
ਬੌਕਸ ਹਿੱਲ: ਅਦਭੁੱਤ ਬਿਊਟੀ-ਸਪੌਟ
ਹਰਜੀਤ ਅਟਵਾਲ
ਮੈਂ ਜਦ ਵੀ ਬਰਾਈਟਨ ਬੀਚ ਨੂੰ ਜਾਂ ਵਰਦਿੰਗ ਰਹਿੰਦੇ ਦੋਸਤ ਨੂੰ ਮਿਲਣ ਜਾਵਾਂ ਤਾਂ ਮੋਟਰਵੇਅ ਦੀ ਥਾਵੇਂ ਏ24 ਭਾਵ ਛੋਟੀ ਸੜਕ ਹੀ ਲੈਂਦਾ ਹਾਂ। ਇਸਦਾ ਕਾਰਨ ਹੈ ਰਾਹ ਵਿੱਚ ਪੈਂਦੀ ਬੌਕਸ ਹਿੱਲ। ਬੌਕਸ ਹਿੱਲ ਬਹੁਤ ਹੀ ਖੂਬਸੂਰਤ ਬਿਊਟੀ-ਸਪੌਟ (ਰਮਣੀਕ ਸਥਾਨ) ਹੈ। ਇਹ ਜਗਾਹ ਬਰਤਾਨੀਆ ਦੇ ਨੈਸ਼ਨਲ ਟਰੱਸਟ ਹੇਠ ਆਉਂਦੀ ਹੈ। ਇਹ ਸਾਢੇ ਸੱਤ ਸੌ ਫੁੱਟ ਉਚੀ ਪਹਾੜੀ ਹੈ ਤੇ ਧੁਰ ਉਪਰ ਜਾਕੇ ਇਕ ਖੁੱਲ੍ਹਾ ਪਾਰਕ ਹੈ, ਰੈਸਟੋਰੈਂਟ ਤੇ ਦੁਕਾਨਾਂ ਹਨ। ਸੌ ਤੋਂ ਵੱਧ ਕਾਰਾਂ ਲਈ ਕਾਰਪਾਰਕ ਵੀ ਹੈ। ਬਹੁਤੇ ਲੋਕ ਪਿਕਨਿਕ ਮਨਾਉਣ ਇਥੇ ਆਉਂਦੇ ਹਨ। ਇਸ ਪਹਾੜੀ ਦੇ ਜੁਗਰਾਫੀਏ ਬਾਰੇ ਤੁਹਾਨੂੰ ਉਥੋਂ ਗਾਈਡ-ਬੁੱਕ ਮਿਲ ਜਾਂਦੀ ਹੈ। ਪਿਕਨਿਕ ਅਸਥਾਨ ਦੇ ਨਾਲ ਨਾਲ ਇਥੇ ਕੁਝ ਤੁਰਨ-ਗਾਹਾਂ ਵੀ ਹਨ। ਗਾਈਡ-ਬੁੱਕ ਵਿੱਚ ਇਹਨਾਂ ਦੇ ਰੂਟ ਹੁੰਦੇ ਹਨ। ਕੋਈ ਰੂਟ ਚਾਰ ਘੰਟੇ ਤੁਰਨ ਦਾ ਤੇ ਕੋਈ ਡੇੜ ਘੰਟੇ ਦਾ ਤੇ ਕੋਈ ਇਸ ਤੋਂ ਛੋਟਾ ਵੀ। ਉਪਰ ਖੜਕੇ ਤੁਹਾਨੂੰ ਗੈਟਵਿਕ ਏਅਰ-ਪੋਰਟ, ਡੋਰਕਿੰਗ ਟਾਊਨ ਤੇ ਦੱਖਣੀ ਢਲਾਨਾਂ ਦਿਖਾਈ ਦਿੰਦੀਆਂ ਹਨ। ਸਾਹਮਣੇ ਬਹੁਤ ਵੱਡਾ ਲੈਂਡ ਸਪੇਸ ਦਿਖਾਈ ਦਿੰਦਾ ਹੈ। ਪਹਾੜੀ ਉਪਰ ਟੇਡ੍ਹੀ-ਮੇਡ੍ਹੀ ਖੂਬਸੂਰਤ ਸੜਕ ਜਾਂਦੀ ਹੈ। ਪਹਾੜੀ ਦੇ ਪੈਰਾਂ ਵਿੱਚ ਰਿਵਰ ਮੋਲ ਨਾਮੀ ਦਰਿਆ ਵਗਦਾ ਹੈ ਤੇ ਦਰਿਆ ਵੱਲ ਨੂੰ ਸਟੈਪ-ਸਟੋਨ ਜਾਣੀ ਕਿ ਪੌਡੇ ਬਣੇ ਹੋਏ ਹਨ। ਹੇਠਾਂ ਜਾਣ ਲਈ ਜਾਂ ਇਸ ਪਾਸਿਓਂ ਪਹਾੜੀ ‘ਤੇ ਚੜ੍ਹਨ ਲਈ ਤਿੰਨ ਸੌ ਦੇ ਕਰੀਬ ਪੌੜੀਆਂ ਹਨ। ਹੇਠਾਂ ਪੇਤਲਾ ਜਿਹਾ ਖੁੱਲ੍ਹਾ ਤਲਾਬ ਹੈ ਜਿਸ ਵਿੱਚ ਵੀ ਸਟੈਪ ਸੋਟਨਜ਼ ਬਣਾਏ ਹੋਏ ਹਨ। ਇਹਨਾਂ ਉਪਰ ਤੁਰਨਾ ਪਾਣੀ ਵਿੱਚ ਤੁਰਨ ਵਾਂਗ ਜਾਪਦਾ ਹੈ। ਇਥੇ ਕੁਝ ਹੋਰ ਵੀ ਦੇਖਣ ਯੋਗ ਜਗਾਵਾਂ ਹਨ। ਖ਼ੈਰ, ਇਸ ਪਹਾੜੀ ਦੀ ਸੈਰ ਪੂਰੇ ਦਿਨ ਦਾ ਕੰਮ ਹੈ।
ਇਸ ਪਹਾੜੀ ਦਾ ਨਾਂ ਬੌਕਸ ਹਿੱਲ ਖਾਸ ਕਿਸਮ ਦੇ ਰੁੱਖ ਬੌਕਸਵੁੱਡ ਤੋਂ ਪਿਆ ਹੈ। ਇਹ ਰੁੱਖ ਦੁਨੀਆ ਵਿੱਚ ਬਹੁਤ ਘੱਟ ਮਿਲਦਾ ਹੈ। ਕੁਝ ਸਦੀਆਂ ਪਹਿਲਾਂ ਪਹਾੜੀ ਦੇ ਇਕ ਪਾਸੇ ਵਾਲੀ ਚਾਕ (ਪੱਕੀ ਚਿੱਟੀ ਮਿੱਟੀ) ਦੀ ਢਲਾਨ ‘ਤੇ ਬੌਕਸਵੁੱਡ ਜਾਂ ਕੌਮਨ-ਬੌਕਸ ਮਿਲਿਆ ਸੀ ਇਸ ਕਰਕੇ ਇਸ ਪਹਾੜੀ ਦਾ ਨਾਂ ਵੀ ਬੌਕਸ ਹਿੱਲ ਪੈ ਗਿਆ। ਵੈਸੇ ਇਹ ਪਹਾੜੀ ਕੁਝ ਹੋਰਨਾਂ ਕਾਰਨਾਂ ਕਰਕੇ ਵੀ ਮਸ਼ਹੂਰ ਹੈ। ਇਕ ਤਾਂ ਇਥੇ ਹਰ ਸਾਲ ਮਈ ਦਿਵਸ ‘ਤੇ ਸਥਾਨਕ ਸੰਗੀਤਕਾਰਾਂ ਦੇ ਗਰੁੱਪ ਸੰਗੀਤ ਵਜਾਉਂਦੇ ਹਨ ਜਾਂ ਕੌਨਸਰਟ ਕਰਦੇ ਹਨ, ਦੂਜਾ 2012 ਦੀਆਂ ਉਲਿੰਪਕ ਵਿੱਚ ਸਾਈਕਲਾਂ ਦੀਆਂ ਦੌੜਾਂ ਲਈ ਇਥੇ ਦੀ ਜ਼ਿਗ ਜੈਗ ਰੋਡ ਵਰਤੀ ਗਈ ਸੀ। ਦੋ ਹੋਰ ਕਾਰਨਾਂ ਕਰਕੇ ਵੀ ਇਹ ਜਗਾਹ ਬਹੁਤ ਪ੍ਰਸਿੱਧ ਹੈ, ਇਕ ਨਾਵਲਕਾਰ ਜੇਨ ਔਸਟਨ ਕਾਰਨ, ਦੂਜਾ ਇਸ ਉਪਰ ਸਿਰ ਪਰਨੇ ਭਾਵ ਉਲਟੇ ਦਫਨਾਏ ਇਕ ਬੰਦੇ ਕਾਰਨ।
ਜਦ ਮੈਂ ਜੇਨ ਔਸਟਨ (1775 ਤੋਂ 1817) ਦਾ ਨਾਵਲ ਐਮਾ ਪੜ੍ਹ ਰਿਹਾ ਸਾਂ ਤਾਂ ਉਸਦੇ ਮਗਰਲੇ ਅੱਧ ਵਿੱਚ ਬੌਕਸ ਹਿੱਲ ਦਾ ਜ਼ਿਕਰ ਆਉਂਦਾ ਹੈ। ਨਾਵਲ ਦੇ ਪਾਤਰ ਇਕੱਠੇ ਹੋ ਕੇ ਉਥੇ ਪਿਕਨਿਕ ਕਰਨ ਜਾਂਦੇ ਹਨ ਤੇ ਉਥੇ ਕੁਝ ਗਲਤ ਫਹਿਮੀਆਂ ਪੈਦਾ ਹੁੰਦੀਆਂ ਹਨ ਜਿਹਨਾਂ ਕਾਰਨ ਨਾਵਲ ਦੀ ਕਹਾਣੀ ਵਿੱਚ ਵੱਡਾ ਮੋੜ ਆਉਂਦਾ ਹੈ। ਨਾਵਲ ਦੇ ਇਸ ਸੀਨ ਦਾ ਇਕ ਚਿਤਰ ਵੀ ਲਾਇਆ ਗਿਆ ਹੈ ਜਿਸ ਵਿੱਚ ਬੌਕਸ ਹਿੱਲ ਦੇ ਧੁਰ ਉਪਰ ਬੈਠੇ ਤਿੰਨ ਪਾਤਰ ਦਿਖਾਈ ਦਿੰਦੇ ਹਨ, ਜਿਹਨਾਂ ਦੇ ਸਾਹਮਣੇ ਪੂਰਾ ਪੈਨੋਰਾਮਾ ਦਿਖਾਈ ਦੇ ਰਿਹਾ ਹੈ। ਮੈਂ ਨਾਵਲ ਪੜ੍ਹ ਕੇ ਬੌਕਸ ਹਿੱਲ ਦੇਖਣ ਚਲੇ ਗਿਆ। ਜੇਨ ਔਸਟਨ ਨੇ ਆਪਣੇ ਨਾਵਲਾਂ ਵਿੱਚ ਅੰਗਰੇਜ਼ੀ ਕਲਚਰ ਦਾ ਭਰਪੂਰ ਚਿਤਰਣ ਕੀਤਾ ਹੈ। ਵੈਸੇ ਜਿਸ ਇਲਾਕੇ, ਹੈਂਪਸ਼ਾਇਰ, ਵਿੱਚ ਉਹ ਪੈਦਾ ਹੋਈ ਤੇ ਮਰੀ ਵੀ ਉਸ ਇਲਾਕੇ ਨੂੰ ਉਸਨੇ ਬਹੁਤਾ ਨਹੀਂ ਚਿਤਰਿਆ। ਪੁਰਾਣਾ ਇੰਗਲੈਂਡ ਦੇਖਣਾ ਹੋਵੇ ਤਾਂ ਜੇਨ ਔਸਟਨ ਦੇ ਨਾਵਲ ਪੜ੍ਹੋ ਜਾਂ ਫਿਰ ਇਹਨਾਂ ‘ਤੇ ਬਣੀਆਂ ਫਿਲਮਾਂ ਦੇਖ ਲਵੋ। ਦੋ ਸਦੀਆਂ ਪਹਿਲਾਂ ਦੇ ਅੰਗਰੇਜ਼ੀ ਜੀਵਨ ਨੂੰ ਦੇਖਣ-ਸਮਝਣ ਲਈ ਜੇਨ ਔਸਟਨ ਦੇ ਨਾਵਲ ਬਹੁਤ ਸਹਾਈ ਹੁੰਦੇ ਹਨ। ਇਸ ਨਾਵਲਕਾਰਾ ਨੇ ਆਪਣੇ ਨਾਵਲ ‘ਐਮਾ’ ਵਿੱਚ ਬੌਕਸ ਹਿੱਲ ਤੇ ਉਸਦੇ ਆਲੇ ਦੁਆਲੇ ਦੇ ਇਲਾਕੇ ਦਾ ਜ਼ਿਕਰ ਕੁਝ ਸਫਿਆਂ ‘ਤੇ ਹੀ ਕੀਤਾ ਹੈ ਪਰ ਇਸ ਨੂੰ ਬਹੁਤ ਬਰੀਕ ਛੂਹਾਂ ਦਿੰਦਿਆਂ ਚਿਤਰਿਆ ਹੈ। ਉਸ ਮੁਤਾਬਕ ਇਥੋਂ ਦਾ ਦਿ੍ਰਸ਼ ਮਿਠਾਸ ਭਰਿਆ ਹੈ, ਇਹ ਅੱਖਾਂ ਤੇ ਮਨ ਨੂੰ ਬਹੁਤ ਸਕੂਨ ਦਿੰਦਾ ਹੈ। ਇਥੋਂ ਤੁਸੀਂ ਇੰਗਲਿਸ਼ ਹਰਿਆਵਲ, ਇੰਗਲਿਸ਼ ਸਭਿਆਚਾਰ, ਇੰਗਲਿਸ਼ ਸੁਗੰਧੀਆਂ ਨੂੰ ਅਨੁਭਵ ਕਰ ਸਕਦੇ ਹੋ। ਜੇਨ ਔਸਟਨ ਦਾ ਬੌਕਸ ਹਿੱਲ ਨਾਲ ਵਾਹ ਉਸ ਵੇਲੇ ਹੋਰ ਡੂੰਘਾ ਜੁੜਦਾ ਹੈ ਜਦ ਸਾਨੂੰ ਪਤਾ ਲਗਦਾ ਹੈ ਕਿ ਨਾਵਲ ਲਿਖਦੇ ਸਮੇਂ ਉਹ ਇਸ ਇਲਾਕੇ ਵਿੱਚ ਹੀ ਰਹੀ ਹੈ। ਜਿਥੋਂ ਮੁੱਖ ਸੜਕ ਤੋਂ ਸਲਿੱਪ ਰੋਡ ‘ਤੇ ਪੈਂਦੇ ਹੋਏ ਤੁਸੀਂ ਬੌਕਸ ਹਿੱਲ ਵੱਲ ਮੁੜਦੇ ਹੋ ਉਥੇ ਇਕ ਬਹੁਤ ਪੁਰਾਣਾ ਤੇ ਮਸ਼ਹੂਰ ਹੋਟਲ ਹੈ ਜਿਸਦਾ ਨਾਂ ਤਾਂ ਕੁਝ ਲੰਮਾ ਹੈ ਪਰ ਉਸਨੂੰ ਬਰਿੱਜ ਹੋਟਲ ਕਹਿੰਦੇ ਹਨ। ਜੇਨ ਔਸਟਨ ਨੇ ਇਸੇ ਹੋਟਲ ਵਿੱਚ ਰਹਿ ਕੇ ਸੰਨ 1815 ਵਿੱਚ ਆਪਣਾ ‘ਐਮਾ’ ਨਾਵਲ ਪੂਰਾ ਕੀਤਾ। ਹੋਟਲ ਦੇ ਪ੍ਰਬੰਧਕਾਂ ਨੂੰ ਇਸ ਗੱਲ ਦਾ ਮਾਣ ਵੀ ਹੈ ਤੇ ਉਹ ਆਪਣੇ ਹੋਟਲ ਦੀ ਮਸ਼ਹੂਰੀ ਕਰਦਿਆਂ ਇਸ ਘਟਨਾ ਦਾ ਜ਼ਿਕਰ ਜ਼ਰੂਰ ਕਰਦੇ ਹਨ। ਜੇਨ ਔਸਟਨ ਦਾ ਅਧੂਰਾ ਨਾਵਲ ‘ਦਾ ਵੌਟਸਨ’ ਵੀ ‘ਵੇਲ ਔਫ ਮਾਈਕਹੈਮ’ ਇਲਾਕੇ ਬਾਰੇ ਸੀ ਜੋ ਕਿ ਇਥੋਂ ਐਵੇਂ ਪੰਜ-ਸੱਤ ਮੀਲ ‘ਤੇ ਹੋਵੇਗਾ।
ਜੇਨ ਔਸਟਨ ਇਕੱਲੀ ਲੇਖਕਾ ਨਹੀਂ ਹੈ ਜਿਸ ਨੂੰ ਬੌਕਸ ਹਿੱਲ ਨੇ ਪ੍ਰਭਾਵਿਤ ਕੀਤਾ ਹੋਵੇ ਬਲਕਿ ਹੋਰ ਬਹੁਤ ਸਾਰੇ ਲੇਖਕਾਂ ਨੇ ਵੀ ਇਸ ਜਗਾਹ ਤੋਂ ਪ੍ਰੇਰਨਾ ਲਈ ਹੈ ਜਿਵੇਂ ਕਿ ਮਹਾਨ ਕਵੀ ਜੌਹਨ ਕੀਟਸ ਜੋ ਕਿ ਰੁਮਾਨੀ ਲਹਿਰ ਦਾ ਮੋਹਰੀ ਰਿਹਾ ਹੈ। ਹੋਰ ਵੀ ਲੇਖਕਾਂ ਦਾ ਇਸ ਜਗਾਹ ਨਾਲ ਕਿਸੇ ਨਾ ਕਿਸੇ ਤਰ੍ਹਾਂ ਵਾਹ ਰਿਹਾ ਹੈ ਜਿਵੇਂ ਕਿ ਡੈਨੀਅਲ ਡਿਫੋਅ, ਜੌਰਜ ਮੇਰੇਡਿਥ ਤੇ ਰੌਬਰਟ ਲੁਈਸ ਸਟੀਵਨਸਨ। ਟੈਲੀਵੀਯਨ ਦੇ ਬੱਚਿਆਂ ਲਈ ਮਸ਼ਹੂਰ ਪਰੋਗਰਾਮ ਪੀਟਰ ਪੈਨ ਦਾ ਲੇਖਕ ਜੇ. ਐਮ. ਬੈਰੀ ਤਾਂ ਇਥੇ ਲਗਾਤਾਰ ਆਉਂਦਾ ਰਿਹਾ ਹੈ। ਫਿਰ ਮੇਰੇ ਨਾਲ ਵੀ ਪੰਜਾਬੀ ਦੇ ਕਈ ਲੇਖਕਾਂ ਨੇ ਇਸ ਜਗਾਹ ਦੇ ਦਰਸ਼ਨ ਕੀਤੇ ਹੋਏ ਹਨ।
ਬੌਕਸ ਹਿੱਲ ਦੀ ਪ੍ਰਸਿੱਧੀ ਦਾ ਇਕ ਹੋਰ ਕਾਰਨ ਵੀ ਹੈ ਕਿ ਇਥੇ ਇਕ ਬੰਦਾ ਪੁੱਠਾ ਦਫਨਾਇਆ ਹੋਇਆ ਹੈ। ਇਹ ਇਕ ਬਹੁਤ ਹੀ ਦਿਲਚਸਪ ਕਹਾਣੀ ਹੈ। ਮੇਜਰ ਪੀਟਰ ਲੈਬਲਾਇਰੇ ਨਾਂ ਦਾ ਬੰਦਾ ਬੌਕਸ ਹਿੱਲ ਦੇ ਬਿਲਕੁਲ ਨਾਲ ਦੇ ਪਿੰਡ ਡੋਰਕਿੰਗ ਦਾ ਰਹਿਣ ਵਾਲਾ ਸੀ। ਉਹ ਫੌਜ ਵਿੱਚ ਮੇਜਰ ਸੀ। ਸੀ ਭਾਵੇਂ ਉਹ ਫੌਜੀ ਅਫਸਰ ਪਰ ਉਹ ਲੜਾਈ ਦੇ ਵਿਰੁਧ ਸੀ। ਅਮਰੀਕਾ ਵਿੱਚ ਚਲਦੀ ਸਿਵਿਲ ਵਾਰ ਦੇ ਉਹ ਬਹੁਤ ਖਿਲਾਫ ਸੀ। ਉਹ ਪ੍ਰਚਾਰਦਾ ਸੀ ਕਿ ਇਹ ਅਮਰੀਕਨਾਂ ਦੀ ਆਜ਼ਾਦੀ ਦੀ ਲੜਾਈ ਹੈ ਤੇ ਸਾਨੂੰ ਇਸ ਵਿੱਚ ਭਾਗ ਨਹੀਂ ਲੈਣਾ ਚਾਹੀਦਾ। ਜਦ ਉਸ ਨੇ ਫੌਜ ਛੱਡੀ ਤਾਂ ਉਸ ਉਪਰ ਦੋਸ਼ ਲਾਏ ਗਏ ਕਿ ਉਹ ਬਰਤਾਨਵੀ ਫੌਜੀਆਂ ਨੂੰ ਰਿਸ਼ਵਤ ਦਿਆ ਕਰਦਾ ਸੀ ਕਿ ਉਹ ਅਮਰੀਕਨਾਂ ਦੇ ਖਿਲਾਫ ਨਾ ਲੜਨ। ਉਸ ਵੇਲੇ ਦੀ ਬਰਤਾਨਵੀ ਸਰਕਾਰ ਨੇ ਬਦਅਮਨੀ ਫੈਲਣ ਦੇ ਡਰੋਂ ਉਸ ਉਪਰ ਦੇਸ਼-ਧਰੋਹੀ ਦਾ ਮੁਕੱਦਮਾ ਤਾਂ ਨਾ ਚਲਾਇਆ ਪਰ ਮੁਆਸ਼ਰੇ ਵਿੱਚ ਉਸ ਨੂੰ ਬੁਰੀ ਤਰ੍ਹਾਂ ਬਦਨਾਮ ਕਰ ਦਿੱਤਾ। ਰਿਟਾਇਰ ਹੋ ਕੇ ਉਹ ਡੋਰਕਿੰਗ ਵਿੱਚ ਸੈਟਲ ਹੋ ਗਿਆ ਸੀ। ਉਹ ਵੀਹ ਸਾਲ ਇਸ ਪਿੰਡ ਵਿੱਚ ਰਿਹਾ। ਉਹ ਅਮਰੀਕਨ ਆਜ਼ਾਦੀ ਦੇ ਹੱਕ ਵਿੱਚ ਭਾਸ਼ਨ ਦਿਆ ਕਰਦਾ ਸੀ। ਸਰਕਾਰ ਦੇ ਏਜੰਟਾਂ ਨੇ ਉਸਨੂੰ ਨੀਮ ਪਾਗਲ ਐਲਾਨ ਦਿੱਤਾ ਤਾਂ ਕਿ ਲੋਕ ਉਸ ਦੀਆਂ ਗੱਲਾਂ ਉਪਰ ਯਕੀਨ ਨਾ ਕਰਨ। ਜਦ ਕਿਤੇ ਉਹ ਆਪਣੇ ਵਿਚਾਰ ਪੇਸ਼ ਕਰਨ ਲਗਦਾ ਤਾਂ ਕੁਝ ਲੋਕ ਉਸ ਨੂੰ ਝੇਡਾਂ ਕਰਨੀਆਂ ਸ਼ੁਰੂ ਕਰ ਦਿੰਦੇ। ਕਿਹਾ ਜਾਂਦਾ ਹੈ ਕਿ ਬੈਂਜਮਿਨ ਫਰੈਂਕਲਿਨ, ਜੋ ਅਮਰੀਕਨ ਸਿਵਿਲ ਵਾਰ ਦੀ ਅਗਵਾਈ ਕਰ ਰਿਹਾ ਸੀ, ਨਾਲ ਉਸਦੇ ਨੇੜਲੇ ਸੰਬੰਧ ਸਨ। ਬੈਂਜਮਿਨ ਫਰੈਂਕਲਿਨ ਉਹਨਾਂ ਦਿਨਾਂ ਵਿੱਚ ਫਰਾਂਸ ਵਿੱਚ ਲੁਕਿਆ ਹੋਇਆ ਸੀ, ਪੀਟਰ ਲੈਬਲਾਇਰੇ ਉਸ ਨੂੰ ਮਿਲਣ ਜਾਂਦਾ ਰਹਿੰਦਾ ਸੀ। ਪੀਟਰ ਲੈਬਲਾਇਰੇ ਦਾ ਜਨਮ ਆਇਰਲੈਂਡ ਵਿੱਚ ਹੋਇਆ ਸੀ, ਉਸਦੇ ਮਾਪਿਆਂ ਦਾ ਪਿਛੋਕੜ ਫਰਾਂਸ ਨਾਲ ਜੁੜਦਾ ਸੀ।
ਉਹ ਪਝੱਤਰ ਸਾਲ ਦਾ ਹੋ ਕੇ ਮਰਿਆ। ਗੰਦੇ ਕਪੜੇ ਪਾਈ ਫਿਰਦਾ ਬੁੱਢਾ ਡੋਰਕਿੰਗ ਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਕਾਫੀ ਮਸ਼ਹੂਰ ਸੀ। ਉਸਨੂੰ ਤੁਰਿਆ ਫਿਰਦਾ ‘ਬੋਅ ਦਾ ਢੇਰ’ ਕਿਹਾ ਜਾਂਦਾ ਜਾਂ ਹੋਰ ਨਾਂ ਤੇ ਕੁਨਾਂ ਪਾਏ ਜਾਂਦੇ। ਜਿਥੇ ਕੁਝ ਲੋਕਾਂ ਵਲੋਂ ਉਸਨੂੰ ਬੇਇਜ਼ਤ ਕੀਤਾ ਜਾਂਦਾ ਉਥੇ ਬਹੁਤ ਸਾਰੇ ਲੋਕ ਉਸ ਦੀ ਇਜ਼ਤ ਵੀ ਕਰਦੇ ਸਨ। ਉਸ ਵੇਲੇ ਦੇ ‘ਐਂਟੀ ਵਾਰ ਗਰੁੱਪ’ ਵਾਲੇ ਲੋਕ ਉਸਦੇ ਵਿਚਾਰਾਂ ਦੀ ਭਰਪੂਰ ਪ੍ਰਸੰਸਾ ਕਰਿਆ ਕਰਦੇ। ਇਕ ਅੰਦਾਜ਼ੇ ਮੁਤਾਬਕ ਉਸ ਵਕਤ ਉਸਦੇ ਸੱਤ ਸੌ ਤੋਂ ਉਪਰ ਚੇਲੇ ਸਨ। ਪੀਟਰ ਲੈਬਲਾਇਰੇ ਵਾਂਗ ਬਰਤਾਨੀਆ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਅਮਰੀਕਨ ਆਜ਼ਾਦੀ ਦੀ ਲੜਾਈ ਦਾ ਸਮਰਥਨ ਕਰ ਰਹੇ ਸਨ। ਆਇਰਲੈਂਡ ਵਿੱਚ ਤਾਂ ਇਹ ਸਮਰਥਨ ਖੁੱਲ੍ਹੇ-ਆਮ ਸੀ। ਪੀਟਰ ਲੈਬਲਾਇਰੇ ਨੂੰ ਬੌਕਸ ਹਿੱਲ ਨਾਲ ਬਹੁਤ ਪਿਆਰ ਸੀ। ਉਹ ਹਰ ਰੋਜ਼ ਪਹਾੜੀ ਉਪਰ ਪ੍ਰਾਰਥਨਾ ਕਰਨ ਜਾਇਆ ਕਰਦਾ। ਜਦ ਉਹ ਮਰਿਆ ਤਾਂ ਉਸਦੇ ਵਿਰੋਧੀਆਂ ਨੇ ਬਹੁਤ ਖੁਸ਼ੀ ਮਨਾਈ। ਸਰਕਾਰੀ ਏਜੰਟਾਂ ਨੇ ਲੋਕਾਂ ਨੂੰ ਕਿਹਾ ਕਿ ਉਸਦੀ ਮਈਅੱਤ ‘ਤੇ ਖੁਸ਼ੀ ਵਿੱਚ ਡਾਂਸ ਕਰਨ। ਉਸਦੇ ਧੀ, ਪੁੱਤਰ ਤੇ ਮਕਾਨ ਮਾਲਕਣ ਨੂੰ ਵੀ ਕਈ ਕਿਸਮ ਦੇ ਲਾਲਚ ਦਿੰਦਿਆਂ ਡਾਂਸ ਕਰਨ ਦੇ ਆਦੇਸ਼ ਦਿੱਤੇ ਗਏ। ਕਹਿੰਦੇ ਹਨ ਕਿ ਉਸਦੇ ਮੁੰਡੇ ਨੇ ਡਾਂਸ ਕੀਤਾ ਵੀ। ਫਿਰ ਉਸ ਨੂੰ ਉਲਟਾ ਜਾਣੀ ਕਿ ਸਿਰ ਹੇਠਾਂ ਤੇ ਲੱਤਾਂ ਉਪਰ ਕਰਕੇ ਦਫਨਾਇਆ ਗਿਆ। ਇਕ ਕਿਸਮ ਨਾਲ ਗੱਡਿਆ ਗਿਆ ਸੀ। ਉਲਟਾ ਦਫਨਾਉਣ ਬਾਰੇ ਇਹ ਪ੍ਰਚਾਰਿਆ ਗਿਆ ਕਿ ਇਹ ਉਸ ਦੀ ਹੀ ਆਖਰੀ ਇਛਿਆ ਸੀ ਕਿਉਂਕਿ ਉਸਦਾ ਕਹਿਣਾ ਸੀ ਕਿ ਇਹ ਦੁਨੀਆ ਉਲਟੀ ਹੈ ਤੇ ਇਕ ਦਿਨ ਸਿੱਧੀ ਹੋ ਜਾਵੇਗੀ ਤੇ ਜਿਸ ਦਿਨ ਦੁਨੀਆ ਸਿਧੀ ਹੋਈ ਉਹ ਵੀ ਸਿੱਧਾ ਹੋ ਜਾਵੇਗਾ। ਪਰ ਉਸ ਵੇਲੇ ਬਹੁਤ ਸਾਰੇ ਲੋਕਾਂ ਦਾ ਸੋਚਣਾ ਸੀ ਕਿ ਮੇਜਰ ਪੀਟਰ ਲੈਬਲਾਇਰੇ ਨੂੰ ਸੇਂਟ ਪੀਟਰ ਵਾਂਗ ਕਰੂਸੀਫਾਈਡ ਕੀਤਾ ਗਿਆ ਸੀ ਭਾਵ ਸੂਲੀ ਚੜ੍ਹਾਇਆ ਗਿਆ ਸੀ। ਲੇਖਕ ਡਬਲਯੂ.ਐਚ. ਕਾਉਲਰ ਜਿਸਨੇ ‘ਟੇਲਜ਼ ਆਫ ਓਲਡ ਸਰੀ’ ਨਾਮੀ ਕਿਤਾਬ ਲਿਖੀ ਸੀ, ਉਸਨੇ ਵੀ ਮੇਜਰ ਪੀਟਰ ਦੀ ਤੁਲਨਾ ਸੇਂਟ ਪੀਟਰ ਨਾਲ ਕੀਤੀ ਹੈ। ਸੇਂਟ ਪੀਟਰ ਜੀਸਸ ਕਰਾਈਸਟ ਦੇ ਮੁੱਖ ਚੇਲਿਆਂ ਵਿੱਚੋਂ ਸੀ ਤੇ ਲੋਕਾਂ ਵਿੱਚ ਬਹੁਤ ਹਰਮਨ-ਪਿਆਰਾ ਸੀ। ਜੀਸਸ ਦੇ ਮਰਨ ਤੋਂ ਬਾਅਦ ਲੋਕ ਉਸਨੂੰ ਆਪਣਾ ਗੁਰੂ ਮੰਨਣ ਲੱਗੇ ਸਨ। ਮੌਕੇ ਦੀ ਸਰਕਾਰ ਨੂੰ ਡਰ ਸੀ ਕਿ ਜੀਸਸ ਵਾਂਗ ਉਹ ਵੀ ਕਿਤੇ ਰੱਬ ਨਾ ਬਣ ਬੈਠੇ ਇਸ ਲਈ ਉਸਨੂੰ ਸੂਲੀ ਚੜ੍ਹਾ ਦਿੱਤਾ ਗਿਆ ਸੀ।
ਬੌਕਸ ਹਿੱਲ ਉਪਰ ਉਸਦੀ ਕਬਰ ‘ਤੇ ਸੰਖੇਪ ਜਿਹੀ ਜਾਣਕਾਰੀ ਦਿੱਤੀ ਹੋਈ ਹੈ, ‘ਮੇਜਰ ਪੀਟਰ ਲੈਬਲਾਇਰੇ, ਉਮਰ ਪਝੱਤਰ ਸਾਲ, ਡੋਰਕਿੰਗ ਦਾ ਵਿਲੱਖਣ ਸ਼ਹਿਰੀ, 11 ਜੁਲਾਈ 1800 ਨੂੰ ਉਸਨੂੰ ਇਥੇ ਉਲਟਾ ਦਫਨਾਇਆ ਗਿਆ ਸੀ।’ ਲੋਕ ਇਹ ਪੜ੍ਹਦੇ ਤਾਂ ਹੋਣਗੇ ਪਰ ਕਿਸੇ ਨੇ ਇਸ ਕਹਾਣੀ ਦੇ ਪਿਛੋਕੜ ਵਿੱਚ ਜਾਣ ਦੀ ਸ਼ਾਇਦ ਹੀ ਕੋਸ਼ਿਸ਼ ਕੀਤੀ ਹੋਵੇ। ਇਹ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਜਦ ਮੈਂ ਮੇਜਰ ਪੀਟਰ ਲੈਬਲਾਇਰੇ ਦੀ ਕਬਰ ‘ਤੇ ਗਿਆ ਤਾਂ ਸਫੈਦ-ਫੁੱਲਾਂ ਦਾ ਗੁਲਦਸਤਾ ਮੇਰੇ ਕੋਲ ਸੀ। ਫੁੱਲ ਕਬਰ ‘ਤੇ ਰੱਖ ਕੇ ਜਦ ਮੈਂ ਸਿਜਦਾ ਕਰ ਰਿਹਾ ਸਾਂ ਤਾਂ ਕੁਝ ਲੋਕ ਮੇਰੇ ਵੱਲ ਹੈਰਾਨ ਹੋਕੇ ਦੇਖ ਰਹੇ ਸਨ। ਮੈਨੂੰ ਉਮੀਦ ਸੀ ਕਿ ਕੋਈ ਨਾ ਕੋਈ ਮੈਨੂੰ ਮੇਰੀ ਇਸ ਹਰਕਤ ਬਾਰੇ ਸਵਾਲ ਜ਼ਰੂਰ ਪੁੱਛੇਗਾ ਪਰ ਕਿਸੇ ਨੇ ਕੁਝ ਨਾ ਪੁੱਛਿਆ। ਜੇ ਕੋਈ ਪੁੱਛਦਾ ਤਾਂ ਮੈਂ ਪੂਰੀ ਕਹਾਣੀ ਸੁਣਾ ਕੇ ਸਾਫ ਕਹਿ ਦਿੰਦਾ ਕਿ ਉਹ ਸ਼ਖਸ ਸਿਜਦਾ ਕਰਨ ਦੇ ਕਾਬਲ ਸੀ।
Comments