਹ ਡਾਕਟਰ ਇਹਨਾਂ ਰਾਹੀਂ ਮਰੀਜ਼ਾਂ ਦੀ ਥੈਰੇਪੀ ਵੀ ਕਰਦੇ ਹਨ। ਕੁੱਤੇ ਹਾਰਟ-ਅਟੈਕ ਵਰਗੀਆਂ ਬਿਮਾਰੀਆਂ ਦੀ ਸੂਚਨਾ ਵੀ ਦਿੰਦੇ ਹਨ। ਜਿਹੜੇ ਲੋਕਾਂ ਦੀ ਸਿਹਤ ਪਾਲਤੂਆਂ ਨੂੰ ਪਾਲਣਯੋਗ ਨਹੀਂ ਉਹਨਾਂ ਨਾਲ ਸਮੇਂ-ਸਮੇਂ ਉਹਨਾਂ ਦੇ ਮਨਪਸੰਦ ਪਾਲਤੂਆਂ ਨਾਲ ਮੁਲਾਕਾਤਾਂ ਕਰਾਈਆਂ ਜਾਂਦੀਆਂ ਹਨ, ਇਹ ਇਕ ਥੈਰੇਪੀ ਹੁੰਦੀ ਹੈ। ਨਰਸਿੰਗ ਹੋਮਜ਼ ਜਿਥੇ ਲੋਕ ਆਪਣੀ ਬੁਰੀ ਸਿਹਤ ਕਰਕੇ ਰਹਿੰਦੇ ਹਨ ਉਥੇ ਸਪੈਸ਼ਲ ਟਰੇਨਡ ਪਾਲਤੂਆਂ ਨੂੰ ਲੈ ਜਾਕੇ ਮਰੀਜ਼ਾਂ ਦੀ ਤਫਰੀਹ ਕਰਾਈ ਜਾਂਦੀ ਹੈ। ਵੈਸੇ ਸਾਇੰਸ ਸਿੱਧ ਕਰ ਚੁੱਕੀ ਹੈ ਕਿ ਪਾਲਤੂ ਜਾਨਵਰ ਆਪਣੇ ਮਾਲਕਾਂ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਅਨੰਦ ਪ੍ਰਦਾਨ ਕਰਦੇ ਹਨ। ਇਕ ਸਰਵੇ ਮੁਤਾਬਕ ਜਿਹਨਾਂ ਮਰੀਜ਼ਾਂ ਕੋਲ ਕੋਈ ਪਾਲਤੂ ਹੁੰਦਾ ਹੈ ਉਹਨਾਂ ਵਿੱਚ ਬਿਮਾਰੀ ਨਾਲ ਲੜ੍ਹਨ ਦੀ ਤਾਕਤ ਵੱਧ ਹੁੰਦੀ ਹੈ। ਸਰਵੇ ਇਹਵੀ ਦਸਦੇ ਹਨ ਕਿ ਜਿਹਨਾਂ ਘਰਾਂ ਵਿੱਚ ਪਾਲਤੂ ਹੁੰਦੇ ਹਨ ਉਹਨਾਂ ਦੇ ਬੱਚਿਆਂ ਵਿੱਚ ਗਲਤ-ਰੁਚੀਆਂ ਘੱਟ ਉਭਰਦੀਆਂ ਹਨ।

1994 ਵਿੱਚ ਕਨੇਡਾ ਹੋਈ ਇਕ ਸਟੱਡੀ ਵਿੱਚ ਇਸ ਗੱਲ ਦਾ ਅਧਿਐਨ ਕੀਤਾ ਗਿਆ ਕਿ ਸਾਰੇ ਲੋਕ ਪਾਲਤੂਆਂ ਨੂੰ ਕਿਉਂ ਨਹੀਂ ਪਾਲਦੇ। ਜਿਸਦਾ ਇਹ ਨਤੀਜਾ ਸਾਹਮਣੇ ਆਇਆ ਸੀ ਕਿ 35% ਲੋਕ ਸਫਰ ਵਿੱਚ ਰਹਿਣ ਕਰਕੇ, 29% ਸਮੇਂ ਦੀ ਘਾਟ ਕਾਰਨ, 28% ਲੋਕਾਂ ਦੇ ਘਰਾਂ ਵਿੱਚ ਜਗਾਹ ਦੀ ਕਮੀ ਕਾਰਨ ਪਾਲਤੂ ਨਹੀਂ ਪਾਲਦੇ ਤੇ ਬਾਕੀ ਦੇ ਲੋਕ ਇਹਨਾਂ ਨੂੰ ਪਸੰਦ ਨਾ ਕਰਨ ਕਰਕੇ ਨਹੀਂ ਰਖਦੇ। ਮੇਰੀ ਗਿਣਤੀ ਇਹਨਾਂ ਤੋਂ ਬਾਹਰ ਹੈ। ਮੈਂ ਪਾਲਤੂ ਰੱਖਣਾ ਪਸੰਦ ਕਰਦਾਂ ਹਾਂ ਪਰ ਸੰਭਾਲਣਾ ਨਹੀਂ। ਵੈਸੇ ਕੁੱਤਾ ਹੀ ਮੇਰਾ ਪਸੰਦੀਦਾ ਪਾਲਤੂ ਹੈ। ਇਥੇ ਮੈਂ ਆਪਣਾ ਇਕ ਨਿੱਜੀ ਤਜਰਬਾ ਸਾਂਝਾ ਕਰਨਾ ਚਾਹਾਂਗਾ। ਜਦ ਮੈਂ ਤੇ ਮੇਰੇ ਸਾਰੇ ਭੈਣ ਭਰਾ ਕਈ ਸਾਲ ਵਾਪਸ ਪਿੰਡ ਨਹੀਂ ਮੁੜੇ ਤਾਂ ਮੇਰੇ ਮਾਂ-ਪਿਓ ਨੇ ਇਕੱਲਤਾ ਘਟਾਉਣ ਲਈ ਇਕ ਕੁੱਤਾ ਰੱਖ ਲਿਆ। ਮੈਂ ਪੰਜ ਸਾਲ ਬਾਅਦ ਵਾਪਸ ਗਿਆ ਤਾਂ ਉਹਨਾਂ ਦਾ ਕੁੱਤੇ ਨਾਲ ਏਨਾ ਪਿਆਰ ਦੇਖਕੇ ਮੈਨੂੰ ਜਾਪਿਆ ਜਿਵੇਂ ਮੈਂ ਅਣਗੌਲ਼ਿਆ ਜਾ ਰਿਹਾ ਹੋਵਾਂ ਤੇ ਇਹਨਾਂ ਦਾ ਸਭ ਕੁਝ ਇਹੀ ਹੋਵੇ। ਇਸੇ ਘਟਨਾ ਨੂੰ ਲੈਕੇ ਮੈਂ ਕਹਾਣੀ ‘ਔਂਤ’ ਲਿਖੀ ਸੀ।

ਜਾਨਵਰਾਂ ਦੇ ਅਧਿਕਾਰਾਂ ਲਈ ਦੁਨੀਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਹੋਈਆਂ ਹਨ। ਉਹ ਜਾਨਵਰਾਂ ਨੂੰ ਪਾਲਤੂ ਰੱਖਣ ਦੇ ਵਿਰੋਧ ਵਿੱਚ ਹਨ। ਉਹਨਾਂ ਦਾ ਕਹਿਣਾ ਹੈਕਿ ਇਵੇਂ ਜਾਨਵਰਾਂ ਨੂੰ ਉਹਨਾਂ ਦੇ ਕੁਦਰਤੀ ਰਹਿਣ-ਸਹਿਣ ਤੋਂ ਦੂਰ ਕਰ ਦਿੱਤਾ ਜਾਂਦਾ ਹੈ। ਮਨੁੱਖ ਤੇ ਜਾਨਵਰ ਦੀ ਜੀਵਨ-ਸ਼ੈਲੀ ਵਿੱਚ ਫਰਕ ਜਿਉਂ ਹੁੰਦਾ ਹੈ। ਪਾਲਤੂ ਰੱਖਣ ਦੇ ਨੁਕਸਾਨ ਵੀ ਬਹੁਤ ਹਨ, ਇਹਨਾਂ ਬਾਰੇ ਫਿਰ ਕਦੇ।

Comments


bottom of page