top of page
  • Writer's pictureਸ਼ਬਦ

ਲੰਡਨ ਦੇ ਜਿਪਸੀ /

ਹਰਜੀਤ ਅਟਵਾਲ /

ਜਿਪਸੀ ਜਿਹਨਾਂ ਲਈ ਅਸੀਂ ਖਾਨਾਬਦੋਸ਼ ਸ਼ਬਦ ਵਰਤਦੇ ਹਾਂ, ਦੁਨੀਆਂ ਭਰ ਵਿੱਚ ਫੈਲੇ ਹੋਏ ਹਨ। ਇਕੱਲੇ ਲੰਡਨ ਵਿੱਚ ਹੀ ਤੀਹ ਹਜ਼ਾਰ ਜਿਪਸੀ ਕੈਂਪਾਂ ਵਿੱਚ ਵਸਦੇ ਜਾਂ ਆਉਂਦੇ-ਜਾਂਦੇ ਰਹਿੰਦੇ ਹਨ। ਲੰਡਨ ਦੇ ਹਰ ਹਿੱਸੇ ਵਿੱਚ ਜਿਪਸੀਆਂ ਦੇ ਕੈਂਪ ਹਨ। ਪਿੱਛੇ ਜਿਹੇ ਟੈਲੀਵੀਯਨ ਉਪਰ ਇਕ ਪ੍ਰੋਗਰਾਮ ਦਿਖਾਇਆ ਗਿਆ ਜਿਸਦਾ ਨਾਂ ਸੀ- ‘ਮਾਈ ਬਿਗ ਫੈਟ ਜਿਪਸੀ ਵੈਡਿੰਗ’। ਇਕ ਸਰਵੇ ਮੁਤਾਬਕ ਇਸ ਪ੍ਰੋਗਰਾਮ ਨੂੰ ਨੱਬੇ ਲੱਖ ਲੋਕਾਂ ਨੇ ਦੇਖਿਆ। ਯੂਟਿਊਬ ਉਪਰ ਤਾਂ ਇਸਦੇ ਦਰਸ਼ਕ ਕਰੋੜਾਂ ਵਿੱਚ ਹੋਣਗੇ। ਜਿਥੇ ਆਮ ਲੋਕਾਂ ਵਿੱਚ ਇਹ ਪ੍ਰੋਗਰਾਮ ਬਹੁਤ ਪ੍ਰਸਿੱਧ ਹੋਇਆ ਉਥੇ ਜਿਪਸੀ ਇਸ ਤੋਂ ਬਿਲਕੁਲ ਨਾ-ਖੁਸ਼ ਹਨ। ਉਹਨਾਂ ਮੁਤਾਬਕ ਇਹ ਪ੍ਰੋਗਰਾਮ ਉਹਨਾਂ ਦੇ ਜੀਵਨ ਦੀ ਸਹੀ ਤਰਜਮਾਨੀ ਨਹੀਂ ਕਰਦਾ।

ਜਿਪਸੀ ਜਾਂ ਖਾਨਾਬਦੋਸ਼ ਅਜਿਹੇ ਲੋਕ ਹਨ ਜੋ ਹਰ ਵੇਲੇ ਸਫਰ ਵਿੱਚ ਰਹਿੰਦੇ ਹਨ। ਭਾਰਤ ਵਿੱਚ ਖਾਨਾਬਦੋਸ਼ਾਂ ਦੇ ਕਈ ਰੂਪ ਸਾਨੂੰ ਮਿਲਦੇ ਹਨ। ਕੋਈ ਵੇਲਾ ਸੀਕਿ ਇਹ ਜਿਪਸੀ ਦੁਨੀਆ ਭਰਦਾ ਸਫਰ ਕਰਦੇ ਸਨ ਪਰ ਪਿਛਲੀ ਸਦੀ ਤੋਂ ਸਰਹੱਦਾਂ ਕੁਝ ਅਜਿਹੇ ਕੰਟਰੋਲ ਵਿੱਚਦੀ ਲੰਘੀਆਂ ਹਨ ਕਿ ਪਾਸਪੋਰਟ ਬਗੈਰ ਬਹੁਤ ਸਾਰੇ ਮੁਲਕਾਂ ਵਿੱਚ ਦਾਖਲ ਹੋਣਾ ਅਸੰਭਵ ਹੈ। ਇਵੇਂ ਜਿਪਸੀਆਂ ਦੀਆਂ ਸਰਗਰਮੀਆਂ ਸੀਮਤ ਹੋ ਗਈਆਂ ਹਨ। ਕਿਉਂਕਿ ਇਹਨਾਂ ਦੇ ਡੀ.ਐਨ.ਏ. ਵਿੱਚ ਘੁੰਮਣਾ ਫਿਰਨਾ ਹੈ ਸੋ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਟਰੈਵਲ ਕਰਦੇ ਹੀ ਰਹਿੰਦੇ ਹਨ। ਬਹੁਤ ਸਾਰੇ ਜਿਪਸੀਆਂ ਨੇ ਦੂਜੇ ਦੇਸ਼ਾਂ ਵਿੱਚ ਜਾਣ ਲਈ ਕਾਗਜ਼-ਪੱਤਰ ਬਣਾਏ ਹੋਏ ਹਨ। ਕਿਉਂਕਿ ਬਹੁਤੇ ਜਿਪਸੀਆਂ ਦਾ ਕੋਈ ਸਹੀ ਟਿਕਾਣਾ ਨਾ ਹੋਣ ਕਰਕੇ ਇਹਨਾਂ ਦੀ ਸਹੀ ਜਨ-ਗਿਣਨਾ ਨਹੀਂ ਮਿਲਦੀ, ਇਕ ਰਿਪੋਰਟ ਮੁਤਾਬਕ ਯੂਕੇ ਵਿੱਚ ਤਿੰਨ ਲੱਖ ਜਿਪਸੀ ਹਨ। ਅਮਰੀਕਾ ਵਿੱਚ ਇਕ ਲੱਖ ਚੌਂਹਟ ਹਜ਼ਾਰ ਜਿਪਸੀ ਘੁੰਮਦੇ ਹਨ। ਲੰਡਨ ਵਿੱਚ ਤੀਹ ਹਜ਼ਾਰ ਗਿਣਤੀ ਇਕ ਸਰਵੇ ਅਨੁਸਾਰ ਹੈ। 2011 ਦੀ ਜਨ-ਗਿਣਨਾ ਵਿੱਚ ਪਹਿਲੀ ਵਾਰ ਜਿਪਸੀਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਮੁਤਾਬਕ ਲੰਡਨ ਵਿੱਚ ਇਹਨਾਂ ਦੀ ਗਿਣਤੀ 8169 ਸੀ। 2008 ਵਿੱਚ ਹੋਈ ਇਕ ਸਟੱਡੀ ਮੁਤਾਬਕ ਲੰਡਨ ਵਿੱਚ ਜਿਪਸੀਆਂ ਦੀ ਗਿਣਤੀ 17644 ਸੀ।

ਯੂਕੇ ਵਿੱਚ ਜਿਪਸੀਆਂ ਦੀਆਂ ਦੋ ਕਿਸਮਾਂ ਹਨ। ਇਕ ਟਰੈਵਲਰਜ਼ ਤੇ ਦੂਜੇ ਰੋਮਾਨੀਕਲਜ਼। ਟਰੈਵਲਰਜ਼ ਦਾ ਮੂਲ ਆਇਰਲੈਂਡ ਨਾਲ ਜੁੜਦਾ ਹੈ ਤੇ ਰੋਮਾਨੀਕਲਜ਼ ਦਾ ਪਿਛੋਕੜ ਭਾਰਤ ਦੇ ਸੂਬੇ ਰਾਜਸਥਾਨ ਨਾਲ ਹੈ। ਯੂਕੇ ਵਿੱਚ ਵਸਦੇ ਰੋਮਾਨੀਕਲਜ਼ ਦੇ ਮੁੱਖ ਦੋ ਗਰੁੱਪ ਹਨ, ਜੋ ਉਤਰੀ ਯੂਕੇ ਵਿੱਚ ਵਸਦੇ ਹਨ ਉਹਨਾਂ ਨੂੰ ਨੌਰਥ ਰੋਮਾਨੀ ਕਹਿੰਦੇ ਹਨ ਤੇ ਦੱਖਣ ਵਿੱਚ ਵਸਣ ਵਾਲਿਆਂ ਨੂੰ ਸਾਊਥ ਰੋਮਾਨੀ ਕਿਹਾ ਜਾਂਦਾ ਹੈ। ਇਕ ਧਾਰਣਾ ਮੁਤਾਬਕ ਜਦ ਮਹਾਂਰਾਣਾ ਪ੍ਰਤਾਪ (ਸੋਲਵੀਂ-ਸਦੀ) ਗੱਦੀ ਗੁਆ ਚੁੱਕਾ ਸੀ ਤਾਂ ਉਸ ਦੇ ਕਬੀਲੇ ਦੇ ਰਾਜਪੂਤਾਂ ਨੇ ਸੌਂਹ ਖਾਧੀ ਸੀਕਿ ਜਦ ਤਕ ਆਪਣੀ ਮਾਤਭੂਮੀ ਨੂੰ ਦੁਬਾਰਾ ਜਿੱਤ ਨਹੀਂ ਲੈਂਦੇ ਉਹ ਟਿਕਕੇ ਨਹੀਂ ਬੈਠਣਗੇ, ਪੰਜਾਬ ਵਿੱਚ ਘੁੰਮਦੇ ਗੱਡੀਆਂ ਵਾਲੇ ਉਹੀ ਰਾਜਪੂਤ ਹਨ। ਪਰ ਗਿਆਰਵੀਂ ਸਦੀ ਵਿੱਚ ਇਹ ਲੋਕ ਰਾਜਸਥਾਨ ਵਿੱਚੋਂ ਉਠ ਕੇ ਯੌਰਪ ਵੱਲ ਕਿਉਂ ਉਠ ਤੁਰਦੇ ਹਨ, ਇਸ ਬਾਰੇ ਕੋਈ ਸਹੀ ਕਹਾਣੀ ਨਹੀਂ ਮਿਲਦੀ। ਆਇਰਸ਼-ਟਰੈਵਲਰਜ਼ ਅਇਰਲੈਂਡ ਵਿੱਚੋਂ ਸੋਲਵੀਂ ਸਦੀ ਵਿੱਚ ਉਖੜਦੇ ਹਨ ਜਦ ਕਰੋਮਵੈਲੀਅਨ ਆਇਰਲੈਂਡ ਉਪਰ ਕਬਜ਼ਾ ਕਰ ਲੈਂਦਾ ਹੈ। ਉਹ ਅਜਿਹੇ ਉਖੜੇ ਕਿ ਮੁੜਕੇ ਵਸ ਨਾ ਸਕੇ। ਬਹੁਤੇ ਲੋਕ ਟਰੈਵਲਰਜ਼ ਤੇ ਜਿਪਸੀਆਂ ਨੂੰ ਇਕੋ ਹੀ ਸਮਝਦੇ ਹਨ। ਇਹ ਦੇਖਣ ਨੂੰ ਲਗਦੇ ਵੀ ਇਕੋ ਜਿਹੇ ਹਨ ਤੇ ਇਹਨਾਂ ਦੀ ਬੋਲੀ ਵਿੱਚ ਵੀ ਬਹੁਤ ਥੋੜਾ ਫਰਕ ਹੈ। ਰੋਮਾਨੀਕਲਜ਼ ਦੀ ਬੋਲੀ ਨੂੰ ਐਂਗਲੋਰੋਮਾਨੀ ਆਖਦੇ ਹਨ ਤੇ ਟਰੈਵਲਰਜ਼ ਦੀ ਬੋਲੀ ਸ਼ੈਲਟਾ ਹੈ ਪਰ ਦੋਨਾਂ ਨੂੰ ਅੰਗਰੇਜ਼ੀ ਦਾ ਤੁੜਕਾ ਲੱਗਾ ਹੋਣ ਦੋਵੇਂ ਹੀ ਇਕੋ ਜਿਹੀ ਧੁੰਨੀ ਪੈਦਾ ਕਰਦੀਆਂ ਹਨ। ਰੋਮਾਨੀਕਲਜ਼ ਦੀ ਬੋਲੀ ਵਿੱਚ ਹਾਲੇ ਵੀ ਬਹੁਤ ਸਾਰੇ ਸ਼ਬਦ ਭਾਰਤੀ ਹਨ।

ਰੋਮਾਨੀਕਲਜ਼ (ਜਿਪਸੀ) ਗਿਆਰਵੀਂ ਸਦੀ ਵਿੱਚ ਭਾਰਤ ਤੋਂ ਤੁਰਦੇ ਹਨ ਪਰ ਇਹਨਾਂ ਹਾਜ਼ਰੀ ਆ ਕੇ ਸੰਨ 1506 ਵਿੱਚ ਸਕੌਟਲੈਂਡ ਵਿੱਚ ਲਗਦੀ ਹੈ ਜਦੋਂ ਇਹ ਉਥੇ ਰਿਕਾਰਡਡ ਹੁੰਦੇ ਹਨ। ਉਦੋਂ ਕੁ ਹੀ ਆਇਰਲੈਂਡ ਵਿੱਚੋਂ ਟਰੈਵਲਰਜ਼ ਉਠਦੇ ਹਨ। ਯੂਕੇ ਵਿੱਚ ਇਹਨਾਂ ਦੋਨਾਂ ਕਿਸਮਾਂ ਦੇ ਜਿਪਸੀਆਂ ਨੂੰ ਕਦੇ ਵੀ ਚੰਗਾ ਨਹੀਂ ਸਮਝਿਆ ਗਿਆ। ਪੰਜ ਸਦੀਆਂ ਪਹਿਲਾਂ ਵੀ ਨਹੀਂ ਤੇ ਅੱਜ ਵੀ ਨਹੀਂ। ਕਿਉਂਕਿ ਇਹਨਾਂ ਲੋਕਾਂ ਨੇ ਇਕ ਥਾਂ ਟਿਕਕੇ ਨਹੀਂ ਬਹਿਣਾ ਹੁੰਦਾ, ਇਸ ਲਈ ਜਿਸ ਇਲਾਕੇ ਵਿੱਚ ਇਹ ਰੁਕੇ ਹੁੰਦੇ ਹਨ ਉਥੇ ਹੁੰਦੀਆਂ ਚੋਰੀਆਂ-ਚਕਾਰੀਆਂ ਇਹਨਾਂ ਦੇ ਨਾਂ ਲੱਗਦੀਆਂ ਰਹਿੰਦੀਆਂ ਹਨ। ਇਹਨਾਂ ਵਿੱਚ ਕੁਝ ਜਰਾਇਮ ਪੇਸ਼ਾ ਲੋਕ ਹੋ ਵੀ ਸਕਦੇ ਹਨ। ਇਕ ਸਮੇਂ ‘ਤੇ ਇਹਨਾਂ ਦਾ ਅਕਸ ਏਨਾ ਵਿਗੜਿਆ ਕਿ ਇੰਗਲੈਂਡ ਦੇ ਕਿੰਗ ਐਡਰਵਰ ਛੇਵੇਂ ਨੇ ਇਹਨਾਂ ਨੂੰ ਇੰਗਲੈਂਡ ਵਿੱਚ ਵੜਨ ਤੋਂ ਰੋਕ ਦਿੱਤਾ ਸੀ। ਜਿਹੜੇ ਜਿਸਪੀ ਦੇਸ਼ ਵਿੱਚ ਹਾਜ਼ਰ ਸਨ ਉਹਨਾਂ ਨੂੰ ਸੋਲਾਂ ਦਿਨਾਂ ਦੇ ਵਿੱਚ-ਵਿੱਚ ਮੁਲਕ ਛੱਡਕੇ ਚਲੇ ਜਾਣ ਦਾ ਹੁਕਮ ਦੇ ਦਿੱਤਾ ਸੀ। 1596 ਵਿੱਚ ਛੋਟੇ ਮੋਟੇ ਜੁਰਮਾਂ ਕਾਰਨ 106 ਜਿਪਸੀ ਮਰਦਾਂ-ਔਰਤਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਤੇ ਨੌਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਵੀ ਦਿੱਤਾ ਗਿਆ ਸੀ। ਸਮੇਂ-ਸਮੇਂ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਵੀ ਬਣਦੇ ਰਹੇ ਹਨ। ਸਤਾਰਵੀਂ ਸਦੀ ਵਿੱਚ ਸੈਮੂਅਲ ਰਿਡ ਨਾਂ ਦਾ ਲੇਖਕ ਯੂਕੇ ਵਿੱਚ ਰਹਿਣ ਵਾਲੇ ਜਿਪਸੀਆਂ ਦੇ ਹੱਕ ਵਿੱਚ ਭੁਗਤਿਆ। ਉਸ ਨੇ ਇਹਨਾਂ ਨਾਲ ਹਮਦਰਦੀ ਪੈਦਾ ਕਰਦਾ ਕਾਫੀ ਕੁਝ ਲਿਖਆ। 1780 ਵਿੱਚ ਐਂਟੀ-ਰੋਮਾਨੀ ਕਾਨੂੰਨ ਖਤਮ ਕੀਤੇ ਗਏ। ਰੋਮਾਨੀ ਜਿਪਸੀਆਂ ਦਾ ਯੂਕੇ ਵਿੱਚ ਬਹੁਤਾ ਸਰਗਰਮ ਰਹਿਣ ਦਾ ਸਮਾਂ 1680 ਤੋਂ ਲੈ ਕੇ 1800 ਤੱਕ ਦਾ ਹੈ। ਸ਼ੁਰੂ ਵਿੱਚ ਜਿਪਸੀ ਪੈਦਲ ਹੀ ਚਲਦੇ ਸਨ। ਸਮਾਨ ਲਈ ਘੋੜਿਆਂ-ਬਲਦਾਂ ਵਾਲੇ ਛੋਟੇ ਗੱਡੇ ਹੁੰਦੇ ਸਨ। ਫਿਰ ਘੋੜਾ-ਬੱਘੀਆਂ ਆ ਗਈਆਂ ਜੋ ਖੁੱਲ੍ਹੀਆਂ ਸਨ। ਉਨੀਵੀਂ ਸਦੀ ਵਿੱਚ ਵੈਗਨਾਂ ਬਣਨੀਆਂ ਸ਼ੁਰੂ ਹੋ ਗਈਆਂ। ਇਹਨਾਂ ਵਿੱਚੋਂ ਕੁਝ ਚਮਕ-ਦਮਕ ਵਾਲੀਆਂ ਵੈਗਨਾਂ ਵੀ ਹੁੰਦੀਆਂ ਸਨ ਜਿਹਨਾਂ ਨੂੰ ਵਾਰਡੋਜ਼ ਕਹਿੰਦੇ ਸਨ।

ਟੈਲੀਵੀਯਨ ਦੇ ਪ੍ਰੋਗਰਾਮ ‘ਮਾਈ ਬਿਗ ਫੈਟ ਜਿਪਸੀ ਵੈਡਿੰਗ’ ਦੀ ਬਹੁਤ ਆਲੋਚਨਾ ਹੋ ਰਹੀ ਹੈ ਕਿ ਲੰਡਨ ਦੇ ਜਿਪਸੀਆਂ ਦੇ ਅਸਲ ਜੀਵਨ ਨੂੰ ਨਹੀਂ ਦਿਖਾਇਆ ਗਿਆ। ਇਸ ਪ੍ਰੋਗਾਰਮ ਵਿੱਚ ਜਿਪਸੀਆਂ ਦੇ ਜੀਵਨ ਦੇ ਅਮੀਰ ਪੱਖ, ਮਹਿੰਗੀਆਂ ਕਾਰਾਂ-ਕਪੜੇ ਆਦਿ ਜਾਂ ਫਿਰ ਕੁਝ ਨਾਂਹ-ਪੱਖੀ ਗੱਲਾਂ ਹੀ ਦਿਖਾਈਆਂ ਗਈਆਂ। ਲੰਡਨ ਦੇ ਜਿਪਸੀ ਹੀ ਨਹੀਂ ਯੂਕੇ ਭਰ ਦੇ ਜਿਪਸੀਆਂ ਦਾ ਜੀਵਨ ਬਹੁਤ ਹੇਠਲੀ ਪੱਧਰ ਦਾ ਹੈ। ਇਹਦੇ ਬਾਰੇ ਇਹ ਆਪਣੀਆਂ ਵੈਬਸਾਈਟਸ ‘ਤੇ ਸ਼ਿਕਾਇਤਾਂ ਕਰਦੇ ਰਹਿੰਦੇ ਹਨ। ਇਹਨਾਂ ਦੇ ਜੀਵਨ ਉਪਰ ਹੋਰ ਵੀ ਬਹੁਤ ਸਾਰੀਆਂ ਫਿਲਮਾਂ, ਡਾਕੂਮੈਂਟਰੀਜ਼, ਹੋਰ ਟੀਵੀ ਪ੍ਰੋਗਰਾਮ ਤੇ ਕਿਤਾਬਾਂ ਆਦਿ ਉਪਲਬਧ ਹਨ। ਯੂਟਿਊਬ ਤੇ ਗੂਗਲ ਉਪਰ ਇਹਨਾਂ ਬਾਰੇ ਬਹੁਤ ਕੁਝ ਪੜ੍ਹਨ-ਦੇਖਣ ਨੂੰ ਮਿਲਦਾ ਹੈ। ਭਾਵੇਂ ਅਜਿਹੇ ਜੀਵਨ ਨੂੰ ਚੁਣਨ ਵਿੱਚ ਇਹਨਾਂ ਦੀ ਜੀਵਨ-ਸ਼ੈਲੀ ਦਾ ਵੀ ਹੱਥ ਹੈ ਪਰ ਫਿਰ ਵੀ ਸਰਕਾਰਾਂ ਦਾ ਕੰਮ ਇਹਨਾਂ ਦੇ ਜੀਵਨ-ਪੱਧਰ ਨੂੰ ਉਪਰ ਚੁੱਕਣਾ ਹੁੰਦਾ ਹੈ ਜਿਥੇ ਉਹ ਫੇਹਲ ਹਨ। ਸਮਾਜ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਅਪਣਾਇਆ ਨਹੀਂ ਜਾ ਰਿਹਾ। ਲੋਕ ਇਹਨਾਂ ਦੇ ਜੀਉਣ-ਢੰਗ ਨੂੰ ਖਤਰਾ ਸਮਝਦੇ ਇਹਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਵੈਸੇ ਰੋਮਾਨੀਕਲਜ਼ ਨੂੰ ਟਰੈਵਲਰਜ਼ ਨਾਲੋਂ ਸ਼ਰੀਫ ਸਮਝਿਆ ਜਾਂਦਾ ਹੈ। ਅੱਜ ਵੀ ਕਈ ਪੱਬਾਂ ਦੇ ਬਾਹਰ ਲਿਖ ਕੇ ਲਾਇਆ ਮਿਲਦਾ ਹੈ, ‘ਟਰੈਵਲਰਜ਼ ਨੌਟ ਅਲਾਓਡ’, ਭਾਵ ਬਹੁਤ ਸਾਰੇ ਪੱਬਾਂ ਵਿੱਚ ਇਹਨਾਂ ਦਾ ਦਾਖਲਾ ਬੰਦ ਹੈ।

ਲੰਡਨ ਵਿੱਚ ਜਿਪਸੀਆਂ ਦੇ ਕਈ ਕੈਂਪ ਹਨ, ਕੁਝ ਜਗਾਵਾਂ ਸਰਕਾਰ ਨੇ ਕੈਂਪ ਲਈ ਦਿੱਤੀ ਹੈ ਤੇ ਕੁਝ ਉਪਰ ਇਹ ਕਬਜ਼ਾ ਵੀ ਕਰ ਲੈਂਦੇ ਹਨ। ਇਹਨਾਂ ਕੈਂਪਾਂ ਵਿੱਚ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਵੈਂਬਲੀ ਵਾਲੇ ਕੈਂਪ ਵਿੱਚ ਮੈਨੂੰ ਕਈ ਵਾਰ ਜਾਣ ਦਾ ਮੌਕਾ ਮਿਲਿਆ ਹੈ। ਕੁਝ ਦੇਰ ਮੈਂ ਚੈਰਟੀ-ਬਸ ਵੀ ਚਲਾਈ ਹੈ ਜੋ ਜਿਪਸੀ-ਬੱਚਿਆਂ ਨੂੰ ਘਰਾਂ ਤੋਂ ਚੁੱਕਕੇ ਸਕੂਲ ਲੈ ਜਾਂਦੀ ਸੀ ਤੇ ਸਕੂਲ ਖਤਮ ਹੋਣ ‘ਤੇ ਉਹਨਾਂ ਨੂੰ ਘਰ ਛੱਡਦੀ ਸੀ। ਇਸ ਕੈਂਪ ਵਿੱਚ ਕੁਝ ਸਥਾਈ ਘਰ ਵੀ ਸਨ ਤੇ ਕੁਝ ਕੈਰਾਵੈਨਾਂ ਵੀ। ਜੋ ਸਥਾਈ ਘਰ ਸਨ ਉਹ ਆਮ ਘਰਾਂ ਵਾਂਗ ਨਹੀਂ ਹਨ ਸਗੋਂ ਇਹ ਸਿੱਧੇ ਅਨਘੜਤ ਜਿਹੜੀਆਂ ਇੱਟਾਂ ਲਾ ਕੇ ਬਣਾਏ ਗਏ ਸਨ ਬਿਨਾਂ ਕਿਸੇ ਹੈਲਥ-ਸੇਫਟੀ ਦਾ ਧਿਆਨ ਰਖਿਆਂ। ਸਰਦੀਆਂ ਵਿੱਚ ਇਹਨਾਂ ਘਰਾਂ ਨੂੰ ਗਰਮਾਉਣ ਦਾ ਕੋਈ ਸਥਾਈ ਸਾਧਨ ਨਹੀਂ। ਗੁਸਲਖਾਨੇ ਤੇ ਪੈਖਾਨੇ ਵੀ ਨਾਂ ਦੇ ਹੀ ਹਨ ਜੋ ਗਿਣਤੀ ਦੇ ਮੁਤਾਬਕ ਬਹੁਤ ਥੋੜੇ ਹਨ। ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈਕਿ ਇਹਨਾਂ ਦੇ ਬੱਚੇ ਨਹੀਂ ਪੜ੍ਹਦੇ। ਲੰਡਨ ਜਾਂ ਸ਼ਹਿਰਾਂ ਵਿੱਚ ਰਹਿੰਦੇ ਜਿਪਸੀ-ਬੱਚਿਆਂ ਨੂੰ ਤਾਂ ਸਰਕਾਰ ਪੜ੍ਹਾਉਣ ਦੀ ਨਿਸਫਲ ਜਿਹੀ ਕੋਸ਼ਿਸ਼ ਕਰਦੀ ਹੈ ਪਰ ਸ਼ਹਿਰਾਂ ਤੋਂ ਦੂਰ ਰਹਿੰਦੇ ਬੱਚੇ ਬਿਲਕੁਲ ਅਨਪੜ੍ਹ ਰਹਿ ਜਾਂਦੇ ਹਨ। ਇਕੀਵੀਂ ਸਦੀ ਵਿੱਚ ਵੀ ਤੁਹਾਨੂੰ ਪੰਦਰਾਂ-ਸੋਲਾਂ ਦੇ ਬੱਚੇ ਕੋਰੇ-ਅਨਪੜ੍ਹ ਮਿਲ ਜਾਣਗੇ, ਸੈਂਕੜਿਆਂ ਦੀ ਗਿਣਤੀ ਵਿੱਚ। ਜਿਹੜੇ ਬੱਚਿਆਂ ਨੂੰ ਸਕੂਲੇ ਜ਼ਬਰਦਸਤੀ ਲੈ ਜਾਇਆ ਜਾਂਦਾ ਹੈ, ਉਹਨਾਂ ਦਾ ਪੜ੍ਹਾਈ ਵਿੱਚ ਕੋਈ ਮਨ ਨਹੀਂ ਹੁੰਦਾ, ਵੈਸੇ ਇਹਨਾਂ ਵਿੱਚੋਂ ਕੁਝ ਬੱਚੇ ਬਹੁਤ ਜ਼ਹੀਨ ਹੁੰਦੇ ਹਨ। ਇਹਨਾਂ ਦਾ ਮੰਨਣਾ ਹੈਕਿ ਇਹਨਾਂ ਨੇ ਵੱਡੇ ਹੋਕੇ ਕੋਈ ਪੜ੍ਹਾਈ ਵਾਲਾ ਕੰਮ ਨਹੀਂ ਕਰਨਾ ਹੁੰਦਾ। ਇਹਨਾਂ ਨੇ ਆਪਣੇ ਵਡੇਰਿਆਂ ਤੋਂ ਕੋਈ ਕਾਰਗਰੀ ਸਿੱਖ ਹੀ ਲੈਣੀ ਹੁੰਦੀ ਹੈ। ਹਰ ਜਿਪਸੀ ਕਿਸੇ ਨਾ ਕਿਸੇ ਕੰਮ ਵਿੱਚ ਮਾਹਰ ਜ਼ਰੂਰ ਹੁੰਦਾ ਹੈ। ਆਮ ਤੌਰ ‘ਤੇ ਜਿਪਸੀ ਕਾਰ-ਮਕੈਨਕੀ, ਖੇਤਾਂ ਵਿੱਚ ਕੰਮ-ਕਾਰ, ਮੇਲਿਆਂ ਵਿੱਚ ਕਲਾਕਾਰੀ ਦਿਖਾਉਣੀ, ਕਿਸਮਤ ਦੇਖਣੀ, ਸਕਰੈਪ ਖਰੀਦਣਾ-ਵੇਚਣਾ, ਘੋੜੇ ਕਿਰਾਏ ‘ਤੇ ਦੇਣ ਵਰਗੇ ਕੰਮ ਕਰਦੇ ਹਨ। ਜਿਪਸੀਆਂ ਦੀਆਂ ਕਈ ਸੁਸਾਇਟੀਆਂ ਮੇਲੇ ਵੀ ਲਾਉਂਦੀਆਂ ਹਨ। ਬਹੁਤੀ ਵਾਰ ਪੁਲੀਸ ਅਜਿਹੇ ਮੇਲਿਆਂ ਉਪਰ ਗਹਿਰੀ ਨਜ਼ਰ ਰਖਦੀ ਹੈ ਕਿ ਕੋਈ ਗਲਤ ਕੰਮ ਨਾ ਹੋਵੇ। ਜਿਹੜੇ ਜਿਪਸੀ ਇਕ ਥਾਂ ਤੋਂ ਦੂਜੀ ਥਾਂ ਇਹ ਸਫਰ ਕਰਦੇ ਹਨ ਉਹ ਵੀ ਕੰਮਾਂ-ਕਾਰਾਂ ਜਾਂ ਇਹਨਾਂ ਮੇਲਿਆਂ ਦੇ ਹਿਸਾਬ ਨਾਲ ਰੂਟ ਬਣਾਉਂਦੇ ਹਨ। ਰਾਹ ਵਿੱਚ ਜਿਥੇ ਜਿਥੇ ਇਹ ਕਿਆਮ ਕਰਦੇ ਜਾਂਦੇ ਹਨ ਉਸ ਜਗਾਹ ਨੂੰ ਐਚਿੰਗ ਟੈਨ ਆਖਦੇ ਹਨ। ਕਈ ਵਾਰ ਲੋਕ ਇਹਨਾਂ ਬਾਰੇ ਜਾਨਣ ਲਈ ਜਾਂ ਇਹਨਾਂ ਬਾਰੇ ਫਿਲਮ ਬਣਾਉਣ ਜਾਂ ਕਿਤਾਬ ਲਿਖਣ ਲਈ ਇਹਨਾਂ ਨਾਲ ਸਫਰ ‘ਤੇ ਵੀ ਨਿਕਲ ਪੈਂਦੇ ਹਨ।

ਵੈਸੇ ਦੁਨੀਆ ਨਾਲ ਜਿਪਸੀ ਵੀ ਬਦਲ ਰਹੇ ਹਨ। ਅੱਜ 60% ਜਿਪਸੀ ਇੱਟਾਂ ਦੇ ਬਣੇ ਘਰਾਂ ਵਿੱਚ ਵਸਦੇ ਹਨ ਤੇ ਰਸਮੀ ਟੈਂਟਾਂ, ਕੈਰਾਵੈਨਾਂ, ਟਰੇਲਰਾਂ ਆਦਿ ਵਿੱਚ ਹੁਣ 40% ਲੋਕ ਰਹਿੰਦੇ ਹਨ। 2008 ਵਿੱਚ ਰਜਿਸਟਰੇਸ਼ ਵਾਲੇ ਮਹਿਕਮੇ ਕੋਲ 13386 ਕੈਰਾਵੈਨਾਂ ਜਿਪਸੀਆਂ ਦੀਆਂ ਰਜਿਸਟਰ ਸਨ। ਵੈਸੇ ਤਾਂ ਇਹਨਾਂ ਕੈਰਾਵੈਨਾਂ ਨੂੰ ਖੜੀਆਂ ਕਰਨ ਲਈ ਕਾਨੂੰਨੀ ਜਗਾਹ ਹੁੰਦੀ ਹੈ ਤੇ ਇਹ ਲੋਕ ਕੌਂਸਲ ਟੈਕਸ ਵੀ ਦਿੰਦੇ ਹਨ ਪਰ ਫਿਰ ਵੀ ਦਸ ਕੁ ਪਰਸੈਂਟ ਲੋਕ ਗੈਰਕਾਨੂੰਨੀ ਜਗਾਵਾਂ ਮਲ ਕੇ ਕੈਰਾਵੈਨਾਂ ਤੇ ਹੋਰ ਵਾਹਨ ਖੜੇ ਕਰਦੇ ਹਨ ਜਿਹਦੇ ਕਰਕੇ ਇਹਨਾਂ ਦਾ ਪੁਲੀਸ ਨਾਲ ਪੰਗਾ ਪਿਆ ਰਹਿੰਦਾ ਹੈ। 1968 ਵਿੱਚ ਬ੍ਰਿਟਿਸ਼ ਕੈਰਾਵੈਨ ਸਾਈਟ ਐਕਟ ਬਣਿਆਂ ਸੀ ਜਿਸ ਮੁਤਾਬਕ ਇਕ ਸਾਈਟ ਜਾਂ ਕੈਂਪ ਵਿੱਚ ਤੁਸੀਂ ਇਕ ਹੱਦ ਤੱਕ ਵਾਹਨ ਹੀ ਖੜੇ ਕਰ ਸਕਦੇ ਹੋ, ਜਿਹੜੇ ਵਾਹਨਾਂ ਨੂੰ ਕੈਂਪਾਂ ਵਿੱਚ ਖੜਨੋ ਰੋਕਿਆ ਗਿਆ ਉਹ ਸਾਰੇ ਗੈਰਕਾਨੂੰਨੀ ਜ਼ੱਦ ਵਿੱਚ ਆ ਗਏ। ਅਜਿਹੇ ਲੋਕਾਂ ਨੂੰ ਨਵੀਂ ਜਗਾਹ ਲੱਭ ਕੇ ਕੈਂਪ ਬਣਾਉਣੇ ਪੈਂਦੇ ਹਨ। ਦੋ ਕੁ ਦਹਾਕੇ ਪਹਿਲਾਂ ਲੰਡਨ ਵਿੱਚ ਡੇਲ-ਫਾਰਮ ਨਾਂ ਦੀ ਇਕ ਜਗਾਹ ਬਹੁਤ ਖ਼ਬਰਾਂ ਵਿੱਚ ਰਹੀ ਹੈ ਜਿਥੇ ਜਿਪਸੀਆਂ ਦਾ ਕੈਂਪ ਸੀ ਤੇ ਸਰਕਾਰ ਨੇ ਪੁਲੀਸ ਦੀ ਮੱਦਦ ਨਾਲ ਖਦੇੜਿਆ ਸੀ, ਜਿਸ ਵਿੱਚ ਕਈ ਦਰਜਨ ਲੋਕ ਜ਼ਖ਼ਮੀ ਹੋਏ ਸਨ। ਸੇਲਜ਼ਬਰੀ ਵਿੱਚ ਮਸ਼ਹੂਰ ਇਤਿਹਾਸਕ ਜਗਾਹ ‘ਸਟੋਨਹੈਂਜ’ ਉਪਰ ਵੀ ਇਹ ਕਈ ਵਾਰ ਆਪਣਾ ਹੱਕ ਜਤਾ ਚੁੱਕੇ ਹਨ ਤੇ ਪੁਲੀਸ ਨਾਲ ਖੂਨੀ ਟੱਕਰਾਂ ਲੈ ਚੁੱਕੇ ਹਨ।

ਲੰਡਨ ਦੇ ਜਿਪਸੀ ਨਸਲਵਾਦ ਦਾ ਬਹੁਤ ਸ਼ਿਕਾਰ ਹੁੰਦੇ ਹਨ। ਇਹਨਾਂ ਵਿੱਚੋਂ ਬਹੁ-ਗਿਣਤੀ ਦੇ ਰੰਗ ਭਾਵੇਂ ਗੋਰੇ ਹਨ ਪਰ ਅੰਗਰੇਜ਼ ਇਹਨਾਂ ਨੂੰ ਕਾਲ਼ੇ ਜਾਂ ਏਸ਼ੀਅਨਾਂ ਨਾਲੋਂ ਵੀ ਘੱਟੀਆ ਸਮਝ ਕੇ ਵਰਤਾਓ ਕਰਦੇ ਹਨ। 2008 ਵਿੱਚ ਇਹਨਾਂ ਨਾਲ ਹੋਏ ਨਸਲੀ-ਵਿਕਤਰੇ ਦੇ ਰਿਕਾਰਡ-ਤੋੜ ਕੇਸ ਸਾਹਮਣੇ ਆਏ। ਇਹਨਾਂ ਨਾਲ ਨੌਕਰੀਆਂ, ਸਿਹਤ-ਸੇਵਾਵਾਂ, ਕੌਂਸਲ ਦੇ ਘਰਾਂ ਆਦਿ ਵਿੱਚ ਬਹੁਤ ਫਰਕ ਕੀਤਾ ਜਾਂਦਾ ਹੈ। ਆਮ ਜੀਵਨ ਵਿੱਚ ਲੋਕ ਇਹਨਾਂ ਨਾਲ ਵਰਤਣਾ ਪਸੰਦ ਨਹੀਂ ਕਰਦੇ, ਇਹਨਾਂ ਦੇ ਗਵਾਂਢ ਵਿੱਚ ਨਹੀਂ ਰਹਿਣਾ ਚਾਹੁੰਦੇ। ਸਕੂਲਾਂ ਵਿੱਚ ਇਹਨਾਂ ਦੇ ਬੱਚਿਆਂ ਨਾਲ ਹੋਰ ਬੱਚੇ ਖੇਡ ਕੇ ਖੁਸ਼ ਨਹੀਂ ਹੁੰਦੇ। ਜਿਪਸੀਆਂ ਨੂੰ ਆਮ ਤੌਰ ‘ਤੇ ਜਰਾਇਮ ਪੇਸ਼ਾ ਲੋਕ ਸਮਝਿਆਂ ਜਾਂਦਾ ਹੈ ਜਦ ਕਿ ਇਹ ਗੱਲ ਸਹੀ ਨਹੀਂ ਹੈ। ਮੈਂ ਬਹੁਤ ਸਾਰੇ ਜਿਪਸੀਆਂ ਨੂੰ ਜਾਣਦਾ ਹਾਂ ਜੋ ਬਹੁਤ ਭਲੇ ਲੋਕ ਹਨ। ਇਕ ਹੋਰ ਅਜੀਬ ਤੱਥ ਦੇਖਣ ਨੂੰ ਮਿਲਦੇ ਹਨ ਕਿ ਜੇਲ੍ਹਾਂ ਵਿੱਚ ਵੀ ਜਿਪਸੀਆਂ ਦੀ ਗਿਣਤੀ ਆਮ ਨਾਲੋਂ ਜ਼ਿਆਦਾ ਹੈ, ਇਹਨਾਂ ਦੀ ਆਬਾਦੀ ਦਾ 5% ਜਦਕਿ ਯੂਕੇ ਦੀਆਂ ਜੇਲ੍ਹਾਂ ਵਿੱਚ ਕੁਲ ਆਬਾਦੀ ਦਾ 0.13% ਲੋਕ ਜੇਲ੍ਹਾਂ ਵਿੱਚ ਹਨ। ਵੈਸੇ ਜਿਪਸੀਆਂ ਵਿੱਚ ਬਹੁਤ ਸਾਰੇ ਮਸ਼ਹੂਰ ਵਿਅਕਤੀ ਹੋਏ ਹਨ, ਖਾਸ ਕਰ ਕੇ ਸੰਗੀਤਕਾਰ। ਮਾਈਕਲ ਕੇਨ, ਚਾਰਲੀ ਚੈਪਲਨ, ਪਾਬਲੋ ਪਿਕਾਸੋ ਵਰਗੇ ਕਲਾਕਾਰਾਂ ਦਾ ਪਿਛੋਕੜ ਰੁਮਾਨੀਕਲਜ਼ ਨਾਲ ਜੁੜਦਾ ਮਿਲਦਾ ਹੈ। ਪੈਡੀ ਡੋਹੈਰਟੀ, ਮਾਰਗਾਰੇਟ ਬੈਰੀ ਤੇ ਬੌਕਸਰ ਫਰੈਂਚੀ ਬੈਰਟ ਵਰਗੇ ਹੋਰ ਬਹੁਤ ਸਾਰੇ ਪ੍ਰਸਿੱਧ ਲੋਕਾਂ ਦਾ ਪਿਛੋਕੜ ਟਰੈਵਲਰਜ਼ ਨਾਲ ਹੈ।

1989 ਵਿੱਚ ਜਿਪਸੀਆਂ (ਰੋਮਿਕਾਂ) ਨੂੰ ਤੇ 2000 ਵਿੱਚ ਟਰੈਵਲਰਜ਼ ਨੂੰ ਘੱਟ-ਗਿਣਤੀ ਦਾ ਰੁਤਬਾ ਮਿਲ ਗਿਆ ਸੀ। ਇਵੇਂ ਇਹਨਾਂ ਨੂੰ ਘੱਟ-ਗਿਣਤੀ ਵਾਲੇ ਲੋਕਾਂ ਵਾਲੀਆਂ ਸਹੂਲਤਾਂ ਮਿਲਣ ਲਗੀਆਂ ਹਨ। ਇਕ ਹੋਰ ਵੀ ਫਰਕ ਪਿਆ ਹੈਕਿ ਇਸ ਲਈ ਜਿਪਸੀ ਲਿਖਦੇ ਸਮੇਂ ਤੁਹਾਨੂੰ ‘ਜੀ’ ਕੈਪੀਟਲ ਤੇ ਟਰੈਵਲਰ ਲਿਖਦੇ ਸਮੇਂ ‘ਟੀ’ ਕੈਪੀਟਲ ਪਾਉਣੀ ਹੋਵੇਗੀ।

Comments


bottom of page