top of page
  • Writer's pictureਸ਼ਬਦ

ਲੰਡਨ ਨੇੜੇ ਵਸਦਾ ਮੱਧ-ਯੁੱਗੀ ਪਿੰਡ- ਡੈਰਵੈੱਲ / ਹਰਜੀਤ ਅਟਵਾਲ/ ਜੀ ਹਾਂ, ਲੰਡਨ ਦੀ ਵੱਖੀ ਵਿੱਚ ਹੀ ਮੱਧ-ਯੁੱਗ ਦਾ ਇਕ ਪਿੰਡ ਵੱਸਦਾ ਹੈ ਤੇ ਘੁੱਗ ਵੱਸਦਾ ਹੈ। ਇਸ ਪਿੰਡ ਦਾ ਨਾਂ ਡੈਰਵੈੱਲ ਹੈ ਤੇ ਇਸ ਸਾਰੇ ਪਿੰਡ ਦਾ ਇਕੋ ਪੋਸਟ ਕੋਡ ‘N32 5DR’ ਹੈ। ਜੇ ਤੁਸੀਂ ਦੱਖਣੀ ਲੰਡਨ ਤੋਂ ਇੰਗਲੈਂਡ ਦੇ ਸਮੁੰਦਰੀ ਤੱਟ ਦੇ ਸ਼ਹਿਰ ਹੇਸਟਿੰਗ ਵੱਲ ਜਾਵੋ ਤਾਂ ਸੜਕ A21 'ਤੇ ਜਾਣਾ ਹੁੰਦਾ ਹੈ। ਘੰਟਾ ਕੁ ਕਾਰ ਚਲਾਉਣ ਤੋਂ ਬਾਅਦ ਤੁਸੀਂ ਰੌਬਰਟਸਬਰਿੱਜ ਕਸਬੇ ਵਿੱਚ ਪੁੱਜ ਜਾਂਦੇ ਹੋ ਤੇ ਮੁੱਖ ਸੜਕ ਤੋਂ ਸੱਜੇ ਮੁੜਦਿਆਂ ਡੈਰਵੈੱਲ (Darvell) ਦੇ ਸਾਈਨ ਮਿਲ ਜਾਂਦੇ ਹਨ ਤੇ ਕੁਝ ਮਿੰਟ ਕਾਰ ਚਲਾ ਕੇ ਤੁਸੀਂ ਡੈਰਵੈੱਲ ਪੁੱਜ ਜਾਵੋਂਗੇ ਪਰ ਇਥੋਂ ਤੁਸੀਂ ਪਿੰਡ ਦੇ ਅੰਦਰ ਨਹੀਂ ਜਾ ਸਕਦੇ ਕਿਓਂਕਿ ਇਹ ਬਹੁਤ ਪਰਾਈਵੇਟ ਜਿਹਾ ਪਿੰਡ ਹੈ। ਇਸ ਪਿੰਡ ਦੇ ਅੰਦਰ ਜਾਣ ਲਈ ਤੁਹਾਨੂੰ ਅਗਾਓਂ ਇਜਾਜ਼ਤ ਲੈਣੀ ਪੈਂਦੀ ਹੈ ਜੋ ਔਨਲਾਈਨ ਮਿਲ ਜਾਂਦੀ ਹੈ। ਕਦੇ ਸਮਾਂ ਸੀ ਕਿ ਕਿਸੇ ਵੀ ਬਾਹਰਲੇ ਵਿਅਕਤੀ ਦਾ ਇਸ ਪਿੰਡ ਜਾਣਾ ਸਖਤ ਮਨਾਂ ਸੀ ਪਰ ਹੁਣ ਇਹ ਪਿੰਡ ਬਾਹਰਲੀ ਦੁਨੀਆ ਲਈ ਕੁਝ ਖੁੱਲ੍ਹਣ ਲਗਾ ਹੈ ਪਰ ਸੀਮਤ ਜਿਹਾ। ਡੈਰਵੈੱਲ ਮੱਧ-ਯੁੱਗ ਦੇ ਵੇਲੇ ਦੀ ਤਹਿਜ਼ੀਬ ਦਾ ਪਿੰਡ ਹੈ। ਤੁਹਾਨੂੰ ਔਰਤਾਂ, ਬੱਚੇ, ਬੁੱਢੇ ਪੁਰਾਣੇ ਜ਼ਮਾਨੇ ਦੇ ਢਿੱਲੇ ਜਿਹੇ ਕਪੜੇ ਪਾਈ ਮਿਲਣਗੇ। ਇਹ ਲੋਕ ਫੈਸ਼ਨ ਤੋਂ ਸਦੀਆਂ ਦੂਰ ਹਨ। ਪਹਾੜੀਆਂ ਵਿੱਚ ਘਿਰਿਆ ਇਹ ਪਿੰਡ ਇਕ ਖਾਸ ਖੂਬਸੂਰਤੀ ਸਾਂਭੀ ਬੈਠਾ ਹੈ। ਜੰਗਲ, ਝਾੜੀਆਂ, ਦੂਰ ਤੱਕ ਫੈਲੇ ਖੇਤ ਤੇ ਖੇਤਾਂ ਵਿੱਚ ਚਰਦੀਆਂ ਗਾਵਾਂ, ਭੇਡਾਂ, ਘੋੜੇ ਤੁਹਾਨੂੰ ਪੁਰਾਣੇ ਜ਼ਮਾਨੇ ਵਿੱਚ ਲੈ ਜਾਣਗੇ। ਇਹ ਪਿੰਡ ਕੁਦਰਤ ਦੇ ਬਹੁਤ ਨੇੜੇ ਹੈ। ਇਥੇ ਨਾ ਟੈਲੀਵੀਯਨ ਹੈ ਤੇ ਨਾ ਹੀ ਇੰਟਰਨੈੱਟ ਜਾਂ ਵਾਈ-ਫਾਈ। ਇਥੇ ਰਹਿੰਦੇ ਲੋਕਾਂ ਦੀ ਨਾ ਕੋਈ ਜਾਇਦਾਦ ਹੈ, ਨਾ ਕੋਈ ਜਮ੍ਹਾਂ ਪੂੰਜੀ ਤੇ ਨਾ ਹੀ ਇਹਨਾਂ ਸਿਰ ਕੋਈ ਕਰਜ਼ਾ ਹੈ ਤੇ ਨਾ ਹੀ ਇਹਨਾਂ ਨੇ ਕੋਈ ਕਿਸ਼ਤ ਦੇਣੀ ਹੈ। ਜ਼ਿੰਦਗੀ ਦੀਆਂ ਸਾਰੀਆਂ ਉਲਝਣਾਂ ਤੋਂ ਦੂਰ ਇਹ ਲੋਕ ਬਹੁਤ ਹੀ ਆਰਾਮ ਨਾਲ ਵਸਦੇ ਹਨ। ਇਹ ਲੋਕ ਪੀੜ੍ਹੀ ਦਰ ਪੀੜ੍ਹੀ ਇਥੇ ਵਸਦੇ ਆ ਰਹੇ ਹਨ। ਇਹ ਸਾਂਝੇ ਘਰਾਂ ਵਿੱਚ ਰਹਿੰਦੇ ਹਨ। ਬਹੁਤੀ ਵਾਰ ਇਕ ਇਮਾਰਤ ਵਿੱਚ ਕਈ ਅਪਾਰਟਮੈਂਟ ਹੁੰਦੇ ਹਨ। ਕੋਈ ਕਿਰਾਇਆ ਨਹੀਂ ਤੇ ਕੋਈ ਬਿੱਲ ਨਹੀਂ। ਕੋਈ ਸਿਰਦਰਦੀ ਨਹੀਂ, ਕੋਈ ਤਣਾਓ ਨਹੀਂ। ਇਹਨਾਂ ਦੀਆਂ ਸਾਂਝੀਆਂ ਰਸੋਈਆਂ ਹਨ। ਆਮ ਤੌਰ 'ਤੇ ਸਭ ਦਾ ਭੋਜਨ ਇਕੋ ਜਗਾਹ ਬਣਦਾ ਹੈ ਤੇ ਸਾਰਾ ਪਿੰਡ ਇਕੱਠਾ ਬਹਿ ਕੇ ਖਾਂਦਾ ਹੈ। ਇਕੱਠੇ ਹੋ ਕੇ ਦਿਨ-ਤਿਓਹਾਰ ਮਨਾਉਂਦੇ ਹਨ। ਇਹਨਾਂ ਨੂੰ ਕੋਈ ਵੀ ਚੀਜ਼ ਖਰੀਦਣ ਦੀ ਲੋੜ ਨਹੀਂ ਪੈਂਦੀ। ਪਿੰਡ ਦੀ ਕਮੇਟੀ ਹੀ ਇਹਨਾਂ ਦੀਆਂ ਲੋੜਾਂ ਦੀਆਂ ਚੀਜ਼ਾਂ ਦੀ ਖਰੀਦੋ-ਫਰੋਖ਼ਤ ਕਰਦੀ ਹੈ। ਔਰਤਾਂ ਆਪਣੇ ਕਪੜੇ ਆਪ ਸੀਉਂਦੀਆਂ ਹਨ ਜਾਂ ਕੁਮਿਨਟੀ ਵਿੱਚ ਹੀ ਔਰਤਾਂ ਦੇ ਕਪੜੇ ਤਿਆਰ ਕੀਤੇ ਜਾਂਦੇ ਹਨ। ਇਥੇ ਦੇ ਮਰਦਾਂ ਦੇ ਬਹਤੇ ਕਪੜੇ ਵੀ ਆਪਣੇ ਨਹੀਂ ਹਨ ਜਿਵੇਂ ਜੈਕਟਾਂ, ਬਲੇਜ਼ਰ, ਕੋਟ, ਜੁੱਤੀਆਂ ਆਦਿ। ਇਹ ਲੋਕ ਕਪੜੇ ਤੇ ਜੁੱਤੀਆਂ ਲਾਹ ਕੇ ਇਕੋ ਜਗਾਹ ਰੱਖ ਦਿੰਦੇ ਹਨ, ਜਿਹੜਾ ਕਿਸੇ ਨੂੰ ਚੰਗਾ ਲੱਗੇ ਤੇ ਨਾਪ ਆ ਜਾਵੇ, ਪਾ ਸਕਦਾ ਹੈ। ਜੇ ਉਹਨਾਂ ਦੇ ਪਸੰਦ ਦੀ ਕੋਈ ਚੀਜ਼, ਕਪੜਾ ਨਹੀਂ ਹੈ ਤਾਂ ਉਹ ਕਮੇਟੀ ਕੋਲ ਆਪਣੀ ਲੋੜ ਲਿਖਵਾ ਸਕਦਾ ਹੈ ਤੇ ਜਲਦੀ ਹੀ ਉਹ ਚੀਜ਼ ਉਪਲਬਧ ਹੋ ਜਾਂਦੀ ਹੈ। ਇਹਨਾਂ ਦੇ ਬਹੁਤੇ ਕਪੜੇ ਇਕੋ ਲਾਂਡਰੀ ਵਿੱਚ ਧੋਤੇ ਜਾਂਦੇ ਹਨ। ਇਸ ਪਿੰਡ ਵਿੱਚ ਕਿੰਡਰ ਗਾਰਡਨ, ਨਰਸਰੀ, ਸਕੂਲ ਆਦਿ ਸਭ ਹਨ। ਅਧਿਆਪਕ ਵੀ ਇਸੇ ਪਿੰਡ ਦੇ ਹੁੰਦੇ ਹਨ। ਸਕੂਲ ਲੈਵਲ ਦੀ ਪੜ੍ਹਾਈ ਇਥੇ ਕਰਾਈ ਜਾਂਦੀ ਹੈ ਤੇ ਅੱਗੇ ਜਿਸ ਬੱਚੇ ਨੇ ਪੜ੍ਹਨਾ ਹੋਵੇ, ਯੂਨੀਵਰਸਟੀ ਜਾਣਾ ਹੋਵੇ ਉਸ ਨੂੰ ਪੂਰੇ ਮੌਕੇ ਦਿੱਤੇ ਜਾਂਦੇ ਹਨ। ਉਹਨਾਂ ਦੀ ਪੜ੍ਹਾਈ ਦਾ ਸਾਰਾ ਖਰਚ ਪਿੰਡ ਦੀ ਕਮੇਟੀ ਕਰਦੀ ਹੈ। ਇਸ ਪਿੰਡ ਵਿੱਚ ਬੱਚਿਆਂ, ਬੁੱਢਿਆਂ ਤੇ ਅਪਾਹਜਾਂ ਦੀ ਵਿਸ਼ੇਸ਼ ਸੰਭਾਲ ਕੀਤੀ ਜਾਂਦੀ ਹੈ। ਸਭ ਕੁਝ ਮੁਫਤ ਹੋਣ ਦਾ ਮਤਲਬ ਇਹ ਨਹੀਂ ਕਿ ਇਸ ਪਿੰਡ ਦੇ ਲੋਕ ਵਿਹਲੇ ਹਨ। ਇਹ ਤਰ੍ਹਾਂ-ਤਰ੍ਹਾਂ ਦੀਆਂ ਪਿੰਡ ਵਿੱਚ ਹੀ ਨੌਕਰੀਆਂ ਕਰਦੇ ਹਨ। ਇਸ ਪਿੰਡ ਦੀ ਇਕ ਫੈਕਟਰੀ ਵੀ ਹੈ ਜਿਸ ਤੋਂ ਕਾਫੀ ਆਮਦਨ ਆਉਂਦੀ ਹੈ ਜੋ ਪਿੰਡ ਲਈ ਖਰਚੀ ਜਾਂਦੀ ਹੈ। ਹਾਂ, ਇਸ ਪਿੰਡ ਵਿੱਚ ਨੌਕਰੀ ਕਰਨ ਵਾਲੇ ਨੂੰ ਕੋਈ ਤਨਖਾਹ ਨਹੀਂ ਮਿਲਦੀ, ਜੇ ਵਾਧੂ ਖਰਚ ਦੀ ਲੋੜ ਹੋਵੇ ਤਾਂ ਥੋੜਾ ਬਹੁਤ ਬੋਨਸ ਮਿਲ ਜਾਂਦਾ ਹੈ। ਇਹ ਲੋਕ ਆਪਣੇ ਇਸ ਜੀਵਨ ਵਿੱਚ ਬਹੁਤ ਖੁਸ਼ ਹਨ ਪਰ ਬਾਹਰ ਦੀ ਦੁਨੀਆ ਦੇ ਕਈ ਲੋਕ ਇਹਨਾਂ ਨੂੰ ਕਮ-ਅਕਲ ਵਾਲੇ ਕਹਿੰਦੇ ਹਨ ਜੋ ਇਨਸਾਨੀ ਤਰੱਕੀ ਦੀਆਂ ਨਿਹਮਤਾਂ ਤੋਂ ਮੁੱਖ ਮੋੜੀ ਬੈਠੇ ਹਨ ਕਿਉਂਕਿ ਇਹਨਾਂ ਦੇ ਬੱਚਿਆਂ ਨੂੰ ਆਈਪੈਡ ਜਾਂ ਮੁਬਾਈਲ ਫੋਨਾਂ ਬਾਰੇ ਕੁਝ ਨਹੀਂ ਪਤਾ। ਇਲਾਕੇ ਵਿੱਚ ਇਸ ਪਿੰਡ ਦਾ ਨਾਂ ਬਹੁਤ ਆਦਰ-ਮਾਣ ਨਾਲ ਲਿਆ ਜਾਂਦਾ ਹੈ। ਇਹਨਾਂ ਦੀ ਪ੍ਰਾਈਵੇਸੀ ਦਾ ਪੂਰਾ ਧਿਆਨ ਰਖਿਆ ਜਾਂਦਾ ਹੈ। ਇਹ ਸਾਰੇ ਲੋਕ ਇਕ ਵਿਸ਼ੇਸ਼ ਧਾਰਮਿਕ ਕੁਮਿਨਟੀ ਨਾਲ ਵਾਹ ਰੱਖਦੇ ਹਨ ਜਿਸ ਨੂੰ ਬਰੱਦਰਹੌਫ (Bruderhof) ਕਿਹਾ ਜਾਂਦਾ ਹੈ, ਜਿਹੜਾ ਕਿ ਜਰਮਨ ਬੋਲੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ, ਭਰਾਵਾਂ ਦਾ ਇਕੱਠ ਜਾਂ ਭਰਾਤਰੀ ਪ੍ਰੇਮ। ਇਸ ਕੁਮਿਨਟੀ ਦਾ ਸਿੱਧਾ ਵਾਹ ਜੀਸਸ ਕਰਾਈਸਟ ਨਾਲ ਹੈ ਭਾਵ ਇਹ ਇਸਾਈ ਧਰਮ ਦਾ ਹੀ ਇਕ ਗੁਰੱਪ ਹੈ। ਇਹ ਹਰ ਵੇਲੇ ਜੀਸਸ ਕਰਾਈਸਟ ਦੀ ਮਹਿੰਮਾ ਵਿੱਚ ਗੀਤ ਗਾਉਂਦੇ ਰਹਿੰਦੇ ਹਨ। ਇਹਨਾਂ ਦਾ ਮੁੱਖ ਉਦੇਸ਼ ਆਹਿੰਸਾ, ਸ਼ਾਂਤੀ ਤੇ ਪ੍ਰੇਮ ਹੈ। ਇਸ ਪਿੰਡ ਵਿੱਚ ਕਦੇ ਕੋਈ ਜੁਰਮ ਸੁਣਨ-ਦੇਖਣ ਵਿੱਚ ਨਹੀਂ ਆਇਆ। ਬਰੱਦਰਹੌਫ ਧਾਰਮਿਕ ਗਰੁੱਪ ਸੌ ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ, ਜਾਣੀ ਕਿ 1920 ਵਿੱਚ। ਇਹਨਾਂ ਦਾ ਭਰੋਸਾ ਹੈ ਕਿ ਜੀਸਸ ਦੇ ਦੱਸੇ ਰਾਹ 'ਤੇ ਚਲਦਿਆਂ ਹੀ ਮਨੁੱਖਤਾ ਦੀ ਸੇਵਾ ਕੀਤੀ ਜਾ ਸਕਦੀ ਹੈ। ਬਰੱਦਰਹੌਫ ਇਕ ਜੀਉਣ ਦਾ ਢੰਗ ਹੀ ਨਹੀਂ ਬਲਕਿ ਮਨੁੱਖਤਾ ਦੀ ਭਲਾਈ ਦਾ ਸੱਦਾ ਹੈ। ਇਹਨਾਂ ਦਾ ਮੰਨਣਾ ਹੈ ਕਿ ਚਰਚਾਂ ਤੇ ਹੋਰ ਇਸਾਈ ਧਾਰਮਿਕ ਅਸਥਾਨਾਂ ਵਿੱਚ ਕੀਤੀ ਜਾਂਦੀ ਧਰਮ ਦੀ ਵਿਆਖਿਆ ਹੀ ਅਸਲੀ ਜੀਵਨ ਜਾਚ ਹੈ। ਇਹ ਚਰਚ ਦੀਆਂ ਪੁਰਾਣੀਆਂ ਰਵਇਤਾਂ ਨੂੰ ਮੰਨਦੇ ਹਨ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਜੀਉਣ ਢੰਗ ਅੱਜ ਦੇ ਸਮਾਜ ਦੀਆਂ ਮੁਸੀਬਤਾਂ, ਦੁੱਖ-ਤਕਲੀਫਾਂ ਦਾ ਜਵਾਬ ਹੈ, ਹੱਲ ਹੈ। ਅੱਜ ਦਾ ਸਮਾਜ ਪੈਸੇ, ਖੁਦਗਰਜ਼ੀ ਉਪਰ ਟਿਕਿਆ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਇਕੱਲਤਾ, ਤਣਾਓ ਤੇ ਨਾਬਰਾਬਰਤਾ ਫੈਲੀ ਹੋਈ ਹੈ, ਜੁਰਮਾਂ ਦੀ ਭਰਮਾਰ ਹੈ ਜਿਸ ਕਾਰਨ ਮਨੁੱਖਤਾ ਦੁਖੀ ਹੈ। ਇਹਨਾਂ ਦਾ ਯਕੀਨ ਹੈ ਕਿ ਇਹ ਉਸ ਦੁੱਖ ਤੋਂ ਨਿਜਾਤ ਪਾਈ ਬੈਠੇ ਹਨ। ਇਹਨਾਂ ਦਾ ਯਕੀਨ ਹੈ ਕਿ ਬਰੱਦਰਹੌਫ ਕੁਮਿਨਟੀ ਵਿੱਚ ਰਹਿੰਦਿਆਂ ਤੁਸੀਂ ਜੀਸਸ ਦੇ ਪਿਆਰ ਨੂੰ ਸਿੱਧਾ ਅਨੁਭਵ ਕਰ ਸਕਦੇ ਹੋ। ਜੀਸਸ ਹੀ ਹੈ ਜੋ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ, ਲੋਕਾਂ ਨੂੰ ਭੈਣਾਂ-ਭਰਾਵਾਂ ਵਾਂਗ ਰਹਿਣਾ ਸਿਖਾਉਂਦਾ ਹੈ। ਬਰੱਦਰਹੌਫ ਆਹਿੰਸਾ, ਅਮਨ ਤੇ ਲੋਕ-ਭਲਾਈ 'ਤੇ ਖੜੀ ਸੁਸਾਇਟੀ ਹੈ। ਕਾਨੂੰਨੀ ਤੌਰ 'ਤੇ ਅਮਰੀਕਾ ਦੀ ' ਚਰਚ ਕੁਮਿਨਟੀਜ਼ ਇੰਟਰਨੈਸ਼ਨਲ' ਨਾਲ ਜੁੜੀ ਹੋਈ ਹੈ। ਇਹ ਗਰੁੱਪ ਜਾਂ ਸੁਸਾਇਟੀ ਦੁਨੀਆ ਭਰ ਵਿੱਚ ਫੈਲੀ ਹੋਈ ਹੈ। ਇਸ ਦੀਆਂ ਤੇਈ ਸ਼ਾਖਾਵਾਂ ਹਨ। ਡੈਰਵੈੱਲ ਪਿੰਡ ਵਿੱਚ ਪੰਜਾਹ ਤੋਂ ਸੱਠ ਪਰਿਵਾਰ ਰਹਿ ਰਹੇ ਹਨ। ਲੋਕ ਆਉਂਦੇ ਜਾਂਦੇ ਰਹਿੰਦੇ ਹਨ, ਕਈ ਮੈਂਬਰ ਛੱਡ ਵੀ ਜਾਂਦੇ ਹਨ ਤੇ ਨਵੇਂ ਵੀ ਭਰਤੀ ਹੁੰਦੇ ਰਹਿੰਦੇ ਹਨ। ਆਪਸ ਵਿੱਚ ਜਗਾਵਾਂ ਵੀ ਬਦਲਦੇ ਰਹਿੰਦੇ ਹਨ ਜਿਵੇਂ ਅਮਰੀਕਾ ਦੇ ਕੁਝ ਲੋਕ ਤਜਰਬੇ ਵਜੋਂ ਇੰਗਲੈਂਡ ਆ ਜਾਣਗੇ ਤੇ ਇਥੋਂ ਦੇ ਉਥੇ ਜਾ ਵਸਣਗੇ। ਇਥੇ ਜੰਮੇ ਬੱਚਿਆਂ ਨੂੰ ਇਸ ਸੁਸਾਇਟੀ ਦੇ ਉਦੋਂ ਤੱਕ ਮੈਂਬਰ ਨਹੀਂ ਬਣਾਇਆ ਜਾਂਦਾ ਜਦ ਤੱਕ ਉਹ ਇੱਕੀ ਸਾਲ ਦੇ ਹੋ ਕੇ ਆਪਣੀ ਮਰਜੀ ਦੇਣ ਦੇ ਕਾਬਲ ਨਾ ਹੋ ਜਾਣ। ਵੱਡੇ ਹੋਣ 'ਤੇ ਇਥੇ ਦੇ ਬੱਚਿਆਂ ਨੂੰ ਬਾਹਰਲੀ ਦੁਨੀਆ ਦਾ ਅਨੁਭਵ ਹਾਸਿਲ ਕਰਨ ਲਈ ਸਮਾਜ ਦੀ ਮੁੱਖ ਧਾਰਾ ਵਿੱਚ ਭੇਜਿਆ ਜਾਂਦਾ ਹੈ। ਇਥੇ ਜੰਮੇ-ਪਲੇ ਬੱਚਿਆਂ ਲਈ ਮੁੱਖ ਧਾਰਾ ਬਹੁਤ ਓਪਰੀ ਹੁੰਦੀ ਹੈ। ਲੰਡਨ ਦੇ ਪੈਖਮ ਦੇ ਇਲਾਕੇ ਵਿੱਚ ਬਰੱਦਰਹੌਫ ਦੀ ਇਕ ਵਿਸ਼ੇਸ਼ ਸ਼ਾਖਾ ਹੈ ਜਿਥੇ ਇਹਨਾਂ ਨੂੰ ਰੱਖ ਕੇ ਨਵੀਂ ਦੁਨੀਆ ਲਈ ਤਿਆਰ ਕੀਤਾ ਜਾਂਦਾ ਹੈ। ਕਈ ਬਾਹਰਲੀ ਚਕਾਚੌਂਧ ਦੇ ਅਸਰ ਹੇਠ ਆ ਕੇ ਇਸ ਪਿੰਡ ਜਾਂ ਸੁਸਾਇਟੀ ਨੂੰ ਅਲਵਿਦਾ ਵੀ ਕਹਿ ਜਾਂਦੇ ਹਨ ਪਰ ਬਹੁਤੇ ਵਾਪਸ ਮੁੜ ਆਉਂਦੇ ਹਨ। ਇਹਨਾਂ ਵਿੱਚੋਂ ਬਹੁਤੇ ਬਾਹਰਲੀ ਦੁਨੀਆ ਦੇ ਮੇਚ ਦੇ ਨਹੀਂ ਹੋ ਸਕਦੇ ਤੇ ਵਾਪਸ ਆ ਜਾਂਦੇ ਹਨ। ਹਾਂ, ਕੁਝ ਲੋਕ ਜੋ ਇਸ ਪਿੰਡ ਨੂੰ ਸਦਾ ਲਈ ਛੱਡ ਗਏ ਹਨ ਉਹ ਇਸ ਦੀ ਆਲੋਚਨਾ ਕਰਦੇ ਵੀ ਦਿਸਦੇ ਹਨ। ਅਮਰੀਕਾ ਵਿੱਚ ਵੀ ਅਜਿਹਾ ਹੀ ਇਕ ਕਲਟ (cult) ਹੈ ਜਿਸ ਨੂੰ ਅਮੀਸ਼ (Amish) ਕਹਿੰਦੇ ਹਨ ਪਰ ਬਰੱਦਰਹੌਫ ਨੂੰ ਕਲਟ ਨਹੀਂ ਕਿਹਾ ਜਾ ਸਕਦਾ। ਕਲਟ ਦੇ ਲੋਕਾਂ ਨੂੰ ਆਪਣੇ ਕੱਟੜ ਧਾਰਮਿਕ ਗਰੁੱਪ ਨੂੰ ਛੱਡਣ ਦੀ ਇਜਾਜ਼ਤ ਨਹੀਂ ਹੁੰਦੀ ਪਰ ਬਰੱਦਰਹੌਫ ਵਾਲੇ ਜਦ ਚਾਹੁਣ ਇਸ ਨੂੰ ਛੱਡ ਕੇ ਜਾ ਸਕਦੇ ਹਨ। ਅਮੀਸ਼ ਨਾਲੋਂ ਇਕ ਗੱਲ ਹੋਰ ਬਰੱਦਰਹੌਫ ਦੀ ਵੱਖਰੀ ਹੈ ਕਿ ਅਮੀਸ਼ ਨੇ ਬਾਹਰਲੀ ਦੁਨੀਆ ਨਾਲੋਂ ਬਿਲਕੁਲ ਹੀ ਨਾਤਾ ਤੋੜਿਆ ਹੋਇਆ ਹੈ, ਮਾਡਰਨ ਜ਼ਿੰਦਗੀ ਲਈ ਬਿਲਕੁਲ ਦਰਵਾਜ਼ੇ ਬੰਦ ਕਰ ਰੱਖੇ ਹਨ ਪਰ ਬਰੱਦਰਹੌਫ ਵਾਲੇ ਇਸ ਤੋਂ ਉਲਟ ਹਨ, ਇਹਨਾਂ ਕੋਲ ਕਾਰਾਂ ਹਨ, ਇਹ ਮਾਡਰਨ ਤਰੀਕੇ ਨਾਲ ਕਾਰੋਬਾਰ ਵੀ ਕਰਦੇ ਹਨ। ਕੁਮਿਨਟੀ ਤੋਂ ਬਾਹਰ ਜਾ ਕੇ ਫੈਕਟਰੀਆਂ ਵੀ ਚਲਾਉਂਦੇ ਹਨ। ਭਾਵੇਂ ਇਹ ਲੋਕ ਨਵੀਂ ਟੈਕਨੌਲੌਜੀ ਤੋਂ ਦੂਰ ਰਹਿੰਦੇ ਹਨ ਪਰ ਆਪਣੇ ਗਰੁੱਪ ਦੀ ਜਾਣਕਾਰੀ ਦੇਣ ਲਈ ਸਭ ਤੋਂ ਪਹਿਲਾਂ ਇਹਨਾਂ ਨੇ ਹੀ ਆਪਣੇ ਨਾਂ ਦਾ ਡੁਮੇਨ ਰਜਿਸਟਰ ਕਰਾਇਆ ਸੀ। ਇਹਨਾਂ ਦੀ ਵੈਬਸਾਈਟ ਦਾ ਪਤਾ bruderhof.com ਹੈ ਜੋ 1996 ਤੋਂ ਚਲਦੀ ਆ ਰਹੀ ਹੈ। ਆਪਣੇ ਬਾਰੇ ਜਾਣਕਾਰੀ ਦੇਣ ਵਾਸਤੇ ਇਹਨਾਂ ਨੇ ਈਬੁੱਕਸ ਵੀ ਸ਼ੁਰੂ ਕੀਤੀਆਂ ਸਨ। ਅੱਜਕੱਲ ਇਹਨਾਂ ਦੀ ਇਕ ਹੋਰ ਵੈਬਸਾਈਟ ਵੀ ਹੈ ਜਿਸ ਦਾ ਪਤਾ plough.com ਹੈ। ਇਸ ਦੇ ਕੁਝ ਮੈਂਬਰਾਂ ਦੇ ਵੀਡੀਓ ਬਲੌਗ ਵੀ ਹਨ। ਬਰੱਦਰਹੌਫ ਸੁਸਾਇਟੀ ਦਾ ਇਹ ਪਿੰਡ ਡੈਰਵੈੱਲ ਹੁਣ ਤਕ ਦੁਨੀਆ ਲਈ ਬੁਝਾਰਤ ਬਣਿਆਂ ਰਿਹਾ ਹੈ। ਹੁਣ ਆ ਕੇ ਕੁਝ ਢਿੱਲਾਂ ਮਿਲੀਆਂ ਹਨ। ਪਿੰਡ ਦੇ ਪ੍ਰਬੰਧਕਾਂ ਨੇ ਆਪਣਾ ‘ਨੋ ਗੋ ਏਰੀਆ’ ਵਾਲੇ ਬਿੰਬ ਨੂੰ ਕੁਝ ਆਸਾਨ ਕੀਤਾ ਹੈ ਪਰ ਫਿਰ ਵੀ ਇਥੇ ਜਾਣ ਲਈ ਪਹਿਲਾਂ ਤੁਹਾਨੂੰ ਔਨਲਾਈਨ ਇਜਾਜ਼ਤ ਲੈਣੀ ਪੈਂਦੀ ਹੈ। ਇੰਟਰਨੈੱਟ 'ਤੇ ਹੀ ਤੁਸੀਂ ਇਥੇ ਜਾਣ ਲਈ ਅਰਜ਼ੀ ਦਿੰਦੇ ਹੋ, ਇੰਟਰਨੈੱਟ ਤੇ ਹੀ ਜਵਾਬ ਆਉਂਦਾ ਹੈ ਪਰ ਅਰਜ਼ੀ ਨੂੰ ਮਨਜੂਰ ਕਰਨਾ ਇਹਨਾਂ ਦੀ ਕਮੇਟੀ ਉਪਰ ਨਿਰਭਰ ਹੈ। ਪਰ ਹੁਣ ਇਹਨਾਂ ਨੇ ਬਾਹਰਲੀ ਦੁਨੀਆ ਲਈ ਆਪਣੇ ਦਰਵਾਜ਼ੇ ਕੁਝ ਹੋਰ ਖੋਹਲ ਦਿੱਤੇ ਹਨ। ਪਿਛੇ ਜਿਹੇ ਬੀਬੀਸੀ ਵਾਲੇ ਇਥੇ ਜਾ ਕੇ ਫਿਲਮ ਬਣਾ ਕੇ ਲਿਆਏ ਹਨ ਜਿਸ ਨੂੰ ਟੈਲੀਵੀਯਨ ਉਪਰ ਦਿਖਾਇਆ ਗਿਆ ਸੀ। ਇਹ ਯੂਟਿਊਬ 'ਤੇ ਵੀ ਦੇਖੀ ਜਾ ਸਕਦੀ ਹੈ। ਉਹ ਫਿਲਮ ਦੇਖ ਕੇ ਵੀ ਇਹੋ ਪ੍ਰਭਾਵ ਬਣਦਾ ਹੈ ਕਿ ਇਹ ਰੱਬ ਤੇ ਕੁਦਰਤ ਦੇ ਨੇੜੇ ਰਹਿਣ ਵਾਲੇ ਸੱਚੇ-ਸੁੱਚੇ ਲੋਕ ਹਨ। ਇਹਨਾਂ ਦੇ ਜੀਉਣ ਢੰਗ ਦੀ ਪ੍ਰਸੰਸਾ ਕਰਨੀ ਬਣਦੀ ਹੈ। ਇਹ ਡਾਕੂਮੈਂਟਰੀ ਦੇਖ ਕੇ ਤੇ ਇਸ ਪਿੰਡ ਬਾਰੇ ਹੋਰ ਸਾਹਿਤ ਪੜ ਕੇ ਇਕ ਵਾਰ ਤਾਂ ਦਿਲ ਕਰਦਾ ਹੈ ਕਿ ਆਹ ਦੁਨੀਆ ਬਹੁਤ ਦੇਖ ਲਈ, ਹੁਣ ਡੈਰਵੈੱਲ ਪਿੰਡ ਦੇ ਨਿਵਾਸੀ ਬਣ ਕੇ ਕੁਦਰਤ ਦੇ ਨੇੜੇ ਹੋ ਜਾਈਏ, ਸਭ ਚਿੰਤਾਵਾਂ ਤੋਂ ਦੂਰ।

ਹਾਂ, ਘੱਟੋ-ਘੱਟ ਏਨਾ ਕੁ ਤਾਂ ਕਰਾਂਗੇ ਹੀ ਕਿ ਕੁਝ ਦੋਸਤ ਰਲ਼ ਕੇ ਡੈਰਵੈੱਲ ਜਾਈਏ, ਉਥੇ ਦੇ ਵਾਸੀਆਂ ਨਾਲ ਗੱਲਾਂ ਕਰੀਏ, ਕੋਈ ਫਿਲਮ ਹੀ ਬਣਾ ਕੇ ਲਿਆਈਏ, ਬਾਹਰਲੀ ਦੁਨੀਆ ਦੀ ਇਹਨਾਂ ਨਾਲ ਹੋਰ ਸਾਂਝ ਪੁਆਈਏ।

Comments


bottom of page