top of page
  • Writer's pictureਸ਼ਬਦ

ਲੰਡਨ ਦੀ ਪੱਤਰਕਾਰਤਾ /

ਹਰਜੀਤ ਅਟਵਾਲ /

    ਮੇਰੇ ਇਸ ਕਾਲਮ ਦੇ ਪਾਠਕ ਗੁਰਪ੍ਰੀਤ ਡੈਨੀ ਨੇ ਪੁੱਛਿਆ ਹੈ ਕਿ ਲੰਡਨ ਵਿੱਚ ਪੱਤਰਕਾਰੀ-ਕਲਚਰ ਕਿਹੋ ਜਿਹਾ ਹੈ। ਮੈਨੂੰ ਪੱਤਰਕਾਰੀ-ਕਲਚਰ ਬਾਰੇ ਤਾਂ ਸ਼ਾਇਦ ਬਹੁਤਾ ਨਾ ਪਤਾ ਹੋਵੇ ਕਿਉਂਕਿ ਮੈਂ ਪੱਤਰਕਾਰ ਨਹੀਂ ਹਾਂ ਪਰ ਪੱਤਰਕਾਰੀ ਬਾਰੇ ਮੈਂ ਕਾਫੀ ਕੁਝ ਲਿਖ ਸਕਦਾ ਹਾਂ ਕਿਉਂਕਿ ਪੱਤਰਕਾਰਤਾ ਮੈਨੂੰ ਕਦੇ ਵੀ ਚੰਗੀ ਨਹੀਂ ਸੀ ਲੱਗਦੀ। ਇਸ ਦਾ ਚੰਗੀ ਨਾ ਲੱਗਣਾ ਹੀ ਇਸ ਬਾਰੇ ਕਾਫੀ ਕੁਝ ਲਿਖਣ ਦਾ ਕਾਰਨ ਬਣਦਾ ਹੈ। ਹਾਂ, ਮੈਨੂੰ ਪੱਤਰਕਾਰਤਾ ਪਸੰਦ ਨਹੀਂ ਸੀ। ਸਾਡੇ ਸਮਿਆਂ ਵਿੱਚ ਪੱਤਰਕਾਰਾਂ ਦੀ ਬਹੁਤੀ ਕਦਰ ਨਹੀਂ ਸੀ। ਲੇਖਕ ਭਾਈਚਾਰਾ ਵੀ ਪੱਤਰਕਾਰਾਂ ਨੂੰ ਵੱਖਰੀ ਨਿਗਾਹ ਨਾਲ ਦੇਖਦਾ ਸੀ। ਮੇਰੇ ਵੇਲੇ ਦਾ ਇੰਗਲੈਂਡ ਵਸਦਾ ਸਾਥੀ ਲੁਧਿਆਣਵੀ ਇਕ ਵਧੀਅ ਲੇਖਕ ਸੀ ਪਰ ਉਸ ਦੇ ਸਮਕਾਲੀ ਲੇਖਕ ਉਸ ਨੂੰ ਉਸ ਦਾ ਬਣਦਾ ਸਥਾਨ ਕਦੇ ਨਹੀਂ ਸਨ ਦਿੰਦੇ ਕਿਉਂਕਿ ਉਹ ਇਕ ਪੱਤਰਕਾਰ ਵੀ ਸੀ, ਕਈ ਅਖ਼ਬਾਰਾਂ ਲਈ ਕਾਲਮ ਲਿਖਦਾ ਸੀ। ਹੋਰ ਵੀ ਕਈ ਲੇਖਕਾਂ ਦਾ ਨਾਂ ਲਿਆ ਜਾ ਸਕਦਾ ਹੈ ਜਿਹਨਾਂ ਨੂੰ ਪੱਤਰਕਾਰ ਹੋਣ ਕਰਕੇ ਅਣਗੌਲਿਆ ਗਿਆ ਹੈ। ਪਰ ਪੰਜਾਬੀ ਤੋਂ ਬਾਹਰ ਜਾਈਏ ਤਾਂ ਬਹੁਤ ਸਾਰੇ ਮਸ਼ਹੂਰ ਲੇਖਕ ਹੋਏ ਹਨ ਜੋ ਕਿ ਪੱਤਰਕਾਰ ਵੀ ਸਨ ਤੇ ਲੇਖਕ ਵੀ। ਸਭ ਤੋਂ ਵੱਡੀ ਉਦਾਹਰਣ ਹੈਮਿੰਗਵੇਅ ਦੀ ਹੈ ਜਿਸ ਦੇ ਨਾਵਲ 'ਓਲਡਮੈਨ ਐਂਡ ਦਾ ਸੀ' ਲਿਖਿਆ ਸੀ। ਐਚæਜੀæਵੈੱਲਜ਼ ਵੀ ਜਰਨਲਿਸਟ ਸੀ। ਪੰਜਾਬੀ ਮੁੰਡਾ ਸਤਨਾਮ ਸੰਘੇੜਾ ਜਿਸ ਨੇ ਅੰਰਗੇਜ਼ੀ ਦੀ ਕਿਤਾਬ, 'ਗੁੱਟੀ ਵਾਲਾ ਮੁੰਡਾ' ਭਾਵ 'ਬੁਆਏ ਵਿੱਦ ਟੌਪ ਨੌਟ' ਲਿਖੀ ਹੈ ਜੋ ਜੀਵਨੀ ਨੁਮਾ ਨਾਵਲ ਹੈ, ਉਹ ਵੀ ਇਕ ਮਸ਼ਹੂਰ ਜਰਨਲਿਸਟ ਹੈ। ਹੋਰ ਵੀ ਅੰਗਰੇਜ਼ੀ ਜਗਤ ਵਿੱਚ ਫਰੀਲਾਂਸ-ਪੱਤਰਕਾਰਤਾ ਕਰਦੇ ਬਹੁਤ ਸਾਰੇ ਲੋਕ ਕਰੀਏਟਿਵ ਲੇਖਕ ਵੀ ਹਨ।

    ਪਹਿਲੀਆਂ ਵਿੱਚ ਮੈਂ ਜਿੰਨੇ ਵੀ ਪੱਤਰਕਾਰਾਂ ਨੂੰ ਜਾਣਦਾ ਸਾਂ ਉਹਨਾਂ ਦੀ ਹਾਲਤ ਪਤਲੀ ਹੀ ਹੁੰਦੀ ਸੀ। ਫਿਰ ਹਾਲਾਤ ਬਦਲੇ। ਪਤਰਕਾਰਾਂ ਕੋਲ ਸਾਈਕਲ ਥਾਵੇਂ ਮੋਟਰਸਾਈਕਲ ਆਉਣ ਲੱਗੇ, ਫਿਰ ਕਾਰਾਂ। ਅੱਜ ਪਾਕਿਸਤਾਨ ਦੇ ਇਕ ਪੱਤਰਕਾਰ ਮੁਬੱਸ਼ਰ ਲੁਕਮਾਨ ਕੋਲ ਹਵਾਈ ਜਹਾਜ਼ ਵੀ ਹਨ। ਇਹ ਇਕ ਵੱਖਰਾ ਵਿਸ਼ਾ ਹੈ, ਆਪਾਂ ਪੱਤਰਕਾਰੀ-ਕਲਚਰ ਤੱਕ ਹੀ ਰਹੀਏ ਤਾਂ ਠੀਕ ਰਹੇਗਾ। ਹਾਂ, ਲੰਡਨ ਦਾ ਪੱਤਰਕਾਰੀ-ਕਲਚਰ ਵੀ ਭਾਰਤ ਦੇ ਪੱਤਰਕਾਰੀ-ਕਲਚਰ ਵਰਗਾ ਹੀ ਹੋਵੇਗਾ ਕਿਉਂਕਿ ਦੋਵਾਂ ਦਾ ਕੰਮ ਤਾਂ ਇਕੋ ਜਿਹਾ ਹੀ ਹੁੰਦਾ ਹੈ। ਪੱਤਰਕਾਰ ਅਸਲ ਵਿੱਚ ਇਕ ਸਟੋਰੀ-ਟੈਲਰ ਹੀ ਹੈ। ਪੱਤਰਕਾਰ ਤੱਕ ਕੋਈ ਕਹਾਣੀ ਕਿਸੇ ਨਾ ਕਿਸੇ ਜ਼ਰੀਏ ਪੁੱਜਦੀ ਹੈ। ਉਹ ਉਸ ਕਹਾਣੀ ਦੇ ਸੱਚ ਦੀ ਤਹਿਕੀਕਾਤ ਕਰਦਾ ਹੈ, ਤੱਤ ਇਕੱਠੇ ਕਰਦਾ ਹੋਇਆ ਪੂਰੀ ਜਾਣਕਾਰੀ ਹਾਸਿਲ ਕਰਦਾ ਹੈ ਤੇ ਫਿਰ ਉਹ ਆ ਕੇ ਉਸ ਕਹਾਣੀ ਨੂੰ ਖ਼ਬਰ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਦਾ ਹੈ। ਲੋਕਾਂ ਸਾਹਮਣੇ ਇਹ ਕਹਾਣੀ ਉਹ ਲਿਖ ਕੇ ਵੀ ਪੇਸ਼ ਕਰ ਸਕਦਾ ਹੈ, ਰੇਡੀਓ ਰਾਹੀਂ ਬੋਲ ਕੇ ਵੀ, ਟੀਵੀ ਉਪਰ ਸਾਹਮਣੇ ਪੇਸ਼ ਹੋ ਕੇ ਵੀ, ਕਿਸੇ ਫੋਟੋਗ੍ਰਾਫ ਰਾਹੀਂ ਵੀ, ਹੁਣ ਤਾਂ ਸੋਸ਼ਲ ਮੀਡੀਆ ਵੀ ਆ ਗਿਆ ਹੈ, ਕਿੰਨੇ ਹੀ ਤਰੀਕੇ ਹਨ ਉਸ ਕੋਲ ਆਪਣੀ ਗੱਲ ਦੱਸਣ ਦੇ। ਪੱਤਰਕਾਰ ਨੇ ਆਪਣੀ ਗੱਲ ਲੋਕਾਂ ਸਾਹਮਣੇ ਰੱਖਦਿਆਂ ਆਪਣੀ ਰਾਏ ਵੀ ਦੇਣੀ ਹੁੰਦੀ ਹੈ, ਲੋਕਾਂ ਨੂੰ ਐਜੂਕੇਟ ਵੀ ਕਰਨਾ ਹੁੰਦਾ ਹੈ, ਚੇਤਾਵਨੀ ਵੀ ਦੇਣੀ ਹੁੰਦੀ ਹੈ ਕਿ ਇਸ ਘਟਨਾ ਨਾਲ ਉਹਨਾਂ ਦੇ ਜੀਵਨ ਉਪਰ ਕੀ ਅਸਰ ਪਵੇਗਾ। ਇਵੇਂ ਸਭ ਰਲ਼ਾ ਕੇ ਪੱਤਰਕਾਰ ਕਿਸੇ ਘਟਨਾ ਬਾਰੇ ਲੋਕ-ਰਾਏ ਬਣਾਉਣ ਵਿੱਚ ਸਹਾਈ ਹੁੰਦਾ ਹੈ। ਇਵੇਂ ਉਸ ਦੀ ਜ਼ਿੰਮੇਵਾਰੀ ਬਹੁਤ ਹੀ ਵਧ ਜਾਂਦੀ ਹੈ। ਇਕੀਵੀਂ ਸਦੀ ਦੇ ਪੱਤਰਕਾਰ ਨੇ ਤਾਂ 'ਸਟੇਟਸ ਕੋ' ਵਾਲੀ ਸਥਿਤੀ ਨੂੰ ਵੀ ਤੋੜਨਾ ਹੁੰਦਾ ਹੈ। ਉਹ ਇਕ ਸਾਧਾਰਨ ਪੱਤਰਕਾਰ ਨਾ ਹੋ ਕੇ ਘਟਨਾ ਤੇ ਆਮ ਬੰਦੇ ਵਿੱਚ ਬਹੁਤ ਹੀ ਅਹਿਮ ਕੜੀ ਹੋ ਨਿਬੜਦਾ ਹੈ। ਕਈ ਪੱਤਰਕਾਰ ਇਕੋ ਘਟਨਾ ਨੂੰ ਲੈ ਕੇ ਸਾਲਾਂ ਬੱਧੀ ਇਸ ਦੀ ਤਹਿਕੀਕਾਤ ਕਰਦੇ ਰਹਿੰਦੇ ਹਨ ਤੇ ਕਈ ਵਾਰ ਜਾਨ ਵੀ ਗੁਆ ਲੈਂਦੇ ਹਨ। ਮੇਰਾ ਦੋਸਤ ਟਿਮ ਬਲੇਅਰ ਜਿਸ ਨੇ ਮੈਨੂੰ ਪੱਤਰਕਾਰਤਾ ਦੀ ਅਹਿਮੀਅਤ ਬਾਰੇ ਦੱਸਿਆ, ਉਪਰ ਦੋ ਵਾਰ ਜਾਨ ਲੇਵਾ ਹਮਲਾ ਹੋਇਆ। ਉਹ ਕਰਾਈਮ ਰਿਪੋਟਰ ਹੈ। ਹਾਂ, ਟਿਮ ਬਲੇਅਰ ਨੇ ਹੀ ਮੈਨੂੰ ਕਿਹਾ ਸੀ ਕਿ ਹਰ ਕਰੀਏਟਿਵ ਲੇਖਕ ਨੂੰ ਪੱਤਰਕਾਰ ਵੀ ਹੋਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਆਪਣੀ ਲਿਖੀ ਰਚਨਾ ਨੂੰ ਐਡਿਟ ਕਰਨਾ ਆ ਜਾਵੇ। ਆਪਣੀ ਲਿਖੀ ਰਚਨਾ ਨੂੰ ਐਡਿਟ ਕਰਨ/ਕਰਵਾਉਣ ਬਾਰੇ ਪੰਜਾਬੀ ਦੇ ਬਹੁਤ ਘੱਟ ਲੇਖਕਾਂ ਨੂੰ ਪਤਾ ਹੋਵੇਗਾ।

      ਅੱਜ ਦੀ ਪੱਤਰਕਾਰਤਾ ਤਾਂ ਇਕ ਸਮੁੰਦਰ ਹੈ। ਕੋਈ ਕਰਾਈਮ ਰਿਪੋਰਟਰ ਹੋ ਸਕਦਾ ਹੈ, ਕੋਈ ਖੇਡ ਰਿਪੋਰਟਰ, ਕੋਈ ਸਾਇੰਸ, ਰਾਜਨੀਤੀ, ਸਿਨਮਾ, ਜਾਣੀ ਕਿ ਹਰ ਸ਼ੋਭੇ ਦੇ ਰਿਪੋਰਟਰ ਹੁੰਦੇ ਹਨ। ਅੱਸੀਵਿਆਂ ਵਿੱਚ ਕੇਟ ਐਡੀ ਨਾਂ ਦੀ ਬੀæਬੀæਸੀæ ਦੀ ਵਾਰ ਰਿਪੋਰਟਰ ਹੁੰਦੀ ਸੀ, ਉਸ ਬਾਰੇ ਚੁਟਕਲਾ ਘੜਿਆ ਹੋਇਆ ਸੀ ਕਿ ਜਿਥੇ ਵੀ ਇਹ ਔਰਤ ਜਾਵੇ ਉਥੇ ਹੀ ਲੜਾਈ ਲੱਗ ਜਾਂਦੀ ਹੈ। ਇਵੇਂ ਹੀ ਸਰ ਡੇਵਿਡ ਐਟਿਨਬੌਰੌ ਨੇ ਕੁਦਰਤ, ਜੰਗਲ, ਸਮੁੰਦਰ ਬਾਰੇ ਏਨੀ ਰਿਪੋਰਟਿੰਗ ਕੀਤੀ ਹੈ, ਉਸ ਬਾਰੇ ਲਤੀਫਾ ਹੈ ਕਿ ਇਹ ਬੰਦਾ ਕਦੇ ਘਰ ਨਹੀਂ ਜਾਂਦਾ। ਹਰ ਪੱਤਰਕਾਰ ਦੀ ਇਕ ਵਿਸ਼ੇਸ਼ ਸ਼ੈਲੀ ਹੁੰਦੀ ਹੈ ਜਿਸ ਕਰਕੇ ਉਸ ਨੂੰ ਪਸੰਦ ਤੇ ਯਾਦ ਕੀਤਾ ਜਾਂਦਾ ਹੈ।

    ਜੇ ਆਪਾਂ ਲੰਡਨ ਦੀ ਪੱਤਰਕਾਰਤਾ ਬਾਰੇ ਗੱਲ ਕਰੀਏ ਤਾਂ ਲੰਡਨ ਬ੍ਰਤਾਨੀਆਂ ਤੇ ਯੂਰਪ ਦੀ ਪੱਤਰਕਾਰਤਾ ਦਾ ਧੁਰਾ ਰਿਹਾ ਹੈ। ਇਸ ਦਾ ਇਤਿਹਾਸ ਦੇਖਣ ਲਈ ਪੰਦਰਵੀਂ ਸਦੀ ਤੱਕ ਜਾਣਾ ਹੋਵੇਗਾ। ਯੂਰਪ ਤੇ ਬ੍ਰਤਾਨੀਆਂ ਵਿੱਚ ਪੱਤਰਕਾਰਤਾ ਤਕਰੀਬਨ ਇਕੋ ਸਮੇਂ ਹੀ ਪ੍ਰਫੁੱਲਤ ਹੋਣੀ ਸ਼ੁਰੂ ਹੋਈ। ਖ਼ਬਰਾਂ ਨੂੰ ਇਕੱਠੀਆਂ ਕਰਕੇ ਉਹਨਾਂ ਨੂੰ ਅੱਗੇ ਪ੍ਰਸਾਰਤ ਕਰਨ ਦੇ ਤਰੀਕੇ ਹੌਲੀ ਹੌਲੀ ਪੜਾਅ ਦਰ ਪੜਾਅ ਵਧੇ-ਫੁੱਲੇ ਹਨ। ਖ਼ਬਰਾਂ ਨੂੰ ਇਕੱਠਿਆਂ ਕਰਨ ਦੀ ਪ੍ਰਕਿਰਿਆ ਸਦਾ ਹੈ ਸਹਿਜ ਵਿੱਚ ਹੁੰਦੀ ਹੈ ਤੇ ਇਹਨਾਂ ਨੂੰ ਪ੍ਰਸਾਰਤ ਕਰਨ ਦੀ ਰਫਤਾਰ ਬਹੁਤ ਤੇਜ਼ ਹੁੰਦੀ ਹੈ। ਅਖ਼ਬਾਰ ਪ੍ਰਮੁੱਖ ਤੌਰ 'ਤੇ ਸਤਾਰਵੀਂ ਸਦੀ ਤੋਂ ਸ਼ੁਰੂ ਹੁੰਦੀ ਹੈ ਤੇ ਮੈਗਜ਼ੀਨ ਅਠਾਰਵੀਂ ਸਦੀ ਤੋਂ ਅਰੰਭ ਹੁੰਦੇ ਹਨ ਤੇ ਇਸ ਸਦੀ ਵਿੱਚ ਪ੍ਰਿੰਟ ਮੀਡੀਆ ਦੀ ਪੱਤਰਕਾਰਤਾ ਆਪਣੇ ਅਰੂਜ਼ 'ਤੇ ਜਾ ਪੁੱਜੀ ਸੀ। ਉਨੀਵੀਂ ਸਦੀ ਵਿੱਚ ਰੇਡੀਓ ਤੇ ਫਿਰ ਟੈਲੀਵੀਯਨ ਆ ਪੁੱਜੇ ਸਨ। ਖ਼ਬਰਾਂ ਪ੍ਰਸਾਰਤ ਕਰਨ ਦੇ ਤਰੀਕੇ ਵੀ ਸਮੇਂ ਸਮੇਂ ਬਦਲਦੇ ਰਹੇ ਹਨ। ਮੇਰੇ ਬਾਬੇ ਨੇ ਮੈਨੂੰ ਦੱਸਿਆ ਸੀ ਕਿ ਰਣਜੀਤ ਸਿੰਘ ਦੇ ਵੇਲੇ ਲਾਹੌਰ ਵਿੱਚ ਵਾਪਰੀਆਂ ਘਟਨਾਵਾਂ ਗਵੱਈਏ ਪਿੰਡਾਂ ਵਿੱਚ ਗਾ ਕੇ ਸੁਣਾਇਆ ਕਰਦੇ ਸਨ। ਸ਼ੁਰੂ ਦੇ ਦਿਨਾਂ ਵਿੱਚ ਬੈਲਜੀਅਮ ਖ਼ਬਰਾਂ ਦੇ ਚੈਨਲ ਦਾ ਹੱਬ ਹੁੰਦਾ ਸੀ। ਇਸ ਦੇ ਯੂਰਪ ਨੂੰ ਜੋੜਨ ਦੇ ਦੋ ਲਿੰਕ ਸਨ, ਇਕ ਫਰਾਂਸ, ਜਰਮਨੀ, ਹਾਲੈਂਡ ਤੇ ਬ੍ਰਤਾਨੀਆਂ ਤੇ ਦੂਜਾ ਇਟਲੀ, ਸਪੇਨ ਤੇ ਪੁਰਤਗਾਲ। ਇਹਨਾਂ ਵਿੱਚ ਵੱਡੀਆਂ ਖ਼ਬਰਾਂ ਲੜਾਈ, ਫੌਜਾਂ ਦੇ ਆਪਸੀ ਸੰਬੰਧਾਂ, ਡਿਪਲੋਮੈਸੀ, ਅਦਾਲਤਾਂ ਅਤੇ ਛੋਟੇ-ਮੋਟੇ ਗੌਸਿਪ ਹੁੰਦੇ ਸਨ। 1622 ਵਿੱਚ ਪਹਿਲਾ ਅੰਗਰੇਜ਼ੀ ਜ਼ਬਾਨ ਦਾ ਵੀਕਲੀ ਮੈਗਜ਼ੀਨ 'ਏ ਕਰੰਟ ਔਫ ਜਨਰਨ ਨਿਊਜ਼' ਛਪਿਆ ਸੀ, ਇਹ ਚੌਵੀ ਸਫੇ ਦੀ ਸੀ। ਬ੍ਰਤਾਨੀਆਂ ਵਿੱਚ ਯੂਰਪ ਦੇ ਮੁਕਾਬਲੇ ਛਪਾਈ ਦਾ ਕੰਮ ਬਹੁਤ ਮੁਸ਼ਕਲ ਸੀ। ਇਹ ਸਭ ਰਾਜੇ ਜਾਣੀ ਕਿ ਸਰਕਾਰ ਦੇ ਹੱਥ ਵਿੱਚ ਸੀ। ਆਮ ਕਰਕੇ ਧਾਰਮਿਕ ਕਿਤਾਬਾਂ ਜਾਂ ਪ੍ਰਸੰਸਾਮਈ ਰਾਜਨੀਤਕ ਮੁਫਾਦ ਹੀ ਛਾਪਿਆ ਜਾਂਦਾ। ਕਿਸੇ ਚੀਜ਼ ਛਾਪਣ ਉਪਰ ਬਹੁਤ ਪਾਬੰਦੀਆਂ ਸਨ। ਬੈਂਜਮਿਨ ਹੈਰਿਸ ਨੂੰ ਰਾਜੇ ਦੀ ਹਲਕੀ ਜਿਹੀ ਨੁਕਤਾ-ਚੀਨੀ ਕਾਰਨ ਭਾਰੀ ਜੁਰਮਾਨਾ ਕਰ ਦਿੱਤਾ ਗਿਆ। ਉਹ ਜੁਰਮਾਨਾ ਨਾ ਦੇ ਸਕਿਆ ਤਾਂ ਉਸ ਨੂੰ ਜੇਲ੍ਹ ਕਰ ਦਿੱਤੀ ਗਈ। ਬਾਅਦ ਵਿੱਚ ਉਸੇ ਨੇ ਅਮਰੀਕਾ ਵਿੱਚ ਜਾ ਕੇ ਆਪਣੀ ਅਖ਼ਬਾਰ ਕੱਢੀ ਸੀ। ਵਿਲੀਅਮ ਤੀਜੇ ਦੇ ਆਉਣ ਤੱਕ ਅਖ਼ਬਾਰਾਂ ਨੂੰ ਕੁਝ ਢਿੱਲ ਮਿਲੀ। ਹੁਣ ਪਾਰਲੀਮੈਂਟ ਵਿੱਚ ਵਿਰੋਧੀ ਪਾਰਟੀ ਦੀ ਧਾਰਨਾ ਨੇ ਪੈਰ ਫੜ ਲਏ ਸਨ ਤੇ ਵਿਰੋਧੀ ਪਾਰਟੀ ਨੇ ਸਰਕਾਰ ਦੀ ਆਲੋਚਨਾ ਕਰਨੀ ਹੀ ਹੁੰਦੀ ਸੀ। ਇਵੇਂ ਨੁਕਤਾਚੀਨੀ ਖ਼ਬਰਾਂ ਦਾ ਅਹਿਮ ਹਿੱਸਾ ਬਣਦੀ ਗਈ। ਅਠਾਰਵੀਂ ਸਦੀ ਦੇ ਆਉਣ ਤੱਕ ਬ੍ਰਤਾਨੀਆਂ ਦੀ ਆਰਥਿਕ ਤੇ ਸਮਾਜਿਕ ਹਾਲਤ ਬਹੁਤ ਪਤਲੀ ਰਹੀ ਹੈ। ਗੁਰਬਤ ਲੋਹੜੇ ਦੀ ਸੀ ਤੇ ਸਿਵਲ ਵਾਰ ਨੇ ਵੀ ਬ੍ਰਤਾਨੀਆਂ ਦਾ ਲੱਕ ਤੋੜਿਆ ਹੋਇਆ ਸੀ। ਪਰ ਫਿਰ ਬ੍ਰਤਾਨੀਆ ਨੇ ਕਲੋਨੀਆਂ ਬਣਾ ਕੇ ਆਪਣਾ ਵਿਸਥਾਰ ਕਰਨਾ ਸ਼ੁਰੂ ਕੀਤਾ। ਭਾਰਤ ਵਰਗੀਆਂ ਕਲੋਨੀਆਂ ਤੋਂ ਖ਼ੂਬ ਲੁੱਟ-ਮਾਰ ਕੀਤੀ ਤੇ ਆਪਣੇ ਖਜ਼ਾਨੇ ਭਰਨੇ ਸ਼ੁਰੂ ਕਰ ਦਿੱਤੇ, ਇੰਸਟਰੀਅਲ ਰੈਵੋਲੂਸ਼ਨ ਨੇ ਬ੍ਰਤਾਨੀਆ ਨੂੰ ਕਿਤੇ ਦਾ ਕਿਤੇ ਪਹੁੰਚਾ ਦਿੱਤਾ। ਲੋਕ ਪੜ੍ਹ ਲਿਖ ਗਏ। ਹਰ ਸ਼ੋਭੇ ਵਿੱਚ ਤਰੱਕੀ ਹੋਈ ਤੇ ਇਸ ਦੇ ਨਾਲ ਹੀ ਪ੍ਰਿੰਟ ਮੀਡੀਏ ਨੇ ਵੀ ਲੋਹੜੇ ਦੀ ਤਰੱਕੀ ਕੀਤੀ। ਅਣਗਿਣਤ ਅਖ਼ਬਾਰਾਂ ਨਿਕਲਣ ਲੱਗੀਆਂ। ਅਖ਼ਬਾਰਾਂ ਨੇ ਬਹੁਤ ਸਾਰੇ ਲੇਖਕ ਬਣਾਏ। ਪੱਤਰਕਾਰੀ ਦਾ ਇਕ ਕਲਚਰ ਪੈਦਾ ਹੋਇਆ।

    ਬ੍ਰਤਾਨੀਆ ਵਿੱਚ ਡੈਨੀਅਲ ਡੀਫੋਏ (1660-1731) ਨੂੰ ਪੱਤਰਕਾਰੀ ਦਾ ਪਿਤਾਮਾ ਮੰਨਿਆਂ ਜਾਂਦਾ ਹੈ। ਇਥੇ ਪਹਿਲੀ ਅਖ਼ਬਾਰ 1665 ਵਿੱਚ ਛਪੀ ਜਿਸ ਦਾ ਨਾਂ 'ਦਾ ਔਕਸਫੋਰਡ ਗਜ਼ਟ' ਸੀ, ਜੋ ਹਫਤਾਵਾਰ ਸੀ, ਜਿਸ ਨੇ ਉਸੇ ਸਾਲ ਫੈਲੀ ਗਰੇਟ ਪਲੇਗ ਔਫ ਲੰਡਨ ਨੂੰ ਕਵਰ ਕੀਤਾ ਤੇ ਅਗਲੇ ਸਾਲ ਹੀ ਇਸ ਦਾ ਨਾਂ 'ਦਾ ਲੰਡਨ ਗਜ਼ਟ' ਕਰ ਦਿੱਤਾ ਗਿਆ। ਪਹਿਲੀ ਰੋਜ਼ਾਨਾ ਅਖ਼ਬਾਰ 'ਦ ਡੇਲੀ ਕਰੰਟ' 4 ਮਾਰਚ 1703 ਨੂੰ ਛਪੀ। ਇਹ ਅਖ਼ਬਾਰ ਲੰਡਨ ਦੀ ਫਲੀਟ ਸਟਰੀਟ 'ਤੇ ਛਪਣੀ ਸ਼ੁਰੂ ਹੋਈ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਬ੍ਰਤਾਨੀਆ ਦੀਆਂ ਬਹੁਤੀਆਂ ਅਖ਼ਬਾਰਾਂ ਫਲੀਟ ਸਟਰੀਟ ਤੋਂ ਹੀ ਛਪਦੀਆਂ ਆ ਰਹੀਆਂ ਹਨ। ਇਸ ਤੋਂ ਬਾਅਦ ਤਾਂ ਅਖ਼ਬਾਰਾਂ ਦਾ ਹੜ੍ਹ ਆ ਗਿਆ। ਸਭ ਤੋਂ ਪੁਰਾਣਾ ਅਖ਼ਬਾਰ ਜੋ ਅੱਜ ਵੀ ਨਿਕਲ ਰਿਹਾ ਹੈ, 'ਦਾ ਟਾਈਮਜ਼' (01/01/1788) ਹੈ। ਇਵੇਂ ਹੀ 'ਦਾ ਓਬਜ਼ਰਬਰ' (01/12/1791) ਜੋ ਹਰ ਐਤਵਾਰ ਨਿਕਲਣ ਵਾਲਾ ਪਹਿਲਾ ਅਖ਼ਬਾਰ ਹੈ ਜੋ ਅੱਜ ਵੀ ਹਰ ਐਤਵਾਰ ਛੱਪਦਾ ਹੈ। ਅੱਜ ਲੰਡਨ ਦੁਨੀਆ ਦੀਆਂ ਵੱਡੀਆਂ ਵੱਡੀਆਂ ਅਖ਼ਬਾਰਾਂ ਦਾ ਘਰ ਹੈ। ਇੱਥੇ ਪੱਤਰਕਾਰਾਂ ਦਾ ਹਜ਼ੂਮ ਹੈ। ਲੰਡਨ ਪਰੈੱਸ ਕਲੱਬ ਵਲੋਂ ਕਈ ਕਿਸਮ ਦੇ ਪ੍ਰੋਗਰਾਮ ਨਿਰੰਤਰ ਚਲਦੇ ਰਹਿੰਦੇ ਹਨ। ਮੇਲੇ ਲੱਗਦੇ ਰਹਿੰਦੇ ਹਨ। ਹਰ ਸਾਲ ਪੱਤਰਕਾਰਾਂ ਨੂੰ ਇਨਾਮ ਦਿੱਤੇ ਜਾਂਦੇ ਹਨ।

    ਪੱਤਰਕਾਰੀ ਦਾ ਕਲਚਰ ਪੱਤਰਕਾਰਾਂ ਤੇ ਪੱਤਰਕਾਰਤਾ ਦੀਆਂ ਲੋੜਾਂ ਸਿਰਜਦੀਆਂ ਹਨ। ਲੰਡਨ ਪੱਤਰਕਾਰਾਂ ਦਾ ਗੜ੍ਹ ਤਾਂ ਹੈ ਹੀ। ਇੱਥੇ ਪੱਤਰਕਾਰਾਂ ਦੀ ਸਭ ਤੋਂ ਵੱਡੀ ਯੂਨੀਅਨ ਭAਝ (ਠਹe ਭਰਟਿਸਿਹ Aਸਸੋਚਅਿਟਿਨ ਾ ਝੁਰਨਅਲਸਿਟਸ) ਹੈ। ਵੈਸੇ ਹਰ ਸ਼ੋਭੇ ਦੇ ਪੱਤਰਕਾਰਾਂ ਦੀਆਂ ਵੱਖ ਵੱਖ ਯੂਨੀਅਨਜ਼ ਵੀ ਹੈਨ ਜਿਵੇਂ ਖੇਤੀਬਾੜੀ ਨਾਲ ਜੁੜੇ ਪੱਤਰਕਾਰਾਂ ਦੀ ਆਪਣੀ, ਖੇਡਾਂ ਨਾਲ ਜੁੜਿਆਂ ਦੀ ਆਪਣੀ ਤੇ ਇਵੇਂ ਹੀ ਹੋਰ ਵੀ। ਲੰਡਨ ਦੇ ਪੱਤਰਕਾਰ ਵੀ ਆਪਣਾ ਕੰਮ ਕੱਢਣ ਲਈ ਕਈ ਕਿਸਮ ਦੇ ਹੱਥਕੰਡੇ ਅਪਣਾਉਂਦੇ ਹਨ। ਜਦ ਵੀ ਕਦੇ ਭਾਰਤੀ ਪੱਤਰਕਾਰਾਂ ਤੇ ਪੱਛਮੀ ਦੁਨੀਆ ਦੇ ਪੱਤਰਕਾਰਾਂ ਵਿੱਚਲੇ ਫਰਕ ਦੀ ਗੱਲ ਹੁੰਦੀ ਹੈ ਤਾਂ ਸਭ ਕਹਿੰਦੇ ਹਨ ਕਿ ਭਾਰਤੀ ਪੱਤਰਕਾਰ ਸੱਚ ਉਪਰੋਂ ਧੂੜ ਨੂੰ ਪੂਰੀ ਤਰ੍ਹਾਂ ਨਹੀਂ ਝਾੜਦੇ। ਪੱਛਮੀ ਪੱਤਰਕਾਰੀ ਵਿੱਚ ਵੀ 'ਗਰੇਅ ਏਰੀਏ' ਹਨ। ਜਦ ਭਾਰਤੀ ਐਕਟਰੱਸ ਸ਼ਿਲਪਾ ਸ਼ੈਟੀ ਨੇ ਲੰਡਨ ਵਿੱਚ 'ਬਿੱਗ ਬਰੱਦਰ' ਸ਼ੋਅ ਜਿੱਤਿਆ ਸੀ ਤਾਂ ਔਰਤਾਂ ਦੇ ਇਕ ਮੈਗਜ਼ੀਨ ਨੇ ਉਸ ਦੀ ਇੰਟਰਵਿਊ ਵੀ ਛਾਪ ਦਿੱਤੀ ਜਦ ਕਿ ਉਹ ਹਾਲੇ ਬਿੱਗ ਬਰੱਦਰ ਦੇ ਅੰਦਰ ਹੀ ਸੀ। ਇਸ ਇੰਟਰਵਿਊ ਲੈਣ ਵਾਲੀ ਜੇਨ ਨੂੰ ਮੈਂ ਜਾਣਦਾ ਸਾਂ, ਉਸ ਦੀ ਨਕਲੀ ਇੰਟਰਵਿਊ ਬਾਰੇ ਮੈਂ ਕਿੰਤੂ-ਪਰੰਤੂ ਕੀਤਾ ਤਾਂ ਉਹ ਬੋਲੀ ਕਿ ਪੱਤਰਕਾਰਤਾ ਦੀਆਂ ਕਈ ਮਜਬੂਰੀਆਂ ਹੁੰਦੀਆਂ ਹਨ। ਇਹੀ ਮਜਬੂਰੀਆਂ ਭਾਰਤ ਵਿੱਚ ਵੀ ਹਨ। ਭਾਰਤ ਵਾਂਗ ਲੰਡਨ ਦੇ ਕੁਝ ਪੱਤਰਕਾਰ ਵੀ ਖ਼ਬਰ ਨੂੰ ਸਨਸਨੀ ਬਣਾ ਕੇ ਪੇਸ਼ ਕਰਦੇ ਹਨ ਪਰ ਹਿਸਾਬ ਨਾਲ। ਸਾਡੇ ਤਾਂ ਅੱਜਕੱਲ ਆਵਾ ਹੀ ਊਤਿਆ ਪਿਆ ਹੈ। ਭਾਰਤ ਦਾ ਅੱਜ ਦਾ ਮੀਡੀਆ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਿਹਾ ਬਲਕਿ ਸਰਕਾਰ ਦੇ ਗੋਦੀ ਲਏ ਮੀਡੀਏ ਨੇ ਤਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਛਿੱਕੇ ਹੀ ਟੰਗ ਰਖਿਆ ਹੈ। ਆਪਣੇ ਚੈਨਲਾਂ ਦੀ ਟੀæਆਰæਪੀæ ਵਧਾਉਣ ਲਈ ਜਾਂ ਵੱਧ ਅਖ਼ਬਾਰ ਵੇਚਣ ਲਈ ਉਹ ਕਿਸੇ ਵੀ ਪੱਧਰ ਤੱਕ ਹੇਠਾਂ ਡਿੱਗ ਸਕਦੇ ਹਨ। ਇਹ ਬਹੁਤ ਫਿਕਰ ਵਾਲੀ ਗੱਲ ਹੈ। ਮੈਂ ਇਥੇ ਲੰਡਨ ਵਿੱਚ ਬੈਠਾ ਫਿਕਰਵੰਦ ਹਾਂ ਤੁਸੀਂ ਭਾਰਤ ਵਿੱਚ ਰਹਿੰਦੇ ਤਾਂ ਹੋਵੋਂਗੇ ਹੀ।
Comments


bottom of page