ਬਰਤਾਨੀਆ ਵਿੱਚ ਪਹਿਲਾ ਪਰਵਾਸੀ ਭਾਰਤੀ /
ਹਰਜੀਤ ਅਟਵਾਲ /
ਸ਼ੇਖ ਦੀਨ ਮੁਹੰਮਦ ਪਹਿਲਾ ਪਰਵਾਸੀ-ਭਾਰਤੀ ਹੈ ਜੋ ਬਰਤਾਨੀਆ ਵਿੱਚ ਅਠਾਰਵੀਂ ਸਦੀ ਵਿੱਚ ਆਉਂਦਾ ਹੈ, ਸੈਟਲ ਹੁੰਦਾ ਹੈ, ਆਪਣਾ ਕਾਰੋਬਾਰ ਸਥਾਪਤ ਕਰਦਾ ਹੈ, ਕਈ ਕਿਤਾਬਾਂ ਦਾ ਲੇਖਕ ਬਣਦਾ ਹੈ ਤੇ ਇਤਿਹਾਸ ਵਿੱਚ ਆਪਣਾ ਨਾਂ ਅੰਕਿਤ ਕਰਵਾਉਂਦਾ ਹੈ। ਜਿਥੇ ਪਹਿਲਾ ਪਰਵਾਸੀ ਪੰਜਾਬੀ ਮਹਾਂਰਾਜਾ ਦਲੀਪ ਸਿੰਘ ਹੈ ਉਥੇ ਸ਼ੇਖ ਦੀਨ ਮੁਹੰਮਦ ਪਹਿਲਾ ਭਾਰਤੀ ਪਰਵਾਸੀ ਹੈ। ਸ਼ੇਖ ਦੀਨ ਮੁਹੰਮਦ ਉਸ ਤੋਂ ਵੀ ਬਹੁਤ ਪਹਿਲਾਂ ਬਰਤਾਨੀਆ ਵਿੱਚ ਆਇਆ ਤੇ ਬਰਤਾਨੀਆ ਦਾ ਵਿਸ਼ੇਸ਼-ਸ਼ਹਿਰੀ ਬਣਿਆਂ। ਉਸ ਦਾ ਨਾਂ ਸ਼ੇਖ ਦੀਨ ਮੁਹੰਮਦ ਗੂਗਲ ਵਿੱਚ ਲਿਸਟਿਡ ਹੈ। ਗੂਗਲ ਵਿੱਚ ਇਹ ਨਾਂ ਪਾਓ ਤਾਂ ਉਸਦਾ ਸਾਰਾ ਬਾਇਓ-ਡੈਟਾ ਸਾਹਮਣੇ ਆ ਜਾਵੇਗਾ। ਜਿਵੇਂ ਕਿ ਅੰਗਰੇਜ਼ੀ ਵਿੱਚ ਸਾਡਾ ਉਚਾਰਣ ਕੁਝ ਬਦਲ ਜਾਂਦਾ ਹੈ ਇਸ ਕਰਕੇ ਗੂਗਲ ਵਿੱਚ ਉਸ ਦਾ ਨਾਂ ਸ਼ੇਕ ਡੀਨ ਮੋਹਮਤ ਵੀ ਹੋ ਸਕਦਾ ਹੈ।
ਦੀਨ ਮੁਹੰਮਦ ਨਾਲ ਮੇਰਾ ਵਾਹ ਉਦੋਂ ਪਿਆ ਜਦ ਮੈਂ ਆਪਣਾ ਅਧੂਰਾ ਨਾਵਲ ‘ਸਾਜਰੇ ਦਾ ਚੋਗ’ ਲਿਖ ਰਿਹਾ ਸਾਂ। ਮੈਂ ਖੋਜ ਕਰ ਰਿਹਾ ਸਾਂ ਕਿ ਅਸੀਂ ਕਦੋਂ ਕੁ ਤੋਂ ਯੂਕੇ ਵਿੱਚ ਰਹਿ ਰਹੇ ਹਾਂ। ਸ਼ੁਰੂ ਵਿੱਚ ਤਾਂ ਕੁਝ ਜਹਾਜ਼ੀ ਮੇਰੀ ਨਜ਼ਰੀਂ ਪਏ ਜੋ ਸਤਾਰਵੀਂ-ਅਠਾਰਵੀਂ ਸਦੀ ਵਿੱਚ ਯੂਕੇ ਦੀਆਂ ਸੜਕਾਂ ਉਪਰ ਤੁਰੇ ਫਿਰਦੇ ਸਨ ਪਰ ਫਿਰ ਦੀਨ ਮਹੁੰਮਦ ਮੇਰੇ ਮੁਹਰੇ ਆ ਗਿਆ। 1784 ਵਿੱਚ ਦੀਨ ਮੁਹੰਮਦ ਡਾਰਟਮਾਊਥ ਦੀ ਬੰਦਰਗਾਹ ‘ਤੇ ਉਤਰਦਾ ਹੈ ਤੇ ਉਥੋਂ ਸਿੱਧਾ ਆਇਰਲੈਂਡ ਚਲੇ ਜਾਂਦਾ ਹੈ। ਪਹਿਲਾਂ ਉਥੇ ਸੈਟਲ ਹੁੰਦਾ ਹੈ ਤੇ ਫਿਰ ਲੰਡਨ ਆ ਜਾਂਦਾ ਹੈ ਤੇ ਉਨੀਵੀਂ ਸਦੀ (1814) ਵਿੱਚ ਉਹ ਬਰਾਈਟਨ ਜਾਕੇ ਸੈਟਲ ਹੋ ਜਾਂਦਾ ਹੈ। ਦੀਨ ਮੁਹੰਮਦ ਦੇ ਯੂਕੇ ਆਉਣ ਦਾ ਜਾਂ ਆਇਰਲੈਂਡ ਜਾਣ ਦਾ ਕਾਰਨ ਬੇਕਰ ਪਰਿਵਾਰ ਬਣਦਾ ਹੈ।
ਦੀਨ ਮੁਹੰਮਦ ਦਾ ਜਨਮ 1759 ਨੂੰ ਪਟਨੇ ਵਿਖੇ ਇਕ ਬੰਗਾਲੀ-ਮੁਸਲਿਮ ਪਰਿਵਾਰ ਵਿੱਚ ਹੋਇਆ। ਪਟਨਾ ਉਸ ਵੇਲੇ ਬੰਗਾਲ ਪਰੈਜ਼ੀਡੈਂਸੀ ਵਿੱਚ ਪੈਂਦਾ ਸੀ। ਉਸ ਦੇ ਵੱਡੇ-ਵਡੇਰਿਆਂ ਦੀ ਬੰਗਾਲ ਦੇ ਨਵਾਬ ਨਾਲ ਰਿਸ਼ਤੇਦਾਰੀ ਸੀ ਤੇ ਉਸ ਦੇ ਪਰਿਵਾਰ ਦੇ ਬਹੁਤ ਸਾਰੇ ਲੋਕ ਮੁਗਲ-ਦਰਬਾਰਾਂ ਵਿੱਚ ਕੰਮ ਕਰਦੇ ਰਹੇ ਸਨ। ਦੀਨ ਮੁਹੰਮਦ ਪਟਨੇ ਵਿੱਚ ਹੀ ਵੱਡਾ ਹੋ ਰਿਹਾ ਸੀ। ਉਸਦਾ ਪਿਤਾ ਈਸਟ-ਇੰਡੀਆ ਦੀ ਫੌਜ ਵਿੱਚ ਸਰਜਨ ਸੀ। ਕੈਪਟਨ ਗੌਡਫਰੀ ਬੇਕਰ ਨਾਂ ਦਾ ਈਸਟ ਇੰਡੀਆ ਕੰਪਨੀ ਦਾ ਅਫਸਰ ਜਿਸਦਾ ਪਿਛੋਕੜ ਆਇਰਲੈਂਡ ਤੋਂ ਸੀ, ਉਸ ਦੇ ਪਿਤਾ ਦਾ ਦੋਸਤ ਸੀ ਤੇ ਪਰਿਵਾਰ ਸਮੇਤ ਇੰਡੀਆ ਵਿੱਚ ਰਹਿ ਰਿਹਾ ਸੀ। ਫੌਜ ਦੀ ਲੜਾਈ ਵਿੱਚ ਦੀਨ ਮੁਹੰਮਦ ਦੇ ਪਿਤਾ ਦੀ ਮੌਤ ਹੋ ਗਈ। ਉਸ ਵੇਲੇ ਦੀਨ ਮੁਹੰਮਦ ਦੀ ਉਮਰ ਸਿਰਫ ਗਿਆਰਾਂ ਸਾਲ ਦੀ ਸੀ। ਉਸਦੇ ਪਾਲਣ-ਪੋਸਣ ਦੀ ਜ਼ਿੰਮੇਵਾਰੀ ਕੈਪਟਨ ਬੇਕਰ ਨੇ ਲੈ ਲਈ। ਗੌਡਫਰੀ ਬੇਕਰ ਐਂਗਲੋ-ਆਇਰਸ਼ ਪਰੋਟੈਸਟੈਂਟ (ਇਸਾਈ ਧਰਮ ਦੀ ਇਕ ਸ਼ਾਖਾ) ਸੀ। ਦੀਨ ਮੁਹੰਮਦ ਉਸ ਦੇ ਪਰਿਵਾਰ ਨਾਲ ਹੀ ਰਹਿਣ ਲੱਗਾ। ਵੱਡਾ ਹੋਇਆ ਤਾਂ ਉਹ ਵੀ ਪਿਤਾ ਵਾਂਗ ਈਸਟ-ਇੰਡੀਆ ਕੰਪਨੀ ਦੀ ਫੌਜ ਵਿੱਚ ਟਰੇਨੀ-ਸਰਜਨ ਦੇ ਤੌਰ ‘ਤੇ ਭਰਤੀ ਹੋ ਗਿਆ ਸੀ। ਕੈਪਟਨ ਬੇਕਰ ਨੇ 1782 ਵਿੱਚ ਈਸਟ-ਇੰਡੀਆ ਕੰਪਨੀ ਵਿੱਚੋਂ ਅਸਤੀਫਾ ਦੇਕੇ ਵਾਪਸ ਆਇਰਲੈਂਡ ਜਾਣ ਦਾ ਫੈਸਲਾ ਕਰ ਲਿਆ। ਦੀਨ ਮੁਹੰਮਦ ਨੇ ਵੀ ਉਸ ਨਾਲ ਯੂਕੇ ਜਾਣ ਦੀ ਇੱਛਿਆ ਜ਼ਾਹਿਰ ਕੀਤੀ ਤਾਂ ਉਹ ਆਇਰਲੈਂਡ ਪੁੱਜ ਗਿਆ। ਉਹ ਆਇਰਲੈਂਡ ਆਇਆ ਤਾਂ ਉਸਨੂੰ ਬੋਲੀ ਦੀ ਸਮੱਸਿਆ ਪੇਸ਼ ਆ ਰਹੀ ਸੀ। ਉਸਨੇ ਅੰਗਰੇਜ਼ੀ ਸਿੱਖਣ ਲਈ ਇਕ ਸਕੂਲ ਵਿੱਚ ਦਾਖਲਾ ਲੈ ਲਿਆ। ਸਕੂਲ ਵਿੱਚ ਹੀ ਉਹ ਜੇਨ ਡੈਲੀ ਨਾਂ ਦੀ ਕੁੜੀ ਨਾਲ ਪਿਆਰ ਕਰਨ ਲੱਗਾ ਤੇ ਉਸ ਨਾਲ ਵਿਆਹ ਕਰਾਉਣ ਦੀ ਖਾਹਸ਼ ਦਾ ਇਜ਼ਹਾਰ ਕੀਤਾ। ਕੁੜੀ ਬਹੁਤ ਉਚੇ ਇਸਾਈ ਖਾਨਦਾਨ ਵਿੱਚੋਂ ਸੀ। ਡੈਲੀ ਪਰਿਵਾਰ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਉਹਨਾਂ ਦਿਨਾਂ ਵਿੱਚ ਇਕ ਇਸਾਈ ਦਾ ਗੈਰ-ਇਸਾਈ ਨਾਲ ਵਿਆਹ ਕਰਾਉਣਾ ਗੈਰ-ਕਾਨੂੰਨੀ ਸੀ। ਸੋ ਦੀਨ ਮੁਹੰਮਦ ਨੇ ਇਸਲਾਮ ਛੱਡ ਕੇ ਇਸਾਈ ਧਰਮ ਅਪਣਾ ਲਿਆ। ਉਸਦਾ ਜੇਨ ਡੈਲੀ ਨਾਲ 1786 ਨੂੰ ਚਰਚ ਆਫ ਆਇਰਲੈਂਡ ਵਿੱਚ ਵਿਆਹ ਹੋ ਗਿਆ। ਵਿਆਹ ਭਾਵੇਂ ਹੋ ਗਿਆ ਪਰ ਕੁਝ ਲੋਕ ਨਰਾਜ਼ ਸਨ ਸੋ ਇਸ ਨਵੀਂ ਜੋੜੀ ਨੂੰ ਸ਼ਹਿਰ ਛੱਡਣਾ ਪਿਆ। ਕੁਝ ਸਾਲ ਏਧਰ ਓਧਰ ਰਹਿ ਕੇ ਇਹ 7-ਲਿਟਲ ਰਾਈਡਰ ਸਟਰੀਟ, ਲੰਡਨ ਆ ਵਸੇ ਤੇ ਕਈ ਸਾਲ ਉਥੇ ਹੀ ਰਹੇ।
ਦੀਨ ਮੁਹੰਮਦ ਨੇ ਇਕ ਹੋਰ ਵਿਆਹ ਵੀ ਕਰਾਇਆ ਜਿਸਦਾ ਇਤਿਹਾਸ ਵਿੱਚ ਬਹੁਤਾ ਜ਼ਿਕਰ ਨਹੀਂ ਆਉਂਦਾ। ਇਸ ਵਿਆਹ ਦਾ ਰਿਕਾਰਡ ਲੰਡਨ ਦੇ ਮੈਰਲੀਬੋਨ-ਚਰਚ ਵਿੱਚ ਮਿਲਦਾ ਹੈ। ਇਹ ਵਿਆਹ 24 ਅਗਸਤ 1806 ਵਿੱਚ ਹੋਇਆ ਸੀ। ਉਸ ਦੀ ਦੂਜੀ ਪਤਨੀ ਦਾ ਨਾਂ ਜੇਨ ਜੈਫਰੀ (1780-1850) ਸੀ। ਦੀਨ ਮੁਹੰਮਦ ਦਾ ਨਾਂ ਰਿਕਾਰਡ ਵਿੱਚ ਵਿਲੀਅਮ ਮੋਹਮਤ ਲਿਖਿਆ ਹੈ। 1808 ਵਿੱਚ ਉਹਨਾਂ ਦੇ ਘਰ ਅਮੇਲੀਆ ਨਾਂ ਦੀ ਧੀ ਜਨਮੀ ਜਿਸਨੂੰ ਬੈਪਟਾਈਜ਼ (ਧਾਰਮਿਕ-ਰਸਮ) ਸੇਂਟ-ਮੈਰਲੀਬੋਨ ਚਰਚ ਵਿੱਚ ਕੀਤਾ ਗਿਆ। ਉਸਦੀ ਇਸ ਪਤਨੀ ਬਾਰੇ ਇਸ ਤੋਂ ਬਾਅਦ ਦਾ ਇਤਿਹਾਸ ਚੁੱਪ ਹੈ ਸਿਵਾਏ ਇਸ ਗੱਲ ਦੇ ਕਿ ਜੇਨ ਜੈਫਰੀ ਦੀ ਮੌਤ 1850 ਵਿੱਚ ਹੁੰਦੀ ਹੈ। ਪਹਿਲੀ ਪਤਨੀ ਤੋਂ ਉਸ ਦੇ ਸੱਤ ਬੱਚੇ ਸਨ। ਇਹਨਾਂ ਸਭ ਨੂੰ ਰੋਮਨ-ਕੈਥਲਿਕ-ਚਰਚ ਵਿੱਚ ਬੈਪਟਾਈਜ਼ ਕੀਤਾ ਗਿਆ।
ਲੰਡਨ ਵਿੱਚ ਰਹਿੰਦਿਆਂ ਦੀਨ ਮੁਹੰਮਦ ਨੇ ਕਈ ਕੰਮ ਕੀਤੇ। ਭਾਰਤ ਵਿੱਚ ਸਿਵਿਲ ਸਰਵੈੰਟ ਰਹੇ ਬੇਸਿਲ ਕੋਚਰੇਨ ਕੋਲ ਉਹ ਕਾਫੀ ਦੇਰ ਕੰਮ ਕਰਦਾ ਰਿਹਾ। ਬੇਸਿਲ ਕੋਚਰੇਨ ਨੇ ਲੰਡਨ ਵਿੱਚ ਪਹਿਲਾ ਪਬਲਿਕ-ਸਟੀਮ-ਬਾਥ ਖੋਹਲਿਆ ਜੋ ਕੇਂਦਰੀ ਲੰਡਨ ਦੇ ਪੋਰਟਮੈਨ ਸੁਕੇਅਰ ਉਪਰ ਸੀ। ਉਹ ਸਟੀਮ-ਬਾਥ ਦੇ ਮੈਡੀਕਲ ਫਾਇਦਿਆਂ ਬਾਰੇ ਸਥਾਨਕ ਅਖ਼ਬਾਰਾਂ ਵਿੱਚ ਮਸ਼ਹੂਰੀ ਦਿੰਦਾ। ਇਥੋਂ ਹੀ ਪ੍ਰਭਾਵਿਤ ਹੋਕੇ ਦੀਨ ਮੁਹੰਮਦ ਨੇ 1814 ਵਿੱਚ ਬਰਾਈਟਨ ਜਾਕੇ ਆਪਣਾ ਸ਼ੈਂਪੂਇੰਗ ਜਾਂ ਚੰਪਈ ਦਾ ਕਾਰੋਬਾਰ ਸ਼ੁਰੂ ਕੀਤਾ ਸੀ।
1810 ਵਿੱਚ ਦੀਨ ਮੁਹੰਮਦ 34-ਜੌਰਜ ਸਰਟੀਟ, ਲੰਡਨ ਉਪਰ ਹਿੰਦੁਸਾਤਾਨੀ ਕਾਫੀ ਹਾਊਸ ਖੋਹਲਦਾ ਹੈ। ਇਹ ਜਗਾਹ ਕੇਂਦਰੀ ਲੰਡਨ ਵਿੱਚ ਪੋਰਟਮੈਨ ਸੁਕੇਅਰ ਦੇ ਬਿਲਕੁਲ ਨਜ਼ਦੀਕ ਸੀ। ਹੁਣ ਇਸ ਜਗਾਹ ਕਾਰਲਟਨ ਹਾਊਸ ਬਣ ਗਿਆ ਹੈ। ਅੱਜ ਯੂਕੇ ਵਿੱਚ ਹਜ਼ਾਰਾਂ ਭਾਰਤੀ ਰੈਸਟੋਰੈਂਟ ਹਨ ਪਰ ਇਹਨਾਂ ਸਭ ਦਾ ਗਾਡੀਵਾਨ ਦੀਨ ਮੁਹੰਮਦ ਹੈ। ਇਹ ਭਾਰਤੀ ਖਾਣਿਆਂ ਦੇ ਨਾਲ-ਨਾਲ ਭਾਰਤੀ-ਹੁੱਕਾ ਵੀ ਪੇਸ਼ ਕਰਦਾ ਸੀ। ਇਸ ਹੁੱਕੇ ਉਪਰ ਅਸਲੀ ਚਿਲਮ ਲੱਗੀ ਹੁੰਦੀ ਤੇ ਇਸ ਵਿੱਚ ਤਾਜ਼ਾ ਭਾਰਤੀ-ਤਮਾਖੂ ਵਰਤਿਆ ਜਾਂਦਾ। ਅੱਜ ਦੀਆਂ ਕਰੀਆਂ (ਭਾਰਤੀ-ਖਾਣੇ) ਨਾਲੋਂ ਉਸ ਵੇਲੇ ਦੇ ਖਾਣਿਆਂ ਦਾ ਸਵਾਦ ਸ਼ਾਇਦ ਕੁਝ ਭਿੰਨ ਹੁੰਦਾ ਹੋਵੇਗਾ ਪਰ ਦੀਨ ਮੁਹੰਮਦ ਦੇ ਇਸ ਹਿੰਦੁਸਤਾਨੀ ਕੌਫੀ ਹਾਊਸ ਨੂੰ ਇਸ ਦੀ ਵਿਲੱਖਣਤਾ ਕਾਰਨ ਬਹੁਤ ਪ੍ਰਸਿੱਧੀ ਮਿਲੀ ਸੀ। ਇਹ ਜਗਾਹ ਕੇਂਦਰੀ ਲੰਡਨ ਵਿੱਚ ਹੋਣ ਕਰਕੇ ਇਸਦਾ ਕਿਰਾਇਆ ਕਾਫੀ ਸੀ, ਇਸ ਲਈ ਜਲਦੀ ਹੀ ਉਸਨੂੰ ਮਾਇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਗਿਆ। ਮੁਸ਼ਕਲਾਂ ਏਨੀਆਂ ਵਧੀਆਂ ਕਿ ਰੈਸਟੋਰੈਂਟ ਬੰਦ ਕਰਨਾ ਪਿਆ। ਇਸ ਰੈਸਟੋਰੈਂਟ ਦੀ ਲੰਡਨ ਦੇ ਇਤਿਹਾਸ ਵਿੱਚ ਬਹੁਤ ਮਹੱਤਤਾ ਹੈ। ਇਸੇ ਲਈ ਲੰਡਨ ਦੀ ਵੈਸਟਮਨਿਸਟਰ ਕੌਂਸਲ ਵਲੋਂ ਜੌਰਜ ਸਟਰੀਟ ਵਿੱਚ ਹਰੇ ਰੰਗ ਦੀ ਪਲੇਕ ਲਾਈ ਹੋਈ ਹੈ ਜਿਸ ਉਪਰ ਦੀਨ ਮੁਹੰਮਦ ਦੇ ਨਾਂ ਤੇ ਸੰਖੇਪ ਤਫਸੀਲ ਦੇ ਨਾਲ-ਨਾਲ ਹਿੰਦੁਸਤਾਨੀ ਕੌਫੀ ਹਾਊਸ ਲਿਖਿਆ ਹੋਇਆ ਹੈ। ਕਿਉਂਕਿ ਜੌਰਜ ਸਟਰੀਟ ਦਾ 34 ਨੰਬਰ ਹੁਣ ਢਾਹਿਆ ਜਾ ਚੁੱਕਾ ਹੈ ਸੋ ਇਹ ਹਰੀ-ਪਲੇਕ 102 ਨੰਬਰ ਉਪਰ ਲਾਈ ਗਈ ਹੈ। ਇਸ ਤੋਂ ਵਧੀਆ ਦੀਨ ਮੁਹੰਮਦ ਦੀ ਕਿਹੜੀ ਯਾਦ ਹੋ ਸਕਦੀ ਹੈ?
ਲੰਡਨ ਵਾਲਾ ਕੌਫੀ-ਹਾਊਸ ਫੇਲ੍ਹ ਹੋਣ ਤੋਂ ਬਾਅਦ ਦੀਨ ਮੁਹੰਮਦ 1814 ਵਿੱਚ ਬਰਾਈਟਨ ਚਲੇ ਗਿਆ। ਉਥੇ ਜਾਕੇ ਉਸਨੇ ਨਵੇਂ ਢੰਗ ਦੇ ਗੁਸਲਖਾਨੇ ਖੋਹਲ ਲਏ ਜਿਹਨਾਂ ਵਿੱਚ ਉਹ ਆਪਣੇ ਗਾਹਕਾਂ ਨੂੰ ਸ਼ੈਂਪੂ ਦਿੰਦਾ ਜਿਸਨੂੰ ਦੇਸੀ ਬੋਲੀ ਵਿੱਚ ਚੰਪਈ ਜਾਂ ਸਿਰ ਦੀ ਮਾਲਿਸ਼ ਕਹਿੰਦੇ ਹਨ। ਹੌਲੀ-ਹੌਲੀ ਉਸਨੇ ਮਸਾਜ ਭਾਵ ਬਾਕੀ ਸਰੀਰ ਦੀ ਮਾਲਿਸ਼ ਕਰਨੀ ਵੀ ਸ਼ੁਰੂ ਕਰ ਦਿੱਤੀ। ਉਹ ਇਸ ਨੂੰ ਥੈਰੇਪੀ ਵੀ ਆਖਦਾ। ਉਹ ਇੰਡੀਆ ਤੋਂ ਜਾਕੇ ਤਰ੍ਹਾਂ-ਤਰ੍ਹਾਂ ਦੇ ਤੇਲ, ਇਤਰ-ਫਲੇਲ ਆਦਿ ਲੈਕੇ ਆਉਂਦਾ ਤੇ ਇਹਨਾਂ ਨੂੰ ਮਾਲਿਸ਼ ਲਈ ਵਰਤਦਾ। ਚੰਪਈ ਤੇਲ ਮਾਲਿਸ਼ ਭਾਰਤ ਵਿੱਚ ਸਦੀਆਂ ਪੁਰਾਣੀ ਪਰੰਪਰਾ ਹੈ ਜੋ ਅੱਜ ਵੀ ਕਾਇਮ ਹੈ। ਉਦੋਂ ਦੀਨ ਮੁਹੰਮਦ ਦੇ ਬਾਥ-ਹਾਊਸ ਉਥੇ ਹੁੰਦੇ ਸਨ ਜਿਥੇ ਅੱਜਕੱਲ੍ਹ ਕੁਈਨ ਹੋਟਲ ਹੈ। ਉਹ ਆਪਣੇ ਮਸਾਜ ਦੀ ਅਖ਼ਬਾਰਾਂ ਵਿੱਚ ਮਸ਼ਹੂਰੀ ਦਿੰਦਾ ਕਿ ਸਾਡੇ ਵਲੋਂ ਦਿੱਤਾ ਜਾਂਦਾ ਇੰਡੀਅਨ ਮੈਡੀਕੇਟਿਡ ਵੈਪੁਉਰ ਬਾਥ ਕਈ ਬਿਮਾਰੀਆਂ ਦਾ ਇਲਾਜ ਕਰਦਾ ਹੈ ਜਿਵੇਂ ਕਿ ਜੋੜਾਂ ਦੇ ਦਰਦ ਦਾ, ਗਠੀਏ ਦੇ ਦਰਦ ਦਾ, ਲੱਤਾਂ ਦੇ ਦਰਦ ਦਾ, ਅਧਰੰਗ ਨਾਲ ਖੜੇ ਅੰਗਾਂ ਦਾ ਆਦਿ। ਉਸਦਾ ਕੰਮ ਬਹੁਤ ਚੱਲ ਨਿਕਲਿਆ। ਉਸਦੀ ਪਤਨੀ ਔਰਤਾਂ ਨੂੰ ਮਸਾਜ ਦਿੰਦੀ। ਉਸਦੀ ਮਸ਼ਹੂਰੀ ਦੂਰ-ਦੂਰ ਤੱਕ ਪੁੱਜ ਗਈ। ਹਸਪਤਾਲਾਂ ਵਾਲੇ ਆਪਣੇ ਮਰੀਜ਼ਾਂ ਨੂੰ ਦੀਨ ਮੁਹੰਮਦ ਦੀ ਥੈਰੇਪੀ ਦੀ ਸਿਫਰਾਸ਼ ਕਰਦੇ। ਵਿਲੀਅਮ-ਚੌਥਾ ਤੇ ਜੌਰਜ-ਚੌਥਾ ਵੀ ਉਸ ਕੋਲੋਂ ਆਪਣਾ ਇਲਾਜ ਕਰਾਉਣ ਆਉਂਦੇ ਸਨ। ਇਸ ਤਰ੍ਹਾਂ ਉਸ ਦੀ ਪਹੁੰਚ ਯੂਕੇ ਦੀ ਰੁਆਇਲ ਫੈਮਿਲੀ ਤੱਕ ਵੀ ਸੀ। ਉਸਨੂੰ ‘ਡਾਕਟਰ ਬਰਾਈਟਨ’ ਕਿਹਾ ਜਾਣ ਲੱਗ ਪਿਆ। ਇਹਨਾਂ ਸਾਲਾਂ ਵਿੱਚ ਯੂਕੇ ਵਿੱਚ ਰੇਲਾਂ ਚੱਲਣ ਲਗੀਆਂ ਸਨ ਤੇ ਲੰਡਨ ਤੋਂ ਬਰਾਈਟਨ ਲਈ ਵੀ ਟਰੇਨ ਚੱਲ ਪਈ ਸੀ ਸੋ ਲੰਡਨ ਤੋਂ ਵੀ ਲੋਕ ਉਸ ਕੋਲ ਪੁੱਜਣ ਲੱਗ ਪਏ । ਅਖ਼ਬਾਰਾਂ ਵਿੱਚ ਉਸ ਬਾਰੇ ਖ਼ਬਰਾਂ ਲਗਦੀਆਂ। ਉਹ ਪਹਿਲਾ ਭਾਰਤੀ ਸੀ ਜਿਸਨੇ ਯੂਕੇ ਵਿੱਚ ਏਨਾ ਨਾਂ ਕਮਾਇਆ।
ਇਸ ਤੋਂ ਬਿਨਾਂ ਉਹ ਪਹਿਲਾ ਭਾਰਤੀ ਹੈ ਜਿਸਨੇ ਅੰਗਰੇਜ਼ੀ ਵਿੱਚ ਕਿਤਾਬਾਂ ਲਿਖੀਆਂ ਹਨ। ਉਸਨੇ ਆਪਣੀ ਪਹਿਲੀ ਕਿਤਾਬ 15 ਜੂਨ 1794 ਨੂੰ ਛਪਵਾਈ ਜਿਸਦਾ ਨਾਂ ‘ਦਾ ਟਰੈਵਲਜ਼ ਔਫ ਡੀਨ ਮਹੋਮਦ’ ਹੈ। ਇਹ ਇਕ ਵੱਖਰੀ ਵਿਧਾ ਦੀ ਕਿਤਾਬ ਹੈ ਜੋ ਫਿਕਸ਼ਨ ਤੇ ਫੈਕਟਸ ਦਾ ਸੁਮੇਲ ਹੈ ਜਿਸ ਨੂੰ ਐਪੀਸਟੋਲਰੀ Epistolary ਕਹਿੰਦੇ ਹਨ । ਇਸ ਵਿੱਚ ਚਿੱਠੀਆਂ ਵੀ ਸ਼ਾਮਲ ਕੀਤੀਆਂ ਹੋਈਆਂ ਹਨ। ਉਸਦਾ ਫੌਜ ਦਾ ਜੀਵਨ ਵੀ ਇਸ ਵਿੱਚ ਹੈ ਤੇ ਸਮੁੰਦਰੀ ਸਫਰ ਵੀ। ਭਾਰਤ ਦੇ ਕੁਝ ਵੱਡੇ ਸ਼ਹਿਰਾਂ ਦਾ ਵੀ ਜ਼ਿਕਰ ਹੈ। ਕਿਹਾ ਜਾਂਦਾ ਹੈ ਕਿ ਭਾਰਤੀ ਰਸਮਾਂ, ਕਲਚਰ, ਕਾਰੋਬਾਰ, ਮਿਲਟਰੀ-ਖਿੱਚੋਤਾਣ, ਖਾਣਿਆਂ ਤੇ ਜੰਗਲੀ ਜੀਵਨ ਵਾਲੀ ਇਹ ਮੌਲਿਕ ਕਿਤਾਬ ਹੈ। ਮੈਨੂੰ ਇਸ ਕਿਤਾਬ ਦੀ ਇਕ ਗੱਲ ਬਹੁਤ ਅਜੀਬ ਲੱਗਦੀ ਹੈ ਕਿ ਦੀਨ ਮੁਹੰਮਦ ਆਪਣੇ ਆਪ ਨੂੰ ‘ਅਸੀਂ’ ਕਹਿ ਕੇ ਸੰਬੋਧਨ ਹੁੰਦਾ ਹੈ। ਖੁਦ ਨੂੰ ਬਰਤਾਨਵੀ ਬਣਾ ਕੇ ਪੇਸ਼ ਕਰਦਾ ਹੋਇਆ ਭਾਰਤ ਦੀਆਂ ਕਈ ਗੱਲਾਂ ਪ੍ਰਤੀ ਤਰਸ ਪ੍ਰਗਟਾਉਂਦਾ ਹੈ। ਉਸਨੇ ਦੋ ਕਿਤਾਬਾਂ ਆਪਣੇ ਕੰਮ ਬਾਰੇ ਵੀ ਲਿਖੀਆਂ। ਇਕ ਕਿਤਾਬ ਉਸ ਦੀ ਥੈਰੇਪੀ ਦੇ ਫਾਇਦਿਆਂ ਬਾਰੇ ਤੇ ਥੈਰੇਪੀ ਨਾਲ ਠੀਕ ਹੋਏ ਕੇਸਾਂ ਬਾਰੇ ਹੈ। ਦੂਜੀ ਕਿਤਾਬ ਸੈਂਪੂਇੰਗ ਦੇ ਫਾਇਦਿਆਂ ਤੇ ਤਰੀਕਿਆਂ ਬਾਰੇ ਹੈ। ਦੂਜੀ ਕਿਤਾਬ ਉਸ ਨੇ ਜੌਰਜ-ਚੌਥਾ ਨੂੰ ਸਮਰਪਿਤ ਕੀਤੀ ਸੀ ਤੇ ਇਸ ਦੇ ਕਈ ਅਡੀਸ਼ਨ ਛਪੇ।
ਦੀਨ ਮੁਹੰਮਦ 24 ਫਰਬਰੀ 1851 ਵਿੱਚ ਬੰਨਵੇਂ ਸਾਲ ਦੀ ਉਮਰ ਭੋਗ ਕੇ ਪੂਰਾ ਹੋ ਜਾਂਦਾ ਹੈ। ਉਸ ਦੀ ਪਹਿਲੀ ਪਤਨੀ 1844 ਵਿੱਚ ਪੂਰੀ ਹੁੰਦੀ ਹੈ ਤੇ ਦੂਜੀ ਪਤਨੀ ਦੇ 1850 ਵਿੱਚ ਪੂਰੇ ਹੋਣ ਦੀ ਥਾਹ ਬਾਅਦ ਵਿੱਚ ਲਗਦੀ ਹੈ। ਦੀਨ ਮੁਹੰਮਦ ਨੂੰ ਸੇਂਟ-ਨਿਕਲਸ ਚਰਚ, ਬਰਾਈਟਨ ਵਿੱਚ ਦਫਨਾਇਆ ਜਾਂਦਾ ਹੈ। ਉਸ ਦੇ ਬਾਕੀ ਦੇ ਪਰਿਵਾਰ ਦੀਆਂ ਕਬਰਾਂ ਵੀ ਉਥੇ ਹੀ ਹਨ। ਉਸਦੇ ਇਕ ਮੁੰਡੇ ਫਰੈਡਰਿਕ ਦੀਨ ਮੁਹੰਮਦ ਨੇ ਵੀ ਬਰਾਈਟਨ ਵਿੱਚ ਟਰਕਿਸ਼-ਬਾਥ ਖੋਹਲੇ ਸਨ ਪਰ ਉਹ ਪਿਓ ਜਿੰਨਾ ਨਾਂ ਤਾਂ ਨਹੀਂ ਸੀ ਕਮਾ ਸਕਿਆ ਪਰ ਉਸ ਨੇ ਵੀ ਠੀਕ-ਠਾਕ ਕਾਰੋਬਾਰ ਕੀਤਾ ਸੀ। ਉਸ ਨੇ ਬਰਾਈਟਨ ਦੇ ਨੇੜੇ ਹੀ ਫੈਂਸਿੰਗ ਬੌਕਸਿੰਗ ਅਕੈਡਮੀ ਵੀ ਖੋਹਲੀ ਸੀ ਜਿਥੇ ਬੌਕਸਿੰਗ ਖੇਡਣੀ ਸਿਖਾਈ ਜਾਂਦੀ ਸੀ। ਉਸਦਾ ਇਕ ਪੋਤਰਾ ਹੈਨਰੀ ਅਕਬਰ ਮੁਹੰਮਦ ਸੰਸਾਰ ਪ੍ਰਸਿੱਧ ਡਾਕਟਰ ਹੋਇਆ ਹੈ। ਉਹ ਲੰਡਨ ਦੇ ਗਾਈਜ਼ ਹਸਪਤਾਲ ਵਿੱਚ ਤਾਇਨਾਤ ਰਿਹਾ ਹੈ। ਉਸਦਾ ਹਾਈ ਬਲੱਡ ਪ੍ਰੈਸ਼ਰ ਦੀ ਖੋਜ ਵਿੱਚ ਕਾਫੀ ਯੋਗਦਾਨ ਹੈ। ਦੀਨ ਮੁਹੰਮਦ ਦਾ ਇਕ ਹੋਰ ਪੋਤਰਾ ਰੈਵ. ਜੇਮਜ਼ ਕੈਰੀਮਨ ਮੁਹੰਮਦ ਹੋਵ-ਸ਼ਹਿਰ ਦੇ ਚਰਚ ਵਿੱਚ ਪਾਦਰੀ ਵੀ ਰਿਹਾ ਹੈ।
ਇਕ ਵੇਲਾ ਸੀਕਿ ਦੀਨ ਮੁਹੰਮਦ ਦਾ ਬਰਾਈਟਨ ਤੋਂ ਲੈਕੇ ਲੰਡਨ ਤੱਕ ਤੇ ਸ਼ਾਹੀ ਪਰਿਵਾਰ ਤੱਕ ਡੰਕਾ ਬੋਲਦਾ ਸੀ ਪਰ ਮਰਨ ਤੋਂ ਬਾਅਦ ਉਹ ਹੌਲੀ-ਹੌਲੀ ਇਤਿਹਾਸ ਦੇ ਪੰਨਿਆਂ ਵਿੱਚ ਗੁਆਚ ਕੇ ਰਹਿ ਗਿਆ ਸੀ। ਇਹ ਤਾਂ ਇਕ ਭਾਰਤੀ-ਕਵੀ ਤੇ ਸਕਾਲਰ ਆਲਮਗੀਰ ਹਾਸ਼ਮੀ ਨੂੰ ਸ਼ਰੇਅ ਜਾਂਦਾ ਹੈ ਜਿਸਨੇ ਮੁੜਕੇ ਦੀਨ ਮੁਹੰਮਦ ਨੂੰ ਖੋਜਿਆ ਤੇ ਲੋਕਾਂ ਸਾਹਮਣੇ ਪੇਸ਼ ਕੀਤਾ। 1970-80 ਵਿੱਚ ਕੀਤੇ ਉਸਦੇ ਅਧਿਐਨ ਤੋਂ ਦੀਨ ਮੁਹੰਮਦ ਦੀਆਂ ਲਿਖਤਾਂ ਬਾਰੇ ਪਤਾ ਚੱਲਿਆ। ਮਾਈਕਲ ਫਿਸ਼ਰ ਨਾਮੀ ਇਕ ਲੇਖਕ ਨੇ ਦੀਨ ਮੁਹੰਮਦ ਬਾਰੇ ਪੂਰੀ ਤਰ੍ਹਾਂ ਖੋਜ ਕੀਤੀ ਹੈ ਤੇ ਉਸ ਦੀਆਂ ਲਿਖਤਾਂ ਉਪਰ ਇਕ ਕਿਤਾਬ ਵੀ ਲਿਖੀ ਹੈ, ‘ਦਾ ਫਸਟ ਇੰਡੀਅਨ ਔਥਰ ਇਨ ਇੰਗਲਿਸ਼: ਡੀਨ ਮੋਹਮਤ ਇਨ ਇੰਡੀਆ, ਆਇਰਲੈਂਡ, ਇੰਗਲੈਂਡ’। ਹੋਰਨਾਂ ਕਈ ਸਕਾਲਰਾਂ ਨੇ ਵੀ ਉਸ ਉਪਰ ਕੰਮ ਕੀਤਾ ਹੈ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਹ ਮੇਰੇ ਅਧੂਰੇ ਨਾਵਲ ਦਾ ਮੁੱਖ ਪਾਤਰ ਵੀ ਹੈ। ਉਸ ਬਾਰੇ ਹੋਈ ਖੋਜ ਦਾ ਨਤੀਜਾ ਹੀ ਹੈ ਕਿ 102 ਜੌਰਜ ਸਟਰੀਟ ‘ਤੇ ਸੰਨ 2005 ਵਿੱਚ ਦੀਨ ਮੁਹੰਮਦ ਦੇ ਨਾਂ ਦੀ ਹਰੀ ਪਲੇਕ ਲਾਈ ਗਈ ਹੈ। ਨਵੰਬਰ 2019 ਨੂੰ ਉਸਦਾ ਨਾਂ ਗੂਗਲ ਮੁੱਖ ਪੇਜ ‘ਤੇ ਪਾ ਦਿੱਤਾ ਗਿਆ ਹੈ। ਬੇਸ਼ੱਕ ਹੁਣ ਉਸਨੇ ਪਹਿਲੇ ਭਾਰਤੀ ਪਰਵਾਸੀ ਦੇ ਤੌਰ ‘ਤੇ ਜਗਾਹ ਬਣਾ ਲਈ ਹੈ। ਉਸ ਦੇ ਭਾਰਤੀ ਹੋਣ ਕਰਕੇ ਮੈਂ ਆਪਣਾ ਨਾਤਾ ਉਸ ਨਾਲ ਜੁੜਦਾ ਮਹਿਸੂਸ ਕਰਦਾ ਹਾਂ।
コメント