ਸਵਾਸਤਿਕ: ਇਕ ਵਸੀਹ ਚਿੰਨ੍ਹ /
ਹਰਜੀਤ ਅਟਵਾਲ /
ਸਵਾਸਤਿਕ ਕਿਸੇ ਇਕ ਧਰਮ ਜਾਂ ਕਿਸੇ ਇਕ ਕੁਣਬੇ ਦਾ ਚਿੰਨ੍ਹ ਨਹੀ ਹੈ। ਇਸ ਦੀਆਂ ਜੜ੍ਹਾਂ ਇਤਿਹਾਸ ਵਿੱਚ ਬਹੁਤ ਦੂਰ ਤੱਕ ਜਾਂਦੀਆਂ ਹਨ। ਵੈਸੇ ਗੱਲ ਸ਼ੁਰੂ ਕਰਨ ਲਈ ਕਿਹਾ ਜਾਵੇ ਤਾਂ ਹਰ ਭਾਰਤੀ ਸਵਾਸਤਿਕ ਦੇ ਨਿਸ਼ਾਨ ਨੂੰ ਜਾਣਦਾ-ਪਛਾਣਦਾ ਹੈ। ਇਹ ਸਵਾ ਸੌ ਕਰੋੜ ਹਿੰਦੂਆਂ ਦਾ ਧਾਰਮਿਕ ਚਿੰਨ੍ਹ ਹੈ। ਭਾਰਤ ਦੇ ਪਿੰਡਾਂ-ਸ਼ਹਿਰਾਂ ਵਿੱਚ ਘੁੰਮਦਿਆਂ ਸਹਿਜੇ ਹੀ ਇਹ ਚਿੰਨ੍ਹ ਤੁਹਾਡੀ ਨਜ਼ਰੀਂ ਪੈ ਜਾਵੇਗਾ। ਦਿਵਾਲੀ ਵੇਲੇ ਲੋਕ ਸਵਾਸਤਿਕ ਬਣਾ ਕੇ ਇਸ ਦੀ ਸਜਾਵਟ ਕਰਦੇ ਇਸ ‘ਤੇ ਦੀਵੇ ਜਗਾਉਂਦੇ ਹਨ। ਇਸ ਉਪਰ ਸ਼ੁਭ-ਲਾਭ ਲਿਖਦੇ ਹਨ। ਇਸ ਚਿੰਨ੍ਹ ਅਨੁਸਾਰ ਜਮ੍ਹਾਂ ਦਾ ਨਿਸ਼ਾਨ ਜਾਂ ਕਾਂਟੇ ਦੀਆਂ ਲਕੀਰਾਂ ਅਖੀਰ ਤੋਂ ਸਿੱਧੇ ਹੱਥ ਜਾਂ ਸੱਜੇ ਪਾਸੇ ਮੁੜਿਆਂ ਹੁੰਦੀਆਂ ਹਨ। ਅੰਗਰੇਜ਼ੀ ਵਿੱਚ ਇਸ ਸਥਿਤੀ ਨੂੰ ‘ਹੁੱਕਡ-ਕਰੌਸ’ ਆਖਦੇ ਹਨ। ਇਹ ਨਿਸ਼ਾਨ ਹਜ਼ਾਰਾਂ ਸਾਲ ਪੁਰਾਣਾ ਹੈ ਜਿਸ ਦਾ ਜਨਮ ਜਾਂ ਆਰੰਭ ਯੌਰਪ ਵਿੱਚ ਹੋਇਆ ਹੈ। ਭਾਰਤ ਵਿੱਚ ਇਸ ਨਿਸ਼ਾਨ ਲਈ ਸਵਾਸਤਿਕ ਸ਼ਬਦ ਦੀ ਵਰਤੋਂ ਤਕਰੀਬਨ ਸਤਾਈ ਸੌ ਸਾਲ ਪਹਿਲਾਂ ਸੰਸਕ੍ਰਿਤ ਦੇ ਭਾਸ਼ਾ ਵਿਗਿਆਨੀ ਪਾਨੀਨੀ ਨੇ ‘ਅਸ਼ਟ ਅਧਿਆਏ’ ਵਿੱਚ ਕੀਤੀ। ਉਨੀਵੀਂ ਸਦੀ ਵਿੱਚ ਇਸ ਨੂੰ ਸੌਸਤਿਕ ਵੀ ਕਿਹਾ ਜਾਂਦਾ ਰਿਹਾ ਹੈ। ਯੌਰਪ ਵਿੱਚ ਇਸ ਸ਼ਬਦ ਦੀ ਵਰਤੋਂ 1871 ਵਿੱਚ ਕੀਤੀ ਮਿਲਦੀ ਹੈ। ਭੂਤਕਾਲ ਵਿੱਚ ਇਸ ਨੂੰ ਵੱਖ-ਵੱਖ ਦੇਸ਼ਾਂ ਵਿੱਚ ਅਲੱਗ-ਅਲੱਗ ਨਾਵਾਂ ਨਾਲ ਚੇਤੇ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਇਸ ਨੂੰ ਸਾਰੀ ਦੁਨੀਆ ਵਿੱਚ ਸਵਾਸਤਿਕ ਹੀ ਆਖਦੇ ਹਨ। ਪਰ ਅੰਗਰੇਜ਼ੀ ਵਾਲਿਆਂ ਨੂੰ ਜਿਵੇਂ ਬਿਮਾਰੀ ਹੈ ਉਹ ਬਹੁਤ ਸਾਰੇ ਨਾਵਾਂ ਪਿੱਛੇ ਖਾਹਮਖਾਹ ਕੰਨਾ ਲਾ ਦਿੰਦੇ ਹਨ ਜਿਵੇਂ ਰਾਜਿੰਦਰ ਦਾ ਰਾਜਿੰਦਰਾ, ਧਰਮਿੰਦਰ ਦਾ ਧਰਮਿੰਦਰਾ, ਇਵੇਂ ਹੀ ਸਵਾਸਤਿਕ ਦਾ ਉਹਨਾਂ ਨੇ ਸਵਾਸਤਿਕਾ ਬਣਾ ਲਿਆ ਹੈ। ਸਵਾਸਤਿਕ ਸੰਸਕ੍ਰਿਤ ਦਾ ਸ਼ਬਦ ਹੈ। ਇਹ ਸਵਾਸਤੀ ਤੋਂ ਬਣਿਆਂ ਹੈ। ਸਵਾਸਤੀ ਦਾ ਭਾਵ ਸਵਸਥ, ਖੁਸ਼ੀ, ਲਾਭ, ਕਿਸਮਤ ਹੈ ਤੇ ਮਗਰ ਕੱਕਾ ਲਾ ਕੇ ਇਸ ਦੇ ਭਾਵ ਬਣਦੇ ਹਨ- ਖੁਸ਼ੀ ਦਾ ਪ੍ਰਤੀਕ ਜਾਂ ਚੰਗੀ ਕਿਸਮਤ ਦਾ ਪ੍ਰਤੀਕ। ਭਾਰਤ ਵਿੱਚ ਇਸ ਨਿਸ਼ਾਨ ਨੂੰ ਹਮੇਸ਼ਾ ਸਕਾਰਾਤਮਕ ਮਹਿਨਿਆਂ ਵਿੱਚ ਲਿਆ ਜਾਂਦਾ ਹੈ। ਇਸ ਨੂੰ ਵਰਤਣ ਨਾਲ ਲਾਭ ਦੀ ਉਮੀਦ ਰੱਖੀ ਜਾਂਦੀ ਹੈ ਇਸੇ ਲਈ ਇਹਨੂੰ ਕਈ ਵਾਹਨਾਂ ਪਿੱਛੇ ਬਣਿਆਂ ਵੀ ਦੇਖ ਸਕਦੇ ਹੋ, ਦੁਕਾਨਾਂ ਤੇ ਹੋਰ ਕਾਰੋਬਾਰੀ ਥਾਵਾਂ ‘ਤੇ ਵੀ। ਪਹਿਲੇ ਮਹਾਂਯੁਧ ਵਿੱਚ ਅਮਰੀਕਨ ਲੜਾਈ ਵਾਲੇ ਹਵਾਈ ਜਹਾਜ਼ਾਂ ਉਪਰ ਇਹ ਨਿਸ਼ਾਨ ਬਣਿਆਂ ਹੁੰਦਾ ਸੀ, ਸੁੱਖ-ਸਾਂਦ ਦੇ ਪ੍ਰਤੀਕ ਵਜੋਂ। ਇਵੇਂ ਹੀ ਫਿਨਲੈਂਡ ਦੀ ਫੌਜ ਨੇ ਵੀ ਇਹ ਨਿਸ਼ਾਨ ਵਰਤਦੀ ਰਹੀ ਹੈ ਪਰ ਹੁਣ ਇਸ ਨਿਸ਼ਾਨ ਦੇ ਮਾਹਿਨੇ ਬਦਲ ਗਏ ਹਨ। ਇਤਿਹਾਸ ਵਿੱਚ ਕੁਝ ਅਜਿਹਾ ਹੋਇਆ ਕ ਹੁਣ ਇਹ ਨਫਰਤ ਦਾ ਸਿੰਬਲ ਬਣ ਗਿਆ ਹੈ। ਇਹ ਨਸਲਵਾਦ, ਨਾਜ਼ੀਵਾਦ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਲੋਕ ਇਸਨੂੰ ਦੇਖ ਕੇ ਡਰਨ ਲਗਦੇ ਹਨ। ਇਸ ਦਾ ਕਾਰਨ ਇਹ ਹੈਕਿ ਹਿਟਲਰ ਨੇ ਇਸਨੂੰ ਆਪਣੀ ਪਾਰਟੀ ਦੇ ਨਿਸ਼ਾਨ ਵਜੋਂ ਅਪਣਾ ਲਿਆ ਸੀ ਤੇ ਇਸ ਦੇ ਝੰਡੇ ਹੇਠ ਉਹ ਨੇ ਲੱਖਾਂ ਯਹੂਦੀਆਂ ਦਾ ਕਤਲ ਕੀਤਾ ਤੇ ਹੋਰ ਅਨੇਕਾਂ ਜ਼ੁਲਮ ਕੀਤੇ। ਇਕ ਤਾਂ ਹਿਟਲਰ ਨੇ ਜ਼ੁਲਮ ਕੀਤੇ ਵੀ ਤੇ ਉਪਰੋਂ ਪੱਛਮੀ ਦੁਨੀਆ ਨੇ ਹਿਟਲਰ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਖਲਨਾਇਕ ਪੋਰਟਰੇਟ ਕਰਨ ਲਈ ਉਸ ਦੇ ਚੰਗੇ-ਮਾੜੇ ਸਾਰੇ ਕੰਮਾਂ ਨੂੰ ਹੀ ਘਿਨਾਉਣੀ ਰੰਗਤ ਦੇ ਦਿੱਤੀ ਤੇ ਇਸ ਨਾਲ ਹੀ ਸਵਾਸਤਿਕਾ ਨੂੰ ਵੀ।
ਹਿਟਲਰ ਨੇ ਇਹ ਨਿਸ਼ਾਨ 1920 ਵਿੱਚ ਵਰਤਣਾ ਸ਼ੁਰੂ ਕੀਤਾ ਸੀ। ਜਰਮਨੀ ਵਿੱਚ ਇਸ ਨੂੰ ਹੈਕਿਨਕਰਿਊਜ਼ (Hakenkreuz) ਕਿਹਾ ਜਾਂਦਾ ਹੈ। ਜਾਣੀਕਿ ਹੁੱਕਡ-ਕਰੌਸ। ਹਿਟਲਰ ਨੂੰ ਯਕੀਨ (ਵਹਿਮ) ਸੀ ਕਿ ਜਰਮਨ ਲੋਕ ਆਰੀਅਨ ਨਸਲ ਦੇ ਹਨ ਤੇ ਆਰੀਅਨ ਨਸਲ ਬਹਾਦਰੀ ਵਿੱਚ, ਰੰਗ, ਅਕਲ-ਸ਼ਕਲ ਵਿੱਚ ਇਹ ਸਭ ਤੋਂ ਉਤਮ ਹੈ। ਦੂਜੇ ਲੋਕ ਉਹਨਾਂ ਸਾਹਮਣੇ ਹੀਣੇ ਹਨ। ਉਸ ਦਾ ਯਕੀਨ ਸੀ ਕਿ ਜਿਹੜੇ ਆਰੀਆ ਲੋਕਾਂ ਨੇ ਭਾਰਤ ਉਪਰ ਜਾ ਕੇ ਕਬਜ਼ਾ ਕੀਤਾ ਸੀ ਉਹ ਜਰਮਨੀ ਤੋਂ ਹੀ ਗਏ ਸਨ। ਹਿਟਲਰ ਇਹ ਵੀ ਸਮਝਦਾ ਸੀ ਕਿ ਸੰਸਕ੍ਰਿਤ ਤੇ ਜਰਮਨ ਭਾਸ਼ਾ ਦਾ ਇਕੋ ਸੋਮਾ ਹੈ। ਉਨੀਵੀਂ ਸਦੀ ਵਿੱਚ ਜਰਮਨ ਸਕੌਲਰਾਂ ਵਲੋਂ ਭਾਰਤ ਤੋਂ ਲਿਆਂਦੇ ਵੇਦਾਂ ਦਾ ਤਰਜਮਾ ਕਰਦਿਆਂ ਸਵਾਸਤਿਕ ਉਭਰ ਕੇ ਸਾਹਮਣੇ ਆਇਆ ਸੀ। ਹਿਟਲਰ ਨੇ ਇਹ ਨਿਸ਼ਾਨ ਉਥੋਂ ਹੀ ਚੁੱਕਿਆ ਸੀ। ਪਰ ਉਸ ਨੇ ਸਵਾਸਤਿਕ ਦੇ ਚਿੰਨ੍ਹ ਦੀ ਛਾਂ ਹੇਠ ਦੂਜਾ ਮਹਾਂਯੁੱਧ ਅਜਿਹਾ ਸ਼ੁਰੂ ਕੀਤਾ ਕਿ ਸਵਾਸਤਿਕ ਨੂੰ ਉਸ ਦੀਆਂ ਭਾਰਤੀ ਜੜ੍ਹਾਂ ਤੋਂ ਉਖੇੜ ਮਾਰਿਆ। ਹੁਣ ਸਵਾਸਤਿਕ ਦਾ ਨਿਸ਼ਾਨ ਦੇਖਦਿਆਂ ਹੀ ਨਾਜ਼ੀ ਦਿਸਣ ਲਗਦੇ ਹਨ। ਹੁਣ ਇਸ ਨਿਸ਼ਾਨ ਨੂੰ ਨਫਰਤ ਕੀਤੀ ਜਾਂਦੀ ਹੈ ਖਾਸ ਕਰ ਕੇ ਪੱਛਮੀ ਦੁਨੀਆ ਵਿੱਚ। ਕੋਈ ਇਸ ਨਿਸ਼ਾਨ ਨੂੰ ਦੇਖ ਕੇ ਖੁਸ਼ ਨਹੀਂ ਹੈ। ਹਾਲੇ ਵੀ ਪੱਛਮੀ ਦੁਨੀਆ ਵਿੱਚ ਬਹੁਤ ਸਾਰੇ ਨਸਲਵਾਦੀ ਲੋਕ ਹਨ ਜਿਹੜੇ ਆਪਣੀਆਂ ਨਸਲੀ ਭਾਵਨਾਵਾਂ ਦਾ ਇਜ਼ਹਾਰ ਕਰਨ ਲਈ ਇਸ ਨਿਸ਼ਾਨ ਨੂੰ ਵਰਤਦੇ ਹਨ। ਪਰ ਜੇ ਯੌਰਪ ਦੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਨਾਜ਼ੀਆਂ ਤੋਂ ਪਹਿਲਾਂ ਇਹ ਨਿਸ਼ਾਨ ਕਦੇ ਵੀ ਨਫਰਤ ਦਾ ਭਾਗੀਦਾਰ ਨਹੀਂ ਰਿਹਾ। ਵੈਸੇ ਇਕ ਹੋਰ ਗੱਲ ਦੇਖਣ ਵਿੱਚ ਆਉਂਦੀ ਹੈ ਕਿ ਨਾਜ਼ੀ ਜਾਂ ਹਿਟਲਰ ਇਸ ਨਿਸ਼ਾਨ ਨੂੰ ਜ਼ਰਾ ਟੇਡ੍ਹਾ ਕਰਕੇ ਜ਼ਰਬ ਦੇ ਨਿਸ਼ਾਨ ਵਾਂਗ ਵਰਤਦਾ ਹੈ ਇਸ ਲਈ ਇਸ ਨੂੰ ਕਰੌਸ ਜਾਂ ਹੁੱਕਡ-ਕਰੌਸ ਕਿਹਾ ਜਾਂਦਾ ਹੈ ਤੇ ਭਾਰਤ ਵਿੱਚ ਇਸ ਨੂੰ ਸਿੱਧਾ ਰੱਖ ਕੇ ਜਮ੍ਹਾਂ ਦੇ ਨਿਸ਼ਾਨ ਵਾਂਗ ਵਰਤਿਆ ਜਾਂਦਾ ਹੈ।
ਪੁਰਾਣੇ ਵੇਲਿਆਂ ਵਿੱਚ ਜਿਹੜੇ ਵੀ ਪੱਛਮ ਦੇ ਲੋਕ ਏਸ਼ੀਆ ਜਾਂ ਭਾਰਤ ਵੱਲ ਦੇ ਸਫਰ ‘ਤੇ ਗਏ ਉਹ ਇਸ ਨਿਸ਼ਾਨ ਦੇ ਪੁਰਾਣੇ-ਯੁੱਗ ਨਾਲ ਜੁੜੇ ਹੋਣ ਕਰਕੇ ਬਹੁਤ ਮੁਤਾਸਰ ਹੋਏ ਤੇ ਉਹਨਾਂ ਨੇ ਵਾਪਸ ਆ ਕੇ ਇਸ ਦੀ ਵਰਤੋਂ ਵੀ ਕੀਤੀ। ਉਤਰੀ ਇੰਗਲੈਂਡ ਦੇ ਸ਼ਹਿਰ ਇਲਕਿਲੀ ਵਿੱਚ ਤਾਂਬਾ-ਯੁੱਗ ਦਾ ਇਕ ਪੱਥਰ ਗੱਡਿਆ ਹੋਇਆ ਹੈ ਜਿਸ ਉਪਰ ਸਵਾਸਤਿਕ ਦਾ ਨਿਸ਼ਾਨ ਉਕਰਿਆ ਹੈ ਤੇ ਬਹੁਤ ਸਾਰੇ ਵਿਰੋਧਾਂ ਦੇ ਬਾਵਜੂਦ ਹਾਲੇ ਵੀ ਕਾਇਮ ਹੈ। ਪੱਛਮ ਵਿੱਚ ਇਹ ਨਿਸ਼ਾਨ ਹਜ਼ਾਰਾਂ ਸਾਲਾਂ ਤੋਂ ਵਰਤਿਆ ਜਾਂਦਾ ਮਿਲਦਾ ਹੈ। ਯੂਕਰੇਨ ਦੀ ਰਾਜਧਾਨੀ ਕੀਵ ਦਾ ਨੈਸ਼ਨਲ ਮਿਊਜ਼ੀਅਮ ਸਵਾਸਤਿਕ ਦੇ ਨਿਸ਼ਾਨ ਨਾਲ ਜੁੜੀਆਂ ਚੀਜ਼ਾਂ ਜਾਂ ਨਿਸ਼ਾਨੀਆਂ ਨਾਲ ਭਰਿਆ ਪਿਆ ਹੈ। ਇਹਨਾਂ ਵਿੱਚ ਹਾਥੀ ਦੇ ਦੰਦ ਦਾ ਬਣਿਆਂ ਇਕ ਪੰਛੀ ਹੈ ਜਿਸ ਉਪਰ ਸਵਾਸਤਿਕ ਚਿਤਰਿਆ ਹੋਇਆ ਹੈ। ਰੇਡੀਓ-ਕਾਰਬਨ ਦੀ ਵਿਧੀ ਰਾਹੀਂ ਇਸ ਪੰਛੀ ਦੀ ਉਮਰ ਦੇਖੀ ਗਈ ਤਾਂ ਪਤਾ ਚੱਲਿਆ ਕਿ ਇਹ ਪੰਦਰਾਂ ਹਜ਼ਾਰ ਸਾਲ ਪੁਰਾਣਾ ਹੈ। ਮਿਊਜ਼ੀਅਮ ਵਿੱਚ ਗਰੀਕ ਪਿਛੋਕੜ ਵਾਲੇ ਗਹਿਣੇ ਵੀ ਰੱਖੇ ਹਨ ਜਿਹਨਾਂ ਉਪਰ ਇਹ ਨਿਸ਼ਾਨ ਹੈ। ਬਹੁਤ ਸਾਰੇ ਕਪੜੇ/ਬਸਤਰ ਵੀ ਅਜਿਹੇ ਹਨ ਜਿਹਨਾਂ ਉਪਰ ਕਢਾਈ ਕਰਕੇ ਸਵਾਸਤਿਕ ਬਣਾਇਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਇਹ ਕਪੜੇ ਜ਼ਰੂਰ ਰਾਜਿਆਂ-ਰਾਣੀਆਂ ਦੇ ਹੋਣਗੇ। ਇਵੇਂ ਹੀ ਤਾਂਬਾ-ਯੁੱਗ ਦੇ ਬਹੁਤ ਸਾਰੇ ਭਾਂਡੇ ਵੀ ਹਨ ਜੋ ਵੱਖ-ਵੱਖ ਜਗਾਵਾਂ ‘ਤੇ ਖੁਦਾਈ ਵੇਲੇ ਮਿਲੇ ਸਨ ਜਿਹਨਾਂ ਉਪਰ ਇਹ ਨਿਸ਼ਾਨ ਹੈ। ਜਰਮਨ ਲੋਕਾਂ ਨੂੰ ਸਵਾਸਿਤਕ ਬਹੁਤ ਮੋਹਿਤ ਕਰਦਾ ਹੈ। ਦੂਜੇ ਮਹਾਂਯੁੱਧ ਵਿੱਚ ਜਦ ਜਰਮਨਾਂ ਨੇ ਯੁਕਰੇਨ ਨੂੰ ਜਿੱਤ ਲਿਆ ਤਾਂ ਕੀਵ ਦੇ ਨੈਸ਼ਨਲ ਮਿਊਜ਼ੀਅਮ ਬਾਰੇ ਜਾਣ ਕੇ ਬਹੁਤ ਖੁਸ਼ ਹੋਏ ਤੇ ਇਸ ਦਾ ਬਹੁਤਾ ਸਮਾਨ ਵਾਪਸ ਆਉਂਦੇ ਹੋਏ ਚੁੱਕ ਲਿਆਏ ਸਨ। ਬਾਅਦ ਵਿੱਚ ਜਦ ਜਰਮਨ ਫੌਜਾਂ ਹਾਰ ਗਈਆਂ ਤੇ ਚਾਰੇ ਪਾਸੇ ਸ਼ਾਂਤੀ ਹੋ ਗਈ ਤਾਂ ਇਹ ਸਮਾਨ ਵਾਪਸ ਮੋੜ ਦਿੱਤਾ ਗਿਆ ਸੀ।
ਦੂਜੇ ਮਹਾਂਯੁੱਧ ਵਿੱਚ ਜਿਹੜੇ ਦੇਸ਼ ਜਰਮਨੀ ਦੇ ਖਿਲਾਫ ਲੜ ਰਹੇ ਸਨ ਉਹ ਇਸ ਯੁੱਧ ਦਾ ਤੇ ਇਸ ਵਿੱਚ ਹੋਈ ਤਬਾਹੀ ਦਾ ਜ਼ਿੰਮਾਦਾਰ ਹਿਟਲਰ (ਜਰਮਨਾਂ) ਨੂੰ ਹੀ ਮੰਨਦੇ ਹਨ ਇਸ ਲਈ ਉਹਨਾਂ ਦੇ ਨਿਸ਼ਾਨ ਨੂੰ ਵੀ ਨਫਰਤ ਕਰਦੇ ਹਨ ਤੇ ਇਸ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਸੀ। ਪਰ ਸੱਚ ਇਹ ਹੈ ਕਿ ਜਰਮਨ ਲੋਕ ਹਾਲੇ ਵੀ ਸਵਾਸਤਿਕ ਨੂੰ ਪਿਆਰ ਕਰਦੇ ਹਨ ਭਾਵੇਂ ਖੁਲ੍ਹ ਕੇ ਇਜ਼ਹਾਰ ਨਹੀਂ ਕਰਦੇ। 2007 ਵਿੱਚ ਜਰਮਨੀ ਨੇ ਸਵਾਸਤਿਕ ਨੂੰ ਯੌਰਪੀਅਨ ਯੂਨੀਅਨ ਦੇ ਨਿਸ਼ਾਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਸਨ ਹੋਏ। 1930 ਤੋਂ ਪਹਿਲਾਂ ਤਾਂ ਯੌਰਪ ਵਿੱਚ ਇਸ ਨਿਸ਼ਾਨ ਦੀ ਵਰਤੋਂ ਪੂਰੀ ਤਰ੍ਹਾਂ ਹੁੰਦੀ ਸੀ। ‘The Swastika: Symbol Beyond Redemption?’ ਨਾਮੀ ਕਿਤਾਬ ਵਿੱਚ ਅਮਰੀਕਨ ਲੇਖਕ ਸਟੀਵਨ ਹੈਲੇਰ ਦਸਦਾ ਹੈ ਕਿ ਕਿਵੇਂ ਪੱਛਮ ਨੇ ਇਸ ਨਿਸ਼ਾਨ ਦੇ ਪੁਰਾਨਤੱਵ ਮਹੱਤਵ ਨੂੰ ਆਪਣੀਆਂ ਵਸਤਾਂ ਨੂੰ ਵੇਚਣ ਲਈ ਪਰੋਮੋਸ਼ਨ ਵਜੋਂ ਵਾਹਵਾ ਵਰਤਿਆ ਹੈ। ਕੋਕਾਕੋਲਾ ਕੰਪਨੀ ਨੇ ਵੀ ਇਸ ਨਿਸ਼ਾਨ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਕਾਰਲਜ਼ਬਰਗ ਬੀਅਰ ਦੀਆਂ ਬੋਤਲਾਂ ਉਪਰ ਵੀ ਇਹ ਨਿਸ਼ਾਨ ਬਣਿਆਂ ਹੁੰਦਾ ਸੀ। ਅਮਰੀਕਾ ਵਿੱਚ ‘ਦਾ ਬੁਆਏ ਸਕੌਟ’ ਨੇ ਆਪਣੇ ਨਿਸ਼ਾਨ ਵਜੋਂ ਵਰਤਿਆ ਸੀ। ਇਵੇਂ ਹੀ ‘ਦਾ ਗਰਲਜ਼ ਕਲੱਬ ਔਫ ਅਮੇਰਿਕਾ’ ਦਾ ਸਵਾਸਤਿਕਾ ਨਾਂ ਦਾ ਮੈਗਜ਼ੀਨ ਛਪਿਆ ਕਰਦਾ ਸੀ। ਉਹ ਆਪਣੇ ਪਾਠਕਾਂ ਵਿੱਚਕਾਰ ਕਈ ਕਿਸਮ ਦੇ ਮੁਕਾਬਲੇ ਕਰਾਇਆ ਕਰਦੇ ਸਨ ਜਿਸ ਵਿੱਚ ਜਿੱਤਣ ਵਾਲੇ ਨੂੰ ਸਵਾਸਤਿਕਾ ਦਾ ਬੈਜ ਮਿਲਦਾ। ਅਮਰੀਕੀ ਹਵਾਈ ਸੈਨਾ ਵਲੋਂ ਇਸ ਨਿਸ਼ਾਨ ਦੀ ਵਰਤੋਂ ਬਾਰੇ ਤਾਂ ਮੈਂ ਪਹਿਲਾਂ ਹੀ ਦੱਸਿਆ ਹੈ। 1930 ਵਿੱਚ ਜਦ ਹਿਟਲਰ ਦੀ ਚੜ੍ਹਾਈ ਸ਼ੁਰੂ ਹੋਈ ਤੇ ਉਹ ਆਪਣੀ ਫੌਜ ਲਈ, ਆਪਣੇ ਜਹਾਜ਼ਾਂ ਲਈ ਸਵਾਸਤਿਕ ਦੇ ਨਿਸ਼ਾਨ ਦੀ ਵਰਤੋਂ ਕਰਨ ਲੱਗਾ ਤਾਂ ਬਾਕੀ ਦੀ ਦੁਨੀਆ ਨੇ ਇਸ ਨਿਸ਼ਾਨ ਤੋਂ ਮੁੱਖ ਮੋੜਨ ਲਿਆ। ਤੇ ਦੂਜਾ ਮਹਾਂਯੁੱਧ ਲਗਦਿਆਂ ਹੀ ਇਹ ਨਿਸ਼ਾਨ ਨਫਰਤ ਦਾ ਪਾਤਰ ਬਣ ਗਿਆ। ਇਸ ਉਪਰ ਸਾਰੇ ਪਾਸੇ ਪਾਬੰਦੀਆਂ ਲੱਗ ਗਈਆਂ।
ਸਵਾਸਤਿਕ ਨੂੰ ਭਾਰਤੀ ਹਿੰਦੂ ਹੀ ਨਹੀਂ ਵਰਤਦੇ ਸਗੋਂ ਦੁਨੀਆ ਵਿੱਚ ਜਿਥੇ ਵੀ ਹਿੰਦੂ ਵਸਦੇ ਹਨ ਉਥੇ ਹੀ ਇਸ ਨੂੰ ਧਾਰਮਿਕ ਚਿੰਨ੍ਹ ਵਜੋਂ ਮਾਣਤਾ ਹਾਸਲ ਹੈ। ਜੈਨ ਧਰਮ ਵਿੱਚ ਇਹ ਆਤਮਿਕ ਅਧਿਆਪਕ ਤੇ ਰੱਖਿਅਕ ਵਜੋਂ ਮੰਨਿਆਂ ਜਾਂਦਾ ਹੈ। ਬੋਧੀ ਇਸ ਨੂੰ ਮਹਾਤਮਾ ਬੁਧ ਦੀਆਂ ਪੈੜਾਂ ਮੰਨਦੇ ਹਨ। ਕਈ ਵਾਰ ਤੁਹਾਨੂੰ ਸਵਾਸਤਿਕ ਉਲਟੇ-ਹੱਥ ਭਾਵ ਖੱਬੇ-ਹੱਥ ਮੁੜਦਾ ਵੀ ਦਿਸ ਸਕਦਾ ਹੈ। ਇਥੇ ਇਸ ਨੂੰ ਰਾਤ ਦਾ ਪ੍ਰਤੀਕ ਵੀ ਮੰਨਿਆਂ ਜਾਂਦਾ ਹੈ। ਕੁਝ ਲੋਕ ਇਸ ਨੂੰ ਮਾਂ-ਕਾਲੀ ਨਾਲ ਵੀ ਜੋੜਦੇ ਹਨ ਜਾਂ ਕਾਲੀ ਦੇ ਤਾਂਤਰਿਕ ਪੱਖ ਵਜੋਂ ਵੀ ਇਸਤੇਮਾਲ ਕਰਦੇ ਹਨ। ਯੌਰਪ ਦੇ ਕਈ ਧਰਮਾਂ ਵਿੱਚ ਇਸ ਨੂੰ ਅਸਮਾਨੀ ਬਿਜਲੀ ਜਾਂ ਬੱਦਲਾਂ ਦਾ ਦੇਵਤਾ ਵੀ ਮੰਨਦੇ ਹਨ ਜਿਵੇਂ ਸਾਡੇ ਇੰਦਰ ਦੇਵਤਾ ਹੈ। ਅਮਰੀਕਾ ਦੇ ਰੈੱਡ ਇੰਡੀਅਨ ਇਸ ਨੂੰ ਚਾਰ ਹਵਾਵਾਂ ਦਾ ਚਿੰਨ੍ਹ ਮੰਨਦੇ ਹਨ। ਇਵੇਂ ਹੀ ਕਿਤੇ ਇਸ ਨੂੰ ਚਾਰ ਮੌਸਮਾਂ ਦਾ ਪ੍ਰਤੀਕ ਤੇ ਕਿਤੇ ਇਸ ਨੂੰ ਘੁੰਮਦੇ ਤਾਰਿਆਂ ਦੇ ਸੰਕੇਤ ਵਜੋਂ ਲਿਆ ਜਾਂਦਾ ਹੈ। ਸਿੰਧ ਘਾਟੀ ਦੀ ਸਭਿਅਤਾ ਵਿੱਚ ਵੀ ਇਹ ਨਿਸ਼ਾਨ ਆਮ ਮਿਲਦਾ ਹੈ। ਇੰਗਲੈਂਡ ਵਿੱਚ ਐਸੈਕਸ ਕਾਉਂਟੀ ਕੋਰਟ ਦੀ 1930 ਵਿੱਚ ਬਣੀ ਇਮਾਰਤ ਉਪਰ ਸਵਾਸਤਿਕ ਦੇ ਬਣਾਏ ਨਿਸ਼ਾਨ ਹਾਲੇ ਵੀ ਕਾਇਮ ਹਨ। ਬਹੁਤ ਸਾਰੇ ਲੋਕ ਇਹਨਾਂ ਦਾ ਵਿਰੋਧ ਕਰਦੇ ਇਹਨਾਂ ਨੂੰ ਮਿਟਾਉਣ ਲਈ ਵੀ ਕਹਿਣ ਲਗਦੇ ਹਨ। ਕੇਂਦਰੀ ਲੰਡਨ ਵਿੱਚ ਇੰਡੀਆ ਹਾਊਸ ਜੋ ਕਿ ਭਾਰਤੀ ਹਾਈਕਮਿਸ਼ਨ ਦਾ ਦਫਤਰ ਹੈ, ਉਪਰ ਵੀ ਇਹ ਨਿਸ਼ਾਨ ਬਣੇ ਹੋਏ ਹਨ। ਉਤਰੀ ਆਇਰਲੈਂਡ ਦੇ ਸ਼ਹਿਰ ਬੈਲਫਾਸਟ ਵਿੱਚ ਇਕ ਘਰ ਦੇ ਗੁਸਲਖਾਨੇ ਵਿੱਚ ਪੁਰਾਣੇ ਵੇਲੇ ਦਾ ਸਵਾਸਤਿਕ ਦਾ ਨਿਸ਼ਾਨ ਬਣਿਆਂ ਹੋਇਆ ਮਿਲਿਆ ਸੀ ਜਿਸ ਕਾਰਨ ਇਹ ਘਰ ਵਾਹਵਾ ਚਰਚਾ ਵਿੱਚ ਰਿਹਾ। ਅੱਜਕੱਲ੍ਹ ਇਥੇ ਕ੍ਰਿਸ਼ਨਾ ਮੰਦਰ ਬਣਿਆਂ ਹੋਇਆ ਹੈ। ਇਵੇਂ ਹੀ ਹੋਰ ਵੀ ਕਈ ਜਗਾਵਾਂ ‘ਤੇ ਗਾਹੇ-ਵਗਾਹੇ ਇਹ ਸਾਈਨ ਉਕਰਿਆ ਮਿਲ ਜਾਂਦਾ ਹੈ। ਇਕ ਬ੍ਰਿਟਿਸ਼ ਲੇਖਕ ਰੁਡਯਾਰਡ ਕਿਪਲਿੰਗ ਭਾਰਤੀ ਸਭਿਆਚਾਰ ਤੋਂ ਏਨਾ ਪ੍ਰਭਾਵਿਤ ਸੀ ਕਿ ਉਸ ਦੀ ਹਰ ਕਿਤਾਬ ਉਪਰ ਸਵਾਸਤਿਕ ਦਾ ਨਿਸ਼ਾਨ ਬਣਿਆਂ ਹੁੰਦਾ ਸੀ ਪਰ ਨਾਜ਼ੀਆਂ ਦੀ ਚੜ੍ਹਤ ਵੇਲੇ ਉਸ ਨੂੰ ਇਹ ਬੰਦ ਕਰਨਾ ਪਿਆ ਸੀ।
ਸਵਾਸਤਿਕ ਦੇ ਅਮੀਰ ਇਤਿਹਾਸ ਨੂੰ ਦੇਖ ਕੇ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਇਸ ਨੂੰ ਮੁੜ ਕੇ ਸਕਾਰਾਤਮਕ ਤਰੀਕੇ ਨਾਲ ਵਰਤਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਕੋਪਨਹੇਗਨ ਸ਼ਹਿਰ ਵਿੱਚ ਪੀਟਰ ਮੈਡਸਨ ਨਾਂ ਦੇ ਬੰਦੇ ਦੀ ਟੈਟੂ ਬਣਾਉਣ ਦੀ ਦੁਕਾਨ ਹੈ। ਉਸ ਦਾ ਕਹਿਣਾ ਹੈ ਕਿ ਸਕੈਂਡੇਨੇਵੀਅਨ ਮੁਲਕਾਂ (ਨਾਰਵੇ, ਸਵੀਡਨ, ਡੈਨਮਾਰਕ ਆਦਿ) ਦੇ ਲੋਕਾਂ ਨੂੰ ਸਵਾਸਤਿਕ ਬਹੁਤ ਅਪੀਲ ਕਰਦਾ ਹੈ। ਉਸ ਨੇ ‘ਲਰਨ ਟੂ ਲਵ ਸਵਾਸਤਿਕਾ’ (Learn to Love Swastika) ਨਾਂ ਦਾ ਇਕ ਗਰੁੱਪ ਬਣਾਇਆ ਹੋਇਆ ਹੈ ਜਿਸ ਦੇ ਬਹੁਤ ਸਾਰੇ ਮੈਂਬਰ ਹਨ। ਉਹ ਹਰ ਸਾਲ 13 ਨਵੰਬਰ ਨੂੰ ਸਵਾਸਤਿਕ ਡੇ ਮਨਾਉਂਦੇ ਹਨ। ਇਸ ਦਿਨ ਦੁਨੀਆ ਭਰ ਦੇ ਟੈਟੂਇਸਟਸ ਮੁਫਤ ਵਿੱਚ ਲੋਕਾਂ ਦੇ ਸਰੀਰ ‘ਤੇ ਸਵਾਸਤਿਕਾ ਦਾ ਨਿਸ਼ਾਨ ਬਣਾ ਕੇ ਦਿੰਦੇ ਹਨ ਤੇ ਇਸ ਦੀ ਮਹੱਤਤਾ ਬਾਰੇ ਵੀ ਦਸਦੇ ਹਨ, ਇਸ ਨੂੰ ਮੁੜ ਕੇ ਸਥਾਪਤ ਕਰਨ ਦੀ ਵਕਾਲਤ ਕਰਦੇ ਹਨ। ਮੇਰਾ ਵੀ ਇਹੋ ਖਿਆਲ ਹੈ ਕਿ ਇਸ ਨਿਸ਼ਾਨ ਨੂੰ ਨਾਜ਼ੀਵਾਦ ਦੀ ਚੁੰਗਲ ਵਿੱਚੋਂ ਕੱਢ ਕੇ ਪਹਿਲਾਂ ਵਾਂਗ ਆਮ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ।
Comments