ਦੱਬੇ-ਕੁਚਲੇ ਲੋਕਾਂ ਦੀ ਮਸੀਹਾ-ਲੇਡੀ ਗੌਡਿਵਾ /
ਹਰਜੀਤ ਅਟਵਾਲ /
ਮਨੁੱਖੀ ਇਤਿਹਾਸ ਵਿੱਚ ਮਰਦ ਤਾਂ ਬਹੁਤ ਵਾਰ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਂਦੇ ਦਿਸਦੇ ਹਨ ਪਰ ਔਰਤਾਂ ਵੀ ਘੱਟ ਨਹੀਂ। ਮੌਕਾ ਮਿਲਦਿਆਂ ਹੀ ਕੋਈ ਔਰਤ ਮੈਦਾਨ ਵਿੱਚ ਉਤਰਦੀ ਹੈ ਤਾਂ ਉਹ ਅਜਿਹਾ ਇਤਿਹਾਸ ਰਚਦੀ ਹੈ ਕਿ ਉਸ ਦੀ ਗਾਥਾ ਪੀੜ੍ਹੀ ਦਰ ਪੀੜ੍ਹੀ ਚੇਤੇ ਰੱਖੀ ਜਾਂਦੀ ਹੈ, ਉਸ ਦੇ ਮੁਜੱਸਮੇ ਬਣਾਏ ਜਾਂਦੇ ਹਨ, ਮੇਲੇ ਲਗਦੇ ਹਨ, ਅਜਿਹੀ ਹੀ ਹੈ ਲੇਡੀ ਗੌਡਿਵਾ ਵੀ। ਲੇਡੀ ਗੌਡਵਾ ਦੱਬੇ-ਕੁਚਲੇ ਲੋਕਾਂ ਦੀ ਮਸੀਹਾ ਬਣ ਹੋ ਨਿਬੜੀ ਹੈ। ਜਿਵੇਂ ਫੂਲਨ ਦੇਵੀ ਨੂੰ ਸਾਡੇ ਫਿਊਡਰਲ ਸਮਾਜ ਦੇ ਲੋਕ ਪਾਣੀ ਭਰਨ ਲਈ ਨਗਨ ਅਵਸਥਾ ਵਿੱਚ ਤੁਰਨ ਲਈ ਮਜਬੂਰ ਕਰਦੇ ਹਨ, ਅਜਿਹੀ ਹੀ ਸਥਿਤੀ ਇੰਗਲਿਸ਼ ਫਿਊਡਰਲ ਸਮਾਜ ਦੇ ਚੌਧਰੀ ਲੇਡੀ ਗੌਡਿਵਾ ਲਈ ਪੈਦਾ ਕਰ ਦਿੰਦੇ ਹਨ। ਇਹ ਘਟਨਾ ਗਿਆਰਵੀਂ ਸਦੀ ਦੀ ਹੈ ਪਰ ਏਨੀ ਸ਼ਰਮਨਾਕ ਹੈ ਕਿ ਦੋ ਸਦੀਆਂ ਤੱਕ ਇਸ ਨੂੰ ਦਬਾਈ ਰੱਖਿਆ। ਜਦ ਇਹ ਕਹਾਣੀ ਸਾਹਮਣੇ ਆਈ ਵੀ ਤਾਂ ਇਸ ਦੇ ਸੱਚ ਨੂੰ ਗੰਧਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜੋ ਅੱਜ ਤੱਕ ਕੀਤੀਆਂ ਜਾ ਰਹੀਆਂ ਹਨ।
ਪੱਛਮੀ ਸਮਾਜ ਦੀ ਚਕਾਚੌਂਧ ਜੋ ਅੱਜ ਨਜ਼ਰ ਆ ਰਹੀ ਹੈ ਇਸ ਦੀ ਉਮਰ ਸਿਰਫ ਸੌ ਕੁ ਸਾਲ ਹੀ ਹੈ। ਇਸ ਤੋਂ ਪਹਿਲਾਂ ਪੱਛਮ ਵਿੱਚ ਵੀ ਔਰਤ ਦੀ ਸਥਿਤੀ ਕੋਈ ਵਧੀਆ ਨਹੀਂ ਸੀ। ਲੇਡੀ ਗੌਡਿਵਾ ਦੀ ਕਹਾਣੀ ਉਸ ਸਮੇਂ ਦੀ ਹੈ ਜਦ ਔਰਤ ਨੂੰ ਕਈ ਪਰਦਿਆਂ ਵਿੱਚ ਰੱਖਿਆ ਜਾਂਦਾ ਸੀ ਤੇ ਉਸ ਨੂੰ ਬਾਹਾਂ ਨੰਗੀਆਂ ਕਰਨ ਦੀ ਵੀ ਇਜਾਜ਼ਤ ਨਹੀਂ ਸੀ। ਇਤਿਹਾਸ ਵਿੱਚ ਆਉਂਦਾ ਹੈ ਕਿ ਲੇਡੀ ਗੌਡਿਵਾ ਆਪਣੇ ਵੇਲੇ ਇਕੋ ਇਕ ਔਰਤ ਹੋਈ ਹੈ ਜੋ ਏਨੀ ਜਾਇਦਾਦ ਦੀ ਮਾਲਕ ਹੋਵੇ। ਇਹ ਜਾਇਦਾਦ ਉਸ ਨੂੰ ਉਸ ਦੇ ਪਿਓ ਵਲੋਂ ਮਿਲੀ ਸੀ। ਸ਼ਾਇਦ ਉਹ ਪਹਿਲੀ ਇੰਗਲੈਂਡ ਦੀ ਔਰਤ ਸੀ ਜੋ ਏਨੀ ਜਾਇਦਾਦ ਦੀ ਮਾਲਕ ਬਣੀ ਹੋਵੇਗੀ ਪਰ ਫਿਰ ਵੀ ਮਰਦ-ਪ੍ਰਧਾਨ ਸਮਾਜ ਵਿੱਚ ਉਹ ਇਕ ਔਰਤ ਹੀ ਸੀ। ਉਸ ਦਾ ਜਾਇਦਾਦ ਦਾ ਮਾਲਕ ਹੋਣਾ ਜਾਂ ਉਸ ਦੇ ਹੱਥ ਵਿੱਚ ਤਾਕਤ ਹੋਣਾ ਬਹੁਤ ਸਾਰੇ ਲੋਕਾਂ ਦੇ ਸੀਨੇ ਦਾ ਨਸ਼ਤਰ ਸੀ। ਸੋ ਉਸ ਦੇ ਹੁਕਮ ਦੀ ਤਾਮੀਲ ਕਰਨ ਲਈ ਸ਼ਾਇਦ ਹੀ ਕੋਈ ਦਿਲੋਂ ਤਿਆਰ ਹੋਵੇ ਤੇ ਇਸ ਦੇ ਉਲਟ ਉਸ ਨੂੰ ਉਸ ਦੀ ‘ਅਸਲੀ’ ਜਗਾਹ ਦਿਖਾਉਣ ਲਈ ਹਰ ਕੋਈ ਤਤਪੱਰ ਹੋਵੇਗਾ।
ਗਿਆਰਵੀਂ ਸਦੀ ਵਿੱਚ ਕਵੈਂਟਰੀ ਸ਼ਹਿਰ ਉਪਰ ਲੀਓਫਰਿਕ ਨਾਂ ਦੇ ਬੰਦੇ ਦਾ ਰਾਜ ਹੁੰਦਾ ਸੀ। ਸਾਡੇ ਇਤਿਹਾਸ ਵਿੱਚ ਜਿਵੇਂ ਸੂਬੇਦਾਰ ਆਦਿ ਹੁੰਦੇ ਸਨ ਉਸੇ ਤਰਜ਼ ‘ਤੇ ਇੰਗਲਿਸ਼ ਸਮਾਜ ਵਿੱਚ ਕਾਊਂਟ, ਅਰਲ, ਲੌਰਡ ਆਦਿ ਹੁੰਦੇ ਆਏ ਹਨ। ਇਹ ਰਾਜਧਾਨੀ ਵਾਲੇ ਰਾਜੇ ਦੇ ਏਲਚੀਆਂ ਵਾਂਗ ਹੁੰਦੇ ਸਨ। ਲੀਓਫਰਿਕ ਨੇ ਸ਼ਹਿਰ ਦੇ ਲੋਕਾਂ ਉਪਰ ਬਹੁਤ ਜ਼ਿਆਦਾ ਟੈਕਸ ਲਾਏ ਹੋਏ ਸਨ। ਲੋਕ ਤ੍ਰਾਹ-ਤ੍ਰਾਹ ਕਰ ਰਹੇ ਸਨ। ਲੇਡੀ ਗੋਡਿਵਾ ਇਕ ਦਾਨਣ ਔਰਤ ਸੀ। ਉਹ ਕਵੈਂਟਰੀ ਤੇ ਆਲੇ ਦੁਆਲੇ ਦੇ ਚਰਚਾਂ ਤੇ ਹੋਰ ਸੰਸਥਾਵਾਂ ਨੂੰ ਦਾਨ ਕਰਦੀ ਰਹਿੰਦੀ ਸੀ। ਦਾਨ ਦੇਣ ਵਿੱਚ ਉਸ ਦਾ ਨਾਂ ਲੰਡਨ ਦੇ ਸੇਂਟ ਪਾਲ ਚਰਚ ਤੱਕ ਬੋਲਦਾ ਸੀ। ਕਵੈਂਟਰੀ ਸ਼ਹਿਰ ਦੇ ਲੋਕਾਂ ਵਿੱਚ ਲੇਡੀ ਗੋਡਿਵਾ ਬਹੁਤ ਹਰਮਨ-ਪਿਆਰੀ ਸੀ। ਇਤਫਾਕਨ ਲੇਡੀ ਗੋਡਿਵਾ ਕਾਊਂਟ ਲੀਓਫਰਿਕ ਦੀ ਪਤਨੀ ਵੀ ਸੀ। ਲੀਓਫਰਿਕ ਨਾਲ ਗੌਡਿਵਾ ਦਾ ਦੂਜਾ ਵਿਆਹ ਸੀ, ਉਸ ਦਾ ਪਹਿਲਾ ਪਤੀ ਮਰ ਚੁੱਕਾ ਸੀ। ਲੀਓਫਰਿਕ ਨੇ ਅਮੀਰ ਔਰਤ ਹੋਣ ਕਰਕੇ ਉਸ ਨਾਲ ਵਿਆਹ ਤਾਂ ਕਰਾ ਲਿਆ ਸੀ ਪਰ ਉਸ ਨੂੰ ਤੇ ਸ਼ਹਿਰ ਦੇ ਹੋਰ ਚੌਧਰੀਆਂ ਨੂੰ ਲੇਡੀ ਗੋਡਿਵਾ ਦੀ ਹਰਮਨ-ਪਿਆਰਤਾ ਪਸੰਦ ਨਹੀਂ ਸੀ। ਸ਼ਹਿਰ ਦੇ ਲੋਕ ਲੇਡੀ ਗੌਡਿਵਾ ਕੋਲ ਟੈਕਸਾਂ ਦੀ ਬਹੁਤਲਤਾ ਬਾਰੇ ਸ਼ਿਕਾਇਤ ਲੈ ਕੇ ਗਏ ਕਿ ਕਿਸੇ ਨਾ ਕਿਸੇ ਤਰ੍ਹਾਂ ਮੁਆਫ ਕੀਤੇ ਜਾਣ ਤਾਂ ਜੋ ਉਹਨਾਂ ਦਾ ਜੀਵਨ ਕੁਝ ਸੌਖਾ ਹੋ ਸਕੇ। ਲੋਕਾਂ ਦਾ ਉਸ ਕੋਲ ਸ਼ਿਕਾਇਤ ਲੈ ਕੇ ਜਾਣਾ ਲੀਓਫਰਿਕ ਸਮੇਤ ਹੋਰ ਵੀ ਬਹੁਤ ਸਾਰੇ ਲੋਕਾਂ ਨਿਹਾਇਤ ਨੂੰ ਬੁਰਾ ਲੱਗਾ। ਲੇਡੀ ਗੌਡਿਵਾ ਨੇ ਕਾਊਂਟ ਲੀਓਫਰਿਕ ਨੂੰ ਲੋਕਾਂ ਦੇ ਟੈਕਸ ਮੁਆਫ ਕਰਨ ਦੀ ਬੇਨਤੀ ਕੀਤੀ ਬਲਕਿ ਦਬਾਅ ਪਾਇਆ। ਕਾਊਂਟ ਲੀਓਫਰਿਕ ਆਪਣੀ ਅਮੀਰ ਤੇ ਲੋਕਾਂ ਦੇ ਮਨਾਂ ਵਿੱਚ ਖਾਸ ਥਾਂ ਰੱਖਣ ਵਾਲੀ ਪਤਨੀ ਨੂੰ ਇਕ ਦਮ ਜਵਾਬ ਵੀ ਨਹੀਂ ਸੀ ਦੇ ਸਕਦਾ। ਉਸ ਨੇ ਆਪਣੇ ਸਲਾਹਕਾਰਾਂ ਨਾਲ ਮੀਟਿੰਗ ਕਰਕੇ ਅਜਿਹਾ ਸਖਤ ਫੈਸਲਾ ਜਿਸ ਨੂੰ ਕੋਈ ਵੀ ਔਰਤ ਕਦੇ ਮੰਨ ਹੀ ਨਹੀਂ ਸੀ ਸਕਦੀ। ਉਸ ਨੇ ਕਿਹਾ ਕਿ ਲੋਕਾਂ ਦੇ ਟੈਕਸ ਸਿਰਫ ਇਕ ਸ਼ਰਤ ‘ਤੇ ਮੁਆਫ ਕੀਤੇ ਜਾ ਸਕਦੇ ਹਨ ਜੇ ਲੇਡੀ ਗੌਡਿਵਾ ਨਿਰਬਸਤਰ ਹੋ ਕੇ ਘੋੜੇ ‘ਤੇ ਬਹਿ ਕੇ ਕਵੈਂਟਰੀ ਸ਼ਹਿਰ ਦਾ ਚਕਰ ਲਾਏ। ਇਹ ਲੇਡੀ ਗੌਡਿਵਾ ਲਈ ਬੇਇਜ਼ਤੀ ਤੇ ਚਣੌਤੀ ਭਰਿਆ ਫੈਸਲਾ ਸੀ। ਉਸ ਵੇਲੇ ਜਦ ਇਕ ਔਰਤ ਬਾਂਹ ਵੀ ਨੰਗੀ ਨਹੀਂ ਸੀ ਰੱਖ ਸਕਦੀ, ਔਰਤ ਨੂੰ ਨਿਰਬਸਤਰ ਹੋਣ ਲਈ ਕਿਹਾ ਜਾਵੇ ਤੇ ਉਸੇ ਅਸਵਸਥਾ ਵਿੱਚ ਹੀ ਸ਼ਹਿਰ ਦਾ ਚੱਕਰ ਲਾਉਣ ਲਈ ਵੀ ਕਿਹਾ ਜਾਵੇ, ਇਸ ਤੋਂ ਘਿਨਾਉਣੀ ਸਥਿਤੀ ਕੀ ਹੋ ਸਕਦੀ ਹੈ? ਕਾਫੀ ਕੁਝ ਸੋਚ ਕੇ ਲੇਡੀ ਗੌਡਿਵਾ ਨੇ ਲੋਕਾਂ ਦੀ ਖਾਤਿਰ ਇਹ ਸ਼ਰਤ ਮੰਨ ਲਈ। ਅਲਫ ਨਗਨ ਹਾਲਤ ਵਿੱਚ ਪੂਰੇ ਸ਼ਹਿਰ ਦਾ ਚੱਕਰ ਲਾਇਆ ਤੇ ਇੰਜ ਕਰਕੇ ਲੋਕਾਂ ਦੇ ਸਾਰੇ ਟੈਕਸ ਮੁਆਫ ਕਰਾਏ। ਇਥੇ ਇਕ ਗੱਲ ਹੋਰ ਸਾਫ ਹੋ ਜਾਵੇ ਕਿ ਲੇਡੀ ਗੌਡਿਵਾ ਨੇ ਵਿਧਵਾ ਹੋਣ ਤੋਂ ਬਾਅਦ ਦੂਜਾ ਵਿਆਹ ਕਰਾਇਆ ਸੀ ਤੇ ਨੌਂ ਬਚਿਆਂ ਦੀ ਮਾਂ ਸੀ। ਉਸ ਦੇ ਇਕ ਪੁੱਤਰ ਦਾ ਨਾਂ ਐਲਫਗਰ ਸੀ। ਇਹ ਜੋ ਉਸ ਦੀ ਗੱਲ ਕਰਦਿਆਂ ਨਗਨ ਅਵਸਥਾ ਵਿੱਚ ਇਕ ਨੌਜਵਾਨ ਔਰਤ ਦੀ ਤਸਵੀਰ ਦਿਖਾਈ ਜਾਂਦੀ ਹੈ ਮੇਰੇ ਮੁਤਾਬਕ ਇਹ ਗਲਤ ਹੈ। ਇਸ ਘਟਨਾ ਵੇਲੇ ਲੇਡੀ ਗੌਡਿਵਾ ਜ਼ਰੂਰ ਢਲ਼ੀ ਉਮਰ ਵਿੱਚ ਹੋਵੇਗੀ। ਇਸ ਘਟਨਾ ਵੇਲੇ ਲੇਡੀ ਗੌਡਿਵਾ ਆਪਣੀ ਪ੍ਰਸਿੱਧੀ ਦੇ ਅਰੂਜ਼ ‘ਤੇ ਸੀ ਜੋ ਇਕ ਉਮਰ ਹੰਢਾਉਣ ਬਾਅਦ ਹੀ ਮਿਲਦਾ ਹੈ।
ਇਸ ਕਹਾਣੀ ਦਾ ਅਗਲਾ ਹਿੱਸਾ ਇਹ ਹੈ ਕਿ ਜਦ ਲੇਡੀ ਗੌਡਿਵਾ ਨੇ ਆਮ ਲੋਕਾਂ ਦੀ ਖਾਤਿਰ ਇਸ ਚਣੌਤੀ ਨੂੰ ਮੰਨ ਲਿਆ ਤੇ ਐਲਾਨ ਕਰ ਦਿੱਤਾ ਕਿ ਉਹ ਨਗਨ ਹਾਲਤ ਵਿੱਚ ਕਵੈਂਟਰੀ ਦੀਆਂ ਗਲੀਆਂ ਦਾ ਗੇੜਾ ਲਾਵੇਗੀ। ਉਸ ਦਾ ਫੈਸਲਾ ਸੁਣ ਕੇ ਸ਼ਹਿਰ ਦੇ ਹੁਕਮਰਾਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਏਨੀ ਦਲੇਰੀ ਕਰ ਸਕੇਗੀ। ਫਿਰ ਵੀ ਆਖਿਰ ਉਹ ਉਹਨਾਂ ਦੀ ਕਲਾਸ ਦੀ ਔਰਤ ਸੀ, ਇਸ ਵਿੱਚ ਉਹਨਾਂ ਦੀ ਹੀ ਬੇਇਜ਼ਤੀ ਸੀ। ਉਹਨਾਂ ਵਲੋਂ ਸ਼ਹਿਰ ਵਿੱਚ ਐਲਾਨ ਕਰਾ ਦਿੱਤਾ ਗਿਆ ਕਿ ਜਿਸ ਦਿਨ ਲੇਡੀ ਗੌਡਿਵਾ ਘੋੜੇ ‘ਤੇ ਬਹਿ ਕੇ ਸ਼ਹਿਰ ਦਾ ਚੱਕਰ ਲਾਵੇ ਤਾਂ ਸਾਰੇ ਲੋਕ ਬੂਹੇ-ਬਾਰੀਆਂ ਬੰਦ ਕਰਕੇ ਘਰਾਂ ਦੇ ਅੰਦਰ ਵੜ ਜਾਣ। ਕੋਈ ਵੀ ਲੇਡੀ ਗੌਡਿਵਾ ਨੂੰ ਉਸ ਹਾਲਤ ਵਿੱਚ ਨਾ ਦੇਖੇ। ਧਾਰਮਿਕ ਨੇਤਾਵਾਂ ਨੇ ਐਲਾਨ ਵਿੱਚ ਵਾਧਾ ਕਰਦਿਆਂ ਕਿਹਾ ਕਿ ਜੋ ਵੀ ਲੇਡੀ ਗੌਡਿਵਾ ਨੂੰ ਉਸ ਹਾਲਤ ਵਿੱਚ ਦੇਖਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਰੱਬ ਦੀ ਮਾਰ ਪਵੇਗੀ। ਇੰਜ ਹੀ ਹੋਇਆ। ਜਿਸ ਦਿਨ ਲੇਡੀ ਗੌਡਿਵਾ ਘੋੜੇ ‘ਤੇ ਬਹਿ ਕੇ ਸ਼ਹਿਰ ਦੀਆਂ ਗਲੀਆਂ ਵਿੱਚ ਦੀ ਲੰਘੀ, ਉਸ ਦਿਨ ਸਾਰੀ ਰਿਆਇਆ ਦੁਬਕ ਕੇ ਘਰਾਂ ਦੇ ਅੰਦਰ ਬੈਠੀ ਰਹੀ ਤੇ ਕਿਸੇ ਨੇ ਵੀ ਲੇਡੀ ਗੌਡਿਵਾ ਨੂੰ ਨਾ ਦੇਖਿਆ, ਪਰ ਇਸ ਸਭ ਕਾਸੇ ਵਿੱਚ ਇਕ ਅਪਵਾਦ ਹੋ ਗਿਆ। ਟੌਮ ਨਾਂ ਦੇ ਇਕ ਬੰਦੇ ਨੇ ਉਤੇਜਤ ਹੁੰਦਿਆਂ ਥੋੜੀ ਜਿਹੀ ਬਾਰੀ ਖੋਹਲ ਕੇ ਲੇਡੀ ਗੌਡਿਵਾ ਨੂੰ ਦੇਖ ਲਿਆ। ਪਰ ਉਹ ਬੰਦਾ ਥਾਵੇਂ ਹੀ ਅੰਨਾ ਹੋ ਗਿਆ ਤੇ ਫਿਰ ਮਰ ਗਿਆ। ਸਮੇਂ ਨਾਲ ਉਹ ਬੰਦਾ ਵੀ ਇਸ ਗਾਥਾ ਦਾ ਇਕ ਅਹਿਮ ਕਿਰਦਾਰ ਬਣ ਗਿਆ। ਅੱਜ ਉਸ ਨੂੰ ਪੀਪਿੰਗ-ਟੌਮ ਨਾਂ ਨਾਲ ਚੇਤੇ ਕੀਤਾ ਜਾਂਦਾ ਹੈ। ਬਲਕਿ ‘ਪੀਪਿੰਗ-ਟੌਮ’ ਇਕ ਟਰਮ ਤੇ ਫਰੇਜ਼ ਬਣ ਗਈ ਹੈ। ਜੋ ਬੰਦਾ ਕਿਸੇ ਨੂੰ ਲੁਕ ਕੇ ਦੇਖੇ ਉਸ ਨੂੰ ਪੀਪਿੰਗ-ਟੌਮ ਕਹਿੰਦੇ ਹਨ। ਪੀਪਿੰਗ ਭਾਵ ਲੁਕ ਕੇ ਦੇਖਣਾ।
ਗਿਆਰਵੀਂ ਸਦੀ ਵਿੱਚ ਇਹ ਘਟਨਾ ਬਹੁਤ ਵੱਡੀ ਸੀ। ਇਕ ਔਰਤ ਵਲੋਂ ਮਰਦਾਂ ਦੇ ਮੂੰਹ ‘ਤੇ ਚਪੇੜ ਸੀ। ਅੱਜ ਅਜਿਹੀ ਘਟਨਾ ਸ਼ਾਇਦ ਬਹੁਤੀ ਵੱਡੀ ਨਾ ਲੱਗੇ ਪਰ ਉਸ ਵੇਲੇ ਇਹ ਏਨੀ ਅਹਿਮੀਅਤ ਵਾਲੀ ਸੀ ਕਿ ਇਸ ਨੂੰ ਛੁਪਾ ਲਿਆ ਗਿਆ ਸੀ। ਕਈ ਸਦੀਆਂ ਤੱਕ ਇਹ ਕਹਾਣੀ ਦਬਾਈ ਰੱਖੀ। ਤੇਰਵੀਂ ਸਦੀ ਵਿੱਚ ਜਾ ਕੇ ਇਹ ਗਾਥਾ ਬਾਹਰ ਆਉਣ ਲੱਗੀ ਤੇ ਲੋਕਾਂ ਨੇ ਇਸ ਦਾ ਇਤਿਹਾਸ ਫਰੋਲਣ ਲੱਗੇ। ਫਿਰ ਇਕ ਹੋਰ ਸਾਜ਼ਿਸ਼ ਹੋਣੀ ਸ਼ੁਰੂ ਹੋ ਗਈ ਕਿ ਇਸ ਕਹਾਣੀ ਨੂੰ ਮਨਫੀ ਕਰਨ ਲਈ ਜਾਂ ਸੱਚ ਦਾ ਘਾਲ਼ਾ-ਮਾਲ਼ ਕਰਨ ਲਈ ਇਸ ਦੇ ਬਰਾਬਰ ਹੋਰ ਕਹਾਣੀਆਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਇਸ ਦੇ ਬਾਵਜੂਦ ਅੱਜ ਲੇਡੀ ਗੌਡਿਵਾ ਇਤਿਹਾਸ ਦਾ ਇਕ ਅਹਿਮ ਪਾਤਰ ਹੈ। ਉਸ ਦੇ ਬੁੱਤ ਬਣੇ ਹੋਏ ਹਨ, ਦੁਨੀਆਂ ਭਰ ਦੇ ਮਿਊਜ਼ੀਅਮਜ਼ ਵਿੱਚ ਉਸ ਦੀਆਂ ਤਸਵੀਰਾਂ ਮਿਲਦੀਆਂ ਹਨ। ਇਸ ਕਹਾਣੀ ਉਪਰ ਕਿੰਨੀਆਂ ਹੀ ਫਿਲਮਾਂ ਤੇ ਡਾਕੂਮੈਂਟਰੀਜ਼ ਬਣੀਆਂ ਹਨ, ਕਿਤਾਬਾਂ ਲਿਖੀਆਂ ਗਈਆਂ ਹਨ।
ਜੇ ਲੇਡੀ ਗੌਡਿਵਾ ਦੇ ਇਤਿਹਾਸ ਵੱਲ ਜਾਈਏ ਤਾਂ ਕੁਝ ਵੀ ਸਿੱਧਾ ਲਿਖਿਆ ਨਹੀਂ ਮਿਲਦਾ, ਇਸ ਨੂੰ ਏਧਰੋਂ ਓਧਰੋਂ ਇਕੱਠਾ ਕਰਨਾ ਪੈਂਦਾ ਹੈ। ਉਸ ਦੇ ਪਤੀ ਲੀਓਫਰਿਕ ਦਾ ਜ਼ਿਕਰ ਕਈ ਥਾਂਵੀਂ ਆਉਂਦਾ ਹੈ ਜਿਸ ਦੀ ਮੌਤ 1057 ਵਿੱਚ ਹੋਈ ਮੰਨੀ ਜਾਂਦੀ ਹੈ। ਲੇਡੀ ਗੌਡਿਵਾ ਦੀ ਮੌਤ ਦੇ ਸਹੀ ਸਾਲ ਦਾ ਪਤਾ ਨਹੀਂ ਚਲਦਾ। ਇਕ ਅੰਦਾਜ਼ੇ ਮੁਤਾਬਕ ਉਸ ਦੀ ਮੌਤ 1066 ਤੋਂ ਲੈ ਕੇ 1086 ਵਿਚਕਾਰ ਕਿਸੇ ਵੇਲੇ ਹੋਈ। ਇਹ ਉਹ ਵੇਲਾ ਸੀ ਜਦ ਨੌਰਮਨਾਂ ਨੇ ਇੰਗਲੈਂਡ ਉਪਰ ਹਮਲਾ ਕਰਕੇ ਆਪਣੇ ਕਾਬੂ ਵਿੱਚ ਕਰ ਲਿਆ ਸੀ। ਹਿੰਦੁਸਤਾਨ ਵਾਂਗ ਇੰਗਲੈਂਡ ਉਪਰ ਵੀ ਕਈ ਦੇਸ਼ਾਂ ਨੇ ਰਾਜ ਕੀਤਾ ਤੇ ਅਨੇਕਾਂ ਹਮਲੇ ਹੋਏ। ਕਦੇ ਰੋਮਨ ਆ ਗਏ ਤੇ ਕਏ ਵਾਈਕਿੰਗ ਤੇ ਕਦੇ ਨੌਰਮਨ। ਲੇਡੀ ਗੌਡਿਵਾ ਆਪਣੇ ਪਤੀ ਨੂੰ ਨਾਲ ਰਖਦੀ ਹੋਈ ਚਰਚਾਂ ਤੇ ਹੋਰ ਧਾਰਮਿਕ ਜਗਾਵਾਂ ਨੂੰ ਬਹੁਤ ਦਾਨ ਕਰਿਆ ਕਰਦੀ ਸੀ। 1043 ਵਿੱਚ ਇਹਨਾਂ ਵਲੋਂ ਕਵੈਂਟਰੀ ਵਿੱਚ ਚਰਚ ਬਣਾਏ ਜਾਣ ਦਾ ਜ਼ਿਕਰ ਵੀ ਆਉਂਦਾ ਹੈ। ਇਹ ਸੋਨੇ, ਚਾਂਦੀ ਦੇ ਸਿੱਕੇ ਤੇ ਹੋਰ ਧਾਂਤਾ ਦੀਆਂ ਵਸਤਾਂ ਵੀ ਦਾਨ ਕਰਦੇ ਸਨ। ਇਕ ਥਾਂ ਦਾਨ ਦੇਣ ਤੋਂ ਬਾਅਦ ਲੇਡੀ ਗੋਡਿਵਾ ਦੇ ਦਸਤਖਤ ਵੀ ਮਿਲਦੇ ਹਨ ਜਿਹਨਾਂ ਵਿੱਚ ਉਸ ਵਲੋਂ ਤੋਹਫਾ ਦੇਣ ਸਮੇਂ ਅਜਿਹੀ ਭਾਵਨਾ ਪ੍ਰਗਟ ਹੁੰਦੀ ਹੈ, ‘ਮੈਂ, ਕਾਊਂਟੈਸ ਗੌਡਿਵਾ, ਕਾਫੀ ਦੇਰ ਤੋਂ ਇਹ ਤਮੰਨਾ ਰਖਦੀ ਹਾਂ…...’। ਉਸ ਦੇ ਲਿਖੇ ਇਹ ਸ਼ਬਦ ਅਜਿਹੇ ਚਾਰਟਰ ਵਿੱਚ ਅੰਕਿਤ ਹਨ ਜੋ ਕਾਫੀ ਸਾਰੇ ਇਤਿਹਾਸ ਦਾ ਸੋਮਾ ਬਣਦਾ ਹੈ। ਇਕ ਥਾਂ ਹੋਰ ਅੰਦਰਾਜ਼ ਮਿਲਦਾ ਹੈ ਜਿਸ ਮੁਤਾਬਕ ਇੰਗਲੈਂਡ ਵਿੱਚ ਲੇਡੀ ਗੋਡਿਵਾ ਇਕੱਲੀ ਅਜਿਹੀ ਔਰਤ ਸੀ ਜੋ ਏਨੀ ਜਾਇਦਾਦ ਦੀ ਮਾਲਕ ਸੀ।
ਗੌਡਿਵਾ ਦੇ ਪੁਰਾਣੀ ਅੰਗਰੇਜ਼ੀ ਵਿੱਚ ਸਪੈਲਿੰਗ ਕੁਝ ਵੱਖਰੇ ਹੋਣਗੇ ਪਰ ਇਸ ਦੇ ਮਾਹਿਨੇ ਇਕੋ ਹਨ, ਗੌਡਿਵਾ, ਰੱਬ ਦਾ ਤੋਹਫਾ। ਉਹਨਾਂ ਦਿਨਾਂ ਵਿੱਚ ਲਿਖਣ ਦੀ ਭਾਸ਼ਾ ਉਪਰ ਲੈਟਿਨ ਦਾ ਦਬਦਬਾ ਸੀ ਇਸ ਲਈ ਇਕ-ਦੋ ਅੱਖਰਾਂ ਦਾ ਏਧਰ ਓਧਰ ਹੋਣਾ ਕੁਦਰਤੀ ਹੈ। ਵੈਸੇ ਉਹਨਾਂ ਦਿਨਾਂ ਇਹ ਨਾਮ ਬਹੁਤ ਆਮ ਸੀ। ਉਂਜ ਗੌਡਿਵਾ ਦੇ ਜਨਮ ਤੇ ਮਰਨ ਦੋਨਾਂ ਬਾਰੇ ਖਾਸ ਤਰੀਕਾਂ ਦਾ ਨਹੀਂ ਪਤਾ ਤੇ ਨਾ ਹੀ ਵਿਆਹ ਦੇ ਵਰ੍ਹੇ ਬਾਰੇ ਕੁਝ ਪਤਾ ਹੈ ਤੇ ਨਾ ਹੀ ਉਪਰੋਕਤ ਘਟਨਾ ਦੇ ਸਾਲ ਤਰੀਕ ਬਾਰੇ ਬਹੁਤਾ ਸਪੱਸ਼ਟ ਲਿਖਿਆ ਮਿਲਦਾ ਹੈ।
ਮੌਤ ਤੋਂ ਬਾਅਦ ਲੇਡੀ ਗੌਡਿਵਾ ਨੂੰ ਕਿਥੇ ਦਫਨਾਇਆ ਗਿਆ ਸੀ ਇਸ ਬਾਰੇ ਵੀ ਕੁਝ ਵਿਵਾਦ ਹਨ। ਕਵੈਂਟਰੀ ਦੇ ਨੇੜਲੇ ਸ਼ਹਿਰ ਈਵਸ਼ੈਮ ਦੇ ਲੋਕ ਕਹਿੰਦੇ ਹਨ ਕਿ ਉਸ ਨੂੰ ਈਵਸ਼ੈਮ ਵਿੱਚ ਦਫਨਾਇਆ ਗਿਆ ਸੀ। ਈਵਸ਼ੈਮ ਦੀ ਅਖਬਾਰ ‘ਈਵਸ਼ੈਮ ਕਰੌਨਿਕ’ ਅਨੁਸਾਰ ਉਸ ਨੂੰ ਉਸ ਸ਼ਹਿਰ ਦੇ ਚਰਚ ਆਫ ਦਾ ਬਲੈੱਸਡ ਟਰਿੰਟੀ ਵਿੱਚ ਦਫਨਾਇਆ ਗਿਆ ਸੀ ਪਰ ਉਹ ਚਰਚ ਹੁਣ ਕਾਇਮ ਨਹੀਂ ਹੈ। ‘ਔਕਸਫੌਰਡ ਆਫ ਨੇਸ਼ਨ ਬਾਇਓਗਰਾਫੀ’ ਮੁਤਾਬਕ ਉਸ ਨੂੰ ਕਵੈਂਟਰੀ ਵਿੱਚ ਉਸ ਦੇ ਪਤੀ ਦੇ ਕੋਲ ਹੀ ਦਫਨਾਇਆ ਗਿਆ ਸੀ।
ਗਿਆਰਵੀਂ ਸਦੀ ਵਿੱਚ ਵਾਪਰੀ ਇਹ ਘਟਨਾ ਜਦ ਤੇਰਵੀਂ ਸਦੀ ਵਿੱਚ ਲੋਕਾਂ ਦੇ ਸਾਹਮਣੇ ਆਉਣ ਲਗਦੀ ਹੈ ਤਾਂ ਜਿਵੇਂ ਕਿ ਹੁੰਦਾ ਹੀ ਹੈ, ਅਜਿਹੀ ਕਹਾਣੀ ਨੂੰ ਉਲਝਾਉਣ ਲਈ ਬਰਾਬਰ ਦੀਆਂ ਕਈ ਕਹਾਣੀਆਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ, ਇਸ ਨਾਲ ਵੀ ਇਵੇਂ ਹੀ ਹੋਇਆ। ਇਕੋ ਕਹਾਣੀ ਨੂੰ ਲੈ ਕੇ ਕਈ ਧਾਰਣਾਵਾਂ ਘੜ ਲਈਆਂ ਗਈਆਂ। ਇਕ ਧਾਰਣਾ ਮੁਤਾਬਕ ਇਹ ਘਟਨਾ ਵਾਪਰੀ ਹੀ ਨਹੀਂ, ਕਿਉਂਕਿ ਗੋਡਿਵਾ ਆਪਣੇ ਸਮੇਂ ਬਹੁਤ ਹਰਮਨਪਿਆਰੀ ਹਸਤੀ ਸੀ ਇਸ ਲਈ ਇਹ ਕਹਾਣੀ ਉਸ ਦੇ ਵਿਅਕਤੀਤੱਵ ਨੂੰ ਉਭਾਰਨ ਲਈ ਜੋੜ ਲਈ ਗਈ ਹੈ। ਕੁਝ ਇਤਿਹਾਸਕਾਰ ਮੰਨਦੇ ਹਨ ਕਿ ਲੇਡੀ ਗੌਡਿਵਾ ਇੰਜ ਘੋੜੇ ‘ਤੇ ਨਿਕਲੀ ਸੀ ਪਰ ਇਹ ਕੋਈ ਟੈਕਸ ਮੁਆਫ ਕਰਾਉਣ ਲਈ ਨਹੀਂ ਸਗੋਂ ਉਸ ਨੇ ਇੰਜ ਜਣਨ-ਸੰਸਕਾਰਾਂ ਦਾ ਜਸ਼ਨ ਮਨਾਉਣ ਲਈ ਕੀਤਾ ਸੀ। ਇਕ ਹੋਰ ਮਿੱਥ ਮੁਤਾਬਕ ਗੌਡਿਵਾ ਬਹਾਰ ਦੇ ਮੌਸਮ ਦੇ ਜਸ਼ਨ ਵਿੱਚ ਇੰਜ ਸ਼ਹਿਰ ਵਿੱਚ ਆਈ ਸੀ। ਇਕ ਹੋਰ ਕਹਾਣੀ ਮੁਤਾਬਕ ਗੌਡਿਵਾ ਮਾਰਕਿਟ ਦੇ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਹੀ ਘੋੜੇ ‘ਤੇ ਚੜ੍ਹ ਕੇ ਗਈ ਸੀ। ਮਾਰਕਿਟ ਦੇ ਦੂਜੇ ਪਾਸੇ ਲੋਕ ਇਕੱਠ ਹੋਣੇ ਸਨ ਪਰ ਦੋ ਨਾਈਟਸ (ਅਮੀਰ-ਲੋਕ) ਹੀ ਆਏ। ਇਕ ਹੋਰ ਕਹਾਣੀ ਮੁਤਾਬਕ ਲੀਓਫਰਿਕ, ਗੌਡਿਵਾ ਦੇ ਪਤਨੀ ਨੇ ਟੈਕਸ ਪਹਿਲਾਂ ਹੀ ਮੁਆਫ ਕਰ ਦਿੱਤੇ ਸਨ ਪਰ ਘੋੜਾ-ਟੈਕਸ ਮੁਆਫ ਨਹੀਂ ਸੀ ਕੀਤਾ ਤੇ ਗੌਡਿਵਾ ਨੇ ਇਸ ਘੋੜਾ-ਟੈਕਸ ਨੂੰ ਮੁਆਫ ਕਰਾਉਣ ਲਈ ਹੀ ਇਵੇਂ ਕੀਤਾ ਸੀ। ਸਤਾਰਵੀਂ ਸਦੀ ਵਿੱਚ ਲਿਖਿਆ ਇਕ ਗੀਤ ਮਿਲਦਾ ਹੈ ਜਿਸ ਵਿੱਚ ਗੌਡਿਵਾ ਦੇ ਨਿਰਬਸਤਰ ਹੋਕੇ ਸ਼ਹਿਰ ਵਿੱਚ ਨਿਕਲਣ ਦਾ ਜ਼ਿਕਰ ਹੈ ਜਿਸ ਦਾ ਕਾਰਨ ਘੋੜਾ-ਟੈਕਸ ਦੱਸਿਆ ਗਿਆ ਹੈ ਤੇ ਸ਼ਹਿਰ ਦੇ ਅਧਿਕਾਰੀਆਂ ਵਲੋਂ ਸ਼ਹਿਰ ਨੂੰ ਬੰਦ ਰੱਖਣ ਦੀਆਂ ਹਿਦਾਇਤਾ ਦਾ ਜ਼ਿਕਰ ਵੀ ਹੈ। ਕੁਝ ਵੀ ਹੋਵੇ ਲੇਡੀ ਗੌਡਿਵਾ ਨੂੰ ਕਦੇ ਵੀ ਘਟੀਆ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਜਿਵੇਂ ਪਹਿਲਾਂ ਵੀ ਮੈਂ ਕਿਹਾ ਕਿ ਇਹ ਉਹ ਵੇਲਾ ਸੀ ਜਦ ਔਰਤਾਂ ਦਾ ਬਾਹਾਂ ਨੰਗੀਆਂ ਰੱਖਣ ਨੂੰ ਵੀ ਬੁਰਾ ਸਮਝਿਆ ਜਾਂਦਾ ਸੀ, ਇਹੋ ਤਰਕ ਦਿੰਦੇ ਕੁਝ ਇਤਿਹਾਸਕਾਰ ਇਸ ਘਟਨਾ ਦਾ ਨਿਖੇਧ ਕਰਦੇ ਹਨ ਕਿ ਉਸ ਵੇਲੇ ਏਡੇ ਵੱਡੇ ਘਰ ਦੀ ਔਰਤ ਦਾ ਇੰਜ ਕਰਨਾ ਕਿਵੇਂ ਸੰਭਵ ਹੋ ਸਕਦਾ ਹੈ। ਵੈਸੇ ਉਹਨਾਂ ਸਦੀਆਂ ਦੀਆਂ ਇਹਨਾਂ ਸ਼ਹਿਰਾਂ ਦੀਆਂ ਕਰੌਨਿਕ ਅਖ਼ਬਾਰਾਂ ਗੌਡਿਵਾ ਨੂੰ ਸਦਾ ਇਕ ਧਾਰਮਿਕ ਤੇ ਇਜ਼ਤਦਾਰ ਔਰਤ ਹੀ ਚਿਤਰਦੀਆਂ ਹਨ।
ਲੇਡੀ ਗੌਡਿਵਾ ਤਾਂ ਇਤਿਹਾਸਕ ਕਿਰਦਾਰ ਹੈ ਹੀ, ਉਸ ਦੇ ਨਾਲ-ਨਾਲ ਪੀਪਿੰਗ ਟੌਮ ਵੀ ਘਟ ਮਸ਼ਹੂਰ ਨਹੀਂ ਹੈ। ਉਸ ਦੇ ਵੀ ਬੁੱਤ ਬਣੇ ਹਨ। ਜਿਥੇ ਗੌਡਿਵਾ ਦਾ ਜ਼ਿਕਰ ਹੁੰਦਾ ਹੈ ਪੀਪਿੰਗ ਟੌਮ ਦਾ ਵੀ ਹੁੰਦਾ ਹੈ। ਕੇਂਦਰੀ ਕਵੈਂਟਰੀ ਵਿੱਚ ਲੇਡੀ ਗੌਡਿਵਾ ਦਾ ਬੁੱਤ ਹਰ ਘੰਟੇ ਬਾਅਦ ਨਿਕਲਦਾ ਹੈ ਤੇ ਉਸ ਨੂੰ ਪੀਪਿੰਗ ਟੌਮ ਦੇਖ ਰਿਹਾ ਹੁੰਦਾ ਹੈ। ਪੀਪਿੰਗ ਟੌਮ ਬਾਰੇ ਵੀ ਕਈ ਵਿਵਾਦਕ ਕਹਾਣੀਆਂ ਪ੍ਰਚਲਤ ਹਨ। ਟੌਮ ਇਕ ਦਰਜ਼ੀ ਸੀ ਤੇ ਦਰਜ਼ੀ ਕੁਮਿਨਟੀ ਅੱਜ ਵੀ ਪੀਪਿੰਗ ਟੌਮ ਨਾਲ ਨੇੜਤਾ ਦਰਸਾਉਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਟੌਮ ਕਿਸੇ ਅਮੀਰ ਦਾ ਜਸੂਸ ਸੀ ਇਸ ਲਈ ਉਸ ਨੇ ਲੇਡੀ ਗੌਡਿਵਾ ਨੂੰ ਦੇਖ ਲਿਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਟੌਮ ਨੂੰ ਕੁਝ ਨਹੀਂ ਸੀ ਹੋਇਆ, ਭਾਵ ਉਹ ਲੇਡੀ ਗੌਡਿਵਾ ਨੂੰ ਦੇਖ ਕੇ ਅੰਨਾ ਨਹੀਂ ਸੀ ਹੋਇਆ। ਇਕ ਇਹ ਵੀ ਧਾਰਣਾ ਹੈ ਕਿ ਲੇਡੀ ਗੌਡਿਵਾ ਨਗਨ ਨਹੀਂ ਸੀ, ਉਸ ਨੇ ਸਕਿਨ-ਕਲਰ ਭੀੜੇ ਕਪੜੇ ਪਹਿਨੇ ਹੋਏ ਸਨ।
ਕੁਝ ਵੀ ਹੋਵੇ, ਲੇਡੀ ਗੌਡਿਵਾ ਇਕ ਲੀਜੈਂਡ ਹੈ ਜੋ ਔਰਤ ਦੇ ਹੌਸਲੇ ਨਾਲ ਜੁੜੇ ਹੋਏ ਬਹੁਤ ਸਾਰੇ ਪਹਿਲੂਆਂ ਦੀ ਗਾਥਾ ਪਾਉਂਦਾ ਹੈ ਤੇ ਜਿਸ ਨੂੰ ਕਵੈਂਟਰੀ ਸ਼ਹਿਰ ਨੇ ਆਪਣੇ ਹੀ ਤਰੀਕੇ ਨਾਲ ਜਿਉਂਦੇ ਰੱਖਿਆ ਹੋਇਆ ਹੈ। ਕਵੈਂਟਰੀ ਵਿੱਚ ਹੀ ਨਹੀਂ ਉਸ ਦੇ ਮੁਜੱਸਮੇ ਦੁਨੀਆ ਦੇ ਕਈ ਸ਼ਹਿਰਾਂ ਵਿੱਚ ਲੱਗੇ ਮਿਲਦੇ ਹਨ।
ਜੇ ਕਦੇ ਕੇਂਦਰੀ-ਕਵੈਂਟਰੀ ਜਾਣਾ ਹੋਵੇ ਤਾਂ ਇਥੋਂ ਦਾ ਗੌਡਿਵਾ ਕਲੌਕ ਦੇਖਣਾ ਨਾ ਭੁੱਲਣਾ ਜਿਥੇ ਹਰ ਘੰਟਾ ਵੱਜਣ ਨਾਲ ਗੌਡਿਵਾ ਨਿਕਲਦੀ ਹੈ ਤੇ ਪੀਪਿੰਗ ਟੌਮ ਉਸ ਨੂੰ ਦੇਖਦਾ ਹੈ।
Comentários