ਗ਼ਜ਼ਲ / ਸ਼ਮਸ਼ੇਰ ਮੋਹੀ
ਕੋਸ ਰਿਹਾ ਸੀ ਜਦ ਤੂੰ ਉਸ ਨੂੰ ਤੇ ਸੀ ਹੌਕੇ ਭਰਦਾ ਤੈਥੋਂ ਵੱਧ ਪਿਆਸੇ ਥਲ 'ਤੇ ਸੀ ਉਹ ਬੱਦਲ ਵਰ੍ਹਦਾ
ਤੂੰ ਕਹਿੰਦਾ ਸੈਂ ਮਰ ਜਾਵਣ ਨੂੰ ਸਿਰ ਮੱਥੇ ਗੱਲ ਤੇਰੀ ਜਿਉਣ ਤੋਂ ਮੈਨੂੰ ਵਿਹਲ ਨਹੀਂ ਸੀ ਕਿਹੜੇ ਵੇਲੇ ਮਰਦਾ
ਉਸ ਦਿਨ ਤੋਂ ਮੈਨੂੰ ਆਪਣਾ ਘਰ ਕਾਅਬਾ ਲੱਗਣ ਲੱਗੈ ਪੁੱਛਿਆ ਹੈ ਜਿਸ ਦਿਨ ਦਾ ਉਸਨੇ ਰਸਤਾ ਮੇਰੇ ਘਰ ਦਾ
ਮੇਰੇ ਨਾਲ਼ੋਂ ਤੇਰਾ ਕਾਰਜ ਨਿਸ਼ਚੇ ਹੀ ਔਖਾ ਹੈ ਉਸ ਤੋਂ ਵੱਧ ਢਾਹੁੰਨਾ ਏਂ ਮੈਨੂੰ ਜਿੰਨਾ ਹਾਂ ਉੱਸਰਦਾ
ਤੈਨੂੰ ਤਾਂ ਦਿਸਦੇ ਵਰਤਾਰੇ ਵੀ ਪੂਰੇ ਨਈਂ ਦਿਸਦੇ ਤੂੰ ਕੀ ਜਾਣੇਂ ਸ਼ਾਇਰ ਮਨ ਵਿਚ ਕੀ ਕੁਝ ਹੈ ਵਾਪਰਦਾ
Comments