ਲੰਡਨ ਦਾ ਟਾਵਰ-ਬ੍ਰਿੱਜ: ਇਕ ਅਨੋਖਾ ਪੁੱਲ/
ਹਰਜੀਤ ਅਟਵਾਲ/
ਦਰਿਆ ਥੇਮਜ਼ ਉਪਰ ਲੰਡਨ ਵਿੱਚ ਪੈਂਤੀ ਪੁੱਲ ਹਨ ਤੇ ਹਰ ਪੁੱਲ ਦਾ ਇਕ ਆਪਣਾ ਇਤਿਹਾਸ ਹੈ ਪਰ ਸਭ ਤੋਂ ਮਹੱਤਵ-ਪੂਰਨ ਤੇ ਅਨੋਖਾ ਪੁੱਲ ਟਾਵਰ-ਬ੍ਰਿੱਜ ਹੈ। ਇਹ ਮਹਿਜ਼ ਇਕ ਪੁੱਲ ਨਹੀਂ ਹੈ ਸਗੋਂ ਲੰਡਨ ਦੀਆਂ ਖਾਸ-ਖਾਸ ਦੇਖਣ ਵਾਲੀਆਂ ਜਗਾਵਾਂ ਵਿੱਚੋਂ ਇਕ ਹੈ। ਇਹ ਇਕ ਅਜਿਹਾ ਪੁੱਲ ਹੈ ਜਿਸਦੀ ਆਪਣੀ ਵੈਬਸਾਈਟ ਹੈ, ਫੇਸਬੁੱਕ ‘ਤੇ ਵੀ ਹੈ, ਜਿਸਦਾ ਆਪਣਾ ਨੁਮਾਇਸ਼-ਘਰ ਹੈ, ਆਪਣੀ ਵੱਖਰੀ ਸ਼ਾਨ ਹੈ ਤੇ ਪੁੱਲ ਨੂੰ ਉਪਰੋਂ, ਹੇਠੋਂ ਤੇ ਇਸਦੇ ਕੰਮ ਕਰਨ ਦੀ ਤਰੀਕਾਕਾਰੀ ਨੂੰ ਦੇਖਣ ਲਈ ਦਸ ਪੌਂਡ ਦਾ ਟਿਕਟ ਹੈ। ਹੋਰ ਤੇ ਹੋਰ ਇਸ ਦਾ ਜਨਮ-ਦਿਨ ਵੀ ਮਨਾਇਆ ਜਾਂਦਾ ਹੈ। ਟਾਵਰ-ਬ੍ਰਿੱਜ ਮਹਿਜ਼ ਇਕ ਪੁੱਲ ਨਹੀਂ ਹੈ ਬਲਕਿ ਇਮਾਰਤਸਾਜ਼ੀ ਦਾ ਵਧੀਆ ਨਮੂਨਾ ਹੈ। ਇਹ ਸਮੁੰਦਰ ਵੱਲ ਨੂੰ ਲੰਡਨ ਦਾ ਆਖਰੀ ਪੁੱਲ ਹੈ/ਸੀ। ‘ਹੈ’ ਇਸ ਕਰਕੇ ਕਿ ਸਿਰਫ ਇਸ ਪੁੱਲ ‘ਤੇ ਹੀ ਵੱਡੇ ਜਹਾਜ਼ ਲੰਘਣ ਦੀ ਵਿਵਸਥਾ ਹੈ। ‘ਸੀ’ ਇਸ ਕਰਕੇ ਕਿ ਕੁਝ ਮੀਲ ਅੱਗੇ ਜਾਕੇ ਡਾਟਫੋਰਡ ਇਕ ਨਵਾਂ ਪੁੱਲ ‘ਕੁਈਨ ਅਲੈਜ਼ਬੈੱਥ-ਬ੍ਰਿੱਜ ਬਣ ਗਿਆ ਹੈ ਪਰ ਉਹ ਪੁੱਲ ਏਨਾ ਉਚਾ ਹੈ ਕਿ ਜਹਾਜ਼ ਉਸਦੇ ਹੇਠੋਂ ਦੀ ਲੰਘ ਜਾਂਦੇ ਹਨ। ਸੋ ਨਵਾਂ ਪੁੱਲ ਬਣਨ ਤੋਂ ਬਾਅਦ ਵੀ ਟਾਵਰ-ਬ੍ਰਿੱਜ ਦੀ ਪ੍ਰਤਿਸ਼ਠਾ ਪਹਿਲਾਂ ਵਾਂਗ ਕਾਇਮ ਹੈ। ਇਹ ਪੁੱਲ ਪਹਿਲੀ ਦੇਖਣੀ ਵਿੱਚ ਹੀ ਤੁਹਾਡੇ ਲਈ ਖਿੱਚ ਦਾ ਕਾਰਨ ਬਣ ਜਾਂਦਾ ਹੈ ਪਰ ਜੇ ਇਸਦੇ ਇਤਿਹਾਸ ਜਾਂ ਇਸ ਦੀਆਂ ਹੋਰ ਮਹੱਤਤਾਵਾਂ ਦੇਖੀਏ ਤਾਂ ਤੁਸੀਂ ਹੋਰ ਵੀ ਪ੍ਰਭਾਵਿਤ ਹੋਵੋਗੇ। ਮੈਂ ਜਦ ਵੀ ਲੰਡਨ ਜਾਵਾਂ ਤਾਂ ਮੈਂ ਆਪਣੀ ਕਾਰ ਇਸ ਬ੍ਰਿੱਜ ਦੇ ਉਪਰ ਦੀ ਜ਼ਰੂਰ ਲੰਘਾਉਂਦਾ ਹਾਂ। ਜਦ ਤੋਂ ਮੇਰਾ ਬੱਸਾਂ-ਟਰੇਨਾਂ ਦਾ ਸਫਰ ਮੁੱਫਤ ਹੋਇਆ ਹੈ ਤਾਂ ਛੁੱਟੀ ਵਾਲੇ ਦਿਨ ਐਵੇਂ ਹੀ ਨਿਕਲ ਜਾਇਆ ਕਰਦਾ ਹਾਂ। ਟਾਵਰ-ਬ੍ਰਿੱਜ ਦੇ ਦੁਆਲੇ ਪੱਚੀ ਮਿੰਟ ਤੁਰਨ ਦੀ ਵਿੱਥ ਦੇ ਵਿੱਚ-ਵਿੱਚ ਬਹੁਤ ਅਮੀਰ ਇਤਿਹਾਸ ਗੁੱਝਿਆ ਪਿਆ ਹੈ। ਇਥੇ ਘੁੰਮਦਿਆਂ ਤੁਸੀਂ ਆਪਣੇ ਆਪ ਨੂੰ ਇਤਿਹਾਸ ਵਿੱਚ ਸਾਹ ਲੈਂਦਿਆਂ ਮਹਿਸੂਸ ਕਰਦੇ ਹੋ। ਟਾਵਰ ਆਫ ਲੰਡਨ ਵੀ ਬਿਲਕੁਲ ਨਾਲ ਲਗਦਾ ਹੈ ਜਿਥੇ ਸਾਡਾ ਕੋਹੇਨੂਰ ਪਿਆ ਹੈ। ਆਪਣਾ ਹੀ ਕੋਹੇਨੂਰ ਦੇਖਣ ਦੀ ਭਾਰੀ ਕੀਮਤ ਦੀ ਟਿਕਟ ਖਰੀਦਣੀ ਪੈਂਦੀ ਹੈ। ਟਾਵਰ ਆਫ ਲੰਡਨ ਵਿੱਚ ਹੈਨਰੀ ਅੱਠਵਾਂ ਨੇ ਆਪਣੀਆਂ ਸੱਤ ਰਾਣੀਆਂ ਮਾਰੀਆਂ ਸਨ। ਟਾਵਰ ਆਫ ਲੰਡਨ ਉਹੀ ਕਿਲ੍ਹਾ ਹੈ ਜਿਥੋਂ ਬ੍ਰਿਟਿਸ਼ ਨੇਵੀ ਮਾਰਾਂ ‘ਤੇ ਨਿਕਲਦੀ ਸੀ। ਟਾਵਰ ਆਫ ਲੰਡਨ ਦੇ ਨਾਂ ‘ਤੇ ਹੀ ਇਸਦਾ ਨਾਂ ਟਾਵਰ ਬ੍ਰਿੱਜ ਵੱਜਦਾ ਹੈ। ਵੈਸੇ ਨਕਲੋ-ਨਕਲੀ ਕਈ ਹੋਰ ਦੇਸ਼ਾਂ ਦੇ ਪੁੱਲਾਂ ਦੇ ਨਾਂ ਵੀ ਟਾਵਰ-ਬ੍ਰਿੱਜ ਰੱਖ ਲਏ ਗਏ ਹਨ। ਕੈਲੇਫੋਰਨੀਆਂ ਵਿੱਚ ਹੈ, ਚੀਨ ਵਿੱਚ ਵੀ ਹੈ, ਹੋਰ ਵੀ ਹੋਣਗੇ ਪਰ ਅਸਲ ਟਾਵਰ ਬ੍ਰਿੱਜ ਲੰਡਨ ਵਿੱਚ ਹੀ ਹੈ।
ਇਸ ਪੁੱਲ ਦੀ ਵੱਡੀ ਖਾਸੀਅਤ ਇਹ ਹੈ ਕਿ ਇਹ ਵਿਚਕਾਰੋਂ ਖੁੱਲ੍ਹਦਾ ਹੈ। ਇਸਦੇ ਦੋ ਪੱਲੜੇ ਹਨ ਜੋ ਉਪਰ ਨੂੰ ਉਠਦੇ ਹਨ। ਇਹ ਪੱਲੜੇ ਨਹੀਂ ਸੜਕਾਂ ਹਨ। ਇਹ 83 ਡਿਗਰੀ ਤੱਕ ਖੁੱਲ੍ਹਦੇ ਹਨ। ਇਹਨਾਂ ਪਲੜਿਆਂ ਨੂੰ ਖੁੱਲ੍ਹਣ ਲਈ ਪੰਜ ਮਿੰਟ ਲੱਗ ਜਾਂਦੇ ਹਨ। ਇਹਨਾਂ ਦਾ ਭਾਰ 1100 ਟਨ ਹੈ। ਇਸ ਭਾਰ ਨੂੰ ਬੈਲੰਸ ਵਿੱਚ ਰੱਖਣ ਲਈ ਪੁੱਲ ਦੇ ਹੇਠਾਂ ਵਿਸ਼ੇਸ਼ ਸਿਸਟਮ ਹੈ। ਹਰ-ਰੋਜ਼ ਇਸਦੇ ਖੁੱਲ੍ਹਣ ਦਾ ਬਕਾਇਦਾ ਟਾਈਮ-ਟੇਬਲ ਹੈ। ਇਸ ਮਿੱਥੇ ਸਮੇਂ ਇਥੋਂ ਜਹਾਜ਼ ਲੰਘਦੇ ਹਨ। ਇਸ ਸਮੇਂ ਦੋ ਅਦਭੁੱਤ ਨਜ਼ਾਰੇ ਦਿਸਣ ਨੂੰ ਮਿਲਦੇ ਹਨ, ਇਕ ਤਾਂ ਐਡੇ ਵੱਡੇ ਜਹਾਜ਼ ਦਾ ਲੰਡਨ ਵਿੱਚ ਵੜਨ ਦਾ ਦ੍ਰਿਸ਼ ਤੇ ਦੂਜਾ ਪੁੱਲ ਖੁੱਲ੍ਹਣ ਦਾ ਨਜ਼ਾਰਾ। ਇਸਨੂੰ ਦੇਖਣ ਲਈ ਅਨੇਕਾਂ ਲੋਕ ਇਕੱਠੇ ਹੋ ਜਾਂਦੇ ਹਨ। ਹੁਣ ਇਸ ਤਰਜ਼ ‘ਤੇ ਖੁੱਲ੍ਹਣ ਵਾਲੇ ਦੁਨੀਆਂ ਵਿੱਚ ਬਹੁਤ ਸਾਰੇ ਪੁੱਲ ਹੋਣਗੇ ਪਰ ਸਵਾ-ਡੇੜ ਸੌ ਸਾਲ ਪਹਿਲਾਂ ਸ਼ਾਇਦ ਹੀ ਕੋਈ ਹੋਰ ਹੋਵੇਗਾ। ਪੁੱਲ ਤੋਂ ਵੀ ਖਾਸ ਚੀਜ਼ ਹੈ ਇਸਨੂੰ ਖੋਲ੍ਹਣ ਦੀ ਤਕਨੀਕ। ਇਹ ਪੁੱਲ ਹਾਈਡਰੌਲਿਕ ਪਾਵਰ ਦੀ ਵਿਧੀ ਨਾਲ ਖੁੱਲ੍ਹਦਾ ਹੈ। ਇਸਦੇ ਦੋਵੇਂ ਪੱਲੜੇ ਜਾਂ ਸੜਕ ਦੇ ਟੋਟੇ ਏਨੇ ਭਾਰੇ ਹਨ ਕਿ ਇਹਨਾਂ ਨੂੰ ਚੁੱਕਣ ਲਈ ਬਹੁਤ ਸਾਰੀ ਸ਼ਕਤੀ ਦੀ ਲੋੜ ਪੈਂਦੀ ਹੈ। ਜਦੋਂ ਇਹ ਪੁੱਲ ਬਣਾਇਆ ਗਿਆ ਸੀ ਤਾਂ ਉਨਾਂ ਦਿਨਾਂ ਵਿੱਚ ਭਾਫ ਵਿੱਚੋਂ ਮਿਲਦੀ ਊਰਜਾ ਪ੍ਰਚੱਲਤ ਸੀ। ਰੇਲ-ਗੱਡੀਆਂ, ਪਾਣੀ ਵਾਲੇ ਜਹਾਜ਼ ਆਦਿ ਇਸੇ ਊਰਜਾ ਨਾਲ ਚੱਲਦੇ ਸਨ ਤੇ ਇੰਨਜੀਅਰਾਂ ਨੇ ਇਸ ਪੁੱਲ ਲਈ ਵੀ ਸਟੀਮ ਭਾਵ ਭਾਫ ਹੀ ਵਰਤੀ ਤੇ ਫਿਰ ਇਸਨੂੰ ਬਿਜਲਈ ਉਪਰਕਣਾਂ ਵਿੱਚ ਬਦਲ ਦਿੱਤਾ ਗਿਆ। 1972 ਵਿੱਚ ਇਸਨੂੰ ਇਲੈਕਟ੍ਰਿਕ ਹਾਈਡਰੌਲਿਕ ਵਿੱਚ ਕਰ ਦਿੱਤਾ ਗਿਆ। ਇਕੀਵੀਂ ਸਦੀ ਵਿੱਚ ਆਕੇ ਇਸਦੇ ਕੰਟਰੋਲ ਨੂੰ ਕੰਪਿਊਟਰਾਈਜ਼ਡ ਕਰ ਦਿੱਤਾ ਗਿਆ ਹੈ।
ਇਸ ਪੁੱਲ ਨੂੰ ਬਣਾਉਣ ਦੇ ਮਕਸਦ ਪਿੱਛੇ ਪੂਰਬੀ ਲੰਡਨ ਨੂੰ ਦਰਿਆਓਂ ਪਾਰ ਨਾਲ ਜੋੜਨਾ ਸੀ। ਸਿਵਿਲ ਇੰਜਨੀਅਰਾਂ ਵਲੋਂ ਇਸ ਪੁੱਲ ਦੇ ਤਕਰੀਬਨ ਪੰਜਾਹ ਨਕਸ਼ੇ ਪੇਸ਼ ਕੀਤੇ ਗਏ ਤੇ ਅਖੀਰ ਵਿੱਚ ਹੋਰੇਸ ਜੋਨਜ਼ ਦੇ ਨਕਸ਼ੇ ਨੂੰ ਮਨਜ਼ੂਰੀ ਮਿਲੀ। ਹੋਰੇਸ ਜੋਨਜ਼ ਅਜਿਹਾ ਡਿਜ਼ਾਈਨਰ ਸੀ ਜਿਸਨੇ ਲੰਡਨ ਦੀਆਂ ਹੋਰ ਵੀ ਕਈ ਇਮਾਰਤਾਂ ਦੇ ਨਕਸ਼ੇ ਬਣਾਏ ਸਨ ਜਿਵੇਂ ਕਿ ਸਮਿੱਥਫੀਲਡ ਮਾਰਕਿਟ, ਬਿਲਿੰਗਜ਼ਗੇਟ ਮਾਰਕਿਟ ਤੇ ਲੀਡਨਹਾਲ ਮਾਰਕਿਟ। ਪੁੱਲ ਬਣਨ ਦੇ ਦੁਰਮਿਆਨ 1887 ਵਿੱਚ ਹੋਰੇਸ ਜੋਨਜ਼ ਦੀ ਮੌਤ ਹੋ ਗਈ ਸੀ ਤੇ ਉਸਦੇ ਕੰਮ ਨੂੰ ਜੌਰਜ ਸਟੀਵਨਸਨ ਨੇ ਸੰਭਾਲਿਆ ਸੀ। ਇਹ ਪੁੱਲ ਇੰਜਨੀਅਰ ਜੌਹਨ ਵੁਲਫ ਬੈਰੀ ਦੀ ਦੇਖ-ਰੇਖ ਵਿੱਚ ਬਣਿਆਂ ਤੇ ਇਸਦੀ ਸਾਂਭ-ਸੰਭਾਲ ਤੇ ਹੋਰ ਖਰਚੇ ‘ਬ੍ਰਿੱਜ ਹਾਊਸ ਇਸਟੇਟ’ ਨਾਂ ਦੀ ਸੰਸਥਾ ਕਰਦੀ ਹੈ। ਇਸਨੂੰ ਬਣਾਉਣ ਵਿੱਚ ਅੱਠ ਸਾਲ ਲੱਗੇ। 432 ਕਾਮੇ ਲਗਾਤਾਰ ਇਸਨੂੰ ਬਣਾਉਣ ਵਿੱਚ ਲੱਗੇ ਰਹੇ। ਇਕ ਅੰਦਾਜ਼ੇ ਮੁਤਾਬਕ ਇਸ ਪੁੱਲ ਵਿੱਚ ਸੱਤਰ ਹਜ਼ਾਰ ਟਨ ਕੰਕਰੀਟ ਤੇ ਗਿਆਰਾਂ ਹਜ਼ਾਰ ਟਨ ਸਟੀਲ ਲਗਾ ਹੋਇਆ ਹੈ। ਇਸਨੂੰ ਬਣਾਉਣ ਵਿੱਚ 31 ਮਿਲੀਅਨ ਇੱਟਾਂ ਲਗੀਆਂ ਹਨ ਤੇ ਦੋ ਮਿਲੀਅਨ ਰਿਵਟਾਂ। ਇਹ ਅੱਠ ਸੌ ਫੁੱਟ ਜਾਂ ਦੋ ਸੌ ਚਾਲੀ ਮੀਟਰ ਲੰਮਾ ਪੁੱਲ ਹੈ। ਇਸਦੇ ਦੋ ਥੰਮ ਜਾਂ ਟਾਵਰ 213 ਫੁੱਟ ਜਾਂ 65 ਮੀਟਰ ਉੱਚੇ ਹਨ। ਇਹਨਾਂ ਥੰਮਾਂ ਜਾਂ ਟਾਵਰਾਂ ਦੇ ਵਿਚਕਾਰਲਾ ਪੁੱਲ ਹੀ ਖੁੱਲਦਾ ਹੈ, ਬਾਕੀ ਦੋਵੇਂ ਪਾਸੇ ਸਥਿਰ ਹਨ। ਪੁੱਲ ਦੇ ਖੁੱਲ੍ਹਣ ਦੀ ਵਿਧੀ ਨੂੰ ਬੈਸਕਿਉਲ ਵੀ ਕਹਿੰਦੇ ਹਨ ਤੇ ਇਹ ਪੁੱਲ ਬੈਸਕਿਉਲ ਤੇ ਸਸਪੈਂਸ਼ਨ ਬ੍ਰਿੱਜ ਦਾ ਮਿਸ਼ਰਣ ਹੈ। ਇਹ ‘ਏ’ ਗਰੇਡ ਲਿਸਟਿਡ ਬ੍ਰਿੱਜ ਹੈ। ਇਹ 1886 ਵਿੱਚ ਬਣਨਾ ਸ਼ੁਰੂ ਹੋਇਆ ਸੀ 1894 ਵਿੱਚ ਪੂਰਾ ਹੋਇਆ। ਇਸਨੂੰ ਖੋਹਲਣ ਦਾ ਉਦਘਾਟਨ ਉਸ ਵੇਲੇ ਦੇ ਪ੍ਰਿੰਸ ਤੇ ਪ੍ਰਿੰਸਸ ਆਫ ਵੇਲਜ਼ ਨੇ 30 ਜੂਨ 1894 ਨੂੰ ਕੀਤਾ ਸੀ। ਉਸ ਵੇਲੇ ਇਸ ਉਪਰ 1.20 ਮਿਲੀਅਨ ਪੌਂਡ ਖਰਚ ਆਏ ਸਨ ਜੋ ਅੱਜ ਦੇ 153 ਮਿਲੀਅਨ ਪੌਂਡ ਦੇ ਕਰੀਬ ਬਣਦੇ ਹਨ। ਇਸ ਉਪਰ ਦੀ ਲੰਘਣ ਦਾ ਕੋਈ ਟੋਲ-ਟੈਕਸ ਨਹੀਂ ਲਿਆ ਜਾਂਦਾ। ਹਰ ਰੋਜ਼ ਚਾਲੀ ਹਜ਼ਾਰ ਤੋਂ ਵੱਧ ਲੋਕ ਇਸ ਪੁੱਲ ਦੀ ਵਰਤੋਂ ਕਰਦੇ ਹਨ।
ਬੀਬੀਸੀ ਦੀ ਇਕ ਡਾਕੂਮੈਂਟਰੀ ਮੁਤਾਬਕ ਟਾਵਰ-ਬ੍ਰਿੱਜ ਬ੍ਰਤਾਨੀਆ ਦੀਆਂ ਚਾਰ ਵਧੀਆ ਇਮਾਰਤਾਂ ਵਿੱਚੋਂ ਇਕ ਹੈ। ਇਹ ਲੰਡਨ ਦਾ ਲੈਂਡਮਾਰਕ ਹੈ। ਕਿਸੇ ਫਿਲਮ ਵਿੱਚ ਇਸਦੀ ਤਸਵੀਰ ਹੀ ਦਿਖਾ ਦਿੱਤੀ ਜਾਵੇ ਤਾਂ ਦਰਸ਼ਕ ਸਮਝ ਜਾਂਦੇ ਹਨ ਕਿ ਲੰਡਨ ਦੀ ਗੱਲ ਹੋ ਰਹੀ ਹੈ।
ਇਸ ਪੁੱਲ ਤੋਂ ਪਹਿਲਾਂ ਇਥੋਂ ਲੰਡਨ ਨੂੰ ਜੋੜਨ ਲਈ ਦਰਿਆ ਦੇ ਹੇਠਾਂ ਦੀ ਪੌਣਾ ਮੀਲ ਲੰਮਾ ਸਬਵੇਅ ਬਣਾਇਆ ਗਿਆ ਸੀ। ਕੁਝ ਦੇਰ ਇਹ ਸਬਵੇਅ ਲੋਕਾਂ ਲਈ ਖਿੱਚ ਦਾ ਕਾਰਨ ਬਣਿਆਂ ਰਿਹਾ ਪਰ ਫਿਰ ਇਹ ਜਰਾਇਮ ਪੇਸ਼ਾ ਲੋਕਾਂ ਦਾ ਅੱਡਾ ਬਣਨ ਲੱਗ ਪਿਆ, ਲੁੱਟ-ਖੋਹ ਹੋਣ ਲੱਗ ਪਈ ਤਾਂ ਸਬਵੇਅ ਨੂੰ ਬੰਦ ਕਰ ਦਿੱਤਾ ਗਿਆ। ਜਦ ਤੱਕ ਇਸਦੀ ਜ਼ਰੂਰਤ ਵੀ ਨਹੀਂ ਸੀ। ਟਾਵਰ-ਬ੍ਰਿੱਜ ਉਪਰ ਵੀ ਪੈਦਲ ਲੰਘਣ ਲਈ ਰਾਹ ਹਨ। ਹੁਣ ਇਸ ਸਬਵੇਅ ਦੀ ਵਧੀਆ ਤਰੀਕੇ ਨਾਲ ਵਰਤੋਂ ਕਰ ਲਈ ਹੈ ਜਿਸ ਬਾਰੇ ਬਾਅਦ ਵਿੱਚ ਗੱਲ ਕਰਦੇ ਹਾਂ।
ਦੂਜੇ ਮਹਾਂਯੁੱਧ ਵਿੱਚ ਟਾਵਰ-ਬ੍ਰਿੱਜ ਦੁਸ਼ਮਣ ਦੇ ਨਿਸ਼ਾਨੇ ਹੇਠ ਰਿਹਾ ਹੈ ਤੇ ਇਸਦੀ ਸੁਰੱਖਿਆ ਵੀ ਬਹੁਤ ਵਧਾ ਦਿੱਤੀ ਗਈ ਸੀ। ਲੰਡਨ ਵਿੱਚ ਕੋਈ ਵੀ ਵੱਡਾ ਜਸ਼ਨ ਮਨਇਆ ਜਾਵੇ ਜਿਵੇਂ ਕਿ ਮੈਰਾਥਨ, ਓਲਿੰਪਕ, ਕਿਸੇ ਫਿਲਮ ਦੀ ਸ਼ੂਟਿੰਗ ਬਗੈਰਾ ਤਾਂ ਟਾਵਰ ਬ੍ਰਿੱਜ ਨੂੰ ਉਸਦਾ ਹਿੱਸਾ ਜ਼ਰੂਰ ਬਣਾਇਆ ਜਾਂਦਾ ਹੈ। 2012 ਵਾਲੀ ਲੰਡਨ ਵਿੱਚ ਹੋਈ ਓਲਿੰਪਿਕ ਦੇ ਪੰਜ ਰਿੰਗ ਇਥੇ ਲਟਕਾਏ ਗਏ ਸਨ। ਇਕ ਵਾਰ ਦੋਨਾਂ ਟਾਵਰਾਂ ਦੇ ਵਿਚਕਾਰ ਦੀ ਕਿਸੇ ਪਾਇਲਟ ਨੇ ਹਵਾਈ-ਜਹਾਜ਼ ਵੀ ਲੰਘਾ ਦਿਤਾ ਸੀ। ਕਈ ਵਿਖਾਵਾਕਾਰੀ ਆਪਣਾ ਵਿਰੋਧ ਜਾਂ ਰੋਸ ਦਿਖਾਉਣ ਲਈ ਇਸ ਦੀ ਉਚਾਈ ਦਾ ਫਾਇਦਾ ਉਠਾਉਂਦੇ ਇਸ ਉਪਰ ਵੀ ਚੜ੍ਹ ਜਾਂਦੇ ਹਨ। ਕਈ ਵਾਰ ਇਥੇ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਇਕ ਵਾਰ ਇਕ ਬੱਸ ਦੇ ਲੰਘਦਿਆਂ ਹੀ ਪੁੱਲ ਖੋਹਲ ਦਿੱਤਾ ਗਿਆ ਸੀ। ਕੁਝ ਸਾਲ ਪਹਿਲਾਂ ਇਕ ਪੁੱਲ ਤੋਂ ਇਕ ਮੁੰਡਾ ਦਰਿਆ ਵਿੱਚ ਡਿਗ ਪਿਆ। ਉਸ ਨੂੰ ਬਚਾਉਣ ਲਈ ਇਕ ਜਾਂਬਾਜ਼ ਨੇ ਛਾਲ ਮਾਰ ਦਿਤੀ ਪਰ ਪਾਣੀ ਦਾ ਤੇਜ਼ ਵਹਾਅ ਦੋਵਾਂ ਨੂੰ ਹੜ੍ਹਾ ਕੇ ਲੈ ਗਿਆ।
ਮੈਂ ਆਪਣੀਆਂ ਲਿਖਤਾਂ ਵਿੱਚ ਲੰਡਨ ਦੇ ਕਈ ਪੁੱਲਾਂ ਦੀ ਗੱਲ ਕੀਤੀ ਹੈ ਪਰ ਟਾਵਰ-ਬ੍ਰਿੱਜ ਦਾ ਜ਼ਿਕਰ ਘੱਟ ਕੀਤਾ ਹੈ। ਕੁਝ ਦੇਰ ਲਈ ਮੈਂ ਇਸ ਨੂੰ ਲੰਡਨ-ਬ੍ਰਿੱਜ ਹੀ ਸਮਝਦਾ ਰਿਹਾ ਸਾਂ। ਮੇਰੇ ਵਾਂਗ ਹੋਰ ਲੋਕ ਵੀ ਇਹ ਗਲਤੀ ਕਰ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਰੌਬਰਟ ਮੈਕਾਊਕ ਨਾਂ ਦੇ ਇਕ ਅਮਰੀਕਨ ਬੰਦੇ ਨੇ ਪੁਰਾਣਾ ਲੰਡਨ-ਬ੍ਰਿੱਜ ਖਰੀਦਿਆ ਸੀ ਜਿਸ ਦੀ ਉਹ ਇਕ-ਇਕ ਇੱਟ 1968 ਵਿੱਚ ਸ਼ਿੱਪ ‘ਤੇ ਲੱਦ ਕੇ ਲੇਕ ਹਵਾਸੂ ਸਿਟੀ, ਐਰੀਜ਼ੋਨਾ ਲੈ ਗਿਆ ਸੀ, ਉਸਨੇ ਟਾਵਰ-ਬ੍ਰਿੱਜ ਦੇ ਭੁਲੇਖੇ ਹੀ ਪੁਰਾਣਾ ਲੰਡਨ-ਬ੍ਰਿੱਜ ਖਰੀਦ ਲਿਆ ਸੀ।
ਇਸਨੂੰ ਬਣਾਉਣ ਵੇਲੇ ਇਸਦੀ ਪੁਰਾਣੀ ਦਿੱਖ ਰੱਖੀ ਗਈ ਸੀ ਤਾਂ ਜੋ ਇਹ ਹੋਰਨਾਂ ਪੁੱਲਾਂ ਵਿੱਚ ਰਲ਼ ਜਾਵੇ ਨਹੀਂ ਤਾਂ ਇਹ ਬਹੁਤ ਸਾਰੇ ਪੁੱਲਾਂ ਤੋਂ ਨਵਾਂ ਹੈ। 1977 ਵਿੱਚ ਮਹਾਂਰਾਣੀ ਅਲੈਜ਼ਬੈਥ ਦੀ ਮਹਾਂਰਾਣੀ ਬਣਨ ਸਿਲਵਰ-ਜੁਬਲੀ ਵੇਲੇ ਇਸ ਪੁੱਲ ਨੂੰ ਸਫੈਦ, ਲਾਲ ਤੇ ਨੀਲਾ ਰੰਗਿਆ ਗਿਆ ਸੀ। ਹੁਣ ਇਸਦੀ ਪੂਰੀ ਮਾਡਰਨ ਦਿੱਖ ਹੈ ਜੋ ਸੈਲਾਨੀਆਂ ਲਈ ਖਿੱਚ ਦਾ ਕਾਰਨ ਬਣਦੀ ਹੈ। ਟਾਵਰ-ਬ੍ਰਿੱਜ ਤੋਂ ਵੀ ਪਹਿਲਾਂ ਇਥੇ ਹੀ ਦਰਿਆ ਹੇਠ ਸਬਵੇਅ ਬਣਿਆਂ ਸੀ, ਜਿਸ ਦੀ ਉਪਰ ਵੀ ਗੱਲ ਹੋਈ ਹੈ, ਇਹ ਸਬਵੇਅ 1870 ਵਿੱਚ ਖੁੱਲਿਆ ਸੀ ਤੇ ਹੌਲੀ-ਹੌਲੀ ਇਥੇ ਗਲਤ-ਮਲਤ ਕੰਮ ਹੋਣ ਲਗੇ ਸਨ ਸੋ 1910 ਵਿੱਚ ਇਸਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਇਸ ਸਬਵੇਅ ਨੂੰ ਟਾਵਰ-ਬ੍ਰਿੱਜ ਦਾ ਨੁਮਾਇਸ਼-ਘਰ ਜਾਂ ਮਿਊਜ਼ੀਅਮ ਬਣਾ ਦਿੱਤਾ ਗਿਆ ਹੈ। ਇਥੇ ਇਸ ਪੁੱਲ ਦਾ ਸਾਰਾ ਇਤਿਹਾਸ ਸਾਂਭਿਆ ਪਿਆ ਹੈ। ਇਸਨੂੰ ਚਲਾਉਦੀਂਆਂ ਨਵੀਆਂ-ਪੁਰਾਣੀਆਂ ਮਸ਼ੀਨਾਂ, ਉਪਕਰਣ ਸਾਂਭੇ ਪਏ ਹਨ। ਕੋਲੇ ਨਾਲ ਚੱਲਣ ਵਾਲਾ ਇੰਜਣ ਜੋ ਇਸਨੂੰ ਉਪਰ-ਹੇਠ ਕਰਦਾ ਸੀ ਭਾਵੇਂ ਹੁਣ ਰਿਟਾਇਰ ਹੋ ਚੁੱਕਾ ਹੈ ਪਰ ਉਹ ਰੰਗ-ਰੋਗਨ ਕਰਕੇ ਪੂਰੀ ਤਰ੍ਹਾਂ ਲਿਸ਼ਕਦਾ ਹੈ। ਇਥੇ ਪੁੱਲ ਦਾ ਇਤਿਹਾਸ ਤਸਵੀਰਾਂ ਰਾਹੀਂ ਤੇ ਫਿਲਮਾਂ ਰਾਹੀਂ ਦਿਖਾਇਆ ਜਾਂਦਾ ਹੈ।
ਇਹ ਪੁੱਲ ਦੋ ਟਾਵਰਾਂ ਸਹਾਰੇ ਖੜਾ ਹੈ। 65 ਮੀਟਰ ਉੱਚੇ ਟਾਵਰਾਂ ਨੂੰ ਧੁਰ ਉਪਰੋਂ ਵੀ ਆਪਸ-ਵਿੱਚ ਜੋੜਿਆ ਹੋਇਆ ਹੈ ਤੇ ਕਾਫੀ ਖੁੱਲ੍ਹਾ ਆਇਤਕਾਰ ਤੁਰਨ-ਰਾਹ ਬਣਾਇਆ ਗਿਆ ਹੈ। ਕਈ ਬੰਦੇ ਇਕੋ ਵੇਲੇ ਤੁਰ ਸਕਦੇ ਹਨ। ਇਹ ਕਾਫੀ ਉਚੀ ਜਗਾਹ ਹੋਣ ਕਰਕੇ ਇਥੋਂ ਪੂਰੇ ਲੰਡਨ ਦਾ ਖੂਬਸੂਰਤ ਨਜ਼ਾਰਾ ਦਿਸਦਾ ਹੈ। ਇਸ ਜਗਾਹ ਨੂੰ ਹੋਰ ਵੀ ਰਮਾਂਚਿਤ ਬਣਾਉਣ ਲਈ ਇਸ ਤੁਰਨ-ਰਾਹ ਦੀ ਫਰਸ਼ ਦਾ ਕੁਝ ਹਿੱਸਾ ਚੀਨ ਦੀਆਂ ਸੈਰਗਾਹਾਂ ਦੀ ਤਰਜ਼ ‘ਤੇ ਸ਼ੀਸ਼ੇ ਦਾ ਬਣਾਇਆ ਹੋਇਆ ਹੈ ਜਿਸ ਰਾਹੀਂ ਧੁਰ ਹੇਠਾਂ ਪੁੱਲ ਉਪਰ ਦੀ ਲੰਘਦਾ ਟਰੈਫਿਕ ਤੇ ਦਰਿਆ ਦਿਸਦੇ ਹੈ। ਏਨੀ ਹੇਠਾਂ ਦੇਖਦਿਆਂ ਕੁਝ ਲੋਕਾਂ ਨੂੰ ਡਰ ਵੀ ਲਗਦਾ ਹੈ।
ਪਹਿਲੀਆਂ ਵਿੱਚ ਟਾਵਰ-ਬ੍ਰਿੱਜ ਅੱਜ ਵਾਂਗ ਆਕ੍ਰਸ਼ਿਤ ਨਹੀਂ ਸੀ। ਹੁਣ ਜਿਹੜਾ ਵੀ ਸੈਲਾਨੀ ਲੰਡਨ ਆਉਂਦਾ ਹੈ ਉਸਦੀ ਲਿਸਟ ਵਿਚਲੀਆਂ ਦੇਖਣ ਵਾਲੀਆਂ ਜਗਾਵਾਂ ਵਿੱਚ ਟਾਵਰ-ਬ੍ਰਿੱਜ ਵੀ ਸ਼ਾਮਲ ਹੁੰਦਾ ਹੈ।
Commenti