top of page
  • Writer's pictureਸ਼ਬਦ

ਪ੍ਰਿੰਸ ਫਰੈਡਰਿਕ ਦਲੀਪ ਸਿੰਘ ਦਾ ਪਿੰਡ ਬਲੋ ਨੌਰਟਨ / ਹਰਜੀਤ ਅਟਵਾਲ


ਬਲੋ ਨੌਰਟਨ ਈਸਟ ਐਂਗਲੀਆ ਦੇ ਨੌਰਫੋਕ ਦੇ ਇਲਾਕੇ ਦਾ ਇਕ ਪੁਰਾਣਾ ਛੋਟਾ ਜਿਹਾ ਪਿੰਡ ਹੈ। ਜਿਸ ਦੀ ਆਬਾਦੀ ਤਿੰਨ ਸੌ ਤੋਂ ਵੀ ਘੱਟ ਹੈ ਪਰ ਇਹ ਬਹੁਤ ਮਸ਼ਹੂਰ ਪਿੰਡ ਹੈ। ਇੱਥੇ ਐਂਗਲੋ-ਸੈਕਸਨ ਵੇਲੇ ਦਾ ਸੇਂਟ ਐਂਡਰੀਊ ਚਰਚ ਹੈ। ਜੋ ਤੇਰਵੀਂ ਸਦੀ ਵਿੱਚ ਬਣਾਇਆ ਗਿਆ ਸੀ। ਇਕ ਇਥੇ ਸੋਲਵੀਂ ਸਦੀ ਦੀ ਬਣਾਈ ਇਮਾਰਤ ਹੈ ਜਿਸ ਨੂੰ ‘ਬਲੋ ਨੌਰਟਨ ਹਾਲ’ ਕਿਹਾ ਜਾਂਦਾ ਹੈ। ਜਿਸ ਵਿੱਚ ਕਈ ਮਸ਼ਹੂਰ ਹਸਤੀਆਂ ਰਹਿੰਦੀਆਂ ਰਹੀਆਂ ਹਨ। 1905 ਇਥੇ ਅੰਗਰੇਜ਼ੀ ਦੀ ਮਸ਼ਹੂਰ ਲੇਖਕਾ ਵਰਜੀਨੀਆ ਵੁਲਫ ਰਿਹਾ ਕਰਦੀ ਸੀ। ਇਹ ਪਿੰਡ ਪੰਜਾਬੀਆਂ ਲਈ ਬਹੁਤ ਅਹਿਮ ਹੈ। ਇਥੇ ਸਾਡੇ ਇਤਿਹਾਸ ਦੀਆਂ ਕੁਝ ਪੈੜਾਂ ਹਨ। ਮਹਾਂਰਾਜਾ ਦਲੀਪ ਸਿੰਘ ਦੇ ਇੰਗਲੈਂਡ ਆ ਜਾਣ ਜਾਂ ਲਿਆਂਦੇ ਜਾਣ ਨਾਲ ਪੰਜਾਬੀਆਂ ਦਾ ਇਤਿਹਾਸ ਇਕ ਮੋੜ ਕੱਟਦਾ ਹੈ ਤੇ ਉਹ ਮੋੜ ਬਲੋ ਨੌਰਟਨ ਤੱਕ ਪੁੱਜਦਾ ਹੈ। ਮਹਾਂਰਾਜਾ ਦਲੀਪ ਸਿੰਘ ਦਾ ਦੂਜੇ ਨੰਬਰ ਦਾ ਪੁੱਤਰ ਪਰਿੰਸ ਫਰੈਡਰਿਕ ਦਲੀਪ ਸਿੰਘ ਬਲੋ ਨੌਰਟਨ ਹਾਲ ਦਾ ਵੀਹ ਸਾਲ ਤੱਕ ਮਾਲਕ ਰਿਹਾ ਹੈ। ਬਲੋ ਨੌਰਟਨ ਵਿੱਚ ਫਰੈਡਰਿਕ ਅੱਜ ਵੀ ਬਹੁਤ ਇੱਜ਼ਤ ਨਾਲ ਚੇਤੇ ਕੀਤਾ ਜਾਂਦਾ ਹੈ। ਪਿਆਰ ਨਾਲ ਉਸ ਨੂੰ ਫ੍ਰੈਡੀ ਕਹਿ ਕੇ ਉਸ ਦੀਆਂ ਗੱਲਾਂ ਕਰਦੇ ਹਨ।

ਫਰੈਡਰਿਕ ਦਾ ਜਨਮ 1868 ਵਿੱਚ ਹੋਇਆ ਸੀ। ਮਹਾਂਰਾਜਾ ਦਲੀਪ ਸਿੰਘ ਦਾ ਸਭ ਤੋਂ ਵੱਡਾ ਮੁੰਡਾ ਵਿਕਟਰ ਦਲੀਪ ਸਿੰਘ ਸੀ ਜਿਸ ਦਾ ਜਨਮ 1866 ਵਿੱਚ ਹੋਇਆ ਸੀ। ਵੱਡਾ ਵਿਕਟਰ ਬਹੁਤਾ ਜਿ਼ੰਮੇਵਾਰ ਵਿਅਕਤੀ ਨਹੀਂ ਸੀ। ਉਸ ਦੇ ਮੁਕਾਬਲੇ ਫਰੈਡਰਿਕ ਬਹੁਤ ਸੁਲਝਿਆ ਹੋਇਆ ਮੰਨਿਆਂ ਜਾਂਦਾ ਸੀ। ਮਹਾਂਰਾਜਾ ਦਲੀਪ ਸਿੰਘ ਸਾਰੇ ਬੱਚਿਆਂ ਦਾ ਵੱਖਰਾ ਵੱਖਰਾ ਸੁਭਾਅ ਸੀ। ਇਹਨਾਂ ਸਭ ਵਿੱਚੋਂ ਫਰੈਡਰਿਕ ਬ੍ਰਤਾਨਵੀ ਸਰਕਾਰ ਦਾ ਬਹੁਤ ਚਹੇਤਾ ਸੀ। ਉਸ ਨੇ ਕਦੇ ਵੀ ਸਰਕਾਰ ਦਾ ਵਿਰੋਧ ਨਹੀਂ ਸੀ ਕੀਤਾ, ਸਗੋਂ ਸਰਕਾਰ ਦੀ ਸੇਵਾ ਹੀ ਕੀਤੀ ਸੀ। ਉਹ 1893 ਤੋਂ ਲੈ ਕੇ 1919 ਤੱਕ ਬਿ੍ਰਟਿਸ਼ ਆਰਮੀ ਵਿੱਚ ਰਿਹਾ। ਭਰਤੀ ਹੋਣ ਤੋਂ ਸਾਲ ਬਾਅਦ ਹੀ ਉਸ ਨੂੰ ਸੈਕਿੰਡ ਲੈਫਟੀਨੈਂਟ ਬਣਾ ਦਿੱਤਾ ਗਿਆ ਸੀ ਤੇ ਫਿਰ ਕੁਝ ਸਾਲ ਬਾਅਦ ਕੈਪਟਨ ਤੇ ਫਿਰ ਮੇਜਰ। ਉਸ ਨੇ ਪਹਿਲੇ ਮਹਾਂਯੁੱਧ ਵਿੱਚ ਭਾਗ ਲਿਆ ਸੀ। ਉਹ ਦੋ ਸਾਲ ਫਰਾਂਸ ਵਿੱਚ ਜਨਰਲ ਸਟਾਫ ਵਿੱਚ ਤਾਇਨਾਤ ਰਿਹਾ ਸੀ।

ਫਰੈਡਰਿਕ ਬਹੁਤ ਪੜਿ੍ਹਆ ਲਿਖਿਆ ਸੀ। ਉਸ ਨੇ ਸਕੂਲੀ ਪੜ੍ਹਾਈ ਈਟਨ ਸਕੂਲ ਤੋਂ ਕੀਤੀ ਸੀ ਜੋ ਵੱਡੇ ਸਟੈਂਡਰਡ ਵਾਲਾ ਸਕੂਲ ਹੁੰਦਾ ਸੀ, ਅੱਜ ਵੀ ਹੈ। ਕੈਂਬਰਿਜ ਯੂਨੀਵਰਸਟੀ ਤੋਂ ਉਸ ਨੇ ਬੀ.ਏ. ਤੇ ਫਿਰ ਐਮ.ਏ. ਕੀਤੀ। ਉਹ ਇਤਿਹਾਸ ਦਾ ਵਿਦਿਆਰਥੀ ਸੀ। ਉਸ ਦੀ ਪੁਰਾਤਤੱਵ ਵਿਗਿਆਨ ਵਿੱਚ ਬਹੁਤ ਦਿਲਚਸਪੀ ਸੀ। ਉਹ ਪੁਰਾਣੀਆਂ ਇਮਾਰਤਾਂ ਤੇ ਪੁਰਾਣੀਆਂ ਵਸਤਾਂ ਦਾ ਮਾਹਰ ਸੀ ਤੇ ਇਸ ਨਾਲ ਸੰਬੰਧਤ ਕਈ ਸੁਸਾਇਟੀਆਂ ਦਾ ਮੈਂਬਰ ਸੀ। ਉਹ ਹੋਰ ਕਈ ਨਾਮਵਾਰ ਕਲੱਬਾਂ ਦਾ ਮੈਂਬਰ ਵੀ ਸੀ। ਫਰੈਡਰਿਕ ਦਾ ਜਨਮ ਤਾਂ ਭਾਵੇਂ ਲੰਡਨ ਵਿੱਚ ਹੋਇਆ ਸੀ ਪਰ ਉਸ ਨੂੰ ਇੰਗਲੈਂਡ ਦੇ ਈਸਟ ਐਂਗਲੀਆ ਇਲਾਕੇ ਨਾਲ ਬਹੁਤ ਪਿਆਰ ਸੀ। ਉਹ ਉਮਰ ਦਾ ਵੱਡਾ ਹਿੱਸਾ ਉਸ ਇਲਾਕੇ ਵਿੱਚ ਹੀ ਰਿਹਾ। ਉਸ ਦਾ ਬਚਪੱਨ ਵੀ ਥੈਟਫੋਰਡ ਦੇ ਕੋਲ ਪੈਂਦੇ ਐਲਵੇਡਨ ਹਾਲ ਵਿੱਚ ਹੀ ਲੰਘਿਆ ਸੀ। ਇਥੇ ਹੀ ਮਹਾਂਰਾਜਾ ਦਲੀਪ ਸਿੰਘ ਦੀ ਅਠਾਰਾਂ ਹਜ਼ਾਰ ਏਕੜ ਦੀ ਇਸਟੇਟ ਸੀ। ਇਸ ਇਸਟੇਟ ਦੇ ਐਲਵੇਡਨ ਹਾਲ ਵਿੱਚ ਹੀ ਮਹਾਂਰਾਜਾ ਦਲੀਪ ਸਿੰਘ ਦੇ ਬੱਚਿਆਂ ਦਾ ਬਚਪੱਨ ਗੁਜ਼ਰਿਆ। ਇਹ ਵੀ ਇਕ ਕਾਰਨ ਸੀ ਕਿ ਫਰੈਡਰਿਕ ਤੇ ਉਸ ਦੇ ਹੋਰ ਭੈਣ ਭਰਾ ਇਸ ਇਲਾਕੇ ਨੂੰ ਬਹੁਤ ਪਸੰਦ ਕਰਦੇ ਸਨ। ਮਹਾਂਰਾਜੇ ਦਾ ਵੱਡਾ ਮੁੰਡਾ ਵਿਕਟਰ ਕਿਤੇ ਵੀ ਟਿਕ ਨਹੀਂ ਸੀ ਬਹਿ ਸਕਿਆ। ਉਹ ਬਹੁਤਾ ਸਮਾਂ ਇੰਗਲੈਂਡ ਤੋਂ ਬਾਹਰ ਹੀ ਰਿਹਾ ਸੀ ਤੇ ਉਸ ਦੀ ਮੌਤ ਵੀ 1918 ਨੂੰ ਮੌਂਟੀ ਕਾਰਲੋ, ਫਰਾਂਸ ਵਿੱਚ ਹੋਈ। ਫਰੈਡਰਿਕ ਦਾ ਜੀਵਨ ਕਾਫੀ ਸੁੰਤਲਤ ਸੀ ਭਾਵੇਂ ਵਿਆਹ ਉਸ ਨੇ ਨਹੀਂ ਸੀ ਕਰਾਇਆ।

ਮਹਾਂਰਾਜਾ ਦਲੀਪ ਸਿੰਘ ਦੀ ਜੀਵਨ ਉਪਰ ਨਾਵਲ ‘ਆਪਣਾ’ ਲਿਖਦੇ ਸਮੇਂ ਉਸ ਦੇ ਬੇਟੇ ਫਰੈਡਰਿਕ ਨੇ ਮੇਰਾ ਖਾਸ ਧਿਆਨ ਖਿਚਿਆ ਸੀ। ਮੈਂ ਇਸ ਬਾਰੇ ਹੋਰ ਖੋਜ ਕੀਤੀ ਤਾਂ ਪਤਾ ਚੱਲਿਆ ਕਿ ਫਰੈਡਰਿਕ ਦਾ ਪਿੰਡ ਬਲੋ ਨੌਰਟਨ ਥੈਟਫੋਰਡ ਤੋਂ ਨਜ਼ਦੀਕ ਹੀ ਸੀ। ਬਲੋ ਨੌਰਟਨ ਵਿੱਚ ਫਰੈਡਰਿਕ ਦੀ ਕਬਰ ਵੀ ਹੈ ਤੇ ਉਹ ਘਰ ਵੀ ਜਿਸ ਵਿੱਚ ਉਹ ਵੀਹ ਸਾਲ ਰਿਹਾ। ਮੈਂ ਨਕਸ਼ਾ ਦੇਖ ਕੇ ਬਲੋ ਨੌਰਟਨ ਪੁੱਜ ਗਿਆ। ਛੋਟਾ ਜਿਹਾ ਪਿੰਡ ਸੀ। ਗਰਮੀਆਂ ਦੇ ਦਿਨ ਸਨ ਪਰ ਪਿੰਡ ਵਿੱਚ ਕੋਈ ਵੀ ਬੰਦਾ ਨਹੀਂ ਸੀ ਦਿਸ ਰਿਹਾ। ਮੈਂ ਘੁੰਮ ਕੇ ਦੇਖਿਆ, ਕਿਤੇ ਵੀ ਕਬਰਸਤਾਨ ਨਹੀਂ ਸੀ ਦਿਸ ਰਿਹਾ। ਤੇ ਨਾ ਹੀ ਬਲੋ ਨੌਰਟਨ ਹਾਲ, ਫਰੈਡਰਿਕ ਦਾ ਘਰ ਹੀ ਲੱਭ ਰਿਹਾ ਸੀ। ਕਾਫੀ ਦੇਰ ਘੁੰਮਣ ਤੋਂ ਬਾਅਦ ਇਕ ਚਰਚ ਦਿਸਿਆ। ਉਸ ਦੇ ਨਾਲ ਕੁਝ ਕਬਰਾਂ ਵੀ ਸਨ। ਇਕ ਤਾਜ਼ੀ ਕਬਰ ਵੀ ਸੀ। ਮੈਂ ਸੋਚਿਆ ਕਿ ਸ਼ਾਇਦ ਇਥੇ ਹੀ ਫਰੈਡਰਿਕ ਦੀ ਕਬਰ ਹੋਵੇਗੀ। ਮੈਂ ਫਰੈਡਰਿਕ ਦੀ ਕਬਰ ਲੱਭ ਰਿਹਾ ਸਾਂ ਇਕ ਇਕ ਔਰਤ ਮੇਰੇ ਕੋਲ ਆਈ ਤੇ ਪੁੱਛਣ ਲੱਗੀ ਕਿ ਕੀ ਮੈਂ ਫ੍ਰੈਡੀ ਦੀ ਕਬਰ ਲੱਭ ਰਿਹਾ ਹਾਂ। ਉਸ ਨੇ ਮੇਰੇ ਰੰਗ ਤੋਂ ਹੀ ਅੰਦਾਜ਼ਾ ਲਾ ਲਿਆ ਸੀ ਕਿ ਮੈਂ ਫਰੈਡਰਿਕ ਦੀ ਭਾਲ ਵਿੱਚ ਹੋਵਾਂਗਾ। ਉਸ ਨੇ ਮੈਨੂੰ ਇਕ ਕਬਰ ਦਿਖਾਈ ਜਿਥੇ ਫਰੈਡਰਿਕ ਦੇ ਨਾਂ ਦੀ ਸਲੈਬ ਲੱਗੀ ਹੋਈ ਸੀ। ਮੈਂ ਕਬਰ ‘ਤੇ ਸਿਜਦਾ ਕੀਤਾ ਤੇ ਨਾਲ ਲਿਆਂਦੇ ਹੋਏ ਫੁੱਲ ਚੜ੍ਹਾਏ। ਉਸ ਔਰਤ ਦਾ ਨਾਂ ਸੂਜਨ ਸੀ। ਉਹ ਫਰੈਡਰਿਕ ਬਾਰੇ ਇਵੇਂ ਗੱਲਾਂ ਕਰ ਰਹੀ ਸੀ ਜਿਵੇਂ ਆਪਣੇ ਕਿਸੇ ਖਾਸ ਬੰਦੇ ਬਾਰੇ ਜਾਂ ਘਰ ਦੇ ਹੀ ਕਿਸੇ ਪੁਰਾਣੇ ਜੀਅ ਬਾਰੇ ਕਰ ਰਹੀ ਹੁੰਦੀ ਹੈ। ਉਸ ਨੇ ਮੈਨੂੰ ਫਰੈਡਰਿਕ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਜਿਹੜੀ ਕਿਤਾਬਾਂ ਵਿੱਚ ਨਹੀਂ ਮਿਲਦੀ। ਸੇਂਟ ਐਡਰਿਊ ਚਰਚ ਜਿਸ ਦੇ ਨਾਲ ਇਹ ਕਬਰਾਂ ਸਨ, ਫਰੈਡਰਿਕ ਦਾ ਹੀ ਬਣਾਇਆ ਹੋਇਆ ਸੀ। ਅਸਲ ਵਿੱਚ ਇਹ ਚਰਚ ਤਾਂ ਤੇਰਵੀਂ ਸਦੀ ਦਾ ਸੀ ਪਰ ਸਮੇਂ ਨਾਲ ਢਹਿ ਗਿਆ ਸੀ, ਫਰੈਡਰਿਕ ਨੇ ਇਸ ਨੂੰ ਦੁਬਾਰਾ ਮੁਰਮੰਤ ਕਰਾਇਆ ਸੀ। ਅਸੀਂ ਚਰਚ ਨੂੰ ਅੰਦਰੋਂ ਧਿਆਨ ਨਾਲ ਦੇਖਿਆ। ਚਰਚ ਦੀ ਹਰ ਚੀਜ਼ ਉਪਰ ਫਰੈਡਰਿਕ ਦੀ ਛਾਪ ਹੈ। ਉਸ ਦੇ ਨਾਂ ਦੀ ਵੱਡੀ ਸਾਰੀ ਤੱਖਤੀ ਲੱਗੀ ਹੋਈ ਹੈ। ਉਸ ਅੰਦਰ ਟੰਗੀਆਂ ਹੋਈਆਂ ਤਸਵੀਰਾਂ, ਰੱਗ ਜਾਂ ਹੋਰ ਸਜਾਵਟੀ ਚੀਜ਼ਾਂ ਫਰੈਡਰਿਕ ਹੀ ਲਿਆਇਆ ਹੋਇਆ ਸੀ। ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਸਕੌਟਲੈਂਟ ਤੋਂ ਵੀ ਆਈਆਂ ਸਨ। ਕਿਉਂਕਿ ਮਹਾਂਰਾਜਾ ਦਲੀਪ ਸਿੰਘ ਕੁਝ ਦੇਰ ਸਕੌਟਲੈਂਡ ਵਿੱਚ ਵੀ ਰਿਹਾ ਸੀ ਇਸ ਲਈ ਫਰੈਡਰਿਕ ਦਾ ਸਕੌਟਲੈਂਡ ਆਉਣਾ ਜਾਣਾ ਬਣਿਆਂ ਰਹਿੰਦਾ ਸੀ। ਸੇਂਟ ਐਡਰਿਊ ਚਰਚ ਤੋਂ ਪੰਜ ਕੁ ਸੌ ਗਜ਼ ਅੱਗੇ ਜਾ ਕੇ ਬਲੋ ਨੌਰਟਨ ਹਾਲ ਸੀ ਜਿਥੇ ਫਰੈਡਰਿਕ ਰਿਹਾ ਸੀ। ਇਹ ਇਮਾਰਤ ਫਰੈਡਰਿਕ ਨੇ ਖਰੀਦੀ ਸੀ। ਵੈਸੇ ਤਾਂ ਇਹ ਇਮਾਰਤ ਬਹੁਤ ਪੁਰਾਣੀ ਸੀ ਪਰ ਇਹ ਸਮੇਂ ਸਮੇਂ ਇਸ ਦੀ ਮਲਕੀਅਤ ਬਦਲਦੀ ਰਹੀ ਸੀ। ਅੱਜ ਕੱਲ ਇਸ ਦਾ ਮਾਲਕ ਕੋਈ ਹੋਰ ਸੀ। ਇਹ ਇਮਾਰਤ ਸੜਕ ਤੋਂ ਕੁਝ ਹਟਵੀਂ ਸੀ। ਇਥੇ ਹੀ ਸੌ ਸੌ ਫੁੱਟੇ ਦਰਖਤ ਸਨ, ਸੂਜਨ ਮੁਤਾਬਕ ਇਹ ਫਰੈਡਰਿਕ ਦੇ ਸਮੇਂ ਤੋਂ ਹੀ ਚਲਦੇ ਆ ਰਹੇ ਹਨ। ਮੈਂ ਫਰੈਡਰਿਕ ਦਾ ਘਰ ਦੇਖਣ ਦੇ ਮਕਸਦ ਨਾਲ ਜਾ ਕੇ ਉਸ ਦਾ ਬੂਹਾ ਖੜਕਾਇਆ ਪਰ ਕਿਸੇ ਨੇ ਨਾ ਖੋਹਲਿਆ। ਸੂਜਨ ਨੇ ਦੱਸਿਆ ਕਿ ਬਹੁਤ ਸਾਰੇ ਪੰਜਾਬੀ ਲੋਕ ਫ੍ਰੈਡੀ ਦਾ ਘਰ ਦੇਖਣ ਆ ਜਾਂਦੇ ਹਨ ਜਿਸ ਨੂੰ ਇਸ ਦੇ ਨਵੇਂ ਮਾਲਕ ਪਸੰਦ ਨਹੀਂ ਕਰਦੇ। ਘਰ ਦੇ ਦੁਆਲੇ ਕਾਫੀ ਸਾਰਾ ਰਕਬਾ ਸੀ। ਇਹਨਾਂ ਦਰਖਤਾਂ ਵਿੱਚ ਹੀ ਫਰੈਡਰਿਕ ਨੇ ਆਪਣੇ ਪਿਤਾ ਦੀ ਯਾਦ ਵਿੱਚ ਇਕ ਮੰਦਿਰ ਵੀ ਬਣਾਇਆ ਸੀ ਜੋ ਹੁਣ ਢਹਿ ਚੁੱਕਾ ਸੀ। ਵੈਸੇ ਇਸ ਮੰਦਿਰ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਮਿਲ ਜਾਂਦੀਆਂ ਹਨ। ਉਸ ਨੇ ਪਿੰਡ ਵਿੱਚ ਸਕੂਲ ਵੀ ਖੋਹਲਿਆ ਸੀ। ਇਥੇ ਆ ਕੇ ਮੈਨੂੰ ਫਰੈਡਰਿਕ ਦੇ ਜੀਵਨ ਬਾਰੇ ਕੁਝ ਹੋਰ ਗੱਲਾਂ ਦਾ ਪਤਾ ਚੱਲਿਆ ਜਿਵੇਂ ਕਿ ਉਹ ਘੋੜਸਵਾਰੀ ਦਾ ਬਹੁਤ ਸ਼ੌਕੀਨ ਸੀ। ਉਹ ਕੱਟੜ ਇਸਾਈ ਸੀ। ਉਹ ਦਾਨਪੁੰਨ ਬਹੁਤ ਕਰਦਾ ਸੀ। ਉਸ ਦਾ ਸੁਭਾਅ ਬਹੁਤ ਮਿਲਣਸਾਰ ਸੀ। ਪਹਿਲਾਂ ਮਹਾਂਯੱੁਧ ਖਤਮ ਹੁੰਦਿਆਂ ਹੀ ਉਹ ਫੌਜ ਵਿੱਚੋਂ ਰਿਟਾਇਰ ਹੋ ਗਿਆ ਸੀ। ਇਥੇ ਹੀ 1926 ਵਿੱਚ ਉਸ ਦੀ ਮੌਤ ਹੋਈ। ਸੂਜਨ ਮੁਤਾਬਕ ਫਰੈਡਰਿਕ ਦੀਆਂ ਭੈਣਾਂ ਤੇ ਭਰਾ ਵਿਕਟਰ ਉਸ ਨੂੰ ਮਿਲਣ ਆਉਂਦੇ ਰਹਿੰਦੇ ਹਨ। ਉਸ ਦੀਆਂ ਦੋ ਭੈਣਾਂ ਤਾਂ ਇਸੇ ਪਿੰਡ ਦੇ ਇਕ ਘਰ ਵਿੱਚ ਰਹਿੰਦੀਆਂ ਵੀ ਰਹੀਆਂ ਹਨ। ਉਹ ਘਰ ਹਾਲੇ ਵੀ ਕਾਇਮ ਹੈ।

ਜਦ ਮੇਰਾ ਨਾਵਲ ‘ਆਪਣਾ’ ਛਪ ਗਿਆ ਤਾਂ ਮੇਰੇ ਦੋਸਤਾਂ ਨੇ ਸਲਾਹ ਕੀਤੀ ਇਸ ਨਾਵਲ ਨੂੰ ਥੈਟਫੋਰਡ ਜਾ ਕੇ ਮਹਾਰਾਜੇ ਦੇ ਬੁੱਤ ਮੁਹਰੇ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ। ਇਹ ਇਕ ਕਿਸਮ ਦੀ ਮਹਾਂਰਾਜੇ ਨੂੰ ਸ਼ਰਧਾਂਜਲੀ ਹੋਵੇਗੀ। ਭਾਰਤ ਤੋਂ ਡਾ ਗੁਰਪਾਲ ਸੰਧੂ, ਡਾ ਦੇਵਿੰਦਰ ਕੌਰ, ਦਰਸ਼ਨ ਬੁਲੰਦਵੀ ਤੇ ਕੁਝ ਹੋਰ ਦੋਸਤ ਅਸੀਂ ਥੈਟਫੋਰਡ ਚਲੇ ਗਏ ਤੇ ਉਥੋਂ ਅਸੀਂ ਬਲੋ ਨੌਰਟਨ ਗਏ। ਬਲੋ ਨੌਰਟਨ ਸੇਂਟ ਐਡਰਿਊ ਚਰਚ ਦੇ ਹਾਤੇ ਵਿੱਚ ਜਿਥੇ ਕਬਰਾਂ ਵੀ ਹਨ, ਬਹੁਤ ਸਾਰੇ ਟੈਂਟ ਲੱਗੇ ਹੋਏ ਸਨ ਜਿਵੇਂ ਕੋਈ ਮੇਲਾ ਹੋ ਕੇ ਹਟਿਆ ਹੋਵੇ। ਸਾਨੂੰ ਆਇਆਂ ਦੇਖ ਕੇ ਪਿੰਡ ਦੇ ਕਾਫੀ ਲੋਕ ਇਕੱਠੇ ਹੋ ਗਏ। ਸੂਜਨ ਜੋ ਪਹਿਲਾਂ ਮਿਲੀ ਸੀ, ਵੀ ਆ ਗਈ। ਉਸ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਫਰੈਡਰਿਕ ਦੀ ਯਾਦ ਵਿੱਚ ਮੇਲਾ ਲਾਇਆ ਗਿਆ ਸੀ। ਪੰਦਰਾਂ ਅਗਸਤ ਵਾਲੇ ਦਿਨ ਫਰੈਡਰਿਕ ਦੇ ਡੈੱਥ ਐਨੀਵਰਸਰੀ ਹੁੰਦੀ ਹੈ ਤੇ ਹਰ ਸਾਲ ਇਸ ਦਿਨ ਬਲੋ ਨੌਰਟਨ ਵਿੱਚ ਮੇਲਾ ਲੱਗਦਾ ਹੈ। ਪੂਰੇ ਇਲਾਕੇ ਦੇ ਲੋਕ ਇਕੱਠੇ ਹੁੰਦੇ ਹਨ। ਸਾਡੇ ਮਨ ਅਜੀਬ ਜਿਹੀ ਖੁਸ਼ੀ ਨਾਲ ਭਰ ਗਏ। ਪਹਿਲਾਂ ਮਹਾਂਰਾਜਾ ਦਲੀਪ ਸਿੰਘ ਤੇ ਫਿਰ ਰਾਜਕੁਮਾਰ ਫਰੈਡਰਿਕ ਦਲੀਪ ਸਿੰਘ ਨੂੰ ਇਹ ਲੋਕ ਏਨਾ ਪਿਆਰ ਦੇ ਰਹੇ ਹਨ, ਉਹ ਵੀ ਉਹਨਾਂ ਦੇ ਮਰਨ ਤੋਂ ਸੌ ਸਾਲ ਬਾਅਦ ਇਸ ਤੋਂ ਖੁਸ਼ੀ ਦੀ ਗੱਲ ਕਿਹੜੀ ਹੋ ਸਕਦੀ ਹੈ।

ਹੋਰ ਕਿਸੇ ਦਾ ਤਾਂ ਪਤਾ ਨਹੀਂ ਬਲੋ ਨੌਰਟਨ ਮੇਰੇ ਮਨ ਵਿੱਚ ਵੱਸ ਚੁੱਕਾ ਹੈ। ਮੈਂ ਜਦ ਵੀ ਮਹਾਂਰਾਜਾ ਦਲੀਪ ਸਿੰਘ ਦੀ ਕਬਰ ‘ਤੇ ਸਜਦਾ ਕਰਨ ਜਾਂਦਾ ਹਾਂ ਤਾਂ ਪਰਿੰਸ ਫਰੈਡਰਿਕ ਦੀ ਕਬਰ ਤੇ ਵੀ ਜ਼ਰੂਰ ਜਾ ਕੇ ਆਉਂਦਾ ਹਾਂ। ਇਸ ਪਿੰਡ ਦੇ ਕੁਝ ਲੋਕ ਵੀ ਮੈਨੂੰ ਜਾਨਣ ਲੱਗੇ ਹਨ। ਇਸ ਵਾਰ ਪੰਦਰਾਂ ਅਗਸਤ ਦੇ ਮੇਲੇ ‘ਤੇ ਉਹਨਾਂ ਦਾ ਮੈਨੂੰ ਵਿਸ਼ੇਸ਼ ਸੱਦਾ ਆਇਆ ਸੀ ਪਰ ਕਰੋਨਾ ਵਾਇਰਸ ਫੈਲ ਜਾਣ ਕਾਰਨ ਮੈਂ ਨਹੀਂ ਸਾਂ ਜਾ ਸਕਿਆ। ਅਗਲੀ ਵਾਰ ਜ਼ਰੂਰ ਜਾਵਾਂਗਾ।


Comments


bottom of page