top of page
Writer's pictureਸ਼ਬਦ

ਧਰਤੀ ਹੇਠ ਧੜਕਦੀ ਜ਼ਿੰਦਗੀ /

ਹਰਜੀਤ ਅਟਵਾਲ /

ਲੰਡਨ ਵਿੱਚ ਚਲਦੀਆਂ ਜ਼ਮੀਨਦੋਜ਼ ਰੇਲਾਂ ਨੂੰ ਅੰਡਰਗਰਾਊਂਡ ਕਹਿੰਦੇ ਹਨ। ਇਹ ਅੰਡਰਗਰਾਊਂਡ ਉਦੋਂ ਬਣੀ ਜਦੋਂ ਬਹੁਤ ਘੱਟ ਲੋਕਾਂ ਨੇ ਸੋਚਿਆ ਹੋਵੇਗਾ ਕਿ ਧਰਤੀ ਦੇ ਹੇਠਾਂ ਵੀ ਰੇਲਾਂ ਚੱਲ ਸਕਦੀਆਂ ਹਨ। ਜਾਂ ਧਰਤੀ ਹੇਠ ਵੀ ਇਕ ਦੁਨੀਆ ਵਸ ਸਕਦੀ ਹੈਪ ਅੱਜ ਮੈਟਰੋ ਦੇ ਨਾਂ ‘ਤੇ ਬਹੁਤ ਸਾਰੇ ਮਹਾਂਨਗਰਾਂ ਵਿੱਚ ਅੰਡਰਗਰਾਊਂਡ-ਓਵਰਗਰਾਊਂਡ ਚੱਲ ਰਹੀਆਂ ਹਨ ਪਰ ਲੰਡਨ ਵਾਲੀ ਸਭ ਤੋਂ ਪਹਿਲੀ ਹੈ। ਕਈ ਜਗਾਵਾਂ ‘ਤੇ ਮੈਟਰੋ ਧਰਤੀ ਤੋਂ ਕੁਝ ਮੀਟਰ ਉਪਰ-ਉਪਰ ਚਲਦੀ ਵੀ ਮਿਲ ਜਾਂਦੀ ਹੈ। ਪਰ ਲੰਡਨ ਵਿੱਚ ਟਰਮ ‘ਅੰਡਰਗਰਾਊਂਡ’ ਜ਼ਮੀਨਦੋਜ਼ ਰੇਲ ਲਈ ਤੇ ਟਰਮ ‘ਓਵਰਗਰਾਊਂਡ’ ਲੰਡਨ ਦੀ ਸਾਧਾਰਨ ਰੇਲ ਲਈ ਵਰਤੀ ਜਾਂਦੀ ਹੈ।

ਰਿਕਾਰਡ ਅਨੁਸਾਰ ਅੰਡਰਗਰਾਊਂਡ ਰੇਲ ਚਲਾਉਣ ਦੀ ਗੱਲਬਾਤ ਪਹਿਲੀ ਵਾਰ 1830 ਵਿੱਚ ਚੱਲੀ। ਕਿਉਂਕਿ ਲੰਡਨ ਉਦੋਂ ਵੀ ਘੁੱਗ ਵਸਦਾ ਸੀ ਤੇ ਸਨਅੱਤੀ ਇਨਕਲਾਬ ਵੀ ਸ਼ੁਰੂ ਹੋ ਚੁੱਕਾ ਸੀ ਪਰ ਆਵਾਜਾਵੀ ਦੇ ਸਾਧਨਾਂ ਦੀ ਬਹੁਤ ਘਾਟ ਸੀ। ਟਾਇਰ ਹਾਲ ਈਜਾਦ ਨਹੀਂ ਸੀ ਹੋਇਆ ਸੋ ਪਾਵਰ-ਬੱਸਾਂ ਨਹੀਂ ਸਨ। ਸ਼ਹਿਰ ਵਿੱਚ ਘੋੜਾ-ਬੱਸਾਂ ਜਾਂ ਘੋੜਾ-ਬੱਘੀਆਂ ਹੀ ਚਲਦੀਆਂ ਸਨ। ਬੇਸ਼ੱਕ ਘੋੜਾ-ਬੱਸਾਂ ਦੋ-ਮੰਜ਼ਲਾ ਵੀ ਹੁੰਦੀਆਂ ਸਨ। ਰੇਲ ਤੋਂ ਪਹਿਲਾਂ ਢੋਆ-ਢੁਆਈ ਦੇ ਸਾਧਨਾਂ ਦੀ ਘਾਟ ਕਾਰਨ ਸਨਅੱਤੀ ਇਨਕਲਾਬ ਦੀ ਰਫਤਾਰ ਧੀਮੀ ਸੀ। ਸੰਘਣੀ ਵਸੋਂ ਵਾਲੇ ਸ਼ਹਿਰ ਵਿੱਚ ਰੇਲਵੇ ਲਾਈਨ ਵਿਛਾਉਣੀ ਅਸੰਭਵ ਸੀ ਇਸ ਲਈ ਅੰਡਰਗਰਾਊਂਡ ਵਾਲਾ ਰਾਹ ਚੁਣਿਆਂ ਗਿਆ। ਇਹ ਤਜਵੀਜ਼ ਇਕ ਪਰਾਈਵੇਟ ਕੰਪਨੀ ਵਲੋਂ ਸਰਕਾਰ ਮੁਹਰੇ ਰੱਖੀ ਗਈ ਸੀ। 1854 ਵਿੱਚ ਸਰਕਾਰ ਵਲੋਂ ਮੈਟਰੋਪੋਲੀਟਨ ਰੇਲਵੇ ਭਾਵ ਅੰਡਰਗਰਾਊਂਡ ਬਣਾਉਣ ਦੀ ਇਜਾਜ਼ਤ ਮਿਲ ਗਈ ਸੀ। ਜ਼ਮੀਨਦੋਜ਼ ਰੇਲ ਚਲਾਉਣ ਲਈ ਵੱਡੇ ਵੱਡੇ ਟਨਲ ਬਣਾਉਣੇ ਪੈਣੇ ਸਨ। ਇੰਜਨੀਅਰਾਂ ਨੇ ਲੰਡਨ ਵਿੱਚ ਟਨਲ ਬਣਾਉਣ ਤੋਂ ਪਹਿਲਾਂ ਇਸਨੂੰ ਕਿਸੇ ਹੋਰ ਜਗਾਹ ਬਣਾਕੇ ਤਜਰਬਾ ਕਰਨਾ ਬਿਹਤਰ ਸਮਝਿਆ। ਇਸ ਲਈ ਉਤਰੀ ਇੰਗਲੈਂਡ ਦਾ ਸ਼ਹਿਰ ਕਿਬਲਜ਼ਵਰਥ ਚੁਣਿਆਂ ਗਿਆ। ਇਸ ਸ਼ਹਿਰ ਦੀ ਭੂਗੋਲਿਕ ਸਥਿਤੀ ਬਿਲਕੁਲ ਲੰਡਨ ਵਰਗੀ ਹੈ। ਇਥੇ ਟੈਸਟ-ਟਨਲ ਬਣਾਇਆ ਤੇ ਬਣਾ ਕੇ ਦੋ ਸਾਲ ਤੱਕ ਪਰਖਿਆ ਗਿਆ ਫਿਰ ਲੰਡਨ ਵਿੱਚ ਟਨਲ ਬਣਨੇ ਸ਼ੁਰੂ ਹੋਏ। ਪਹਿਲਾਂ ਇਹ ਟਨਲ ਕੱਟ-ਐਂਡ-ਕਵਰ ਵਿਧੀ ਨਾਲ ਖੋਦੇ ਗਏ ਸਨ, ਫਿਰ ਇਸ ਲਈ ਖਾਸ ਮਸ਼ੀਨਾਂ ਵਰਤੀਆਂ ਜਾਣ ਲਗੀਆਂ। ਇਹ ਟਨਲ ਗੋਲਾਈ ਵਿੱਚ ਬਣਾਏ ਜਾ ਰਹੇ ਸਨ ਇਸ ਲਈ ਇਸ ਰੇਲ ਨੂੰ ਟਿਊਬ ਵੀ ਕਿਹਾ ਜਾਂਦਾ ਹੈ। ਸ਼ੁਰੂ ਵਿੱਚ ਇਸਦਾ ਡਾਇਆਮੀਟਰ 3.10 ਮੀਟਰ ਭਾਵ ਦਸ ਫੁੱਟ, ਦੋ ਇੰਚ ਸੀ। ਫਿਰ ਨਵੇਂ ਟਨਲਾਂ ਦਾ ਡਾਇਆਮੀਟਰ 3.56 ਮੀਟਰ ਭਾਵ ਸਾਢੇ ਗਿਆਰਾਂ ਫੁੱਟ ਕਰ ਦਿੱਤਾ ਗਿਆ ਸੀ। ਫਿਰ ਕੁਝ ਟਨਲ 4.9 ਮੀਟਰ ਜਾਣੀ ਕਿ ਸੋਲਾਂ ਫੁੱਟ ਡਾਇਆਮੀਟਰ ਵਾਲੇ ਵੀ ਬਣੇ। ਟਨਲ ਬਣਾ ਕੇ ਲਾਈਨਾਂ ਵਿਛਾਈਆਂ ਗਈਆਂ ਤੇ ਜ਼ਮੀਨਦੋਜ਼ ਰੇਲ ਚੱਲਣੀ ਸ਼ੁਰੂ ਹੋ ਗਈ। ਲਾਈਨਾਂ ਦੀ ਚੌੜਾਈ ਮੀਟਰ-ਗੇਜ਼ ਭਾਵ ਆਮ ਰੇਲ-ਲਾਈਨ ਜਿੰਨੀ ਹੀ ਰੱਖੀ ਗਈ ਸੀ। ਪਹਿਲੀ ਅੰਡਰਗਰਾਊਂਡ 10 ਜਨਵਰੀ 1863 ਨੂੰ ਚੱਲੀ ਸੀ, ਅੱਜ ਤੋਂ ਤਕਰੀਬਨ 160 ਸਾਲ ਪਹਿਲਾਂ। ਇਹ ਲੋਕਾਂ ਲਈ ਨਵੀਂ ਚੀਜ਼ ਸੀ। ਇਸਦੀ ਅਖ਼ਬਾਰਾਂ ਵਿੱਚ ਜਾਂ ਮੂੰਹੋਂ-ਮੂੰਹ ਵੀ ਬਹੁਤ ਚਰਚਾ ਹੁੰਦੀ ਰਹੀ ਸੀ। ਪਹਿਲੀ ਟਰੇਨ ਪੈਡਿੰਗਟਨ ਤੋਂ ਲੈਕੇ ਫਰਿੰਗਡਨ ਤੱਕ ਚੱਲ ਸੀ। ਲੋਕਾਂ ਵਿੱਚ ਇਸਦਾ ਏਨਾ ਉਤਸ਼ਾਹ ਸੀ ਕਿ ਪਹਿਲੇ ਦਿਨ ਹੀ ਅਠੱਤੀ ਹਜ਼ਾਰ ਲੋਕਾਂ ਨੇ ਇਸ ਵਿੱਚ ਸਫਰ ਕੀਤਾ। ਦੂਜੀ ਟਰੇਨ ਡਿਸਟ੍ਰਿਕਟ-ਲਾਈਨ 1868 ਵਿੱਚ ਸਾਊਥ ਕੈਨਜ਼ਿੰਗਟਨ ਤੋਂ ਲੈਕੇ ਵੈਸਟਮਨਿਸਟਰ ਤੱਕ ਚੱਲਣੀ ਸ਼ੁਰੂ ਹੋਈ। ਇਕ ਰੂਟ ਨੂੰ ‘ਲਾਈਨ’ ਕਿਹਾ ਜਾਂਦਾ ਹੈ। ਇਸ ਵੇਲੇ ਲੰਡਨ ਵਿੱਚ ਗਿਆਰਾਂ ਲਾਈਨਾਂ ਜਾਂ ਰੂਟ ਹਨ। 1884 ਵਿੱਚ ਅੱਜ ਵਾਲੀ ਸਰਕਲ-ਲਾਈਨ ਸ਼ੁਰੂ ਹੋਈ ਜੋ ਅੱਜ ਵੀ ਲੰਡਨ ਵਿੱਚ ਗੋਲ-ਗੋਲ ਘੁੰਮਦੀ ਹੈ ਤੇ ਇਹ ਸਾਰੀਆਂ ਅੰਰਗਰਾਊਂਡ ਲਾਈਨਾਂ ਨੂੰ ਜੋੜਦੀ ਹੋਈ ਲੰਘਦੀ ਹੈ‎, ਭਾਵ ਇਸ ਵਿੱਚ ਸਫਰ ਕਰਦੇ ਤੁਸੀਂ ਕੋਈ ਵੀ ਲਾਈਨ ਬਦਲ ਸਕਦੇ ਹੋ। ਵੈਸੇ ਜੁਬਲੀ ਲਾਈਨ ਪੂਰੇ ਲੰਡਨ ਨੂੰ ਲਿੰਕ ਕਰਦੀ ਹੈ।

ਉਹਨਾਂ ਦਿਨਾਂ ਵਿੱਚ ਰੇਲ ਗੱਡੀਆਂ ਭਾਫ ਨਾਲ ਚਲਦੀਆਂ ਸਨ, ਜਿਸਨੂੰ ਸਟੀਮ-ਲੋਕੋਮੋਟਿਵ ਕਿਹਾ ਜਾਂਦਾ ਸੀ। ਭਾਰਤ ਵਿੱਚ ਪਿੱਛੇ ਜਿਹੇ ਹੀ ਸਟੀਮ-ਲੋਕੋਮੋਟਿਵ ਇੰਜਣ ਬੰਦ ਹੋਏ ਹਨ ਪਰ ਪੱਛਮ ਵਿੱਚ ਸੌ ਸਾਲ ਪਹਿਲਾਂ ਹੀ ਡੀਯਲ ਵਾਲੇ ਜਾਂ ਬਿਜਲੀ ਵਾਲੇ ਰੇਲ-ਇੰਜਣ ਆ ਚੁੱਕੇ ਸਨ। ਭਾਫ ਪੈਦਾ ਕਰਨ ਲਈ ਈਧਨ ਚਾਹੀਦਾ ਹੁੰਦਾ ਹੈ ਭਾਵ ਲਕੜੀ ਜਾਂ ਕੋਲਾ। ਭਾਫ ਵਾਲੇ ਇੰਜਣ ਨੇ ਧੂੰਆਂ ਵੀ ਛੱਡਣਾ ਹੋਇਆ। ਧੂੰਆਂ ਛਡਦੀ ਟਰੇਨ ਜਦ ਕਿਸੇ ਸੁਰੰਗ ਵਿੱਚ ਵੜੇਗੀ ਤਾਂ ਕਈ ਕਿਸਮ ਦੀਆਂ ਮੁਸ਼ਕਲਾਂ ਤਾਂ ਪੈਦਾ ਹੋਣਗੀਆਂ ਹੀ। ਇਵੇਂ ਹੀ ਕੁਝ ਦੇਰ ਬਾਅਦ ਲੰਡਨ ਦੀ ਅੰਡਰਗਰਾਊਂਡ ਨਾਲ ਹੋਣ ਸ਼ੁਰੂ ਹੋ ਗਿਆ। ਅੱਗੇ ਅੱਗੇ ਜਾਂਦਾ ਇੰਜਣ ਧੂਆਂ ਛੱਡਦਾ ਜਾਂਦਾ, ਬਾਹਰ ਹੋਵੇ ਤਾਂ ਧੂਆਂ ਉਪਰ ਨੂੰ ਨਿਕਲ ਜਾਂਦਾ ਹੈ ਪਰ ਸੁਰੰਗ ਵਿੱਚ ਇਸਨੇ ਪਿੱਛੇ ਨੂੰ ਜਾਣਾ ਹੋਇਆ ਤੇ ਇਸ ਧੂੰਏਂ ਨਾਲ ਕਈ ਸਮੱਸਿਆਵਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਰੇਲ-ਗੱਡੀ ਵਿੱਚ ਗਰਮੀ ਹੋਣ ਲੱਗੀ। ਧੂੰਏਂ ਕਾਰਨ ਸਾਹ ਦੀ ਸਮੱਸਿਆ ਆਉਣੀ ਸ਼ੁਰੂ ਹੋ ਗਈ। ਇਸਦੇ ਕਰਮਚਾਰੀਆਂ ਨੂੰ ਮੁੱਛ-ਦਾਹੜੀ ਰੱਖਣ ਦੀ ਹਿਦਾਇਤਾਂ ਦਿੱਤੀਆਂ ਗਈਆਂ ਤਾਂ ਜੋ ਹਵਾ ਫਿਲਟਰ ਹੋ ਸਕੇ।

1890 ਵਿੱਚ ਲੰਡਨ ਅੰਡਰਗਰਾਊਡ ਦਾ ਬਿਜਲਈ-ਕਰਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਸਭ ਤੋਂ ਪਹਿਲੀ ਬਿਜਲਈ ਲਾਈਨ ਸਿਟੀ ਐਂਡ ਸਾਊਥ ਲੰਡਨ ਰੇਲਵੇ ਸੀ ਜਿਸਨੂੰ ਅੱਜਕੱਲ ਨੌਰਦਨ-ਲਾਈਨ ਕਹਿੰਦੇ ਹਨ। ਇਹ ਉਤਰੀ ਲੰਡਨ ਤੋਂ ਦਰਿਆ ਪਾਰ ਦੱਖਣੀ ਲੰਡਨ ਵੱਲ ਨੂੰ ਚੱਲਦੀ ਹੈ। ਥੇਮਜ਼-ਦਰਿਆ ਲੰਡਨ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦਾ ਹੈ, ਉਤਰੀ ਲੰਡਨ ਤੇ ਦੱਖਣੀ ਲੰਡਨ। ਦਰਿਆ ਤੋਂ ਪਾਰ ਦੱਖਣੀ ਲੰਡਨ ਵਿੱਚ ਅੰਡਰਗਰਾਊਂਡ ਬਹੁਤ ਘੱਟ ਹੈ। ਮੈਂ ਦੱਖਣ ਨੂੰ ਉਸ ਪਾਰ ਇਸ ਲਈ ਆਖਦਾ ਹਾਂ ਕਿ ਦੇਖਣ ਵਾਲੀਆਂ ਬਹੁਤੀਆਂ ਥਾਵਾਂ ਉਤਰ ਵੱਲ ਹਨ, ਇਸ ਲਈ ਦੱਖਣ ਵੱਲ ਘੱਟ ਜਾਇਆ ਜਾਂਦਾ ਹੈ। ਦੱਖਣੀ ਲੰਡਨ ਵਿੱਚ ਕੁਲ ਅੰਡਰਗਰਾਉਂਡ ਸਿਸਟਮ ਦਾ ਸਿਰਫ 10% ਹਿੱਸਾ ਹੀ ਹੈ। ਮਿਸਾਲ ਦੇ ਤੌਰ ‘ਤੇ ਲੰਡਨ ਅੰਡਰਗਰਾਊਂਡ ਦੇ ਕੁਲ ਸਟੇਸ਼ਨ 272 ਹਨ ਪਰ ਦੱਖਣੀ ਲੰਡਨ ਵਿੱਚ ਸਿਰਫ 33 ਹਨ।

ਉਨੀਵੀਂ ਸਦੀ ਦੇ ਖਤਮ ਹੁੰਦਿਆਂ-ਹੁੰਦਿਆਂ ਟਾਇਰ ਦੀ ਕਾਢ ਕੱਢੀ ਜਾਣ ਕਾਰਨ ਬੱਸਾਂ ਵੀ ਚੱਲਣ ਲੱਗ ਪਈਆਂ ਸਨ। 1902 ਤੱਕ ਅੰਡਰਗਰਾਉਂਡ ਦੀਆਂ ਬਹੁਤੀਆਂ ਲਾਈਨਾਂ ਦਾ ਵੀ ਬਿਜਲਈ-ਕਰਨ ਹੋ ਚੁੱਕਿਆ ਸੀ। ਓਵਰਗਰਾਊਂਡ ਟਰਾਮਾਂ ਵੀ ਸ਼ੁਰੂ ਹੋ ਗਈਆਂ ਸਨ। ਬੱਸਾਂ ਵੀ ਬਿਜਲੀ ਨਾਲ ਚੱਲਣ ਲੱਗ ਪਈਆਂ ਸਨ। ਪਹਿਲਾਂ ਬੱਸਾਂ ਵੀ ਭਾਫ ਨਾਲ ਚਲਦੀਆਂ ਰਹੀਆਂ ਹਨ ਜਿਵੇਂ ਕੋਲੇ/ਲਕੜੀ ਨਾਲ ਟਰੇਨਾਂ ਭਜਦੀਆਂ ਸਨ। ਪਹਿਲਾਂ ਬੱਸਾਂ ਤੇ ਅੰਡਰਗਰਾਊਂਡ ਲਾਈਨਾਂ ਪਰਾਈਵੇਟ ਕੰਪਨੀਆਂ ਚਲਾਉਂਦੀਆਂ ਸਨ ਪਰ ਫਿਰ ਇਹਨਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ ਤੇ ਇਹਨਾਂ ਨੂੰ ‘ਲੰਡਨ ਟਰਾਂਸਪੋਰਟ ਡਿਪਾਰਟਮੈਂਟ’ ਦੇ ਅਧੀਨ ਲੈ ਆਂਦਾ ਗਿਆ। ਅੱਜਕੱਲ੍ਹ ਇਸ ਮਹਿਕਮੇ ਨੂੰ ‘ਟਰਾਂਸਪੋਰਟ ਫਾਰ ਲੰਡਨ’ ਕਹਿੰਦੇ ਹਨ। ਇਸਨੂੰ ਚਲਾਉਣ ਲਈ ਖਰਚਾ ਦਾ 92% ਇਸਦੇ ਕਿਰਾਏ ਤੋਂ ਇਕੱਠਾ ਕੀਤਾ ਜਾਂਦਾ ਹੈ ਇਸ ਲਈ ਇਸ ਵਿੱਚ ਸਫਰ ਕਰਨਾ ਕਾਫੀ ਮਹਿੰਗਾ ਪੈਂਦਾ ਹੈ। ਪਹਿਲਾਂ ਹਫਤਾਵਾਰ ਜਾਂ ਮਹੀਨਾਵਾਰ ਪਾਸ ਬਣਦਾ ਸੀ, ਸਲਾਨਾ ਪਾਸ ਵੀ ਬਣ ਜਾਂਦਾ ਸੀ। 1983 ਵਿੱਚ ਟਰੈਵਲ-ਕਾਰਡ ਸ਼ੁਰੂ ਕੀਤਾ ਗਿਆ ਸੀ। ਇਕ ਵਾਰ ਟਰੈਵਲ-ਕਾਰਡ ਲੈਕੇ ਦਿਨ ਭਰ ਜਿਥੇ ਮਰਜ਼ੀ ਘੁੰਮ ਸਕਦੇ ਹੋ। 2003 ਵਿੱਚ ਕੰਟੈਕਟਲੈੱਸ-ਟਿਕਟ ਭਾਵ ਓਏਸਟਰ-ਕਾਰਡ ਚਾਲੂ ਕੀਤਾ ਗਿਆ ਸੀ, ਇਸ ਮੁਤਾਬਕ ਓਨਾ ਹੀ ਖਰਚਾ ਹੁੰਦਾ ਹੈ ਜਿੰਨਾ ਤੁਸੀਂ ਸਫਰ ਕਰਦੇ ਹੋ। ਇਸਨੂੰ ਤੁਸੀਂ ਸਟੇਸ਼ਨ ‘ਤੇ ਲੱਗੇ ਕਾਰਡ-ਰੀਡਰ ਨੂੰ ਛੂਹੋ ਤੇ ਅੱਗੇ ਲੰਘ ਜਾਓ। ਓਏਸਟਰ-ਕਾਰਡ ਵਿੱਚ ਪਹਿਲਾਂ ਪੈਸੇ ਭਰਾਏ ਹੁੰਦੇ ਹਨ। ਹੁਣ ਤੁਸੀਂ ਆਪਣੇ ਕਰੈਡਿਟ ਕਾਰਡ ਟੱਚ ਕਰਕੇ ਵੀ ਸਫਰ ਕਰ ਸਕਦੇ ਹੋ। ਅੰਡਰਗਰਾਊਂਡ ਵਿੱਚ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਤੋਂ ਵੀ ਕਾਫੀ ਆਮਦਨ ਹੋ ਜਾਂਦੀ ਹੈ। ਕਿਸੇ ਜ਼ਮਾਨੇ ਵਿੱਚ ਇਸ ਦੀ ਟਿਕਟ ਦੋ ਪੈਨੀ ਹੁੰਦੀ ਸੀ। ਉਦੋਂ ਸੈਂਟਰਲ-ਲਾਈਨ ਨੂੰ ‘ਟੂ-ਪੈਨੀ ਟਿਊਬ’ ਵੀ ਕਿਹਾ ਜਾਂਦਾ ਸੀ। ਸੈਂਟਰਲ ਲਾਈਨ ਸਭ ਤੋਂ ਲੰਮੀ ਤੇ ਤੇਜ਼ ਲਾਈਨ ਹੈ।

ਲੰਡਨ ਅੰਡਰਗਰਾਊਂਡ ਭਾਵੇਂ ਦੁਨੀਆ ਦਾ ਪਹਿਲਾ ਮੈਟਰੋ-ਸਿਸਟਮ ਹੈ ਪਰ ਹੁਣ ਹੋਰ ਬਹੁਤ ਸਾਰੇ ਮੈਟਰੋ ਪ੍ਰਫੁੱਲਤ ਹੋ ਚੁੱਕੇ ਹਨ। ਸਾਈਜ਼ ਵਿੱਚ ਹੁਣ ਇਹ ਸ਼ੰਘਾਈ ਤੇ ਬੀਜਿੰਗ ਤੋਂ ਬਾਅਦ ਤੀਜੇ ਨੰਬਰ ‘ਤੇ ਹੈ। ਵੈਸੇ ਇਹ ਦੁਨੀਆ ਦਾ ਬਾਰਵਾਂ ਵਿਅਸਤ ਮੈਟਰੋ ਸਿਸਟਮ ਹੈ। 272 ਸਟੇਸ਼ਨ ਤੇ 250 ਮੀਲ ਲੰਮੀਆਂ ਗਿਆਰਾਂ ਲਾਈਨਾਂ ਹਨ ‘ਤੇ ਪੰਜਾਹ ਲੱਖ ਲੋਕ ਰੋਜ਼ਾਨਾ ਸਫਰ ਕਰਦੇ ਹਨ। ਇਹ ਲਾਈਨਾਂ ਕਾਫੀ ਡੂੰਘੀਆਂ ਚਲਦੀਆਂ ਹਨ। ਕਈ ਜਗਾਵਾਂ ਤੋਂ ਲਗਭਗ 42 ਮੀਟਰ ਡੂੰਘੀਆਂ ਵੀ ਹਨ। ਕਈ ਸਟੇਸ਼ਨ ਸੱਠ ਮੀਟਰ ਡੂੰਘੇ ਹਨ। ਵੈਸੇ ਤਾਂ ਇਸਨੂੰ ਅੰਡਰਗਰਾਊਂਡ ਸਿਸਟਮ ਕਿਹਾ ਜਾਂਦਾ ਹੈ ਪਰ ਇਹ 45% ਹੀ ਜ਼ਮੀਨਦੋਜ਼ ਹੈ, ਬਾਕੀ ਓਵਰਗਰਾਊਂਡ ਹੈ। ਹੋਰ ਵੀ ਬਹੁਤ ਸਾਰੀਆਂ ਦਿਲਸਚਪ ਗੱਲਾਂ ਇਸ ਨਾਲ ਜੁੜਦੀਆਂ ਹਨ। ਏਂਜਲ ਸਟੇਸ਼ਨ ਉਪਰ ਐਸਕਾਲੇਟਰ ਜਾਂ ਬਿਜਲਈ ਪੌੜੀ ਸੱਠ ਮੀਟਰ ਲੰਮੀ ਹੈ। ਆਲਡਗੇਟ ਦਾ ਸਟੇਸ਼ਨ ਅਜਿਹੀ ਜਗਾਹ ਹੈ ਜਿਸਦੇ ਹੇਠਾਂ ਇਕ ਹਜ਼ਾਰ ਬੰਦੇ ਦਫਨਾਏ ਹੋਏ ਹਨ ਜੋ 1665 ਵਿੱਚ ਪਈ ਪਲੇਗ ਵਿੱਚ ਮਾਰੇ ਗਏ ਸਨ। ਇਹ ਲਾਈਨਾਂ ਪਾਣੀ ਨਾਲ-ਨਾਲ ਭਰ ਜਾਣ ਇਸ ਕਰਕੇ ਹਰ ਰੋਜ਼ ਪੰਜਾਹ-ਮਿਲੀਅਨ ਲਿਟਰ ਪਾਣੀ ਪੰਪ ਕਰਕੇ ਬਾਹਰ ਕੱਢਿਆ ਜਾਂਦਾ ਹੈ। ਹਰ ਸਾਲ ਪੰਜਾਹ ਬੰਦੇ ਟਿਊਬ ਮੁਹਰੇ ਛਾਲ ਮਾਰ ਕੇ ਖੁਦਕਸ਼ੀ ਕਰਦੇ ਹਨ। ਪੰਜ ਲੱਖ ਚੂਹੇ ਇਹਨਾਂ ਟਨਲਾਂ ਵਿੱਚ ਰਹਿੰਦੇ ਹਨ। ਤੁਸੀਂ ਕਿਸੇ ਵੀ ਅੰਡਰਗਰਾਉਂਡ ਸਟੇਸ਼ਨ ‘ਤੇ ਖੜੇ ਹੋਵੋਂ ਕੋਈ ਨਾ ਕੋਈ ਚੂਹਾ ਤੁਹਾਡੇ ਤੋਂ ਛੇ ਫੁੱਟ ਦੀ ਦੂਰੀ ‘ਤੇ ਹੀ ਹੋਵੇਗਾ। ਇਕ ਵਾਰ ਫਰਿੰਗਡਨ ਸਟੇਸ਼ਨ ‘ਤੇ ਨੋਟਿਸ ਬੋਰਡ ‘ਤੇ ਲਿਖਿਆ ਗਿਆ ਸੀ- ‘ਆਪਣੀਆਂ ਟਰਾਊਜ਼ਰਾਂ ਦੀਆਂ ਮੋਹਰੀਆਂ ਬੰਨ ਕੇ ਰੱਖੋ, ਕਿਤੇ ਚੂਹੇ ਨਾ ਜਾ ਵੜਨ।‘ ਚੂਹਿਆਂ ਨੂੰ ਲੈ ਕੇ ਕੁਝ ਟੈਲੀਵੀਯਨ ਪ੍ਰੋਗਰਾਮ ਵੀ ਬਣੇ ਹਨ।

ਇਹ ਸਟੇਸ਼ਨਾਂ ਵਿੱਚ ਬਹੁਤੀ ਹਵਾ ਨਹੀਂ ਪੈਂਦੀ ਇਸ ਲਈ ਕੁਝ ਨਿੱਘੇ ਹੁੰਦੇ ਹਨ ਇਸ ਲਈ ਬਹੁਤ ਸਾਰੇ ਬੇਘਰੇ ਇਹਨਾਂ ਸਟੇਸ਼ਨਾਂ ਵਿੱਚ ਸੌਂਦੇ ਹਨ। 1940 ਵਿੱਚ ਹੋਈ ਜਨਗਣਨਾ ਸਮੇਂ ਇਹ ਪਾਇਆ ਗਿਆ ਕਿ 177500 ਲੋਕ ਟਿਊਬ ਸਟੇਸ਼ਨਾਂ ਵਿੱਚ ਰਹਿ ਰਹੇ ਸਨ। ਹੁਣ ਵੀ ਸਰਦੀਆਂ ਨੂੰ ਜਦ ਬਹੁਤੀ ਠੰਡ ਪਵੇ, ਅੰਡਰਗਰਾਊਂਡ ਸਟੇਸ਼ਨ ਬੇਘਰਿਆਂ ਲਈ ਖੋਹਲ ਦਿੱਤੇ ਜਾਂਦੇ ਹਨ। ਇਹਨਾਂ ਟਰੇਨਾਂ ਦੀ ਸਪੀਡ ਇਕੀ ਮੀਲ ਤੋਂ ਲੈਕੇ ਸੱਠ ਮੀਲ ਤੱਕ ਹੁੰਦੀ ਹੈ। ਸਟੇਸ਼ਨ ਵੀ ਨੇੜੇ-ਨੇੜੇ ਹੀ ਹਨ। ਕਈ ਸਟੇਸ਼ਨ ਤਾਂ ਇਕ ਦੂਜੇ ਤੋਂ ਢਾਈ-ਤਿੰਨ ਸੌ ਮੀਟਰ ਦੇ ਫਰਕ ‘ਤੇ ਹੀ ਹਨ।

ਅੰਡਰਗਰਾਊਂਡ ਨੇ ਲੰਡਨ ਵਿੱਚ ਸਫਰ ਕਰਨ ਨੂੰ ਬਹੁਤ ਸੌਖਾ ਬਣਾਇਆ ਹੋਇਆ ਹੈ। ਸਟੇਸ਼ਨ ਤੋਂ ਲਾਈਨਾਂ ਦੇ ਨਕਸ਼ੇ ਮਿਲਦੇ ਹਨ ਜੋ ਲਾਈਨਾਂ ਦੀ ਜਟਲਿਤਾ ਨੂੰ ਸਮਝਣ ਲਈ ਆਸਾਨ ਬਣਾ ਦਿੰਦੇ ਹਨ। ਕਹਾਵਤ ਹੈ ਕਿ ਜਿਸ ਨੇ ਲੰਡਨ ਦਾ ਅੰਡਰਗਰਾਉਂਡ ਸਿਸਟਮ ਸਮਝ ਲਿਆ ਉਸ ਨੇ ਲੰਡਨ ਸਮਝ ਲਿਆ। ਹਰ ਲਾਈਨ ਦਾ ਵਖਰਾ ਰੂਟ ਹੈ ਤੇ ਹਰ ਲਾਈਨ ਨੂੰ ਵੱਖਰੇ ਰੰਗ ਵਿੱਚ ਦਿਖਾਇਆ ਹੁੰਦਾ ਹੈ। ਇਕ ਲਾਈਨ ਤੋਂ ਦੂਜੀ ਲਾਈਨ ‘ਤੇ ਜਾਣਾ ਸੌਖਾ ਹੀ ਹੁੰਦਾ ਹੈ। ਲੰਡਨ ਦੀ ਹਰ ਦੇਖਣ-ਯੋਗ ਜਗਾਹ ਅੰਡਰਗਰਾਊਂਡ ਨਾਲ ਜੁੜੀ ਹੋਈ ਹੈ। ਵੈਸੇ ਕਈ ਸਟੇਸ਼ਨਾਂ ‘ਤੇ ਭੂਤਾਂ ਦਾ ਪਹਿਰਾ ਹੋਣ ਦੀਆਂ ਦੰਦ-ਕਥਾਵਾਂ ਵੀ ਚਲਦੀਆਂ ਰਹਿੰਦੀਆਂ ਹਨ। ਇਕ ਲੇਖਕ ਨੇ ਅੰਡਰਗਰਾਊਂਡ ਨਾਲ ਜੁੜੀਆਂ ਡਰਾਉਣੀਆਂ ਕਹਾਣੀਆਂ ਦੀ ਲੜੀ ਵੀ ਲਿਖੀ ਸੀ।

ਇਹ ਜੋ ਮੈਟਰੋ ਸਿਸਟਮ ਹੁੰਦਾ ਹੈ ਇਹ ਹਾਦਸਾ-ਜਨਕ ਵੀ ਬਹੁਤ ਹੁੰਦਾ ਹੈ, ਖਾਸ ਕਰਕੇ ਅੰਡਰਗਰਾਊਂਡ। ਕਿਉਂਕਿ ਹਾਦਸੇ ਵਿੱਚ ਬਚਣ ਦੇ ਮੌਕੇ ਬਹੁਤ ਘੱਟ ਜਾਂਦੇ ਹਨ। ਲੰਡਨ ਵਿੱਚ ਜਦ ਵੀ ਹਾਦਸਾ ਹੋਇਆ ਦਰਜਨਾਂ ਹੀ ਮੌਤਾਂ ਹੋਈਆਂ। ਟੈਰੋਰੈਸਟਾਂ ਲਈ ਵੀ ਅਟੈਕ ਕਰਨ ਲਈ ਇਹ ਢੁਕਵੀਂ ਜਗਾਹ ਬਣ ਜਾਂਦੀ ਹੈ। ਅੱਤਵਾਦੀਆਂ ਵਲੋਂ 2005 ਵਿੱਚ ਚਲਾਏ ਬੰਬ ਵਿੱਚ 51 ਲੋਕ ਮਰ ਗਏ ਸਨ। 1987 ਵਿੱਚ ਕਿੰਗਜ਼ ਕਰੌਸ ਵਿੱਚ ਅੱਗ ਲੱਗਣ ਨਾਲ ਤਿੰਨ ਦਰਜਨ ਲੋਕ ਇਸ ਦੀ ਲਪੇਟ ਵਿੱਚ ਆ ਗਏ ਸਨ। ਦੂਜੇ ਮਹਾਂਯੁੱਧ ਵਿੱਚ ਜਿਥੇ ਅੰਡਰਗਰਾਊਂਡ ਜਰਮਨੀ ਦੇ ਬੰਬਾਂ ਤੋਂ ਬਚਣ ਦੇ ਕੰਮ ਆਏ ਉਥੇ ਹੀ ਇਥੇ ਲੁਕੇ ਲੋਕ ਬੰਬਾਂ ਦੇ ਅੜਿੱਕੇ ਵੀ ਆ ਗਏ ਸਨ। 1941 ਇਕ ਬੰਬ ਬੈਂਕ ਸਟੇਸ਼ਨ ਵਿੱਚ ਜਾ ਵੜਿਆ ਸੀ ਤੇ 111 ਲੋਕ ਮੌਤ ਦੀ ਝੋਲੀ ਵਿੱਚ ਜਾ ਡਿੱਗੇ ਸਨ। ਬੰਬ ਕਾਰਨ ਬੈਥਨਲ ਗਰੀਨ ਸਟੇਸ਼ਨ ‘ਤੇ ਮਚੀ ਭੱਗਦੌੜ ਕਾਰਨ 173 ਲੋਕ ਜਾਨ-ਬ-ਹੱਕ ਹੋ ਗਏ ਸਨ। ਖੈਰ ਇਹ ਜ਼ਿੰਦਗੀ ਦਾ ਇਕ ਹਿੱਸਾ ਹੈ। ਵੈਸੇ ਦੂਜੇ ਮਹਾਂਯੁੱਧ ਵਿੱਚ ਅੰਡਰਗਰਾਊਂਡ ਦੇ ਟਨਲ ਬਹੁਤ ਕੰਮ ਆਏ ਸਨ। ਉਸ ਵੇਲੇ ਡਰ ਸੀਕਿ ਹਿਟਲਰ ਕਿਤੇ ਬ੍ਰਿਟਿਸ਼ ਮਿਊਜ਼ੀਅਮ ਉਪਰ ਬੰਬ ਨਾ ਸੁਟ ਦੇਵੇ ਇਸ ਲਈ ਇਸ ਦਾ ਸਾਰਾ ਖਜ਼ਾਨਾ ਇਥੇ ਹੀ ਛੁਪਾਇਆ ਗਿਆ ਸੀ।

ਕਿੰਨੀਆਂ ਹੀ ਫਿਲਮਾਂ ਵਿੱਚ ਅੰਡਰਗਰਾਊਂਡ ਦਿਖਾਇਆ ਜਾਂਦਾ ਹੈ। ਕਿੰਨੀਆਂ ਹੀ ਫਿਲਮਾਂ ਤੇ ਸੀਰੀਅਲਾਂ ਦੀ ਸ਼ੂਟਿੰਗ ਅੰਡਰਗਰਾਊਂਡ ਸਟੇਸ਼ਨਾਂ ਵਿੱਚ ਹੁੰਦੀ ਹੈ। ਜਦ ਕਿਸੇ ਫਿਲਮ ਵਿੱਚ ਦਰਸ਼ਕ ਨੂੰ ਲੰਡਨ ਲੈ ਜਾਣਾ ਹੋਵੇ ਤਾਂ ਸੁਰੰਗ ਵਿੱਚੋਂ ਨਿਕਲਦੀ ਟਿਊਬ ਦਿਖਾਉਣੀ ਹੀ ਕਾਫੀ ਹੁੰਦੀ ਹੈ। ਇਹ ਗੱਲ ਗਲਤ ਨਹੀਂ ਹੈਕਿ ਲੰਡਨ ਦਾ ਅੰਡਰਗਰਾਊਂਡ ਸਿਸਟਮ ਲੰਡਨ ਦੇ ਜਿਊਣ-ਢੰਗ ਦਾ ਅਹਿਮ ਹਿੱਸਾ ਹੈ। ਕਈਆਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਹੁਤ ਸਾਰੇ ਅਜਿਹੇ ਲੰਡਨਵਾਸੀ ਵੀ ਹਨ ਜਿਹਨਾਂ ਨੂੰ ਅੰਡਰਗਰਾਉਂਡ ਦਾ ਅਨੁਭਵ ਨਹੀਂ ਹੈ, ਭਾਵ ਉਹ ਕਦੇ ਇਸ ਟਰੇਨ ਵਿੱਚ ਕਦੇ ਚੜ੍ਹੇ ਹੀ ਨਹੀਂ। ਪੁਰਾਣੇ ਮਿਡਲੈਂਡ ਦੇ ਲੋਕ ਤਾਂ ਇਸ ਵਿੱਚ ਚੜ੍ਹਨ ਤੋਂ ਡਰਿਆ ਕਰਦੇ ਸਨ। ਉਹਨਾਂ ਨੇ ‘ਅੰਡਰਗਰਊਂਡ’ ਦਾ ਨਾਂ ਵੀ ਕੁਝ ਹੋਰ ਹੀ ਰੱਖਿਆ ਹੁੰਦਾ ਸੀ।

Yorumlar


bottom of page