ਲੰਡਨ ਦੀ ਸ਼ਾਨ: ਲੰਡਨ-ਆਈ/
ਹਰਜੀਤ ਅਟਵਾਲ/
ਲੰਡਨ-ਆਈ ਲੰਡਨ ਦੇ ਐਨ ਵਿਚਾਕਰ, ਹਜ਼ਾਰਵੇਂ (ਦੋ ਹਜ਼ਾਰਵੇਂ) ਸਾਲ ਭਾਵ ਮਿਲੇਨੀਅਮ-ਯੀਅਰ ਦੇ ਜਸ਼ਨ ਵਿੱਚ ਬਣਾਇਆ ਸਤੰਭ ਜਾਂ ਸਮਾਰਕ ਹੈ। ਇਸ ਲਈ ਇਸਨੂੰ ਮਿਲੇਨੀਅਮ ਵੀਲ ਵੀ ਕਿਹਾ ਜਾਂਦਾ ਹੈ। ਇਹ ਇਕ ਫੈਰਿਸ ਹੈ ਜਿਸਨੂੰ ਅਸੀਂ ਚੰਡੋਲ ਵੀ ਕਹਿੰਦੇ ਹਾਂ, ਜਿਸ ‘ਤੇ ਬਹਿਕੇ ਬੱਚੇ ਮੇਲਿਆਂ ‘ਤੇ ਝੂਟ੍ਹੇ ਲੈਂਦੇ ਹਨ, ਉਹ ਕੁਝ ਛੋਟੇ ਹੁੰਦੇ ਹਨ, ਇਹ ਬਹੁਤ ਵੱਡਾ ਹੈ। ਇਸਦਾ ਡਾਇਆਮੀਟਰ ਇਕ ਸੌ ਵੀਹ ਮੀਟਰ ਹੈ। ਇਸਦੀ ਕੁਲ ਉਚਾਈ 135 ਮੀਟਰ ਹੈ। ਇਹ 2000 ਵਿੱਚ ਜਦ ਬਣਿਆਂ ਤਾਂ ਦੁਨੀਆ ਦਾ ਸਭ ਤੋਂ ਉੱਚਾ ਵੀਲ ਸੀ ਪਰ ਹੁਣ ਹੋਰ ਕਈ ਅਜਿਹੇ ਵੀਲ ਜਾਂ ਚੱਕਰ ਬਣ ਗਏ ਤੇ ਇਸਨੂੰ ਪਿੱਛੇ ਛੱਡ ਗਏ। ਹੁਣ ਵੇਗਸ ਵਾਲੇ ਹਾਈ-ਰੋਲਰ ਦੀ ਝੰਡੀ ਹੈ ਜੋ 167 ਮੀਟਰ ਉਚਾ ਵੀਲ ਹੈ। ਹਾਲੇ ਵੀ ਇਹ ਯੂਰਪ ਦਾ ਸਭ ਤੋਂ ਉੱਚਾ ਚੱਕਰ ਹੈ ਪਰ ਰਿਜਡ ਸਟਰੱਕਚਰ ਵਾਲਾ ਹਾਲੇ ਵੀ ਦੁਨੀਆ ਵਿੱਚ ਸਭ ਤੋਂ ਉੱਚਾ ਇਹੀ ਹੈ। ਕਦੇ ਲੰਡਨ ਵਿੱਚ ਵੀ ਇਹ ਸਭ ਤੋਂ ਉੱਚਾ ਸੀ ਪਰ ਹੁਣ ਲੰਡਨ ਦੀ ਸਭ ਤੋਂ ਉੱਚੀ 72 ਮੰਜ਼ਲੀ ਇਮਾਰਤ ‘ਸ਼ਾਰਡ’ ਹੈ ਜਿਸਦੀ ਉਚਾਈ 245 ਮੀਟਰ ਹੈ। ਪਿਛਲੇ ਸਾਲ ਵੀਹ ਮਾਰਚ ਨੂੰ ਇਸਦਾ ਜਨਮ-ਦਿਨ ਮਨਾਇਆ ਗਿਆ ਸੀ। ਉਸ ਦਿਨ ਇਥੇ ਵਾਹਵਾ ਰੌਣਕਾਂ ਸਨ ਜਿਵੇਂ ਜਨਮ-ਦਿਨਾਂ ‘ਤੇ ਹੁੰਦੀਆਂ ਹੀ ਹਨ।
ਬਹੁਤ ਸਾਰੇ ਸਿਆਣਿਆਂ ਦਾ ਕਹਿਣਾ ਹੈਕਿ ਜੋ ਆਈਫਲ ਟਾਵਰ ਨੇ ਪੈਰਿਸ ਲਈ ਕੀਤਾ ਹੈ ਜਾਂ ਜੋ ਆਈਫਲ ਟਾਵਰ ਦੀ ਪੈਰਿਸ ਵਿੱਚ ਜਗਾਹ ਹੈ ਉਹੀ ਲੰਡਨ-ਆਈ ਦੀ ਲੰਡਨ ਵਿੱਚ ਹੈ। ਮੈਂ ਆਈਫਲ-ਟਾਵਰ ਵੀ ਕਈ ਵਾਰ ਦੇਖਿਆ ਹੈ ਤੇ ਲੰਡਨ-ਆਈ ਤਾਂ ਸਾਲ ਵਿੱਚ ਦੋ ਤਿੰਨ ਵਾਰ ਵੀ ਦੇਖਣ ਜਾ ਹੋ ਜਾਂਦਾ ਹੈ। ਮੇਰੇ ਹਿਸਾਬ ਨਾਲ ਆਈਫਲ ਟਾਵਰ ਦੀ ਆਪਣੀ ਮਹੱਤਤਾ ਹੈ। ਅੱਜ ਟੈਕਨੌਲੌਜੀ ਬਹੁਤ ਤਰੱਕੀ ਕਰ ਚੁੱਕੀ ਹੈ, ਉਨੀਵੀਂ ਸਦੀ ਵਿੱਚ ਆਈਫਲ-ਟਾਵਰ ਖੜਾ ਕਰਨਾ ਇਕ ਅਜੂਬਾ ਬਣਾਉਣ ਵਾਂਗ ਸੀ। ਮੇਰੇ ਲਈ ਲੰਡਨ-ਆਈ ਸ਼ਾਇਦ ਬਹੁਤ ਸਾਰੇ ਲੋਕਾਂ ਤੋਂ ਕੁਝ ਅਲੱਗ ਹੈ। ਮੈਂ ਲੰਡਨ-ਆਈ ਜਾਂ ਮਿਲੇਨੀਅਮ-ਵੀਲ ਨੂੰ ਬਣਾਉਣ ਦੀਆਂ ਸਕੀਮਾਂ ਤੋਂ ਲੈ ਕੇ ਇਸ ਦੇ ਖੰਭੇ ਜਾਂ ਪਿੱਲਰ ਨੂੰ ਖੜਾ ਕਰਦੇ ਜਾਂ ਇਸ ਨੂੰ ਕਿਸੇ ਪਿੰਡ ਦੇ ਮੋਹੜੀ ਵਾਂਗ ਗੱਡਦੇ ਦੇਖਿਆ ਹੈ। ਫਿਰ ਇਸ ਦੇ ਵੀਲ ਦੇ ਦਰਿਆ-ਥੇਮਜ਼ ਵਿੱਚ ਪਏ ਹੋਣ ਤੋਂ ਲੈ ਕੇ ਇਸ ਦੇ ਇਕ ਇਕ ਕਰਕੇ ਸਵਾਰੀਆਂ ਵਾਲੀਆਂ ਕੈਬਨਾਂ ਜਿਹਨਾਂ ਨੂੰ ਕੈਪਸੂਲ ਕਹਿੰਦੇ ਹਨ, ਲਗਦੇ, ਫਿਕਸ ਹੁੰਦੇ ਦੇਖੇ ਹਨ। ਇਹਦੇ ਬਾਰੇ ਹਰ ਰੋਜ਼ ਅਖ਼ਬਾਰਾਂ ਵਿੱਚ ਆਉਂਦਾ ਸੀ ਜੋ ਮੈਂ ਪੜ੍ਹਦਾ ਸਾਂ। ਉਹਨਾਂ ਦਿਨਾਂ ਵਿੱਚ ਮੇਰਾ ਕੰਮ ਕੇਂਦਰੀ ਲੰਡਨ ਵਿੱਚ ਹੀ ਸੀ, ਮੈਂ ਥੇਮਜ਼ ਦਰਿਆ ਦੇ ਉਤਰੀ ਤੇ ਦਖਣੀ ਕੰਢੇ ਵੈਨ ਦੁੜਾਉਂਦਾ ਫਿਰਿਆ ਕਰਦਾ ਸਾਂ। ਇਸ ਸਮਾਰਕ ਬਣਦੇ, ਖੜੇ ਹੁੰਦੇ ਦੇਖਿਆ ਹੈ। ਇਸ ਦਾ ਇਕ ਇਕ ਕੈਪਸੂਲ ਲੱਗਦੇ ਦੇਖਿਆ ਹੈ। ਪਬਲਿਕ ਲਈ ਖੁਲ੍ਹੱਣ ਦੀਆਂ ਤਰੀਕਾਂ ਦੀ ਉਡੀਕ ਬੜੀ ਬੇਸਬਰੀ ਨਾਲ ਕੀਤੀ ਹੈ। ਲੰਡਨ ਆਈ ਨੂੰ ਦੇਖਣ ਦੇ ਰੁਮਾਂਸ ਵਿੱਚ ਦੀ ਲੰਘਦਿਆਂ ਹੀ ਉਸ ਮੰਦਭਾਗੀ ਦੁਰਘਟਨਾ ਵਿੱਚ ਦੀ ਵੀ ਲੰਘਣਾ ਪਿਆ ਸੀ ਜਿਸ ਨੇ ਮੇਰੇ ਜੀਵਨ ਉਪਰ ਸਦਾ ਲਈ ਆਪਣੇ ਗਹਿਰੇ ਨਿਸ਼ਾਨ ਛੱਡ ਦਿੱਤੇ ਜਾਂਦੇ ਸਨ।
ਲੰਡਨ-ਆਈ ਬਾਰੇ ਮੈਂ ਅਕਸਰ ਪੜ੍ਹਦਾ, ਇਸ ਦੇ ਨਕਸ਼ੇ ਵੀ ਦੇਖਦਾ। ਫਿਰ ਜਦ ਸਾਈਕਲ ਦੇ ਪਹੀਏ ਵਰਗਾ ਚੱਕਰ ਦਰਿਆ ਥੇਮਜ਼ ਉਪਰ ਲਿਆ ਕੇ ਜੋੜਿਆ ਜਾਣ ਲੱਗਾ ਤਾਂ ਉਤਕੁਸਤਾ ਹੋਰ ਵੀ ਵਧਣ ਲੱਗੀ। ਇਹ ਮਿਲੇਨੀਅਮ-ਡੇ ਭਾਵ 1999 ਦੇ ਖਤਮ ਹੋਣ ‘ਤੇ ਅਤੇ 2000 ਸ਼ੁਰੂ ਹੋਣ ਵੇਲੇ ਆਮ ਲੋਕਾਂ ਲਈ ਖੁੱਲ੍ਹਣਾ ਸੀ। ਬਹੁਤ ਸਾਰੇ ਲੋਕ ਇਕੱਠੇ ਹੋਣੇ ਸਨ। ਮੈਂ ਵੀ ਬੱਚਿਆਂ ਨੂੰ ਲੈਕੇ ਜਾਣ ਦੀ ਤਿਆਰੀ ਕਰਨ ਲੱਗਾ। ਭਾਵੇਂ ਮੇਰੇ ਬੱਚੇ ਉਦੋਂ ਬਹੁਤ ਛੋਟੇ ਸਨ ਪਰ ਮੈਨੂੰ ਪਤਾ ਸੀ ਕਿ ਸਮਾਂ ਪਾਕੇ ਉਹਨਾਂ ਦੀ ਇਤਿਹਾਸ ਦਾ ਹਿੱਸਾ ਬਣਨ ਦੀ ਅਹਿਮੀਅਤ ਦਾ ਪਤਾ ਲਗੇਗਾ। ਫਿਰ ਪਤਾ ਚੱਲਿਆ ਕਿ ਵੈਸੇ ਤਾਂ ਇਹ ਤਿਆਰ ਹੈ ਪਰ ਲੋਕਾਂ ਲਈ ਹਾਲੇ ਨਹੀਂ ਖੋਲ੍ਹਿਆ ਜਾਣਾ। ਸ਼ਾਇਦ ਫਾਇਰ-ਬਰਗੇਡ ਵਾਲਿਆਂ ਰੌਲ਼ਾ ਪਾ ਲਿਆ ਸੀ ਕਿ ਏਨੇ ਉੱਚੇ ਵੀਲ ‘ਤੇ ਜੇ ਅੱਗ ਲੱਗ ਗਈ ਤਾਂ ਉਹਨਾਂ ਕੋਲ ਅੱਗ ਬੁਝਾਉਣ ਦੇ ਸਾਧਨ ਨਹੀਂ ਹਨ। ਲੇਟ ਹੋਣ ਦੇ ਕੁਝ ਹੋਰ ਵੀ ਕਾਰਨ ਹੋਣਗੇ। ਮਿੱਥੇ ਦਿਨ ਇਸ ਨੂੰ ਖਾਸ-ਖਾਸ ਲੋਕਾਂ ਲਈ ਹੀ ਖੋਲ੍ਹਿਆ ਜਾਣਾ ਸੀ। ਮੈਂ ਵੈਸੇ ਹੀ ਬੱਚਿਆਂ ਨੂੰ ਲੈ ਜਾਣ ਦਾ ਮਨ ਬਣਾ ਲਿਆ ਕਿ ਇਸ ਵਿੱਚ ਜੇ ਚੜਾਂਗੇ ਨਹੀਂ ਤਾਂ ਇਸ ਨੂੰ ਚਲਦੇ ਨੂੰ ਤਾਂ ਦੇਖਾਂਗੇ ਹੀ। ਜਿਸ ਸ਼ਾਮ ਅਸੀਂ ਇਸ ਚਲਦੇ ਨੂੰ ਦੇਖਣ ਜਾਣਾ ਸੀ, ਮੇਰੀ ਪਤਨੀ ਨੂੰ ਬਰੇਨ ਹੈਮਰੇਜ ਹੋ ਗਿਆ। ਬਰੇਨ ਹੈਮਰੇਜ ਭਾਵ ਦਿਮਾਗ ਦੀ ਨਾੜੀ ਫਟ ਗਈ, ਉਹ ਜ਼ਿੰਦਗੀ ਮੌਤ ਦੇ ਵਿਚਕਾਰ ਲਟਕ ਗਈ। ਖੈਰ, ਮੇਰਾ ਔਖਾ ਵਕਤ ਕਿਵੇਂ ਨਾ ਕਿਵੇਂ ਨਿਕਲ ਗਿਆ। ਲੋਕ ਨਵਾਂ ਸਾਲ ਮਨਾ ਰਹੇ ਸਨ ਤੇ ਮੇਰੀ ਪਤਨੀ ਦਾ ਚਾਰ ਘੰਟਾ ਲੰਮਾ ਓਪਰੇਸ਼ਨ ਚੱਲ ਰਿਹਾ ਸੀ। ਮਹੀਨਾ-ਡੇੜ ਮਹੀਨਾ ਹਸਪਤਾਲ ਵਿੱਚ ਰਹਿ ਕੇ ਪਤਨੀ ਘਰ ਆ ਗਈ। ਹੌਲੀ ਹੌਲੀ ਜ਼ਿੰਦਗੀ ਮੁੜ ਪੈਰਾਂ ‘ਤੇ ਖੜ ਗਈ। 9 ਮਾਰਚ ਨੂੰ 2000 ਵਾਲੇ ਦਿਨ ਮਿਲੇਨੀਅਮ-ਵੀਲ ਪਬਲਿਕ ਲਈ ਖੁੱਲ੍ਹ ਗਿਆ। ਐਡੀ ਵੱਡੀ ਬਿਮਾਰੀ ਹੰਢਾ ਕੇ, ਪਤਨੀ ਤੇ ਮੈਂ ਬੱਚਿਆਂ ਨੂੰ ਲੈ ਕੇ ਟਿਕਟ ਲੈਣ ਲਈ ਲਾਈਨ ਵਿੱਚ ਹਾਜ਼ਰ ਸਾਂ। ਲੰਡਨ-ਆਈ ਨਾਲ ਮੇਰੀ ਇਹ ਭਾਵੁਕ ਸਾਂਝ ਸਦਾ ਲਈ ਜੁੜ ਗਈ।
ਬਹਰਹਾਲ ਲੰਡਨ ਆਈ ਉਪਰ ਚੜ੍ਹਕੇ ਤੁਹਾਨੂੰ ਲੰਡਨ ਦੀਆਂ ਬਹੁਤ ਸਾਰੀਆਂ ਦੇਖਣ ਯੋਗ ਜਗਾਵਾਂ ਦੇ ਦੂਰੋਂ ਦਰਸ਼ਨ ਹੋ ਜਾਂਦੇ ਹਨ। ਇਸਦੇ ਐਨ ਧੁਰ ਜਾਕੇ ਤੁਸੀਂ ਜਿਥੋਂ ਤੱਕ ਨੰਗੀ ਅੱਖ ਦੇਖ ਸਕਦੀ ਹੈ, ਦੇਖ ਸਕਦੇ ਹੋ, ਖਾਸ ਕਰਕੇ ਧੁਪੀਲੇ ਦਿਨੀਂ। ਰਾਤ ਦੀ ਇਸਦਾ ਝੂਟ੍ਹਾ ਲੈਣ ਦਾ ਆਪਣਾ ਹੀ ਅਨੰਦ ਹੈ। ਰਾਤ ਨੂੰ ਲੰਡਨ ਦਿਵਾਲੀ ਵਾਂਗ ਜਗ-ਮਗ ਕਰਦਾ ਦਿਸਦਾ ਹੈ। ਇਸਦਾ ਇਕ ਝੂਟ੍ਹਾ ਤੀਹ ਮਿੰਟ ਦਾ ਹੈ। ਇਹ ਚੱਕਰ ਇਕ ਸਾਹੇ ਨਹੀਂ ਚਲਦੇ, ਸਗੋਂ ਹੁਝਕਿਆਂ ਵਿੱਚ ਤੁਰਦਾ ਹੈ ਇਕ ਹੁਝਕਾ ਇਕ ਸੈਕਿੰਡ ਦਾ ਹੁੰਦਾ ਹੈ ਜਿਸ ਵਿੱਚ ਇਹ ਦਸ ਇੰਚ ਅੱਗੇ ਤੁਰਦਾ ਹੈ। ਪਲੇਟ ਫਾਰਮ ‘ਤੇ ਉਤਰਨ ਵੇਲੇ ਲੋਕ ਇਵੇਂ ਹੀ ਕਾਹਲੀ-ਕਾਹਲੀ ਉਤਰਦੇ ਚੜ੍ਹਦੇ ਹਨ। ਪਰ ਬੁੱਢਿਆਂ, ਬੱਚਿਆਂ ਜਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਇਸ ਨੂੰ ਚੰਗੀ ਤਰ੍ਹਾਂ ਰੋਕ ਵੀ ਲੈਂਦੇ ਹਨ।
ਪਹਿਲਾਂ ਸਾਈਕਲ ਦੇ ਪਹੀਏ ਨੁਮਾ ਇਸ ਚੱਕਰ ਨੂੰ ਦਰਿਆ ਵਿੱਚ ਹੀ ਜੋੜਿਆ ਗਿਆ ਸੀ। ਸਾਈਕਲ ਦੇ ਰਿਮ ਦੀਆਂ ਤਾਰਾਂ ਵਾਂਗ ਹੀ ਇਸ ਵਿੱਚ ਸਖਤ ਮੋਟੀਆਂ ਕੇਬਲ ਲਾਈਆਂ ਗਈਆਂ ਹਨ। ਫਿਰ ਇਸਨੂੰ ਖੰਭੇ ਨਾਲ ਜੋੜਕੇ ਬਹੁਤ ਹੀ ਹੌਲੀ ਹੌਲੀ ਉਪਰ ਚੁੱਕਿਆ ਗਿਆ। ਇਕ ਘੰਟੇ ਵਿੱਚ ਇਸਦੀ ਉਚਾਈ ਦੋ ਡਿਗਰੀ ਉਪਰ ਕੀਤੀ ਜਾਂਦੀ ਸੀ। 65 ਡਿਗਰੀ ‘ਤੇ ਜਾਕੇ ਹਫਤੇ ਲਈ ਰੋਕ ਦਿੱਤਾ ਗਿਆ ਸੀ। ਜਾਣੀਕਿ ਇਸਦੀ ਸੁਰੱਖਿਅਤਾ ਦਾ ਪੂਰਾ ਧਿਆਨ ਰਖਿਆ ਗਿਆ ਸੀ। ਉਸ ਵੇਲੇ ਇਹਵੀ ਕਿਹਾ ਗਿਆ ਸੀਕਿ ਲੰਡਨ ਆਈ ਆਰਜ਼ੀ ਤੌਰ ‘ਤੇ ਹੀ ਬਣਾਈ ਗਈ ਹੈ। ਛੇਤੀ ਹੀ ਇਸਨੂੰ ਖੋਲ੍ਹ ਦਿੱਤਾ ਜਾਵੇਗਾ। ਕਿਉਂਕਿ ਇਹ ਅਜਿਹੀ ਕਾਰੀਗਰੀ ਹੈ ਕਿ ਇਸਨੂੰ ਕਦੇ ਵੀ ਖੋਲ੍ਹਿਆ-ਜੋੜਿਆ ਜਾ ਸਕਦਾ ਹੈ ਤੇ ਕਿਸੇ ਹੋਰ ਸ਼ਹਿਰ ਲੈ ਜਾ ਕੇ ਫਿੱਟ ਕੀਤਾ ਜਾ ਸਕਦਾ ਹੈ। ਹੋਰ ਬਹੁਤ ਸਾਰੇ ਲੋਕਾਂ ਵਾਂਗ ਮੈਂ ਵੀ ਸੋਚ ਰਿਹਾ ਸਾਂਕਿ ਜੇ ਖੋਲ੍ਹਣਾ ਹੀ ਹੈ ਤਾਂ ਏਨੀ ਮਿਹਨਤ ਕਰਨ ਦਾ ਕੀ ਫਾਇਦਾ। ਅਸਲ ਵਿੱਚ ਇਸ ਜਗਾਹ ਦੀ ਲੀਜ਼ ਪੰਜ ਸਾਲ ਦੀ ਸੀ ਪਰ ਇਸ ਦੀ ਹਰਮਨ-ਪਿਆਰਤਾ ਨੂੰ ਦੇਖਦਿਆਂ ਇਸਦੇ ਸੰਚਲਕਾਂ ਨੇ ਛੇਤੀ ਹੀ ਇਸਦੀ ਲੀਜ਼ ਵਧਾ ਲਈ ਸੀ।
ਇਸਦੇ 32 ਕੈਪਸੂਲ ਹਨ, ਭਾਵ ਕਿ ਸਵਾਰੀਆਂ ਵਾਲੀਆਂ ਕੈਬਨਾਂ। ਲੰਡਨ ਦੀਆਂ 32 ਹੀ ਬੌਰੋ ਹਨ, ਤੇ ਹਰ ਕੈਪਸੂਲ ਇਕ ਇਕ ਬੌਰੋ ਦੀ ਪ੍ਰਤੀਨਿਧਤਾ ਕਰਦਾ ਹੈ। ਕੈਪਸੂਲ 32 ਹਨ ਪਰ ਇਹਨਾਂ ਦੀ ਗਿਣਤੀ 33 ਹੈ। ਉਹੀ ਨੰਬਰ ਤੇਰਾਂ ਦਾ ਅੰਧਵਿਸ਼ਵਾਸ। ਚੰਡੀਗੜ੍ਹ ਵਿੱਚ ਵੀ ਤੇਰਾਂ ਨੰਬਰ ਸੈਕਟਰ ਨਹੀਂ ਹੈ। ਲੰਡਨ ਦੀ ਸਭ ਤੋਂ ਖਾਸ ਦੇਖਣ ਵਾਲੀ ਜਗਾਹ ਅੰਧਵਿਸ਼ਵਾਸ ਵਿੱਚ ਗ੍ਰਸੀ ਹੋਈ ਹੈ, ਤੇਰਾਂ ਨੰਬਰ ਨਹੀਂ ਹੈ। ਸੰਨ 2013 ਵਿੱਚ ਇਕ ਕੈਪਸੂਲ ਨੂੰ ਕੌਰਨੇਸ਼ਨ ਕਿਹਾ ਜਾਣ ਲੱਗਾ ਕਿਉਂਕਿ ਯੂਕੇ ਦੀ ਰਾਣੀ ਨੂੰ ਰਾਜ ਕਰਦਿਆਂ ਸੱਠ ਸਾਲ ਹੋ ਗਏ ਸਨ। ਇਹ ਕੈਪਸੂਲ ਅੰਡਅਕਾਰੀ ਹਨ। ਇਕ ਕੈਪਸੂਲ ਵਿੱਚ ਪੱਚੀ ਬੰਦੇ ਸਮਾ ਸਕਦੇ ਹਨ, ਉਹਨਾਂ ਦੇ ਬੈਠਣ ਲਈ ਸੀਟਾਂ ਵੀ ਹਨ ਪਰ ਬਹੁਤੇ ਲੋਕ ਖੜੇ ਹੋਕੇ ਆਲੇ ਦੁਆਲੇ ਦਾ ਨਜ਼ਾਰਾ ਦੇਖਕੇ ਹੀ ਖੁਸ਼ ਰਹਿੰਦੇ ਹਨ। ਜਿਵੇਂ ਜਿਵੇਂ ਤੁਹਾਡੇ ਵਾਲਾ ਕੈਪਸੂਲ ਉਪਰ ਜਾਂਦਾ ਹੈ, ਰੁਮਾਂਚਤਾ ਵਧਦੀ ਜਾਂਦੀ ਹੈ। ਉਪਰ ਜਾਕੇ ਸਾਹ ਰੋਕਵੀਆਂ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ ਬਸ਼ਰਤੇ ਤੁਹਾਨੂੰ ਵਧੀਆ ਫੋਟੋ ਖਿੱਚਣ ਦਾ ਵੱਲ ਹੋਵੇ।
ਲੰਡਨ-ਆਈ ਨੂੰ ਇਕ ਪਤੀ-ਪਤਨੀ ਨੇ ਡਿਜ਼ਾਈਨ ਕੀਤਾ ਸੀ। ਉਹ ਦੋਵੇਂ ਮਾਰਕ ਐਂਡ ਬਾਰਫੀਲਡ ਆਰਚੀਟੈਕਟਸ ਫਰਮ ਦੇ ਮਾਲਕ ਜੂਲੀਆ ਤੇ ਮਾਰਕ ਸਨ। ਮੇਸ ਤੇ ਹੌਲੈਂਡੀਆ ਕੰਪਨੀ ਨੇ ਸਟੀਲ ਦਾ ਕੰਮ ਸੰਭਾਲਿਆ। ਇਵੇਂ ਹੀ ਟਿਲਬਰੀ ਡਗਲਸ ਸਿਵਿਲ ਕੰਟਰੈਕਟਰ ਸੀ ਤੇ ਕਨਸਲਟਿੰਗ ਇੰਜੀਨੀਅਰ ਟੋਨੀ ਗੀ ਐਂਡ ਪਾਰਟਨਰ ਸਨ। ਹੋਰ ਪਤਾ ਨਹੀਂ ਕਿੰਨੇ ਕੁ ਕਾਮੇ ਇਸ ਪਰੋਜੈਕਟ ਨੂੰ ਪੂਰਾ ਕਰਨ ਵਿੱਚ ਸ਼ਾਮਲ ਹੋਣਗੇ। ਇਸ ਨੂੰ ਲੱਗੇ ਮਟੀਰੀਅਲ ਜਾਂ ਮਾਲ ਨੂੰ ਛੇ ਮੁਲਕਾਂ ਤੋਂ ਇਕੱਠਾ ਕੀਤਾ ਗਿਆ। ਸਟੀਲ ਯੂਕੇ ਤੋਂ ਤੇ ਇਸਨੂੰ ਫੈਬਰੀਕੇਟ ਹੌਲੈਂਡ ਵਿੱਚ ਕੀਤਾ ਗਿਆ। ਇਸ ਦੀਆਂ ਕੇਬਲ/ਤਾਰਾਂ ਇਟਲੀ ਤੋਂ ਆਈਆਂ, ਬੇਅਰਿੰਗ ਜਰਮਨੀ ਤੋਂ, ਇਸਦਾ ਹੱਬ ਚੈਕੋਸਲਵਾਕੀਆ ਵਿੱਚ ਤਿਆਰ ਹੋਇਆ। ਇਸਦੇ ਕੈਪਸੂਲ ਫਰਾਂਸ ਦੀ ਕੰਪਨੀ ਪੋਮਾ ਨੇ ਤਿਆਰ ਕੀਤੇ। ਉਹਨਾਂ ਨੇ ਇਸ ਵਿੱਚ ਵਰਤਿਆ ਸ਼ੀਸ਼ਾ ਇਟਲੀ ਤੋਂ ਲਿਆ। ਬਿਜਲੀ ਦਾ ਸਾਰਾ ਸਾਮਾਨ ਯੂਕੇ ਤੋਂ ਹੀ ਲਿਆ। ਇਸਨੂੰ ਸਦਾ ਹੀ ਨਵਿਆਉਂਦੇ ਰਹਿੰਦੇ ਹਨ ਜਾਂ ਅੱਪਗਰੇਡ ਕਰਦੇ ਹੀ ਰਹਿੰਦੇ ਹਨ।
ਇਸਦੇ ਮਾਲਕ ਜਾਂ ਇਸਨੂੰ ਚਲਾਉਣ ਵਾਲੇ ਬਹੁਤ ਵਾਰ ਬਦਲੇ ਹਨ। ਪਹਿਲਾਂ ਇਸਦੇ ਤਿੰਨ ਮਾਲਕ ਸਨ, ਮਾਰਕ ਬਾਰਫੀਲਡ, ਟੂਸੈਡ ਗਰੁੱਪ ਤੇ ਬਿ੍ਰਟਿਸ਼ ਏਅਰਵੇਅਜ਼। ਕੁਝ ਸਾਲਾਂ ਬਾਅਦ ਟੂਸੈਡ ਗਰੁੱਪ ਨੇ ਬਿ੍ਰਟਿਸ਼ ਏਅਰਵੇਜ਼ ਦਾ ਦੂਜੇ ਹਿੱਸੇਦਾਰ ਦਾ ਹਿੱਸਾ ਖਰੀਦ ਲਿਆ। ਅਗਲੇ ਸਾਲ ਬਲੈਕਸਟੋਨ ਗਰੁੱਪ ਨੇ ਟੂਸੈਡ ਗਰੁੱਪ ਖਰੀਦ ਲਿਆ ਜਾਂ ਇਹ ਸਾਰੇ ਹੀ ਇਕ ਨਵੇਂ ਗਰੁੱਪ ਵਿੱਚ ਸ਼ਾਮਲ ਹੋ ਗਏ। ਜਿਹੜੇ ਇਸਦੇ ਨਵੇਂ ਮਾਲਕ ਆਉਂਦੇ ਹਨ ਉਹ ਆਪਣੇ ਲੌਗੋ ਲਾ ਦਿੰਦੇ ਹਨ, ਇਸ ਲਈ ਲੌਗੋ ਬਦਲਦੇ ਰਹਿੰਦੇ ਹਨ। ਕਈ ਕੰਪਨੀਆਂ ਵੀ ਲੰਡਨ-ਆਈ ਨੂੰ ਸਪੌਂਸਰ ਕਰਦੀਆਂ ਹਨ। ਕੋਕਾਕੋਲਾ ਵਾਲਿਆਂ ਪਿਛੇ ਜਿਹੇ ਇਵੇਂ ਸਪੌਂਸਰ ਕੀਤੀ ਕਿ ਸਾਰਾ ਲੰਡਨ-ਆਈ ਹੀ ਲਾਲ ਰੰਗ ਵਿੱਚ ਰੰਗ ਦਿੱਤਾ ਸੀ। ਕਈ ਵਾਰ ਨਵੇਂ ਸਾਲ ਉਪਰ ਲੰਡਨ ਆਈ ਵਿੱਚੋਂ ਛੁਰਲੀਆਂ-ਪਟਾਕੇ ਵੀ ਨਿਕਲਦੇ ਦਿਖਾਈ ਦਿੰਦੇ ਹਨ।
ਹਰ ਸਾਲ ਤੀਹ ਲੱਖ ਤੋਂ ਵੱਧ ਯਾਤਰੀ ਲੰਡਨ-ਆਈ ‘ਤੇ ਚੜ੍ਹਦੇ ਹਨ ਪਰ ਫਿਰ ਵੀ ਇਹ ਕਈ ਵਾਰ ਆਰਥਿਕ ਸੰਕਟਾਂ ਵਿੱਚ ਘਿਰ ਜਾਂਦਾ ਹੈ। ਇਕ ਵਾਰ ਇਸਦੇ ਸੰਚਾਲਕਾਂ ਦਾ ਇਸ ਜਗਾਹ ਦੇ ਮਾਲਕਾਂ ਨਾਲ ਕਿਰਾਏ ਨੂੰ ਲੈਕੇ ਝਗੜਾ ਹੋ ਗਿਆ ਸੀ। ਇਸ ਜਗਾਹ ਦੇ ਮਾਲਕ ਸਾਊਥ ਬੈਂਕ ਸੈਂਟਰ (ਐਸ.ਬੀ.ਸੀ) ਹੈ। ਉਹਨਾਂ ਨੇ ਸਲਾਨਾ ਕਿਰਾਇਆ ਵਧਾਕੇ ਢਾਈ ਮਿਲੀਅਨ ਪੌਂਡ ਕਰ ਦਿੱਤਾ। ਏਨਾ ਕਿਰਾਇਆ ਦੇਣਾ ਸੰਚਾਲਕਾਂ ਲਈ ਨਾਮੁਮਕਿਨ ਸੀ। ਇਹ ਤਾਂ ਉਸ ਵੇਲੇ ਦੇ ਲੰਡਨ ਦੇ ਮੇਅਰ ਕੈੱਨ ਲਿਵਿੰਗਸਟੋਨ ਨੇ ਦਖਲ ਦਿੱਤਾ ਤਾਂ ਗੱਲ ਰਫਾ-ਦਫਾ ਹੋਈ। ਅਸਲ ਵਿੱਚ ਇਹ ਜਗਾਹ ਜੁਬਲੀ ਗਾਰਡਨ ਦਾ ਹਿੱਸਾ ਸੀ। ਆਪਣੇ ਵੇਲੇ ਦੀ ਗਰੇਟਰ ਲੰਡਨ ਕੌਂਸਲ ਨੇ ਐਸ.ਬੀ.ਸੀ ਨੂੰ ਇਹ ਜਗਾਹ ਸਿਰਫ ਇਕ ਪੌਂਡ ਵਿੱਚ ਦਿੱਤੀ ਸੀ। ਇਸੇ ਦਲੀਲ ਨੂੰ ਆਧਾਰ ਬਣਾ ਸਮਝੌਤਾ ਸੰਭਵ ਹੋਇਆ ਸੀ।
ਵੈਸੇ ਲੰਡਨ-ਆਈ ਕਾਫੀ ਮਹਿੰਗਾ ਹੈ। ਪਰ ਲੰਡਨ ਦੀਆਂ ਕੁਝ ਹੋਰ ਜਗਾਵਾਂ ਨਾਲ ਜੁੜਵਾਂ ਟਿਕਟ ਲਿਆ ਜਾਵੇ ਤਾਂ ਕੁਝ ਸਸਤਾ ਪੈਂਦਾ ਹੈ। ਪਰ ਜਦ ਦੋਸਤਾਂ ਨੇ ਇਕੱਠੇ ਹੋ ਕੇ ਜਾਣਾ ਹੀ ਹੈ ਤਾਂ ਮਹਿੰਗਾ ਕੀ ਸਸਤਾ ਕੀ!
ความคิดเห็น