top of page
  • Writer: ਸ਼ਬਦ
    ਸ਼ਬਦ
  • Oct 30
  • 207 min read

ree

ਨਾਵਲ  

ਕਾਲੇ ਰੰਗ ਗੁਲਾਬਾਂ ਦੇ

ਹਰਜੀਤ ਅਟਵਾਲ



ਇੱਕ


      ਏਅਰਪੋਰਟ ਦੇ ਨਾਲ ਲਗਦੀ ਹੀ ਰੋਮੋ ਨਾਂ ਦੀ ਇਮਾਰਤ ਹੈ। ਇਹ ਰੋਆਇਲ ਮੇਲ ਦਾ ਦਫਤਰ ਹੈ। ਦਫਤਰ ਘੱਟ ਤੇ ਵੇਅਰ ਹਾਊਸ ਵੱਧ ਹੈ। ਇਥੇ ਜਹਾਜ਼ਾਂ ਤੋਂ ਉਤਰਦੀ ਡਾਕ ਇਕੱਠੀ ਕੀਤੀ ਜਾਂਦੀ ਹੈ ਤੇ ਅੱਗੇ ਇਹਨਾਂ ਨੂੰ ਵੱਖ ਵੱਖ ਦਫਤਰਾਂ ਵਿਚ ਭੇਜਿਆ ਜਾਂਦਾ ਹੈ। ਜਿਥੋਂ ਇਹਨਾਂ ਚਿੱਠੀਆਂ-ਪਾਰਸਲਾਂ ਨੂੰ ਛਾਂਟ ਕੇ ਇਹਨਾਂ ਦੀਆਂ ਮੰਜ਼ਿਲਾਂ ਤੀਕ ਪੁਜਦੇ ਕੀਤਾ ਜਾਂਦਾ ਹੈ। ਇਲੈਕਟਰੌਨਿਕ ਮੀਡੀਆ ਨੇ ਜਿਥੇ ਡਾਕਖਾਨਿਆਂ ਦਾ ਕੰਮ ਬਹੁਤ ਘਟਾ ਦਿਤਾ ਹੈ ਉਥੇ ਹੀ ਔਨ ਲਾਈਨ ਸ਼ੌਪਿੰਗ ਨੇ ਕੰਮ ਵਿਚ ਵਾਧਾ ਵੀ ਕੀਤਾ ਹੈ। ਹੁਣ ਚਿੱਠੀਆਂ ਤੇ ਪਾਰਸਲਾਂ ਦੀ ਅਨੁਪਾਤ ਉਲਟੀ ਹੋ ਗਈ ਹੈ। ਪਹਿਲਾਂ ਚਿੱਠੀਆਂ ਦੀ ਗਿਣਤੀ ਬਹੁਤੀ ਹੁੰਦੀ ਸੀ ਤੇ ਹੁਣ ਪਾਰਸਲਾਂ ਦੀ। ਇਥੇ ਸੌ ਕੁ ਬੰਦਾ ਵੱਖ ਵੱਖ ਸ਼ਿਫਟਾਂ ਵਿਚ ਪੱਕੇ ਤੌਰ 'ਤੇ ਕੰਮ ਕਰਦਾ ਹੈ, ਏਨੇ ਕੁ ਹੀ ਆਰਜ਼ੀ ਕਾਮੇ ਵੀ ਹੋਣਗੇ। ਆਰਜ਼ੀ ਕਾਮਿਆਂ ਦੀ ਗਿਣਤੀ ਲੋੜ ਅਨੁਸਾਰ ਵਧਦੀ ਘਟਦੀ ਰਹਿੰਦੀ ਹੈ।

       ਰੋਮੋ ਦਾ ਉੱਤਰ ਵਾਲਾ ਪਾਸਾ ਏਅਰਪੋਰਟ ਵਲ ਨੂੰ ਖੁਲ੍ਹਦਾ ਹੈ ਦੋ ਕੁ ਸੌ ਗਜ਼ 'ਤੇ ਆ ਕੇ ਜਹਾਜ਼ ਖੜਦਾ ਹੈ ਜਿਹਨਾਂ ਵਿਚੋਂ ਡਾਕ ਉਤਾਰ ਕੇ ਵੈਨਾਂ, ਲੋਅਰ-ਲੋਡਰਾਂ ਤੇ ਪਿੱਕ-ਅੱਪਾਂ ਰਾਹੀਂ ਰੋਮੋ ਵਿਚ ਲਿਆਂਦੀ ਜਾਂਦੀ ਹੈ। ਰੋਮੋ ਦੇ ਇਸ ਪਾਸੇ ਦਸ ਬੇਅ ਜਾਂ ਵੱਡੇ ਦਰਵਾਜ਼ੇ ਹਨ ਜਿਥੇ ਇਹਨਾਂ ਲਾਰੀਆਂ ਵਿਚ ਡਾਕ ਨਾਲ ਭਰੇ ਬੈਗ ਉਤਾਰੇ ਜਾਂਦੇ ਹਨ ਤੇ ਛਾਂਟ ਕੇ ਇਹਨਾਂ ਨੂੰ ਯੌਰਕਾਂ ਭਾਵ ਟਰਾਲੀਆਂ ਵਿਚ ਪਾਇਆ ਜਾਂਦਾ ਹੈ ਤੇ ਰੋਮੋ ਦੇ ਦੱਖਣ ਵਿਚ ਬਣੇ ਦਸਾਂ ਬੇਆਂ ਵਿਚ ਲਾਰੀਆਂ ਆ ਕੇ ਖੜਦੀਆਂ ਹਨ ਤੇ ਇਹਨਾਂ ਬੈਗਾਂ ਨੂੰ ਵੱਖ ਵੱਖ ਦਿਸ਼ਾਵਾਂ ਵਲ ਲੈ ਤੁਰਦੀਆਂ ਹਨ। ਇਵੇਂ ਹੀ ਇਸ ਇਮਾਰਤ ਦੇ ਪੱਛਮ ਵਲ ਪੰਜ ਬੇਅ ਹਨ ਜਿਥੇ ਲਾਰੀਆਂ ਉਹ ਡਾਕ ਲੈ ਕੇ ਆਉਂਦੀਆਂ ਹਨ ਜਿਸ ਨੇ ਦੇਸ਼ ਤੋਂ ਬਾਹਰ ਜਾਣਾ ਹੁੰਦਾ ਹੈ। ਇਹ ਲਾਰੀਆਂ ਫਲਾਈਟਾਂ ਦੇ ਵਕਤ ਦੇ ਹਿਸਾਬ ਨਾਲ ਆਉਂਦੀਆਂ ਹਨ। ਕਈ ਵਾਰ ਡਾਕ ਵਾਲੇ ਬੈਗ ਲੋਹੇ ਦੇ ਕਿਸੇ ਵੱਡੇ ਡੱਬੇ ਰਾਹੀਂ ਆਉਂਦੇ ਤੇ ਕਈ ਉਵੇਂ ਹੀ। ਹਰ ਮੁਲਕ ਦੇ ਬੈਗ ਦਾ ਆਪਣਾ ਹੀ ਵੱਖਰਾ ਰੰਗ ਹੁੰਦਾ ਤੇ ਪੱਛਾਣਿਆਂ ਜਾਂਦਾ ਕਿ ਕਿਹੜੇ ਦੇਸ਼ੋਂ ਆਇਆ ਹੈ। ਰੋਮੋ ਦੇ ਦੱਖਣ ਵਿਚ ਹੀ ਇਸ ਇਮਾਰਤ ਦੀ ਮੇਨ ਐਂਟਰਸ ਹੈ। ਇਥੇ ਹੀ ਸਕਿਉਟਰੀ ਦਫਤਰ ਹੈ ਜਿਥੇ ਹਰ ਲਾਰੀ ਦੇ ਡਰਾਈਵਰ ਨੂੰ ਆ ਕੇ ਰਿਪ੍ਰੋਟ ਕਰਨੀ ਪੈਂਦੀ ਹੈ। ਰੋਮੋ ਦਾ ਹਰ ਕਾਮਾ ਵੀ ਆਪਣੀ ਸ਼ਨਾਖਤ ਕਰਾ ਕੇ ਜਾਂ ਸ਼ਨਾਖਤੀ ਕਾਰਡ ਸਕੈਨ ਕਰਕੇ ਇਸੇ ਪਾਸੇ ਬਣੇ ਛੋਟੇ ਗੇਟ ਰਾਹੀਂ ਅੰਦਰ ਲੰਘਦਾ ਹੈ।

       ਰੋਮੋ ਦੇ ਪੂਰਬ ਵਿਚ ਇਸ ਦੇ ਕਾਮਿਆਂ ਲਈ ਕਾਰ ਪਾਰਕ ਹੈ।

       ਰਾਤ ਦੇ ਹਾਲੇ ਦਸ ਨਹੀਂ ਸਨ ਵੱਜੇ ਜਦ ਹੌਂਡਾ ਆ ਕੇ ਕਾਰ ਪਾਰਕ ਵਿਚ ਰੁਕੀ। ਜੱਗੀ ਡਰਾਈਵਿੰਗ ਸੀਟ ਤੋਂ ਬਾਹਰ ਨਿਕਲਿਆ ਤੇ ਮਗਰੇ ਹੀ ਨਵੀ ਤੇ ਦੇਵਨ ਵੀ। ਉਹਨਾਂ ਨੇ ਆਪੋ-ਆਪਣੇ ਬੈਗ ਚੁੱਕੇ ਤੇ ਸ਼ਨਾਖਤੀ ਕਾਰਡ ਸਕੈਨ ਕਰਕੇ ਸਕਿਓਰਟੀ ਬੈਰੀਅਰ ਲੰਘਦੇ ਅੰਦਰ ਜਾ ਵੜੇ। ਅੰਦਰ ਵੜਦਿਆਂ ਹੀ ਉਹਨਾਂ ਨੂੰ ਰਾਜੂ ਮਿਲ ਪਿਆ। ਉਹਨੇ ਪੁੱਛਿਆ,

       -ਆ ਗਈ ਬਈ ਤਿਕੜੀ! ਕਿੱਦਾਂ?

       -ਚੜ੍ਹਦੀ ਕਲਾ!

       ਜਵਾਬ ਦੇ ਕੇ ਜੱਗੀ ਨੇ ਉਸ ਨੂੰ ਅੱਖ ਮਾਰੀ ਤੇ ਦੂਜੇ ਦੋਵੇਂ ਹੱਸ ਕੇ ਲੌਕਰਾਂ ਵਿਚ ਜਾ ਵੜੇ। ਦੇਵਨ ਆਪਣਾ ਲੌਕਰ ਖੋਹਲਦਾ ਬੋਲਿਆ,

       -ਬੋਤਲ ਤਾਂ ਹਾਲੇ ਪਈ ਸੀ, ਮੈਂ ਇਕ ਹੋਰ ਚੁੱਕ ਲਿਆਇਆਂ।

       -ਫਿਕਰ ਨਾ ਕਰ, ਏਹਦੀ ਸੈੱਲ ਬਾਈ ਡੇਟ ਨਹੀਂ ਹੁੰਦੀ।

       ਜੱਗੀ ਨੇ ਆਖਿਆ ਤੇ ਸਾਰੇ ਹੀ ਹੱਸ ਪਏ। ਦੇਵਨ ਨੇ ਨਵੀ ਨੂੰ ਪੁੱਛਿਆ,

       -ਕਿੱਦਾਂ, ਲਾਉਣੀ ਆਂ?

       -ਕੀ ਗੱਲ ਕਰਦਾਂ? ਹੁਣੇ ਤਾਂ ਹਾਲੇ ਰੋਟੀ ਖਾਧੀ ਆ।

       ਨਵੀ ਨੇ ਕਿਹਾ ਤੇ ਉਹ ਕੰਮ ਲਈ ਤਿਆਰ ਹੁੰਦੇ ਰਹੇ। ਹਾਲੇ ਦਸ ਵੱਜਣ ਵਿਚ ਪੰਜ ਮਿੰਟ ਵਿੱਚ ਪਏ ਸਨ ਤੇ ਉਹ ਰੈਸਟ ਰੂਮ ਵਿਚ ਆ ਗਏ। ਰਾਤ ਦੀ ਸ਼ਿਫਟ ਵਾਲੇ ਸਾਰੇ ਓæ ਪੀæ ਜੀæ ਉਥੇ ਹੀ ਬੈਠੇ ਸਨ। ਕੁਝ ਸਨੂਕਰ ਖੇਡ ਰਹੇ ਸਨ ਤੇ ਕੁਝ ਸੋਫਿਆਂ 'ਤੇ ਬੈਠੇ ਸੁਸਤਾ ਰਹੇ ਸਨ। ਕੁਝ ਕੁ ਨਾਲ ਉਹਨਾਂ ਨੇ ਹੱਥ ਮਿਲਾਏ ਤੇ ਕੁਝ ਕੁ ਨੂੰ ਦੂਰੋਂ ਹੀ ਹੈਲੋ ਕਹਿ ਲਿਆ। ਪੂਰੇ ਦਸ ਵਜੇ ਮੈਨੇਜਰ ਸ਼ੌਨ ਆ ਕੇ ਅੱਜ ਦੇ ਕੰਮ ਦੀ ਬਰੀਫਿੰਗ ਦੇਣ ਲਗਿਆ ਜਿਸ ਨੂੰ ਸਾਰੇ ਹਡਲਿੰਗ ਕਹਿੰਦੇ ਸਨ। ਪੰਜ ਕੁ ਮਿੰਟ ਦੀ ਬਰੀਫਿੰਗ ਬਾਅਦ ਸਾਰੇ ਕੰਮਾਂ ਲਈ ਤੁਰ ਪਏ। ਜੱਗੀ ਨੇ ਡਿਸਪੈਚ 'ਤੇ ਜਾਣਾ ਸੀ ਜਿਥੋਂ ਬੈਗਾਂ ਨਾਲ ਭਰੇ ਯੌਰਕ ਲਾਰੀਆਂ ਵਿਚ ਚੜ੍ਹਾਏ ਜਾਂਦੇ ਸਨ ਤੇ ਦੇਵਨ ਦੀ ਡਿਊਟੀ ਬੈਗ ਉਤਾਰਨ ਵਾਲੀ ਜਗਾਹ ਸੀ। ਇਵੇਂ ਹੀ ਨਵੀ ਡਾਕ ਬਾਹਰ ਭੇਜਣ ਵਾਲੀ ਜਗਾਹ ਹੁੰਦਾ। ਪਰ ਉਹ ਤਿੰਨੇ ਇਕੱਠੇ ਹੀ ਬ੍ਰੇਕ ਲੈਂਦੇ। ਵਿੱਚ ਵਿੱਚ ਵਕਤ ਮਿਲਦਿਆਂ ਹੀ ਗੱਲਾਂ ਕਰਨ ਲਈ ਇਕ ਦੂਜੇ ਕੋਲ ਜਾ ਖੜਦੇ।

       ਦੇਵਨ ਆਪਣਾ ਕੰਮ ਕਰ ਰਿਹਾ ਸੀ ਕਿ ਉਸ ਦੇ ਨਾਲ ਕੰਮ ਕਰਦਾ ਮੁਖਤਾਰ ਸਿੰਘ ਉਸ ਨੂੰ ਕਹਿਣ ਲਗਿਆ,

       -ਤੇਰਾ ਚਿਹਰਾ ਬੜਾ ਉਤਰਿਆ ਹੋਇਆ, ਕੀ ਗੱਲ ਹੋਈ?

       -ਨਹੀਂ ਤਾਂ। ਮੈਂ ਤਾਂ ਘੋੜੇ ਵਰਗਾਂ।

       -ਨਹੀਂ ਕੁਝ ਫਰਕ ਲੱਗਦਾ। ਸ਼ਾਇਦ ਅੱਜ ਓਵਰ ਟਾਈਮ ਨਾ ਮਿਲਣ ਕਰਕੇ ਹੋਵੇ।

       -ਮੁਖਤਾਰਿਆ, ਟਿੱਚਰਾਂ ਕਰਦਾਂ! ਮੈਨੂੰ ਤੇਰਾ ਕਿਤੇ ਪਤਾ ਨਹੀਂ, ਓਵਰ ਟਾਈਮ ਲਈ ਮੈਨੇਜਰ ਦੀ ਕਿੰਨੀ ਝੋਲੀ ਚੁੱਕਦਾਂ।

       ਦੇਵਨ ਦਾ ਰੁਖ਼ ਜ਼ਰਾ ਕੁ ਗੁੱਸੇ ਵਾਲਾ ਸੀ। ਮੁਖਤਾਰ ਝਿਪਦਾ ਜਿਹਾ ਆਪਣੇ ਕੰਮ ਨੂੰ ਲੱਗ ਗਿਆ। ਦੇਵਨ ਮਨ ਵਿਚ ਬੋਲਿਆ, 'ਕੰਜਰ ਦਿਆ, ਅੱਜ ਦੇਖਦਾਂ ਤੈਨੂੰ ਡਿਨਰ ਬ੍ਰੇਕ ਵਿਚ।' ਉਸ ਨੂੰ ਪਤਾ ਸੀ ਕਿ ਮੁਖਤਾਰ ਸ਼ਰਾਬ ਦਾ ਲਾਲਚੀ ਸੀ ਤੇ ਜ਼ਿਆਦਾ ਪੀ ਜਾਂਦਾ ਸੀ। ਉਹ ਲੰਚ ਬ੍ਰੇਕ ਵਿੱਚ ਉਸ ਨੂੰ ਦੋ ਪੈਗ ਵਾਧੂ ਪਿਲਾ ਦੇਵੇਗਾ ਤੇ ਉਹ ਕੰਮ ਕਰਨ ਜੋਗਾ ਨਹੀਂ ਰਹੇਗਾ। ਮੈਨੇਜਰ ਸ਼ੌਨ ਉਸ ਦੇ ਘੰਟੇ ਕਟ ਲਵੇਗਾ। ਸ਼ੌਨ ਥੋੜੀ ਬਹੁਤ ਸ਼ਰਾਬ ਪੀਣ ਨੂੰ ਅਣਗੌਲ ਜਾਂਦਾ ਸੀ ਪਰ ਸ਼ਰਾਬੀ ਦਿਸਦੇ ਬੰਦੇ ਨੂੰ ਉਹ ਘਰ ਭੇਜ ਦਿੰਦਾ ਸੀ। ਦਸ ਵਜੇ ਕੰਮ ਸ਼ੁਰੂ ਹੋ ਕੇ ਬਾਰਾਂ ਵਜੇ ਉਹਨਾਂ ਨੂੰ ਟੀ-ਬ੍ਰੇਕ ਹੋ ਗਈ। ਦੇਵਨ ਸਭ ਤੋਂ ਪਹਿਲਾਂ ਲੌਕਰ ਰੂਮ ਵਿਚ ਪੁੱਜ ਗਿਆ। ਉਸ ਦੇ ਮਗਰੇ ਹੀ ਨਵੀ ਤੇ ਜੱਗੀ ਵੀ। ਉਹਨਾਂ ਨੇ ਇਕ ਇਕ ਪੈਗ ਪਾ ਲਿਆ। ਮੁਖਤਾਰ ਨੂੰ ਲੰਘਦਿਆਂ ਦੇਖ ਕੇ ਦੇਵਨ ਨੇ ਨਵੀ ਨੂੰ ਕਿਹਾ,

       -ਇਹਨੂੰ ਕੰਜਰ ਦੇ ਨੂੰ ਸੱਦ ਜ਼ਰਾ। ਗਲਾਸੀ ਪਿਲਾਈਏ।

       -ਸਾਡੇ ਕੋਲ ਵਾਧੂ ਆ ਕੋਈ?

       -ਨਹੀਂ, ਏਹਨੇ ਕੰਜਰ ਨੇ ਮੈਨੂੰ ਟਿੱਚਰ ਕੀਤੀ ਸੀ।

       ਦੇਵਨ ਨੇ ਦੱਸਿਆ। ਨਵੀ ਨੇ ਮੁਖਤਾਰ ਨੂੰ ਇਸ਼ਾਰਾ ਕਰਕੇ ਕੋਲ ਸੱਦ ਲਿਆ। ਉਹਨਾਂ ਨੂੰ ਦੇਖਦਾ ਉਹ ਬੋਲਿਆ,

       -ਤਿੱਕੜੀ ਨੇ ਹੁਣੇ ਹੀ ਸ਼ੁਰੂ ਕਰ ਲਈ?

       -ਆ ਜਾ ਤੂੰ ਵੀ।

       -ਹਾਲੇ ਅਰਲੀ ਨਹੀਂ?

       -ਅਰਲੀ ਨੂੰ ਹਾਲੇ ਕਿਹੜਾ ਸ਼ਾਹ ਵੇਲਾ ਐ।

       ਦੇਵਨ ਨੇ ਕਿਹਾ ਤੇ ਪਲਾਸਟਿਕ ਦਾ ਇਕ ਗਲਾਸ ਲੈ ਕੇ ਉਸ ਵਿਚ ਵਾਹਵਾ ਸਾਰਾ ਹਾੜਾ ਪਾ ਦਿਤਾ। ਮੁਖਤਾਰ ਇਕੋ ਸਾਹੇ ਪੀ ਗਿਆ। ਦੇਵਨ ਨੇ ਇਕ ਹੋਰ ਪਾ ਦਿਤਾ। ਨਾ-ਨਾ ਕਰਦਾ ਮੁਖਤਾਰ ਉਹ ਵੀ ਪੀ ਗਿਆ ਤੇ ਭੁਜੀਏ ਦੀ ਮੁੱਠ ਭਰਦਾ ਤੇ ਮੂੰਹ ਸੰਵਾਰਦਾ ਤੁਰ ਪਿਆ। ਉਹ ਤਿੰਨੋ ਖੜੇ ਹੌਲੀ ਹੌਲੀ ਪਹਿਲੇ ਪੈਗ ਨੂੰ ਹੀ ਪੀਂਦੇ ਰਹੇ। ਦੇਵਨ ਜੱਗੀ ਨੂੰ ਕਹਿਣ ਲੱਗਿਆ,

       -ਯਾਰ, ਤੇਰੇ ਤੋਂ ਇਕ ਕੰਮ ਕਰਾਉਣਾ।

       -ਦੱਸ, ਹੁਣੇ ਕਰ ਦਿੰਨੇ ਆਂ।

       -ਹੁਣ ਨਹੀਂ, ਹੁਣ ਕੀਤਾ ਤਾਂ ਸਿੱਧੀ ਸ਼ੱਕ ਮੇਰੇ 'ਤੇ ਆਉਣੀ ਆਂ। ਜਿੱਦਣ ਛੇ ਵਜੇ ਸ਼ੁਰੂ ਕੀਤਾ ਓਦਣ ਸਹੀ।

       -ਕੰਮ ਤਾਂ ਦੱਸ?

       -ਯਾਰ, ਮੈਂ ਆਪਣੇ ਸਾਲ਼ੇ ਕੰਜਰ ਨੂੰ ਗਾਲ਼ਾਂ ਕੱਢਣੀਆਂ। ਤੂੰ ਵਾਹਵਾ ਆਵਾਜ਼ ਬਦਲ ਲੈਨਾਂ। ਤੂੰ ਕਰੀ ਇਹ ਕੰਮ।

       -ਕੋਈ ਅਕਲ ਦਾ ਕੰਮ ਕਰੋ ਯਾਰ, ਜੇ ਇਹੋ ਗੱਲ ਐ ਤਾਂ ਚੱਲ ਉਹਦੇ ਘਰ ਜਾ ਕੇ ਮੂੰਹ 'ਤੇ ਕੱਢ ਆਉਂਨੇ ਆਂ।

       ਨਵੀ ਨੇ ਆਖਿਆ। ਦੇਵਨ ਹੱਸਣ ਲਗਿਆ ਤੇ ਬੋਲਿਆ,

      -ਮੈਂ ਉਹਦੇ ਨਾਲ ਵਿਗਾੜਨੀ ਵੀ ਨਹੀਂ ਚਾਹੁੰਦਾ। ਉਹ ਕੰਜਰ ਦਾ ਲੱਗਾ ਹੋਇਆ ਆਪਣੀ ਤੀਵੀਂ ਦੇ ਥੱਲੇ। ਬਹੁਤ ਸਮਝਾਇਆ ਪਰ ਸਮਝਦਾ ਨਹੀਂ। ਮੈਨੂੰ ਉਹਦੀ ਤੀਵੀਂ ਨਾਲ ਬਹੁਤ ਨਫਰਤ ਐ, ਮੈਂ ਤਾਂ ਓਹਦੇ ਘਰ ਵੀ ਨਹੀਂ ਜਾਂਦਾ। ਸੋਚਦਾਂ ਬਈ ਸਾਲ਼ੇ ਨੂੰ ਜ਼ਰਾ ਤੰਗ ਕਰਾਂ।

       ਨਵੀ ਕੁਝ ਨਾ ਬੋਲਿਆ। ਜੱਗੀ ਆਪਣੀ ਪੱਗ ਠੀਕ ਕਰਦਾ ਬੋਲਿਆ,

       -ਕਹਾਣੀ ਹੀ ਕੋਈ ਨਹੀਂ, ਵੈਸੇ ਸਾਲ਼ੇ ਸਾਲ਼ਿਆਂ ਨੂੰ ਸਾਹਮਣੇ ਹੋ ਕੇ ਹੀ ਗਾਲ਼ਾਂ ਕੱਢਣ ਦਾ ਮਜ਼ਾ ਆਉਂਦਾ।

       ਜਦ ਤਕ ਸ਼ੌਨ ਲੰਘਦਾ ਦਿਸਿਆ। ਉਹਨਾਂ ਨੇ ਆਪਣੀਆਂ ਗਲਾਸੀਆਂ ਲੁਕੋ ਲਈਆਂ। ਸ਼ੌਨ ਨੇ ਉਹਨਾਂ ਨੂੰ ਘੜੀ ਦਿਖਾਈ ਭਾਵ ਬ੍ਰੇਕ ਦਾ ਵਕਤ ਖਤਮ ਹੋਣ ਵਾਲਾ ਸੀ। ਕੁਝ ਦੇਰ ਬਾਅਦ ਮੁਖਤਾਰ ਇਕ ਵਾਰ ਫਿਰ ਉਹਨਾਂ ਕੋਲ ਆ ਖੜਿਆ। ਦੇਵਨ ਨੇ ਫਿਰ ਉਸ ਨੂੰ ਭਰਵਾਂ ਜਿਹਾ ਪੈਗ ਪਾ ਦਿਤਾ ਤੇ ਉਹ ਇਕੋ ਸਾਹੇ ਪੀ ਗਿਆ। ਦੇਵਨ ਨੇ ਸਾਰਾ ਸਮਾਨ ਸਾਂਭਿਆ ਤੇ ਉਹ ਮੁੜ ਆਪੋ ਆਪਣੀ ਡਿਊਟੀ 'ਤੇ ਤੁਰ ਪਏ।

       ਡਿਨਰ ਬ੍ਰੇਕ ਵੇਲੇ ਉਹ ਅਕਸਰ ਕਾਰ ਵਿੱਚ ਬੈਠਿਆ ਕਰਦੇ ਸਨ। ਜਿਸ ਦੀ ਕਾਰ ਹੁੰਦੀ ਉਸ ਨੇ ਕੁਝ ਨਾ ਕੁਝ ਖਾਣ ਲਈ ਲਿਆਂਦਾ ਹੋਇਆ ਹੁੰਦਾ। ਬ੍ਰੇਕ ਹੋਈ ਤਾਂ ਉਹ ਤਿੰਨੋਂ ਕਾਰ ਪਾਰਕ ਨੂੰ ਚਲੇ ਗਏ। ਦੇਵਨ ਮੁਖਤਾਰ ਨੂੰ ਸੱਦਾ ਦੇ ਆਇਆ ਹੋਇਆ ਸੀ ਪਰ ਕਿਹਾ ਸੀ ਕਿ ਆਵੇ ਕੁਝ ਠਹਿਰ ਕੇ। ਉਹਨਾਂ ਕਾਰ ਵਿਚ ਬਹਿ ਕੇ ਆਪਣੇ ਪੈਗ ਪਾ ਲਏ ਤੇ ਨਾਲ ਹੀ ਜੱਗੀ ਨੇ ਸਮੋਸੇ ਲਿਆਂਦੇ ਹੋਏ ਸਨ। ਕੀਮੇ ਦੇ ਵੀ ਤੇ ਵੈਜੀ ਵੀ। ਨਵੀ ਬੋਲਿਆ,

       -ਮੁਖਤਾਰ ਨਹੀਂ ਰੜਕਿਆ। ਮੁਫਤ ਦੀ ਦਾਰੂ ਤਾਂ ਉਹ ਕਦੇ ਛੱਡਦਾ ਨਹੀਂ।

       -ਆ ਜਾਊ ਕੰਜਰ ਦਾ। ਮੈਂ ਸੱਦਾ ਦਿਤਾ ਹੋਇਆ ਕਿ ਜ਼ਰਾ ਠਹਿਰ ਕੇ ਆਵੇ। ਮੇਰਾ ਮਤਲਬ ਕਿ ਦਾਰੂ ਨਾਲ ਉਹ ਕੁਝ ਖਾਵੇ ਨਾ ਤੇ ਏਦਾਂ ਕੰਜਰ ਦਾ ਸ਼ਰਾਬੀ ਹੋ ਜਾਊ ਤੇ ਆਊ ਸਬਕ ਟਿੱਚਰ ਕਰਨ ਦਾ। ਅਖੇ ਓਵਰ ਟਾਈਮ ਨਾ ਮਿਲਣ ਕਰਕੇ ਤੇਰਾ ਚਿਹਰਾ ਉਤਰਿਆ ਹੋਇਐ।

       ਦੇਵਨ ਹਿਰਖ ਵਿਚ ਕਹਿੰਦਾ ਜਾ ਰਿਹਾ ਸੀ। ਨਵੀ ਨੂੰ ਉਸ ਦੇ ਸੁਭਾਅ ਦਾ ਪਤਾ ਸੀ ਕਿ ਜਿਹੜਾ ਬੰਦਾ ਦੇਵਨ ਨੂੰ ਪਸੰਦ ਨਹੀਂ ਸੀ ਉਸ ਨੂੰ ਉਹ ਤੰਗ ਕਰਨ ਲਗਦਾ ਸੀ। ਏਨੇ ਚਿਰ ਵਿਚ ਮੁਖਤਾਰ ਵੀ ਆ ਗਿਆ। ਦੇਵਨ ਨੇ ਕਾਹਲੀ ਦੇ ਕੁਝ ਪੈੱਗ ਪਾਏ ਤੇ ਮੁਖਤਾਰ ਖਿੱਚਦਾ ਗਿਆ। ਬ੍ਰੇਕ ਖਤਮ ਹੋਣ ਤਕ ਉਹ ਟੇਡਾ ਹੋ ਗਿਆ। ਉਹ ਉਸ ਨੂੰ ਕਾਰ ਵਿਚ ਪਏ ਨੂੰ ਛੱਡ ਕੇ ਵਾਪਸ ਕੰਮ 'ਤੇ ਚਲੇ ਗਏ।

       ਦੇਵਨ ਨੂੰ ਇਕੱਲੇ ਕੰਮ ਕਰਦਿਆਂ ਦੇਖ ਕੇ ਸ਼ੌਨ ਉਸ ਕੋਲ ਆਇਆ ਤੇ ਪੁੱਛਣ ਲੱਗਾ,

       -ਦੇਵਨ, ਤੇਰਾ ਮੇਟ ਕਿਥੇ ਐ?

       -ਪਤਾ ਨਹੀਂ, ਸ਼ਾਇਦ ਸੌਂ ਗਿਆ ਹੋਵੇ। ਕਹਿੰਦਾ ਸੀ ਕਿ ਬਹੁਤ ਥੱਕਿਆ ਹੋਇਆਂ।

       -ਕਿਤੇ æææ?

       ਕਹਿੰਦਿਆਂ ਉਸ ਨੇ ਹੱਥ ਦਾ ਕੱਪ ਜਿਹਾ ਬਣਾ ਕਿ ਮੂੰਹ ਨੂੰ ਲਾਇਆ ਕਿ ਕਿਤੇ ਦਾਰੂ ਤਾਂ ਨਹੀਂ ਸੀ ਪੀਤੀ। ਦੇਵਨੇ ਨੇ ਮੋਢ੍ਹੇ ਮਾਰਦਿਆਂ ਇਸ਼ਾਰਾ ਕੀਤਾ ਕਿ ਪਤਾ ਨਹੀਂ।

      ਸ਼ੌਨ ਨੇ ਮੁਖਤਾਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਹ ਰੈਸਟ ਰੂਮ ਵਿਚ ਨਹੀਂ ਸੀ। ਕੰਟੀਨ ਵਿਚ ਵੀ ਨਹੀਂ ਤੇ ਨਾ ਹੀ ਲੌਕਰਾਂ ਵਿਚ। ਉਹ ਕਾਰ ਪਾਰਕ ਵਿਚ ਗਿਆ ਤਾਂ ਮੁਖਤਾਰ ਕਾਰ ਵਿੱਚ ਸੁੱਤਾ ਪਿਆ ਸੀ। ਸ਼ੌਨ ਨੇ ਉਸ ਨੂੰ ਜਗਾਇਆ ਤੇ ਉਸ ਦੇ ਕੋਲ ਹੋ ਕੇ ਸੁੰਘ ਲਈ। ਨੱਕ ਨੂੰ ਹਵਾ ਮਾਰਦਾ ਬੋਲਿਆ,

       -ਏਨੀ ਪੀਤੀ ਐ ਤੂੰ। ਹੁਣ ਤੂੰ ਏਥੇ ਹੀ ਸੁੱਤਾ ਰਹਿ। ਜਦ ਕਾਰ ਚਲਾਉਣ ਜੋਗਾ ਹੋਇਆ ਤਾਂ ਘਰ ਨੂੰ ਚਲੇ ਜਾਵੀਂ।

       ਸ਼ੌਨ ਵਾਪਸ ਆ ਕੇ ਦੇਵਨ ਨੂੰ ਬੋਲਿਆ,

       -ਉਹ ਤਾਂ ਜੈਗ ਦੀ ਕਾਰ ਵਿੱਚ ਸੁੱਤਾ ਪਿਆ, ਸ਼ਰਾਬੀ! ਮੈਂ ਉਸ ਨੂੰ ਘਰ ਭੇਜ ਆਇਆਂ। ਮੈਂ ਤੇਰੀ ਮੱਦਦ ਲਈ ਕਿਸੇ ਹੋਰ ਨੂੰ ਆਖਦਾਂ।

       ਆਖਦਾ ਸ਼ੌਨ ਚਲੇ ਗਿਆ। ਦੇਵਨ ਬੁੜਬੁੜਾਇਆ, 'ਹੋਰ ਕਰ ਟਿੱਚਰ ਕੰਜਰ ਦਿਆ!'

       ਵਕਤ ਕੱਢ ਕੇ ਉਹ ਜੱਗੀ ਕੋਲ ਗਿਆ ਤੇ ਆਪਣੀ ਜਿੱਤ ਦੀ ਖੁਸ਼ੀ ਸਾਂਝੀ ਕਰਨ ਲਗਿਆ। ਉਹ ਨਵੀ ਕੋਲ ਵੀ ਗਿਆ ਪਰ ਨਵੀ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗੀ। ਕਿਤੇ ਸ਼ਰਾਬੀ ਹੋਇਆ ਕਾਰ ਚਲਾ ਕੇ ਹੀ ਘਰ ਨਾ ਚਲੇ ਜਾਵੇ ਤੇ ਕੋਈ ਕਾਰਾ ਕਰ ਬੈਠੇ ਪਰ ਉਹ ਚੁੱਪ ਰਿਹਾ।

      ਉਹਨਾਂ ਨੇ ਸਵੇਰ ਦੇ ਸਾਢੇ ਪੰਜ ਵਜੇ ਕੰਮ ਛੱਡ ਦਿੱਤਾ। ਵੈਸੇ ਤਾਂ ਡਿਊਟੀ ਛੇ ਵਜੇ ਖਤਮ ਹੁੰਦੀ ਸੀ ਪਰ ਵੀਹ ਮਿੰਟ ਉਹਨਾਂ ਨੂੰ ਹੱਥ ਧੋਣ ਦਿਤੇ ਜਾਂਦੇ ਸਨ। ਦਸ ਮਿੰਟ ਉਹ ਪਹਿਲਾਂ ਫਰਲੋ ਮਾਰ ਗਏ। ਹੁਣ ਉਹ ਠੀਕ ਸਨ। ਜੱਗੀ ਨੇ ਪਹਿਲਾਂ ਨਵੀ ਨੂੰ ਉਤਾਰਿਆ ਤੇ ਫਿਰ ਦੇਵਨ ਨੂੰ। ਉਤਰਨ ਲੱਗੇ ਦੇਵਨ ਨੇ ਸੁਲਾਹ ਮਾਰੀ,

       -ਲਾਉਣੀ ਆਂ ਗਲਾਸੀ?

       ਜੱਗੀ ਸੋਚਣ ਲੱਗਿਆ ਤਾਂ ਦੇਵਨ ਬੋਲਿਆ,

       -ਸੌਣਾਂ ਹੀ ਐ ਜਾ ਕੇ।

       ਜੱਗੀ ਨੇ ਕਾਰ ਦੀ ਹੈਂਡ ਬ੍ਰੇਕ ਲਾ ਦਿਤੀ ਤੇ ਚਾਬੀਆਂ ਘੁੰਮਾਉਂਦਾ ਦੇਵਨ ਦੇ ਮਗਰੇ ਹੋ ਲਿਆ। ਦੇਵਨ ਦੀ ਪਤਨੀ ਸ਼ਿਵਾਨੀ ਹਾਲੇ ਸੁੱਤੀ ਪਈ ਸੀ। ਇਸ ਲਈ ਉਹ ਦੱਬੇ ਪੈਰੀਂ ਅੰਦਰ ਵੜੇ। ਕੁਝ ਦੇਰ ਵਿੱਚ ਹੀ ਉਹਨਾਂ ਨੇ ਦੋ-ਦੋ ਹਾੜੇ ਪੀ ਲਏ। ਇਥੋਂ ਜੱਗੀ ਦਾ ਘਰ ਨਜ਼ਦੀਕ ਹੀ ਸੀ। ਪੰਜ ਕੁ ਮਿੰਟ ਦੀ ਦੂਰੀ 'ਤੇ। ਪਹਿਲਾਂ ਤਾਂ ਜੱਗੀ ਨੇ ਸੋਚਿਆ ਕਿ ਉਹ ਸ਼ਰਾਬੀ ਹੋ ਗਿਆ ਹੈ ਤੇ ਕਾਰ ਇਥੇ ਹੀ ਛੱਡ ਜਾਵੇ ਪਰ ਫਿਰ ਉਹ ਕਾਰ ਵਿੱਚ ਜਾ ਬੈਠਾ ਕਿਉਂਕਿ ਇਹ ਪਿਛਲੀਆਂ-ਸੜਕਾਂ ਹੀ ਸਨ, ਟਰੈਫਿਕ ਜਾਂ ਪੁਲੀਸ ਦਾ ਖਤਰਾ ਨਹੀਂ ਸੀ।

       ਜੱਗੀ ਕੌਂਸਲ ਦੇ ਫਲੈਟ ਵਿਚ ਰਹਿੰਦਾ ਸੀ। ਉਸ ਨੇ ਆਪਣੀ ਇਸਟੇਟ ਵਿਚ ਜਾ ਕੇ ਕਾਰ ਰੋਕੀ ਤੇ ਬੜੀ ਮੁਸ਼ਕਲ ਨਾਲ ਕਾਰ ਵਿਚੋਂ ਨਿਕਲਿਆ। ਹੌਲੀ ਹੌਲੀ ਡਿਗਦਾ-ਢਹਿੰਦਾ ਉਹ ਤੁਰਨ ਲਗਿਆ। ਦੂਜੀ ਮੰਜ਼ਿਲ 'ਤੇ ਉਸ ਦਾ ਫਲੈਟ ਸੀ। ਬਹੁਤ ਹੀ ਮੁਸ਼ਕਲ ਨਾਲ ਪੌੜੀਆਂ ਚੜ੍ਹਿਆ ਤੇ ਮਸਾਂ ਹੀ ਦਰਵਾਜ਼ਾ ਖੋਹਲਿਆ। ਅੰਦਰ ਵੜਿਆ ਤਾਂ ਪ੍ਰੀਤੀ ਜਿਵੇਂ ਉਸ ਨੂੰ ਹੀ ਉਡੀਕ ਰਹੀ ਸੀ। ਉਹ ਚੀਖਦੀ ਹੋਈ ਬੋਲੀ,

       -ਜੈਗ, ਤੈਨੂੰ ਨਹੀਂ ਪਤਾ ਅੱਜ ਸ਼ੌਪਿੰਗ ਜਾਣਾ ਸੀ?

       ਜੱਗੀ ਅੱਗੇ ਵਧਿਆ ਤੇ ਉਸ ਦੇ ਚਿਹਰੇ ਨੂੰ ਦੋਵਾਂ ਹੱਥਾਂ ਵਿਚ ਫੜ ਕੇ ਚੁੰਮਣ ਦੀ ਕੋਸ਼ਿਸ਼ ਕਰਨ ਲੱਗਿਆ। ਪ੍ਰੀਤੀ ਉਸ ਨੂੰ ਰੋਕਦੀ ਬੋਲੀ,

       -ਛੀ ਛੀæææ, ਮੁਸ਼ਕ !

       ਪਰ ਜੱਗੀ ਨੇ ਉਸ ਨੂੰ ਚੁੰਮ ਲਿਆ ਤੇ ਕਹਿਣ ਲੱਗਾ,

       -ਭਰਜਾਈ, ਤੂੰ ਤਾਂ ਮੇਰੀ ਰਾਣੀ ਐਂ ਰਾਣੀ, ਰੌਕੀ ਮੇਰਾ ਰਾਜਕੁਮਾਰ ਤੇ ਮੈਂ ਇਸ ਕਿੰਗਡਮ ਦਾ ਰਾਜਾ। ਸੋ ਰਾਣੀਏਂ, ਰਾਜੇ ਨਾਲ ਜ਼ਰਾ ਹੌਲੀ ਗੱਲ ਕਰ, ਅਦਬ ਨਾਲ।

       -ਤੈਨੂੰ ਪਤਾ ਨਹੀਂ ਘਰ ਦੀ ਸਾਰੀ ਸ਼ੌਪਿੰਗ ਕਰਨ ਵਾਲੀ ਪਈ ਐ।

       -ਤੇ ਮੈਂ ਸੌਂ ਕੇ ਕਿਤੇ ਉਠਣਾ ਨਹੀਂ! ਦੋ ਘੰਟੇ ਪੈ ਲੈਣ ਦੇ ਤੇ ਫਿਰ ਇਹ ਰਾਜਾ ਆਪਣੀ ਰਾਣੀ ਦਾ ਗੁਲਾਮ। ਜੋ ਕਹੇਂਗੀ ਕਰਾਂਗਾ।

       ਹੁਣ ਪ੍ਰੀਤੀ ਦਾ ਹਿਰਖ ਕੁਝ ਢਿੱਲਾ ਪੈ ਚੁੱਕਿਆ ਸੀ। ਉਸ ਨੇ ਪੁੱਛਿਆ,

       -ਚਾਹ ਬਣਾਵਾਂ? ਕੋਈ ਟੋਸਟ?

       -ਹੁਣ ਕੁਝ ਨਹੀਂ ਖਾਣਾ। ਚੱਲ ਪਈਏ।

       -ਨਹੀਂ, ਘਰ ਦਾ ਬਹੁਤ ਕੰਮ ਕਰਨ ਵਾਲਾ ਪਿਆ ਤੇ ਮੇਰਾ ਪੇਟ ਵੀ ਦੁਖੀ ਜਾ ਰਿਹਾ।

       -ਭਰਜਾਈ, ਮੈਨੂੰ ਪਤਾ ਤੇਰਾ ਪੇਟ ਕੀ ਮੰਗਦਾ।

       ਆਖਦਾ ਜੱਗੀ ਉਸ ਦਾ ਹੱਥ ਫੜ ਕੇ ਬੈਡਰੂਮ ਵਲ ਨੂੰ ਪੌੜੀਆਂ ਚੜ੍ਹਨ ਲੱਗਾ। ਪ੍ਰੀਤੀ ਵੀ ਉਸ ਦੇ ਮਗਰ ਤੁਰ ਪਈ। ਤਿੰਨ ਸਾਲ ਦਾ ਰੌਕੀ ਅਰਾਮ ਦੀ ਨੀਂਦ ਸੁੱਤਾ ਪਿਆ ਸੀ। ਜੱਗੀ ਨੇ ਪੱਗ ਲਾਹ ਕੇ ਇਕ ਪਾਸੇ ਰੱਖੀ, ਕਪੜੇ ਵੀ ਲਾਹ ਦਿਤੇ ਤੇ ਹੌਲੀ ਜਿਹੇ ਰੌਕੀ ਨੂੰ ਚੁੱਕ ਕੇ ਆਪਣੇ ਢਿੱਡ 'ਤੇ ਪਾ ਲਿਆ। ਪ੍ਰੀਤੀ ਵੀ ਉਸ ਦੀ ਬਾਂਹ 'ਤੇ ਸਿਰ ਰੱਖਦੀ ਉਹਦੇ ਨਾਲ ਪੈ ਗਈ।




ਦੋ


         ਗਰਮੀਆਂ ਦੇ ਦਿਨ ਸਨ। ਸ਼ਾਮ ਦੇ ਛੇ ਵੱਜੇ ਸਨ ਪਰ ਹਾਲੇ ਸੂਰਜ ਜਿਵੇਂ ਸਿਰ 'ਤੇ ਖੜਾ ਹੋਵੇ। ਹਲਕੀ-ਹਲਕੀ ਹਵਾ ਰੁਮਕ ਰਹੀ ਸੀ। ਗਾਰਡਨ ਫੁੱਲਾਂ ਨਾਲ ਭਰਿਆ ਪਿਆ ਸੀ, ਖਾਸ ਕਰ ਕੇ ਗੁਲਾਬਾਂ ਨਾਲ। ਹਵਾ ਵਿਚ ਝੂਮਦੇ ਗੁਲਾਬ ਇਕ ਦੂਜੇ ਨੂੰ ਚੁੰਮ ਰਹੇ ਸਨ ਜਿਵੇਂ ਪ੍ਰੇਮੀ ਵਾਰ-ਵਾਰ ਇਕ ਦੂਜੇ ਵਲ ਉਲਰ ਰਹੇ ਹੋਣ। ਪਲਵੀ ਨੂੰ ਫੁੱਲਾਂ ਦਾ ਬਹੁਤ ਸ਼ੌਂਕ ਸੀ। ਨਵੀ ਨੂੰ ਵੀ ਪਰ ਗਾਰਡਨ ਦੀ ਸੰਭਾਲ ਮਾਲੀ ਟੋਨੀ ਹੀ ਕਰਦਾ ਸੀ। ਇਸ ਸੜਕ ਦੇ ਬਹਤੇ ਘਰਾਂ ਦੇ ਗਾਰਡਨ ਟੋਨੀ ਹੀ ਸੰਵਾਰਦਾ ਸੀ। ਜਦ ਵੀ ਵਕਤ ਮਿਲਦਾ ਦੋਵੇਂ, ਪਤੀ ਪਤਨੀ ਬਗੀਚੇ ਵਿਚ ਆ ਵਹਿੰਦੇ ਤੇ ਕਿੰਨੀ-ਕਿੰਨੀ ਦੇਰ ਤਕ ਬਿਨਾਂ ਬੋਲਿਆਂ ਇਹਨਾਂ ਫੁੱਲਾਂ ਵਲ ਦੇਖਦੇ ਰਹਿੰਦੇ। ਉਹਨਾਂ ਨੂੰ ਜਾਪਦਾ ਕਿ ਸ਼ਾਇਦ ਫੁੱਲਾਂ ਵਿਚੋਂ ਕੋਈ ਉਹਨਾਂ ਵਲ ਕੋਈ ਝਾਕ ਰਿਹਾ ਹੈ। ਪੰਜ ਸਾਲ ਹੋ ਗਏ ਸਨ ਉਹਨਾਂ ਦੇ ਵਿਆਹ ਨੂੰ ਪਰ ਹਾਲੇ ਤਕ ਬੱਚਾ ਨਹੀਂ ਸੀ ਹੋਇਆ ਫਿਰ ਵੀ ਇਸ ਗੱਲ ਦਾ ਕਦੇ ਵੀ ਉਹਨਾਂ ਬੋਲ ਕੇ ਮਲਾਲ ਨਹੀਂ ਸੀ ਕੀਤਾ। ਸਗੋਂ ਇਕ ਦੂਜੇ ਨੂੰ ਹੌਂਸਲਾ ਦਿੰਦੇ ਰਹਿੰਦੇ ਸਨ।

        ਅੱਜ ਨਵੀ ਗਾਰਡਨ-ਟੇਬਲ ਸਜਾ ਰਿਹਾ ਸੀ। ਵਿਸਕੀ, ਵੋਦਕਾ, ਬਕਾਰਡੀ, ਵਾਈਨ ਤੇ ਨਾਲ ਹੀ ਬਰਫ ਦੀ ਭਰੀ ਬੱਕਟ। ਬੀਅਰ ਉਸ ਦੀ ਫਰਿੱਜ ਵਿੱਚ ਪਈ ਸੀ। ਇਕ ਪਾਸੇ ਪਰੋਪੇਨ ਗੈਸ ਦਾ ਸੈਲੰਡਰ ਲਾ ਕੇ ਬਾਰਬਾਕਿਊ ਤਿਆਰ ਸੀ। ਪਲਵੀ ਨੇ ਮੀਟ ਤੇ ਹੋਰ ਸਬਜੀਆਂ ਤਿਆਰ ਰੱਖੀਆਂ ਹੋਈਆਂ ਸਨ। ਮਹਿਮਾਨਾਂ ਦੇ ਆਉਂਦਿਆਂ ਹੀ ਬਾਰਬਾਕਿਊ ਕਰਨਾ ਸ਼ੁਰੂ ਹੋ ਜਾਣਾ ਸੀ। ਕੁਝ ਮਿੰਟਾਂ ਬਾਅਦ ਹੀ ਪ੍ਰੀਤੀ ਤੇ ਜੱਗੀ ਆ ਗਏ। ਰੌਕੀ ਉਹਨਾਂ ਦੇ ਮੁਹਰੇ ਮੁਹਰੇ ਦੌੜਾ ਆ ਰਿਹਾ ਸੀ। ਪਲਵੀ ਨੇ ਭੱਜ ਕੇ ਰੌਕੀ ਨੂੰ ਚੁੱਕ ਲਿਆ। ਕੁਝ ਮਿੰਟਾਂ ਬਾਅਦ ਫਿਰ ਘੰਟੀ ਵੱਜੀ ਤਾਂ ਦੇਵਨ ਤੇ ਸ਼ਿਵਾਨੀ ਆ ਗਏ। ਦੇਵਨ ਨੇ ਰੁਚਿਕਾ ਨੂੰ ਚੁੱਕਿਆ ਹੋਇਆ ਸੀ। ਹੁਣ ਪਲਵੀ ਨੇ ਰੌਕੀ ਨੂੰ ਕੁਛੜੋਂ ਉਤਾਰ ਕੇ ਰੁਚਿਕਾ ਫੜ ਲਈ। ਉਸ ਨੇ ਬੱਚਿਆਂ ਲਈ ਚੌਕਲਿਟ ਲਿਆ ਰੱਖੇ ਸਨ। ਦੋਵੇਂ ਬੱਚੇ ਚੌਕਲਿਟਾਂ ਦੇ ਡੱਬੇ ਫੜੀ ਖੁਸ਼ ਸਨ। ਉਹ ਸਾਰੇ ਗਾਰਡਨ ਵਿੱਚ ਹੀ ਆ ਗਏ। ਇਵੇਂ ਉਹ ਅਕਸਰ ਪਾਰਟੀ ਕਰਦੇ ਹੀ ਰਹਿੰਦੇ ਸਨ ਕਦੇ ਕਿਸੇ ਵਲ ਤੇ ਕਦੇ ਕਿਸੇ ਵਲ। ਜਦ ਕਦੇ ਵੀ ਵਕਤ ਮਿਲਦਾ ਤਾਂ ਇੰਝ ਮਿਲ ਬਹਿੰਦੇ। ਨਵੀ ਨੇ ਸਾਂਝੇ ਜਿਹੇ ਪੁੱਛਿਆ,

       -ਹਾਂ ਬਈ ਬੀਅਰ ਕਿ ਪੱਕੀ।

       -ਬਈ, ਟਾਈਮ ਨਾ ਖਰਾਬ ਕਰੋ, ਸਿੱਧਾ ਪੱਕੀ ਹੀ ਸ਼ੁਰੂ ਕਰੋ।

       ਜੱਗੀ ਨੇ ਕਿਹਾ। ਦੇਵਨ ਵੀ ਉਸ ਨਾਲ ਸਹਿਮਤ ਸੀ। ਫਿਰ ਨਵੀ ਔਰਤਾਂ ਨੂੰ ਪੁੱਛਣ ਲੱਗਾ। ਸ਼ਿਵਾਨੀ ਬਿਲਕੁਲ ਨਹੀਂ ਸੀ ਪੀਂਦੀ। ਉਹ ਤਾਂ ਮੀਟ ਵੀ ਨਹੀਂ ਸੀ ਖਾਂਦੀ। ਪਲਵੀ ਕਦੇ ਕਦੇ ਵਾਈਨ ਦਾ ਗਲਾਸ ਲੈ ਲੈਂਦੀ ਸੀ। ਪ੍ਰੀਤੀ ਬਕਾਰਡੀ ਪੀਂਦੀ ਸੀ ਪਰ ਕਦੇ ਕਦਾਈਂ ਹੀ। ਨਵੀ ਨੇ ਆਪਣੇ ਤਿੰਨੋਂ ਲਈ ਵਿਸਕੀ ਪਾ ਲਈ, ਪਲਵੀ ਲਈ ਰੈੱਡ ਵਾਈਨ ਤੇ ਪ੍ਰੀਤੀ ਨੂੰ ਇਕ ਪੈੱਗ ਬਕਾਰਡੀ-ਕੋਕ ਦਾ ਬਣਾ ਦਿਤਾ। ਆਦਮੀ ਬਹਿ ਕੇ ਗੱਲਾਂ ਕਰਨ ਲੱਗੇ ਤੇ ਔਰਤਾਂ ਬਾਰਬਾਕਿਊ ਕਰਨ ਵਿੱਚ ਰੁਝ ਗਈਆਂ ਬੱਚੇ ਟੈਲੀ ਮੁਹਰੇ ਬਹਿ ਕਾਰਟੂਨ ਦੇਖਣ ਲੱਗੇ ਸਨ। ਫੁੱਲਾਂ ਵਲ ਦੇਖਦਾ ਦੇਵਨ ਬੋਲਿਆ,

       -ਯਾਰ ਏਸ ਗਾਰਡਨਰ ਨੂੰ ਸਾਡੇ ਵਲ ਵੀ ਭੇਜ ਦੇ, ਮੇਰੇ ਤੋਂ ਕੰਜਰ ਦਾ ਇਹ ਜੱਭ ਜਿਹਾ ਨਹੀਂ ਹੁੰਦਾ।

       -ਉਹਨੂੰ ਮੈਂ ਕਿਹਾ ਸੀ ਪਰ ਉਹ ਓਸ ਪਾਸੇ ਜਾਂਦਾ ਨਹੀਂ, ਅਸਲ ਵਿੱਚ ਉਹ ਦਾ ਘਰ ਇਹਨਾਂ ਰੋਡਾਂ ਤੋਂ ਹੀ ਪੂਰਾ ਹੋ ਜਾਂਦਾ। ਮੈਂ ਉਹਨੂੰ ਕਹੂੰ ਕਿ ਜੇ ਉਧਰ ਦਾ ਇਲਾਕਾ ਕੋਈ ਸਾਂਭਦਾ ਹੋਵੇ।

       -ਯਾਰ ਕਿੰਨੀ ਕੁ ਦੂਰ ਐ ਕਿਤੇ, ਆਹ ਦਸ ਮਿੰਟ ਤੁਰਨ ਦਾ ਰਾਹ ਐ। ਐਵੇਂ ਕੰਜਰ ਦੇ ਗੋਰੇ ਨਖਰੇ ਕਰਨ ਲੱਗ ਪੈਂਦੇ ਆ।

       ਆਖਦਾ ਦੇਵਨ ਵਿਸਕੀ ਦਾ ਘੁੱਟ ਭਰਨ ਲੱਗਾ। ਪ੍ਰੀਤੀ ਨੇ ਆਪਣਾ ਪੈੱਗ ਚੁੱਕ ਕੇ ਇਕ ਪਾਸੇ ਰੱਖ ਲਿਆ ਸੀ। ਉਸ ਨੇ ਇਹੋ ਇਕ ਪੈੱਗ ਹੀ ਹੌਲੀ ਹੌਲੀ ਪੀਂਦੇ ਰਹਿਣਾ ਸੀ। ਪਲਵੀ ਨੇ ਵੀ ਆਪਣਾ ਵਾਈਨ ਵਾਲਾ ਗਲਾਸ ਉਥੇ ਕੁ ਰੱਖ ਲਿਆ ਸੀ ਜਿਥੇ ਉਹ ਖਾਣਾ ਤਿਆਰ ਕਰ ਰਹੀ ਸੀ। ਪ੍ਰੀਤੀ ਬਗੀਚੇ ਵਲ ਦੇਖਦੀ ਬੋਲੀ,

       -ਤੁਹਾਨੂੰ ਫੁੱਲਾਂ ਦਾ ਬਹੁਤਾ ਹੀ ਸ਼ੌਂਕ ਐ!

       -ਫੁੱਲਾਂ ਦਾ ਇਹਨੂੰ ਏਨਾ ਸ਼ੌਂਕ ਐ ਜਿੱਦਾਂ ਇਹ ਕਿਸੇ ਮਾਲੀ ਦਾ ਪੁੱਤ ਹੀ ਹੋਵੇ।

       ਦੇਵਨ ਨੇ ਹੱਸਦਿਆਂ ਹੋਇਆਂ ਕਿਹਾ। ਉਸ ਤੋਂ ਬਾਅਦ ਜੱਗੀ ਬੋਲਿਆ,

       -ਏਹਦਾ ਗਾਰਡਨ ਤਾਂ ਕੰਮ 'ਤੇ ਵੀ ਮਸ਼ਹੂਰ ਐ। ਪਤਾ ਨਹੀਂ ਕਿੰਨਿਆਂ ਲੋਕਾਂ ਨੂੰ ਇਹ ਗੁਲਾਬ ਦੀਆਂ ਦਾਬਾਂ ਦੇ ਚੁੱਕਿਆ।

       ਪ੍ਰੀਤੀ ਨੇ ਇਕ ਵਾਰ ਸਾਰੇ ਬਗੀਚੇ ਵਲ ਦੇਖਿਆ ਤੇ ਠੰਡਾ ਹੌਕਾ ਜਿਹਾ ਭਰਦੀ ਬੋਲੀ,

       -ਜੈਗ, ਆਪਣੇ ਵੀ ਗਾਰਡਨ ਹੁੰਦਾ ਤਾਂ ਅਸੀਂ ਵੀ ਇਹਨਾਂ ਤੋਂ ਦਾਬ ਲੈ ਕੇ ਗੁਲਾਬ ਲਾਉਂਦੇ।

       ਪ੍ਰੀਤੀ ਨੂੰ ਘਰ ਨਾ ਲੈ ਸਕਣ ਦਾ ਵਿਗੋਚਾ ਸੀ। ਉਹ ਲੈਸਟਰ ਤੋਂ ਆ ਕੇ ਸਟੈਨਵਿਲ ਦੇ ਇਸ ਕੌਂਸਲ ਦੇ ਫਲੈਟ ਵਿਚ ਹੀ ਰਹਿਣ ਲੱਗ ਪਏ ਸਨ। ਜਦ ਕਿ ਦੇਵਨ ਕੋਲ ਵੀ ਤੇ ਨਵੀ ਕੋਲ ਵੀ ਆਪੋ-ਆਪਣੇ ਘਰ ਸਨ। ਅਸਲ ਵਿੱਚ ਹੋਇਆ ਇਹ ਸੀ ਕਿ ਪ੍ਰੀਤੀ ਤੇ ਜੱਗੀ ਲੈਸਟਰ ਤੋਂ ਸਟੈਨਵਿਲ ਆਏ ਸਨ। ਉਥੇ ਵੀ ਉਹਨਾਂ ਕੋਲ ਕੌਂਸਲ ਦਾ ਹੀ ਫਲੈਟ ਸੀ ਤੇ ਤਬਾਦਲਾ ਕਰਾ ਕੇ ਇਥੇ ਕੌਂਸਲ ਦਾ ਫਲੈਟ ਮਿਲ ਗਿਆ ਸੀ ਤੇ ਜੱਗੀ ਨੂੰ ਰੁਆਇਲ ਮੇਲ ਵਿੱਚ ਕੰਮ ਵੀ। ਉਥੇ ਹੀ ਦੇਵਨ ਤੇ ਨਵੀ ਨਾਲ ਉਸ ਦੀ ਦੋਸਤੀ ਪਈ ਸੀ। ਲੈਸਟਰ ਤੋਂ ਇਥੇ ਆਉਣ ਵੱਡਾ ਕਾਰਨ ਤਾਂ ਸੀ ਕਿ ਪ੍ਰੀਤੀ ਦੀ ਆਪਣੀ ਭਰਜਾਈ ਨਾਲ ਬਣਦੀ ਨਹੀਂ ਸੀ ਤੇ ਉਸ ਨੂੰ ਲੈ ਕੇ ਭਰਾ-ਭਰਜਾਈ ਵਿੱਚ ਤਣਾਵ ਜਿਹਾ ਬਣਿਆਂ ਰਹਿੰਦਾ ਸੀ। ਇਥੇ ਜੱਗੀ ਦੀ ਰਿਸ਼ਤੇ ਵਿਚੋਂ ਮਾਸੀ ਰਹਿੰਦੀ ਸੀ, ਉਸ ਨੇ ਹੀ ਇਥੇ ਆ ਜਾਣ ਲਈ ਉਤਸ਼ਾਹਿਤ ਕੀਤਾ ਸੀ। ਇਥੇ ਆ ਕੇ ਪ੍ਰੀਤੀ ਖੁਸ਼ ਸੀ ਪਰ ਘਰ ਨਾ ਹੋਣ ਦਾ ਹਾਵਾ ਵੀ ਸੀ। ਲੈਸਟਰ ਵਿੱਚ ਰਹਿੰਦੇ ਤਾਂ ਹੁਣ ਤਕ ਉਹਨਾਂ ਘਰ ਖਰੀਦ ਲਿਆ ਹੋਣਾ ਸੀ। ਉਥੇ ਘਰ ਸਸਤੇ ਸਨ।

       ਦੋ-ਦੋ ਪੈਗ ਲਾ ਕੇ ਉਹ ਹਵਾ ਪਿਆਜ਼ੀ ਹੋ ਗਏ। ਹੁਣ ਉਹਨਾਂ ਨੇ ਪੀਣ ਵਲ ਘੱਟ ਤੇ ਖਾਣ ਵਲ ਜ਼ਿਆਦਾ ਧਿਆਨ ਦੇ ਦਿਤਾ। ਪਲਵੀ ਬਣਾਉਂਦੀ ਜਾ ਰਹੀ ਸੀ ਤੇ ਬਾਕੀ ਸਾਰੇ ਖਾ ਰਹੇ ਸਨ। ਬੱਚਿਆਂ ਲਈ ਚਿਪਸ ਬਣਾ ਲਏ ਸਨ। ਗੱਲਾਂ ਕਰਦਿਆਂ ਹੀ ਦੇਵਨ ਨੇ ਆਖਿਆ,

       -ਪੰਜਾਬ ਦੇ ਹਾਲਾਤ ਤਾਂ ਕੰਜਰ ਦੇ ਬਹੁਤੇ ਹੀ ਖਰਾਬ ਹੋ ਗਏ! ਹਿੰਦੂਆਂ ਨੂੰ ਸ਼ਰੇਆਮ ਮਾਰੀ ਜਾਂਦੇ ਆ। ਜੀਣਾ ਮੁਸ਼ਕਲ ਕੀਤਾ ਪਿਆ ਇਹਨਾਂ ਸਿੱਖਾਂ ਨੇ। ਲੱਗਦੈ ਪਾਕਿਸਤਾਨ ਤੋਂ ਬਾਅਦ ਖਾਲਿਸਤਾਨ ਵੀ ਬਣ ਕੇ ਰਹਿਣਾਂ।

       ਉਸ ਦੀ ਗੱਲ ਨਵੀ ਨੂੰ ਚੰਗੀ ਨਾ ਲੱਗੀ। ਪਹਿਲਾਂ ਵੀ ਉਹ ਕਦੇ ਕਦੇ ਇਸ ਵਿਸ਼ੇ 'ਤੇ ਗੱਲ ਕਰਨ ਲੱਗਦੇ ਸਨ ਪਰ ਜਦ ਦੇਵਨ ਉਸ ਦੀ ਗੱਲ ਨਾ ਸਮਝ ਸਕਦਾ ਤਾਂ ਨਵੀ ਵਿਸ਼ਾ ਬਦਲ ਲੈਂਦਾ। ਉਹ ਆਪਣਾ ਨਜ਼ਰੀਆ ਦੱਸਦਾ ਬੋਲਿਆ,

       -ਦੇਵਨ, ਇਹ ਹਿੰਦੂ-ਸਿੱਖ ਦਾ ਮੁੱਖ ਝਗੜਾ ਨਹੀਂ। ਇਹ ਹਿੰਦੂ-ਮੁਸਲਮਾਨ ਵਾਲੀ ਗੱਲ ਨਹੀਂ, ਹਿੰਦੂ-ਸਿੱਖ ਵਿੱਚ ਰੋਟੀ-ਬੇਟੀ ਦੀ ਸਾਂਝ ਐ ਸੋ ਇਹਨੂੰ ਹੋਰ ਤਰਾਂ੍ਹ ਦੇਖਣ ਦੀ ਲੋੜ ਐ।

       -ਪਰ ਉਹ ਕੰਜਰ ਦੇ ਤਾਂ ਇਹੀ ਕਹਿੰਦੇ ਆ ਕਿ ਚੁੱਕ ਲਓ ਹਿੰਦੂਆਂ ਨੂੰ।

       ਦੇਵਨ ਦੀ ਗੱਲ ਦਾ ਜਵਾਬ ਦਿੰਦਾ ਜੱਗੀ ਬੋਲਿਆ,

       -ਏਦਾਂ ਦੇ ਬੰਦਿਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਐ, ਇਕ-ਅੱਧਾ ਪਰਸੈਂਟ। ਦਿੱਲੀ ਵਿੱਚ ਇਹ ਕਹੀਏ ਕਿ ਹਿੰਦੂਆਂ ਨੇ ਸਿੱਖਾਂ ਨੂੰ ਮਾਰਿਆ ਤਾਂ ਇਹ ਗਲਤ ਹੋਵੇਗਾ। ਇਹ ਗੁੰਡਾ ਅਨਸਰ ਸੀ, ਕਾਂਗਰਸ ਦਾ ਪਾਲਿਆ ਹੋਇਆ ਗੁੰਡਾ ਅਨਸਰ। ਇਹਨਾਂ ਵਿਚ ਹਿੰਦੂ ਤਾਂ ਇਕ ਅੱਧਾ ਪਰਸੈਂਟ ਹੀ ਹੋਣਗੇ। ਸਾਨੂੰ ਵੀ ਤਾਂ ਦਿੱਲੀ ਛੱਡ ਕੇ ਜਲੰਧਰ ਜਾਣਾ ਹੀ ਪਿਆ।

       ਜੱਗੀ ਦਿੱਲੀ ਦਾ ਜੰਮ-ਪਲ ਸੀ ਤੇ ਉਹ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਦਾ ਦਰਦ ਹੰਢਾ ਰਿਹਾ ਸੀ। ਭਾਵੇਂ ਉਸ ਦੇ ਪਰਿਵਾਰ ਦੇ ਸਾਰੇ ਜੀਅ ਠੀਕ ਸਨ ਪਰ ਉਸ ਦੇ ਕਈ ਵਾਕਫ ਤੇ ਰਿਸ਼ਤੇਦਾਰ ਮਾਰੇ ਗਏ ਸਨ। ਉਸ ਦੀ ਗੱਲ ਨੂੰ ਚੁੱਕਦਿਆਂ ਨਵੀ ਨੇ ਕਿਹਾ,

       -ਬਿਲਕੁਲ ਪੰਜਾਬ ਵਿੱਚ ਵੀ ਕੁਝ ਏਦਾਂ ਦੀ ਐ ਪਰ ਪੰਜਾਬ ਦੇ ਹਾਲਾਤ ਨੂੰ ਜ਼ਰਾ ਵਿਸਥਾਰ ਵਿਚ ਸਮਝਣ ਦੀ ਲੋੜ ਐ, ਜਿੱਦਾਂ ਸਾਨੂੰ ਆਹ ਸਾਹਮਣੇ ਕੰਧ ਦਿਸਦੀ ਐ ਪਰ ਸਾਨੂੰ ਕੰਧ ਦੇ ਪਰਲੇ ਪਾਸੇ ਵੀ ਦੇਖਣ ਦੀ ਲੋੜ ਐ। ਪੰਜਾਬ ਦੇ ਹਾਲਾਤ ਨੂੰ ਸਮਝਣ ਲਈ ਕਾਂਗਰਸ ਦੀਆਂ ਚਾਲਾਂ ਦੇ ਹਿੰਦੁਸਤਾਨ-ਪਾਕਿਸਤਾਨ ਸਬੰਧਾਂ ਨੂੰ ਸਮਝਣ ਦੀ ਲੋੜ ਵੀ ਐ। ਕਸ਼ਮੀਰ ਦੇ ਮਸਲੇ ਕਾਰਨ ਤੇ ਇੰਡੀਆ ਦੇ ਬੰਗਲਾ ਦੇਸ਼ ਬਣਾ ਦੇਣ ਕਾਰਨ ਪਾਕਿਸਤਾਨੀ ਹਿੰਦੁਸਤਾਨ ਵਿੱਚ ਸਟੇਬਲ ਹਾਲਾਤ ਨਹੀਂ ਦੇਖਣਾ ਚਾਹੁੰਦਾ।

      -ਇਹ ਭਿੰਡਰਾਂਵਾਲਾ ਪਾਕਿਸਤਾਨ ਨੇ ਭੇਜਿਆ ਸੀ?

       -ਦੇਵਨ, ਭਿੰਡਰਾਂਵਾਲਾ ਤਾਂ ਇਕ ਪ੍ਰਚਾਰਕ ਸੀ ਤੇ ਪ੍ਰਚਾਰਕ ਦੇ ਤੌਰ 'ਤੇ ਹੀ ਪ੍ਰਸਿੱਧ ਸੀ, ਉਹਨੂੰ ਸਿਆਸਤ ਦਾ ਕੁਝ ਨਹੀਂ ਸੀ ਪਤਾ। ਅਕਾਲੀਆਂ ਖਿਲਾਫ ਉਹਦੀ ਪ੍ਰਸਿੱਧੀ ਨੂੰ ਕਾਂਗਰਸ ਵਰਤਣੀ ਚਾਹੁੰਦੀ ਸੀ। ਉਹ ਧਾਰਮਿਕ ਬੰਦਾ ਸੀ ਜਦ ਉਹਨੂੰ ਪਤਾ ਲੱਗਾ ਕਿ ਕਾਂਗਰਸ ਉਹਨੂੰ ਮੂਰਖ ਬਣਾ ਰਹੀ ਐ ਤਾਂ ਉਹ ਕਾਂਗਰਸ ਦੇ ਖਿਲਾਫ ਹੋ ਗਿਆ। ਗੱਲ ਹੱਥੋਂ ਨਿਕਲਦੀ ਦੇਖ ਕੇ ਸਰਕਾਰ ਉਸ ਨੂੰ ਵਿਲੀਅਨ ਬਣਾਉਣ ਵਿੱਚ ਰੁਝ ਗਈ। ਭਿੰਡਰਾਂਵਾਲੇ ਦੀ ਤਾਕਤ ਵਧਾਉਣ ਵਿੱਚ ਵੀ ਮੌਕੇ ਦੀ ਸਰਕਾਰ ਦਾ ਹੱਥ ਹੀ ਸੀ ਨਹੀਂ ਤਾਂ ਦਰਬਾਰ ਸਾਹਿਬ ਵਿੱਚ ਹਥਿਆਰ ਕਿੱਦਾਂ ਜਾ ਸਕਦੇ ਸੀ। ਓਧਰ ਪਾਕਿਸਤਾਨ ਬਲਦੀ 'ਤੇ ਤੇਲ ਪਾ ਰਿਹਾ ਸੀ ਤੇ ਹਾਲੇ ਵੀ ਪਾ ਰਿਹਾ।

       -ਯਾਰ ਮੈਂ ਤੈਨੂੰ ਕਹਿ ਰਿਹਾਂ ਕਿ ਪੰਜਾਬ ਦੇ ਹਿੰਦੂਆਂ ਨੂੰ ਵੱਖ ਕਰਕੇ ਮਾਰਿਆ ਜਾ ਰਿਹੈ ਤੇ ਤੂੰ ਕਿਤੇ ਹੋਰ ਹੀ ਤੁਰਿਆ ਫਿਰਦੈਂ!

       ਦੇਵਨ ਗੁੱਸੇ ਵਿੱਚ ਬੋਲਿਆ। ਨਵੀ ਸਮਝ ਗਿਆ ਕਿ ਉਹ ਸਦਾ ਵਾਂਗ ਉਸ ਦੀ ਗੱਲ ਸੁਣਨੀ ਨਹੀਂ ਚਾਹ ਰਿਹਾ। ਉਸ ਨੇ ਕਿਹਾ,

       -ਇਹ ਤਾਂ ਬਹੁਤ ਬੁਰਾ ਹੋ ਰਿਹਾ ਪਰ ਲਗਦਾ ਕਿ ਜਲਦੀ ਇਹ ਸਭ ਕਾਬੂ ਵਿਚ ਆ ਜਾਵੇਗਾ। ਬਸ ਥੋੜੇ ਚਿਰ ਦੀ ਗੱਲ ਐ। ਇਹ ਪ੍ਰੌਬਲਮ ਪਰਮਾਨੈਂਟ ਨਹੀਂ।

       -ਇਹਦਾ ਹੱਲ?

       -ਇਹਦਾ ਹੱਲ ਐ ਕਿ ਜਿਹੜਾ ਗਲਤ ਅਨਸਰ ਐ ਇਹਦੇ ਖਤਮ ਹੋਣ ਨਾਲ ਹੀ ਹਾਲਾਤ ਕਾਬੂ ਵਿਚ ਆ ਜਾਣਗੇ।

       -ਮੈਂ ਤਾਂ ਕਹਿੰਨਾ ਕਿ ਸਾਰੇ ਪੰਜਾਬ ਵਿੱਚ ਕਰਫਿਊ ਲਾ ਦੇਣਾ ਚਾਹੀਦਾ।

       -ਦੇਵਨ, ਸ਼ਾਇਦ ਇਹ ਹੱਲ ਨਾ ਹੋਵੇ, ਫਿਰ ਵੀ ਪੰਜਾਬ ਨੂੰ ਸੈਂਸਟਿਵ ਏਰੀਆ ਤਾਂ ਡਿਕਲੇਅਰ ਕਰਨਾ ਹੀ ਚਾਹੀਦੈ।

       ਨਵੀ ਹਾਲੇ ਹੋਰ ਗੱਲ ਕਰਨੀ ਚਾਹੁੰਦਾ ਸੀ ਜਿਸ ਵਿਚ ਅਮਰੀਕਾ ਦੀ ਇਸ ਖਿੱਤੇ ਪ੍ਰਤੀ ਨੀਤੀ ਬਾਰੇ ਵੀ ਆਪਣੀ ਰਾਏ ਦਿੰਦਾ ਤੇ ਅਫਗਾਨਿਸਤਾਨ ਵਿੱਚ ਵਿਗੜਦੀ ਸਥਿਤੀ ਬਾਰੇ ਵੀ ਪਰ ਉਹ ਮਹਿਫਲ ਦਾ ਮਜ਼ਾ ਵੀ ਖਰਾਬ ਨਹੀਂ ਸੀ ਕਰਨਾ ਚਾਹੁੰਦਾ। ਉਹ ਗੱਲ ਉਥੇ ਹੀ ਛੱਡ ਕੇ ਇੰਗਲੈਂਡ ਦੀ ਸਿਆਸਤ ਬਾਰੇ ਗੱਲਾਂ ਕਰਨ ਲੱਗੇ ਤੇ ਏਅਰਪੋਰਟ ਦੇ ਪੰਜਵੇਂ ਟਰਮੀਨਲ ਬਣਨ ਬਾਰੇ ਗੱਲਾਂ ਸ਼ੁਰੂ ਕਰ ਲਈਆਂ। ਨਵੀ ਹਰ ਵੇਲੇ ਅਖਬਾਰ ਪੜ੍ਹਦਾ ਰਹਿੰਦਾ ਸੀ। ਕੰਮ ਉਪਰ ਵੀ ਅਖਬਾਰ ਉਸ ਦੀ ਜੇਬ ਵਿੱਚ ਹੀ ਹੁੰਦੀ ਸੀ। ਟੈਲੀ ਉਪਰ ਵੀ ਉਹ ਜ਼ਿਆਦਾਤਰ ਡੌਕੂਮੈਂਟਰੀਜ਼ ਹੀ ਦੇਖਦਾ ਸੀ ਤੇ ਬਹੁਤੇ ਮਸਲਿਆਂ ਵਿਚ ਆਪਣੀ ਵਿਸ਼ੇਸ਼ ਰਾਏ ਬਣਾ ਲੈਂਦਾ। ਦੇਵਨ ਤੇ ਜੱਗੀ ਕਿਸੇ ਮਸਲੇ ਬਾਰੇ ਬਹੁਤੀ ਡੁੰਘਾਈ ਵਿੱਚ ਨਹੀਂ ਸਨ ਜਾਂਦੇ। ਜਦ ਕਦੇ ਕਿਸੇ ਮਸਲੇ ਬਾਰੇ ਨਵੀ ਵਿਸਥਾਰ ਵਿੱਚ ਗੱਲ ਕਰਦਾ ਤਾਂ ਦੇਵਨ ਉਸ ਨੂੰ ਰੋਕ ਦਿੰਦਾ ਤੇ ਕਹਿੰਦਾ,

       -ਕੀ ਯਾਰ ਤੂੰ ਹਰ ਵੇਲੇ ਵਿਦਵਤਾ ਜਿਹੀ ਘੋਟਣ ਲੱਗ ਪੈਨਾਂ, ਕੰਜਰ ਦੇ ਹੋਰ ਮਸਲੇ ਹੀ ਸਾਹ ਨਹੀਂ ਲੈਣ ਦਿੰਦੇ।

       ਨਵੀ ਹੱਸ ਕੇ ਆਪਣੀ ਗੱਲ ਬਦਲ ਲੈਂਦਾ।

       ਉਸ ਦਿਨ ਉਹ ਗਈ ਰਾਤ ਤਕ ਬੈਠੇ ਰਹੇ। ਵਾਹਵਾ ਹਾਸਾ-ਮਜ਼ਾਕ ਚਲਦਾ ਰਿਹਾ। ਕਦੇ-ਕਦੇ ਨਵੀ ਦੀ ਤੇ ਪ੍ਰੀਤੀ ਦੀ ਆਪਸ ਵਿਚ ਨੋਂਕ-ਝੋਂਕ ਹੋ ਜਾਂਦੀ ਸੀ। ਨਵੀ ਉਸ ਨੂੰ ਸ਼੍ਰੀਦੇਵੀ ਕਹਿ ਕੇ ਬੁਲਾਇਆ ਕਰਦਾ ਸੀ। ਪ੍ਰੀਤੀ ਦੀ ਸ਼ਕਲ ਕੁਝ ਕੁਝ ਸ਼੍ਰੀਦੇਵੀ ਨਾਲ ਮਿਲਦੀ ਸੀ। ਉਹ ਸ਼੍ਰੀਦੇਵੀ ਦੀ ਨਵੀਂ ਆਈ ਫਿਲਮ ਬਾਰੇ ਗੱਲਾਂ ਕਰ ਰਹੇ ਸਨ ਕਿ ਨਵੀ ਪ੍ਰੀਤੀ ਵਲ ਲਗਾਤਾਰਤਾ ਨਾਲ ਦੇਖਣ ਲੱਗਾ। ਪ੍ਰੀਤੀ ਬੋਲੀ,

       -ਨਵੀ, ਤੂੰ ਬਹੁਤ ਖਰਾਬ ਬੰਦਾਂ। ਕਿਤੇ ਤੂੰ ਮੇਰੇ 'ਤੇ ਅੱਖ ਤਾਂ ਨਹੀਂ ਰੱਖ ਰਿਹਾ?

       -ਪ੍ਰੀਤੀ ਤੂੰ ਤਾਂ ਸਾਡੀ ਭਰਜਾਈ ਐਂ ਤੇ ਸਾਡੇ ਰਾਜੇ ਯਾਰ ਦੀ ਰਾਣੀ। ਹਾਂ, ਜੇ ਤੂੰ ਬਾਹਰ ਕਿਸੇ ਹੋਰ ਥਾਂ ਹੁੰਦੀ ਤਾਂ ਅੱਖ ਦੇ ਸੁਰਮੇ ਵਾਂਗ ਤੈਨੂੰ ਕੱਢ ਲੈਂਦਾ।

       -ਜਾਹ ਓਏ ਜਾਹ! ਏਨੇ ਜੋਗਾ ਤੂੰ ਕਿਥੇ ਐਂ!

       ਪ੍ਰੀਤੀ ਨੇ ਉਸ ਵਲ ਹੱਥ ਮਾਰਦਿਆਂ ਕਿਹਾ। ਸਾਰੇ ਹੱਸ ਰਹੇ ਸਨ। ਗੱਲ ਕਹਿ ਕੇ ਪ੍ਰੀਤੀ ਨੇ ਪਲਵੀ ਵਲ ਦੇਖਦਿਆਂ ਪੁੱਛਦਿਆਂ ਆਖਿਆ,

       -ਕਿਉਂ ਪਲਵੀ?

       -ਭੈਣੇਂ, ਜਦ ਥੁੱਕ ਨਾਲ ਹੀ ਬੜੇ ਪਕਾਉਣੇ ਆਂ ਤਾਂ ਜਿੰਨੇ ਮਰਜ਼ੀ ਪਕਾਈ ਜਾਓ।

       ਪਲਵੀ ਦੇ ਮਗਰੇ ਹੀ ਜੱਗੀ ਬੋਲਿਆ,

       -ਨਵੀ, ਤੇਰੇ ਗੱਪੀ ਹੋਣ 'ਤੇ ਅੱਜ ਪਲਵੀ ਨੇ ਵੀ ਮੋਹਰ ਲਾ ਦਿਤੀ ਐ।

       ਦੇਵਨ ਹੀ ਮਨ ਵਿੱਚ ਕਹਿਣ ਲੱਗਾ, 'ਜੇ ਏਨੇ ਜੋਗਾ ਹੁੰਦਾ ਤਾਂ ਇਕ ਬੱਚਾ ਹੀ ਪੈਦਾ ਕਰ ਲੈਂਦਾ!' ਨਾਲ ਹੀ ਉਹ ਹਲਕਾ ਜਿਹਾ ਮੁਸਕ੍ਰਾਇਆ।

       ਹੁਣ ਉਹ ਤਿੰਨੋਂ ਸ਼ਰਾਬੀ ਸਨ। ਪ੍ਰੀਤੀ ਨੇ ਵੀ ਦੋ ਪੈੱਗ ਬਕਾਰਡੀ ਦੇ ਪੀ ਲਏ ਸਨ ਤੇ ਪਲਵੀ ਨੇ ਵੀ ਵਾਈਨ ਦਾ ਇਕ ਗਲਾਸ ਹੋਰ ਲੈ ਲਿਆ ਸੀ। ਅਚਾਨਕ ਪਲਵੀ ਦਾ ਚਿਹਰਾ ਲਾਲ ਜਿਹਾ ਹੋਣ ਲਗਿਆ। ਉਸ ਦੇ ਦਿਲ ਦੀ ਧੜਕਣ ਵਧ ਗਈ। ਉਹ ਅੰਦਰ ਚਲੇ ਗਈ ਤੇ ਸੋਫੇ 'ਤੇ ਡਿਗ ਜਿਹੀ ਪਈ। ਨਵੀ ਭੱਜ ਕੇ ਗਿਆ ਤੇ ਉਸ ਦੀ ਨਬਜ਼ ਦੇਖਣ ਲਗਿਆ। ਉਹ ਸਮਝ ਗਿਆ ਕਿ ਬਲੱਡ ਪ੍ਰੈਸ਼ਰ ਵਧ ਗਿਆ ਹੈ। ਉਸ ਨੇ ਪੁੱਛਿਆ,

       -ਲਗਦੈ ਤੂੰ ਅੱਜ ਗੋਲ਼ੀ ਨਹੀਂ ਲਈ।

       ਤੇ ਉਹ ਉਸ ਦੀਆਂ ਗੋਲੀਆਂ ਚੁੱਕ ਲਿਆਇਆ। ਪਲਵੀ ਨੇ ਪਾਣੀ ਨਾਲ ਦੋ ਗੋਲੀਆਂ ਲੈ ਲਈਆਂ। ਉਸ ਦੀ ਹਾਲਤ ਸੁਧਰਨ ਲੱਗੀ। ਉਸ ਨੂੰ ਠੀਕ ਹੁੰਦੀ ਨੂੰ ਦੇਖ ਕੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਪਲਵੀ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰ ਸੀ। ਡਾਕਟਰ ਕਹਿੰਦੇ ਸਨ ਕਿ ਇਹੋ ਕਾਰਨ ਸੀ ਕਿ ਉਹ ਗਰਭ ਧਾਰਨ ਨਹੀਂ ਸੀ ਕਰ ਰਹੀ। ਜੇ ਕਦੇ ਗਰਭ ਠਹਿਰ ਵੀ ਜਾਂਦਾ ਤਾਂ ਜਲਦੀ ਹੀ ਜ਼ਾਇਆ ਹੋ ਜਾਂਦਾ।




ਤਿੰਨ


       ਪ੍ਰੀਤੀ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਕੀਨੀਆਂ ਵਿੱਚ ਵਸਿਆ ਹੋਇਆ ਸੀ। ਜਦ ਕੀਨੀਆਂ ਦੇ ਹਾਲਾਤ ਬਹੁਤੇ ਵਧੀਆ ਨਾ ਰਹੇ ਤਾਂ ਲੋਕਾਂ ਨੇ ਹੋਰਨੀਂ ਮੁਲਕੀਂ ਜਾ ਕੇ ਵਸਣਾ ਸ਼ੁਰੂ ਕਰ ਦਿਤਾ। ਪ੍ਰੀਤੀ ਦਾ ਵੱਡਾ ਭਰਾ ਗੁਰਨਾਮ ਸਿੰਘ ਕਨੈਡਾ ਜਾ ਵਸਿਆ ਤੇ ਛੋਟਾ ਪਰਮਜੀਤ ਸਿਘ ਇੰਗਲੈਂਡ ਆ ਕੇ ਲੈਸਟਰ ਸੈਟਲ ਹੋ ਗਿਆ। ਪਿਓ ਕਾਬਲ ਸਿੰਘ ਤੇ ਮਾਂ ਅੰਮ੍ਰਿਤ ਕੌਰ ਕੀਨੀਆਂ ਵਿਚ ਹੀ ਰਹੇ। ਪ੍ਰੀਤੀ ਸਭ ਤੋਂ ਛੋਟੀ ਸੀ ਤੇ ਉਹਨਾਂ ਦੇ ਨਾਲ ਹੀ ਸੀ। ਫਿਰ ਛੇਤੀ ਹੀ ਪਰਮਜੀਤ ਸਿੰਘ ਨੇ ਮਾਂਪਿਓ ਤੇ ਪ੍ਰੀਤੀ ਨੂੰ ਇੰਗਲੈਂਡ ਸੱਦ ਲਿਆ। ਉਹ ਚਾਹੁੰਦਾ ਸੀ ਕਿ ਉਸ ਦੇ ਮਾਂਪਿਓ ਬੁਢਾਪੇ ਵਿਚ ਉਸ ਦੇ ਨਾਲ ਹੀ ਰਹਿਣ ਪਰ ਉਸ ਦੀ ਪਤਨੀ ਸੁਰਿੰਦਰ ਕੌਰ ਇਸ ਗੱਲ 'ਤੇ ਖੁਸ਼ ਨਹੀਂ ਸੀ। ਹੁਣ ਪ੍ਰੀਤੀ ਵੀ ਵਿਆਹੁਣ ਵਾਲੀ ਹੋ ਗਈ ਸੀ ਤੇ ਕਾਬੁਲ ਸਿੰਘ ਬਿਮਾਰ ਰਹਿੰਦਾ ਸੀ। ਬਦਕਿਸਮਤੀ ਇਹ ਕਿ ਕਾਬੁਲ ਸਿੰਘ ਜਲਦੀ ਹੀ ਪੂਰਾ ਹੋ ਗਿਆ। ਪਰਮਜੀਤ ਸਿੰ ਸੋਚਦਾ ਕਿ ਹੁਣ ਤਾਂ ਪ੍ਰੀਤੀ ਤੇ ਬੁੱਢੀ ਮਾਂ ਨੂੰ ਕਿਸੇ ਵੀ ਕੀਮਤ ਵਿੱਚ ਅਲੱਗ ਨਹੀਂ ਸੀ ਕੀਤਾ ਜਾ ਸਕਦਾ। ਉਹ ਪ੍ਰੀਤੀ ਦਾ ਵਿਆਹ ਕਰਨ ਲਈ ਹੱਥ-ਪੈਰ ਮਾਰਨ ਲੱਗਿਆ। ਕਈ ਮੁੰਡੇ ਦੇਖੇ, ਅਖੀਰ ਸਟੈਨਵਿਲ ਰਹਿੰਦੀ ਇਕ ਰਿਸ਼ਤੇਦਾਰ ਨੇ ਆਪਣੇ ਭਾਣਜੇ ਦੀ ਦੱਸ ਪਾਈ। ਮੁੰਡਾ ਦਿੱਲੀ ਵਿੱਚ ਰਹਿੰਦਾ ਸੀ, ਖਾਂਦੇ ਪੀਂਦੇ ਘਰ ਦਾ ਸੀ। ਪਰਮਜੀਤ ਸਿੰਘ ਪ੍ਰੀਤੀ ਨੂੰ ਲੈ ਕੇ ਇੰਡੀਆ ਗਿਆ। ਉਸ ਨੂੰ ਜੱਗੀ ਪਸੰਦ ਆ ਗਿਆ। ਵਿਆਹ ਕਰ ਕੇ ਉਹ ਜੱਗੀ ਨੂੰ ਇੰਗਲੈਂਡ ਲੈ ਆਈ। ਜੱਗੀ ਲੈਸਟਰ ਆ ਕੇ ਪਰਮਜੀਤ ਸਿੰਘ ਦੇ ਘਰ ਹੀ ਰਿਹਾ। ਸੁਰਿੰਦਰ ਕੌਰ ਬਹੁਤੀ ਖੁਸ਼ ਨਹੀਂ ਸੀ ਇਸ ਲਈ ਘਰ ਵਿਚ ਸਹਿਜੇ ਹੀ ਝਗੜਾ ਹੋਣ ਲਗਿਆ। ਜੱਗੀ ਜਲਦੀ ਹੀ ਸਮਝ ਗਿਆ। ਉਸ ਨੇ ਜਲਦੀ ਹੀ ਕੰਮ ਲੱਭ ਲਿਆ ਤੇ ਬਾਹਰ ਕਮਰਾ ਕਿਰਾਏ 'ਤੇ ਲੈ ਲਿਆ ਤੇ ਛੇਤੀ ਹੀ ਉਸ ਨੂੰ ਕੌਂਸਲ ਦਾ ਫਲੈਟ ਵੀ ਮਿਲ ਗਿਆ। ਲੈਸਟਰ ਵਿੱਚ ਕੌਂਸਲ ਦਾ ਫਲੈਟ ਹੋਰ ਸ਼ਹਿਰਾਂ ਮੁਕਾਬਲੇ ਸਹਿਜੇ ਹੀ ਮਿਲ ਜਾਂਦਾ ਸੀ। ਹੁਣ ਜੱਗੀ ਤੇ ਪ੍ਰੀਤੀ ਕੋਲ ਆਪਣਾ ਟਿਕਾਣਾ ਤਾਂ ਹੋ ਗਿਆ ਸੀ ਪਰ ਲੈਸਟਰ ਵਿਚ ਕੰਮਾਂ ਦੀ ਜ਼ਰਾ ਕਿੱਲਤ ਸੀ ਇਸ ਲਈ ਜੱਗੀ ਉਥੋਂ ਕਿਸੇ ਹੋਰ ਸ਼ਹਿਰ ਜਾ ਟਿਕਣ ਦੀ ਸੋਚਣ ਲੱਗਾ। ਸਟੈਨਵਿਲ ਰਹਿੰਦੀ ਮਾਸੀ ਜਿਸ ਨੇ ਉਸ ਦਾ ਰਿਸ਼ਤਾ ਕਰਾਇਆ ਸੀ, ਉਸ ਨੇ ਉਹਨਾਂ ਨੂੰ ਸਟੈਨਵਿਲ ਆ ਜਾਣ ਲਈ ਕਿਹਾ। ਚੰਗੀ ਕਿਸਮਤ ਕਿ ਉਸ ਨੇ ਕੌਂਸਲ ਵਿਚ ਫਲੈਟ ਦੇ ਤਬਾਦਲੇ ਲਈ ਅਰਜ਼ੀ ਦਿੱਤੀ ਤਾਂ ਕੋਈ ਸਟੈਨਵਿਲ ਤੋਂ ਕੋਈ ਲੈਸਟਰ ਆਉਣਾ ਚਾਹੁੰਦਾ ਸੀ। ਸੋ ਪ੍ਰੀਤੀ ਤੇ ਜੱਗੀ ਸਟੈਨਵਿਲ ਆ ਗਏ।

        ਸਟੈਨਵਿਲ ਏਅਰਪੋਰਟ ਦੇ ਨੇੜੇ ਵਸਿਆ ਛੋਟਾ ਜਿਹਾ ਪਿੰਡ ਹੈ। ਕਦੇ ਇਥੇ ਬਹੁਤੇ ਗੋਰੇ ਲੋਕ ਹੀ ਰਹਿੰਦੇ ਸਨ ਪਰ ਘਰ ਕੁਝ ਸਸਤੇ ਹੋਣ ਕਰਕੇ  ਦੇਸੀ ਲੋਕ ਵੀ ਆ ਕੇ ਵਸਣੇ ਸ਼ੁਰੂ ਹੋ ਗਏ ਸਨ। ਜੱਗੀ ਤੇ ਪ੍ਰੀਤੀ ਨੂੰ ਇਹ ਜਗਾਹ ਤਾਂ ਬਹੁਤ ਪਸੰਦ ਸੀ ਪਰ ਇਥੇ ਕੋਈ ਵਾਕਫੀ ਨਾ ਹੋਣ ਦਾ ਦੁੱਖ ਜਿਹਾ ਹੋਣ ਲਗਦਾ। ਜੱਗੀ ਦੀ ਮਾਸੀ ਸੀ ਪਰ ਉਸ ਦੇ ਮੁੰਡਿਆਂ ਤੇ ਕੁੜੀਆਂ ਨਾਲ ਉਹਨਾਂ ਦੀ ਵਧੀਆ ਦੋਸਤੀ ਨਾ ਹੋ ਸਕੀ। ਆਉਣ-ਜਾਣ ਲਈ ਇਹ ਰਿਸ਼ਤੇਦਾਰੀ ਤਾਂ ਸੀ ਪਰ ਜਾਣ ਨੂੰ ਮਨ ਨਹੀਂ ਸੀ ਉਮੜਦਾ। ਜਦ ਕੰਮ 'ਤੇ ਨਵੀ ਤੇ ਦੇਵਨ ਮਿਲੇ ਤਾਂ ਜੱਗੀ ਨੂੰ ਜਿਵੇਂ ਇਕ ਪਰਿਵਾਰ ਮਿਲ ਗਿਆ ਹੋਵੇ। ਪ੍ਰੀਤੀ ਦੀ ਵੀ ਸ਼ਿਵਾਨੀ ਤੇ ਪਲਵੀ ਨਾਲ ਸਹਿਜੇ ਹੀ ਦੋਸਤੀ ਪੈ ਗਈ ਸੀ। ਅਜਿਹੀ ਦੋਸਤੀ ਕਿ ਜਿਵੇਂ ਨਵੀ ਤੇ ਦੇਵਨ ਜੱਗੀ ਦੇ ਦੋਸਤ ਨਾ ਹੋ ਕੇ ਭਰਾ ਹੋਣ। ਇਵੇਂ ਹੀ ਸ਼ਿਵਾਨੀ ਤੇ ਪਲਵੀ ਪ੍ਰੀਤੀ ਨੂੰ ਆਪਣੀਆਂ ਭੈਣਾਂ ਜਾਪਦੀਆਂ। ਰਿਸ਼ਤੇਦਾਰੀਆਂ ਦੀ ਸਾਰੀ ਭੁੱਖ ਇਹਨਾਂ ਨਵੇਂ ਬਣੇ ਰਿਸ਼ਤਿਆਂ ਨੇ ਪੂਰੀ ਕਰ ਦਿੱਤੀ ਸੀ। ਇਥੇ ਆ ਕੇ ਹੀ ਰੌਕੀ ਦਾ ਜਨਮ ਵੀ ਹੋਇਆ ਸੀ। ਉਹ ਬਹੁਤ ਖੁਸ਼ ਸਨ।

       ਜੱਗੀ ਪ੍ਰੀਤੀ ਨੂੰ ਬੇਹੱਦ ਪਿਆਰ ਕਰਦਾ ਸੀ। ਉਸ ਉਪਰ ਜਾਨ ਨਿਛਾਵਰ ਕਰਨ ਤਕ ਜਾਂਦਾ। ਕੋਈ ਵੀ ਗੱਲ ਉਸ ਦੇ ਮੂੰਹੋਂ ਨਿਕਲਦੀ ਤਾਂ ਉਸੇ ਵੇਲੇ ਪੂਰੀ ਕਰਨ ਦੀ ਕੋਸ਼ਿਸ਼ ਕਰਦਾ। ਇਵੇਂ ਹੀ ਰੌਕੀ ਨੂੰ ਵੀ ਉਹ ਬਹੁਤ ਮੋਹ ਕਰਦਾ ਸੀ। ਇਕ ਦਿਨ ਉਹ ਜੱਗੀ ਤੇ ਪ੍ਰੀਤੀ ਮਾਸੀ ਦੇ ਘਰ ਗਏ। ਮਾਸੀ ਦੀ ਵੱਡੀ ਕੁੜੀ ਜਿਹੜੀ ਈਸਟ ਲੰਡਨ ਰਹਿੰਦੀ ਸੀ ਆਈ ਹੋਈ ਸੀ। ਉਹ ਬੋਲੀ,

       -ਪ੍ਰੀਤੀ, ਤੈਨੂੰ ਚੇਤੇ ਐ ਤੇਜਾ ਸਿੰਘ ਦੀ ਫੈਮਲੀ ਤੁਹਾਡੇ ਗਵਾਂਢ ਰਹਿੰਦੀ ਹੁੰਦੀ ਸੀ।

       -ਹਾਂ, ਯਾਦ ਐ, ਅੰਟੀ ਦੀ ਡੈਥ ਹੋ ਗਈ ਸੀ, ਅੰਕਲ ਨੇ ਹੀ ਮੁੰਡਿਆਂ ਨੂੰ ਪਾਲ਼ਿਆ ਸੀ।

       -ਉਹੀ, ਉਹਦਾ ਛੋਟਾ ਮੁੰਡਾ ਬੈਡਫੌਂਟ ਰਹਿੰਦੈ।

       -ਕੌਣ? ਨਿੱਕ?

       -ਹਾਂ, ਨਿੱਕ, ਨਛੱਤਰ। ਏਅਰਪੋਰਟ 'ਤੇ ਕੰਮ ਕਰਦਾ, ਬੈਗਿੰਗ ਵਿੱਚ।

       -ਰੀਅਲੀ! ਅਸੀਂ ਤਾਂ ਇਕੱਠੇ ਖੇਡਦੇ ਰਹੇ ਆਂ। ਨਾਲ-ਨਾਲ ਤਾਂ ਘਰ ਹੁੰਦੇ ਸੀ ਸਾਡੇ। ਉਹਦਾ ਟੈਲੀਫੋਨ ਬਗੈਰਾ ਹੈਗਾ।

       -ਮੇਰੇ ਕੋਲ ਤਾਂ ਹੈ ਨਹੀਂ ਪਰ ਮੇਰੇ ਹਸਬੈਂਡ ਕੋਲ ਸ਼ਾਇਦ ਹੋਵੇ। ਉਹਦੀ ਵਾਈਫ ਇਹਨਾਂ ਦੇ ਦੋਸਤ ਦੀ ਭੈਣ ਆਂ।

       -ਅੱਛਾ! ਉਹਨੇ ਵਿਆਹ ਵੀ ਕਰਾ ਲਿਆ?

       -ਇਕ ਜਾਂ ਦੋ ਬੱਚੇ ਵੀ ਆ।

       -ਦੈਟ ਜ਼ ਨਾਈਸ!

       ਪ੍ਰੀਤੀ ਚਾਅ ਜਿਹੇ ਵਿਚ ਬੋਲੀ ਤੇ ਫਿਰ ਉਹ ਜੱਗੀ ਨੂੰ ਦੱਸਣ ਲੱਗੀ,

       -ਨਿੱਕ ਦੀ ਮੰਮੀ ਸਾਡੀ ਮੰਮੀ ਦੀ ਬਹੁਤ ਸਹੇਲੀ ਸੀ। ਮੇਰਾ ਬਹੁਤ ਪਿਆਰ ਕਰਦੀ ਹੁੰਦੀ ਸੀ। ਮੈਂ ਨਿੱਕ ਦੇ ਰੱਖੜੀ ਬੰਨਦੀ ਹੁੰਦੀ ਸੀ, ਮੇਰਾ ਭਰਾ ਬਣਿਆਂ ਹੋਇਆ ਸੀ। ਚੰਗਾ ਹੋਇਆ ਕਿ ਉਹ ਇਥੇ ਹੀ ਐ।

       ਪ੍ਰੀਤੀ ਚਾਮਲੀ ਪਈ ਸੀ। ਜੱਗੀ ਵੀ ਉਸ ਦੀ ਖੁਸ਼ੀ ਵਿੱਚ ਖੁਸ਼ ਸੀ। ਉਹ ਉਸ ਨੂੰ ਹਰ ਵੇਲੇ ਇਵੇਂ ਹੀ ਖੁਸ਼ ਦੇਖਣਾ ਚਾਹੁੰਦਾ ਸੀ। ਜਦੋ ਤੋਂ ਪ੍ਰੀਤੀ ਦੇ ਪੇਟ ਵਿੱਚ ਦਰਦ ਜਿਹਾ ਰਹਿਣ ਲੱਗਿਆ ਸੀ ਤਾਂ ਉਹ ਉਸ ਦਾ ਬਹੁਤ ਹੀ ਫਿਕਰ ਕਰਦਾ ਸੀ। ਇਕ ਵਾਰ ਤਾਂ ਡਾਕਟਰ ਨੇ ਕਹਿ ਦਿਤਾ ਸੀ ਕਿ ਸ਼ਾਇਦ ਉਸ ਦੀ ਬੱਚੇਦਾਨੀ ਹੀ ਕੱਢਣੀ ਪਵੇ। ਇਸ ਖ਼ਬਰ 'ਤੇ ਪ੍ਰੀਤੀ ਰੋਣ ਲੱਗੀ ਸੀ ਪਰ ਜੱਗੀ ਨੇ ਉਸ ਨੂੰ ਕਲਾਵੇ ਵਿੱਚ ਲੈਂਦਿਆਂ ਕਿਹਾ ਸੀ,

       -ਸਾਡੇ ਇਕ ਬੱਚਾ ਹੀ ਬਹੁਤ ਐ। ਮੈਨੂੰ ਤੇਰੀ ਸਿਹਤ ਦੀ ਲੋੜ ਐ ਹੋਰ ਬੱਚੇ ਦੀ ਨਹੀਂ।

       ਇਸ ਤੋਂ ਪਹਿਲਾਂ ਕਿ ਪ੍ਰੀਤੀ ਨਛੱਤਰ ਨੂੰ ਫੋਨ ਕਰਦੀ ਉਸ ਦਾ ਹੀ ਆ ਗਿਆ। ਅਗਲੇ ਸਪਤਾਹ-ਅੰਤ 'ਤੇ ਉਹ ਉਹਨਾਂ ਨੂੰ ਮਿਲਣ ਵੀ ਆ ਗਿਆ। ਉਸ ਦੇ ਨਾਲ ਉਸ ਦੀ ਪਤਨੀ ਨੀਸ਼ਾ ਸੀ ਤੇ ਨਾਲ ਹੀ ਮੁੰਡਾ ਐਂਡੀ ਤੇ ਕੁੜੀ ਲੀਨਾ ਵੀ। ਪ੍ਰੀਤੀ ਨੂੰ ਇਕ ਹੋਰ ਸਹੇਲੀ ਮਿਲ ਗਈ, ਜੱਗੀ ਨੂੰ ਇਕ ਹੋਰ ਦੋਸਤ ਤੇ ਰੌਕੀ ਨੂੰ ਖੇਡਣ ਲਈ ਸਾਥੀ। ਪਹਿਲਾਂ ਉਹ ਦੇਵਨ ਦੀ ਕੁੜੀ ਰੁਚਿਕਾ ਨਾਲ ਬਹੁਤਾ ਨਹੀਂ ਸੀ ਘੁਲਦਾ-ਮਿਲਦਾ ਪਰ ਨਛੱਤਰ ਦੇ ਬੱਚਿਆਂ ਵਿੱਚ ਉਹ ਵੀ ਇਵੇਂ ਰਲ਼ ਗਿਆ ਜਿਵੇਂ ਦੇਰ ਦਾ ਜਾਣਦਾ ਹੋਵੇ। ਹਾਂ, ਜੱਗੀ ਨੂੰ ਇਕ ਗੱਲ ਜ਼ਰਾ ਕੁ ਲਈ ਓਪਰੀ ਲੱਗੀ ਕਿ ਨੀਸ਼ਾ ਗੁਜਰਾਤਣ ਕੁੜੀ ਸੀ ਪਰ ਉਹ ਛੇਤੀ ਹੀ ਸਹਿਜ ਹੋ ਗਿਆ ਸੀ। ਹੁਣ ਉਹਨਾਂ ਦਾ ਇਸ ਪਰਿਵਾਰ ਨਾਲ ਆਉਣਾ-ਜਾਣਾ ਬਹੁਤ ਵਧ ਗਿਆ। ਪ੍ਰੀਤੀ ਤੇ ਨਛੱਤਰ ਪੁਰਾਣੀਆਂ ਗੱਲਾਂ ਕਰਨ ਲੱਗਦੇ ਤਾਂ ਸਭ ਨੂੰ ਭੁੱਲ ਕੇ ਆਪਣੇ ਅਤੀਤ ਵਿੱਚ ਗੁਆਚ ਜਾਂਦੇ। ਨੀਸ਼ਾ ਨੂੰ ਕਦੇ-ਕਦੇ ਇਹ ਗੱਲ ਚੁਭਵੀਂ ਜਿਹੀ ਲਗਦੀ। ਉਸ ਦੇ ਮਨ ਵਿਚ ਹਲਕਾ ਜਿਹਾ ਸ਼ੱਕ ਤੈਰਨ ਲਗਦਾ। ਪਰ ਜੱਗੀ ਇਵੇਂ ਨਹੀਂ ਸੀ ਸੋਚਦਾ। ਉਹ ਸਮਝਦਾ ਸੀ ਕਿ ਉਹ ਪਰਾਣੇ ਵਾਕਫ ਹਨ, ਫਿਰ ਪ੍ਰੀਤੀ ਤਾਂ ਉਸ ਦੇ ਰੱਖੜੀ ਬੰਨਦੀ ਰਹੀ ਹੈ।

       ਉਹਨਾਂ ਦੇ ਆਪਸੀ ਸਬੰਧ ਦਿਨੋਂ-ਦਿਨ ਮਜ਼ਬੂਤ ਹੁੰਦੇ ਜਾ ਰਹੇ ਸਨ। ਕੰਮ 'ਤੇ ਰਾਤ ਲਗਾ ਕੇ ਜੱਗੀ ਨੇ ਸਵੇਰੇ ਸੌਣਾ ਹੁੰਦਾ ਸੀ, ਪ੍ਰੀਤੀ ਨੂੰ ਕੋਈ ਵੀ ਕੰਮ ਹੁੰਦਾ ਤਾਂ ਉਹ ਨਛੱਤਰ ਨੂੰ ਫੋਨ ਕਰ ਦਿੰਦੀ। ਜੱਗੀ ਵੀ ਜੇ ਗੱਡੀ ਖਰਾਬ ਹੋ ਜਾਵੇ ਜਾਂ ਕੋਈ ਹੋਰ ਕੰਮ ਹੋਵੇ ਤਾਂ ਇਕ ਦਮ ਨਛੱਤਰ ਨੂੰ ਬੁਲਾ ਲੈਂਦਾ। ਇਵੇਂ ਹੀ ਉਹ ਵੀ ਨਛੱਤਰ ਦੇ ਹਰ ਤਰਾਂ੍ਹ ਨਾਲ ਖੜਦਾ। ਹੁਣ ਕਦੇ ਉਸ ਨੇ ਆਪਣੇ ਘਰ ਪਾਰਟੀ ਕਰਨੀ ਹੁੰਦੀ ਤਾਂ ਹੋਰਨਾਂ ਦੋਸਤਾਂ ਵਿਚ ਨਛੱਤਰ ਵੀ ਹੁੰਦਾ ਸਗੋਂ ਨਛੱਤਰ ਦਾ ਮਹਿਮਾਨ-ਨਵਾਜ਼ ਹੁੰਦਾ। ਬੱਚੇ ਹੇਠਾਂ-ਉਤੇ ਟੱਪ ਰਹੇ ਹੁੰਦੇ। ਕਈ ਵਾਰ ਉਹ ਰਲ਼ ਕੇ ਪੱਬਾਂ ਜਾਂ ਕਲੱਬਾਂ ਨੂੰ ਵੀ ਜਾਂਦੇ। ਅਜਿਹੇ ਮੌਕਿਆਂ ਉਹਨਾਂ ਨੂੰ ਬੱਚੇ ਕਿਧਰੇ ਛੱਡਣ ਦਾ ਇੰਤਜ਼ਾਮ ਕਰਨਾ ਪੈਂਦਾ।

       ਹੌਲੀ ਹੌਲੀ ਨੀਸ਼ਾ ਨੂੰ ਨਛੱਤਰ ਤੇ ਪ੍ਰੀਤੀ ਦਾ ਏਨਾ ਘੁਲਣਾ-ਮਿਲਣਾ ਜ਼ਿਆਦਾ ਅਖੜਨ ਲਗਿਆ। ਉਹ ਨਛੱਤਰ ਦੇ ਕੰਮ ਤੇ ਜਾਣ ਤੇ ਵਾਪਸ ਮੁੜਨ ਤੇ ਉਸ ਦੇ ਵਿਵਹਾਰ ਨੂੰ ਧਿਆਨ ਨਾਲ ਦੇਖਣ-ਸਮਝਣ ਲੱਗੀ। ਸੋਚਦਿਆਂ ਸੋਚਦਿਆਂ ਉਸ ਨੂੰ ਯਕੀਨ ਹੋਣ ਲਗਿਆ ਕਿ ਨਛੱਤਰ ਤੇ ਪ੍ਰੀਤੀ ਵਿਚਕਾਰ ਕੁਝ ਚੱਲ ਰਿਹਾ ਹੈ। ਉਸ ਨੂੰ ਔਰਤਾਂ ਦੇ ਮਾਮਲੇ ਵਿਚ ਨਛੱਤਰ ਦੇ ਸੁਭਾਅ ਦਾ ਪਤਾ ਸੀ। ਇਕ ਦਿਨ ਉਸ ਨੇ ਨਛੱਤਰ ਨੂੰ ਸਿੱਧੇ ਹੀ ਪੁੱਛਿਆ,

       -ਨਿੱਕ, ਤੂੰ ਪ੍ਰੀਤੀ ਦਾ ਪਿੱਛਾ ਛੱਡਣਾ ਏ ਕਿ ਨਹੀਂ?

       -ਲਗਦੈ ਨੀਸ਼ਾ ਤੂੰ ਪਾਗਲ ਹੋ ਗਈ ਐਂ! ਤੈਨੂੰ ਪਤੈ ਕਿ ਉਹ ਮੇਰੇ ਰੱਖੜੀ ਬੰਨਦੀ ਰਹੀ ਐ।

       -ਰੱਖੜੀ ਗਈ ਭਾੜ ਵਿਚ, ਜੈਗ ਕੰਮ 'ਤੇ ਜਾਂਦਾ ਤੇ ਤੂੰ ਉਹਦੇ ਘਰ ਜਾ ਵੜਦਾਂ ਤੇ ਆਕੇ ਮੇਰੇ ਕੋਲ ਓਵਰ ਟਾਈਮ ਕਰਨ ਦਾ ਬਹਾਨਾ ਲਾ ਦਿੰਨਾਂ। ਕੱਲ ਸ਼ਾਮੀ ਤੂੰ ਓਵਰ ਟਾਈਮ ਕੀਤਾ ਹੀ ਨਹੀਂ ਮੇਰੇ ਕੋਲ ਆ ਕੇ ਸਾਰਾ ਝੂਠ ਬੋਲਿਆਂ।

       -ਹੋਰ ਮੈਂ ਕਿਥੇ ਸੀ? æææਹੁਣ ਤੇਰੇ ਮੋਹਰੇ ਲਿਆ ਕੇ ਆਪਣੇ ਦੋਸਤਾਂ ਨੂੰ ਪੇਸ਼ ਕਰਾਂ?

       -ਮੈਂ ਤੇਰੇ ਕੰਮ 'ਤੇ ਫੋਨ ਕੀਤਾ ਸੀ, ਤੇਰੇ ਮੈਨੇਜਰ ਨੇ ਕਿਹਾ ਕਿ ਤੂੰ ਤਾਂ ਕੱਲ ਓਵਰ ਟਾਈਮ ਕੀਤਾ ਹੀ ਨਹੀਂ।

       -ਪਤਾ ਨਹੀਂ ਤੂੰ ਕਿਹੜੇ ਮੈਨੇਜਰ ਨੂੰ ਫੋਨ ਕਰਦੀ ਫਿਰਦੀ ਐਂ! ਤੈਨੂੰ ਹੁਣ ਕੀ ਪਤਾ ਕਿ ਮੇਰੀ ਡਿਊਟੀ ਕਿਥੇ ਹੁੰਦੀ ਐ।

       -ਤੇਰੇ ਮੈਨੇਜਰ ਨੂੰ ਤਾਂ ਪਤਾ ਹੀ ਹੁੰਦੈ। ਤੂੰ ਓਵਰਟਾਈਮ ਦਾ ਬਹਾਨਾ ਲਾ ਕੇ ਉਸ ਕੁੱਤੀ ਕੋਲ ਜਾ ਵੜਦੈਂ।

       -ਪਾਗਲ ਔਰਤ, ਕਿਸੇ ਹੋਰ ਨੂੰ ਨਾ ਕਹਿ ਦੇਵੀਂ, ਉਹਨਾਂ ਦਾ ਹੱਸਦਾ-ਵੱਸਦਾ ਘਰ ਨਾ ਉਜਾੜ ਦੇਵੀਂ।

       -ਇਕ ਘਰ ਤਾਂ ਉਜੜੇਗਾ ਹੀ, ਉਹ ਜਾਂ ਇਹ। ਇਹ ਤੇਰੀ ਚੋਣ ਐਂ ਕਿ ਕਿਹੜਾ ਉਜਾੜਨਾ।

       ਨੀਸ਼ਾ ਨੇ ਇਵੇਂ ਕਿਹਾ ਜਿਵੇਂ ਇਕ ਟੁੱਕ ਫੈਸਲਾ ਕਰਨਾ ਚਾਹੁੰਦੀ ਹੋਵੇ। ਅਸਲ ਵਿਚ ਜਦੋਂ ਦਾ ਉਸ ਦਾ ਵਿਆਹ ਹੋਇਆ ਸੀ, ਉਦੋਂ ਤੋਂ ਹੀ ਨਛੱਤਰ ਦੀ ਕੋਈ ਨਾ ਕੋਈ ਕਹਾਣੀ ਚਲਦੀ ਹੀ ਰਹਿੰਦੀ ਸੀ। ਦੂਜੀਆਂ ਔਰਤਾਂ ਨਾਲ ਫਲੱਰਟ ਕਰਨਾ ਉਸ ਦਾ ਸੁਭਾਅ ਸੀ। ਜਿਹੜੀ ਔਰਤ ਵੀ ਉਸ ਦੀ ਸਹੇਲੀ ਬਣਦੀ ਨਛੱਤਰ ਉਸ 'ਤੇ ਡੋਰੇ ਪਾਉਣ ਲੱਗ ਪੈਂਦਾ। ਹਾਰ ਕੇ ਉਸ ਨੇ ਆਪਣੀਆਂ ਸਹੇਲੀਆਂ ਨੂੰ ਘਰ ਲਿਆਉਣਾ ਹੀ ਬੰਦ ਕਰ ਦਿੱਤਾ ਸੀ। ਕੰਮ 'ਤੇ ਵੀ ਕਦੇ ਕਦੇ ਕਿਸੇ ਔਰਤ ਨਾਲ ਉਸ ਦਾ ਨਾਂ ਜੁੜਨ ਲੱਗ ਪੈਂਦਾ ਸੀ। ਨੀਸ਼ਾ ਵੀ ਸ਼ੱਕੀ ਜਿਹੇ ਸੁਭਾਅ ਦੀ ਸੀ। ਨਛੱਤਰ ਉਸ ਦੀ ਗੱਲ ਇਕ ਕੰਨ ਵਿਚ ਪਾ ਕੇ ਦੂਜੇ ਕੰਨੀਂ ਕੱਢ ਦਿੰਦਾ ਸੀ। ਕਈ ਵਾਰ ਲੜਾਈ ਵਧਣ ਲਗਦੀ ਤਾਂ ਨਛੱਤਰ ਨੀਸ਼ਾ ਤੋਂ ਸੌਰੀ ਮੰਗ ਲੈਂਦਾ। ਇਵੇਂ ਨੀਸ਼ਾ ਠੰਡੀ ਪੈ ਜਾਂਦੀ ਤੇ ਘਰ ਵਿੱਚ ਸ਼ਾਂਤੀ ਹੋ ਜਾਂਦੀ ਪਰ ਪ੍ਰੀਤੀ ਦੇ ਮਾਮਲੇ ਵਿਚ ਨਛੱਤਰ ਨੇ ਸੌਰੀ ਨਾ ਮੰਗੀ ਸਗੋਂ ਮੁਹਰਿਓਂ ਆਕੜਨ ਲਗਿਆ। ਇਸ ਨਾਲ ਨੀਸ਼ਾ ਦਾ ਗੁੱਸਾ ਵਧਦਾ ਗਿਆ।

       ਇਕ ਦਿਨ ਨੀਸ਼ਾ ਨੇ ਜੱਗੀ ਦੇ ਘਰ ਫੋਨ ਕੀਤਾ। ਉਸ ਦਾ ਮਕਸਦ ਪ੍ਰੀਤੀ ਨਾਲ ਲੜਨਾ ਸੀ ਪਰ ਪ੍ਰੀਤੀ ਨਰਸਰੀ ਤੋਂ ਰੌਕੀ ਨੂੰ ਲੈਣ ਗਈ ਹੋਈ ਸੀ। ਰਾਤ ਲਾ ਕੇ ਜੱਗੀ ਸੁੱਤਾ ਪਿਆ ਸੀ। ਜਦ ਫੋਨ ਦੀ ਘੰਟੀ ਵੱਜਣੋਂ ਨਾ ਹਟੀ ਤਾਂ ਉਸ ਨੇ ਉਠ ਕੇ ਫੋਨ ਚੁੱਕ ਲਿਆ। ਉਸ ਦੀ ਆਵਾਜ਼ ਸੁਣ ਕੇ ਇਕ ਪਲ ਲਈ ਨੀਸ਼ਾ ਰੁਕੀ ਪਰ ਫਿਰ ਬੋਲੀ,

       -ਜੈਗ, ਤੈਨੂੰ ਪਤਾ ਕਿ ਤੇਰੇ ਘਰ ਕੀ ਹੋ ਰਿਹਾ?

       -ਨਹੀਂ, ਕੀ ਗੱਲ ਹੋਈ ਨੀਸ਼ਾ?

       -ਜੈਗ, ਪ੍ਰੀਤੀ ਤੇ ਨਿੱਕ ਦੇ ਆਪਸ ਵਿਚ ਸਬੰਧ ਨੇ।

       -ਨੀਸ਼ਾ, ਐਵੇਂ ਨਾ ਸ਼ੱਕ ਕਰੀ ਜਾਇਆ ਕਰ। ਉਹ ਆਪਸ ਵਿੱਚ ਭੈਣ-ਭਰਾ ਨੇ। ਹਾਲੇ ਪਿਛਲੇ ਵੀਕ ਤਾਂ ਪ੍ਰੀਤੀ ਨੇ ਉਸ ਦੇ ਰੱਖੜੀ ਬੰਨੀ ਐਂ।

       -ਨਹੀਂ ਜੈਗ, ਇਹ ਰੱਖੜੀ ਤਾਂ ਸਿਰਫ ਦਿਖਾਵਾ ਐ, ਅਸਲ ਗੱਲ ਹੋਰ ਐ।

       -ਨੀਸ਼ਾ, ਮੈਨੂੰ ਤਾਂ ਏਦਾਂ ਦੀ ਕਦੇ ਕੋਈ ਸਮੈੱਲ ਨਹੀਂ ਆਈ।

       -ਸਮੈੱਲ ਨਹੀਂ ਆਈ ਤਾਂ ਤੇਰਾ ਨੱਕ ਖਰਾਬ ਹੋਏਗਾ। ਮੈਂ ਇਕ ਪਤਨੀ ਹਾਂ, ਮੈਨੂੰ ਪਤਾ ਜਿਸ ਦਿਨ ਉਹ ਪ੍ਰੀਤੀ ਨੂੰ ਮਿਲ ਕੇ ਆਉਂਦੈ ਤਾਂ ਖਾਲੀ ਹੁੰਦੈ।

       ਨੀਸ਼ਾ ਬੇਕਾਕ ਕਹਿ ਗਈ। ਇਹ ਸੁਣ ਕੇ ਜੱਗੀ ਦਾ ਮਨ ਕਚਿਆਣ ਨਾਲ ਭਰ ਗਿਆ। ਉਸ ਨੇ ਇਕ ਦਮ ਫੋਨ ਕੱਟ ਦਿਤਾ। ਉਸ ਦੇ ਸ਼ੱਕੀ ਸੁਭਾਅ ਬਾਰੇ ਨਛੱਤਰ ਕਈ ਵਾਰ ਗੱਲਾਂ ਕਰ ਚੁੱਕਿਆ ਸੀ। ਉਸ ਨੇ ਦੱਸਿਆ ਸੀ ਕਿ ਨੀਸ਼ਾ ਉਸ ਦੀਆਂ ਵਾਕਫ ਔਰਤਾਂ ਨੂੰ ਅਕਸਰ ਫੋਨ ਉਪਰ ਗਾਲ਼ਾਂ ਕੱਢਣ ਲਗਦੀ ਹੈ। ਪ੍ਰੀਤੀ ਘਰ ਆਈ, ਜੱਗੀ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਉਹ ਰੋਣ ਲੱਗ ਪਈ। ਜੱਗੀ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਚੁੱਪ ਕਰਾਇਆ। ਨਛੱਤਰ ਨੂੰ ਪਤਾ ਲੱਗਾ ਤਾਂ ਉਹ ਰੋਣਹਾਕਾ ਹੁੰਦਾ ਬੋਲਿਆ,

       -ਯਾਰ, ਇਸ ਔਰਤ ਨੇ ਤਾਂ ਮੇਰਾ ਜੀਣਾ ਹਰਾਮ ਕੀਤਾ ਪਿਆ। ਸਮਝ ਨਹੀਂ ਲਗਦੀ ਕਿ ਕੀ ਕਰਾਂ।

       ਫਿਰ ਉਹ ਕੁਝ ਦੇਰ ਸੋਚਦਾ ਰਿਹਾ ਤੇ ਆਖਣ ਲੱਗਾ,

       -ਪ੍ਰੀਤੀ, ਮੈਨੂੰ ਤਾਂ ਕੁਝ ਹੋਰ ਲੱਗਦਾ।

       -ਕੀ?

       -ਮੈਨੂੰ ਲੱਗਦਾ ਕਿ ਇਹ ਮੈਨੂੰ ਘਰੋਂ ਕੱਢ ਕੇ ਘਰ 'ਤੇ ਕਬਜ਼ਾ ਕਰਨਾ ਚਾਹੁੰਦੀ ਐ। ਜੇ ਅਲਿਹਦਗੀ ਹੋ ਜਾਵੇ ਤਾਂ ਘਰ ਤਾਂ ਬੱਚਿਆਂ ਕਰਕੇ ਉਹਨੂੰ ਹੀ ਮਿਲ ਜਾਣਾਂ ਨਾ। ਇਹਦੀ ਵੱਡੀ ਭੈਣ ਨੇ ਇਵੇਂ ਹੀ ਕੀਤਾ ਸੀ, ਹੁਣ ਉਹ ਵੱਡੇ ਸਾਰੇ ਘਰ ਦੀ ਇਕੱਲੀ ਮਾਲਕਣ ਬਣੀ ਬੈਠੀ ਐ।

       -ਨਿੱਕ, ਘਰ ਨਾ ਛੱਡੀਂ। ਤੇਰਾ ਘਰ ਤਾਂ ਵੈਸੇ ਹੀ ਸੁਹਣਾ ਐ, ਅੱਜਕਲ ਤਾਂ ਸਾਧਰਾਣ ਘਰ ਵੀ ਨਹੀਂ ਬਣਦੇ। ਸਾਡੇ ਵਲ ਦੇਖ ਲੈ, ਫਲੈਟ ਵਿੱਚ ਬੈਠੇ ਆਂ। ਪਤਾ ਨਹੀਂ ਮੇਰੀ ਕਿਸਮਤ ਵਿੱਚ ਘਰ ਹੈਗਾ ਵੀ ਐ ਕਿ ਨਹੀਂ!

       ਹਾਉਕਾ ਲੈਂਦਿਆਂ ਪ੍ਰੀਤੀ ਕਹਿ ਰਹੀ ਸੀ। ਕੁਝ ਦੇਰ ਬਾਅਦ ਠੰਡਾ ਸਾਹ ਭਰਦਿਆਂ ਨਛੱਤਰ ਨੇ ਕਿਹਾ,

       -ਜੈਗ, ਮੈਨੂੰ ਤਾਂ ਇਕ ਹੋਰ ਵੀ ਡਾਊਟ ਐ।

       -ਉਹ ਕਿਹੜੀ?

       -ਜੈਗ, ਮੈਨੂੰ ਲੱਗਦਾ ਕਿ ਉਹਨੇ ਕੋਈ ਬੁਆਏ ਫਰੈੰਡ ਲੱਭ ਲਿਆ ਤੇ ਹੁਣ ਬਹਾਨੇ ਨਾਲ ਮੈਨੂੰ ਰਾਹ ਵਿਚੋਂ ਹਟਾਉਣਾ ਚਾਹੁੰਦੈ ਐ।

       ਆਖਦਿਆਂ ਨਛੱਤਰ ਨੇ ਅੱਖਾਂ ਭਰ ਲਈਆਂ। ਜੱਗੀ ਨੇ ਉਠ ਕੇ ਉਸ ਨੂੰ ਕਲਾਵੇ ਵਿਚ ਲੈ ਲਿਆ ਤੇ ਬੋਲਿਆ,

       -ਨਿੱਕ, ਦਿਲ ਥੋੜਾ ਨਾ ਕਰ ਯਾਰ। ਅਸੀਂ ਤੇਰੇ ਨਾਲ ਆਂ। ਸਭ ਠੀਕ ਹੋ ਜਾਊ। ਚੜਦੀ ਕਲਾ ਵਿਚ ਰਿਹਾ ਕਰ।

       ਇਵੇਂ ਹੀ ਦਿਨ ਲੰਘਦੇ ਜਾ ਰਹੇ ਸਨ। ਇਕ ਦਿਨ ਦੇਵਨ ਨੇ ਆਪਣੇ ਘਰ ਪਾਰਟੀ ਰੱਖੀ ਹੋਈ ਸੀ। ਬਹਾਨਾ ਸੀ ਵਿਆਹ ਦੀ ਸਾਲਗ੍ਰਹਿ ਦਾ। ਸ਼ਿਵਾਨੀ ਨੇ ਵਾਅਦਾ ਕੀਤਾ ਹੋਇਆ ਸੀ ਕਿ ਅੱਜ ਉਹ ਡੋਸੇ ਬਣਾ ਕੇ ਖਲਾਵੇਗੀ। ਸ਼ਿਵਾਨੀ ਪ੍ਰੀਤੀ ਦੇ ਬਰਾਬਰ ਦੀ ਕੁੱਕ ਤਾਂ ਨਹੀਂ ਸੀ ਪਰ ਹਰ ਵੇਲੇ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੀ ਰਹਿੰਦੀ। ਪਿਛਲੀ ਵਾਰ ਵੀ ਡੋਸੇ ਬਣਾਏ ਸਨ। ਪਹਿਲਾਂ ਪੀਸੇ ਹੋਏ ਚੌਲਾਂ ਦੀਆਂ ਰੋਟੀਆਂ ਬਣਾਉਣੀਆਂ ਸਨ ਤੇ ਫਿਰ ਉਹਨਾਂ ਨੂੰ ਗੋਲ ਕਰਕੇ ਉਹਨਾਂ ਵਿੱਚ ਮਸਾਲੇ ਭਰਨੇ ਸਨ ਪਰ ਉਸ ਦਿਨ ਨਵੀ ਤੇ ਦੇਵਨ ਜਦ ਇਹ ਰੋਟੀਆਂ ਖਾ ਕੇ ਦੇਖੀਆਂ ਤਾਂ ਉਹ ਰੋਟੀਆਂ ਹੀ ਖਾਂਦੇ ਰਹੇ। ਡੋਸੇ ਬਣਾ ਹੀ ਨਾ ਹੋਏ। ਅੱਜ ਸ਼ਿਵਾਨੀ ਨੇ ਇਹ ਕਰਨਾ ਸੀ ਕਿ ਸਭ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਸਾਰੀ ਤਿਆਰੀ ਕਰ ਰੱਖਣੀ ਸੀ। ਉਹਨਾਂ ਦੇ ਆਇਆਂ 'ਤੇ ਉਹਨਾਂ ਦੇ ਸਾਹਮਣੇ ਪਰੋਸ ਦੇਣੇ ਸਨ। ਅੱਜ ਉਹਨਾਂ ਦਾ ਡਾਂਸ ਕਰਨ ਦਾ ਵੀ ਪ੍ਰੋਗਰਾਮ ਸੀ। ਪ੍ਰੀਤੀ ਨੂੰ ਨੱਚਣ ਦਾ ਬਹੁਤ ਸ਼ੌਂਕ ਸੀ। ਉਹ ਤਾਂ ਕਦੇ-ਕਦੇ ਇਕੱਲੀ ਹੀ ਟੇਪ ਲਾ ਕੇ ਨੱਚ ਲਿਆ ਕਰਦੀ ਸੀ। ਸ਼ਾਮ ਨੂੰ ਸੱਤ ਕੁ ਵਜੇ ਸਭ ਨੇ ਆ ਜਾਣਾ ਸੀ। ਨਵੀ ਤੇ ਪਲਵੀ ਪਹਿਲਾਂ ਹੀ ਆ ਗਏ। ਕੁਝ ਦੇਰ ਬਾਅਦ ਜੱਗੀ ਹੋਰੀਂ ਵੀ ਆ ਗਏ। ਉਹਨਾਂ ਦੇ ਨਾਲ ਨਛੱਤਰ ਵੀ ਸੀ। ਨਵੀ ਤੇ ਦੇਵਨ ਪਹਿਲਾਂ ਵੀ ਨਛੱਤਰ ਨੂੰ ਮਿਲ ਚੁੱਕੇ ਸਨ। ਦੋ ਕੁ ਵਾਰ ਉਹ ਜੱਗੀ ਨਾਲ ਪੱਬ ਵਿਚ ਆਇਆ ਸੀ। ਫਿਰ ਵੀ ਜੱਗੀ ਨੇ ਨਛੱਤਰ ਦਾ ਉਹਨਾਂ ਨਾਲ ਤੁਆਰਫ ਕਰਾਇਆ ਤੇ ਆਖਿਆ,

       -ਮੈਂ ਸੋਚਿਆ ਕਿ ਆਪਣਾ ਬੌਡੀ ਗਾਰਡ ਨਾਲ ਹੀ ਲੈ ਚੱਲਾਂ।

       -ਬੌਡੀ ਗਾਰਡ?

       ਦੇਵਨ ਨੇ ਹੈਰਾਨੀ ਜਿਹੀ ਨਾਲ ਕਿਹਾ। ਜੱਗੀ ਚੌੜਾ ਜਿਹਾ ਹੁੰਦਾ ਬੋਲਿਆ,

       -ਸਾਲ਼ੇ ਬੌਡੀਗਾਰਡ ਹੀ ਤਾਂ ਹੁੰਦੇ ਆ। ਨਾਲੇ ਹੁਣ ਇਹ ਪੀਂਦਾ ਥੋੜੀ ਐ ਤੇ ਇਸ ਲਈ ਡਰਾਈਵਰ ਵੀ ਐ।

       ਉਸ ਦੀ ਗੱਲ 'ਤੇ ਸਾਰੇ ਹੱਸਣ ਲੱਗੇ।

       ਜਦ ਉਹ ਦੂਜਾ ਪੈੱਗ ਪਾਉਣ ਲੱਗੇ ਤਾਂ ਜੱਗੀ ਨਛੱਤਰ ਦੇ ਪੈੱਗ ਵਲ ਦੇਖਦਾ ਬੋਲਿਆ,

       -ਅੱਜ ਤਾਂ ਪੀ ਲੈ, ਗਮ ਗਲਤ ਕਰਨ ਲਈ ਹੀ ਪੀ ਲੈ।

       -ਗਮ ਗਲਤ ? ਕੀ ਹੋ ਗਿਆ ?

       -ਘਰ ਵਾਲੀ ਨੇ ਘਰੋਂ ਕੱਢ ਦਿੱਤਾ।




ਚਾਰ


       ਰੌਕੀ ਦਾ ਪੰਜਵਾਂ ਜਨਮ ਦਿਨ ਸੀ। ਪ੍ਰੀਤੀ ਚਾਹੁੰਦੀ ਸੀ ਕਿ ਸਾਰੇ ਦੋਸਤਾਂ ਨੂੰ ਸੱਦਿਆ ਜਾਵੇ ਪਰ ਉਹਨਾਂ ਦੇ ਦੋਸਤ ਸਨ ਵੀ ਕਿੰਨੇ। ਦੋ ਕੁ ਗਵਾਂਢੀ, ਨਵੀ ਤੇ ਦੇਵਨ। ਨਛੱਤਰ ਤਾਂ ਹੈ ਹੀ ਸੀ। ਪ੍ਰੀਤੀ ਬਹੁਤ ਵਧੀਆ ਕੁੱਕ ਸੀ। ਉਸ ਨੇ ਪਾਰਟੀ ਲਈ ਕੁਝ ਵੀ ਬਾਹਰੋਂ ਨਾ ਮੰਗਵਾਇਆ, ਸਭ ਆਪ ਹੀ ਘਰੇ ਬਣਾ ਲਿਆ। ਨਛੱਤਰ ਨੇ ਉਸ ਦੀ ਮੱਦਦ ਕਰ ਰਿਹਾ ਸੀ। ਭਾਂਤ ਭਾਂਤ ਦੇ ਖਾਣੇ ਤਿਆਰ ਕੀਤੇ। ਦੋ ਕਿਸਮ ਦਾ ਲੈਂਬ ਤੇ ਤਿੰਨ ਕਿਸਮ ਦਾ ਚਿੱਕਨ। ਸਬਜ਼ੀਆਂ ਵਿਚ ਵੀ ਕਈ ਵੰਨਗੀਆਂ ਸਨ ਤੇ ਨਾਲ ਤਿੰਨ ਤਰ੍ਹਾਂ ਦੇ ਡਿਜ਼ਰੱਟ ਵੀ। ਸਾਰੇ ਪੁੱਜ ਗਏ। ਗਵਾਂਢੀ ਜ਼ਰਾ ਕੁ ਲੇਟ ਆਏ। ਇਕ ਗਵਾਂਢੀ ਗੋਰਾ ਸਾਰੇ ਇੰਡੀਅਨ ਦੇਖ ਕੇ ਉਹ ਚਲੇ ਗਿਆ। ਇਕ ਨਛੱਤਰ ਦਾ ਦੋਸਤ ਹਮੀਦ ਵੀ ਸੀ। ਹਮੀਦ ਕਿਸੇ ਬੀਮਾ ਕੰਪਨੀ ਵਿਚ ਕੰਮ ਕਰਦਾ ਸੀ।

       ਇਹ ਫਲੈਟ ਦੂਜੀ ਮੰਜ਼ਿਲ 'ਤੇ ਸੀ ਤੇ ਫਲੈਟ ਦੀਆਂ ਆਪਣੀਆਂ ਦੋ ਮੰਜ਼ਿਲਾਂ ਵੀ ਸਨ। ਹੇਠਾਂ ਬੈਠਕ ਤੇ ਰਸੋਈ ਸੀ। ਉਪਰ ਦੋ ਬੈੱਡਰੂਮ ਤੇ ਟੁਇਲਟ-ਬਾਥਰੂਮ। ਬੈਠਕ ਵਿੱਚ ਸੋਫੇ ਦੀਆਂ ਪੰਜ ਸੀਟਾਂ ਤਾਂ ਸਨ ਹੀ, ਕੁਝ ਕੁਰਸੀਆਂ ਲਾ ਕੇ ਬਾਰਾਂ ਕੁ ਬੰਦਿਆਂ ਦੇ ਬੈਠਣ ਦੀ ਜਗਾਹ ਬਣਾਈ ਹੋਈ ਸੀ। ਪ੍ਰੀਤੀ ਤਾਂ ਏਧਰ ਓਧਰ ਤੁਰੀ ਫਿਰਦੀ ਸੀ, ਸ਼ਿਵਾਨੀ ਵੀ ਉਸ ਦੀ ਮੱਦਦ ਨੂੰ ਜਾ ਲੱਗੀ। ਨਛੱਤਰ ਕਿਸੇ ਮੁੰਡੂ ਵਾਂਗ ਕੰਮ ਨੂੰ ਲੱਗਾ ਹੋਇਆ ਸੀ। ਜੱਗੀ ਉਸ ਨੂੰ ਹਾਕ ਮਾਰਦਾ ਆਖਦਾ, 'ਓ ਨਿੱਕ, ਵਿਸਕੀ ਚੁੱਕੀਂ, ਆਹ ਪਕੌੜੇ ਏਧਰ ਕਰੀਂ, ਬੀਅਰ ਦਾ ਡੱਬਾ ਦੇਈਂ।' ਤੇ ਨਛੱਤਰ ਭੱਜ ਕੇ ਉਹ ਕੰਮ ਕਰ ਦਿੰਦਾ। ਪਹਿਲਾਂ ਸਾਰੇ ਚੁੱਪ ਚੁੱਪ ਸਨ ਪਰ ਇਕ ਇਕ ਪੈੱਗ ਨਾਲ ਖੁਲ੍ਹਣ ਲੱਗੇ। ਦੇਵਨ ਨੇ ਹਮੀਦ ਨੂੰ ਪੁੱਛਿਆ,

       -ਕਿਹੜੀ ਕੰਪਨੀ ਨਾਲ ਕੰਮ ਕਰਦੇ ਹੋ?

       -ਵੈਸੇ ਤਾਂ ਮੈਂ ਐਬੇ ਲਾਈਫ ਨਾਲ ਕੰਮ ਕਰਦਾ ਵਾਂ ਪਰ ਮੈਂ ਫਰੀ ਲਾਂਸ ਵਾਂਗ ਚਲਦਾ ਵਾਂ। ਕਿਸੇ ਵੀ ਕੰਪਨੀ ਦੀ ਡੀਲ ਹੋਵੇ ਮੈਂ ਲੈ ਦਿੰਨਾ ਵਾਂ। ਬਾਅਦ ਵਿਚ ਮੈਂ ਮਿਲਾਂਗਾ ਸਭ ਨੂੰ, ਜੇ ਕੋਈ ਸ਼ੈਅ ਇੰਟਰੈਸਟਿੰਗ ਲੱਗੇ ਤਾਂ ਦੇਖ ਲੈਣਾ।

       -ਮ੍ਰੌਟਗੇਜ ਵੀ ਕਰਦੇ ਹੋ?

       -ਨਹੀਂ, ਹਾਲੇ ਨਹੀਂ। ਹਾਲੇ ਤਾਂ ਹਾਊਸਿੰਗ ਮਾਰਕੀਟ ਕਰੈਸ਼ ਹੋ ਗਈ ਏ। ਜ਼ਰਾ ਕੁ ਸੁਧਰ ਲਵੇ ਤਾਂ ਇਹ ਵੀ ਸ਼ੁਰੂ ਕਰ ਦੇਣਾ ਵੇ।

       -ਇਹਨੂੰ ਸੁਧਰਨ ਨੂੰ ਬਹੁਤ ਵਕਤ ਲੱਗੇਗਾ। ਅਸਲ ਵਿਚ ਥੈਚਰ ਸਰਕਾਰ ਨੇ ਇਕੌਨੋਮੀ ਜਿਊਂਦਿਆਂ ਰੱਖਣ ਲਈ ਨਕਲੀ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ ਸਨ ਇਸ ਲਈ ਘਰਾਂ ਦੀ ਕੀਮਤ ਵਧ ਰਹੀ ਸੀ।

       ਨਵੀ ਨੇ ਦੱਸਣਾ ਸ਼ੁਰੂ ਕੀਤੀ ਤਾਂ ਦੇਵਨ ਵਿਚਕਾਰ ਹੀ ਬੋਲ ਪਿਆ,

       -ਯਾਰ ਨਵੀ, ਹੁਣ ਤੂੰ ਯੂæ ਕੇæ ਦੇ ਇਕਨੌਮਿਕ ਸਿਸਟਮ 'ਤੇ ਲੈਕਚਰ ਨਾ ਸ਼ੁਰੂ ਕਰ ਦੇਣਾ।

       ਨਵੀ ਦੇਵਨ ਦੀ ਟੋਕਣ ਦੀ ਇਸ ਆਦਤ 'ਤੇ ਜ਼ਰਾ ਕੁ ਹੱਸਿਆ। ਉਸ ਨੇ ਗੱਲ ਬਦਲਦਿਆਂ ਨਛੱਤਰ ਨੂੰ ਪੁੱਛਿਆ,

       -ਕਿੰਨੇ ਕੁ ਸਾਲ ਹੋ ਗਏ ਏਅਰਪੋਰਟ 'ਤੇ ਬੈਗਿੰਗ ਦਾ ਕੰਮ ਕਰਦਿਆਂ?

       -ਹੁਣ ਤਾਂ ਦਸ ਸਾਲ ਹੋ ਚੱਲੇ।

       -ਤੁਹਾਡੀ ਜੌਬ ਵਿਚ ਪ੍ਰੋਮੋਸ਼ਨ ਕਿਹੜੇ ਹਿਸਾਬ ਨਾਲ ਹੁੰਦੀ ਐ?

       ਨਛੱਤਰ ਤੋਂ ਪਹਿਲਾਂ ਹੀ ਦੇਵਨ ਕਹਿਣ ਲੱਗਾ,

       -ਤੂੰ ਵੀ ਨਵੀ ਯਾਰ, ਟਿੱਚਰਾਂ ਕਰਨ ਲੱਗ ਪੈਨਾਂ, ਭਲਾ ਬੈਗਿੰਗ ਦੀ ਜੌਬ ਵਿਚ ਜਹਾਜ਼ ਵਿਚ ਬੈਗ ਚੜ੍ਹਾਉਣੇ ਹੁੰਦੇ ਆ, ਹੁਣ ਪ੍ਰਮੋਸ਼ਨ ਕਰਕੇ ਅਗਲੇ ਏਹਨੂੰ ਪਾਇਲਟ ਲਾ ਦੇਣਗੇ?

       ਦੇਵਨ ਦੀ ਗੱਲ 'ਤੇ ਉਹ ਸਾਰੇ ਹੱਸ ਪਏ। ਨਛੱਤਰ ਨੂੰ ਗੱਲ ਤਾਂ ਬਿਲਕੁਲ ਪਸੰਦ ਨਹੀਂ ਸੀ ਆਈ ਪਰ ਉਹ ਵੀ ਹੱਸ ਪਿਆ। ਜੱਗੀ ਬੋਲਿਆ,

       -ਕੁਝ ਖਾਓ-ਪੀਓ ਯਾਰ, ਓਹ ਕੇਕ ਪਿਆ ਸਾਲ਼ਾ ਆਪਣੇ ਵਲ ਦੇਖੀ ਜਾਂਦਾ। ਮੁੰਡਾ ਵੀ ਕਾਹਲ਼ਾ ਪੈ ਰਿਹਾ ਫੂਕ ਮਾਰਨ ਲਈ।

       ਨਛੱਤਰ ਨੇ ਸਭ ਨੂੰ ਇਕ ਇਕ ਹੋਰ ਪੈੱਗ ਪਾ ਦਿਤਾ। ਫਿਰ ਉਹ ਬਕਾਰਡੀ ਦੀ ਬੋਤਲ ਚੁੱਕ ਰਸੋਈ ਵਿਚ ਜਾ ਵੜਿਆ। ਕੁਝ ਦੇਰ ਬਾਅਦ ਪ੍ਰੀਤੀ ਬੈਠਕ ਵਿਚ ਆਈ ਤੇ ਸਭ ਨੂੰ ਬੋਲੀ,

       -ਕੇਕ ਤਿਆਰ ਐ ਬਸ ਮੈਂ ਚੇਂਜ ਕਰਕੇ ਆਈ।

       ਆਖਦੀ ਉਹ ਪੌੜੀਆਂ ਚੜ੍ਹ ਗਈ। ਅੱਧੇ ਕੁ ਘੰਟੇ ਵਿਚ ਪ੍ਰੀਤੀ ਆ ਗਈ। ਉਸ ਵਲ ਦੇਖ ਕੇ ਨਵੀ ਦੇ ਮੂੰਹੋਂ ਇਕ ਦਮ ਨਿਕਲ ਗਿਆ,

       -ਸ਼੍ਰੀ ਦੇਵੀ!

       -ਯੈਸ ਨਵੀ, ਸ਼੍ਰੀਦੇਵੀ। ਇਸ ਡਿਜ਼ਾਇਨ ਨੂੰ ਸ਼੍ਰੀਦੇਵੀ ਹੀ ਕਹਿੰਦੇ ਆ।

       ਪ੍ਰੀਤੀ ਬੋਲੀ। ਉਸ ਨੇ ਚਿੱਟੇ ਰੰਗ ਦੀ ਡਰੈੱਸ ਪਾਈ ਹੋਈ ਸੀ। ਬਿਲਕੁਲ ਅਜਿਹੀ ਹੀ ਡਰੈੱਸ ਸ਼੍ਰੀ ਦੇਵੀ ਨੇ ਵੀ ਇਕ ਫਿਲਮ ਵਿਚ ਪਾਈ ਸੀ ਜੋ ਕਿ ਅਜਕੱਲ ਬਹੁਤ ਮਸ਼ਹੂਰ ਸੀ। ਪ੍ਰੀਤੀ ਸੁਹਣੀ ਵੀ ਬਹੁਤ ਲੱਗ ਰਹੀ ਸੀ। ਸਭ ਨੇ ਹੀ ਉਸ ਦੀ ਤਾਰੀਫ ਕੀਤੀ। ਜੱਗੀ ਇਹ ਤਾਰੀਫ ਸੁਣ ਕੇ ਪ੍ਰੀਤੀ ਤੋਂ ਵੀ ਵਧ ਖੁਸ਼ ਹੋ ਰਿਹਾ ਸੀ। ਨਛੱਤਰ ਨੇ ਕੇਕ ਨੂੰ ਮੇਜ਼ 'ਤੇ ਸਜਾਇਆ। ਉਸ ਵਿੱਚ ਪੰਜ ਮੋਮਬੱਤੀਆਂ। ਸਾਰੇ ਉਠ ਕੇ ਮੇਜ਼ ਦੁਆਲੇ ਇਕੱਠੇ ਹੋ ਗਏ। ਮਹਿਮਾਨਾਂ ਨੇ ਲਿਆਂਦੇ ਤੋਹਫੇ ਰੌਕੀ ਨੂੰ ਫੜਾਏ। ਉਹ ਇਕ-ਇਕ ਕਰਕੇ ਨਛੱਤਰ ਨੂੰ ਫੜਾਉਂਦਾ ਗਿਆ ਤੇ ਨਛੱਤਰ ਅੱਗੇ ਉਹਨਾਂ ਨੂੰ ਸਾਂਭਦਾ ਜਾ ਰਿਹਾ ਸੀ। ਦੇਵਨ ਨੇ ਨਵੀ ਦੇ ਕੰਨ ਵਿੱਚ ਕਿਹਾ,

       -ਇਹ ਬੰਦਾ ਬਹੁਤ ਵਾਧੂ ਐ, ਮੈਨੂੰ ਇਹ ਸਹੀ ਨਹੀਂ ਜਾਪਦਾ। ਆਪਣਾ ਬੰਦਾ ਬਹੁਤ ਭੋਲ਼ਾ ਐ, ਤੂੰ ਸਮਝਦਾ ਹੀ ਐਂ।

       ਨਵੀ ਨੇ ਉਸ ਦੀ ਗੱਲ ਸੁਣੀ ਤੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਰੌਕੀ ਨੇ ਫੂਕ ਮਾਰ ਕੇ ਮੋਮਬੱਤੀਆਂ ਬੁਝਾ ਦਿਤੀਆਂ। ਸਭ ਨੇ ਤਾੜੀਆਂ ਮਾਰ ਕੇ 'ਹੈਪੀ ਬਰਥਡੇਅ' ਗਾਉਣਾ ਸ਼ੁਰੂ ਕਰ ਦਿਤਾ। ਨਾਲ ਹੀ ਨਛੱਤਰ ਨੇ ਡੈੱਕ 'ਤੇ ਮੁਹੰਮਦ ਰਫੀ ਦਾ ਗਾਇਆ ਗਾਣਾ ਵੀ ਲਗਾ ਦਿੱਤਾ। ਕੇਕ ਕੱਟਿਆ ਗਿਆ। ਸਭ ਨੂੰ ਵੰਡਿਆ ਗਿਆ। ਇਸ ਮੌਕੇ 'ਤੇ ਜੱਗੀ ਭਾਵੁਕ ਹੋ ਗਿਆ। ਉਸ ਨੇ ਰੌਕੀ ਨੂੰ ਗੋਦੀ ਚੁੱਕਿਆ ਤੇ ਪ੍ਰੀਤੀ ਨੂੰ ਆਪਣੇ ਕਲਾਵੇ ਵਿੱਚ ਲਿਆ ਤੇ ਸਭ ਨੂੰ ਮੁਖਾਤਬ ਹੁੰਦਾ ਬੋਲਿਆ,

       -ਇਹ ਮੇਰੀ ਦੁਨੀਆਂ ਹੈਗੀ ਐ, ਇਸ ਦੁਨੀਆਂ ਬਿਨਾਂ ਮੈਂ ਮਰ ਜਾਵਾਂਗਾ।

       ਪ੍ਰੀਤੀ ਨੇ ਉਸ ਨੂੰ ਜੱਫੀ ਪਾ ਲਈ ਤੇ ਰੌਕੀ ਵੀ ਉਸ ਨੂੰ ਚੁੰਬੜ ਗਿਆ। ਮਹੌਲ ਜਜ਼ਬਾਤੀ ਜਿਹਾ ਹੋ ਗਿਆ। ਉਸੇ ਵੇਲੇ ਨਛੱਤਰ ਨੇ ਡੈੱਕ ਨੇ ਭੰਗੜੇ ਵਾਲਾ ਗਾਣਾ ਲਾ ਦਿੱਤਾ ਤੇ ਸਭ ਦਾ ਮੂਡ ਨੱਚਣ ਵਲ ਨੂੰ ਤੁਰ ਗਿਆ। ਨਛੱਤਰ ਨੇ ਕੁਰਸੀਆਂ ਇਕ ਪਾਸੇ ਕਰਦਿਆਂ ਨੱਚਣ ਲਈ ਜਗਾਹ ਬਣਾ ਲਈ। ਜੱਗੀ ਨੇ ਪ੍ਰੀਤੀ ਨੂੰ ਕਿਹਾ,

       -ਭਰਜਾਈ, ਆ ਜਾ ਇਕ ਪੈੱਗ ਮੇਰੇ ਨਾਲ ਵੀ ਲਾ ਲੈ।

       -ਜੈਗ, ਪਹਿਲਾਂ ਹੀ ਦੋ ਹੋ ਗਏ।

       -ਆ ਜਾ, ਇਕ ਹੋਰ ਲਾ ਲੈ, ਛੋਟਾ ਜਿਹਾ।

       ਆਖਦਿਆਂ ਜੱਗੀ ਨੇ ਸਭ ਲਈ ਹੀ ਇਕ ਇਕ ਹੋਰ ਪੈੱਗ ਪਾ ਲਿਆ ਤੇ ਖਾਸ ਤੌਰ 'ਤੇ ਪ੍ਰੀਤੀ ਲਈ। ਕੁਝ ਘੁੱਟਾਂ ਭਰਦੀ ਪ੍ਰੀਤੀ ਨੇ ਆਪਣਾ ਪੈੱਗ ਇਕ ਪਾਸੇ ਰੱਖ ਦਿੱਤਾ ਤੇ ਡਾਂਸ ਕਰਨ ਲੱਗੀ। ਨਵੀ ਨੂੰ ਡਾਂਸ ਕਰਨਾ ਚੰਗਾ ਨਹੀਂ ਸੀ ਲਗਦਾ ਪਰ ਪ੍ਰੀਤੀ ਨੇ ਉਸ ਨੂੰ ਬਾਹੋਂ ਫੜ ਕੇ ਖਿੱਚ ਲਿਆ ਤੇ ਨਵੀ ਨੇ ਦੇਵਨ ਤੇ ਜੱਗੀ ਨੂੰ। ਉਹ ਸਾਰੇ ਨੱਚ ਰਹੇ ਸਨ। ਇਕ ਗਾਣਾ, ਦੋ ਗਾਣੇ, ਤਿੰਨ ਗਾਣੇ। ਉਹ ਲਗਾਤਾਰ ਨੱਚ ਰਹੇ ਸਨ। ਜੋ ਥੱਕ ਜਾਂਦਾ ਉਹ ਬਹਿ ਜਾਂਦਾ। ਕੁਝ ਦੇਰ ਬਾਅਦ ਉਹਨਾਂ ਦੀ ਘੰਟੀ ਵੱਜੀ। ਜੱਗੀ ਨੇ ਜਾ ਕੇ ਦਰਵਾਜ਼ਾ ਖੋਹਲਿਆ। ਹੇਠਲੇ ਫਲੈਟ ਵਾਲੀ ਔਰਤ ਸਾਹਮਣੇ ਖੜੀ ਸੀ। ਜੱਗੀ ਸਮਝ ਗਿਆ। ਉਹ ਇਕ ਦਮ ਬੋਲਿਆ,

       -ਮੈਰੀ, ਮੇਰੇ ਮੁੰਡੇ ਦਾ ਬਰਥਡੇ ਵੇ, ਬਸ, ਅਸੀਂ ਜਲਦੀ ਹੀ ਮਿਊਜ਼ਕ ਬੰਦ ਕਰ ਦੇਣਾ, ਬਸ ਦਸ ਕੁ ਮਿੰਟ ਵਿਚ ਹੀ। ਤੂੰ ਵੀ ਅੰਦਰ ਆ ਜਾ, ਸ਼ੈਰੀ ਦਾ ਗਲਾਸ ਪੀ ਜਾ।

       -ਨਹੀਂ ਸਿੰਘ, ਮੈਂ ਸ਼ੈਰੀ ਨਹੀਂ ਪੀਣੀ ਪਰ ਇਹ ਰੌਲਾ ਜਲਦੀ ਬੰਦ ਕਰ, ਮੇਰੇ ਹਸਬੈਂਡ ਨੇ ਸਵੇਰੇ ਕੰਮ 'ਤੇ ਵੀ ਜਾਣਾ ਐਂ।

       ਆਖਦੀ ਉਹ ਚਲੇ ਗਈ ਪਰ ਰੌਲਾ ਬੰਦ ਨਾ ਹੋਇਆ। ਫਿਰ ਨਾਲ ਦੇ ਗਵਾਂਢੀ ਵੀ ਆ ਕੇ ਸ਼ਿਕਾਇਤ ਕਰ ਗਏ। ਹੇਠਲੀ ਮੈਰੀ ਇਕ ਵਾਰ ਫਿਰ ਆ ਗਈ ਤੇ ਪੁਲੀਸ ਦੀ ਧਮਕੀ ਦੇਣ ਲੱਗੀ। ਹੁਣ ਜੱਗੀ ਬਹੁਤੀ ਗੱਲ ਕਰਨ ਜੋਗਾ ਨਹੀਂ ਸੀ ਰਿਹਾ ਤੇ ਉਸ ਦੀ ਥਾਵੇਂ ਨਛੱਤਰ ਨੇ ਹੀ ਉਸ ਤੋਂ ਮੁਆਫੀ ਮੰਗਦਿਆਂ ਪੰਜ ਮਿੰਟ ਵਿੱਚ ਸਭ ਬੰਦ ਕਰਨ ਦਾ ਵਾਅਦਾ ਕਰ ਲਿਆ। ਹੁਣ ਤਕ ਸਾਰੇ ਥੱਕ ਵੀ ਗਏ ਸਨ। ਨਛੱਤਰ ਨੇ ਡੈੱਕ ਦੀ ਆਵਾਜ਼ ਮੱਧਮ ਕਰ ਦਿਤੀ। ਜੱਗੀ ਸ਼ਰਾਬੀ ਜਿਹਾ ਹੋਇਆ ਇਕ ਪਾਸੇ ਨੂੰ ਲੁੜਕਿਆ ਜਿਹਾ ਪਿਆ ਸੀ। ਪ੍ਰੀਤੀ ਵੀ ਪੂਰੇ ਨਸ਼ੇ ਵਿੱਚ ਸੀ। ਉਸ ਤੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ। ਉਹ ਇਕ ਕੁਰਸੀ 'ਤੇ ਬੈਠੀ ਸੀ। ਉਹ ਉਠਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਸ ਤੋਂ ਉਠਿਆ ਨਹੀਂ ਸੀ ਜਾ ਰਿਹਾ। ਉਹ ਜੋæਰ ਲਾ ਕੇ ਉਠੀ ਤੇ ਧੜੱਮ ਕਰਦੀ ਹੇਠਾਂ ਡਿਗ ਪਈ। ਇਵੇਂ ਡਿਗੀ ਕਿ ਉਸ ਦੀਆਂ ਲੱਤਾਂ ਉਪਰ ਨੂੰ ਚੁੱਕੀਆਂ ਗਈਆਂ। ਡਰੈਸ ਉਪਰ ਨੂੰ ਜਾ ਚੜੀ ਤੇ ਲਾਲ ਰੰਗ ਦੀ ਅੰਡਰ-ਪੈਂਟ ਨਜ਼ਰ ਆਉਣ ਲੱਗੀ। ਸਭ ਦੇ ਮੂੰਹ ਖੁਲ੍ਹੇ ਰਹਿ ਗਏ। ਸ਼ਿਵਾਨੀ ਨੇ ਸ਼ਰਮਾ ਕੇ ਆਪਣਾ ਚਿਹਰਾ ਹੱਥਾਂ ਵਿਚ ਲੁਕੋ ਲਿਆ। ਨਛੱਤਰ ਇਕ ਦਮ ਉਠਿਆ ਤੇ ਪ੍ਰੀਤੀ ਦੀ ਡਰੈੱਸ ਠੀਕ ਕਰਨ ਲੱਗਿਆ। ਫਿਰ ਉਸ ਨੇ ਉਸ ਨੂੰ ਬਾਹਾਂ ਵਿੱਚ ਚੁੱਕਦਾ ਤੇ ਬੈਡਰੂਮ ਵਲ ਲੈ ਜਾਂਦਾ ਬੋਲਿਆ,

       -ਸੌਰੀ ਗਾਈਜ਼, ਇਟ ਹੈਪਿਨਜ਼ ਵਨਸ ਇਨ ਬਲਿਊ ਮੂਨ!




ਪੰਜ


       ਸਵੇਰੇ ਵੇਲੇ ਸਿਰ ਹੀ ਨਵੀ ਦੇ ਫੋਨ ਦੀ ਘੰਟੀ ਖੜਕੀ। ਉਸ ਨੇ ਫੋਨ ਚੁੱਕਿਆ ਤਾਂ ਦੂਜੇ ਪਾਸੇ ਦੇਵਨ ਸੀ। ਉਹ ਕਹਿਣ ਲੱਗਾ,

       -ਰਾਤ ਤਾਂ ਯਾਰ ਕਮਾਲ ਹੀ ਹੋ ਗਈ! ਸ਼ਰੇਆਮ ਗੰਦ! ਕੰਜਰ ਦਾ ਚੁੱਕ ਕੇ ਹੀ ਲੈ ਗਿਆ! ਨਾ ਪ੍ਰੀਤੀ ਨੂੰ ਸ਼ਰਮ ਤੇ ਨਾ ਹੀ ਜੱਗੀ ਨੂੰ।

       -ਪਰ ਯਾਰ, ਹਾਲਾਤ ਹੀ ਐਸੇ ਸੀ, ਹੁਣ ਤੂੰ ਦੱਸ ਕਿ ਇਹਦਾ ਹੋਰ ਹੱਲ ਕੀ ਹੋ ਸਕਦਾ ਸੀ? ਪ੍ਰੀਤੀ ਡਿਗੀ ਪਈ ਸੀ, ਜਾਂ ਤਾਂ ਕੋਈ ਔਰਤ ਭੱਜ ਕੇ ਉਹਦਾ ਡਰੈੱਸ ਠੀਕ ਕਰਦੀ, ਜਾਂ ਫੇਰ ਤੂੰ ਜਾਂ ਮੈਂ। ਅਸੀਂ ਨਹੀਂ ਅੱਗੇ ਹੋਏ ਤਾਂ ਉਹ ਹੋ ਗਿਆ।

       -ਪਰ ਉਹ ਜਿੱਦਾਂ ਚੁੱਕ ਕੇ ਉਹਨੂੰ ਉੱਤੇ ਬੈੱਡਰੂਮ ਵਿੱਚ ਲੈ ਗਿਆ ਉਹ ਜ਼ਿਆਦਾ ਚੁੱਭ ਰਿਹੈ। ਉਥੇ ਸੈਟੀ 'ਤੇ ਹੀ ਬੈਠਾ ਦਿੰਦਾ ਜਾਂ ਪਾ ਦਿੰਦਾ। ਸੱਚ ਤਾਂ ਇਹ ਐ ਕਿ ਏਦਾਂ ਦੀ ਹਾਲਤ ਵਿਚ ਭਰਾ ਵੀ ਏਦਾਂ ਭੈਣ ਨੂੰ ਨਹੀਂ ਚੁੱਕਦਾ। ਤੈਨੂੰ ਪਤਾ ਕਿ ਹੁਣ ਉਹ ਕੰਜਰ ਦਾ ਰਹਿੰਦਾ ਵੀ ਇਹਦੇ ਘਰ ਹੀ ਐ। ਇਹ ਤਾਂ ਰਾਤ ਨੂੰ ਕੰਮ 'ਤੇ ਹੁੰਦਾ।

       ਦੇਵਨ ਬੌਖਲਾਹਟ ਜਿਹੀ ਵਿੱਚ ਸੀ। ਪਸੰਦ ਤਾਂ ਇਹ ਗੱਲ ਨਵੀ ਨੂੰ ਵੀ ਨਹੀਂ ਸੀ ਆਈ ਪਰ ਉਹ ਇਸ ਨੂੰ ਜ਼ਰਾ ਕੁ ਖੁਲ੍ਹੇ ਦਿਲ ਨਾਲ ਲੈ ਰਿਹਾ ਸੀ। ਉਸ ਸੋਚਦਾ ਸੀ ਕਿ ਕੀਨੀਆ ਵਿਚ ਜੰਮੇ-ਪਲੇ ਲੋਕ ਹਿੰਦੁਸਤਾਨੀਆਂ ਨਾਲੋਂ ਕੁਝ ਕੁ ਖੁਲ੍ਹੇ ਸੁਭਾਅ ਦੇ ਮਾਲਕ ਹਨ। ਉਹ ਸੋਚ ਰਿਹਾ ਸੀ ਗਲਤੀ ਨਛੱਤਰ ਦੀ ਨਹੀਂ ਸਗੋਂ ਪ੍ਰੀਤੀ ਦਾ ਸੀ ਤੇ ਪ੍ਰੀਤੀ ਤੋਂ ਵਧ ਜੱਗੀ ਦੀ ਜਿਸ ਨੇ ਉਸ ਨੂੰ ਦੋ ਪੈੱਗ ਵਾਧੂ ਪਿਲਾ ਦਿੱਤੇ ਸਨ। ਪਹਿਲਾਂ ਵੀ ਮਹਿਫਲਾਂ ਵਿਚ ਪ੍ਰੀਤੀ ਬਕਾਰਡੀ-ਕੋਕ ਪੀਆ ਕਰਦੀ ਸੀ ਪਰ ਕਦੇ ਅਜਿਹੀ ਹਰਕਤ ਨਹੀਂ ਸੀ ਕੀਤੀ। ਦੇਵਨ ਫਿਰ ਆਖਣ ਲੱਗਾ,

       -ਹੁਣ ਏਸ ਲੱਲੂ ਨੂੰ ਕਿੱਦਾਂ ਸਮਝਾਈਏ? ਕਿੱਦਾਂ ਇਹਨੂੰ ਤੀਵੀਂ ਦੇ ਥੱਲਿਓਂ ਕੱਢੀਏ? ਜੇ ਸਿੱਧਾ ਕਹੀਏ ਤਾਂ ਗੁੱਸਾ ਕਰੂ।

       -ਨਹੀਂ, ਸਿੱਧਾ ਬਿਲਕੁਲ ਨਹੀਂ ਕਹਿਣਾ। ਆਪਣਾ ਖਾਸ ਦੋਸਤ ਐ, ਆਪਾਂ ਓਹਦਾ ਦਿਲ ਨਹੀਂ ਤੋੜ ਸਕਦੇ। ਦੇਖਿਆ ਨਹੀਂ ਉਹ ਕਿੱਦਾਂ ਸੈਂਟੀਮੈਂਟਲ ਹੋ ਗਿਆ ਸੀ ਆਪਣੀ ਫੈਮਲੀ ਨੂੰ ਲੈ ਕੇ?

       -ਇਹ ਪ੍ਰੀਤੀ ਬਹੁਤ ਵਾਧੂ ਵਸਤੂ ਐ। ਸ਼ਿਵਾਨੀ ਨੇ ਉਹਨੂੰ ਰਾਤੀਂ ਗੱਲਾਂ-ਗੱਲਾਂ ਵਿੱਚ ਕਿਹਾ ਸੀ ਕਿ ਤੁਸੀਂ ਕਿੱਦਾਂ ਓਪਰੇ ਬੰਦੇ ਨੂੰ ਘਰ ਰੱਖਿਆ ਹੋਇਐ ਤਾਂ ਮੁਹਰਿਓਂ ਕਹਿੰਦੀ ਕਿ ਉਹ ਓਪਰਾ ਨਹੀਂ ਮੇਰਾ ਭਰਾ ਐ। æææਯੱਦੀ ਭਰਾ ਦੀ!

       -ਚੱਲ ਯਾਰ ਦੇਵਨ, ਤੂੰ ਆਪਣਾ ਖੂਨ ਨਾ ਸਾੜ। ਆਪਾਂ ਕਿਸੇ ਤਰੀਕੇ ਨਾਲ ਉਸ ਨਾਲ ਗੱਲ ਕਰਾਂਗੇ। ਹਾਲੇ ਤੂੰ ਇਸ ਗੱਲ ਨੂੰ ਇਗਨੋਅਰ ਕਰ।

       ਆਖਦਿਆਂ ਨਵੀ ਨੇ ਫੋਨ ਰੱਖ ਦਿੱਤਾ। ਉਹ ਸਾਰੀ ਸਥਿਤੀ ਬਾਰੇ ਫਿਰ ਤੋਂ ਸੋਚਣ ਲੱਗ ਪਿਆ। ਉਸ ਨੂੰ ਵੀ ਕਿਧਰੇ ਕੋਈ ਰੜਕ ਜਿਹੀ ਪੈਂਦੀ ਮਹਿਸੂਸ ਹੋ ਰਹੀ ਸੀ। ਉਸ ਨੇ ਸੋਚਿਆ ਕਿ ਜੱਗੀ ਨੂੰ ਸਿਰਫ ਏਨਾ ਹੀ ਕਹੇਗਾ ਕਿ ਬਹੁਤੀ ਨਾ ਪੀਆ ਕਰੇ। ਉਹ ਸੋਚ ਰਿਹਾ ਸੀ ਕਿ ਇਸ ਤੋਂ ਜ਼ਿਆਦਾ ਉਹ ਕਹੇਗਾ ਵੀ ਕੀ। ਉਸ ਤੋਂ ਅਗਲੇ ਦਿਨ ਦੇਵਨ ਤੇ ਨਵੀ ਮੁੜ ਕੰਮ 'ਤੇ ਚਲੇ ਗਏ ਪਰ ਜੱਗੀ ਦੀਆਂ ਛੁੱਟੀਆਂ ਸਨ। ਕੰਮ ਉਪਰ ਦੇਵਨ ਦਾ ਉਹੀ ਹਾਲ ਸੀ। ਹਰ ਵੇਲੇ ਕਚੀਚੀਆਂ ਵੱਟਦਾ ਰਹਿੰਦਾ ਤੇ ਨਛੱਤਰ ਨੂੰ ਕੁੱਟਣ ਤਕ ਦੀਆਂ ਸਕੀਮਾਂ ਬਣਾਉਣ ਲੱਗਦਾ।

       ਜੱਗੀ ਦੇ ਘਰ ਇਸ ਘਟਨਾ ਦਾ ਅਸਰ ਇਕ ਦਮ ਨਾ ਹੋਇਆ। ਜੱਗੀ ਤੇ ਪ੍ਰੀਤੀ ਫਟਦੇ ਸਿਰਾਂ ਨਾਲ ਉਠੇ। ਰਾਤ ਦੀ ਭਾਨ ਪਈ ਹੋਈ ਸੀ। ਦੋਵਾਂ ਦੇ ਹੀ ਜਿਸਮ ਬੁਰੀ ਤਰਾਂ੍ਹ ਟੁੱਟ ਰਹੇ ਸਨ, ਖਾਸ ਤੌਰ 'ਤੇ ਪ੍ਰੀਤੀ ਦਾ। ਉਹ ਹੌਲੀ-ਹੌਲੀ ਉਠ ਕੇ ਬਾਥਰੂਮ ਗਈ ਤੇ ਫਿਰ ਹੇਠਾਂ ਆ ਗਈ। ਹੇਠਲਾ ਨਜ਼ਾਰਾ ਦੇਖ ਕੇ ਉਹ ਦੰਗ ਰਹਿ ਗਈ। ਅੱਧ-ਖਾਧਾ ਖਾਣਾ ਖਿਲਰਿਆ ਪਿਆ ਸੀ ਤੇ ਝੂਠੇ ਭਾਂਡੇ ਵੀ ਉਵੇਂ ਹੀ ਪਏ ਸਨ। ਉਸ ਦਾ ਮਨ ਕਚਿਆਣ ਨਾਲ ਭਰ ਗਿਆ। ਇਵੇਂ ਰਾਤ ਨੂੰ ਗੰਦ ਛੱਡ ਕੇ ਤਾਂ ਉਹ ਕਦੇ ਵੀ ਨਹੀਂ ਸੌਂਦੀ। ਉਹ ਸੋਚ ਰਹੀ ਸੀ ਕਿ ਇਹ ਕਿਵੇਂ ਹੋ ਗਿਆ। ਉਸ ਨੇ ਸਿਰ ਦਰਦ ਦੀ ਗੋਲੀ ਖਾਧੀ ਤੇ ਚਾਹ ਰੱਖ ਦਿਤੀ। ਬਲੈਕ-ਬੈਗ ਲੈ ਕੇ ਰਾਤ ਦਾ ਗੰਦ ਸਾਂਭਣ ਲੱਗੀ। ਉਸ ਦੇ ਮਗਰੇ ਹੀ ਜੱਗੀ ਵੀ ਉਠ ਆਇਆ। ਉਸ ਨੇ ਗੀਨਸ ਦਾ ਇਕ ਡੱਬਾ ਖੋਹਲ ਲਿਆ। ਉਸ ਦਾ ਖਿਆਲ ਸੀ ਕਿ ਨਸ਼ੇ ਨਾਲ ਪਈ ਭਾਨ ਨੂੰ ਨਸ਼ੇ ਨਾਲ ਹੀ ਲਾਹਿਆ ਜਾ ਸਕਦਾ ਹੈ। ਰਾਤ ਦੀ ਕਿਸੇ ਗੱਲ ਦਾ ਉਹਨਾਂ ਨੂੰ ਬਹੁਤਾ ਚੇਤਾ ਨਹੀਂ ਸੀ। ਗੋਲੀ ਖਾ ਕੇ ਵੀ ਪ੍ਰੀਤੀ ਦਾ ਸਿਰ ਦੁਖਦਾ ਜਾ ਰਿਹਾ ਸੀ। ਉਸ ਨੇ ਸਿਰ ਨੂੰ ਹੱਥ ਲਾਇਆ ਤਾਂ ਇਕ ਥਾਂ ਉਸ ਨੂੰ ਰੋੜਾ ਜਿਹਾ ਮਹਿਸੂਸ ਹੋਇਆ। ਉਹ ਬੋਲੀ,

       -ਜੈਗ, ਆਹ ਜਿੱਦਾਂ ਮੇਰੇ ਸਿਰ ਵਿੱਚ ਸੱਟ ਲੱਗ ਗਈ ਹੁੰਦੀ ਐ। ਦੇਖ ਤਾਂ ਜ਼ਰਾ।

       ਆਖਦਿਆਂ ਉਸ ਨੇ ਆਪਣਾ ਸਿਰ ਜੱਗੀ ਦੇ ਮੁਹਰੇ ਕਰ ਦਿਤਾ। ਜੱਗੀ ਟੋਹ ਕੇ ਦੇਖਣ ਲੱਗਾ। ਉਸ ਨੂੰ ਰੋੜ ਜਿਹਾ ਪਿਆ ਹੋਇਆ ਮਹਿਸੂਸ ਹੋਇਆ। ਉਸ ਨੇ ਆਖਿਆ,

       -ਮੈਨੂੰ ਲੱਗਦਾ ਕਿ ਤੂੰ ਰਾਤੀਂ ਡਿਗ ਪਈ ਸੀ। ਰਾਤੀਂ ਤਾਂ ਬਈ ਬਹੁਤੀ ਹੀ ਪੀਤੀ ਗਈ। ਮੈਨੂੰ ਤਾਂ ਕੁਝ ਚੇਤੇ ਹੀ ਨਹੀਂ ਕਿ ਕੌਣ ਕਦੋਂ ਗਿਆ। ਇਹ ਤਾਂ ਮੈਨੂੰ ਤੜਕਸਾਰ ਹੋਸ਼ ਆਈ ਤਾਂ ਮੈਂ ਉਪਰ ਜਾ ਕੇ ਪਿਆਂ।

       ਪ੍ਰੀਤੀ ਕੁਝ ਯਾਦ ਕਰਦੀ ਇਕ ਦਮ ਬੋਲੀ,

       -ਜੈਗ, ਮੈਨੂੰ ਲਗਦਾ ਕਿ ਮੈਂ ਕੁਰਸੀ ਤੋਂ ਉਠਣ ਲੱਗੀ ਡਿਗ ਪਈ ਸੀ।

       ਜਦ ਤਕ ਨਛੱਤਰ ਵੀ ਹੇਠਾਂ ਆ ਗਿਆ। ਵੈਸੇ ਤਾਂ ਉਹ ਪਹਿਲਾਂ ਹੀ ਉਠ ਖੜਿਆ ਸੀ ਪਰ ਹੇਠਲਾ ਗੰਦ ਦੇਖ ਕੇ ਉਹ ਮੁੜ ਬੈੱਡ ਵਿੱਚ ਜਾ ਪਿਆ ਸੀ। ਉਸ ਨੂੰ ਪਤਾ ਸੀ ਕਿ ਪ੍ਰੀਤੀ ਉਠਦੇ ਸਾਰ ਹੀ ਸਭ ਸਾਂਭ ਲਵੇਗੀ। ਉਸ ਦੇ ਆਉਂਦੇ ਹੀ ਜੱਗੀ ਨੇ ਪੁੱਛਿਆ,

       -ਰਾਤ ਦਾ ਚੇਤਾ ਕੁਝ?

       -ਕੁਝ ਨਹੀਂ ਬਈ ਚੇਤਾ। ਭਰਜਾਈ ਵੀ ਵਾਧੂ ਹੋ ਗਈ ਸੀ।

       -ਤੂੰ ਹੀ ਉਹਨੂੰ ਪਿਲਾਈ ਜਾਂਦਾ ਸੀ। ਤੈਨੂੰ ਪਤਾ ਕਿ ਉਹ ਏਨੀ ਕਿਥੇ ਪੀ ਸਕਦੀ ਐ।

       ਨਛੱਤਰ ਹਿਰਖ ਵਿੱਚ ਬੋਲ ਰਿਹਾ ਸੀ। ਜੱਗੀ ਨੇ ਪੁੱਛਿਆ,

       -ਹੋਰ ਕਿੱਦਾਂ ਰਿਹਾ? ਸਾਰੇ ਠੀਕ-ਠਾਕ ਚਲੇ ਗਏ ਸੀ ਨਾ?

       -ਉਹ ਤਾਂ ਚਲੇ ਹੀ ਗਏ ਸੀ ਪਰ ਪ੍ਰੀਤੀ ਡਿਗ ਪਈ ਸੀ। ਮੈਂ ਬੜੀ ਮੁਸ਼ਕਲ ਨਾਲ ਉਹਨੂੰ ਉਪਰ ਪਾ ਕੇ ਆਇਆਂ।

       -ਇਹ ਤਾਂ ਬਈ ਤੇਰਾ ਥੈਂਕਸ। ਇਹਦੇ ਸਿਰ ਵਿੱਚ ਰੋੜ ਪੈ ਗਿਆ, ਬਸ ਇਹੋ ਹੋਇਆ।

       ਪ੍ਰੀਤੀ ਨੂੰ ਸ਼ਰਮ ਜਿਹੀ ਮਹਿਸੂਸ ਹੋਣ ਲੱਗੀ ਨਾਲ ਹੀ ਉਸ ਨੇ ਨਛੱਤਰ ਵਲ ਧੰਨਵਾਦ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਬੋਲੀ,

       -ਜੈਗ, ਇਹ ਸਾਰਾ ਤੇਰਾ ਹੀ ਕਸੂਰ ਐ, ਤੂੰ ਹੀ ਮੈਨੂੰ ਕਹੀ ਜਾ ਰਿਹਾ ਸੀ ਕਿ ਹੋਰ ਪੀ, ਹੋਰ ਪੀ।

       -ਚੱਲ ਕੋਈ ਗੱਲ ਨਹੀਂ, ਕਦੇ-ਕਦੇ ਏਦਾਂ ਹੋ ਜਾਂਦਾ ਹੁੰਦਾ। ਮੁੜ ਕੇ ਧਿਆਨ ਨਾਲ ਪੀਵੀਂ।

       ਜੱਗੀ ਨੇ ਆਪਣੇ ਕੋਲ ਬੈਠੀ ਪ੍ਰੀਤੀ ਦੀ ਪਿੱਠ 'ਤੇ ਹੱਥ ਫੇਰਦਿਆਂ ਆਖਿਆ। ਨਛੱਤਰ ਬੋਲਿਆ,

       -ਜਦ ਮੈਂ ਪ੍ਰੀਤੀ ਨੂੰ ਚੁੱਕ ਕੇ ਉਪਰ ਲੈ ਕੇ ਗਿਆ ਤਾਂ ਸਾਰੇ ਹੀ ਮੇਰੇ ਵਲ ਹੋਰਵੇਂ ਦੇਖ ਰਹੇ ਸੀ।

       -ਉਹਨਾਂ ਸਾਲ਼ਿਆਂ ਨੂੰ ਕੀ! ਜੇ ਤੂੰ ਉਪਰ ਨਾ ਲੈ ਕੇ ਜਾਂਦਾ ਤਾਂ ਕੀ ਉਹ ਏਥੇ ਪਈ ਰਹਿੰਦੀ?

       ਜੱਗੀ ਗੁੱਸੇ ਵਿੱਚ ਆਖ ਰਿਹਾ ਸੀ। ਉਸ ਨੇ ਪੁੱਛਿਆ,

       -ਕਿਸੇ ਨੇ ਕੁਝ ਕਿਹਾ ਤਾਂ ਨਹੀਂ?

       -ਨਹੀਂ ਮੂੰਹੋਂ ਤਾਂ ਕੋਈ ਕੁਝ ਨਹੀਂ ਬੋਲਿਆ ਪਰ ਉਹਨਾਂ ਦੀਆਂ ਅੱਖਾਂ ਵਿੱਚ ਮੈਂ ਦੇਖ ਸਕਦਾ ਸੀ ਕਿ ਉਹਨਾਂ ਨੂੰ ਚੰਗਾ ਨਹੀਂ ਲੱਗਿਆ। ਖਾਸ ਕਰ ਕੇ ਨਵੀ ਦੇ ਦੇਵਨ ਨੂੰ।

       -ਨਿੱਕ, ਉਹਨਾਂ ਦੀ ਤੂੰ ਵੱਰੀ ਨਾ ਕਰ। ਆਪਣੇ ਦੋਸਤ ਐ, ਸਮਝਾ ਲਊਂ ਮੈਂ। ਆਹ ਗਵਾਂਢੀਆਂ ਦਾ ਵੀ ਕੋਈ ਫਿਕਰ ਨਹੀਂ। ਤੇਰਾ ਦੋਸਤ ਹਮੀਦ ਵੀ ਠੀਕ ਹੀ ਐ, ਹੋਰ ਰਹਿ ਕਿਹੜਾ ਗਿਆ? ਤੂੰ ਚਿੰਤਾ ਨਾ ਕਰ। ਮੁੜ ਕੇ ਆਪਾਂ ਏਦਾਂ ਦੀ ਗਲਤੀ ਕਦੇ ਨਹੀਂ ਕਰਨੀ।

       ਗੱਲ ਕਰਦਾ ਜੱਗੀ ਦੋ ਡੱਬੇ ਗੀਨਸ ਦੇ ਪੀ ਗਿਆ ਸੀ ਤੇ ਉਸ ਦਾ ਨਸ਼ਾ ਮੁੜ ਖਿੜ ਰਿਹਾ ਸੀ। ਨਛੱਤਰ ਉਠ ਕੇ ਹੂਵਰ ਚੁੱਕ ਲਿਆਇਆ ਤੇ ਕਮਰੇ ਦੀ ਸਫਾਈ ਵਿਚ ਪ੍ਰੀਤੀ ਦੀ ਮੱਦਦ ਕਰਨ ਲੱਗਾ। ਪ੍ਰੀਤੀ ਰਸੋਈ ਵਿੱਚ ਸੀ ਤਾਂ ਉਸ ਦੇ ਕੰਨ ਵਿਚ ਹੌਲੇ ਜਿਹੇ ਬੋਲਿਆ,

       -ਸੱਚ, ਤੈਨੂੰ ਰਾਤ ਦਾ ਕੁਝ ਨਹੀਂ ਯਾਦ?

       -ਨਹੀਂ ਤਾਂ, ਕੀ ਹੋਇਆ?

       -ਜਦ ਤੂੰ ਡਿਗ ਪਈ ਸੀ ਤਾਂ ਤੇਰਾ ਡਰੈੱਸ ਉਪਰ ਚੁੱਕ ਹੋ ਗਿਆ ਸੀ ਤੇ ਹੇਠੋਂ ਸਭ ਕੁਝ ਦਿਸਣ ਲੱਗ ਪਿਆ ਸੀ।

       -ਹਾਏ, ਮੈਂ ਮਰ ਗਈ!

       ਆਖਦਿਆਂ ਪ੍ਰੀਤੀ ਨੇ ਸ਼ਰਮ ਨਾਲ ਦੋਹਾਂ ਹੱਥਾਂ ਨਾਲ ਆਪਣਾ ਮੂੰਹ ਢੱਕ ਲਿਆ। ਫਿਰ ਆਹਿਸਤੇ ਜਿਹੇ ਪੁੱਛਣ ਲੱਗੀ,

       -ਜੈਗ ਨੂੰ ਪਤਾ ਏਸ ਗੱਲ ਦਾ?

      -ਨਹੀਂ, ਉਹ ਤਾਂ ਆਪ ਟੁੰਨ ਹੋ ਗਿਆ ਸੀ।

      ਇਕ ਦਿਨ ਦੁਪਿਹਰ ਜਿਹੇ ਨੂੰ ਨਛੱਤਰ ਨੇ ਆਪਣੇ ਘਰ ਨੂੰ ਫੋਨ ਕੀਤਾ। ਨੀਸ਼ਾ ਤਾਂ ਉਹਦੇ ਨਾਲ ਕੋਈ ਗੱਲ ਨਹੀਂ ਸੀ ਕਰਿਆ ਕਰਦੀ ਪਰ ਉਹ ਆਪਣੇ ਬੱਚਿਆਂ ਦੀ ਖਬਰਸਾਰ ਲੈਂਦਾ ਰਹਿੰਦਾ ਸੀ। ਉਸ ਨੇ ਫੋਨ ਕੀਤਾ ਤਾਂ ਮੁੰਡੇ ਐਂਡੀ ਨੇ ਚੁੱਕਿਆ। ਉਸ ਦਾ ਤੇ ਕੁੜੀ ਲੀਨਾ ਦਾ ਹਾਲ-ਚਾਲ ਪੁੱਛ ਕੇ ਉਸ ਨੇ ਕਿਹਾ,

       -ਐਂਡੀ, ਤੇਰੀ ਮੌਮ ਕੀ ਕਰਦੀ ਐ?

       -ਉਹ ਤਾਂ ਅੰਕਲ ਨਾਲ ਬਾਹਰ ਗਈ ਐ।

       -ਕਿਹੜੇ ਅੰਕਲ ਨਾਲ?

       -ਪਤਾ ਨਹੀਂ, ਮੈਂ ਤਾਂ ਪਹਿਲਾਂ ਕਦੇ ਨਹੀਂ ਦੇਖਿਆ।

       -ਕਦ ਆਇਆ ਸੀ ਉਹ?

       -ਕੱਲ ਆਇਆ ਸੀ, ਸਾਨੂੰ ਮੈਕਡੌਨਡ ਲੈ ਕੇ ਗਿਆ ਸੀ।

       -ਰਾਤ ਇਥੇ ਹੀ ਰਿਹਾ ਸੀ?

       -ਹਾਂ।

       -ਕਿਥੇ ਸੁੱਤਾ ਸੀ ਉਹ?

       -ਮੰਮੀ ਦੇ ਰੂਮ ਵਿੱਚ। æææਕਿਉਂ ਡੈਡੀ? ਕੁਝ ਗਲਤ ਐ?

       -ਨਹੀਂ ਐਂਡੀ, ਕੁਝ ਨਹੀਂ।

       ਆਖਦਿਆਂ ਨਛੱਤਰ ਨੇ ਫੋਨ ਰੱਖ ਦਿੱਤਾ ਤੇ ਬਹੁਤ ਉਦਾਸ ਹੋ ਗਿਆ। ਪ੍ਰੀਤੀ ਤੇ ਜੱਗੀ ਵੀ ਫੋਨ ਉਪਰਲੀ ਗੱਲਬਾਤ ਸੁਣ ਹੀ ਰਹੇ ਸਨ ਤੇ ਉਹ ਸਭ ਸਮਝ ਗਏ। ਦੋਵੇਂ ਹੀ ਨਛੱਤਰ ਦੇ ਆਲੇ-ਦੁਆਲੇ ਬਹਿ ਗਏ ਤੇ ਉਸ ਨੂੰ ਹੌਸਲਾ ਦੇਣ ਲੱਗੇ।




ਛੇ


       ਸ਼ਾਮ ਦੇ ਛੇ ਵੱਜਣ ਵਾਲੇ ਸਨ ਜਦ ਦੇਵਨ ਦੀ ਕਾਰ ਰੋਮੋ ਦੇ ਕਾਰ ਪਾਰਕ ਵਿੱਚ ਆ ਕੇ ਵਿਚ ਰੁਕੀ। ਨਵੀ ਤੇ ਜੱਗੀ ਵੀ ਨਾਲ ਸਨ। ਛੇ ਵਜੇ ਉਹਨਾਂ ਕੰਮ ਸ਼ੁਰੂ ਕਰਨਾ ਸੀ। ਕੁਝ ਲੇਟ ਹੋ ਗਏ ਸਨ ਇਸ ਲਈ ਉਹ ਤਿੰਨੋ ਹੀ ਆਪਣੇ ਕਾਰਡ ਸਕੈਨ ਕਰਾਉਂਦੇ ਅੰਦਰ ਵਲ ਨੂੰ ਭੱਜ ਪਏ। ਛੇ ਵਜੇ ਵਾਲੀ ਹਡਲਿੰਗ ਵਿਚ ਉਹਨਾਂ ਨੇ ਹਿੱਸਾ ਲੈਣਾ ਸੀ। ਵੈਸੇ ਤਾਂ ਡਿਊਟੀ ਦਸ ਵਜੇ ਸ਼ੁਰੂ ਹੋਣੀ ਸੀ ਪਰ ਉਹ ਉਹ ਤਿੰਨੋ ਹੀ ਓਵਰ ਟਾਈਮ ਕਰ ਰਹੇ ਸਨ। ਉਸ ਰਾਤ ਵਾਲੀ ਘਟਨਾ ਹੁਣ ਬਹੁਤ ਪਿੱਛੇ ਰਹਿ ਗਈ ਸੀ। ਨਵੀ ਤਾਂ ਪਹਿਲੇ ਦਿਨ ਤੋਂ ਹੀ ਉਹਨਾਂ ਦਾ ਨਿੱਜੀ ਮਾਮਲਾ ਕਹਿ ਕੇ ਹਊ ਪਰੇ ਕਰਦਾ ਆ ਰਿਹਾ ਸੀ ਪਰ ਦੇਵਨ ਹਾਲੇ ਤਕ ਸਹਿਜ ਨਹੀਂ ਸੀ ਹੋਇਆ। ਉਸ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕਈ ਵਾਰ ਜੱਗੀ ਨੂੰ ਕਿਹਾ ਪਰ ਜੱਗੀ ਜਿਵੇਂ ਉਸ ਦੀ ਕੋਈ ਗੱਲ ਸਮਝ ਹੀ ਨਹੀਂ ਸੀ ਰਿਹਾ। ਇਕ ਦਿਨ ਗੱਲਾਂ ਗੱਲਾਂ ਵਿਚ ਸਿੱਧਾ ਹੀ ਕਹਿ ਦਿੱਤਾ,

       -ਜੱਗੀ, ਦੋਸਤ ਹੋਣ ਨਾਤੇ ਸਲਾਹ ਦੇ ਰਿਹਾਂ ਕਿ ਨਛੱਤਰ ਨੂੰ ਕਹਿ ਹੁਣ ਕਿਤੇ ਹੋਰ ਕਮਰਾ ਲੱਭ ਲਵੇ। ਭਾਵੇਂ ਉਹ ਪ੍ਰੀਤੀ ਦਾ ਭਰਾ ਹੀ ਐ ਪਰ ਲੋਕ ਗੱਲਾਂ ਬਣਾਉਣ ਲੱਗ ਪੈਣਗੇ।

       -ਦੇਵਨ, ਯਾਰ ਆਪਾਂ ਵੀ ਬੰਦਾ-ਕੁਬੰਦਾ ਦੇਖ ਲੈਨੇ ਆਂ। ਨਿੱਕ ਏਦਾਂ ਦਾ ਨਹੀਂ ਪਰ ਕੱਲ ਉਹ ਆਪ ਹੀ ਕਹਿ ਰਿਹਾ ਸੀ ਉਸ ਤੋਂ ਇਥੇ ਸੌਂ ਨਹੀਂ ਹੁੰਦਾ ਕਿਉਂਕਿ ਉਹ ਰੌਕੀ ਨਾਲ ਕਮਰਾ ਸ਼ੇਅਰ ਕਰਦੈ ਤੇ ਰੌਕੀ ਰਾਤ ਨੂੰ ਕਈ ਵਾਰ ਪਿਸ਼ਾਬ ਕਰਨ ਉਠਦਾ ਤੇ ਨਛੱਤਰ ਦੀ ਨੀਂਦ ਟੁੱਟ ਜਾਂਦੀ ਐ।

       ਉਸ ਦਿਨ ਤੋਂ ਬਾਅਦ ਇਸ ਬਾਰੇ ਦੇਵਨ ਨੇ ਜੱਗੀ ਨਾਲ ਕੋਈ ਗੱਲ ਨਹੀਂ ਸੀ ਕੀਤੀ ਪਰ ਪ੍ਰੀਤੀ ਉਸ ਦੇ ਮਨ ਵਿੱਚ ਰੜਕੀ ਜਾ ਰਹੀ ਸੀ। ਉਸ ਨੇ ਸ਼ਿਵਾਨੀ ਨੂੰ ਵੀ ਕਹਿ ਦਿਤਾ ਸੀ ਕਿ ਪ੍ਰੀਤੀ ਨਾਲ ਬਹੁਤੀ ਗੱਲ ਨਾ ਕਰਿਆ ਕਰੇ। ਹੁਣ ਉਹਨਾਂ ਦੀਆਂ ਪਰਿਵਾਰਿਕ ਮਹਿਫਲਾਂ ਵੀ ਬੰਦ ਜਿਹੀਆਂ ਹੀ ਹੋ ਗਈਆਂ ਸਨ। ਪਲਵੀ ਤਾਂ ਪਹਿਲਾਂ ਹੀ ਕਿਧਰੇ ਬਹੁਤ ਘੱਟ ਜਾਂਦੀ ਸੀ, ਹੁਣ ਸ਼ਿਵਾਨੀ ਵੀ ਘਰ ਹੀ ਰਹਿੰਦੀ। ਹੁਣ ਵਿਹਲੇ ਦਿਨਾਂ ਵਿੱਚ ਉਹ ਪੱਬਾਂ ਵਿਚ ਜਾ ਬਹਿੰਦੇ। ਅੱਜ ਜਲਦੀ ਆ ਜਾਣ ਕਾਰਨ ਉਹ ਖਾਣਾ ਨਾਲ ਹੀ ਲੈ ਆਏ ਸਨ। ਨੌ ਵਜੇ ਬ੍ਰੇਕ ਹੋਈ ਤਾਂ ਉਹਨਾਂ ਨੇ ਲੌਕਰਾਂ ਵਿਚ ਜਾ ਕੇ ਦੋ-ਦੋ ਗਲਾਸੀਆਂ ਲਾਉਣੀਆਂ ਸਨ ਤੇ ਖਾਣਾ ਗਰਮ ਕਰ ਕੇ ਖਾ ਲੈਣਾ ਸੀ। ਦੇਵਨ ਅੱਜ ਬਹੁਤਾ ਹੀ ਖੁਸ਼ ਸੀ। ਉਹ ਉਹਨਾਂ ਨੂੰ ਕਾਹਲੀ ਕਾਹਲੀ ਪੀਣ ਲਈ ਕਹਿ ਰਿਹਾ ਸੀ ਤੇ ਦੋ ਦੀ ਥਾਂ ਤਿੰਨ ਤਿੰਨ ਗਲਾਸੀਆਂ ਲਵਾ ਦਿਤੀਆਂ। ਫਿਰ ਦੋ ਵਜੇ ਵਾਲੀ ਡਿਨਰ ਬ੍ਰੇਕ ਵਿਚ ਵੀ ਗਲਾਸੀ ਤੇ ਗਲਾਸੀ ਪਾਈ ਗਿਆ। ਜੱਗੀ ਨੇ ਪੁੱਛਿਆ,

       -ਬੜਾ ਖੁਸ਼ ਐਂ, ਕੋਈ ਖਾਸ ਗੱਲ ਐ?

       -ਹਾਂ, ਅੱਜ ਦੀ ਸਾਰੀ ਦਾਅਵਤ ਮੇਰੇ ਵਲ ਹੀ ਐ।

       -ਪਰ ਹੋਇਆ ਕੀ?

       -ਅੱਜ ਸ਼ਿਵਾਨੀ ਨੇ ਮੁੰਡਾ ਕਨਸੀਵ ਕਰ ਲਿਆ। ਮੇਰੀ ਮਿਹਨਤ ਵੱਲ ਆ ਗਈ।

       -ਐਨੀ ਛੇਤੀ ਤੇ ਉਹ ਵੀ ਮੁੰਡਾ?

       -ਨਵੀ, ਤੂੰ ਗੱਲਾਂ ਵੱਡੀਆਂ ਵੱਡੀਆਂ ਮਾਰਦਾਂ ਪਰ ਤੈਨੂੰ ਪਤਾ ਨਹੀਂ ਸਿਕਸਥ ਸੈਂਸ ਵੀ ਕੋਈ ਚੀਜ਼ ਹੁੰਦੀ ਐ। ਇਥੇ ਉਹੀ ਕੰਮ ਕਰ ਰਹੀ ਐ।

       ਦੇਵਨ ਹੁੱਬ ਕੇ ਕਹਿ ਰਿਹਾ ਸੀ। ਫਿਰ ਉਹ ਹੌਲੇ ਜਿਹੇ ਬੋਲਿਆ,

       -ਯਾਰ ਨਵੀ, ਇਕ ਗੱਲ ਕਹਿਣੀ ਆਂ ਜੇ ਗੁੱਸਾ ਨਾ ਕਰੇ ਤਾਂ?

       -ਅੱਗੇ ਤੂੰ ਮੇਰੇ ਗੁੱਸੇ ਦਾ ਕਿੰਨਾ ਕੁ ਧਿਆਨ ਰੱਖਦਾਂ! ਕਹਿ ਲੈ ਜੋ ਕਹਿਣਾ।

       -ਗੱਲ ਇਹ ਐ ਕਿ ਪਲਵੀ ਦੀ ਸਿਹਤ ਠੀਕ ਨਹੀਂ, ਕਿਉਂ ਨਹੀਂ ਕਿਸੇ ਹੋਰ ਤਰੀਕੇ ਨਾਲ ਬੱਚਾ ਲੈ ਲੈਂਦਾ।

       -ਹੋਰ ਕਿਹੜਾ ਤਰੀਕਾ? ਦੇਖ ਕਿਸੇ ਬੱਚੇ ਨੂੰ ਤਾਂ ਅਸੀਂ ਗੋਦ ਲੈਣਾ ਨਹੀਂ। ਜੇ ਸਾਡੇ ਹੋ ਗਿਆ ਤਾਂ ਠੀਕ ਨਹੀਂ ਤਾਂ ਐਡੀ ਵੀ ਕਿਹੜੀ ਗੱਲ ਐ! ਅਸੀਂ ਵੀ ਤਾਂ ਆਪਣੇ ਮਾਂਪਿਆਂ ਦੇ ਬੱਚੇ ਹੈਗੇ ਹੀ ਆਂ, ਕਿੰਨੇ ਕੁ ਸਰਬਣ-ਪੁੱਤ ਬਣੇ ਆਂ। ਮਿਲਣ ਵੀ ਨਹੀਂ ਜਾ ਹੁੰਦਾ।

        -ਯਾਰ ਕਿਸੇ ਭਰਾ-ਭਰੂ ਵਲ ਹੀ ਹਿੱਸਾ ਪਾ ਲੈ, ਤੁਹਾਡੇ ਜੱਟਾਂ ਦੇ ਤਾਂ ਇਹ ਕੰਮ ਵੀ ਚੱਲ ਜਾਂਦਾ।

       ਦੇਵਨ ਨੇ ਇਹ ਗੱਲ ਜਿਵੇਂ ਭੋਲੇ ਭਾ ਕਹੀ ਕਿ ਨਵੀ ਦਾ ਹਾਸਾ ਛੁੱਟ ਪਿਆ। ਉਸ ਦੇ ਹੱਥ ਵਿਚ ਫੜੀ ਵਿਸਕੀ ਵਾਲੀ ਗਲਾਸੀ ਡੁੱਲ੍ਹ ਗਈ। ਉਹ ਹੱਸਦਾ ਹੋਇਆ ਬੋਲਿਆ,

       -ਤੇਰੀ ਐਸੀ ਕੀ ਤੈਸੀ ਦੇਵਨ, ਤੂੰ ਜੱਟਾਂ ਨੂੰ ਕੀ ਸਮਝਦਾਂ?

       -ਯਾਰ, ਮੈਂ ਜੋ ਸਮਾਜ ਵਿਚ ਦੇਖਦਾ ਉਹੀ ਸਮਝਦਾਂ। ਸਾਡੇ ਪਿੰਡ ਤਾਂ ਕਈ ਘਰਾਂ ਵਿਚ ਇਕੋ ਭਰਾ ਵਿਆਹਿਆ ਹੁੰਦਾ। ਉਥੇ ਹੀ ਸਾਰੇ ਆਪੋ-ਆਪਣਾ ਹਿੱਸਾ ਪਾਈ ਜਾਂਦੇ ਆ।

       ਦੇਵਨ ਸ਼ਾਇਦ ਦਿਲੋਂ ਬੋਲ ਰਿਹਾ ਸੀ। ਜੱਗੀ ਦਿੱਲੀ ਦਾ ਜੰਮਿਆਂ ਪਲਿਆ ਹੋਣ ਕਰਕੇ ਇਸ ਗੱਲ ਦੀ ਤਹਿ ਤਕ ਨਹੀਂ ਸੀ ਜਾ ਸਕਿਆ। ਦੇਵਨ ਉਸ ਨੂੰ ਤਫਸੀਲ ਵਿਚ ਸਮਝਾਉਣ ਲੱਗਿਆ ਪਰ ਨਾਲ ਹੀ ਉਸ ਨੇ ਇਕ-ਇਕ ਹੋਰ ਪੈੱਗ ਵੀ ਪਾ ਦਿਤਾ।

       ਚਾਰ ਵਜੇ ਟੀ ਬ੍ਰੇਕ ਹੋਈ ਤਾਂ ਦੇਵਨ ਉਹਨਾਂ ਨੂੰ ਬੋਲਿਆ,

       -ਮੇਰੀ ਗੱਡੀ ਵਿੱਚ ਘਰ ਦਾ ਬਣਾਇਆ ਭੁਜੀਆ ਪਿਆ। ਬਹੁਤ ਹੀ ਸਵਾਦ। ਚਲੋ ਉਥੇ ਚਲਦੇ ਆਂ।

       ਗੱਡੀ ਵਿੱਚ ਜਾ ਕੇ ਜਦ ਦੇਵਨ ਨੇ ਬੋਤਲ ਨੂੰ ਹੱਥ ਪਾਇਆ ਤਾਂ ਜੱਗੀ ਇਕ ਦਮ ਬੋਲ ਉਠਿਆ,

       -ਨਹੀਂ ਯਾਰ, ਹੋਰ ਨਹੀਂ ਪੀਣੀ, ਅੱਜ ਭਰਜਾਈ ਦਾ ਡਰਾਈਵਿੰਗ ਟੈਸਟ ਐ।

       -ਡਰਾਈਵਿੰਗ ਟੈਸਟ ਹੋਏਗਾ ਦਿਨੇ, ਹਾਲੇ ਤਾਂ ਚਾਰ ਵੱਜੇ ਆ।

       ਨਾਂਹ ਕਰਦਿਆਂ ਜੱਗੀ ਨੇ ਆਪਣਾ ਪੈਗ ਫੜ ਲਿਆ। ਸਾਢੇ ਪੰਜ ਵਜੇ ਉਹਨਾਂ ਨੇ ਕੰਮ ਛੱਡ ਦਿਤਾ। ਉਹ ਕਪੜੇ ਬਦਲਣ ਲੌਕਰਾਂ ਵਿੱਚ ਗਏ ਤਾਂ ਦੇਵਨ ਨੇ ਫਿਰ ਬੋਤਲ ਚੁੱਕ ਲਈ। ਜੱਗੀ ਇਕ ਦਮ ਬੋਲ ਪਿਆ,

       -ਨਾ ਬਈ ਹੁਣ ਨਹੀਂ, ਤੈਨੂੰ ਪਤਾ ਕਿ ਜੇ ਭਰਜਾਈ ਟੈਸਟ ਪਾਸ ਕਰ ਲਵੇ ਤਾਂ ਸਾਨੂੰ ਕਿੰਨਾ ਫਾਇਦਾ ਹੋ ਜਾਵੇ।

       -ਕਿਉਂ ਮੋਕ ਮਾਰੀ ਜਾਨਾਂ, ਟੈੱਸਟ ਤੂੰ ਦੇਣਾ ਕਿ ਪ੍ਰੀਤੀ ਨੇ?

       ਜੱਗੀ ਨੇ ਦੋ ਕੁ ਵਾਰ ਨਾਂਹ ਕਰ ਕੇ ਗਲਾਸੀ ਫੜ ਲਈ।

       ਕੰਮ ਖਤਮ ਕਰਕੇ ਉਹ ਤਿੰਨੋਂ ਕਾਰ ਵਿਚ ਆ ਬੈਠੇ। ਤਿੰਨੋ ਹੀ ਸ਼ਰਾਬੀ ਸਨ। ਨਵੀ ਬੋਲਿਆ,

       -ਦੇਵਨ, ਕਾਰ ਧਿਆਨ ਨਾਲ ਚਲਾਈਂ ਬਈ, ਆਪਾਂ ਜ਼ਿਆਦਾ ਪੀ ਬੈਠੇ ਆਂ।

       -ਤੂੰ ਦੇਖਦਾ ਚੱਲ, ਏਦਾਂ ਲੈ ਕੇ ਜਾਊਂ ਜਿੱਦਾਂ ਪਾਣੀ ਵਿਚ ਮੱਛੀ ਜਾਂਦੀ ਹੁੰਦੀ ਐ।

       ਦੇਵਨ ਨੇ ਕਾਰ ਤੋਰ ਲਈ ਤੇ ਸਿੱਧੀ ਲਿਆ ਕੇ ਆਪਣੇ ਘਰ ਮੁਹਰੇ ਲਾ ਦਿਤੀ। ਨਵੀ ਬੋਲਿਆ,

       -ਯਾਰ, ਮੈਨੂੰ ਮੇਰੇ ਘਰ ਲਾਹ ਦਿੰਦਾ।

       -ਸ਼ਿਵਾਨੀ ਨੇ ਕੋਫਤੇ ਬਹੁਤ ਵਧੀਆ ਬਣਾਏ ਹੋਏ ਆ। ਸਵਾਦ ਦੇਖ ਲੈ ਫੇਰ ਛੱਡ ਆਵਾਂਗਾ।

       ਜੱਗੀ ਕਾਰ ਵਿੱਚੋਂ ਉਤਰ ਕੇ ਆਪਣੇ ਘਰ ਵਲ ਨੂੰ ਜਾਣ ਲੱਗਾ ਤਾਂ ਦੇਵਨ ਨੇ ਉਸ ਨੂੰ ਬਾਹੋਂ ਫੜ ਕੇ ਅੰਦਰ ਵਾੜ ਲਿਆ। ਜੱਗੀ ਨੇ ਘੜੀ ਦੇਖੀ। ਨੌਂ ਵਜੇ ਟੈੱਸਟ 'ਤੇ ਲੈ ਕੇ ਜਾਣਾ ਸੀ, ਹਾਲੇ ਵਕਤ ਹੈ ਸੀ। ਉਸ ਨੇ ਸੋਚਿਆ ਕਿ ਪ੍ਰੀਤੀ ਨੂੰ ਟੈੱਸਟ 'ਤੇ ਲੈਜਾ ਕੇ ਹੀ ਸੌਂਵੇਗਾ। ਅੰਦਰ ਸ਼ਿਵਾਨੀ ਜਾਗਦੀ ਪਈ ਸੀ। ਅਸਲ ਵਿਚ ਦੇਵਨ ਨੇ ਉਸ ਨੂੰ ਫੋਨ ਕਰ ਦਿਤਾ ਹੋਇਆ ਸੀ। ਉਸ ਨੇ ਗਰਮ-ਗਰਮ ਕੋਫਤਿਆਂ ਦੀਆਂ ਪਲੇਟਾਂ ਉਹਨਾਂ ਦੇ ਮੁਹਰੇ ਲਿਆ ਰੱਖੀਆਂ। ਉਹਨਾਂ ਨੂੰ ਭੁੱਖ ਵੀ ਚਮਕ ਆਈ ਸੀ। ਦੇਵਨ ਨੇ ਇਕ-ਇਕ ਗਲਾਸੀ ਪਾ ਲਈ। ਜੱਗੀ ਨੇ ਨਾਂਹ ਨਾ ਕੀਤੀ ਪਰ ਉਸ ਨੇ ਸੋਚਣਾ ਵੀ ਬੰਦ ਕਰ ਦਿਤਾ। ਇਕ ਤੋਂ ਬਾਅਦ ਦੂਜਾ ਪੈੱਗ ਪਾ ਲਿਆ। ਨਵੀ ਨੂੰ ਕੁਝ-ਕੁਝ ਗੱਲ ਸਮਝ ਆ ਰਹੀ ਸੀ। ਨਾ ਉਹ ਹੁਣ ਕੁਝ ਕਹਿਣ ਜੋਗਾ ਸੀ ਤੇ ਨਾ ਹੀ ਕਰਨ ਜੋਗਾ। ਨਵੀ ਸਰੀਰ ਦਾ ਕੁਝ ਭਾਰਾ ਹੋਣ ਕਰਕੇ ਦੂਜਿਆਂ ਨਾਲੋਂ ਕੁਝ ਵੱਧ ਹਜ਼ਮ ਕਰ ਜਾਂਦਾ ਸੀ। ਜੱਗੀ ਸਰੀਰ ਦਾ ਹਲਕਾ ਸੀ ਤੇ ਉਹ ਅਗਲੇ ਪੈੱਗ ਨਾਲ ਟੱਲੀ ਹੋ ਕੇ ਉਥੇ ਹੀ ਇਕ ਪਾਸੇ ਨੂੰ ਢੇਰੀ ਹੋ ਗਿਆ। ਨਵੀ ਦੇਵਨ ਦੀ ਕਾਰ ਲੈ ਕੇ ਆਪਣੇ ਘਰ ਚਲੇ ਗਿਆ।




ਸੱਤ


       ਪ੍ਰੀਤੀ ਦੋ ਵਾਰ ਡਰਾਈਵਿੰਗ ਟੈੱਸਟ ਦੇ ਚੁੱਕੀ ਸੀ ਪਰ ਫੇਹਲ ਹੋ ਗਈ ਸੀ। ਇਸ ਵਾਰ ਉਸ ਨੇ ਇਸ ਦੀ ਬਹੁਤ ਤਿਆਰੀ ਕੀਤੀ ਸੀ। ਟੈੱਸਟ ਦੇ ਮੁਸ਼ਕਲ ਸਵਾਲ ਜਿਵੇਂ ਕਿ ਕਾਰ ਦੀ ਥਰੀ ਟਰਨਿੰਗ, ਐਮਰਜੈਂਸੀ ਬਰੇਕ, ਰਵਰਸ ਆਦਿ 'ਤੇ ਉਸ ਨੇ ਸੈਂਕੜੇ ਵਾਰ ਅਭਿਆਸ ਕੀਤਾ ਸੀ। ਜੱਗੀ ਨੇ ਆਪਣੀ ਕਾਰ ਉਪਰ ਐੱਲ ਪਲੇਟ ਲਾਈ ਹੋਈ ਸੀ ਤੇ ਜਦ ਵੀ ਕਿਤੇ ਜਾਣਾ ਹੁੰਦਾ ਤਾਂ ਪ੍ਰੀਤੀ ਹੀ ਕਾਰ ਚਲਾਉਂਦੀ। ਏਨੇ ਅਭਿਆਸ ਤੋ ਬਾਅਦ ਉਸ ਨੂੰ ਯਕੀਨ ਸੀ ਕਿ ਉਹ ਇਸ ਵਾਰ ਜ਼ਰੂਰ ਪਾਸ ਹੋ ਜਾਵੇਗੀ। ਦੂਜੀ ਗੱਲ ਇਹ ਕਿ ਟੈੱਸਟ ਦੀ ਤਰੀਕ ਅੱਜਕਲ ਬਹੁਤ ਦੇਰ ਨਾਲ ਮਿਲਦੀ ਸੀ। ਕਈ ਵਾਰ ਤਾਂ ਛੇ ਛੇ ਮਹੀਨੇ ਵੀ ਲੱਗ ਜਾਂਦੇ ਸਨ। ਇਕ ਵਾਰ ਇਹ ਤਰੀਕ ਕੈਂਸਲ ਕਰਵਾ ਦੇਵੋ ਤਾਂ ਹੋਰ ਵੀ ਵੱਧ ਵਕਤ ਲਗਦਾ ਇਸ ਲਈ ਪ੍ਰੀਤੀ ਲਈ ਇਹ ਟੈੱਸਟ ਹੋਰ ਵੀ ਜ਼ਰੂਰੀ ਸੀ।

       ਜੱਗੀ ਦਾ ਰਾਤਾਂ 'ਤੇ ਕੰਮ ਕਰਨ ਦਾ ਵੀ ਇਹੋ ਵੱਡਾ ਕਾਰਨ ਸੀ ਕਿ ਦਿਨ ਨੂੰ ਉਹ ਘਰ ਦੇ ਸਾਰੇ ਕੰਮ ਕਰ ਸਕਦਾ। ਦਿਨੇ ਉਹ ਦੋ ਘੰਟੇ ਸਵੇਰੇ ਸੌਂਦਾ ਤੇ ਦੋ ਘੰਟੇ ਸ਼ਾਮ ਨੂੰ ਤੇ ਦਿਨ ਭਰ ਉਸ ਕੋਲ ਘਰ ਦੇ ਕੰਮਾਂ ਲਈ ਕਾਫੀ ਵਕਤ ਹੁੰਦਾ। ਸਟੈਨਵੈੱਲ ਇਕ ਪਿੰਡ ਵਾਂਗ ਹੀ ਸੀ ਜਿਥੇ ਨਾ ਕੋਈ ਬੈਂਕ ਸੀ ਤੇ ਨਾ ਹੀ ਬਿਲਡਿੰਗ ਸੁਸਾਇਟੀ। ਇਹ ਸਭ ਸਟੇਨਜ਼ ਵਿਚ ਸਨ। ਕੌਂਸਲ ਦਾ ਦਫਤਰ ਵੀ ਸਟੇਨਜ਼ ਹੀ ਸੀ। ਬੇਸ਼ੱਕ ਉਥੇ ਨੂੰ ਸਿੱਧੀ ਬੱਸ ਜਾਂਦੀ ਸੀ ਪਰ ਕਾਰ ਦੇ ਘਰ ਵਿਚ ਹੁੰਦੇ ਬੱਸਾਂ ਦੀ ਆਦਤ ਕਿਸ ਨੂੰ ਹੁੰਦੀ ਹੈ। ਸੋ ਜੇ ਪ੍ਰੀਤੀ ਇਹ ਡਰਾਈਵਿੰਗ ਟੈੱਸਟ ਪਾਸ ਕਰ ਲੈਂਦੀ ਤਾਂ ਉਹ ਆਪ ਹੀ ਘਰ ਦੇ ਸਾਰੇ ਕੰਮ ਕਰ ਸਕਦੀ ਸੀ ਤੇ ਜੱਗੀ ਅਰਾਮ ਨਾਲ ਦਿਨ ਦੀ ਸ਼ਿਫਟ ਕਰ ਸਕਦਾ ਸੀ।

       ਜੱਗੀ ਨੇ ਛੇ ਕੁ ਵਜੇ ਘਰ ਪੁੱਜ ਜਾਣਾ ਸੀ ਤੇ ਦੋ ਘੰਟੇ ਸੌਂ ਕੇ ਅੱਠ ਕੁ ਵਜੇ ਉਠ ਖੜਨਾ ਸੀ। ਰੌਕੀ ਨੂੰ ਸਕੂਲ ਛੱਡਦਿਆਂ ਉਹਨਾਂ ਨੇ ਟੈੱਸਟ ਸੈਂਟਰ ਪੁੱਜ ਜਾਣਾ ਸੀ। ਸਾਢੇ ਨੌਂ ਵਜੇ ਪ੍ਰੀਤੀ ਦਾ ਟੈੱਸਟ ਸੀ। ਛੇ ਵੱਜ ਗਏ, ਸੱਤ ਵੱਜ ਗਏ ਪਰ ਜੱਗੀ ਨਾ ਆਇਆ। ਪ੍ਰੀਤੀ ਨੂੰ ਫਿਕਰ ਹੋਣ ਲਗਿਆ। ਉਸ ਨੂੰ ਪਤਾ ਸੀ ਕਿ ਜੱਗੀ ਬਿਨਾਂ ਸੁੱਤੇ ਵੀ ਉਸ ਨੂੰ ਟੈੱਸਟ ਲਈ ਲੈ ਜਾ ਸਕਦਾ ਸੀ। ਜਦ ਅੱਠ ਵੱਜਣ ਲੱਗੇ ਤਾਂ ਉਸ ਦਾ ਫਿਕਰ ਬਹੁਤ ਵਧ ਗਿਆ। ਉਸ ਨੇ ਨਵੀ ਦੇ ਘਰ ਫੋਨ ਕੀਤਾ। ਨਵੀ ਨੇ ਹੀ ਫੋਨ ਉਠਾਇਆ। ਪ੍ਰੀਤੀ ਬੋਲੀ,

       -ਜੈਗ ਕਿਥੇ ਆ?

       -ਉਹ ਦੇਵਨ ਦੇ ਘਰੇ ਹੋਣਾ, ਮੈਂ ਵੀ ਉਥੋਂ ਹੀ ਆਇਆਂ।

       -ਡਰਿੰਕ ਪੀਤੀ ਹੋਣੀ ਐਂ?

       -ਹਾਂ, ਹੋਰ ਦੇਵਨ ਦੇ ਘਰ ਦੁੱਧ ਤਾਂ ਪੀਣੋਂ ਰਹੇ!

       -ਮਜ਼ਾਕ ਨਾ ਕਰ ਨਵੀ, ਅੱਜ ਮੇਰਾ ਡਰਾਈਵਿੰਗ ਟੈੱਸਟ ਐ, ਉਹ ਮੈਨੂੰ ਟੈੱਸਟ 'ਤੇ ਲੈ ਜਾਣ ਜੋਗਾ ਵੀ ਹੈ ਕਿ ਨਹੀਂ?

       -ਨਹੀਂ, ਮੈਨੂੰ ਲਗਦਾ ਕਿ ਉਹ ਵਾਧੂ ਹੋ ਗਿਆ ਹੋਣਾਂ।

       ਨਵੀ ਨੇ ਦੱਸਿਆ। ਪ੍ਰੀਤੀ ਰੋਣ ਲੱਗ ਪਈ। ਉਸ ਨੇ ਫੋਨ ਬੰਦ ਕਰਕੇ ਦੇਵਨ ਦੇ ਘਰ ਨੂੰ ਘੁਮਾ ਲਿਆ। ਸ਼ਿਵਾਨੀ ਨੇ ਚੁੱਕਿਆ। ਪ੍ਰੀਤੀ ਨੇ ਜੱਗੀ ਬਾਰੇ ਪੁੱਛਿਆ ਤਾਂ ਸ਼ਿਵਾਨੀ ਬੋਲੀ,

       -ਉਹ ਸੁੱਤਾ ਪਿਆ। ਸੋਫੇ 'ਤੇ ਹੀ ਟੇਡਾ ਹੋ ਗਿਆ ਸੀ, ਮੈਂ ਕੰਬਲ ਉਪਰ ਦੇ ਦਿੱਤਾ, ਠੰਡ ਜਿਉਂ ਐ।

       ਸ਼ਿਵਾਨੀ ਵਿਅੰਗ ਜਿਹੇ ਵਿਚ ਗੱਲ ਕਰ ਰਹੀ ਸੀ। ਪ੍ਰੀਤੀ ਗੁੱਸੇ ਵਿਚ ਬੋਲੀ,

       -ਉਹਨੂੰ ਪਤਾ ਸੀ ਕਿ ਅੱਜ ਮੇਰਾ ਡਰਾਈਵਿੰਗ ਟੈੱਸਟ ਐ ਫੇਰ ਉਹਨੇ ਕਿਉਂ ਪੀਤੀ?

       -ਪ੍ਰੀਤੀ, ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ।

       -ਦੇਵਨ ਨੂੰ ਪਤਾ ਸੀ ਮੇਰੇ ਟੈੱਸਟ ਦਾ, ਉਹਨੇ ਜਾਣ ਬੁੱਝ ਕੇ ਜੈਗ ਨੂੰ ਪਿਲਾਈ ਐ।

       -ਪ੍ਰੀਤੀ, ਜੈਗ ਕੋਈ ਬੇਬੀ ਐ ਕਿ ਉਹਨੂੰ ਦੇਵਨ ਨੇ ਪਿਲਾਈ ਐ।

       -ਮੈਨੂੰ ਸਭ ਪਤੈ, ਤੁਸੀਂ ਮੇਰੇ ਪੇਸ਼ ਪਏ ਹੋਏ ਓ, ਮੇਰੀ ਲਾਈਫ ਨੂੰ ਹੈੱਲ ਬਣਾਉਣ 'ਤੇ ਤੁਲੇ ਹੋਏ ਓ।

       -ਪ੍ਰੀਤੀ, ਆਦਮੀ ਤੇਰਾ ਸ਼ਰਾਬੀ ਪਿਆ ਬਲੇਮ ਤੂੰ ਹੋਰਨਾਂ ਨੂੰ ਦਿੰਦੀ ਐਂ।

       ਹੁਣ ਸ਼ਿਵਾਨੀ ਵੀ ਗੁੱਸੇ ਵਿਚ ਬੋਲ ਰਹੀ ਸੀ। ਇਕ ਵਾਰ ਤਾਂ ਉਸ ਦਾ ਦਿਲ ਕੀਤਾ ਕਿ ਪ੍ਰੀਤੀ ਨੂੰ ਦੋ ਹੋਰ ਸੁਣਾ ਦੇਵੇ ਪਰ ਉਹ ਚੁੱਪ ਰਹੀ।

       ਪ੍ਰੀਤੀ ਸੋਚਣ ਲੱਗੀ ਕਿ ਹੁਣ ਕੀ ਕਰੇ। ਉਸ ਨੇ ਨਛੱਤਰ ਨੂੰ ਫੋਨ ਕੀਤਾ ਪਰ ਉਹ ਕੰਮ 'ਤੇ ਜਾ ਚੁੱਕਿਆ ਸੀ। ਉਸ ਦੇ ਕੰਮ ਦਾ ਫੋਨ ਨੰਬਰ ਹੈ ਨਹੀਂ ਸੀ। ਜੱਗੀ ਦੀ ਕਾਰ ਤਾਂ ਘਰ ਖੜੀ ਸੀ ਪਰ ਆਪਣੇ ਆਪ ਕਾਰ ਚਲੇ ਕੇ ਉਹ ਟੈੱਸਟ ਸੈਂਟਰ ਜਾ ਨਹੀਂ ਸੀ ਸਕਦੀ। ਉਸ ਨੇ ਨਵੀ ਨੂੰ ਫਿਰ ਫੋਨ ਕੀਤਾ,

       -ਨਵੀ, ਅੱਜ ਮੇਰਾ ਟੈੱਸਟ ਐ, ਤੂੰ ਮੈਨੂੰ ਲੈਜਾ ਸਕਦਾਂ?

       -ਪ੍ਰੀਤੀ, ਅੱਜ ਦਸ ਵਜੇ ਦੀ ਪਲਵੀ ਦੀ ਹਸਪਤਾਲ ਦੀ ਐਪੁਆਏਂਟਮੈਂਟ ਐ, ਬਹੁਤ ਇੰਪੌਰਟੈਂਟ। ਅੱਜ ਸ਼ਾਇਦ ਉਹਨੂੰ ਹਸਪਤਾਲ ਭਰਤੀ ਹੋਣਾ ਪਵੇ। ਨਹੀਂ ਤਾਂ ਮੈਂ ਜ਼ਰੂਰ ਲੈ ਜਾਂਦਾ।

       -ਨਵੀ, ਤੂੰ ਆਪਣੇ ਆਪ ਨੂੰ ਜੈਗ ਦਾ ਦੋਸਤ ਕਹਿੰਦਾ ਐਂ, ਤੂੰ ਇਹਦਾ ਕੁਝ ਕਰਦਾ ਕਿਉਂ ਨਹੀਂ?

       -ਪ੍ਰੀਤੀ, ਤੈਨੂੰ ਪਤਾ ਜੱਗੀ ਦੇ ਸੁਭਾਅ ਦਾ, ਨਾਂਹ ਨਹੀਂ ਕਹਿ ਸਕਦਾ।

       -ਇਹ ਹਰਾਮੀ ਦੇਵਨ ਪਤਾ ਨਹੀਂ ਕਿਉਂ ਮੇਰਾ ਦੁਸ਼ਮਣ ਬਣਿਆਂ ਫਿਰਦਾ? ਪਤਾ ਨਹੀਂ ਮੈਂ ਇਹਦਾ ਕੀ ਵਿਗਾੜ ਦਿੱਤਾ?

       -ਪ੍ਰੀਤੀ, ਇਕ ਵਾਰ ਤੂੰ ਆਪ ਜਾ ਕੇ ਦੇਖ ਲੈ ਜੇ ਉਠ ਸਕਦਾ ਹੋਇਆ ਤਾਂ ਲੈ ਆ। ਸ਼ਾਇਦ ਹੁਣ ਤਕ ਸ਼ਰਾਬ ਉਤਰ ਗਈ ਹੋਵੇ।

       -ਮੈਂ ਨਹੀਂ ਜਾਣਾ ਉਹਨਾਂ ਦੇ ਘਰ, ਤੂੰ ਇਕ ਵਾਰ ਫੋਨ ਕਰਕੇ ਦੇਖ ਲੈ।

       ਪ੍ਰੀਤੀ ਦੇ ਕਹਿਣ 'ਤੇ ਨਵੀ ਨੇ ਦੇਵਨ ਦੇ ਘਰ ਫੋਨ ਕੀਤਾ। ਉਸ ਦੇ ਕਹਿਣ 'ਤੇ ਦੇਵਨ ਨੇ ਜੱਗੀ ਨੂੰ ਉਠਾਇਆ ਤੇ ਘਰ ਨੂੰ ਭੇਜ ਦਿੱਤਾ। ਪ੍ਰੀਤੀ ਨੇ ਰੌਕੀ ਨੂੰ ਸਕੂਲ ਛੱਡ ਆਈ ਸੀ ਤੇ ਉਸ ਨੂੰ ਆਸ ਸੀ ਕਿ ਸ਼ਾਇਦ ਹਾਲੇ ਵੀ ਟੈੱਸਟ ਲਈ ਜਾਇਆ ਜਾ ਸਕੇਗਾ ਪਰ ਜਿਸ ਹਾਲਤ ਵਿਚ ਜੱਗੀ ਘਰ ਪੁੱਜਾ ਉਸ ਨੂੰ ਦੇਖ ਕੇ ਲਗਦਾ ਸੀ ਕਿ ਉਹ ਤਾਂ ਕਾਰ ਵਿਚ ਵੀ ਬਹਿਣ ਜੋਗਾ ਨਹੀਂ ਸੀ। ਉਸ ਕੋਲੋਂ ਏਨੀ ਬਦਬੋ ਆ ਰਹੀ ਸੀ ਕਿ ਪ੍ਰੀਤੀ ਨੂੰ ਆਪਣਾ ਨੱਕ ਫੜਨਾ ਪਿਆ। ਜੱਗੀ ਕੰਧ ਦਾ ਸਹਾਰਾ ਲੈ ਕੇ ਖੜਦਾ ਬੋਲਿਆ,

       -ਭਰਜਾਈ, ਕਿਵੇਂ ਐਂ?

       -ਜੈਗ, ਮੈਨੂੰ ਪੁੱਛਦਾਂ ਕਿ ਮੈਂ ਕਿਵੇਂ ਐਂ? ਤੈਨੂੰ ਸ਼ਰਮ ਨਹੀਂ ਆਉਂਦੀ ਇਹ ਪੁੱਛਦੇ ਨੂੰ?

       -ਸੌਰੀ ਭਰਜਾਈ!

       -ਮੈਂ ਤੇਰੀ ਸੌਰੀ ਦਾ ਕੀ ਕਰਾਂ? ਤੈਨੂੰ ਪਤਾ ਸੀ ਕਿ ਅੱਜ ਮੇਰਾ ਟੈੱਸਟ ਐ, ਜੇ ਮੈਂ ਟੈੱਸਟ ਪਾਸ ਕਰ ਲੈਂਦੀ ਤਾਂ ਤੈਨੂੰ ਵੀ ਤਾਂ ਓਨਾ ਹੀ ਫਾਇਦਾ ਹੋਣਾ ਸੀ।

       -ਇਹ ਸਭ ਦੇਵਨ ਦਾ ਕੀਤਾ ਕਰਾਇਆ।

       -ਤੇਰਾ ਆਪਣਾ ਕੋਈ ਸਟੈਂਡ ਨਹੀਂ? ਦੇਵਨ ਤੇਰੇ ਮੂੰਹ ਵਿਚ ਸ਼ਰਾਬ ਪਾ ਦਿੰਦਾ? ਦੇਵਨ ਦੀ ਨਹੀਂ ਇਹ ਸਾਰੀ ਤੇਰੀ ਹੀ ਗਲਤੀ ਐ। ਮੇਰਾ ਦੁਸ਼ਮਣ ਦੇਵਨ ਨਹੀਂ ਤੂੰ ਐਂ ਤੂੰ।

       ਆਖਦੀ ਪ੍ਰੀਤੀ ਰੋਣ ਲੱਗ ਪਈ। ਜੱਗੀ ਅੰਦਰ ਲੰਘ ਕੇ ਔਖਾ ਸੌਖਾ ਸੋਫੇ 'ਤੇ ਬਹਿ ਗਿਆ। ਪ੍ਰੀਤੀ ਉਸ ਦੇ ਸਾਹਮਣੇ ਹੇਠਾਂ ਕਾਰਪੈੱਟ 'ਤੇ ਹੀ ਬੈਠ ਗਈ ਤੇ ਰੋਂਦੀ ਹੋਈ ਆਖਣ ਲੱਗੀ,

       -ਮੇਰਾ ਏਸ ਦੁਨੀਆਂ ਵਿਚ ਕੋਈ ਵੀ ਨਹੀਂ। ਮਾਂਪਿਓ ਮਰ ਗਏ ਤੇ ਭਰਾ ਭਰਜਾਈ ਵੀ ਮਰਿਆਂ ਵਰਗੇ ਆ। ਆਪਣਾ ਦੁੱਖ ਕਿਹਨੂੰ ਦੱਸਾਂ? ੀeਕ ਤੇਰੇ 'ਤੇ ਹੀ ਟੇਕ ਸੀ ਤੇ ਤੂੰ ਵੀ ਏਦਾਂ ਦਾæææ, ਚੰਗਾ ਹੋਵੇ ਜੇ ਮੈਂ ਮਰ ਜਾਵਾਂ ਤਾਂ ਜੋ ਤੂੰ ਆਪਣੀ ਮਨ-ਮਰਜ਼ੀ ਕਰ ਸਕੇਂ!

       -ਭਰਜਾਈ, ਆਏ'ਮ ਸੌਰੀ!

       ਜੱਗੀ ਨੇ ਕੰਨ ਫੜਦਿਆਂ ਕਿਹਾ ਤੇ ਹੇਠਾਂ ਕਾਰਪੈੱਟ 'ਤੇ ਉਸ ਦੇ ਬਿਲਕੁਲ ਸਾਹਮਣੇ ਆ ਬੈਠਾ। ਪ੍ਰੀਤੀ ਦੀ ਭੁੱਬ ਨਿਕਲ ਗਈ ਤੇ ਉਹ ਕਾਹਲੀ ਨਾਲ ਜੱਗੀ ਦੇ ਗਲ ਨਾਲ ਚੁੰਬੜ ਗਈ।




ਅੱਠ


       ਨਛੱਤਰ ਨੂੰ ਪਤਾ ਲੱਗਾ ਤਾਂ ਉਹ ਪ੍ਰੀਤੀ ਨੂੰ ਗੁੱਸੇ ਹੁੰਦਾ ਬੋਲਿਆ,

       -ਤੂੰ ਸ਼ਰਾਬੀ ਬੰਦੇ ਦਾ ਯਕੀਨ ਕਰਦੀ ਹੀ ਕਿਉਂ ਐਂ? ਮੈਨੂੰ ਕਿਹਾ ਹੁੰਦਾ ਤਾਂ ਮੈਂ ਛੁੱਟੀ ਕਰ ਲੈਂਦਾ।

       -ਨਿੱਕ, ਤੂੰ ਕਿਥੇ ਕਿਥੇ ਛੁੱਟੀ ਕਰਦਾ ਫਿਰੇਂਗਾ। ਇਹ ਤਾਂ ਮੇਰੀ ਲਾਈਫ ਐ, ਮੈਨੂੰ ਹੀ ਨਿਭਣਾ ਪਏਗਾ।

       -ਮੈਂ ਨਿਭਾਂਗਾ, ਤੂੰ ਨਿਭਾਉਣ ਵਾਲੀ ਬਣ।

       -ਨਹੀਂ ਨਿੱਕ, ਜੈਗ ਮੈਨੂੰ ਬਹੁਤ ਪਿਆਰ ਕਰਦੈ।

       -ਤੇਰੀ ਮਰਜ਼ੀ।

       ਨਛੱਤਰ ਨੇ ਕਿਹਾ। ਜਦ ਵੀ ਮੌਕਾ ਮਿਲਦਾ ਨਛੱਤਰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਗਦਾ। ਉਸ ਨੂੰ ਪ੍ਰੀਤੀ ਬਹੁਤ ਚੰਗੀ ਲਗਦੀ ਸੀ। ਉਹ ਉਸ ਨਾਲ ਸਾਰੀ ਉਮਰ ਕੱਢਣ ਲਈ ਤਿਆਰ ਸੀ। ਪ੍ਰੀਤੀ ਵੀ ਹੁਣ ਉਸ ਉਪਰ ਮੇਰ ਕਰਨ ਲੱਗ ਪਈ ਸੀ। ਕਈ ਵਾਰ ਉਹ ਨਛੱਤਰ ਬਾਰੇ ਸੋਚਦੀ ਸੋਚਦੀ ਦੂਰ ਤਕ ਨਿਕਲ ਜਾਂਦੀ ਪਰ ਉਹ ਨਛੱਤਰ ਨਾਲ ਰਹਿਣ ਬਾਰੇ ਕਦੇ ਨਾ ਸੋਚਦੀ।

       ਜੱਗੀ ਕੁਝ ਕੁ ਦਿਨ ਸੰਭਲਿਆ ਪਰ ਮੁੜ ਉਹੀ ਕੰਮ। ਪੀਣ ਬਹਿੰਦਾ ਤਾਂ ਸਭ ਕੁਝ ਭੁੱਲ ਜਾਂਦਾ। ਪ੍ਰੀਤੀ ਲੜਦੀ-ਖਪਦੀ। ਜੱਗੀ ਆਪਣਾ ਪਿਆਰ ਜਤਾਉਂਦਾ, ਉਸ ਨੂੰ ਮਨਾ ਲੈਂਦਾ। ਜੇ ਪ੍ਰੀਤੀ ਜ਼ਿਆਦਾ ਅੜਦੀ ਤਾਂ ਉਹ ਨਛੱਤਰ ਦੀ ਮੱਦਦ ਲੈ ਲੈਂਦਾ।

       ਨਛੱਤਰ ਆਪਣੀ ਜ਼ਿੰਦਗੀ ਵਿਚ ਉਲਝਿਆ ਫਿਰਦਾ ਸੀ। ਉਸ ਦੀ ਪਤਨੀ ਨੇ ਹੁਣ ਪੀਟਰ ਨੂੰ ਆਪਣੇ ਘਰ ਹੀ ਰੱਖ ਲਿਆ ਹੋਇਆ ਸੀ। ਉਹ ਸੋਚ ਰਿਹਾ ਸੀ ਕਿ ਇਹ ਕੁਝ ਦਿਨਾਂ ਦੀ ਗੱਲ ਹੋਵੇਗੀ, ਨੀਸ਼ਾ ਦਾ ਮਨ ਪੀਟਰ ਤੋਂ ਭਰ ਜਾਵੇਗਾ ਤੇ ਉਹ ਮੁੜ ਆਪਣੇ ਘਰ ਚਲੇ ਜਾਵੇਗਾ ਪਰ ਹੁਣ ਗੱਲ ਲੰਮੀ ਪੈਂਦੀ ਦਿਸ ਰਹੀ ਸੀ। ਪੀਟਰ ਉਥੇ ਪੱਕਾ ਰਹਿਣ ਦਾ ਮਤਲਬ ਸੀ ਕਿ ਉਹਦੇ ਨੀਸ਼ਾ ਨਾਲ ਮੁੜ ਰਹਿਣ ਦੇ ਮੌਕੇ ਘਟ ਗਏ ਸਨ। ਸਪਤਾਹ-ਅੰਤ 'ਤੇ ਉਹ ਆਪਣੇ ਬੱਚਿਆਂ ਨੂੰ ਆਪਣੇ ਫਲੈਟ ਵਿੱਚ ਲੈ ਆਇਆ ਕਰਦਾ ਸੀ। ਸਵੇਰੇ ਲੈ ਆਉਂਦਾ ਤੇ ਸ਼ਾਮ ਨੂੰ ਛੱਡ ਆਉਂਦਾ। ਇਕ ਦਿਨ ਨੀਸ਼ਾ ਤੇ ਪੀਟਰ ਬੱਚਿਆਂ ਨੂੰ ਲੈਣ ਆਏ ਤਾਂ ਉਹ ਪਹਿਲੀ ਵਾਰ ਪੀਟਰ ਨੂੰ ਮਿਲਿਆ ਸੀ। ਦੋਵਾਂ ਨੇ ਇਕੱਠੇ ਬਹਿ ਕੇ ਬੀਅਰ ਵੀ ਪੀਤੀ। ਉਸ ਨੂੰ ਪੀਟਰ ਨਾਲ ਈਰਖਾ ਵੀ ਬਹੁਤ ਸੀ ਤੇ ਗੁੱਸਾ ਵੀ ਪਰ ਉਹ ਚੁੱਪ ਰਿਹਾ। ਪੀਟਰ ਵੀ ਉਸ ਨਾਲ ਬਹੁਤ ਵਧੀਆ ਤਰੀਕੇ ਪੇਸ਼ ਆਇਆ ਸੀ। ਉਸ ਤੋਂ ਬਾਅਦ ਨੀਸ਼ਾ ਤੇ ਪੀਟਰ ਅਕਸਰ ਉਸ ਵਲ ਬੱਚਿਆਂ ਨੂੰ ਛੱਡ ਜਾਇਆ ਕਰਦੇ।

       ਨਛੱਤਰ ਸਭ ਕੁਝ ਜਰਦਾ ਆਇਆ ਸੀ ਪਰ ਜਦ ਨੀਸ਼ਾ ਨੇ ਤਾਲਾਕ ਲਈ ਅਰਜ਼ੀ ਦਿੱਤੀ ਤਾਂ ਉਹ ਬਹੁਤ ਦੁਖੀ ਹੋਇਆ। ਉਹ ਤਾਲਾਕ ਨਹੀਂ ਸੀ ਚਾਹੁੰਦਾ। ਤਾਲਾਕ ਦਾ ਮਤਲਬ ਸੀ ਕਿ ਉਹ ਮੁੜ ਕੇ ਆਪਣੇ ਘਰ, ਆਪਣੇ ਬੱਚਿਆਂ ਵਿੱਚ ਨਹੀਂ ਜਾ ਸਕੇਗਾ। ਅਜਿਹੇ ਵੇਲੇ ਜੱਗੀ ਤੇ ਪ੍ਰੀਤੀ ਹੀ ਉਸ ਦੇ ਕੰਮ ਆਏ। ਹੁਣ ਫਿਰ ਤੋਂ ਨਛੱਤਰ ਪ੍ਰੀਤੀ ਨੂੰ ਮਿਲਣ ਆਉਣ ਲੱਗਾ ਸੀ। ਤਾਲਾਕ ਦੇ ਨਾਂ 'ਤੇ ਜਿਥੇ ਨਛੱਤਰ ਦੁਖੀ ਸੀ ਉਥੇ ਉਸ ਨੂੰ ਇਕ ਨਵੀਂ ਆਸ ਜਿਹੀ ਵੀ ਬੱਝਦੀ ਸੀ। ਇਕ ਦਿਨ ਉਸ ਨੇ ਪ੍ਰੀਤੀ ਨੂੰ ਕਿਹਾ,

       -ਹੁਣ ਕੀ ਖਿਆਲ ਐ ਤੇਰਾ?

       -ਨਹੀਂ ਨਿੱਕ, ਮੈਂ ਜੈਗ ਨੂੰ ਨਹੀਂ ਛੱਡ ਸਕਦੀ।

       -ਤੇਰੀ ਮਰਜ਼ੀ ਪਰ ਮੇਰੇ ਵਲੋਂ ਇਹ ਪੇਸ਼ਕਸ਼ ਸਦੀਵੀ ਐ, ਜਦੋਂ ਮਰਜ਼ੀ ਹਾਂ ਕਰ ਦੇਵੀਂ।

       ਨਛੱਤਰ ਨੇ ਹੱਸਦਿਆਂ ਕਿਹਾ।

       ਹੁਣ ਉਹ ਲੱਗਭਗ ਹਰ ਸ਼ਾਮ ਹੀ ਪ੍ਰੀਤੀ ਨੂੰ ਮਿਲਣ ਆਉਣ ਲੱਗਾ। ਜੱਗੀ ਕੰਮ 'ਤੇ ਚਲੇ ਜਾਂਦਾ ਤੇ ਨਛੱਤਰ ਘਰ ਆ ਵੜਦਾ ਤੇ ਸ਼ਾਮ ਦਾ ਖਾਣਾ ਉਥੇ ਹੀ ਖਾਂਦਾ। ਜੱਗੀ ਦੀ ਕਾਰ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਕਿ ਉਹ ਘਰ ਹੈ ਜਾਂ ਕੰਮ 'ਤੇ ਚਲੇ ਗਿਆ। ਨਛਤਰ ਦੇ ਆਉਂਦਿਆਂ ਰੌਕੀ ਬੈਠਾ ਟੈਲੀ ਦੇਖ ਰਿਹਾ ਹੁੰਦਾ। ਨਛੱਤਰ ਰਿਮੋਟ ਚੁੱਕਦਾ ਤੇ ਸਟੇਸ਼ਨ ਬਦਲ ਦਿੰਦਾ। ਰੌਕੀ ਉਠ ਕੇ ਆਪਣੇ ਕਮਰੇ ਵਿਚ ਚਲੇ ਜਾਂਦਾ। ਕਈ ਵਾਰ ਨਛੱਤਰ ਆਉਂਦਾ ਤੇ ਰੌਕੀ ਦੇ ਸਾਹਮਣੇ ਹੀ ਪ੍ਰੀਤੀ ਦਾ ਹੱਥ ਫੜਦਾ ਬੈੱਡਰੂਮ ਵਿਚ ਲੈ ਵੜਦਾ। ਰੌਕੀ ਉਹਨਾਂ ਨੂੰ ਕਈ ਵਾਰ ਬਿਸਤਰ ਵਿਚ ਪਿਆਂ ਵੀ ਦੇਖਦਾ। ਉਹ ਹੁਣ ਹੋਰ ਵੀ ਚੁੱਪ ਰਹਿਣ ਲੱਗਾ ਸੀ। ਪ੍ਰੀਤੀ ਨੇ ਰੌਕੀ ਦੀ ਚੁੱਪ ਵਲ ਕਦੇ ਧਿਆਨ ਨਹੀਂ ਸੀ ਦਿੱਤਾ। ਉਸ ਨੂੰ ਇਹੋ ਬਹੁਤ ਸੀ ਕਿ ਨਛੱਤਰ ਦੀ ਹਾਜ਼ਰੀ ਉਸ ਨੂੰ ਇਕ ਖਾਸ ਕਿਸਮ ਦੀ ਖੁਸ਼ੀ ਦਿੰਦੀ ਸੀ। ਉਹ ਦੋਵੇਂ ਇਕੱਠੇ ਜੰਮੇ-ਪਲੇ ਤੇ ਵੱਡੇ ਹੋਏ ਸਨ। ਉਹਨਾਂ ਵਿਚ ਬਹੁਤ ਸਾਰੀਆਂ ਸਾਂਝਾਂ ਸਨ। ਇਕ ਖਾਸ ਕਿਸਮ ਦੀ ਆਪਸੀ ਸਮਝ ਸੀ ਜਿਹੜੀ ਪ੍ਰੀਤੀ ਦੀ ਜੱਗੀ ਨਾਲ ਨਹੀਂ ਸੀ ਬਣ ਸਕੀ। ਇਕ ਸ਼ਾਮ ਨਛੱਤਰ ਨਾ ਆਇਆ ਤਾਂ ਪ੍ਰੀਤੀ ਨੇ ਉਸ ਨੂੰ ਫੋਨ ਕੀਤਾ ਤੇ ਪੁੱਛਣ ਲੱਗੀ,

       -ਨਿੱਕ, ਕੀ ਹੋ ਰਿਹੈ?

       -ਰੋਟੀ ਖਾ ਰਿਹਾਂ।

       -ਆਪੇ ਬਣਾਈ ਕਿ ਬਾਹਰੋਂ ਲਿਆਇਆਂ?

       -ਨਹੀਂ, ਨੀਸ਼ਾ ਆਈ ਸੀ, ਕਹਿੰਦੀ ਲਿਆ ਖਾਣਾ ਬਣਾ ਦੇਵਾਂ।

       -ਤੇਰਾ ਦਿਮਾਗ ਤਾਂ ਸਹੀ ਐ?

       ਪ੍ਰੀਤੀ ਇਕ ਦਮ ਕਹਿ ਗਈ ਪਰ ਨਾਲ ਹੀ ਸੋਚਣ ਲੱਗੀ ਕਿ ਉਹਨੇ ਇਹ ਗੱਲ ਕਿਹੜੇ ਹੱਕ ਨਾਲ ਕਹੀ ਹੈ। ਦੂਜੇ ਪਾਸੇ ਨਛੱਤਰ ਨੂੰ ਉਸ ਦੀ ਇਹ ਗੱਲ ਚੰਗੀ ਲੱਗੀ। ਅਗਲੇ ਦਿਨ ਨਛੱਤਰ ਆਇਆ ਤਾਂ ਬੋਲਿਆ,

       -ਪ੍ਰੀਤੀ, ਮੇਰੀ ਜਾਨ, ਮੈਨੂੰ ਤੇਰਾ ਕਨਸਰਨ ਚੰਗਾ ਲੱਗਾ ਪਰ ਤੂੰ ਮੇਰੀ ਗੱਲ ਮੰਨਦੀ ਕਿਉਂ ਨਹੀਂ। æææਚਲਦਾ ਕਰ ਏਸ ਸ਼ਰਾਬੀ ਨੂੰ।

       -ਨਿੱਕ, ਸਭ ਠੀਕ ਤਾਂ ਚੱਲ ਰਿਹਾ।

       -ਮੈਨੂੰ ਜੋ ਚਾਹੀਦਾ ਪੂਰਾ ਚਾਹੀਦਾ, ਅੱਧਾ ਨਹੀਂ।

       ਬਦਲੇ ਵਿੱਚ ਪ੍ਰੀਤੀ ਕੁਝ ਨਾ ਬੋਲੀ। ਨਛੱਤਰ ਨੂੰ ਲੈ ਕੇ ਪ੍ਰੀਤੀ ਆਪਣੇ ਆਪ ਨਾਲ ਗੱਲਾਂ ਵੀ ਕਰਦੀ। ਬਹੁਤ ਕੁਝ ਸੋਚ ਕੇ ਆਖਦੀ, 'ਉਹਦੇ ਕੋਲ ਆਪਣਾ ਘਰ ਵੀ ਤਾਂ ਹੈ ਨਹੀਂ ਤੇ ਨਾ ਹੀ ਕੋਈ ਪੈਸਾ!'

       ਹੁਣ ਨਛੱਤਰ ਤੇ ਨੀਸ਼ਾ ਤਾਲਾਕ ਬਾਰੇ ਗੱਲਬਾਤ ਕਰਨ ਲਈ ਆਪਸ ਵਿੱਚ ਵਾਹਵਾ ਮਿਲਣ ਲੱਗੇ ਸਨ। ਉਹ ਤਾਲਾਕ ਦਾ ਕੋਈ ਸੌਖਾ ਤੇ ਸਸਤਾ ਰਾਹ ਲੱਭ ਰਹੇ ਸਨ। ਨਛੱਤਰ ਨੇ ਵੀ ਪ੍ਰੀਤੀ ਉਪਰ ਟੇਕ ਲਾ ਲਈ ਸੀ ਇਸ ਲਈ ਉਸ ਨੂੰ ਤਾਲਾਕ ਦੀ ਤਕਲੀਫ ਘੱਟ ਮਹਿਸੂਸ ਹੋ ਰਹੀ ਸੀ। ਪਰ ਜਦ ਵੀ ਨੀਸ਼ਾ ਉਸ ਨੂੰ ਮਿਲਦੀ ਤਾਂ ਪ੍ਰੀਤੀ ਗੁੱਸੇ ਵਿੱਚ ਜਲ਼-ਭੁਜ ਜਾਂਦੀ ਤੇ ਬਹਾਨੀਂ ਬਹਾਨੀਂ ਨਛੱਤਰ ਨਾਲ ਲੜਨ ਲਗਦੀ। ਕਈ ਵਾਰ ਉਸ ਨੂੰ ਜਾਪਦਾ ਕਿ ਨਛੱਤਰ ਭਰੋਸਾ ਕਰਨ ਵਾਲਾ ਬੰਦਾ ਨਹੀਂ ਹੈ। ਉਹ ਕਦੇ ਵੀ ਨੀਸ਼ਾ ਵਲ ਝੁਕ ਸਕਦਾ ਹੈ। ਏਨਾ ਕੁਝ ਹੋ ਗਿਆ, ਤਾਲਾਕ ਤਕ ਗੱਲ ਪੁੱਜ ਗਈ ਪਰ ਉਸ ਨੇ ਕਦੇ ਵੀ ਨੀਸ਼ਾ ਨੂੰ ਮਾੜੀ ਨਹੀਂ ਸੀ ਕਿਹਾ ਤੇ ਨਾ ਹੀ ਪੀਟਰ ਦੇ ਖਿਲਾਫ ਕੋਈ ਬੁਰਾ ਸ਼ਬਦ ਬੋਲਿਆ ਸੀ। ਵੈਸੇ ਵੀ ਕਈ ਵਾਰ ਪ੍ਰੀਤੀ ਨੂੰ ਮਹਿਸੂਸ ਹੋਣ ਲਗਦਾ ਕਿ ਨਛੱਤਰ ਦੇ ਕਿਧਰੇ ਹੋਰ ਵੀ ਸੰਬੰਧ ਹਨ ਪਰ ਫਿਰ ਵੀ ਉਹ ਹਰ ਵੇਲੇ ਨਛੱਤਰ ਨੂੰ ਉਡੀਕਦੀ ਰਹਿੰਦੀ। ਆਪਣੇ ਆਲੇ-ਦੁਆਲੇ ਉਸ ਦੀ ਹੋਂਦ ਉਸ ਨੂੰ ਚੰਗੀ ਲਗਦੀ।

       ਇਕ ਦਿਨ ਰੌਕੀ ਖਾਣਾ ਖਾ ਰਿਹਾ ਸੀ। ਨਛੱਤਰ ਟੈਲੀ ਲਾਈ ਈਸਟ ਐਂਡਰ ਦੇਖ ਰਿਹਾ ਸੀ। ਪ੍ਰੀਤੀ ਪੂਰੀ ਮਸਤੀ ਵਿਚ ਸੀ। ਉਹ ਛਾਲ ਮਾਰ ਕੇ ਨਛੱਤਰ ਦੀ ਗੋਦੀ ਵਿੱਚ ਬਹਿ ਗਈ। ਕੋਲ ਬੈਠੇ ਰੌਕੀ ਦਾ ਤਾਂ ਉਸ ਨੇ ਕਦੇ ਧਿਆਨ ਰੱਖਿਆ ਹੀ ਨਹੀਂ ਸੀ। ਪ੍ਰੀਤੀ ਨੂੰ ਯਕੀਨ ਸੀ ਕਿ ਉਹ ਕੋਈ ਵੀ ਗੱਲ ਜੱਗੀ ਨਾਲ ਨਹੀਂ ਕਰੇਗਾ। ਉਸ ਦਾ ਹੋਰਵੇਂ ਹੋਇਆ ਮੂੰਹ ਦੇਖ ਕੇ ਨਛੱਤਰ ਉਸ ਨੂੰ ਪੁੱਛਣ ਲੱਗਾ,

       -ਰੌਕੀ, ਤੇਰੀ ਪੜ੍ਹਾਈ ਕਿਵੇਂ ਚੱਲ ਰਹੀ ਐ?

       ਰੌਕੀ ਨੇ ਕੋਈ ਜਵਾਬ ਨਾ ਦਿੱਤਾ ਤੇ ਉਠ ਕੇ ਆਪਣੇ ਕਮਰੇ ਵਿੱਚ ਚਲੇ ਗਿਆ। ਪ੍ਰੀਤੀ ਬੋਲੀ,

       -ਪਤਾ ਨਹੀਂ ਰੌਕੀ ਏਨਾ ਚੁੱਪ ਕਿਉਂ ਰਹਿੰਦਾ, ਮੈਂ ਸਕੂਲੇ ਇਹਦੇ ਟੀਚਰ ਨਾਲ ਵੀ ਗੱਲ ਕੀਤੀ ਸੀ, ਟੀਚਰ ਕਹਿੰਦੀ ਕਿ ਕਈਆਂ ਦਾ ਸੁਭਾਅ ਹੀ ਅਜਿਹਾ ਹੁੰਦਾ ਵੈਸੇ ਪੜ੍ਹਾਈ ਵਿੱਚ ਇਹ ਚੰਗਾ ਭਲਾ।

        ਅਗਲੀ ਸਵੇਰ ਪ੍ਰੀਤੀ ਰੌਕੀ ਨੂੰ ਸਕੂਲ ਛੱਡਣ ਜਾ ਰਹੀ ਸੀ ਤਾ ਰੌਕੀ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਬੋਲਿਆ,

       -ਮੌਮ, ਇਕ ਸਵਾਲ ਪੁੱਛ ਸਕਦਾਂ?

       ਰੌਕੀ ਦੇ ਗੱਲ ਕਰਨ ਦੇ ਅੰਦਾਜ਼ ਤੋਂ ਪ੍ਰੀਤੀ ਹੈਰਾਨ ਰਹਿ ਗਈ ਤੇ ਡਰ ਵੀ ਗਈ ਕਿ ਕਿਤੇ ਕੋਈ ਉਲਟਾ-ਸਿੱਧਾ ਸਵਾਲ ਹੀ ਨਾ ਪੁੱਛ ਲਵੇ। ਉਸ ਨੇ ਰੌਕੀ ਨੂੰ ਕਲਾਵੇ ਵਿਚ ਲਿਆ ਤੇ ਕਾਹਲੀ ਨਾਲ ਕਿਹਾ,

       -ਯੈਸ ਡਾਰਲਿੰਗ ਰੌਕੀ, ਪੁੱਛ ਕੀ ਪੁੱਛਣਾ।

       -ਮੌਮ, ਮੇਰਾ ਡੈਡ ਕੌਣ ਆਂ? ਪੱਗ ਵਾਲਾ ਕਿ ਦੂਜਾ?

       ਸਵਾਲ ਸੁਣ ਕੇ ਪ੍ਰੀਤੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਉਸ ਨੇ ਪੁੱਛਿਆ,

       - ਤੈਨੂੰ ਪਤਾ ਨਹੀਂ ਕਿ ਤੇਰਾ ਡੈਡੀ ਜੈਗ ਐ ਤੇ ਉਹ ਪੱਗ ਬੰਨਦਾ ਐ। ਨਿੱਕ ਤਾਂ ਤੇਰਾ ਅੰਕਲ ਐ। ਇਹ ਸਵਾਲ ਤੂੰ ਕਿਉਂ ਕੀਤਾ?

       -ਮੌਮ, ਬਾਈ ਨੰਬਰ ਵਾਲੇ ਮਾਈਕਲ ਨੇ ਸਕੂਲ ਜਾ ਕੇ ਸਾਰੇ ਦੋਸਤਾਂ ਨੂੰ ਦੱਸ ਦਿਤਾ ਕਿ ਮੇਰੇ ਦੋ ਡੈਡ ਆ। ਇਕ ਪੱਗ ਵਾਲਾ ਤੇ ਇਕ ਬਗੈਰ ਪੱਗ ਤੋਂ। ਮੈਂ ਕਹਿੰਨਾ ਕਿ ਨਹੀਂ ਮੇਰਾ ਇਕ ਡੈਡ ਹੀ ਆ ਜਿਵੇਂ ਸਭ ਦਾ ਹੁੰਦਾ। ਪਰ ਮੁੰਡੇ ਕਹਿੰਦੇ ਦੱਸ ਫਿਰ ਕਿਹੜਾ ਐ ਤੇਰਾ ਡੈਡ। ਇਸੇ ਲਈ ਮੈਂ ਇਹ ਸਵਾਲ ਕੀਤਾ।



ਨੌਂ


     ਪ੍ਰੀਤੀ ਦਾ ਜੀਣਾ ਵੀ ਸੌਖਾ ਨਹੀਂ ਸੀ। ਉਹ ਦੋ ਬੇੜੀਆਂ ਵਿੱਚ ਪੈਰ ਰੱਖੀ ਖੜੀ ਸੀ ਤੇ ਉਸ ਲਈ ਹੁਣ ਸੰਤੁਲਨ ਰੱਖਣਾ ਔਖਾ ਹੋ ਗਿਆ ਸੀ। ਹਰ ਵੇਲੇ ਉਹ ਅਜੀਬ ਜਿਹੇ ਫਿਕਰਾਂ ਵਿੱਚ ਘਿਰੀ ਰਹਿੰਦੀ। ਉਸ ਤੋਂ ਕੋਈ ਫੈਸਲਾ ਹੋ ਹੀ ਨਹੀਂ ਸੀ ਰਿਹਾ। ਨਛੱਤਰ-ਜੈਗ, ਜੈਗ ਨਛੱਤਰ। ਦੋਵੇਂ ਚਿਹਰੇ ਕਦੇ ਇਕ ਇਕ ਕਰਕੇ ਉਸ ਦੇ ਜ਼ਿਹਨ ਵਿੱਚ ਘੁੰਮਦੇ ਤੇ ਕਦੇ ਰਲ਼-ਗੱਡ ਹੋ ਕੇ। ਕਿਸ ਨੂੰ ਰੱਖੇ ਤੇ ਕਿਸ ਨੂੰ ਛੱਡੇ। ਇਕ ਪਾਸੇ ਬਹੁਤ ਪਿਆਰ ਕਰਨ ਵਾਲਾ ਪਰ ਨਿਕੰਮਾ ਪਤੀ ਤੇ ਦੂਜੇ ਪਾਸੇ ਪ੍ਰੇਮੀ, ਪਿਆਰ ਕਰਨ ਵਾਲਾ ਪਰ ਭਰੋਸੇ ਤੋਂ ਥਿੜਕਣ ਵਾਲਾ। ਉਸ ਨੂੰ ਇਹ ਮਹਿਸੂਸ ਹੁੰਦਾ ਰਹਿੰਦਾ ਸੀ ਕਿ ਨਛੱਤਰ ਦਾ ਕੋਈ ਹੋਰ ਵੀ ਚੱਕਰ ਹੈ। ਨੀਸ਼ਾ ਨਾਲ ਸਬੰਧਾਂ ਨੂੰ ਲੈ ਕੇ ਤਾਂ ਡੰਡਾ-ਸੋਟਾ ਖੜਕਦਾ ਹੀ ਰਹਿੰਦਾ ਸੀ।

       ਉਸ ਦਾ ਇਕੋ ਇਕ ਸੁਫਨਾ ਸੀ -ਘਰ। ਜੈਗ ਘਰ ਦੇ ਨਹੀਂ ਸੀ ਸਕਿਆ। ਕੋਈ ਆਸ ਵੀ ਨਹੀਂ ਸੀ ਜਾਪਦੀ ਕਿਉਂਕਿ ਘਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਸਨ। ਡਿਪੋਜ਼ਟ ਦੇਣ ਲਈ ਵਾਹਵਾ ਸਾਰਾ ਨਕਦਨਾਮਾ ਚਾਹੀਦਾ ਸੀ ਤੇ ਉਹਨਾਂ ਕੋਲੋਂ ਕੁਝ ਨਹੀਂ ਸੀ ਜੁੜਿਆ। ਹੁਣ ਨਛੱਤਰ ਦਾ ਤਾਲਾਕ ਹੋ ਰਿਹਾ ਸੀ, ਉਸ ਕੋਲ ਤਾਂ ਆਪਣਾ ਘਰ ਹੈ ਹੀ ਸੀ, ਜੇ ਤਾਲਾਕ ਤੋਂ ਬਾਅਦ ਅੱਧਾ ਘਰ ਵੀ ਉਸ ਨੂੰ ਮਿਲਿਆ ਤਾਂ ਉਸ ਦੀ ਕੀਮਤ ਨਾਲ ਨਵਾਂ ਘਰ ਲਿਆ ਜਾ ਸਕਦਾ ਸੀ। ਉਹ ਨਛੱਤਰ ਨਾਲ ਗੱਲ ਕਰਦੀ ਆਖਦੀ,

       -ਤੂੰ ਨੀਸ਼ਾ ਨਾਲ ਘਰ ਅੱਧਾ-ਅੱਧਾ ਕਰ ਲੈ ਤੇ ਉਹਦੇ ਡਿਪੌਜ਼ਟ ਨਾਲ ਆਪਾਂ ਨਵਾਂ ਘਰ ਲੈ ਸਕਦੇ ਆਂ। ਫੇਰ ਮੈਂ ਜੈਗ ਤੋਂ ਪਿੱਛਾ ਛੁਡਾ ਲਵਾਂਗੀ।

       -ਦੇਖਦੇ ਆਂ, ਮੈਂ ਕੁਝ ਕਹਿ ਨਹੀਂ ਸਕਦਾ। ਪਤਾ ਨਹੀਂ ਤਾਲਾਕ ਦੇ ਕੇਸ ਨੇ ਕਿਧਰ ਨੂੰ ਜਾਣਾਂ।

       -ਪਰ ਤੁਸੀਂ ਤਾਂ ਮੀਚੂਅਲ ਡਾਇਵੋਰਸ ਲੈ ਰਹੇ ਓ।

       -ਹਾਂ ਪਰ ਮੀਚੂਅਲ ਡਾਇਵੋਰਸ ਦਾ ਇਹ ਮਤਲਬ ਨਹੀਂ ਕਿ ਮੇਰੀ ਹੀ ਮਰਜ਼ੀ ਚਲੇਗੀ। ਚਾਹੁੰਦਾ ਤਾਂ ਮੈਂ ਵੀ ਇਹੋ ਹਾਂ ਕਿ ਘਰ ਵੇਚ ਕੇ ਅੱਧੇ ਪੈਸੇ ਜੇਬ ਵਿੱਚ ਪਾ ਲਵਾਂ ਪਰ ਇਹ ਸੰਭਵ ਨਹੀਂ।

       -ਪਰ ਜਦ ਤੁਹਾਡਾ ਆਪਸੀ ਰਜ਼ਾਮੰਦੀ ਨਾਲ ਤਲਾਕ ਹੋ ਰਿਹਾ ਤਾਂ ਕੀ ਮੁਸ਼ਕਲ ਐ?

       -ਮੇਰੀ ਵਕੀਲ ਨਾਲ ਗੱਲ ਹੋਈ ਸੀ, ਉਸ ਨੇ ਕਿਹਾ ਕਿ ਇਸ ਵਿੱਚ 'ਗਿਵ ਐਂਡ ਟੇਕ' ਵਾਲੀ ਗੱਲ ਹੋਣੀ ਐਂ, ਦੋਵੇਂ ਧਿਰਾਂ ਨਾਲ ਇਨਸਾਫ ਹੋਵੇਗਾ। ਕਿਸੇ ਨੂੰ ਵੀ ਵੱਧ-ਜਾਂ ਘੱਟ ਨਹੀਂ ਮਿਲੇਗਾ।

       -ਇਹੋ ਤਾਂ ਮੈਂ ਕਹਿ ਰਹੀ ਆਂ ਨਿੱਕ ਕਿ ਦੋਵੇਂ ਧਿਰਾਂ ਨੂੰ ਅੱਧੋ-ਅੱਧ ਘਰ ਮਿਲੇ। ਏਨੀ ਗੱਲ ਤੈਨੂੰ ਕਿਉਂ ਸਮਝ ਨਹੀਂ ਲੱਗਦੀ।

       -ਪ੍ਰੀਤੀ ਡਾਰਲਿੰਗ, ਇਹਦੇ ਵਿਚ ਮੇਰੇ ਦੋ ਬੱਚੇ ਵੀ ਇਨਵੌਲਵ ਨੇ।

       -ਤੂੰ ਬੱਚਿਆਂ ਨੂੰ ਲੈ ਆ, ਮੈਂ ਪਾਲ਼ਾਂਗੀ। ਮਾਂ ਬਣ ਕੇ ਪਾਲ਼ਾਂਗੀ। ਬੰਦੇ ਕੋਲ ਘਰ ਹੋਵੇ ਤਾਂ ਸਭ ਕੁਝ ਸੌਖਾ ਹੋ ਜਾਂਦਾ।

       -ਪ੍ਰੀਤੀ, ਕੋਈ ਮਾਂ ਬੱਚਿਆਂ ਨੂੰ ਛੱਡੇਗੀ?

       -ਮੈਨੂੰ ਨਹੀਂ ਪਤਾ, ਜੋ ਮਰਜ਼ੀ ਕਰ ਪਰ ਘਰ ਵੇਚ ਕੇ ਅੱਧ ਕੱਢ ਲੈ ਤੇ ਮੇਰੇ ਲਈ ਘਰ ਲੈ।

       ਪ੍ਰੀਤੀ ਜ਼ੋਰ ਪਾਉਂਦੀ ਕਹਿ ਰਹੀ ਸੀ ਪਰ ਉਸ ਦੀਆਂ ਗੱਲਾਂ ਤੋਂ ਨਛੱਤਰ ਅੱਕਦਾ ਜਾ ਰਿਹਾ ਸੀ। ਉਹ ਘਰ ਵੇਚਣ ਬਾਰੇ ਕਦੇ ਸੋਚ ਵੀ ਨਹੀਂ ਸੀ ਸਕਦਾ। ਘਰ ਵਿੱਚ ਤਾਂ ਉਸ ਦੇ ਬੱਚੇ ਰਹਿੰਦੇ ਸਨ। ਤੇ ਬੱਚੇ ਨੀਸ਼ਾ ਨੇ ਕਦੇ ਵੀ ਉਸ ਨੂੰ ਨਹੀਂ ਸਨ ਦੇਣੇ। ਨਛੱਤਰ ਬੱਚੇ ਲੈਣੇ ਵੀ ਨਹੀਂ ਸੀ ਚਾਹੁੰਦਾ। ਉਸ ਨੂੰ ਪਤਾ ਸੀ ਕਿ ਨੀਸ਼ਾ ਪਤਨੀ ਵਧੀਆ ਨਹੀਂ ਸੀ ਰਹੀ ਪਰ ਮਾਂ ਦੇ ਤੌਰ 'ਤੇ ਉਹ ਬਹੁਤ ਸਹੀ ਸੀ। ਉਸ ਦੇ ਮੁਕਾਬਲੇ ਉਹ ਪ੍ਰੀਤੀ ਨੂੰ ਵਧੀਆ ਮਾਂ ਨਹੀਂ ਸੀ ਸਮਝਦਾ। ਉਹ ਸੋਚਦਾ ਕਿ ਜੇ ਲੋੜ ਪੈ ਜਾਵੇ ਤਾਂ ਪ੍ਰੀਤੀ ਕਦੇ ਵੀ ਉਸ ਦੇ ਬੱਚਿਆਂ ਨੂੰ ਨਹੀਂ ਸੰਭਾਲ ਸਕੇਗੀ। ਉਹ ਤਾਂ ਆਪਣੇ ਪੁੱਤਰ ਰੌਕੀ ਨੂੰ ਵੀ ਕਈ ਵਾਰ ਅਣਗੌਲ ਜਾਂਦੀ ਸੀ, ਉਸ ਦੇ ਬੱਚਿਆਂ ਨੂੰ ਕੀ ਦੇਖ ਭਾਲ ਕਰੇਗੀ।

       ਨਿੱਕ ਦੇ ਵਕੀਲ ਰਣਬੀਰ ਸਿੰਘ ਨੇ ਉਸ ਨੂੰ ਆਪਣੇ ਦਫਤਰ ਸੱਦਿਆ। ਉਸ ਦੀ ਫਾਈਲ ਖੋਹਲਦਾ ਹੋਇਆ ਬੋਲਿਆ,

       -ਨਿੱਕ, ਤੇਰੀ ਪਤਨੀ ਪੂਰਾ ਘਰ ਕਲੇਮ ਕਰ ਰਹੀ ਐ ਕਿਉਂਕਿ ਉਸ ਨੇ ਬੱਚੇ ਸੰਭਾਲਣੇ ਨੇ ਤੇ ਨਾਲ ਹੀ ਤੇਰੇ ਤੋਂ ਬੱਚਿਆਂ ਦਾ ਖਰਚਾ ਤੇ ਆਪਣਾ ਖਰਚਾ ਵੀ। ਉਪਰੋਂ ਦੀ ਘਰ ਦੀ ਮੌਰਟਗੇਜ ਵੀ ਤੂੰ ਹੀ ਦੇਵੇਂਗਾ। ਜਾਣੀ ਕਿ ਤੇਰੀ ਅੱਧੀ ਤਨਖਾਹ ਤਾਂ ਨਿਕਲ ਹੀ ਜਾਵੇਗੀ।

       -ਇਹ ਕਿਵੇਂ ਹੋ ਸਕਦਾ ਏ। ਮੈਂ ਏਨਾ ਖਰਚਾ ਕਿਵੇਂ ਝੱਲਾਂਗਾ। ਕੋਈ ਤਰੀਕਾ ਹੈ ਨਹੀਂ ਕਿ ਮੈਂ ਇਸ ਖਰਚੇ ਤੋਂ ਬਚ ਜਾਵਾਂ?

       -ਇਕ ਤਰੀਕਾ ਹੈ ਪਰ ਮੈਂ ਕਦੇ ਵੀ ਉਹ ਤਰੀਕਾ ਵਰਤਣ ਦੀ ਸਲਾਹ ਨਹੀਂ ਦੇਵਾਂਗਾ।

       -ਉਹ ਕਿਹੜਾ ਤਰੀਕਾ ਐ?

       -ਉਹ ਇਹ ਕਿ ਤੂੰ ਆਪਣੀ ਨੌਕਰੀ ਛੱਡ ਕੇ ਸੋਸ਼ਲ ਸਕਿਉਰਟੀ 'ਤੇ ਚਲੇ ਜਾਵੇਂ।

       -ਨਹੀਂ ਨਹੀਂ ਮਿਸਟਰ ਸਿੰਘ, ਮੈਂ ਇਹ ਨਹੀਂ ਕਰ ਸਕਦਾ। ਮੇਰੀ ਜੌਬ ਤਾਂ ਟੌਪ ਦੀ ਜੌਬ ਐ, ਮੁੜ ਕੇ ਇਹੋ ਜਿਹੀ ਜੌਬ ਨਹੀਂ ਮਿਲਣੀ।

       -ਫਿਰ ਇਹਦੇ ਵਿਚ ਇਕ ਲੈਣ-ਦੇਣ ਹੋ ਸਕਦਾ ਏ ਕਿ ਤੂੰ ਘਰ ਵਿਚਲੇ ਕਲੇਮ ਨੂੰ ਛੱਡ ਦੇ ਭਾਵ ਕਿ ਘਰ ਉਹਨੂੰ ਦੇ ਦੇ ਤੇ ਉਹ ਸਾਰੇ ਖਰਚੇ ਛੱਡ ਦੇਵੇ ਤੇ ਘਰ ਦੀ ਮੌਰਟਗੇਜ ਉਹ ਜਿਵੇਂ ਮਰਜ਼ੀ ਆਪੇ ਦੇਵੇ। ਤੇ ਬੱਚਿਆਂ ਨੂੰ ਤੂੰ ਜਦੋਂ ਮਰਜ਼ੀ ਮਿਲ ਸਕਦ ਹੋਵੇਂ, ਇਵੇਂ ਤੁਹਾਡੇ ਵਿਚ ਇਕ ਸਦਭਾਵਨਾ ਵੀ ਬਣੀ ਰਹੇਗੀ।

       ਵਕੀਲ ਦੀ ਗੱਲ ਸੁਣ ਕੇ ਨਿੱਕ ਸੋਚਾਂ ਵਿਚ ਪੈ ਗਿਆ। ਵਕੀਲ ਫਿਰ ਬੋਲਿਆ,

       -ਜੇ ਤੂੰ ਇਵੇਂ ਨਹੀਂ ਕਰੇਂਗਾ ਤਾਂ ਤੈਨੂੰ ਖਰਚਾ ਬਹੁਤ ਦੇਣਾ ਪਵੇਗਾ। ਬੱਚਿਆਂ ਦਾ ਖਰਚਾ, ਨੀਸ਼ਾ ਦਾ ਖਰਚਾ ਤੇ ਘਰ ਦੀ ਮੌਰਟਗੇਜ! ਮੈਂ ਸਲਾਹ ਦੇਵਾਂਗਾ ਕਿ ਇਸ ਤੋਂ ਵਧੀਆ ਸਮਝੌਤਾ ਨਹੀਂ ਹੋ ਸਕਦਾ। ਜਿਹੜੇ ਪੈਸੇ ਤੂੰ ਉਸ ਨੂੰ ਦੇਣੇ ਨੇ ਉਹੀ ਪੈਸੇ ਤੂੰ ਹੋਰ ਘਰ ਲੈਣ ਲਈ ਜਮਾਂ ਕਰ।

       -ਠੀਕ ਐ ਮਿਸਟਰ ਸਿੰਘ, ਤੁਸੀਂ ਉਸ ਦੇ ਵਕੀਲ ਨਾਲ ਗੱਲ ਕਰ ਲਵੋ, ਘਰ ਉਹ ਰੱਖ ਲਵੇ ਪਰ ਮੈਂ ਕਿਸੇ ਕਿਸਮ ਦਾ ਖਰਚਾ ਨਹੀਂ ਦੇਣਾ।

       ਉਸ ਨੇ ਆਪਣੇ ਫਲੈਟ ਵਿੱਚ ਆ ਕੇ ਪ੍ਰੀਤੀ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ। ਸੁਣਦੇ ਸਾਰ ਹੀ ਪ੍ਰੀਤੀ ਭੜਕ ਉਠੀ, ਬੋਲੀ,

       -ਨਿੱਕ, ਤੇਰਾ ਦਿਮਾਗ ਤਾਂ ਸਹੀ ਐ? ਇਹ ਤੂੰ ਕੀ ਕਰ ਆਇਆਂ? ਘਰ ਓਸ ਔਰਤ ਨੂੰ ਦੇ ਆਇਆਂ? ਓਸ ਔਰਤ ਨੂੰ ਜਿਹੜੀ ਤੈਨੂੰ ਨਫਰਤ ਕਰਦੀ ਐ। ਤੈਨੂੰ ਪਤਾ ਕਿ ਘਰ ਤਾਂ ਮੇਰਾ ਡਰੀਮ ਰਿਹਾ। ਘਰ ਹੁੰਦਾ ਤਾਂ ਮੈਂ ਜੈਗ ਨੂੰ ਛੱਡ ਕੇ ਤੇਰੇ ਨਾਲ ਆ ਵੀ ਜਾਂਦੀ ਪਰæææ।

       -ਪ੍ਰੀਤੀ, ਤੂੰ ਬਹੁਤ ਖੁਦਗਰਜ਼ ਹੋ ਗਈ ਐਂ। ਹਰ ਵੇਲੇ ਘਰ ਹੀ ਘਰ ਗਾਈ ਜਾਨੀ ਆਂ। ਘਰ ਵਿੱਚ ਰਹਿਣ ਲਈ ਬੰਦੇ ਵੀ ਤਾਂ ਚਾਹੀਦੇ ਆ। ਤੇਰੀ ਪ੍ਰੌਬਲਮ ਪਤਾ ਕੀ ਐ ਕਿ ਤੈਨੂੰ ਪਤਾ ਹੀ ਨ੍ਹੀਂ ਕਿ ਤੂੰ ਕੀ ਚਾਹੁੰਨੀ ਆਂ। ਤੇਰੇ ਕਰਕੇ ਮੇਰਾ ਘਰ ਟੁੱਟਿਆ ਪਰ ਤੂੰ ਇਕ ਵਾਰ ਵੀ ਅਫਸੋਸ ਨਹੀਂ ਕੀਤਾ। ਪਹਿਲਾਂ ਤੂੰ ਇਹ ਤਾਂ ਫੈਸਲਾ ਕਰ ਲੈ ਕਿ ਤੂੰ ਕਰਨਾ ਕੀ ਐ।

       -ਮੈਂ ਕੀ ਕਰਨਾ ਤੈਨੂੰ ਹਾਲੇ ਤਕ ਨਹੀਂ ਪਤਾ ਲੱਗਿਆ? ਮੈਂ ਆਪਣਾ ਸਾਰਾ ਕੁਝ ਦਾਅ 'ਤੇ ਲਾ ਕੇ ਤੇਰੇ ਨਾਲ ਤੁਰੀ ਫਿਰਦੀ ਆਂ। ਮੈਂ ਏਸ ਵੇਲੇ ਬਿਲਕੁਲ ਦੰਦੀ 'ਤੇ ਜੀ ਰਹੀ ਆਂ।

       -ਦੰਦੀ 'ਤੇ ਜੀਣਾ ਬੰਦ ਕਰ ਤੇ ਫੈਸਲਾ ਕਰ। ਜਾਂ ਤਾਂ ਤੂੰ ਮੇਰੇ ਨਾਲ ਰਹਿ ਜਾਂ ਫਿਰ ਓਸ ਸ਼ਰਾਬੀ ਨਾਲ। ਮੈਂ ਸੈਕਿੰਡ ਕਲਾਸ ਬੰਦਾ ਬਣ ਕੇ ਨਹੀਂ ਰਹਿ ਸਕਦਾ। ਮੈਨੂੰ ਚੋਰ ਬਣਨਾ ਪਸੰਦ ਨਹੀਂ।

       ਨਛੱਤਰ ਨੇ ਲਕੀਰ ਵਾਹੁੰਦਿਆਂ ਕਿਹਾ ਤੇ ਫੋਨ ਰੱਖ ਦਿਤਾ। ਪ੍ਰੀਤੀ ਹਾਲੇ ਵੀ ਗੁੱਸੇ ਵਿੱਚ ਤੜਫ ਰਹੀ ਸੀ। ਜਦ ਉਹ ਚੀਕ ਚੀਕ ਕੇ ਫੋਨ ਉਪਰ ਬੋਲ ਰਹੀ ਸੀ ਤਾਂ ਰੌਕੀ ਵੀ ਉਸ ਦੇ ਕੋਲ ਹੀ ਬੈਠਾ ਸੀ। ਉਹ ਡਰਦਾ ਹੋਇਆ ਉਠ ਕੇ ਆਪਣੇ ਕਮਰੇ ਵਿੱਚ ਚਲੇ ਗਿਆ।

       ਜੱਗੀ ਇਸ ਸਭ ਕੁਝ ਤੋਂ ਬੇਪਰਵਾਹ ਸੀ। ਅਸਲ ਵਿੱਚ ਇਸ ਸਭ ਉਸ ਦੀ ਸੋਚ ਤੋਂ ਬਾਹਰ ਸੀ। ਘਰ ਲੈਣ ਦਾ ਫਿਕਰ ਤਾਂ ਉਸ ਨੂੰ ਵੀ ਸੀ ਪਰ ਪੈਸੇ ਨਹੀਂ ਸਨ ਜੋੜ ਹੋ ਰਹੇ। ਤਨਖਾਹ ਤਾਂ ਉਸ ਦੀ ਠੀਕ ਸੀ ਪਰ ਹੱਥ ਖੁਲ੍ਹਾ ਸੀ। ਉਸ ਦਾ ਵੀ ਤੇ ਪ੍ਰੀਤੀ ਦਾ ਵੀ। ਹਫਤੇ ਵਿੱਚ ਇਕ ਵਾਰ ਉਹ ਬਾਹਰ ਖਾਣਾ ਖਾਣ ਜ਼ਰੂਰ ਜਾਂਦੇ। ਪ੍ਰੀਤੀ ਨੂੰ ਸੋਨੇ ਦਾ ਸ਼ੌਂਕ ਵੀ ਸੀ। ਕਈ ਵਾਰ ਜੱਗੀ ਇੰਡੀਆ ਆਪਣੀ ਮਾ ਨੂੰ ਪੈਸੇ ਵੀ ਭੇਜ ਦਿੰਦਾ। ਇਵੇਂ ਪੈਸੇ ਜੁੜਨ ਦੇ ਮੌਕੇ ਘੱਟ ਜਾਦੇ।

       ਉਸ ਦਿਨ ਦੀ ਤਕਰਾਰ ਤੋਂ ਬਾਅਦ ਨਛੱਤਰ ਤੇ ਪ੍ਰੀਤੀ ਵਿਚਕਾਰ ਫੋਨ ਉਪਰ ਹੀ ਇਕ ਵਾਰ ਫਿਰ ਝਗੜਾ ਹੋਇਆ। ਇਸ ਵਾਰ ਕੁਝ ਵਧ ਗਿਆ। ਪ੍ਰੀਤੀ ਨੇ ਉਸ ਬੱਚਿਆਂ ਨੂੰ ਬਾਂਦਰ ਮੂੰਹੇਂ ਕਹਿ ਦਿਤਾ ਤੇ ਨਛੱਤਰ ਨੇ ਰੌਕੀ ਨੂੰ ਪਾਗਲ ਕਰਾਰ ਦੇ ਦਿਤਾ। ਫਿਰ ਦੋਵੇਂ ਗਾਹਲੀਂ ਉੱਤਰ ਆਏ। ਉਸ ਦਿਨ ਤੋਂ ਬਾਅਦ ਕਈ ਦਿਨ ਉਹ ਨਾ ਮਿਲੇ ਤੇ ਨਾ ਹੀ ਫੋਨ ਕੀਤਾ। ਇਕ ਦਿਨ ਜੱਗੀ ਬੋਲਿਆ,

       -ਕਈ ਦਿਨ ਹੋ ਗਏ ਨਿੱਕ ਨਹੀਂ ਰੜਕਿਆ।

       -ਬੀਜ਼ੀ ਹੋਏਗਾ, ਅਸੀਂ ਉਹਦੇ ਕੋਲੋਂ ਕੀ ਕਰਾਉਣਾ?

       ਪ੍ਰੀਤੀ ਨੇ ਹੋਰਵੇਂ ਜਿਹੇ ਮੂੰਹ ਬਣਾਉਂਦਿਆਂ ਕਿਹਾ।

       ਇਕ ਦਿਨ ਪ੍ਰੀਤੀ ਟੈਸਕੋ ਵਿੱਚ ਸ਼ੌਪਿੰਗ ਕਰਨ ਗਈ ਤਾਂ ਅਚਾਨਕ ਸ਼ਿਵਾਨੀ ਮਿਲ ਪਈ। ਦੇਰ ਬਾਅਦ ਮਿਲੀਆਂ ਹੋਣ ਕਰਕੇ ਉਹ ਪੂਰੇ ਪਿਆਰ ਨਾਲ ਮਿਲੀਆਂ। ਜਿਵੇਂ ਦੇਵਨ ਨੇ ਭਵਿੱਖਬਾਣੀ ਕੀਤੀ ਹੀ ਸੀ, ਉਹਨਾਂ ਦੇ ਮੁੰਡਾ ਹੋ ਗਿਆ ਸੀ। ਪ੍ਰੀਤੀ ਨੇ ਸ਼ਿਵਾਨੀ ਕੋਲੋਂ ਰਜੀਵ ਨੂੰ ਫੜ ਲਿਆ ਤੇ ਉਸ ਨਾਲ ਲਾਡ ਕਰਨ ਲੱਗੀ। ਅਚਾਨਕ ਸ਼ਿਵਾਨੀ ਬੋਲੀ,

       -"ਅਸੀਂ ਤਾਂ ਸ਼ਾਇਦ ਘਰ ਬਦਲ ਲਈਏ।"

       -"ਕਿਉਂ?"

       -"ਇਹ ਘਰ ਸਾਡੇ ਲਈ ਛੋਟਾ ਪੈ ਰਿਹਾ।"

       -"ਛੋਟਾ! ਐਡਾ ਵੱਡਾ ਘਰ ਐ, ਸਾਡੇ ਵਲ ਦੇਖ, ਅਸੀਂ ਫਲੈਟ ਵਿਚ ਹੀ ਗੁਜ਼ਾਰਾ ਕਰ ਰਹੇ ਆਂ।"

       -"ਪ੍ਰੀਤੀ, ਤੁਹਾਡੀ ਆਦਤ ਬਣ ਗਈ ਐ ਕੌਂਸਲ ਦੇ ਫਲੈਟ ਵਿੱਚ ਰਹਿਣ ਦੀ ਪਰ ਮੈਨੂੰ ਹੁਣ ਇਹ ਘਰ ਵੀ ਛੋਟਾ ਲੱਗਦਾ।"

       ਸ਼ਿਵਾਨੀ ਨੇ ਸਹਿਜ ਸੁਭਾਅ ਹੀ ਕਿਹਾ ਪਰ ਇਹ ਗੱਲ ਪ੍ਰੀਤੀ ਦੇ ਸੀਨੇ ਵਿੱਚ ਤੀਰ ਵਾਂਗ ਵੱਜੀ। ਉਹ ਤੜਫ ਕੇ ਰਹਿ ਗਈ। ਉਹ ਸਮਝ ਰਹੀ ਸੀ ਕਿ ਸ਼ਿਵਾਨੀ ਜਾਣ ਬੁਝ ਕੇ ਉਸ ਦਾ ਮਜ਼ਾਕ ਉਡਾ ਰਹੀ ਸੀ। ਘਰ ਆ ਕੇ ਜੱਗੀ ਨੂੰ ਸਾਰੀ ਗੱਲ ਦੱਸਦੀ ਬੋਲੀ,

       -"ਜੈਗ, ਸਾਡੀ ਗਰੀਬੀ ਨੇ ਸਾਨੂੰ ਹੌਲਾ ਬਣਾ ਕੇ ਰੱਖ ਦਿਤਾ ਹੋਇਐ। ਦੇਖ ਲੋਕ ਆਪਣੀ ਅਮੀਰੀ ਦਾ ਕਿਵੇਂ ਰੋਅਬ ਪਾ ਰਹੇ ਨੇ।"

       -"ਭਰਜਾਈ, ਆਪਾਂ ਕਿਸੇ ਤੋਂ ਵੀ ਘੱੱਟ ਨਹੀਂ ਹੈਗੇ। ਤੂੰ ਕੀ ਜਾਣੇ ਕਿ ਆਪਾਂ ਤਾਂ ਕਰੋੜਪਤੀ ਹਾਂ, ਮਿਲੀਅਨੇਅਰ। ਆਪਣੀਆਂ ਦਿੱਲੀ ਵਿੱਚ ਪੰਜ ਦੁਕਾਨਾਂ ਨੇ। ਇਕ ਦੁਕਾਨ ਇਕ ਕਰੋੜ ਦੀ। ਇਕ ਦੁਕਾਨ ਵੇਚ ਕੇ ਜਦ ਮਰਜ਼ੀ ਇਥੇ ਘਰ ਲੈ ਲਈਏ। ਹੋਰ ਵੀ ਬਹੁਤ ਸਾਰੀ ਪ੍ਰੌਪਰਟੀ ਹੈਗੀ ਆ। ਡੈਡੀ ਤੋਂ ਬਾਅਦ ਇਹਦੀ ਤੂੰ ਹੀ ਮਾਲਕ ਐਂ। ਸੋ ਇਹਨਾਂ ਲੋਕਾਂ ਤੋਂ ਆਪਾਂ ਬਹੁਤ ਅੱਗੇ ਆਂ। ਤੂੰ ਐਵੇਂ ਫਿਕਰ ਨਾ ਕਰਿਆ ਕਰ।"

       ਜੱਗੀ ਹੌਸਲਾ ਦਿੰਦਾ ਬੋਲਿਆ। ਇਵੇਂ ਉਸ ਨੇ ਆਪਣੀ ਜਾਇਦਾਦ ਬਾਰੇ ਕਦੇ ਵੀ ਗੱਲ ਨਹੀਂ ਸੀ ਕੀਤੀ। ਉਹ ਸਮਝਦਾ ਸੀ ਕਿ ਪਿਓ ਦੀ ਜਾਇਦਾਦ 'ਤੇ ਦਾ ਕਾਹਦਾ ਮਾਣ। ਆਪਣੀ ਬਣਾਵੇਗਾ ਤਾਂ ਮਾਣ ਵੀ ਕਰੇਗਾ। ਵੈਸੇ ਫਲੈਟ ਵਿੱਚ ਰਹਿਣ ਕਾਰਨ ਉਸ ਨੂੰ ਕਦੇ ਹੀਣ-ਭਾਵਨਾ ਨਹੀਂ ਸੀ ਆਈ।

       ਇਹਨਾਂ ਦਿਨਾਂ ਵਿੱਚ ਹੀ ਜੱਗੀ ਦੇ ਪਿਤਾ ਦਾ ਫੋਨ ਆ ਗਿਆ ਕਿ ਉਸ ਦੀ ਮਾਂ ਬਹੁਤ ਬਿਮਾਰ ਹੈ। ਉਸ ਨੇ ਜੱਗੀ ਨੂੰ ਕਿਹਾ ਕਿ ਰੌਕੀ ਤੇ ਪ੍ਰੀਤੀ ਨੂੰ ਆ ਕੇ ਮਿਲਾ ਜਾਵੇ। ਉਹ ਇੰਡੀਆ ਜਾਣ ਦੀ ਤਿਆਰੀ ਕਰਨ ਲੱਗੇ। ਪ੍ਰੀਤੀ ਵਿਆਹ ਤੋਂ ਬਾਅਦ ਵੀ ਇਕ ਵਾਰ ਇੰਡੀਆ ਗਈ ਸੀ ਪਰ ਹੁਣ ਕਈ ਸਾਲ ਹੋ ਗਏ ਸਨ। ਉਦੋਂ ਰੌਕੀ ਬਹੁਤ ਛੋਟਾ ਸੀ।




ਦਸ


       ਪ੍ਰੀਤੀ ਬਹੁਤ ਹੀ ਉਤਸ਼ਾਹ ਨਾਲ ਇੰਡੀਆ ਪੁੱਜੀ। ਉਸ ਦੀਆਂ ਅੱਖਾਂ ਵਿੱਚ ਘਰ ਦਾ ਸੁਫਨਾ ਚਮਕ ਰਿਹਾ ਸੀ। ਉਹ ਦਿੱਲੀ Aੁੱਤਰੇ। ਜੱਗੀ ਦਾ ਪਿਤਾ ਸੋਹਣ ਸਿੰਘ ਆਪਣੀ ਜੀਪ ਵਿੱਚ ਉਹਨਾਂ ਨੂੰ ਲੈਣ ਆਇਆ ਹੋਇਆ ਸੀ। ਉਸ ਦੀ ਮਾਂ ਕੇਵਲ ਕੌਰ ਵੀ ਨਾਲ ਸੀ। ਹੁਣ ਉਸ ਦੀ ਸਿਹਤ ਬਿਲਕੁਲ ਠੀਕ ਸੀ। ਇਹ ਜੱਗੀ ਨੂੰ ਇੰਡੀਆ ਸੱਦਣ ਦਾ ਬਹਾਨਾ ਵੀ ਸੀ। ਪਹਿਲੇ ਦੋ ਦਿਨ ਉਹ ਦਿੱਲੀ ਹੀ ਰਹੇ। ਸੋਹਣ ਸਿੰਘ ਨੇ ਦੁਕਾਨਾਂ ਦਾ ਕਿਰਾਇਆ ਵੀ ਅਗਰਾਹੁਣਾ ਸੀ। ਸੋਹਣ ਸਿੰਘ ਰੌਕੀ ਨੂੰ ਮੋਢਿਆਂ 'ਤੇ ਚੁੱਕੀ ਫਿਰਦਾ ਸੀ। ਉਹ ਰੌਕੀ ਨੂੰ ਦੁਕਾਨਾਂ 'ਤੇ ਨਾਲ ਲੈ ਜਾਂਦਾ ਤੇ ਇਸ਼ਾਰਾ ਕਰਦਾ ਕਹਿੰਦਾ,

       -ਆਹ ਦੁਕਾਨ ਵੀ ਮੇਰੇ ਰੌਕੀ ਪੁੱਤ ਦੀ ਐ।

       ਕੋਲ ਖੜੀ ਪ੍ਰੀਤੀ ਗਦ-ਗਦ ਹੋ ਜਾਂਦੀ। ਜੱਗੀ ਉਸ ਦੇ ਕੰਨ ਵਿੱਚ ਆਖਦਾ,

       -ਦੇਖ, ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਡੈਡੀ ਨੂੰ ਮੈਂ ਤਾਂ ਹੁਣ ਯਾਦ ਹੀ ਨਹੀਂ।

       ਉਹਨਾਂ ਨੇ ਦਿੱਲੀ ਦੀਆਂ ਕੁਝ ਖਾਸ ਜਗਾਵਾਂ ਵੀ ਦੇਖੀਆਂ। ਜੱਗੀ ਆਪਣੇ ਪੁਰਾਣੇ ਦੋਸਤਾਂ ਨੂੰ ਵੀ ਮਿਲਿਆ। ਫਿਰ ਉਹ ਜਲੰਧਰ ਆ ਗਏ। ਜਲੰਧਰ ਵਿੱਚ ਵੀ ਉਹਨਾਂ ਦਾ ਖੁਲ੍ਹਾ ਘਰ ਸੀ। ਇਕ ਗੱਲ ਪ੍ਰੀਤੀ ਨੂੰ ਬਹੁਤ ਰੜਕ ਰਹੀ ਸੀ ਕਿ ਸੋਹਣ ਸਿੰਘ ਤਾਂ ਵਾਹਵਾ ਸਿਹਤਵੰਦ ਸੀ। ਜਿਵੇਂ ਜੱਗੀ ਦਾ ਪਿਓ ਨਾ ਹੋ ਕੇ ਵੱਡਾ ਭਰਾ ਹੋਵੇ। ਇਵੇਂ ਸ਼ਾਇਦ ਉਸ ਦਾ ਸੁਫਨਾ ਪੂਰਾ ਹੋਣ ਨੂੰ ਕਾਫੀ ਵਕਤ ਲੱਗ ਜਾਵੇ। ਇਕ ਦਿਨ ਉਹ ਆਪਣਾ ਮਨ ਆਪਣੀ ਸੱਸ ਕੋਲ ਫਰੋਲਣ ਲੱਗੀ,

       -ਮੰਮੀ, ਸਾਡੇ ਸਾਰੇ ਦੋਸਤਾਂ ਰਿਸ਼ਤੇਦਾਰਾਂ ਕੋਲ ਘਰ ਹੈਗੇ ਆ ਪਰ ਅਸੀਂ ਕੌਂਸਲ ਦੇ ਫਲੈਟ ਵਿਚ ਰਹਿੰਨੇ ਆਂ।

       -ਇਹ ਕਿਉਂ?

       -ਕਿਉਂਕਿ ਜੈਗ ਸ਼ਰਾਬ ਬਹੁਤ ਪੀਂਦਾ। ਪੈਸਾ ਕੋਈ ਬਚਾਉਂਦਾ ਨਹੀਂ, ਘਰ ਕਿੱਥੋਂ ਲੈਣਾਂ!

       -ਇਹ ਤਾਂ ਬਹੁਤ ਮਾੜੀ ਗੱਲ ਐ। ਮੈਂ ਕਰਦੀ ਆਂ ਇਹਦੇ ਨਾਲ ਗੱਲ।

       -ਮੰਮੀ, ਓਦਾਂ ਵੀ ਹੁਣ ਘਰਾਂ ਦੀਆਂ ਕੀਮਤਾਂ ਬਹੁਤ ਵਧ ਗਈਆਂ। ਘਰ ਲੈਣ ਲਈ ਕਾਫੀ ਸਾਰਾ ਡਿਪੌਜ਼ਟ ਰੱਖਣਾ ਪੈਂਦਾ, ਬਾਕੀ ਦੀਆਂ ਕਿਸ਼ਤਾਂ ਹੋ ਜਾਂਦੀਆਂ। ਸਾਡੇ ਕੋਲ ਤਾਂ ਡਿਪੌਜ਼ਟ ਰੱਖਣ ਲਈ ਵੀ ਪੈਸੇ ਨਹੀਂ ਹੈਗੇ।

       ਪ੍ਰੀਤੀ ਦੀ ਗੱਲ ਸੁਣ ਕੇ ਕੇਵਲ ਕੌਰ ਸੋਚਾਂ ਵਿੱਚ ਪੈ ਗਈ। ਪ੍ਰੀਤੀ ਨੂੰ ਲੱਗਿਆ ਕਿ ਲੋਹਾ ਗਰਮ ਹੈ, ਉਸ ਨੇ ਕਿਹਾ,

       -ਮੰਮੀ, ਜੇ ਤੁਸੀਂ ਸਾਡੀ ਮੱਦਦ ਕਰ ਦੇਵੋਂ ਡਿਪੌਜ਼ਟ ਜੋਗੇ ਪੈਸਿਆਂ ਦੀ ਤਾਂ ਅਸੀਂ ਵੀ ਘਰ ਲੈ ਸਕਦੇ ਆਂ।

       -ਤੂੰ ਫਿਕਰ ਨਾ ਕਰ ਪ੍ਰੀਤੀ, ਮੈਂ ਤੁਹਾਡੇ ਡੈਡੀ ਨਾਲ ਗੱਲ ਕਰਾਂਗੀ।

       ਕੇਵਲ ਕੌਰ ਬੋਲੀ। ਉਹ ਸੋਚ ਰਹੀ ਸੀ ਕਿ ਇਕੋ ਤਾਂ ਉਹਨਾਂ ਦਾ ਪੁੱਤਰ ਹੈ, ਸਭ ਕੁਝ ਇਹਨੂੰ ਹੀ ਤਾਂ ਦੇਣਾ ਹੈ। ਕੁੜੀ ਚਰਨਜੀਤ ਵਿਆਹ ਕੇ ਆਪਣੇ ਘਰ ਤੋਰ ਦਿਤੀ ਗਈ ਹੋਈ ਸੀ। ਉਸ ਨੇ ਸੋਹਣ ਸਿੰਘ ਨਾਲ ਗੱਲ ਕੀਤੀ ਤੇ ਸੋਹਣ ਸਿੰਘ ਨੇ ਜਿਵੇਂ ਜੱਗੀ ਦੀ ਕਲਾਸ ਹੀ ਲਗਾ ਦਿਤੀ ਹੋਵੇ। ਉਹ ਬੋਲਿਆ,

       -ਜੱਗੀ, ਮੇਰੇ ਪਿਓ ਨੇ ਮੇਰੇ ਲਈ ਦਿੱਲੀ ਵਿੱਚ ਇਕ ਦੁਕਾਨ ਛੱਡੀ ਸੀ ਤੇ ਮੈਂ ਪੰਜ ਬਣਾ ਦਿਤੀਆਂ। ਨਾਲ ਹੀ ਆਹ ਘਰ ਵੀ ਪਰ ਤੂੰ ਇਕ ਘਰ ਵੀ ਨਹੀਂ ਲੈ ਸਕਿਆ, ਉਹ ਵੀ ਇੰਗਲੈਂਡ ਵਿੱਚ! ਕਿਉਂ? ਕਿਥੇ ਗੜਬੜ ਐ? ਆਪੇ ਕਹਿੰਨਾ ਕਿ ਤੇਰੀ ਏਨੀ ਤਨਖਾਹ ਐ ਤੇ ਫੇਰ ਤੇਰੇ ਪੈਸੇ ਕਿਥੇ ਜਾਂਦੇ ਆ? ਸ਼ਰਾਬ ਪੀ ਜਾਨਾਂ ਸਾਰਿਆਂ ਦੀ? ਜੂਏ ਦੀ ਆਦਤ ਤਾਂ ਨਹੀਂ ਪਾ ਲਈ?

       ਜੱਗੀ ਕੋਲ ਕੋਈ ਜਵਾਬ ਨਹੀਂ ਸੀ। ਸੋਹਣ ਸਿੰਘ ਨੇ ਫਿਰ ਕਿਹਾ,

       -ਚੱਲ, ਮੈਂ ਡਿਪੋਜ਼ਟ ਦਾ ਇੰਤਜ਼ਾਮ ਕਰ ਦਿੰਨਾ ਜੇ ਘਰ ਨਹੀਂ ਤਾਂ ਕੋਈ ਫਲੈਟ ਹੀ ਦੇਖ ਲੈ।

       ਜੱਗੀ ਕੁਝ ਨਾ ਬੋਲਿਆ। ਕੋਲ ਬੈਠੀ ਕੇਵਲ ਕੌਰ ਉਸ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੀ ਰਹੀ। ਇਸ ਗੱਲ 'ਤੇ ਪ੍ਰੀਤੀ ਬਹੁਤ ਖੁਸ਼ ਸੀ। ਉਸ ਰਾਤ ਉਸ ਨੂੰ ਸੁਫਨਾ ਵੀ ਅਜਿਹਾ ਆਇਆ ਕਿ ਉਹ ਆਪਣੇ ਘਰ ਦੇ ਬਗੀਚੇ ਦਾ ਘਾਹ ਕੱਟ ਰਹੀ ਹੈ। ਇਸ ਵਿਸ਼ੇ 'ਤੇ ਘਰ ਵਿੱਚ ਮੁੜ ਕੇ ਕੋਈ ਗੱਲ ਨਾ ਹੋਈ। ਸੋਹਣ ਸਿੰਘ ਨੇ ਇਕ ਵਾਰ ਫਿਰ ਜੱਗੀ ਨੂੰ ਕਿਹਾ ਕਿ ਉਹ ਘਰ ਲੈ ਲਵੇ, ਡਿਪੌਜ਼ਟ ਦਾ ਇੰਤਜ਼ਾਮ ਉਹ ਕਰ ਦੇਵੇਗਾ ਪਰ ਜੱਗੀ ਚੁੱਪ ਰਿਹਾ। ਉਹ ਤਿੰਨ ਹਫਤੇ ਇੰਡੀਆ ਰਹੇ। ਖੂਬ ਘੁੰਮੇ। ਪ੍ਰੀਤੀ ਹੁਣ ਬਹੁਤ ਖੁਸ਼ ਸੀ। ਵਾਪਸ ਮੁੜਨ ਲਈ ਜਹਾਜ਼ ਵਿੱਚ ਬੈਠਦਿਆਂ ਹੀ ਉਹ ਬੋਲੀ,

       -ਹੁਣ ਆਪਾਂ ਜਾਂਦਿਆਂ ਹੀ ਘਰ ਦੇਖਣਾ ਸ਼ੁਰੂ ਕਰ ਦੇਣਾਂ।

       -ਭਰਜਾਈ, ਮੈਂ ਏਨਾ ਨਿਕੰਮਾ ਪੁੱਤ ਨਹੀਂ ਕਿ ਪਿਓ ਨੂੰ ਦੇਣ ਦੀ ਥਾਂ ਉਸ ਤੋਂ ਲਵਾਂ।

       -ਪਰ ਡੈਡੀ ਤਾਂ ਕਹਿੰਦੇ ਸਨ ਕਿ ਇਹ ਸਭ ਤੁਹਾਡਾ ਆਪਣਾ ਹੀ ਐ। ਤੂੰ ਵੀ ਤਾਂ ਕਹਿੰਨਾ ਹੁੰਨਾ ਕਿ ਇਕ ਦੁਕਾਨ ਨਾਲ ਆਪਣਾ ਫਰੀਹੋਲਡ ਘਰ ਆ ਜਾਣਾਂ।

       -ਬਿਲਕੁਲ ਸਭ ਕੁਝ ਆਪਣਾਂ ਪਰ ਡੈਡੀ ਤੋਂ ਬਾਅਦ। ਡੈਡੀ ਦੇ ਜੀਂਦੇ ਜੀ ਨਹੀਂ।

       -ਜੈਗ, ਡੈਡੀ ਵੀ ਆਪਣੇ ਤੇ ਪੈਸੇ ਵੀ ਫਿਰ ਹਿੱਚ ਕਿਹੜੀ ਗੱਲ ਦੀ ਐ?

       -ਇਹਦੇ ਨਾਲ ਡੈਡੀ ਦੀ ਬੇਇਜ਼ਤੀ ਹੋਵੇਗੀ। ਲੋਕਾਂ ਦੇ ਮੁੰਡੇ ਇੰਗਲੈਂਡ ਤੋਂ ਪੈਸੇ ਇੰਡੀਆ ਭੇਜਦੇ ਆ ਤੇ ਡੈਡੀ ਇੰਡੀਆ ਤੋਂ ਇੰਗਲੈਂਡ ਭੇਜਣਗੇ?




ਗਿਆਰਾਂ


       ਇੰਡੀਆ ਤੋਂ ਵਾਪਸ ਮੁੜ ਕੇ ਪ੍ਰੀਤੀ ਬਹੁਤੀ ਨਿਰਾਸ਼ ਨਹੀਂ ਸੀ। ਉਸ ਨੂੰ ਯਕੀਨ ਸੀ ਕਿ ਉਹ ਜੱਗੀ ਨੂੰ ਮਨਾ ਲਵੇਗੀ ਕਿ ਇੰਡੀਆ ਤੋਂ ਪੈਸੇ ਮੰਗਵਾ ਲਵੇ ਪਰ ਜੱਗੀ ਉਦਾਸ ਰਹਿਣ ਲਗਿਆ। ਸੋਹਣ ਸਿੰਘ ਦੀਆਂ ਗੱਲਾਂ ਨੇ ਉਸ ਉਪਰ ਬਹੁਤ ਅਸਰ ਕੀਤਾ ਸੀ। ਇਕ ਦਿਨ ਇਵੇਂ ਹੀ ਕੰਮ ਉਪਰ ਉਹ ਸੋਚਾਂ ਵਿੱਚ ਗਵਾਚਿਆ ਹੋਇਆ ਸੀ। ਨਵੀ ਨੇ ਉਸ ਵਲ ਦੇਖਿਆ ਤੇ ਪੁੱਛਣ ਲੱਗਾ,

       -ਸਭ ਠੀਕ ਤਾਂ ਹੈ?

       -ਹਾਂ ਯਾਰ ਪਰ ਇੰਡੀਆ ਗਏ ਦੀ ਫਾਦਰ ਨੇ ਬਹੁਤ ਝੰਡ ਕੀਤੀ ਕਿ ਹਾਲੇ ਤਕ ਘਰ ਨਹੀਂ ਲੈ ਸਕਿਆ। ਸੋਚਦਾਂ ਕਿ ਘਰ ਨਹੀਂ ਤਾਂ ਕੋਈ ਫਲੈਟ ਹੀ ਲੈ ਲਵਾਂ।

       -ਤੂੰ ਇਹੋ ਫਲੈਟ ਕਿਉਂ ਨਹੀਂ ਖਰੀਦ ਲੈਂਦਾ, ਸਰਕਾਰ ਦੀ ਪਾਲਿਸੀ ਐ ਰਾਈਟ ਟੂ ਬਾਈ। ਕੌਂਸਲ ਦੇ ਜਿਸ ਘਰ ਵਿੱਚ ਤੁਸੀਂ ਰਹਿੰਦੇ ਹੋ ਉਸ ਨੂੰ ਖਰੀਦ ਸਕਦੇ ਹੋ, ਦਿੱਤਾ ਹੋਇਆ ਕਿਰਾਇਆ ਕੀਮਤ ਵਿਚ ਕੱਟ ਦਿੱਤਾ ਜਾਵੇਗਾ। ਬਲਕਿ ਉਹ ਪੈਸੇ ਡਿਪੌਜ਼ਟ ਵਜੋਂ ਲੈ ਕੇ ਬਾਕੀ ਦੀ ਕੀਮਤ ਦੀ ਕੌਂਸਲ ਹੀ ਕਿਸ਼ਤਾਂ ਕਰ ਦੇਵੇਗੀ, ਵਿਆਜ ਦਰ ਵੀ ਸਸਤੀ ਹੋਵੇਗੀ।

       ਨਵੀ ਦੀ ਗੱਲ ਸੁਣ ਕੇ ਜੱਗੀ ਛਾਲ ਮਾਰ ਕੇ ਉਠ ਖੜਿਆ। ਇਸ ਗੱਲ ਦਾ ਉਸ ਨੂੰ ਪਤਾ ਤਾਂ ਸੀ ਪਰ ਉਸ ਦੇ ਦਿਮਾਗ ਵਿੱਚ ਹੀ ਨਹੀਂ ਸੀ ਆਈ। ਉਸ ਨੇ ਉਸੇ ਵੇਲੇ ਇਹ ਖ਼ਬਰ ਪ੍ਰੀਤੀ ਨੂੰ ਫੋਨ ਉਪਰ ਸੁਣਾਈ ਤੇ ਕੁਝ ਹਫਤਿਆਂ ਵਿੱਚ ਹੀ ਉਹਨਾਂ ਨੇ ਉਹ ਫਲੈਟ ਖਰੀਦ ਲਿਆ। ਪ੍ਰੀਤੀ ਖੁਸ਼ ਸੀ। ਮਾਨਸਿਕ ਤੌਰ 'ਤੇ ਉਸ ਨੂੰ ਕਾਫੀ ਤਸੱਲੀ ਸੀ। ਘੱਟੋ-ਘੱਟ ਉਹ ਕਿਸੇ ਜਾਇਦਾਦ ਦੀ ਮਾਲਕਣ ਤਾਂ ਬਣੀ ਸੀ, ਭਾਵੇਂ ਫਲੈਟ ਦੀ ਹੀ ਸਹੀ। ਇਕ ਦਿਨ ਰੌਕੀ ਨੂੰ ਸਕੂਲ ਤੋਂ ਲੈਣ ਗਈ ਤਾਂ ਆਪਣੀ ਖੁਸ਼ੀ ਸਕੂਲ ਬੱਚੇ ਛੱਡਣ ਆਉਂਦੀ ਆਪਣੀ ਇਕ ਸਹੇਲੀ ਨਾਲ ਸਾਂਝੀ ਕਰਦੀ ਬੋਲੀ,

       -ਭੈਣ ਜੀ, ਹੌਲੀ ਹੌਲੀ ਅਸੀਂ ਇਹ ਫਲੈਟ ਵੇਚ ਦੇਵਾਂਗੇ ਤੇ ਇਹਦੇ ਨਾਲ ਸਾਡੇ ਕੋਲ ਘਰ ਲੈਣ ਜੋਗਾ ਡਿਪੌਜ਼ਟ ਹੋ ਜਾਵੇਗਾ। ਸੋ ਅਸੀਂ ਜਲਦੀ ਹੀ ਘਰ ਲੈ ਲੈਣਾਂ।

       -ਭੈਣ ਜੀ, ਮੇਰੀ ਨਣਾਨ ਨੇ ਕੌਂਸਲ ਦਾ ਫਲੈਟ ਖਰੀਦਿਆ ਸੀ, ਉਹ ਵੀ ਇਹਨੂੰ ਵੇਚ ਕੇ ਘਰ ਲੈਣਾ ਚਾਹੁੰਦੇ ਆ ਪਰ ਕੌਂਸਲ ਦਾ ਫਲੈਟ ਵੇਚਣਾ ਬਹੁਤ ਮੁਸ਼ਕਲ ਹੁੰਦਾ। ਉਹਨਾਂ ਦਾ ਫਲੈਟ ਵਿਕ ਹੀ ਨਹੀਂ ਰਿਹਾ। ਪੂਰੀ ਕੀਮਤ ਨਹੀਂ ਮਿਲ ਰਹੀ।

       ਗੱਲ ਸੁਣ ਕੇ ਪ੍ਰੀਤੀ ਦਾ ਦਿਲ ਬੈਠਣ ਲੱਗ ਪਿਆ।

       ਨਛੱਤਰ ਨਾਲ ਪ੍ਰੀਤੀ ਦੀ ਮੁੜ ਕੇ ਸੁਲਾਹ ਹੋ ਗਈ ਸੀ। ਉਹ ਮੁੜ ਕੇ ਗਾਹੇ-ਵਗਾਹੇ ਆਉਣ ਵੀ ਲਗਿਆ ਸੀ। ਹੁਣ ਉਹ ਕੁਝ ਸੰਭਲ ਕੇ ਆਉਂਦਾ ਸੀ। ਕਿਸੇ ਨਾ ਕਿਸੇ ਤਰਾਂ੍ਹ ਉਸ ਨੂੰ ਵੀ ਕੌਂਸਲ ਦਾ ਫਲੈਟ ਮਿਲ ਗਿਆ ਹੋਇਆ ਸੀ ਪਰ ਉਹ ਇਸ ਨੂੰ ਖਰੀਦਣ ਦੇ ਹੱਕ ਵਿੱਚ ਨਹੀਂ ਸੀ। ਉਹ ਸਿੱਧਾ ਘਰ ਹੀ ਲੈਣਾ ਚਾਹੁੰਦਾ ਸੀ ਤੇ ਘਰ ਦੇ ਡਿਪੌਜ਼ਟ ਲਈ ਉਹ ਪੈਸੇ ਜੋੜ ਰਿਹਾ ਸੀ।

       ਜੱਗੀ ਹੁਣ ਪਹਿਲਾਂ ਨਾਲੋਂ ਖੁਸ਼ ਰਹਿਣ ਲੱਗਾ। ਉਹ ਪ੍ਰੀਤੀ ਨੂੰ ਕਹਿਣ ਲੱਗਦਾ,

       -ਭਰਜਾਈ, ਛੇਤੀ ਹੀ ਤੈਨੂੰ ਘਰ ਦੀ ਮਾਲਕਣ ਵੀ ਬਣਾ ਦੇਣਾ। ਮੈਂ ਡੈਡੀ ਨੂੰ ਦਿਖਾ ਦੇਣਾਂ ਕਿ ਮੈਂ ਨਿਕੰਮਾ ਪੁੱਤ ਨਹੀਂ ਆਂ। ਤੂੰ ਦੇਖੀ ਚੱਲ।

       ਗਰਮੀਆਂ ਦੇ ਦਿਨ ਸਨ। ਧੁੱਪ ਪੂਰੇ ਜ਼ੋਰਾਂ 'ਤੇ ਸੀ। ਜੱਗੀ ਹੋਰਾਂ ਨੂੰ ਛੁੱਟੀ ਸੀ। ਉਸ ਨੇ ਨਵੀ ਨੂੰ ਫੋਨ ਕੀਤਾ,

       -ਕਿਵੇਂ ਐਂ ਨਵੀਂ ਸਿਆਂ, ਚੱਲ ਕਿਤੇ ਬੀਅਰ ਪੀਏ।

       -ਅੱਜ ਮੇਰੇ ਕੋਲ ਗੱਡੀ ਹੈ ਨਹੀਂ, ਕੋਈ ਮੰਗ ਕੇ ਲੈ ਗਿਆ।

       -ਮੈਂ ਪਿੱਕ ਕਰ ਲੈਨਾਂ।

       -ਦੇਵਨ ਨੂੰ ਵੀ ਪੁੱਛ ਲੈ ਫਿਰ।

       ਕੁਝ ਦੇਰ ਬਾਅਦ ਉਹ ਥੇਮਜ਼ ਕਿਨਾਰੇ ਨੈਗਜ਼ ਹੈੱਡ ਪੱਬ ਦੇ ਗਾਰਡਨ ਵਿੱਚ ਬੀਅਰ ਦੇ ਗਲਾਸ ਭਰਾਈ ਬੈਠੇ ਸਨ। ਇਕ-ਇਕ ਗਲਾਸ ਪੀ, ਦੋ-ਦੋ ਪੀ, ਇਵੇਂ ਕਰਦੇ ਕਰਦੇ ਉਹ ਪੰਜ-ਪੰਜ ਗਲਾਸ ਪੀ ਗਏ ਤੇ ਵਾਹਵਾ ਸ਼ਰਾਬੀ ਹੋ ਗਏ। ਕਾਰ ਜੱਗੀ ਦੀ ਸੀ। ਨਵੀ ਉਸ ਨੂੰ ਹੱਥ ਹੌਲਾ ਰੱਖਣ ਲਈ ਕਹਿੰਦਾ ਵੀ ਰਿਹਾ ਪਰ ਜੱਗੀ ਬਰਾਬਰ ਖਿੱਚੀ ਜਾਂਦਾ ਸੀ। ਤੁਰਨ ਲੱਗਿਆਂ ਨੇ ਇਕ-ਇਕ ਡਬਲ ਵਿਸਕੀ ਵੀ ਲਾ ਲਈ। ਘਰੋਂ ਉਹ ਕਾਫੀ ਦੂਰ ਸਨ। ਜੱਗੀ ਕਾਰ ਨੂੰ ਠੀਕ ਚਲਾ ਰਿਹਾ ਸੀ। ਏ ਥਰਟੀ 'ਤੇ ਚੜੇ ਤਾਂ ਮਗਰੇ ਨੀਲੀਆਂ ਲਾਈਟਾਂ ਜਗ ਪਈਆਂ। ਪੁਲੀਸ ਵਾਲੇ ਕਾਰ ਰੋਕਣ ਦਾ ਇਸ਼ਾਰਾ ਕਰ ਰਹੇ ਸਨ।




ਬਾਰਾਂ


       ਜੱਗੀ ਦਾ ਡੇੜ ਸਾਲ ਲਈ ਲਾਇਸੰਸ ਚਲੇ ਗਿਆ। ਲਾਇਸੰਸ ਉਸ ਲਈ ਇਕ ਤਾਕਤ ਸੀ, ਉੜੇ ਫਿਰਨ ਦਾ ਇਕ ਸਾਧਨ। ਢਾਈ ਸੌ ਪੌਂਡ ਜੁਰਮਾਨਾ ਵੀ ਹੋਇਆ। ਜੁਰਮਾਨੇ ਦੀ ਉਸ ਨੂੰ ਬਹੁਤੀ ਚਿੰਤਾ ਨਹੀਂ ਸੀ ਪਰ ਲਾਇਸੰਸ ਦਾ ਵਿਗੋਚਾ ਬਹੁਤ ਵੱਡਾ ਸੀ। ਪ੍ਰੀਤੀ ਬਹੁਤ ਪਿੱਟੀ। ਉਹ ਕਹਿੰਦਾ,

       -ਭਰਜਾਈ, ਸਿਰਫ ਡੇੜ ਸਾਲ ਦੀ ਤਾਂ ਗੱਲ ਐ, ਆਹ ਪਿਆ ਡੇੜ ਸਾਲ, ਨਾਲ਼ੇ ਮੰਗ 'ਤੇ ਜਾਣ ਦੀ ਤਾਂ ਮੈਨੂੰ ਕੋਈ ਪ੍ਰੌਬਲਮ ਹੈ ਹੀ ਨਹੀਂ। ਅਕਲ ਮੁਫਤ ਵਿਚ ਆ ਗਈ ਕਿ ਪੀ ਕੇ ਗੱਡੀ ਨਹੀਂ ਚਲਾਉਣੀ।

       -ਜੈਗ, ਤੈਨੂੰ ਅਕਲ ਨਹੀਂ ਆਉਣੀ। ਤੂੰ ਦੇਵਨ ਨਾਲ ਪੀਣੋਂ ਹਟਣਾ ਨਹੀਂ ਤੇ ਅਕਲ ਤੈਨੂੰ ਆਉਣੀ ਨਹੀਂ। ਉਹ ਮਿੰਨਾ ਜਿਹਾ ਨਵੀ ਵੀ ਦੇਵਨ ਨਾਲ਼ ਹੀ ਰਲ਼ਿਆ ਹੋਇਐ।

       ਪ੍ਰੀਤੀ ਦਾ ਯਕੀਨ ਸੀ ਕਿ ਦੇਵਨ ਨੇ ਹੀ ਉਸ ਨੂੰ ਜ਼ਿਆਦਾ ਪੀਣ ਲਈ ਉਕਸਾਇਆ ਹੋਵੇਗਾ। ਜਿਵੇਂ ਕਿ ਉਹ ਕਰਿਆ ਹੀ ਕਰਦਾ ਹੈ। ਇਸ ਵਾਰ ਉਹ ਨਵੀ ਨੂੰ ਵੀ ਕੋਸ ਰਹੀ ਸੀ।

       ਕੰਮ 'ਤੇ ਜਿਸ ਨੂੰ ਵੀ ਪਤਾ ਲਗਦਾ ਤਾਂ ਉਹੀ ਕਹਿੰਦਾ ਕਿ ਡੇੜ ਸਾਲ ਲਈ ਲਾਇਸੰਸ ਤਾਂ ਗਿਆ ਪਰ ਅਕਲ ਵੀ ਆ ਗਈ। ਵੈਸੇ ਜਿਵੇਂ ਉਸ ਦੀ ਆਦਤ ਹੈ ਸੀ ਉਹ ਹਰ ਵੇਲੇ ਚੜ੍ਹਦੀ ਕਲਾ ਵਿਚ ਰਹਿੰਦਾ ਸੀ। ਉਸ ਨੇ ਲਾਇਸੰਸ ਜਾਣ ਦੇ ਦੁੱਖ 'ਤੇ ਜਲਦੀ ਹੀ ਕਾਬੂ ਪਾ ਲਿਆ ਸੀ। ਕੰਮ 'ਤੇ ਜਾਣ ਦੀ ਤਾਂ ਕੋਈ ਮੁਸ਼ਕਲ ਹੈ ਹੀ ਨਹੀਂ ਸੀ। ਦੇਵਨ ਤੇ ਨਵੀ ਦੀਆਂ ਕਾਰਾਂ ਸਨ ਹੀ। ਨਹੀਂ ਤਾਂ 203 ਬੱਸ ਸਿੱਧੀ ਰੋਮੋ ਨੂੰ ਜਾਂਦੀ ਸੀ। ਵੈਸੇ ਵੀ ਸਟੈਨਵੈੱਲ ਏਅਰਪੋਰਟ ਦੇ ਨਾਲ ਹੀ ਪੈ ਜਾਂਦਾ ਸੀ। ਹੁਣ ਜੱਗੀ ਦਾ ਕਾਰ ਚਲਾਉਣ ਦਾ ਡਰ ਵੀ ਚੱਕਿਆ ਗਿਆ ਤੇ ਦਾਰੂ ਪੀਣ ਲੱਗਾ ਉਹ ਹੋਰ ਵੀ ਖੁਲ੍ਹ ਲੈ ਲੈਂਦਾ।

       ਦੋਸਤਾਂ ਵਿਚੋਂ ਨਵੀ ਨੂੰ ਉਸ ਦੇ ਲਾਇਸੰਸ ਦਾ ਬਹੁਤ ਅਫਸੋਸ ਸੀ ਪਰ ਦੇਵਨ ਹਲਕਾ ਜਿਹਾ ਖੁਸ਼ ਸੀ। ਉਸ ਨੂੰ ਜਾਪਦਾ ਕਿ ਇਹ ਸਜ਼ਾ ਜੱਗੀ ਨੂੰ ਘੱਟ ਤੇ ਪ੍ਰੀਤੀ ਨੂੰ ਜ਼ਿਆਦਾ ਸੀ। ਉਸ ਦਿਨ ਬਾਰੇ ਸੋਚਦਾ ਹੋਇਆ ਨਵੀ ਮਹਿਸੂਸ ਕਰਦਾ ਕਿ ਉਸ ਦਿਨ ਦੇਵਨ ਹੀ ਭੱਜ ਕੇ ਗਲਾਸ ਖਰੀਦ ਲਿਆਉਂਦਾ ਸੀ ਜਿਵੇਂ ਉਸ ਨੇ ਸ਼ਰਾਬੀ ਹੋਣ ਦੀ ਜਾਂ ਸਭ ਨੂੰ ਸ਼ਰਾਬੀ ਕਰਨ ਦੀ ਠਾਣ ਲਈ ਹੋਵੇ। ਫਿਰ ਉਸ ਨੂੰ ਇਹ ਵੀ ਯਾਦ ਆ ਰਿਹਾ ਸੀ ਕਿ ਦੇਵਨ ਕਾਰ ਵਿਚ ਪਿੱਛੇ ਬੈਠਾ ਭੰਗੜਾ ਜਿਹਾ ਪਾ ਰਿਹਾ ਸੀ, ਸ਼ਾਇਦ ਇਸ ਗੱਲ ਨੇ ਹੀ ਪੁਲੀਸ ਦਾ ਧਿਆਨ ਖਿਚਿਆ ਹੋਵੇ ਨਹੀਂ ਤਾਂ ਜੱਗੀ ਕਾਰ ਤਾਂ ਚੰਗੀ ਭਲੀ ਚਲਾ ਰਿਹਾ ਸੀ। ਇਵੇਂ ਸੋਚਦਿਆਂ ਉਸ ਨੂੰ ਦੇਵਨ ਨਾਲ ਹਿਰਖ ਹੋਣ ਲਗਦਾ, ਗੁੱਸਾ ਵੀ ਆਉਂਦਾ ਪਰ ਉਹ ਕਹਿੰਦਾ ਕੁਝ ਨਾ। ਉਸ ਨੇ ਇਕ ਵਾਰ ਜੱਗੀ ਨੂੰ ਏਨਾ ਜ਼ਰੂਰ ਕਿਹਾ ਕਿ ਆਪਣਾ ਧਿਆਨ ਆਪ ਰੱਖੀਦਾ ਹੁੰਦਾ ਹੈ। ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ। ਪਰ ਜੱਗੀ ਨੇ ਉਸ ਦੀ ਗੱਲ ਵਲ ਬਹੁਤਾ ਧਿਆਨ ਨਹੀਂ ਸੀ ਦਿਤਾ।

        ਪ੍ਰੀਤੀ ਤਾਂ ਲਾਇਸੰਸ ਨੂੰ ਲੈ ਕੇ ਆਏ ਦਿਨ ਝੱਜੂ ਪਾਈ ਰੱਖਦੀ। ਉਹ ਰੋਣ ਲਗਦੀ ਤੇ ਦੇਵਨ ਤੇ ਨਵੀ ਨੂੰ ਗਾਲ਼ਾਂ ਕੱਢਦੀ ਜਾਂਦੀ। ਇਕ ਦਿਨ ਨਛੱਤਰ ਆਇਆ ਤਾਂ ਉਸ ਦੇ ਗਲ਼ ਲੱਗ ਕੇ ਰੋਣ ਲੱਗੀ। ਨਛੱਤਰ ਉਸ ਨੂੰ ਹੌਸਲਾ ਦਿੰਦਾ ਬੋਲਿਆ,

       -ਪ੍ਰੀਤੀ, ਤੂੰ ਇਵੇਂ ਕਰ ਰਹੀ ਐਂ ਜਿਵੇਂ ਜੱਗੀ ਦੇ ਕੋਈ ਵੱਡੀ ਸੱਟ ਲੱਗ ਗਈ ਹੋਵੇ। ਡੇੜ ਸਾਲ ਦੀ ਤਾਂ ਸਾਰੀ ਗੱਲ ਐ। ਡੇੜ ਸਾਲ ਆਹ ਖੜਾ।

       -ਪਰ ਨਿੱਕ, ਘਰ ਦੇ ਸਾਰੇ ਕੰਮ ਖੜ ਜਾਣੇ ਆਂ।

       -ਅੱਗੇ ਤਾਂ ਉਹ ਬਹੁਤ ਕੰਮ ਕਰਦਾ ਘਰਦੇ, ਘਰ ਹੁੰਦਾ ਤਾਂ ਸ਼ਰਾਬ ਪੀ ਕੇ ਸੁੱਤਾ ਰਹਿੰਦਾ, ਸਾਲਾ ਅਲਕੋਹਲਕ!

       -ਦੇਖ ਤੂੰ ਮੇਰੇ ਪਤੀ ਨੂੰ ਮੰਦਾ ਨਾ ਬੋਲ।

       -ਮੈਂ ਤੇਰੇ ਦਿਲ ਦੀ ਤਰਜਮਾਨੀ ਕਰ ਰਿਹਾਂ। ਮੈਨੂੰ ਪਤਾ ਕਿ ਇਸ ਵੇਲੇ ਤੂੰ ਇਵੇਂ ਹੀ ਸੋਚ ਰਹੀ ਐਂ। ਤੂੰ ਫਿਕਰ ਨਾ ਕਰ, ਘਰ ਦੇ ਕੰਮਾਂ ਲਈ ਮੈਂ ਜੋ ਹੈਗਾਂ।

       ਆਖਦਿਆਂ ਨਛੱਤਰ ਨੇ ਉਸ ਨੂੰ ਬਾਹਾਂ ਵਿੱਚ ਕੱਸ ਲਿਆ।

       ਇਸ ਤੋਂ ਬਾਅਦ ਪ੍ਰੀਤੀ ਨਛੱਤਰ ਉਪਰ ਨਿਰਭਰ ਰਹਿਣ ਲੱਗੀ। ਕਿਤੇ ਵੀ ਜਾਣਾ ਹੁੰਦਾ ਤਾਂ ਨਛੱਤਰ ਉਸ ਨੂੰ ਲੈ ਜਾਂਦਾ। ਜੱਗੀ ਸੁੱਤਾ ਪਿਆ ਹੁੰਦਾ, ਕੰਮ 'ਤੇ ਹੁੰਦਾ ਜਾਂ ਫਿਰ ਸ਼ਰਾਬ ਪੀ ਰਿਹਾ ਹੁੰਦਾ। ਇਹਨਾਂ ਦਿਨਾਂ ਵਿੱਚ ਹੀ 'ਏਅਰਪੋਰਟ ਸਪੌਟ' ਨਾਂ ਦਾ ਇਕ ਨਵਾਂ ਪੱਬ ਖੁਲ੍ਹਿਆ ਸੀ। ਇਸ ਪੱਬ ਦੇ ਅੰਦਰਲਾ ਮਹੌਲ ਏਨਾ ਚੰਗਾ ਸੀ ਕਿ ਇਸ ਦੀ ਪ੍ਰਸਿੱਧੀ ਤੇਜ਼ੀ ਨਾਲ ਫੈਲਣ ਲੱਗੀ। ਅਲੱਗ-ਅਲੱਗ ਕੈਬਨਾਂ ਬਣੀਆਂ ਹੋਈਆਂ ਸਨ ਜਿਹਨਾਂ ਵਿੱਚ ਬਹਿ ਕੇ ਜੋੜੇ ਨਿੱਜਤਾ ਮਾਣ ਸਕਦੇ ਸਨ। ਇਕ ਦਿਨ ਨਛੱਤਰ ਪ੍ਰੀਤੀ ਨੂੰ ਲੈ ਕੇ 'ਏਅਰਪੋਰਟ ਸਪੌਟ' ਚਲੇ ਗਿਆ। ਦੇਵਨ ਦੇ ਘਰ ਅਚਾਨਕ ਪਰਾਹੁਣੇ ਆ ਜਾਣ ਕਾਰਨ ਉਸ ਨੂੰ ਕੰਮ ਤੋਂ ਛੁੱਟੀ ਕਰਨੀ ਪਈ ਤੇ ਉਹ ਮਹਿਮਾਨਾਂ ਨੂੰ ਉਸੇ ਪੱਬ ਵਿੱਚ ਲੈ ਗਿਆ। ਕੁਝ ਦੇਰ ਬਾਅਦ ਉਸ ਨੇ ਪ੍ਰੀਤੀ ਤੇ ਨਛੱਤਰ ਨੂੰ ਇਕ ਕੈਬਨ ਵਿਚੋਂ ਨਿਕਲਦੇ ਦੇਖਿਆ। ਉਹਨਾਂ ਨੇ ਵੀ ਦੇਵਨ ਨੂੰ ਦੇਖ ਲਿਆ। ਦੋਵੇਂ ਹੀ ਸ਼ਰਮਿੰਦੇ ਹੁੰਦੇ ਇਕ ਦੂਜੇ ਵਲ ਦੇਖਣ ਲੱਗੇ। ਪ੍ਰੀਤੀ ਨੇ ਇਕ ਦਮ ਹੌਸਲਾ ਫੜਿਆ ਤੇ ਦੇਵਨ ਕੋਲ ਚਲੇ ਗਈ ਤੇ ਬੋਲੀ,

       -ਹੈਲੋ ਦੇਵਨ, ਮੇਰੀ ਸਹੇਲੀ ਨੇ ਇਸ ਜਗਾਹ ਦੀਆਂ ਬੜੀਆਂ ਤਾਰੀਫਾਂ ਕੀਤੀਆਂ ਸੀ, ਮੈਂ ਜੈਗ ਨੂੰ ਕਈ ਵਾਰ ਕਿਹਾ ਕਿ ਚੱਲੀਏ ਪਰ ਉਹਦੇ ਕੋਲ ਟਾਈਮ ਕਿੱਥੇ!

       ਦੇਵਨ ਨੇ ਬਦਲੇ ਵਿੱਚ ਸਿਰਫ ਮੁਸਕ੍ਰਾਹਟ ਦਿੱਤੀ ਤੇ ਆਪਣੇ ਮਹਿਮਾਨਾਂ ਦਾ ਉਸ ਨਾਲ ਤੁਆਰਫ ਕਰਵਾਉਣ ਲਗਿਆ। ਪ੍ਰੀਤੀ ਤੇ ਨਛੱਤਰ ਉਥੋਂ ਆ ਤਾਂ ਗਏ ਪਰ ਉਹ ਬਹੁਤ ਡਰੇ ਹੋਏ ਸਨ। ਪ੍ਰੀਤੀ ਸਾਰੀ ਰਾਤ ਸੌਂ ਨਾ ਸਕੀ। ਸਵੇਰੇ ਜੱਗੀ ਆਇਆ ਤਾਂ ਉਸ ਨੇ ਸਾਰੀ ਗੱਲ ਨੂੰ ਉਪਰ ਵਗਲਦਿਆਂ ਕਿਹਾ,

       -ਮੇਰੀ ਸਹੇਲੀ ਅਨੀਤਾ ਕਹਿੰਦੀ ਕਿ 'ਏਅਰਪੋਰਟ ਸਪੌਟ' ਬਹੁਤ ਵਧੀਆ ਪੱਬ ਐ, ਮੈਂ ਨਿੱਕ ਨੂੰ ਕਿਹਾ ਕਿ ਮੈਨੂੰ ਦਿਖਾ ਕੇ ਲਿਆ। ਅਸੀਂ ਗਏ ਤਾਂ ਉਥੇ ਦੇਵਨ ਵੀ ਦੋਸਤਾਂ ਨਾਲ ਬੈਠਾ ਸੀ। ਮੇਰੇ ਵਲ ਹੋਰਵੇਂ ਦੇਖੀ ਜਾ ਰਿਹਾ ਸੀ।

       -ਤੂੰ ਉਹਦਾ ਫਿਕਰ ਨਾ ਕਰ, ਉਹਦੀ ਤਾਂ ਆਦਤ ਹੀ ਅਜਿਹੀ ਐ।

       ਜੱਗੀ ਨੇ ਆਖਿਆ। ਪ੍ਰੀਤੀ ਨੂੰ ਤਸੱਲੀ ਜਿਹੀ ਹੋ ਗਈ। ਹੁਣ ਉਹ ਬੇਫਿਕਰ ਸੀ।

       ਜੱਗੀ ਦੀ ਤਾਂ ਤਸੱਲੀ ਹੋ ਗਈ ਪਰ ਦੇਵਨ ਅਰਾਮ ਨਾਲ ਸੌਂ ਸਕਿਆ। ਉਸ ਨੂੰ ਪ੍ਰੀਤੀ ਦਾ ਨਛੱਤਰ ਨਾਲ ਇਵੇਂ ਪੱਬ ਜਾਣਾ ਹਜ਼ਮ ਨਹੀਂ ਸੀ ਹੋ ਰਿਹਾ। ਵੈਸੇ ਤਾਂ ਉਹ ਪਹਿਲਾਂ ਵੀ ਪ੍ਰੀਤੀ ਦੇ ਨਛੱਤਰ ਨਾਲ ਸਬੰਧਾਂ ਤੋਂ ਔਖਾ ਸੀ ਪਰ ਇਵੇਂ ਸ਼ਰੇਆਮ ਫਿਰਨਾ ਉਸ ਨੂੰ ਹੋਰ ਵੀ ਤੰਗ ਕਰਨ ਲਗਿਆ। ਉਸ ਨੇ ਅਗਲੇ ਦਿਨ ਹੀ ਜੱਗੀ ਨੂੰ ਇਕ ਪਾਸੇ ਕਰਕੇ ਸਾਰੀ ਗੱਲ ਦੱਸੀ। ਜੱਗੀ ਬੋਲਿਆ,

       -ਮੈਨੂੰ ਭਰਜਾਈ ਦਸਦੀ ਸੀ ਕਿ ਤੁਸੀਂ ਏਅਰਪੋਰਟ ਸਪੌਟ ਵਿੱਚ ਮਿਲੇ ਸੀ ਪਰ ਜੋ ਤੂੰ ਸੋਚ ਰਿਹਾਂ ਗੱਲ ਉਹ ਨਹੀਂ, ਉਹ ਭੈਣ ਭਰਾ ਹੈਗੇ ਆ।

       -ਜੱਗੀ, ਸ਼ਰੀਫ ਬੰਦੇ, ਅੱਖਾਂ ਖੋਹਲ! ਮਾਰਿਆ ਜਾਵੇਂਗਾ। ਆਹ ਜਿਹੜੀ ਤੂੰ ਸਲਤਨਤ ਬਣਾਈ ਫਿਰਦਾਂ, ਮੇਰੀ ਰਾਣੀ, ਮੇਰਾ ਰਾਜਕੁਮਾਰ, ਗੁਆ ਬੈਠੇਂਗਾ। ਨਛੱਤਰ ਤਾਂ ਚਵਲ ਬੰਦਾ, ਪ੍ਰੀਤੀ ਵਰਗੀ ਔਰਤ ਨੂੰ ਵਰਗਲਾਉਣਾ ਉਸ ਦੇ ਖੱਬੇ ਹੱਥ ਦੀ ਖੇਡ ਐ। ਮੈਂ ਤਾਂ ਖਾਸ ਦੋਸਤ ਹੋਣ ਕਰਕੇ ਤੈਨੂੰ ਸਲਾਹ ਦੇ ਰਿਹਾਂ। ਹਾਲੇ ਗੱਲ ਸੰਭਾਲੀ ਜਾ ਸਕਦੀ ਐ।

       ਦੇਵਨ ਦੀਆਂ ਗੱਲਾਂ ਦਾ ਕੁਝ-ਕੁਝ ਅਸਰ ਉਸ ਉਪਰ ਹੋਣ ਲੱਗਾ। ਘਰ ਜਾ ਕੇ ਉਸ ਨੇ ਪ੍ਰੀਤੀ ਨੂੰ ਬੈਠਾਇਆ ਤੇ ਕਿਹਾ,

       -ਮੈਨੂੰ ਪਤਾ ਤੂੰ ਇਹੀ ਕਹਿਣਾ ਕਿ ਨਿੱਕ ਤਾਂ ਮੇਰਾ ਭਰਾ ਐ, ਮੈਂ ਵੀ ਇਹੋ ਸੋਚਣਾ ਤੇ ਮੰਨਣਾ ਚਾਹੁੰਦਾਂ ਪਰ ਬਾਹਰ ਦੁਨੀਆਂ ਇਵੇਂ ਨਹੀਂ ਚਲਦੀ। ਉਥੇ ਓਪਰੇ ਬੰਦੇ ਨਾਲ ਤੀਵੀਂ ਨਾਲ ਘੁੰਮਣ ਦਾ ਇਕੋ ਅਰਥ ਐ। ਸੋ ਤੂੰ ਨਿੱਕ ਤੋਂ ਦੂਰ ਰਹਿ। ਆਪਣੇ ਘਰ ਵਲ ਧਿਆਨ ਦੇਹ, ਰੌਕੀ ਵਲ ਵੀ। ਉਹਦੇ ਨਾਲ ਵਕਤ ਬਿਤਾਇਆ ਕਰ।

       -ਜੈਗ, ਤੂੰ ਵੀ ਸ਼ਰਾਬ ਛੱਡ ਤਾਂ ਜੋ ਘਰ ਦਾ ਮਹੌਲ ਠੀਕ ਹੋਵੇ। ਤੇਰੇ ਲਾਇਸੰਸ ਨੇ ਨਿੱਕ ਦੀ ਲੋੜ ਵਧਾ ਦਿਤੀ ਐ ਨਹੀਂ ਤਾਂ ਅਸੀਂ ਉਹਦੇ ਤੋਂ ਕੀ ਲੈਣਾਂ?

       -ਜੋ ਵੀ ਹੈ ਪਰ ਹੁਣ ਨਿੱਕ ਤੇਰੇ ਆਲੇ ਦੁਆਲੇ ਨਹੀਂ ਦਿਸਣਾ ਚਾਹੀਦਾ ਨਹੀਂ ਤਾਂ ਗੜਬੜ ਹੋ ਜਾਵੇਗੀ।

       ਪ੍ਰੀਤੀ ਨੇ 'ਹਾਂ' ਵਿਚ ਸਿਰ ਮਾਰਿਆ। ਅੰਦਰੋਂ ਡਰ ਜਿਹਾ ਵੀ ਗਈ। ਉਹ ਵਸਦੇ-ਰਸਦੇ ਘਰ ਨੂੰ ਏਨੀ ਸਹਿਜੇ ਗੁਆਉਣ ਲਈ ਤਿਆਰ ਨਹੀਂ ਸੀ। ਜੱਗੀ ਦੀ ਭਾਰਤ ਵਿਚ ਕਰੋੜਾਂ ਦੀ ਜਾਇਦਾਦ ਵੀ ਨਹੀਂ ਸੀ ਗੁਆਉਣਾ ਚਾਹੁੰਦੀ। ਉਸ ਨੇ ਨਿੱਕ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿਤੀ। ਨਿੱਕ ਵੀ ਸਮਝ ਗਿਆ। ਉਹ ਪ੍ਰੀਤੀ ਤੋਂ ਦੂਰ ਰਹਿਣ ਲਗਿਆ। ਕਈ ਦਿਨ ਤਕ ਉਸ ਨੇ ਫੋਨ ਨਾ ਕੀਤਾ ਤੇ ਨਾ ਹੀ ਪ੍ਰੀਤੀ ਨੇ।

       ਰੋਮੋ ਵਿੱਚ ਦੋ ਤਬਦੀਲੀਆਂ ਵੱਡੀਆਂ ਆ ਗਈਆਂ ਜਿਸ ਨੇ ਜੱਗੀ ਉਪਰ ਕਾਫੀ ਅਸਰ ਪਾਇਆ। ਇਕ ਤਾਂ ਇਹ ਸੀ ਕਿ ਨਵੀ ਨੇ ਰਾਤਾਂ ਛੱਡ ਕੇ ਦਿਨਾਂ ਦੀ ਸ਼ਿਫਟ ਲੈ ਲਈ। ਰਾਤਾਂ ਨੂੰ ਕੰਮ ਬਹੁਤ ਆਸਾਨ ਹੁੰਦਾ ਸੀ। ਲੰਮੀਆਂ ਬ੍ਰੇਕਾਂ ਸਨ ਤੇ ਕੰਮ ਕੁਝ ਵੀ ਨਹੀਂ। ਦਿਨ ਵੇਲੇ ਕੰਮ ਦਾ ਵਧੇਰੇ ਬੋਝ ਹੁੰਦਾ। ਪਰ ਨਵੀ ਨੇ ਪਲਵੀ ਦੀ ਸੰਭਾਲ ਲਈ ਦਿਨਾਂ ਦੀ ਸ਼ਿਫਟ ਲੈ ਲਈ। ਡਾਕਟਰ ਦਾ ਕਹਿਣਾ ਸੀ ਕਿ ਰਾਤ ਦੀ ਇਕੱਲਤਾ ਵੀ ਪਲਵੀ ਦੇ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਹੋਵੇਗੀ। ਦੂਜੀ ਗੱਲ ਇਹ ਹੋਈ ਕਿ ਦੇਵਨ ਨੇ ਲੰਮੀ ਛੁੱਟੀ ਲੈ ਲਈ। ਉਹ ਚਾਹੁੰਦਾ ਸੀ ਕਿ ਕੋਈ ਕਾਰੋਬਾਰ ਕਰੇ, ਕੋਈ ਦੁਕਾਨ ਆਦਿ। ਇਵੇਂ ਜੱਗੀ ਇਕੱਲਾ ਜਿਹਾ ਰਹਿ ਗਿਆ। ਇਕੱਲਾ ਪੀਂਦਾ ਉਹ ਕਈ ਵਾਰ ਸ਼ਰਾਬ ਵੀ ਵਧੇਰੇ ਪੀ ਜਾਂਦਾ। ਇਵੇਂ ਹੀ ਇਕ ਦਿਨ ਉਹ ਸ਼ਰਾਬ ਪੀ ਕੇ ਕੰਮ 'ਤੇ ਡਿਗ ਪਿਆ ਤੇ ਮੈਨੇਜਰ ਸ਼ੌਨ ਨੇ ਉਸ ਨੂੰ ਕੰਮ ਤੋਂ ਸਸਪੈਂਡ ਕਰ ਦਿੱਤਾ।

       ਇਹ ਗੱਲ ਉਸ ਨੇ ਕਈ ਦਿਨ ਤਕ ਪ੍ਰੀਤੀ ਨੂੰ ਨਾ ਦੱਸੀ ਤੇ ਇਹੋ ਕਹਿੰਦਾ ਰਿਹਾ ਕਿ ਉਸ ਦੀਆਂ ਛੁੱਟੀਆਂ ਹਨ। ਪ੍ਰੀਤੀ ਹੈਰਾਨ ਵੀ ਸੀ ਕਿ ਛੁੱਟੀਆਂ ਤਾਂ ਪਹਿਲਾਂ ਹੀ ਨਿਰਧਾਰਤ ਹੁੰਦੀਆਂ ਹਨ, ਫਿਰ ਸੋਚਣ ਲੱਗੀ ਕਿ ਸ਼ਾਇਦ ਪਿਛਲੀਆਂ ਬਚਦੀਆਂ ਹੋਣ। ਇਵੇਂ ਹਫਤਾ ਨਿਕਲ ਗਿਆ, ਦੋ ਹਫਤੇ ਤੇ ਫਿਰ ਤਿੰਨ ਹਫਤੇ। ਪ੍ਰੀਤੀ ਨੇ ਨਵੀ ਨੂੰ ਫੋਨ ਕਰ ਕੇ ਪੁੱਛਿਆ। ਭਾਵੇਂ ਨਵੀ ਨੂੰ ਹੁਣ ਤਕ ਇਸ ਖ਼ਬਰ ਬਾਰੇ ਪਤਾ ਚੱਲ ਚੁੱਕਾ ਸੀ ਪਰ ਉਸ ਨੇ ਪ੍ਰੀਤੀ ਨੂੰ ਕੁਝ ਨਾ ਦਸਿਆ। ਇਕ ਦਿਨ ਉਹ ਜੱਗੀ ਨੂੰ ਬੋਲੀ,

        -ਲੁਕ ਜੈਗ, ਟੈੱਲ ਮੀ ਟਰੁੱਥ, ਚਾਰ ਹਫਤੇ ਹੋ ਗਏ ਤੈਨੂੰ ਘਰ ਬੈਠੇ ਨੂੰ, ਸੱਚ ਦੱਸ, ਕੀ ਹੋਇਆ?

       -ਉਥੇ ਮੈਨੇਜਰ ਨਾਲ ਮੇਰਾ ਝਗੜਾ ਹੋ ਗਿਆ ਤੇ ਮੈਨੂੰ ਸਸਪੈਂਡ ਕਰ ਦਿਤਾ।

       -ਜ਼ਰੂਰ ਤੂੰ ਡਰੰਕ ਹੋਵੇਂਗਾ, æææਹਾਏ, ਹੁਣ ਕੀ ਬਣੇਗਾ?

        ਆਖਦੀ ਉਹ ਰੋਣ ਲੱਗ ਪਈ। ਜੱਗੀ ਉਸ ਨੂੰ ਤਸੱਲੀ ਦਿੰਦਾ ਬੋਲਿਆ,

      -ਭਰਜਾਈ, ਤੂੰ ਫਿਕਰ ਨਾ ਕਰ, ਸਭ ਠੀਕ ਹੋ ਜਾਣੈਂ। ਮੈਂ ਯੂਨੀਅਨ ਦਾ ਮੈਂਬਰ ਆਂ ਤੇ ਯੂਨੀਅਨ ਮੇਰਾ ਕੇਸ ਲੜ ਰਹੀ ਐ।

      ਰਾਮਾ ਨੰਦ ਯੂਨੀਅਨ ਦਾ ਰੈੱਪ ਸੀ। ਉਹ ਵੀ ਸਟੈਨਵੈੱਲ ਹੀ ਰਹਿੰਦਾ ਸੀ। ਨਵੀ, ਦੇਵਨ ਤੇ ਜੱਗੀ ਦੀ ਢਾਣੀ ਨੂੰ ਉਹ ਸ਼ਰਾਬ ਪੀਣ ਕਰਕੇ ਬਿਲਕੁਲ ਚੰਗਾ ਨਹੀਂ ਸੀ ਸਮਝਦਾ ਪਰ ਜੱਗੀ ਨੂੰ ਉਸ ਦੀ ਸ਼ਰਾਫਤ ਕਾਰਨ ਬਹੁਤ ਪਸੰਦ ਕਰਦਾ ਸੀ। ਦੂਜੇ ਉਸ ਨੂੰ ਨਛੱਤਰ ਵਾਲੀ ਕਹਾਣੀ ਦਾ ਵੀ ਪਤਾ ਸੀ ਇਸ ਲਈ ਉਹ ਜੱਗੀ ਨਾਲ ਹਮਦਰਦੀ ਵੀ ਰੱਖਦਾ ਸੀ। ਉਸ ਨੇ ਜੱਗੀ ਦਾ ਕੇਸ ਮੈਨੇਜਮੈਂਟ ਮੁਹਰੇ ਰੱਖਿਆ ਕਿ ਘਰੇਲੂ ਝਗੜੇ ਕਾਰਨ ਜੱਗੀ ਉਸ ਦਿਨ ਕੁਝ ਜ਼ਿਆਦਾ ਹੀ ਸ਼ਰਾਬ ਪੀ ਗਿਆ। ਇਹ ਉਸ ਦੀ ਪਹਿਲੀ ਗਲਤੀ ਹੈ ਇਸ ਲਈ ਮੁਆਫੀ ਦਿਤੀ ਜਾਵੇ। ਮੈਨੇਜਮੈਂਟ ਕੁਝ ਅੜੀ ਪਰ ਫਿਰ ਕੁਝ ਏਧਰ ਓਧਰ ਕਰਕੇ ਜੱਗੀ ਨੂੰ ਸਖਤ ਵਾਰਨਿੰਗ ਦੇ ਕੇ ਮੁੜ ਕੰਮ 'ਤੇ ਬਹਾਲ ਕਰ ਲਿਆ।  

       ਪ੍ਰੀਤੀ ਦੀਆਂ ਬਹੁਤੀਆਂ ਸਹੇਲੀਆਂ ਨਹੀਂ ਸਨ। ਰੌਕੀ ਨੂੰ ਸਕੂਲ ਛੱਡਣ ਜਾਂਦੀਆਂ ਔਰਤਾਂ ਨਾਲ ਹੀ ਉਸ ਦੀ ਵਾਕਫੀ ਸੀ ਤੇ ਉਹਨਾਂ ਨੂੰ ਆਪਣੀਆਂ ਸਹੇਲੀਆਂ ਹੀ ਕਿਹਾ ਕਰਦੀ ਸੀ। ਇਕ ਦਿਨ ਆਪਣੇ ਦੁਖੜੇ ਆਪਣੀ ਕਿਸੇ ਸਹੇਲੀ ਨਾਲ ਸਾਂਝੇ ਕਰ ਰਹੀ ਸੀ। ਸਹੇਲੀ ਬੋਲੀ,

       -ਆਪਣੇ ਟਾਊਨ ਵਿਚ ਇਕ ਬਾਬਾ ਰਹਿੰਦੈ, ਬਾਬਾ ਇੰਦਰਜੀਤ। ਬਹੁਤ ਮਸ਼ਹੂਰ ਐ। ਪੂਰੇ ਇੰਗਲੈਂਡ ਵਿਚ ਦੀਵਾਨ ਲਗਦੇ ਆ ਉਹਦੇ। æææਨਸ਼ੇ ਛੁਡਾਉਂਦਾ। ਉਹਦੇ ਕੋਲ ਲੈ ਜਾ ਆਪਣੇ ਬੰਦੇ ਨੂੰ।





ਤੇਰਾਂ


       ਬਾਬਾ ਇੰਦਰਜੀਤ ਚਿੱਟਾ ਬਾਣਾ ਪਾਉਂਦਾ ਸੀ। ਚਿੱਟੀ ਪੱਗ। ਉਸ ਦੇ ਬਹੁਤ ਸਾਰੇ ਚੇਲੇ ਸਨ ਜਿਹਨਾਂ ਨੂੰ ਸਭ ਸੇਵਾਦਾਰ ਕਹਿੰਦੇ ਸਨ। ਉਹ ਵੀ ਬਾਬੇ ਵਾਂਗ ਚਿੱਟਾ ਬਾਣਾ ਹੀ ਪਾਉਂਦੇ। ਬਾਬੇ ਦੀ ਏਨੀ ਭਾਰੀ ਭਰਕਮ ਦੇਹ ਕਿ ਆਮ ਕੁਰਸੀ ਵਿੱਚ ਮੇਚ ਹੀ ਨਹੀਂ ਸੀ ਆਉਂਦੀ। ਸੇਵਾਦਾਰਾਂ ਰਾਹੀਂ ਉਸ ਦੀ ਏਨੀ ਮਸ਼ਹੂਰੀ ਹੋਈ ਕਿ ਸ਼ਰਧਾਲੂਆਂ ਦੀ ਭੀੜ ਜਮ੍ਹਾਂ ਹੋਣ ਲੱਗੀ। ਸ਼ਰਧਾਲੂਆਂ ਵਿਚ ਜ਼ਿਆਦਾਤਰ ਦੁਖੀ ਪਤਨੀਆਂ ਹੀ ਹੁੰਦੀਆਂ। ਐਤਵਾਰ ਨੂੰ ਉਹ ਕੋਈ ਹਾਲ ਕਿਰਾਏ 'ਤੇ ਲੈ ਕੇ ਦੀਵਾਨ ਸਜਾਇਆ ਕਰਦਾ ਪਰ ਆਪਣੇ ਘਰ ਵੀ ਉਹ ਭਗਤਾਂ ਨੂੰ ਮਿਲ ਲਿਆ ਕਰਦਾ ਸੀ ਤੇ ਉਹਨਾਂ ਦੇ ਦੁੱਖ ਦੂਰ ਕਰਿਆ ਕਰਦਾ ਸੀ। ਪ੍ਰੀਤੀ ਨੇ ਜੱਗੀ ਨੂੰ ਬਾਬੇ ਬਾਰੇ ਦੱਸਿਆ ਤਾਂ ਉਹ ਬੋਲਿਆ,

       -ਭਰਜਾਈ, ਇਹ ਤੂੰ ਕੀ ਫਜ਼ੂਲ ਜਿਹੀ ਗੱਲ ਕਰਦੀ ਐਂ। ਮੇਰਾ ਇਹੋ ਜਿਹੀਆਂ ਗੱਲਾਂ ਵਿਚ ਕੋਈ ਯਕੀਨ ਨਹੀਂ।

       -ਜੈਗ, ਮੇਰੀ ਖਾਤਰ ਇਕ ਵਾਰ ਚਲੇ ਚੱਲ। ਸ਼ਾਇਦ ਲੋਕ ਠੀਕ ਹੀ ਕਹਿੰਦੇ ਹੋਣ। ਜੇ ਕਿਸੇ ਤਰਾਂ੍ਹ ਤੇਰੀ ਸ਼ਰਾਬ ਛੁੱਟ ਜਾਵੇ ਤਾਂ ਸਾਡਾ ਘਰ ਸਵਰਗ ਨਾ ਬਣ ਜਾਵੇ!

       ਪ੍ਰੀਤੀ ਨੇ ਤਰਲਾ ਕਰਨ ਵਾਂਗ ਕਿਹਾ। ਅਸਲ ਵਿਚ ਜੱਗੀ ਵੀ ਦਿਲੋਂ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਸ਼ਰਾਬ ਛੁੱਟ ਜਾਵੇ ਪਰ ਛੱਡ ਨਹੀਂ ਸੀ ਹੋ ਰਹੀ। ਉਹ ਪ੍ਰੀਤੀ ਦੀ ਗੱਲ ਮੰਨ ਕੇ ਉਸ ਦੇ ਨਾਲ ਬਾਬੇ ਦੇ ਦਰਬਾਰ ਵਿੱਚ ਜਾ ਹਾਜ਼ਰ ਹੋਇਆ। ਬਾਬੇ ਨੇ ਸਾਰੀ ਗੱਲ ਸੁਣੀ ਤੇ ਉਸ ਦੇ ਮੋਢ੍ਹੇ 'ਤੇ ਹੱਥ ਰਖਦਾ ਬੋਲਿਆ,

        -ਦੇਖੋ ਭਗਤ ਜੀ, ਕੁਦਰਤ ਨੇ ਹਰ ਜੀਵ ਲਈ, ਹਰ ਪ੍ਰਾਣੀ ਲਈ ਖਾਣੇ ਦਾ ਪ੍ਰਬੰਧ ਕੀਤਾ ਹੈ। ਜੋ ਮੁਰਦਾਰ ਹੁੰਦਾ ਹੈ ਇਹਨੂੰ ਖਾਣ ਲਈ ਵਿਸ਼ੇਸ਼ ਕਿਸਮ ਦੇ ਜਾਨਵਰ ਬਣਾਏ ਹਨ। ਮਨੁੱਖ ਨੂੰ ਕੁਦਰਤ ਨੇ ਦੋ ਹੱਥ ਦਿਤੇ ਹਨ ਤੇ ਖੁਲ੍ਹੀ ਜ਼ਮੀਨ ਤਾਂ ਜੋ ਆਪਣੇ ਲਈ ਆਪ ਭੋਜਨ ਪੈਦਾ ਕਰ ਸਕੇ। ਸੋ ਜੋ ਮੁਰਦਾਰ ਹੁੰਦਾ ਹੈ ਉਸ ਦੀ ਜਗਾਹ ਹੱਡਾਰੋੜੀ ਵਿਚ ਹੁੰਦੀ ਹੈ ਨਾ ਕਿ ਸਾਡੇ ਪੇਟ ਵਿਚ। ਸਾਡੇ ਲਈ ਤਾਂ ਕੁਦਰਤ ਨੇ ਅਨਾਜ ਬਣਾਇਆ ਹੈ, ਦੁਧ ਘਿਓ ਬਣਾਇਆ ਹੈ। ਉਹ ਖਾਓ, ਮੀਟ ਛੱਡੋ। ਕਿਸੇ ਦੇ ਜਨਮ ਤੇ ਕਿਸੇ ਦੇ ਮਰਨ ਦਾ ਅਧਿਕਾਰ ਸਿਰਫ ਉਸ ਪਰਮ ਪ੍ਰਮਾਤਮਾ ਕੋਲ ਹੈ। ਮਨੁੱਖ ਕੋਲ ਕਿਸੇ ਨੂੰ ਮਾਰਨ ਦਾ ਕੋਈ ਅਧਿਕਾਰ ਨਹੀਂ ਹੈ। ਕਿਸੇ ਜਾਨਵਰ ਨੂੰ ਮਾਰਨਾ ਤੇ ਫਿਰ ਉਸ ਨੂੰ ਖਾਣਾ ਮਹਾਂ ਪਾਪ ਹੈ। ਮੀਟ ਛੱਡੋ ਤੇ ਕੁਦਰਤੀ ਖਾਣੇ ਖਾਓ।

       ਜੱਗੀ 'ਹਾਂ' ਵਿੱਚ ਸਿਰ ਮਾਰਨ ਲੱਗਾ। ਉਸ ਨੂੰ ਬਾਬਾ ਜੀ ਦੀ ਗੱਲ ਸਮਝ ਪੈ ਰਹੀ ਸੀ। ਬਾਬਾ ਮੀਟ ਬਾਰੇ ਗੱਲਾਂ ਕਰਦਾ ਬਹੁਤ ਸਾਰੀਆਂ ਕਹਾਣੀਆਂ ਸੁਣਾ ਰਿਹਾ ਸੀ। ਉਹਨਾਂ ਵਿਚੋਂ ਕੁਝ ਕਹਾਣੀਆਂ ਬਹੁਤ ਦਿਲਸਚਪ ਸਨ। ਜੱਗੀ ਨੂੰ ਚੰਗੀਆਂ ਲੱਗ ਰਹੀਆਂ ਸਨ। ਮੀਟ ਤੋਂ ਬਾਅਦ ਬਾਬਾ ਸ਼ਰਾਬ ਵਲ ਆ ਗਿਆ। ਉਹ ਬੋਲਿਆ,

       -ਇਹ ਜੋ ਸ਼ਰਾਬ ਹੈ ਇਸ ਵਿਚ ਜੋ ਐਲੀਮੈਂਟ ਹੁੰਦਾ ਹੈ ਇਹ ਬਹੁਤ ਹੀ ਘਾਤਕ ਹੁੰਦਾ ਹੈ। ਇਸ ਨਾਲ ਲੋਹਾ ਸਾਫ ਕੀਤਾ ਜਾਂਦਾ ਹੈ। ਇਹ ਏਨਾ ਸਖਤ ਹੁੰਦਾ ਹੈ ਕਿ ਲੋਹੇ ਦਾ ਜ਼ੰਗ ਲਾਹ ਦਿੰਦਾ ਹੈ। ਅਜਿਹੀ ਘਾਤਕ ਚੀਜ਼ ਮਨੁੱਖ ਦੇ ਅੰਦਰ ਜਾਵੇ ਤਾਂ ਸੋਚੋ ਕਿਹੋ ਜਿਹੀ ਤਬਾਹੀ ਮਚਾਏਗੀ। ਤੁਸੀਂ ਫੁੱਲ ਦਾ ਇਕ ਪੱਤਾ ਸ਼ਰਾਬ ਦੇ ਗਲਾਸ ਵਿਚ ਸੁੱਟ ਕੇ ਦੇਖੋ, ਪਲਾਂ ਵਿਚ ਇਹ ਮੁਰਝਾ ਜਾਵੇਗਾ ਤੇ ਇਨਸਾਨ ਦਾ ਅੰਦਰ ਵੀ ਤਾਂ ਫੁੱਲ ਜਿਹਾ ਹੀ ਹੁੰਦਾ ਹੈ, ਇਸ ਦਾ ਸ਼ਰਾਬ ਨਾਲ ਕੀ ਹਾਲ ਹੁੰਦਾ ਹੋਵੇਗਾ, ਇਸ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ। ਸ਼ਰਾਬ ਬੰਦੇ ਦੀ ਬੇਇਜ਼ਤੀ ਦਾ ਕਾਰਨ ਵੀ ਬਣਦੀ ਹੈ। ਪੈਸੇ ਦਾ ਖੌ ਤੇ ਸਤਿਕਾਰ ਦਾ ਘਾਣ ਹੈ ਸ਼ਰਾਬ।

       ਬਾਬੇ ਨੇ ਸ਼ਰਾਬ ਦੇ ਸਮਾਜਿਕ, ਆਰਥਿਕ ਤੇ ਸਰੀਰਕ ਨੁਕਸਾਨ ਗਿਣਵਾ ਦਿੱਤੇ ਤੇ ਨਾਲ ਹੀ ਸ਼ਰਾਬੀਆਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਵੀ ਸੁਣਾਈਆਂ। ਜੱਗੀ ਬਚਪੱਨ ਵਿਚ ਤਾਂ ਲਗਾਤਾਰ ਗੁਰਦਵਾਰੇ ਜਾਂਦਾ ਰਿਹਾ ਸੀ। ਰੱਬ ਉਪਰ ਉਸ ਨੂੰ ਅਟੁੱਟ ਯਕੀਨ ਸੀ। ਬਾਬੇ ਨਾਨਕ ਨੂੰ ਉਹ ਮਸੀਹਾ ਮੰਨਦਾ ਸੀ। ਉਸ ਦੀ ਬਾਬੇ ਇੰਦਰਜੀਤ ਦੀਆਂ ਗੱਲਾਂ ਉਪਰ ਯਕੀਨ ਬੱਝਣ ਲੱਗਿਆ। ਘਰ ਆ ਕੇ ਜੱਗੀ ਨੇ ਸ਼ਰਾਬ ਨਾ ਪੀਤੀ। ਪ੍ਰੀਤੀ ਬਹੁਤ ਖੁਸ਼ ਸੀ। ਅਗਲੇ ਐਤਵਾਰ ਬਾਬੇ ਇੰਦਰਜੀਤ ਦਾ ਦੀਵਾਨ ਸੀ। ਪ੍ਰੀਤੀ ਤੇ ਜੱਗੀ ਚਿੱਟੇ ਕਪੜੇ ਪਾ ਕੇ ਦੀਵਾਨ ਵਿੱਚ ਪੁੱਜੇ। ਜੱਗੀ ਨੂੰ ਬੜੀ ਮੁਸ਼ਕਲ ਨਾਲ ਚਿੱਟੇ ਰੰਗ ਦੀ ਪੱਗ ਲੱਭੀ ਸੀ। ਉਹ ਸਦਾ ਰੰਗਦਾਰ ਪੱਗ ਹੀ ਬੰਨਿਆਂ ਕਰਦਾ ਸੀ ਪਰ ਉਸ ਦਿਨ ਬੜੇ ਚਾਅ ਨਾਲ ਚਿੱਟੀ ਪੱਗ ਬੰਨੀ। ਪ੍ਰੀਤੀ ਨੇ ਵੀ ਸਾਦਾ ਸੂਟ ਖਰੀਦ ਲਿਆ। ਬਾਬੇ ਦਾ ਦੀਵਾਨ ਸਜਿਆ ਤਾਂ ਉਹ ਉਸ ਦੇ ਬਿਲਕੁਲ ਕਰੀਬ ਹੋ ਕੇ ਬਹਿ ਗਏ ਤੇ ਬੜੇ ਧਿਆਨ ਨਾਲ ਉਸ ਦਾ ਪ੍ਰਵਚਨ ਸੁਣਨ ਲੱਗੇ। ਅੱਜ ਬਾਬੇ ਨੇ ਸ਼ਰਾਬ 'ਤੇ ਮੀਟ ਬਾਰੇ ਹੀ ਬਹੁਤੇ ਪ੍ਰਵਚਨ ਸਣਾਏ। ਭਾਸ਼ਨ ਸੁਣਦਾ ਜੱਗੀ ਕਦੇ ਕਦੇ ਇਵੇਂ ਸਿਰ ਮਾਰਦਾ ਜਿਵੇਂ ਸਾਰੀ ਗੱਲ ਉਸ ਦੇ ਪੱਲੇ ਪੈ ਗਈ ਹੋਵੇ। ਜੱਗੀ ਨੇ ਉਸ ਹਫਤੇ ਸ਼ਰਾਬ ਨਾ ਪੀਤੀ। ਨਾ ਹੀ ਘਰ ਵਿੱਚ ਮੀਟ ਬਣਿਆਂ। ਮੀਟ ਦਾ ਤਾਂ ਉਹ ਪਹਿਲਾਂ ਵੀ ਬਹੁਤਾ ਸ਼ੌਕੀਨ ਨਹੀਂ ਸੀ। ਹੁਣ ਘਰ ਵਿੱਚ ਮੀਟ ਬਣਦਾ ਪਰ ਪੱਛਮੀ ਤਰੀਕੇ ਦਾ। ਜਿਸ ਨੂੰ ਰੌਕੀ ਜਾਂ ਪ੍ਰੀਤੀ ਨੇ ਖਾਣਾ ਹੁੰਦਾ।

       ਇਕ ਦਿਨ ਕੰਮ 'ਤੇ ਉਸ ਨੂੰ ਨਵੀ ਮਿਲ ਗਿਆ। ਨਵੀ ਆਪਣੇ ਚਾਰ ਘੰਟੇ ਓਵਰ ਟਾਈਮ ਦੇ ਲਾ ਕੇ ਨਿਕਲ ਰਿਹਾ ਸੀ ਤੇ ਜੱਗੀ ਚਾਰ ਘੰਟੇ ਲਾਉਣ ਆਇਆ ਸੀ। ਜੱਗੀ ਦੇ ਚਿੱਟੀ ਪੱਗ ਬੱਝੀ ਦੇਖ ਕੇ ਨਵੀ ਬੋਲਿਆ,

       -ਆਹ ਤਾਂ ਬਈ ਅਫਰੀਕਾ ਵਾਲਿਆਂ ਦਾ ਅਸਰ ਹੋ ਗਿਆ ਲਗਦੈ।

       ਉਸ ਨੂੰ ਪਤਾ ਸੀ ਕਿ ਅਫਰੀਕਾ ਤੋਂ ਆਏ ਲੋਕ ਚਿੱਟੀ ਪੱਗ ਬਹੁਤ ਚਾਹ ਕੇ ਪਹਿਨਦੇ ਹਨ। ਜੱਗੀ ਜ਼ਰਾ ਕੁ ਹੱਸਿਆ ਤੇ ਬੋਲਿਆ,

       -ਨਹੀਂ ਯਾਰ, ਬੱਸ ਐਵੇਂ ਹੀ ਦਿਲ ਕੀਤਾ ਤੇ ਬੰਨ ਲਈ।

       -ਕਿੱਦਾਂ, ਹੋ ਜਾਏ ਗਲਾਸੀ?

       -ਨਹੀਂ ਬਈ, ਮੈਂ ਛੱਡ ਦਿਤੀ।

       -ਛੱਡ ਦਿਤੀ? ਜੱਗੀ ਨੇ ਛੱਡ ਦਿਤੀ? ਇਹ ਕਿੱਦਾਂ ਹੋ ਗਿਆ?

       -ਯਾਰ ਨਵੀ, ਸੋਚ ਕੇ ਦੇਖ, ਸ਼ਰਾਬ ਸਾਡੇ ਅੰਦਰ ਨੂੰ ਕਿੱਦਾਂ ਵੱਢਦੀ ਐ। ਲਿਵਰ ਨੂੰ ਛਲਣੀ ਕਰਦੀ ਐ।

       -ਬਹੁਤ ਵਧੀਆ, ਬਹੁਤ ਵਧੀਆ। ਆਹ ਤਾਂ ਬਈ ਪ੍ਰੀਤੀ ਨੇ ਕਾਠੀ ਪਾ ਲਈ ਅਥਰੇ ਘੋੜੇ 'ਤੇ। ਮੈਂ ਬਹੁਤ ਖੁਸ਼ ਆਂ।

       ਨਵੀ ਦੇ ਆਖਣ 'ਤੇ ਜੱਗੀ ਹੱਸਣ ਲੱਗਾ ਤੇ ਫਿਰ ਬਾਏ ਕਹਿੰਦਾ ਤੁਰ ਗਿਆ। ਨਵੀ ਖੜਾ ਉਸ ਵਲ ਦੇਖਦਾ ਰਿਹਾ। ਉਸ ਦੀ ਤਾਂ ਚਾਲ ਵੀ ਬਦਲੀ ਹੋਈ ਸੀ। ਨਵੀ ਮਨੋਂ ਖੁਸ਼ ਸੀ। ਉਸ ਨੇ ਘਰ ਜਾ ਕੇ ਪ੍ਰੀਤੀ ਨੂੰ ਫੋਨ ਕੀਤਾ ਤੇ ਕਿਹਾ,

        -ਪ੍ਰੀਤੀ, ਜੱਗੀ ਮਿਲਿਆ ਸੀ, ਉਹ ਤਾਂ ਇਕ ਦਮ ਬਦਲ ਗਿਆ। ਕਹਿੰਦਾ ਸ਼ਰਾਬ ਛੱਡ ਦਿਤੀ, ਇਹ ਤਾਂ ਬਹੁਤ ਹੀ ਵਧੀਆ ਗੱਲ ਐ। ਵਧਾਈਆਂ ਹੋਣ!

       -ਨਵੀ, ਇਹ ਤਾਂ ਸਾਰੀ ਬਾਬੇ ਇੰਦਰਜੀਤ ਦੀ ਮਿਹਰਬਾਨੀ ਐ। ਬਹੁਤ ਪਹੁੰਚਿਆ ਹੋਇਆ ਬਾਬਾ ਐ। ਦੇਖ ਜੱਗੀ ਨੂੰ ਕਿੱਦਾਂ ਰਾਹੇ ਲੈ ਆਇਆ। ਨਵੀ, ਮੈਂ ਤੈਨੂੰ ਸਲਾਹ ਦੇਵਾਂਗੀ ਕਿ ਪਲਵੀ ਨੂੰ ਲੈ ਕੇ ਉਹਦੇ ਕੋਲ ਜਾ, ਸ਼ਾਇਦ ਰੱਬ ਸੁਣ ਲਵੇ ਤੇ ਬੱਚਾ ਝੋਲੀ ਪਾ ਦੇਵੇ।

       -ਪ੍ਰੀਤੀ, ਸੱਚੀ ਗੱਲ ਦੱਸਾਂ, ਇਹ ਇੰਦਰਜੀਤ ਮੇਰੇ ਭਰਾ ਦਾ ਦੋਸਤ ਐ। ਹੁਣ ਤਾਂ ਬਹੁਤ ਦੇਰ ਹੋ ਗਈ ਮਿਲੇ ਨੂੰ ਪਰ ਇਹ ਲੱਤ ਜਿੱਡੀ ਬੋਤਲ ਬਕਾਰਡੀ ਦੀ ਪੀ ਜਾਇਆ ਕਰਦਾ ਸੀ।

       -ਜੋ ਵੀ ਹੋਵੇ ਪਰ ਉਹਨੇ ਜੱਗੀ ਨੂੰ ਸਿੱਧੇ ਰਾਹ ਲੈ ਆਂਦਾ, ਮੇਰੇ ਲਈ ਤਾਂ ਉਹੀ ਰੱਬ ਐ।

       ਪ੍ਰੀਤੀ ਨੇ ਆਪਣੇ ਦਿਲ ਦੀ ਗੱਲ ਕਹੀ।

       ਹੁਣ ਪ੍ਰੀਤੀ ਨਛੱਤਰ ਤੋਂ ਬਚਣ ਲੱਗੀ ਸੀ। ਉਹ ਫੋਨ ਕਰਦਾ ਤਾਂ ਪ੍ਰੀਤੀ ਨੂੰ ਕਾਹਲੀ ਹੁੰਦੀ ਕਿ ਫੋਨ ਰੱਖ ਦੇਵੇ। ਨਛੱਤਰ ਵੀ ਉਸ ਦੀ ਬੇਰੁਖੀ ਸਮਝ ਰਿਹਾ ਸੀ। ਇਕ ਦਿਨ ਉਹ ਕਹਿਣ ਲੱਗਾ,

       -ਮੈਨੂੰ ਲਗਦਾ ਕਿ ਤੈਨੂੰ ਹੁਣ ਮੇਰੀ ਲੋੜ ਨਹੀਂ ਰਹੀ।

       -ਨਿੱਕ, ਮੈਂ ਨਹੀਂ ਚਾਹੁੰਦੀ ਕਿ ਮੇਰਾ ਘਰ ਟੁੱਟੇ। ਫਿਰ ਤੂੰ ਮੇਰੇ ਲਈ ਕੀਤਾ ਵੀ ਤਾਂ ਕੁਝ ਨਹੀਂ। ਘਰ ਆਪਣਾ ਨੀਸ਼ਾ ਨੂੰ ਦੇ ਦਿੱਤਾ। ਮੇਰਾ ਘਰ ਦਾ ਸੁਫਨਾ ਓਦਾਂ ਦਾ ਓਦਾਂ ਹੀ ਰਹਿ ਗਿਆ।

       -ਘਰ ਦਾ ਸੁਫਨਾ ਤਾਂ ਏਸ ਸ਼ਰਾਬੀ ਨੇ ਵੀ ਪੂਰਾ ਨਹੀਂ ਕਰਨਾ।

       -ਪਹਿਲੀ ਗੱਲ ਤਾਂ ਤੂੰ ਉਹਨੂੰ ਸ਼ਰਾਬੀ ਨਾ ਕਹਿ ਦੂਜੀ ਗੱਲ ਤੈਨੂੰ ਦੱਸਿਆ ਸੀ ਕਿ ਇਹ ਇੰਡੀਆ ਵਿਚ ਮਿਲੀਅਨੇਅਰ ਐ।

       -ਮਿਲੀਅਨੇਅਰ ਓਦੋਂ ਬਣੇਗਾ ਜਦੋਂ ਪਿਓ ਮਰੇਗਾ। ਨਾ ਉਹ ਮਰੇ ਤੇ ਨਾ ਇਹ ਬਣੇ। ਤੂੰ ਰੁਲ਼ ਏਹਦੇ ਨਾਲ ਜਦ ਤਕ।

       -ਨਿੱਕ, ਤੂੰ ਆਪਣੇ ਕੰਮ ਨਾਲ ਕੰਮ ਰੱਖ, ਮੇਰੇ ਬਾਰੇ ਫਿਕਰ ਨਾ ਕਰ।

       ਪ੍ਰੀਤੀ ਨੇ ਗੁੱਸੇ ਵਿੱਚ ਕਿਹਾ ਤੇ ਨਛੱਤਰ ਨੇ ਫੋਨ ਰੱਖ ਦਿਤਾ। ਇਵੇਂ ਉਹ ਕਈ ਵਾਰ ਫੋਨ ਉਪਰ ਲੜ ਪੈਂਦੇ ਸਨ। ਕਦੇ-ਕਦੇ ਨਛੱਤਰ ਮੌਕਾ ਦੇਖ ਕੇ ਘਰ ਆ ਜਾਂਦਾ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਪ੍ਰੀਤੀ ਨੂੰ ਮਨਾ ਲੈਂਦਾ। ਉਸ ਨੂੰ ਖੁਸ਼ ਕਰ ਲੈਂਦਾ। ਖੁਸ਼ ਹੋਈ ਪ੍ਰੀਤੀ ਉਸ ਨੂੰ ਆਪਣੇ ਨਾਲ ਸੌਂ ਲੈਣ ਦਿੰਦੀ। ਭਾਵੇਂ ਮਨ ਵਿਚ ਉਹਦੇ ਗੁਨਾਹ ਭਾਵਨਾ ਵੀ ਆਉਂਦੀ ਪਰ ਇਸ ਤੋਂ ਉਹ ਜਲਦੀ ਹੀ ਛੁਟਕਾਰਾ ਪਾ ਲੈਂਦੀ।

       ਜੱਗੀ ਨੂੰ ਇਸ ਦਾ ਕੁਝ ਨਹੀਂ ਸੀ ਪਤਾ। ਨਛੱਤਰ ਬਹੁਤ ਦਿਨਾਂ ਤੋਂ ਉਸ ਨੂੰ ਮਿਲਿਆ ਨਹੀਂ ਸੀ। ਉਸ ਨੇ ਨਛੱਤਰ ਬਾਰੇ ਕੋਈ ਗੱਲ ਵੀ ਨਹੀਂ ਸੀ ਕੀਤੀ। ਆਪਣੇ ਕੰਮ ਉਹ ਹੁਣ ਜ਼ਿਆਦਾਤਰ ਬੱਸਾਂ ਰਾਹੀਂ ਹੀ ਕਰਦੇ। ਇਕ ਦੋ ਵਾਰ ਸ਼ੌਪਿੰਗ ਨਵੀ ਨੇ ਕਰਾ ਦਿੱਤੀ ਸੀ।

       ਇਕ ਦਿਨ ਪ੍ਰੀਤੀ ਦੇ ਪੇਟ ਵਿੱਚ ਅਜਿਹਾ ਦਰਦ ਉਠਿਆ ਕਿ ਉਸ ਨੂੰ ਐਂਬੂਲੈਂਸ ਸੱਦਣੀ ਪਈ। ਉਸ ਦੇ ਬੱਚੇਦਾਨੀ ਵਿਚ ਰਸੌਲੀ ਬਾਰੇ ਡਾਕਟਰਾਂ ਨੇ ਦੱਸਿਆ ਹੋਇਆ ਸੀ ਤੇ ਇਸ ਦਾ ਓਪਰੇਸ਼ਨ ਹੋਣ ਬਾਰੇ ਵੀ ਕਹਿ ਦਿਤਾ ਹੋਇਆ ਸੀ ਪਰ ਕੁਝ ਦੇਰ ਠਹਿਰ ਕੇ। ਉਹ ਹਸਪਤਾਲ ਗਈ ਤਾਂ ਡਾਕਟਰ ਕਹਿਣ ਲੱਗੇ ਕਿ ਉਸ ਦਾ ਜਲਦੀ ਹੀ ਓਪਰੇਸ਼ਨ ਕਰਨਾ ਪੈਣਾ ਹੈ। ਜੱਗੀ ਨੂੰ ਕੰਮ 'ਤੇ ਹੀ ਪਤਾ ਲੱਗਿਆ। ਉਹ ਛੁੱਟੀ ਕਰਕੇ ਉਸੇ ਵੇਲੇ ਹੀ ਹਸਪਤਾਲ ਨੂੰ ਭੱਜ ਤੁਰਿਆ। ਦੋ ਕੁ ਦਿਨਾਂ ਵਿੱਚ ਹੀ ਪ੍ਰੀਤੀ ਦਾ ਓਪਰੇਸ਼ਨ ਹੋ ਗਿਆ। ਰਸੌਲੀ ਕੱਢ ਦਿਤੀ ਗਈ ਪਰ ਉਸ ਦੇ ਮੁੜ ਕੇ ਮਾਂ ਬਣਨ ਦੇ ਮੌਕੇ ਵੀ ਖਤਮ ਹੋ ਗਏ। ਇਸ ਗੱਲ 'ਤੇ ਉਹ ਬਹੁਤ ਉਦਾਸ ਸੀ। ਜੱਗੀ ਉਸ ਦੀ ਉਦਾਸੀ ਨੂੰ ਦੂਰ ਭਜਾਉਣ ਲਈ ਬੋਲਿਆ,

       -ਇਹ ਤਾਂ ਸਗੋਂ ਵਧੀਆ ਹੋ ਗਿਆ। ਤੂੰ ਮਹੀਨੇ ਬਾਅਦ ਪੈਂਦੇ ਯੱਬ ਤੋਂ ਛੁੱਟ ਗਈ। ਬੱਚਾ ਤਾਂ ਅੱਜਕਲ ਇਕ ਹੀ ਪਲ਼ ਜਾਵੇ ਤਾਂ ਬਹੁਤ ਐ। ਸਾਡਾ ਇਕ ਰੌਕੀ ਹੀ ਲੱਖਾਂ ਵਰਗੈ।

       ਪ੍ਰੀਤੀ ਮਹੀਨਾ ਭਰ ਹਸਪਤਾਲ ਰਹੀ। ਜੱਗੀ ਉਸ ਨੂੰ ਹਰ ਰੋਜ਼ ਦੇਖਣ ਜਾਂਦਾ। ਕਦੇ ਰੌਕੀ ਨੂੰ ਉਹ ਨਾਲ ਲੈ ਜਾਂਦਾ ਤੇ ਕਦੇ ਇਕੱਲਾ ਹੀ। ਕੰਮ 'ਤੇ ਜਾਣ ਤੋਂ ਪਹਿਲਾਂ ਚਾਰ ਵਜੇ ਤੋਂ ਪੰਜ ਵਜੇ ਤਕ ਪ੍ਰੀਤੀ ਕੋਲ ਹੁੰਦਾ ਤੇ ਉਸ ਦਾ ਹੱਥ ਫੜ ਕੇ ਬੈਠਾ ਰਹਿੰਦਾ। ਸੱਤ ਕੁ ਵਜੇ ਨਛੱਤਰ ਆ ਜਾਂਦਾ ਤੇ ਉਹ ਵੀ ਪ੍ਰੀਤੀ ਦੀ ਪੂਰੀ ਟਹਿਲ ਸੇਵਾ ਕਰਦਾ। ਜੱਗੀ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਚਲਦਾ। ਪ੍ਰੀਤੀ ਦੇ ਆਲੇ ਦੁਆਲੇ ਦੇ ਮਰੀਜ਼ ਹੈਰਾਨ ਹੋਏ ਇਹ ਸਭ ਦੇਖਦੇ ਰਹਿੰਦੇ। ਪ੍ਰੀਤੀ ਨੂੰ ਪੁੱਛਦੇ ਤਾਂ ਕਹਿ ਦਿੰਦੀ ਕਿ ਇਕ ਮੇਰਾ ਪਤੀ ਹੈ ਤੇ ਦੂਜਾ ਮੇਰੇ ਮਾਮੇ ਦਾ ਮੁੰਡਾ ਹੈ।

       ਪ੍ਰੀਤੀ ਘਰ ਆ ਗਈ। ਹੌਲੀ-ਹੌਲੀ ਉਹ ਠੀਕ ਹੋਣ ਲੱਗੀ। ਜ਼ਿੰਦਗੀ ਪਹਿਲਾਂ ਵਾਂਗ ਤੁਰ ਪਈ। ਇਕ ਦਿਨ ਸਵੇਰੇ ਜੱਗੀ ਕੰਮ ਤੋਂ ਵਾਪਸ ਆਇਆ ਤਾਂ ਕੀ ਦੇਖਦਾ ਹੈ ਕਿ ਟੇਬਲ 'ਤੇ ਨਛੱਤਰ ਦੀਆਂ ਐਨਕਾਂ ਪਈਆਂ ਸਨ। ਉਹ ਗੁੱਸੇ ਵਿੱਚ ਤਪਣ ਲੱਗਿਆ। ਉਸ ਨੇ ਐਨਕਾਂ ਲਕੋ ਲਈਆਂ। ਰੌਕੀ ਉਠਿਆ ਤਾਂ ਉਸ ਨੂੰ ਪਰਦੇ ਨਾਲ ਪੁੱਛਣ ਲੱਗਾ,

       -ਰਾਤੀਂ ਨਿੱਕ ਅੰਕਲ ਆਇਆ ਸੀ?

        ਰੌਕੀ ਨੇ ਮੂੰਹੋਂ ਕੁਝ ਬੋਲੇ ਬਿਨਾਂ 'ਹਾਂ' ਵਿਚ ਸਿਰ ਮਾਰ ਦਿਤਾ। ਉਸ ਨੇ ਪ੍ਰੀਤੀ ਨੂੰ ਪੁੱਛਿਆ ਤਾਂ ਪਹਿਲਾਂ ਉਹ ਮੁਕਰ ਗਈ ਪਰ ਜਦ ਐਨਕਾਂ ਦੇਖੀਆਂ ਤਾਂ ਬੋਲੀ,

        -ਲੁਕ ਜੈਗ, ਉਹ ਮੇਰੀ ਖ਼ਬਰ ਲੈਣ ਆਇਆ ਸੀ, ਮੈਂ ਤੈਨੂੰ ਦੱਸ ਕੇ ਤੈਨੂੰ ਤਕਲੀਫ ਨਹੀਂ ਸੀ ਦੇਣਾ ਚਾਹੁੰਦੀ। ਇਸ ਤੋਂ ਵੱਧ ਕੁਝ ਨਹੀਂ।"

       -ਆਪਣੇ ਵਿਚ ਕੀ ਸਮਝੌਤਾ ਹੋਇਆ ਸੀ ਕਿ ਤੂੰ ਉਹਨੂੰ ਮੁੜ ਕੇ ਨਹੀਂ ਮਿਲਣਾ।

       -ਤੂੰ ਖਾਹਮਖਾਹ ਮੇਰੇ 'ਤੇ ਸ਼ੱਕ ਕਰੀ ਜਾ ਰਿਹਾਂ ਤੇ ਘਰ ਦਾ ਮਹੌਲ ਖਰਾਬ ਕਰ ਰਿਹੈਂ। ਮੈਂ ਕਿੰਨੀ ਵਾਰ ਕਹਾਂ ਕਿ ਉਹ ਮੇਰਾ ਭਰਾ ਐ, ਭਰਾ!

        ਆਖਦਿਆਂ ਉਸ ਨੇ ਹੱਥ ਇਵੇਂ ਝਟਕਿਆ ਜਿਵੇਂ ਆਖਰੀ ਗੱਲ ਕਹਿ ਰਹੀ ਹੋਵੇ। ਜੱਗੀ ਉਠ ਕੇ ਬਾਹਰ ਨਿਕਲ ਗਿਆ ਤੇ ਸ਼ਰਾਬ ਦੀ ਬੋਲਤ ਲੈ ਆਇਆ। ਫਿਰ ਉਹੀ ਕੰਮ ਸ਼ੁਰੂ। ਇਕ ਦਿਨ ਉਸ ਨੇ ਨਛੱਤਰ ਨੂੰ ਫੋਨ ਕੀਤਾ ਤੇ ਕਿਹਾ,

       -ਨਿੱਕ, ਤੈਨੂੰ ਪਤਾ ਕਿ ਮੇਰੀ ਵਾਈਫ ਭੋਲ਼ੀ ਐ, ਤੂੰ ਉਹਦਾ ਫਾਇਦਾ ਉਠਾ ਰਿਹਾਂ।

       -ਜੈਗ, ਉਹ ਮੇਰੀ ਭੈਣ ਆਂ। ਤੂੰ ਫੇਰ ਭੈਣ-ਭਰਾ ਦੇ ਰਿਸ਼ਤੇ ਨੂੰ ਗਾਲ਼ ਕੱਢ ਰਿਹੈਂ।

       ਏਨਾ ਕਹਿ ਕੇ ਉਸ ਨੇ ਫੋਨ ਰੱਖ ਦਿਤਾ। ਜੱਗੀ ਇਕ ਵਾਰ ਫਿਰ ਦੁਚਿੱਤੀ ਜਿਹੀ ਨਾਲ ਸੋਚਣ ਲੱਗ ਪਿਆ।

       ਇਕ ਦਿਨ ਦੇਵਨ ਦਾ ਫੋਨ ਆਇਆ। ਕਹਿਣ ਲੱਗਾ,

       -ਮੈਨੂੰ ਗਲਾਸਗੋ ਦੁਕਾਨ ਮਿਲ ਗਈ ਐ, ਮੈਂ ਘਰ ਵੇਚ ਦਿਤੈ ਤੇ ਕੁਝ ਦਿਨਾਂ ਵਿਚ ਗਲਾਸਗੋ ਚਲੇ ਜਾਣਾਂ।

       -ਇਹ ਤਾਂ ਵਧੀਆ ਗੱਲ ਐ, ਕਿੱਦਣ ਜਾਣੈਂ?

       -ਅਗਲੇ ਮੰਡੇ।

       -ਫਿਰ ਸੰਡੇ ਨੂੰ ਫੇਅਰਵੈੱਲ ਪਾਰਟੀ ਹੋ ਜਾਏ।

       -ਹੁਣ ਤਾਂ ਹੁਣ ਤੁਹਾਡੀ ਮਰਜ਼ੀ ਐ।

       -ਮੈਂ ਨਵੀ ਨਾਲ ਗੱਲ ਕਰਕੇ ਟਾਈਮ ਸੈੱਟ ਕਰਦਾਂ ਤੇ ਫੇਰ ਤੈਨੂੰ ਫੋਨ ਕਰਦਾਂ।

       ਜੱਗੀ ਨੇ ਕਿਹਾ। ਉਸੇ ਵੇਲੇ ਉਸ ਨੇ ਨਵੀ ਨੂੰ ਫੋਨ ਕਰਕੇ ਐਤਵਾਰ ਦੁਪਿਹਰ ਨੂੰ 'ਏਅਰਪੋਰਟ ਸਪੌਟ' ਵਿੱਚ ਮਿਲਣ ਦਾ ਵਾਅਦਾ ਕਰ ਲਿਆ। ਜੱਗੀ ਦਾ ਹਾਲੇ ਵੀ ਲਾਇਸੰਸ ਨਹੀਂ ਸੀ ਆਇਆ। ਉਸ ਨੂੰ ਤੇ ਨਵੀ ਨੂੰ ਵੀ ਦੇਵਨ ਨੇ ਹੀ ਚੁੱਕ ਲਿਆ। ਬਾਰਾਂ ਕੁ ਵਜੇ ਦੇ ਪੱਬ ਵਿੱਚ ਬੈਠੇ ਤਿੰਨ ਵਜੇ ਤਕ ਪੀਂਦੇ ਰਹੇ। ਤਿੰਨੋ ਸ਼ਰਾਬੀ। ਕਾਰ ਚਲਾਉਣ ਜੋਗਾ ਕੋਈ ਵੀ ਨਹੀਂ ਸੀ। ਨਵੀ ਬੋਲਿਆ,

       -ਟੈਕਸੀ ਕਰ ਲੈਨੇ ਆਂ। ਗੱਡੀ ਨੂੰ ਇਥੇ ਹੀ ਰਹਿਣ ਦੇਈਏ।

       ਦੇਵਨ ਆਪਣੀ ਕਾਰ ਦੀਆਂ ਚਾਬੀਆਂ ਜੱਗੀ ਵਲ ਸੁਟਦਾ ਬੋਲਿਆ,

       -ਅਬ ਤੁਮਾਹਰੇ ਹਵਾਲੇ ਵਤਨ ਸਾਥੀਓ!

       ਜੱਗੀ ਨੇ ਚਾਬੀਆਂ ਚੁੱਕ ਕੇ ਮੇਜ਼ ਉਪਰ ਰੱਖ ਦਿੱਤੀਆਂ ਤੇ ਉਹ ਪੱਬ ਦੇ ਮੈਨੇਜਰ ਨੂੰ ਜਾ ਕੇ ਕਹਿਣ ਲੱਗਾ,

       -ਗਵਨਾ, ਪਲੀਜ਼ ਕਾਲ ਅਸ ਕੈਬ।

       ਪੱਬ ਦਾ ਗਵਨਾ ਉਹਨੂੰ ਇਕ ਨੰਬਰ ਦਿੰਦਾ ਬੋਲਿਆ,

       -ਹਿਅਰ'ਜ਼ ਨੰਬਰ।

       ਉਸ ਦਾ ਮਤਲਬ ਸੀ ਕਿ ਆਪ ਹੀ ਕਾਲ ਕਰ ਲਵੋ। ਜੱਗੀ ਨੇ ਆਪਣੇ ਨਵੇਂ ਲਏ ਮੁਬਾਈਲ ਤੋਂ ਫੋਨ ਕੀਤਾ ਤਾਂ ਜਵਾਬ ਮਿਲਿਆ ਕਿ ਤੀਹ ਮਿੰਟ ਤੋਂ ਚਾਲੀ ਮਿੰਟ ਦੀ ਉਡੀਕ ਹੈ। ਏਨੇ ਚਿਰ ਵਿੱਚ ਉਹਨਾਂ ਨੇ ਇਕ ਇਕ ਹੋਰ ਗਲਾਸ ਪੀ ਲਿਆ ਪਰ ਟੈਕਸੀ ਵਾਲਾ ਨਾ ਆਇਆ। ਉਧਰੋਂ ਪ੍ਰੀਤੀ ਉਸ ਨੂੰ ਫੋਨ ਤੇ ਫੋਨ ਕਰੀ ਜਾ ਰਹੀ ਸੀ ਕਿ ਜਲਦੀ ਘਰ ਨੂੰ ਆਵੇ। ਜੱਗੀ ਦੇਵਨ ਨੂੰ ਬੋਲਿਆ,

       -ਚੱਲ ਮੈਂ ਗੱਡੀ ਚਲਾਉਂਨਾ, ਕਿਤੇ ਨਹੀਂ ਕੁਝ ਹੁੰਦਾ।

       ਨਵੀ ਨੇ ਬਹੁਤ ਰੋਕਿਆ ਪਰ ਜੱਗੀ ਨਾ ਰੁਕਿਆ। ਚਾਬੀਆਂ ਚੁੱਕਦਾ ਤੁਰ ਪਿਆ। ਦੇਵਨ ਉਸ ਦੇ ਨਾਲ ਹੋ ਤੁਰਿਆ ਪਰ ਨਵੀ ਵੀ ਪੈਰ ਮਲ਼ਦਾ ਨਾਲ ਹੀ ਉਠ ਖੜਿਆ। ਕਾਰ ਸਟਾਰਟ ਕਰ ਕੇ ਜੱਗੀ ਏ ਫੋਰ 'ਤੇ ਆ ਗਿਆ। ਕਾਰ ਠੀਕ ਚੱਲ ਰਹੀ ਸੀ ਪਰ ਲਾਈਟਾਂ 'ਤੇ ਆ ਕੇ ਉਸ ਦਾ ਸਟੇਅਰਿੰਗ 'ਤੇ ਕਾਬੂ ਨਾ ਰਿਹਾ। ਉਸ ਦੇ ਅੱਗੇ ਮਿਲਟਰੀ ਦੀ ਜੀਪ ਖੜੀ ਸੀ ਤੇ ਕਾਰ ਨੇ ਹਲਕੇ ਜਿਹੇ ਜੀਪ ਨੂੰ ਟੱਚ ਕਰ ਦਿਤਾ। ਮਿਲਟਰੀ ਵਾਲਿਆ ਨੇ ਉੱਤਰ ਕੇ ਆਪਣੀ ਜੀਪ ਦੇਖੀ। ਕੋਈ ਨੁਕਸਾਨ ਨਹੀਂ ਸੀ ਹੋਇਆ ਪਰ ਜੱਗੀ ਡਰ ਗਿਆ। ਉਸ ਨੇ ਇਕ ਪਾਸੇ ਦੀ ਕੱਢ ਕੇ ਕਾਰ ਭਜਾ ਲਈ। ਮਗਰੇ ਹੀ ਮਿਲਟਰੀ ਵਾਲੇ। ਉਸ ਨੇ ਇਕ ਅਣਜਾਣੀ ਜਿਹੀ ਸੜਕ ਵਿਚ ਕਾਰ ਪਾ ਲਈ ਤੇ ਇਕ ਪਾਰਕ ਜਿਹੇ ਕੋਲ ਰੋਕ ਕੇ ਭੱਜ ਤੁਰਿਆ। ਮਿਲਟਰੀ ਵਾਲਿਆਂ ਦੀ ਸ਼ੱਕ ਹੁਣ ਤਕ ਵਧ ਚੁੱਕੀ ਸੀ। ਉਹਨਾਂ ਨੇ ਪੰਜਾਹ ਕੁ ਗੱਜ਼ 'ਤੇ ਜਾ ਢਾਹਿਆ।




ਚੌਦਾਂ


       ਹਾਲੇ ਦਿਨ ਖੜਾ ਸੀ। ਜੱਗੀ ਨੂੰ ਪੁਲੀਸ ਲੈ ਗਈ। ਦੇਵਨ ਤੇ ਨਵੀ ਉਥੇ ਖੜੇ ਦੇਖਦੇ ਰਹੇ। ਦੇਵਨ ਬੋਲਿਆ,

       -"ਕਾਰ ਇਥੇ ਹੀ ਰਹਿਣ ਦਿੰਨੇ ਆ, ਨਸ਼ਾ ਉਤਰੇ 'ਤੇ ਲੈ ਜਾਵਾਂਗੇ।"

       ਨਵੀ ਕੁਝ ਨਾ ਬੋਲਿਆ। ਉਹ ਹਾਲੇ ਵੀ ਸ਼ੌਕ ਅਵਸਥਾ ਵਿਚ ਸੀ। ਉਹ ਦੋਵੇਂ ਤੁਰ ਪਏ। ਇਕ ਟੈਕਸੀ ਆਈ। ਉਸ ਨੂੰ ਹੱਥ ਦੇ ਕੇ ਬਹਿ ਗਏ। ਪਹਿਲਾਂ ਨਵੀ ਉਤਰਿਆ ਤੇ ਫਿਰ ਦੇਵਨ। ਨਵੀ ਨੂੰ ਦੇਵਨ ਉਪਰ ਗੁੱਸਾ ਸੀ। ਉਸ ਨੇ ਹੀ ਚਾਬੀਆਂ ਜੱਗੀ ਵਲ ਸੁੱਟੀਆਂ ਸਨ। ਜੱਗੀ ਤਾਂ ਪਹਿਲਾਂ ਹੀ ਸੌਖੇ ਜਿਹੇ ਸੁਭਾਅ ਦਾ ਬੰਦਾ ਸੀ। ਕਿੰਨੀ ਵਾਰੀ ਦੇਵਨ ਜੱਗੀ ਨੂੰ ਖਰਾਬ ਕਰ ਚੁੱਕਿਆ ਸੀ। ਉਸ ਦਾ ਦਿਲ ਕੀਤਾ ਕਿ ਪ੍ਰੀਤੀ ਨੂੰ ਫੋਨ ਕਰ ਕੇ ਸਭ ਦੱਸ ਦੇਵੇ ਪਰ ਫਿਰ ਉਸ ਦੇ ਮਿਹਣਿਆਂ ਤੋਂ ਡਰ ਗਿਆ। ਉਸ ਨੇ ਇਹੋ ਕਹਿਣਾ ਸੀ ਕਿ ਉਸ ਨੇ ਜੱਗੀ ਦਾ ਧਿਆਨ ਕਿਉਂ ਨਾ ਰੱਖਿਆ, ਉਸ ਨੂੰ ਕਾਰ ਕਿਉਂ ਚਲਾਉਣ ਦਿਤੀ। ਸ਼ਾਮ ਜਿਹੇ ਨੂੰ ਪ੍ਰੀਤੀ ਦਾ ਹੀ ਫੋਨ ਆ ਗਿਆ। ਉਹ ਹਿਰਖ ਭਰੀ ਆਵਾਜ਼ ਵਿਚ ਬੋਲੀ,

       -ਨਵੀ, ਵਧੀਆ ਦੋਸਤੀ ਨਿਭਾਈ ਤੁਸੀਂ। ਕਰ ਦਿਤਾ ਜੈਗ ਦਾ ਕੰਮ!

       -ਪ੍ਰੀਤੀ, ਉਹ ਮੰਨਿਆਂ ਹੀ ਨਹੀਂ। ਤੂੰ ਫੋਨ ਕਰੀ ਜਾਂਦੀ ਸੀ, ਅਸੀਂ ਨਾਲ ਨਾ ਵੀ ਹੁੰਦੇ ਤਾਂ ਉਹਨੇ ਤਾਂ ਇਕੱਲੇ ਨੇ ਹੀ ਕਾਰ ਲੈ ਕੇ ਭੱਜ ਜਾਣਾ ਸੀ।

       -ਨਵੀ, ਮੈਨੂੰ ਦੇਵਨ 'ਤੇ ਤਾਂ ਹੁਣ ਗੁੱਸਾ ਹੀ ਨਹੀਂ, ਇਹ ਸਾਰਾ ਕਸੂਰ ਤੇਰਾ ਐ ਤੇਰਾ!

       -ਦੇਖ ਪ੍ਰੀਤੀ, ਤੂੰ ਮੈਨੂੰ ਏਵੇਂ ਗਿਲਟੀ ਫੀਲ ਨਾ ਕਰਾ। ਮੇਰਾ ਇਸ ਵਿਚ ਕੋਈ ਕਸੂਰ ਨਹੀਂ, ਸੱਚ ਜਾਣ।

       -ਉਹਨੂੰ ਚਾਬੀਆਂ ਕਿਹਨੇ ਦਿਤੀਆਂ ਸੀ?

       -ਚਾਬੀਆਂ ਟੇਬਲ 'ਤੇ ਹੀ ਪਈਆਂ ਸੀ।

       -ਮੈਂ ਤਾਂ ਘਰ ਵਿਚ ਚਾਬੀਆਂ ਉਹਦੇ ਤੋਂ ਛੁਪਾ ਕੇ ਰੱਖਦੀ ਆਂ, ਕੀ ਪਤਾ ਉਹਦਾ ਪਰæææ, ਮੇਰੀ ਮਾੜੀ ਕਿਸਮਤ!

       ਆਖਦੀ ਪ੍ਰੀਤੀ ਰੋਣ ਲੱਗ ਪਈ। ਨਵੀ ਚੁੱਪ ਰਿਹਾ। ਕੁਝ ਦੇਰ ਬਾਅਦ ਬੋਲੀ,

       -ਹੁਣ ਉਹਨੂੰ ਪੁਲੀਸ ਸਟੇਸ਼ਨ ਤੋਂ ਕੌਣ ਲਿਆਏਗਾ?

       -ਮੇਰੇ ਕੋਲ ਤਾਂ ਕਾਰ ਹੈ ਨਹੀਂ, ਮੈਂ ਫੋਨ ਕਰਦਾਂ ਪੁਲੀਸ ਸਟੇਸ਼ਨ, ਟੈਕਸੀ ਸੱਦ ਦੇਣਗੇ।

       -ਟੈਕਸੀ ਉਹਨਾਂ ਤੇਰੀ ਸਿਫਾਰਸ਼ ਨਾਲ ਸੱਦਣੀ ਆਂ?

       ਗੁੱਸੇ ਵਿਚ ਆਖਦਿਆਂ ਪ੍ਰੀਤੀ ਨੇ ਫੋਨ ਰੱਖ ਦਿੱਤਾ।

       ਅੱਠ ਕੁ ਵਜੇ ਤਕ ਜੱਗੀ ਘਰ ਆ ਗਿਆ। ਉਹ ਸੌਰੀ-ਸੌਰੀ ਕਰਦਾ ਜਾ ਰਿਹਾ ਸੀ ਪਰ ਪ੍ਰੀਤੀ ਗੁੱਸੇ ਵਿਚ ਰੋਈ ਜਾ ਰਹੀ ਸੀ। ਪ੍ਰੀਤੀ ਬੋਲੀ,

       -ਤੂੰ ਨਹੀਂ ਸੁਧਰਨਾ ਜੈਗ, ਤੂੰ ਨਹੀਂ ਸੁਧਰਨਾ! ਪਹਿਲਾਂ ਮੇਰੀ ਲਾਈਫ ਘੱਟ ਹੈੱਲ ਐ ਜਿਹੜੀ ਤੂੰ ਏਹਨੂੰ ਦਿਨੋ ਦਿਨ ਹੈੱਲ ਬਣਾ ਰਿਹਾਂ? ਤੈਨੂੰ ਮੇਰੇ 'ਤੇ ਕੋਈ ਤਰਸ ਨਹੀਂ ਆਉਂਦਾ?

       ਜੱਗੀ ਨੇ ਕੁਝ ਦੇਰ ਲਈ ਉਸ ਨੂੰ ਮਨ ਦੀ ਭੜਾਸ ਕੱਢ ਲੈਣ ਦਿੱਤੀ ਤੇ ਫਿਰ ਬੋਲਿਆ,

       -ਭਰਜਾਈ, ਮੈਂ ਕੋਈ ਮਰ ਤਾਂ ਨਹੀਂ ਗਿਆ! ਐਕਸੀਡੈਂਟ ਹੋ ਗਿਆ, ਮੇਰੇ ਵੱਸ ਦੀ ਗੱਲ ਥੋੜੋਂ ਆਂ। ਏਨਾ ਸ਼ੁਕਰ ਨਹੀਂ ਕਰਦੀ ਕਿ ਮੈਂ ਠੀਕ ਆਂ।

       -ਐਕਸੀਡੈਂਟ ਨੂੰ ਮੈਂ ਨਹੀਂ ਰੋ ਰਹੀ, ਮੈਂ ਤਾਂ ਰੋ ਰਹੀ ਆਂ ਜਿਹੜਾ ਤੂੰ ਬਿਨਾਂ ਲਾਇਸੰਸ, ਬਿਨਾਂ ਇੰਸ਼ੋਐਰੰਸ, ਪੀ ਕੇ ਗੱਡੀ ਚਲਾਈ ਐ। ਇਹ ਨਤੀਜਾ ਕੀ ਹੋਏਗਾ!

       -ਜੁਰਮਾਨਾ ਹੋ ਜਾਊ, ਹੋਰ ਕੀ?

       -ਜੇਲ ਹੋਏਗੀ, ਜੇਲ! ਪਤਾ ਕੁਝ?

       ਜੇਲ ਦੇ ਨਾਂ ਤੋਂ ਜੱਗੀ ਵੀ ਡਰ ਗਿਆ। ਉਸ ਨੇ ਕਿਹਾ,

       -ਜੇ ਕੇਸ ਏਡਾ ਸੀਰੀਅਸ ਹੁੰਦਾ ਤਾਂ ਉਹਨਾਂ ਨੇ ਕਦੇ ਵੀ ਮੈਨੂੰ ਸੈਲਫ-ਬੇਲ 'ਤੇ ਨਹੀਂ ਸੀ ਛੱਡਣਾ। ਸਿੱਧਾ ਕੋਰਟ ਵਿੱਚ ਲੈ ਜਾਣਾ ਸੀ।

       ਪ੍ਰੀਤੀ ਕੁਝ ਨਾ ਬੋਲੀ। ਜੱਗੀ ਆਪਣੇ ਆਪ ਨੂੰ ਹੌਸਲਾ ਦਿੰਦਾ ਸੋਚਣ ਲੱਗਾ ਕਿ ਕੁਝ ਨਹੀਂ ਹੁੰਦਾ। ਪੁਲੀਸ ਵਾਲਿਆਂ ਨੇ ਉਸ ਨੂੰ ਛੱਡਦੇ ਹੋਏ ਇਕ ਮਹੀਨੇ ਦੀ ਅਦਾਲਤ ਦੀ ਤਾਰੀਕ ਦੇ ਦਿਤੀ ਹੋਈ ਸੀ। ਉਸ ਨੇ ਨਵੀ ਨੂੰ ਫੋਨ ਕੀਤਾ। ਨਵੀ ਵੀ ਅੰਦਰੋਂ ਡਰ ਰਿਹਾ ਸੀ ਕਿ ਕੇਸ ਗੰਭੀਰ ਸੀ। ਮਿਲਟਰੀ ਦੇ ਗੱਡੀ ਵਿਚ ਗੱਡੀ ਮਾਰਨ ਤੇ ਫਿਰ ਭੱਜ ਤੁਰਨ ਨਾਲ ਕੇਸ ਪਚੀਦਾ ਹੋ ਗਿਆ ਸੀ ਪਰ ਉਹ ਜੱਗੀ ਨੂੰ ਹੌਸਲਾ ਹੀ ਦਿੰਦਾ ਰਿਹਾ।

       ਅਗਲੇ ਦਿਨ ਕੰਮ ਤੋਂ ਬਾਅਦ ਨਵੀ ਉਚੇਚ ਕਰਕੇ ਉਸ ਨੂੰ ਮਿਲਿਆ। ਜੱਗੀ ਬੋਲਿਆ,

       -ਨਵੀ ਸਿਆਂ, ਤੇਰਾ ਮਿੱਤਰ ਇਕ ਵਾਰ ਫੇਰ ਡੰਗ ਮਾਰ ਗਿਆ, ਹੈ ਨਾ?

       ਨਵੀ ਨੇ ਇਹ ਗੱਲ ਅਣਸੁਣੀ ਕਰਦਿਆਂ ਉਸ ਦੇ ਕੇਸ ਬਾਰੇ ਗੱਲ ਕਰਨ ਲੱਗਿਆ,

       -ਵਕੀਲ ਜ਼ਰੂਰ ਕਰ ਲਵੀਂ, ਜੱਜ ਵਕੀਲਾਂ ਦੀ ਬਹੁਤ ਸੁਣਦੇ ਹੁੰਦੇ ਆ।

       -ਉਹ ਤਾਂ ਕਰਨਾ ਹੀ ਪੈਣਾਂ। ਕੀ ਕਰਨਾਂ ਵੀਹ ਤਾਰੀਕ ਨੂੰ ਅਗਲੇ ਮਹੀਨੇ?

       -ਹਾਲੇ ਤਾਂ ਕੁਝ ਨਹੀਂ ਕਰਨਾ। ਚਲਾਂਗੇ, ਆਪਾਂ ਇਕੱਠੇ ਕੋਰਟ ਜਾਵਾਂਗੇ। ਜੋ ਵੀ ਹੋਇਆ ਦੇਖੀ ਜਾਵੇਗੀ।

       ਨਵੀ ਨੇ ਹੌਂਸਲਾ ਦਿੰਦਿਆਂ ਕਿਹਾ।

       ਜੱਗੀ ਦੇ ਕੇਸ ਦੀ ਤਾਰੀਕ ਆ ਗਈ। ਕੋਰਟ ਵਿਚ ਜੱਗੀ ਦੇ ਨਾਲ ਪ੍ਰੀਤੀ ਤੇ ਨਛੱਤਰ ਗਏ। ਜੱਗੀ ਆਪਣੀ ਕਾਰ ਵਿੱਚ ਪੁੱਜਾ। ਨਛੱਤਰ ਜੱਗੀ ਕੋਲ ਉਸ ਦੇ ਐਕਸੀਡੈਂਟ ਬਾਰੇ ਅਫਸੋਸ ਕਰਨ ਆਇਆ ਤਾਂ ਮੁੜ ਕੇ ਉਹ ਇਕੱਠੇ ਬੈਠਣ ਲੱਗੇ ਸਨ। ਨਛੱਤਰ ਨੂੰ ਯਕੀਨ ਸੀ ਕਿ ਜੱਗੀ ਨੂੰ ਸਜ਼ਾ ਹੋਣੀ ਹੀ ਹੋਣੀ ਹੈ। ਉਸ ਨੇ ਹੀ ਪ੍ਰੀਤੀ ਨੂੰ ਕੇਸ ਦੀ ਗੰਭੀਰਤਾ ਬਾਰੇ ਦੱਸਿਆ ਸੀ। ਜਿਥੇ ਪ੍ਰੀਤੀ ਡਰ ਰਹੀ ਸੀ ਉਥੇ ਨਛੱਤਰ ਨੂੰ ਤਸੱਲੀ ਜਿਹੀ ਮਹਿਸੂਸ ਹੋ ਰਹੀ ਸੀ। ਕੋਰਟ ਵਿਚ ਜੱਗੀ ਦਾ ਕੇਸ ਲਗਿਆ। ਉਸ ਨੂੰ ਸੌਂਹ ਖਵਾਈ ਗਈ। ਪੁਲੀਸ ਦਾ ਵਕੀਲ ਕਹਿ ਰਿਹਾ ਸੀ ਕਿ ਉਸ ਨੂੰ ਦੋ ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਜੱਗੀ ਦਾ ਵਕੀਲ ਦਲੀਲ ਦੇ ਰਿਹਾ ਸੀ ਕਿ ਇਕ ਐਕਸੀਡੈਂਟ ਵਿਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਇਸ ਕਰਕੇ ਬਿਨਾ ਲਾਇਸੰਸ ਚਲਾਉਣ ਕਾਰਨ ਉਸ ਨੂੰ ਸਿਰਫ ਜੁਰਮਾਨਾ ਹੀ ਹੋਣਾ ਚਾਹੀਦਾ ਹੈ। ਸਰਕਾਰੀ ਵਕੀਲ ਦੀ ਦਲੀਲ ਸੀ ਕਿ ਨੁਕਸਾਨ ਭਾਵੇਂ ਕੋਈ ਨਹੀਂ ਹੋਇਆ ਪਰ ਸ਼ਰਾਬ ਪੀ ਕੇ ਬਿਨਾਂ ਲਾਇਸੰਸ ਤੇ ਬਿਨਾਂ ਇੰਸ਼ੋਐਰੰਸ ਕਾਰ ਚਲਾਉਣਾ ਹੀ ਵੱਡਾ ਜੁਰਮ ਹੈ। ਕਾਫੀ ਬਹਿਸ ਤੋਂ ਬਾਅਦ ਜੱਗੀ ਨੂੰ ਅੱਠ ਮਹੀਨੇ ਦੀ ਖੁਲ੍ਹੇ ਜੇਲ ਦੀ ਕੇਦ ਹੋ ਗਈ। ਖੁਲ੍ਹੀ ਜੇਲ ਜਿਸ ਵਿਚ ਕੋਈ ਮੁਸ਼ੱਕਤੀ ਕੰਮ ਨਹੀਂ ਹੁੰਦਾ। ਉਸ ਨੂੰ ਚਾਰ ਮਹੀਨੇ ਕੱਟਣੇ ਪੈਣੇ ਸਨ। ਜੱਗੀ ਨੇ ਸਭ ਨੂੰ ਵੱਡੀ ਸਾਰੀ ਮੁਸਕ੍ਰਾਹਟ ਦਿਤੀ ਕਿ ਖੁਲ੍ਹੀ ਜੇਲ ਨਾਲ ਹੀ ਛੁਟਕਾਰਾ ਹੋ ਗਿਆ ਸੀ। ਅੰਦਰੋਂ ਉਹ ਵੀ ਡਰਿਆ ਹੋਇਆ ਸੀ। ਕੇਸ ਦੀ ਗੰਭੀਰਤਾ ਨੂੰ ਉਹ ਵੀ ਸਮਝਦਾ ਸੀ। ਉਸ ਨੂੰ ਉਸੇ ਵੇਲੇ ਹਿਰਾਸਤ ਵਿਚ ਲੈ ਲਿਆ ਗਿਆ। ਉਸ ਨੇ ਸਭ ਨੂੰ ਹੱਥ ਹਿਲਾ ਕੇ ਅਲਵਿਦਾ ਕਹੀ ਤੇ ਪੁਲੀਸ ਨਾਲ ਚਲੇ ਗਿਆ।

       ਉਸ ਦਿਨ ਤੋਂ ਬਾਅਦ ਬਹੁਤ ਕੁਝ ਬਦਲ ਗਿਆ। ਨਛੱਤਰ ਪੱਕੇ ਤੌਰ 'ਤੇ ਹੀ ਪ੍ਰੀਤੀ ਨਾਲ ਆ ਕੇ ਰਹਿਣ ਲੱਗ ਪਿਆ। ਪ੍ਰੀਤੀ ਨੂੰ ਹੁਣ ਸਹਾਰੇ ਦੀ ਵੀ ਲੋੜ ਸੀ। ਨਛੱਤਰ ਆਲੇ ਦੁਆਲੇ ਹੁੰਦਾ ਤਾਂ ਉਹ ਦਾ ਹੌਂਸਲਾ ਜਿਹਾ ਬਣਿਆਂ ਰਹਿੰਦਾ। ਉਹ ਸੋਚਦੀ ਕਿ ਇਸ ਹਾਲਾਤ ਵਿੱਚ ਜੇ ਨਛੱਤਰ ਉਸ ਦੇ ਨਾਲ ਨਾ ਹੁੰਦਾ ਤਾਂ ਉਹਦਾ ਕੀ ਬਣਦਾ। ਪ੍ਰੀਤੀ ਨੂੰ ਪਤੀ ਦੇ ਜੇਲ੍ਹ ਚਲੇ ਜਾਣ ਦੀ ਨਾਮੋਸ਼ੀ ਵੀ ਮਾਰਦੀ ਸੀ। ਉਸ ਨੇ ਸਹੇਲੀਆਂ ਨੂੰ ਮਿਲਣਾ ਛੱਡ ਦਿਤਾ। ਰੌਕੀ ਹੁਣ ਸਕੂਲ ਇਕੱਲਾ ਹੀ ਚਲੇ ਜਾਂਦਾ ਸੀ। ਜੇ ਕਿਤੇ ਲੇਟ ਵੀ ਹੋਣ ਲੱਗਦਾ ਤਾਂ ਨਛੱਤਰ ਛੱਡ ਦਿੰਦਾ।

      ਜੱਗੀ ਤੋਂ ਬਾਅਦ ਘਰ ਦੀ ਆਰਥਿਕਤਾ ਡਾਵਾਂਡੋਲ ਹੋ ਗਈ। ਆਮਦਨ ਕੋਈ ਹੈ ਨਹੀਂ ਸੀ। ਕੁਝ ਜਮਾਂ੍ਹ ਪੂੰਜੀ ਹੈ ਸੀ ਪਰ ਉਸ ਨੇ ਵੀ ਕਿੰਨੀ ਦੇਰ ਚੱਲਣਾ ਸੀ। ਨਛੱਤਰ ਘਰ ਵਿੱਚ ਕੋਈ ਖਾਸ ਪੈਸਾ ਨਹੀਂ ਸੀ ਖਰਚਦਾ। ਫਲੈਟ ਦੀ ਕਿਸ਼ਤ ਤੇ ਹੋਰ ਬਿੱਲ ਆਏ ਖੜੇ ਸਨ। ਜੱਗੀ ਦੇ ਕੰਮ ਕਰਦੇ ਹੋਣ ਕਰਕੇ ਪ੍ਰੀਤੀ ਨੂੰ ਸੋਸ਼ਲ ਸਕਿਉਰਟੀ ਵਲੋਂ ਕੋਈ ਪੈਸਾ ਨਹੀਂ ਸੀ ਮਿਲਦਾ। ਉਹ ਹਰ ਵੇਲੇ ਸੋਚਾਂ ਵਿਚ ਪਈ ਰਹਿੰਦੀ। ਉਸ ਨੇ ਨਛੱਤਰ ਨਾਲ ਗੱਲ ਸਾਂਝੀ ਕੀਤੀ ਤਾਂ ਉਹ ਬੋਲਿਆ,

       -ਇਸ ਦਾ ਇਹੋ ਤਰੀਕਾ ਹੈਗਾ ਕਿ ਤੂੰ ਸੋਸ਼ਲ ਸਕਿਉਟੀ ਵਾਲਿਆਂ ਨੂੰ ਜਾ ਕੇ ਸਾਰੀ ਗੱਲ ਦੱਸ ਤੇ ਨਾਲ ਕਹਿ ਦੇ ਕਿ ਮੈਂ ਹਸਬੈਂਡ ਛੱਡ ਦਿਤੈ। ਜੇਲ੍ਹ ਜਾਣਾ ਹਸਬੈਂਡ ਤੋਂ ਸੈਪੇਰੇਟ ਹੋਣ ਦਾ ਬਹੁਤ ਵੱਡਾ ਬਹਾਨਾ ਐ। ਇਵੇਂ ਤੈਨੂੰ ਪੈਸੇ ਵੀ ਲੱਗ ਜਾਣਗੇ ਤੇ ਕਿਸ਼ਤ ਵੀ ਉਹਨਾਂ ਨੇ ਦੇਈ ਜਾਣੀ ਆਂ। ਇਹੋ ਇਕ ਰਾਹ ਐ। ਜੱਗੀ ਨਾਲ ਗੱਲ ਕਰਕੇ ਦੇਖ ਲੈ ਇਹਦੇ ਬਾਰੇ।

      ਜੇਲ੍ਹ ਵਿੱਚੋਂ ਜੱਗੀ ਫੋਨ ਕਰਦਾ ਰਹਿੰਦਾ ਸੀ। ਪ੍ਰੀਤੀ ਨੇ ਸਾਰੀ ਗੱਲ ਉਸ ਨੂੰ ਦੱਸੀ। ਉਸ ਨੂੰ ਵੀ ਇਹੋ ਇਕ ਰਾਹ ਦਿਸ ਰਿਹਾ ਸੀ। ਪਤੀ ਨਾਲ ਅਲਿਹਦਗੀ ਦਿਖਾ ਕੇ ਵਧੇਰੇ ਪੈਸੇ ਮਿਲ ਸਕਦੇ ਸਨ। ਨਹੀਂ ਤਾਂ ਬੇਸਿਕ ਜਿਹਾ ਰੇਟ ਹੀ ਮਿਲਣਾ ਸੀ। ਅਗਲੇ ਦਿਨ ਹੀ ਪ੍ਰੀਤੀ ਸੋਸ਼ਲ ਸਕਿਉਰਟੀ ਦੇ ਦਫਤਰ ਜਾ ਕੇ ਆਪਣਾ ਕਲੇਮ ਭਰ ਆਈ ਤੇ ਦੋ ਕੁ ਹਫਤੇ ਵਿੱਚ ਉਸ ਨੂੰ ਪਹਿਲਾ ਚੈੱਕ ਆ ਗਿਆ। ਉਹ ਬਹੁਤ ਖੁਸ਼ ਸੀ। ਇਕ ਬਹੁਤ ਵੱਡੀ ਮੁਸੀਬਤ ਤੋਂ ਰਾਹਤ ਮਿਲ ਗਈ ਸੀ। ਮਹੀਨੇ ਕੁ ਬਾਅਦ ਨਛੱਤਰ ਤੇ ਪ੍ਰੀਤੀ ਜੱਗੀ ਨੂੰ ਮਿਲਣ ਗਏ। ਦੋ ਘੰਟੇ ਬੈਠ ਕੇ ਗੱਲਾਂ ਕਰਦੇ ਰਹੇ। ਜੱਗੀ ਚੜਦੀ ਕਲਾ ਵਿੱਚ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨਾਂ ਦੋਨਾਂ ਨੂੰ ਇਕੱਠਿਆਂ ਦੇਖ ਕੇ ਉਸ ਨੂੰ ਦੇਵਨ ਦੀਆਂ ਗੱਲਾਂ ਚੇਤੇ ਆ ਰਹੀਆਂ ਸਨ ਪਰ ਇਹ ਵੇਲਾ ਅਜਿਹੀਆਂ ਗੱਲਾਂ ਸੋਚਣ ਦਾ ਨਹੀਂ ਸੀ।

       ਅਗਲੀ ਵਾਰ ਨਵੀ ਮਿਲਣ ਗਿਆ। ਉਹ ਇਕੱਲਾ ਹੀ ਗਿਆ। ਜੱਗੀ ਨੇ ਉਸ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਜੇਲ੍ਹ ਅੰਦਰਲੀ ਜ਼ਿੰਦਗੀ ਨਾਲ ਉਹ ਸਹਿਜ ਸੀ। ਉਥੇ ਉਹਦੇ ਵਰਗੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਹੀ ਸਨ। ਉਹਨਾਂ ਦੀਆਂ ਕਈ ਕਹਾਣੀਆਂ ਉਸ ਨੇ ਨਵੀ ਨੂੰ ਸੁਣਾਈਆਂ। ਫਿਰ ਉਹ ਕਹਿਣ ਲੱਗਾ,

       -"ਨਵੀ, ਮੈਂ ਤੇਰਾ ਸਿਰਨਾਵਾਂ ਵਰਤਣਾ ਚਾਹੁੰਨਾ, ਜੇ ਤੈਨੂੰ ਮਾਈਂਡ ਨਹੀਂ ਤਾਂ।"

       -"ਮਾਈਂਡ ਤਾਂ ਨਹੀਂ ਪਰ ਕਿਉਂ?"

       ਜੱਗੀ ਨੇ ਸਾਰੀ ਗੱਲ ਉਸ ਨੂੰ ਦੱਸ ਦਿਤੀ ਤੇ ਫਿਰ ਬੋਲਿਆ,

       -"ਬਾਹਰ ਆ ਕੇ ਮੈਨੂੰ ਵੀ ਪੈਸੇ ਦੀ ਲੋੜ ਹੋਣੀ ਆਂ। ਮੈਂ ਸੋæਅ ਕਰਾਂਗਾ ਕਿ ਤੇਰੇ ਘਰ ਰਹਿੰਨਾ, ਇਵੇਂ ਮੈਨੂੰ ਹੋਰ ਫਲੈਟ ਮਿਲਣ ਦੇ ਮੌਕੇ ਵੀ ਹੈਗੇ ਆ ਤੇ ਸੋਸ਼ਲ ਸਕਿਉਰਟੀ ਵਾਲੇ ਵੀ ਪੈਸੇ ਦੇਣਗੇ। ਕੰਮ ਤਾਂ ਹੁਣ ਮੈਨੂੰ ਕੋਈ ਮਿਲਣਾ ਨਹੀਂ।"

       -"ਠੀਕ ਐ।"

       -"ਮੈਂ ਤੈਨੂੰ ਇਕ ਚਿੱਠੀ ਲਿਖਾਂਗਾ। ਤੂੰ ਮੈਨੂੰ ਜਵਾਬ ਦੇ ਦੇਈਂ, ਮੈਂ ਉਹ ਵੈਲਫੇਅਰ ਅਫਸਰ ਨੂੰ ਦਿਖਾ ਦੇਵਾਂਗਾ। ਉਹ ਹੀ ਸਾਰਾ ਇੰਤਜ਼ਾਮ ਕਰ ਦੇਵੇਗਾ।"

       ਜੱਗੀ ਨੇ ਸਾਰੀ ਗੱਲ ਸੋਚ ਲਈ ਹੋਈ ਸੀ। ਨਵੀ ਨੂੰ ਕੁਝ ਫਿਕਰ ਜਿਹਾ ਹੋਣ ਲੱਗਿਆ। ਉਸ ਨੇ ਕੁਝ ਇਕ ਵਾਰ ਨਛੱਤਰ ਤੇ ਪ੍ਰੀਤੀ ਇਕੱਠੇ ਸ਼ੌਪਿੰਗ ਕਰਦੇ ਦੇਖੇ ਸਨ। ਹੁਣ ਤਾਂ ਇਵੇਂ ਅਲਹਿਦਗੀ ਦਿਖਾ ਕੇ ਜੱਗੀ ਆਪ ਹੀ ਉਹਨਾਂ ਦੀ ਲਾਈਫ ਵਿੱਚੋਂ ਨਿਕਲਣ ਜਾ ਰਿਹਾ ਸੀ। ਪਰ ਉਸ ਨੇ ਆਪਣਾ ਫਿਕਰ ਉਸ ਨਾਲ ਸਾਂਝਾ ਨਾ ਕੀਤਾ। ਹਮੇਸ਼ਾ ਵਾਂਗ ਚੁੱਪ ਹੀ ਰਿਹਾ।

       ਨਛੱਤਰ ਤੇ ਪ੍ਰੀਤੀ ਹੁਣ ਇਕੱਠੇ ਰਹਿੰਦੇ ਸਨ। ਉਹ ਖੁਸ਼ ਤਾਂ ਸਨ ਪਰ ਹਰ ਵੇਲੇ ਖੁਸ਼ ਨਹੀਂ ਸਨ ਰਹਿੰਦੇ। ਕਈ ਵਾਰ ਉਹ ਲੜ ਪੈਂਦੇ। ਨਛੱਤਰ ਆਪਣੇ ਬੱਚਿਆਂ ਨੂੰ ਮਿਲਣ ਜਾਂਦਾ ਤਾਂ ਪ੍ਰੀਤੀ ਖਿੱਝ ਜਾਂਦੀ। ਕਈ ਵਾਰ ਉਸ ਦੇ ਬੱਚੇ ਪ੍ਰੀਤੀ ਦੇ ਘਰ ਵੀ ਆ ਜਾਂਦੇ ਸਨ। ਪਹਿਲੀਆਂ ਵਿਚ ਤਾਂ ਰੌਕੀ ਉਹਨਾਂ ਵਿਚ ਘੁਲ-ਮਿਲ ਜਾਂਦਾ ਸੀ ਪਰ ਹੁਣ ਉਹ ਆਉਂਦੇ ਤਾਂ ਰੌਕੀ ਆਪਣੇ ਕਮਰੇ ਵਿੱਚ ਜਾ ਵੜਦਾ। ਇਕ ਦਿਨ ਪ੍ਰੀਤੀ ਬੋਲੀ,

       -ਨਿੱਕ, ਮੈਨੂੰ ਸਮਝ ਨਹੀਂ ਲੱਗਦੀ ਕਿ ਐਂਡੀ ਤੇ ਲੀਨਾ ਦੇ ਆਉਂਦਿਆਂ ਹੀ ਰੌਕੀ ਉਪਰ ਚਲੇ ਜਾਂਦਾ। ਕਿਤੇ ਉਹ ਇਹਨੂੰ ਕੁਝ ਕਹਿੰਦੇ ਤਾਂ ਨਹੀਂ?

       -ਡਾਰਲਿੰਗ, ਤੈਨੂੰ ਪਤਾ ਰੌਕੀ ਲੋਨਰ ਐ, ਇਕੱਲਾ ਰਹਿਣਾ ਚਾਹੁੰਦਾ। ਨਾ ਉਹਦਾ ਕੋਈ ਦੋਸਤ ਐ ਤੇ ਨਾ ਹੀ ਉਹ ਕਿਸੇ ਗੱਲ ਵਿਚ ਦਖਲ ਦਿੰਦਾ। ਤੂੰ ਆਪ ਦੇਖ ਕਿ ਜਿੰਨਾ ਕੁਝ ਤੂੰ ਪੁੱਛ ਲਵੇਂ ਓਨਾ ਹੀ ਜਵਾਬ ਦਿੰਦਾ।

       -ਕੀ ਮਤਲਬ?

       -ਇਹੋ ਕਿ ਰੌਕੀ ਪੂਰੀ ਤਰਾਂ੍ਹ ਠੀਕ ਨਹੀਂ, ਡਾਕਟਰ ਨੂੰ ਦਿਖਾ।

       -ਤੇਰੇ ਆਹ ਮੌਂਕੀ ਫੇਸ ਬਹੁਤ ਠੀਕ ਐ, ਤੂੰ ਇਹਨਾਂ ਨੂੰ ਡਾਕਟਰ ਨੂੰ ਕਿਉਂ ਨਹੀਂ ਦਿਖਾਉਂਦਾ?

        ਬਸ ਹੋ ਗਿਆ ਝਗੜਾ ਸ਼ੁਰੂ। ਵਾਹਵਾ ਲੜਾਈ ਹੋਈ। ਪਹਿਲਾਂ ਵੀ ਉਹ ਲੜਦੇ ਰਹਿੰਦੇ ਸਨ ਪਰ ਇਹ ਲੜਾਈ ਜ਼ਰਾ ਜ਼ਿਆਦਾ ਫਸਵੀਂ ਸੀ ਤੇ ਇਕ ਦੂਜੇ ਨੂੰ ਕੁਝ ਜ਼ਿਆਦਾ ਹੀ ਤਲਖ ਗੱਲਾਂ ਕਹਿ ਗਏ। ਨਛੱਤਰ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਫਲੈਟ ਵਿਚ ਚਲੇ ਗਿਆ। ਮੁੜ ਕੇ ਕਈ ਦਿਨ ਤਕ ਨਾ ਆਇਆ। ਜਦ ਦੋਨਾਂ ਦਾ ਗੁੱਸਾ ਠੰਡਾ ਪੈ ਗਿਆ ਤਾਂ ਮੁੜ ਇਕੱਠੇ ਹੋ ਗਏ।

       ਇਹਨਾਂ ਦਿਨਾਂ ਵਿੱਚ ਨਵੀ ਆਪਣੀ ਜ਼ਿੰਦਗੀ ਵਿਚ ਉਲਝ ਗਿਆ। ਪਲਵੀ ਇਕ ਵਾਰ ਫਿਰ ਗਰਭਵਤੀ ਹੋ ਗਈ ਸੀ। ਡਾਕਟਰ ਗਰਭ ਬਚਾAਣ ਲਈ ਉਸ ਦੇ ਬਲੱਡ ਪ੍ਰੈਸ਼ਰ ਨੂੰ ਸਥਾਈ ਬਣਾਈ ਰੱਖਣ ਲਈ ਵਿਸ਼ੇਸ਼ ਧਿਆਨ ਦੇ ਰਹੇ ਸਨ। ਨਵੀ ਦਾ ਵੀ ਸਾਰਾ ਧਿਆਨ ਉਧਰ ਹੀ ਲੱਗਾ ਹੋਇਆ ਸੀ। ਉਸ ਨੇ ਵੀ ਕੰਮ ਤੋਂ ਲੰਮੀ ਛੁੱਟੀ ਲੈ ਲਈ ਹੋਈ ਸੀ।




ਪੰਦਰਾਂ


       ਚਾਰ ਮਹੀਨੇ ਜੇਲ੍ਹ ਕੱਟ ਕੇ ਜੱਗੀ ਘਰ ਆ ਗਿਆ। ਉਸ ਨੂੰ ਲੈਣ ਨਛੱਤਰ ਤੇ ਪ੍ਰੀਤੀ ਹੀ ਗਏ ਸਨ। ਉਸ ਦੇ ਆਉਣ ਤੋਂ ਪਹਿਲਾਂ ਹੀ ਨਛੱਤਰ ਆਪਣਾ ਸਮਾਨ ਚੁੱਕ ਲੈ ਗਿਆ। ਜੱਗੀ ਨੂੰ ਸੋਸ਼ਲ ਸਕਿਉਰਟੀ ਮਿਲਣ ਲੱਗ ਪਈ ਸੀ। ਉਸ ਨੇ ਕੰਮ ਲੱਭਣ ਲਈ ਏਧਰ ਓਧਰ ਹੱਥ ਮਾਰਨੇ ਸ਼ੁਰੂ ਕਰ ਦਿਤੇ। ਰਾਮਾ ਨੰਦ ਦਾ ਇਕ ਵਾਕਫ ਬਿਲਡਰ ਸੀ, ਬਾਹੜਾ। ਉਸ ਨੇ ਜੱਗੀ ਨੂੰ ਬਾਹੜੇ ਨਾਲ ਮਿਲਾ ਦਿਤਾ। ਲਕੜੀ ਦਾ ਕੰਮ ਤਾਂ ਜਿਵੇਂ ਜੱਗੀ ਦੇ ਖੂਨ ਵਿਚ ਹੀ ਸੀ। ਕੁਝ ਦਿਨਾਂ ਵਿਚ ਹੀ ਉਸ ਦਾ ਹੱਥ ਸਾਫ ਹੋ ਗਿਆ। ਉਹ ਖੁਸ਼ ਸੀ। ਪੈਸੇ ਆ ਰਹੇ ਸਨ। ਪਰ ਪ੍ਰੀਤੀ ਬਿਲਕੁਲ ਖੁਸ਼ ਨਹੀਂ ਸੀ। ਉਸ ਨੇ ਵਾਪਸ ਆਉਂਦਿਆਂ ਹੀ ਮੁੜ ਸ਼ਰਾਬ ਪੀਣੀ ਸ਼ੁਰੂ ਕਰ ਦਿਤੀ ਸੀ। ਉਸ ਨੂੰ ਜੱਗੀ ਨਾਲ ਪਹਿਲਾਂ ਜਿਹਾ ਮੋਹ ਨਹੀਂ ਸੀ ਰਿਹਾ। ਉਸ ਨੂੰ ਨਛੱਤਰ ਚੇਤੇ ਆਉਣ ਲੱਗਦਾ। ਨਛੱਤਰ ਦੇ ਨੇੜ ਦੀ ਉਹ ਹੁਣ ਬਹੁਤ ਆਦੀ ਹੋ ਚੁੱਕੀ ਸੀ। ਪਿਛਲੇ ਚਾਰ ਮਹੀਨੇ ਵਿਚ ਭਾਵੇਂ ਨਛੱਤਰ ਉਸ ਨਾਲ ਲੜਦਾ ਵੀ ਸੀ ਪਰ ਉਸ ਨੂੰ ਖੁਸ਼ ਕਰਨ ਲਈ ਤਰਾਂ੍ਹ-ਤਰਾਂ੍ਹ ਦੇ ਯਤਨ ਕਰਦਾ। ਉਸ ਦਾ ਹਰ ਨਖਰਾ ਉਠਾਉਂਦਾ। ਉਹ ਗੁੱਸੇ ਵਿੱਚ ਹੁੰਦੀ ਤਾਂ ਉਸ ਲਈ ਫੁੱਲ ਲੈ ਕੇ ਆਉਂਦਾ। ਕੈਂਡਲ ਲਾਈਟ ਡਿਨਰ 'ਤੇ ਲੈ ਕੇ ਜਾਂਦਾ। ਉਸ ਨੂੰ ਤਰਾਂ੍ਹ-ਤਰਾਂ੍ਹ ਦੇ ਤੋਹਫੇ ਵੀ ਦਿੰਦਾ। ਜੱਗੀ ਅਜਿਹਾ ਕੁਝ ਵੀ ਨਹੀਂ ਸੀ ਕਰਦਾ। ਅਣਚਾਹੇ ਵੀ ਉਹ ਜੱਗੀ ਤੋਂ ਇਕ ਫਰਕ ਬਣਾ ਕੇ ਰੱਖਣ ਲੱਗੀ।

       ਜੱਗੀ ਨੂੰ ਵੀ ਇਹ ਗੱਲ ਤੰਗ ਕਰਦੀ ਸੀ ਕਿ ਪ੍ਰੀਤੀ ਉਸ ਨੂੰ ਲਾਗੇ ਕਿਉਂ ਨਹੀਂ ਲੱਗਣ ਦਿੰਦੀ। ਹਰ ਵੇਲੇ ਪੇਟ ਦਰਦ ਦਾ ਬਹਾਨਾ ਕਰਦੀ ਰਹਿੰਦੀ। ਇਕ ਦਿਨ ਉਹ ਕਿਸੇ ਕਾਰਨ ਆਪਣੇ ਡਾਕਟਰ ਕੋਲ ਗਿਆ ਤੇ ਇਕ ਸਵਾਲ ਕਰਨ ਲੱਗਾ,

       -ਡਾਕਟਰ ਸਾਬ, ਇਕ ਗੱਲ ਦੱਸੋ ਕਿ ਪ੍ਰੀਤੀ ਦਾ ਜੋ ਓਪਰੇਸ਼ਨ ਹੋਇਆ ਸੀ ਰਸੌਲੀ ਦਾ, ਕੀ ਉਸ ਤੋਂ ਬਾਅਦ ਅਸੀਂ ਸੈਕਸ ਕਰ ਸਕਦੇ ਆਂ? ਮੇਰਾ ਮਲਤਬ ਕੋਈ ਪਰੌਬਲਮ ਤਾਂ ਨਹੀਂ।

       -ਨਹੀਂ ਨਹੀਂ, ਐਸੀ ਕੋਈ ਪ੍ਰੌਬਲਮ ਨਹੀਂ। ਬਹੁਤੀ ਗੱਲ ਹੈ ਤਾਂ ਕਿਸੇ ਦਿਨ ਦੋਵੇਂ ਆ ਜਾਵੋ, ਆਪਾਂ ਗੱਲ ਡਿਸਕਸ ਕਰ ਲਵਾਂਗੇ।

        ਡਾਕਟਰ ਨੇ ਸਲਾਹ ਦਿਤੀ। ਜੱਗੀ ਨੇ ਸਾਰੀ ਗੱਲ ਪ੍ਰੀਤੀ ਨੂੰ ਦੱਸੀ ਤਾਂ ਉਹ ਭੜਕ ਉਠੀ, ਬੋਲੀ,

       -ਜੈਗ, ਹੁਣ ਤੂੰ ਮੇਰੀ ਬੇਇਜ਼ਤੀ ਲੋਕਾਂ ਵਿੱਚ ਕਰਦਾ ਫਿਰਦਾਂ? ਪਹਿਲਾਂ ਹੀ ਤੂੰ ਮੇਰੀ ਥੋੜੀ ਬਦਨਾਮੀ ਕੀਤੀ ਐ! ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹੀ। ਤੂੰ ਮੇਰੀ ਜ਼ਿੰਦਗੀ ਨਰਕ ਬਣਾ ਦਿਤੀ ਐ। ਜ਼ਰਾ ਸੋਚ ਕੇ ਦੇਖ ਮੇਰੇ ਵਰਗੀ ਜ਼ਿੰਦਗੀ ਕਿਸ ਔਰਤ ਦੀ ਐ? ਹਰ ਕੋਈ ਆਪਣੇ ਘਰ ਖੁਸ਼ ਤੇ ਮੈਂ ਪੈਰ-ਪੈਰ ਤੇ ਬੇਇਜ਼ਤ ਹੁੰਦੀ ਆਂ, ਸਮਾਜ ਵਿੱਚ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਤੇ ਉਤੋਂ ਹੁਣ ਤੂੰ ਡਾਕਟਰਾਂ ਨਾਲ ਸਲਾਹਾਂ ਕਰਦਾ ਫਿਰਦਾਂ! ਆਹ ਚਾਰ ਮਹੀਨੇ ਸੁਖ ਦੇ ਕੱਢੇ ਸੀ ਤੇ ਤੂੰ ਫਿਰ ਆ ਗਿਆਂ ਮੈਨੂੰ ਦੁੱਖ ਦੇਣ!

       ਇਹ ਪਹਿਲੀ ਵਾਰ ਸੀ ਕਿ ਪ੍ਰੀਤੀ ਇਸ ਲਹਿਜ਼ੇ ਵਿਚ ਗੱਲ ਕਰ ਰਹੀ ਸੀ। ਜੱਗੀ ਨੇ ਉਸ ਨੂੰ ਕਿਹਾ,

       -ਪ੍ਰੀਤੀ, ਜ਼ਰਾ ਲੰਮਾ ਸਾਹ ਲੈ ਕੇ ਪੂਰੀ ਸ਼ਾਂਤੀ ਨਾਲ ਦੱਸ ਕਿ ਤੂੰ ਕੀ ਚਾਹੁੰਨੀ ਐਂ?

       -ਸੁਖ, ਸ਼ਾਂਤੀ, ਇੱਜ਼ਤ ਭਰੀ ਜ਼ਿੰਦਗੀ।

       -ਜਾਣੀ ਕਿ ਤੂੰ ਮੇਰੇ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਆਂ?

       -ਜਿਵੇਂ ਮਰਜ਼ੀ ਸਮਝ ਲੈ।

        ਪ੍ਰੀਤੀ ਨੇ ਕੰਧ ਵਲ ਦੇਖਦਿਆਂ ਆਖਿਆ। ਜੱਗੀ ਨੇ ਪਲ ਕੁ ਲਈ ਸੋਚਿਆ ਤੇ ਫਿਰ ਬੋਲਿਆ,

       -ਤੂੰ ਨਿੱਕ ਨਾਲ ਰਹਿਣਾ ਚਾਹੁੰਦੀ ਐਂ?

       -ਜਿਵੇਂ ਮਰਜ਼ੀ ਸਮਝ ਲੈ।

       -ਪਰ ਉਹ ਤਾਂ ਤੇਰਾ ਭਰਾ ਐ, ਠੀਕ?

       ਸਵਾਲ ਕਰਕੇ ਜੱਗੀ ਨੇ ਪ੍ਰੀਤੀ ਦੀਆਂ ਅੱਖਾਂ ਵਿਚ ਦੇਖਣਾ ਚਾਹਿਆ ਪਰ ਉਹ ਉਠ ਕੇ ਰਸੋਈ ਵਿਚ ਜਾ ਵੜੀ। ਜੱਗੀ ਨੇ ਫਿਰ ਪੁੱਛਿਆ,

       -ਇਹਦਾ ਮਤਲਬ, ਮੈਂ ਹੁਣ ਕਬਾਬ ਵਿੱਚ ਹੱਡੀ ਆਂ? ਮੈਂ ਆਪਣਾ ਕੋਈ ਹੋਰ ਇੰਤਜ਼ਾਮ ਕਰ ਲਵਾਂ?

       ਪ੍ਰੀਤੀ ਕੁਝ ਨਾ ਬੋਲੀ। ਜੱਗੀ ਉਹਨੀਂ ਪੈਰੀਂ ਬਾਹਰ ਨਿਕਲ ਗਿਆ। ਉਸ ਨੇ ਬਾਹੜੇ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੂੰ ਰਹਿਣ ਲਈ ਕਮਰਾ ਚਾਹੀਦਾ ਹੈ। ਬਾਹੜੇ ਦਾ ਇਕ ਫਲੈਟ ਖਾਲੀ ਪਿਆ ਸੀ। ਜੱਗੀ ਉਥੇ ਚਲੇ ਗਿਆ। ਦੂਜੇ ਦਿਨ ਆਪਣਾ ਸਮਾਨ ਚੁੱਕਣ ਗਿਆ ਤਾਂ ਕੀ ਦੇਖਦਾ ਹੈ ਕਿ ਨਛੱਤਰ ਤੇ ਪ੍ਰੀਤੀ ਲੱਤਾਂ ਵਿਚ ਲੱਤਾਂ ਫਸਾਈ ਬੈਠੇ ਟੈਲੀ ਦੇਖ ਰਹੇ ਸਨ। ਉਸ ਨੂੰ ਦੇਖਦਿਆਂ ਹੀ ਇਕ ਦਮ ਹਟਵੇਂ ਹੋ ਕੇ ਬਹਿ ਗਏ। ਜੱਗੀ ਨੇ ਵਿਅੰਗਮਈ ਆਵਾਜ਼ ਵਿੱਚ ਕਿਹਾ,

       -ਕਿੱਦਾਂ ਬਈ ਭੈਣ ਚੋਦਾ?

       ਨਛੱੱਤਰ ਸ਼ਰਮ ਨਾਲ ਪਾਣੀ-ਪਾਣੀ ਹੋਈ ਜਾ ਰਿਹਾ ਸੀ। ਜੱਗੀ ਨੇ ਆਪਣੇ ਕਮਰੇ ਵਿੱਚੋਂ ਸਾਮਾਨ ਚੁੱਕਿਆ ਤੇ ਰੌਕੀ ਦੇ ਕਮਰੇ ਵਿੱਚ ਚਲੇ ਗਿਆ। ਉਸ ਨੂੰ ਜੱਫੀ ਵਿੱਚ ਲੈ ਕੇ ਚੁੰਮਿਆਂ ਤੇ ਆਪਣਾ ਫੋਨ ਨੰਬਰ ਦੇ ਕੇ ਬੋਲਿਆ,

      -ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਫੋਨ ਕਰ ਲਵੀਂ।

       ਹੁਣ ਜੱਗੀ ਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ। ਦਿਨ ਭਰ ਉਹ ਕੰਮ ਕਰਦਾ ਤੇ ਸ਼ਾਮ ਨੂੰ ਸ਼ਰਾਬ ਪੀ ਕੇ ਸੌਂ ਜਾਂਦਾ। ਕਦੇ ਖਾਣਾ ਘਰ ਬਣਾ ਲੈਂਦਾ ਤੇ ਕਦੇ ਬਾਹਰੋਂ ਟੇਕ ਅਵੇਅ ਹੀ ਲੈ ਆਉਂਦਾ। ਕੰਮ ਨੂੰ ਉਹ ਤਕੜਾ ਸੀ ਤੇ ਹੱਥ ਵੀ ਬਹੁਤ ਸਾਫ ਸੀ। ਬਾਹੜਾ ਉਸ ਤੋਂ ਬਹੁਤ ਖੁਸ਼ ਸੀ।

       ਇਹਨਾਂ ਦਿਨਾਂ ਵਿੱਚ ਹੀ ਨਵੀ ਨੂੰ ਜੀਵਨ ਦੀ ਉਹ ਖੁਸ਼ੀ ਮਿਲ ਗਈ ਜਿਸ ਦੀ ਉਹ ਕਈ ਸਾਲਾਂ ਤੋਂ ਉਡੀਕ ਕਰ ਰਿਹਾ ਸੀ। ਪਲਵੀ ਨੇ ਇਕ ਬੇਟੇ ਨੂੰ ਜਨਮ ਦਿਤਾ। ਭਾਵੇਂ ਪਲਵੀ ਬਹੁਤ ਔਖੀ ਹੋਈ ਪਰ ਬੱਚਾ ਠੀਕ ਸੀ। ਡਾਕਟਰਾਂ ਨੇ ਵਕਤ ਤੋਂ ਪਹਿਲਾਂ ਹੀ ਲੈ ਲਿਆ ਸੀ। ਇਸ ਲਈ ਪਲਵੀ ਨੂੰ ਕਈ ਮਹੀਨੇ ਹਸਪਤਾਲ ਰਹਿਣਾ ਪਿਆ ਸੀ। ਜੋ ਵੀ ਹੋਵੇ ਦੋਵੇਂ ਪਤੀ-ਪਤਨੀ ਬਹੁਤ ਖੁਸ਼ ਸੀ। ਜੱਗੀ ਉਸ ਨੂੰ ਵਧਾਈਆਂ ਦੇਣ ਆਇਆ ਤਾਂ ਦੋ ਗਲਾਸੀਆਂ ਪੀ ਕੇ ਉਧੜਨ ਲੱਗਾ। ਆਪਣੇ, ਪ੍ਰੀਤੀ ਤੇ ਨਛੱਤਰ ਬਾਰੇ ਸਾਰੀਆਂ ਗੱਲਾਂ ਦੱਸਦਾ ਹੋਇਆ ਬੋਲਿਆ,

       -ਯਾਰ ਨਵੀ, ਹੁਣ ਇੱਥੇ ਦਿਲ ਨਹੀਂ ਲੱਗਦਾ। ਦਿਲ ਕਰਦਾ ਕਿ ਇੰਡੀਆ ਚਲੇ ਜਾਵਾਂ ਪਰ ਉਥੇ ਗਿਆ ਤਾਂ ਮਾਂਪਿਓ ਦੁਖੀ ਹੋਣਗੇ। ਕਦੇ ਸੋਚਦਾਂ ਕਿ ਕਨੇਡਾ, ਅਮਰੀਕਾ ਜਾਂ ਅਸਟਰੇਲੀਆ ਜਾ ਵਸਾਂ।

       -ਜੱਗੀ, ਕਨੇਡਾ ਚਲੇ ਜਾਹ, ਉਥੇ ਸਰੀ ਵਿਚ ਮੇਰੇ ਚਾਚੇ ਦਾ ਮੁੰਡਾ ਦਿਲਬਾਗ ਰਹਿੰਦਾ, ਬਿਲਡਰ ਹੀ ਐ ਉਹ ਵੀ। ਸ਼ਾਇਦ ਤੇਰੀ ਮੱਦਦ ਕਰ ਸਕੇ। ਕਹੇਂ ਤਾਂ ਫੋਨ ਕਰ ਕੇ ਪੁੱਛ ਲੈਨਾਂ।

       ਅਗਲੇ ਹਫਤੇ ਜੱਗੀ ਕਨੇਡਾ ਜਾਣ ਵਾਲੇ ਜਹਾਜ਼ ਵਿੱਚ ਬੈਠਾ ਸੀ।





ਸੋਲਾਂ


       ਕਨੇਡਾ ਵਿੱਚ ਜੱਗੀ ਦਾ ਦਿਲ ਲੱਗ ਗਿਆ। ਉਸ ਨੂੰ ਜਾਂਦਿਆਂ ਹੀ ਦਿਲਬਾਗ ਨੇ ਕੰਮ 'ਤੇ ਰੱਖ ਲਿਆ। ਉਸ ਨੇ ਉਥੇ ਜਾ ਕੇ ਨਵਾਂ ਡਰਾਇਵਿੰਗ ਲਾਇਸੰਸ ਵੀ ਲੈ ਲਿਆ। ਇੰਗਲੈਂਡ ਦੇ ਲਇਸੰਸ ਦਾ ਉਸ ਨੇ ਜ਼ਿਕਰ ਤਕ ਨਾ ਕੀਤਾ। ਦਿਲਬਾਗ ਨਾਲ ਉਸ ਦਾ ਕਰੂਰਾ ਵਾਹਵਾ ਰਲ਼ ਗਿਆ। ਜੱਗੀ ਵੀ ਸਭ ਨਾਲ ਘੁਲ-ਮਿਲ ਜਾਣ ਵਾਲਾ ਬੰਦਾ ਸੀ। ਉਸ ਵਾਂਗ ਹੀ ਦਿਲਬਾਗ ਵੀ ਸ਼ਾਮ ਨੂੰ ਦਾਰੂ ਪੀਣ ਦਾ ਸ਼ੌਕੀਨ ਸੀ। ਜੱਗੀ ਨੇ ਛੇਤੀ ਹੀ ਸਰੀ ਨਾਲ ਹੀ ਨਹੀਂ ਸਾਰੇ ਵੈਨਕੋਵਰ ਨਾਲ ਵਾਕਫੀ ਪਾ ਲਈ। ਉਸ ਨੇ ਵੈਨ ਖਰੀਦ ਲਈ ਤੇ ਆਪਣਾ ਅਲੱਗ ਕੰਮ ਵੀ ਫੜਨ ਲੱਗਿਆ। ਉਹ ਨਵੀ ਨੂੰ ਫੋਨ ਕਰਕੇ ਆਪਣੇ ਬਾਰੇ ਜਾਣਕਾਰੀ ਦਿੰਦਾ ਰਹਿੰਦਾ ਸੀ। ਹੁਣ ਉਹ ਕਨੇਡਾ ਵਿੱਚ ਪੱਕਾ ਹੋਣ ਬਾਰੇ ਸੋਚਣ ਲੱਗਿਆ ਸੀ। ਵਾਪਸ ਇੰਗਲੈਂਡ ਮੁੜਨ ਦਾ ਉਸ ਨੇ ਵਿਚਾਰ ਛੱਡ ਦਿਤਾ। ਕਦੇ ਕਦੇ ਉਸ ਨੂੰ ਰੌਕੀ ਦੀ ਯਾਦ ਆਉਂਦੀ ਪਰ ਉਹ ਆਪਣੇ-ਆਪ ਨੂੰ ਸੰਭਾਲ ਲੈਂਦਾ।

       ਇਕ ਦਿਨ ਪ੍ਰੀਤੀ ਨੇ ਨਵੀ ਨੂੰ ਫੋਨ ਕੀਤਾ। ਕਹਿਣ ਲੱਗੀ,

       -ਨਵੀ, ਤੂੰ ਤਾਂ ਸਾਨੂੰ ਆਪਣੇ ਸਮਝਦਾ ਹੀ ਨਹੀਂ, ਆਪਣੇ ਮੁੰਡੇ ਬਾਰੇ ਮੈਨੂੰ ਦੱਸਿਆ ਹੀ ਨਹੀਂ।

       -ਪ੍ਰੀਤੀ, ਜੋ ਕੁਝ ਵੀ ਤੇਰੇ ਤੇ ਜੱਗੀ ਵਿਚਕਾਰ ਹੋਇਆ ਉਸ ਨੇ ਮੇਰਾ ਮੂਡ ਖਰਾਬ ਕਰੀ ਰੱਖਿਆ। ਮੇਰਾ ਕਿਸੇ ਨਾਲ ਵੀ ਗੱਲ ਕਰਨ ਨੂੰ ਦਿਲ ਨਹੀਂ ਕੀਤਾ। ਫਿਰ ਆਪਾਂ ਨੂੰ ਆਪੋ-ਆਪਣੀ ਪਈ ਹੋਈ ਐ ਤੇ ਆਪੋ-ਧਾਪੀ ਵਿੱਚ ਕਿਸੇ ਨੂੰ ਕਿਸੇ ਦਾ ਕੀ ਫਿਕਰ ਹੋ ਸਕਦਾ ਐ।

       -ਨਵੀ, ਮੈਂ ਤੇਰਾ ਇਸ਼ਾਰਾ ਸਮਝ ਗਈ। ਇਸ ਵਿਚ ਕਸੂਰ ਮੇਰਾ ਨਹੀਂ ਤੇਰੇ ਦੋਸਤ ਦਾ ਐ। ਦੇਖ, ਉਹਨੇ ਮੈਨੂੰ ਕਿਹੋ ਜਿਹੇ ਦਿਨ ਦਿਖਾਏ, ਜੇਲ੍ਹ ਦੇਖ ਲਈ, ਹਰ ਪਾਸੇ ਬਦਨਾਮੀ। ਫਿਰ ਅਜਿਹੇ ਵੇਲੇ ਜੇ ਮੈਨੂੰ ਨਿੱਕ ਨੇ ਮੋਢ੍ਹਾ ਦੇ ਦਿਤਾ ਤਾਂ ਮੇਰਾ ਕੀ ਕਸੂਰ। ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਔਰਤ ਤਾਂ ਵੇਲ ਵਾਂਗ ਹੁੰਦੀ ਐ, ਜਿਹੜਾ ਆਸਰਾ ਮਿਲੇ ਉਸੇ 'ਤੇ ਚੜ੍ਹ ਜਾਂਦੀ ਐ।

       ਨਵੀ ਚੁੱਪ ਰਿਹਾ। ਪ੍ਰੀਤੀ ਨੇ ਪਲਵੀ ਦਾ ਤੇ ਬੱਚੇ ਦਾ ਹਾਲ ਚਾਲ ਪੁੱਛਿਆ ਤੇ ਫਿਰ ਆਖਣ ਲੱਗੀ,

       -ਰੌਕੀ ਜੈਗ ਨੂੰ ਬਹੁਤ ਮਿਸ ਕਰਦਾ। ਕਈ ਵਾਰ ਤਾਂ ਆਪਣੇ ਰੂਮ ਵਿੱਚ ਵੜ ਕੇ ਰੋਂਦਾ ਰਹਿੰਦਾ।

       -ਇਹ ਤਾਂ ਹੋਣਾ ਹੀ ਸੀ। ਰੌਕੀ ਉਹ ਦੇ ਬਹੁਤਾ ਨੇੜੇ ਆ। ਮੈਨੂੰ ਪਤਾ। ਫਿਰ ਰੌਕੀ ਰਿਜ਼ਰਵ ਸੁਭਾਅ ਦਾ ਮੁੰਡਾ ਐ।

       -ਫਿਰ ਮੈਨੂੰ ਜੈਗ ਦਾ ਫੋਨ ਨੰਬਰ ਦੇਹ, ਮੈਂ ਰੌਕੀ ਦੀ ਉਸ ਨਾਲ ਗੱਲ ਕਰਾ ਦੇਵਾਂ। ਮੁੰਡਾ ਕੋਈ ਬਿਮਾਰੀ ਹੀ ਨਾ ਲਵਾ ਬੈਠੇ!

       ਨਵੀ ਕੁਝ ਕੁ ਝਿਜਕਿਆ ਪਰ ਫਿਰ ਫੋਨ ਨੰਬਰ ਦੇ ਦਿਤਾ।

       ਪ੍ਰੀਤੀ ਦਾ ਇਹ ਕਹਿਣਾ ਝੂਠ ਨਹੀਂ ਸੀ ਰੌਕੀ ਜੱਗੀ ਬਿਨਾਂ ਓਦਰ ਗਿਆ ਸੀ ਪਰ ਉਸ ਨੂੰ ਜੱਗੀ ਦੇ ਨੰਬਰ ਦੀ ਕਿਸੇ ਹੋਰ ਗੱਲ ਲਈ ਲੋੜ ਸੀ। ਇਕ ਤਾਂ ਨਛੱਤਰ ਦਾ ਰੌਕੀ ਨਾਲ ਵਿਵਹਾਰ ਬਹੁਤਾ ਵਧੀਆ ਨਹੀਂ ਸੀ। ਕਦੇ-ਕਦੇ ਉਸ ਨੂੰ ਦਬਕ ਦਿਆ ਕਰਦਾ ਪਰ ਉਸ ਤੋਂ ਵੀ ਵੱਡੀ ਗੱਲ ਸੀ ਕਿ ਉਹ ਫਲੈਟ ਵੇਚਣਾ ਚਾਹੁੰਦੀ ਸੀ ਤੇ ਫਲੈਟ ਵਿੱਚ ਜੱਗੀ ਦਾ ਨਾਂ ਵੀ ਸੀ। ਉਹਦੇ ਬਿਨਾ ਫਲੈਟ ਵੇਚਿਆ ਨਹੀਂ ਸੀ ਜਾ ਸਕਦਾ। ਉਸ ਦੀ ਨਛੱਤਰ ਨਾਲ ਇਹ ਗੱਲ ਚੱਲ ਰਹੀ ਸੀ ਕਿ ਜੇ ਉਹ ਫਲੈਟ ਵੇਚ ਕੇ ਅੱਧ ਪਾਵੇ ਤੇ ਅੱਧੇ ਪੈਸੇ ਨਛੱਤਰ ਨੇ ਜੋੜ ਲਏ ਹੋਏ ਸਨ। ਇਸ ਤਰਾਂ੍ਹ ਉਹ ਹੁਣ ਘਰ ਲੈ ਸਕਦੇ ਸਨ। ਨਛੱਤਰ ਦਾ ਦੋਸਤ ਹਮੀਦ ਮੌਰਟਗੇਜ ਦਵਾਉਣ ਦਾ ਵਾਅਦਾ ਕਰ ਰਿਹਾ ਸੀ। ਉਸ ਨੇ ਹੁਣ ਮੌਰਟਗੇਜ ਬਰੋਕਰ ਦਾ ਕੰਮ ਸ਼ੁਰੂ ਕਰ ਲਿਆ ਹੋਇਆ ਸੀ। ਅਗਲੇ ਦਿਨ ਹੀ ਪ੍ਰੀਤੀ ਨੇ ਜੱਗੀ ਨੂੰ ਫੋਨ ਕਰ ਲਿਆ। ਬੋਲੀ,

       -ਜੈਗ, ਤੂੰ ਤਾਂ ਰੌਕੀ ਨੂੰ ਭੁੱਲ ਹੀ ਗਿਆ! ਉਹ ਅੰਦਰ ਵੜ ਵੜ ਕੇ ਰੋਂਦਾ ਰਹਿੰਦੈ।

       ਇਹ ਸੁਣ ਕੇ ਜੱਗੀ ਦਾ ਦਿਲ ਪਸੀਜ ਗਿਆ। ਉਹ ਬੋਲਿਆ,

       -ਮੈਡਮ, ਇਹ ਸਭ ਤੇਰੇ ਕਰਕੇ ਹੀ ਐ, ਤੇਰੇ ਗਲਤ ਫੈਸਲਿਆਂ ਕਰਕੇ ਹੀ ਐ। ਇਵੇਂ ਕਰ ਤੂੰ ਉਹਨੂੰ ਇਥੇ ਮੇਰੇ ਕੋਲ ਭੇਜ ਦੇ।"

       -ਉਹ ਤਾਂ ਪੜ੍ਹਦਾ, ਉਹ ਕਿਵੇਂ ਆ ਜਾਊ?

       -ਛੁੱਟੀਆਂ ਵਿੱਚ ਭੇਜ ਦੇਵੀਂ।

       -ਇਕੱਲਾ ਟਰੈਵਲ ਕਿਵੇਂ ਕਰੇਗਾ?

       -ਮੈਡਮ, ਤੂੰ ਕੀ ਚਾਹੁੰਨੀ ਐਂ?

       -ਜੈਗ, ਤੂੰ ਵਾਪਸ ਆ ਜਾ।

       -ਤੇਰਾ ਮਜ਼ਾਕੀਆ ਸੁਭਾਅ ਕਦੋਂ ਤੋਂ ਹੋ ਗਿਆ?

       -ਸੱਚ ਜੱਗੀ, ਮੇਰੇ ਤੇ ਨਛੱਤਰ ਵਿਚਕਾਰ ਅਜਿਹਾ ਕੁਝ ਵੀ ਨਹੀਂ ਜਿਹੋ ਜਿਹਾ ਤੂੰ ਸੋਚੀ ਜਾਨਾਂ।

       ਪ੍ਰੀਤੀ ਦੀ ਗੱਲ 'ਤੇ ਜੱਗੀ ਹੱਸਣ ਲੱਗਾ। ਫਿਰ ਉਸ ਨੇ ਰੌਕੀ ਨਾਲ ਕੁਝ ਗੱਲਾਂ ਕੀਤੀਆਂ। ਰੌਕੀ ਸਚਮੁੱਚ ਹੀ ਉਦਾਸ ਸੀ।

       ਉਸ ਦਿਨ ਤੋਂ ਬਾਅਦ ਉਹ ਰੌਕੀ ਤੋਂ ਅਕਸਰ ਫੋਨ ਕਰਾਉਣ ਲੱਗੀ। ਕਦੀ ਜੱਗੀ ਆਪ ਵੀ ਰੌਕੀ ਨੂੰ ਫੋਨ ਕਰ ਲੈਂਦਾ। ਇਕ ਦਿਨ ਪ੍ਰੀਤੀ ਨੇ ਜੱਗੀ ਨੂੰ ਕਿਹਾ,

       -ਜੈਗ, ਇਥੇ ਹਾਲਾਤ ਬਦਲ ਰਹੇ ਆ। ਆਪਾਂ ਫਲੈਟ ਵੇਚ ਕੇ ਘਰ ਲੈ ਸਕਦੇ ਆਂ।

       -ਤੂੰ ਵੇਚ ਲੈ ਤੇ ਲੈ ਲੈ। ਤੇਰੇ ਨਿੱਕ ਕੋਲ ਪੈਸੇ ਹੋਣੇ ਹੀ ਆਂ, ਉਹਦੇ ਤੋਂ ਹਿੱਸਾ ਪਵਾ ਲੈ।

       -ਨਿੱਕ ਤਾਂ ਅੱਧੇ ਪੈਸੇ ਪਾ ਦੇਏਗਾ ਪਰ ਫਲੈਟ ਦੀ ਕੀਮਤ ਬਹੁਤੀ ਨਹੀਂ, ਜੇ ਤੂੰ ਵਾਪਸ ਆ ਜਾਵੇਂ ਤਾਂ ਆਪਾਂ ਘਰ ਲੈ ਸਕਦੇ ਆਂ, ਨਿੱਕ ਨਾਲ ਅੱਧਾ ਹੀ ਸਹੀ। ਨਿੱਕ ਆਪਣੇ ਫਲੈਟ ਵਿਚ ਰਹੀ ਜਾਏਗਾ ਤੇ ਘਰ ਵਿਚ ਆਪਾਂ ਹੋਵਾਂਗੇ।

       -ਮੈਡਮ, ਹੁਣ ਉਹਦੇ ਤੋਂ ਮਨ ਭਰ ਗਿਆ?

       -ਜੈਗ, ਚੱਲ ਆ ਜਾ ਨਵੀਂ ਜ਼ਿੰਦਗੀ ਸ਼ੁਰੂ ਕਰੀਏ।

      ਜੱਗੀ ਕੁਝ ਨਾ ਬੋਲਿਆ ਤੇ ਉਸ ਨੇ ਫੋਨ ਕੱਟ ਦਿਤਾ।

      ਉਸ ਦਿਨ ਤੋਂ ਬਾਅਦ ਰੌਕੀ ਦੇ ਨਾਲ ਪ੍ਰੀਤੀ ਵੀ ਉਸ ਨਾਲ ਗੱਲ ਕਰਦੀ। ਜੱਗੀ ਦਾ ਮਨ ਬਦਲਣ ਲੱਗਾ। ਉਹ ਬਹੁਤੇ ਕਠੋਰ ਸੁਭਾਅ ਦਾ ਮਾਲਕ ਨਹੀਂ ਸੀ। ਛੇਤੀ ਮੁੜ ਪੈਂਦਾ। ਸਵਾ ਕੁ ਸਾਲ ਕਨੇਡਾ ਵਿੱਚ ਰਹਿ ਕੇ ਉਹ ਵਾਪਸ ਆ ਗਿਆ। ਵਾਪਸ ਆ ਕੇ ਉਸ ਨੇ ਨਵੀ ਨੂੰ ਫੋਨ ਕਰਕੇ ਦੱਸ ਦਿਤਾ ਕਿ ਉਹ ਆ ਗਿਆ ਹੈ ਪਰ ਮਿਲਣ ਨਾ ਗਿਆ। ਆਪਣੀ ਯੂ ਟਰਨ ਬਾਰੇ ਉਹ ਨਵੀ ਨੂੰ ਨਹੀਂ ਸੀ ਦੱਸਣਾ ਚਾਹੁੰਦਾ ਪਰ ਦਿਲੋਂ ਉਹ ਵਾਪਸ ਪ੍ਰੀਤੀ ਕੋਲ ਜਾਣ ਨੂੰ ਬਹੁਤਾ ਬੁਰਾ ਨਹੀਂ ਸੀ ਸਮਝਦਾ। ਉਹ ਸੋਚਦਾ ਕਿ ਅੱਜ ਦੇ ਜ਼ਮਾਨੇ ਵਿੱਚ ਅਜਿਹੀਆਂ ਗੱਲਾਂ ਹੋ ਹੀ ਜਾਂਦੀਆਂ ਹਨ। ਗੋਰੇ-ਗੋਰੀਆਂ ਤਾਂ ਕਈ ਕਈ ਸਾਲ ਕਿਸੇ ਹੋਰ ਨਾਲ ਰਹਿ ਕੇ ਵਾਪਸ ਆਪਣੇ ਪਹਿਲੇ ਜੀਵਨ-ਸਾਥੀ ਕੋਲ ਆ ਜਾਂਦੇ ਹਨ। ਉਸ ਦੀ ਸਲਤਨਤ ਮੁੜ ਆਬਾਦ ਹੋ ਜਾਵੇ ਇਸ ਤੋਂ ਵੱਧ ਉਸ ਨੂੰ ਹੋਰ ਕੀ ਚਾਹੀਦਾ ਸੀ। ਉਸ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਨਛੱਤਰ ਆਪਣੇ ਫਲੈਟ ਵਿੱਚ ਚਲੇ ਗਿਆ ਸੀ। ਕੁਝ ਗਿਲੇ ਸ਼ਿਕਵਿਆਂ ਤੋਂ ਬਾਅਦ ਹੌਲੀ ਹੌਲੀ ਜੱਗੀ ਤੇ ਨਛੱਤਰ ਦੀ ਮੁੜ ਦੋਸਤੀ ਹੋ ਗਈ। ਉਹ ਫਿਰ ਤੋਂ ਬਾਹੜੇ ਨਾਲ ਕੰਮ ਕਰਨ ਜਾ ਲੱਗਿਆ। ਹੁਣ ਉਸ ਦੇ ਲਾਇਸੰਸ ਦੇ ਵਾਪਸ ਆਉਣ ਦਾ ਸਮਾਂ ਵੀ ਹੋ ਗਿਆ ਸੀ।

       ਨਛੱਤਰ ਨੇ ਉਸ ਨੂੰ ਆਪਣੀ ਸਕੀਮ ਦੀ ਰੂਪ ਰੇਖਾ ਸਮਝਾਉਂਦਿਆਂ ਕਿਹਾ,

       -ਅੱਜਕਲ ਮੌਟਰਗੇਜ ਮਿਲਣੀ ਜ਼ਰਾ ਮੁਸ਼ਕਲ ਐ ਪਰ ਜੇ ਆਪਾਂ ਦੋਵੇਂ ਰਲ਼ ਕੇ ਮੌਟਰਗੇਜ ਅਪਲਾਈ ਕਰੀਏ ਤਾਂ ਮਿਲ ਸਕਦੀ ਐ। ਘਰ ਆਪਣੇ ਦੋਨਾਂ ਦੇ ਨਾਂ ਹੋਵੇਗਾ ਪਰ ਰਹੋਂਗੇ ਤੁਸੀਂ ਹੀ ਤੇ ਮੈਂ ਆਪਣੇ ਫਲੈਟ ਵਿਚ। ਕੁਝ ਦੇਰ ਬਾਅਦ ਜਦ ਮੌਰਟਗੇਜ ਕੁਝ ਪੇਅ ਹੋ ਜਾਵੇਗੀ ਤਾਂ ਆਪਾਂ ਘਰ ਵੇਚ ਕੇ ਪੈਸੇ ਅੱਧੋ ਅੱਧੋ ਕਰ ਲਵਾਂਗੇ ਤੇ ਆਪੋ-ਆਪਣਾ ਘਰ ਲੈ ਲਵਾਂਗੇ।

       -ਪਰ ਮੇਰੇ ਕੋਲ ਤਾਂ ਜੌਬ ਹੈ ਨਹੀਂ, ਬਾਹੜੇ ਨਾਲ ਤਾਂ ਮੈਂ ਪ੍ਰਾਈਵੇਟ ਕੰਮ ਕਰਦਾਂ, ਮੌਟਰਗੇਜ ਕਿਵੇਂ ਮਿਲੇਗੀ?

       -ਹਮੀਦ ਕਿਸ ਮਰਜ਼ ਦੀ ਦਵਾਈ ਐ, ਉਹ ਦਵਾਵੇਗਾ।

       ਇਹਨਾਂ ਦਿਨਾਂ ਵਿਚ ਨਵੀ ਦੀ ਜ਼ਿੰਦਗੀ ਵਿਚ ਬਹੁਤ ਵੱਡਾ ਬਦਲਾਵ ਆ ਗਿਆ। ਉਸ ਨੇ ਨੌਕਰੀ ਛੱਡ ਦਿਤੀ ਤੇ ਹਾਈਗੇਟ ਦੇ ਇਲਾਕੇ ਵਿਚ ਜਾ ਕੇ ਇਸਟੇਟ ਏਜੰਸੀ ਖੋਹਲ ਲਈ। ਥੱਲੇ ਦਫਤਰ ਸੀ ਤੇ ਉਪਰ ਘਰ। ਉਹ ਪਲਵੀ ਨੂੰ ਤੇ ਰਾਹੁਲ ਨੂੰ ਕਦੇ ਵੀ ਦੇਖ ਸਕਦਾ ਸੀ। ਪਲਵੀ ਦੇ ਦਿਲ ਦੀ ਧੜਕਨ ਹਰ ਵੇਲੇ ਤੇਜ਼ ਰਹਿੰਦੀ। ਕਈ ਦਵਾਈਆਂ ਬਦਲੀਆਂ ਪਰ ਬਹੁਤਾ ਫਰਕ ਨਹੀਂ ਸੀ ਪੈਂਦਾ। ਨਵੀ ਨੂੰ ਏਨਾ ਤਾਂ ਪਤਾ ਸੀ ਕਿ ਜੱਗੀ ਵਾਪਸ ਆ ਚੁੱਕਾ ਹੈ ਪਰ ਉਸ ਤੋਂ ਬਾਅਦ ਕੀ ਹੋਇਆ ਕੁਝ ਨਹੀਂ ਸੀ ਪਤਾ। ਜੱਗੀ ਨੇ ਜਾਣ ਬੁੱਝ ਕੇ ਹੀ ਫੋਨ ਨਹੀਂ ਸੀ ਕੀਤਾ। ਉਹ ਨਵੀ ਦੀਆਂ ਨਜ਼ਰਾਂ ਵਿੱਚ ਹੀਣਾ ਨਹੀਂ ਸੀ ਹੋਣਾ ਚਾਹੁੰਦਾ ਕਿ ਏਨਾ ਕੁਝ ਹੋਣ ਤੋਂ ਬਾਅਦ ਉਹ ਫਿਰ ਪ੍ਰੀਤੀ ਨਾਲ ਰਹਿਣ ਲੱਗਿਆ ਸੀ। ਫਿਰ ਜਦ ਨਵੀ ਨੇ ਆਪਣੀ ਰਿਹਾਇਸ਼ ਬਦਲ ਲਈ ਤੇ ਨਾਲ ਹੀ ਮੁਬਾਈਲ ਨੰਬਰ ਵੀ ਬਦਲ ਲਿਆ ਤਾਂ ਦੋਨਾਂ ਦਾ ਆਪਸ ਵਿੱਚ ਰਾਬਤਾ ਟੁੱਟ ਗਿਆ ਸੀ। ਨਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦਾ ਗਿਆ ਤੇ ਜੱਗੀ ਆਪਣੀ ਵਿੱਚ।





ਸਤਾਰਾਂ


      ਜਿਵੇਂ ਵਿਉਂਤ ਬਣਾਈ ਸੀ ਉਹਨਾਂ ਨੇ ਘਰ ਲੈ ਲਿਆ ਗਿਆ। ਨਛੱਤਰ ਆਪਣੇ ਫਲੈਟ ਵਿੱਚ ਰਹਿੰਦਾ ਸੀ ਤੇ ਪ੍ਰੀਤੀ, ਜੱਗੀ ਤੇ ਰੌਕੀ ਘਰ ਵਿੱਚ ਰਹਿਣ ਲੱਗੇ ਸਨ। ਕੁਝ ਦੇਰ ਤਾਂ ਬਹੁਤ ਹੀ ਸੁੱਖ ਦੀ ਨਿਕਲੀ। ਜੱਗੀ ਨੂੰ ਜਾਪਿਆ ਕਿ ਪੁਰਾਣੇ ਦਿਨ ਵਾਪਸ ਆ ਗਏ ਹਨ। ਬਾਹੜੇ ਨਾਲ ਕੰਮ ਕਰ ਕੇ ਉਹ ਠੀਕ-ਠਾਕ ਪੈਸੇ ਕਮਾ ਲੈਂਦਾ ਸੀ। ਕੰਮ ਭਾਰਾ ਹੋਣ ਕਰਕੇ ਬਹੁਤੀ ਸ਼ਰਾਬ ਵੀ ਨਹੀਂ ਸੀ ਪੀਂਦਾ ਕਿਉਂਕਿ ਅਗਲੇ ਦਿਨ ਕੰਮ ਕਰਨਾ ਮੁਸ਼ਕਲ ਹੁੰਦਾ। ਪ੍ਰੀਤੀ ਵੀ ਖੁਸ਼ ਸੀ। ਇਹਨਾਂ ਦਿਨਾਂ ਵਿਚ ਪ੍ਰੀਤੀ ਨੇ ਡਰਾਈਵਿੰਗ ਟੈੱਸਟ ਵੀ ਪਾਸ ਕਰ ਲਿਆ ਤੇ ਕਾਰ ਵੀ ਲੈ ਲਈ। ਨਛੱਤਰ ਕਦੇ ਕਦੇ ਉਹਨਾਂ ਦੇ ਘਰ ਆਉਂਦਾ ਤੇ ਸਾਰੇ ਹੱਸਦੇ ਖੇਡਦੇ ਗੱਲਾਂ ਕਰਦੇ। ਉਹ ਮੁੜ ਪ੍ਰੀਤੀ ਨੂੰ ਭਰਜਾਈ ਕਹਿ ਕੇ ਸੰਬੋਧਨ ਹੋਣ ਲੱਗਿਆ। ਲਗਦਾ ਹੀ ਨਹੀਂ ਕਿ ਕਦੇ ਕੁਝ ਗਲਤ ਹੋਇਆ ਹੋਵੇਗਾ। ਪਰ ਰੌਕੀ ਪਹਿਲਾਂ ਵਾਂਗ ਚੁੱਪ-ਗੜੁੱਪ ਜਿਹਾ ਹੀ ਸੀ। ਹੁਣ ਉਹ ਹਾਈ ਸਕੂਲ ਜਾਂਦਾ ਸੀ ਪਰ ਸਕੂਲ ਵਿਚ ਵੀ ਉਸ ਦੇ ਬਹੁਤ ਦੋਸਤ ਨਹੀਂ ਸਨ। ਉਸ ਦੀ ਰਿਪੋਰਟ ਲਈ ਪ੍ਰੀਤੀ ਜਾਂ ਜੱਗੀ ਸਕੂਲ ਜਾਂਦੇ ਤਾਂ ਅਧਿਆਪਕ ਸਭ ਠੀਕ ਹੋਣ ਬਾਰੇ ਕਹਿ ਦਿੰਦੇ।

       ਉਹਨਾਂ ਦੇ ਮੁੜ ਇਕੱਠੇ ਹੋਣ 'ਤੇ ਪ੍ਰੀਤੀ ਦੇ ਦੋਵੇਂ ਭਰਾ ਬਹੁਤ ਖੁਸ਼ ਸਨ। ਜਦ ਉਹਨਾਂ ਨੂੰ ਅਲਿਹਦਗੀ ਬਾਰੇ ਪਤਾ ਚਲਿਆ ਸੀ ਤਾਂ ਦੋਨਾਂ ਭਰਾਵਾਂ ਨੇ ਹੀ ਫੋਨ ਕਰਕੇ ਪ੍ਰੀਤੀ ਨੂੰ ਹੀ ਗਲਤ ਕਿਹਾ ਸੀ। ਉਸ ਦੀ ਲੈਸਟਰ ਵਾਲੀ ਭਰਜਾਈ ਨੇ ਤਾਂ ਪ੍ਰੀਤੀ ਨੂੰ ਬੁਰਾ ਭਲਾ ਵੀ ਬੋਲਿਆ ਸੀ। ਉਹ ਸਮਝਦੀ ਸੀ ਕਿ ਜੱਗੀ ਬਹੁਤ ਵਧੀਆ ਮੁੰਡਾ ਹੈ। ਹੁਣ ਸਾਰਿਆਂ ਨੇ ਹੀ ਫੋਨ ਕਰ ਕੇ ਜੱਗੀ ਦਾ ਧੰਨਵਾਦ ਵੀ ਕੀਤਾ ਸੀ ਤੇ ਸ਼ਾਬਾਸ਼ ਵੀ ਦਿੱਤੀ। ਲੈਸਟਰ ਵਾਲੇ ਪਰਮਜੀਤ ਸਿੰਘ ਨੇ ਤਾਂ ਉਹਨਾਂ ਨੂੰ ਘਰ ਆਉਣ ਦਾ ਸੱਦਾ ਵੀ ਦਿੱਤਾ। ਪ੍ਰੀਤੀ ਨੂੰ ਇਹ ਚੰਗਾ ਵੀ ਲੱਗ ਰਿਹਾ ਸੀ ਕਿ ਉਸ ਦੇ ਭਰਾ ਉਸ ਦਾ ਹਾਲੇ ਵੀ ਫਿਕਰ ਕਰਦੇ ਸਨ।

       ਪੁਰਾਣੇ ਵਾਕਫਾਂ ਵਿਚੋਂ ਰਾਮਾ ਨੰਦ ਨੂੰ ਜੱਗੀ ਹਾਲੇ ਵੀ ਕਦੇ-ਕਦੇ ਮਿਲਦਾ ਰਹਿੰਦਾ ਸੀ। ਵੱਡਾ ਕਾਰਨ ਇਹ ਸੀ ਕਿ ਉਹ ਕੋਸ਼ਿਸ਼ ਕਰ ਰਿਹਾ ਸੀ ਕਿ ਮੁੜ ਕੇ ਰੋਮੋ ਵਿਚ ਕੰਮ ਮਿਲ ਜਾਵੇ। ਰਾਮਾ ਨੰਦ ਕੋਸ਼ਿਸ਼ ਕਰ ਕੇ ਦੇਖ ਚੁੱਕਾ ਸੀ ਪਰ ਹੁਣ ਜੱਗੀ ਦਾ ਕ੍ਰਿਮੀਨਲ ਰਿਕਾਰਡ ਬਣ ਚੁੱਕਿਆ ਸੀ ਇਸ ਕਰਕੇ ਕੰਮ ਉਤੇ ਬਹਾਲ ਕੀਤਾ ਜਾਣਾ ਸੰਭਵ ਨਹੀਂ ਸੀ। ਵੈਸੇ ਵੀ ਰਾਮਾ ਨੰਦ ਵਧੀਆ ਸਲਾਹਕਾਰ ਸੀ। ਉਹ ਜੱਗੀ ਨੂੰ ਹਮੇਸ਼ਾ ਸਹੀ ਸਲਾਹ ਦਿੰਦਾ। ਜਿਥੇ ਉਹ ਗਲਤ ਹੁੰਦਾ ਤਾਂ ਗਲਤ ਵੀ ਕਹਿ ਦਿੰਦਾ। ਆਪਣੇ ਅੰਦਰਲੇ ਵਹਿਮ ਕਾਰਨ ਜੱਗੀ ਨੇ ਨਵੀ ਨੂੰ ਮਿਲਣ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ। ਦੇਵਨ ਨਾਲ ਉਸ ਦੇ ਸਾਰੇ ਰਾਬਤੇ ਟੁੱਟ ਗਏ ਸਨ। ਉਹ ਇਹਨਾਂ ਨੂੰ ਮੁੜ ਕੇ ਬਹਾਲ ਵੀ ਨਹੀਂ ਸੀ ਕਰਨੇ ਚਾਹੁੰਦਾ।

       ਪ੍ਰੀਤੀ ਨਵੀਂ ਜ਼ਿੰਦਗੀ ਤੋਂ ਖੁਸ਼ ਸੀ ਪਰ ਨਛੱਤਰ ਵਾਲੀ ਘਾਟ ਉਸ ਨੂੰ ਰੜਕਦੀ ਰਹਿੰਦੀ ਸੀ। ਉਸ ਦੇ ਜਨਮ ਦਿਨ ਦਾ ਜੱਗੀ ਨੂੰ ਚੇਤਾ ਵੀ ਨਹੀਂ ਸੀ ਜਦ ਕਿ ਨਛੱਤਰ ਨੇ ਉਸ ਲਈ ਫੁੱਲ ਭੇਜੇ। ਪ੍ਰੀਤੀ ਨੇ ਫੋਨ ਕਰਕੇ ਉਸ ਦਾ ਧੰਨਵਾਦ ਕੀਤਾ। ਉਸੇ ਦਿਨ ਉਹ ਉਸ ਨੂੰ ਮਿਲਣ ਵੀ ਆ ਗਿਆ। ਉਹਨਾਂ ਦੇ ਮੁੜ ਉਹੋ ਸਬੰਧ ਬਣ ਗਏ ਤੇ ਅਗੇਰੇ ਸਵੇਰੇ ਮੁੜ ਮਿਲਣ ਲੱਗੇ।

       ਕ੍ਰਿਸਮਸ ਦੇ ਦਿਨ ਸਨ। ਪ੍ਰੀਤੀ ਬੋਲੀ,

       -ਜੈਗ, ਕਿਉਂ ਨਾ ਆਪਾਂ ਕ੍ਰਿਸਮਸ ਦੀ ਪਾਰਟੀ ਰੱਖੀਏ, ਐਵੇਂ ਗਲਤ ਜਿਹਾ ਮਹੌਲ ਬਣਿਆਂ ਹੋਇਆ ਸੀ, ਇਹ ਵੀ ਠੀਕ ਹੋ ਜਾਵੇਗਾ ਤੇ ਦੋਸਤਾਂ ਨਾਲ ਮੁੜ ਸਬੰਧ ਵੀ ਜੁੜ ਜਾਣਗੇ।

       -ਭਰਜਾਈ, ਜਿਵੇਂ ਮਰਜ਼ੀ ਕਰ ਲੈ। ਨਵੀ ਦਾ ਤਾਂ ਹੁਣ ਕੁਝ ਪਤਾ ਨਹੀਂ ਕਿ ਕਿਥੇ ਆ। ਰਾਮਾ ਨੰਦ ਨੇ ਆਉਣਾ ਨਹੀਂ, ਕਿਉਂਕਿ ਉਹ ਸ਼ਰਾਬ ਤੇ ਸ਼ਰਾਬੀਆਂ ਨੂੰ ਪਸੰਦ ਨਹੀਂ ਕਰਦਾ। ਹੋਰ ਕਿਹਨੂੰ ਸੱਦਾਂਗੇ ਬਾਹੜਾ ਭਾਵੇਂ ਆ ਜਾਏਗਾ।"

       ਜੱਗੀ ਨੇ ਕਿਹਾ ਤੇ ਪ੍ਰੀਤੀ ਲਿਸਟ ਬਣਾਉਣ ਲੱਗੀ। ਮਹਿਮਾਨਾਂ ਦੀ ਲਿਸਟ ਬਣਾ ਕੇ ਉਸ ਨੇ ਖਾਣਿਆਂ ਦੀ ਫਰਿਸਤ ਤਿਆਰ ਕਰਨੀ ਸ਼ੁਰੂ ਕਰ ਦਿਤੀ ਜਿਹੜੇ ਉਸ ਨੇ ਬਣਾਉਣੇ ਸਨ। ਰਸੋਈ ਦੇ ਕੰਮ ਵਿਚ ਤਾਂ ਉਹ ਪਹਿਲਾਂ ਹੀ ਮਾਹਰ ਸੀ। ਫਲੈਟ ਵਿੱਚ ਪਾਰਟੀ ਕਰਦਿਆਂ ਸਮੇ ਗਵਾਂਢੀਆਂ ਦਾ ਧਿਆਨ ਰੱਖਣਾ ਪੈਂਦਾ ਸੀ ਪਰ ਇਥੇ ਘਰ ਵਿੱਚ ਅਜਿਹਾ ਮਸਲਾ ਪੈਦਾ ਨਹੀਂ ਸੀ ਹੋਣਾ ਇਸ ਲਈ ਸ਼ੋਰੀਲੇ ਸੰਗੀਤ ਦਾ ਵੀ ਪ੍ਰਬੰਧ ਕਰ ਲਿਆ ਗਿਆ।

       ਸ਼ਾਮ ਨੂੰ ਸੱਤ ਕੁ ਵਜੇ ਪਾਰਟੀ ਸ਼ੁਰੂ ਹੋਈ। ਮਹਿਮਾਨ ਹੌਲੀ ਹੌਲੀ ਆਉਂਦੇ ਰਹੇ। ਸਭ ਤੋਂ ਪਹਿਲਾਂ ਹਮੀਦ ਆਇਆ ਜਿਸ ਨੇ ਘਰ ਲਈ ਮੌਰਟਗੇਜ ਦਾ ਇੰਤਜ਼ਾਮ ਕੀਤਾ ਸੀ। ਉਸ ਦੇ ਮਗਰੇ ਹੀ ਨਛੱਤਰ ਆ ਗਿਆ। ਫਿਰ ਨਛੱਤਰ ਦੀ ਪਹਿਲੀ ਪਤਨੀ ਨੀਸ਼ਾ ਤੇ ਉਸ ਦਾ ਬੁਆਏ ਫਰੈੰਡ ਪੀਟਰ ਆ ਗਏ। ਬੱਚੇ ਐਂਡੀ ਤੇ ਲੀਨਾ ਵੀ ਨਾਲ ਸਨ। ਪੀਟਰ ਦੀ ਐਕਸ ਵਾਈਫ ਸੈਰਾ ਵੀ ਉਹਨਾਂ ਦੇ ਘਰ ਆਈ ਹੋਈ ਸੀ ਉਹ ਵੀ ਨਾਲ ਹੀ ਆ ਗਈ। ਕੁਝ ਗਵਾਂਢੀ ਵੀ ਸਨ। ਇਵੇਂ ਕੁਲ ਮਿਲਾ ਕੇ ਵੀਹ ਕੁ ਬੰਦੇ ਹੋ ਗਏ। ਸਭ ਨੇ ਵਾਹਵਾ ਅਨੰਦ ਮਾਣਿਆਂ। ਸੰਗੀਤ ਉਪਰ ਸਭ ਨੇ ਖੂਬ ਡਾਂਸ ਕੀਤਾ। ਸ਼ਾਮ ਦੀ ਸ਼ੁਰੂ ਹੋਈ ਪਾਰਟੀ ਤੜਕਸਾਰ ਜਾ ਕੇ ਖਤਮ ਹੋਈ। ਸਾਰੇ ਖੁਸ਼ ਸਨ। ਪ੍ਰੀਤੀ ਤੇ ਨਛੱਤਰ ਦੀਆਂ ਅੱਖਾਂ ਰਹਿ ਰਹਿ ਕੇ ਮਿਲ ਰਹੀਆਂ ਸਨ। ਜੱਗੀ ਬਹੁਤਾ ਸਮਾਂ ਰੌਕੀ ਨੂੰ ਜੱਫੀ ਪਾ ਕੇ ਬੈਠਾ ਰਿਹਾ। ਉਸ ਨੇ ਰੌਕੀ ਨੂੰ ਵਿਸਕੀ ਦਾ ਨਿੱਕਾ ਜਿਹਾ ਪੈੱਗ ਵੀ ਬਣਾ ਦਿਤਾ ਤੇ ਪੈੱਗ ਪੀ ਕੇ ਰੌਕੀ ਵੀ ਖੂਬ ਨੱਚਿਆ। ਅੱਜ ਪ੍ਰੀਤੀ ਨੇ ਵੀ ਧਿਆਨ ਰੱਖਿਆ ਕਿ ਦੋ ਹੀ ਪੈੱਗ ਲਏ ਤੇ ਜੱਗੀ ਵੀ ਬਹੁਤਾ ਸ਼ਰਾਬੀ ਨਹੀਂ ਸੀ ਹੋਇਆ। ਪਾਰਟੀ ਕਾਮਯਾਬ ਰਹੀ।

       ਹੁਣ ਬਾਕੀ ਸਭ ਠੀਕ ਚੱਲ ਰਿਹਾ ਸੀ ਪਰ ਨਛੱਤਰ ਵਾਲਾ ਕੰਡਾ ਕਦੇ ਕਦੇ ਉਸ ਨੂੰ ਚੁਭਣ ਲਗਦਾ ਸੀ। ਜੱਗੀ ਦੇ ਮਨ ਵਿਚ ਹੇਠਾਂ ਕਿਤੇ ਇਕ ਸ਼ੱਕ ਜਿਹਾ ਹਰ ਵੇਲੇ ਤੈਰਦਾ ਰਹਿੰਦਾ। ਨਛੱਤਰ ਇਕ ਖਾਸ ਕਿਸਮ ਦਾ ਸੈਂਟ ਵਰਤਦਾ ਸੀ। ਕਈ ਵਾਰ ਉਹ ਘਰ ਆਉਂਦਾ ਤਾਂ ਉਸ ਨੂੰ ਉਸੇ ਸੈਂਟ ਦੀ ਸੁੰਘ ਜਿਹੀ ਆਉਣ ਲੱਗਦੀ। ਕਦੇ ਉਹ ਸੋਚਦਾ ਕਿ ਉਸ ਦਾ ਵਹਿਮ ਹੈ ਤੇ ਕਦੇ ਸੋਚਦਾ ਕਿ ਜ਼ਰੂਰ ਨਛੱਤਰ ਆਇਆ ਹੋਵੇਗਾ। ਇਕ ਦਿਨ ਉਸ ਨੇ ਇਸ ਬਾਰੇ ਰੌਕੀ ਨੂੰ ਪੁੱਛਿਆ ਪਰ ਰੌਕੀ ਕੁਝ ਨਾ ਬੋਲਿਆ। ਬਹੁਤਾ ਜ਼ੋਰ ਪਾ ਕੇ ਜੱਗੀ ਨੇ ਪੁੱਛਿਆ ਵੀ ਨਾ। ਰੌਕੀ ਦੇ ਅੰਤਰਮੁਖੀ ਸੁਭਾਅ ਕਾਰਨ ਜੱਗੀ ਫਿਕਰਵੰਦ ਵੀ ਹੋ ਜਾਂਦਾ ਸੀ। ਉਹ ਤੇ ਪ੍ਰੀਤੀ ਇਕ ਵਾਰ ਰੌਕੀ ਨੂੰ ਡਾਕਟਰ ਕੋਲ ਲੈ ਕੇ ਗਏ ਸਨ ਪਰ ਡਾਕਟਰ ਕਹਿੰਦਾ ਸੀ ਕਿ ਰੌਕੀ ਆਮ ਬੱਚਿਆਂ ਵਾਂਗ ਹੀ ਹੈ, ਕੋਈ ਨੁਕਸ ਵਾਲੀ ਗੱਲ ਨਹੀਂ ਹੈ। ਕਦੇ-ਕਦੇ ਉਹ ਪ੍ਰੀਤੀ ਤੋਂ ਚੋਰੀ ਰੌਕੀ ਨੂੰ ਵਿਸਕੀ ਦਾ ਹਲਕਾ ਜਿਹਾ ਪੈੱਗ ਦੇ ਦਿਆ ਕਰਦਾ ਸੀ। ਨਸ਼ੇ ਵਿਚ ਹੋ ਕੇ ਰੌਕੀ ਵਾਹਵਾ ਖੁਲ੍ਹ ਕੇ ਗੱਲਾਂ ਕਰਦਾ। ਇਕ ਵਾਰ ਤਾਂ ਜੱਗੀ ਦਾ ਦਿਲ ਕੀਤਾ ਕਿ ਰੌਕੀ ਨੂੰ ਵਿਸਕੀ ਪਿਲਾ ਕੇ ਪੁੱਛੇ ਕਿ ਉਸ ਮਗਰੋਂ ਨਛੱਤਰ ਘਰ ਤਾਂ ਨਹੀਂ ਆਉਂਦਾ ਪਰ ਕਿਸੇ ਤਾਕਤ ਨੇ ਉਸ ਨੂੰ ਅਜਿਹਾ ਨਹੀਂ ਕਰਨ ਦਿੱਤਾ।

       ਇਕ ਦਿਨ ਉਹ ਕੰਮ ਤੋਂ ਕੁਝ ਜਲਦੀ ਵਾਪਸ ਆ ਗਿਆ ਤਾਂ ਉਸ ਨੇ ਦੇਖਿਆ ਉਸ ਦੀ ਰੋਡ ਵਿਚੋਂ ਨਛੱਤਰ ਦੀ ਕਾਰ ਬਾਹਰ ਨਿਕਲ ਰਹੀ ਸੀ। ਉਸ ਨੂੰ ਗੁੱਸਾ ਚੜ੍ਹਨ ਲਗਿਆ। ਉਸ ਨੇ ਘਰ ਆ ਕੇ ਪ੍ਰੀਤੀ ਨੂੰ ਪੁੱਛਿਆ,

      -ਨਿੱਕ ਆਇਆ ਸੀ?

      ਪ੍ਰੀਤੀ ਸਮਝ ਗਈ ਕਿ ਉਸ ਨੇ ਨਛੱਤਰ ਨੂੰ ਦੇਖ ਲਿਆ ਹੋਵੇਗਾ ਇਸ ਲਈ ਹੀ ਸਵਾਲ ਪੁੱਛ ਰਿਹਾ ਸੀ। ਉਸ ਨੇ ਕਿਹਾ,

       -ਹਾਂ, ਆਇਆ ਸੀ। ਗੈਰਿਜ ਵਿਚ ਉਸ ਦਾ ਕੋਈ ਸਮਾਨ ਪਿਆ ਸੀ।

       -ਕਿਤੇ ਇਵੇਂ ਤਾਂ ਨਹੀਂ ਕਿ ਉਹ ਭੈਣ ਨੂੰ ਮਿਲਣ ਆਇਆ ਹੋਵੇ?

       ਭੈਣ ਸ਼ਬਦ 'ਤੇ ਉਸ ਨੇ ਵਿਸ਼ੇਸ਼ ਜ਼ੋਰ ਦਿਤਾ। ਇਸ ਗੱਲ 'ਤੇ ਪ੍ਰੀਤੀ ਭੜਕਦੀ ਹੋਈ ਬੋਲੀ,

       -ਜੈਗ, ਤੂੰ ਫੇਰ ਉਹੀ ਗੱਲਾਂ ਸ਼ੁਰੂ ਕਰ ਦਿੱਤੀਆਂ! ਉਹ ਘਰ ਦਾ ਮਾਲਕ ਐ, ਕਦੇ ਵੀ ਆ ਸਕਦਾ। ਇਹ ਤਾਂ ਵੱਡੀ ਗੱਲ ਐ ਕਿ ਆਪ ਕਿਰਾਏ ਦੇ ਫਲੈਟ ਵਿੱਚ ਰਹਿੰਦਾ ਤੇ ਅਸੀਂ ਘਰ ਪੂਰਾ ਸਾਂਭਿਆ ਹੋਇਐ।

       -ਮੈਂ ਇਹਦੀ ਮੌਟਰਗੇਜ ਵੀ ਤਾਂ ਸਾਰੀ ਦਿੰਨਾਂ। ਉਹ ਮੁਫਤ ਵਿੱਚ ਮਾਲਕ ਬਣਿਆਂ ਬੈਠਾ, ਨਾਲੇ ਪਹਿਲਾਂ ਸਾਰੀ ਗੱਲ ਉਹਦੇ ਨਾਲ ਹੋ ਚੁੱਕੀ ਆ। ਹੁਣ ਬਿਨਾਂ ਕਾਰਣ ਉਹ ਕਿਉਂ ਆਉਂਦਾ?

       -ਜੈਗ, ਮੈਨੂੰ ਲਗਦਾ ਕਿ ਤੈਨੂੰ ਘਰ ਦਾ ਇਹ ਵਧੀਆ ਮਹੌਲ ਚੰਗਾ ਨਹੀਂ ਲੱਗ ਰਿਹਾ। ਤੂੰ ਮੁੜ ਕੇ ਪੁਰਾਣੇ ਦਿਨ ਵਾਪਸ ਲਿਆਉਣੇ ਚਾਹੁੰਨਾਂ।

       ਪ੍ਰੀਤੀ ਹਿਰਖ ਵਿਚ ਬੋਲ ਰਹੀ ਸੀ। ਅਗਲੇ ਦਿਨ ਪ੍ਰੀਤੀ ਨੇ ਸਾਰੀ ਗੱਲ ਨਛੱਤਰ ਨੂੰ ਦੱਸੀ। ਨਛੱਤਰ ਵੀ ਅਜੀਬ ਜਿਹੀ ਸਥਿਤੀ ਵਿੱਚ ਸੀ। ਉਸ ਨੇ ਕਿਹਾ,

       -ਪ੍ਰੀਤੀ, ਤੂੰ ਏਹਦੇ ਤੋਂ ਪਿੱਛਾ ਛਡਾ ਤੇ ਆਪਾਂ ਇਕੱਠੇ ਰਹਿੰਨੇ ਆਂ। ਮੇਰੇ ਤੋਂ ਵੀ ਇਕੱਲੇ ਤੋਂ ਨਹੀਂ ਰਹਿ ਹੁੰਦਾ। ਮੈਨੂੰ ਹੁਣ ਤੇਰੀ ਆਦਤ ਪੈ ਚੁੱਕੀ ਐ।

       -ਨਿੱਕ, ਤੈਨੂੰ ਦੱਸਿਆ ਸੀ ਕਿ ਇਹਦਾ ਪਿਓ ਮਿਲੀਅਨੇਅਰ ਐ ਤੇ ਇਹ ਇਕੱਲਾ ਮਾਲਕ ਐ ਉਹਦਾ।

       -ਏਹਦਾ ਪਿਓ ਮਰੇਗਾ ਤਾਂ ਏਹਨੂੰ ਮਿਲੇਗਾ, ਹਾਲੇ ਪਿਓ ਤਕੜਾ ਪਿਆ। ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਕਿ ਇਸ ਨੂੰ ਕੁਝ ਮਿਲੇਗਾ ਵੀ ਕਿ ਨਹੀਂ ਮਿਲੇਗਾ, ਇਹਦੇ ਭੈਣ-ਭਣੋਈਆ ਵੀ ਤਾਂ ਹੈਨ। ਇਕ ਹੋਰ ਪੱਕੀ ਐ ਕਿ ਜਿਵੇਂ ਇਹ ਸ਼ਰਾਬ ਪੀਂਦਾ ਪਿਓ ਤੋਂ ਪਹਿਲਾਂ ਇਹਨੇ ਹੀ ਤੁਰ ਜਾਣਾ।

       ਪ੍ਰੀਤੀ ਸੋਚਾਂ ਵਿੱਚ ਪੈ ਗਈ। ਨਛੱਤਰ ਫਿਰ ਬੋਲਿਆ,

       -ਮੈਨੂੰ ਅੱਧੀ ਅਧੂਰੀ ਜ਼ਿੰਦਗੀ ਨਹੀਂ ਚਾਹੀਦੀ। ਮੈਂ ਇਕ ਪਾਸੇ ਹੋਣਾ ਚਾਹੁੰਨਾਂ। ਜੇ ਤੂੰ ਹੁਣ ਉਹਦੇ ਨਾਲ ਰਹਿਣ ਦਾ ਮਨ ਬਣਾ ਲਿਆ ਤਾਂ ਵੀ ਮੈਨੂੰ ਦੱਸ ਦੇ। ਪ੍ਰੀਤੀ, ਸੱਚ ਜਾਣ ਮੈਂ ਬਹੁਤ ਪ੍ਰੈਸ਼ਰ ਵਿਚ ਆਂ। ਮੈਂ ਸੈਕਿੰਡ ਕਲਾਸ ਬੰਦਾ ਮਹਿਸੂਸ ਕਰ ਰਿਹਾਂ। ਜੇ ਤੂੰ ਉਹਦੇ ਨਾਲ ਰਹਿਣਾ ਤਾਂ ਰਹਿ। ਮੈਂ ਆਪਣਾ ਕੋਈ ਹੋਰ ਇੰਤਜ਼ਾਮ ਕਰ ਲਵਾਂਗਾ। ਮੈਂ ਕਿਸੇ ਹੋਰ ਨੂੰ ਡੇਟ ਕਰ ਕੇ ਦੇਖ ਲੈਨਾ, ਸ਼ਾਇਦ ਕੋਈ ਢੰਗ ਦੀ ਔਰਤ ਮਿਲ ਜਾਵੇ।

       -ਇਹ ਤੂੰ ਕਿੱਦਾਂ ਕਰ ਸਕਦਾਂ ਨਿੱਕ? ਤੈਨੂੰ ਮੇਰੀ ਕੋਈ ਪਰਵਾਹ ਨਹੀਂ?

       -ਮੈਨੂੰ ਤੇਰੀ ਬਹੁਤ ਪਰਵਾਹ ਐ ਤਾਂ ਹੀ ਤਾਂ ਮੁੜ ਮੁੜ ਕੇ ਤੇਰੇ ਕੋਲ ਆਉਨਾ ਪਰ ਬੇਗਾਨਾ ਬਣਕੇ, ਚੋਰ ਬਣਕੇ। ਫੈਸਲਾ ਕਰ, ਤੈਨੂੰ ਤੇਰੀ ਮੈਰੀਡ ਲਾਈਫ ਮੁਬਾਰਕ ਪਰ ਮੈਂ ਇਹ ਹੋਰ ਬਰਦਾਸ਼ਤ ਨਹੀਂ ਕਰ ਸਕਦਾ।

       -ਨਿੱਕ, ਮੈਂ ਤੈਨੂੰ ਕਿਸੇ ਵੀ ਹਾਲਤ ਵਿਚ ਗੁਆਉਣਾ ਨਹੀਂ ਚਾਹੁੰਦੀ ਪਰ ਮੇਰੀ ਮਜਬੂਰੀ ਵੀ ਤਾਂ ਸਮਝ। ਇਸ ਸਾਰੇ ਨੂੰ ਲੈ ਕੇ ਮੈਂ ਵੀ ਤਾਂ ਬਹੁਤ ਪ੍ਰੈਸ਼ਰ ਵਿਚ ਆਂ।

       -ਪ੍ਰੀਤੀ, ਹਰ ਵੇਲੇ ਤੂੰ ਆਪਣੇ ਹਿੱਤ ਮੁਹਰੇ ਰੱਖਦੀ ਐਂ ਕਦੇ ਮੇਰੇ ਬਾਰੇ ਵੀ ਤਾਂ ਸੋਚਿਆ ਕਰ। ਮੈਂ ਤੇਰੇ ਤੋਂ ਦੂਰ ਨਹੀਂ ਰਹਿ ਸਕਦਾ। ਹੁਣ ਵੇਲਾ ਆ ਗਿਆ ਕਿ ਕੋਈ ਆਖਰੀ ਫੈਸਲਾ ਕੀਤਾ ਜਾਵੇ। ਜਾਂ ਮੈਨੂੰ ਛੱਡ ਦੇ ਤਾਂ ਜਾਂ ਮੇਰੇ ਨਾਲ ਰਹਿ।

       ਨਛੱਤਰ ਨੇ ਫੈਸਲਾਕੁੰਨ ਗੱਲ ਕਰਦਿਆਂ ਆਖਿਆ ਤੇ ਪ੍ਰੀਤੀ ਨੇ ਵੀ ਕਿਸੇ ਕੰਢੇ ਲਗਣ ਬਾਰੇ ਨਿਰਣਾ ਕਰ ਲਿਆ।

       ਇਕ ਦਿਨ ਜੱਗੀ ਕੰਮ ਤੋਂ ਵਾਪਸ ਆਇਆ ਤਾਂ ਨਛੱਤਰ ਦੀ ਕਾਰ ਬਾਹਰ ਖੜੀ ਦੇਖ ਕੇ ਉਸ ਦਾ ਖੂਨ ਖੌਲਣ ਲੱਗਾ। ਉਹ ਗੁੱਸੇ ਦਾ ਭਰਿਆ ਅੰਦਰ ਗਿਆ। ਜੱਗੀ ਬੈਠਕ ਵਿਚ ਬੈਠਾ ਚਾਹ ਪੀ ਰਿਹਾ ਸੀ। ਪ੍ਰੀਤੀ ਵੀ ਕੋਲ ਹੀ ਬੈਠੀ ਸੀ। ਉਸ ਨੇ ਟਿੱਚਰ ਨਾਲ ਕਿਹਾ,

       -ਭੈਣ-ਭਰਾ ਖੂਬ ਘੁਲ-ਮਿਲ ਰਹੇ ਆ!

       ਉਹ ਦੋਵੇਂ ਬਿਨਾਂ ਬੋਲੇ ਬੈਠੇ ਰਹੇ। ਜੱਗੀ ਨਛੱਤਰ ਨੂੰ ਸੰਬੋਧਨ ਹੁੰਦਾ ਬੋਲਿਆ,

       -ਭੈਣ ਯਹਿਣ ਆਇਆਂ?

       -ਜੈਗ, ਮੂੰਹ ਸੰਭਾਲ ਕੇ ਬੋਲ। ਅਸੀਂ ਬਚਪੱਨ ਦੇ ਦੋਸਤ ਆਂ।

       ਨਛੱਤਰ ਦੇ ਮਗਰ ਹੀ ਪ੍ਰੀਤੀ ਕਹਿਣ ਲੱਗੀ,

       -ਹੁਣ ਨਛੱਤਰ ਇਥੇ ਹੀ ਰਹੇਗਾ। ਇਹਦਾ ਵੀ ਤਾਂ ਓਨਾ ਹੀ ਘਰ ਐ।

       -ਇਹਦਾ ਮਤਲਬ ਤੂੰ ਵੀ ਏਹਦੀ ਓਨੀ ਹੀ ਐਂ ਜਿੰਨੀ ਮੇਰੀ? ਵਾਹ ਦਰੋਪਤੀ ਰਾਣੀ!

       ਦਰੋਪਤੀ ਵਾਲੀ ਗੱਲ ਪ੍ਰੀਤੀ ਨੂੰ ਸਮਝ ਨਾ ਆਈ। ਉਸ ਨੇ ਕਾਫੀ ਸਾਰੀ ਹਿੰਮਤ ਇਕੱਠੀ ਕੀਤੀ ਤੇ ਬੋਲੀ,

       -ਜੈਗ, ਨਛੱਤਰ ਮੇਰੇ ਨਾਲ ਰਹੇਗਾ। ਤੂੰ ਆਪਣਾ ਕੋਈ ਹੋਰ ਇੰਤਜ਼ਾਮ ਕਰ ਲੈ।

       -ਹੋਰ ਇੰਤਜ਼ਾਮ? ਮੈਂ ਕਿਥੇ ਇੰਤਜ਼ਾਮ ਕਰ ਲਵਾਂ?

       -ਨਹੀਂ ਤਾਂ ਇਥੇ ਹੀ ਇਕ ਕਮਰੇ ਵਿਚ ਰਹੀ ਚੱਲ, ਸਾਨੂੰ ਕੋਈ ਫਰਕ ਨਹੀਂ। ਕਿਉਂ ਨਿੱਕ?

       -ਬੇਸ਼ੱਕ! ਮੈਨੂੰ ਕੋਈ ਮਾਈਂਡ ਨਹੀਂ।

       ਨਛੱਤਰ ਨੇ ਮੋਢ੍ਹੇ ਚੁੱਕਦਿਆਂ ਆਖਿਆ। ਜੱਗੀ ਹੱਸਣ ਲੱਗਾ ਤੇ ਕੁਝ ਦੇਰ ਹੱਸਦਾ ਰਿਹਾ। ਫਿਰ ਬੋਲਿਆ,

       -ਭੈਣ ਦਿਆ ਯਾਰਾ! ਇਹ ਹੈਗੀ ਐ ਭੋਲੀ ਔਰਤ ਤੇ ਐਂ ਨਿਰੀ ਸ਼ੈਤਾਨ ਦੀ ਟੂਟੀ। ਜੇ ਤੂੰ ਏਹਨੂੰ ਧੋਖਾ ਦਿਤਾ ਤਾਂ ਚੇਤੇ ਰੱਖੀਂ, ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ।

       ਪ੍ਰੀਤੀ ਤੇ ਨਛੱਤਰ ਉਠ ਕੇ ਦੂਜੇ ਕਮਰੇ ਵਿੱਚ ਚਲੇ ਗਏ। ਜੱਗੀ ਇਕੱਲਾ ਰਹਿ ਗਿਆ। ਉਹ ਕਿੰਨੀ ਦੇਰ ਤਕ ਉਵੇਂ ਹੀ ਬੈਠਾ ਖਾਲੀ ਅੱਖਾਂ ਨਾਲ ਕੰਧ ਵਲ ਦੇਖਦਾ ਰਿਹਾ। ਫਿਰ ਅਚਾਨਕ ਉਹ ਹੱਸਣ ਲੱਗਾ। ਏਨਾ ਹੱਸਿਆ ਕਿ ਪ੍ਰੀਤੀ ਤੇ ਨਛੱਤਰ ਡਰ ਗਏ। ਰੌਕੀ ਨੇ ਤਾਂ ਡਰਦਿਆਂ ਆਪਣੇ ਕਮਰੇ ਦੀ ਕੁੰਡੀ ਹੀ ਬੰਦ ਕਰ ਲਈ। ਫਿਰ ਜੱਗੀ ਹੱਸਦਾ ਹੋਇਆ ਘਰ ਵਿੱਚ ਦੌੜਾ ਫਿਰਨ ਲੱਗਾ। ਕਦੇ ਪੌੜੀਆਂ ਚੜ ਜਾਂਦਾ ਤੇ ਕਦੇ ਭੱਜਦਾ ਹੋਇਆ ਉਤਰ ਆਉਂਦਾ। ਨਛੱਤਰ ਨੂੰ ਲੱਗਿਆ ਕਿ ਉਹ ਉਸ 'ਤੇ ਹਮਲਾ ਵੀ ਕਰ ਸਕਦਾ ਹੈ। ਉਸ ਨੇ ਪੁਲੀਸ ਬੁਲਾ ਲਈ। ਪੁਲੀਸ ਅਫਸਰ ਉਸ ਨੂੰ ਆਖਣ ਲੱਗਾ,

      -ਮਿਸਟਰ ਸਿੰਘ, ਤੂੰ ਸਭ ਲਈ ਖਤਰਾ ਬਣ ਗਿਆ ਐਂ, ਤੈਨੂੰ ਇਥੋਂ ਜਾਣਾ ਪਏਗਾ।

       -ਮੈਂ ਕਿਉਂ ਜਾਵਾਂ? ਇਹ ਮੇਰਾ ਘਰ ਐ, ਇਹ ਮੇਰੀ ਫੈਮਲੀ ਐ, ਆਹ ਮੇਰੀ ਪਤਨੀ, ਉਪਰ ਆਪਣੇ ਕਮਰੇ ਵਿਚ ਮੇਰਾ ਮੁੰਡਾ। ਓਪਰਾ ਤਾਂ ਇਹ ਬੰਦਾ ਐ ਜਿਹੜਾ ਆਹ ਮੇਰੀ ਪਰਿਵਾਰਕ ਜ਼ਿੰਦਗੀ ਉਪਰ ਡਾਕਾ ਮਾਰਨ ਆਇਆ ਹੋਇਐ। ਇਹਨੂੰ ਕਹੋ ਕਿ ਇਥੋਂ ਜਾਵੇ।

       ਪੁਲੀਸ ਅਫਸਰ ਨੇ ਪ੍ਰੀਤੀ ਵਲ ਦੇਖਿਆ। ਉਹ ਬੋਲੀ,

       -ਕਿਸੇ ਵੇਲੇ ਇਹ ਮੇਰਾ ਪਤੀ ਜ਼ਰੂਰ ਸੀ ਪਰ ਇਹ ਹੁਣ ਪੁਰਾਣੀ ਗੱਲ ਐ, ਇਹ ਮੱਲੋ ਮੱਲੀ ਹੱਕ ਜਤਾ ਰਿਹਾ ਐ, ਦੇਖੋ ਕਿਵੇਂ ਹਿੰਸਕ ਹੋਇਆ ਖੜੈ। ਇਹ ਤਾਂ ਕਿਸੇ ਵੇਲੇ ਵੀ ਮੇਰੇ ਤੇ ਜਾਂ ਨਿੱਕ 'ਤੇ ਹਮਲਾ ਕਰ ਸਕਦਾ।

       ਪ੍ਰੀਤੀ ਗੱਲ ਕਰ ਰਹੀ ਸੀ ਤਾਂ ਜੱਗੀ ਲਗਾਤਾਰ ਉਸ ਵਲ ਦੇਖਦਾ ਜਾ ਰਿਹਾ ਸੀ ਜਿਵੇਂ ਇਕ ਬੱਚਾ ਕਿਸੇ ਅਦਭੁੱਤ ਖੇਡ ਨੂੰ ਦੇਖ ਰਿਹਾ ਹੁੰਦਾ ਹੈ। ਉਹ ਫਿਰ ਹੱਸਣ ਲੱਗਾ। ਹੱਸਦਾ ਹੋਇਆ ਉਹ ਸੋਫੇ 'ਤੇ ਬਹਿ ਗਿਆ। ਲੱਤ ਤੇ ਲੱਤ ਰੱਖਦਾ ਬੋਲਿਆ,

       -ਭਰਜਾਈ, ਤੇਰੀ ਮਜ਼ਾਕ ਕਰਨ ਦੀ ਆਦਤ ਨਹੀਂ ਗਈ। ਬਹੁਤ ਹਸਾਉਨੀ ਐਂ ਤੂੰ!

       -ਮਿਸਟਰ ਸਿੰਘ, ਇਥੋਂ ਉਠ ਤੇ ਉਠ ਕੇ ਜਾਹ। ਇਸ ਤੋਂ ਪਹਿਲਾਂ ਕਿ ਅਸੀਂ ਤੈਨੂੰ ਚੁੱਕ ਕੇ ਬਾਹਰ ਸੁੱਟੀਏ ਤੂੰ ਆਪੇ ਹੀ ਚਲੇ ਜਾਹ।

       -ਨਹੀਂ ਜਾਂਦਾ ਮੈਂ, ਕਰ ਲਓ ਜੋ ਕਰਨਾ।

       ਆਖਦਾ ਉਹ ਹੋਰ ਚੌੜਾ ਹੋ ਕੇ ਬਹਿ ਗਿਆ। ਇਕ ਸਿਪਾਹੀ ਉਸ ਨੂੰ ਬਾਹੋਂ ਫੜਨ ਲੱਗਾ ਤਾਂ ਉਹ ਬੋਲਿਆ,

       -ਮੈਨੂੰ ਹੱਥ ਨਾ ਲਾ ਔਫੀਸਰ। ਮੈਂ ਚੰਗਾ ਆਦਮੀ ਨਹੀਂ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਕੋਈ ਛੂਹੇ।

       ਪੁਲੀਸ ਵਾਲਿਆਂ ਦੋ ਕੁ ਵਾਰ ਹੋਰ ਕਿਹਾ। ਜਦ ਜੱਗੀ ਨਾ ਮੰਨਿਆਂ ਤਾਂ ਉਹਨਾਂ ਨੇ ਜਬਰਦਸਤੀ ਚੁੱਕ ਲਿਆ। ਜੱਗੀ ਉਹਨਾਂ ਦੇ ਘਸੁੰਨ ਮਾਰਨ ਲੱਗ ਪਿਆ। ਬਦਲੇ ਵਿਚ ਉਹਨਾਂ ਨੇ ਵੀ ਜੱਗੀ ਨੂੰ ਮਾਰਨਾ ਸ਼ੁਰੂ ਕਰ ਦਿਤਾ ਤੇ ਚੁੱਕ ਕੇ ਵੈਨ ਵਿਚ ਸੁੱਟ ਲਿਆ।




ਅਠਾਰਾਂ


       ਅਠਾਰਾਂ ਸਾਲ ਨਿਕਲ ਗਏ। ਇਹਨਾਂ ਅਠਾਰਾਂ ਸਾਲਾਂ ਵਿਚ ਬਹੁਤ ਸਾਰੇ ਦਰਿਆ ਪੁਲਾਂ ਹੇਠ ਦੀ ਵਗ ਕੇ ਸਮੁੰਦਰ ਵਿਚ ਜਾ ਡਿਗੇ ਤੇ ਭਾਫ ਬਣ ਮੁੜ ਦਰਿਆ ਬਣ ਗਏ। ਇਹਨਾਂ ਅਠਾਰਾਂ ਸਾਲਾਂ ਵਿਚ ਬਹੁਤ ਕੁਝ ਬਦਲ ਗਿਆ। ਦੁਨੀਆਂ ਬਦਲ ਗਈ। ਬਾਕੀ ਦੁਨੀਆਂ ਦੇ ਨਾਲ ਨਾਲ ਨਵੀ ਦੀ ਦੁਨੀਆਂ ਵੀ ਬਦਲ ਗਈ। ਉਸ ਦਾ ਮੁੰਡਾ ਰਾਹੁਲ ਹਾਲੇ ਸਕੂਲ ਵੀ ਨਹੀਂ ਸੀ ਗਿਆ ਕਿ ਪਲਵੀ ਦੀ ਮੌਤ ਹੋ ਗਈ। ਮੌਤ ਦਾ ਬਹਾਨਾ ਸਿਰ ਦੀ ਨਾੜੀ ਦਾ ਫਟਣਾ ਬਣਿਆਂ। ਉਸ ਤੋਂ ਬਾਅਦ ਨਵੀ ਨੂੰ ਆਪਣਾ ਜੀਉਣ ਢੰਗ ਬਦਲਣਾ ਪਿਆ। ਉਸ ਨੇ ਰਾਹੁਲ ਨੂੰ ਮਾਂ ਬਣ ਕੇ ਪਾਲਿਆ। ਆਪਣਾ ਇਕ ਇਕ ਪਲ ਰਾਹੁਲ ਨੂੰ ਦਿਤਾ। ਹੁਣ ਜਦ ਰਾਹੁਲ ਯੂਨੀ ਚਲੇ ਗਿਆ ਸੀ ਤਾਂ ਉਸ ਨੂੰ ਕੁਝ ਰਾਹਤ ਮਿਲੀ ਸੀ। ਉਹ ਆਪਣੇ ਆਪ ਨੂੰ ਕੁਝ ਵਕਤ ਦੇਣ ਲੱਗਿਆ ਸੀ। ਪਲਵੀ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਬਹੁਤ ਕਿਹਾ ਕਿ ਹੋਰ ਵਿਆਹ ਕਰਾ ਲਵੇ ਪਰ ਉਹ ਸਿਰ ਫੇਰਦਾ ਰਿਹਾ ਸੀ। ਉਹ ਰਾਹੁਲ ਨੂੰ ਮਤਰੇਈ ਮਾਂ ਨਾਲ ਰਹਿੰਦਾ ਨਹੀਂ ਸੀ ਦੇਖ ਸਕਦਾ। ਉਸ ਨੇ ਫੈਸਲਾ ਕਰ ਲਿਆ ਸੀ ਕਿ ਜਦ ਰਾਹੁਲ ਵੱਡਾ ਹੋ ਜਾਵੇਗਾ ਤੇ ਸਭ ਸਮਝਣ ਜੋਗਾ ਹੋ ਜਾਵੇਗਾ ਤਾਂ ਉਹ ਸ਼ਾਇਦ ਵਿਆਹ ਕਰਾ ਵੀ ਲਵੇ।

       ਇਹਨਾਂ ਅਠਾਰਾਂ ਸਾਲਾਂ ਵਿਚ ਜੱਗੀ ਨਾਲ ਕੀ ਬੀਤੀ, ਨਵੀ ਨੂੰ ਕੁਝ ਨਹੀਂ ਸੀ ਪਤਾ। ਪਹਿਲੀਆਂ ਵਿਚ ਉਸ ਨੇ ਜੱਗੀ ਨੂੰ ਤੇ ਪ੍ਰੀਤੀ ਨੂੰ ਵੀ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਫੋਨ ਬਦਲੇ ਹੋਏ ਸਨ। ਫਿਰ ਉਹ ਆਪਣੇ ਜੀਵਨ ਵਿੱਚ ਹੀ ਇਵੇਂ ਉਲਝ ਗਿਆ ਕਿ ਕਿਸੇ ਹੋਰ ਦਾ ਬਹੁਤਾ ਫਿਕਰ ਹੀ ਨਾ ਰਿਹਾ। ਜਦ ਕਦੇ ਜੱਗੀ ਦੀ ਯਾਦ ਆਉਂਦੀ ਤਾਂ ਉਹ ਸੋਚਦਾ ਕਿ ਜੱਗੀ ਪ੍ਰੀਤੀ ਨਾਲ ਮੁੜ ਖੁਸ਼ ਰਹਿਣ ਲੱਗ ਪਿਆ ਹੋਵੇਗਾ ਨਹੀਂ ਤਾਂ ਮੁੜ ਕੈਨੇਡਾ ਚਲੇ ਗਿਆ ਹੋਵੇਗਾ, ਜਾਂ ਫਿਰ ਸ਼ਾਇਦ ਇੰਡੀਆ ਹੀ ਜਾ ਵਸਿਆ ਹੋਵੇ। ਉਹ ਇਹ ਵੀ ਸੋਚਦਾ ਕਿ ਜੱਗੀ ਆਲੇ-ਦੁਆਲੇ ਹੁੰਦਾ ਤਾਂ ਉਸ ਨੂੰ ਫੋਨ ਜ਼ਰੂਰ ਕਰਦਾ ਕਿਉਂਕਿ ਨਵੀ ਦੇ ਮੁਬਾਈਲ ਫੋਨ ਦਾ ਨੰਬਰ ਤਾਂ ਉਹੀ ਰਿਹਾ ਸੀ ਜਿਹੜਾ ਜੱਗੀ ਨੂੰ ਜ਼ਬਾਨੀ ਯਾਦ ਸੀ।

       ਦੇਵਨ ਨਾਲ ਉਸ ਦੀ ਕਦੇ ਕਦੇ ਗੱਲ ਹੋ ਜਾਇਆ ਕਰਦੀ ਸੀ। ਦੇਵਨ ਆਪ ਹੀ ਫੋਨ ਕਰਿਆ ਕਰਦਾ। ਦੇਵਨ ਹੁਣ ਕਈ ਰੈਸਟੋਰੈਂਟਾਂ ਦਾ ਮਾਲਕ ਸੀ। ਉਸ ਦੇ ਦੋਵੇਂ ਬੱਚੇ ਡਿਗਰੀਆਂ ਲੈ ਕੇ ਵੱਡੀਆਂ ਨੌਕਰੀਆਂ ਤੇ ਜਾ ਪੁੱਜੇ ਸਨ। ਉਸ ਨੇ ਫੋਨ ਕਰਕੇ ਆਪਣੀਆਂ ਵਡਿਆਈਆਂ ਹੀ ਮਾਰਨੀਆਂ ਹੁੰਦੀਆਂ ਸਨ ਇਸ ਲਈ ਨਵੀ ਕਈ ਵਾਰ ਉਸ ਦਾ ਫੋਨ ਚੁਕਦਾ ਵੀ ਨਹੀਂ ਸੀ ਤੇ ਜੇ ਚੁੱਕਦਾ ਵੀ ਤਾਂ ਜਲਦੀ ਰੱਖਣ ਦੀ ਕੋਸ਼ਿਸ਼ ਕਰਦਾ। ਦੇਵਨ ਨਾਲ ਗੱਲ ਹੁੰਦੀ ਤਾਂ ਉਹ ਜੱਗੀ ਬਾਰੇ ਵੀ ਗੱਲਾਂ ਕਰਦੇ। ਦੇਵਨ ਨੂੰ ਵੀ ਜੱਗੀ ਬਾਰੇ ਕੁਝ ਨਹੀਂ ਸੀ ਪਤਾ। ਇਕ ਦਿਨ ਦੇਵਨ ਦਾ ਫੋਨ ਆਇਆ ਤਾਂ ਉਹ ਬੋਲਿਆ,

       -ਯਾਰ ਨਵੀ, ਮੈਂ ਇੰਡੀਆ ਤੋਂ ਆਇਆਂ ਤਾਂ ਰਾਮਾ ਨੰਦ ਮੇਰੇ ਵਾਲੀ ਫਲਾਈਟ ਵਿੱਚ ਹੀ ਸੀ। ਯਾਦ ਐ ਰੋਮੋ ਵਿਚ ਆਪਣੇ ਨਾਲ ਕੰਮ ਕਰਦਾ ਸੀ।

       -ਹਾਂ ਯਾਦ ਐ, ਜਿਹੜਾ ਯੂਨੀਅਨ ਵਿੱਚ ਹੁੰਦਾ ਸੀ।

       -ਉਹਨੇ ਇਕ ਬੜੀ ਮਾੜੀ ਖਬਰ ਸੁਣਾਈ।

       -ਅੱਛਾ, ਕੀ?

       -ਕਹਿੰਦਾ ਕਿ ਜੱਗੀ ਮੈਂਟਲ ਹੋ ਗਿਆ। ਕਈ ਸਾਲ ਮੈਂਟਲ ਹਸਪਤਾਲ ਵਿੱਚ ਰਿਹਾ।

       ਇਹ ਸੁਣ ਕੇ ਨਵੀ ਇਕ ਦਮ ਹਿੱਲ ਗਿਆ। ਉਸ ਨੂੰ ਯਾਦ ਆਇਆ ਕਿ ਬਹੁਤ ਸਾਲ ਪਹਿਲਾਂ ਬੇਕਰ ਸਟਰੀਟ ਦੇ ਸਟੇਸ਼ਨ 'ਤੇ ਇਕ ਬੰਦਾ ਉਸ ਨੇ ਦੇਖਿਆ ਸੀ। ਜਿਸ ਦੇ ਵਾਲ ਖਿਚੜੀ ਸਨ, ਇਕ ਬਾਂਹ ਘੁੰਮ ਕੇ ਪਿੱਛੇ ਲੱਗੀ ਹੋਈ ਸੀ ਜਿਵੇਂ ਕਿਸੇ ਨੇ ਤੋੜ ਦਿਤੀ ਹੋਵੇ। ਉਸ ਦੀਆਂ ਅੱਖਾਂ ਜਾਣੀਆਂ ਪੱਛਾਣੀਆਂ ਲੱਗਦੀਆਂ ਸਨ। ਜਦ ਨਵੀ ਉਸ ਵਲ ਵਧਿਆ ਤਾਂ ਉਹ ਬੰਦਾ ਭੱਜ ਕੇ ਲੁਕ ਗਿਆ ਸੀ। ਉਸ ਨੇ ਕਿਹਾ,

       -ਦੇਵਨ, ਤੇਰੇ ਕੋਲ ਰਾਮਾ ਨੰਦ ਦਾ ਫੋਨ ਨੰਬਰ ਹੈਗਾ।

       -ਨੰਬਰ ਤਾਂ ਮੈਂ ਲੈ ਲਿਆ ਸੀ ਪਰ ਜੱਗੀ ਅਜਿਹੀ ਸਥਿਤੀ ਵਿੱਚ ਐ ਕਿ ਕਿਸੇ ਨੂੰ ਨਹੀਂ ਮਿਲਦਾ ਏਸ ਕਰਕੇ ਉਹਨੂੰ ਵੀ ਉਹਦੇ ਬਾਰੇ ਕੁਝ ਨਹੀਂ ਪਤਾ।

       -"ਯਾਰ, ਉਹਨੂੰ ਮਿਲਣਾ ਚਾਹੀਦੈ, ਜੇ ਕਿਸੇ ਕਿਸਮ ਦੀ ਮੱਦਦ ਕਰ ਸਕੀਏ ਤਾਂ, æææਆਖਰ ਦੋਸਤ ਆਂ ਯਾਰ!

       -ਨਵੀ, ਮੇਰੇ ਕੋਲ ਤਾਂ ਏਨਾ ਵਕਤ ਹੈ ਨਹੀਂ, ਹਾਂ ਤੈਨੂੰ ਰਾਮਾ ਨੰਦ ਦਾ ਫੋਨ ਲਿਖਵਾ ਦਿੰਨਾਂ। ਨਾਲ਼ੇ ਇਕ ਗੱਲ ਹੋਰ ਦੱਸ ਦੇਵਾਂ ਕਿ ਦਿਮਾਗੀ ਬਿਮਾਰ ਲੋਕਾਂ ਨਾਲ ਇਕ ਗੈਪ ਰੱਖੀਦਾ ਤੇ ਇਹਨਾਂ ਦੀਆਂ ਬਹੁਤੀਆਂ ਉਮੀਦਾਂ ਨਹੀਂ ਜਗਾਈਦੀਆਂ ਨਹੀਂ ਤਾਂ ਗਲ਼ ਪੈ ਜਾਇਆ ਕਰਦੇ ਆ, ਬਾਕੀ ਤੂੰ ਸਿਆਣੈ।"

       ਸਲਾਹ ਦੇ ਨਾਲ ਨਾਲ ਦੇਵਨ ਨੇ ਫੋਨ ਨੰਬਰ ਲਿਖਵਾ ਕੇ ਆਪਣੇ ਨਵੇਂ ਖੋਹਲੇ ਰੈਸਟੋਰੈਂਟ ਬਾਰੇ ਗੱਲਾਂ ਕਰਨ ਲੱਗਿਆ ਪਰ ਨਵੀ ਦੀ ਇਸ ਵਿਚ ਕੋਈ ਦਿਲਚਸਪੀ ਨਹੀਂ ਸੀ। ਉਸ ਨੇ ਫੋਨ ਰੱਖ ਕੇ ਰਾਮਾ ਨੰਦ ਨੂੰ ਫੋਨ ਕਰ ਲਿਆ। ਰਾਮਾ ਨੰਦ ਘਰ ਹੀ ਸੀ। ਆਪਣੇ ਬਾਰੇ ਦਸਦਿਆਂ ਨਵੀ ਨੇ ਪੁੱਛਿਆ,

       -ਅਜਕੱਲ ਕਿਥੇ ਐ ਜੱਗੀ?

       -ਕੁਝ ਨਹੀਂ ਪਤਾ। ਕਈ ਸਾਲ ਹੋ ਗਏ ਮਿਲੇ ਨੂੰ ਪਰ ਮੈਨੂੰ ਪਤਾ ਕਿ ਉਹਦੀ ਹਾਲਤ ਬਹੁਤੀ ਵਧੀਆ ਨਹੀਂ। ਸ਼ਾਇਦ ਕਿਸੇ ਕੇਅਰ ਹੋਮ ਵਿੱਚ ਹੋਵੇ।

       -ਰਾਮਾ ਨੰਦ ਜੀ, ਇਹ ਹੋਇਆ ਕਿਵੇਂ ਸਭ?

       -ਨਵੀ, ਤੂੰ ਤਾਂ ਜਾਣਦਾ ਹੀ ਐਂ ਕਿ ਉਹ ਬੀਬੇ ਜਿਹੇ ਸੁਭਾਅ ਵਾਲਾ ਬਹੁਤ ਹੀ ਜਜ਼ਬਾਤੀ ਬੰਦਾ ਸੀ। ਜਦ ਤੁਹਾਡੀ ਤੀਵੀਂ ਤੁਹਾਡੇ ਸਾਹਮਣੇ ਕਿਸੇ ਹੋਰ ਬੰਦੇ ਨਾਲ ਸੌਂਦੀ ਹੋਵੇ ਤਾਂ ਦਿਮਾਗ ਦਾ ਦਹੀਂ ਤਾਂ ਹੋਣਾ ਹੀ ਹੋਇਆ।

       -ਚਲੋ ਜੋ ਹੋਇਆ ਸੋ ਹੋਇਆ ਪਰ ਉਸ ਨੂੰ ਮਿਲਣਾ ਬਹੁਤ ਜ਼ਰੂਰੀ ਐ, ਸ਼ਾਇਦ ਅਸੀਂ ਉਸ ਦੀ ਕੋਈ ਮੱਦਦ ਕਰ ਸਕੀਏ। ਤੁਸੀਂ ਮੇਰਾ ਫੋਨ ਨੰਬਰ ਤੇ ਸਿਰਨਾਵਾਂ ਆਪਣੇ ਕੋਲ ਰੱਖ ਲਵੋ, ਜੇ ਕਦੇ ਮਿਲੇ ਤਾਂ ਉਸ ਨੂੰ ਦੇ ਦੇਣਾ ਤੇ ਕਹਿਣਾ ਕਿ ਮੈਨੂੰ ਜਲਦੀ ਤੋਂ ਜਲਦੀ ਮਿਲੇ।

       ਨਵੀ ਦਿਲੋਂ ਤੜਫਿਆ ਪਿਆ ਸੀ। ਕੁਝ ਦਿਨ ਤੜਫ ਕੇ ਉਹ ਮੁੜ ਆਪਣੀ ਜ਼ਿੰਦਗੀ ਵਿੱਚ ਉਲਝ ਗਿਆ। ਉਸ ਦਾ ਬਹੁਤਾ ਧਿਆਨ ਤਾਂ ਰਾਹੁਲ ਨੇ ਮੱਲਿਆ ਹੋਇਆ ਸੀ। ਉਹ ਕੰਮ ਤੇ ਜਾਂਦਾ ਤੇ ਘਰ ਆ ਕੇ ਘਰ ਸੰਭਾਲਦਾ। ਬਚਪੱਨ ਵਿੱਚ ਉਸ ਨੇ ਰਾਹੁਲ ਨੂੰ ਮਾਂ ਵਾਂਗ ਪਾਲਿਆ ਤੇ ਹੁਣ ਉਸ ਦੇ ਦੋਸਤਾਂ ਵਾਂਗ ਰੱਖਦਾ ਸੀ। ਉਸ ਨੂੰ ਵਿਆਹ ਦੀਆਂ ਬਹੁਤ ਪੇਸ਼ਕਸ਼ਾਂ ਆਈਆਂ ਪਰ ਉਸ ਨੇ ਆਪਣਾ ਸਾਰਾ ਧਿਆਨ ਰਾਹੁਲ 'ਤੇ ਕੇਂਦਰਿਤ ਰੱਖਿਆ। ਹਾਂ, ਉਸ ਨੇ ਗਰਲ ਫਰੈੰਡ ਵੀ ਰੱਖੀ ਹੋਈ ਸੀ। ਸੁਮਿਤਰਾ। ਸੁਮਿਤਰਾ ਪਿਛਲੇ ਦਸ ਸਾਲ ਤੋਂ ਉਸ ਨਾਲ ਜੁੜੀ ਹੋਈ ਸੀ। ਸੁਮਿਤਰਾ ਤਲਾਕਸ਼ੁਦਾ ਸੀ। ਰਾਹੁਲ ਕੁ ਦੀ ਉਮਰ ਦੀ ਉਸ ਦੀ ਇਕ ਕੁੜੀ ਵੀ ਸੀ ਪਿੰਕੀ। ਨਵੀ ਤੋਂ ਉਲਟ ਸੁਮਿਤਰਾ ਨੇ ਨਵੀ ਨਾਲ ਆਪਣੇ ਸੰਬੰਧਾਂ ਬਾਰੇ ਦੱਸਿਆ ਹੋਇਆ ਸੀ ਪਰ ਨਵੀ ਡਰਦਾ ਸੀ ਕਿ ਸੁਮਿਤਰਾ ਬਾਰੇ ਜਾਣ ਕੇ ਰਾਹੁਲ ਅਣਸੁਰੱਖਿਅਤ ਮਹਿਸੂਸ ਨਾ ਕਰਨ ਲੱਗੇ। ਉਸ ਨੂੰ ਪਤਾ ਕਿ ਰਾਹੁਲ ਨੇ ਉਸ ਨੂੰ ਕਿਸੇ ਨਾਲ ਵੰਡ ਨਹੀਂ ਸੀ ਸਕਣਾ। ਸੁਮਿਤਰਾ ਉਦੋਂ ਹੀ ਨਵੀ ਦੇ ਘਰ ਆਉਂਦੀ ਜਦ ਰਾਹੁਲ ਯੂਨੀਵਰਸਟੀ ਗਿਆ ਹੁੰਦਾ। ਨਵੀ ਸੁਮਿਤਰਾ ਦੇ ਘਰ ਆਮ ਹੀ ਚਲੇ ਜਾਇਆ ਕਰਦਾ ਸੀ।

       ਸੁਮਿਤਰਾ ਨਵੀ ਨਾਲ ਹੀ ਕੌਂਸਲ ਵਿਚ ਕੰਮ ਕਰਦੀ ਸੀ। ਬਹੁਤ ਸਾਲ ਪਹਿਲਾਂ ਨਵੀ ਨੇ ਆਪਣਾ ਇਸਟੇਟ ਏਜੰਟੀ ਵਾਲਾ ਕੰਮ ਛੱਡ ਕੇ ਕੌਂਸਲ ਵਿਚ ਨੌਕਰੀ ਕਰ ਲਈ ਸੀ। ਕੰਮ ਉਪਰ ਸੁਮਿਤਰਾ ਤੇ ਨਵੀ ਦੇ ਸੰਬੰਧ ਲੁਕਵੇਂ ਨਹੀਂ ਸਨ। ਸਾਰੇ ਦੋਸਤ ਉਹਨਾਂ ਨੂੰ ਵਿਆਹ ਕਰਾ ਲੈਣ ਦੀ ਸਲਾਹ ਦਿੰਦੇ। ਸੁਮਿਤਰਾ ਵੀ ਅਕਸਰ ਵਿਆਹ ਦੀ ਜ਼ਿੱਦ ਕਰਨ ਲਗਦੀ ਪਰ ਨਵੀ ਆਪਣੀ ਮਜਬੂਰੀ ਦੱਸਦਾ ਉਸ ਨੂੰ ਟਰਕਾ ਜਾਂਦਾ।





Aੁੱਨੀ


       ਜੱਗੀ ਨੂੰ ਪੁਲੀਸ ਲੈ ਗਈ ਤਾਂ ਉਸ ਨੇ ਪੁਲੀਸ ਸਟੇਸ਼ਨ ਜਾ ਕੇ ਵੀ ਹੰਗਾਮਾ ਪਾਈ ਰੱਖਿਆ। ਕਦੇ ਹੱਸਣ ਲੱਗਦਾ ਤੇ ਕਦੇ ਰੋਣ ਲੱਗਦਾ। ਕਦੇ ਗਾਲ੍ਹਾਂ ਕੱਢਣ ਲੱਗਦਾ ਤੇ ਕਦੇ ਕੰਧਾਂ ਵਿੱਚ ਮੁੱਕੇ ਮਾਰ ਰਿਹਾ ਹੁੰਦਾ। ਪੁਲੀਸ ਵਾਲਿਆਂ ਨੇ ਵਿਸ਼ੇਸ਼ ਡਾਕਟਰ ਸੱਦ ਲਿਆ ਤੇ ਡਾਕਟਰ ਨੇ ਉਸ ਨੂੰ ਐਸ਼ਫੋਰਡ ਮੈਂਟਲ ਹੌਸਪੀਟਲ ਭੇਜ ਦਿੱਤਾ।

       ਹਸਪਤਾਲ ਜਾ ਕੇ ਵੀ ਜੱਗੀ ਨੇ ਹਿੰਸਕ ਹੋਣਾ ਨਾ ਛੱਡਿਆ। ਉਹ ਸਭ ਨੂੰ ਗਾਲ਼ਾਂ ਕੱਢਦਾ ਜਾ ਰਿਹਾ ਸੀ। ਅਖੀਰ ਉਸ ਦੇ ਟੀਕਾ ਲਾ ਕੇ ਸੁਲਾ ਦਿਤਾ ਗਿਆ। ਜਦ ਹੋਸ਼ ਆਈ ਤਾਂ ਮੁੱਠ ਭਰ ਦਵਾਈਆਂ ਦੀ ਖਵਾ ਦਿਤੀ ਗਈ। ਇਹ ਸਿਲਸਿਲਾ ਹਰ ਰੋਜ਼ ਚੱਲਣ ਲੱਗਾ। ਕਈ ਮਹੀਨੇ ਇਵੇਂ ਹੀ ਚਲਦਾ ਰਿਹਾ। ਉਸ ਨੂੰ ਅਜਿਹੀਆਂ ਦਵਾਈਆਂ ਵੀ ਦਿਤੀਆਂ ਜਾਂਦੀਆਂ ਜਿਹਨਾਂ ਬਾਰੇ ਤਜਰਬਾ ਕੀਤਾ ਜਾਣਾ ਹੁੰਦਾ। ਨਵੀਆਂ ਦਵਾਈਆਂ ਨਾਲ ਉਸ ਦੀ ਹਾਲਤ ਹੋਰ ਵੀ ਵਿਗੜ ਗਈ। ਨਾ ਕਿਸੇ ਨੇ ਉਸ ਦੀ ਖ਼ਬਰ ਲਈ ਤੇ ਨਾ ਹੀ ਉਸ ਨੂੰ ਕੋਈ ਮਿਲਣ ਗਿਆ। ਪ੍ਰੀਤੀ ਨੂੰ ਹਸਪਤਾਲ ਵਾਲਿਆਂ ਨੇ ਫੋਨ ਕਰਕੇ ਉਸ ਦੀ ਸਥਿਤੀ ਬਾਰੇ ਦੱਸ ਦਿੱਤਾ ਹੋਇਆ ਸੀ ਪਰ ਉਸ ਨੇ ਕਹਿ ਦਿਤਾ ਸੀ ਕਿ ਹੁਣ ਉਸ ਦਾ ਉਸ ਨਾਲ ਕੋਈ ਸੰਬੰਧ ਨਹੀਂ। ਉਸ ਦੇ ਦੋਸਤਾਂ ਵਿਚੋਂ ਬਾਹੜਾ, ਨਵੀ ਤੇ ਰਾਮਾ ਨੰਦ ਹੀ ਕਰੀਬੀ ਸਨ ਪਰ ਉਹਨਾਂ ਨੂੰ ਇਸ ਵਾਰਦਾਤ ਬਾਰੇ ਕੁਝ ਪਤਾ ਹੀ ਨਹੀਂ ਸੀ। ਉਸ ਦਾ ਫੋਨ ਵੀ ਬੰਦ ਸੀ। ਬਾਹੜੇ ਨੇ ਦੋ ਕੁ ਦਿਨ ਜੱਗੀ ਨੂੰ ਉਡੀਕਿਆ ਤੇ ਫਿਰ ਉਸ ਦੀ ਥਾਵੇਂ ਹੋਰ ਬੰਦਾ ਕੰਮ 'ਤੇ ਰੱਖ ਲਿਆ। ਘਰ ਵਿੱਚ ਰੌਕੀ ਉਸ ਦਾ ਹੇਰਵਾ ਜ਼ਰੂਰ ਕਰਦਾ ਸੀ ਪਰ ਹੁਣ ਪ੍ਰੀਤੀ ਨੇ ਜੱਗੀ ਦੇ ਖਿਲਾਫ ਰੌਕੀ ਦੇ ਮਨ ਵਿੱਚ ਜ਼ਹਿਰ ਭਰਨੀ ਸ਼ੁਰੂ ਕਰ ਦਿਤੀ ਸੀ ਤਾਂ ਜੋ ਉਹ ਵੀ ਜੱਗੀ ਨੂੰ ਨਫਰਤ ਕਰਨ ਲੱਗੇ।

       ਜੱਗੀ ਆਪਣੇ ਮਾਂਪਿਓ ਨਾਲ ਬਹੁਤ ਜੁੜਿਆ ਹੋਇਆ ਸੀ, ਖਾਸ ਤੌਰ 'ਤੇ ਭੈਣ ਚਰਨਜੀਤ ਨਾਲ। ਉਹ ਉਸ ਨੂੰ ਆਏ ਦਿਨ ਫੋਨ ਕਰਦਾ ਰਹਿੰਦਾ ਸੀ। ਕੁਝ ਦਿਨ ਭਰਾ ਦਾ ਫੋਨ ਨਾ ਆਇਆ ਤਾਂ ਉਸ ਨੇ ਹੀ ਫੋਨ ਕਰ ਲਿਆ। ਉਸ ਨੇ ਪ੍ਰੀਤੀ ਨੂੰ ਫੋਨ ਕੀਤਾ ਤਾਂ ਉਸ ਨੇ ਰੁੱਖਾ ਜਿਹਾ ਜਵਾਬ ਦਿੰਦਿਆਂ ਕਿਹਾ,

       -ਮੈਨੂੰ ਕੁਝ ਨਹੀਂ ਪਤਾ ਕਿ ਕਿਥੇ ਐ, ਇਕ ਦਿਨ ਘਰ ਵਿੱਚ ਬਹੁਤ ਲੜਾਈ ਕੀਤੀ ਤੇ ਚਲੇ ਗਿਆ।

       -ਪ੍ਰੀਤੀ, ਮੈਨੂੰ ਸਭ ਪਤਾ, ਜਿਹੜਾ ਤੂੰ ਘਰ ਵਿਚ ਆਦਮੀ ਰੱਖਿਆ ਹੋਇਐ ਉਹਦੇ ਕਰਕੇ ਹੀ ਲੜਾਈ ਪਈ ਹੋਏਗੀ।

       -ਚਰਨਜੀਤ, ਤੈਨੂੰ ਆਪਣੇ ਸ਼ਰਾਬੀ ਭਰਾ ਵਿੱਚ ਕੋਈ ਦੋਸ਼ ਨਹੀਂ ਦਿਸਦਾ?

       ਆਖਦਿਆਂ ਪ੍ਰੀਤੀ ਨੇ ਫੋਨ ਰੱਖ ਦਿਤਾ।

       ਨਛੱਤਰ ਵਾਲੀ ਸਾਰੀ ਕਹਾਣੀ ਜੱਗੀ ਦੇ ਮਾਂਪਿਓ ਨੂੰ ਪਤਾ ਹੀ ਸੀ। ਘਰ ਵਿੱਚ ਚਲਦੀ ਕਸ਼ਮਕਸ਼ ਦਾ ਵੀ ਪਤਾ ਸੀ। ਇਸ ਮਸਲੇ ਨੂੰ ਲੈ ਕੇ ਚਰਨਜੀਤ ਪ੍ਰੀਤੀ ਨਾਲ ਫੋਨ ਉਪਰ ਲੜ ਵੀ ਚੁੱਕੀ ਸੀ। ਜੱਗੀ ਦੀ ਏਨੀ ਲੰਮੀ ਚੁੱਪ ਨੇ ਸਭ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੋਇਆ ਸੀ। ਉਸ ਦਾ ਪਤਾ ਕਰਨ ਲਈ ਚਰਨਜੀਤ ਨੇ ਦੋ ਕੁ ਵਾਰ ਹੋਰ ਪ੍ਰੀਤੀ ਨੂੰ ਫੋਨ ਕੀਤਾ ਪਰ ਉਹ ਪਰਾਂ 'ਤੇ ਪਾਣੀ ਹੀ ਨਹੀਂ ਸੀ ਪੈਣ ਦੇ ਰਹੀ। ਚਰਨਜੀਤ ਦਾ ਫਿਕਰ ਵਧ ਗਿਆ। ਉਸ ਨੇ ਗੁੱਸੇ ਨੂੰ ਇਕ ਪਾਸੇ ਰੱਖ ਕੇ ਫੋਨ ਕੀਤਾ ਤੇ ਕਿਹਾ,

       -ਪ੍ਰੀਤੀ, ਜੱਗੀ ਬਾਰੇ ਤੈਨੂੰ ਨਹੀਂ ਪਤਾ ਤਾਂ ਹੋਰ ਕਿਹਨੂੰ ਪਤਾ ਹੋਏਗਾ! ਜੇ ਨਹੀਂ ਪਤਾ ਤਾਂ ਪਤਾ ਕਰ। ਆਖਿਰ ਜੱਗੀ ਰੌਕੀ ਦਾ ਪਿਓ ਐ ਤੇ ਰੌਕੀ ਸਾਡੇ ਪਿਓ ਦਾ ਇਕਲੌਤਾ ਵਾਰਿਸ ਐ।

       ਵਾਰਸ ਕਹਿਣ 'ਤੇ ਪ੍ਰੀਤੀ ਦਾ ਮਨ ਲਲਚਾ ਗਿਆ। ਉਹ ਬੋਲੀ,

       -ਦੇਖ ਚਰਨਜੀਤ, ਮੈਨੂੰ ਉਹਦੇ ਬਾਰੇ ਬਹੁਤਾ ਨਹੀਂ ਪਤਾ। ਇਕ ਦਿਨ ਇਥੇ ਆ ਕੇ ਉਸ ਨੇ ਬਹੁਤ ਝਗੜਾ ਕੀਤਾ ਤੇ ਅਜੀਬ ਜਿਹੀਆਂ ਹਰਕਤਾਂ ਕਰੀ ਜਾ ਰਿਹਾ ਸੀ। ਸਾਨੂੰ ਪੁਲੀਸ ਸੱਦਣੀ ਪਈ। ਪੁਲੀਸ ਵਾਲਿਆਂ ਨੇ ਉਹਨੂੰ ਹਸਪਤਾਲ ਭੇਜ ਦਿਤਾ ਸੀ। ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ।

       -ਕਿਹੜੇ ਹਸਪਤਾਲ?

       -ਐਸ਼ਫੋਰਡ ਹਸਪਤਾਲ।

       ਆਖਦਿਆਂ ਉਸ ਨੇ ਚਰਨਜੀਤ ਨੂੰ ਹਸਪਤਾਲ ਦਾ ਸਿਰਨਾਵਾਂ ਤੇ ਫੋਨ ਨੰਬਰ ਲਿਖਵਾ ਦਿਤਾ।

       ਇਕ ਦਿਨ ਨਛੱਤਰ ਆਖਣ ਲੱਗਾ,

       -ਪਾਗਲ ਖਾਨੇ ਵਿਚੋਂ ਨਿਕਲ ਕੇ ਜੱਗੀ ਸਿੱਧਾ ਇਥੇ ਹੀ ਆਏਗਾ।

       -ਇਥੇ ਕਿਵੇਂ ਆ ਸਕਦਾ?

       -ਘਰ ਵਿੱਚ ਉਹਦਾ ਅੱਧ ਐ। ਜੇ ਅਸੀਂ ਨਹੀਂ ਆਉਣ ਦੇਵਾਂਗੇ ਤਾਂ ਘਰ ਵੇਚਣ ਲਈ ਕਹਿ ਸਕਦਾ ਤੇ ਵੇਚ ਵੀ ਸਕਦਾ।

      ਇਹ ਸੁਣ ਕੇ ਪ੍ਰੀਤੀ ਫਿਕਰਾਂ ਵਿੱਚ ਪੈ ਗਈ। ਮਸਾਂ ਤਾਂ ਉਸ ਦਾ ਘਰ ਸੁਫਨਾ ਪੂਰਾ ਹੋਇਆ ਸੀ। ਨਛੱਤਰ ਬੋਲਿਆ,

       -ਇਹਦਾ ਇਕੋ ਹੱਲ ਐ ਕਿ ਕਿਸੇ ਤਰਾਂ੍ਹ ਜੱਗੀ ਦਾ ਨਾਂ ਘਰ ਵਿੱਚੋਂ ਨਿਕਲ ਜਾਵੇ।

       -ਉਹ ਕਿਵੇਂ?

       -ਕਿਸੇ ਤਰਾਂ੍ਹ ਪਤਿਆ ਕੇ, ਮਨਾ ਕੇ।

       ਨਛੱਤਰ ਨੇ ਕੋਲ ਬੈਠੇ ਰੌਕੀ ਵਲ ਇਸ਼ਾਰਾ ਕੀਤਾ ਤੇ ਪ੍ਰੀਤੀ ਇਕ ਦਮ ਸਮਝ ਗਈ। ਉਹਨੇ ਉਸ ਵਕਤ ਹੀ ਹਸਪਤਾਲ ਨੂੰ ਫੋਨ ਕਰਕੇ ਜੱਗੀ ਦਾ ਹਾਲ ਚਾਲ ਪੁੱਛਿਆ ਤੇ ਉਸ ਨੂੰ ਮਿਲਣ ਜਾਣ ਦੀ ਤਿਆਰੀ ਕਰਨ ਲੱਗੀ।

       ਜੱਗੀ ਨੂੰ ਦੇਖ ਕੇ ਪ੍ਰੀਤੀ ਹੈਰਾਨ ਰਹਿ ਗਈ। ਚੰਗੀ ਸਿਹਤ ਵਾਲਾ ਜੱਗੀ ਸੁਕ ਕੇ ਤੀਲਾ ਹੋ ਗਿਆ ਸੀ। ਉਸ ਨੇ ਪ੍ਰੀਤੀ ਨੂੰ ਦੇਖਦਿਆਂ ਹੀ ਕਿਹਾ,

       -ਕਿਵੇਂ ਮੈਡਮ, ਠੀਕ ਐਂ?

       -ਹਾਂ, ਮੈਂ ਠੀਕ ਆਂ, ਤੂੰ ਦੱਸ?

       -ਮੈਂ ਵੀ ਠੀਕ ਆਂ, ਬਿਲਕੁਲ ਠੀਕ, ਬਸ ਇਹਨਾਂ ਨੇ ਜ਼ਬਰਦਸਤੀ ਇਥੇ ਰੱਖਿਆ ਹੋਇਐ।

       ਜੱਗੀ ਨੇ ਕਿਹਾ ਤੇ ਉਸ ਨੇ ਆਪਣਾ ਹੱਥ ਰੌਕੀ ਵਲ ਵਧਾਇਆ। ਰੌਕੀ ਉਸ ਦੇ ਨਜ਼ਦੀਕ ਹੋਇਆ ਤਾਂ ਜੱਗੀ ਨੇ ਉਸ ਨੂੰ ਜੱਫੀ ਵਿਚ ਲੈ ਲਿਆ। ਜੱਗੀ ਏਨਾ ਭਾਵੁਕ ਹੋ ਗਿਆ ਕਿ ਉਸ ਤੋਂ ਬੋਲਿਆ ਨਹੀਂ ਸੀ ਜਾ ਰਿਹਾ। ਫਿਰ ਉਹ ਅਜੀਬ ਜਿਹੇ ਤਰੀਕੇ ਨਾਲ ਸਾਹ ਲੈਣ ਲੱਗਾ। ਪ੍ਰੀਤੀ ਫਿਕਰ ਕਰਦੀ ਨਰਸ ਨੂੰ ਆਵਾਜ਼ ਦੇਣ ਲੱਗੀ ਤਾਂ ਜੱਗੀ ਬੋਲਿਆ,

       -ਕੁਝ ਨਹੀਂ, ਐਵੇਂ ਹੀ ਐ ਇਹ। ਇਹਨਾਂ ਨੇ ਮੇਰੇ ਪੇਟ ਵਿਚ ਕੋਈ ਗੈਸ ਭਰ ਦਿੱਤੀ ਐ, ਇਸ ਕਰਕੇ ਹੀæææ। ਮੇਰੀ ਗਰਦਣ ਵਿਚ ਵੀ ਕੋਈ ਸਖਤ ਚੀਜ਼ ਪਾ ਦਿੱਤੀ ਐ ਨਹੀਂ ਤਾਂ ਮੈਂ ਫਸਟ ਕਲਾਸ ਆਂ।

       -ਜੈਗ, ਮੇਰੀ ਕਾਰ ਖਰਾਬ ਸੀ ਇਸੇ ਕਰਕੇ ਮੈਂ ਤੈਨੂੰ ਦੇਖਣ ਨਹੀਂ ਆ ਸਕੀ। ਰੌਕੀ ਤਾਂ ਕਈ ਦਿਨਾਂ ਦਾ ਕਾਹਲਾ ਸੀ।

       ਜੱਗੀ ਨੇ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾ। ਉਸ ਨੇ ਤਾਂ ਕੋਈ ਗਿਲਾ ਸ਼ਿਕਵਾ ਵੀ ਨਹੀਂ ਸੀ ਕੀਤਾ। ਪ੍ਰੀਤੀ ਨੂੰ ਜਾਪਿਆ ਜਿਵੇਂ ਉਸ ਨੂੰ ਬਹੁਤੀਆਂ ਗੱਲਾਂ ਯਾਦ ਵੀ ਨਾ ਹੋਣ। ਉਸ ਨੇ ਇੰਡੀਆ ਤੋਂ ਆਏ ਫੋਨ ਬਾਰੇ ਦੱਸਦਿਆਂ ਕਿਹਾ,

       -ਮੈਂ ਚਰਨਜੀਤ ਨੂੰ ਇਥੋਂ ਦਾ ਫੋਨ ਨੰਬਰ ਦੇ ਦਿੱਤਾ ਸੀ।

       -ਹਾਂ, ਮੇਰੀ ਉਹਦੇ ਨਾਲ ਗੱਲ ਹੋ ਗਈ ਸੀ। ਮੈਂ ਕਿਹਾ ਸੀ ਕਿ ਫਿਕਰ ਨਾ ਕਰ, ਸਭ ਠੀਕ ਐ, ਜੇ ਨਹੀਂ ਠੀਕ ਤਾਂ ਠੀਕ ਕਰ ਦੇਵਾਂਗਾ। ਫਿਕਰ ਵਾਲੀ ਤਾਂ ਕੋਈ ਗੱਲ ਹੀ ਨਹੀਂ। ਮੁਸੀਬਤਾਂ ਬੰਦਿਆਂ ਉੱਪਰ ਹੀ ਪੈਂਦੀਆਂ।

       ਜੱਗੀ ਦਾ ਹੌਸਲਾ ਜਿਵੇਂ ਪਰਤ ਆਇਆ ਹੋਵੇ। ਕੁਝ ਦੇਰ ਬਾਅਦ ਪ੍ਰੀਤੀ ਨੇ ਆਖਣ ਲੱਗੀ,

       -ਦੇਖ ਜੈਗ, ਹੁਣ ਸਾਰੇ ਹਾਲਾਤ ਤਾਂ ਤੂੰ ਸਮਝਦਾ ਹੀ ਐਂ। ਜੋ ਵੀ ਹੋਇਆ ਮੈਂ ਸਮਝਦੀ ਆਂ ਕਿ ਸਾਡੀ ਹੋਣੀ ਹੀ ਇਹੋ ਐ।

       ਪ੍ਰੀਤੀ ਇਕ ਪਲ ਲਈ ਚੁੱਪ ਕੀਤੀ ਤੇ ਫਿਰ ਬੋਲੀ,

      -ਜੈਗ, ਮੈਨੂੰ ਰੌਕੀ ਦੀ ਸੌਂਹ, ਮੈਂ ਕਦੇ ਵੀ ਤੇਰਾ ਬੁਰਾ ਨਹੀਂ ਸੋਚਿਆ। ਮੈਂ ਅੱਜ ਵੀ ਤੇਰੀ ਸ਼ੁਭਚਿੰਤਕ ਆਂ। ਸਦਾ ਤੇਰੇ ਬਾਰੇ ਵਧੀਆ ਸੋਚਦੀ ਆਂ।

       ਜੱਗੀ ਹਾਲੇ ਵੀ ਚੁੱਪ ਰਿਹਾ। ਪ੍ਰੀਤੀ ਆਪਣੀ ਗੱਲ ਦਾ ਪ੍ਰਤੀਕਰਮ ਦੇਖ ਕੇ ਅਗਲੀ ਗੱਲ ਕਰ ਰਹੀ ਸੀ। ਉਸ ਨੇ ਫਿਰ ਕਿਹਾ,

       -ਜੈਗ, ਤੈਨੂੰ ਹੁਣ ਨਵੀਂ ਲਾਈਫ ਸ਼ੁਰੂ ਕਰਨੀ ਚਾਹੀਦੀ ਐ। ਚੰਗੀ ਗੱਲ ਇਹ ਐ ਕਿ ਆਪਣਾ ਫਲੈਟ ਲੈ ਲਵੇਂ, ਹੁਣ ਮਿਲ ਵੀ ਸੌਖਾ ਜਾਣਾ। ਆਪਣੇ ਸੋਸ਼ਲ ਵਰਕਰ ਨੂੰ ਕਹਿ ਕੇ ਕੌਂਸਲ ਦੇ ਫਲੈਟ ਲਈ ਅਪਲਾਈ ਕਰਦੇ।

       ਉਸ ਦੀ ਗੱਲ ਸੁਣ ਕੇ ਜੱਗੀ ਸੋਚਣ ਲੱਗਾ ਕਿ ਗੱਲ ਤਾਂ ਪ੍ਰੀਤੀ ਦੀ ਠੀਕ ਹੈ। ਉਸ ਨੇ ਪਹਿਲਾਂ ਰੌਕੀ ਵਲ ਦੇਖਿਆ ਤੇ ਫਿਰ ਪ੍ਰੀਤੀ ਵਲ ਪਰ ਮੂੰਹੋਂ ਕੁਝ ਨਾ ਬੋਲਿਆ। ਪ੍ਰੀਤੀ ਕੁਝ ਦੇਰ ਉਸ ਕੋਲ ਬੈਠੀ ਰਹੀ ਤੇ ਉਠਣ ਵੇਲੇ ਬੋਲੀ,

       -ਮੇਰੀ ਕਾਰ ਹੁਣ ਠੀਕ ਐ, ਕੋਈ ਚੀਜ਼ ਚਾਹੀਦੀ ਹੋਵੇ ਤਾਂ ਫੋਨ ਕਰ ਦੇਵੀਂ।  

       ਪ੍ਰੀਤੀ ਚਲੇ ਗਈ ਜੱਗੀ ਸੋਚਾਂ ਵਿੱਚ ਪੈ ਗਿਆ। ਜਦ ਵੀ ਉਹ ਕੁਝ ਸੋਚਣ ਦੇ ਕਾਬਲ ਹੁੰਦਾ ਤਾਂ ਸਭ ਤੋਂ ਪਹਿਲਾਂ ਉਹ ਇਸ ਹਸਪਤਾਲ ਵਿਚੋਂ ਨਿਕਲਣ ਬਾਰੇ ਸੋਚਦਾ। ਉਹ ਇਸ ਨੂੰ ਹਸਪਤਾਲ ਨਹੀਂ ਜੇਲ੍ਹ ਸਮਝਦਾ ਸੀ। ਜੱਗੀ ਕਈ ਵਾਰ ਉਥੋਂ ਭੱਜਣ ਦੀ ਕੋਸ਼ਿਸ਼ ਕਰ ਚੁੱਕਿਆ ਸੀ। ਜਦ ਉਸ ਨੂੰ ਦਵਾਈ ਦਿਤੀ ਜਾਂਦੀ ਤਾਂ ਉਹ ਦਵਾਈ ਤੋਂ ਇਨਕਾਰ ਕਰਦਾ ਹੋਇਆ ਹਿੰਸਕ ਹੋ ਜਾਂਦਾ। ਉਸ ਨਾਲ ਹੋਰ ਵੀ ਜਬਰਦਸਤੀ ਕੀਤੀ ਜਾਂਦੀ।

         ਚਰਨਜੀਤ ਤੇ ਮਾਂਪਿਓ ਨਾਲ ਵੀ ਉਸ ਦੀ ਕਈ ਵਾਰ ਗੱਲ ਹੋ ਚੁੱਕੀ ਸੀ। ਉਸ ਦਾ ਪਿਓ ਸੋਹਣ ਸਿੰਘ ਉਸ ਨੂੰ ਦੇਖਣ ਆਉਣਾ ਚਾਹੁੰਦਾ ਸੀ ਪਰ ਆਉਂਦਾ ਕਿਥੇ? ਪੁੱਤ ਪਾਗਲਖਾਨੇ ਸੀ ਤੇ ਨੂੰਹ ਨਾਲ ਕੋਈ ਰਿਸ਼ਤਾ ਨਹੀਂ ਸੀ ਰਿਹਾ। ਹੁਣ ਜਦ ਪ੍ਰੀਤੀ ਜੱਗੀ ਨੂੰ ਲਗਾਤਾਰ ਦੇਖਣ ਜਾਣ ਲੱਗੀ ਸੀ ਤਾਂ ਚਰਨਜੀਤ ਵੀ ਅਕਸਰ ਉਸ ਨੂੰ ਫੋਨ ਕਰ ਲਿਆ ਕਰਦੀ। ਪ੍ਰੀਤੀ ਪ੍ਰਤੀ ਗੁੱਸਾ ਭਾਵੇਂ ਘੱਟ ਨਹੀਂ ਸੀ ਹੋਇਆ ਪਰ ਉਸ ਨੂੰ ਏਨਾ ਹੀ ਬਹੁਤ ਸੀ ਕਿ ਬੇਗਾਨੇ ਮੁਲਕ ਵਿਚ ਉਹ ਜੱਗੀ ਦੀ ਖ਼ਬਰ ਲੈਣ ਹਸਪਤਾਲ ਤਾਂ ਜਾਂਦੀ ਸੀ। ਉਸ ਨੂੰ ਤਾਜ਼ਾ ਖਾਣਾ ਵੀ ਪੁੱਜਦਾ ਕਰਦੀ ਸੀ। ਰੌਕੀ ਨੂੰ ਵੀ ਮਿਲਾ ਕੇ ਲਿਆਉਂਦੀ ਸੀ।

       ਹੌਲੀ ਹੌਲੀ ਪ੍ਰੀਤੀ ਨੇ ਜੱਗੀ ਨੂੰ ਮਨਾ ਲਿਆ ਕਿ ਘਰ ਵਿੱਚੋਂ ਉਸ ਦਾ ਨਾਂ ਕੱਢਵਾ ਦਿਤਾ ਜਾਵੇ ਤਾਂ ਜੋ ਉਸ ਨੂੰ ਬੇਘਰਾ ਹੋਣ ਕਰਕੇ ਕੌਂਸਲ ਦਾ ਫਲੈਟ ਮਿਲ ਸਕੇ। ਇਸ ਕੰਮ ਲਈ ਨਛੱਤਰ ਦਾ ਦੋਸਤ ਹਮੀਦ ਹਸਪਤਾਲ ਮਿਲਣ ਆ ਗਿਆ। ਉਸ ਨੇ ਵਕੀਲ ਵਲੋਂ ਸਾਰੇ ਕਾਗਜ਼ ਤਿਆਰ ਕਰਵਾ ਲਏ ਸਨ। ਉਸ ਨੇ ਕਾਗਜ਼ਾਂ ਉਪਰ ਦਸਤਖਤ ਕਰ ਦਿੱਤੇ। ਵਾਪਸ ਜਾਣ ਲੱਗਾ ਹਮੀਦ ਬੋਲਿਆ,

       -ਜੱਗੀ ਭਾਈ ਜਾਨ, ਤੂੰ ਕਿਸਮਤ ਵਾਲਾ ਐਂ ਕਿ ਏਨੇ ਅਮੀਰ ਪਿਓ ਦਾ ਪੁੱਤਰ ਐਂ, ਤੈਨੂੰ ਤਾਂ ਚਾਹੀਦਾ ਕਿ ਆਪਣੇ ਮੁੰਡੇ ਨੂੰ ਪੂਰਾ ਘਰ ਲੈ ਕੇ ਦੇਵੇਂ।

       -ਹਮੀਦ, ਰੱਬ ਕਰੇ ਕਿ ਮੇਰੇ ਵਰਗੀ ਕਿਸਮਤ ਤੇਰੀ ਵੀ ਹੋਵੇ।

       -ਫਿਰਕ ਨਾ ਕਰ, ਅੱਲਾ 'ਤੇ ਭਰੋਸਾ ਰੱਖ। ਸਭ ਠੀਕ ਹੋ ਜਾਵੇਗਾ। ਦੇਖੀਂ ਇਕ ਦਿਨ ਮੇਰੇ ਵਰਗੇ ਵੀ ਤੇਰੇ ਕੋਲੋਂ ਪੈਸੇ ਮੰਗਿਆ ਕਰਨਗੇ।

       ਜੱਗੀ ਨੂੰ ਜਾਪਿਆ ਕਿ ਹਮੀਦ ਉਸ 'ਤੇ ਵਿਅੰਗ ਕਸ ਰਿਹਾ ਹੈ। ਉਸ ਨੇ ਹਮੀਦ ਵਲ ਬਹੁਤ ਹੀ ਕਾਟਵੀਂ ਨਜ਼ਰ ਨਾਲ ਦੇਖਿਆ। ਹਮੀਦ ਆਪਣੇ ਪੇਪਰ ਸਾਂਭਦਾ ਉਸ ਕੋਲੋਂ ਉਠ ਆਇਆ।

       ਹੁਣ ਜੱਗੀ ਨੂੰ ਇਥੇ ਆਏ ਨੂੰ ਸਾਲ ਹੋਣ ਨੂੰ ਸੀ। ਇਕ ਦਿਨ ਡਾਕਟਰਾਂ ਨੇ ਪ੍ਰਯੋਗ ਕਰਨ ਲਈ ਉਸ ਨੂੰ ਕੋਈ ਅਜਿਹੀ ਦਵਾਈ ਦਿਤੀ ਕਿ ਉਹ ਦੋ ਦਿਨ ਤਕ ਸੁੱਤਾ ਰਿਹਾ। ਜਦ ਉਠਿਆ ਤਾਂ ਉਸ ਦੇ ਕੰਨਾਂ ਵਿਚ ਲਗਾਤਾਰ ਸਾਂ-ਸਾਂ ਹੋਣ ਲੱਗੀ। ਕੁਝ-ਕੁਝ ਆਵਾਜ਼ਾਂ ਵੀ ਸੁਣਾਈ ਦੇਣ ਲੱਗੀਆਂ ਜਿਵੇਂ ਕੋਈ ਉਸ ਨਾਲ ਗੱਲਾਂ ਕਰ ਰਿਹਾ ਹੋਵੇ। ਕਦੇ ਉਸ ਨੂੰ ਲਗਦਾ ਕਿ ਹਮੀਦ ਉਸ ਨੂੰ ਕੁਝ ਕਹਿ ਰਿਹਾ ਹੈ, ਕਦੇ ਲਗਦਾ ਕਿ ਕੋਈ ਨਰਸ ਬੋਲ ਰਹੀ ਹੈ ਤੇ ਕਦੇ ਲਗਦਾ ਕਿ ਕੋਈ ਡਾਕਟਰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਦਵਾਈ ਤੋਂ ਬਾਅਦ ਉਸ ਨੂੰ ਆਪਣਾ ਆਪ ਕਾਫੀ ਠੀਕ ਲੱਗਿਆ। ਉਹ ਆਪਣੇ ਸਾਰੇ ਕੰਮ ਆਪ ਕਰਨ ਲੱਗਾ। ਡਾਕਟਰਾਂ ਦੇ ਇਕ ਪੈਨਲ ਨੇ ਉਸ ਦਾ ਮੁਆਇਨਾ ਕੀਤਾ। ਉਸ ਨਾਲ ਘੰਟਾ ਭਰ ਤਕ ਗੱਲਾਂ ਕੀਤੀਆਂ। ਸਭ ਨੇ ਫੈਸਲਾ ਕੀਤਾ ਕਿ ਹੁਣ ਉਹ ਬਾਹਰ ਦੀ ਦੁਨੀਆਂ ਵਿਚ ਇਕੱਲਾ ਰਹਿ ਸਕਦਾ ਸੀ ਪਰ ਹਰ ਮਹੀਨੇ ਉਸ ਦੇ ਇਕ ਟੀਕਾ ਲੱਗਣਾ ਜ਼ਰੂਰੀ ਸੀ। ਹਸਪਤਾਲ ਤੋਂ ਪਹਿਲਾਂ ਉਸ ਨੂੰ ਕੇਅਰ ਹੋਮ ਵਿਚ ਭੇਜਿਆ ਗਿਆ ਤੇ ਫਿਰ ਉਸ ਨੂੰ ਕਰੋਅ ਕਲੋਜ਼  ਤੇ ਇਕ ਫਲੈਟ ਮਿਲ ਗਿਆ।

       ਹੁਣ ਜੱਗੀ ਕੋਲ ਆਪਣਾ ਫਲੈਟ ਸੀ। ਫਲੈਟ ਵਿਚ ਸਮਾਨ ਪਾਉਣ ਲਈ ਕੁਝ ਪੈਸੇ ਵੀ ਮਿਲ ਗਏ ਸਨ। ਪ੍ਰੀਤੀ ਦੇ ਘਰੋਂ ਵੀ ਆਪਣਾ ਸਮਾਨ ਚੁੱਕ ਲਿਆਇਆ। ਉਸ ਤਰਾਂ੍ਹ ਵੀ ਉਸ ਡਿਸਇਬਲਟੀ ਅਲਾਊਂਸ ਵੀ ਮਿਲਣ ਲੱਗ ਪਿਆ। ਹੁਣ ਉਹ ਆਜ਼ਾਦ ਪੰਛੀ ਸੀ ਤੇ ਆਸਮਾਨ ਵਿਚ ਉਡਾਣ ਭਰਨ ਬਾਰੇ ਸੋਚਣ ਲੱਗਾ। ਇਸ ਉਡਾਣ ਵਿਚ ਇਕ ਅੜਿੱਕਾ ਜ਼ਰੂਰ ਸੀ, ਉਹ ਸੀ ਉਸ ਨੂੰ ਸੁਣਦੀਆਂ ਅਵਾਜ਼ਾਂ। ਇਹ ਅਵਾਜ਼ਾਂ ਕਈ ਵਾਰ ਉਸ ਨੂੰ ਬਹੁਤ ਤੰਗ ਕਰਨ ਲਗਦੀਆਂ ਪਰ ਇਹਨਾਂ ਬਾਰੇ ਉਹ ਕਿਸੇ ਨਾਲ ਗੱਲ ਨਹੀਂ ਸੀ ਕਰਦਾ ਕਿ ਲੋਕ ਉਸ ਨੂੰ ਪਾਗਲ ਹੀ ਨਾ ਸਮਝਣ। ਪ੍ਰੀਤੀ ਨੂੰ ਜ਼ਰੂਰ ਇਸ ਬਾਰੇ ਦੱਸ ਦਿੱਤਾ ਹੋਇਆ ਸੀ ਤੇ ਪ੍ਰੀਤੀ ਨੇ ਉਸ ਦਾ ਵਹਿਮ ਕਹਿ ਕੇ ਉਸ ਦੀ ਗੱਲ ਨੂੰ ਛੁਟਿਆ ਦਿੱਤਾ ਸੀ। ਪ੍ਰੀਤੀ ਨਾਲ ਹੁਣ ਉਹ ਆਮ ਜਿਹੀਆਂ ਗੱਲਾਂ ਕਰਦਾ। ਦਿਲ ਵਿਚ ਭਾਵੇਂ ਲੱਖ ਗਿਲੇ ਸਨ ਪਰ ਮੂੰਹੋਂ ਚੁੱਪ ਰਹਿੰਦਾ। ਨਛੱਤਰ ਨਾਲ ਵੀ ਉਸ ਨੇ ਕੋਈ ਦੁਸ਼ਮਣੀ ਨਹੀਂ ਸੀ ਦਿਖਾਈ। ਉਹ ਹੁਣ ਰੌਕੀ ਨੂੰ ਅਕਸਰ ਮਿਲਣ ਚਲੇ ਜਾਂਦਾ। ਫੋਨ ਤਾਂ ਕਰਦਾ ਹੀ ਰਹਿੰਦਾ ਸੀ। ਬਾਹੜੇ ਕੋਲ ਉਹ ਕੰਮ ਮੰਗਣ ਗਿਆ ਤਾਂ ਉਸ ਨੇ ਬਹਾਨਾ ਬਣਾ ਕੇ ਉਸ ਨੂੰ ਟਰਕਾ ਦਿੱਤਾ।

       ਫਲੈਟ ਵਿਚ ਆਇਆਂ ਉਸ ਨੂੰ ਹਾਲੇ ਮਹੀਨਾ ਵੀ ਨਹੀਂ ਸੀ ਹੋਇਆ ਕਿ ਐਸ਼ਫੋਰਡ ਹਸਪਤਾਲ ਤੋਂ ਉਸ ਨੂੰ ਚਿੱਠੀ ਆ ਗਈ ਕਿ ਮਹੀਨੇ ਬਾਅਦ ਲੱਗਣ ਵਾਲਾ ਟੀਕਾ ਲਾਉਣ ਦਾ ਵਕਤ ਹੋ ਰਿਹਾ ਹੈ ਤੇ ਉਸ ਨੂੰ ਜਲਦੀ ਹਸਪਤਾਲ ਆ ਕੇ ਇਹ ਟੀਕਾ ਲਵਾ ਲੈਣਾ ਚਾਹੀਦਾ ਹੈ।




ਵੀਹ


       ਜੱਗੀ ਹਸਪਤਾਲ ਗਿਆ ਤੇ ਟੀਕਾ ਲਵਾ ਆਇਆ। ਚੌਵੀ ਘੰਟੇ ਉਸ ਨੂੰ ਹਸਪਤਾਲ ਹੀ ਰਹਿਣਾ ਪਿਆ। ਟੀਕਾ ਉਸ ਨੂੰ ਪੂਰੀ ਤਰਾਂ੍ਹ ਨਿਢਾਲ ਕਰ ਦਿੰਦਾ ਸੀ। ਇਕ ਤਰਾਂ੍ਹ ਦੁਨੀਆਂ ਨਾਲੋਂ ਤੋੜ ਦਿੰਦਾ। ਉਹ ਵਾਪਸ ਘਰ ਆ ਕੇ ਸੋਚਣ ਲੱਗਾ ਕਿ ਇਸ ਟੀਕਾ ਦਾ ਕੋਈ ਫਾਇਦਾ ਨਹੀਂ। ਇਹਨਾਂ ਦਿਨਾਂ ਵਿਚ ਉਸ ਨੂੰ ਇੰਡੀਆ ਤੋਂ ਹਰ ਰੋਜ਼ ਫੋਨ ਆਉਣ ਲੱਗੇ। ਉਸ ਦਾ ਦਿਲ ਕੀਤਾ ਕਿ ਇਕ ਦਮ ਉਡ ਕੇ ਇੰਡੀਆ ਜਾ ਪੁੱਜੇ ਤੇ ਸਭ ਨੂੰ ਮਿਲੇ ਪਰ ਉਸ ਕੋਲ ਜਾਣ ਲਈ ਕਿਰਾਇਆ ਨਹੀਂ ਸੀ ਤੇ ਨਾ ਹੀ ਹੋਰ ਕਪੜੇ ਖਰੀਦਣ ਲਈ ਕੁਝ। ਬਹੁਤ ਕੁਝ ਸੋਚ ਕੇ ਇਕ ਦਿਨ ਉਸ ਨੇ ਪ੍ਰੀਤੀ ਨੂੰ ਫੋਨ ਕੀਤਾ ਤੇ ਕਹਿਣ ਲੱਗਾ,

       -ਮੈਡਮ, ਮੈਨੂੰ ਕੁਝ ਪੈਸੇ ਚਾਹੀਦੇ ਆ, ਇੰਡੀਆ ਜਾਣਾ, æææਟਿਕਟ ਲਈ, æææਉਥੋਂ ਆ ਕੇ ਮੋੜ ਦੇਵਾਂਗਾ।

       ਪ੍ਰੀਤੀ ਕੋਲ ਕੁਝ ਪੈਸੇ ਪਏ ਸਨ। ਉਸ ਨੇ ਕੁਝ ਪਲ ਸੋਚਿਆ ਤੇ ਬੋਲੀ,

       -ਆਪਣੇ ਡੈਡੀ ਤੋਂ ਮੰਗਵਾ ਲੈ, ਏਨੇ ਪੈਸੇ ਉਹਦੇ ਕੋਲ।

       -ਉਹਦੇ ਕੋਲੋਂ ਲੈ ਕੇ ਹੀ ਤੈਨੂੰ ਵਾਪਸ ਕਰਨੇ ਆਂ। ਨਾਲੇ ਮੈਂ ਰੌਕੀ ਨੂੰ ਕਦੇ ਕੁਝ ਨਹੀਂ ਲੈ ਕੇ ਦਿੱਤਾ, ਹੁਣ ਉਹਦੇ ਲਈ ਵੀ ਕੁਝ ਲਿਆਵਾਂਗਾ।

       ਜੱਗੀ ਨੇ ਆਪਣੇ ਦਿਲ ਦੀ ਗੱਲ ਆਖੀ।

       ਪ੍ਰੀਤੀ ਨੇ ਨਛੱਤਰ ਨਾਲ ਸਲਾਹ ਕਰਕੇ ਉਸ ਨੂੰ ਟਿਕਟ ਲੈ ਦਿੱਤਾ ਤੇ ਸੌ ਪੌਂਡ ਅਲੱਗ ਕਪੜਿਆਂ ਲਈ ਵੀ ਦੇ ਦਿੱਤਾ। ਜੱਗੀ ਅਗਲੇ ਹਫਤੇ ਹੀ ਇੰਡੀਆ ਲਈ ਚੜ੍ਹ ਗਿਆ।

       ਜੱਗੀ ਦੀ ਹਾਲਤ ਦੇਖ ਕੇ ਉਸ ਦਾ ਸਾਰਾ ਟੱਬਰ ਹੀ ਸਕਤੇ ਵਿੱਚ ਆ ਗਿਆ। ਹਰ ਕੋਈ ਪ੍ਰੀਤੀ ਨੂੰ ਕੋਸ ਰਿਹਾ ਸੀ। ਜੱਗੀ ਦੇ ਕੰਨਾਂ ਵਿਚ ਹੁੰਦੀ ਸਾਂ-ਸਾਂ ਤੇ ਸੁਣਦੀਆਂ ਆਵਾਜ਼ਾਂ ਉਸ ਨੂੰ ਹਾਲੇ ਵੀ ਤੰਗ ਕਰ ਰਹੀਆਂ ਸਨਹ। ਇੰਡੀਆ ਵਿੱਚ ਕਈ ਡਾਕਟਰਾਂ ਨੂੰ ਦਿਖਾਇਆ। ਸਾਰੇ ਇਹੀ ਕਹਿੰਦੇ ਸਨ ਕਿ ਇਹ ਦਿਮਾਗੀ ਬਿਮਾਰੀ ਹੈ। ਇਸ ਦਾ ਇਲਾਜ ਲੰਮਾ ਹੈ। ਲਗਾਤਾਰ ਦਵਾਈ ਖਾਣ ਵਾਲਾ। ਜੱਗੀ ਦੀ ਮਾਂ ਨੇ ਤਾਂ ਉਸ ਨੂੰ ਕਿਸੇ ਸਿਆਣੇ ਕੋਲ ਲੈ ਜਾਣ ਦੀ ਗੱਲ ਵੀ ਕਹੀ ਕਿ ਕਿਸੇ ਨੇ ਉਸ ਨੂੰ ਕੁਝ ਕਰ ਦਿਤਾ ਹੋਇਆ ਸੀ। ਉਥੇ ਗਿਆ ਜੱਗੀ ਕਿਸੇ ਨੂੰ ਨਹੀਂ ਸੀ ਮਿਲਦਾ। ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਦਾ। ਉਹ ਨਹੀਂ ਸੀ ਚਾਹੁੰਦਾ ਕਿ ਉਸ ਦੀ ਇਸ ਹਾਲਤ ਨੂੰ ਕੋਈ ਦੇਖੇ ਤੇ ਤਰਸ ਦਿਖਾਵੇ। ਉਸ ਨੂੰ ਪਤਾ ਸੀ ਕਿ ਉਹ ਠੀਕ ਸੀ ਜੇ ਨਹੀਂ ਤਾਂ ਉਸ ਨੇ ਜਲਦੀ ਠੀਕ ਹੋ ਜਾਣਾ ਸੀ। ਉਸ ਦੀ ਭੈਣ ਉਸ ਦਾ ਬਹੁਤਾ ਫਿਕਰ ਕਰਦੀ ਸੀ। ਉਸ ਦੀ ਭਾਣਜੀ, ਨਿਕੀ ਜਿਹੀ ਆਨੰਦੀ ਤਾਂ ਉਸ ਦਾ ਬਹੁਤ ਹੀ ਮੋਹ ਕਰਦੀ। ਘਰ ਵਿੱਚ ਜੋ ਵੀ ਉਸ ਦਾ ਫਿਕਰ ਕਰਦਾ ਤਾਂ ਉਹ ਅੱਗੋਂ ਆਖਦਾ,

       -ਚਿੰਤਾ ਦੀ ਕੋਈ ਗੱਲ ਨਹੀਂ, ਮੈਂ ਬਿਲਕੁਲ ਠੀਕ ਆਂ ਜੇ ਨਹੀਂ ਤਾਂ ਠੀਕ ਹੋ ਜਾਵਾਂਗਾ। ਬਹੁਤ ਕੰਮ ਕਰਨ ਵਾਲੇ ਆ ਮੇਰੇ।

       ਇਕ ਦਿਨ ਉਸ ਦੀ ਮਾਂ ਕੇਵਲ ਕੌਰ ਬੋਲੀ,

       -ਜੱਗੀ ਪੁੱਤ, ਹੋਰ ਵਿਆਹ ਕਰਾ ਲੈ, ਤੇਰੀ ਉਮਰ ਹੀ ਕੀ ਐ।

       ਵਿਆਹ ਦੇ ਨਾਂ 'ਤੇ ਉਸ ਦੇ ਮਨ ਵਿੱਚ ਲੱਡੂ ਭੁਰਨ ਲੱਗੇ। ਉਸੇ ਵੇਲੇ ਉਸ ਦੇ ਪਿਓ ਸੋਹਣ ਸਿੰਘ ਨੇ ਕਿਹਾ,

       -ਕੋਈ ਗੱਲ ਨਹੀਂ, ਵਿਆਹ ਵੀ ਹੋ ਜਾਏਗਾ ਪਰ ਪਹਿਲਾਂ ਸਿਹਤ ਪੂਰੀ ਤਰਾਂ੍ਹ ਠੀਕ ਹੋ ਜਾਏ।

       ਸੋਹਣ ਸਿੰਘ ਦੂਰ ਦੀ ਸੋਚ ਰਿਹਾ ਸੀ।

       ਇਥੇ ਇਕ ਗੱਲ ਹੋਰ ਹੋ ਗਈ ਕਿ ਉਹ ਸ਼ਰਾਬ ਪੀਣ ਲੱਗਿਆ ਸੀ। ਉਸ ਦਾ ਪਿਤਾ ਸੋਹਣ ਸਿੰਘ ਹਰ ਸ਼ਾਮ ਵਿਸਕੀ ਦਾ ਆਦੀ ਸੀ, ਉਹ ਜੱਗੀ ਨੂੰ ਵੀ ਨਾਲ ਬੈਠਾ ਲੈਂਦਾ। ਪਹਿਲਾਂ ਜੱਗੀ ਡਰਦਾ ਸੀ ਕਿ ਜੋ ਦਵਾਈਆਂ ਉਹ ਲੈ ਰਿਹਾ ਸੀ ਕਿਤੇ ਸ਼ਰਾਬ ਨਾਲ ਉਲਟਾ ਅਸਰ ਹੀ ਨਾ ਕਰ ਜਾਣ। ਇਕ ਦਿਨ ਪੀ ਕੇ ਦੇਖੀ ਤਾਂ ਉਹ ਠੀਕ ਰਿਹਾ। ਉਸ ਤੋਂ ਬਾਅਦ ਉਹ ਥੋੜੀ ਜਿਹੀ ਰੋਜ਼ ਪੀਣ ਲੱਗਾ। ਦੋ ਕੁ ਹਫਤੇ ਬਾਅਦ ਉਸ ਦੀ ਸਿਹਤ ਕੁਝ ਵਿਗੜਨ ਲੱਗੀ। ਉਹ ਦਾ ਸਰੀਰ ਹਿੱਲਣ ਲੱਗਦਾ। ਉਸ ਦਾ ਸਾਹ ਫੁੱਲਣ ਲੱਗਦਾ। ਉਸ ਨੂੰ ਸੁਣਦੀਆਂ ਆਵਾਜ਼ਾਂ ਤੇਜ਼ ਹੋਣ ਲੱਗਦੀਆਂ। ਮਹੀਨੇ ਬਾਅਦ ਲੱਗਣ ਵਾਲਾ ਟੀਕਾ ਰਹਿ ਗਿਆ ਸੀ। ਟੀਕੇ ਬਾਰੇ ਉਸ ਨੇ ਕਿਸੇ ਨੂੰ ਦਸਿਆ ਨਹੀਂ ਸੀ ਹੋਇਆ। ਉਸ ਨੇ ਬੜੀ ਮੁਸ਼ਕਲ ਨਾਲ ਤਿੰਨ ਹਫਤੇ ਪੂਰੇ ਕੀਤੇ ਤੇ ਵਾਪਸ ਆ ਗਿਆ।

       ਉਸ ਨੇ ਰੌਕੀ ਲਈ ਸੋਨੇ ਦਾ ਕੜਾ ਬਣਾ ਲਿਆਂਦਾ ਸੀ ਤੇ ਨਾਲ ਹੀ ਪ੍ਰੀਤੀ ਲਈ ਚੇਨੀ ਵੀ। ਪ੍ਰੀਤੀ ਦੇ ਸਾਰੇ ਪੈਸੇ ਵੀ ਵਾਪਸ ਕਰ ਦਿੱਤੇ ਸਨ। ਸੋਹਣ ਸਿੰਘ ਨੇ ਪੁੱਤ ਦੇ ਦੁੱਖ ਨੂੰ ਸਮਝਦਿਆਂ ਉਸ ਨੂੰ ਹਜ਼ਾਰ ਪੌਂਡ ਤਿਆਰ ਕਰ ਦਿੱਤਾ ਸੀ। ਵਾਪਸ ਆ ਕੇ ਉਹ ਸਭ ਤੋਂ ਪਹਿਲਾਂ ਡਾਕਟਰ ਨੂੰ ਮਿਲਿਆ। ਡਾਕਟਰ ਨੇ ਕਿਹਾ ਕਿ ਉਹ ਹਸਪਤਾਲ ਜਾ ਕੇ ਟੀਕਾ ਲਵਾ ਕੇ ਆਵੇ ਪਰ ਉੁਹ ਨਾ ਗਿਆ। ਕੁਝ ਦਿਨਾਂ ਬਾਅਦ ਦੋ ਮੇਲ ਨਰਸ ਆਏ ਤੇ ਉਸ ਦੇ ਟੀਕਾ ਲਾ ਗਏ। ਪਹਿਲਾਂ ਤਾਂ ਉਸ ਦਾ ਦਿਲ ਕੀਤਾ ਕਿ ਟੀਕੇ ਨੂੰ ਨਾਂਹ ਕਰ ਦੇਵੇ ਪਰ ਫਿਰ ਉਸ ਨੇ ਲਵਾ ਲਿਆ। ਟੀਕੇ ਤੋਂ ਬਾਅਦ ਉਸ ਨੂੰ ਘੱਟੋ ਘੱਟ ਚੌਵੀ ਘੰਟੇ ਆਰਾਮ ਕਰਨਾ ਪੈਣ ਸੀ। ਆਰਾਮ ਕੀ ਕਰਨਾ ਪੈਣਾ ਸੀ, ਉਸ ਨੂੰ ਨੀਂਦ ਹੀ ਏਨੀ ਆਉਣੀ ਸੀ ਕਿ ਚੌਵੀ ਘੰਟੇ ਉਠ ਨਹੀਂ ਸੀ ਸਕਣਾ। ਉਸ ਲਈ ਇਕ ਦਿਨ ਖਾਰਜ ਹੋ ਜਾਣਾ ਸੀ। ਇਵੇਂ ਹੀ ਹੋਇਆ। ਟੀਕੇ ਤੋਂ ਬਾਅਦ ਅਜਿਹੀ ਨੀਂਦ ਆਈ ਕਿ ਦੂਜੇ ਦਿਨ ਜਾ ਕੇ ਅੱਖ ਖੁਲ੍ਹੀ। ਉਸ ਦਾ ਸਿਰ ਭਾਰਾ ਭਾਰਾ ਸੀ। ਉਸ ਨੇ ਉਠ ਕੇ ਸੈਂਡਵਿਚ ਬਣਾ ਕੇ ਖਾਧਾ। ਮਨ ਨੂੰ ਕੁਝ ਕੁ ਧਰਵਾਸ ਹੋਇਆ। ਫਿਰ ਨਹਾ ਕੇ ਤਿਆਰ ਹੋ ਕੇ ਬਾਹਰ ਨਿਕਲ ਗਿਆ। ਕਰੋਅ ਕੋਲਜ਼ ਦੇ ਨਜ਼ਦੀਕ ਹੀ ਇਕ ਪਾਰਕ ਸੀ। ਦਿਨ ਧੁਪੀਲਾ ਹੋਣ ਕਰਕੇ ਉਸ ਦਾ ਮਨ ਕੀਤਾ ਕਿ ਪਾਰਕ ਵਿਚ ਘੁੰਮੇ। ਪਾਰਕ ਵਿਚ ਬੱਚੇ ਰੰਗ ਬਰੰਗੇ ਕਪੜੇ ਪਾਈ ਖੇਡ ਰਹੇ ਸਨ। ਉਸ ਨੂੰ ਯਾਦ ਆਇਆ ਕਿ ਕਦੇ ਰੌਕੀ ਵੀ ਇਹਨਾਂ ਵਰਗਾ ਹੋਇਆ ਕਰਦਾ ਸੀ। ਇਵੇਂ ਹੀ ਉਹ ਤੇ ਪ੍ਰੀਤੀ ਪਾਰਕ ਜਾਇਆ ਕਰਦੇ ਸਨ। ਰੌਕੀ ਨੂੰ ਪੀਂਘਾਂ, ਸਲਾਈਡਾਂ 'ਤੇ ਬਹਾਉਂਦੇ। ਕਿੰਨੇ ਵਧੀਆ ਦਿਨ ਸਨ ਉਹ। ਹੁਣ ਤਾਂ ਸਭ ਕੁਝ ਬਦਲ ਗਿਆ ਸੀ। ਉਸ ਨੇ ਆਪਣੇ ਆਪ ਨੂੰ ਹੌਂਸਲਾ ਦਿੰਦਿਆਂ ਕਿਹਾ, 'ਕੋਈ ਗੱਲ ਨਹੀਂ, ਜ਼ਿੰਦਗੀ ਦੁਬਾਰਾ ਸ਼ੁਰੂ ਕਰਾਂਗੇ। ਪ੍ਰੀਤੀ ਤੋਂ ਵੀ ਵਧੀਆ ਔਰਤ ਲਿਆਵਾਂਗੇ।'

       ਪਾਰਕ ਵਿੱਚ ਇਕ ਗੇੜਾ ਕੱਢ ਕੇ ਉਹ ਇਕ ਬੈਂਚ 'ਤੇ ਬਹਿ ਗਿਆ। ਅਚਾਨਕ ਉਸ ਦਾ ਧਿਆਨ ਆਪਣੇ ਕੰਨਾਂ ਵਿਚ ਹੁੰਦੀ ਸਾਂ-ਸਾਂ ਵਲ ਗਿਆ ਤੇ ਨਾਲ ਕੰਨਾਂ ਵਿੱਚ ਆ ਰਹੀਆਂ ਆਵਾਜ਼ਾਂ ਵਲ ਵੀ। ਉਸ ਨੇ ਧਿਆਨ ਨਾਲ ਸੁਣਿਆਂ, ਜਿਵੇਂ ਇਹ ਹਮੀਦ ਦੀ ਆਵਾਜ਼ ਸੀ। ਹਮੀਦ ਕਹਿ ਰਿਹਾ ਸੀ, 'ਇੰਡੀਆ ਤੋਂ ਕਿੰਨੇ ਕੁ ਪੈਸੇ ਲਿਆਇਆਂ? ਮੈਨੂੰ ਵੀ ਦੇæææ।'

       -ਮੈਂ ਕੁਝ ਨਹੀਂ ਲਿਆਇਆ ਭਾਈ, ਜਿਹੜੇ ਲਿਆਂਦੇ ਸੀ, ਮੁਕ ਗਏ। ਤੈਨੂੰ ਕੀ ਦੇਵਾਂ?

       ਜੱਗੀ ਨੇ ਕਿਹਾ ਤੇ ਫਿਰ ਆਲੇ ਦੁਆਲੇ ਦੇਖਿਆ। ਕੋਈ ਵੀ ਨਹੀਂ ਸੀ। ਨਾ ਹਮੀਦ ਤੇ ਨਾ ਕੋਈ ਹੋਰ। ਉਸ ਨੂੰ ਵੀ ਕਿਸੇ ਨੇ ਨਹੀਂ ਸੀ ਸੁਣਿਆਂ। ਫਿਰ ਉਸ ਨੂੰ ਕੁਝ ਹੋਰ ਆਵਾਜ਼ਾਂ ਸੁਣਦੀਆਂ ਰਹੀਆਂ। ਆਮ ਵਾਂਗ ਮੱਧਮ ਜਿਹੀਆਂ। ਉਹ ਉਠ ਕੇ ਘਰ ਆ ਗਿਆ। ਸ਼ਾਮ ਪੈਂਦਿਆਂ ਉਹ ਤਿਆਰ ਹੋਣ ਲੱਗਿਆ। ਉਸ ਨੇ ਸੂਟ ਪਰੈੱਸ ਕੀਤਾ ਤੇ ਨਾਲ ਹੀ ਮੈਚ ਕਰਦੀ ਕਮੀਜ਼ ਵੀ। ਬੂਟ ਪਾਲਸ਼ ਕੀਤੇ ਤੇ ਮੈਚ ਕਰਦੀ ਟਾਈ ਲਾਈ ਤੇ ਪੱਬ ਜਾ ਪੁੱਜਾ। ਉਸ ਨੇ ਬੀਆਰ ਦਾ ਗਲਾਸ ਭਰਾਇਆ ਤੇ ਆਲਾ ਦੁਆਲਾ ਦੇਖਣ ਲੱਗਾ ਕਿ ਕੋਈ ਇਕੱਲੀ ਔਰਤ ਬੈਠੀ ਦਿਸ ਜਾਵੇ ਤੇ ਉਹਦੇ ਨਾਲ ਗੱਲਾਂ ਕਰਨ ਜਾ ਲੱਗੇ। ਕੋਈ ਖਾਸ ਔਰਤ ਨਾ ਦਿਸੀ। ਉਹ ਦੋ ਘੰਟੇ ਬੈਠਾ ਰਿਹਾ। ਪੱਬ ਵਿਚ ਬੀਅਰ ਪੀਣੀ ਹੁਣ ਮਹਿੰਗੀ ਹੋ ਗਈ ਸੀ ਇਸ ਲਈ ਉਹ ਉਠ ਆਇਆ। ਰਾਹ ਵਿਚੋਂ ਵਿਸਕੀ ਦੀ ਬੋਤਲ ਲੈ ਲਈ। ਵਿਸਕੀ ਹੁਣ ਉਹ ਹਰ ਰੋਜ਼ ਪੀਣ ਲੱਗਿਆ ਸੀ। ਜੇ ਨਾ ਪੀਵੇ ਤਾਂ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ।

       ਮਹੀਨੇ ਬਾਅਦ ਉਸ ਨੂੰ ਹਸਪਤਾਲ ਤੋਂ ਫੋਨ ਆ ਗਿਆ ਕਿ ਆ ਕੇ ਟੀਕਾ ਲਗਵਾ ਜਾਵੇ। ਉਹ ਨਾ ਗਿਆ ਤੇ ਹਸਪਤਾਲ ਤੋਂ ਦੋ ਮੇਲ ਨਰਸ ਆ ਕੇ ਟੀਕਾ ਲਗਾ ਗਏ। ਹੁਣ ਇਵੇਂ ਹੀ ਹੁੰਦਾ ਕਿ ਮਹੀਨੇ ਬਾਅਦ ਉਸ ਦੇ ਘਰ ਹੀ ਟੀਕਾ ਲਗਾ ਦਿਤਾ ਜਾਂਦਾ। ਫਿਰ ਇਹ ਟੀਕਾ ਦੋ ਮਹੀਨੇ ਬਾਅਦ ਹੋ ਗਿਆ ਤੇ ਫਿਰ ਇਹ ਤਿੰਨ ਮਹੀਨੇ ਮਗਰੋਂ ਲੱਗਣ ਲੱਗਾ। ਉਸ ਨੂੰ ਮਹਿਸੂਸ ਹੁੰਦਾ ਕਿ ਟੀਕਾ ਲਗਾਉਣ ਜਾਂ ਨਾ-ਲਗਾਉਣ ਨਾਲ ਕੋਈ ਫਰਕ ਨਹੀਂ ਪੈਂਦਾ। ਇਕ ਵਾਰ ਉਸ ਨੇ ਟੀਕਾ ਲਾਉਣ ਆਏ ਬੰਦਿਆਂ ਨੂੰ ਬੋਲਿਆ,

       -ਮੇਰੇ ਤੋਂ ਵੀਹ ਪੌਂਡ ਲੈ ਲਓ ਪਰ ਟੀਕਾ ਨਾ ਲਾਓ।

       ਦੋਵੇਂ ਮੇਲ ਨਰਸ ਹੱਸਣ ਲੱਗੇ ਤੇ ਉਹ ਟੀਕਾ ਲਗਾ ਗਏ। ਅਗਲੀ ਵਾਰ ਆਏ ਤਾਂ ਇਕ ਪੁੱਛਣ ਲੱਗਾ,

       -ਕਿੰਨੇ ਕੁ ਪੈਸੇ ਆ ਤੇਰੇ ਕੋਲ?

       -ਪੈਸੇ ਬਹੁਤ ਆ, ਮੈਂ ਮਿਲੀਅਨੇਅਰ ਆਂ।

       -ਫਿਰ ਸਾਨੂੰ ਵੀਹ ਪੌਂਡ ਹੀ ਦੇ ਰਿਹਾਂ! ਵੱਡੀ ਰਕਮ ਦੇਵੇਂ ਤਾਂ ਤੈਨੂੰ ਛੱਡ ਜਾਵਾਂਗੇ।

       ਆਖਦੇ ਉਹ ਹੱਸਣ ਲੱਗੇ, ਇਵੇਂ ਜਿਵੇਂ ਖਲਨਾਇਕ ਫਿਲਮਾਂ ਵਿਚ ਹੱਸਿਆ ਕਰਦੇ ਹਨ। ਜੱਗੀ ਉਹਨਾਂ ਦੇ ਹਾਸੇ ਤੋਂ ਡਰ ਗਿਆ।

       ਹੁਣ ਜੱਗੀ ਨੂੰ ਉਹਨਾਂ ਦੀਆਂ ਆਵਾਜ਼ਾਂ ਵੀ ਸੁਣਨ ਲੱਗੀਆਂ। ਉਹ ਵੀ ਪੈਸੇ ਮੰਗ ਰਹੇ ਹੁੰਦੇ। ਉਹ ਦੋਨਾਂ ਹੱਥਾਂ ਨਾਲ ਆਪਣੇ ਕੰਨ ਬੰਦ ਕਰ ਲੈਂਦਾ ਪਰ ਆਵਾਜ਼ਾਂ ਸੁਣਦੀਆਂ ਰਹਿੰਦੀਆਂ। ਕਈ ਵਾਰ ਉਹ ਬਾਹਰ ਨਿਕਲ ਕੇ ਭੱਜ ਤੁਰਦਾ ਤੇ ਭਜਦਾ ਹੋਇਆ ਪਾਰਕ ਦਾ ਗੇੜਾ ਲਾ ਦਿੰਦਾ ਪਰ ਆਵਾਜ਼ਾਂ ਸੁਣਦੀਆਂ ਰਹਿੰਦੀਆਂ। ਡਾਕਟਰ ਵੀ ਬਹੁਤਾ ਕੁਝ ਨਾ ਕਰ ਸਕਦਾ। ਵੱਧ ਤੋਂ ਵੱਧ ਨੀਂਦ ਦੀਆਂ ਗੋਲੀਆਂ ਦੇ ਦਿੰਦਾ। ਇਸ ਬਾਰੇ ਉਹ ਪ੍ਰੀਤੀ ਨੂੰ ਦੱਸਦਾ ਤਾਂ ਉਹ ਹੱਸਣ ਲੱਗਦੀ। ਨਛੱਤਰ ਵੀ ਉਸ ਦੀ ਗੱਲ ਸੁਣ ਕੇ ਅਜੀਬ ਜਿਹਾ ਮੂੰਹ ਬਣਾ ਲੈਂਦਾ ਤੇ ਬਾਅਦ ਵਿਚ ਪ੍ਰੀਤੀ ਨੂੰ ਆਖਦਾ ਕਿ ਕਸਰ ਗਈ ਨਹੀਂ। ਰੌਕੀ ਨੂੰ ਉਹ ਦਸਦਾ ਤਾਂ ਰੌਕੀ ਕੁਝ ਨਾ ਬੋਲਦਾ। ਰੌਕੀ ਹੁਣ ਕਦੇ-ਕਦੇ ਸ਼ਰਾਬ ਪੀਣ ਲੱਗਿਆ ਸੀ ਤੇ ਸ਼ਰਾਬ ਪੀ ਕੇ ਉਹ ਕੁਝ ਖੁਲ੍ਹ ਕੇ ਗੱਲਾਂ ਕਰਨ ਲੱਗਦਾ। ਪ੍ਰੀਤੀ ਉਸ ਦਾ ਧਿਆਨ ਰੱਖਦੀ ਕਿ ਸ਼ਰਾਬ ਨਾ ਪੀਵੇ। ਨਛੱਤਰ ਨੂੰ ਵੀ ਖਾਸ ਹਿਦਾਇਤ ਸੀ ਕਿ ਸ਼ਰਾਬ ਘਰ ਨਾ ਲਿਆਵੇ।

       ਜੱਗੀ ਨੂੰ ਏਨੀ ਵਾਰ ਘਰ ਆਉਂਦਾ ਦੇਖ ਕੇ ਨਛੱਤਰ ਦੇ ਮਨ ਵਿਚ ਕਈ ਵਾਰ ਅਜੀਬ ਅਜੀਬ ਗੱਲਾਂ ਆਉਣ ਲਗਦੀਆਂ। ਉਹ ਦੇਖਦਾ ਕਿ ਪ੍ਰੀਤੀ ਵੀ ਜੱਗੀ ਦਾ ਫਿਕਰ ਕਰਦੀ ਸੀ। ਇਕ ਦਿਨ ਉਸ ਨੇ ਕਿਹਾ,

       -ਪ੍ਰੀਤੀ, ਜੇ ਤੂੰ ਜੈਗ ਨਾਲ ਰਹਿਣਾ ਚਾਹੁੰਦੀ ਆਂ ਤਾਂ ਮੈਂ ਆਪਣਾ ਕੋਈ ਹੋਰ ਇੰਤਜ਼ਾਮ ਕਰ ਲੈਨਾਂ।

       -ਕੀ ਮਤਲਬ ਤੇਰਾ?

       -ਜਿਵੇਂ ਤੂੰ ਉਹਦਾ ਧਿਆਨ ਰੱਖ ਰਹੀ ਐਂæææ।

       -ਤੈਨੂੰ ਪਤਾ ਕਿ ਉਹਦੀ ਸਿਹਤ ਠੀਕ ਨਹੀਂ।

       ਪ੍ਰੀਤੀ ਸਾਰੀ ਗੱਲ ਸਮਝ ਗਈ। ਕਿਉਂਕਿ ਨਾ ਤਾਂ ਹਾਲੇ ਉਸ ਦਾ ਜੱਗੀ ਨਾਲ ਤਾਲਾਕ ਹੋਇਆ ਸੀ ਤੇ ਨਾ ਹੀ ਨਛੱਤਰ ਨਾਲ ਵਿਆਹ ਦੀ ਕੋਈ ਰਸਮ। ਉਸ ਨੂੰ ਜਾਪਿਆ ਕਿ ਨਛੱਤਰ ਹੁਣ ਭੱਜਣ ਨੂੰ ਫਿਰਦਾ ਹੈ। ਜੱਗੀ ਤਾਂ ਹੁਣ ਕਿਸੇ ਕੰਮ ਦਾ ਰਿਹਾ ਹੀ ਨਹੀਂ ਸੀ। ਰੌਕੀ ਵੀ ਨਿਕੰਮਾ ਜਿਹਾ ਹੀ ਸੀ। ਉਸ ਨੇ ਪੜ੍ਹਨਾ ਛੱਡ ਦਿਤਾ ਸੀ ਤੇ ਸੋਸ਼ਲ ਸਕਿਉਰਟੀ ਲੈਣ ਲੱਗਿਆ ਸੀ। ਸਾਰਾ ਦਿਨ ਆਪਣੇ ਕਮਰੇ ਵਿਚ ਵੜਿਆ ਗੇਮਾਂ ਖੇਡਦਾ ਰਹਿੰਦਾ ਸੀ। ਕਿੰਨਾ ਕੁਝ ਸੋਚਦਿਆਂ ਪ੍ਰੀਤੀ ਨੇ ਉਸੇ ਦਿਨ ਹੀ ਤਾਲਾਕ ਲਈ ਅਪਲਾਈ ਕਰ ਦਿਤਾ। ਤਾਲਾਕ ਤੋਂ ਬਾਅਦ ਨਛੱਤਰ ਨਾਲ ਵਿਆਹ ਰਜਿਸਟਰ ਕਰਾ ਲਿਆ ਤੇ ਗੁਰਦਵਾਰੇ ਜਾ ਕੇ ਵੀ ਮੱਥਾਂ ਟੇਕ ਆਏ।

       ਹੁਣ ਜੱਗੀ ਸਾਲ ਕੁ ਬਾਅਦ ਇੰਡੀਆ ਜਾ ਆਉਂਦਾ ਸੀ। ਸੋਹਣ ਸਿੰਘ ਉਸ ਨੂੰ ਟਿਕਟ ਲੈ ਦਿੰਦਾ ਜਾਂ ਫਿਰ ਉਹ ਪ੍ਰੀਤੀ ਤੋਂ ਪੈਸੇ ਉਧਾਰੇ ਲੈ ਲੈਂਦਾ ਤੇ ਵਾਪਸ ਆ ਕੇ ਮੋੜ ਦਿੰਦਾ। ਹੁਣ ਉਹ ਕਦੇ-ਕਦੇ ਰਾਮਾ ਨੰਦ ਨੂੰ ਵੀ ਮਿਲਣ ਚਲੇ ਜਾਇਆ ਕਰਦਾ। ਉਸ ਤੋਂ ਪੈਸੇ ਵੀ ਲੈ ਜਾਂਦਾ ਤੇ ਫਿਰ ਮੋੜ ਦਿੰਦਾ। ਰਾਮਾ ਨੰਦ ਉਸ ਨੂੰ ਮਿਲ ਕੇ ਖੁਸ਼ ਤਾਂ ਹੁੰਦਾ ਪਰ ਇਹ ਨਹੀਂ ਸੀ ਚਾਹੁੰਦਾ ਕਿ ਉਹ ਉਸ ਦੇ ਘਰ ਬਹੁਤਾ ਆਵੇ ਜਾਵੇ। ਜਦ ਆਉਂਦਾ ਤਾਂ ਬਹੁਤੀ ਵਾਰ ਉਸ ਤੋਂ ਸ਼ਰਾਬ ਦੀ ਬਦਬੂ ਆ ਰਹੀ ਹੁੰਦੀ। ਫਿਰ ਉਸ ਨੇ ਜੱਗੀ ਨੂੰ ਟੋਕਣਾ ਸ਼ੁਰੂ ਕਰ ਦਿਤਾ ਤੇ ਇਕ ਦਿਨ ਸਾਫ ਹੀ ਕਹਿ ਦਿੱਤਾ ਕਿ ਉਹ ਸ਼ਰਾਬ ਪੀ ਕੇ ਉਸ ਦੇ ਘਰ ਨਾ ਆਵੇ।

       ਫਿਰ ਯਕੋ-ਯਕ ਬਾਹੜਾ ਉਸ ਨੂੰ ਵਾਹਵਾ ਮਿਲਣ ਆਉਣ ਲੱਗ ਪਿਆ। ਕਾਰਨ ਇਹ ਸੀ ਕਿ ਬਾਹੜਾ ਵਿਹਲਾ ਸੀ। ਉਸ ਨੇ ਫਲੈਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਵਿਚ ਉਸ ਨੂੰ ਘਾਟਾ ਪੈ ਗਿਆ ਸੀ। ਏਨਾ ਘਾਟਾ ਪਿਆ ਕਿ ਉਸ ਦਾ ਦਿਵਾਲਾ ਨਿਕਲ ਗਿਆ। ਇਹ ਤਾਂ ਸ਼ੁਕਰ ਸੀ ਕਿ ਉਸ ਦਾ ਘਰ ਉਸ ਦੀ ਪਤਨੀ ਦੇ ਨਾਂ ਸੀ ਇਸ ਲਈ ਘਰ ਬਚ ਗਿਆ ਨਹੀਂ ਤਾਂ ਰਹਿਣ ਲਈ ਵੀ ਟਿਕਾਣਾ ਨਹੀਂ ਸੀ ਰਹਿਣਾ। ਹੁਣ ਉਹ ਵਕਤ ਬਿਤਾਉਣ ਲਈ ਉਹ ਜੱਗੀ ਕੋਲ ਆ ਜਾਂਦਾ। ਜੱਗੀ ਨੂੰ ਵੀ ਸਾਥ ਮਿਲ ਜਾਂਦਾ। ਦੋਵੇਂ ਰੱਜ ਕੇ ਦਾਰੂ ਪੀਂਦੇ। ਇਕ ਦਿਨ ਬਾਹੜਾ ਬੋਲਿਆ,

       -ਯਾਰ ਜੱਗੀ, ਮੈਂ ਤੇਰੇ ਨਾਂ 'ਤੇ ਨਾ ਕੋਈ ਕੰਮ ਸ਼ੁਰੂ ਕਰ ਲਵਾਂ?

       -ਦੇਖ ਲਓ ਬਾਹੜਾ ਸਾਬ, ਮੈਨੂੰ ਜੋ ਬੈਨੇਫਿੱਟ ਮਿਲਦੇ ਆ ਕਿਤੇ ਬੰਦ ਨਾ ਹੋ ਜਾਣ।

      -ਹਾਂ, ਇਹ ਡਰ ਤਾਂ ਠੀਕ ਐ। ਚੱਲ ਤੂੰ ਏਦਾਂ ਕਰ ਕਿ ਆਪਣੇ ਨਾਂ ਤੇ ਮੈਨੂੰ ਕਿਸ਼ਤਾਂ 'ਤੇ ਵੈਨ ਲੈ ਦੇ ਤਾਂ ਜੋ ਮੈਂ ਕੰਮ ਸ਼ੁਰੂ ਕਰ ਸਕਾਂ। ਮੈਨੂੰ ਤਾਂ ਹੁਣ ਲੋਨ ਮਿਲਣਾ ਨਹੀਂ।

       ਜੱਗੀ ਨੇ ਕਾਰ ਲੈਣ ਲਈ ਦੋ ਹਜ਼ਾਰ ਪੌਂਡ ਦਾ ਲੋਨ ਬੈਂਕ ਕੋਲ ਅਪਲਾਈ ਕਰ ਦਿੱਤਾ। ਉਸ ਦਾ ਬੈਨੇਫਿਟ ਲਗਾਤਾਰ ਉਸ ਬੈਂਕ ਵਿਚ ਹੀ ਆਇਆ ਕਰਦਾ ਸੀ ਤੇ ਬੈਂਕ ਵਾਲਿਆਂ ਨੂੰ ਪਤਾ ਸੀ ਕਿ ਉਹ ਕਿੰਨੀ ਕੁ ਕਿਸ਼ਤ ਵਾਪਸ ਕਰਨ ਦੇ ਕਾਬਲ ਸੀ ਸੋ ਉਸ ਨੂੰ ਲੋਨ ਮਿਲ ਗਿਆ। ਬਾਹੜੇ ਨੇ ਮੁੜ ਕੇ ਬਿਲਡਿੰਗ ਦਾ ਕੰਮ ਅਰੰਭ ਲਿਆ। ਜਿਵੇਂ ਕਿ ਜੱਗੀ ਆਸ ਰੱਖਦਾ ਸੀ ਕਿ ਬਾਹੜਾ ਉਸ ਨੂੰ ਸ਼ਾਇਦ ਕੰਮ ਦੇ ਦੇਵੇ ਪਰ ਬਾਹੜੇ ਨੇ ਕੰਮ ਨਾ ਦਿਤਾ। ਹੁਣ ਬਾਹੜਾ ਉਸ ਨੂੰ ਮਹੀਨੇ ਵਿਚ ਇਕ ਅੱਧ ਵਾਰ ਹੀ ਮਿਲਣ ਆਉਂਦਾ। ਜਦ ਆਉਂਦਾ ਤਾਂ ਆਪਣੀ ਵਿਸਕੀ ਲੈ ਆਉਂਦਾ ਤੇ ਖਾਣ ਨੂੰ ਵੀ ਕੁਝ ਨਾ ਕੁਝ ਨਾਲ ਹੁੰਦਾ। ਫਿਰ ਕਈ ਕਈ ਘੰਟੇ ਬੈਠੇ ਪੀਂਦੇ ਰਹਿੰਦੇ।

       ਜੱਗੀ ਆਪਣੇ ਕਿਸੇ ਗਵਾਂਢੀ ਨੂੰ ਤੰਗ ਨਹੀਂ ਸੀ ਕਰਦਾ। ਸ਼ਰਾਬ ਪੀ ਕੇ ਫਲੈਟ ਦੇ ਅੰਦਰ ਹੀ ਰਹਿੰਦਾ ਸੀ। ਕੰਨਾਂ ਵਿਚ ਸੁਣਦੀਆਂ ਆਵਾਜ਼ਾਂ ਨੂੰ ਗਾਲ਼ਾਂ ਕੱਢਦਾ ਆਪ ਹੀ ਨਿਬੜਦਾ। ਇਕ ਦਿਨ ਉਸ ਦੇ ਸਾਹਮਣੇ ਫਲੈਟ ਵਿਚ ਰਹਿੰਦਾ ਗੋਰਾ ਸਟੀਵ ਉਸ ਨਾਲ ਕਿਸੇ ਗੱਲੋਂ ਉਲਝ ਪਿਆ। ਜੱਗੀ ਆਪਣਾ ਬਚਾਅ ਕਰਦਾ ਹੋਇਆ ਉਸ ਵਲ ਨੂੰ ਇਵੇਂ ਉਛਲਣ ਲੱਗਿਆ ਜਿਵੇਂ ਬੌਕਸਿੰਗ ਦੇ ਖਿਡਾਰੀ ਕਰਿਆ ਕਰਦੇ ਹਨ। ਸਟੀਵ ਡਰ ਗਿਆ ਤੇ ਉਸ ਨੇ ਇਕ ਦਮ ਪੁਲੀਸ ਬੁਲਾ ਲਈ। ਜੱਗੀ ਆਪਣੇ ਫਲੈਟ ਅੰਦਰ ਜਾ ਵੜਿਆ। ਪੁਲੀਸ ਆਈ ਤਾਂ ਉਸ ਨੇ ਬੂਹਾ ਖੋਹਲਣ ਤੋਂ ਇਨਕਾਰ ਕਰ ਦਿਤਾ। ਪੁਲੀਸ ਕੋਲ ਉਸ ਦਾ ਰਿਕਾਰਡ ਹੈ ਹੀ ਸੀ ਕਿ ਉਹ ਐਸ਼ਫੋਰਡ ਹਸਪਤਾਲ ਰਹਿ ਕੇ ਆਇਆ ਹੈ ਤੇ ਹਾਲੇ ਵੀ ਉਸ ਦੇ ਲਗਾਤਾਰ ਟੀਕਾ ਲੱਗਦਾ ਹੈ ਤੇ ਦਵਾਈਆਂ ਖਾਂਦਾ ਹੈ ਤੇ ਕਦੇ ਵੀ ਹਾਈਪਰ ਹੋ ਸਕਦਾ ਹੈ। ਪੁਲੀਸ ਨੂੰ ਦਰਵਾਜ਼ਾ ਪੁੱਟ ਕੇ ਅੰਦਰ ਜਾਣਾ ਪਿਆ। ਜੱਗੀ ਪੁਲੀਸ ਨਾਲ ਵੀ ਉਲਝ ਪਿਆ। ਪੁਲੀਸ ਉਸ ਨੂੰ ਫੜ ਕੇ ਲੈ ਗਈ। ਉਥੋਂ ਉਸ ਨੂੰ ਇਕ ਵਾਰ ਫਿਰ ਹਸਪਤਾਲ ਭੇਜ ਦਿਤਾ ਗਿਆ।




ਇੱਕੀ


       ਇਕ ਵਾਰ ਫਿਰ ਜੱਗੀ ਨੂੰ ਕਈ ਮਹੀਨਾ ਭਰ ਹਸਪਤਾਲ ਵਿਚ ਰਹਿਣਾ ਪਿਆ। ਹਸਪਤਾਲ ਦਾ ਇਕ ਫਾਇਦਾ ਸੀ ਕਿ ਇਥੇ ਉਸ ਨੂੰ ਆਵਾਜ਼ਾਂ ਘੱਟ ਸੁਣਦੀਆਂ ਸਨ। ਉਹ ਦਵਾਈਆਂ ਨਾਲ ਹਰ ਵੇਲੇ ਨਿਢਾਲ ਜਿਹਾ ਰਹਿੰਦਾ ਸੀ। ਇਹ ਹਸਪਤਾਲ ਨਾਲੋਂ ਜੇਲ੍ਹ ਵੱਧ ਸੀ। ਬਹੁਤ ਸਖਤ ਪਹਿਰਾ ਹੁੰਦਾ। ਬਾਹਰ ਜਾਣ ਦੀ ਆਗਿਆ ਨਹੀਂ ਸੀ। ਕੋਈ ਮਿਲਣ ਵੀ ਆਉਂਦਾ ਤਾਂ ਹਰ ਵੇਲੇ ਕੈਮਰੇ ਉਹਨਾਂ 'ਤੇ ਫੋਕਸ ਕੀਤੇ ਹੁੰਦੇ। ਉਸ ਨੇ ਪ੍ਰੀਤੀ ਨੂੰ ਫੋਨ ਕਰਕੇ ਆਪਣੇ ਹਸਪਤਾਲ ਵਿਚ ਹੋਣ ਬਾਰੇ ਦੱਸ ਦਿਤਾ ਸੀ। ਉਹ ਆ ਕੇ ਮਿਲ ਵੀ ਗਈ ਸੀ। ਰੌਕੀ ਵੀ ਮਿਲਣ ਆਇਆ। ਇਕ ਵਾਰ ਬਾਹੜਾ ਵੀ ਆ ਕੇ ਉਸ ਨੂੰ ਰੋਟੀ ਦੇ ਗਿਆ। ਜਦ ਉਹ ਬਾਹਰ ਆਇਆ ਤਾਂ ਉਸ ਦੀ ਸਿਹਤ ਬਹੁਤ ਡਾਵਾਂ ਡੋਲ ਸੀ। ਦਵਾਈਆਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਵਧ ਗਈ ਸੀ। ਉਸ ਤੋਂ ਰੋਟੀ ਖਾਣੀ ਵੀ ਮੁਸ਼ਕਲ ਹੋ ਜਾਂਦੀ। ਉਹ ਸਬਜ਼ੀ ਜਾਂ ਮੀਟ ਬਣਾ ਤਾਂ ਲੈਂਦਾ ਪਰ ਖਾਂਦਾ ਬਹੁਤ ਘੱਟ। ਬਹੁਤੀ ਵਾਰ ਸੁਟਣਾ ਹੀ ਪੈਂਦਾ।

        ਉਸ ਨੇ ਇੰਡੀਆ ਫੋਨ ਕੀਤਾ ਤਾਂ ਉਸ ਦੀ ਮਾਂ ਕਹਿਣ ਲੱਗੀ,

       -ਸਾਨੂੰ ਰੌਕੀ ਹੀ ਦਿਖਾ ਲੈ ਜਾ।

        ਜੱਗੀ ਨੂੰ ਵੀ ਇਹ ਤਜ਼ਵੀਜ਼ ਚੰਗੀ ਲੱਗੀ। ਉਸ ਨੇ ਚਰਨਜੀਤ ਨੂੰ ਫੋਨ ਕੀਤਾ,

       -ਮੈਡਮ, ਮੈਂ ਰੌਕੀ ਨੂੰ ਤਿੰਨ ਹਫਤੇ ਲਈ ਇੰਡੀਆ ਲੈ ਜਾਵਾਂ?

       -ਜੈਗ, ਤੂੰ ਪੀਨਾ ਸ਼ਰਾਬ ਤੇ ਰੌਕੀ ਨੂੰ ਵੀ ਪਿਲਾਏਂਗਾ।

       -ਤੂੰ ਇਹਦਾ ਬਿਲਕੁਲ ਫਿਕਰ ਨਾ ਕਰ। ਮੈਂ ਉਹਨੂੰ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਣ ਦੇਣਾ।

       ਪਹਿਲਾਂ ਤਾਂ ਪ੍ਰੀਤੀ ਝਿਜਕੀ ਪਰ ਫਿਰ ਇਜਾਜ਼ਤ ਦੇ ਦਿੱਤੀ।

       ਰੌਕੀ ਨੂੰ ਦੇਖ ਕੇ ਜੱਗੀ ਦਾ ਸਾਰਾ ਟੱਬਰ ਹੀ ਬਹੁਤ ਖੁਸ਼ ਸੀ। ਉਸ ਦੇ ਪੂਰੇ ਚਾਅ-ਮਲ੍ਹਾਰ ਕੀਤੇ ਗਏ। ਉਹ ਸਭ ਦਾ ਲਾਡਲਾ ਸੀ। ਰਾਤ ਨੂੰ ਜੱਗੀ ਸੋਹਣ ਸਿੰਘ ਦੇ ਕਮਰੇ ਵਿਚ ਹੀ ਸੌਂਦਾ। ਇਕ ਦਿਨ ਸੋਹਣ ਸਿੰਘ ਨੇ ਦੇਖਿਆ ਕਿ ਸੁੱਤਾ ਪਿਆ ਰੌਕੀ ਅਜੀਬ ਜਿਹੀਆਂ ਹਰਕਤਾਂ ਕਰੀ ਜਾ ਰਿਹਾ ਸੀ। ਫਿਰ ਉਠ ਕਿ ਇਵੇਂ ਕੰਬਣ ਲਗਿਆ ਜਿਵੇਂ ਕੋਈ ਬੁਰਾ ਸੁਫਨਾ ਦੇਖਿਆ ਹੋਵੇ। ਵੈਸੇ ਵੀ ਉਹ ਕਈ ਵਾਰ ਬਿਨਾਂ ਗੱਲ ਤੋਂ ਹੱਸਣ ਲਗਦਾ। ਕਈ ਵਾਰ ਕਿਸੇ ਇਕ ਪਾਸੇ ਨੂੰ ਲਗਾਤਾਰ ਦੇਖੀ ਜਾਂਦਾ। ਸੋਹਣ ਸਿੰਘ ਨੇ ਜੱਗੀ ਨੂੰ ਕਿਹਾ,

       -ਮੈਨੂੰ ਤਾਂ ਰੌਕੀ ਦੀ ਸਿਹਤ ਠੀਕ ਨਹੀਂ ਲਗਦੀ। ਕਿਤੇ ਤੇਰੇ ਵਾਲੀ ਹੀ ਮਰਜ਼ ਤਾਂ ਨਹੀਂ ਇਹਨੂੰ?

       -ਨਹੀਂ ਡੈਡੀ, ਇਹ ਤਾਂ ਬਿਲਕੁਲ ਠੀਕ ਐ।

       -ਜਾਂਦਾ ਹੀ ਇਹਨੂੰ ਕਿਸੇ ਚੰਗੇ ਜਿਹੇ ਡਾਕਟਰ ਨੂੰ ਦਿਖਾਈਂ।

       ਸੋਹਣ ਸਿੰਘ ਨੇ ਹਿਦਾਇਤ ਕੀਤੀ।

       ਰੌਕੀ ਤਿੰਨ ਕੁ ਹਫਤੇ ਜੱਗੀ ਨਾਲ ਇੰਡੀਆ ਰਹਿ ਕੇ ਆਇਆ ਤਾਂ ਬਹੁਤ ਖੁਸ਼ ਸੀ। ਉਸ ਦੀ ਖੂਬ ਸੇਵਾ ਹੋਈ ਸੀ। ਸੋਹਣ ਸਿੰਘ ਦਾ ਵਾਰਸ ਸੀ ਇਸ ਲਈ ਉਸ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਸੀ। ਵਾਹਵਾ ਸਾਰੇ ਤੋਹਫੇ ਲੈ ਕੇ ਮੁੜਿਆ ਸੀ। ਚਰਨਜੀਤ ਭਾਵੇਂ ਪ੍ਰੀਤੀ ਨੂੰ ਬਹੁਤ ਨਫਰਤ ਕਰਦੀ ਸੀ ਪਰ ਉਸ ਨੇ ਪ੍ਰੀਤੀ ਲਈ ਵੀ ਸੂਟ ਭੇਜੇ। ਉਹ ਸੋਚਦੀ ਸੀ ਕਿ ਜੱਗੀ ਦੀ ਅਜਿਹੀ ਹਾਲਤ ਵਿਚ ਪਰਦੇਸ ਵਿਚ ਉਸ ਦਾ ਹੋਰ ਹੈ ਵੀ ਕੌਣ ਸੀ।

       ਵਾਪਸ ਆ ਕੇ ਜੱਗੀ ਨੇ ਸੋਹਣ ਸਿੰਘ ਵਾਲਾ ਫਿਕਰ ਪ੍ਰੀਤੀ ਨਾਲ ਸਾਂਝਾ ਕੀਤਾ ਤਾਂ ਉਹ ਇਕ ਦਮ ਬੋਲੀ,

       -ਘਰ ਵਿਚ ਇਕ ਪਾਗਲ ਕੋਈ ਘੱਟ ਹੁੰਦੈ?

       ਆਖਣ ਨੂੰ ਤਾਂ ਉਹ ਆਖ ਗਈ ਪਰ ਫਿਕਰ ਉਸ ਨੂੰ ਵੀ ਪੈ ਗਿਆ। ਕੁਝ ਗੱਲਾਂ ਤਾਂ ਉਸ ਨੇ ਵੀ ਨੋਟ ਕੀਤੀਆਂ ਸਨ ਪਰ ਬਹੁਤਾ ਸਮਾਂ ਰੌਕੀ ਆਪਣੇ ਕਮਰੇ ਵਿਚ ਹੀ ਰਹਿੰਦਾ ਹੋਣ ਕਰਕੇ ਕੁਝ ਗੱਲਾਂ ਵਲ ਉਸ ਦਾ ਧਿਆਨ ਨਹੀਂ ਸੀ ਗਿਆ। ਉਹ ਰੌਕੀ ਨੂੰ ਡਾਕਟਰ ਕੋਲ ਲੈ ਗਈ। ਡਾਕਟਰ ਨੂੰ ਜੱਗੀ ਦੇ ਸਾਰੇ ਕੇਸ ਦਾ ਪਤਾ ਸੀ। ਉਸ ਨੇ ਇਕ ਦਮ ਰੌਕੀ ਨੂੰ ਵਿਸ਼ੇਸ਼ ਡਾਕਟਰ ਕੋਲ ਭੇਜ ਦਿਤਾ। ਰੌਕੀ ਨੂੰ ਵੀ ਜੱਗੀ ਵਾਲੀਆਂ ਹੀ ਅਲਾਮਤਾਂ ਸਨ। ਉਸ ਦੀ ਵੀ ਦਵਾ-ਦਾਰੂ ਸ਼ੁਰੂ ਹੋ ਗਈ। ਪ੍ਰੀਤੀ ਜੱਗੀ ਨੂੰ ਕਿਹਾ,

       -ਜੈਗ, ਇਹ ਸਭ ਤੇਰੇ ਕਰਕੇ ਹੀ ਹੋਇਆ। ਤੂੰ ਘਰ ਵਿਚ ਏਨਾ ਕਲੇਸ਼ ਪਾਇਆ ਕਿ ਇਸ ਦਾ ਅਸਰ ਰੌਕੀ 'ਤੇ ਹੋ ਗਿਆ।

       -ਨਹੀਂ ਮੈਡਮ, ਮੇਰੇ ਕਰਕੇ ਨਹੀਂ, ਤੇਰੇ ਕਰਕੇ ਹੋਇਆ, ਤੂੰ ਹੀ ਆਪਣੇ ਭਰਾ ਨਾਲ ਰੰਗ ਰਲੀਆਂ ਮਨਾਉਂਦੀ ਸੀ ਉਹਦੇ ਸਾਹਮਣੇ, ਤੇਰੀਆਂ ਉਹਨਾਂ ਹਰਕਤਾਂ ਨਾਲ ਮੁੰਡਾ ਕੰਨਫਿਊਜ਼ ਹੋ ਜਾਂਦਾ ਸੀ ਕਿ ਉਹਦਾ ਅਸਲੀ ਪਿਓ ਕਿਹੜਾ, ਪੱਗ ਵਾਲਾ ਕਿ ਬਿਨਾਂ ਪੱਗ ਤੋਂ।

       ਜੱਗੀ ਦੀ ਗੱਲ ਸੁਣ ਕੇ ਪ੍ਰੀਤੀ ਇਕ ਦਮ ਹਿੱਲ ਗਈ। ਉਹ ਸਮਝ ਗਈ ਕਿ ਰੌਕੀ ਨੇ ਜ਼ਰੂਰ ਕੁਝ ਗੱਲਾਂ ਜੱਗੀ ਨੂੰ ਦੱਸੀਆਂ ਹੋਣਗੀਆਂ।

       ਨਛੱਤਰ ਨੂੰ ਰੌਕੀ ਦੀ ਹਾਲਤ ਦਾ ਪਤਾ ਚੱਲਿਆ ਤਾਂ ਉਹ ਚੁੱਪ ਜਿਹਾ ਹੀ ਰਿਹਾ। ਉਸ ਨੇ ਕਦੇ ਵੀ ਰੌਕੀ ਬਾਰੇ ਕੋਈ ਫਿਕਰ ਨਹੀਂ ਸੀ ਕੀਤਾ। ਉਸ ਨੂੰ ਸਿਰਫ ਆਪਣੇ ਬੱਚਿਆਂ ਦਾ ਹੀ ਫਿਕਰ ਸੀ। ਉਹ ਖੁਸ਼ ਸੀ ਕਿ ਪੀਟਰ ਨੇ ਉਸ ਦੇ ਮੁੰਡੇ ਐਂਡੀ ਨੂੰ ਆਪਣੇ ਨਾਲ ਹੀ ਕੰਮ 'ਤੇ ਰੱਖ ਕੇ ਲੋਹੇ ਦੇ ਕੰਮ ਵਿਚ ਮਾਹਰ ਬਣਾ ਦਿੱਤਾ ਸੀ ਤੇ ਐਂਡੀ ਹੁਣ ਵਾਹਵਾ ਪੈਸੇ ਕਮਾ ਰਿਹਾ ਸੀ। ਨਛੱਤਰ ਦੀ ਕੁੜੀ ਲੀਨਾ ਵੀ ਕਿਸੇ ਦਫਤਰ ਵਿਚ ਨੌਕਰੀ ਕਰਨ ਲੱਗ ਪਈ ਸੀ ਤੇ ਆਪਣੇ ਬੁਆਏ ਫਰੈੰਡ ਨਾਲ ਅਲੱਗ ਰਹਿੰਦੀ ਸੀ। ਨਛੱਤਰ ਖੁਸ਼ ਸੀ ਕਿ ਉਸ ਦੇ ਬੱਚੇ ਸੈੱਟ ਹੋ ਗਏ ਹਨ।  

      ਜੱਗੀ ਮਹੀਨੇ ਵਿਚ ਇਕ ਅੱਧ ਵਾਰ ਤਾਂ ਰੌਕੀ ਨੂੰ ਮਿਲਣ ਚਲੇ ਹੀ ਜਾਂਦਾ। ਚੋਰੀ ਨਜ਼ਰਾਂ ਨਾਲ ਉਹ ਪ੍ਰੀਤੀ ਵਲ ਵੀ ਦੇਖਦਾ ਰਹਿੰਦਾ। ਪ੍ਰੀਤੀ ਵੀ ਸਮਝਦੀ ਸੀ ਪਰ ਉਹ ਚੁੱਪ ਰਹਿੰਦੀ। ਇਕ ਦਿਨ ਜੱਗੀ ਨੇ ਰੌਕੀ ਨੂੰ ਕਿਹਾ,

       -"ਤੂੰ ਕੋਈ ਕੰਮ ਕਿਉਂ ਨਹੀਂ ਕਰਦਾ?"

       -"ਕੋਈ ਮਿਲਦਾ ਹੀ ਨਹੀਂ।"

       -"ਬਾਹਰ ਨਿਕਲਿਆ ਕਰ, ਦੋਸਤਾਂ ਵਿਚ ਬੈਠਿਆ ਕਰ, ਕੋਈ ਗਰਲ ਫਰੈੰਡ ਲੱਭ।"

       -"ਡੈਡ, ਤੂੰ ਆਪਣੇ ਕੰਮ ਨਾਲ ਕੰਮ ਰੱਖ ਤੇ ਆਪਣਾ ਫਿਕਰ ਕਰ।"

       -"ਜੇ ਤੂੰ ਬਾਹਰ ਨਿਕਲੇਂ, ਲੋਕਾਂ ਨੂੰ ਮਿਲੇਂ ਤਾਂ ਠੀਕ ਵੀ ਹੋ ਜਾਵੇਂ।"

       ਜੱਗੀ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਰੌਕੀ ਨੇ ਉਠ ਕੇ ਉਸ ਨੂੰ ਗਲ਼ੋਂ ਫੜ ਲਿਆ ਤੇ ਕਹਿੰਦਾ ਜਾ ਰਿਹਾ ਸੀ ਕਿ ਇਹ ਸਭ ਤੇਰੇ ਕਰਕੇ ਹੋਇਆ। ਨਛੱਤਰ ਨੇ ਬੜੀ ਮੁਸ਼ਕਲ ਨਾਲ ਜੱਗੀ ਦਾ ਗਲ਼ ਛੁਡਵਾਇਆ। ਜੱਗੀ ਕਪੜੇ ਠੀਕ ਕਰਦਾ ਤੁਰ ਪਿਆ। ਤੁਰਨ ਲੱਗਾ ਉਹ ਪ੍ਰੀਤੀ ਨੂੰ ਬੋਲਿਆ,

       -"ਇਹ ਸਭ ਤੇਰੀ ਸਿੱਖਿਆ, ਤੂੰ ਹੀ ਏਹਨੂੰ ਮੇਰੇ ਖਿਲਾਫ ਭੜਕਾਇਆ।"

       ਆਖਦਾ ਜੱਗੀ ਉਥੋਂ ਆ ਗਿਆ ਪਰ ਇਸ ਹਾਦਸੇ ਨੂੰ ਉਹ ਉਥੇ ਹੀ ਛੱਡ ਆਇਆ। ਇਸ ਵਿਚ ਉਹ ਰੌਕੀ ਦਾ ਕੋਈ ਕਸੂਰ ਨਹੀਂ ਸੀ ਸਮਝਦਾ।

       ਜੱਗੀ ਦੀ ਰੋਜ਼-ਮਰਾਹ ਦੀ ਜ਼ਿੰਦਗੀ ਹੁਣ ਪਹਿਲਾਂ ਨਾਲੋਂ ਔਖੀ ਸੀ। ਉਸ ਨੂੰ ਆਵਾਜ਼ਾਂ ਲਗਾਤਾਰ ਸੁਣਦੀਆਂ ਸਨ। ਇਹਨਾਂ ਵਿਚ ਹੁਣ ਪੁਲੀਸ ਵਾਲਿਆਂ ਦੀਆਂ ਆਵਾਜ਼ਾਂ ਵੀ ਸ਼ਾਮਲ ਹੋ ਗਈਆਂ ਸਨ। ਉਹ ਵੀ ਉਸ ਨੂੰ ਕੈਦ ਕਰ ਦੀਆਂ ਧਮਕੀਆਂ ਦੇਣ ਲੱਗਦੇ ਸਨ। ਬਹੁਤੀ ਵਾਰ ਲੋਕ ਉਸ ਤੋਂ ਪੈਸੇ ਹੀ ਮੰਗ ਰਹੇ ਹੁੰਦੇ ਤੇ ਡਰਾ ਰਹੇ ਹੁੰਦੇ। ਟੀਕਾ ਉਸ ਦੇ ਮੁੜ ਕੇ ਫਿਰ ਮਹੀਨੇ ਬਾਅਦ ਲੱਗਣ ਲੱਗ ਪਿਆ ਸੀ। ਜੇ ਉਹ ਨਾ ਲਵਾਉਂਦਾ ਤਾਂ ਜ਼ਬਰਦਸਤੀ ਆ ਕੇ ਜਾਂਦੇ। ਉਸ ਦੇ ਵਹਿਮ ਦੀ ਹੱਦ ਵਧਦੀ ਜਾਂਦੀ ਸੀ। ਕਿਸੇ ਪੁਲੀਸ ਵਾਲੇ ਨੂੰ ਦੇਖ ਲੈਂਦਾ ਤਾਂ ਉਸ ਨੂੰ ਜਾਪਦਾ ਕਿ ਉਸ ਨੂੰ ਹੀ ਫੜਨ ਆ ਰਿਹਾ ਹੈ। ਉਹ ਇਕ ਪਾਸੇ ਨੂੰ ਹੋ ਤੁਰਦਾ। ਕਈ ਵਾਰ ਅਜਿਹਾ ਵੀ ਹੋਇਆ ਕਿ ਪੁਲੀਸ ਵਾਲੇ ਉਸ ਨੂੰ ਸ਼ੱਕੀ ਬੰਦਾ ਸਮਝ ਕੇ ਫੜ ਲੈਂਦੇ ਪਰ ਜਦ ਹੋਰ ਇਨਕੁਆਰੀ ਕਰਦੇ ਤਾਂ ਉਸ ਨੂੰ ਛੱਡ ਦਿੰਦੇ।

       ਉਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਔਰਤ ਨਾਲ ਦੋਸਤੀ ਪੈ ਜਾਵੇ ਪਰ ਕੋਈ ਨਾ ਮਿਲੀ। ਉਹ ਕਈਆਂ ਨਾਲ ਗੱਲਬਾਤ ਸ਼ੁਰੂ ਕਰਦਾ, ਉਸ ਦੇ ਸੰਪਰਕ ਵਿਚ ਆਉਂਦੀਆਂ ਪਰ ਅਗਲੀਆਂ ਜਲਦੀ ਹੀ ਉਸ ਦੀ ਮਾਨਸਿਕ ਹਾਲਤ ਨੂੰ ਭਾਂਪ ਜਾਂਦੀਆਂ। ਇਕ ਵਾਰ ਉਹ ਇੰਡੀਆ ਤੋਂ ਵਾਪਸ ਆ ਰਿਹਾ ਸੀ ਤਾਂ ਇਕ ਮਾਰੀਆਂ ਨਾਂ ਦੀ ਕੁੜੀ ਨਾਲ ਸਾਰੇ ਰਾਹ ਗੱਲਾਂ ਕਰਦਾ ਰਿਹਾ। ਮਾਰੀਆ ਉਸ ਨੂੰ ਫੋਨ ਨੰਬਰ ਵੀ ਦੇ ਗਈ ਸੀ ਪਰ ਉਸ ਤੋਂ ਬਾਅਦ ਉਹ ਇਕ ਵਾਰ ਫਿਰ ਹਸਪਤਾਲ ਚਲੇ ਗਿਆ ਸੀ। ਕਈ ਸਾਲਾਂ ਬਾਅਦ ਮਾਰੀਆ ਦਾ ਉਸ ਨੂੰ ਚੇਤਾ ਆਇਆ ਪਰ ਜਦ ਤਕ ਉਸ ਦਾ ਫੋਨ ਨੰਬਰ ਉਹ ਗਵਾ ਚੁੱਕਿਆ ਸੀ।

       ਉਹ ਸਵੇਰ ਉਠ ਸ਼ੇਵ ਕਰਦਾ। ਵਾਲਾਂ ਵਿਚ ਚਿੱਟੋਂ ਤਾਂ ਆਉਣ ਹੀ ਨਹੀਂ ਸੀ ਦਿੰਦਾ। ਸੂਟ, ਰੇਸ਼ਮੀ ਟਾਈਆਂ ਤੇ ਬੂਟ ਉਸ ਨੇ ਇੰਡੀਆ ਤੋਂ ਹੀ ਸਮਾ ਲਿਆਂਦੇ ਸਨ। ਪੂਰੀ ਟੌਹਰ ਕੱਢ ਕੇ ਬਾਹਰ ਨਿਕਲਦਾ। ਕਈ ਵਾਰ ਉਹ ਟਿਊਬ ਫੜ ਕੇ ਕੇਂਦਰੀ ਲੰਡਨ ਵਲ ਨਿਕਲ ਜਾਂਦਾ ਤੇ ਸਾਰਾ ਦਿਨ ਐਵੇਂ ਹੀ ਫਿਰਦਾ ਰਹਿੰਦਾ। ਸ਼ਰਾਬ ਹੁਣ ਉਹ ਕਾਫੀ ਪੀਂਦਾ ਸੀ। ਹੁਣ ਫਿਰ ਬਾਹੜਾ ਉਸ ਦੇ ਫਲੈਟ ਵਿਚ ਆਉਣ ਲੱਗਿਆ ਸੀ। ਉਸ ਦੀ ਵੈਨ ਦੀਆਂ ਕਿਸ਼ਤਾਂ ਉਤਰ ਗਈਆਂ ਸਨ ਹੁਣ ਉਹ ਜੱਗੀ ਦੇ ਨਾਂ 'ਤੇ ਕਾਰ ਲੈਣੀ ਚਾਹੁੰਦਾ ਸੀ। ਜੱਗੀ ਨੇ ਕਾਰ ਲੈ ਦਿਤੀ। ਬੈਂਕ ਵਾਲਿਆਂ ਨੇ ਇਕ ਵਾਰ ਫਿਰ ਉਸ ਨੂੰ ਕਰਜ਼ਾ ਦੇ ਦਿਤਾ ਸੀ। ਵੈਨ ਦੀਆਂ ਕਿਸ਼ਤਾਂ ਬਾਹੜਾ ਸਮੇਂ ਸਿਰ ਜਮ੍ਹਾਂ ਕਰਾਉਂਦਾ ਰਿਹਾ ਹੋਣ ਕਰਕੇ ਬੈਂਕ ਵਾਲਿਆਂ ਦਾ ਜੱਗੀ 'ਤੇ ਯਕੀਨ ਬਣ ਗਿਆ ਹੋਇਆ ਸੀ।

       ਇਕ ਦਿਨ ਰੌਕੀ ਉਸ ਨੂੰ ਮਿਲਣ ਫਲੈਟ ਵਿਚ ਆ ਗਿਆ। ਅਸਲ ਵਿਚ ਰੌਕੀ ਨੂੰ ਕੁਝ ਪੈਸੇ ਚਾਹੀਦੇ ਸਨ ਮੁਬਾਈਲ ਲੈਣ ਲਈ। ਜੱਗੀ ਆਪਣੇ ਪੈਸ ਬਹੁਤ ਧਿਆਨ ਨਾਲ ਖਰਚਦਾ ਸੀ ਤੇ ਹਰ ਵੇਲੇ ਕੁਝ ਨਾ ਕੁਝ ਹੱਥ ਵਿਚ ਰੱਖਦਾ ਸੀ। ਜੱਗੀ ਨੇ ਉਸ ਨੂੰ ਕਿਹਾ,

       -"ਕਿਉਂ ਨਾ ਤੇਰਾ ਵਿਆਹ ਕਰ ਦੇਈਏ।"

       -"ਵਿਆਹ? ਨਾ ਮੇਰੇ ਕੋਲ ਜੌਬ ਐ ਤੇ ਨਾ ਹੀ ਘਰ।"

       -"ਜੌਬ ਤਾਂ ਲੱਭਿਆਂ ਹੀ ਲੱਭਣੀ ਆਂ। ਹਾਂ ਘਰ, ਮੰਮੀ ਵਾਲਾ ਘਰ ਤੇਰਾ ਹੀ ਤਾਂ ਐ।"

       -"ਪਰ ਉਹ ਨਿੱਕ ਅੰਕਲ ਦਾ ਵੀ ਤਾਂ ਹੈ।"

       -"ਨਿੱਕ ਨੇ ਪ੍ਰੋਮਿਜ਼ ਕੀਤਾ ਹੋਇਆ ਕਿ ਉਹ ਘਰ ਤੈਨੂੰ ਹੀ ਦੇਵੇਗਾ।"

       ਜੱਗੀ ਨੂੰ ਹਾਲੇ ਵੀ ਯਾਦ ਸੀ ਕਿ ਘਰ ਦੇ ਪੇਪਰਾਂ 'ਤੇ ਦਸਤਖਤ ਕਰਨ ਤੋਂ ਪਹਿਲਾਂ ਨਛੱਤਰ ਨੇ ਉਸ ਨੂੰ ਕਿਹਾ ਸੀ ਕਿ ਆਪਣਾ ਹਿੱਸਾ ਉਹ ਰੌਕੀ ਨੂੰ ਹੀ ਦੇਵੇਗਾ ਕਿਉਂਕਿ ਉਸ ਦੇ ਬੱਚਿਆਂ ਕੋਲ ਤਾਂ ਆਪਣਾ ਘਰ ਹੈ ਹੀ ਸੀ। ਵਿਆਹ ਵਾਲੀ ਸਲਾਹ ਜੱਗੀ ਨੂੰ ਚਰਨਜੀਤ ਨੇ ਦਿਤੀ ਸੀ ਕਿ ਸ਼ਾਇਦ ਰੌਕੀ ਵਿਆਹ ਕਰਾ ਕੇ ਠੀਕ ਹੋ ਜਾਵੇ। ਵਿਆਹ ਤੋਂ ਬਾਅਦ ਉਸ ਦੇ ਮਨ ਦੀਆਂ ਕਈ ਗੁੰਝਲਾਂ ਸੁਲਝ ਜਾਂਦੀਆਂ ਹਨ। ਇਸ ਬਾਰੇ ਉਸ ਨੇ ਪ੍ਰੀਤੀ ਨਾਲ ਗੱਲ ਵੀ ਕੀਤੀ। ਪ੍ਰੀਤੀ ਬੋਲੀ,

       -"ਕਿਹੜੀ ਕੁੜੀ ਕਰਾਏਗੀ ਇਹਦੇ ਨਾਲ ਵਿਆਹ? ਅਜ ਕੱਲ ਦੀਆਂ ਕੁੜੀਆਂ ਪਹਿਲਾਂ ਮੁੰਡੇ ਨੂੰ ਚੰਗੀ ਤਰ੍ਹਾਂ ਪਰਖਦੀਆਂ।"

       -"ਇੰਡੀਆ ਬਹੁਤ ਮਿਲ ਜਾਣੀਆਂ। ਮੈਂ ਆਪਣੇ ਡੈਡ ਨਾਲ ਗੱਲ ਕੀਤੀ ਸੀ, ਉਹ ਕਹਿੰਦਾ ਕਿ ਰੌਕੀ ਨੂੰ ਲੈ ਕੇ ਆ ਜਾ, ਰਿਸ਼ਤਿਆਂ ਦਾ ਘਾਟਾ ਨਹੀਂ।"

       ਆਉਂਦੇ ਸਿਆਲ ਜੱਗੀ ਰੌਕੀ ਨੂੰ ਲੈ ਕੇ ਇੰਡੀਆ ਲਈ ਚੜ੍ਹ ਗਿਆ।





ਬਾਈ


       ਰੌਕੀ ਨੂੰ ਲੈ ਕੇ ਜੱਗੀ ਇੰਡੀਆ ਪੁੱਜ ਗਿਆ। ਸੋਹਣ ਸਿੰਘ ਨੇ ਪਹਿਲਾਂ ਹੀ ਕੁਝ ਰਿਸ਼ਤਿਆਂ ਦਾ ਇੰਤਜ਼ਾਮ ਕੀਤਾ ਹੋਇਆ ਸੀ। ਉਸ ਦੀ ਵਾਕਫੀ ਵਿਚ ਕਈ ਕੁੜੀਆਂ ਸਨ। ਉਸ ਨੂੰ ਯਕੀਨ ਸੀ ਕਿ ਇਹਨਾਂ ਵਿਚੋਂ ਕੋਈ ਕੁੜੀ ਰੌਕੀ ਨੂੰ ਪਸੰਦ ਆ ਹੀ ਜਾਣੀ ਸੀ। ਇੰਡੀਆ ਆ ਕੇ ਰੌਕੀ ਬਹੁਤ ਖੁਸ਼ ਸੀ। ਪਹਿਲਾਂ ਵੀ ਕੁਝ ਇਕ ਵਾਰ ਆ ਚੁੱਕਾ ਸੀ। ਇਥੇ ਦੀ ਪਰਾਹੁਣਚਾਰੀ ਉਸ ਨੂੰ ਬਹੁਤ ਚੰਗੀ ਲਗਦੀ। ਸਾਰਾ ਟੱਬਰ ਹੀ ਉਸ 'ਤੇ ਜਾਨ ਨਿਛਾਵਰ ਕਰਦਾ। ਰੌਕੀ ਨੂੰ ਇਹ ਗੱਲ ਵੀ ਬਹੁਤ ਚੰਗੀ ਲੱਗਦੀ ਕਿ ਘਰ ਵਿਚ ਇੰਗਲੈਂਡ ਨਾਲੋਂ ਵੀ ਵੱਧ ਸਹੂਲਤਾਂ ਸਨ। ਇੰਗਲੈਂਡ ਵਾਲੇ ਹੀ ਸਾਰੇ ਫਾਸਟ ਫੂਡ ਇਥੇ ਵੀ ਮਿਲਣ ਲੱਗੇ ਸਨ। ਕਪੜੇ ਤੇ ਜੁੱਤੀਆਂ ਦੇ ਇੰਗਲੈਂਡ ਵਾਲੇ ਸਾਰੇ ਬ੍ਰਾਂਡ ਮਿਲਦੇ ਸਨ। ਉਹ ਕਿਸੇ ਵੀ ਚੀਜ਼ 'ਤੇ ਹੱਥ ਰੱਖਦਾ ਤਾਂ ਸੋਹਣ ਸਿੰਘ ਉਸ ਨੂੰ ਲੈ ਦਿੰਦਾ। ਇਕ ਡਰਾਈਵਰ ਹਰ ਵੇਲੇ ਕਾਰ ਲੈ ਕੇ ਉਸ ਲਈ ਤਿਆਰ ਖੜਾ ਹੁੰਦਾ। ਉਸ ਦੀ ਆਪਣੀ ਭੂਆ ਦੇ ਮੁੰਡੇ ਸੁੱਖ ਨਾਲ ਵਾਹਵਾ ਬਣਦੀ ਸੀ। ਸੁੱਖ ਹਰ ਵੇਲੇ ਉਸ ਦੇ ਨਾਲ ਹੀ ਰਹਿੰਦਾ ਸੀ। ਕੁੜੀਆਂ ਪਸੰਦ ਕਰਨ ਵਿਚ ਵੀ ਸੁੱਖ ਉਸ ਦੀ ਮੱਦਦ ਕਰ ਰਿਹਾ ਸੀ। ਹਰ ਕੁੜੀ ਰੌਕੀ ਨੂੰ ਪਸੰਦ ਕਰਦੀ ਜਾ ਰਹੀ ਸੀ। ਕੁੜੀ ਰੌਕੀ ਨੂੰ ਘੱਟ ਤੇ ਇੰਗਲੈਂਡ ਨੂੰ ਬਹੁਤ ਪਸੰਦ ਕਰਦੀਆਂ ਸਨ। ਇਵੇਂ ਰੌਕੀ ਨੇ ਕਈ ਕੁੜੀਆਂ ਦੇਖੀਆਂ ਤੇ ਆਖਰ ਸੁਰਜੀਤ ਸਿੰਘ ਦੀ ਧੀ ਨਿੰਮੀ ਪਸੰਦ ਆ ਗਈ।

       ਇੰਡੀਆ ਆ ਕੇ ਜੱਗੀ ਰੌਕੀ ਦਾ ਖਾਸ ਧਿਆਨ ਰੱਖਦਾ ਸੀ ਕਿ ਕੋਈ ਅਜਿਹੀ ਹਰਕਤ ਨਾ ਕਰੇ ਜਿਸ ਨਾਲ ਕਿਸੇ ਨੂੰ ਉਸ ਦੀ ਸਿਹਤ ਬਾਰੇ ਪਤਾ ਚੱਲੇ ਕਿਉਂਕਿ ਟੀਕਾ ਹੁਣ ਰੌਕੀ ਦੇ ਵੀ ਲੱਗਣ ਲੱਗ ਪਿਆ ਸੀ। ਭਾਵੇਂ ਇਹ ਟੀਕਾ ਛੇ ਮਹੀਨਿਆਂ ਬਾਅਦ ਲੱਗਦਾ ਪਰ ਇਸ ਦੀ ਜ਼ਰੂਰਤ ਪੈਂਦੀ ਸੀ। ਜੱਗੀ ਤੋਂ ਉਲਟ ਉਹ ਗੁੱਸੇ ਵਿਚ ਆ ਜਾਂਦਾ ਤੇ ਚੀਜ਼ਾਂ ਦੀ ਭੰਨ ਤੋੜ ਵੀ ਕਰਨ ਲੱਗਦਾ। ਨਛੱਤਰ ਤੋਂ ਉਹ ਕੁਝ ਡਰਦਾ ਸੀ ਪਰ ਜੱਗੀ ਨੂੰ ਉਲਟ ਪੈਣ ਲੱਗਦਾ। ਇਥੇ ਆ ਕੇ ਜੱਗੀ ਕਈ ਵਾਰ ਇਕ ਪਿਓ ਵਾਂਗ ਰੌਕੀ ਉਪਰ ਰੋਅਬ ਵੀ ਪਾਉਣ ਲਗਦਾ। ਵਿਆਹ ਤੋਂ ਦੋ ਦਿਨ ਪਹਿਲਾਂ ਜੱਗੀ ਤੇ ਸੋਹਣ ਸਿੰਘ ਬੈਠੇ ਗੱਲਾਂ ਕਰ ਰਹੇ ਸਨ। ਰੌਕੀ ਵੀ ਉਹਨਾਂ ਕੋਲ ਬੈਠਾ ਸੀ। ਅਤੀਤ ਵਿਚ ਗੁਆਚਦਾ ਸੋਹਣ ਸਿੰਘ ਬੋਲਿਆ,

       -ਕਿੰਨਾ ਚੰਗਾ ਹੁੰਦਾ ਕਿ ਤੁਹਾਡੀ ਆਹ ਗੜਬੜ ਨਾ ਹੋਈ ਹੁੰਦੀ ਤੇ ਪ੍ਰੀਤੀ ਵੀ ਅੱਜ ਇਥੇ ਹੁੰਦੀ।

       -ਉਹ ਇਥੇ ਹੁੰਦੀ ਤਾਂ ਭੈਣ-ਭਰਾ ਦੇ ਰਿਸ਼ਤੇ ਨੂੰ ਕੌਣ ਬਦਨਾਮ ਕਰਦਾ। ਪ੍ਰੀਤੀ ਹੈਗੀ ਆ ਭੋਲ਼ੀ ਉਹ ਨਿੱਕ ਹਰਾਮੀ ਆਂ। ਇਹ ਰੌਕੀ ਵੀ ਕੁਝ ਨਹੀਂ ਕਰਦਾ, ਮੇਰੇ ਗਲ਼ ਨੂੰ ਝੱਟ ਪੈ ਜਾਂਦਾ, ਇਹਨੂੰ ਕਈ ਵਾਰ ਕਿਹਾ ਕਿ ਆਪਣਾ ਝੱਲ ਉਹਦੇ 'ਤੇ ਕੱਢਿਆ ਕਰ।

       ਰੌਕੀ ਗੱਲ ਨੂੰ ਇਕ ਦਮ ਨਾ ਸਮਝਿਆ। ਜੱਗੀ ਨੇ ਆਪਣੀ ਗੱਲ ਨੂੰ ਦੁਬਾਰਾ ਕਿਹਾ ਤਾਂ ਉਹ ਸਮਝ ਗਿਆ ਤੇ ਬੋਲਿਆ,

       -ਡੈਡ, ਸਾਰਾ ਕਸੂਰ ਤੇਰਾ, ਤੂੰ ਮੈਨੂੰ ਬਿਮਾਰ ਕੀਤਾ, ਤੂੰ ਠੀਕ ਰਹਿੰਦਾ ਤਾਂ ਮੈਂ ਵੀ ਠੀਕ ਹੁੰਦਾ।

       -ਮੈਂ ਨਹੀਂ, ਤੇਰੀ ਮਾਂ ਦਾ ਕਸੂਰ ਆ ਸਾਰਾ, ਉਹਦੇ ਕਰਕੇ ਤੇਰੀ ਇਹ ਹਾਲਤ ਐ।

       ਗੱਲ ਕਰਦਾ ਜੱਗੀ ਗੁੱਸੇ ਵਿਚ ਆ ਗਿਆ। ਉਹਨਾਂ ਵਿਚ ਬਹਿਸ ਹੋਣ ਲੱਗੀ। ਅਚਾਨਕ ਰੌਕੀ ਨੇ ਉਠ ਕੇ ਜੱਗੀ ਦਾ ਗਲ਼ ਫੜ ਲਿਆ ਤੇ ਹੇਠਾਂ ਸੁੱਟ ਕੇ ਮੁੱਕੇ ਮਾਰਨ ਲੱਗਾ। ਰੌਲ਼ਾ ਸੁਣ ਕੇ ਘਰ ਦੇ ਸਾਰੇ ਲੋਕ ਇਕੱਠੇ ਹੋ ਗਏ ਤੇ ਬੜੀ ਮੁਸ਼ਕਲ ਨਾਲ ਜੱਗੀ ਨੂੰ ਰੌਕੀ ਹੱਥੋਂ ਛੁਡਵਾਇਆ। ਰੌਕੀ ਬੇਕਾਬੂ ਹੋਇਆ ਪਿਆ ਸੀ। ਉਸ ਦੇ ਮੂੰਹ ਵਿਚੋਂ ਝੱਗ ਜਾ ਰਹੀ ਸੀ ਤੇ ਸਾਹ ਵੀ ਹੋਰ ਤਰਾਂ੍ਹ ਲੈ ਰਿਹਾ ਸੀ। ਸਭ ਨੂੰ ਰੌਕੀ ਦੀ ਫਿਕਰ ਪੈ ਗਈ। ਡਾਕਟਰ ਬੁਲਾਇਆ ਗਿਆ। ਉਹ ਸੌਣ ਦਾ ਟੀਕਾ ਲਾ ਗਿਆ। ਅਗਲੇ ਦਿਨ ਰੌਕੀ ਠੀਕ ਸੀ।

       ਰੌਕੀ ਤਾਂ ਟੀਕੇ ਨਾਲ ਸੌਂ ਗਿਆ ਸੀ, ਜੱਗੀ ਨੂੰ ਵੀ ਸ਼ਰਾਬ ਪੀ ਕੇ ਨੀਂਦ ਆ ਗਈ ਪਰ ਸੋਹਣ ਸਿੰਘ ਦੀਆਂ ਨੀਂਦਾਂ ਖਰਾਬ ਹੋ ਗਈਆਂ। ਕੇਵਲ ਕੌਰ ਪਤੀ ਦਾ ਫਿਕਰ ਸਮਝਦੀ ਸੀ। ਉਸ ਨੇ ਸੋਹਣ ਸਿੰਘ ਦੇ ਮੋਢ੍ਹੇ 'ਤੇ ਹੱਥ ਰੱਖਿਆ ਤੇ ਕਿਹਾ,

       -ਜੱਗੀ ਦੇ ਡੈਡੀ, ਫਿਕਰ ਨਾ ਕਰੋ, ਵਾਹਿਗੁਰੂ ਸਭ ਭਲੀ ਕਰੇਗਾ। ਤੁਸੀਂ ਦੇਖਣਾ, ਵਿਆਹ ਤੋਂ ਬਾਅਦ ਰੌਕੀ ਨੇ ਬਿਲਕੁਲ ਠੀਕ ਹੋ ਜਾਣਾਂ।

       -ਕੇਵਲ ਕੋਰੇ, ਮੈਨੂੰ ਤਾਂ ਇਹ ਫਿਕਰ ਐ ਕਿ ਸੁਰਜੀਤ ਸਿੰਘ ਨਾਲ ਸਾਡੇ ਬਹੁਤ ਪੁਰਾਣੇ ਸੰਬੰਧ ਐ ਤੇ ਫਿਰ ਭਾਈਚਾਰੇ ਮੁਹਰੇ ਵੀ ਤਾਂ ਆਪਾਂ ਜਵਾਬਦੇਹ ਆਂ।

       -ਹੁਣ ਪੈਰ 'ਤੇ ਆ ਕੇ ਆਪਾਂ ਕੀ ਕਰ ਸਕਦੇ ਆਂ। ਹੁਣ ਤਾਂ ਸਾਰੀ ਟੇਕ ਵਾਹਿਗੁਰੂ 'ਤੇ ਹੀ ਐ, ਚਿੰਤਾ ਨਾ ਕਰੋ, ਅਸੀਂ ਕਿਹੜਾ ਕਿਸੇ ਦਾ ਮਾੜਾ ਕਰ ਰਹੇ ਆਂ।

       ਫਿਰਕ ਵਿਚ ਤਾਂ ਕੇਵਲ ਕੌਰ ਵੀ ਸੀ ਪਰ ਉਹ ਦਿਲ ਨੂੰ ਠੁੰਮਣਾ ਜਿਹਾ ਦੇ ਰਹੀ ਸੀ। ਹੁਣ ਵਿਆਹ ਵੀ ਸਿਰ 'ਤੇ ਸੀ, ਟਾਲਿਆ ਵੀ ਨਹੀਂ ਸੀ ਜਾ ਸਕਦਾ।

       ਰੌਕੀ ਦਾ ਵਿਆਹ ਠੀਕ ਠਾਕ ਹੋ ਗਿਆ। ਕੁੜੀ ਵਾਲਿਆਂ ਨੇ ਬਰਾਤ ਦੀ ਵਾਹਵਾ ਸੇਵਾ ਕੀਤੀ। ਲੈਣ-ਦੇਣ ਸੋਹਣ ਸਿੰਘ ਨੇ ਕੋਈ ਨਹੀਂ ਸੀ ਕੀਤਾ। ਸਾਰੇ ਖੁਸ਼ ਸਨ। ਨਿੰਮੀ ਵੀ ਵਿਆਹ ਦੇ ਜੋੜੇ ਵਿਚ ਬਹੁਤ ਸਜ ਰਹੀ ਸੀ। ਰੌਕੀ ਖੁਸ਼-ਖੁਸ਼ ਫਿਰ ਰਿਹਾ ਸੀ। ਵਿਆਹ ਤੋਂ ਬਾਅਦ ਦੂਜੇ ਦਿਨ ਜਦ ਸੋਹਣ ਸਿੰਘ ਦਾ ਪਰਿਵਾਰ ਕੁੜੀ ਵਾਲਿਆਂ ਦੇ ਘਰ ਗਿਆ ਤਾਂ ਸੁਰਜੀਤ ਸਿੰਘ ਬੋਲਿਆ,

       -ਭਾਈ ਸਾਬ, ਮੈਂ ਸੋਚਦਾਂ ਕਿ ਕੁੜੀ-ਮੁੰਡੇ ਨੂੰ ਹਨੀਮੂਨ ਲਈ ਗੋਆ ਭੇਜ ਦੇਈਏ। ਜੇ ਕਹੋਂ ਤਾਂ ਮੈਂ ਅੱਜ ਹੀ ਹੋਟਲ ਬੁੱਕ ਕਰਾ ਦਿੰਨਾ।

       ਸੋਹਣ ਸਿੰਘ ਤੋਂ ਪਹਿਲਾਂ ਜੱਗੀ ਬੋਲਿਆ,

       -ਨਹੀਂ ਜੀ, ਰੌਕੀ ਨੂੰ ਇਥੇ ਦੇ ਸਿਸਟਮ ਦਾ ਨਹੀਂ ਪਤਾ। ਤੁਸੀਂ ਫਿਕਰ ਨਾ ਕਰੋ, ਅਸੀਂ ਉਥੇ ਇਹਨਾਂ ਨੂੰ ਛੁੱਟੀਆਂ ਲਈ ਸਕੌਟਲੈਂਡ ਭੇਜ ਦੇਵਾਂਗੇ। ਤੁਸੀਂ ਬਸ ਪਾਸਪੋਰਟ ਜਲਦੀ ਬਣਾ ਲਓ ਤਾਂ ਕਿ ਨਿੰਮੀ ਨੂੰ ਉਧਰ ਜਲਦੀ ਚਲੇ ਜਾਵੇ।

       ਅਸਲ ਵਿਚ ਜੱਗੀ ਮਨ ਵਿਚ ਕੁਝ ਹੋਰ ਭਰਮ ਵੀ ਪਾਲ਼ੀ ਬੈਠਾ ਸੀ ਕਿ ਕੀ ਰੌਕੀ ਵਿਆਹੁਤਾ ਜੀਵਨ ਨਿਭਾਉਣ ਦੇ ਕਾਬਲ ਵੀ ਹੈ। ਰੌਕੀ ਨੇ ਪਹਿਲੀ ਰਾਤ ਨਿੰਮੀ ਨਾਲ ਗੁਜ਼ਾਰੀ ਤਾਂ ਅਗਲੀ ਸਵੇਰ ਜੱਗੀ ਨੇ ਸਿੱਧਾ ਹੀ ਅੰਗਰੇਜ਼ੀ ਵਿਚ ਪੁੱਛਿਆ,

       -ਸੈਕਸ ਵੀ ਕੀਤਾ ਸੀ ਕਿ ਨਹੀਂ?

       ਰੌਕੀ ਸ਼ਰਮਾ ਗਿਆ ਤੇ ਨਾਂਹ ਵਿਚ ਸਿਰ ਮਾਰਦਿਆਂ ਨੀਵੀਂ ਪਾ ਲਈ। ਜੱਗੀ ਨੂੰ ਡਰ ਪੈ ਗਿਆ। ਉਹ ਉਸੇ ਵੇਲੇ ਕੈਮਿਸਟ ਦੀ ਦੁਕਾਨ 'ਤੇ ਗਿਆ ਤੇ ਵਿਆਗਰਾ ਦੀਆਂ ਗੋਲੀਆਂ ਲੈ ਆਇਆ। ਰੌਕੀ ਨੂੰ ਦਿੰਦਾ ਬੋਲਿਆ,

       -ਆਹ ਰੱਖ ਆਪਣੇ ਕੋਲ। ਇਕ ਗੋਲੀ ਲੈ ਲਵੀਂ ਬੈੱਡ ਵਿਚ ਜਾਣ ਤੋਂ ਪਹਿਲਾਂ। ਇਕ ਗੋਲੀ ਬਹੁਤ ਐ। ਲੁਕੋ ਕੇ ਰੱਖੀਂ, ਨਿੰਮੀ ਨਾ ਦੇਖ ਲਵੇ। ਰਾਤ ਨੂੰ ਲੈ ਲਿਆ ਕਰੀਂ।

       ਰੌਕੀ ਨੇ ਗੋਲੀਆਂ ਵਾਲਾ ਪੱਤਾ ਜੇਬ੍ਹ ਵਿਚ ਪਾ ਲਿਆ। ਅਗਲੀ ਸਵੇਰ ਰੌਕੀ ਖੁਸ਼ ਸੀ।

       ਜੱਗੀ ਤੇ ਰੌਕੀ ਦਸ ਕੁ ਦਿਨ ਹੋਰ ਇੰਡੀਆ ਰਹੇ ਤੇ ਵਾਪਸ ਇੰਗਲੈਂਡ ਆ ਗਏ। ਜੱਗੀ ਪ੍ਰੀਤੀ ਨੂੰ ਇਕ ਜੇਤੂ ਵਾਂਗ ਮਿਲਿਆ। ਪ੍ਰੀਤੀ ਵੀ ਖੁਸ਼ ਸੀ। ਉਸ ਦਾ ਦਿਲ ਤਾਂ ਬਹੁਤ ਕਰਦਾ ਸੀ ਕਿ ਵਿਆਹ ਵਿਚ ਸ਼ਾਮਲ ਹੁੰਦੀ ਪਰ ਉਹ ਸ਼ਰਮ ਦੀ ਮਾਰੀ ਹੀ ਨਹੀਂ ਸੀ ਗਈ ਕਿ ਸਭ ਨੂੰ ਕੀ ਜਵਾਬ ਦੇਵੇਗੀ।

       ਕੁਝ ਮਹੀਨਿਆਂ ਵਿਚ ਨਿੰਮੀ ਇੰਗਲੈਂਡ ਆ ਗਈ। ਨਿੰਮੀ ਦੇ ਆਉਣ 'ਤੇ ਸਾਰੇ ਖੁਸ਼ ਸਨ। ਪ੍ਰੀਤੀ ਨੂੰ ਖੂਬਸੂਰਤ ਨੂੰਹ ਮਿਲ ਗਈ ਸੀ। ਨਛੱਤਰ ਵੀ ਨਿੰਮੀ ਨੂੰ ਘਰ ਵਿਚ ਤੁਰੀ ਫਿਰਦੀ ਦੇਖ ਖੁਸ਼ ਹੁੰਦਾ। ਰੌਕੀ ਤਾਂ ਖੁਸ਼ ਹੈ ਹੀ ਸੀ। ਉਸ ਦੀ ਕਿਸੇ ਕੁੜੀ ਨਾਲ ਕਦੇ ਵੀ ਦੋਸਤੀ ਨਹੀਂ ਸੀ ਪਈ। ਪ੍ਰੀਤੀ ਉਸ ਨੂੰ ਬਾਹਰ ਵੀ ਬਹੁਤਾ ਨਹੀਂ ਸੀ ਜਾਣ ਦਿੰਦੀ। ਕੰਮ ਨਾ ਕਰਦੇ ਹੋਣ ਕਰਕੇ ਉਸ ਕੋਲ ਬਹੁਤੇ ਪੈਸੇ ਵੀ ਨਹੀਂ ਸਨ ਹੋਇਆ ਕਰਦੇ।  

       ਪਹਿਲੇ ਕੁਝ ਦਿਨ ਤਾਂ ਨਿੰਮੀ ਦੇ ਬਹੁਤ ਵਧੀਆ ਨਿਕਲੇ। ਇਸ ਗੱਲ ਕਰਨ ਨੂੰ ਜ਼ਰੂਰ ਕੁਝ ਦੇਰ ਲੱਗੀ ਕਿ ਰੌਕੀ ਦਾ ਪਿਓ ਕੋਈ ਹੋਰ ਤੇ ਘਰ ਵਿਚ ਕੋਈ ਹੋਰ ਬੰਦਾ ਰਹਿੰਦਾ ਹੈ। ਫਿਰ ਉਸ ਨੂੰ ਲੱਗਣ ਲਗਿਆ ਕਿ ਕਿਧਰੇ ਕੁਝ ਹੋਰ ਵੀ ਗਲਤ ਹੈ। ਇਕ ਦਿਨ ਜੱਗੀ ਮਿਲਣ ਆਇਆ ਤਾਂ ਕਿਸੇ ਗੱਲੋਂ ਰੌਕੀ ਉਸ ਨਾਲ ਲੜ ਪਿਆ ਤੇ ਫਿਰ ਗੁੱਸੇ ਵਿਚ ਆਇਆ ਘਰ ਦਾ ਸਮਾਨ ਭੰਨਣ ਲਗਿਆ। ਇਕ ਦਿਨ ਹਾਈਪਰ ਹੋ ਕੇ ਰੌਕੀ ਨੇ ਨਿੰਮੀ ਨੂੰ ਵੀ ਕੁੱਟ ਧਰਿਆ। ਅਖੀਰ ਉਸ ਨੂੰ ਰੌਕੀ ਦੀ ਮਾਨਸਿਕ ਅਵਸਥਾ ਦਾ ਪਤਾ ਚੱਲ ਹੀ ਗਿਆ। ਉਸ ਦੇ ਮਾਂਪਿਓ ਦਾ ਫੋਨ ਆਉਂਦਾ ਹੀ ਰਹਿੰਦਾ ਸੀ, ਪਹਿਲਾਂ ਤਾਂ ਕੁਝ ਦੇਰ ਉਹ ਗੱਲ ਨੂੰ ਛੁਪਾਉਂਦੀ ਰਹੀ ਪਰ ਫਿਰ ਸਭ ਦੱਸਣਾ ਹੀ ਪਿਆ। ਸੁਰਜੀਤ ਸਿੰਘ ਤੇ Aਸ ਦੀ ਪਤਨੀ ਸਿਰ ਫੜ ਕੇ ਬਹਿ ਗਏ। ਸੁਰਜੀਤ ਸਿੰਘ ਨੇ ਭਾਈਚਾਰਾ ਇਕੱਠਾ ਕਰ ਲਿਆ। ਸੋਹਣ ਸਿੰਘ ਨੂੰ ਸਭ ਦੇ ਸਾਹਮਣੇ ਮੁਆਫੀ ਮੰਗਣੀ ਪਈ ਤੇ ਵਿਆਹ ਦਾ ਹੋਇਆ ਸਾਰਾ ਖਰਚਾ ਵੀ ਦੇਣਾ ਪਿਆ। ਸੁਰਜੀਤ ਸਿੰਘ ਨੇ ਆਪਣੇ ਕਿਸੇ ਖਾਸ ਰਿਸ਼ਤੇਦਾਰ ਨੂੰ ਫੋਨ ਕੀਤਾ ਤੇ ਉਹ ਆ ਕੇ ਨਿੰਮੀ ਨੂੰ ਲੈ ਗਿਆ।

       ਨਿੰਮੀ ਦੇ ਜਾਣ 'ਤੇ ਰੌਕੀ ਉਦਾਸ ਤਾਂ ਸੀ ਪਰ ਵਿਆਹ ਹੁਣ ਉਸ ਨੂੰ ਬੋਝ ਜਿਹਾ ਲੱਗਣ ਲੱਗ ਪਿਆ ਪਿਆ ਸੀ। ਪ੍ਰੀਤੀ ਭਾਵੇਂ ਆਪਣੇ ਪੁੱਤਰ ਦੀ ਹਾਲਤ ਸਮਝਦੀ ਸੀ ਪਰ ਉਸ ਦੀ ਕੋਸ਼ਿਸ਼ ਸੀ ਕਿ ਕਿਸੇ ਤਰਾਂ੍ਹ ਨਿੰਮੀ ਟਿਕੀ ਰਹੇ। ਨਿੰਮੀ ਦੇ ਜਾਣ ਦਾ ਸਭ ਤੋਂ ਵੱਧ ਦੁੱਖ ਜੱਗੀ ਨੂੰ ਸੀ। ਉਸ ਨੂੰ ਸੋਹਣ ਸਿੰਘ ਦੀ ਹੋਈ ਬੇਇਜ਼ਤੀ ਦਾ ਪਤਾ ਚੱਲਿਆ ਤਾਂ ਉਸ ਦਾ ਮਨ ਹੋਰ ਵੀ ਦੁਖੀ ਹੋ ਗਿਆ। ਇਸ ਦਾ ਅਸਰ ਜੱਗੀ ਦੀ ਸਿਹਤ ਉਪਰ ਵੀ ਪੈਣ ਲੱਗਾ। ਜਿੰਨਾ ਚਿਰ ਜੱਗੀ ਰੌਕੀ ਦੇ ਵਿਆਹ ਵਿਚ ਰੁਝਿਆ ਰਿਹਾ ਤਾਂ ਉਸ ਦੀ ਸਿਹਤ ਵੀ ਠੀਕ ਰਹੀ। ਆਵਾਜ਼ਾਂ ਸੁਣਦੀਆਂ ਸਨ ਪਰ ਮੱਧਮ ਜਿਹੀਆਂ। ਉਹ ਬਹੁਤਾ ਤੰਗ ਨਹੀਂ ਸੀ ਹੁੰਦਾ। ਫਿਰ ਅਚਾਨਕ ਆਵਾਜ਼ਾਂ ਦਾ ਸ਼ੋਰ ਵੱਧ ਗਿਆ। ਕਈ ਦਿਨ ਉਹ ਬਹੁਤ ਤੰਗ ਰਿਹਾ। ਰਾਤ ਨੂੰ ਨੀਂਦ ਵੀ ਨਾ ਆਉਂਦੀ। ਸ਼ਰਾਬ ਪੀਂਦਾ ਤਾਂ ਬਹੁਤਾ ਅਸਰ ਨਾ ਹੁੰਦਾ। ਸਹਿਜੇ ਹੀ ਵਿਸਕੀ ਦੀ ਪੂਰੀ ਬੋਤਲ ਪੀ ਜਾਂਦਾ ਫਿਰ ਜਾ ਕੇ ਕੁਝ ਘੰਟੇ ਸੌਂ ਸਕਦਾ। ਆਵਾਜ਼ਾਂ ਪਹਿਲਾਂ ਵਾਂਗ ਹੀ ਉਸ ਤੋਂ ਪੈਸੇ ਮੰਗਦੀਆਂ। ਇਕ ਦਿਨ ਸਵੇਰੇ ਹੀ ਆਵਾਜ਼ਾਂ ਸ਼ੁਰੂ ਹੋ ਗਈਆਂ ਤੇ ਪੂਰਾ ਦਿਨ ਪੈਸੇ ਮੰਗਦੀਆਂ ਰਹੀਆਂ। ਕੋਈ ਕਹਿ ਰਿਹਾ ਸੀ,

       -ਜੈਗ, ਸਾਨੂੰ ਪੈਸੇ ਚਾਹੀਦੇ ਨੇ, ਪੰਜ ਹਜ਼ਾਰ ਪੌਂਡ ਨਹੀਂ ਤਾਂ ਤੇਰੇ 'ਤੇ ਮੁਕੱਦਮਾ ਬਣਾ ਕੇ ਅੰਦਰ ਕਰ ਦੇਵਾਂਗੇ।

       -ਮੈਂ ਕਿਹੜਾ ਜੁਰਮ ਕੀਤਾ? ਮੈਨੂੰ ਤੁਸੀਂ ਕਿਵੇਂ ਅੰਦਰ ਕਰ ਸਕਦੇ ਓ?

       -ਅਸੀਂ ਪੁਲੀਸ ਵਾਲੇ ਹਾਂ, ਕੋਈ ਵੀ ਜ਼ੁਰਮ ਘੜ ਸਕਦੇ ਆਂ ਤੇ ਤੈਨੂੰ ਕਈ ਸਾਲ ਲਈ ਅੰਦਰ ਕਰ ਸਕਦੇ ਹਾਂ।

       ਇਹ ਸਿਲਸਿਲਾ ਪੂਰਾ ਦਿਨ ਚਲਦਾ ਰਿਹਾ। ਚਾਰ ਕੁ ਵਜੇ ਉਹ ਸੂਟ-ਬੂਟ ਪਾ ਤੇ ਟਾਈ ਲਾ ਕੇ ਪੁਲੀਸ ਸਟੇਸ਼ਨ ਜਾ ਪੁੱਜਾ। ਰਿਸੈਪਸ਼ਨ 'ਤੇ ਬੈਠੀ ਪੁਲੀਸ ਵੋਮੈਨ ਨੂੰ ਆਖਣ ਲੱਗਾ,

       -ਔਫੀਸਰ, ਤੁਹਾਡੇ ਸਟਾਫ ਦਾ ਕੋਈ ਬੰਦਾ ਮੇਰੇ ਤੋਂ ਪੰਜ ਹਜ਼ਾਰ ਪੌਂਡ ਦੀ ਮੰਗ ਕਰ ਰਿਹੈ, ਕਹਿੰਦਾ ਕਿ ਪੌਂਡ ਦੇ ਨਹੀਂ ਤਾਂ ਤੈਨੂੰ ਜੇਲ੍ਹ ਭਿਜਵਾ ਦੇਣਾ। ਔਫੀਸਰ ਇਸ ਬੰਦੇ ਦਾ ਪਤਾ ਕਰੋ ਤੇ ਇਸ ਤੋਂ ਮੇਰਾ ਪਿੱਛਾ ਛੁਡਵਾਓ।

       -ਕੀ ਨਾਂ ਹੈ ਉਸ ਬੰਦੇ ਦਾ?

       -ਨਾਂ ਤਾਂ ਮੈਨੂੰ ਨਹੀਂ ਪਤਾ।

       -ਕੀ ਪੱਛਾਣ ਐ ਉਹਦੀ?

       -ਮੈਂ ਦੇਖਿਆ ਨਹੀਂ ਉਹਨੂੰ।

       -ਕੀ ਉਹ ਤੈਨੂੰ ਫੋਨ 'ਤੇ ਕਹਿੰਦਾ?

       -ਨਹੀਂ, ਮੈਨੂੰ ਉਹਦੀ ਅਵਾਜ਼ ਸਾਫ ਸੁਣਾਈ ਦਿੰਦੀ ਐ।

       -ਉਹ!!

       ਪੁਲੀਸ ਵੋਮੈਨ ਸਾਰੀ ਕਹਾਣੀ ਸਮਝ ਗਈ। ਉਸ ਨੇ ਕਿਹਾ,

       -ਮਿਸਟਰ ਸਿੰਘ, ਇਕ ਪਾਸੇ ਉਥੇ ਕੁਰਸੀ 'ਤੇ ਬਹਿ ਜਾ। ਅਸੀਂ ਜਲਦੀ ਹੀ ਤੇਰੀ ਮੱਦਦ ਲਈ ਕਿਸੇ ਨੂੰ ਬੁਲਾਉਂਦੇ ਆਂ।

       ਜੱਗੀ ਇਕ ਕੁਰਸੀ 'ਤੇ ਬਹਿ ਗਿਆ। ਉਸ ਦੇ ਕੰਨਾਂ ਦੀਆਂ ਅਵਾਜ਼ਾਂ ਹੋਰ ਉੱਚੀਆਂ ਹੋਣ ਲਗੀਆਂ। ਕੁਝ ਦੇਰ ਬਾਅਦ ਇਕ ਐਂਬੂਲੈਂਸ ਆਈ ਤੇ ਦੋ ਹੱਟੇ ਕੱਟੇ ਬੰਦੇ ਜਿਹਨਾਂ ਨੇ ਜੱਗੀ ਨੂੰ ਜ਼ਬਰਦਸਤੀ ਐਂਬੂਲੈਂਸ ਵਿਚ ਬੈਠਾ ਲਿਆ ਤੇ ਐਸ਼ਫੋਰਡ ਹਸਪਤਾਲ ਵਲ ਲੈ ਤੁਰੇ।




ਤੇਈ


       ਐਤਵਾਰ ਦਾ ਦਿਨ ਹੈ। ਬਾਹਰ ਬਫਰਬਾਰੀ ਹੋ ਰਹੀ ਹੈ। ਐਸ਼ ਗਰੋਵ ਦੇ ਫੁੱਟਪਾਥ 'ਤੇ ਫੁੱਟ-ਫੁੱਟ ਬਰਫ ਚੜੀ ਹੋਈ ਹੈ। ਮੁੱਖ ਸੜਕ 'ਤੇ ਕਾਰਾਂ ਨੇ ਬਰਫ ਕੁਝ ਖੋਰ ਦਿਤੀ ਹੈ ਪਰ ਐਸ਼ ਗਰੋਵ ਖਾਮੋਸ਼ ਜਿਹੀ ਰੋਡ ਹੋਣ ਕਰਕੇ ਸੜਕ ਹਾਲੇ ਵੀ ਸਫੈਦ ਹੈ। ਹਿੰਮਤੀ ਲੋਕ ਉਠ ਕੇ ਘਰਾਂ ਅਗਿਓਂ ਬਰਫ ਹਟਾਉਣ ਲੱਗੇ ਹਨ ਪਰ ਬਹੁਤੇ ਲੋਕ ਹਾਲੇ ਰਜ਼ਾਈਆਂ-ਕੰਬਲਾਂ ਵਿਚ ਦੁਬਕੇ ਪਏ ਹਨ। ਘਰਾਂ ਦੇ ਬੁਆਇਲਰ ਘਰਾਂ ਨੂੰ ਗਰਮ ਰੱਖਣ ਦੇ ਯਤਨ ਵਿਚ ਹਲਕੀ ਜਿਹੀ ਗੂੰਜ ਪੈਦਾ ਕਰ ਰਹੇ ਹਨ। ਦਰਖਤਾਂ ਤੋਂ ਬਰਫ ਦੇ ਫੰਬੇ ਆਸਮਾਨੀ ਫੰਬਿਆਂ ਤੋਂ ਵੱੱਡੇ ਹਨ, ਜਿਵੇਂ ਚਿੱਟੇ ਫੁੱਲ ਡਿਗ ਰਹੇ ਹੋਣ। ਕਿਸੇ-ਕਿਸੇ ਘਰ ਦਾ ਪਰਦਾ ਹਿਲਦਾ ਹੈ ਤੇ ਦੋ ਅੱਖਾਂ ਬਾਹਰ ਵਲ ਝਾਕ ਕੇ ਮੌਸਮ ਦਾ ਅੰਦਾਜ਼ਾ ਲਾਉਂਦੀਆਂ ਮੁੜ ਪੜਦਾ ਖਿੱਚ ਦਿੰਦੀਆਂ ਹਨ।

       ਨਵੀ ਨੇ ਦੇਖਿਆ ਕਿ ਉਸ ਦਾ ਬਿਸਤਰ ਖਾਲੀ ਸੀ। ਗੁਸਲਖਾਨੇ ਵਿਚ ਚਲਦੀ ਫੁਹਾਰ ਦੀ ਆਵਾਜ਼ ਤੋਂ ਅੰਦਾਜ਼ਾ ਲਗਾ ਲਿਆ ਕਿ ਸੁਮੀ ਨਹਾਉਣ ਜਾ ਵੜੀ ਹੈ। ਉਹ ਹੌਲੀ ਜਿਹੀ ਉਠਿਆ ਤੇ ਦੂਜੇ ਬਾਥ ਵਿਚ ਜਾ ਵੜਿਆ। ਨਹਾਉਣ ਦਾ ਉਸ ਦਾ ਮਨ ਨਹੀਂ ਸੀ। ਬੁਰਸ਼ ਕਰ, ਮੂੰਹ ਹੱਥ ਧੋ ਤੇ ਤਰੋ ਤਾਜ਼ਾ ਹੋ ਕੇ ਉਹ ਹੇਠਾਂ ਉਤਰ ਆਇਆ ਤੇ ਰਸੋਈ ਵਿਚ ਜਾ ਕੇ ਚਾਹ ਰੱਖ ਦਿਤੀ। ਉਸ ਦੇ ਮਗਰ ਜਲਦੀ ਸੁਮੀ ਵੀ ਆ ਗਈ। ਨਵੀ ਨੇ ਉਸ ਦੀ ਗੱਲ੍ਹ 'ਤੇ ਚੁੰਮਣ ਦਿੰਦਿਆਂ 'ਗੁੱਡ ਮੌਰਨਿੰਗ' ਕਿਹਾ ਤੇ ਚਾਹ ਦਾ ਕੱਪ ਉਸ ਦੇ ਹੱਥ ਵਿਚ ਫੜਾ ਦਿਤਾ। ਚਾਹ ਦੀਆਂ ਘੁੱਟਾਂ ਭਰਦੇ ਉਹ ਗਾਰਡਨ ਵਿਚ ਪੈ ਰਹੀ ਬਰਫ ਦੀ ਖੂਬਸੂਰਤੀ ਮਾਨਣ ਲੱਗੇ। ਕਈ ਸਾਲ ਬਾਅਦ ਏਨੀ ਭਰਪੂਰ ਬਰਫ ਪਈ ਸੀ। ਕੱਲ ਦੀ ਸੁਮੀ ਨਵੀ ਦੇ ਘਰ ਆਈ ਹੋਈ ਸੀ। ਪਿਛਲੇ ਹਫਤੇ ਰਾਹੁਲ ਆਇਆ ਹੋਣ ਕਰਕੇ ਉਹ ਮਿਲ ਨਹੀਂ ਸਨ ਸਕੇ। ਨਵੀ ਨੇ ਟੈਲੀ ਚਲਾ ਲਿਆ ਤੇ ਮੌਸਮ ਦਾ ਹਾਲ ਦੇਖਣ ਲੱਗਿਆ। ਸੁਮੀ ਉਸ ਦੀ ਗੋਦ ਵਿਚ ਸਿਰ ਰੱਖਦੀ ਸੋਫੇ 'ਤੇ ਢਹਿ ਜਿਹੀ ਪਈ। ਘੰਟਾ ਕੁ ਉਹ ਉਵੇਂ ਹੀ ਰਹੇ। ਫਿਰ ਸੁਮੀ ਬੋਲੀ,

       -ਖਾਣੇ ਦਾ ਕੀ ਪਰੋਗਰਾਮ ਐ?

       -ਬਰੇਕਫਾਸਟ ਦਾ ਵਕਤ ਤਾਂ ਨਿਕਲ ਗਿਆ, ਹੁਣ ਬਰੰਚ ਹੀ ਹੋਏਗਾ।

       -ਪੂਰੀ ਛੋਲੇ ਬਣਾ ਲਵਾਂ?

       -ਠੀਕ ਐ।

       ਨਵੀ ਨੇ ਉਸ ਹਾਮੀ ਭਰੀ। ਸੁਮੀ ਨੇ ਘੜੀ ਦੇਖੀ। ਹਾਲੇ ਗਿਆਰਾਂ ਹੀ ਵੱਜੇ ਸਨ। ਉਸ ਨੇ ਸੋਚਿਆ ਕਿ ਬਾਰਾਂ ਕੁ ਵਜੇ ਤਿਆਰੀ ਕਰੇਗੀ। ਉਸੇ ਵੇਲੇ ਹੀ ਉਹਨਾਂ ਦੀ ਕਾਲ-ਬੈੱਲ ਵੱਜੀ। ਨਵੀ ਬੋਲਿਆ,

       -ਕੌਣ ਹੋਇਆ? ਅੱਜ ਤਾਂ ਪੋਸਟ ਵੀ ਨਹੀਂ ਆਉਂਦੀ, ਪਾਰਸਲ ਕਿਸੇ ਦੀ ਉਡੀਕ ਨਹੀਂ। ਸ਼ਾਇਦ ਕੋਈ ਗਵਾਂਢੀ ਹੋਵੇ, ਕਾਰ ਸਟਾਰਟ ਕਰਨ ਵਿਚ ਮੱਦਦ ਚਾਹੀਦੀ ਹੋਵੇ।

       ਉਹ ਉਠਿਆ ਤੇ ਬੂਹਾ ਖੋਹਲਿਆ। ਬਾਹਰ ਇਕ ਓਪਰਾ ਜਿਹਾ ਬੰਦਾ ਖੜਾ ਸੀ। ਸੂਟਡ-ਬੂਟਡ ਬੰਦੇ ਨੇ ਤੇਲ ਲਾ ਕੇ ਵਾਲ ਵਾਹੇ ਹੋਏ ਸਨ। ਵਾਲਾਂ ਵਿਚ ਬਰਫ ਫਸੀ ਹੋਈ ਸੀ ਤੇ ਠੰਡ ਨਾਲ ਕੰਬ ਰਿਹਾ ਸੀ। ਨਵੀ ਉਸ ਨੂੰ ਪੱਛਾਨਣ ਦੀ ਕੋਸ਼ਿਸ਼ ਕਰਨ ਲਗਿਆ। ਉਹ ਬੰਦਾ ਆਪਣੇ ਗਲ਼ ਵਾਲਾ ਬੈਗ ਠੀਕ ਕਰਦਾ ਜ਼ਰਾ ਕੁ ਮੁਸਕ੍ਰਾਇਆ ਤੇ ਬੋਲਿਆ,

       -ਕਿਵੇਂ ਐਂ ਨਵੀ ਸਿਆਂ?

       -ਓ ਜੱਗੀ, ਮੇਰੇ ਯਾਰ, ਕਿਥੇ ਗੁੰਮ ਗਿਆ ਸੈਂ, ਆ ਜਾ ਅੰਦਰ ਆ ਜਾ। ਮੈਂ ਤੇਰੀ ਬਹੁਤ ਭਾਲ ਕੀਤੀ। ਮੈਂ ਰਾਮਾ ਨੰਦ ਕੋਲ ਆਪਣਾ ਫੋਨ ਨੰਬਰ ਤੇ ਪਤਾ ਵੀ ਛੱਡਿਆ ਸੀ ਕਿ ਤੂੰ ਮਿਲੇਂ ਤਾਂ ਤੈਨੂੰ ਦੇ ਦੇਵੇ।

        -ਉਹਦੇ ਕੋਲੋਂ ਹੀ ਤੇਰਾ ਪਤਾ ਲਿਆ। ਮੈਂ ਸੋਚਿਆ ਕਿ ਅੱਜ ਸੰਡੇ ਆ ਤੇ ਤੂੰ ਘਰ ਹੀ ਹੋਵੇਂਗਾ।

       ਉਸ ਦੇ ਮਗਰ ਤੁਰਦਾ ਜੱਗੀ ਦੱਸਦਾ ਜਾ ਰਿਹਾ ਸੀ। ਲਿਵਿੰਗ ਰੂਮ ਵਿਚ ਜਾ ਕੇ ਨਵੀ ਨੇ ਆਵਾਜ਼ ਮਾਰੀ,

       -ਸੁਮੀ, ਦੇਖ ਕੌਣ ਆਇਐ!

       ਸੁਮੀ ਰਸੋਈ ਵਿਚ ਚਲੇ ਗਈ ਸੀ ਕਿ ਕੋਈ ਵਾਕਫ ਹੀ ਨਾ ਆ ਬਹੁੜਿਆ ਹੋਵੇ। ਸੁਮੀ ਆਈ ਤਾਂ ਉਸ ਓਪਰੇ ਜਿਹੇ ਬੰਦੇ ਵਲ ਹੈਰਾਨੀ ਨਾਲ ਦੇਖਣ ਲੱਗੀ। ਨਵੀ ਬੱਚਿਆਂ ਵਾਂਗ ਚਾਮਲਿਆ ਪਿਆ ਸੀ। ਉਹ ਬੋਲਿਆ,

       -ਇਹ ਜੱਗੀ ਐ, ਮੇਰਾ ਜਿਗਰੀ ਦੋਸਤ, ਜਿਹਦੇ ਬਾਰੇ ਮੈਂ ਤੇਰੇ ਨਾਲ ਕਈ ਵਾਰ ਗੱਲ ਕੀਤੀ ਆ। ਲੈ, ਪਹਿਲਾਂ ਚਾਹ ਬਣਾ। ਬਾਕੀ ਬਾਅਦ ਵਿਚ।

       ਸੁਮਿਤਰਾ ਹੈਲੋ ਆਖਦੀ ਵਾਪਸ ਰਸੋਈ ਵਿਚ ਚਲੇ ਗਈ। ਜੱਗੀ ਉਸ ਔਰਤ ਵਲ ਅਚੰਭੇ ਨਾਲ ਤੱਕਦਾ ਆਖਣ ਲੱਗਾ,

       -ਪਲਵੀ ਕਿਤੇ ਗਈ ਐ?

       ਪਲਵੀ ਦੇ ਨਾਂ 'ਤੇ ਨਵੀ ਹਿੱਲ ਜਿਹੇ ਗਿਆ ਪਰ ਸੰਭਲਦਾ ਬੋਲਿਆ,

       -ਉਹ ਆਪਣੀ ਮਾਂ ਵਲ ਗਈ ਹੋਈ ਐ।

       -ਤੇ ਰਾਹੁਲ?

       -ਉਹ ਤਾਂ ਯੂਨੀ ਚਲੇ ਗਿਆ। ਉਥੇ ਹੀ ਰਹਿੰਦਾ। ਕਦੇ ਕਦੇ ਆਉਂਦਾ ਹੁੰਦਾ।"

       -ਤੇ ਇਹ?

       ਜੱਗੀ ਨੇ ਗੁੱਝੀ ਰਮਜ਼ ਵਿਚ ਪੁੱਛਿਆ। ਨਵੀ ਨੇ ਅੱਖ ਮਾਰਦਿਆਂ ਬੁੱਲ੍ਹਾਂ 'ਤੇ ਉਂਗਲ ਰੱਖ ਦਿਤੀ। ਜੱਗੀ ਨੇ ਵੱਡੀ ਸਾਰੀ ਮੁਸਕ੍ਰਾਹਟ ਤੇ ਹੋਲੀ ਜਿਹੇ ਬੋਲਿਆ,

       -ਤੂੰ ਤੇ ਯਾਰ ਏਦਾਂ ਦਾ ਹੈ ਨਾ ਸੀ।

       -ਵਕਤ ਸਭ ਕੁਝ ਸਿਖਾ ਦਿੰਦਾ ਪਿਆਰੇ!

       ਨਵੀ ਨੇ ਬੜੀ ਮੁਸ਼ਕਲ ਨਾਲ ਕਿਹਾ ਤੇ ਫਿਰ ਕੁਝ ਦੇਰ ਬਾਅਦ ਬੋਲਿਆ,

       -ਯਾਰ ਜੱਗੀ, ਮੈਂ ਤੈਨੂੰ ਪੱਛਾਣ ਨਹੀਂ ਸਕਿਆ ਕਿਉਂਕਿ ਤੇਰੇ ਸਿਰ ਤੋਂ ਪੱਗ ਜਿਉਂ ਗਾਇਬ ਸੀ।

       -ਹਾਂ ਯਾਰ ਨਵੀ, ਵਕਤ ਨੇ ਪੱਗ ਮੇਰੀ ਲਾਹ ਲਈ।

       -ਹਾਂ ਯਾਰ ਜੱਗੀ, ਵਕਤ ਪੱਗਾਂ ਲਾਹ ਦਿੰਦਾ, ਇਜ਼ਤਾਂ ਰੋਲ਼ ਦਿੰਦਾ, ਬੰਦੇ ਨੂੰ ਅਰਸ਼ ਤੋਂ ਫਰਸ਼ 'ਤੇ ਲਿਆ ਮਾਰਦਾ।

       -ਵਕਤ ਨਿਕਲ ਵੀ ਤਾਂ ਬਹੁਤ ਗਿਆ ਯਾਰ ਨਵੀ!

       -ਹਾਂ ਯਾਰ, ਅਠਾਰਾਂ ਸਾਲਾਂ, ਬਹੁਤ ਹੁੰਦੇ ਆ ਅਠਾਰਾਂ ਸਾਲ! ਤੂੰ ਦੱਸ ਕਿ ਤੇਰੀ ਸਿਹਤ ਕਿਵੇਂ ਆਂ?

       -ਮੈਂ ਚੜ੍ਹਦੀ ਕਲਾ ਵਿਚ ਆਂ ਤੂੰ ਦੱਸ, ਤੂੰ ਕਿਵੇਂ ਆਂ?

       -ਤੇਰੇ ਸਾਹਮਣੇ ਠੀਕ ਆਂ।

       ਨਵੀ ਨੇ ਕਿਹਾ। ਉਸੇ ਵਕਤ ਸੁਮੀ ਨੇ ਇਸ਼ਾਰਾ ਕੀਤਾ ਕਿ ਚਾਹ ਤਿਆਰ ਹੈ। ਨਵੀ ਉਠ ਕੇ ਚਾਹ ਦੇ ਦੋ ਕੱਪ ਲੈ ਆਇਆ ਪਰ ਜੱਗੀ ਨੇ ਆਪਣੇ ਬੈਗ ਵਿਚੋਂ ਵਿਸਕੀ ਦੀ ਬੋਤਲ ਕੱਢ ਲਈ ਤੇ ਆਖਿਆ,

       -ਲਿਆ ਬਈ ਨਵੀ ਸਿਆਂ, ਦੋ ਗਲਾਸ ਤੇ ਪਾਣੀ।

       -ਨਹੀਂ ਜੱਗੀ, ਆਹ ਵੀ ਵੇਲਾ ਕੋਈ ਪੀਣ ਦਾ?

       -ਸੱਚੀ ਗੱਲ ਦੱਸਾਂ, ਮੈਂ ਤਾਂ ਪੀਤੀ ਹੋਈ ਆ। ਪੀਤੀ ਬਿਨਾਂ ਏਨੀ ਬਰਫ ਵਿਚ ਬਾਹਰ ਨਿਕਲ ਹੀ ਨਹੀਂ ਹੁੰਦਾ।

       -ਤੂੰ ਪੀਤੀ ਆ ਤਾਂ ਪੀ ਲੈ ਪਰ ਮੈਂ ਨਹੀਂ। ਹਾਲੇ ਪੂਰਾ ਦਿਨ ਪਿਆ।

       ਆਖਦਾ ਨਵੀ ਉਸ ਲਈ ਪਾਣੀ ਤੇ ਗਲਾਸ ਲੈਣ ਚਲੇ ਗਿਆ। ਰਸੋਈ ਵਿਚ ਗਏ ਨੂੰ ਸੁਮਿਤਰਾ ਬੋਲੀ,

       -ਨਵੀ, ਤੋਰ ਏਹਨੂੰ, ਦੇਖ ਸਾਰਾ ਘਰ ਮੁਸ਼ਕ ਨਾਲ ਭਰ ਗਿਆ।

       -ਏਨੀ ਨਿਰਦੇਈ ਨਾ ਬਣ, ਆਖਰ ਪੁਰਾਣਾ ਯਾਰ ਐ ਮੇਰਾ। ਏਨੇ ਚਿਰ ਬਾਅਦ ਮਿਲਿਆ। ਕੁਝ ਦੇਰ ਬੈਠਣ ਦੇ। ਨਾਲੇ ਉਹਦੇ ਲਈ ਵੀ ਖਾਣਾ ਬਣਾ ਲਵੀਂ।

        ਆਖਦਾ ਨਵੀ ਮੁੜ ਜੱਗੀ ਕੋਲ ਆ ਬੈਠਾ ਤੇ ਬੋਲਿਆ,

       -ਤੂੰ ਸੁਣਾ, ਏਨੇ ਸਾਲ ਕਿਵੇਂ ਰਿਹਾਂ? ਮੈਨੂੰ ਤੇਰੀ ਸਿਹਤ ਬਾਰੇ ਦੇਵਨ ਤੋਂ ਪਤਾ ਲੱਗਾ ਸੀ, ਉਹਨੂੰ ਰਾਮਾ ਨੰਦ ਨੇ ਦੱਸਿਆ ਸੀ।

       -ਦੇਵਨ ਦਾ ਕੀ ਹਾਲ ਐ?

       -ਉਹ ਠੀਕ ਐ, ਹੁਣ ਮੋਟੀ ਸਾਮੀ ਐ ਉਹ। ਕਈ ਰੈਸਟੋਰੈਂਟਾਂ ਦਾ ਮਾਲਕ ਪਰ ਮੇਰੀ ਉਹਦੇ ਨਾਲ ਬਹੁਤੀ ਗੱਲ-ਬਾਤ ਨਹੀਂ ਹੈਗੀ।

       -ਨਹੀਂ ਹੈਗੀ ਤਾਂ ਠੀਕ ਐ, ਮੇਰੀਆਂ ਬੇੜੀਆਂ ਵਿਚ ਵੱਟੇ ਪਾਉਣ ਵਿਚ ਉਹਦਾ ਵੀ ਘੱਟ ਹੱਥ ਨਹੀਂ। ਏਦਾਂ ਦੇ ਬੰਦੇ ਤੋਂ ਦੂਰ ਹੀ ਠੀਕ ਆਂ।

       -ਜੱਗੀ, ਤੂੰ ਦੱਸ ਤੂੰ ਕਿਵੇਂ ਰਿਹਾਂ? ਤੇਰੀ ਇਹ ਹਾਲਤ ਕਿਵੇਂ ਹੋ ਗਈ?

       -ਪ੍ਰੀਤੀ ਤੇ ਨਿੱਕ ਨੇ ਕਿਸੇ ਨਾ ਕਿਸੇ ਤਰਾਂ੍ਹ ਹਸਪਤਾਲ ਭੇਜ ਦਿਤਾ। ਉਥੇ ਉਹਨਾਂ ਨੇ ਮੇਰੇ ਨਾਲ ਪਤਾ ਨਹੀਂ ਕੀ ਕੀਤਾ ਕਿ ਮੇਰੀ ਦੁਨੀਆਂ ਉਪਰ ਦੀ ਹੇਠਾਂ ਹੋ ਗਈ। ਪਤਾ ਨਹੀਂ ਮੇਰੇ ਅੰਦਰ ਕਿਹੜੀ ਚਿੱਪ ਪਾਈ ਆ ਕਿ ਮੇਰੀ ਹਰ ਗੱਲ ਦਾ ਪਤਾ ਉਹਨਾਂ ਨੂੰ ਰਹਿੰਦਾ। ਉਹ ਹਰ ਵੇਲੇ ਮੈਨੂੰ ਕੁਝ ਨਾ ਕੁਝ ਕਹਿੰਦੇ ਰਹਿੰਦੇ ਆ। ਸਾਲ਼ੇ ਪੈਸੇ ਮੰਗਦੇ ਆ। ਉਹਨਾਂ ਨੂੰ ਮੇਰੀ ਪੈਰ-ਪੈਰ ਦੀ ਖ਼ਬਰ ਐ।

       -ਜਾਣੀ ਕਿ ਤੈਨੂੰ ਆਵਾਜ਼ਾਂ ਸੁਣਦੀਆਂ।

       -ਹਾਂ। ਸੁਣਦੀਆਂ ਤੇ ਸਾਫ ਸੁਣਦੀਆਂ।

       -ਕੌਣ ਆਂ ਇਹ ਲੋਕ? ਆਪਣੇ ਕਿ ਗੋਰੇ?

       -ਆਪਣੇ ਵੀ, ਗੋਰੇ ਵੀ ਤੇ ਕਾਲੇ ਵੀ। ਹਰ ਬੋਲੀ ਬੋਲਦੇ ਆ। ਕਈ ਵਾਰ ਤਾਂ ਚੀਨੀ ਜਿਹੀ ਵੀ ਬੋਲਣ ਲਗਦੇ ਆ।

       -ਜੱਗੀ, ਕਿਤੇ ਤੇਰਾ ਇਹ ਸਾਰਾ ਵਹਿਮ ਤਾਂ ਨਹੀਂ।

       ਨਵੀ ਨੇ ਆਪਣੀ ਗੱਲ ਨੂੰ ਅਸਿੱਧੀ ਕਹਿਣ ਲਈ 'ਕਿਤੇ' ਸ਼ਬਦ ਵਰਤਿਆ। ਜੱਗੀ ਨੇ ਪੂਰੇ ਯਕੀਨ ਨਾਲ ਕਿਹਾ,

       -ਮੈਨੂੰ ਪਤਾ ਯਾਰ ਲੋਕ ਕਹਿੰਦੇ ਆ ਕਿ ਇਹ ਸਭ ਫਜ਼ੂਲ ਐ। ਇਵੇਂ ਆਵਾਜ਼ਾਂ ਸੁਣਨੀਆਂ ਇਕ ਬਿਮਾਰੀ ਐ ਪਰ ਨਹੀਂ, ਨਵੀ ਇਹ ਸੱਚ ਐ, ਮੈਨੂੰ ਇਹਦੇ ਕਾਰਨਾਂ ਦਾ ਵੀ ਪਤਾ। ਮੈਂ ਈਜ਼ੀ ਟਾਰਗੈੱਟ ਆਂ ਇਸ ਲਈ ਮੈਨੂੰ ਚੁਣਿਆਂ ਇਹਨਾਂ ਲੋਕਾਂ ਨੇ।

       -ਕਿਹੜੇ ਲੋਕਾਂ ਨੇ।

       -ਇਹੀ ਨਿੱਕ ਤੇ ਪ੍ਰੀਤੀ ਦੇ ਏਜੰਟ, ਡਾਕਟਰਾਂ ਦੇ ਏਜੰਟ, ਪੁਲੀਸ ਵਾਲਿਆਂ ਦੇ ਬੰਦੇ ਤੇ ਹੋਰ ਕਰਿਮੀਨਲ ਟਾਈਪ ਬੰਦੇ। ਇਹਨਾਂ ਨੇ ਮੇਰੇ ਘਰ ਦੇ ਬਲਬਾਂ ਵਿਚ ਕੈਮਰੇ ਫਿੱਟ ਕੀਤੇ ਹੋਏ ਆ। ਪੈਰ-ਪੈਰ ਦੀ ਮੇਰੀ ਖ਼ਬਰ ਰੱਖਦੇ ਆ। ਮੇਰੇ ਨਹਾਉਂਦੇ ਦੀ ਵੀ ਫੋਟੋ ਲਈ ਜਾਂਦੇ ਆ। ਮੈਂ ਤਾਂ ਫੇਰ ਟਾਵਲ ਲਾਹ ਦਿੰਦਾ ਹੁੰਨਾ!

       ਨਵੀ ਕੁਝ ਕੁ ਹੈਰਾਨ ਹੋਇਆ ਉਸ ਵਲ ਦੇਖ ਰਿਹਾ ਸੀ। ਜਦ ਤਕ ਸੁਮਿਤਰਾ ਖਾਣਾ ਲਾਉਣ ਲੱਗ ਪਈ। ਖਾਣਾ ਖਾ ਕੇ ਨਵੀ ਨੇ ਪੁੱਛਿਆ,

       -ਤੂੰ ਰਹਿੰਦਾ ਕਿਥੇ ਐਂ?

       -ਮੇਰੇ ਕੋਲ ਆਪਣਾ ਫਲੈਟ ਐ ਕੌਂਸਲ ਦਾ। ਚੱਲ ਮੇਰੇ ਨਾਲ ਤੈਨੂੰ ਦਿਖਾਉਂਨਾ।

       -ਅੱਜ ਤਾਂ ਨਹੀਂ ਜਾ ਹੋਣਾ, ਅੱਜ ਤਾਂæææ।

       -ਫੇਰ ਕਿਸੇ ਦਿਨ ਆ ਜਾਵੀਂ, ਬੈਠਾਂਗੇ। ਮੈਂ ਹੁਣ ਲੈਂਬ ਬਹੁਤ ਸੁਹਣਾ ਬਣਾਉਂਨਾਂ, ਦੇਖੀਂ, ਉਂਗਲਾਂ ਚੱਟਦਾ ਰਹਿ ਜਾਵੇਂਗਾ।

       -ਜ਼ਰੂਰ ਆਵਾਂਗਾ, ਇਕੱਠੇ ਸ਼ਾਮ ਰੰਗੀਨ ਕਰਾਂਗੇ।

       ਨਵੀ ਨੇ ਕਿਹਾ।

       ਨਵੀ ਚਾਹ ਦੇ ਘੁੱਟ ਭਰ ਰਿਹਾ ਸੀ ਤੇ ਜੱਗੀ ਵਿਸਕੀ ਦੇ। ਜੱਗੀ ਨੂੰ ਇਹ ਚੰਗਾ ਨਹੀਂ ਸੀ ਲੱਗ ਰਿਹਾ। ਉਸ ਨੇ ਹੋਰ ਪੈੱਗ ਨਾ ਪਾਇਆ। ਸੁਮੀ ਖਾਣਾ ਲੈ ਆਈ। ਪੂਰੀ-ਛੋਲੇ ਦੇਖ ਕੇ ਜੱਗੀ ਖੁਸ਼ ਹੋ ਗਿਆ। ਬਹੁਤ ਦੇਰ ਬਾਅਦ ਖਾ ਰਿਹਾ ਸੀ ਇਹ ਸਭ। ਕੁਝ ਦੇਰ ਉਹ ਹੋਰ ਬੈਠਾ ਤੇ ਫਿਰ ਉਠ ਖੜਾ ਹੋਇਆ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਨਵੀ ਇਸ ਵੇਲੇ ਸਹਿਜ ਮਹਿਸੂਸ ਨਹੀਂ ਕਰ ਰਿਹਾ। ਉਸ ਨੇ ਕਿਹਾ,

       -ਨਵੀ, ਹੁਣ ਤੇਰੇ ਕੋਲ ਮੇਰਾ ਨੰਬਰ ਤਾਂ ਹੈ ਹੀ, ਜਦ ਵੀ ਵਿਹਲ ਮਿਲਿਆ ਮੈਨੂੰ ਫੋਨ ਕਰੀਂ। ਬਹੁਤ ਸਾਰੀਆਂ ਗੱਲਾਂ ਨੇ ਕਰਨ ਵਾਲੀਆਂ।

       -ਹਾਂ ਹਾਂ, ਮੈਂ ਫੋਨ ਕਰਾਂਗਾ ਤੂੰ ਵੀ ਕਦੇ ਵੀ ਫੋਨ ਕਰ ਲਵੀਂ, ਇਹ ਘਰ ਤੇਰਾ ਹੀ ਐ।

       ਨਵੀ ਨੇ ਕਿਹਾ। ਜੱਗੀ ਖੁਸ਼ ਹੋ ਗਿਆ। ਉਹ ਅਲਵਿਦਾ ਕਹਿੰਦਾ ਬਾਹਰ ਬਰਫ ਮਿੱਧਦਾ ਬਸ ਸਟੌਪ ਵਲ ਤੁਰ ਗਿਆ।

       ਨਵੀ ਸੁਮੀ ਨੂੰ ਜੱਗੀ ਨਾਲ ਆਪਣੀ ਦੋਸਤੀ ਬਾਰੇ ਦੱਸਦਾ ਬੋਲਿਆ,

       -ਮਾੜੀ ਕਿਸਮਤ ਕਿ ਇਹਨੂੰ ਆਵਾਜ਼ਾਂ ਸੁਣਦੀਆਂ, ਓਦਾਂ ਸਭ ਠੀਕ ਐ।

       -ਆਵਾਜ਼ਾਂ ਸੁਣਦੀਆਂ! æææਨਵੀ, ਦੂਰ ਰਹਿ ਇਸ ਪਾਗਲ ਤੋਂ!




ਚੌਵੀ


       ਇਕ ਦਿਨ ਪ੍ਰੀਤੀ ਨੇ ਨਵੀ ਨੂੰ ਫੋਨ ਕੀਤਾ ਉਸ ਨੇ ਆਵਾਜ਼ ਤਾਂ ਪੱਛਾਣ ਲਈ ਸੀ ਪਰ ਫਿਰ ਵੀ ਪੁੱਛ ਲਿਆ,

       -ਤੁਸੀਂ ਕੌਣ?

       -ਹੁਣ ਪ੍ਰੀਤੀ ਤੁਸੀਂ ਕੌਣ ਹੋ ਗਈ!

       -ਸੌਰੀ ਪ੍ਰੀਤੀ, ਏਨੇ ਸਾਲ ਹੋ ਗਏ। ਬਹੁਤ ਕੁਝ ਬੇਪੱਛਾਣ ਹੋ ਜਾਂਦਾ।

       -ਹਾਂ, ਇਹ ਗੱਲ ਤਾਂ ਠੀਕ ਐ ਨਵੀ। ਮੈਨੂੰ ਤਾਂ ਜੈਗ ਤੋਂ ਪਲਵੀ ਦਾ ਪਤਾ ਚੱਲਿਆ। ਤੂੰ ਦੱਸਿਆ ਹੀ ਨਹੀਂ!

       -ਪ੍ਰੀਤੀ, ਮੇਰੇ ਕੋਲ ਕਿਸੇ ਦਾ ਨੰਬਰ ਵੀ ਹੈ ਨਾ ਸੀ ਫਿਰ ਮੈਂ ਆਪ ਵੀ ਉਹਨਾਂ ਦਿਨਾਂ ਵਿਚ ਡਿਪਰੈਸ਼ਨ ਵਿਚ ਦੀ ਲੰਘ ਰਿਹਾ ਸਾਂ, ਕਿਸੇ ਨੂੰ ਫੋਨ ਕਰਨ ਦੀ ਹੋਸ਼ ਹੀ ਨਹੀਂ ਸੀ।

       ਫਿਰ ਕਿੰਨੀ ਦੇਰ ਤਕ ਉਹ ਪਲਵੀ ਬਾਰੇ ਗੱਲਾਂ ਕਰਦੇ ਰਹੇ। ਨਵੀ ਦੇ ਮਨ ਵਿਚ ਕਿਸੇ ਵੇਲੇ ਗੁੱਸਾ ਜਿਹਾ ਹੋਇਆ ਕਰਦਾ ਸੀ ਕਿ ਉਸ ਨੇ ਜੱਗੀ ਨੂੰ ਕਿਉਂ ਛੱਡ ਦਿਤਾ ਪਰ ਹੁਣ ਕੁਝ ਵੀ ਅਜਿਹਾ ਨਹੀਂ ਸੀ। ਸਗੋਂ ਪ੍ਰੀਤੀ ਨਾਲ ਗੱਲਾਂ ਕਰਨੀਆਂ ਉਸ ਨੂੰ ਚੰਗਾ ਲੱਗਾ।  

       ਇਕ ਦਿਨ ਜੱਗੀ ਫੋਨ ਕਰਕੇ ਆਖਣ ਲੱਗਾ,

       -ਨਵੀ, ਕਿਸੇ ਦਿਨ ਆ ਜਾ ਮੇਰੇ ਘਰ, ਲੈਮ-ਚੋਪ ਬਣਾਵਾਂਗੇ।

       ਹੁਣ ਨਵੀ ਜੱਗੀ ਨੂੰ ਆਏ ਦਿਨ ਫੋਨ ਕਰ ਲਿਆ ਕਰਦਾ ਸੀ। ਜੱਗੀ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਉਹਦੇ ਘਰ ਚਲੇ ਜਾਂਦਾ। ਜੱਗੀ ਕਈ ਵਾਰ ਉਸ ਨੂੰ ਆਪਣੇ ਫਲੈਟ ਵਿਚ ਸੱਦ ਚੁੱਕਿਆ ਸੀ ਪਰ ਨਵੀ ਨਹੀਂ ਸੀ ਗਿਆ। ਉਸ ਸੋਚਦਾ ਸੀ ਪਤਾ ਨਹੀਂ ਜੱਗੀ ਦੇ ਫਲੈਟ ਦੀ ਹਾਲਤ ਕਿਹੋ ਜਿਹੀ ਹੋਵੇਗੀ। ਸਫਾਈ ਵੀ ਰੱਖਦਾ ਹੋਵੇਗਾ ਕਿ ਨਹੀਂ। ਜਦ ਉਸ ਨੇ ਜੱਗੀ ਨੂੰ ਪਲਵੀ ਦੀ ਮੌਤ ਦੀ ਖ਼ਬਰ ਸੁਣ ਗੁੰਮ-ਸੁਮ ਹੋਇਆ ਦੇਖਿਆ ਸੀ ਤਾਂ ਉਸ ਨੂੰ ਜਾਪਿਆ ਸੀ ਕਿ ਬਾਹਰੋਂ ਭਾਵੇਂ ਜੱਗੀ ਠੀਕ ਦਿਸਦਾ ਹੈ ਪਰ ਅੰਦਰੋਂ ਇਹ ਬਹੁਤ ਨਾਜ਼ਕ ਹੈ ਤੇ ਸਹਿਜੇ ਹੀ ਖਿਲਰ ਸਕਦਾ ਹੈ। ਅਜਿਹਾ ਬੰਦਾ ਆਪਣੇ ਚੌਗਿਰਦੇ ਦੀ ਸੰਭਾਲ ਕਿਵੇਂ ਕਰਦਾ ਹੋਵੇਗਾ। ਅਜਿਹੀ ਝਿਜਕ ਵਿਚ ਨਵੀ ਉਸ ਦੇ ਫਲੈਟ ਵਿਚ ਚਲੇ ਗਿਆ। ਜਦ ਉਹ ਗਿਆ ਤਾਂ ਇਹ ਦੇਖ ਕੇ ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਜੱਗੀ ਦਾ ਫਲੈਟ ਤਾਂ ਬਹੁਤ ਹੀ ਸਾਫ ਸੀ। ਉਹ ਹੱਸਦਾ ਹੋਇਆ ਬੋਲਿਆ,

       -ਏਨੀ ਸਫਾਈ ਤਾਂ ਕੋਈ ਔਰਤ ਵੀ ਨਹੀਂ ਰੱਖ ਸਕਦੀ।

       -ਹੁਣ ਮੈਂ ਔਰਤ ਵੀ ਆਂ ਤੇ ਮਰਦ ਵੀ। ਦੋਵੇਂ ਕੰਮ ਬਲਾਈ ਵਧੀਆ ਕਰ ਲੈਨਾਂ। ਮੈਂ ਦਿਨ ਬੰਨੇ ਹੋਏ ਆ। ਸੋਮਵਾਰ ਤੇ ਵੀਰਵਾਰ ਨੂੰ ਸਾਰੇ ਘਰ ਵਿਚ ਹੂਵਰ ਕਰਦਾਂ। ਮੰਗਲਵਾਰ ਨੂੰ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਸਾਫ ਕਰਦਾਂ। ਬੁਧਵਾਰ ਨੂੰ ਬਾਥਰੂਮ ਤੇ ਰਸੋਈ ਦੀ ਡੀਪ-ਕਲੀਨਿੰਗ ਕਰਦਾਂ। ਏਵੇਂ ਦਿਨ ਵੰਡੇ ਹੋਏ ਆ। ਸ਼ੁਕਰ-ਸ਼ਨਿਚਰ ਕਪੜੇ ਧੋਨਾਂ ਤੇ ਐਤਵਾਰ ਦੀ ਛੁੱਟੀ।

       ਫਿਰ ਉਸ ਨੇ ਆਪਣਾ ਸਾਰਾ ਫਲੈਟ ਦਿਖਾਇਆ। ਰਸੋਈ ਵਿਚ ਜਾ ਕੇ ਖਿੜਕੀ ਵਿਚੋਂ ਦਿਸਦੀ ਏ ਫੋਰ ਸੜਕ ਦਿਖਾਉਂਦਾ ਬੋਲਿਆ,

       -ਆਹ ਦੇਖ, ਰੌਣਕਾਂ ਹੀ ਰੌਣਕਾਂ! ਹਜ਼ਾਰਾਂ-ਲੱਖਾਂ ਕਾਰਾਂ ਲੰਘਦੀਆਂ ਇਥੋਂ ਦੀ। ਆਹ ਕੁਰਸੀ ਮੈਂ ਕਾਰਾਂ ਦੇਖਣ ਲਈ ਇਥੇ ਰੱਖੀ ਹੋਈ ਐ।

       -ਕੀ ਮਤਲਬ?

       -ਜਦ ਵਕਤ ਪਾਸ ਨਾ ਹੋਵੇ ਤਾਂ ਇਥੇ ਕੁਰਸੀ 'ਤੇ ਆ ਕੇ ਬਹਿ ਜਾਨਾਂ ਤੇ ਕਾਰਾਂ ਦੇਖਣ ਲੱਗਦਾਂ ਤੇ ਕਈ ਵਾਰ ਤਾਂ ਗਿਣਨ ਵੀ ਲੱਗ ਪੈਨਾਂ।

       ਜੱਗੀ ਦੀ ਗੱਲ ਸੁਣ ਕੇ ਨਵੀ ਇਕ ਦਮ ਚੁੱਪ ਹੋ ਗਿਆ। ਜੱਗੀ ਫਿਰ ਬੋਲਿਆ,

       -ਯਾਰ ਨਵੀ, ਕਈ ਵਾਰ ਵਕਤ ਪਾਸ ਕਰਨਾ ਔਖਾ ਹੋ ਜਾਂਦਾ। ਟੈਲੀ ਵੀ ਕਿੰਨਾ ਕੁ ਦੇਖ ਲਵਾਂ। ਮੈਂ ਬਹੁਤ ਸਾਰੀਆਂ ਕਿਤਾਬਾਂ ਲਿਆਂਦੀਆਂ ਹੋਈਆਂ। ਕਦੇ ਕਦੇ ਪੜ ਲੈਨਾਂ। ਡਾਇਰੀ ਵੀ ਲਿਖਣ ਦੀ ਕੋਸ਼ਿਸ਼ ਕਰਦਾਂ ਪਰ ਲਿਖ ਨਹੀਂ ਹੁੰਦੀ।

       ਨਵੀ ਉਸ ਕੋਲ ਕਈ ਘੰਟੇ ਬੈਠਾ ਰਿਹਾ। ਖੂਬ ਗੱਲਾਂ ਹੋਈਆਂ। ਰੌਕੀ ਬਾਰੇ, ਉਸ ਦੇ ਵਿਆਹ ਬਾਰੇ ਵੀ ਤੇ ਵਿਆਹ ਟੁੱਟਣ ਬਾਰੇ ਵੀ। ਰੌਕੀ ਦੀ ਬਿਮਾਰੀ ਬਾਰੇ ਉਸ ਨੇ ਦੱਬਵੀਂ ਜਿਹੀ ਜ਼ੁਬਾਨ ਵਿਚ ਹੀ ਦੱਸਿਆ। ਨਵੀ ਨੇ ਪੁੱਛਿਆ,

       -ਤੂੰ ਹਾਲੇ ਵੀ ਪ੍ਰੀਤੀ ਨੂੰ ਮਿਲਣ ਜਾਨੈ?

       -ਪ੍ਰੀਤੀ ਨੂੰ ਮਿਲਣ ਕੌਣ ਜਾਂਦੈ ਮੈਂ ਤਾਂ ਰੌਕੀ ਨੂੰ ਦੇਖਣ ਜਾਨਾ ਹੁੰਨਾ।

       ਜੱਗੀ ਨੇ ਕਿਹਾ ਪਰ ਨਵੀ ਨੇ ਯਕੀਨ ਨਾ ਕੀਤਾ। ਉਸ ਨੂੰ ਪਤਾ ਸੀ ਕਿ ਜੱਗੀ ਪ੍ਰੀਤੀ ਨੂੰ ਬਹੁਤ ਪਿਆਰ ਕਰਦਾ ਸੀ, ਐਵੇਂ ਦੇਖਣ ਹੀ ਚਲੇ ਜਾਂਦਾ ਹੋਵੇਗਾ।

       ਜਦ ਨਵੀ ਜਾਣ ਲੱਗਿਆ ਤਾਂ ਜੱਗੀ ਬੋਲਿਆ,

       -ਆਹ ਨਾਲ ਹੀ ਦੁਕਾਨ ਐ, ਉਥੋਂ ਮੈਂ ਤੈਨੂੰ ਫਲੈਟ ਦੀ ਚਾਬੀ ਬਣਾ ਦਿੰਨਾਂ। ਜਦ ਮਰਜ਼ੀ ਆ ਜਾਇਆ ਕਰ। ਜੇ ਤੈਨੂੰ ਕਦੇ ਆਪਣੇ ਮੁੰਡੇ ਦਾ ਡਰ ਹੋਵੇ ਤਾਂ ਸਹੇਲੀ ਲੈ ਕੇ ਇਥੇ ਆ ਜਾਇਆ ਕਰ। ਮੈਨੂੰ ਪਹਿਲਾਂ ਦਸ ਦੇਵੀਂ, ਮੈਂ ਕੁਝ ਘੰਟਿਆਂ ਲਈ ਬਾਹਰ ਚਲੇ ਜਾਇਆ ਕਰਾਂਗਾ।

       -ਥੈਂਕਸ ਯਾਰ ਜੱਗੀ, ਇਹ ਤਾਂ ਤੂੰ ਮੇਰੇ ਦਿਲ ਦੀ ਗੱਲ ਬੁਝ ਲਈ। ਅਸਲ ਵਿਚ ਅੱਜ ਕਲ ਮੇਰੀ ਦੋਸਤੀ ਇਕ ਨਵੀਂ ਕੁੜੀ ਨਾਲ ਹੋਈ ਐ। ਮੈਂ ਉਹਨੂੰ ਹਾਲੇ ਘਰ ਨਹੀਂ ਲਿਜਾਣਾ ਚਾਹੁੰਦਾ।

       -ਬਸ ਫਿਰ, ਇਥੇ ਲੈ ਆ। ਮੈਨੂੰ ਫੋਨ ਕਰ ਦੇਵੀਂ, ਮੈਂ ਬਾਹਰ ਚਲੇ ਜਾਵਾਂਗਾ, ਕਿਧਰੇ ਘੁੰਮ ਫਿਰ ਆਵਾਂਗਾ। ਇਹ ਨਵੀਂ ਕੁੜੀ ਕੌਣ ਆਂ?

       -ਹੈਗੀ ਰਿੰਕੀ, ਮੇਰੇ ਨਾਲ ਹੀ ਕੰਮ ਕਰਦੀ ਆ।

       -ਇਹ ਵਾਲੀ ਸੁਮੀ?

       -ਯਾਰ ਜੱਗੀ, ਇਹ ਹੁਣ ਢਲ਼ ਗਈ ਐ, ਨਾਲੇ ਇਹਦੇ ਇਕ ਕੁੜੀ ਵੀ ਐ। ਰਿੰਕੀ ਏਹਦੇ ਨਾਲੋਂ ਯੰਗ ਐ ਤੇ ਕੋਈ ਬੱਚੇ ਦਾ ਯੱਬ ਵੀ ਨਹੀਂ। ਨਾਲੇ ਰਿੰਕੀ ਹੈਗੀ ਗੋਆ ਤੋਂ ਤੇ ਗੋਆ ਦੀਆਂ ਕੁੜੀਆਂ ਮੋਹ ਵੀ ਬਹੁਤਾ ਕਰਦੀਆਂ।

       ਗੱਲ ਕਰਦੇ ਨਵੀ ਦੇ ਸਾਹਮਣੇ ਰਿੰਕੀ ਦੀ ਤਸਵੀਰ ਘੁੰਮਣ ਲੱਗੀ ਸੀ।

       ਇਕ ਦਿਨ ਨਵੀ ਨੇ ਜੱਗੀ ਨੂੰ ਫੋਨ ਕੀਤਾ,

       -ਕੱਲ ਨੂੰ ਦੋ ਕੁ ਵਜੇ ਮੈਂ ਰਿੰਕੀ ਨੂੰ ਲੈ ਕੇ ਤੇਰੇ ਫਲੈਟ ਵਿਚ ਆਉਣਾ। ਤੂੰ ਬਾਹਰ ਚਲੇ ਜਾਵੀਂ। ਦੋ ਕੁ ਘੰਟੇ ਲਈ।

       -ਤੂੰ ਫਿਕਰ ਨਾ ਕਰ। ਤੂੰ ਦੋ ਵਜੇ ਆ ਜਾਵੀਂ।

       ਅਗਲੇ ਦਿਨ ਨਵੀ ਰਿੰਕੀ ਨੂੰ ਲੈ ਕੇ ਕਰੋਅ ਕਲੋਜ਼ ਪੁੱਜ ਗਿਆ। ਕੰਮ ਤੋਂ ਉਹਨਾਂ ਨੇ ਦੋ ਘੰਟੇ ਦੀ ਫਰਲੋ ਮਾਰ ਲਈ ਹੋਈ ਸੀ। ਨਵੀ ਨੂੰ ਯਕੀਨ ਸੀ ਕਿ ਜੱਗੀ ਬਾਹਰ ਚਲੇ ਗਿਆ ਹੋਵੇਗਾ। ਉਹ ਫਲੈਟ ਦਾ ਦਰਵਾਜ਼ਾ ਖੋਹਲ ਕੇ ਅੰਦਰ ਵੜੇ ਤਾਂ ਜੱਗੀ ਸੋਫੇ 'ਤੇ ਬੈਠਾ ਟੈਲੀ ਦੇਖ ਰਿਹਾ ਸੀ। ਉਸ ਨੇ ਰਿੰਕੀ ਨੂੰ ਭਰਵੀਂ ਹੈਲੋ ਆਖੀ ਤੇ ਫਿਰ ਨਵੀ ਨੂੰ ਬੋਲਿਆ,

       -ਨਵੀ, ਦੱਸ ਤੁਹਾਡੀ ਕੀ ਸੇਵਾ ਕਰਾਂ? ਵਿਸਕੀ ਵੀ ਹੈਗੀ, ਵਾਈਨ ਵੀ। ਕਬਾਬ ਵੀ ਲਿਆਇਆਂ ਮੈਂ ਤੇ ਸਮੋਸੇ ਵੀ।

       -ਨਹੀਂ ਬਈ, ਅਸੀਂ ਤਾਂ ਕੰਮ ਤੋਂ ਆਏ ਆਂ ਜਲਦੀ ਵਾਪਸ ਵੀ ਜਾਣਾ।

       ਨਵੀ ਨੇ ਕਿਹਾ ਤੇ ਉਡੀਕਣ ਲੱਗਾ ਕਿ ਕਦ ਉਹ ਬਾਹਰ ਜਾਵੇ ਪਰ ਜੱਗੀ ਉਥੇ ਹੀ ਬੈਠਾ ਰਿਹਾ ਤੇ ਲਗਾਤਾਰ ਰਿੰਕੀ ਵਲ ਦੇਖਣ ਲਗਿਆ। ਉਸ ਨੇ ਉਠ ਕੇ ਇਕ ਪੈੱਗ ਆਪਣੇ ਲਈ ਪਾਇਆ ਤੇ ਇਕ ਨਵੀ ਲਈ ਵੀ ਪਾ ਦਿੱਤਾ। ਰਿੰਕੀ ਲਈ ਉਸ ਨੇ ਵਾਈਨ ਲਿਆ ਰੱਖੀ ਸੀ। ਨਵੀ ਸਮਝ ਗਿਆ ਕਿ ਜੱਗੀ ਹੁਣ ਕਿਧਰੇ ਨਹੀਂ ਜਾਵੇਗਾ। ਉਸ ਨੂੰ ਜੱਗੀ ਤੇ ਵੀ ਗੁੱਸਾ ਆ ਰਿਹਾ ਸੀ ਤੇ ਆਪਣੇ ਆਪ 'ਤੇ ਵੀ ਕਿ ਉਸ ਨੇ ਜੱਗੀ ਦੀ ਮਾਨਸਿਕ ਹਾਲਤ ਜਾਣਦਿਆਂ ਵੀ ਉਸ 'ਤੇ ਭਰੋਸਾ ਕਰ ਲਿਆ। ਜੱਗੀ ਇਕ ਵਾਰ ਗੋਆ ਗਿਆ ਹੋਇਆ ਸੀ, ਉਹ ਰਿੰਕੀ ਨਾਲ ਗੋਆ ਬਾਰੇ ਗੱਲਾਂ ਕਰਨ ਲੱਗਿਆ। ਉਸ ਦੇ ਚਿਹਰੇ 'ਤੇ ਅਜੀਬ ਜਿਹੇ ਹਾਵ-ਭਾਵ ਆ ਰਹੇ ਸਨ। ਉਸ ਨੇ ਆਖਿਆ,

       -ਨਵੀ, ਮੈਂ ਵੀ ਬਹੁਤ ਰੁਮਾਂਟਿਕ ਆਂ। ਹਾਲੇ ਵੀ ਮਨ ਰੁਮਾਂਸ ਨਾਲ ਪੂਰਾ ਭਰਿਆ ਪਿਆ।

       -ਕੋਈ ਕੁੜੀ ਲੱਭ ਲੈ ਫਿਰ, ਐਵੇਂ ਇਕੱਲਾ ਕਿਉਂ ਤੁਰਿਆ ਫਿਰਦਾਂ।

       ਖਿਝਦੇ ਹੋਏ ਨਵੀ ਨੇ ਕਿਹਾ। ਜੱਗੀ ਕਿਧਰੇ ਦੂਰ ਗਵਾਚਦਾ ਬੋਲਿਆ,

       -ਨਵੀ ਸਿਆਂ, ਕੁੜੀ ਤਾਂ ਹੈਗੀ ਇਕ, ਸੋਫੀਆ। ਇੰਡੀਆ ਤੋਂ ਆਉਂਦਿਆਂ ਮਿਲੀ ਸੀ। ਦੇਖ ਤਾਂ ਜੇ ਫੇਸਬੁੱਕ ਤੇ ਹੋਈ ਤਾਂ।

       ਹੁਣ ਤਕ ਨਵੀ ਨੇ ਉਸ ਨੂੰ ਇੰਟਰਨੈੱਟ 'ਤੇ ਨਵੀਂ ਟੈਕਨੌਲੋਜੀ ਬਾਰੇ ਕਾਫੀ ਕੁਝ ਦਸ ਦਿਤਾ ਹੋਇਆ ਸੀ। ਨਵੀ ਆਪਣੇ ਫੋਨ ਤੋਂ ਸੋਫੀਆ ਨਾਂ ਪਾ ਕੇ ਫੇਸਬੁੱਕ 'ਤੇ ਲੱਭਣ ਲੱਗਿਆ। ਸੋਫੀਆ ਨਾਂ ਦੀਆਂ ਕਈ ਕੁੜੀਆਂ ਸਨ ਪਰ ਉਹ ਕੁੜੀ ਨਹੀਂ ਸੀ ਜਿਸ ਦੀ ਜੱਗੀ ਨੂੰ ਭਾਲ ਸੀ। ਉਹ ਘੰਟਾ ਭਰ ਉਥੇ ਬੈਠੇ ਰਹੇ। ਫਿਰ ਅਚਾਨਕ ਰਿੰਕੀ ਨੇ ਨਵੀ ਨੂੰ ਚੱਲਣ ਦਾ ਇਸ਼ਾਰਾ ਕੀਤਾ। ਤੁਰਨ ਲੱਗੇ ਨਵੀ ਨੇ ਪੁੱਛਿਆ,

       -ਇਹ ਸੋਫੀਆ ਕਦੋਂ ਮਿਲੀ ਸੀ?

       -ਹੋ ਗਏ ਪੰਦਰਾਂ ਕੁ ਸਾਲ।





ਪੱਚੀ


       ਨਵੀ ਨੂੰ ਉਸ ਦਿਨ ਬਹੁਤ ਗੁੱਸਾ ਆਇਆ ਸੀ। ਉਹ ਰਿੰਕੀ ਵਲ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖੀ ਜਾ ਰਿਹਾ ਸੀ ਜਿਵੇਂ ਔਰਤ ਦੇਖੀ ਹੀ ਨਾ ਹੋਵੇ, ਜਿਵੇਂ ਰਿੰਕੀ ਕੋਈ ਆਵਾਰਾ ਔਰਤ ਹੋਵੇ। ਰਿੰਕੀ ਵੀ ਉਸ ਦੀ ਤੱਕਣੀ ਤੋਂ ਡਰ ਗਈ ਸੀ ਇਸੇ ਲਈ ਉਠ ਕੇ ਜਾਣ ਦਾ ਇਸ਼ਾਰਾ ਕੀਤਾ ਸੀ। ਸੋਚਦਿਆਂ ਸੋਚਦਿਆਂ ਨਵੀ ਨੇ ਇਸ ਬਾਰੇ ਆਪਣੇ ਆਪ ਨੂੰ ਹੀ ਦੋਸ਼ ਦੇ ਰਿਹਾ ਸੀ ਕਿ ਜਿਸ ਬੰਦੇ ਨੇ ਏਨੇ ਸਾਲ ਕਿਸੇ ਔਰਤ ਦਾ ਸਾਥ ਨਾ ਮਾਣਿਆਂ ਹੋਵੇ ਉਸ ਦੇ ਮਨ ਦੀ ਹਾਲਤ ਨੂੰ ਸਮਝਣਾ ਚਾਹੀਦਾ ਸੀ। ਉਸ ਕੋਲ ਇਵੇਂ ਰਿੰਕੀ ਨੂੰ ਲੈਜਾਣਾ ਖਤਰਨਾਕ ਵੀ ਹੋ ਸਕਦਾ ਸੀ। ਉਸ ਦਿਨ ਤੋਂ ਬਾਅਦ ਨਵੀ ਨੇ ਜੱਗੀ ਨਾਲ ਇਕ ਫਰਕ ਜਿਹਾ ਪੈਦਾ ਕਰ ਲਿਆ। ਉਸ ਨੂੰ ਆਪਣੇ ਘਰ ਆਉਣ ਲਈ ਕਦੇ ਵੀ ਉਤਸ਼ਾਹਿਤ ਨਾ ਕਰਦਾ। ਕਈ ਵਾਰ ਜੱਗੀ ਇਕੱਲ ਵਿਚ ਏਨਾ ਘਿਰ ਜਾਂਦਾ ਕਿ ਉਸ ਦਾ ਦਿਲ ਕਰਦਾ ਕਿ ਨਵੀ ਦੇ ਘਰ ਜਾ ਕੇ ਰਾਤ ਰਹਿ ਆਵੇ। ਉਹ ਨਵੀ ਨੂੰ ਪੁੱਛਦਾ ਤਾਂ ਨਵੀ ਅੱਗੋਂ ਕੋਈ ਬਹਾਨਾ ਬਣਾ ਕੇ ਉਸ ਨੂੰ ਟਰਕਾ ਦਿੰਦਾ। ਆਪਣੇ ਘਰ ਵਿਚ ਹੁੰਦੇ ਇਕੱਠਾਂ ਜਾਂ ਪਾਰਟੀਆਂ ਵਿਚ ਨਵੀ ਜੱਗੀ ਨੂੰ ਨਹੀਂ ਸੀ ਬੁਲਾਉਂਦਾ। ਰਾਹੁਲ ਦੇ ਇਕੀਵੇਂ ਜਨਮਦਿਨ ਦੀ ਉਸ ਨੇ ਹਾਲ ਵਿਚ ਪਾਰਟੀ ਦਿੱਤੀ ਸੀ ਪਰ ਜੱਗੀ ਨੂੰ ਨਹੀਂ ਸੀ ਸੱਦਿਆ। ਉਸ ਨੂੰ ਦੱਸਿਆ ਵੀ ਨਹੀਂ ਸੀ। ਜੱਗੀ ਵੀ ਕੁਝ ਕੁਝ ਸਮਝਣ ਲਗਿਆ ਸੀ। ਉਹ ਵੀ ਉਦੋਂ ਹੀ ਨਵੀ ਦੇ ਘਰ ਜਾਂਦਾ ਜਦੋਂ ਉਸ ਦਾ ਸਰਦਾ ਨਹੀਂ ਸੀ। ਖਾਸ ਤੌਰ 'ਤੇ ਹੁਣ ਜਦੋਂ ਤੋਂ ਇੰਡੀਆ ਦਾ ਵੀਜ਼ਾ ਔਨ ਲਾਈਨ ਹੋਇਆ ਸੀ ਤਾਂ ਜੱਗੀ ਵੀਜ਼ੇ ਲਈ ਨਵੀ ਰਾਹੀਂ ਹੀ ਐਪਲਾਈ ਕਰਦਾ ਤੇ ਨਵੀ ਵਲ ਜਾਣਾ ਹੀ ਪੈਂਦਾ ਸੀ।

               ਜੱਗੀ ਲਈ ਏਨਾ ਹੀ ਬਹੁਤ ਸੀ ਕਿ ਨਵੀ ਹਰ ਸਮੇਂ ਉਸ ਦੀ ਮੱਦਦ ਲਈ ਤਿਆਰ ਰਹਿੰਦਾ ਸੀ। ਨਿੱਕਾ ਜਿਹਾ ਵੀ ਕੰਮ ਹੁੰਦਾ ਤਾਂ ਨਵੀ ਭੱਜਿਆ ਆਉਂਦਾ। ਜੱਗੀ ਨੂੰ ਨਵੀ ਦਾ ਬਹੁਤ ਸਹਾਰਾ ਸੀ। ਨਵੀ ਪਹਿਲੀਆਂ ਵਿੱਚ ਇੰਡੀਆ ਗਿਆ ਇਕ ਵਾਰ ਜੱਗੀ ਦੇ ਘਰ ਵੀ ਗਿਆ ਸੀ। ਉਸ ਦੇ ਮਾਂਪਿਓ ਤੇ ਭੈਣ ਭਣੋਈਏ ਨੂੰ ਵੀ ਮਿਲਿਆ ਹੋਇਆ ਸੀ। ਹੁਣ ਜਦ ਜੱਗੀ ਨੇ ਚਰਨਜੀਤ ਨੂੰ ਨਵੀ ਬਾਰੇ ਤੇ ਉਸ ਤੋਂ ਮਿਲਦੀ ਮੱਦਦ ਬਾਰੇ ਦੱਸਿਆ ਤਾਂ ਚਰਨਜੀਤ ਬਹੁਤ ਖੁਸ਼ ਸੀ ਕਿ ਕੋਈ ਤਾਂ ਹੈ ਉਸ ਦੇ ਭਰਾ ਨਾਲ ਖੜਨ ਵਾਲਾ। ਇਹੋ ਹੀ ਨਹੀਂ ਹੁਣ ਚਰਨਜੀਤ ਨਵੀ ਨੂੰ ਫੋਨ ਵੀ ਕਰ ਲਿਆ ਕਰਦੀ ਸੀ। ਜੇ ਕਦੇ ਜੱਗੀ ਨਾਲ ਫੋਨ ਨਾ ਲਗਦਾ ਤਾਂ ਉਹ ਨਵੀ ਨੂੰ ਕਰ ਲੈਂਦੀ।

       ਨਵੀ ਵਲ ਦੇਖ ਕੇ ਉਸ ਨੂੰ ਢੇਰ ਸਾਰਾ ਹੌਂਸਲਾ ਵੀ ਮਿਲਦਾ। ਜਦ ਕਦੇ ਉਹ ਨਵੀ ਨੂੰ ਮਿਲਣ ਜਾਂਦਾ ਤਾਂ ਉਹ ਆਪਣਾ ਲੈਪਟੌਪ ਲਈ ਬੈਠਾ ਹੁੰਦਾ। ਉਸ ਨੇ ਹੀ ਜੱਗੀ ਨੂੰ ਇਸ ਨਵੀਂ ਟੈਕਨੌਲੋਜੀ ਬਾਰੇ ਦੱਸਿਆ ਸੀ। ਇੰਟਰਨੈੱਟ, ਈਮੇਲ, ਫੇਸਬੁੱਕ, ਵੌਟਸਅੱਪ ਵਰਗੇ ਸ਼ਬਦ ਉਸ ਲਈ ਬਿਲਕੁਲ ਓਪਰੇ ਸਨ। ਫਿਰ ਨਵੀ ਦੇ ਕਹਿਣ 'ਤੇ ਉਸ ਨੇ ਇੰਟਰਨੈੱਟ ਵੀ ਲੁਆ ਲਿਆ ਸੀ ਤੇ ਲੈਪਟੌਪ ਵੀ ਖਰੀਦਿਆ ਸੀ। ਇਹ ਵਕਤ ਲੰਘਾਉਣ ਦਾ ਵਧੀਆ ਤਰੀਕਾ ਸੀ। ਫਿਰ ਦੁਨੀਆਂ ਭਰ ਦੀ ਖ਼ਬਰ ਵੀ ਰਹਿੰਦੀ ਸੀ। ਉਹ ਰੌਕੀ ਨੂੰ ਮਿਲਣ ਜਾਂਦਾ ਤਾਂ ਆਪਣਾ  ਲੈਪਟੌਪ ਵੀ ਨਾਲ ਲੈ ਜਾਂਦਾ। ਇਕ ਦਿਨ ਪ੍ਰੀਤੀ ਕਹਿਣ ਲੱਗੀ,

       -ਜੈਗ, ਰੌਕੀ ਦਾ ਲੈਪਟੌਪ ਖਰਾਬ ਹੋ ਗਿਆ। ਮੇਰੇ ਕੋਲ ਏਨੇ ਪੈਸੇ ਵੀ ਹੈ ਨਹੀਂ ਕਿ ਹੋਰ ਲੈ ਦੇਵਾਂ।

       ਜੱਗੀ ਸਮਝ ਗਿਆ। ਉਸ ਨੇ ਆਪਣਾ ਲੈਪਟੌਪ ਉਸੇ ਵੇਲੇ ਰੌਕੀ ਨੂੰ ਦੇ ਦਿੱਤਾ ਤੇ ਆਪ ਸੈਕਿੰਡ ਹੈਂਡ ਹੋਰ ਲੈ ਲਿਆ। ਜੱਗੀ ਨੂੰ ਪੈਸੇ ਤਾਂ ਸਾਵੇਂ ਹੀ ਮਿਲਦੇ ਸਨ ਪਰ ਉਸ ਦੇ ਖਰਚ ਬਹੁਤ ਸੀਮਤ ਸਨ ਇਸ ਲਈ ਕੁਝ ਬਚ ਜਾਂਦੇ ਸਨ।

       ਨਵੀ ਬਾਰੇ ਸੋਚਦਾ ਜੱਗੀ ਹੈਰਾਨ ਹੁੰਦਾ ਕਿ ਕਿਵੇਂ ਇਸ ਉਮਰ ਵਿਚ ਵੀ ਔਰਤਾਂ ਲਈ ਫਿਰਦਾ ਹੈ। ਪਿੱਛੇ ਜਿਹੇ ਨਵੀ ਇਕ ਸਹੇਲੀ ਨੂੰ ਲੈ ਕੇ ਯੌਰਪ ਨੂੰ ਗਿਆ ਸੀ। ਕਾਰ ਰਾਹੀਂ ਕਈ ਮੁਲਕਾਂ ਵਿੱਚ ਜਾ ਕੇ ਆਇਆ ਸੀ। ਉਸ ਸੋਚ ਰਿਹਾ ਸੀ ਕਿ ਏਨੇ ਹਜ਼ਾਰ ਮੀਲ ਕਾਰ ਉਸ ਨੇ ਕਿਵੇਂ ਚਲਾਈ ਹੋਵੇਗੀ। ਉਸ ਦਾ ਵੀ ਦਿਲ ਕਰਨ ਲੱਗਿਆ ਕਿ ਕਿਉਂ ਨਾ ਉਹ ਵੀ ਇਕ ਕਾਰ ਲੈ ਲਵੇ, ਹਲਕੀ ਜਿਹੀ ਹੀ ਸਹੀ। ਬਹੁਤ ਸਾਲ ਹੋ ਗਏ ਸਨ ਉਸ ਨੂੰ ਕਾਰ ਚਲਾਇਆਂ। ਇੰਡੀਆ ਗਿਆ ਜ਼ਰੂਰ ਚਲਾਉਂਦਾ ਸੀ ਪਰ ਇਥੇ ਬਹੁਤ ਸਾਲ ਪਹਿਲਾਂ ਡਾਕਟਰ ਨੇ ਮਨਾਂ੍ਹ ਕਰ ਦਿੱਤਾ ਸੀ। ਉਹ ਸਮਝਦਾ ਸੀ ਕਿ ਜਦ ਉਸ ਕੋਲ ਲਾਇਸੰਸ ਹੈ ਤੇ ਉਹ ਠੀਕ-ਠਾਕ ਹੈ ਤਾਂ ਕਿਉਂ ਨਹੀਂ ਕਾਰ ਖਰੀਦ ਲੈਂਦਾ। ਉਸ ਨੇ ਨਵੀ ਨੂੰ ਫੋਨ ਕਰ ਕਿਹਾ,

       -ਯਾਰ, ਇੰਟਰਨੈੱਟ ਤੋਂ ਮੇਰੇ ਲਈ ਕੋਈ ਕਾਰ ਲੱਭ ਸਸਤੀ ਜਿਹੀ, ਜਿਹੜੀ ਮੇਰਾ ਕੰਮ ਚਲਾ ਦੇਵੇ, ਮੈਨੂੰ ਏਧਰ ਓਧਰ ਦੁੜਾਈ ਫਿਰੇ, ਦੇਖਣ ਨੂੰ ਭਾਵੇਂ ਕਿਹੋ ਜਿਹੀ ਹੋਵੇ।

       -ਕਾਰ? ਤੂੰ ਕੀ ਕਰਨੀ ਆਂ ਕਾਰ? ਕਿਤੇ ਐਕਸੀਡੈਂਟ ਕਰਾ ਬੈਠੇਂਗਾ।

       -ਨਹੀਂ ਯਾਰ, ਪੀ ਕੇ ਤਾਂ ਆਪਾਂ ਚਲਾਉਣੀ ਹੀ ਨਹੀਂ।

       -ਰਹਿ ਹੁੰਦਾ ਹੁੰਦਾ ਕਿਤੇ ਫੇਰ।

       -ਤੂੰ ਫਿਕਰ ਨਾ ਕਰ, ਕੁਝ ਨਹੀਂ ਹੁੰਦਾ ਮੈਨੂੰ। ਪਹਿਲਾਂ ਕਾਰ ਲੱਭ ਦੇ ਤੇ ਫੇਰ ਉਹਦੀ ਇੰਨਸ਼ੋਐਰੰਸ ਵੀ ਕਰਾ ਦੇ, ਮਹੀਨੇ ਦੀ ਮਹੀਨੇ ਦੇਈ ਜਾਵਾਂਗਾ।

       -ਦੇਖ ਲੈ, ਮਹਿੰਗਾ ਸੌਦਾ ਸਾਰਾ।

       -ਨਹੀਂ, ਮੈਂ ਕਾਰ ਜੋਗੇ ਪੈਸੇ ਇੰਡੀਆ ਤੋਂ ਲੈ ਆਇਆ ਸੀ ਤੇ ਇੰਸ਼ੋਐਰੰਸ ਮੈਂ ਕਿਸੇ ਨਾ ਕਿਸੇ ਤਰਾਂ੍ਹ ਦੇਈ ਜਾਵਾਂਗਾ। ਤੈਨੂੰ ਪਤਾ ਕਿ ਸ਼ਰਾਬ ਤੋਂ ਬਿਨਾਂ ਤਾਂ ਮੇਰਾ ਕੋਈ ਖਰਚ ਹੈ ਹੀ ਨਹੀਂ।

        ਆਖਦਾ ਜੱਗੀ ਹੱਸਣ ਲੱਗਿਆ ਤੇ ਫਿਰ ਬੋਲਿਆ,

       -ਦੱਸ ਕਦ ਆਵਾਂ ਤੇਰੇ ਕੋਲ?

       -ਜਦ ਮਰਜ਼ੀ ਆ ਜਾ ਪਹਿਲਾਂ ਮੈਨੂੰ ਕਾਰ ਲੱਭ ਲੈਣ ਦੇ। ਇਹ ਦੱਸ ਤੇਰਾ ਬੱਜਟ ਕਿੰਨੇ ਕੁ ਦਾ ਐ?

       -ਹਜ਼ਾਰ ਕੁ ਪੌਂਡ ਦਾ। ਏਨੇ ਕੁ ਮੇਰੇ ਕੋਲ ਹੈਗੇ ਆ।

       ਨਵੀ ਨੇ ਉਸੇ ਵੇਲੇ ਹੀ ਫੋਨ ਉਪਰ ਕਾਰਾਂ ਲੱਭਣੀਆਂ ਸ਼ੁਰੂ ਕਰ ਦਿਤੀਆਂ। ਹਜ਼ਾਰ ਪੌਂਡ ਦੀ ਇਕ ਪੁਰਾਣੀ ਜਿਹੀ ਮਾਈਕਰਾ ਜਿਹੜੀ ਚੰਗੀ ਹਾਲਤ ਵਿਚ ਸੀ ਮਿਲ ਗਈ। ਉਸ ਨੇ ਜੱਗੀ ਨੂੰ ਫੋਨ ਕਰ ਕੇ ਦੱਸਿਆ। ਜੱਗੀ ਉਸੇ ਵੇਲੇ ਹੀ ਬੱਸ ਫੜ ਕੇ ਆ ਗਿਆ। ਕਾਰ ਨਵੀ ਦੇ ਘਰ ਦੇ ਨਜ਼ਦੀਕ ਹੀ ਸੀ। ਉਹ ਗਏ ਤੇ ਕਾਰ ਪਸੰਦ ਆ ਗਈ ਤੇ ਉਹ ਖਰੀਦ ਲਈ। ਕਾਰ ਲੈ ਕੇ ਨਵੀ ਦੇ ਘਰ ਆਏ ਤੇ ਨਵੀ ਇੰਟਰਨੈੱਟ ਤੋਂ ਉਸ ਦੀ ਇੰਸ਼ੋਰਐਰੰਸ ਕਰਾAਣ ਲੱਗ ਪਿਆ। ਜੱਗੀ ਉਸ ਨੂੰ ਆਪਣਾ ਡੈਬਿਟ ਕਾਰਡ ਦਿੰਦਾ ਬੋਲਿਆ,

       -ਮੈਂ ਆਉਂਨਾ, ਜਦ ਤਕ ਤੂੰ ਇੰਸ਼ੋਰਐਰੰਸ ਵਾਲਾ ਕੰਮ ਮੁਕਾ ਲੈ।

       ਉਸ ਨੇ ਕਾਰ ਸਟਾਰਟ ਕੀਤੀ ਤੇ ਹਵਾ ਹੋ ਗਿਆ। ਸਭ ਤੋਂ ਪਹਿਲਾਂ ਉਹ ਪ੍ਰੀਤੀ ਕੋਲ ਗਿਆ। ਕਾਰ ਦੀਆਂ ਚਾਬੀਆਂ ਦਿਖਾਉਂਦਾ ਰੌਕੀ ਨੂੰ ਬੋਲਿਆ,

       -ਤੂੰ ਤੇ ਕਾਰ ਦਾ ਲਾਇਸੰਸ ਵੀ ਨਹੀਂ ਲੈ ਸਕਿਆ। ਚੱਲ ਤੈਨੂੰ ਗੇੜਾ ਦਵਾ ਕੇ ਲਿਆਵਾਂ।

       ਰੌਕੀ ਤੋਂ ਪਹਿਲਾਂ ਪ੍ਰੀਤੀ ਬੋਲੀ,

       -ਜੈਗ, ਤੂੰ ਆਪ ਤਾਂ ਮਰਨਾ ਹੀ ਹੋਇਆ, ਨਾਲ ਮੁੰਡੇ ਨੂੰ ਵੀ ਮਾਰੇਂਗਾ।

       ਇਕ ਤਾਂ ਪ੍ਰੀਤੀ ਨੂੰ ਜੱਗੀ ਦੀ ਸਿਹਤ ਡਰਾਈਵਿੰਗ ਯੋਗ ਨਹੀਂ ਸੀ ਸਮਝਦੀ ਤੇ ਉਸ ਦੇ ਕਾਰ ਚਲਾਉਣ 'ਤੇ ਭਰੋਸਾ ਨਹੀਂ ਸੀ, ਦੂਜੇ ਜਦ ਵੀ ਜੱਗੀ ਰੌਕੀ ਨੂੰ ਕਿਤੇ ਬਾਹਰ ਲੈ ਕੇ ਜਾਂਦਾ ਤਾਂ ਨਛੱਤਰ ਦੇ ਖਿਲਾਫ ਚੁੱਕਣ ਲਗਦਾ ਸੀ। ਕਹਿੰਦਾ ਕਿ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦੇ। ਰੌਕੀ ਆ ਕੇ ਪ੍ਰੀਤੀ ਨੂੰ ਦੱਸ ਦਿੰਦਾ ਤੇ ਫਿਰ ਪ੍ਰੀਤੀ ਜੱਗੀ ਨਾਲ ਖੂਬ ਲੜਦੀ। ਜੱਗੀ ਨੂੰ ਹਾਲੇ ਵੀ ਪ੍ਰੀਤੀ ਦਾ ਇਵੇਂ ਲੜਨਾ ਚੰਗਾ ਲੱਗਦਾ। ਉਹ ਬੋਲਿਆ,

       -ਤੁਸੀਂ ਸਾਰੇ ਮੈਨੂੰ ਹਰਾਉਣ ਵਿਚ ਲੱਗੇ ਹੋਏ ਓ ਪਰ ਮੈਂ ਨਹੀਂ ਹਾਰਨ ਵਾਲਾ। ਜੱਗੀ ਨੂੰ ਹਰਾ ਸਕਣਾ ਏਨਾ ਸੌਖਾ ਨਹੀਂ ਜਿੰਨਾ ਤੁਸੀਂ ਸੋਚੀ ਬੈਠੇ ਓ। ਤੁਹਾਡੇ ਵਲੋਂ ਦਿਤੀ ਹਰ ਮੁਸੀਬਤ ਉਪਰ ਮੈਂ ਇਕ ਦਿਨ ਕਾਬੂ ਪਾ ਲੈਣਾ, ਆਏ ਵਿਲ ਓਵਰਕਮ। ਆਹ ਦੇਖ ਕਾਰ ਮੇਰੇ ਥੱਲੇ ਹੋਣ ਦਾ ਭਾਵ ਕਿ ਮੇਰੇ ਦਿਨ ਬਦਲਣ ਵਾਲੇ ਆ। ਨਵੀ, ਬਾਹੜੇ ਵਰਗੇ ਮੇਰੇ ਕੋਲ ਦੋਸਤ ਹੈਗੇ ਆ ਜਿਹੜੇ ਹਰ ਵੇਲੇ ਮੇਰਾ ਸਾਥ ਦਿੰਦੇ ਆ। ਮੇਰੀ ਭੈਣ, ਮੇਰੇ ਮਾਂਪਿਓ, æææਮੈਂ ਇਕੱਲਾ ਨਹੀਂ।

       ਪ੍ਰੀਤੀ ਉਸ ਦੀਆਂ ਗੱਲਾਂ ਸੁਣਦੀ ਰਹੀ। ਅਜਿਹੀਆਂ ਗੱਲਾਂ ਉਹ ਪਹਿਲਾਂ ਵੀ ਕਰ ਜਾਇਆ ਕਰਦਾ ਸੀ। ਕੁਝ ਦੇਰ ਬਾਅਦ ਜੱਗੀ ਉਥੋਂ ਉਠ ਖੜਿਆ ਤੇ ਬਾਹੜੇ ਦੇ ਘਰ ਆ ਗਿਆ। ਉਸ ਨੂੰ ਕਾਰ ਦਿਖਾਉਣ ਲੱਗਿਆ। ਬਾਹੜੇ ਨੇ ਉਸ ਨੂੰ ਦੋ ਪੈੱਗ ਪਿਲਾ ਦਿਤੇ। ਬਾਹੜੇ ਦੇ ਘਰੋਂ ਉਸ ਨੇ ਆਪਣੇ ਫਲੈਟ ਵਿਚ ਜਾਣਾ ਹੀ ਚੰਗਾ ਸਮਝਿਆ। ਇਕ ਤਾਂ ਇਥੋਂ ਉਹਦਾ ਘਰ ਨੇੜੇ ਪੈਂਦਾ ਸੀ ਤੇ ਨਵੀ ਦਾ ਕੁਝ ਦੂਰ ਤੇ ਦੂਜੇ ਨਵੀ ਨੇ ਗੁੱਸੇ ਵੀ ਹੋਣ ਲੱਗਣਾ ਸੀ ਕਿ ਪੀਤੀ ਕਿਉਂ ਹੈ। ਉਸ ਨੇ ਘਰ ਜਾ ਕੇ ਨਵੀ ਨੂੰ ਫੋਨ ਕਰ ਦਿਤਾ ਕਿ ਉਹ ਘਰ ਪੁੱਜ ਗਿਆ ਹੈ। ਜਦ ਤਕ ਨਵੀ ਨੇ ਉਸ ਦੀ ਇੰਸ਼ੋਐਰੰਸ ਵੀ ਕਰਾ ਦਿਤੀ ਸੀ।

       ਕਾਰ ਨੇ ਜੱਗੀ ਨੂੰ ਇਕ ਨਵੀਂ ਤਾਕਤ ਦੇ ਦਿਤੀ। ਉਸ ਲਈ ਪੁਰਾਣੇ ਦਿਨ ਪਰਤ ਆਏ ਪਰ ਕਾਰ ਨਾਲ ਉਸ ਦੇ ਖਰਚ ਵੀ ਵੱਧ ਗਏ। ਉਸ ਨੇ ਨਵੀ ਨੂੰ ਫੋਨ ਕਰਕੇ ਕਿਹਾ,

       -ਯਾਰ, ਕੋਈ ਛੋਟੀ ਮੋਟੀ ਜੌਬ ਹੀ ਦੇਖ ਦੇਖ ਦੇ ਮੇਰੇ ਲਈ।

       -ਮੇਰਾ ਇਕ ਦੋਸਤ ਰਮਜ਼ਾਨ ਰੈਸਟੋਰੈਂਟ ਚਲਾਉਂਦਾ। ਉਹਨੇ ਫੂਡ ਡਿਲਿਵਰ ਕਰਨ ਲਈ ਬੰਦੇ ਰੱਖੇ ਹੋਏ ਹੁੰਦੇ ਆ। ਸ਼ਾਮ ਨੂੰ ਪੰਜ ਘੰਟਿਆਂ ਦੇ ਤੀਹ ਪੌਂਡ ਦਿੰਦਾ ਹੁੰਦਾ। ਉਪਰੋਂ ਦੀ ਟਿੱਪ ਵੀ ਮਿਲ ਜਾਂਦੀ ਹੋਏਗੀ। ਮੈਂ ਪੁੱਛ ਕੇ ਦੇਖ ਲੈਨਾ।

       -ਪੁੱਛ ਯਾਰ ਪੁੱਛ, ਹੋਰ ਕੀ ਚਾਹੀਦਾ। ਤਿੰਨ ਦਿਨ ਵੀ ਲੱਗ ਜਾਣ ਤਾਂ ਨੱਬੇ ਪੌਂਡ ਹੋ ਜਾਇਆ ਕਰਨੇ ਆਂ।

       ਅਗਲੇ ਦਿਨ ਹੀ ਨਵੀ ਨੇ ਰਮਜ਼ਾਨ ਨੂੰ ਫੋਨ ਕੀਤਾ ਤਾਂ ਉਸ ਨੂੰ ਬੰਦਾ ਚਾਹੀਦਾ ਸੀ। ਨਵੀ ਨੇ ਜੱਗੀ ਨੂੰ ਭੇਜ ਦਿਤਾ।

       ਰਮਜ਼ਾਨ ਨੇ ਜੱਗੀ ਨੂੰ ਪਹਿਲੀ ਅੱਖੇ ਹੀ ਤਾੜ ਲਿਆ। ਉਹ ਨਵੀ ਨੂੰ ਫੋਨ ਕਰਦਾ ਬੋਲਿਆ,

       -ਯਾਰਾ ਨਵੀ, ਇਹ ਅਲਕੋਹਲਕ ਤੇਰਾ ਦੋਸਤ ਕਿਥੋਂ ਹੋ ਗਿਆ? ਸ਼ਰਾਬ ਦੇ ਨਾਲ ਪਤਾ ਨਹੀਂ ਹੋਰ ਕਿਹੜਾ ਕਿਹੜਾ ਨਸ਼ਾ ਕੀਤਾ ਹੋਇਆ ਸੀ। ਮੈਂ ਇਨਕਾਰ ਕਰ ਛੱਡਿਆ।

       -ਰਮਜ਼ਾਨ, ਚੰਗਾ ਬੰਦਾ ਐ ਯਾਰ।

       -ਚੰਗੇ ਬੰਦਾ ਮੇਰੀ ਗਾਹਕੀ ਖਰਾਬ ਕਰ ਛੱਡੇਗਾ। ਮੈਂ ਇਨਕਾਰ ਕਰ ਦਿਤਾ।

       -ਠੀਕ ਕੀਤਾ ਰਮਜ਼ਾਨ। ਗਾਹਕੀ ਪਹਿਲਾਂ।

       ਨਵੀ ਨੇ ਢਹੇ ਜਿਹੇ ਮਨ ਨਾਲ ਕਿਹਾ।

       ਕ੍ਰਿਸਮਸ ਦੇ ਦਿਨ ਸਨ। ਚਾਰੇ ਪਾਸੇ ਰੌਣਕਾਂ ਸਨ। ਦੋ ਕੁ ਦਿਨ ਬਾਹੜਾ ਜੱਗੀ ਕੋਲ ਆਉਂਦਾ ਰਿਹਾ ਤੇ ਉਹ ਪੀਂਦੇ ਰਹੇ ਪਰ ਕ੍ਰਿਸਮਸ ਵਾਲੇ ਦਿਨ ਜੱਗੀ ਇਕੱਲਾ ਸੀ। ਉਸ ਨੇ ਬਾਹੜੇ ਦੇ ਘਰ ਜਾਣਾ ਚਾਹਿਆ ਪਰ ਉਹ ਅੱਗੇ ਆਪਣੀ ਕੁੜੀ ਦੇ ਘਰ ਕ੍ਰਿਸਮਸ ਮਨਾਉਣ ਜਾ ਰਿਹਾ ਸੀ। ਉਸ ਨੇ ਨਵੀ ਨੂੰ ਫੋਨ ਕੀਤਾ ਤਾਂ ਉਸ ਨੇ ਵੀ ਕਿਸੇ ਪਾਸੇ ਜਾਣ ਦਾ ਬਹਾਨਾ ਬਣਾ ਦਿਤਾ। ਜਿਵੇਂ ਜਿਵੇਂ ਸ਼ਾਮ ਢਲ੍ਹ ਰਹੀ ਸੀ ਜੱਗੀ ਦੇ ਮਨ ਨੂੰ ਡੋਬਾ ਜਿਹਾ ਪੈ ਰਿਹਾ ਸੀ। ਵਿਸਕੀ ਵੀ ਉਸ ਉਪਰ ਅਸਰ ਨਹੀਂ ਸੀ ਕਰ ਰਹੀ। ਹਾਰ ਕੇ ਉਸ ਨੇ ਪ੍ਰੀਤੀ ਨੂੰ ਫੋਨ ਕੀਤਾ,

       -ਮੈਡਮ, ਮੈਂ ਰੌਕੀ ਨੂੰ ਮਿਲਣਾ ਚਾਹੁੰਨਾ।

       -ਕਿਉਂ ਜੈਗ, ਕ੍ਰਿਸਮਸ ਦਾ ਤੋਹਫਾ ਦੇਣਾ?

       -ਤੈਨੂੰ ਪਤਾ ਕਿ ਮੇਰੇ ਕੋਲ ਤਾਂ ਸਾਵੇਂ ਪੈਸੇ ਹੀ ਹੁੰਦੇ ਆ। ਤੋਹਫਾ ਕਿਥੋਂ ਦੇਣਾ।

       -ਮਿਲੀਅਨੇਅਰ ਪਿਓ ਦਾ ਪੁੱਤ ਐਂ!

       -ਇਵੇਂ ਤਾਂ ਰੌਕੀ ਵੀ ਮਿਲੀਅਨੇਅਰ ਦਾ ਪੋਤਾ ਐ, ਜਿੰਨਾ ਚਿਰ ਪੈਸੇ ਹੱਥ ਵਿਚ ਨਹੀਂ ਹੁੰਦੇ ਓਨਾ ਚਿਰ ਕਾਹਦਾ ਮਿਲੀਅਨੇਅਰ।

       -ਆਉਣਾ ਤਾਂ ਆ ਜਾਵੀਂ ਪਰ ਜੈਗ, ਕੁਝ ਦੋਸਤ ਹੋਰ ਵੀ ਹੋਣਗੇ, ਕਿਸੇ ਕਿਸਮ ਦਾ ਮਿਸਬਿਹੇਵ ਨਾ ਕਰੀਂ।

       -ਨਹੀਂ, ਬਿਲਕੁਲ ਨਹੀਂ। ਏਹਦਾ ਤੂੰ ਫਿਕਰ ਨਾ ਕਰ।

       ਪ੍ਰੀਤੀ ਨੇ ਨਛੱਤਰ ਨੂੰ ਦੱਸਿਆ ਕਿ ਜੱਗੀ ਵੀ ਆ ਰਿਹਾ ਸੀ। ਨਛੱਤਰ ਨੇ ਕੋਈ ਉਜਰ ਨਾ ਕੀਤਾ। ਉਸ ਨੂੰ ਪਤਾ ਸੀ ਕਿ ਜੇ ਜੱਗੀ ਕੋਈ ਵੀ ਗਲਤ ਗੱਲ ਕਰੇਗਾ ਤਾਂ ਰੌਕੀ ਉਸ ਲਈ ਕਾਫੀ ਹੋਵੇਗਾ। ਨਛੱਤਰ ਆਪਣੀ ਮੌਜ ਵਿਚ ਰਹਿੰਦਾ ਸੀ। ਪ੍ਰੀਤੀ ਨਾਲ ਵਿਆਹ ਕਰਾ ਕੇ ਆਪਣੇ ਆਪ ਨੂੰ ਫਸਿਆ ਤਾਂ ਸਮਝਦਾ ਪਰ ਅੰਦਰੋਂ ਉਹ ਆਜ਼ਾਦ ਸੀ। ਕੰਮ 'ਤੇ ਉਸ ਨੇ ਇਕ ਸਹੇਲੀ ਕਿਰਨਜੀਤ ਰੱਖੀ ਹੋਈ ਸੀ। ਉਸ ਦੇ ਘਰਵਾਲੇ ਅਮਰੀਕ ਨਾਲ ਵੀ ਨਛੱਤਰ ਦੀ ਦੋਸਤੀ ਸੀ। ਇਕ ਹੋਰ ਗੋਰੀ ਨਾਲ ਵੀ ਸੰਬੰਧ ਸਨ, ਕਦੇ ਕਦੇ ਉਸ ਵਲ ਵੀ ਜਾ ਆਇਆ ਕਰਦਾ ਸੀ। ਇਵੇਂ ਉਹ ਆਪਣੇ ਆਪ ਨੂੰ ਸੰਤੁਸ਼ਟ ਰੱਖਦਾ ਸੀ ਤੇ ਪ੍ਰੀਤੀ ਦੀਆਂ ਗੱਲਾਂ ਵਿਚ ਬਹੁਤਾ ਦਖਲ ਨਹੀਂ ਸੀ ਦਿੰਦਾ।

       ਜੱਗੀ ਪ੍ਰੀਤੀ ਦੇ ਘਰ ਪੁੱਜਾ ਤਾਂ ਅਮਰੀਕ ਤੇ ਨਛੱਤਰ ਪਹਿਲਾਂ ਹੀ ਬੈਠੇ ਪੀ ਰਹੇ ਸਨ। ਜੱਗੀ ਨੇ ਉਹਨਾਂ ਨਾਲ ਹੱਥ ਮਿਲਾਇਆ। ਉਹ ਇਕ ਵਾਰ ਪਹਿਲਾਂ ਵੀ ਅਮਰੀਕ ਨੂੰ ਮਿਲਿਆ ਹੋਇਆ ਸੀ। ਇਧਰ ਓਧਰ ਦੀਆਂ ਗੱਲਾਂ ਹੋ ਰਹੀਆਂ ਸਨ ਕਿ ਅਚਾਨਕ ਜੱਗੀ ਨਛੱਤਰ ਨੂੰ ਕਹਿਣ ਲੱਗਾ,

       -ਨਿੱਕ, ਪੀਟਰ ਨੂੰ ਕਹਿ ਕੇ ਰੌਕੀ ਨੂੰ ਕੰਮ 'ਤੇ ਲੁਆ ਦੇ।

       ਪੀਟਰ ਨਛੱਤਰ ਦੀ ਪਹਿਲੀ ਪਤਨੀ ਨੀਸ਼ਾ ਦਾ ਪਤੀ ਸੀ। ਉਹ ਆਪਸ ਵਿਚ ਰਿਸ਼ਤੇਦਾਰਾਂ ਵਾਂਗ ਹੀ ਮਿਲਦੇ ਸਨ। ਰੌਕੀ ਨੇ ਕੁਝ ਦਿਨ ਪੀਟਰ ਨਾਲ ਕੰਮ ਕੀਤਾ ਵੀ ਸੀ ਪਰ ਲੋਹੇ ਦਾ ਕੰਮ ਭਾਰਾ ਸੀ ਤੇ ਦੂਜੇ ਰੌਕੀ ਕੰਮ ਕਰਨਾ ਵੀ ਨਹੀਂ ਸੀ ਚਾਹੁੰਦਾ। ਨਛੱਤਰ ਬੋਲਿਆ,

       -ਪੀਟਰ ਨੂੰ ਕਿਹਾ ਤਾਂ ਸੀ ਪਰ ਕੰਮ ਦੀ ਹਾਲੇ ਸਲੈਕ ਚੱਲ ਰਹੀ ਐ।

       -ਇਹ ਜਿਵੇਂ ਸੋਫੇ 'ਤੇ ਬੈਠਾ ਰਹਿੰਦਾ ਇਵੇਂ ਇਹਦੇ ਚਿਤੜ ਗਲ਼ ਜਾਣੇ ਆਂ।

       ਪਹਿਲਾਂ ਜੱਗੀ ਨੇ ਪੰਜਾਬੀ ਵਿਚ ਕਿਹਾ ਤੇ ਫਿਰ ਅੰਗਰੇਜ਼ੀ ਵਿਚ ਕਹਿ ਕੇ ਰੌਕੀ ਨੂੰ ਸਮਝਾਉਣ ਲੱਗਾ। ਰੌਕੀ ਮਜ਼ਾਕ ਸਮਝਦਾ ਹੱਸਣ ਲੱਗਿਆ। ਜਿਵੇਂ ਜਿਵੇਂ ਦਾਰੂ ਪੀਂਦੇ ਗਏ ਜੱਗੀ ਦੇ ਮਨ ਵਿਚ ਇਹ ਗੱਲ ਸ਼ੋਰ ਪਾਉਂਦੀ ਰਹੀ। ਉਹ ਨੇ ਰੌਕੀ ਨੂੰ ਆਖਿਆ,

       -ਤੂੰ ਡਾਈਵਿੰਗ ਟੈਸਟ ਪਾਸ ਕਰ ਤੇ ਨਾਲ ਹੀ ਕੋਈ ਕੰਮ ਲੱਭ, ਤੂੰ ਆਪਣੀ ਜ਼ਿੰਦਗੀ ਨਰਕ ਬਣਾਈ ਹੋਈ ਐ।

       ਕੁਝ ਇਕ ਵਾਰ ਤਾਂ ਰੌਕੀ ਸੁਣਦਾ ਰਿਹਾ ਪਰ ਫਿਰ ਉਸ ਨੂੰ ਗੁੱਸਾ ਆਉਣ ਲਗਿਆ। ਉਸ ਨੇ ਉਠ ਕੇ ਜੱਗੀ ਨੂੰ ਗਲ਼ੋਂ ਫੜ ਲਿਆ ਜਿਵੇਂ ਉਹ ਫੜਿਆ ਹੀ ਕਰਦਾ ਸੀ। ਨਛੱਤਰ ਤੇ ਅਮਰੀਕ ਉਹਨਾਂ ਨੂੰ ਛੁਡਾ ਰਹੇ ਸਨ ਪਰ ਨਾਲ ਹੀ ਨਛੱਤਰ ਨੇ ਰੌਕੀ ਨੂੰ ਇਸ਼ਾਰਾ ਕਰ ਦਿੱਤਾ ਕਿ ਇਸ ਨੂੰ ਚੁੱਕ ਕੇ ਬਾਹਰ ਸੁੱਟ ਦੇਵੇ। ਰੌਕੀ ਨੇ ਇਵੇਂ ਹੀ ਕੀਤਾ। ਜੱਗੀ ਕਪੜੇ ਠੀਕ ਕਰਦਾ ਉਠਿਆ ਤੇ ਲੜਖੜਾਂਦਾ ਆਪਣੀ ਕਾਰ ਵਿਚ ਬਹਿ ਗਿਆ। ਉਸ ਨੇ ਕਾਰ ਸਟਾਰਟ ਕਰ ਲਈ ਪਰ ਏਨਾ ਸ਼ਰਾਬੀ ਸੀ ਕਿ ਸਾਹਮਣੇ ਕੁਝ ਵੀ ਨਹੀਂ ਸੀ ਦਿਸ ਰਿਹਾ। ਉਸ ਨੇ ਕਾਰ ਤੋਰ ਲਈ। ਕਿਧਰ ਨੂੰ ਮੁੜ ਰਿਹਾ ਸੀ ਉਸ ਨੂੰ ਕੁਝ ਨਹੀਂ ਸੀ ਪਤਾ। ਕ੍ਰਿਸਮਸ ਦੇ ਦਿਨਾਂ ਵਿਚ ਤਾਂ ਪੁਲੀਸ ਸ਼ਰਾਬੀਆਂ ਨੂੰ ਉਵੇਂ ਹੀ ਲੱਭਦੀ ਫਿਰਦੀ ਹੈ ਸੋ ਛੇਤੀ ਹੀ ਨੀਲੀਆਂ ਲਾਈਟਾਂ ਉਸ ਦਾ ਪਿੱਛਾ ਕਰਨ ਲੱਗੀਆਂ।



ਛੱਬੀ


       ਬੌਕਸਿੰਡ ਡੇ ਦੀ ਛੁੱਟੀ ਸੀ। ਨਵੀ ਹਾਲੇ ਬੈੱਡ ਵਿੱਚ ਹੀ ਸੀ ਕਿ ਉਸ ਦੇ ਫੋਨ ਦੀ ਘੰਟੀ ਵੱਜੀ। ਜੱਗੀ ਦਾ ਫੋਨ ਸੀ,

       -ਕਿੱਦਾਂ ਬਈ ਨਵੀ ਸਿਆਂ, ਛੁੱਟੀ ਮਨਾ ਹੋ ਰਹੀ ਐ?

       -ਹਾਂ ਜੱਗੀ, ਰਾਤੀਂ ਲੇਟ ਸੌਂ ਹੋਇਆ। ਤੂੰ ਸੁਣਾ ਕੀ ਹਾਲ ਐ? ਕਿਵੇਂ ਰਹੀ ਕ੍ਰਿਸਮਸ?

       -ਕ੍ਰਿਸਮਸ ਫਸਟ ਕਲਾਸ ਰਹੀ। ਹੋਰ ਨਵੀਂ ਤਾਜ਼ੀ?

       -ਨਵੀਂ ਤਾਜ਼ੀ ਤੂੰ ਸੁਣਾ, ਪ੍ਰੀਤੀ ਨਾਲ ਕ੍ਰਿਸਮਸ ਮਨਾ ਕੇ ਆਇਆਂ?

       -ਅੱਜ ਕੀ ਕਰਨਾਂ?

       ਨਵੀ ਦੀ ਗੱਲ ਦਾ ਉੱਤਰ ਦਿੱਤੇ ਬਿਨਾਂ ਜੱਗੀ ਨੇ ਪੁੱਛਿਆ। ਨਵੀ ਬੋਲਿਆ,

       -ਹਾਲੇ ਤਾਂ ਬੈੱਡ ਵਿਚ ਹੀ ਆਂ। ਤੂੰ ਦੱਸ?

       -ਜੇ ਆ ਸਕਦਾਂ ਤਾਂ ਆ ਕੇ ਮੈਨੂੰ ਸਟੇਨਜ਼ ਪੁਲੀਸ ਸਟੇਸ਼ਨ ਤੋਂ ਹੀ ਲੈ ਜਾਹ।

       ਜੱਗੀ ਨੇ ਬੜੇ ਸਹਿਜ ਨਾਲ ਕਿਹਾ। ਨਵੀ ਹੈਰਾਨ ਹੁੰਦਾ ਬੋਲਿਆ,

       -ਸਟੇਨਜ਼ ਪੁਲੀਸ ਸਟੇਸ਼ਨ? ਉਥੇ ਕੀ ਕਰਦਾਂ?

       -ਡਾਕੇ ਵਿੱਚ ਤਾਂ ਮੈਂ ਫੜਿਆ ਨਹੀਂ ਜਾ ਸਕਦਾ। ਲਾ ਪਾ ਕੇ ਇਕੋ ਕਰਾਈਮ ਹੀ ਮੇਰੇ ਹਿੱਸੇ ਆਉਂਦਾ, ਡਰਿੰਕ ਐਂਡ ਡਰਾਈਵ।

       ਆਖਦਾ ਜੱਗੀ ਹੱਸਿਆ। ਨਵੀ ਉਸੇ ਵੇਲੇ ਉਠਿਆ ਤੇ ਤਿਆਰ ਹੋਣ ਲਗਿਆ।

       ਉਸ ਦੇ ਪੁਲੀਸ ਸਟੇਸ਼ਨ ਪੁੱਜਦੇ ਨੂੰ ਜੱਗੀ ਬਾਹਰ ਖੜਾ ਉਸ ਦੀ ਉਡੀਕ ਕਰ ਰਿਹਾ ਸੀ। ਨਵੀ ਕਹਿਣਾ ਚਾਹੁੰਦਾ ਸੀ ਕਿ ਤੈਨੂੰ ਬਹੁਤ ਕਿਹਾ ਸੀ ਕਿ ਇਹ ਕੰਮ ਨਾ ਕਰੀਂ ਪਰ ਉਹ ਚੁੱਪ ਰਿਹਾ। ਜੱਗੀ ਨੇ ਆਖਿਆ,

       -ਰਾਤੀਂ ਮੈਂ ਰੌਕੀ ਵਲ ਚਲੇ ਗਿਆ ਸੀ।

       -ਸਿੱਧਾ ਕਹਿ ਕਿ ਪ੍ਰੀਤੀ ਵਲ ਚਲੇ ਗਿਆ ਸੀ, ਰੌਕੀ ਦਾ ਤਾ ਇਕ ਬਹਾਨਾ ਹੀ ਬਣਾਉਂਨਾ।

       -ਕੀ ਕਰਾਂ ਯਾਰ, ਬਹੁਤ ਇਕੱਲਾ ਸੀ। ਇਕੱਲ ਤੋਂ ਡਰ ਲੱਗ ਰਿਹਾ ਸੀ। ਮੈਡਮ ਨੂੰ ਫੋਨ ਕੀਤਾ ਤਾਂ ਕਹਿੰਦੀ ਕਿ ਆ ਜਾ।

       -ਫੇਰ?

       -ਫੇਰ ਕੀ, ਉਥੇ ਜਾ ਕੇ ਪੰਗਾ ਪੈ ਗਿਆ। ਲੜਾਈ ਹੋ ਗਈ। ਮੈਂ ਸ਼ਰਾਬੀ ਸੀ ਤੇ ਉਠ ਕੇ ਤੁਰ ਆਇਆ। ਰਾਹ ਵਿੱਚ ਆਹ ਰਿਸ਼ਤੇਦਾਰ ਮਿਲ ਪਏ ਤੇ ਹੁਣ ਤੇਰੇ ਨਾਲ ਕਾਰ ਵਿਚ ਬੈਠਾਂ।

      -ਕਾਰ ਤੇਰੀ ਕਿੱਥੇ ਆ?

       ਨਵੀ ਨੇ ਪੁੱਛਿਆ। ਜੱਗੀ ਸੋਚਣ ਲੱਗਿਆ। ਉਸ ਨੂੰ ਕੁਝ ਵੀ ਯਾਦ ਨਹੀਂ ਸੀ। ਕੁਝ ਸੋਚ ਕੇ ਬੋਲਿਆ,

       -ਚੱਲ ਆਪਾਂ ਪ੍ਰੀਤੀ ਦੀ ਰੋਡ ਵਲ ਚਲਦੇ ਆਂ, ਕਿਤੇ ਰਾਹ ਵਿਚ ਖੜੀ ਹੋਣੀ ਆਂ।

       ਉਹਨਾਂ ਨੇ ਕਈ ਸੜਕਾਂ 'ਤੇ ਚੱਕਰ ਮਾਰੇ ਪਰ ਕਾਰ ਕਿਧਰੇ ਨਾ ਦਿਸੀ। ਜੱਗੀ ਨੇ ਕਿਹਾ,

       -ਓ ਫਿਕਰ ਨਾ ਕਰ। ਪੁਲੀਸ ਨੇ ਕਿਤੇ ਠੀਕ ਹੀ ਖੜੀ ਕੀਤੀ ਹੋਣੀ ਆਂ। ਮੈਂ ਕੱਲ ਨੂੰ ਫੋਨ ਕਰਕੇ ਪੁੱਛ ਲਵਾਂਗਾ। ਚੱਲ ਹੁਣ ਘਰ ਨੂੰ ਚਲਦੇ ਆਂ, ਹਾਲੇ ਕ੍ਰਿਸਮਸ ਖਤਮ ਨਹੀਂ ਹੋਈ।

       ਨਵੀ ਨੇ ਕਾਰ ਜੱਗੀ ਦੇ ਫਲੈਟ ਵਲ ਤੋਰ ਲਈ। ਕਰੋਅ ਕਲੋਜ਼ 'ਤੇ ਜਾ ਕੇ ਨਵੀ ਬੋਲਿਆ,

       -ਲੈ ਬਈ, ਤੂੰ ਕਰ ਐਸ਼ਾਂ, ਮੈਂ ਚਲਦਾਂ।

       -ਆ ਜਾ ਯਾਰ ਨਵੀ, ਕ੍ਰਿਸਮਸ ਐ!

       -ਦੇਖ ਲੈ, ਤੇਰਾ ਲਾਇਸੰਸ ਤਾਂ ਗਿਆ ਹੁਣ, ਮੈਨੂੰ ਤਾਂ ਆਪਣਾ ਸਾਂਭ ਲੈਣ ਦੇ। æææਨਾਲੇ ਘਰ ਪ੍ਰਾਹੁਣੇ ਆਏ ਹੋਏ ਆ।

       ਨਵੀ ਨੇ ਝੂਠ ਆਖ ਦਿਤਾ। ਜੱਗੀ ਵੀ ਸਮਝ ਗਿਆ ਕਿ ਨਵੀ ਹੁਣ ਕਾਰ ਵਿੱਚੋਂ ਨਹੀਂ ਨਿਕਲੇਗਾ। ਉਹ ਕਾਰ ਵਿਚੋਂ ਨਿਕਲਦਾ ਬੋਲਿਆ,

       -ਚੰਗਾ, ਆਪਣਾ ਧਿਆਨ ਰੱਖੀਂ।

       ਅਗਲੇ ਦਿਨ ਨਵੀ ਤੇ ਜੱਗੀ ਪੁਲੀਸ ਸਟੇਸ਼ਨ ਗਏ ਤਾਂ ਜੋ ਕਾਰ ਦਾ ਅਤਾ-ਪਤਾ ਪੁੱਛ ਸਕਣ। ਉਹ ਪੁਲੀਸ ਦੀ ਦੱਸੀ ਜਗਾਹ ਗਏ ਤਾਂ ਕਾਰ ਉਥੇ ਹੈ ਨਾ ਸੀ। ਉਹ ਸੋਚਣ ਲੱਗੇ ਕਿ ਸ਼ਾਇਦ ਕਾਰ ਚੋਰੀ ਹੋ ਗਈ ਹੋਵੇਗੀ। ਉਸ ਨੇ ਪੁਲੀਸ ਕੋਲ ਕਾਰ ਦੇ ਚੋਰੀ ਹੋਣ ਦੀ ਰਿਪ੍ਰੋਟ ਲਿਖਾ ਦਿੱਤੀ।

       ਜੱਗੀ ਦਾ ਦੋ ਸਾਲ ਲਈ ਲਾਇਸੰਸ ਚਲੇ ਗਿਆ ਤੇ ਨਾਲ ਹੀ ਤਿੰਨ ਸੌ ਪੌਂਡ ਜੁਰਮਾਨਾ। ਉਸ ਨੇ ਫੋਨ ਕਰਕੇ ਨਵੀ ਨੂੰ ਦੱਸਿਆ ਤਾਂ ਨਵੀ ਅੱਗਿਓਂ ਅਫਸੋਸ ਕਰਨ ਲੱਗਿਆ। ਜੱਗੀ ਬੋਲਿਆ,

       -ਯਾਰ, ਲਾਇਸੰਸ ਦਾ ਤਾਂ ਕੋਈ ਅਫਸੋਸ ਨਹੀਂ, ਗੌਰਮਿੰਟ ਦਾ ਸੀ ਤੇ ਗੌਰਮਿੰਟ ਨੇ ਲੈ ਲਿਆ ਪਰ ਸਾਲ਼ਿਆਂ ਨੇ ਜਿਹੜਾ ਜੁਰਮਾਨਾ ਠੋਕ ਦਿਤਾ ਇਹ ਵਾਧੂ ਕੀਤਾ।

       ਸੱਚ ਹੀ ਨਵੀ ਲਈ ਜੁਰਮਾਨਾ ਦੇਣਾ ਔਖਾ ਹੋ ਜਾਣਾ ਸੀ। ਉਵੇਂ ਤਾਂ ਉਸ ਨੇ ਜੁਰਮਾਨੇ ਦੀਆਂ ਕਿਸ਼ਤਾਂ ਕਰਵਾ ਲਈਆਂ ਸਨ ਪਰ ਹਰ ਮਹੀਨੇ ਦੇਣੇ ਔਖੇ ਹੋ ਜਾਣੇ ਸਨ। ਉਸ ਨੇ ਸਾਰੀ ਗੱਲ ਪ੍ਰੀਤੀ ਨੂੰ ਦੱਸੀ। ਪਹਿਲਾਂ ਤਾਂ ਪ੍ਰੀਤੀ ਉਸ ਨਾਲ ਗੁੱਸੇ ਵਿੱਚ ਸੀ ਪਰ ਜਦ ਪਤਾ ਚੱਲਿਆ ਕਿ ਉਸ ਦਾ ਲਾਇਸੰਸ ਚਲੇ ਗਿਆ ਹੈ ਤਾਂ ਉਹ ਨਰਮ ਪੈ ਗਈ ਤੇ ਉਸ ਨੂੰ ਦੋ ਸੌ ਪੌਂਡ ਵੀ ਦੇ ਦਿੱਤਾ।

       ਲਾਇਸੰਸ ਜਾਣ ਦੇ ਦੁੱਖ ਵਿੱਚੋਂ ਉਹ ਜਲਦੀ ਹੀ ਉਭਰ ਆਇਆ। ਉਸ ਨੇ ਕਾਰ ਦੀ ਚੋਰੀ ਹੋਣ 'ਤੇ ਬੀਮਾ ਕੰਪਨੀ ਤੋਂ ਪੈਸੇ ਕਲੇਮ ਕਰਨੇ ਚਾਹੇ ਤਾਂ ਪਤਾ ਚੱਲਿਆ ਕਿ ਕਾਰ ਤਾਂ ਟਰੈਫਿਕ ਵਾਲਿਆਂ ਕੋਲ ਖੜੀ ਹੈ। ਗਲਤ ਪਾਰਕ ਕਰਨ ਕਰਕੇ ਉਹ ਚੁੱਕ ਲੈ ਗਏ ਸਨ। ਹੁਣ ਉਹ ਪੁਲੀਸ-ਪੌਂਡ ਵਿੱਚ ਕਾਰ ਖੜੀ ਕਰਨ ਦੇ ਪੈਸੇ ਮੰਗ ਰਹੇ ਸਨ, ਪੈਸੇ ਵੀ ਏਨੇ ਕਿ ਕਾਰ ਦੀ ਕੀਮਤ ਤੋਂ ਵੀ ਵੱਧ। ਉਹ ਉਹਨਾਂ ਦੇ ਦਫਤਰ ਗਿਆ ਤੇ ਕਾਰ ਦੀਆਂ ਚਾਬੀਆਂ ਹੀ ਉਹਨਾਂ ਨੂੰ ਦੇ ਆਇਆ।

       ਜੱਗੀ ਦੀ ਰੋਜ਼ ਮਰਾਹ ਦੇ ਜੀਵਨ ਦਾ ਲਹਿਜ਼ਾ ਇਕੋ ਜਿਹਾ ਸੀ। ਉਸ ਨੂੰ ਨੀਂਦ ਬਹੁਤ ਘੱਟ ਆਉਂਦੀ। ਤੜਕ ਸਾਰ ਸੌਂਦਾ ਤੇ ਜਲਦੀ ਹੀ ਉਠ ਖੜਦਾ ਕਈ ਵਾਰ ਉਹ ਦਿਨ ਨੂੰ ਵੀ ਝਪਕੀ ਲਾ ਲੈਂਦਾ ਪਰ ਸੰਖੇਪ ਜਿਹੀ। ਉਸ ਨੇ ਡਾਕਟਰ ਦੇ ਜਾਣਾ ਹੁੰਦਾ ਤਾਂ ਵਕਤ ਸਿਰ ਜਾਂਦਾ। ਹਸਪਤਾਲ ਦੀ ਐਪੁਆਇੰਟਮੈਂਟ ਹੁੰਦੀ ਤਾਂ ਕਦੇ ਉਕਦਾ ਨਾ। ਦਵਾਈ ਵੀ ਉਹ ਧਿਆਨ ਨਾਲ ਖਾਂਦਾ। ਕਈ ਕਿਸਮ ਦੀ ਦਵਾਈ ਸੀ। ਕੋਈ ਨਰਵਸ ਸਿਸਟਮ ਕਾਬੂ ਰੱਖਣ ਦੀ, ਕੋਈ ਬਲੱਡ ਪ੍ਰੈਸ਼ਰ ਦੀ, ਕੋਈ ਕਲੈਸਟਰੋਲ ਦੀ, ਕੋਈ ਨੀਂਦ ਦੀ। ਇਕ ਗੋਲੀ ਉਹ ਫਿਟਸ ਦੀ ਵੀ ਖਾਂਦਾ। ਦਵਾਈਆਂ ਖਾ-ਖਾ ਕੇ ਉਸ ਦਾ ਚਿਹਰਾ ਬਦਲ ਗਿਆ ਹੋਇਆ ਸੀ। ਚਿਹਰੇ ਦੀ ਚਮੜੀ ਵਿਚ ਅਜੀਬ ਕਿਸਮ ਦੀ ਖੁਸ਼ਕੀ ਸੀ। ਉਸ ਦੀਆਂ ਅੱਖਾਂ ਖਾਲੀ-ਖਾਲੀ ਸਨ। ਉਸ ਦੀ ਤੱਕਣੀ ਵਿਚ ਕੋਈ ਵੀ ਸੁਨੇਹਾ ਨਹੀਂ ਸੀ ਹੁੰਦਾ।

ਆਵਾਜ਼ਾਂ ਉਸ ਨੂੰ ਪਿਛਲੇ ਵੀਹ-ਬਾਈ ਸਾਲ ਤੋਂ ਸੁਣ ਰਹੀਆਂ ਸਨ। ਪਰ ਹਾਲੇ ਵੀ ਇਹਨਾਂ ਦਾ ਆਦੀ ਨਹੀਂ ਸੀ ਹੋਇਆ। ਕੋਈ ਗੱਲ ਉਸ ਦੇ ਮਨ ਦੇ ਅਨੁਕੂਲ ਨਾ ਹੁੰਦੀ ਤਾਂ ਉਹ ਸਿਰ ਝਟਕ-ਝਟਕ ਮਾਰਦਾ। ਆਵਾਜ਼ਾਂ ਦਾ ਸ਼ੋਰ ਵਧ ਜਾਂਦਾ ਤੇ ਉੱਚੀ ਉੱਚੀ ਬੋਲ ਕੇ ਆਵਾਜ਼ਾਂ ਦਾ ਸਾਹਮਣਾ ਕਰਦਾ। ਉਹਨਾਂ ਨੂੰ ਬਰਾਬਰ ਗਾਲ਼ਾਂ ਕੱਢ ਰਿਹਾ ਹੁੰਦਾ। ਕਈ ਵਾਰ ਉਹ ਹਵਾ ਵਿਚ ਮੁੱਕੇ ਮਾਰਦਾ ਦੁਸ਼ਮਣ ਦਾ ਸਾਹਮਣਾ ਕਰ ਰਿਹਾ ਹੁੰਦਾ। ਘਰ ਹੁੰਦਾ ਤਾਂ ਆਪਣੇ ਆਪ ਨਾਲ ਗੱਲਾਂ ਕਰਦਾ ਰਹਿੰਦਾ। ਕਈ ਵਾਰ ਸੜਕ 'ਤੇ ਤੁਰਿਆ ਜਾਂਦਾ ਵੀ ਆਵਾਜ਼ਾਂ ਨਾਲ ਗੱਲਾਂ ਕਰਦਾ ਜਾਂਦਾ। ਘਰ ਹੁੰਦਾ ਤਾਂ ਉਸ ਨੂੰ ਕੋਈ ਪਰਵਾਹ ਨਾ ਹੁੰਦੀ ਪਰ ਘਰੋਂ ਬਾਹਰ ਹੁੰਦਾ ਤਾਂ ਠੀਕ ਦਿਸਣ ਦੀ ਕੋਸ਼ਿਸ਼ ਕਰਦਾ। ਖਾਣਾ ਉਸ ਤੋਂ ਬਹੁਤਾ ਨਹੀਂ ਸੀ ਖਾ ਹੁੰਦਾ ਪਰ ਫਿਰ ਵੀ ਉਹ ਘਰੇ ਹੀ ਦਾਲ਼ਾਂ, ਸਬਜੀਆਂ ਤੇ ਮੀਟ ਬਣਾ ਲਿਆ ਕਰਦਾ। ਜਿਸ ਦਿਨ ਬਾਹੜੇ ਨੇ ਆਉਣਾ ਹੁੰਦਾ ਤਾਂ ਉਹ ਜ਼ਰੂਰ ਮੀਟ ਬਣਾਉਂਦਾ। ਨਵੀ ਉਸ ਕੋਲ ਬਹੁਤ ਘੱਟ ਠਹਿਰਦਾ ਸੀ। ਉਹ ਉਸ ਦੇ ਕੰਮ ਕਰਕੇ ਇਕ ਦਮ ਮੁੜਨ ਦੀ ਕਰਦਾ। ਨਵੀ ਉਸ ਦੇ ਫਲੈਟ ਤੋਂ ਸੂਕ ਜਿਹੀ ਮੰਨਦਾ ਸੀ।

       ਜੱਗੀ ਸਫਾਈ ਪਸੰਦ ਸੀ। ਉਹ ਹਰ ਰੋਜ਼ ਨਹਾਉਂਦਾ। ਕਪੜੇ ਵੀ ਲਗਾਤਾਰ ਧੋਂਦਾ। ਵਾਲਾਂ ਵਿਚ ਵੀ ਚਿੱਟੋਂ ਨਾ ਵੜਨ ਦਿੰਦਾ। ਬਾਹਰ ਪੂਰਾ ਤਿਆਰ ਹੋ ਕੇ ਨਿਕਲਦਾ। ਡਾਕਟਰ ਜਾਂ ਹਸਪਤਾਲ ਜਾਣਾ ਹੁੰਦਾ ਤਾਂ ਟਾਈ-ਸ਼ਾਈ ਲਾ ਕੇ ਜਾਂਦਾ। ਹੁਣ ਕੁਝ ਦੇਰ ਤੋਂ ਉਸ ਦੀਆਂ ਮੁਸ਼ਕਲਾਂ ਵਿਚ ਵਾਧਾ ਹੋਣ ਲੱਗਿਆ ਸੀ। ਇਕ ਤਾਂ ਉਸ ਦਾ ਪੇਟ ਬਹੁਤ ਜਲਦੀ ਖਰਾਬ ਹੋਣ ਲੱਗਿਆ ਸੀ। ਦਿਨ ਵਿਚ ਕਈ ਕਈ ਵਾਰ ਉਸ ਨੂੰ ਟੁਆਇਲਟ ਜਾਣਾ ਪੈਂਦਾ। ਦੂਜੇ ਕਦੇ-ਕਦੇ ਪਿਸ਼ਾਬ ਉਪਰ ਉਸ ਦਾ ਕਾਬੂ ਨਹੀਂ ਸੀ ਰਹਿੰਦਾ, ਖਾਸ ਤੌਰ 'ਤੇ ਜਦ ਸ਼ਰਾਬ ਪੀਤੀ ਹੁੰਦੀ ਤੇ ਉਹ ਸੁੱਤਾ ਪਿਆ ਹੁੰਦਾ। ਉਹ ਜਲਦੀ ਨਾਲ ਉਠ ਕੇ ਆਪਣੇ ਕਪੜੇ ਤੇ ਬਿਸਤਰ ਧੋਣ ਲੱਗਦਾ। ਬਿਸਤਰ ਲਈ ਉਸ ਨੇ ਪਲਾਸਟਕ ਦੀ ਛੀਟ ਲੈ ਆਂਦੀ ਸੀ। ਡਾਕਟਰ ਨੂੰ ਉਸ ਨੇ ਇਹ ਗੱਲ ਦੱਸੀ ਤਾਂ ਉਸ ਦਾ ਕਹਿਣਾ ਸੀ ਕਿ ਸ਼ਰਾਬ ਛੱਡ ਦੇਵੇ ਪਰ ਸ਼ਰਾਬ ਉਸ ਤੋਂ ਛੁੱਟਦੀ ਨਹੀਂ ਸੀ।

       ਇਕ ਦਿਨ ਉਹ ਜਾਗਿਆ ਤਾਂ ਦੇਖਿਆ ਕਿ ਅਜੀਬ ਜਿਹਾ ਮੁਸ਼ਕ ਆ ਰਿਹਾ ਸੀ। ਉਹ ਜਲਦੀ ਹੀ ਸਮਝ ਗਿਆ ਕਿ ਸੁੱਤੇ ਪਏ ਨੇ ਟੁਆਇਲਟ ਕਰ ਲਈ ਹੈ। ਉਹ ਬੋਲਿਆ,

       -ਇਹ ਸਾਲ਼ੀ ਨਵੀਂ ਪ੍ਰੌਬਲਮ!        




ਸਤਾਈ


       ਕਰੋਅ ਕਲੋਜ਼ ਛੋਟੀ ਜਿਹੀ ਬੰਦ ਰੋਡ ਹੈ। ਗੋਲ ਦਾਇਰੇ ਵਿਚ, ਤਿੰਨ ਮੰਜ਼ਿਲੇ ਕੌਂਸਲ ਦੇ ਫਲੈਟਾਂ ਵਾਲੀ। ਹਰ ਫਲੈਟ ਲਈ ਕਾਰ ਖੜੀ ਕਰਨ ਲਈ ਪਾਰਕਿੰਗ ਦਾ ਇੰਤਜ਼ਾਮ ਵੀ ਹੈ ਤੇ ਕੁਝ ਵਾਧੂ ਕਾਰਾਂ ਲਈ ਜਗਾਹ ਵੀ ਬਣਾਈ ਹੋਈ ਹੈ। ਇਸ ਦੇ ਪਿਛਲੇ ਪਾਸੇ ਡਿਊਲ ਕੈਰਜਵੇਅ ਏ ਫੋਰ ਪੈਂਦੀ ਹੈ। ਉਹੀ ਏ ਫੋਰ ਜੋ ਅਗੇ ਜਾ ਕੇ ਐਮ ਫੋਰ ਬਣ ਕੇ ਧੁਰ ਵੇਲਜ਼ ਵਿਚ ਜਾ ਵੜਦੀ ਹੈ। ਕਰੋਅ ਕਲੋਜ਼ ਨੂੰ ਏ ਫੋਰ ਤੋਂ ਰਾਹ ਨਹੀਂ ਹੈ। ਇਥੇ ਜਾਣ ਲਈ ਏ ਫੋਰ ਦੀਆਂ ਲਾਈਟਾਂ ਤੋਂ ਸਵੈਨ ਰੋਡ ਲਈ ਮੁੜਨਾ ਪੈਂਦਾ ਹੈ ਜਿਸ ਵਿਚੋਂ ਸੱਜੇ ਸ਼ੈਲੇ ਰੋਡ 'ਤੇ ਮੁੜ ਕੇ ਅਖੀਰ ਵਿਚ ਪੈਂਦੀ ਹੈ ਇਹ ਕਰੋਅ ਕਲੋਜ਼।

       ਸਵੇਰ ਦੇ ਨੌਂ ਵੱਜੇ ਸਨ। ਸ਼ੁਕਰਵਾਰ ਦਾ ਦਿਨ ਸੀ। ਹਲਕੀ ਜਿਹੀ ਫੁਰਾਹ ਪੈ ਰਹੀ ਜਿਹੀ ਜਿਹੋ ਜਿਹੀ ਇੰਗਲੈਂਡ ਵਿਚ ਪੈਂਦੀ ਹੀ ਰਹਿੰਦੀ ਹੈ। ਇਕ ਓਪਰੀ ਜਿਹੀ ਕਾਰ ਕਰੋਅ ਕਲੋਜ਼ 'ਤੇ ਆ ਕੇ ਰੁਕੀ। ਬਿਲਕੁਲ ਉਸ ਜਗਾਹ ਜਿਥੇ ਬੁੱਢੇ ਜੇਮਜ਼ ਦਾ ਫਲੈਟ ਸੀ। ਜੇਮਜ਼ ਨੇ ਇਕ ਦਮ ਪਰਦੇ ਹਟਾ ਕੇ ਦੇਖਿਆ ਕਿ ਕੌਣ ਹੈ। ਓਪਰੇ ਬੰਦਿਆਂ ਨੂੰ ਇਕ ਪਲ ਲਈ ਘੂਰਿਆ ਤੇ ਪਰਦੇ ਠੀਕ ਕਰਦਾ ਸੈਟੀ 'ਤੇ ਜਾ ਬੈਠਾ। ਓਪਰੇ ਬੰਦਿਆਂ ਵਿਚ ਇਕ ਕਾਲਾ ਸੀ, ਇਕ ਗੋਰਾ ਤੇ ਇਕ ਏਸ਼ੀਅਨ ਦਿਸਦੀ ਔਰਤ। ਤਿੰਨੋ ਜਵਾਨ ਤੇ ਤੰਦਰੁਸਤ ਸਿਹਤਾਂ ਵਾਲੇ ਸਨ। ਗੋਰੇ ਨੇ ਉਪਰ ਤੀਜੀ ਮੰਜ਼ਿਲ ਵਾਲੇ ਫਲੈਟ ਵਲ ਇਸ਼ਾਰਾ ਕਰਦਿਆਂ ਕਿਹਾ,

       -ਡੈਰਕ, ਓਹ ਐ ਜੈਗ ਦਾ ਫਲੈਟ, ਇਕਤਾਲੀ ਨੰਬਰ। ਮੈਂ ਪਹਿਲਾਂ ਵੀ ਆਇਆ ਹੋਇਆਂ।

       -ਘਰ ਵੀ ਹੋਵੇਗਾ? ਕਿਧਰੇ ਚਲੇ ਹੀ ਨਾ ਜਾਵੇ!

       -ਨਹੀਂ, ਏਨੀ ਜਲਦੀ ਉਠਣ ਵਾਲਾ ਉਹ ਹੈ ਨਹੀਂ।

       ਆਖਦਿਆਂ ਉਹ ਤੁਰ ਪਿਆ ਤੇ ਮਗਰੇ ਹੀ ਦੂਜੇ ਦੋਵੇਂ ਵੀ। ਇਕ ਵਾਰ ਪਿੱਛੇ ਮੁੜ ਕੇ ਗੋਰੇ ਨੇ ਔਰਤ ਦੇ ਬੈਗ ਵਲ ਇਸ਼ਾਰਾ ਕਰਦਿਆਂ ਅੰਗੂਠਾ ਦਿਖਾ ਕੇ ਇਸ਼ਾਰੇ ਵਿਚ ਪੁੱਛਿਆ ਕਿ ਸਭ ਠੀਕ ਹੈ ਨਾ। ਔਰਤ ਨੇ ਵੀ ਹੱਥ ਨਾਲ ਇਸ਼ਾਰਾ ਕੀਤਾ ਕਿ ਬਿਲਕੁਲ ਠੀਕ। ਡੈਰਕ ਨੇ ਜੇਬ ਵਿਚੋਂ ਚਾਬੀਆਂ ਦਾ ਗੁੱਛਾ ਕੱਢਿਆ ਤੇ ਇਕ ਇਕ ਕਰਕੇ ਚਾਬੀ ਲਾਉਂਦਾ ਸਹੀ ਚਾਬੀ ਪਰਖਣ ਲਗਿਆ। ਛੇਤੀ ਹੀ ਉਸ ਨੇ ਉਹ ਦਰਵਾਜ਼ਾ ਖੋਹਲ ਲਿਆ। ਹੁਣ ਇਥੋਂ ਉਹਨਾਂ ਨੇ ਪੌੜੀਆਂ ਚੜ ਕੇ ਤੀਜੀ ਮੰਜ਼ਿਲ 'ਤੇ ਜਾਣਾ ਸੀ ਜਿਥੇ ਇਕਤਾਲੀ ਨੰਬਰ ਪੈਂਦਾ ਸੀ। ਉਹ ਹੌਲੀ ਹੌਲੀ ਦੱਬੇ ਪੈਰੀਂ ਪੌੜੀਆਂ ਚੜਨ ਲੱਗੇ। ਫਲੈਟ ਦੇ ਬੂਹੇ ਮੁਹਰੇ ਜਾ ਕੇ ਡੈਰਕ ਨੇ ਹੌਲੇ ਜਿਹੇ ਪੁੱਛਿਆ,

       -ਸਟੀਵਨ, ਨੌਕ ਕਰਾਂ ਕਿ ਚਾਬੀ ਵਰਤਾਂ?

       -ਡੈਰਕ, ਪਹਿਲਾਂ ਨੌਕ ਕਰ, ਨਹੀਂ ਖੋਹਲੇਗਾ ਤਾਂ ਚਾਬੀ ਨਾਲ…, ਪਰ ਧਿਆਨ ਰੱਖੀਂ ਕਿਤੇ ਪਿਛਲੀ ਵਾਰ ਵਾਂਗ ਦੌੜ ਹੀ ਨਾ ਜਾਵੇ।

        ਡੈਰਕ ਨੇ ਘੰਟੀ ਵਲ ਦੇਖਿਆ ਜੋ ਕਿ ਟੁੱਟੀ ਪਈ ਸੀ ਫਿਰ ਉਹ ਹੱਥ ਨਾਲ ਬੂਹਾ ਠਕੋਰਨ ਲਗਿਆ। ਕੁਝ ਮਿੰਟਾਂ ਬਾਅਦ ਥੋੜਾ ਜਿਹਾ ਬੂਹਾ ਖੁਲ੍ਹਿਆ। ਅੰਦਰੋਂ ਉਲਝੇ ਜਿਹੇ ਵਾਲਾਂ ਨਾਲ ਜੱਗੀ ਝਾਕਿਆ। ਸਟੀਵਨ ਬੋਲਿਆ,

       -ਗੁੱਡ ਮੌਰਨਿੰਗ ਜੈਗ।

       -ਮੌਰਨਿੰਗ।

       ਆਖਦਿਆਂ ਉਹ ਮੁੜ ਕਾਹਲੀ ਨਾਲ ਬੂਹਾ ਬੰਦ ਕਰਨ ਲੱਗਿਆ ਪਰ ਡੈਰਕ ਨੇ ਇਕ ਦਮ ਆਪਣਾ ਪੈਰ ਬੂਹੇ ਵਿਚ ਇਵੇਂ ਦੇ ਲਿਆ ਕਿ ਬੂਹਾ ਮੁੜ ਬੰਦ ਨਾ ਹੋ ਸਕੇ। ਜੱਗੀ ਵੀ ਇਹ ਸਮਝ ਗਿਆ ਸੀ। ਉਸ ਨੇ ਬੂਹਾ ਖੋਹਲ ਦਿਤਾ ਤੇ ਉਹ ਤਿੰਨੋਂ ਅੰਦਰ ਜਾ ਵੜੇ ਪਰ ਉਸ ਦੇ ਮਗਰ ਮਗਰ ਸਨ, ਉਹਨਾਂ ਨੂੰ ਡਰ ਸੀ ਕਿ ਜੱਗੀ ਕਿਤੇ ਭੱਜ ਹੀ ਨਾ ਜਾਵੇ। ਅੰਦਰ ਖੱਬੇ ਹੱਥ ਰਸੋਈ ਸੀ ਤੇ ਸੱਜੇ ਹੱਥ ਬੈਠਕ। ਉਹ ਤਿੰਨੋ ਜੱਗੀ ਦੇ ਪਿੱਛੇ ਬੈਠਕ ਵਿਚ ਜਾ ਵੜੇ। ਸਟੀਵਨ ਨੇ ਫਿਰ ਪੁੱਛਿਆ,

       -ਕੀ ਹਾਲ ਐ ਜੈਗ?

       -ਮੈਂ ਬਿਲਕੁਲ ਠੀਕ ਹਾਂ।

       -ਤੈਨੂੰ ਪਤਾ ਐ ਕਿ ਅਸੀਂ ਕਿਸ ਕੰਮ ਆਏ ਹਾਂ?

       -ਮੈਨੂੰ ਪਤਾ ਪਰ ਮੈਨੂੰ ਹੁਣ ਟੀਕੇ ਦੀ ਬਿਲਕੁਲ ਲੋੜ ਨਹੀਂ। ਮੈਂ ਬਿਲਕੁਲ ਠੀਕ ਆਂ।

       -ਨਹੀਂ ਜੈਗ, ਤੇਰਾ ਰਿਕਾਰਡ ਕਹਿ ਰਿਹਾ ਕਿ ਇਹਦੀ ਸਖਤ ਲੋੜ ਐ, ਸੋ ਆ, ਪਿਆਰ ਨਾਲ ਟੀਕਾ ਲਵਾ ਲੈ।        

       -ਜਦ ਮੈਂ ਕਹਿ ਦਿਤਾ ਕਿ…।

       -ਜੈਗ, ਬਹੁਤ ਹੋ ਗਿਆ, ਤੈਨੂੰ ਏਨੀਆਂ ਚਿੱਠੀਆਂ ਪਾਈਆਂ ਤੂੰ ਕੋਈ ਜਵਾਬ ਨਹੀਂ ਦਿੱਤਾ। ਉਸ ਦਿਨ ਤੂੰ ਘਰੋਂ ਦੌੜ ਗਿਆ ਸੀ। ਚੁੱਪ-ਚਾਪ ਟੀਕਾ ਲਵਾ ਲੈ ਨਹੀਂ ਤਾਂ ਅਸੀਂ ਜ਼ਬਰਦਸਤੀ ਲਾ ਦੇਵਾਂਗੇ।

       -ਨਹੀਂ, ਤੁਸੀਂ ਮੇਰੇ ਨਾਲ ਜਬਰਦਸਤੀ ਨਹੀਂ ਕਰ ਸਕਦੇ।

       ਜੱਗੀ ਨੇ ਉੱਚੀ ਆਵਾਜ਼ ਵਿਚ ਕਿਹਾ। ਸਟੀਵਨ ਨੇ ਉਸ ਦੀ ਗੱਲ ਅਣਸੁਣੀ ਕਰਦਿਆਂ ਨਾਲ ਵਾਲੀ ਔਰਤ ਨੂੰ ਆਖਿਆ,

       -ਸੂਜ਼ੀ, ਸਰਿੰਜ ਤਿਆਰੀ ਕਰ।

       ਜੱਗੀ ਤੇਜ਼ੀ ਨਾਲ ਬਾਹਰ ਨੂੰ ਤੁਰ ਪਿਆ ਪਰ ਡੈਰਕ ਨੇ ਉਸ ਨੂੰ ਫੜ ਲਿਆ। ਜੱਗੀ ਨੇ ਗਾਲ ਕੱਢਦਿਆਂ ਉਸ ਦੇ ਮੂੰਹ 'ਤੇ ਮੁੱਕਾ ਦੇ ਮਾਰਿਆ। ਡੈਰਕ ਇਕ ਪਾਸੇ ਨੂੰ ਡਿਗ ਪਿਆ ਤੇ ਜੱਗੀ ਕਾਹਲੀ ਨਾਲ ਬਾਹਰ ਵਲ ਨਿਕਲਣ ਲੱਗਿਆ ਪਰ ਐਨ ਦਰਵਾਜ਼ੇ ਤਕ ਪੁੱਜਣ ਤੋਂ ਪਹਿਲਾਂ ਸਟੀਵਨ ਨੇ ਉਸ ਨੂੰ ਫੜ ਲਿਆ ਤੇ ਮਗਰੇ ਹੀ ਡੈਰਕ ਵੀ ਉਠ ਕੇ ਆ ਗਿਆ। ਦੋਵੇਂ ਉਸ ਨੂੰ ਜ਼ਬਰਦਸਤੀ ਧੂੰਹਦੇ ਹੋਏ ਮੁੜ ਬੈਠਕ ਵਿਚ ਲੈ ਆਏ। ਹੁਣ ਇਕ ਕਿਸਮ ਨਾਲ ਦੰਗਲ ਸ਼ੁਰੂ ਹੋ ਗਿਆ ਸੀ। ਕਮਰੇ ਦੀਆਂ ਚੀਜ਼ਾਂ ਟੁੱਟ ਰਹੀਆਂ ਸਨ। ਜੱਗੀ ਉਹਨਾਂ ਦਾ ਪੂਰੀ ਤਰਾਂ੍ਹ ਮੁਕਾਬਲਾ ਕਰ ਰਿਹਾ ਸੀ। ਨਾਲ ਦੀ ਨਾਲ ਗੰਦੀਆਂ ਗਾਲਾਂ ਵੀ ਕੱਢਦਾ ਜਾ ਰਿਹਾ ਸੀ। ਸੂਜ਼ੀ ਡਰਦੀ ਹੋਈ ਇਕ ਖੂੰਜੇ ਲੱਗੀ ਖੜੀ ਸੀ। ਇਸ ਸਭ ਕਾਸੇ ਦੀ ਉਸ ਨੇ ਆਸ ਨਹੀਂ ਸੀ ਰੱਖੀ। ਸਟੀਵਨ ਤੇ ਡੈਰਕ ਨੇ ਬੜੀ ਮੁਸ਼ਕਲ ਨਾਲ ਜੱਗੀ ਨੂੰ ਕਾਬੂ ਕੀਤਾ ਤੇ ਉਸ ਨੂੰ ਹੇਠਾਂ ਮੂਧਾ ਲੰਮਾ ਪਾ ਕੇ ਬਾਹਾਂ ਪਿੱਛੇ ਕਰ ਲਈਆਂ। ਡੈਰਕ ਉਸ ਦੇ ਉਪਰ ਬੈਠ ਗਿਆ। ਹਫਿਆ ਹੋਇਆ ਜੱਗੀ ਹਾਲੇ ਵੀ ਗਾਲ਼ਾਂ ਕੱਢਦਾ ਜਾ ਰਿਹਾ ਸੀ। ਕਦੇ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿਚ ਵੀ ਸ਼ੁਰੂ ਹੋ ਜਾਂਦਾ। ਸਟੀਵਨ ਉਸ ਦੀ ਟਰਾਊਜ਼ਰ ਢਿੱਲੀ ਕਰਕੇ ਹੇਠਾਂ ਖਿੱਚਦਾ ਬੋਲਿਆ,

       -ਕਮ ਔਨ ਸੂਜ਼ੀ!

       ਸੂਜ਼ੀ ਨੇ ਆਪਣੇ ਬੈਗ ਵਿਚੋਂ ਕਾਹਲੀ ਨਾਲ ਸਰਿੰਜ ਕੱਢੀ ਤੇ ਨਾਲ ਹੀ ਦਵਾਈ ਦੀਆਂ ਦੋ ਸ਼ੀਸ਼ੀਆਂ ਵੀ। ਉਸ ਨੇ ਦੋਵਾਂ ਸ਼ੀਸੀਆਂ ਵਿਚੋਂ ਇਕ ਇਕ ਕਰਕੇ ਸਰਿੰਜ ਭਰੀ ਤੇ ਉਸ ਦਾ ਲੈਵਲ ਚੈਕ ਕਰਦਿਆਂ ਜੱਗੀ ਦੇ ਪੁੜੇ ਵਿਚ ਟੀਕਾ ਲਾ ਦਿਤਾ। ਜੱਗੀ ਦੀਆਂ ਗਾਲ਼ਾਂ ਹਾਲੇ ਵੀ ਚੱਲ ਰਹੀਆਂ ਸਨ। ਸਟੀਵਨ ਬੋਲਿਆ,

       -ਏਨਾ ਹੀ ਕੰਮ ਸੀ। ਗੁੱਡ ਬੁਆਏ ਬਣ ਕੇ ਰਹਿੰਦਾ ਤਾਂ ਤੇਰੇ ਲਈ ਵੀ ਠੀਕ ਰਹਿੰਦਾ ਤੇ ਸਾਡੇ ਲਈ ਵੀ।

       -ਹਰਾਮੀਓਂ, ਇਕ ਇਕ ਕਰਕੇ ਤੁਹਾਨੂੰ ਦੇਖ ਲਊਂ। ਏਹ ਨਾ ਸਮਝਿਓ ਕਿ ਮੈਂ ਕਮਜ਼ੋਰ ਆਂ।

       ਥੱਲੇ ਪਿਆ ਜੱਗੀ ਬੋਲੀ ਜਾ ਰਿਹਾ ਸੀ। ਹੌਲੀ-ਹੌਲੀ ਉਸ ਦੀ ਆਵਾਜ਼ ਡੁੱਬਣ ਲੱਗੀ। ਉਹ ਨਿਢਾਲ ਹੋਣ ਲੱਗਿਆ। ਤੇ ਫਿਰ ਜਿਵੇਂ ਸੌਂ ਗਿਆ ਹੋਵੇ। ਸਟੀਵਨ ਨੇ ਡੈਰਕ ਨੂੰ ਇਸ਼ਾਰਾ ਕੀਤਾ। ਉਹਨਾਂ ਨੇ ਜੱਗੀ ਨੂੰ ਚੁੱਕਿਆ ਤੇ ਬੈੱਡ ਵਲ ਲੈ ਤੁਰੇ। ਕਮਰੇ ਵਿਚ ਹਨੇਰਾ ਜਿਹਾ ਸੀ ਪਰ ਬਿਸਤਰ ਸਾਫ ਦਿਸ ਰਿਹਾ ਸੀ। ਉਹਨਾਂ ਨੇ ਜੱਗੀ ਨੂੰ ਬਿਸਤਰ ਉਪਰ ਸੁੱਟ ਦਿਤਾ। ਡੈਰਕ ਬੋਲਿਆ,

       -ਪਤਾ ਨਹੀਂ ਇਸ ਹਰਾਮੀ ਪਾਗਲ ਵਿਚ ਏਨਾ ਜ਼ੋਰ ਕਿਥੋਂ ਆ ਗਿਆ!

       -ਡੈਰਕ, ਇਹਦੀ ਰਿਪੋਰਟ-ਬੁੱਕ ਦੇਖ ਤਾਂ ਕਿਤੇ ਹੋਣੀ ਆਂ ਇਥੇ ਕਿਤੇ।

       ਡੈਰਕ ਕਮਰੇ ਵਿਚ ਇਧਰ-ਓਧਰ ਹੱਥ ਮਾਰਨ ਲੱਗਾ। ਇਕ ਡਰਾਅ ਵਿਚੋਂ ਖਾਕੀ ਰੰਗ ਦਾ ਇਕ ਲਿਫਾਫਾ ਮਿਲ ਗਿਆ। ਡੈਰਕ ਉਹਦੇ ਵਿਚੋਂ ਕੁਝ ਪੇਪਰ ਕੱਢੇ ਤੇ ਇਕ ਪੇਪਰ ਨੂੰ ਦੇਖਦਾ ਉੱਚੀ ਆਵਾਜ਼ ਵਿਚ ਡੈਰਕ ਪੜ੍ਹਨ ਲੱਗਾ,

       -ਮਰੀਜ਼ ਦਾ ਕਹਿਣਾ ਹੈ ਕਿ ਉਹ ਸਿਹਤ ਵਲੋਂ ਠੀਕ ਹੈ। ਉਸ ਦੇ ਕਿਸੇ ਅੰਗ ਵਿਚ ਦਰਦ ਨਹੀਂ ਹੈ। ਸਿਵਾਏ ਇਸ ਦੇ ਕਿ ਉਸ ਨੂੰ ਆਵਾਜ਼ਾਂ ਸੁਣਦੀਆਂ ਹਨ, ਆਵਾਜ਼ਾਂ ਤਰਾਂ੍ਹ ਤਰਾਂ੍ਹ ਦੀਆਂ ਮੰਗਾਂ ਉਸ ਸਾਹਮਣੇ ਰੱਖਦੀਆਂ ਹਨ। ਪੈਸਿਆਂ ਦੀ ਮੰਗ ਤੋਂ ਬਿਨਾਂ ਕਿਸੇ ਕਿਸਮ ਦਾ ਹੁਕਮ ਨਹੀਂ ਦਿੰਦੀਆਂ। ਆਮ ਜੰਨਤਾ ਲਈ Aਹ ਹਿੰਸਕ ਨਹੀਂ ਹੈ ਪਰ ਸਿਹਤ ਅਧਿਕਾਰੀਆਂ ਤੇ ਪੁਲੀਸ ਵਾਲਿਆਂ ਨਾਲ ਉਲਝ ਪੈਂਦਾ ਹੈ। ਉਹ ਇਕੱਲਾ ਰਹਿੰਦਾ ਹੀ ਰਹਿੰਦਾ ਹੈ ਤੇ ਉਹ ਆਪਣੇ ਆਪ ਨੂੰ ਸੰਭਾਲਣ ਦੇ ਕਾਬਲ ਹੈ। ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ। ਮਰੀਜ਼ ਅਨੁਸਾਰ ਉਸ ਦੇ ਕਿਸੇ ਔਰਤ ਨਾਲ ਸ਼ਰੀਰਕ ਸੰਬੰਧ ਨਹੀਂ ਹਨ। ਉਸ ਦਸਦਾ ਹੈ ਕਿ ਸ਼ਰੀਰਕ ਸੰਤੁਸ਼ਟੀ ਲਈ ਉਹ ਹਥਰਸੀ ਕਰਦਾ ਹੈ। ਉਸ ਦੀ ਸ਼ਿਕਾਇਤ ਹੈ ਕਿ ਉਸ ਦਾ ਬੀਰਜ ਬਹੁਤ ਘੱਟ ਖਾਰਜ ਹੁੰਦਾ ਹੈæææ।

       ਰਿਪੋਰਟ ਪੜ੍ਹਦਾ ਡੈਰਕ ਰੁਕਿਆ ਤਾਂ ਸਟੀਵਨ ਨੇ ਕਿਹਾ,

       -ਚੱਲ ਠੀਕ ਐ, ਅੱਜ ਦੀ ਸਾਰੀ ਗੱਲਬਾਤ ਵੀ ਲਿਖ ਕੇ ਰਿਪੋਰਟ ਦੇ ਰੱਖ ਦੇ ਤੇ ਆਪਣੇ ਰੋਜ਼ਨਾਮਚੇ ਵਿਚ ਵੀ ਹੁਣੇ ਹੀ ਐਂਟਰ ਕਰ ਲੈ।

       ਆਪਣੀ ਕਾਰਵਾਈ ਪੂਰੀ ਕਰਕੇ ਉਹਨਾਂ ਨੇ ਫਲੈਟ ਦਾ ਬੂਹਾ ਖੋਹਲਿਆ ਤੇ ਬਾਹਰ ਨਿਕਲ ਕੇ ਆਹਿਸਤਾ ਜਿਹੇ ਬੂਹਾ ਬੰਦ ਕਰ ਦਿੱਤਾ ਤੇ ਚੋਰਾ ਵਾਂਗ ਪੌੜੀਆਂ ਉਤਰਨ ਲੱਗੇ।

       ਜੱਗੀ ਆਪਣੇ ਬਿਸਤਰ 'ਤੇ ਅਹਿੱਲ ਪਿਆ ਸੀ। ਉਸ ਦਾ ਬਣਾਇਆ ਚਾਹ ਦਾ ਕੱਪ ਹਾਲੇ ਰਸੋਈ ਵਿਚ ਹੀ ਪਿਆ ਸੀ ਤੇ ਨਾਲ ਹੀ ਟੋਸਟ ਤੇ ਆਮਲੇਟ ਵੀ। ਜੱਗੀ ਦੇ ਮੁਬਾਈਲ ਫੋਨ ਦੀ ਘੰਟੀ ਵੱਜੀ ਪਰ ਉਹ ਜਿਵੇਂ ਇਸ ਦੁਨੀਆਂ ਵਿਚ ਹੋਵੇ ਹੀ ਨਾ। ਫਿਰ ਲੈਂਡ-ਲਾਈਨ ਦੀ ਘੰਟੀ ਵੱਜਣ ਲੱਗੀ ਤੇ ਕਿੰਨੀ ਦੇਰ ਤਕ ਵੱਜਦੀ ਰਹੀ। ਇਵੇਂ ਘੰਟੀਆਂ ਸਾਰਾ ਦਿਨ ਵੱਜਦੀਆਂ ਰਹੀਆਂ। ਚਾਹ ਕਦੋਂ ਦੀ ਠੰਡੀ ਹੋ ਗਈ ਸੀ। ਟੋਸਟ ਤੇ ਆਮਲੇਟ ਨੂੰ ਚੂਹੇ ਖਾਂਦੇ ਰਹੇ। ਉਸ ਦੇ ਫਲੈਟ ਦੇ ਪਿੱਛੇ ਏ ਫੋਰ ਉਪਰ ਟਰੈਫਿਕ ਵੀ ਉਵੇਂ ਹੀ ਲੰਘਦਾ ਰਿਹਾ।

      ਉਹ ਦਿਨ ਲੰਘ ਗਿਆ ਤੇ ਰਾਤ ਵੀ। ਅਗਲਾ ਦਿਨ ਆਇਆ ਤੇ ਰਾਤ ਪੈ ਗਈ। ਜੱਗੀ ਉਵੇਂ ਹੀ ਪਿਆ ਰਿਹਾ। ਤੀਜੇ ਦਿਨ ਉਸ ਨੂੰ ਹੋਸ਼ ਆਈ। ਉਸ ਨੇ ਹੌਲੇ ਜਿਹੇ ਅੱਖਾਂ ਖੋਹਲੀਆਂ। ਉਸ ਦਾ ਸਿਰ ਦਰਦ ਨਾਲ ਫਟ ਰਿਹਾ ਸੀ। ਕਈ ਵਾਰ ਜ਼ਿਆਦਾ ਸ਼ਰਾਬ ਪੀਤੀ ਜਾਂਦੀ ਤਾਂ ਇਵੇਂ ਹੀ ਹੁੰਦਾ ਸੀ। ਉਹ ਹਿੰਮਤ ਕਰ ਕੇ ਉਠ ਕੇ ਬਹਿ ਗਿਆ ਤੇ ਕਿੰਨੀ ਦੇਰ ਤਕ ਉਵੇਂ ਹੀ ਬੈਠਾ ਰਿਹਾ। ਫਿਰ ਜ਼ਰਾ ਕੁ ਹੋਰ ਹਿੰਮਤ ਇਕੱਠੀ ਕੀਤੀ ਤੇ ਉਹ ਉਠ ਕੇ ਖੜਾ ਹੋ ਗਿਆ। ਉਹ ਹੌਲੀ ਹੌਲੀ ਤੁਰਦਾ ਗੁਸਲਖਾਨੇ ਵਿਚ ਜਾ ਵੜਿਆ। ਕੁਝ ਦੇਰ ਬਾਅਦ ਉਹ ਹੌਲੀ ਹੌਲੀ ਰਸੋਈ ਵਿਚ ਆ ਗਿਆ। ਫਰਿੱਜ ਖੋਹਲ ਕੇ ਜੂਸ ਪੀਤਾ। ਜੂਸ ਪੀ ਕੇ ਉਸ ਵਿਚ ਕੁਝ ਕੁ ਤਾਕਤ ਆ ਗਈ। ਉਥੋਂ ਉਹ ਬਹਿਣ ਕਮਰੇ ਵਿਚ ਆ ਗਿਆ। ਕਮਰੇ ਦੀ ਹਾਲਤ ਦੇਖ ਕੇ ਉਹ ਹੈਰਾਨ ਰਹਿ ਗਿਆ। ਫਿਰ ਸੋਚਦਿਆਂ ਸੋਚਦਿਆਂ ਉਸ ਨੂੰ ਸਾਰੀ ਘਟਨਾ ਯਾਦ ਆਉਣ ਲੱਗੀ। ਉਸ ਨੇ ਮੇਜ਼ 'ਤੇ ਪਈ ਸ਼ਰਾਬ ਦੀ ਬੋਤਲ ਚੁੱਕ ਲਈ।





ਅਠਾਈ


       ਇਕ ਦਿਨ ਜੱਗੀ ਨੇ ਪ੍ਰੀਤੀ ਨੂੰ ਫੋਨ ਕੀਤਾ ਤੇ ਕਿਹਾ,

       -ਮੈਡਮ, ਮੇਰੀ ਮਦਰ ਬਹੁਤ ਬਿਮਾਰ ਐ, ਮੈਂ ਇੰਡੀਆ ਜਾਣਾ, ਥੋੜੀ ਜਿਹੀ ਹੈਲਪ ਕਰ ਦੇ।

       -ਜੈਗ, ਮੇਰੇ ਕੋਲ ਵੀ ਪੈਸੇ ਕਿਥੋਂ ਆ ਗਏ? ਜਿੰਨੇ ਕੁ ਮਿਲਦੇ ਆ ਖਰਚ ਹੋ ਜਾਂਦੇ ਆ।

       -ਦੋ ਸੌ ਪੌਂਡ ਕਰ ਦੇ, ਦੋ ਸੌ ਮੈਂ ਨਵੀ ਤੋਂ ਫੜ ਲੈਣੇ ਆਂ, ਆਉਂਦਾ ਹੀ ਮੋੜ ਦੇਵਾਂਗਾ।

       ਪ੍ਰੀਤੀ ਨੇ ਪਲ ਕੁ ਸੋਚਿਆ ਤੇ ਬੋਲੀ,

       -ਐਤਕੀਂ ਜਾ ਕੇ ਤੂੰ ਆਪਣੇ ਡੈਡ ਤੋਂ ਵਸੀਅਤ ਜ਼ਰੂਰ ਕਰਾ ਲਵੀਂ।

       -ਉਹ ਤਾਂ ਡੈਡੀ ਨੇ ਕੀਤੀ ਹੀ ਹੋਣੀ ਆਂ।

       -ਜੇ ਡੈਡ ਨੇ ਕੀਤੀ ਹੋਈ ਐ ਤਾਂ ਵਸੀਅਤ ਨੂੰ ਆਪਣੇ ਕਾਬੂ ਵਿਚ ਕਰ। ਤੈਨੂੰ ਪਤਾ ਹੀ ਐ ਸ਼ਿਵਚਰਨ ਭਾ ਜੀ ਕਿੰਨਾ ਚਾਲੂ ਬੰਦਾ। ਉਹਨੇ ਵਸੀਅਤ ਤੇਰੇ ਹੱਥ ਨਹੀਂ ਲੱਗਣ ਦੇਣੀ ਤੇ ਅੱਧ ਲੈ ਜਾਣਾਂ।

       -ਚੱਲ ਉਹ ਵੀ ਤਾਂ ਮੇਰੀ ਭੈਣ ਦੇ ਘਰ ਹੀ ਜਾਣਾਂ।

       -ਭੈਣ ਦਾ ਤੇਰੇ ਡੈਡ ਨੇ ਸਾਰੀ ਉਮਰ ਕੀਤਾ। ਘਰ ਲੈ ਕੇ ਦਿੱਤਾ। ਹੋਰ ਵੀ ਕਿੰਨੇ ਖਰਚੇ ਚੁੱਕੇ ਆ ਪਰ ਜਾਇਦਾਦ ਤੇ ਬੈਂਕ ਵਿਚ ਜਮਾਂ੍ਹ ਕੈਸ਼ 'ਤੇ ਹੁਣ ਤੇਰਾ ਹੱਕ ਐ। ਡੈਡ ਨਾਲ ਬੈਂਕ ਵਿਚ ਆਪਣਾ ਨਾਂ ਵੀ ਪੁਆ ਲਵੀਂ।

       ਜੱਗੀ ਕੁਝ ਨਾ ਬੋਲਿਆ। ਉਸ ਨੂੰ ਪ੍ਰੀਤੀ ਦੀ ਗੱਲ ਸਹੀ ਜਾਪ ਰਹੀ ਸੀ। ਪ੍ਰੀਤੀ ਨੇ ਫਿਰ ਆਖਿਆ,

       -ਜੈਗ, ਤੂੰ ਸਾਡੀ ਗੱਲ ਛੱਡ ਦੇ ਪਰ ਆਪਣੇ ਵੱਲ ਦੇਖ, ਕਿੰਨੀ ਬੈਡ ਲਾਈਫ ਜੀ ਰਿਹਾਂ। ਜੇ ਤੇਰੇ ਕੋਲ ਪੈਸੇ ਹੋਣ ਤਾਂ ਤੇਰੀ ਲਾਈਫ ਹੀ ਹੋਰ ਹੋਵੇ। ਕੌਂਸਲ ਦੇ ਫਲੈਟ ਦੀ ਥਾਂ ਆਪਣੇ ਘਰ ਵਿਚ ਰਹੇਂ।

       -ਉਹ ਡੈਡ ਦੇ ਪੈਸੇ ਆ। ਮੈਂ ਡੈਡ ਤੋਂ ਨਹੀਂ ਮੰਗਣੇ।

       -ਡੈਡ ਤੋਂ ਬਾਅਦ ਤੇਰੇ ਹੀ ਐ, ਬੈਂਕ ਵਿਚ ਪਏ ਕੀ ਕਰਦੇ ਆ ਉਥੇ। ਜੇ ਲਾਈਫ ਹੀ ਹੈੱਲ ਰਹਿਣੀ ਆਂ ਤਾਂ ਪੈਸੇ ਕਿਸ ਕੰਮ।

       ਪ੍ਰੀਤੀ ਨੇ ਆਪਣਾ ਜਾਂ ਰੌਕੀ ਦਾ ਨਾਂ ਜਾਣ-ਬੁਝ ਕੇ ਨਹੀਂ ਲਿਆ। ਉਸ ਨੇ ਪਹਿਲਾਂ ਵੀ ਇਕ ਦੋ ਵਾਰ ਇਹ ਗੱਲਾਂ ਦੱਸਣ ਦੀ ਕੋਸ਼ਿਸ਼ ਕੀਤੀ ਸੀ ਪਰ ਜੱਗੀ ਨੇ ਏਨੇ ਧਿਆਨ ਨਾਲ ਉਸ ਦੀ ਗੱਲ ਨਹੀਂ ਸੀ ਸੁਣੀ। ਕੁਝ ਦੇਰ ਬਾਅਦ ਜੱਗੀ ਆਪ ਹੀ ਬੋਲਿਆ,

       -ਸ਼ਿਵਚਰਨ ਤਾਂ ਬਹੁਤ ਕਾਂਟਾ ਬੰਦਾ, ਚੰਗੀ ਭਲੀ ਆਪਣੀ ਜੌਬ ਛੱਡ ਦਿਤੀ ਕਿ ਦੁਕਾਨਾਂ ਦਾ ਕਿਰਾਇਆ ਲੈਣ ਦਿੱਲੀ ਜਾਣਾ ਪੈਂਦਾ।

       -ਮੈਨੂੰ ਪਤਾ ਉਸ ਬੰਦੇ ਦਾ ਤਾਂ ਹੀ ਮੈਂ ਕਹਿ ਰਹੀ ਹਾਂ ਕਿ ਵਸੀਅਤ ਬਹੁਤ ਜ਼ਰੂਰੀ ਐ ਤੇ ਵਸੀਅਤ ਕਰਾ ਕੇ ਆਪਣੇ ਕਾਬੂ ਵਿਚ ਕਰ ਲਵੀਂ।

       ਪ੍ਰੀਤੀ ਨਸੀਅਤਾਂ ਦਿੰਦੀ ਜਾ ਰਹੀ ਸੀ।

       ਦੋ ਸੌ ਪੌਂਡ ਉਸ ਨੇ ਨਵੀ ਤੋਂ ਉਧਾਰਾ ਲੈ ਲਿਆ। ਜੱਗੀ ਨੂੰ ਏਅਰਪੋਰਟ 'ਤੇ ਵੀ ਉਹੀ ਛੱਡ ਕੇ ਆਇਆ। ਰਾਤ ਨੌਂ ਵਜੇ ਦੀ ਫਲਾਈਟ ਸੀ। ਛੇ ਕੁ ਵਜੇ ਏਅਰਪੋਰਟ 'ਤੇ ਪੁੱਜਣਾ ਸੀ। ਨਵੀ ਨੇ ਜੱਗੀ ਨੂੰ ਉਸ ਦੇ ਘਰੋਂ ਪੰਜ ਵਜੇ ਚੁੱਕ ਲਿਆ। ਰਾਹ ਵਿਚ ਜੱਗੀ ਪੁੱਛਣ ਲੱਗਾ,

       -ਦੱਸ ਕੋਈ ਚੀਜ਼ ਇੰਡੀਆ ਤੋਂ ਚਾਹੀਦੀ ਹੋਵੇ।

       ਨਵੀ ਕੁਝ ਕੁ ਝਿਜਕਿਆ ਤੇ ਫਿਰ ਬੋਲਿਆ,

       -ਯਾਰ, ਮੇਰੀ ਇਕ ਸਹੇਲੀ ਐ ਕਿਮ, ਉਹਨੂੰ ਪੰਜਾਬੀ ਸੂਟ ਬਹੁਤ ਪਸੰਦ ਐ। ਦੋ ਕੁ ਸੂਟ ਹੀ ਲੈ ਆਵੀਂ। ਪੈਸੇ ਮੈਂ ਦੇ ਦੇਊਂ।

       -ਪੈਸਿਆਂ ਦੀ ਗੱਲ ਪਹਿਲਾਂ ਕਰ! ਤੂੰ ਸਾਈਜ਼ ਦੱਸ।

       -ਤੈਨੂੰ ਯਾਦ ਐ ਜਦ ਮੈਂ ਇੰਡੀਆ ਚਰਨਜੀਤ ਭੈਣ ਜੀ ਨੂੰ ਮਿਲਿਆ ਸੀ, ਉਹੋ ਜਿਹੀ ਪਤਲੀ ਐ ਕਿਮ।

       -ਚਰਨਜੀਤ ਭੈਣ ਜੀ ਤਾਂ ਅੱਜ ਵੀ ਓਦਾਂ ਦੀ ਹੀ ਐ।

       -ਬਸ ਉਸੇ ਸਾਈਜ਼ ਦੇ ਜਾਂ ਫਿਰ ਅੱਜਕਲ ਚੱਲੇ ਹੋਏ ਆ ਵਨ-ਸਾਈਜ਼।

       -ਹੁਣ ਮੇਰੇ ਤੇ ਰਹਿਣ ਦੇ। ਮੈਂ ਏਦਾਂ ਦੇ ਸੂਟ ਲਿਆਊਂ ਕਿ ਕਿਮ ਤੈਨੂੰ ਚੁੰਬੜਨੋਂ ਹੀ ਨਾ ਹਟੇ। ਨਾਲੇ ਤੇਰੇ ਕੋਲ ਮੇਰੇ ਫਲੈਟ ਦੀ ਚਾਬੀ ਤਾਂ ਹੈਗੀ ਹੀ ਆ। ਮੌਜਾਂ ਮਾਣ।

       ਆਖਦਾ ਜੱਗੀ ਹੱਸਣ ਲੱਗਿਆ।

       ਨਵੀ ਉਸ ਨੂੰ ਡਿਪਾਰਚਰ 'ਤੇ ਉਤਾਰ ਆਇਆ। ਜੱਗੀ ਨੇ ਆਪਣਾ ਸਾਮਾਨ ਤੁਲਵਾਇਆ ਤੇ ਇਮੀਗਰੇਸ਼ਨ ਕਰਾ ਕੇ ਅੰਦਰ ਜਾ ਵੜਿਆ। ਉਸ ਨੇ ਇੰਡੀਆ ਲਈ ਵਿਸਕੀ ਤਾਂ ਦਿੱਲੀ ਤੋਂ ਹੀ ਲੈਣੀ ਸੀ ਕਿਉਂਕਿ ਉਥੋਂ ਸਸਤੀ ਪੈਂਦੀ ਸੀ ਪਰ ਆਪਣੇ ਪੀਣ ਲਈ ਵਿਸਕੀ ਦੀ ਇਕ ਬੋਤਲ ਖਰੀਦ ਲਈ ਤੇ ਨਾਲ ਹੀ ਪਾਣੀ ਦੀ ਇਕ ਬੋਤਲ ਵੀ। ਗਲਾਸ ਉਹ ਆਪਣੇ ਬੈਗ ਵਿਚ ਲਿਆਇਆ ਹੀ ਹੋਇਆ ਸੀ। ਉਸ ਨੇ ਉਹਲੇ ਜਿਹੇ ਹੋ ਕੇ ਗਲਾਸ ਵਿੱਚ ਵਿਸਕੀ ਪਾਈ ਤੇ ਪਾਣੀ ਵੀ, ਫਿਰ ਇਕੋ ਸਾਹੇ ਪੀ ਗਿਆ। ਮੂੰਹ ਸਵਾਰਦਾ ਹੋਇਆ ਆਲਾ-ਦੁਆਲਾ ਦੇਖਣ ਲੱਗਿਆ ਕਿ ਕਿਤੇ ਕਿਸੇ ਨੇ ਦੇਖਿਆ ਤਾਂ ਨਹੀਂ। ਉਸ ਨੇ ਘੜੀ ਦੇਖੀ। ਹਾਲੇ ਢਾਈ ਘੰਟੇ ਪਏ ਸਨ ਉਸ ਦੀ ਉਡਾਨ ਵਿੱਚ। ਉਸ ਨੇ ਇਕ ਹੋਰ ਪੈੱਗ ਪੀਤਾ ਤੇ ਬੈਗ ਖੋਹਲ ਕੇ ਦੇਖਣ ਲੱਗਿਆ ਕਿ ਸਾਰੀਆਂ ਦਵਾਈਆਂ ਨਾਲ ਲਿਆਂਦੀਆਂ ਵੀ ਹਨ ਕਿ ਨਹੀਂ। ਕਈ ਵਾਰ ਉਹ ਦਵਾਈਆਂ ਨਾਲ ਲੈ ਜਾਣੀਆਂ ਭੁੱਲ ਜਾਇਆ ਕਰਦਾ ਸੀ ਤੇ ਉਥੇ ਇੰਡੀਆ ਜਾ ਕੇ ਦਵਾਈ ਲੈਣੀ ਪੈਂਦੀ ਜਿਹੜੀ ਕਿ ਇਥੋਂ ਦੀ ਦਵਾਈ ਤੋਂ ਕਾਫੀ ਵੱਖਰੀ ਹੁੰਦੀ। ਉਹਨਾਂ ਡਾਕਟਰਾਂ ਕੋਲ ਉਸ ਦਾ ਪੂਰਾ ਰਿਕਾਰਡ ਨਾ ਹੋਣ ਕਰਕੇ ਦਵਾਈ ਸਹੀ ਵੀ ਨਹੀਂ ਸੀ ਮਿਲਦੀ। ਉਸ ਦੇ ਦੇਖਿਆ ਕਿ ਤਿੰਨ ਹਫਤੇ ਦੀ ਦਵਾਈ ਪੂਰੀ ਹੈ ਸੀ ਤੇ ਤਿੰਨ ਹਫਤੇ ਹੀ ਉਸ ਨੇ ਰਹਿਣਾ ਸੀ। ਉਹ ਉਠ ਕੇ ਲੌਂਜ ਵਿੱਚ ਘੁੰਮਦਾ ਲੋਕਾਂ ਨੂੰ ਦੇਖਣ ਲੱਗਿਆ। ਸਭ ਨੂੰ ਖੁਸ਼ ਦੇਖ ਕੇ ਉਹ ਵੀ ਖੁਸ਼ ਹੋ ਰਿਹਾ ਸੀ। ਥੋੜੀ ਦੇਰ ਘੁੰਮ ਕੇ ਉਸ ਨੇ ਇਕ ਹੋਰ ਪੈੱਗ ਲਾ ਲਿਆ। ਪੈੱਗ ਲਾ ਕੇ ਉਹ ਪੱਬ ਵਿਚ ਜਾ ਬੈਠਾ। ਉਸ ਨੇ ਬੀਅਰ ਦਾ ਇਕ ਗਲਾਸ ਤੇ ਚਿਪਸਾਂ ਦਾ ਇਕ ਪੋਰਸ਼ਨ ਲੈ ਲਿਆ। ਉਹ ਦੇਖਣ ਲੱਗਾ ਕਿ ਕਿਧਰੇ ਕੋਈ ਇਕੱਲੀ ਔਰਤ ਬੈਠੀ ਹੋਵੇ। ਉਹ ਪੱਬ ਵਿੱਚ ਬੈਠਾ ਦੋ ਗਲਾਸ ਬੀਅਰ ਦੇ ਪੀ ਗਿਆ। ਹੁਣ ਉਹ ਪੂਰਾ ਸ਼ਰਾਬੀ ਸੀ। ਉਸ ਨੇ ਜਾਣਕਾਰੀ ਵਾਲਾ ਬੋਰਡ ਦੇਖਿਆ, ਉਸ ਦਾ ਜਹਾਜ਼ ਤਿਆਰ ਸੀ। ਛੇਤੀ ਹੀ ਸਵਾਰੀਆਂ ਨੂੰ ਆਵਾਜ਼ਾਂ ਪੈਣ ਲੱਗ ਪਈਆਂ। ਉਹ ਹੌਲੀ ਹੌਲੀ ਆਪਣੇ ਜਹਾਜ਼ ਵੱਲ ਚੱਲ ਪਿਆ। ਸਵਾਰੀਆਂ ਦੌੜੀਆਂ ਜਾ ਰਹੀਆਂ ਸਨ ਪਰ ਉਸ ਤੋਂ ਤੇਜ਼ ਨਹੀਂ ਸੀ ਤੁਰ ਹੋ ਰਿਹਾ। ਉਹ ਡਰਦਾ ਸੀ ਕਿ ਕਿਤੇ ਡਿਗ ਹੀ ਨਾ ਪਵੇ। ਬੜੀ ਮੁਸ਼ਕਲ ਨਾਲ ਉਹ ਜਹਾਜ਼ ਤਕ ਪੁੱਜਾ। ਆਪਣਾ ਪਾਸਪੋਰਟ ਤੇ ਟਿਕਟ ਉਥੇ ਬੈਠੇ ਅਧਿਕਾਰੀਆਂ ਨੂੰ ਦਿਖਾਇਆ। ਮੂੰਹ ਵਿੱਚ ਉਸ ਨੇ ਮਿੰਟ ਪਾਏ ਹੋਏ ਸਨ ਕਿ ਕਿਸੇ ਨੂੰ ਮੁਸ਼ਕ ਨਾ ਆਵੇ। ਉਹ ਗਲ਼ ਵਿੱਚ ਬੈਗ ਪਾਈ ਜਹਾਜ਼ ਦੇ ਦਰਵਾਜ਼ੇ ਤਕ ਪੁੱਜ ਗਿਆ। ਜਹਾਜ਼ ਦੇ ਅੰਦਰ ਵੜਨ ਲੱਗਿਆ ਤਾਂ ਗੇੜਾ ਖਾ ਕੇ ਡਿਗ ਪਿਆ। ਏਅਰ ਹੋਸਟਸ ਭੱਜੀਆਂ ਆਈਆਂ। ਇਕ ਬੋਲੀ,

       -ਇਹਨੇ ਤਾਂ ਸ਼ਰਾਬ ਪੀ ਰੱਖੀ ਐ।

       -ਨਹੀਂ ਨਹੀਂ, ਮੈਂ ਸ਼ਰਾਬ ਨਹੀਂ ਪੀਤੀ, ਇਹ ਤਾਂ ਮੇਰੇ ਸਿਰ ਵਿੱਚ ਸਖਤ ਦਰਦ ਐ। ਮੇਰੀਆਂ ਲੱਤਾਂ ਕਮਜ਼ੋਰ ਐ।

       ਜੱਗੀ ਨੇ ਕਿਹਾ। ਜਦ ਤਕ ਜਹਾਜ਼ ਦਾ ਕੈਪਟਨ ਤੇ ਸਕਿਉਰਟੀ ਦੇ ਅਧਿਕਾਰੀ ਵੀ ਪੁੱਜ ਗਏ। ਕਿਸੇ ਨੇ ਉਸ ਮੂੰਹ ਨੂੰ ਸੁੰਘ ਕੇ ਦੇਖਿਆ ਤੇ ਬੋਲਿਆ,

       -ਸ਼ਰਾਬੀ!

       ਏਅਰ ਹੋਸਟਸ ਨੇ ਫੜ ਕੇ ਉਸ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਖੜਿਆ ਨਹੀਂ ਸੀ ਜਾ ਰਿਹਾ। ਇਕ ਆਵਾਜ਼ ਆਈ,

       -ਇਹ ਸਫਰ ਕਰਨ ਦੇ ਕਾਬਲ ਨਹੀਂ, ਇਸ ਨੂੰ ਜਹਾਜ਼ ਵਿਚੋਂ ਲਾਹੋ।

       ਇਹ ਸੁਣ ਕੇ ਜੱਗੀ ਗੁੱਸੇ ਵਿੱਚ ਆ ਗਿਆ ਤੇ ਉਹਨਾਂ ਨਾਲ ਲੜਨ ਦੀ ਕੋਸ਼ਿਸ਼ ਕਰਨ ਲੱਗਿਆ। ਆਵਾਜ਼ ਉਸ ਦੀ ਨਿਕਲ ਨਹੀਂ ਸੀ ਰਹੀ ਤੇ ਨਾ ਹੀ ਢੰਗ ਨਾਲ ਖੜਿਆ ਜਾ ਰਿਹਾ ਸੀ। ਸਕਿਉਰਟੀ ਵਾਲੇ ਉਸ ਨੂੰ ਆਸਰਾ ਦਿੰਦੇ ਬਾਹਰ ਲੈ ਗਏ।





ਉਣੱਤੀ


       ਜੱਗੀ ਦੁਬਾਰਾ ਇੰਡੀਆ ਲਈ ਚੜ੍ਹ ਗਿਆ। ਇਸ ਵਾਰ ਉਸ ਨੇ ਧਿਆਨ ਰੱਖਿਆ ਕਿ ਸ਼ਰਾਬ ਥੋੜੀ ਪੀਵੇ। ਪਹਿਲਾਂ ਹੀ ਫਲਾਈਟ ਮਿੱਸ ਕਰਕੇ ਉਸ ਨੇ ਸਾਰਿਆਂ ਨੂੰ ਚੱਕਰ ਵਿਚ ਪਾ ਰੱਖਿਆ ਸੀ। ਦੋ ਦਿਨ ਤਕ ਤਾਂ ਕਿਸੇ ਨੂੰ ਪਤਾ ਹੀ ਨਾ ਚੱਲਿਆ ਕਿ ਜੱਗੀ ਗਿਆ ਕਿਥੇ। ਦੋ ਦਿਨ ਬਾਅਦ ਉਸ ਨੇ ਨਵੀ ਨੂੰ ਫੋਨ ਕੀਤਾ ਸੀ। ਦੁਬਾਰਾ ਫਲਾਈਟ ਬੁੱਕ ਕਰਾਉਣ ਵਿਚ ਦੱਸ ਦਿਨ ਹੋਰ ਨਿਕਲ ਗਏ ਸਨ।

       ਸ਼ਿਵਚਰਨ ਤੇ ਚਰਨਜੀਤ ਉਸ ਨੂੰ ਲੈਣ ਆਏ ਹੋਏ ਸਨ। ਦਿੱਲੀ ਵਿਚ ਦੁਕਾਨਾਂ ਦਾ ਕਿਰਾਇਆ ਲੈਣ ਸ਼ਿਵਚਰਨ ਆਮ ਤੌਰ 'ਤੇ ਆਉਂਦਾ ਹੀ ਰਹਿੰਦਾ ਸੀ, ਇਸ ਲਈ ਉਸ ਨੇ ਇਕ ਰਿਸ਼ਤੇਦਾਰ ਦੇ ਘਰ ਪੱਕੀ ਹੀ ਠਹਿਰ ਬਣਾਈ ਹੋਈ ਸੀ। ਦੁਕਾਨਾਂ ਨੂੰ ਹੁਣ ਉਹ ਆਪਣੀਆਂ ਹੀ ਸਮਝਦਾ ਸੀ। ਕਈ ਵਾਰ ਦੁਕਾਨਾਂ ਨੂੰ ਤੇ ਹੋਰ ਜਾਇਦਾਦ ਨੂੰ ਲੈ ਕੇ ਉਸ ਦਾ ਚਰਨਜੀਤ ਨਾਲ ਝਗੜਾ ਵੀ ਹੋ ਜਾਂਦਾ ਸੀ। ਜੱਗੀ ਵੀ ਸ਼ਿਵਚਰਨ ਦੇ ਇਰਾਦਿਆਂ ਨੂੰ ਸਮਝਦਾ ਸੀ ਇਸ ਕਰਕੇ ਉਸ ਨੂੰ ਬਹੁਤਾ ਪਸੰਦ ਨਹੀਂ ਸੀ ਕਰਦਾ।

       ਇਸ ਵਾਰ ਜੱਗੀ ਨੇ ਹੀਥਰੋ 'ਤੇ ਤਾਂ ਸ਼ਰਾਬ ਨਾ ਪੀਤੀ ਪਰ ਉਸ ਨੇ ਪਰਦੇ ਜਿਹੇ ਨਾਲ ਜਹਾਜ਼ ਵਿਚ ਹੀ ਬੋਤਲ ਖੋਹਲ ਲਈ। ਉਹ ਦਿੱਲੀ ਪੁੱਜਾ ਤਾਂ ਨਸ਼ੇ ਵਿਚ ਟੱਲੀ ਸੀ। ਕਰਮਚਾਰੀਆਂ ਨੇ ਬੜੀ ਮੁਸ਼ਕਲ ਨਾਲ ਫੜ ਕੇ ਉਸ ਨੂੰ ਬਾਹਰ ਕੱਢਿਆ ਤੇ ਅੱਗੋਂ ਸ਼ਿਵਚਰਨ ਨੇ ਸੰਭਾਲਿਆ। ਉਸ ਦੀ ਹਾਲਤ ਦੇਖ ਕੇ ਚਰਨਜੀਤ ਤਾਂ ਰੋਣ ਹੀ ਲੱਗ ਪਈ। ਉਸ ਕੋਲ ਬੈਗ ਹੀ ਸੀ। ਆਪਣਾ ਅਟੈਚੀ ਉਹ ਕਿਤੇ ਗਵਾ ਆਇਆ ਸੀ। ਸ਼ਿਵਚਰਨ ਨੇ ਬਹੁਤ ਪਤਾ ਕੀਤਾ ਪਰ ਏਅਰਪੋਰਟ ਵਾਲਿਆਂ ਨੂੰ ਨਾ ਲੱਭਿਆ ਤੇ ਮੁੜ ਕੇ ਪਤਾ ਕਰਨ ਲਈ ਕਹਿ ਦਿੱਤਾ।  

       ਜੱਗੀ ਦੀ ਮਾਂ ਹਸਪਤਾਲ ਵਿਚ ਸੀ। ਉਹ ਜਿਵੇਂ ਜੱਗੀ ਨੂੰ ਉਡੀਕ ਰਹੀ ਸੀ। ਉਸ ਦੇ ਜਾਣ ਤੋਂ ਅਗਲੇ ਦਿਨ ਹੀ ਉਹ ਪੂਰੀ ਹੋ ਗਈ। ਸਾਰੇ ਇਸ ਗੱਲ 'ਤੇ ਖੁਸ਼ ਸਨ ਕਿ ਜੱਗੀ ਵਕਤ ਸਿਰ ਪੁੱਜ ਗਿਆ ਸੀ ਤੇ ਸਾਰੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਕਰ ਦਿੱਤੀਆਂ ਸਨ। ਇਕ ਦਿਨ ਗੱਲਾਂ ਗੱਲਾਂ ਵਿਚ ਸ਼ਿਵਚਰਨ ਕਹਿਣ ਲੱਗਾ,

       -ਮਾਤਾ ਦੀ ਬਿਮਾਰੀ 'ਤੇ ਸੱਤ ਲੱਖ ਖਰਚਾ ਹੋ ਗਿਆ।

       -ਡੈਡੀ ਨੇ ਨਹੀਂ ਖਰਚੇ?

       -ਖਰਚੇ ਤਾਂ ਡੈਡੀ ਨੇ ਹੀ ਪਰ ਖਰਚਾ ਤਾਂ ਹੋ ਗਿਆ ਨਾ।

       -ਸ਼ਿਵਚਰਨ ਸਿਆਂ, ਤੂੰ ਕਿਉਂ ਫਿਕਰ ਕਰਦਾਂ। ਡੈਡੀ ਦੇ ਪੈਸੇ, ਡੈਡੀ ਨੇ ਖਰਚੇ। æææਬਹੁਤਾ ਫਿਕਰ ਨਹੀਂ ਕਰੀਦਾ, ਦੇਖ ਲੈ ਮੇਰੇ ਵੱਲ। ਮੈਂ ਫਿਕਰ ਕਰਦਾ ਹੁੰਦਾ ਸੀ ਤਾਂ ਸੀ ਆਹ ਹਾਲਤ ਹੋ ਗਈ।

       ਜੱਗੀ ਨੇ ਹੱਸਦੇ ਹੋਏ ਕਿਹਾ ਤੇ ਸ਼ਿਵਚਰਨ ਅੰਦਰੋ ਅੰਦਰ ਜ਼ਹਿਰ ਘੋਲਦਾ ਰਹਿ ਗਿਆ।

       ਜੱਗੀ ਦੀ ਸ਼ਰਾਬ ਉਵੇਂ ਹੀ ਸੀ। ਉਹ ਸੋਹਣ ਸਿੰਘ ਦੇ ਸਾਹਮਣੇ ਥੋੜੀ ਜਿਹੀ ਹੀ ਪੀਂਦਾ ਪਰ ਆਸੇ ਪਾਸੇ ਹੋ ਕੇ ਆਪਣਾ ਘਰ ਪੂਰਾ ਕਰ ਲੈਂਦਾ ਸੀ। ਉਸ ਦੀ ਸ਼ਰਾਬ 'ਤੇ ਸੋਹਣ ਸਿੰਘ ਵੀ ਤੜਫਦਾ ਸੀ ਤੇ ਚਰਨਜੀਤ ਵੀ। ਉਸ ਨੂੰ ਸ਼ਰਾਬ ਪੀਣ ਤੋਂ ਸਾਰੇ ਰੋਕਦੇ ਸਨ, ਖਾਸ ਤੌਰ 'ਤੇ ਉਸ ਦੀ ਭਾਣਜੀ ਆਨੰਦੀ। ਆਨੰਦੀ ਨਾਲ ਉਸ ਨੂੰ ਬਹੁਤ ਪਿਆਰ ਸੀ। ਉਹ ਸੋਚਦਾ ਕਿ ਆਪਣਾ ਸਭ ਕੁਝ ਆਨੰਦੀ ਦੇ ਨਾਂ ਕਰਾ ਜਾਵੇਗਾ। ਇਕ ਦਿਨ ਜੱਗੀ ਨੇ ਸੋਹਣ ਸਿੰਘ ਨੂੰ ਪੁੱਛਿਆ,

       -ਸ਼ਿਵਚਰਨ ਮਾਤਾ 'ਤੇ ਹੋਏ ਖਰਚ ਦਾ ਬਹੁਤ ਫਿਕਰ ਕਰਦਾ ਸੀ।

       -ਲਾਲਚੀ ਐ ਥੋੜਾ ਪਰ ਆਪਣਾ ਜਵਾਈ ਭਾਈ ਐ, ਕਿਰਾਇਆ ਲੈ ਕੇ ਆਉਂਦਾ ਪਰ ਅੱਧੋ-ਡੂੜ ਕਰ ਦਿੰਦਾ। ਮੈਂ ਜਿਹੜੇ ਦੋ ਪਲਾਟ ਲਏ ਸੀ, ਉਹਨਾਂ ਵਿਚੋਂ ਇਕ ਇਹਨੂੰ ਦੇ ਦਿੱਤਾ। ਜੱਗੀ ਪੁੱਤ, ਤੂੰ ਆਪਣੀ ਸਿਹਤ ਦਾ ਧਿਆਨ ਰੱਖ, ਤੇਰੇ ਕੋਲ ਬੜਾ ਕੁਝ ਐ। ਭਾਵੇਂ ਬਹਿ ਕੇ ਖਾਵੀਂ। ਮੈਂ ਤੇਰੇ ਨਾਂ ਦੀ ਪੱਕੀ ਵਸੀਅਤ ਕਰਾਈ ਹੋਈ ਐ। ਅਲਮਾਰੀ ਵਿਚ ਪਈ ਐ, ਆਪਣੇ ਨਾਲ ਲੈ ਜਾਵੀਂ, ਜੇ ਗੁੰਮ ਵੀ ਜਾਵੇ ਤਾਂ ਕਚਿਹਰੀ ਵਿਚੋਂ ਨਕਲ ਵੀ ਮਿਲ ਜਾਂਦੀ ਐ। æææਤੇਰੀ ਮਾਂ ਤੁਰ ਗਈ ਮੇਰਾ ਵੀ ਕੀ ਪਤਾ!

       ਆਖਦਾ ਸੋਹਣ ਸਿੰਘ ਭਾਵੁਕ ਹੋ ਗਿਆ। ਜੱਗੀ ਦੀਆਂ ਅੱਖਾਂ ਵੀ ਭਰ ਆਈਆਂ। ਸੋਹਣ ਸਿੰਘ ਫਿਰ ਬੋਲਿਆ,

       -ਬੈਂਕ ਵਿਚ ਬਹੁਤਾ ਤਾਂ ਨਹੀਂ, ਵੀਹ ਕੁ ਲੱਖ ਹੈਗਾ। ਕੱਲ ਨੂੰ ਹੀ ਅਕਾਊਂਟ ਵਿਚ ਤੇਰਾ ਨਾਂ ਪੁਆ ਲੈਨੇ ਆਂ। ਬਾਅਦ ਵਿਚ ਮੁਸ਼ਕਲ ਨਹੀਂ ਆਏਗੀ।

       ਹੁਣ ਜੱਗੀ ਹੋਰ ਵੀ ਜਜ਼ਬਾਤੀ ਹੋ ਗਿਆ। ਪਹਿਲਾਂ ਉਹ ਸੋਚਦਾ ਸੀ ਕਿ ਪਿਤਾ ਤੋਂ ਕੁਝ ਪੈਸੇ ਮੰਗੇਗਾ ਪਰ ਹੁਣ ਉਸ ਸੋਚ ਲਿਆ ਕਿ ਜਿਉਂਦੇ ਜੀ ਪਿਓ ਤੋਂ ਕੁਝ ਵੀ ਨਹੀਂ ਮੰਗੇਗਾ।

       ਅਗਲੇ ਦਿਨ ਉਹ ਉਠਿਆ ਤਾਂ ਉਸ ਦਾ ਸਿਰ ਦਰਦ ਕਰਨ ਲਗਿਆ। ਨਾਲ ਹੀ ਆਵਾਜ਼ਾਂ ਵੀ ਉੱਚੀਆਂ ਹੋ ਗਈਆਂ। ਹੁਣ ਉਹਨਾਂ ਨੂੰ ਵੀ ਵੀਹ ਲੱਖ ਰੁਪਏ ਬਾਰੇ ਪਤਾ ਚੱਲ ਗਿਆ ਹੋਇਆ ਸੀ ਤੇ ਇਹਦੇ ਵਿਚੋਂ ਹਿੱਸਾ ਮੰਗਣ ਲਗੀਆਂ। ਜੱਗੀ ਸੋਚ ਰਿਹਾ ਸੀ ਕਿ ਹਣ ਇਹ ਨਵਾਂ ਪੰਗਾ ਸ਼ੁਰੂ ਹੋ ਗਿਆ। ਆਵਾਜ਼ਾਂ ਵਸੀਅਤ ਬਾਰੇ ਵੀ ਗੱਲਾਂ ਕਰਦੀਆਂ ਤੇ ਕਹਿੰਦੀਆਂ ਕਿ ਵੀਹ ਲੱਖ ਲੈ ਕੇ ਹੀ ਇੰਗਲੈਂਡ ਵਾਪਸ ਜਾਵੇ।

       ਇਕ ਦਿਨ ਚਰਨਜੀਤ ਉਸ ਨੂੰ ਬੋਲੀ,

       -ਵੀਰੇ, ਤੇਰੀਆਂ ਅੱਖਾਂ ਏਨੀਆਂ ਪੀਲੀਆਂ ਕਿਉਂ ਐਂ?

       -ਨਹੀਂ ਤਾਂ।

       ਜੱਗੀ ਨੇ ਕਿਹਾ। ਚਰਨਜੀਤ ਨੇ ਸੋਹਣ ਸਿੰਘ ਨੂੰ ਦੱਸਿਆ। ਉਸ ਨੇ ਧਿਆਨ ਨਾਲ ਦੇਖਿਆ ਤਾਂ ਉਸ ਨੂੰ ਵੀ ਫਿਕਰ ਪੈ ਗਿਆ। ਉਹ ਉਸੇ ਵੇਲੇ ਉਸ ਨੂੰ ਡਾਕਟਰ ਦੇ ਲੈ ਗਏ। ਡਾਕਟਰ ਨੇ ਖੂਨ ਟੈੱਸਟ ਕਰਕੇ ਕਿਹਾ,

       -ਇਹ ਤਾਂ ਲਿਵਰ ਦੀ ਬਿਮਾਰੀ ਐ। ਲਿਵਰ ਠੀਕ ਨਹੀਂ। ਸ਼ਰਾਬ ਬਿਲਕੁਲ ਛੱਡਣੀ ਹੋਵੇਗੀ।

       ਜੱਗੀ ਵੀ ਫਿਕਰਵੰਦ ਹੋ ਗਿਆ। ਉਸ ਦੇ ਲਿਵਰ ਵਿੱਚ ਦਰਦ ਤਾਂ ਰਹਿੰਦਾ ਹੀ ਸੀ। ਉਸ ਨੇ ਮਨ ਹੀ ਮਨ ਸੋਚ ਲਿਆ ਕਿ ਹੁਣ ਉਹ ਸ਼ਰਾਬ ਨਹੀਂ ਪੀਵੇਗਾ। ਡਾਕਟਰ ਨੇ ਉਸ ਨੂੰ ਦਵਾਈ ਦੇ ਦਿੱਤੀ। ਜਿੰਨੇ ਦਿਨ ਜੱਗੀ ਇੰਡੀਆ ਰਿਹਾ ਉਹ ਦਵਾਈ ਖਾਂਦਾ ਰਿਹਾ ਤੇ ਸ਼ਰਾਬ ਬਿਲਕੁਲ ਨਾ ਪੀਤੀ। ਸੋਹਣ ਸਿੰਘ ਤੇ ਚਰਨਜੀਤ ਉਸ ਉਪਰ ਨਜ਼ਰ ਵੀ ਰੱਖਦੇ। ਘਰ ਵਿੱਚ ਆਨੰਦੀ ਹਰ ਵੇਲੇ ਉਸ ਦੇ ਕੋਲ ਬੈਠੀ ਰਹਿੰਦੀ। ਜਿਸ ਦਿਨ ਉਸ ਨੇ ਵਾਪਸ ਆਉਣਾ ਸੀ ਉਸ ਦਿਨ ਲੁਕ ਕੇ ਪੀ ਆਇਆ।

       ਵਾਪਸ ਆ ਕੇ ਜੱਗੀ ਆਪਣੇ ਡਾਕਟਰ ਨੂੰ ਮਿਲਿਆ ਤੇ ਇੰਡੀਆ ਵਾਲੀਆਂ ਸਾਰੀਆਂ ਰਿਪੋਰਟਾਂ ਉਸ ਨੂੰ ਦਿਖਾ ਦਿੱਤੀਆਂ। ਡਾਕਟਰ ਨੇ ਅਗਲੇਰੇ ਨਰੀਖਣਾਂ ਲਈ ਉਸ ਨੂੰ ਹਸਪਤਾਲ ਭੇਜ ਦਿੱਤਾ। ਨਰੀਖਣ ਲਈ ਉਸ ਨੂੰ ਇਕ ਰਾਤ ਹਸਪਤਾਲ ਵੀ ਰਹਿਣਾ ਪਿਆ। ਹੁਣ ਉਸ ਨੂੰ ਲਿਵਰ ਦੀ ਦਵਾਈ ਵੀ ਖਾਣੀ ਪੈਂਦੀ ਸੀ।

       ਉਸ ਨੇ ਪ੍ਰੀਤੀ ਨੂੰ ਫੋਨ ਕਰਕੇ ਆਪਣੇ ਨਾਂ ਵਸੀਅਤ ਹੋਣ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਈ ਤੇ ਬੋਲੀ,

       -ਇਕ ਘਰ ਤੂੰ ਆਪਣੇ ਲਈ ਲੈ ਲਵੀਂ ਤੇ ਇਕ ਰੌਕੀ ਨੂੰ ਲੈ ਦੇਵੀਂ।

       -ਤੈਨੂੰ ਘਰ ਤੋਂ ਅੱਗੇ ਕੁਝ ਨਹੀਂ ਦਿਸਦਾ?

       -ਮੈਂ ਤਾਂ ਕੁਝ ਨਹੀਂ ਮੰਗਿਆ ਤੇਰੇ ਤੋਂ, ਰੌਕੀ ਤਾਂ ਤੇਰਾ ਹੀ ਪੁੱਤ ਐ, ਉਹਦੇ ਬਾਰੇ ਵੀ ਤਾਂ ਤੇਰੇ ਕੁਝ ਫਰਜ਼ ਹੈਗਾ ਆ ਕਿ ਨਹੀਂ?

       ਪ੍ਰੀਤੀ ਨੇ ਕਿਹਾ। ਜੱਗੀ ਸੋਚ ਰਿਹਾ ਸੀ ਕਿ ਸ਼ਾਇਦ ਪ੍ਰੀਤੀ ਠੀਕ ਕਹਿੰਦੀ ਹੋਵੇ। ਆਖਿਰ ਰੌਕੀ ਉਸ ਦਾ ਹੀ ਤਾਂ ਵਾਰਸ ਹੈ। ਉਸੇ ਪਲ ਹੀ ਉਸ ਨੇ ਸੋਚਿਆ ਕਿ ਪਿਤਾ ਤੋਂ ਬਾਅਦ ਉਸ ਦੀ ਕੋਈ ਵੀ ਜਾਇਦਾਦ ਨਹੀਂ ਵੇਚੇਗਾ। ਇਹ ਜਾਇਦਾਦ ਉਸ ਦੇ ਪਿਤਾ ਦੀ ਨਿਸ਼ਾਨੀ ਹੈ।

       ਨਵੀ ਨੂੰ ਉਸ ਦੀ ਬਿਮਾਰੀ ਦਾ ਪਤਾ ਚੱਲਿਆ ਤਾਂ ਉਹ ਉਸ ਨੂੰ ਮਿਲਣ ਆਇਆ। ਨਵੀ ਆਖਣ ਲੱਗਾ,

       -ਤੈਨੂੰ ਕਿਹਾ ਸੀ ਕਿ ਇਹ ਸ਼ਰਾਬ ਤੋਂ ਦੂਰ ਰਹਿ।

       -ਨਵੀ, ਮੈਨੂੰ ਪੂਰਾ ਯਕੀਨ ਆਂ ਕਿ ਮੇਰਾ ਲਿਵਰ ਬਿਲਕੁਲ ਠੀਕ ਆ, ਮੈਂ ਕਿਤੇ ਅੱਜ ਦਾ ਸ਼ਰਾਬ ਤਾਂ ਨਹੀਂ ਪੀਂਦਾ। ਉਹਨਾਂ ਸਾਲ਼ਿਆਂ ਨੇ ਮੇਰੇ ਅੰਦਰ ਏਦਾਂ ਦੀ ਸਿਮ ਪਾਈ ਹੋਈ ਐ ਕਿ ਮੈਨੂੰ ਕੋਈ ਬਿਮਾਰੀ ਲੱਗ ਹੀ ਨਹੀਂ ਸਕਦੀ। ਇਹੋ ਗੱਲ ਅੱਜ ਸਵੇਰੇ ਵੀ ਮੈਨੂੰ ਉਹ ਕਹਿੰਦੇ ਸੀ। ਮੈਂ ਕਿਹਾ ਕਿ ਮੈਨੂੰ ਪਤਾ ਡਾਕਟਰਾਂ ਨੂੰ ਭੁਲੇਖਾ ਲੱਗਦਾ।

       ਜੱਗੀ ਨਵੀ ਡਿਊਟੀ ਫਰੀ ਦੀ ਲਿਆਂਦੀ ਬੋਤਲ ਰੱਖਦਾ ਬੋਲਿਆ,

       -ਨਵੀ ਸਿਆਂ, ਤੂੰ ਬਿਸਮਿੱਲਾ ਕਰ, ਮੈਂ ਤਾਂ ਦੁਆਈ ਖਾਨਾਂ, ਮੈਂ ਨਹੀਂ ਪੀਣੀ।

       -ਲਿਵਰ ਦੀ ਬਿਮਾਰੀ ਐ, ਬਿਲਕੁਲ ਨਾ ਪੀਵੀਂ।

       -ਬਿਮਾਰੀ ਬਿਮੂਰੀ ਮੈਨੂੰ ਕੋਈ ਨਹੀਂ, ਇਹ ਤਾਂ ਇਕੱਲਤਾ ਐ। ਮੈਂ ਜਦ ਇਕੱਲਤਾ ਵਿੱਚ ਘਿਰ ਜਾਨਾਂ ਤਾਂ ਬਹੁਤ ਤੰਗ ਹੁੰਨਾ। ਸਾਰੀ ਬਿਮਾਰੀਆਂ ਉਸੇ ਵਿੱਚੋਂ ਹੀ ਨਿਕਲਦੀਆਂ।

       -ਤੇਰੇ ਕੋਲ ਦੋ ਕਮਰੇ ਆ ਇਹ। ਕਿਸੇ ਨੂੰ ਰੱਖ ਲੈ, ਬਥੇਰੇ ਸਟੂਡੈਂਟ ਤੁਰੇ ਫਿਰਦੇ ਆ।

       -ਗੱਲ ਤਾਂ ਤੇਰੀ ਠੀਕ ਐ, ਮੈਂ ਤਾਂ ਬੈੱਡ ਤੇ ਸੌਂਦਾ ਹੀ ਘੱਟ ਆਂ, ਇਹਨੂੰ ਕਿਰਾਏ 'ਤੇ ਦੇ ਦਿੰਨਾਂ। ਆਹ ਹੇਠਾਂ ਭਾਪੇ ਬਸੰਤ ਸਿੰਘ ਦੀ ਦੁਕਾਨ ਐ ਇਕ, ਉਥੇ ਲਾ ਕੇ ਆਉਂਨਾ ਕਿ ਜੇ ਕਿਸੇ ਨੂੰ ਕਮਰਾ ਚਾਹੀਦਾ ਹੋਵੇ ਤਾਂ।

       ਜੱਗੀ ਅਗਲੇ ਦਿਨ ਹੀ ਦੁਕਾਨ 'ਤੇ ਗਿਆ। ਦੁਕਾਨ ਵਿੱਚ ਵੀ ਇਕ ਪਾਕਿਸਤਾਨੀ ਮੁੰਡਾ ਸੁਹੇਲ ਕੰਮ ਕਰਦਾ ਸੀ। ਸੁਹੇਲ ਵਿਦਿਆਰਥੀ ਸੀ ਤੇ ਨਾਲ ਦੀ ਨਾਲ ਕੰਮ ਕਰ ਰਿਹਾ ਸੀ। ਉਸ ਨੂੰ ਵੀ ਕਮਰਾ ਚਾਹੀਦਾ ਸੀ। ਜੱਗੀ ਦਾ ਕਮਰਾ ਉਸ ਲਈ ਬਹੁਤ ਢੁਕਵਾਂ ਸੀ। ਸੁਹੇਲ ਨੇ ਪੰਜਾਹ ਪੌਂਡ ਹਫਤੇ ਦੇ ਦੇਣੇ ਕਰ ਲਏ ਤੇ ਉਹ ਅਗਲੇ ਦਿਨ ਹੀ ਸਾਮਾਨ ਚੁੱਕ ਲਿਆਇਆ ਤੇ ਉਸ ਨਾਲ ਰਹਿਣ ਲੱਗ ਪਿਆ।




ਤੀਹ


       ਆਨੰਦੀ ਜੱਗੀ ਲਈ ਬਹੁਤ ਅਹਿਮ ਸੀ। ਬਹੁਤ ਖੂਬਸੂਰਤ ਸੀ। ਪੜ੍ਹਾਈ ਵਿੱਚ ਉਹ ਬਹੁਤ ਹੁਸ਼ਿਆਰ ਸੀ ਪਰ ਦਿਲ ਦੀ ਬਹੁਤ ਭੋਲੀ ਸੀ। ਜੱਗੀ ਇੰਡੀਆ ਜਾਂਦਾ ਤਾਂ ਆਨੰਦੀ ਹੀ ਉਸ ਦਾ ਬਹੁਤਾ ਧਿਆਨ ਰੱਖਦੀ ਸੀ। ਉਸ ਦੇ ਕਪੜਿਆਂ ਦਾ, ਉਸ ਦੇ ਖਾਣੇ ਦਾ ਤੇ ਉਸ ਦੇ ਸੌਣ ਦਾ। ਆਨੰਦੀ ਨੂੰ ਉਸ ਦੀ ਸਿਹਤ ਦਾ ਵੀ ਬਹੁਤ ਫਿਕਰ ਰਹਿੰਦਾ ਸੀ। ਕਈ ਵਾਰ ਉਸ ਦੀ ਬਿਮਾਰੀ ਬਾਰੇ ਸੋਚਦੀ ਉਹ ਰੋਣ ਵੀ ਲੱਗ ਪੈਂਦੀ। ਗੁਰਦਵਾਰੇ ਜਾਂਦੀ ਤਾਂ ਉਹ ਜੱਗੀ ਦੀ ਸਿਹਤ ਬਾਰੇ ਹੀ ਅਰਦਾਸਾਂ ਕਰਦੀ। ਜੱਗੀ ਨੂੰ ਵੀ ਉਸ ਨੂੰ ਬੇਹੱਦ ਪਿਆਰ ਕਰਦਾ।

       ਆਨੰਦੀ ਨੇ ਐਮ ਬੀ ਏ ਦੀ ਪੜ੍ਹਾਈ ਪੂਰੀ ਕੀਤੀ ਤਾਂ ਉਸ ਨੂੰ ਰਿਸ਼ਤੇ ਆਉਣ ਲੱਗ ਪਏ। ਇਕ ਰਿਸ਼ਤਾ ਤਾਂ ਕੈਨੇਡਾ ਦਾ ਵੀ ਆ ਗਿਆ। ਮੁੰਡਾ ਸੁਹਣਾ ਸੀ। ਸ਼ਿਵਚਰਨ ਤੇ ਚਰਨਜੀਤ ਨੇ ਪਸੰਦ ਕਰ ਲਿਆ ਤੇ ਵਿਆਹ ਰੱਖ ਦਿੱਤਾ ਗਿਆ। ਜੱਗੀ ਆਨੰਦੀ ਦੇ ਵਿਆਹ ਉਪਰ ਗਿਆ। ਮਾਮੇ ਵਾਲੀਆਂ ਪੂਰੀਆਂ ਰਸਮਾਂ ਪੂਰੀਆਂ ਕੀਤੀਆਂ। ਸੋਹਣ ਸਿੰਘ ਨੂੰ ਕਹਿ ਕੇ ਵਧੀਆ ਨਾਨਕੀ-ਸ਼ੱਕ ਦਿੱਤਾ। ਆਨੰਦੀ ਨੂੰ ਵਿਆਹ ਕੇ ਉਸ ਨੂੰ ਜਾਪ ਰਿਹਾ ਸੀ ਜਿਵੇਂ ਆਪਣੀ ਧੀ ਹੀ ਵਿਆਹ ਦਿੱਤੀ ਹੋਵੇ। ਆਨੰਦੀ ਦੇ ਵਿਆਹ ਤੋਂ ਵਾਪਸ ਆ ਕੇ ਉਸ ਨੇ ਬਾਹੜੇ ਤੇ ਨਵੀ ਨੂੰ ਘਰ ਸੱਦ ਕੇ ਪਾਰਟੀ ਦਿੱਤੀ।

       ਆਨੰਦੀ ਕੈਨੇਡਾ ਚਲੇ ਗਈ। ਉਹ ਆਏ ਦਿਨ ਜੱਗੀ ਨੂੰ ਫੋਨ ਕਰਦੀ। ਆਨੰਦੀ ਦਾ ਪਤੀ ਇਕ ਤਾਂ ਬਹੁਤਾ ਪੜ੍ਹਿਆ ਨਹੀਂ ਸੀ ਤੇ ਦੂਜੇ ਉਹ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ, ਜਿਵੇਂ ਉਹਨੇ ਕਿਹਾ ਸੀ ਕਿ ਉਸ ਕੋਲ ਆਪਣਾ ਘਰ ਹੈ ਉਵੇਂ ਨਹੀਂ ਸੀ। ਨੌਕਰੀ ਵੀ ਸਾਧਾਰਨ ਜਿਹੀ ਹੀ ਸੀ। ਮੁੰਡਾ ਸ਼ਰਾਬ ਵੀ ਪੀਂਦਾ ਸੀ ਤੇ ਪੀ ਕੇ ਆਨੰਦੀ ਨੂੰ ਦਬਕੇ ਵੀ ਮਾਰਦਾ। ਆਨੰਦੀ ਦੇ ਸੁਫਨੇ ਬਿਖਰਨ ਲੱਗੇ। ਕੁਝ ਮਹੀਨਿਆਂ ਵਿੱਚ ਹੀ ਹਾਲਾਤ ਖਰਾਬ ਹੋ ਗਏ ਤੇ ਗੱਲ ਅਲਿਹਦਗੀ ਤਕ ਪੁੱਜ ਗਈ। ਇੰਡੀਆ ਬੈਠੀ ਚਰਨਜੀਤ ਤੜਫ ਰਹੀ ਸੀ ਤੇ ਇੰਗਲੈਂਡ ਬੈਠਾ ਜੱਗੀ ਵੀ। ਉਸ ਨੇ ਨਵੀ ਨੂੰ ਕਿਹਾ,

       -ਯਾਰ, ਹੈਗਾ ਕੋਈ ਐਡਮੈਨਟਨ? ਆਨੰਦੀ ਬਹੁਤ ਦੁਖੀ ਐ।

       -ਉਥੇ ਤਾਂ ਯਾਰ ਕੋਈ ਹੈ ਨਹੀਂ, ਤੈਨੂੰ ਪਤਾ ਕਿ ਸਰੀ ਵਿੱਚ ਤਾਂ ਮੇਰਾ ਕਜ਼ਨ ਦਿਲਬਾਗ ਹੈਗਾ ਹੀ ਐ। ਉਹ ਜ਼ਰੂਰ ਕੁੜੀ ਦੀ ਮੱਦਦ ਕਰ ਦੇਵੇਗਾ।

       -ਉਹਦਾ ਤਾਂ ਮੈਨੂੰ ਪਤਾ ਪਰ ਹੁਣ ਉਹ ਐਡਮੈਟਨ ਵਿੱਚ ਰਹੇਗੀ ਤਾਂ ਹੀ ਪੀ ਆਰ ਵੀ ਮਿਲ ਸਕੇਗਾ ਕਿਸੇ ਨਾ ਕਿਸੇ ਤਰਾਂ੍ਹ।

       ਆਨੰਦੀ ਪੂਰੇ ਕੈਨੇਡਾ ਵਿੱਚ ਇਕੱਲੀ ਸੀ। ਜਦ ਉਸ ਦੀ ਪਤੀ ਨਾਲ ਅਲਿਹਦਗੀ ਹੋਈ ਤਾਂ ਕੁਝ ਦਿਨ ਤਾਂ ਉਹ ਔਖੀ ਸੌਖੀ ਕਿਸੇ ਸਹੇਲੀ ਨਾਲ ਰਹਿੰਦੀ ਰਹੀ ਪਰ ਫਿਰ ਉਹ ਟਿਕਟ ਲੈ ਕੇ ਇੰਡੀਆ ਚੜ ਗਈ। ਸਾਰੇ ਹੀ ਆਪੋ ਆਪਣਾ ਸਿਰ ਫੜ ਕੇ ਬਹਿ ਗਏ। ਵਿਆਹੀ ਕੁੜੀ ਮੁੜ ਆਈ ਕਿਵੇਂ ਝੱਲ ਸਕਦੇ ਸਨ। ਚਰਨਜੀਤ ਤੇ ਸ਼ਿਵਚਰਨ ਨੇ ਕੁਝ ਦਿਨਾਂ ਬਾਅਦ ਮੁੜ ਆਨੰਦੀ ਨੂੰ ਕੈਨੇਡਾ ਲਈ ਚਾੜ੍ਹ ਦਿਤਾ। ਉਹ ਸੋਚਦੇ ਸਨ ਕਿ ਕੁੜੀ ਉਥੇ ਰਹੇਗੀ ਤਾਂ ਪੱਕੀ ਸਟੇਅ ਵੀ ਮਿਲ ਸਕੇਗੀ, ਇਵੇਂ ਇੰਡੀਆ ਮੁੜ ਆਉਣ ਨਾਲ ਉਸ ਦਾ ਕੈਨੇਡਾ ਵਿਚ ਰਹਿਣ ਦਾ ਹੱਕ ਜਾਂਦਾ ਲੱਗੇਗਾ। ਹੁਣ ਕੈਨੇਡਾ ਰਹਿੰਦੀ ਕੁੜੀ ਲਈ ਤਾਂ ਇੰਡੀਆ ਵਿਚ ਵੀ ਮੁੰਡਾ ਲੱਭਣਾ ਸੌਖਾ ਰਹੇਗਾ। ਆਨੰਦੀ ਵਾਪਸ ਚਲੇ ਗਈ। ਵਕੀਲਾਂ ਰਾਹੀਂ ਉਸ ਨੇ ਪੱਕੀ ਸਟੇਅ ਮਿਲ ਗਈ ਤੇ ਉਸ ਨੂੰ ਜੌਬ ਵੀ ਲੱਭ ਪਈ ਸੀ। ਹੁਣ ਆਨੰਦੀ ਦਾ ਸਭ ਤੋਂ ਵੱਧ ਫਿਕਰ ਜੱਗੀ ਨੂੰ ਹੀ ਰਹਿੰਦਾ ਸੀ। ਜੱਗੀ ਨੂੰ ਫਿਕਰ ਸੀ ਕਿ ਉਸ ਨੂੰ ਨੌਕਰੀ ਉਸ ਦੀ ਪੜ੍ਹਾਈ ਦੇ ਹਿਸਾਬ ਨਾਲ ਨਹੀਂ ਸੀ ਮਿਲੀ। ਉਹ ਹਰ ਰੋਜ਼ ਆਨੰਦੀ ਨੂੰ ਫੋਨ ਕਰਦਾ ਸੀ। ਉਸ ਨੂੰ ਇੰਗਲੈਂਡ ਆ ਜਾਣ ਲਈ ਕਹਿੰਦਾ ਰਹਿੰਦਾ।

       ਇਕ ਦਿਨ ਜੱਗੀ ਨਵੀ ਨੂੰ ਕਹਿਣ ਲੱਗਾ,

       -ਯਾਰ, ਪੰਜ ਸੌ ਪੌਂਡ ਤਾਂ ਦੇਹ ਜੇ ਹੈਗੇ।

       -ਤੂੰ ਪੈਸੇ ਕੀ ਕਰਨੇ ਆਂ? ਪ੍ਰੀਤੀ ਮੰਗਦੀ ਐ?

       -ਨਹੀਂ ਨਹੀਂ, ਆਨੰਦੀ ਨੂੰ ਭੇਜਣੇ ਆਂ, ਉਹਦੇ ਕੋਲ ਕਾਰ ਹੈ ਨਹੀਂ, ਬੱਸ ਵਿੱਚ ਕੰਮ 'ਤੇ ਜਾਣਾ ਪੈਂਦਾ। ਤੈਨੂੰ ਪਤਾ ਕਿ ਐਡਮੈਂਟਨ ਵਿੱਚ ਠੰਡ ਬਹੁਤ ਐ। ਕਾਰ ਦੀ ਬਹੁਤ ਲੋੜ ਐ। ਮੇਰੇ ਕੋਲ ਹਜ਼ਾਰ ਕੁ ਹੈਗਾ, ਪੰਜ ਕੁ ਸੌ ਤੂੰ ਦੇ ਦੇਵੇਂ ਤਾਂ ਉਹ ਸੈਕਿੰਡ ਹੈਂਡ ਕਾਰ ਲੈ ਲਵੇ।




ਇਕੱਤੀ


       ਜੱਗੀ ਦੇ ਬਹੁਤ ਸਾਰੇ ਵਹਿਮਾਂ ਵਿਚ ਇਕ ਇਹ ਵਹਿਮ ਵੀ ਸ਼ਾਮਲ ਸੀ ਕਿ ਉਸ ਦੇ ਮਗਰੋਂ ਉਸ ਦੇ ਘਰ ਦਾ ਕੋਈ ਗੇੜਾ ਮਾਰ ਕੇ ਜਾਂਦਾ ਹੈ। ਇਕ ਵਾਰ ਉਸ ਤੋਂ ਘਰ ਦਾ ਦਰਵਾਜ਼ਾ ਨਹੀਂ ਸੀ ਖੁਲ੍ਹ ਰਿਹਾ ਤਾਂ ਉਸ ਨੇ ਸਮਝਿਆ ਕਿ ਕਿਸੇ ਨੇ ਦਰਵਾਜ਼ੇ ਦਾ ਜਿੰਦਰਾ ਬਦਲ ਦਿੱਤਾ ਹੈ। ਉਸ ਨੇ ਜ਼ੋਰ ਨਾਲ ਲੱਤ ਮਾਰ ਕੇ ਬੂਹਾ ਭੰਨ ਕੇ ਖੋਹਲ ਲਿਆ ਸੀ। ਇਵੇਂ ਦੋ ਕੁ ਵਾਰ ਉਹ ਬੂਹਾ ਭੰਨ ਚੁੱਕਿਆ ਸੀ। ਕੌਂਸਲ ਦਾ ਫਲੈਟ ਸੀ, ਕੌਂਸਲ ਆ ਕੇ ਨਵਾਂ ਬੂਹਾ ਪਾ ਜਾਇਆ ਕਰਦੀ ਸੀ। ਕਦੇ ਅਜਿਹੀ ਭੰਨ-ਤੋੜ ਠੀਕ ਕਰਨ ਵਿੱਚ ਬਾਹੜਾ ਵੀ ਉਸ ਦੀ ਮੱਦਦ ਕਰ ਜਾਇਆ ਕਰਦਾ। ਜੱਗੀ ਆਪ ਵੀ ਕਦੇ ਲੱਕੜ ਦੇ ਕੰਮ ਦਾ ਮਾਹਰ ਰਿਹਾ ਸੀ, ਹਾਲੇ ਵੀ ਉਸ ਕੋਲ ਪੂਰਾ ਟੂਲ ਬੌਕਸ ਪਿਆ ਸੀ ਪਰ ਹੁਣ ਉਸ ਵਿੱਚ ਕੰਮ ਕਰਨ ਦੀ ਹਿੰਮਤ ਨਹੀਂ ਸੀ। ਇਕ ਦਿਨ ਇਵੇਂ ਹੀ ਬੂਹੇ ਦਾ ਲੌਕ ਨਹੀਂ ਸੀ ਖੁਲ੍ਹ ਰਿਹਾ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਸੁਹੇਲ ਅੰਦਰ ਹੋਵੇਗਾ ਤੇ ਅੰਦਰੋਂ ਚਟਿਕਣੀ ਬੰਦ ਕੀਤੀ ਹੋਵੇਗੀ। ਉਸ ਨੇ ਫੋਨ ਕੀਤਾ ਤਾਂ ਸੁਹੇਲ ਬਾਹਰ ਗਿਆ ਹੋਇਆ ਸੀ। ਉਹ ਸਮਝ ਗਿਆ ਕਿ ਉਸ ਦੇ ਜਿੰਦਰਾ ਬਦਲ ਗਏ ਹਨ। ਉਸ ਨੇ ਬੂਹੇ ਵਿੱਚ ਲੱਤ ਮਾਰੀ ਪਰ ਬੂਹਾ ਟੁੱਟਣ ਦੀ ਥਾਵੇਂ ਉਹ ਆਪ ਹੀ ਪਿੱਛੇ ਨੂੰ ਡਿਗ ਪਿਆ। ਦੋ ਕੁ ਵਾਰ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਟੱਸ ਤੋਂ ਮੱਸ ਨਾ ਹੋਇਆ। ਉਸ ਨੇ ਨਵੀ ਨੂੰ ਫੋਨ ਕਰ ਲਿਆ। ਆਦਤ ਪੁੱਛਣ ਲੱਗਾ,

       -ਕਿੱਦਾਂ ਬਈ ਨਵੀ ਸਿਆਂ, ਕੀ ਹਾਲ ਐ?

       -ਠੀਕ ਐ, ਤੂੰ ਸੁਣਾ ਕਿਵੇਂ ਐਂ?

       -ਬਿਲਕੁਲ ਠੀਕ। ਕੀ ਕਰਦਾਂ?

       -ਕੰਮ ਤੋਂ ਆਇਆਂ, ਰਾਤ ਦੇ ਖਾਣੇ ਦੀ ਤਿਆਰੀ ਬਾਰੇ ਸੋਚ ਰਿਹਾਂ।

       -ਯਾਰ, ਉਹ ਮੇਰਾ ਲੌਕ ਫੇਰ ਚੇਂਜ ਕਰ ਗਏ। ਜੇ ਆਵੇਂ ਤਾਂ ਕਿਸੇ ਤਰਾਂ੍ਹ ਮੈਂ ਅੰਦਰ ਵੜਦਾ ਹੋ ਜਾਵਾਂ।

       -ਜੱਗੀ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਤੂੰ ਲੌਕ ਖੋਹਲਣ ਵਿੱਚ ਕਾਹਲ ਕਰਦਾ ਹੋਵੇਂਗਾ। ਇਹਨੂੰ ਧਿਆਨ ਨਾਲ ਹੌਲੀ ਹੌਲੀ ਖੋਹਲ।

       -ਸਾਰੇ ਕੰਮ ਕਰ ਕੇ ਦੇਖ ਲਏ, ਸਾਹਮਣੇ ਗਵਾਂਢੀ ਨੇ ਵੀ ਟਰਾਈ ਮਾਰੀ ਸੀ ਪਰ ਇਹ ਉਹ ਲੌਕ ਹੀ ਨਹੀਂ ਲੱਗਦਾ। ਜਾਂ ਫੇਰ ਅੰਦਰੋਂ ਬੰਦ ਐ।

       ਜੱਗੀ ਨੇ ਆਖਿਆ। ਨਵੀ ਨੂੰ ਉਸ ਦੀ ਇਸ ਮੁਸੀਬਤ ਦਾ ਪਤਾ ਸੀ। ਉਹ ਉਸੇ ਵੇਲੇ ਕਾਰ ਵਿੱਚ ਜਾ ਬੈਠਾ ਤੇ ਅੱਧੇ ਕੁ ਘੰਟੇ ਵਿੱਚ ਜਾ ਪੁੱਜਾ। ਜੱਗੀ ਆਪਣੇ ਬੂਹੇ ਮੁਹਰੇ ਬੋਤਲ ਲਈ ਬੈਠਾ ਸੀ। ਨਵੀ ਨੇ ਆਪਣੀ ਜੇਬ੍ਹ ਵਿੱਚੋਂ ਚਾਬੀ ਕੱਢੀ ਤੇ ਬੂਹਾ ਖੋਹਲ ਦਿੱਤਾ ਤੇ ਨਾਲ ਹੀ ਬੋਲਿਆ,

       -ਇਵੇਂ ਪਿਆਰ ਨਾਲ ਹੌਲੀ ਜਿਹੀ ਜਿਵੇਂ ਔਰਤ ਦਾ ਸੁੱਤਾ ਜਿਸਮ ਜਗਾਈਦੈ।

       -ਇਹ ਵੱਲ ਤੈਨੂੰ ਹੀ ਆਉਂਦਾ, ਮੈਨੂੰ ਨਹੀਂ, ਮੈਨੂੰ ਤਾਂ ਘੰਟਾ ਹੋ ਗਿਆ ਇਹਦੇ ਨਾਲ ਘੁਲਦੇ ਨੂੰ।

       ਅੰਦਰ ਵੜਦਾ ਜੱਗੀ ਬੋਲਿਆ। ਅੰਦਰ ਜਾ ਕੇ ਉਸ ਨੇ ਨਵੀ ਲਈ ਵੀ ਹਾੜਾ ਬਣਾ ਦਿਤਾ। ਨਵੀ ਕਾਹਲੀ ਨਾਲ ਆਪਣਾ ਪੈੱਗ ਪੀ ਕੇ ਮੁੜ ਗਿਆ। ਉਹ ਖਾਣਾ ਆਪ ਹੀ ਬਣਾਇਆ ਕਰਦਾ ਸੀ। ਹੁਣ ਆਪਣੇ ਨਾਲ ਨਾਲ ਰਾਹੁਲ ਦਾ ਖਾਣਾ ਵੀ ਬਣਾਉਂਦਾ। ਰਾਹੁਲ ਡਿਗਰੀ ਕਰਕੇ ਕੰਮ 'ਤੇ ਲੱਗ ਗਿਆ ਸੀ। ਨਵੀ ਨੇ ਹੁਣ ਸੁਮਿਤਰਾ ਨਾਲ ਰਿਸ਼ਤੇ ਘਟਾ ਲਏ ਹੋਏ ਸਨ। ਉਹ ਸੋਚਦਾ ਸੀ ਕਿ ਅਪਣੇ ਵਿਆਹ ਨਾਲੋਂ ਹੋਰ ਦੋ ਸਾਲ ਨੂੰ ਰਾਹੁਲ ਨੂੰ ਵਿਆਹ ਲਵੇਗਾ। ਨਵੀ ਹੇਠਾਂ ਉਤਰਿਆ ਤਾਂ ਉਸ ਨੂੰ ਸੁਹੇਲ ਮਿਲ ਪਿਆ। ਉਹ ਦੋ ਕੁ ਵਾਰ ਸੁਹੇਲ ਨੂੰ ਮਿਲ ਚੁੱਕਿਆ ਸੀ। ਸੁਹੇਲ ਨੇ ਪੁੱਛਿਆ,

       -ਭਾਈ ਜਾਨ, ਬੂਹਾ ਖੁਲ੍ਹ ਗਿਆ।

       -ਹਾਂ, ਜੱਗੀ ਖੋਹਲਣ ਵਿੱਚ ਗੜਬੜ ਕਰ ਰਿਹਾ ਸੀ।

       -ਇਹ ਭਾਈ ਜਾਨ ਫੋਨ ਕਰਕੇ ਮੈਨੂੰ ਗਾਲ਼ਾਂ ਕੱਢੀ ਜਾਂਦੇ ਸੀ ਕਿ ਮੈਂ ਕੁਝ ਕੀਤਾ।

       -ਕਈ ਵਾਰ ਵਹਿਮ ਕਰ ਜਾਂਦੈ।

       -ਓਹ ਤਾਂ ਮੈਂ ਸਮਝਦਾਂ ਕਿ ਇਹਨਾਂ ਦੀ ਸਿਹਤ ਠੀਕ ਨਹੀਂ ਪਰ ਮੈਨੂੰ ਤਾਂ ਇੰਝ ਦਬਕੇ ਮਾਰਦੇ ਆ ਜਿਵੇਂ ਕੰਡੱਕਟਰ ਨੇੜੇ ਦੀਆਂ ਸਵਾਰੀਆਂ ਨੂੰ ਮਾਰਦਾ।

       ਆਖਦਾ ਸੁਹੇਲ ਹੱਸਣ ਲੱਗਿਆ। ਨਵੀ ਵੀ ਹੱਸਦਾ ਹੋਇਆ ਤੁਰ ਗਿਆ।

       ਸੁਹੇਲ ਜਲਦੀ ਹੀ ਜੱਗੀ ਦੀ ਬਿਮਾਰੀ ਨੂੰ ਸਮਝ ਗਿਆ ਸੀ। ਉਸ ਨੇ ਜੱਗੀ ਨੂੰ ਦੋ ਕੁ ਵਾਰ ਫਰਜ਼ੀ ਲੜਾਈ ਲੜਦੇ ਵੀ ਦੇਖਿਆ ਸੀ ਤੇ ਕੰਧਾਂ ਵਿੱਚ ਮੁੱਕੇ ਮਾਰਦੇ ਵੀ। ਆਵਾਜ਼ਾਂ ਸੁਣਨ ਵਾਲੀ ਗੱਲ ਜੱਗੀ ਨੇ ਉਸ ਨੂੰ ਵੀ ਦੱਸੀ ਹੋਈ ਸੀ। ਸੁਹੇਲ ਨੇ ਚਾਲਾਕ ਬਣਦਿਆਂ ਹਾਲੇ ਤਕ ਜੱਗੀ ਨੂੰ ਕੋਈ ਕਿਰਾਇਆ ਨਹੀਂ ਸੀ ਦਿੱਤਾ। ਉਹ ਮਨ ਵਿੱਚ ਸੋਚਦਾ ਕਿ ਜੇ ਪਾਗਲ ਨਾਲ ਹੀ ਰਹਿਣਾ ਤਾਂ ਕਾਹਦਾ ਕਿਰਾਇਆ। ਜੱਗੀ ਮੰਗਦਾ ਤਾਂ ਪਿਆਰ ਨਾਲ ਆਪਣੀ ਮੁਫਲਸੀ ਦੀਆਂ ਗੱਲਾਂ ਕਰਨ ਲਗਦਾ। ਜੱਗੀ ਨੂੰ ਤਰਸ ਆ ਜਾਂਦਾ। ਜੱਗੀ ਨਾਲ ਰਹਿਣ ਦੀ ਉਸ ਦੀ ਇਕ ਹੋਰ ਮਜਬੂਰੀ ਵੀ ਸੀ ਕਿ ਉਸ ਨੇ ਵਿਆਹ ਲਈ ਇਕ ਪੋਲਿਸ਼ ਕੁੜੀ ਲੱਭੀ ਹੋਈ ਸੀ। ਵਿਆਹ ਲਈ ਉਸ ਨੂੰ ਪੱਕੇ ਸਿਰਨਾਵੇਂ ਦੀ ਜ਼ਰੂਰਤ ਸੀ। ਇਹ ਪੱਕਾ ਸਿਰਨਾਵਾਂ ਉਸ ਨੇ ਜੱਗੀ ਵਾਲਾ ਦਿੱਤਾ ਹੋਇਆ ਸੀ। ਹੁਣ ਵਿਆਹ ਹੋਣ ਤਕ ਉਹ ਨੂੰ ਇਥੇ ਰਹਿਣਾ ਹੀ ਪੈਣਾ ਸੀ।

       ਸੁਹੇਲ ਦਾ ਜੱਗੀ ਨੂੰ ਅਜੀਬ ਸਹਾਰਾ ਸੀ। ਘਰ ਵਿਚ ਹਰ ਵੇਲੇ ਕੋਈ ਨਾ ਕੋਈ ਗੱਲ ਕਰਨ ਵਾਲਾ ਹੁੰਦਾ। ਸੁਹੇਲ ਉਸ ਤੋਂ ਕਈ ਤਰਾਂ੍ਹ ਦੀਆਂ ਸਲਾਹਾਂ ਲੈਂਦਾ। ਉਹ ਆਪਣੀ ਪੋਲਿਸ਼ ਗਰਲ ਫਰੈੰਡ ਨੂੰ ਵੀ ਘਰ ਲੈ ਆਉਂਦਾ। ਉਸ ਨੇ ਵਿਆਹ ਕਰਾਇਆ ਤਾਂ ਜੱਗੀ ਉਸ ਦਾ ਗਵਾਹ ਬਣਿਆਂ। ਜੱਗੀ ਨੂੰ ਲੱਗਿਆ ਕਿ ਉਹ ਵੀ ਕੁਝ ਹੈ। ਜਿੰਨਾ ਚਿਰ ਸੁਹੇਲ ਰਿਹਾ, ਜੱਗੀ ਦੇ ਫਲੈਟ ਵਿੱਚ ਵਾਹਵਾ ਰੌਣਕਾਂ ਲੱਗੀਆਂ ਰਹੀਆਂ। ਵਿਆਹ ਕਰਾ ਕੇ ਸੁਹੇਲ ਨੇ ਹੋਰ ਪਾਸੇ ਕਮਰਾ ਲੱਭ ਲਿਆ। ਸੁਹੇਲ ਚਲੇ ਗਿਆ ਤਾਂ ਇਕ ਵਾਰ ਫਿਰ ਸੁੰਨ ਫੈਲ ਗਈ। ਇਕ ਹੋਰ ਕਿਰਾਏਦਾਰ ਰੱਖਿਆ ਤਾਂ ਉਹ ਜੱਗੀ ਦੀ ਸਿਹਤ ਦੇਖ ਕੇ ਅਗਲੇ ਦਿਨ ਹੀ ਚਲੇ ਗਿਆ।





ਬੱਤੀ


       ਇਕ ਦਿਨ ਚਰਨਜੀਤ ਦਾ ਨਵੀ ਨੂੰ ਫੋਨ ਆਇਆ,

       -ਭਾਜੀ, ਜੱਗੀ ਵੀਰੇ ਦਾ ਕੁਝ ਪਤਾ ਨਹੀਂ ਲੱਗ ਰਿਹਾ। ਪੰਜ ਦਿਨ ਹੋ ਗਏ ਫੋਨ ਨਹੀਂ ਚੁੱਕ ਰਿਹਾ। ਮੈਂ ਵੀ ਕਰੀ ਜਾਨੀ ਆਂ ਤੇ ਆਨੰਦੀ ਵੀ।

       -ਅੱਛਾ! ਮੈਨੂੰ ਵੀ ਨਹੀਂ ਆਇਆ ਪਰ ਮੈਂ ਉਸ ਨੂੰ ਕੀਤਾ ਵੀ ਨਹੀਂ।

       -ਭਾਜੀ, ਮੈਨੂੰ ਬਹੁਤ ਫਿਕਰ ਐ ਉਹਦਾ! ਪਤਾ ਕਰੋ ਕਿ ਕਿਸੇ ਹਸਪਤਾਲ ਨਾ ਪਿਆ ਹੋਵੇ, ਉਹਦੀ ਸਿਹਤ ਦਾ ਤਾਂ ਤੁਹਾਨੂੰ ਪਤਾ ਹੀ ਐ।

        -ਭੈਣ ਜੀ, ਮੈਂ ਹੁਣੇ ਹੀ ਪਤਾ ਕਰਦਾ। ਮੈਂ ਉੁਸ ਦੇ ਫਲੈਟ ਵਿੱਚ ਜਾ ਕੇ ਦੇਖਦਾਂ, ਉਸ ਦੇ ਨੇੜਲੀ ਦੁਕਾਨ ਤੋਂ ਪੁੱਛਦਾਂ ਨਹੀਂ ਤਾਂ ਹਸਪਤਾਲ ਫੋਨ ਕਰਕੇ ਦੇਖਾਂਗਾ।

       -ਆਨੰਦੀ ਹਸਪਤਾਲ ਫੋਨ ਕਰਕੇ ਦੇਖ ਚੁੱਕੀ ਐ, ਐਸ਼ਫੌਰਡ ਹੌਸਪੀਟਲ ਵੀ ਤੇ ਜਨਰਲ ਹੌਸਪੀਟਲ ਵੀ ਪਰ ਕੁਝ ਪਤਾ ਨਹੀਂ ਲੱਗਿਆ।

       -ਕਈ ਵਾਰ ਉਹ ਫੋਨ ਉਪਰ ਨਹੀਂ ਦੱਸਿਆ ਕਰਦੇ, ਮੈਂ ਆਪ ਜਾਵਾਂਗਾ ਕੱਲ ਨੂੰ। ਤੁਸੀਂ ਫਿਕਰ ਨਾ ਕਰੋ।

       ਨਵੀ ਚਰਨਜੀਤ ਨੂੰ ਹੌਂਸਲਾ ਦਿੰਦਾ ਬੋਲਿਆ ਪਰ ਸੋਚਣ ਲੱਗਿਆ ਕਿ ਕੰਮ ਤੋਂ ਛੁੱਟੀ ਕਰਕੇ ਕਿਵੇਂ ਜਾਵੇਗਾ। ਕੰਮ ਤੋਂ ਮੁੜਦਾ ਉਹ ਥਕਿਆ ਜਿਹਾ ਹੁੰਦਾ ਸੀ ਤੇ ਕਿਸੇ ਪਾਸੇ ਨਿਕਲਣ ਜੋਗਾ ਨਹੀਂ ਸੀ ਹੁੰਦਾ। ਉਹ ਕੰਮ ਤੋਂ ਹੀ ਵੱਖ ਵੱਖ ਹਸਪਤਾਲਾਂ ਵਿਚ ਫੋਨ ਕਰਦਾ ਰਿਹਾ ਪਰ ਕੁਝ ਪਤਾ ਨਾ ਚੱਲਿਆ। ਤਿੰਨ ਦਿਨ ਬਾਅਦ ਉਸ ਦੀ ਛੁੱਟੀ ਸੀ। ਉਹ ਸਿੱਧਾ ਜੱਗੀ ਦੇ ਫਲੈਟ ਵਿਚ ਚਲੇ ਗਿਆ। ਜੱਗੀ ਉਥੇ ਨਹੀਂ ਨਹੀਂ। ਭਾਪੇ ਬਸੰਤ ਸਿੰਘ ਦੀ ਦੁਕਾਨ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ ਇਹਨਾਂ ਫਲੈਟਾਂ ਵਿੱਚ ਇਕ ਦਿਨ ਐਂਬੂਲੈਂਸ ਆਈ ਸੀ, ਜ਼ਰੂਰ ਜੱਗੀ ਲਈ ਹੀ ਹੋਵੇਗੀ। ਉਸੇ ਸ਼ਾਮ ਨੂੰ ਉਸ ਨੂੰ ਜੱਗੀ ਦਾ ਫੋਨ ਆ ਗਿਆ। ਬੋਲਿਆ,

       -ਸੁਣਾ ਬਈ ਨਵੀ ਸਿਆਂ, ਕੀ ਹਾਲ ਐ ਤੇਰਾ?

       -ਤੂੰ ਕਿੱਥੇ ਐਂ? ਸਾਰੇ ਤੈਨੂੰ ਲੱਭ-ਲੱਭ ਕੇ ਕਮਲ਼ੇ ਹੋਏ ਫਿਰਦੇ ਆ।

       -ਮੈਂ ਚੈਰਿੰਗ ਕਰੌਸ ਆਂ। ਵੈਸੇ ਮੈਂ ਠੀਕ ਆਂ। ਬਿਲਕੁਲ ਠੀਕ। ਮੇਰੇ ਕੋਲ ਫੋਨ ਹੈ ਨਾ ਸੀ ਇਸ ਕਰਕੇ ਕਿਸੇ ਨੂੰ ਦੱਸ ਨਾ ਸਕਿਆ। ਅੱਜ ਹੀ ਪ੍ਰੀਤੀ ਫੋਨ ਦੇ ਕੇ ਗਈ ਐ। ਹੁਣ ਆਨੰਦੀ ਤੇ ਚਰਨਜੀਤ ਨੂੰ ਵੀ ਫੋਨ ਕਰਕੇ ਹਟਿਆਂ।

       -ਕੀ ਪ੍ਰੌਬਲਮ ਐ ਹੁਣ? ਚੈਰਿੰਗ ਕਰੌਸ ਤਾਂ ਕੰਪਲੀਕੇਟਿਡ ਬਿਮਾਰੀਆਂ ਵਾਲੇ ਜਾਂਦੇ ਆ!

       -ਮੈਨੂੰ ਬਿਮਾਰੀ ਕੋਈ ਨਹੀਂ ਪਰ ਡਾਕਟਰ ਲਿਵਰ-ਲਿਵਰ ਗਾਈ ਜਾਂਦੇ ਆ ਪਰ ਏਦਾਂ ਦੀ ਕੋਈ ਗੱਲ ਨਹੀਂ। ਇਹ ਤਾਂ ਉਹਨਾਂ ਸਾਲਿਆਂ ਨੇ ਮੇਰੇ ਅੰਦਰ ਹਵਾ ਭਰੀ ਹੋਈ ਐ ਜਿਹੜੀ ਤੰਗ ਕਰਦੀ ਐ।

       -ਮੈਂ ਤੈਨੂੰ ਕੱਲ ਨੂੰ ਮਿਲਣ ਆਉਣੈ, ਕੁਝ ਚਾਹੀਦਾ ਤਾਂ ਨਹੀਂ?

       -ਕੋਈ ਗਰਮ ਜਿਹਾ ਫੂਡ ਲਿਆ ਦੇਵੀਂ। ਇਹ ਤਾਂ ਸਾਲ਼ੇ ਕੁਝ ਦਿੰਦੇ ਹੀ ਨਹੀਂ।

       ਜੱਗੀ ਦੀ ਆਵਾਜ਼ ਵਿਚ ਬਿਲਕੁਲ ਦਮ ਨਹੀਂ ਸੀ। ਸਾਫ ਜਾਪਦਾ ਸੀ ਕਿ ਕਾਫੀ ਬਿਮਾਰ ਸੀ ਪਰ ਸਦਾ ਵਾਂਗ ਉਹ ਹੌਂਸਲੇ ਵਿੱਚ ਸੀ। ਅਗਲੇ ਦਿਨ ਹੀ ਨਵੀ ਉਸ ਨੂੰ ਮਿਲਣ ਚਲੇ ਗਿਆ। ਉਹ ਥਰਮੋਸ ਵਿੱਚ ਪਾ ਕੇ ਚਿਕਨ-ਬਰਿਆਨੀ ਲੈ ਗਿਆ। ਜੱਗੀ ਨੂੰ ਇਕ ਵੱਖਰਾ ਕਮਰਾ ਮਿਲਿਆ ਹੋਇਆ ਸੀ। ਉਸ ਦੇ ਜਾਂਦਿਆਂ ਨੂੰ ਜੱਗੀ ਦੇ ਕਈ ਕਿਸਮ ਦੇ ਪਾਈਪ ਲੱਗੇ ਹੋਏ ਸਨ ਤੇ ਉਹ ਸੁੱਤਾ ਪਿਆ ਸੀ। ਨਰਸ ਨੂੰ ਪੁੱਛ ਕੇ ਨਵੀ ਨੇ ਜੱਗੀ ਨੂੰ ਜਗਾ ਲਿਆ। ਉਹ ਇਕ ਦਮ ਨਵੀ ਵਲ ਦੇਖਦਾ, ਉਸ ਵੱਲ ਹੱਥ ਵਧਾਉਂਦਾ ਬੋਲਿਆ,

       -ਕੀ ਹਾਲ ਐ ਬਈ ਤੇਰਾ?

       -ਤੂੰ ਦੱਸ, ਆਹ ਕੀ ਜੰਗ-ਪਲ੍ਹੰਗਾ ਜਿਹਾ ਪਾਇਆ ਹੋਇਆ?

       -ਬਈ ਇਹ ਡਾਹਢੇ ਲੋਕ ਐ, ਮਰਜ਼ੀਆਂ ਕਰਦੇ ਆ ਪਰ ਫਿਕਰ ਨਾ ਕਰ, ਆਪਾਂ ਵੀ ਘੱਟ ਨਹੀਂ।

       -ਕੀ ਦੁਖਦਾ ਤੇਰਾ?

       -ਕੁਝ ਨਹੀਂ। ਆਹ ਪੇਟ ਵਿੱਚ ਪਾਣੀ ਭਰ ਗਿਆ, ਹੋਰ ਕੁਝ ਨਹੀਂ, ਸਭ ਠੀਕ ਐ।

       ਆਖਦੇ ਜੱਗੀ ਨੇ ਕੰਬਲ ਚੁੱਕ ਦਿਤਾ। ਉਸ ਦਾ ਪੇਟ ਇਵੇਂ ਸੀ ਜਿਵੇਂ ਗਰਭਵਤੀ ਔਰਤ ਦਾ ਹੁੰਦਾ ਹੈ। ਪੇਟ ਨੂੰ ਪਾਈਪ ਰਾਹੀਂ ਇਕ ਬੈਗ ਲੱਗਿਆ ਹੋਇਆ ਸੀ। ਜੱਗੀ ਇਸ਼ਾਰਾ ਕਰਦਾ ਬੋਲਿਆ,

       -ਆਹ ਫਲਿਊਡ ਕੱਢਦੇ ਆ ਪਰ ਹੌਲੀ ਹੌਲੀ ਨਿਕਲਦਾ। ਬਸ ਇਕ ਦੋ ਦਿਨ ਵਿੱਚ ਸਭ ਠੀਕ ਹੋ ਜਾਣਾ।

       -ਇਹ ਲਿਵਰ ਦੀ ਪ੍ਰੌਬਲਮ ਹੀ ਐ ਜੱਗੀ। ਲਿਵਰ ਹਜ਼ਮ ਨਹੀਂ ਕਰ ਰਿਹਾ ਇਹ ਖਾਣਾ।

       -ਨਹੀਂ ਓ ਗੁਰੂ, ਤੂੰ ਵੀ ਡਾਕਟਰਾਂ ਵਾਲੀ ਬੋਲੀ ਨਾ ਬੋਲ। ਫਲਿਊਡ ਨਿਕਲ ਗਿਆ ਤਾਂ ਮੈਂ ਠੀਕ ਹੋ ਜਾਣਾਂ। ਹੋਰ ਦੋ ਦਿਨਾਂ ਵਿੱਚ ਘਰ ਆਇਆ ਲੈ।

       ਹੁਣ ਤਕ ਜੱਗੀ ਦੀ ਆਵਾਜ਼ ਵਿੱਚ ਪਹਿਲਾਂ ਵਾਲਾ ਗੜਕਾ ਪਰਤ ਚੁੱਕਿਆ ਸੀ। ਨਵੀ ਨੂੰ ਉਸ ਦੀਆਂ ਪੀਲੀਆਂ ਅੱਖਾਂ ਦੇਖ ਕੇ ਡਰ ਲੱਗ ਰਿਹਾ ਸੀ। ਉਹ ਬੋਲਿਆ,

       -ਜੱਗੀ, ਜੋ ਵੀ ਹੈ ਪਰ ਹਸਪਤਾਲ ਰਹਿ ਕੇ ਆਪਣਾ ਪੂਰਾ ਇਲਾਜ ਕਰਾ ਲੈ, ਫੇਰ ਘਰ ਆਵੀਂ।

       -ਨਹੀਂ ਨਵੀ, ਮੈਂ ਬਿਲਕੁਲ ਠੀਕ ਆਂ, ਇਹ ਤਾਂ ਮੇਰੇ ਦੁਸ਼ਮਣਾਂ ਦਾ ਸਭ ਕੀਤਾ-ਧਰਿਆ…।

       ਨਵੀ ਨੂੰ ਪਤਾ ਸੀ ਕਿ ਜੱਗੀ ਨੇ ਉਸ ਦੀ ਕੋਈ ਗੱਲ ਨਹੀਂ ਸਮਝਣੀ ਤੇ ਨਾ ਹੀ ਮੰਨਣੀ ਹੈ। ਉਸ ਨੇ ਪੁੱਛਿਆ,

       -ਪ੍ਰੀਤੀ ਆਈ ਸੀ ਫੇਰ!

       -ਆਈ ਨਹੀਂ, ਮੈਂ ਹੀ ਉਸ ਨੂੰ ਦੱਸਿਆ ਸੀ ਕਿ ਮੈਂ ਇਥੇ ਆਂ। ਮੈਨੂੰ ਫੋਨ ਚਾਹੀਦਾ ਸੀ।

       ਜੱਗੀ ਇਕ ਪਲ ਲਈ ਰੁਕਿਆ ਤੇ ਫਿਰ ਬੋਲਿਆ,

       -ਕਹਿੰਦੇ ਹੁੰਦੇ ਆ ਨਾ ਕਿ ਇਕੋ ਹੱਟੀ ਉਹੋ ਕੁਪੱਤੀ! ਹੁਣ ਇਕੋ ਪ੍ਰੀਤੀ ਹੀ ਐ ਜਿਹੜੀ ਮੇਰੇ ਕੰਮ ਆ ਜਾਂਦੀ ਐ। ਰੌਕੀ ਤਾਂ ਬਿਲਕੁਲ ਨਿਕੰਮਾ ਸਾਲ਼ਾ। ਮੇਰੇ ਡੈਡ ਨੇ ਛੇ-ਸੱਤ ਲੱਖ ਰੁਪਏ ਖਰਚ ਦਿੱਤੇ ਉਹਦੇ ਵਿਆਹ 'ਤੇ, ਕਦੇ ਸਾਲ਼ੇ ਨੇ ਉਹਨੂੰ ਫੋਨ ਤਕ ਨਹੀਂ ਕੀਤਾ। ਪਿੱਛੇ ਜਿਹੇ ਡੈਡੀ ਬਿਮਾਰੀ ਰਹੇ ਆ ਪਰ ਇਹਨੇ ਉੁਹਦੀ ਖ਼ਬਰ ਤਕ ਨਹੀਂ ਪੁੱਛੀ, ਓਦਾਂ ਸਾਲ਼ਾ ਹਿੱਸਾ ਮੰਗਦਾ।

       ਨਵੀ ਵੀ ਸਮਝਦਾ ਸੀ ਕਿ ਪ੍ਰੀਤੀ ਬਿਨਾਂ ਉਸ ਦੀ ਹੋਰ ਕੋਈ ਮੱਦਦ ਲਈ ਵੀ ਨਹੀਂ ਸੀ ਬਹੁੜਦਾ। ਇਸੇ ਲਈ ਤਾਂ ਉਹ ਵਾਰ ਵਾਰ ਪ੍ਰੀਤੀ ਵਲ ਪਰਤਣ ਲੱਗਦਾ ਸੀ। ਨਛੱਤਰ ਨੂੰ ਵੀ ਹੁਣ ਉਸ ਨੇ ਪੂਰੀ ਤਰਾਂ੍ਹ ਮਨਜ਼ੂਰ ਕਰ ਲਿਆ ਹੋਇਆ ਸੀ। ਨਵੀ ਨੂੰ ਸੋਚਾਂ ਵਿੱਚ ਡੁੱਬੇ ਦੇਖ ਜੱਗੀ ਬੋਲਿਆ,

       -ਤੂੰ ਫਿਕਰ ਨਾ ਕਰ, ਇਕ ਦਿਨ ਸਭ ਠੀਕ ਹੋ ਜਾਣਾਂ, ਨਹੀਂ ਤਾਂ ਮੈਂ ਠੀਕ ਕਰ ਦੇਣਾ।

       ਨਵੀ ਫਿਕਰਾਂ ਨਾਲ ਭਰਿਆ ਹਸਪਤਾਲ ਤੋਂ ਮੁੜਿਆ ਸੀ। ਪੇਟ ਵਿੱਚ ਇਵੇਂ ਪਾਣੀ ਭਰਨਾ ਜਿਗਰ ਦੀ ਬਿਮਾਰੀ ਦੀ ਅਗਲੀ ਅਵਸਥਾ ਦੀ ਨਿਸ਼ਾਨੀ ਸੀ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਫੋਨ ਕਰਕੇ ਚਰਨਜੀਤ ਨੂੰ ਦੱਸ ਦੇਵੇ ਪਰ ਫਿਰ ਉਹ ਸੋਚਣ ਲੱਗਿਆ ਕਿ ਉਹ ਐਵੇਂ ਫਿਕਰ ਕਰਦੀ ਫਿਰੇਗੀ। ਉਸ ਨੇ ਫੋਨ ਨਾ ਕੀਤਾ।

       ਪਹਿਲਾਂ ਚਰਨਜੀਤ ਨਵੀ ਦਾ ਫੋਨ ਉਡੀਕਦੀ ਰਹਿੰਦੀ ਸੀ ਕਿ ਜੱਗੀ ਦੀ ਕੋਈ ਖ਼ਬਰ ਦੇਵੇਗਾ ਪਰ ਉਹ ਸਮਝਦੀ ਸੀ ਕਿ ਨਵੀ ਦੀ ਆਪਣੀ ਜ਼ਿੰਦਗੀ ਹੈ ਤੇ ਆਪਣੀਆਂ ਮਜਬੂਰੀਆਂ ਇਸ ਲਈ ਉਸ ਨੇ ਬਹੁਤ ਸੋਚ ਕੇ ਪ੍ਰੀਤੀ ਰਾਹੀਂ ਜੱਗੀ ਦੀ ਖ਼ਬਰਸਾਰ ਲੈਣੀ ਸ਼ੁਰੂ ਕਰ ਦਿੱਤੀ ਸੀ। ਪਹਿਲੀਆਂ ਵਿਚ ਉਹ ਪ੍ਰੀਤੀ ਨਾਲ ਫੋਨ ਉਪਰ ਬਹੁਤ ਲੜਾਈਆਂ ਕਰ ਚੁੱਕੀ ਸੀ ਇਸ ਲਈ ਉਹ ਆਪ ਫੋਨ ਨਾ ਕਰਦੀ, ਸ਼ਿਵਚਰਨ ਤੋਂ ਕਰਾ ਲੈਂਦੀ। ਪ੍ਰੀਤੀ ਨੇ ਵੀ ਜੱਗੀ ਬਾਰੇ ਕੋਈ ਸੁਨੇਹਾ ਦੇਣਾ ਹੁੰਦਾ ਤਾਂ ਸ਼ਿਵਚਰਨ ਨੂੰ ਹੀ ਫੋਨ ਕਰਦੀ। ਹਸਪਤਾਲ ਤੋਂ ਆ ਕੇ ਉਸ ਨੇ ਸ਼ਿਵਚਰਨ ਨੂੰ ਜੱਗੀ ਦੀ ਸਾਰੀ ਹਾਲਤ ਦੱਸ ਦਿੱਤੀ ਸੀ। ਉਹ ਵੀ ਡਰਦੀ ਸੀ ਕਿ ਜੱਗੀ ਹੁਣ ਬਹੁਤੀ ਦੇਰ ਨਹੀਂ ਕੱਢੇਗਾ। ਉਸ ਦਾ ਇਕੋ ਫਿਕਰ ਸੀ ਕਿ ਕਿਤੇ ਉਹ ਆਪਣੇ ਪਿਓ ਤੋਂ ਪਹਿਲਾਂ ਨਾ ਮਰ ਜਾਵੇ, ਇਵੇਂ ਰੌਕੀ ਨੂੰ ਕੁਝ ਵੀ ਨਹੀਂ ਮਿਲਣਾ। ਸੋਹਣ ਸਿੰਘ ਦੀ ਸਾਰੀ ਜਾਇਦਾਦ ਚਰਨਜੀਤ ਨੂੰ ਮਿਲ ਜਾਣੀ ਸੀ। ਉਹ ਹਰ ਹਾਲਤ ਵਿਚ ਜੱਗੀ ਨੂੰ ਠੀਕ ਹੁੰਦਿਆਂ ਦੇਖਣਾ ਚਾਹੁੰਦੀ ਸੀ। ਪ੍ਰੀਤੀ ਚਰਨਜੀਤ ਨਾਲ ਬਿਲਕੁਲ ਵੀ ਗੱਲ ਨਹੀਂ ਸੀ ਕਰਨਾ ਚਾਹੁੰਦੀ ਪਰ ਦਿਲ ਕਰੜਾ ਕਰਕੇ ਉਸ ਨੇ ਫੋਨ ਕਰ ਹੀ ਲਿਆ,        

       -ਭੈਣ ਜੀ, ਜੈਗ ਦੀ ਸਿਹਤ ਬਿਲਕੁਲ ਠੀਕ ਨਹੀਂ, ਸ਼ਰਾਬ ਕਾਰਨ ਉਸ ਦਾ ਲਿਵਰ ਜਾ ਚੁੱਕਿਐ। ਉਸ ਨੂੰ ਕਿਸੇ ਤਰ੍ਹਾਂ ਸਮਝਾਓ, ਜੇ ਉਹਨੂੰ ਬਚਾਉਣਾ ਤਾਂ ਸ਼ਰਾਬ ਤੋਂ ਰੋਕੋ।

       -ਪ੍ਰੀਤੀ, ਕਿਸੇ ਤਰ੍ਹਾਂ ਤੂੰ ਉਹਨੂੰ ਇਥੇ ਇੰਡੀਆ ਭੇਜ ਦੇ। ਮੈਂ ਆਪਣੇ ਭਰਾ ਦੀ ਪੂਰੀ ਸੇਵਾ ਕਰਾਂਗੀ ਤੇ ਠੀਕ ਕਰ ਦੇਵਾਂਗੀ।

       ਚਰਨਜੀਤ ਨੇ ਇਵੇਂ ਕਿਹਾ ਕਿ ਜੱਗੀ ਦੀ ਸੇਵਾ ਕਰਨ ਦਾ ਜਿਹੜਾ ਕੰਮ ਤੈਨੂੰ ਕਰਨਾ ਚਾਹੀਦਾ ਸੀ ਉਹ ਮੈਂ ਕਰ ਦਿਖਾਵਾਂਗੀ।

       ਦੋ ਕੁ ਦਿਨਾਂ ਬਾਅਦ ਜੱਗੀ ਡਾਕਟਰਾਂ ਨੂੰ ਕਹਿ ਕੇ ਘਰ ਆ ਗਿਆ। ਡਾਕਟਰ ਉਸ ਨੂੰ ਰੋਕਦੇ ਰਹੇ ਪਰ ਉਹ ਹੋਰ ਰਹਿਣਾ ਨਾ ਮੰਨਿਆਂ। ਇਕ ਗੱਲ ਜ਼ਰੂਰ ਸੀ ਕਿ ਹਸਪਤਾਲ ਤੋਂ ਆ ਜਾਣ ਨਾਲ ਉਹ ਆਪਣੇ ਆਪ ਨੂੰ ਵਧੇਰੇ ਸਿਹਤਯਾਬ ਸਮਝ ਰਿਹਾ ਸੀ। ਉਸ ਨੇ ਨਵੀ ਰਾਹੀਂ ਇੰਡੀਆ ਦਾ ਵੀਜ਼ਾ ਅਪਲਾਈ ਕੀਤਾ। ਔਨ ਲਾਈਨ ਵੀਜ਼ਾ ਲੈਣ ਲਈ ਨਵੀ ਦੀ ਸਹਾਇਤਾ ਲੈਣੀ ਪੈਂਦੀ ਸੀ।

       ਇੰਡੀਆ ਜਾਣ ਵੇਲੇ ਜੱਗੀ ਨੇ ਸਿਰਫ ਆਨੰਦੀ ਨੂੰ ਹੀ ਦੱਸਿਆ ਕਿ ਉਹ ਜਾ ਰਿਹਾ ਹੈ। ਚਰਨਜੀਤ ਨੂੰ ਉਹ ਸਰਪਰਾਈਜ਼ ਦੇਣਾ ਚਾਹੁੰਦਾ ਸੀ। ਆਨੰਦੀ ਨੂੰ ਵੀ ਇਕ ਦਿਨ ਪਹਿਲਾਂ ਹੀ ਦੱਸਿਆ ਸੀ। ਦਿੱਲੀ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਸਨ। ਏਅਰਪੋਰਟ ਤੋਂ ਉਤਰ ਕੇ ਉਸ ਨੇ ਟੈਕਸੀ ਫੜੀ ਤੇ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ। ਰਿਸ਼ਤੇਦਾਰ ਉਸ ਨੂੰ ਮਿਲ ਕੇ ਬਹੁਤੇ ਖੁਸ਼ ਨਹੀਂ ਸਨ। ਉਹ ਸਮਝਦੇ ਸਨ ਕਿ ਜੱਗੀ ਹੁਣ ਨੀਮ ਪਾਗਲ ਹੋ ਚੁੱਕਿਆ ਹੈ, ਇਸ ਨਾਲ ਰਿਸ਼ਤੇਦਾਰੀ ਰੱਖਣੀ ਬਹੁਤੀ ਲਾਹੇਵੰਦ ਨਹੀਂ ਹੈ। ਜੱਗੀ ਨੇ ਆਮ ਵਾਂਗ ਸ਼ਰਾਬ ਪੀਤੀ ਹੋਈ ਸੀ। ਬਾਥਰੂਮ ਗਿਆ ਤਾਂ ਧੜੰਮ ਕਰਕੇ ਡਿਗ ਪਿਆ। ਸਭ ਨੇ ਖੜਕਾ ਸੁਣਿਆ। ਕਿਸੇ ਨਾ ਕਿਸੇ ਤਰਾਂ੍ਹ ਬਾਥਰੂਮ ਦਾ ਦਰਵਾਜ਼ਾ ਖੋਹਲ ਕੇ ਉਸ ਨੂੰ ਬਾਹਰ ਕੱਢਿਆ ਤੇ ਅਗਲੀ ਸਵੇਰ ਹੀ ਰਿਸ਼ਤੇਦਾਰਾਂ ਨੇ ਉਸ ਨੂੰ ਜਲੰਧਰ ਦੀ ਟੈਕਸੀ ਕਰਵਾ ਦਿੱਤੀ।

       ਚਰਨਜੀਤ ਜਿੱਥੇ ਭਰਾ ਦੀ ਹਾਲਤ ਦੇਖ ਕੇ ਪਰੇਸ਼ਾਨ ਸੀ, ਉਥੇ ਉਸ ਨੂੰ ਕੁਝ ਤਸੱਲੀ ਵੀ ਸੀ ਕਿ ਆਪਣੇ ਹੱਥੀਂ ਭਰਾ ਦਾ ਇਲਾਜ ਕਰਾਵੇਗੀ। ਉਸ ਨੇ ਅਗਲੇ ਦਿਨ ਹੀ ਜੱਗੀ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ। ਜੱਗੀ ਭਾਵੇਂ ਮੰਨ ਨਹੀਂ ਸੀ ਰਿਹਾ ਪਰ ਚਰਨਜੀਤ ਤੇ ਉਸ ਦੇ ਪਿਤਾ ਸੋਹਣ ਸਿੰਘ ਨੇ ਉਸ ਦੀ ਇਕ ਨਾ ਸੁਣੀ। ਡਾਕਟਰਾਂ ਨੇ ਇਥੇ ਵੀ ਲਿਵਰ ਦੀ ਬਿਮਾਰੀ ਹੀ ਦੱਸੀ ਪਰ ਨਾਲ ਇਹ ਵੀ ਦੱਸ ਦਿੱਤਾ ਕਿ ਜੇ ਇਹ ਸ਼ਰਾਬ ਛੱਡ ਦੇਵੇ ਤਾਂ ਇਸ ਦੇ ਠੀਕ ਹੋਣ ਦ ਵਾਹਵਾ ਮੌਕੇ ਹਨ। ਸੋਹਣ ਸਿੰਘ ਤਾਂ ਆਪ ਵੀ ਕਾਫੀ ਬਿਮਾਰ ਸੀ ਇਸ ਲਈ ਉਸ ਦੀ ਸਾਰੀ ਸੰਭਾਲ ਚਰਨਜੀਤ ਨੂੰ ਹੀ ਕਰਨੀ ਪੈਂਦੀ ਸੀ। ਉਹ ਉਸ ਨੂੰ ਵੇਲੇ ਸਿਰ ਵਧੀਆ ਖਾਣਾ ਦਿੰਦੀ, ਦਵਾਈ ਦਿੰਦੀ। ਦੋ ਕੁ ਹਫਤੇ ਰਹਿ ਕੇ ਜੱਗੀ ਘਰ ਆ ਗਿਆ। ਉਥੇ ਵੀ ਉਸ ਲਈ ਇਕ ਵਿਸ਼ੇਸ਼ ਨਰਸ ਦਾ ਇੰਤਜ਼ਾਮ ਵੀ ਕਰ ਦਿੱਤਾ ਗਿਆ। ਜੱਗੀ ਠੀਕ ਹੋਣ ਲੱਗਿਆ ਪਰ ਕਦੇ ਕਦੇ ਟਪਲ਼ੀਆਂ ਜਿਹੀਆਂ ਵੀ ਮਾਰਨ ਲਗਦਾ ਸੀ। ਇਸ ਨਵੀਂ ਸਥਿਤੀ ਵਿੱਚ ਰਹਿੰਦਿਆਂ ਉਸ ਨੂੰ ਇਕ ਵੱਖਰੀ ਕੈਦ ਜਿਹੀ ਦਾ ਅਹਿਸਾਸ ਵੀ ਹੋਣ ਲੱਗਦਾ। ਇਕ ਦਿਨ ਉਸ ਨੇ ਨਵੀ ਨੂੰ ਫੋਨ ਕਰਕੇ ਕਿਹਾ,

       ਯਾਰ ਨਵੀ, ਮੇਰੇ ਲਈ ਟੈਕਸੀ ਭੇਜ, ਮੈਂ ਨਹੀਂ ਰਹਿਣਾ ਇਥੇ।




ਤੇਤੀ


       ਜੱਗੀ ਲਈ ਜ਼ਿੰਦਗੀ ਇਕ ਵਾਰ ਪਹਿਲਾਂ ਜਿਹੀ ਹੋ ਗਈ। ਉਹ ਸਵੇਰੇ ਲੇਟ ਜਿਹੇ ਉਠਦਾ। ਚਾਹ, ਟੋਸਟ, ਆਮਲੇਟ ਬਣਾਉਂਦਾ। ਖਾ ਕੇ ਬਾਥਰੂਮ ਜਾਂਦਾ। ਨਹਾਉਂਦਾ-ਧੋਂਦਾ। ਖਾਣ ਵਾਲੀਆਂ ਦਵਾਈਆਂ ਖਾਂਦਾ। ਦਿਨ ਦੇ ਹਿਸਾਬ ਨਾਲ ਫਲੈਟ ਦੀ ਸਫਾਈ ਕਰਦਾ। ਟਰਾਊਜ਼ਰ-ਕਮੀਜ਼ ਪਾ ਕੇ ਤਿਆਰ ਹੋ ਜਾਂਦਾ। ਕਮੀਜ਼ ਹਰ ਵੇਲੇ ਟਰਾਊਜ਼ਰ ਵਿੱਚ ਦੇ ਕੇ ਰੱਖਦਾ ਸੀ। ਸੂਟ ਤੇ ਟਾਈ ਤਾਂ ਹਰ ਵੇਲੇ ਉਸ ਦੇ ਤਿਆਰ ਹੀ ਪਏ ਹੁੰਦੇ ਕਿ ਪਤਾ ਨਹੀਂ ਕਿਹੜੇ ਵੇਲੇ ਬਾਹਰ ਜਾਣਾ ਪਵੇ। ਬੂਟ ਚਮਕ ਰਹੇ ਹੁੰਦੇ। ਵਾਲਾਂ ਦਾ ਵੀ ਧਿਆਨ ਰੱਖਦਾ ਕਿ ਇਹਨਾਂ ਦੀਆਂ ਜੜ੍ਹਾਂ ਵਿਚ ਚਿੱਟੋਂ ਨਾ ਫਿਰ ਜਾਵੇ। ਨਿੱਕੇ ਨਿੱਕੇ ਕੰਮਾਂ ਤੋਂ ਵਿਹਲਾ ਹੁੰਦਾ ਤਾਂ ਆਵਾਜ਼ਾਂ ਦਾ ਸ਼ੋਰ ਉੱਚਾ ਹੋ ਜਾਂਦਾ। ਉਹ ਟੈਲੀ ਲਾ ਲੈਂਦਾ। ਕਈ ਵਾਰ ਟੈਲੀ ਏਨੀ ਉੱਚੀ ਆਵਾਜ਼ ਵਿੱਚ ਲਾਉਂਦਾ ਕਿ ਸੁਣਦੀਆਂ ਆਵਾਜ਼ਾਂ ਮੱਧਮ ਪੈ ਜਾਣ। ਦੁਪਹਿਰ ਜਿਹੇ ਨੂੰ ਉਹ ਤਿਆਰ ਹੋ ਕੇ ਬਾਹਰ ਨਿਕਲ ਜਾਂਦਾ। ਕਈ ਵਾਰ ਤਾਂ ਉਹ ਕੇਂਦਰੀ ਲੰਡਨ ਲਈ ਟਿਊਬ ਫੜ ਲੈਂਦਾ ਜਾਂ ਏਅਰਪੋਰਟ 'ਤੇ ਚਲੇ ਜਾਂਦਾ। ਉਥੇ ਬੈਠਾ ਆਉਂਦੀਆਂ ਜਾਂਦੀਆਂ ਸਵਾਰੀਆਂ ਨੂੰ ਦੇਖਦਾ ਰਹਿੰਦਾ। ਕਦੇ ਕਦੇ ਉਹ ਏਅਰਪੋਰਟ ਨੇੜਲੇ ਪੱਬ ਵਿੱਚ ਜਾ ਬਹਿੰਦਾ ਜਿੱਥੋਂ ਸਿਰ ਉਪਰ ਦੀ ਉਤਰਦੇ ਜਹਾਜ਼ ਦਿਸਦੇ। ਇਹਨਾਂ ਉਤਰਦੇ ਜਹਾਜ਼ਾਂ ਵਿੱਚ ਉਸ ਨੂੰ ਅਜੀਬ ਜਿਹਾ ਰੁਮਾਂਸ ਦਿਸਦਾ। ਉਹ ਨਵੀ ਨੂੰ ਫੋਨ ਕਰਦਾ। ਉਸ ਦਾ ਦਿਲ ਕਰਦਾ ਕਿ ਨਵੀ ਦੇ ਘਰ ਜਾਵੇ ਪਰ ਨਵੀ ਹਰ ਵੇਲੇ ਕੰਮ 'ਤੇ ਹੀ ਹੁੰਦਾ ਜਾਂ ਘਰ ਵਿੱਚ ਵੀ ਕਿਸੇ ਨਾ ਕਿਸੇ ਕਾਰਨ ਰੁਝਿਆ ਹੁੰਦਾ। ਬਾਹੜਾ ਵੀ ਬਹੁਤ ਘੱਟ ਵਿਹਲਾ ਮਿਲਦਾ। ਉਹ ਰੌਕੀ ਨੂੰ ਮਿਲਣ ਚਲੇ ਜਾਂਦਾ। ਜੇ ਨਛੱਤਰ ਘਰ ਹੁੰਦਾ ਤਾਂ ਛੇਤੀ ਮੁੜ ਆਉਂਦਾ ਨਹੀਂ ਤਾਂ ਉਥੇ ਬਹਿ ਕੇ ਕੁਝ ਦੇਰ ਟੈਲੀ ਦੇਖ ਲੈਂਦਾ। ਪ੍ਰੀਤੀ ਉਸ ਨੂੰ ਕਿਸੇ ਗੱਲੋਂ ਦਬਕ ਵੀ ਦਿੰਦੀ, ਇਸ ਝਿੜਕ ਨੂੰ ਉਹ ਚੁੱਪ ਕਰਕੇ ਸੁਣ ਲੈਂਦਾ। ਰੌਕੀ ਵੀ ਉਸ ਨੂੰ ਝਹੀਆਂ ਲੈ ਕੇ ਪੈਂਦਾ, ਉਹ ਸੋਚਦਾ ਕਿ ਮੁੜ ਕੇ ਇਥੇ ਨਹੀਂ ਆਉਣਾ ਪਰ ਫਿਰ ਚਲੇ ਜਾਂਦਾ ਕਿਉਂਕਿ ਜਾਣ ਲਈ ਕੋਈ ਹੋਰ ਜਗਾਹ ਵੀ ਤਾਂ ਨਹੀਂ ਸੀ।

       ਚਰਨਜੀਤ ਤੇ ਆਨੰਦੀ ਨਾਲ ਉਸ ਦਾ ਤਕਰੀਬਨ ਹਰ ਰੋਜ਼ ਹੀ ਫੋਨ ਹੁੰਦਾ ਸੀ। ਉਹਨਾਂ ਨਾਲ ਗੱਲਾਂ ਕਰਕੇ ਉਸ ਨੂੰ ਅਜੀਬ ਜਿਹਾ ਧਰਵਾਸ ਮਿਲਦਾ। ਉਹ ਦੋਵੇਂ ਵੀ ਜੱਗੀ ਦੀ ਸਿਹਤ ਬਾਰੇ ਫਿਕਰਵੰਦ ਰਹਿੰਦੀਆਂ ਸਨ। ਆਨੰਦੀ ਕੈਨੇਡਾ ਵਿੱਚ ਇਕੱਲੀ ਹੋਣ ਕਰਕੇ ਵੀ ਇਵੇਂ ਜੱਗੀ ਨੂੰ ਫੋਨ ਕਰਨਾ ਉਸ ਨੂੰ ਚੰਗਾ ਲੱਗਦਾ ਸੀ। ਇਹਨਾਂ ਦਿਨਾਂ ਵਿੱਚ ਸੋਹਣ ਸਿੰਘ ਦੀ ਸਿਹਤ ਬਹੁਤੀ ਵਧੀਆ ਨਹੀਂ ਸੀ ਚੱਲ ਰਹੀ ਉਮਰ ਵੀ ਤਾਂ ਪੱਚਾਸੀ ਸਾਲ ਦੀ ਹੋ ਗਈ ਸੀ ਫਿਰ ਉਪਰੋਂ ਸ਼ੂਗਰ ਦੀ ਪੁਰਾਣੀ ਬਿਮਾਰੀ। ਇਕ ਦਿਨ ਚਰਨਜੀਤ ਨੇ ਕਿਹਾ,

       -ਵੀਰੇ, ਡੈਡੀ ਨੂੰ ਹਸਪਤਾਲ ਭਰਤੀ ਕਰਾਉਣਾ ਪਿਐ, ਜੇ ਹੋ ਸਕੇ ਤਾਂ ਤੂੰ ਵੀ ਆ ਜਾਹ। ਮਿਲ ਜਾਹ।

       -ਚਰਨਜੀਤ, ਮੈਂ ਬਹੁਤਾ ਠੀਕ ਨਹੀਂ। ਪੇਟ ਵਿਚ ਹਵਾ ਬਹੁਤ ਭਰਦੀ ਐ, ਡਾਕਟਰ ਨੇ ਦਵਾਈ ਬਦਲੀ ਐ। ਮੇਰੀ ਹਸਪਤਾਲ ਦੀ ਐਪੁਆਏਂਟਮਿੰਟ ਵੀ ਐ।

       ਜੱਗੀ ਦੇ ਕਹਿਣ 'ਤੇ ਚਰਨਜੀਤ ਕੁਝ ਨਾ ਬੋਲੀ। ਕੁਝ ਦਿਨਾਂ ਬਾਅਦ ਸੋਹਣ ਸਿੰਘ ਦੀ ਸਿਹਤ ਹੋਰ ਖਰਾਬ ਹੋ ਗਈ। ਸ਼ੂਗਰ ਤੇ ਬਲੱਡ ਪ੍ਰੈਸ਼ਰ ਕਾਬੂ ਵਿਚ ਨਹੀਂ ਸਨ ਆ ਰਹੇ। ਚਰਨਜੀਤ ਦਾ ਫੋਨ ਆਇਆ,

       -ਵੀਰੇ, ਜਲਦੀ ਆ ਜਾਹ, ਡੈਡੀ ਦਾ ਕੁਝ ਨਹੀਂ ਪਤਾ।

       ਜੱਗੀ ਸੋਚਾਂ ਵਿਚ ਪੈ ਗਿਆ ਕਿ ਹੁਣ ਕੀ ਕਰੇ। ਉਸ ਕੋਲ ਕਿਰਾਏ ਜੋਗੇ ਪੈਸੇ ਵੀ ਨਹੀਂ ਸਨ। ਟਿਕਟ ਲਈ ਦੋ ਸੌ ਪੌਂਡ ਥੁੜਦਾ ਸੀ। ਨਵੀ ਤੋਂ ਉਸ ਨੇ ਪਹਿਲਾਂ ਹੀ ਪੰਜ ਸੌ ਪੌਂਡ ਲਏ ਹੋਏ ਸਨ ਜਿਹੜੇ ਉਸ ਨੇ ਆਨੰਦੀ ਨੂੰ ਕਾਰ ਲੈਣ ਲਈ ਭੇਜੇ ਸਨ ਤੇ ਹਾਲੇ ਤਕ ਵਾਪਸ ਨਹੀਂ ਸੀ ਕਰ ਸਕਿਆ। ਬਾਹੜਾ ਪਹਿਲਾਂ ਹੀ ਪੈਸੇ ਵਲੋਂ ਬਹੁਤ ਚੀੜ੍ਹਾ ਸੀ। ਇਕ ਵਾਰ ਫਿਰ ਪ੍ਰੀਤੀ ਦਾ ਹੀ ਖਿਆਲ ਆਇਆ। ਪ੍ਰੀਤੀ ਨੇ ਉਸ ਨੂੰ ਘਰ ਸੱਦਿਆ ਤੇ ਕਹਿਣ ਲੱਗੀ,

       -ਜੈਗ, ਦੋ ਸੌ ਪੌਂਡ ਤਾਂ ਮੈਂ ਦੇ ਦਿੰਨੀ ਆਂ ਪਰ ਜਦ ਤੂੰ ਰੌਕੀ ਬਾਰੇ ਕੁਝ ਸੋਚਦਾ ਹੀ ਨਹੀਂ ਤਾਂ ਮੈਂ ਤੇਰੀ ਮੱਦਦ ਕਿਉਂ ਕਰਾਂ?

       -ਰੌਕੀ ਬਾਰੇ ਮੈਂ ਕੀ ਸੋਚਾਂ? ਮੇਰੇ ਕੋਲ ਕੁਝ ਹੈ ਹੀ ਨਹੀਂ!

       -ਡੈਡੀ ਤੋਂ ਬਾਅਦ ਜੇ ਅੱਧਾ ਚਰਨਜੀਤ ਵੀ ਲੈ ਗਈ ਤਾਂ ਅੱਧਾ ਤਾਂ ਤੇਰਾ ਹੀ ਐ। ਉਹ ਰੌਕੀ ਨੂੰ ਦੇਹ।

       -ਮੈਡਮ, ਰੌਕੀ ਮੇਰਾ ਪੁੱਤ ਐ, ਇਹਤੋਂ ਬਿਨਾਂ ਮੈਂ ਹੋਰ ਕਿਹਨੂੰ ਦੇਣਾ। ਨਾਲੇ ਅੱਧਾ ਚਰਨਜੀਤ ਨੂੰ ਨਹੀਂ ਜਾਣਾ, ਡੈਡੀ ਨੇ ਮੇਰੇ ਨਾਂ ਦੀ ਵਸੀਅਤ ਬਣਾਈ ਹੋਈ ਐ।

       -ਜੇ ਸ਼ਿਵਚਰਨ ਭਾਜੀ ਵਸੀਅਤ ਤੇਰੇ ਹੱਥ ਆਉਣ ਦੇਵੇਗਾ ਤਾਂ ਹੀæææ, ਉਹ ਬਹੁਤ ਤੇਜ਼ ਆਦਮੀ ਐ।

       -ਇਹਦਾ ਫਿਕਰ ਨਾ ਕਰ। ਮੇਰੇ ਮੁਹਰੇ ਉਹਦੀ ਤੇਜ਼ੀ ਨਹੀਂ ਚੱਲਣੀ। ਤੂੰ ਇਕ ਵਾਰ ਮੈਨੂੰ ਜਾਣ ਤਾਂ ਦੇ।

       -ਜੈਗ, ਮੈਂ ਤੈਨੂੰ ਬਹੁਤ ਵਾਰ ਕਿਹਾ ਤੇ ਹੁਣ ਇਕ ਵਾਰ ਫਿਰ ਕਹਿੰਨੀ ਆਂ। ਆਹ ਜਿਹੜੀ ਜ਼ਿੰਦਗੀ ਤੂੰ ਜੀ ਰਿਹਾਂ ਇਹ ਬਹੁਤ ਭੈੜੀ ਐ। ਤੂੰ ਇਹਦਾ ਹੱਕਦਾਰ ਨਹੀਂ। ਏਨਾ ਕੁਝ ਹੁੰਦਿਆਂ-ਸੁੰਦਿਆਂ ਤੂੰ ਏਸ ਹਾਲਤ ਵਿੱਚ ਰਹਿੰਨਾਂ?

       ਪ੍ਰੀਤੀ ਆਖਦੀ ਹੋਈ ਉਸ ਵੱਲ ਧਿਆਨ ਦੇਖ ਰਹੀ ਸੀ। ਜੱੱਗੀ ਦਾ ਦਿਲ ਕੀਤਾ ਕਿ ਕਹਿ ਦੇਵੇ ਕਿ ਮੇਰੀ ਇਸ ਹਾਲਤ ਦੀ ਤੂੰ ਹੀ ਜ਼ਿੰਮੇਵਾਰ ਹੈਂ ਪਰ ਉਸ ਨੂੰ ਦੋ ਸੌ ਪੌਂਡ ਦੀ ਲੋੜ ਸੀ ਇਸ ਲਈ ਚੁੱਪ ਰਿਹਾ। ਪ੍ਰੀਤੀ ਕਹਿੰਦੀ ਗਈ,

       -ਤੈਨੂੰ ਚਾਹੀਦਾ ਕਿ ਆਪਣੇ ਹਿੱਸੇ ਦੀਆਂ ਦੋ ਦੁਕਾਨਾਂ ਵੇਚ ਦੇਵੇਂ ਤੇ ਇਕ ਘਰ ਆਪ ਲੈ ਲਵੇਂ ਤੇ ਇਕ ਰੌਕੀ ਨੂੰ ਲੈ ਦੇਵੇਂ।

       -ਮੈਡਮ, ਹਾਲੇ ਡੈਡੀ ਬੈਠਾ। ਤੂੰ ਏਹੋ ਜਿਹੀਆਂ ਨਾ ਕਰ। ਹਾਲੇ ਮੇਰੇ ਡੈਡੀ ਨੂੰ ਕੁਝ ਨਹੀਂ ਹੋਣਾ। ਤੈਨੂੰ ਮੈਂ ਦੱਸਿਆ ਸੀ ਨਾ ਕਿ ਸਾਡੀ ਫੈਮਿਲੀ ਵਿਚ ਸਾਰੇ ਮਰਦ ਸੌ ਸਾਲ ਦੇ ਹੋ ਕੇ ਮਰਦੇ ਆ।






ਚੌਤੀ


       ਜਲੰਧਰ ਸ਼ਹਿਰ ਵਿੱਚ ਸੋਹਣ ਸਿੰਘ ਦਾ ਦੋ ਮੰਜ਼ਿਲਾ ਘਰ ਸੀ। ਉਪਰਲੀ ਮੰਜ਼ਿਲ ਕਿਰਾਏ 'ਤੇ ਦਿੱਤੀ ਹੋਈ ਸੀ ਤੇ ਹੇਠਾਂ ਉਹ ਆਪ ਰਹਿੰਦਾ ਸੀ। ਕਿਰਾਏਦਾਰਾਂ ਦੇ ਰਹਿਣ ਕਾਰਨ ਸੋਹਣ ਸਿੰਘ ਨੂੰ ਇਕੱਲਤਾ ਘੱਟ ਮਹਿਸੂਸ ਹੁੰਦੀ। ਕੇਵਲ ਕੋਰ ਦੀ ਮੌਤ ਤੋਂ ਬਾਅਦ ਸੋਹਣ ਸਿੰਘ ਨੇ ਆਪਣੇ ਆਪ ਨੂੰ ਡਿਗਣ ਨਹੀਂ ਸੀ ਦਿੱਤਾ। ਜੀਪ ਰੱਖੀ ਹੋਈ ਸੀ ਜਿਸ ਨੂੰ ਉਹ ਬਹੁਤੀ ਵਾਰ ਆਪ ਹੀ ਚਲਾਉਂਦਾ ਸੀ। ਚਰਨਜੀਤ ਦਾ ਘਰ ਵੀ ਨਾਲ ਦੀ ਗਲੀ ਵਿੱਚ ਹੀ ਸੀ। ਚਰਨਜੀਤ ਦਾ ਬਹੁਤਾ ਵਕਤ ਆਪਣੇ ਪਿਓ ਦੇ ਘਰ ਹੀ ਬੀਤਦਾ ਸੀ। ਉਸ ਦੇ ਪਤੀ ਸ਼ਿਵਚਰਨ ਨੂੰ ਇਹ ਗੱਲ ਬਹੁਤੀ ਪਸੰਦ ਤਾਂ ਨਹੀਂ ਸੀ ਪਰ ਉਹ ਉਸ ਨੂੰ ਰੋਕਦਾ ਨਹੀਂ ਸੀ। ਸੋਹਣ ਸਿੰਘ ਦੀਆਂ ਦੁਕਾਨਾਂ ਦਾ ਕਿਰਾਇਆ ਆਪ ਇਕੱਠਾ ਕਰਦਾ ਤੇ ਵਿਚੋਂ ਤਨਖਾਹ ਜੋਗੇ ਪੈਸੇ ਰੱਖ ਜਾਂਦਾ ਸੀ। ਦੋ ਦੁਕਾਨਾਂ ਦੇ ਕਿਰਾਏ ਉਸ ਨੇ ਵਧਾ ਦਿੱਤੇ ਸਨ ਜਿਹਨਾਂ ਬਾਰੇ ਸੋਹਣ ਸਿੰਘ ਨੂੰ ਕੁਝ ਨਹੀਂ ਸੀ ਦੱਸਿਆ। ਸੋਹਣ ਸਿੰਘ ਤੋਂ ਬਾਅਦ ਵੀ ਉਸ ਨੂੰ ਕੁਝ ਨਾ ਕੁਝ ਮਿਲਣ ਦੀਆਂ ਆਸਾਂ ਸਨ। ਉਸ ਨੂੰ ਜੱਗੀ ਬਾਰੇ ਵੀ ਉਮੀਦ ਸੀ ਕਿ ਉਹ ਬਹੁਤੀ ਦੇਰ ਨਹੀਂ ਕੱਢਣ ਲਗਿਆ। ਉਸ ਦਾ ਸਭ ਕੁਝ ਵੀ ਤਾਂ ਉਸੇ ਦਾ ਹੋਣਾ ਸੀ। ਜੱਗੀ ਕਈ ਵਾਰ ਕਹਿ ਚੁੱਕਿਆ ਸੀ ਕਿ ਆਨੰਦੀ ਹੀ ਉਸ ਦੀ ਅਸਲੀ ਵਾਰਿਸ ਹੈ। ਉਸ ਨੂੰ ਪਤਾ ਸੀ ਕਿ ਸੋਹਣ ਸਿੰਘ ਨੇ ਜੱਗੀ ਦੇ ਨਾਂ ਦੀ ਵਸੀਅਤ ਬਣਾਈ ਹੋਈ ਹੈ ਪਰ ਉਸ ਨੇ ਮਨ ਹੀ ਮਨ ਫੈਸਲਾ ਕਰ ਲਿਆ ਹੋਇਆ ਸੀ ਕਿ ਇਹ ਜਾਇਦਾਦ ਨੂੰ ਉਹ ਕਿਸੇ ਨਾ ਕਿਸੇ ਤਰਾਂ੍ਹ ਹਥਿਆ ਕੇ ਹੀ ਰਹੇਗਾ। ਭਾਵੇਂ ਜੱਗੀ ਨਾਲ ਉਸ ਦੀਆਂ ਕਈ ਝੜਪਾਂ ਹੋ ਚੁੱਕੀਆਂ ਸਨ ਪਰ ਉਸ ਦੇ ਮਨ ਵਿੱਚ ਹਰ ਵੇਲੇ ਕੁਝ ਨਾ ਕੁਝ ਚਲਦਾ ਰਹਿੰਦਾ ਸੀ ਇਸ ਲਈ ਉਹ ਚਰਨਜੀਤ ਨੂੰ ਪਿਓ ਦੇ ਘਰ ਜਾਣੋ ਨਹੀਂ ਸੀ ਰੋਕਦਾ।

       ਚਰਨਜੀਤ ਵੀ ਦੂਰ ਦੀ ਸੋਚਿਆ ਕਰਦੀ ਸੀ। ਉਹ ਪਤੀ ਦੇ ਇਰਾਦੇ ਸਮਝਦੀ ਵੀ ਸੀ ਪਰ ਉਸ ਨੂੰ ਆਪਣੇ ਭਰਾ ਨਾਲ ਵੀ ਬਹੁਤ ਪਿਆਰ ਸੀ। ਭਰਾ ਨਾਲੋਂ ਜਾਇਦਾਦ ਨੂੰ ਪਹਿਲ ਨਹੀਂ ਸੀ ਦਿੰਦੀ। ਸੋਹਣ ਸਿੰਘ ਨੇ ਆਪਣੀ ਵਸੀਅਤ ਵੀ ਉਸੇ ਨੂੰ ਸੰਭਾਲੀ ਹੋਈ ਸੀ। ਸ਼ਿਵਚਰਨ ਦਾ ਦਿਲ ਕਰਦਾ ਕਿ ਵਸੀਅਤ ਛੁਪਾ ਦੇਵੇ, ਇਸ ਨੂੰ ਪਾੜ ਸੁੱਟੇ, ਫਿਰ ਤਾਂ ਜਾਇਦਾਦ ਵਿੱਚ ਉਸ ਦਾ ਅੱਧ ਸਿੱਧਾ ਹੀ ਬਣਦਾ ਹੈ ਪਰ ਉਸ ਨੂੰ ਪਤਾ ਸੀ ਇਕ ਇਹ ਪੱਕੀ ਵਸੀਅਤ ਹੈ ਤੇ ਇਸ ਦੀ ਨਕਲ ਰਜਿਸਟਰਾਰ ਦੇ ਦਫਤਰੋਂ ਮਿਲ ਜਾਣੀ ਸੀ। ਉਹ 'ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ' ਵਾਲੀ ਗੇਮ ਖੇਡ ਰਿਹਾ ਸੀ।

       ਜੱਗੀ ਕਿਸੇ ਨਾ ਕਿਸੇ ਤਰਾਂ੍ਹ ਘਰ ਪੁੱਜ ਗਿਆ ਪਰ ਉਸ ਦੀ ਸਿਹਤ ਬਹੁਤ ਖਰਾਬ ਸੀ। ਇਥੇ ਆ ਕੇ ਉਹ ਆਵਾਜ਼ਾਂ ਸੁਣਨ ਬਾਰੇ ਬਹੁਤੀ ਕਿਸੇ ਨਾਲ ਗੱਲ ਨਹੀਂ ਸੀ ਕਰਿਆ ਕਰਦਾ ਕਿ ਲੋਕ ਉਸ ਨੂੰ ਪਾਗਲ ਹੀ ਨਾ ਸਮਝ ਲੈਣ। ਚਰਨਜੀਤ ਨੇ ਇਕ ਦਮ ਡਾਕਟਰ ਬੁਲਾ ਲਿਆ। ਉਸ ਦੀਆਂ ਪੀਲੀਆਂ ਅੱਖਾਂ ਦੇਖ ਕੇ ਡਾਕਟਰ ਵੀ ਡਰ ਗਿਆ ਤੇ ਉਸ ਨੂੰ ਇਕ ਦਮ ਹਸਪਤਾਲ ਭਰਤੀ ਕਰਾਉਣ ਲਈ ਆਖ ਦਿੱਤਾ। ਐਕਸਰੇ ਤੇ ਹੋਰ ਚੈਕ-ਅੱਪ ਵਿੱਚ ਲਿਵਰ ਦੀ ਬਿਮਾਰੀ ਹੀ ਸਾਹਮਣੇ ਆਈ। ਹੁਣ ਚਰਨਜੀਤ ਨੂੰ ਦੋ ਮਰੀਜ਼ ਦੇਖਣੇ ਪੈ ਰਹੇ ਸਨ। ਸੋਹਣ ਸਿੰਘ ਜੈਨ ਹਸਪਤਾਲ ਵਿੱਚ ਸੀ ਤੇ ਜੱਗੀ ਲਿਵਰ ਦੇ ਵਿਸ਼ੇਸ਼ ਸੰਘਾ ਹਸਪਤਾਲ ਵਿਚ। ਹੁਣ ਖਰਚੇ ਵੀ ਦੁੱਗਣੇ ਹੋ ਗਏ। ਇਹ ਖਰਚੇ ਲੱਖਾਂ ਰੁਪਈਆਂ ਵਿੱਚ ਹੋ ਰਹੇ ਸਨ।  ਜਮਾਂ ਪੈਸੇ ਖਤਮ ਹੋ ਰਹੇ ਸਨ। ਇਸ ਨੂੰ ਲੈ ਕੇ ਚਰਨਜੀਤ ਬਹੁਤ ਪਰੇਸ਼ਾਨ ਰਹਿੰਦੀ। ਸ਼ਿਵਚਰਨ ਵੀ ਪਰੇਸ਼ਾਨ ਸੀ। ਇਕ ਦਿਨ ਉਹ ਬੋਲਿਆ,

       -ਸਾਡੇ ਤੋਂ ਤਾਂ ਇਕ ਹੀ ਨਹੀਂ ਸਾਂਭਿਆ ਜਾਂਦਾ ਤੇ ਇਹ ਇਕ ਹੋਰ ਆ ਗਿਆ! ਭਲਾ ਕੀ ਲੋੜ ਸੀ ਇਹਨੂੰ ਫੋਨ ਕਰਕੇ ਸੱਦਣ ਦੀ?

       -ਮੈਂ ਸੋਚਿਆ ਕਿ ਡੈਡੀ ਨੂੰ ਦੇਖ ਲਵੇ, ਫੇਰ ਕਹੇਗਾ ਕਿ ਜਾਂਦੇ ਪਿਓ ਨੂੰ ਮਿਲ ਵੀ ਨਹੀਂ ਸਕਿਆ।

       -ਇਹ ਵੀ ਤਾਂ ਸੋਚਦੀ ਕਿ ਇਹਦੀ ਬਿਮਾਰੀ ਦਾ ਖਰਚਾ ਕੌਣ ਚੁੱਕੇਗਾ?

       -ਮੈਂ ਸੋਚਦੀ ਆਂ ਕਿ ਆਪਣੇ ਵਾਲਾ ਪਲਾਟ ਵੇਚ ਦੇਵਾਂ।

       -ਕਿਉਂ ਵੇਚ ਦੇਵੇਂ ਤੂੰੰ ਪਲਾਟ? ਇਹ ਪਲਾਟ ਅਸੀਂ ਕਿਉਂ ਵੇਚੀਏ? ਏਨੀ ਜਾਇਦਾਦ ਵਿੱਚੋਂ ਸਾਨੂੰ ਇਕ ਪਲਾਟ ਦਿੱਤਾ ਸਾਰਾ, ਉਹ ਵੀ ਵੇਚ ਦੇਈਏ? ਸੰਭਾਲ ਬੁੜੇ ਦੀ ਅਸੀਂ ਕਰਦੇ ਆਂ ਤੇ ਸਾਰੀ ਜਾਇਦਾਦ ਦੀ ਵਸੀਅਤ ਜੱਗੀ ਦੇ ਨਾਂ ਕੀਤੀ ਐ, ਭਲਾ ਇਹ ਕਿਥੋਂ ਦਾ ਇਨਸਾਫ ਐ?

       ਸ਼ਿਵਚਰਨ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਸੀ। ਚਰਨਜੀਤ ਉਸ ਦੇ ਗੁੱਸੇ ਨੂੰ ਵੀ ਸਮਝਦੀ ਸੀ। ਇਕ ਪਲੜੇ ਵਿਚ ਪਤੀ ਤੇ ਦੂਜੇ ਪਲੜੇ ਪਿਓ ਤੇ ਭਰਾ ਸਨ। ਉਸ ਲਈ ਪਿਓ ਤੇ ਭਰਾ ਵਾਲਾ ਪਲੜਾ ਸਦਾ ਭਾਰੀ ਰਹਿੰਦਾ ਸੀ। ਜੱਗੀ ਕੁਝ ਦਿਨ ਹਸਪਤਲਾ ਰਹਿ ਕੇ ਘਰ ਆ ਗਿਆ। ਡਾਕਟਰਾਂ ਨੇ ਉਸ ਨੂੰ ਸ਼ਰਾਬ ਤਾਂ ਕੀ ਜੂਸ ਤਕ ਪੀਣ ਦੀ ਮਨਾਹੀ ਕਰ ਦਿੱਤੀ ਸੀ। ਚਰਨਜੀਤ ਹਰ ਵੇਲੇ ਉਸ ਦੇ ਸਿਰ 'ਤੇ ਰਹਿੰਦੀ। ਜੱਗੀ ਵੀ ਗੰਭੀਰਤਾ ਨੂੰ ਸਮਝਦਾ ਦਵਾਈ ਚੰਗੀ ਤਰਾਂ੍ਹ ਖਾਂਦਾ।

       ਹਫਤੇ ਕੁ ਬਾਅਦ ਸੋਹਣ ਸਿੰਘ ਪੂਰਾ ਹੋ ਗਿਆ। ਜੱਗੀ ਨੇ ਸਸਕਾਰ ਤੇ ਹੋਰ ਸਾਰੀਆਂ ਰਸਮਾਂ ਕੀਤੀਆਂ ਤੇ ਵਾਪਸ ਚੜ ਆਇਆ। ਸੋਹਣ ਸਿੰਘ ਦੇ ਤੇ ਉਸ ਦੇ ਨਾਂ 'ਤੇ ਕੁਝ ਸਾਂਝੇ ਪੈਸੇ ਪਏ ਸਨ ਉਹ ਉਸ ਨੇ ਕਢਵਾ ਲਏ। ਕੁਝ ਉਸ ਨੇ ਚਰਨਜੀਤ ਨੂੰ ਦੇ ਦਿੱਤੇ ਤੇ ਕੁਝ ਕੁ ਦੇ ਉਸ ਨੇ ਪੰਜ ਹਜ਼ਾਰ ਪੌਂਡ ਬਣਵਾ ਲਏ ਸਨ। ਸੋਹਣ ਸਿੰਘ ਦੀਆਂ ਕੁਝ ਐਫ ਡੀਜ਼ ਵੀ ਸਨ, ਉਹਨਾਂ ਨੇ ਹਾਲੇ ਮੈਚਿਓਰ ਹੋਣਾ ਸੀ। ਜੱਗੀ ਦਾ ਉਹਨਾਂ ਵਿਚ ਨਾਂ ਹੈ ਹੀ ਸੀ। ਉਸ ਨੇ ਉਹਨਾਂ ਦਾ ਮੁਖਤਿਆਰਨਾਮਾ ਚਰਨਜੀਤ ਨੂੰ ਦੇ ਦਿੱਤਾ। ਬਾਕੀ ਦੀ ਜਾਇਦਾਦ ਹਾਲੇ ਉਸ ਦੇ ਨਾਂ ਹੋਣੀ ਸੀ ਪਰ ਉਹ ਵਾਪਸ ਆ ਗਿਆ। ਉਸ ਨੂੰ ਆਪਣੀ ਸਿਹਤ ਦਾ ਵੀ ਫਿਕਰ ਸੀ ਤੇ ਉਸ ਦੀ ਹਸਪਤਾਲ ਦੀ ਐਪੁਆਏਂਟਮਿੰਟ ਵੀ ਸੀ। ਜਾਇਦਾਦ ਤਾਂ ਹੁਣ ਕਦੇ ਵੀ ਆਪਣੇ ਨਾਂ ਕਰਾਈ ਜਾ ਸਕਦੀ ਸੀ।





ਪੈਂਤੀ


       ਜੱਗੀ ਵਾਪਸ ਇੰਗਲੈਂਡ ਆਇਆ ਤਾਂ ਉਹ ਬਹੁਤ ਖੁਸ਼ ਸੀ। ਹੁਣ ਉਹ ਸਾਧਾਰਨ ਬੰਦਾ ਨਹੀਂ ਸੀ ਸਗੋਂ ਕਰੋੜ ਪਤੀ ਸੀ। ਹਰ ਵੇਲੇ ਉਹ ਤਰਾਂ੍ਹ ਤਰਾਂ੍ਹ ਦੀਆਂ ਸਕੀਮਾਂ ਬਣਾਉਣ ਲੱਗਦਾ। ਵਾਪਸ ਆ ਕੇ ਸਭ ਤੋਂ ਪਹਿਲਾਂ ਉਹ ਆਪਣੇ ਡਾਕਟਰ ਨੂੰ ਮਿਲਿਆ ਤੇ ਇੰਡੀਆ ਦੇ ਡਾਕਟਰਾਂ ਦੀਆਂ ਸਾਰੀਆਂ ਰਿਪੋਰਟਾਂ ਦਿਖਾਈਆਂ। ਉਸ ਦੇ ਡਾਕਟਰ ਨੂੰ ਉਸ ਦੀ ਬਿਮਾਰੀ ਬਾਰੇ ਪਤਾ ਹੀ ਸੀ ਫਿਰ ਵੀ ਉਸ ਨੇ ਇਕ ਵਾਰ ਫਿਰ ਉਸ ਨੂੰ ਅਗਲੇ ਨਰੀਖਣਾਂ ਲਈ ਹਸਪਤਾਲ ਭੇਜ ਦਿੱਤਾ। ਹਸਪਤਾਲ ਵਿੱਚ ਉਸ ਦਾ ਰਿਕਾਰਡ ਤਾਂ ਪਹਿਲਾਂ ਹੈ ਹੀ ਸੀ। ਉਹਨਾਂ ਨੇ ਉਸ ਨੂੰ ਹਸਪਤਾਲ ਵਿਚ ਭਰਤੀ ਕਰ ਲਿਆ। ਹਸਪਤਾਲ ਵਿਚ ਰਹਿਣ ਲਈ ਉਹ ਤਿਆਰ ਨਹੀਂ ਸੀ। ਉਹ ਦੋ ਕੁ ਦਿਨ ਹਸਪਤਾਲ ਰਹਿ ਕੇ ਵਾਪਸ ਆ ਗਿਆ।

       ਭਾਵੇਂ ਉਹਨੇ ਵਾਪਸ ਪੁੱਜ ਕੇ ਹੀ ਨਵੀ, ਬਾਹੜੇ ਤੇ ਪ੍ਰੀਤੀ ਨੂੰ ਫੋਨ ਕਰਕੇ ਆਪਣੇ ਆਉਣ ਬਾਰੇ ਦੱਸ ਦਿੱਤਾ ਸੀ ਪਰ ਕਿਸੇ ਨੂੰ ਮਿਲ ਨਹੀਂ ਸੀ ਸਕਿਆ। ਹੁਣ ਉਹ ਸਭ ਤੋਂ ਪਹਿਲਾਂ ਤਾਂ ਪ੍ਰੀਤੀ ਨੂੰ ਮਿਲਣ ਗਿਆ। ਉਸ ਨੇ ਪ੍ਰੀਤੀ ਨੂੰ ਉਸ ਦੇ ਦੋ ਸੌ ਪੌਂਡ ਵਾਪਸ ਕੀਤੇ ਤਾਂ ਉਹ ਬੋਲੀ,

       -ਬਸ, ਏਨੇ ਹੀ? ਹੁਣ ਤਾਂ ਤੂੰ ਮਿਲੀਅਨਏਅਰ ਐਂ, ਸਿਰਫ ਦੋ ਸੌ ਪੌਂਡ ਹੀ ਦੇ ਰਿਹਾਂ?

       -ਏਨੇ ਪੈਸੇ ਸੀ ਡੈਡੀ ਦੇ, ਕਿਰਾਇਆ ਆਉਂਦਾ ਦੁਕਾਨਾਂ ਦਾ, ਘਰ ਕਿਰਾਏ 'ਤੇ ਐ, ਕਿਥੇ ਗਏ ਸਾਰੇ ਪੈਸੇ?

       -ਡੈਡੀ ਹਸਪਤਾਲ ਰਹੇ, ਫੇਰ ਮੈਂ ਵੀ।

       -ਜੈਗ, ਹਸਪਤਾਲ ਵਿੱਚ ਏਨੇ ਪੈਸੇ ਤਾਂ ਨਹੀਂ ਲਗਦੇ, ਸਿੱਧਾ ਕਹਿ ਕਿ ਤੂੰ ਸਾਨੂੰ ਕੁਝ ਦੇਣਾ ਨਹੀਂ ਚਾਹੁੰਦਾ?

       -ਮੈਨੂੰ ਕੁਝ ਮਿਲੇਗਾ ਤਾਂ ਹੀ ਦੇਵਾਂਗਾ ਨਾ। ਹਾਲੇ ਮੇਰੇ ਨਾਂ ਕੁਝ ਨਹੀਂ ਹੋਇਆ। ਮੈਂ ਜਲਦੀ ਹੀ ਵਾਪਸ ਜਾਣਾ, ਫਿਰ ਦੇਖਾਂਗਾ।

       -ਜੈਗ, ਇਹ ਤੇਰੇ ਸਾਰੇ ਬਹਾਨੇ ਆਂ। ਅਸਲ ਵਿਚ ਤੂੰ ਰੌਕੀ ਨੂੰ ਕੁਝ ਦੇਣਾ ਹੀ ਨਹੀਂ ਚਾਹੁੰਦਾ।

       ਪ੍ਰੀਤੀ ਨੇ ਨਹੋਰਾ ਮਾਰਿਆ। ਰੌਕੀ ਵੀ ਪਾਸ ਹੀ ਬੈਠਾ ਸੀ। ਉਹ ਜੱਗੀ ਵਲ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖਣ ਲੱਗਾ। ਜੱਗੀ ਬੋਲਿਆ,

       -ਮੈਡਮ, ਦੁਕਾਨਾਂ ਤਾਂ ਮੈਂ ਵੇਚਣੀਆਂ ਨਹੀਂ ਚਾਹੁੰਦਾ। ਡੈਡੀ ਦੀ ਨਿਸ਼ਾਨੀ ਐ। ਕੁਝ ਐਫ ਡੀਜ਼ ਮੈਚਿਓਰ ਹੋਣਗੀਆਂ ਤਾਂ ਪੈਸੇ ਜ਼ਰੂਰ ਲਿਆਵਾਂਗਾ।

        -ਹੁਣ ਕੁਝ ਨਹੀਂ ਲਿਆਇਆ? ਖਾਲੀ ਹੱਥ ਆ ਗਿਐਂ? ਜੇ ਖਾਲੀ ਹੱਥ ਹੀ ਆਉਣਾ ਸੀ ਤਾਂ ਫੇਰ ਸਾਨੂੰ ਕਿਉਂ ਮਿਲਣ ਆਇਆਂ?

       ਇਸ ਤੋਂ ਪਹਿਲਾਂ ਕਿ ਜੱਗੀ ਕੁਝ ਕਹਿੰਦਾ, ਰੌਕੀ ਉਠਿਆ ਤੇ ਉਸ ਨੇ ਜੱਗੀ ਦਾ ਗਲ਼ ਫੜ ਲਿਆ। ਇਕ ਹੱਥ ਫੜ ਕੇ ਦੂਜੇ ਹੱਥ ਨਾਲ ਉਸ ਦੀਆਂ ਜੇਬ੍ਹਾਂ ਦੀ ਤਲਾਸ਼ੀ ਲੈਣ ਲੱਗਿਆ। ਜੱਗੀ ਦੇ ਬਟੂਏ ਵਿੱਚ ਪੰਜ ਸੌ ਪੌਂਡ ਸੀ। ਰੌਕੀ ਨੇ ਇਹ ਪੌਂਡ ਕੱਢ ਲੱਏ ਤੇ ਉਸ ਨੂੰ ਘੜੀਸਦਾ ਹੋਇਆ ਬਾਹਰ ਲੈ ਗਿਆ ਤੇ ਘਰੋਂ ਬਾਹਰ ਸੁੱਟ ਦਿੱਤਾ। ਪ੍ਰੀਤੀ ਉਸ ਨੂੰ ਰੋਕਦੀ ਵੀ ਰਹੀ ਪਰ ਰੌਕੀ ਨੇ ਉਸ ਦੀ ਇਕ ਨਾ ਸੁਣੀ।

       ਜੱਗੀ ਕਪੜੇ ਝਾੜਦਾ ਉਠ ਖੜਿਆ। ਆਲਾ-ਦੁਆਲਾ ਦੇਖਦਾ ਉਹ ਤੁਰ ਪਿਆ। ਉਹ ਪੌਂਡ ਤਾਂ ਇੰਡੀਆ ਤੋਂ ਪੰਜ ਹਜ਼ਾਰ ਲਿਆਇਆ ਸੀ ਪਰ ਕੁਦਰਤੀ ਉਹ ਪੰਜ ਸੌ ਪੌਂਡ ਹੀ ਕੋਲ ਲੈ ਕੇ ਗਿਆ ਸੀ। ਇਹ ਪੌਂਡ ਵੀ ਉਸ ਨੇ ਨਵਾਂ ਟੈਲੀਵੀਯਨ ਖਰੀਦਣ ਵਾਸਤੇ ਜੇਬ੍ਹ ਵਿੱਚ ਪਾਏ ਸਨ। ਘਰ ਆ ਕੇ ਉਸ ਨੇ ਪ੍ਰੀਤੀ ਨੂੰ ਫੋਨ ਕਰ ਲਿਆ,

       -ਮੈਡਮ, ਮੇਰੇ ਕੋਲ ਬਹੁਤ ਕੁਝ ਐ, ਮੇਰੀਆਂ ਦੁਕਾਨਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ। ਪਲਾਟਾਂ ਦੀਆਂ ਕੀਮਤਾਂ ਵੀ ਪਰ ਤੁਹਾਨੂੰ ਮੈਂ ਕੁਝ ਨਹੀਂ ਦੇਣਾ। ਮੈਂ ਆਪਣੀ ਵਸੀਅਤ ਵੀ ਆਨੰਦੀ ਦੇ ਨਾਂ ਕਰਾ ਦੇਣੀ ਆਂ।





ਛੱਤੀ


      ਹੁਣ ਜੱਗੀ ਦੇ ਮਨ ਨੂੰ ਟਿਕਾਅ ਜਿਹਾ ਨਹੀਂ ਸੀ। ਜਿਹੜੇ ਪੈਸੇ ਉਹ ਲਿਆਇਆ ਸੀ ਉਸ ਨੇ ਜਲਦੀ ਹੀ ਖਰਚ ਲਏ। ਆਪਣੇ ਫਲੈਟ ਵਿੱਚ ਨਵਾਂ ਸੋਫਾ ਤੇ ਟੈਲੀ ਲੈ ਲਏ। ਨਵੇਂ ਸੂਟ ਬਗੈਰਾ ਵੀ ਖਰੀਦੇ। ਨਵੀ ਦੇ ਪੰਜ ਸੌ ਵੀ ਮੋੜ ਦਿਤੇ ਤੇ ਹਜ਼ਾਰ ਪੌਂਡ ਉਸ ਨੇ ਆਨੰਦੀ ਨੂੰ ਵੀ ਭੇਜ ਦਿੱਤਾ। ਕੁਝ ਦੇਰ ਲਈ ਸੁਣਦੀਆਂ ਆਵਾਜ਼ਾਂ ਵੀ ਮੱਧਮ ਪੈ ਗਈਆਂ ਪਰ ਉਸ ਦੇ ਪੇਟ ਵਿੱਚ ਹਵਾ ਪਹਿਲਾਂ ਵਾਂਗ ਹੀ ਭਰ ਰਹੀ ਸੀ। ਉਸ ਦਾ ਯਕੀਨ ਸੀ ਕਿ ਉਸ ਦਾ ਲਿਵਰ ਬਿਲਕੁਲ ਠੀਕ ਹੈ ਇਹ ਜਿਹੜੀ ਉਸ ਦੇ ਸਰੀਰ ਵਿੱਚ ਚਿੱਪ ਫਿੱਟ ਕੀਤੀ ਹੋਈ ਹੈ ਉਹਦੇ ਕਰਕੇ ਹੀ ਹੈ।

       ਉਸ ਦੇ ਬਦਲਦੇ ਰਵੱਈਏ ਤੋਂ ਉਸ ਦੇ ਡਾਕਟਰ ਨੂੰ ਸ਼ੱਕ ਹੋਇਆ ਕਿ ਸ਼ਾਇਦ ਉਸ ਦਾ ਵਿਸ਼ੇਸ਼ ਟੀਕ ਲੱਗਣ ਵਾਲਾ ਹੈ। ਉਸ ਨੇ ਸੰਬੰਧਿਤ ਮੈਂਟਲ ਹੈਲਥ ਮਹਿਕਮੇ ਨੂੰ ਚਿੱਠੀ ਲਿਖ ਦਿੱਤੀ ਤੇ ਇਕ ਵਾਰ ਫਿਰ ਕੁਝ ਲੋਕ ਆਏ ਤੇ ਜ਼ਬਰਦਸਤੀ ਉਸ ਦੇ ਟੀਕਾ ਲਾ ਗਏ। ਦੋ ਕੁ ਦਿਨ ਉਹ ਨਿਢਾਲ ਰਹਿ ਕੇ ਠੀਕ ਹੋ ਗਿਆ। ਇਸ ਵਾਰ ਇਸ ਗੱਲ ਦਾ ਜ਼ਿਕਰ ਉਸ ਨੇ ਕਿਸੇ ਕੋਲ ਨਾ ਕੀਤਾ। ਚਰਨਜੀਤ ਦਾ ਫੋਨ ਵੀ ਆਇਆ ਤਾਂ ਇਹ ਹੀ ਕਹਿ ਦਿਤਾ ਕਿ ਉਸ ਦਾ ਫੋਨ ਖਰਾਬ ਸੀ ਇਸ ਲਈ ਉਸ ਦੇ ਫੋਨਾਂ ਦਾ ਜਵਾਬ ਨਹੀਂ ਸੀ ਦੇ ਸਕਿਆ। ਪ੍ਰੀਤੀ ਨੂੰ ਵੀ ਹੁਣ ਬਹੁਤ ਦਿਨਾਂ ਤੋਂ ਫੋਨ ਨਹੀਂ ਸੀ ਕੀਤਾ। ਰੌਕੀ ਨਾਲ ਉਸ ਨੂੰ ਹਾਲੇ ਵੀ ਗੁੱਸਾ ਸੀ, ਨਹੀਂ ਤਾਂ ਉਸ ਦਾ ਗੁੱਸਾ ਏਨੇ ਦਿਨ ਨਹੀਂ ਸੀ ਚੱਲਿਆ ਕਰਦਾ।

       ਇਕ ਵਾਰ ਉਹ ਫਿਰ ਇੰਡੀਆ ਲਈ ਚੜ੍ਹ ਗਿਆ। ਸਦਾ ਵਾਂਗ ਰਾਹ ਵਿੱਚ ਉਹ ਸ਼ਰਾਬ ਪੀਂਦਾ ਹੀ ਗਿਆ। ਜਲੰਧਰ ਪੁੱਜਦੇ ਸਾਰ ਹੀ ਇਕ ਵਾਰ ਫਿਰ ਉਸ ਨੂੰ ਹਸਪਤਾਲ ਵਿਚ ਭਰਤੀ ਹੋਣਾ ਪਿਆ। ਉਸੇ ਸੰਘਾ ਹਸਪਤਾਲ ਵਿਚ ਜਿਹੜਾ ਲਿਵਰ ਦੀਆਂ ਬਿਮਾਰੀਆਂ ਲਈ ਪੰਜਾਬ ਭਰ ਵਿਚ ਮਸ਼ਹੂਰ ਸੀ। ਡਾਕਟਰਾਂ ਦੀ ਇਕ ਟੀਮ ਨੇ ਉਸ ਦਾ ਮੁਆਇਨਾ ਕੀਤਾ। ਉਹਨਾਂ ਚਰਨਜੀਤ ਤੇ ਸ਼ਿਵਚਰਨ ਨੂੰ ਸੱਦਿਆ ਤੇ ਕਹਿਣ ਲੱਗੇ,

       -ਇਹ ਲਿਵਰ ਹੁਣ ਰਿਕਵਰ ਨਹੀਂ ਹੋ ਸਕਣਾ, ਇਹ ਤਾਂ ਹੁਣ ਟਰਾਂਸਪਲਾਂਟ ਹੀ ਹੋਵੇਗਾ।

       ਚਰਨਜੀਤ ਤੇ ਸ਼ਿਵਚਰਨ ਇਕ ਦੂਜੇ ਵਲ ਦੇਖਣ ਲੱਗੇ। ਚਰਨਜੀਤ ਨੇ ਪੁੱਛਿਆ,

       -ਡਾਕਟਰ ਸਾਬ, ਕਿੰਨੇ ਕੁ ਦਾ ਖਰਚ ਹੋਵੇਗਾ?

       -ਖਰਚ ਤਾਂ ਬਾਅਦ ਦੀ ਗੱਲ ਏ ਪਹਿਲਾਂ ਤਾਂ ਇਹ ਹੀ ਜ਼ਰੂਰੀ ਏ ਕਿ ਨਵਾਂ ਲਿਵਰ ਮਿਲੇਗਾ ਕਿਥੋਂ। ਪੰਜਾਬ ਵਿੱਚ ਤਾਂ ਸ਼ਾਇਦ ਨਾ ਮਿਲ ਸਕੇ। ਉਧਰ ਚੈਨਈ ਵਲ ਸੌਖਾ ਹੁੰਦਾ ਏ। ਪੰਦਰਾਂ-ਵੀਹ ਲੱਖ ਤਾਂ ਸਹਿਜੇ ਹੀ ਖਰਚ ਹੋ ਜਾਵੇਗਾ।

       ਡਾਕਟਰ ਦੀ ਗੱਲ ਚਰਨਜੀਤ ਦੇ ਸਿਰ ਵਿੱਚ ਸੋਟੇ ਵਾਂਗ ਵੱਜੀ। ਸ਼ਿਵਚਰਨ ਵੀ ਫਿਕਰਾਂ ਵਿਚ ਪੈ ਗਿਆ ਪਰ ਉਹ ਨਾਲ ਦੀ ਨਾਲ ਦੂਰ ਦੀਆਂ ਸੋਚਣ ਲੱਗਾ ਕਿ ਜੇ ਜੱਗੀ ਮਰ ਗਿਆ ਤਾਂ ਅੱਧ ਦੇ ਤਾਂ ਉਹ ਸਿੱਧੇ ਹੀ ਹੱਕਦਾਰ ਬਣ ਜਾਣਗੇ। ਸੋਹਣ ਸਿੰਘ ਦੀ ਵਸੀਅਤ ਤਾਂ ਸਹਿਜੇ ਹੀ ਛੁਪਾਈ ਜਾ ਸਕਦੀ ਹੈ। ਇਵੇਂ ਬਾਕੀ ਦੇ ਅੱਧ 'ਤੇ ਮੱਲ ਮਾਰਨੀ ਸੌਖੀ ਹੋਵੇਗੀ। ਉਹ ਚਾਹੁੰਦਾ ਸੀ ਕਿ ਗੱਲ ਇਵੇਂ ਹੀ ਅਟਕੀ ਰਹੇ। ਥੋੜਾ ਬਹੁਤ ਇਲਾਜ ਚਲਦਾ ਰਹੇ। ਚਰਨਜੀਤ ਤੋਂ ਪਹਿਲਾਂ ਸ਼ਿਵਚਰਨ ਨੇ ਹੀ ਕਿਹਾ,

       -ਡਾਕਟਰ ਸਾਬ, ਤੁਸੀਂ ਜਿਵੇਂ ਵੀ ਹੋ ਸਕਦਾ ਇਹਦਾ ਇਲਾਜ ਕਰੋ, ਟਰਾਂਸਪਲਾਂਟ ਵਾਲੀ ਗੱਲ ਅਸੀਂ ਘਰ ਜਾ ਕੇ ਸੋਚਾਂਗੇ ਤੇ ਦੱਸਾਂਗੇ।

       -ਠੀਕ ਏ ਪਰ ਟਰਾਂਸਪਲਾਂਟ ਇਥੇ ਨਹੀਂ ਹੋ ਸਕਣਾ। ਤੁਹਾਨੂੰ ਕਿਸੇ ਹੋਰ ਹਸਪਤਾਲ ਜਾਣਾ ਹੋਵੇਗਾ। ਅਸੀਂ ਰਿਕਮੈਂਡ ਕਰ ਦੇਵਾਂਗੇ।

       ਡਾਕਟਰ ਨੇ ਜੱਗੀ ਦੀਆਂ ਸਾਰੀਆਂ ਟੈਸਟ ਰਿਪੋਰਟਾਂ ਉਹਨਾਂ ਨੂੰ ਸੌਂਪ ਦਿੱਤੀਆਂ।

       ਜੱਗੀ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਸ ਨੇ ਕਿਹਾ,

       -ਇਹ ਬਕਵਾਸ ਐ, ਮੇਰੇ ਲਿਵਰ ਨੂੰ ਕੁਝ ਨਹੀਂ ਹੋਇਆ। ਮੈਂ ਵਾਪਸ ਜਾਨਾਂ, ਉਥੇ ਜਾ ਕੇ ਮੈਂ ਬਿਲਕੁਲ ਠੀਕ ਹੋ ਜਾਣਾਂ।

       ਜੱਗੀ ਹੁਣ ਹਸਪਤਾਲ ਵਿੱਚ ਹੋਰ ਨਹੀਂ ਸੀ ਰਹਿਣਾ ਚਾਹੁੰਦਾ। ਉਸ ਨੂੰ ਲੱਗਦਾ ਕਿ ਇਥੇ ਕੋਈ ਹੋਰ ਹੀ ਬਿਮਾਰੀ ਨਾ ਲਾ ਦੇਣ। ਉਸ ਨੇ ਸੁਣਿਆਂ ਹੋਇਆ ਸੀ ਕਿ ਇੰਡੀਆ ਵਿੱਚ ਪੈਸੇ ਲੈਣ ਖਾਤਰ ਹੀ ਬਿਮਾਰੀਆਂ ਨੂੰ ਭਿਆਨਕ ਬਣਾ ਕੇ ਦੱਸਣ ਲੱਗਦੇ ਹਨ। ਚਰਨਜੀਤ ਚਾਹੁੰਦੀ ਸੀ ਕਿ ਜਿੰਨੇ ਦਿਨ ਜੱਗੀ ਨੇ ਇੰਡੀਆ ਰਹਿਣਾ ਹੈ ਹਸਪਤਾਲ ਵਿਚ ਹੀ ਰਹੇ ਤਾਂ ਜੋ ਉਸ ਦੀ ਸਹੀ ਸੰਭਾਲ ਹੋ ਸਕੇ ਪਰ ਜੱਗੀ ਹਫਤਾ ਕੁ ਰਹਿ ਕੇ ਘਰ ਆ ਗਿਆ। ਹੁਣ ਉਹ ਪਹਿਲਾਂ ਨਾਲੋਂ ਕੁਝ ਠੀਕ ਸੀ।

       ਇਕ ਦਿਨ ਚਰਨਜੀਤ ਨੇ ਨਵੀ ਨੂੰ ਫੋਨ ਕੀਤਾ। ਜੱਗੀ ਦੀ ਬਿਮਾਰੀ ਬਾਰੇ ਗੱਲ ਕੀਤੀ ਤੇ ਫਿਰ ਤੇ ਕਹਿਣ ਲੱਗੀ,

       -ਭਾਜੀ, ਤੁਹਾਡੇ ਨਾਲ ਇਕ ਜ਼ਰੂਰੀ ਗੱਲ ਕਰਨੀ ਆਂ।

       -ਦੱਸੋ ਭੈਣ ਜੀ ਕੀ ਗੱਲ ਐ?

       -ਜੱਗੀ ਵੀਰਾ ਜਦੋਂ ਦਾ ਆਇਆ ਇਹੀ ਕਹੀ ਜਾਂਦਾ ਕਿ ਮੈਂ ਆਪਣੀ ਵਸੀਅਤ ਆਨੰਦੀ ਦੇ ਨਾਂ ਕਰਨੀ ਆਂ ਕਿਉਂਕਿ ਰੌਕੀ ਤਾਂ ਏਹਨੂੰ ਕੁੱਟ ਧਰਦੈ। ਕਹਿੰਦਾ ਉਹਨੂੰ ਕੁਝ ਨਹੀਂ ਦੇਣਾ ਤੇ ਆਨੰਦੀ ਨੂੰ ਹੀ ਦੇਣਾ ਸਭ।

       -ਇਹ ਤਾਂ ਚੰਗੀ ਗੱਲ ਐ। ਰੌਕੀ ਨੂੰ ਦਿੱਤਾ ਤਾਂ ਇਕ ਕਿਸਮ ਦਾ ਪ੍ਰੀਤੀ ਨੂੰ ਦਿੱਤਾ ਹੀ ਹੋਇਆ ਨਾ।

       -ਇਹੀ ਗੱਲ ਮੈਂ ਵੀ ਕਹਿੰਨੀ ਆਂ। ਇਹ ਕਹੀ ਤਾਂ ਜਾਂਦਾ ਕਿ ਸਭ ਕੁਝ ਆਨੰਦੀ ਨੂੰ ਦੇਣਾ ਪਰ ਕਰਦਾ ਕਰੌਂਦਾ ਕੁਝ ਨਹੀਂ। ਬਸ ਗੱਲਾਂ ਨਾਲ ਘਰ ਪੂਰਾ ਕਰੀ ਜਾਂਦਾ। ਮੈਂ ਚਾਹੁੰਨੀ ਆਂ ਕਿ ਇਕ ਵਾਰ ਤੁਸੀਂ ਕਹੋ ਇਹਨੂੰ।

       -ਭੈਣ ਜੀ, ਤੁਸੀਂ ਫਿਕਰ ਨਾ ਕਰੋ, ਮੈਂ ਉਹਦੇ ਨਾਲ ਗੱਲ ਕਰਦਾਂ।

       -ਜਲਦੀ ਕਰਿਓ। ਹੁਣ ਉਹ ਵਾਪਸ ਮੁੜਨ ਲਈ ਕਾਹਲਾ ਪੈ ਰਿਹਾ। ਦਿੱਲੀ ਵਾਲੀ ਪ੍ਰੌਪਰਟੀ ਇਹਨੇ ਆਪਣੇ ਨਾਂ ਕਰਾਉਣੀ ਸੀ ਪਰ ਉਹਨੂੰ ਟਾਈਮ ਲੱਗ ਜਾਣਾ ਤੇ ਇਹ ਜਲਦੀ ਮੁੜਨਾ ਚਾਹੁੰਦਾ।

        ਚਰਨਜੀਤ ਵੀ ਜੱਗੀ ਦੇ ਭਵਿੱਖ ਨੂੰ ਲੈ ਕੇ ਸੱਚ ਦੇ ਨੇੜੇ ਰਹਿੰਦੀ ਸੋਚਣ ਲੱਗੀ ਸੀ। ਉਸ ਦੀ ਬਿਮਾਰੀ ਜਾਨਲੇਵਾ ਸੀ ਤੇ ਉਸ ਤੋਂ ਬਾਅਦ ਜਾਇਦਾਦ ਉਸਨੂੰ ਜਾਂ ਉਸ ਦੇ ਬੱਚਿਆਂ ਨੂੰ ਹੀ ਮਿਲਣੀ ਚਾਹੀਦੀ ਸੀ।

       ਇਕ ਦਿਨ ਚਰਨਜੀਤ ਤੇ ਸ਼ਿਵਚਰਨ ਦੋਵੇਂ ਹੀ ਬੈਠੇ ਸਨ। ਜੱਗੀ ਉਹਨਾਂ ਨੂੰ ਬੋਲਿਆ,

       -ਮੈਂ ਹੁਣ ਵਾਪਸ ਜਾਣਾਂ। ਮੈਨੂੰ ਵੀਹ ਕੁ ਲੱਖ ਰੁਪਏ ਦਾ ਇੰਤਜ਼ਾਮ ਕਰ ਦਿਓ।

       -ਵੀਹ ਲੱਖ ਦਾ ਇੰਤਜ਼ਾਮ ਕਿਥੋਂ ਕਰ ਦੇਈਏ ਵੀਰੇ?

       -ਕਿਰਾਇਆ ਨਹੀਂ ਆਉਂਦਾ ਦੁਕਾਨਾਂ ਦਾ?

        ਆਖ ਕੇ ਉਸ ਨੇ ਸ਼ਿਵਚਰਨ ਵੱਲ ਦੇਖਿਆ। ਸ਼ਿਵਚਰਨ ਇਸ ਲਈ ਤਿਆਰ ਬੈਠਾ ਸੀ। ਉਹ ਬੋਲਿਆ,

       -ਪਹਿਲਾਂ ਤਾਂ ਮੈਂ ਸਾਰਾ ਹਿਸਾਬ ਡੈਡੀ ਨੂੰ ਦਿੰਦਾ ਰਿਹਾਂ ਪਰ ਹੁਣ ਮੈਂ ਸਾਰਾ ਹਿਸਾਬ ਕਰ ਦਿੰਨਾਂ। ਆਹ ਜਿਹੜਾ ਤੇਰਾ ਇਲਾਜ ਚੱਲ ਰਿਹਾ ਇਹ ਪੈਸੇ ਕਿਥੋਂ ਆ ਰਹੇ ਆ, ਕਦੇ ਸੋਚਿਆ? ਤੇਰੇ ਸਾਰੇ ਘਰ ਦੀ ਮੁਰੰਮਤ ਕਰਾਈ। ਮੈਂ ਤਾਂ ਇਕ ਇਕ ਪੈਸਾ ਲਿਖਿਆ ਹੋਇਆ।

        -ਪੂਰਾ ਕਿਰਾਇਆ ਕਿੰਨਾ ਆਉਂਦਾ?

       -ਪੂਰਾ ਕਿਰਾਇਆ ਕਦੇ ਵੀ ਨਹੀਂ ਆਉਂਦਾ। ਕਦੇ ਕੋਈ ਦੁਕਾਨਦਾਰ ਮਾਰ ਜਾਂਦਾ ਕਦੇ ਕੋਈ। ਕਿਰਾਏ ਪੁਰਾਣੇ ਫਿਕਸ ਕੀਤੇ ਹੋਏ ਆ, ਦੁਕਾਨਦਾਰਾ ਵਧਾਉਂਦੇ ਹੀ ਨਹੀਂ।

       -Aਹਨਾਂ ਨੂੰ ਕੋਰਟ ਵਿਚ ਲੈ ਜਾਓ।

       -ਕੋਰਟਾਂ ਵਿਚ ਲਿਜਾਣ ਲਈ ਤੈਨੂੰ ਇਥੇ ਹੋਣਾ ਪੈਣਾਂ। ਦੁਕਾਨਾਂ ਦੇ ਮਾਲਕ ਬਣਨਾ ਸੌਖਾ ਨਹੀਂ, ਉਹਨਾਂ ਦੀ ਸੰਭਾਲ ਵੀ ਕਰਨੀ ਪੈਂਦੀ ਐ।

       ਸ਼ਿਵਚਰਨ ਦੀ ਆਵਾਜ਼ ਵਿਚ ਤਲਖੀ ਸੀ। ਉਸ ਨੂੰ ਜੱਗੀ ਦੇ ਸਵਾਲ ਚੁਭ ਰਹੇ ਸਨ। ਜੱਗੀ ਨੇ ਕਿਹਾ,

       -ਸ਼ਿਵਚਰਨ, ਇਹ ਸਾਰੀ ਜ਼ਿੰਮੇਵਾਰੀ ਤਾਂ ਤੈਨੂੰ ਦਿੱਤੀ ਹੀ ਹੋਈ ਐ।

       -ਮੈਂ ਤੁਹਾਡਾ ਜਵਾਈ ਆਂ ਕੋਈ ਤਨਖਾਹੀਆ ਨਹੀਂ। ਤੂੰ ਸਾਂਭ ਆਪਣੀਆਂ ਦੁਕਾਨਾਂ। ਆਪੇ ਕਰ ਕਿਰਾਇਆ ਇਕੱਠਾ। ਬਾਜ਼ ਆਇਆ ਮੈਂ ਏਦਾਂ ਦੀਆਂ ਦੁਕਾਨਾਂ ਤੋਂ। ਦਿੱਲੀ ਦੇ ਚੱਕਰ ਮਾਰਦਿਆਂ ਮੈਂ ਕਮਲ਼ਾ ਹੋ ਗਿਆਂ ਤੇ ਇਹ ਆ ਕੇ ਹਿਸਾਬ ਮੰਗਦਾ!

       ਸ਼ਿਵਚਰਨ ਗੁੱਸੇ ਵਿੱਚ ਸੀ। ਜੱਗੀ ਵੀ ਸੋਚ ਰਿਹਾ ਸੀ ਕਿ ਇਹ ਬੰਦਾ ਨਾਲੇ ਚੋਰ ਐ ਤੇ ਨਾਲੇ ਚਤਰ ਵੀ। ਉਸ ਨੇ ਕਿਹਾ,

       -ਬਸ ਮੈਂ ਹੁਣ ਆ ਜਾਣਾ ਇਥੇ ਪੱਕਾ ਹੀ। ਆਪੇ ਸਾਂਭਾਂਗਾ ਆਪਣੀਆਂ ਦੁਕਾਨਾਂ ਤੇ ਹੋਰ ਸਭ।

       ਚਰਨਜੀਤ ਨੇ ਮੌਕੇ ਦੀ ਨਜ਼ਾਕਤ ਸਮਝੀ ਤੇ ਸ਼ਿਵਚਰਨ ਨੂੰ ਇਸ਼ਾਰੇ ਨਾਲ ਘਰ ਨੂੰ ਭੇਜ ਦਿੱਤਾ ਤੇ ਬੋਲੀ,

       -ਜੱਗੀ ਵੀਰੇ, ਇਹ ਸਭ ਕੁਝ ਤੇਰਾ ਹੀ ਐ। ਤੇਰੀਆਂ ਦੁਕਾਨਾਂ, ਘਰ, ਪਲਾਟ ਤੇ ਬੈਂਕ ਬੈਲੈਂਸ। ਸਾਨੂੰ ਕੁਝ ਨਹੀਂ ਚਾਹੀਦਾ। ਸਾਨੂੰ ਤੇਰੀ ਲੋੜ ਐ। ਤੂੰ ਯੁੱਗ-ਯੱਗ ਜੀ। ਬਸ ਆਪਣੀ ਸਿਹਤ ਦਾ ਧਿਆਨ ਰੱਖ।

       -ਚਰਨਜੀਤ, ਤੂੰ ਬੈਂਕ ਮੈਨੇਜਰ ਤੋਂ ਪਤਾ ਕਰ ਕਿ ਕੋਈ ਅਜਿਹਾ ਅਕਾਊਂਟ ਹੈ ਕਿ ਤੂੰ ਕਿਰਾਏ ਦੇ ਪੈਸੇ ਇਥੇ ਜਮ੍ਹਾਂ ਕਰਾਈ ਜਾਵੇਂ ਤੇ ਮੈਂ ਉਥੋਂ ਚੁੱਕੀ ਜਾਵਾਂ।





ਸੈਂਤੀ


       ਪ੍ਰੀਤੀ ਬਰਾਬਰ ਸਾਰੇ ਹਾਲਾਤ ਉਪਰ ਨਜ਼ਰ ਰੱਖ ਰਹੀ ਸੀ। ਜੱਗੀ ਇੰਡੀਆ ਗਿਆ ਤਾਂ ਉਹ ਸ਼ਿਵਚਰਨ ਨੂੰ ਫੋਨ ਕਰਕੇ ਜੱਗੀ ਦੀ ਸਿਹਤ ਦਾ ਪਤਾ ਕਰਦੀ ਰਹਿੰਦੀ ਸੀ। ਜਦ ਉਸ ਨੂੰ ਪਤਾ ਚੱਲਿਆ ਕਿ ਜੱਗੀ ਦੇ ਲਿਵਰ-ਟਰਾਂਸਪਲਾਂਟ ਦੀ ਗੱਲ ਹੋ ਰਹੀ ਹੈ ਤਾਂ ਉਸ ਦਾ ਫਿਕਰ ਵਧ ਗਿਆ ਕਿ ਕਿਤੇ ਜੱਗੀ ਉਥੇ ਹੀ ਨਾ ਚੱਲ ਵਸੇ। ਉਹ ਖੁਸ਼ ਸੀ ਕਿ ਜੱਗੀ ਜਿਉਂਦਾ ਵਾਪਸ ਮੁੜ ਆਇਆ ਸੀ। ਕਾਫੀ ਕੁਝ ਸੋਚ ਕੇ ਉਸ ਨੇ ਨਵੀ ਨੂੰ ਫੋਨ ਕੀਤਾ। ਨਵੀ ਉਸ ਦੀ ਆਵਾਜ਼ ਪੱਛਾਣਦਾ ਬੋਲਿਆ,

       -ਹੈਲੋ ਪ੍ਰੀਤੀ! ਕੀ ਹਾਲ ਐ?

       -ਠੀਕ ਐ, ਤੂੰ ਸੁਣਾ, ਕਿਹੜੇ ਭਾਅ ਵਿਕਦੀ ਐ? ਅੱਜਕਲ ਕਿੰਨੀਆਂ ਗਰਲ ਫਰੈੰਡਜ਼ ਨੇ?

       -ਪ੍ਰੀਤੀ, ਹੁਣ ਉਹ ਗੱਲਾਂ ਨਹੀਂ ਰਹੀਆਂ। ਹੁਣ ਗਰਲ ਫਰੈੰਡ ਦੀ ਲੋੜ ਨਹੀਂ ਰਹੀ। ਹੁਣ ਤਾਂ ਇਹ ਹੱਡੀਆਂ ਕੀਰਤਨ ਕਰਨ ਲੱਗੀਆਂ, ਗਰਲ ਫਰੈੰਡ ਕਿਥੋਂ ਸਾਂਭ ਹੁੰਦੀਆਂ!

       ਕਹਿੰਦਾ ਨਵੀ ਹੱਸਣ ਲੱਗਿਆ ਤੇ ਫਿਰ ਬੋਲਿਆ,

       -ਤੂੰ ਸੁਣਾ, ਤੇਰੀ ਲਾਈਫ ਕਿਵੇਂ ਗੁਜ਼ਰ ਰਹੀ ਐ?

       -ਮੇਰੀ ਲਾਈਫ ਬਿਲਕੁਲ ਠੀਕ ਐ ਪਰ ਤੇਰੇ ਤਾਈਂ ਕੰਮ ਐ ਇਕ।

       -ਮੈਂ ਕਿਹਾ ਨਾ ਪ੍ਰੀਤੀ ਕਿ ਇਹ ਹੱਡੀਆਂ ਹੁਣ ਕੀਰਤਨ ਕਰਦੀਆਂæææ।

       -ਪੁਰਾਣੀਆਂ ਚਲਾਕੀਆਂ ਛੱਡ ਦੇ ਨਵੀ। æææਮੈਂ ਤੈਨੂੰ ਮਿਲਣਾ ਚਾਹੁੰਨੀ ਆਂ। ਦੱਸ ਕਦੋਂ ਮਿਲ ਸਕਦਾਂ?

       -ਮੈਂ ਤਾਂ ਅੱਜ ਵੀ ਵਿਹਲਾ ਹੀ ਆਂ। ਕੰਮ ਤੋਂ ਆ ਗਿਆਂ ਤੇ ਕੱਲ ਦੀ ਛੁੱਟੀ ਐ।

       -ਫਿਰ ਸੱਤ ਕੁ ਵਜੇ ਹੈਨਲੇ ਰਾਊਂਡ ਅਬਾਊਟ ਤੋਂ ਮੈਨੂੰ ਪਿੱਕ ਕਰ ਲਵੀਂ।

       -ਠੀਕ।

       ਫੋਨ ਰੱਖਦਾ ਨਵੀ ਮਨ ਵਿਚ ਹੀ ਬੋਲਿਆ, -'ਸ਼੍ਰੀ ਦੇਵੀ, ਤੂੰ ਵੀ ਚਰਨਜੀਤ ਵਾਲੀ ਗੇਮ ਹੀ ਖੇਡ ਰਹੀ ਹੈਂ।'

       ਚਰਨਜੀਤ ਉਸ ਨੂੰ ਕਈ ਵਾਰ ਫੋਨ ਕਰ ਕੇ ਕਹਿ ਚੁੱਕੀ ਸੀ ਕਿ ਕਿਸੇ ਨਾ ਕਿਸੇ ਤਰਾਂ੍ਹ ਜੱਗੀ ਤੋਂ ਆਨੰਦੀ ਤੇ ਸੁੱਖ ਦੇ ਨਾਂ ਤੇ ਵਸੀਅਤ ਕਰਵਾ ਦੇਵੇ। ਜਦ ਜੱਗੀ ਵਾਪਸ ਇੰਗਲੈਂਡ ਆਇਆ ਤਾਂ ਨਵੀ ਨੇ ਤਰੀਕੇ ਨਾਲ ਉਸ ਨੂੰ ਕਿਹਾ,

        -ਜੱਗੀ, ਮੈਂ ਤਾਂ ਹੁਣ ਸਭ ਕੁਝ ਸਮੇਟਣਾ ਸ਼ੁਰੂ ਕਰ ਦਿੱਤਾ, ਵਸੀਅਤ ਕਰਵਾ ਦਿੱਤੀ ਐ ਰਾਹੁਲ ਦੇ ਨਾਂ। ਕੀ ਪਤਾ ਕਿਹੜੇ ਵੇਲੇ ਪਟਾਕਾ ਪੈ ਜਾਣਾ।

       -ਮੈਂ ਵੀ ਵਿੱਲ ਬਣਾਉਣੀ ਆਂ, ਮੈਂ ਆਪਣੀ ਭਾਣਜੀ ਦੇ ਨਾਂ 'ਤੇ ਬਣਾਉਣੀ ਆਂ।

       -ਵਕੀਲ ਦੀ ਐਪੁਆਏਂਟਮਿੰਟ ਬਣਾਵਾਂ?

       -ਨਹੀਂ ਨਹੀਂ, ਹਾਲੇ ਤਾਂ ਬਹੁਤ ਕੰਮ ਨੇ ਕਰਨ ਵਾਲੇ। ਮੈਂ ਹਾਲੇ ਚਰਨਜੀਤ ਤੇ ਆਨੰਦੀ ਨੂੰ ਇਥੇ ਇੰਗਲੈਂਡ ਸੱਦਣਾ।

       ਨਵੀ ਨੇ ਫੋਨ ਕਰਕੇ ਚਰਨਜੀਤ ਨੂੰ ਇਹ ਗੱਲ ਦੱਸ ਦਿੱਤੀ ਸੀ ਤਾਂ ਚਰਨਜੀਤ ਬੋਲੀ ਸੀ,

       -ਭਾਜੀ, ਤੁਸੀਂ ਇਕ ਵਾਰ ਫੇਰ ਕਹਿ ਕੇ ਦੇਖੋæææ।

       ਉਹ ਕਹਿੰਦੀ ਕਹਿੰਦੀ ਰੁਕ ਗਈ ਸੀ ਕਿ ਪਤਾ ਨਹੀਂ ਜਦ ਤਕ ਜੱਗੀ ਬਚੇਗਾ ਵੀ ਕਿ ਨਹੀਂ।

       ਸੱਤ ਵਜੇ ਉਹ ਹੈਨਲੇ ਰਾਊਂਡ ਅਬਾਊਟ 'ਤੇ ਪੁੱਜਾ ਤਾਂ ਉਸ ਨੇ ਦੂਰੋਂ ਹੀ ਦੇਖ ਲਿਆ ਇਕ ਪ੍ਰੀਤੀ ਖੜੀ ਉਸ ਦਾ ਇੰਤਜ਼ਾਰ ਕਰ ਰਹੀ ਸੀ। ਉਸ ਨੇ ਨੀਲੇ ਤੇ ਲਾਲ ਫੁੱਲਾਂ ਵਾਲੀ ਸਕਰਟ ਪਾਈ ਹੋਈ ਸੀ। ਉਸੇ ਰੰਗ ਦਾ ਸਕਾਰਫ ਗਲ਼ੇ ਵਿਚ ਸੀ ਪਰ ਸ਼੍ਰੀਦੇਵੀ ਵਾਲੀ ਦਿੱਖ ਹੁਣ ਲੁੜਕ ਚੁੱਕੀ ਸੀ। ਜੇ ਉਸ ਨੇ ਵਾਲ ਨਾ ਰੰਗੇ ਹੁੰਦੇ ਤਾਂ ਸੱਤਰ ਸਾਲ ਦੀ ਬੁੱਢੀ ਦਿਸਣਾ ਸੀ। ਉਸ ਨੂੰ ਪੱਛਾਣਦਿਆਂ ਪ੍ਰੀਤੀ ਨੇ ਉਹੀ ਪੁਰਾਣੀ ਮੁਸਕ੍ਰਾਹਟ ਦਿਤੀ ਤੇ ਕਾਰ ਦਾ ਬੂਹਾ ਖੋਹਲ ਕੇ ਸੀਟ 'ਤੇ ਬਹਿ ਗਈ। ਕਾਰ ਤੋਰਦਿਆਂ ਨਵੀ ਨੇ ਕਿਹਾ,

       -ਕੀ ਹਾਲ ਐ ਸ਼੍ਰੀਦੇਵੀ ਦਾ?

       -ਤੇਰੇ ਸਾਹਮਣੇ ਹੀ ਐ, ਉਮਰਾਂ ਨੇ ਖਾ ਲਈ ਸ਼੍ਰੀਦੇਵੀ।

       ਆਖਦੀ ਉਹ ਹੱਸਣ ਲੱਗੀ। ਨਵੀ ਨੇ ਪੁੱਛਿਆ,

       -ਪ੍ਰੀਤੀ, ਤੇਰੀ ਗੱਲ ਕਿੱਡੀ ਕੁ ਲੰਮੀ ਐ, ਮੇਰਾ ਮਤਲਬ ਕਾਰ ਵਿਚ ਬੈਠ ਕੇ ਕਰਨ ਜੋਗੀ ਜਾਂ ਕਿਸੇ ਪੱਬ ਜਾਂ ਰੈਸਟੋਰੈਂਟ ਵਿਚ ਬਹਿ ਕੇæææ।

       -ਪੱਬ ਵਿਚ ਚਲਦੇ ਆਂ।

       ਪ੍ਰੀਤੀ ਨੇ ਸਹਿਜੇ ਹੀ ਫੈਸਲਾ ਕਰ ਲਿਆ। ਨਵੀ ਨੇ ਕਾਰ ਗਰੇਅ ਹਾਊਂਡ ਪੱਬ ਵਲ ਤੋਰ ਲਈ। ਪ੍ਰੀਤੀ ਉਸ ਨੂੰ ਉਸ ਬਾਰੇ ਛੋਟੇ ਛੋਟੇ ਸਵਾਲ ਕਰਨ ਲੱਗੀ। ਰਾਹੁਲ ਹੁਣ ਗੋਰੀ ਨਾਲ ਬਾਹਰ ਰਹਿਣ ਲੱਗਿਆ ਸੀ। ਨਵੀ ਇਕੱਲਾ ਹੀ ਰਹਿੰਦਾ ਸੀ। ਵੀਕ ਐਂਡ 'ਤੇ ਕਦੇ ਕਿਸੇ ਰਾਹੁਲ ਆ ਜਾਂਦਾ ਨਹੀਂ ਤਾਂ ਉਹ ਇਕੱਲਾ ਹੀ ਹੁੰਦਾ। ਉਸ ਨੇ ਕਈ ਕਲੱਬਾਂ ਵਿਚ ਦਾਖਲਾ ਲਿਆ ਹੋਇਆ ਸੀ, ਉਸ ਦਾ ਵਿਹਲਾ ਵਕਤ ਉਥੇ ਹੀ ਬੀਤਦਾ। ਕੁਝ ਕੁ ਉਹ ਚੈਰਿਟੀ ਦਾ ਕੰਮ ਕਰ ਕੇ ਵੀ ਆਪਣਾ ਵਕਤ ਲੰਘਾਉਂਦਾ ਸੀ। ਆਪਣੀ ਨਵੀਂ ਗਰਲ ਫਰੈੰਡ ਕਾਰਾ ਬਾਰੇ ਉਸ ਨੇ ਕੋਈ ਗੱਲ ਨਾ ਕੀਤੀ।

       ਪੱਬ ਵਿਚ ਪੁੱਜ ਕੇ ਨਵੀ ਨੇ ਆਪਣੇ ਲਈ ਬੀਅਰ ਦਾ ਗਲਾਸ ਭਰਾ ਲਿਆ ਤੇ ਪ੍ਰੀਤੀ ਨੇ ਉਹੀ ਆਪਣਾ ਪੁਰਾਣਾ ਬ੍ਰਾਂਡ ਬਕਾਰਡੀ ਤੇ ਕੋਲ ਲੈ ਲਿਆ। ਦੋਵਾਂ ਨੇ ਚੀਅਰਜ਼ ਆਖਦਿਆਂ ਗਲਾਸ ਟਕਰਾਏ। ਪ੍ਰੀਤੀ ਨਿੱਕਾ ਜਿਹਾ ਘੁੱਟ ਭਰ ਕੇ ਡਰਿੰਕ ਇਕ ਪਾਸੇ ਰੱਖਦੀ ਕਹਿਣ ਲੱਗੀ,

       -ਨਵੀ, ਮੈਂ ਬਹੁਤ ਕੁਝ ਸੋਚ ਕੇ ਫੈਸਲਾ ਕੀਤਾ ਕਿ ਤੇਰੇ ਨਾਲ ਮੈਂ ਇਵੇਂ ਗੱਲ ਕਰਾਂ ਜਿਵੇਂ ਆਪਣੇ ਆਪ ਨਾਲ ਕਰਦੀ ਹੋਵਾਂ।

       -ਪ੍ਰੀਤੀ, ਮੇਰੇ 'ਤੇ ਏਨਾ ਯਕੀਨ ਕਰਨ ਲਈ ਸ਼ੁਕਰੀਆ। ਕਹਿ ਜੋ ਵੀ ਕਹਿਣਾ, ਮੈਂ ਵੀ ਦਿਲੋਂ ਸੁਣਾਂਗਾ ਤੇ ਹਰ ਗੱਲ ਆਪਣੇ ਤਕ ਰਖਾਂਗਾ।

       -ਨਵੀ, ਤੈਨੂੰ ਜੈਗ ਦੀ ਹਾਲਤ ਦਾ ਤਾਂ ਪਤਾ ਹੀ ਐ।

       -ਦਿਸ ਹੀ ਰਿਹਾ।

       -ਮੈਂ ਚਾਹੁੰਦੀ ਆਂ ਕਿ ਉਸ ਦੀ ਸਾਰੀ ਜਾਇਦਾਦ ਮੈਨੂੰ ਮਿਲੇ।

       -ਪ੍ਰੀਤੀ, ਤੈਨੂੰ ਤਾਂ ਨਹੀਂ ਹਾਂ ਰੌਕੀ ਨੂੰ ਤਾਂ ਮਿਲੇਗੀ ਹੀ।

       -ਰੌਕੀ ਨੂੰ ਨਹੀਂ, ਮੈਨੂੰ ਚਾਹੀਦੀ ਐ।

       -ਰੌਕੀ ਨੂੰ ਕਿਉਂ ਨਹੀਂ?

       -ਨਵੀ, ਰੌਕੀ ਦੀ ਹਾਲਤ ਵੀ ਬਹੁਤੀ ਵਧੀਆ ਨਹੀਂ। ਉਹ ਦੇ ਵੀ ਉਹੀ ਟੀਕਾ ਲਗਦਾ ਜਿਹੜਾ ਜੈਗ ਦੇ ਲਗਦਾ।

       ਪ੍ਰੀਤੀ ਦੀ ਸਪੱਸ਼ਟ ਗੱਲ 'ਤੇ ਨਵੀ ਜ਼ਰਾ ਕੁ ਹੈਰਾਨ ਵੀ ਹੋਇਆ ਪਰ ਉਸ ਨੂੰ ਆਪਣੀ ਗੱਲ ਕਹਿਣ ਦਾ ਬੱਲ ਵੀ ਮਿਲ ਗਿਆ। ਉਸ ਨੇ ਕਿਹਾ,

       -ਪ੍ਰੀਤੀ, ਬਹੁਤ ਵੱਡੀ ਤਮੰਨਾ ਐ ਤੇਰੀ ਪਰ ਕਿਹੜੇ ਮੂੰਹ ਨਾਲ ਇਹ ਤਮੰਨਾ ਜ਼ਾਹਰ ਕਰ ਰਹੀ ਐਂ? ਤੂੰ ਤਾਂ ਉਹਨੂੰ ਸੜਕਾਂ 'ਤੇ ਰੁਲਦਾ ਛੱਡ ਦਿੱਤਾ ਸੀ। ਬਲਕਿ ਉਹਦੀ ਇਹ ਹਾਲਤ ਤੇਰੇ ਕਰਕੇ ਹੀ ਐ। ਹੁਣ ਉਹਦੀ ਜਾਇਦਾਦ ਹਾਸਲ ਕਰਨ ਵਾਸਤੇ ਤੂੰ ਕਿਵੇਂ ਸੋਚ ਸਕਦੀ ਐਂ?

       -ਨਵੀ, ਤੂੰ ਇਕ ਮਰਦ ਐਂ ਤੇ ਮਰਦ ਬਣ ਕੇ ਹੀ ਸੋਚ ਰਿਹੈਂ। ਜ਼ਰਾ ਮੇਰੇ ਥਾਵੇਂ ਖੜ ਕੇ ਸੋਚ। ਜੇ ਜੱਗੀ ਵਿਚ ਇਕ ਪਤੀ ਵਾਲੇ ਅੱਧੇ ਗੁਣ ਵੀ ਹੁੰਦੇ ਤਾਂ ਮੈਂ ਉਹਨੂੰ ਕਦੇ ਨਾ ਛੱਡਦੀ।

       -ਕੀ ਨੁਕਸ ਸੀ ਉਹਦੇ ਵਿਚ? ਇਕ ਸ਼ਰਾਬ ਹੀ ਪੀਂਦਾ ਸੀ, ਹੋਰ ਕੀæææ?

       -ਸ਼ਰਾਬ ਤਾਂ ਤੂੰ ਵੀ ਪੀਂਦਾ ਸੀ, ਦੇਵਨ ਵੀ ਪੀਂਦਾ ਸੀ ਪਰ ਤੁਸੀਂ ਆਪਣੇ ਘਰ ਦਾ, ਆਪਣੀ ਪਤਨੀ ਦਾ ਧਿਆਨ ਵੀ ਪੂਰਾ ਰੱਖਦੇ ਸੀ। ਲੋਕੀਂ ਆਪਣੀਆਂ ਪਤਨੀਆਂ ਦੀ ਖੁਸ਼ੀ ਪਹਿਲ ਦਿੰਦੇ ਆ ਪਰ ਇਹ ਮੈਨੂੰ ਖੁਸ਼ ਦੇਖ ਕੇ ਮੇਰੇ ਨਾਲ ਈਰਖਾ ਕਰਨ ਲੱਗਦਾ ਸੀ।

       -ਨਹੀਂ ਨਹੀਂ, ਪ੍ਰੀਤੀ, ਉਹ ਤਾਂ ਤੈਨੂੰ ਬਹੁਤ ਪਿਆਰ ਕਰਦਾ ਸੀ, ਹਾਲੇ ਵੀ ਕਰਦਾ। ਤੈਨੂੰ ਕੀ ਲਗਦਾ ਕਿ ਉਹ ਵਾਰ ਵਾਰ ਤੇਰੇ ਦਰ 'ਤੇ ਕਿਉਂ ਆਉਂਦਾ? ਤੂੰ ਹੀ ਨਛੱਤਰæææ।

       -ਮੈਂ ਨਹੀਂ ਨਿੱਕ ਨੂੰ ਇਹਨੇ ਹੀ ਘਰ ਵਾੜਿਆ। ਇਹਨੇ ਹੀ ਹਾਲਾਤ ਪੈਦਾ ਕੀਤੇ ਕਿ ਮੈਂ ਨਿੱਕ ਵਲ ਝੁਕਾਂ। ਇਹਨੇ ਮੈਨੂੰ ਕੰਫ੍ਰਟ ਹੋਣ ਲਈ ਨਿੱਕ ਦਾ ਮੋਢ੍ਹਾ ਲੈਣ ਤੋਂ ਵੀ ਨਹੀਂ ਰੋਕਿਆ।

       -ਪ੍ਰੀਤੀ, ਇਥੇ ਮੈਂ ਤੇਰੇ ਨਾਲ ਐਗਰੀ ਨਹੀਂ ਕਰਦਾ। ਜੇ ਤੂੰ ਮਜ਼ਬੂਤ ਹੁੰਦੀ ਤਾਂ ਨਿੱਕ ਦੀ ਕੀ ਮਜਾਲ ਸੀ।

       -ਨਵੀ, ਤੂੰ ਔਰਤ ਨੂੰ ਨਹੀਂ ਸਮਝਦਾ। ਉਸ ਨੂੰ ਸਦਾ ਆਸਰਾ ਚਾਹੀਦਾ ਹੁੰਦੈ, æææਸਰੀਰਕ ਨਹੀਂ, ਜਜ਼ਬਾਤੀ ਆਸਰਾ। ਇਹ ਜੇਲ੍ਹ ਵਿਚ ਬੈਠਾ, ਨਿੱਕ ਬਿਨਾਂ ਮੇਰਾ ਹੋਰ ਕੋਈ ਹੈ ਨਾ ਸੀ ਤੇ ਇਹੀ ਕੁਝ ਹੋਣਾ ਸੀ।

       -ਤੂੰ ਨਿੱਕ ਨਾਲ ਰਲ਼ ਕੇ ਇਹਨੂੰ ਘਰੋਂ ਕੱਢ ਦਿੱਤਾ ਤਾਂ ਫਿਰ ਇਹ ਪਾਗਲ ਹੋ ਗਿਆ। ਇਹੀ ਹੋਇਆ ਨਾ?

       -ਨਹੀਂ ਨਵੀ, ਇਹ ਇਹਦੀ ਡਿਸਟੈਨੀ ਐ, ਹੋਣੀ! ਲੱਖਾਂ ਲੋਕਾਂ ਦੇ ਛੱਡ ਛੱਡਾਈਏ ਹੁੰਦੇ ਆ, ਕੀ ਸਾਰੇ ਮੈਂਟਲ ਹੋ ਜਾਂਦੇ ਆ? ਇਹ ਤਾਂ ਕਿਧਰੇ ਇਹਦੇ ਜੀਨ ਵਿਚ ਹੀ ਸੀ, æææਸ਼ਾਇਦ ਇਹਦੀ ਮਾਂ ਵਲੋਂ ਅਜਿਹਾ ਕੁਝ ਸੀ। ਮੈਨੂੰ ਕਿਸੇ ਨੇ ਦੱਸਿਆ ਸੀ ਕਿ ਇਹਦਾ ਇਕ ਮਾਮਾ ਪਾਗਲ ਸੀ। ਨਹੀਂ ਤਾਂ ਦੇਖ ਹੁਣ ਰੌਕੀ ਵਲ। ਇਹ ਜੀਨ ਦੀ ਹੀ ਤਾਂ ਸਾਰੀ ਗੱਲ ਐ।

       ਨਵੀ ਚੁੱਪ ਰਿਹਾ। ਪ੍ਰੀਤੀ ਨੇ ਫਿਰ ਆਖਿਆ,

       -ਨਵੀ, ਤੈਨੂੰ ਪੂਰੀ ਗੱਲ ਦਾ ਸ਼ਾਇਦ ਪਤਾ ਹੀ ਨਾ ਹੋਵੇ, ਕਿਉਂਕਿ ਆਪਾਂ ਤਾਂ ਬਹਿ ਕੇ ਕਦੇ ਕੋਈ ਗੱਲ ਕੀਤੀ ਹੀ ਨਹੀਂ। ਨਿੱਕ ਨੇ ਮੈਨੂੰ ਕਿਹਾ ਵੀ ਸੀ ਕਿ ਨਵੀ ਨੂੰ ਘਰ ਖਾਣੇ 'ਤੇ ਬੁਲਾ ਤੇ ਬਹਿ ਕੇ ਸਾਰੀ ਗੱਲ ਕਰਾਂਗੇ, ਉਹ ਕਿਤੇ ਸਾਨੂੰ ਹੀ ਕਸੂਰਵਾਰ ਨਾ ਸਮਝੀ ਜਾਵੇ ਪਰ ਪਹਿਲਾਂ ਸਾਡੇ ਕੋਲ ਤੇਰਾ ਨੰਬਰ ਹੈ ਨਾ ਸੀ, ਫਿਰ ਬਹੁਤ ਕੁਝ ਵਾਪਰ ਚੁੱਕਾ ਸੀ…।

       -ਪ੍ਰੀਤੀ, ਜੋ ਕੁਝ ਹੋਇਆ ਇਹਦੇ ਬਾਰੇ ਮੈਨੂੰ ਕੁਝ ਕੁ ਗੁੱਸਾ ਜ਼ਰੂਰ ਸੀ ਪਰ ਮੈਂ ਕਿਹੜਾ ਇਹਦੇ ਬਾਰੇ ਤੁਹਾਡੇ 'ਤੇ ਕੋਈ ਮੁਕੱਦਮਾ ਕਰਨਾ ਸੀ, ਤੁਸੀਂ ਐਡੱਲਟ ਓ, ਜੋ ਕੀਤਾ ਉਹਦਾ ਹੱਕ ਸੀ ਤੁਹਾਨੂੰ। ਮੇਰਾ ਵਾਹ ਤਾਂ ਉਸ ਕਾਸੇ ਨਾਲ ਐ ਜੋ ਜੱਗੀ ਨਾਲ ਵਾਪਰਿਆ। ਉਸ ਦੀ ਅੱਜ ਦੀ ਹਾਲਤ ਨਾਲ ਐ। ਜੇ ਸ਼ਾਇਦ ਤੁਸੀਂ ਇਕੱਠੇ ਹੁੰਦੇ ਤਾਂ ਉਹ ਇਸ ਹਾਲਤ ਵਿਚ ਨਾ ਹੁੰਦਾ।

       -ਨਵੀ, ਮੈਂ ਕਿਹਾ ਨਾ ਕਿ ਇਹ ਉਸ ਦੀ ਡਿਸਟੈਨੀ ਸੀ। ਨਵੀ ਸੱਚੀ ਗੱਲ ਤਾਂ ਇਹ ਕਿ ਮੈਂ ਜੈਗ ਦੀ ਬਹੁਤ ਮੱਦਦ ਕੀਤੀ। ਹੁਣ ਮੇਰਾ ਹਸਬੈਂਡ ਨਿੱਕ ਸੀ ਜੈਗ ਨਹੀਂ ਪਰ ਜੈਗ ਦੀ ਮੱਦਦ ਮੈਂ ਏਨੀ ਕੀਤੀ ਕਿ ਇਕ ਪਤਨੀ ਵੀ ਨਹੀਂ ਕਰ ਸਕਦੀ। ਮੈਂ ਕਿੰਨੀ ਵਾਰ ਤਾਂ ਉਸ ਨੂੰ ਮੈਂਟਲ ਹਸਪਤਾਲਾਂ ਵਿਚੋਂ ਕੱਢਵਾਇਆ। ਇਹਦੀ ਖਾਤਰ ਮੈਂ ਐਸ਼ਫੋਰਡ ਹਸਪਤਾਲ ਦੇ ਏਨੇ ਗੇੜੇ ਮਾਰੇ ਕਿ ਉਸ ਦੀ ਇਕ-ਇਕ ਕੰਧ ਦੀ ਵਾਕਫ ਹੋ ਗਈ ਆਂ। ਉਸ ਦਾ ਵਾਰ-ਵਾਰ ਪਿੱਛਾ ਕਰਕੇ ਉਸ ਦੀ ਮੱਦਦ ਕੀਤੀ। ਉਸ ਦੀ ਇਮੋਸ਼ਨਲ ਹੈਲਪ ਵੀ ਕੀਤੀ। ਹਸਪਤਾਲੀਂ ਰੋਟੀ ਤੇ ਹੋਰ ਸਮਾਨ ਪੁੱਜਦੀ ਕਰਦੀ ਰਹੀ ਆਂ, ਉਹਨੂੰ ਫਲੈਟ ਮੈਂ ਦਵਾਇਆ। ਸਾਰੀ ਉਮਰ ਉਹਦਾ ਧਿਆਨ ਰੱਖਿਆ, ਜਦ ਮਰਜ਼ੀ ਉਹ ਸਾਡੇ ਘਰ ਆਵੇ-ਜਾਵੇ। ਪੈਸੇ ਵਲੋਂ ਮੈਂ ਉਸ ਦੀ ਪੰਜਾਹ ਵਾਰੀ ਮੱਦਦ ਕੀਤੀ। ਉਹਨੂੰ ਕਦੇ ਪੁੱਛ ਕੇ ਤਾਂ ਦੇਖੀਂ। ਇਹ ਤਾਂ ਨਿੱਕ ਦਾ ਭਲਾ ਹੋਵੇ ਕਿ ਉਹਨੇ ਮੈਨੂੰ ਕਦੇ ਨਹੀਂ ਰੋਕਿਆ।

       -ਚਲੋ ਜੋ ਵੀ ਹੈ ਹੁਣ ਤਾਂ ਇਹ ਸਭ ਬੀਤ ਗਿਆ, ਦੂਰ ਭੂਤਕਾਲ ਵਿੱਚ ਚਲੇ ਗਿਆ ਪਰ ਹੁਣ ਤੂੰ ਕਿਵੇਂ ਉਸ ਤੋਂ ਉਸ ਦੀ ਜਾਇਦਾਦ ਦਾ ਹੱਕ ਮੰਗਦੀ ਐਂ?

       -ਜਿਵੇਂ ਇਕ ਔਰਤ ਆਪਣੇ ਆਦਮੀ ਦੀ ਜਾਇਦਾਦ ਦਾ ਰੱਖਦੀ ਹੀ ਐ। ਮੈਂ ਕਾਨੂੰਨੀ ਪਤਨੀ ਨਾ ਹੋ ਕੇ ਵੀ ਸਾਰੇ ਫਰਜ਼ ਪਤਨੀ ਵਾਲੇ ਹੀ ਨਿਭਾਏ ਆ।

       ਨਵੀ ਜ਼ਰਾ ਕੁ ਹੱਸਿਆ ਤੇ ਫਿਰ ਬੋਲਿਆ,

       -ਗੁੱਡ ਲੱਕ ਟੂ ਯੋਅਰ ਫੀਲਿੰਗਜ਼ ਐਂਡ ਥਿੰਕਿੰਗ ਪਰ ਮੈਨੂੰ ਨਹੀਂ ਪਤਾ ਕਿ ਇਹ ਗੱਲ ਕਿੰਨੀ ਕੁ ਪਰੈਕਟੀਕਲ ਐ। ਹਾਂ, ਰੌਕੀ ਦਾ ਹੱਕ ਤਾਂ ਬਣਦਾ ਹੀ ਐ।

       -ਨਹੀਂ ਨਵੀ, ਰੌਕੀ ਲਈ ਵੀ ਉਹਨੇ ਨਹੀਂ ਛੱਡਣਾ। ਇਹ ਗੱਲ ਉਹ ਕਈ ਵਾਰ ਕਹਿ ਚੁੱਕਾ। ਉਹਦੀ ਭੈਣ ਚਰਨਜੀਤ ਨੇ ਆਪਣੀ ਕੁੜੀ ਆਨੰਦੀ ਇਹਦੇ ਮਗਰ ਪਾਈ ਹੋਈ ਐ। ਉਹ ਮਾਮਾ ਜੀ, ਮਾਮਾ ਜੀ ਕਰਦੀ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਰਹਿੰਦੀ ਐ। ਰੋਜ਼ ਫੋਨ ਕਰਦੀਆਂ ਮਾਂਵਾਂ-ਧੀਆਂ। ਇਹ ਵੀ ਉਹਨਾਂ ਦੀ ਸੁਣਦਾ ਜ਼ਿਆਦਾ।

       -ਚੱਲ ਪ੍ਰੀਤੀ, ਇਹ ਸਾਰੀ ਗੱਲ ਤਾਂ ਹੋ ਗਈ। ਤੂੰ ਮੇਰੇ ਤੋਂ ਕੀ ਚਾਹੁੰਦੀ ਐਂ ਕਿ ਮੈਂ ਕੀ ਕਰਾਂ?

       -ਨਵੀ, ਜੈਗ ਤੇਰੇ 'ਤੇ ਪੂਰਾ ਯਕੀਨ ਕਰਦਾ। ਮੈਨੂੰ ਪੂਰਾ ਪਤਾ ਕਿ ਤੇਰੀ ਹਰ ਗੱਲ ਧਿਆਨ ਨਾਲ ਸੁਣਦਾ। ਤੇਰੇ ਕਹੇ 'ਤੇ ਉਹ ਮੇਰੇ ਨਾਂ ਵਸੀਅਤ ਕਰਾ ਸਕਦਾ।

       -ਪ੍ਰੀਤੀ, ਮੈਂ ਫਿਰ ਕਹਿੰਨਾ ਕਿ ਇਹ ਗੱਲ ਪ੍ਰੈਕਟੀਕਲ ਨਹੀਂ, ਹਾਂ ਰੌਕੀ ਦੀ ਗੱਲ ਕਰੇਂ ਤਾਂæææ।

       -ਚੱਲ, ਇਵੇਂ ਕਰਾ ਦੇ ਕਿ ਵਸੀਅਤ ਸਾਰੀ ਰੌਕੀ ਦੇ ਨਾਂ 'ਤੇ ਤੇ ਮੈਂ ਗਾਰਡੀਅਨ।

       -ਜੱਗੀ ਤੋਂ ਬਾਅਦ ਰੌਕੀ ਦੇ ਨਾਂ 'ਤੇ ਤਾਂ ਐਟੋਮੈਟਿਕ ਚੜ ਜਾਣੀ ਆਂ ਸਾਰੀ ਜਾਇਦਾਦ।

       -ਪਰ ਜੇ Aਹਨੇ ਵਸੀਅਤ ਆਨੰਦੀ ਦੇ ਨਾਂ ਦੀ ਬਣਾ ਦਿੱਤੀ ਹੋਈ ਤਾਂ।

       -ਫੇਰ ਮੈਂ ਕੀ ਕਰ ਸਕਦਾਂ?

       -ਓਸ ਵਸੀਅਤ ਨੂੰ ਕੈਂਸਲ ਕਰਾ ਸਕਦਾਂ।

       ਆਖਦਿਆਂ ਪ੍ਰੀਤੀ ਨੇ ਆਪਣਾ ਪੈੱਗ ਖਤਮ ਕਰ ਦਿੱਤਾ।

       ਨਵੀ ਮਨ ਹੀ ਮਨ ਹੱਸ ਵੀ ਰਿਹਾ ਸੀ ਤੇ ਸੋਚ ਵੀ ਰਿਹਾ ਸੀ। ਉਸੇ ਵਕਤ ਉਸ ਦੇ ਫੋਨ ਦੀ ਘੰਟੀ ਵੱਜੀ। ਇੰਡੀਆ ਤੋਂ ਚਰਨਜੀਤ ਦਾ ਫੋਨ ਆ ਰਿਹਾ ਸੀ।





ਅਠੱਤੀ


      ਜੱਗੀ ਆਪਣੀ ਸਿਹਤ ਨੂੰ ਲੈ ਕੇ ਏਨਾ ਪਰੇਸ਼ਾਨ ਨਹੀਂ ਸੀ ਜਿੰਨੇ ਬਾਕੀ ਸਭ ਸਨ। ਉਸ ਨੂੰ ਪਰੇਸ਼ਾਨੀ ਸੀ ਤਾਂ ਸਿਰਫ ਆਵਾਜ਼ਾਂ ਦੀ। ਹੁਣ ਆਵਾਜ਼ਾਂ ਵਿਚ ਹੋਰ ਕਿੰਨਾ ਕੁਝ ਹੋਰ ਜਮਾਂ੍ਹ ਹੋ ਗਿਆ ਸੀ। ਉਸ ਨੂੰ ਪਹਿਲਾਂ ਨਾਲੋਂ ਵਧੇਰੇ ਤੰਗ ਕਰਨ ਲਗੀਆਂ ਸਨ। ਉਹਨਾਂ ਨੂੰ ਉਸ ਦੀਆਂ ਦੁਕਾਨਾਂ ਦੇ ਸਿਰਨਾਵੇਂ ਵੀ ਪਤਾ ਸਨ। ਕਦੇ ਕਹਿੰਦੀਆਂ ਕਿ ਰੌਸ਼ਨਆਰਾ ਰੋਡ ਵਾਲੀ ਦੁਕਾਨ ਵੇਚ ਕੇ ਸਾਨੂੰ ਦੇ, ਕਦੇ ਕਹਿੰਦੀਆਂ ਕਿ ਪਹਾੜ ਗੰਜ ਵਾਲੀ ਦੁਕਾਨ ਸਾਡੇ ਹਵਾਲੇ ਕਰ ਦੇ। ਹੁਣ ਉਹਨਾਂ ਨੂੰ ਉਹਦੇ ਬੈਂਕ ਅਕਾਊਂਟਾਂ ਬਾਰੇ ਵੀ ਪਤਾ ਸੀ, ਐਫ ਡੀਜ਼ ਬਾਰੇ ਤੇ ਚਲਦੇ ਖਾਤਿਆਂ ਬਾਰੇ ਵੀ। ਪਲਾਟਾਂ ਦੇ ਨੰਬਰਾਂ ਦਾ ਵੀ ਇਲਮ ਸੀ। ਕਦੇ ਕਦੇ ਤਾਂ ਜੱਗੀ ਰੋਣ ਹਾਕਾ ਹੋ ਜਾਂਦਾ। ਉਹਨਾਂ ਨੂੰ ਉੱਚੀ ਉੱਚੀ ਗਾਲ਼ਾਂ ਕੱਢਦਾ। ਗਾਲ਼ਾਂ ਕੱਢਦਾ ਉਹ ਉਹਨਾਂ ਬਲਬਾਂ ਵਲ ਦੇਖਦਾ ਜਿਹਨਾਂ ਵਿਚ ਉਹਨੂੰ ਲੱਗਦਾ ਸੀ ਕਿ ਕੈਮਰੇ ਫਿੱਟ ਕੀਤੇ ਹੋਏ ਹਨ। ਅਜਿਹੇ ਵੇਲੇ ਆਪਣੇ ਵਾਲ ਪੁੱਟਣ ਤਕ ਜਾਂਦਾ।

       ਇਕ ਗੱਲ ਦੀ ਉਸ ਨੂੰ ਹੋਰ ਤਕਲੀਫ ਵੀ ਸੀ ਕਿ ਉਸ ਦਾ ਇੰਡੀਆ ਵਿੱਚ ਵੀ ਕੋਈ ਕੰਮ ਸਿੱਧਾ ਨਹੀਂ ਸੀ ਹੋ ਰਿਹਾ। ਦੁਕਾਨਾਂ ਹਾਲੇ ਉਸ ਦੇ ਨਾਂ ਨਹੀਂ ਸਨ ਚੜੀਆਂ। ਪਹਿਲਾਂ ਲਿਆ ਪਲਾਟ ਤਾਂ ਉਸ ਦੇ ਨਾਂ ਹੀ ਸੀ ਪਰ ਸੋਹਣ ਸਿੰਘ ਨੇ ਇਕ ਹੋਰ ਲਿਆ ਪਲਾਟ ਹਾਲੇ ਉਵੇਂ ਹੀ ਪਿਆ ਸੀ। ਸ਼ਿਵਚਰਨ ਨਾਲ ਉਸ ਦੇ ਹੋਏ ਝਗੜੇ ਤੋਂ ਬਾਅਦ ਉਸ ਨੇ ਕੋਈ ਮੱਦਦ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਸ ਨੂੰ ਇਹ ਨਹੀਂ ਸੀ ਪਤਾ ਕਿ ਸ਼ਿਵਚਰਨ ਦਾ ਇਹ ਰੋਸਾ ਦਿਖਾਵੇ ਦਾ ਹੀ ਸੀ। ਜੱਗੀ ਚਾਹੁੰਦਾ ਸੀ ਕਿ ਬੈਂਕ ਵਿੱਚ ਅਜਿਹਾ ਅਕਾਊਂਟ ਹੋਵੇ ਕਿ ਉਧਰੋਂ ਦੁਕਾਨਦਾਰ ਕਿਰਾਇਆ ਬੈਂਕ ਵਿਚ ਰੱਖ ਦੇਣ ਤੇ ਉਹ ਇਧਰੋਂ ਚੁੱਕ ਲਵੇ ਪਰ ਅਜਿਹਾ ਵੀ ਨਹੀਂ ਸੀ ਹੋ ਰਿਹਾ। ਉਸ ਨੂੰ ਇੰਡੀਆ ਦੇ ਹਸਪਤਲਾਂ 'ਤੇ ਹੁਣ ਬਿਲਕੁਲ ਯਕੀਨ ਨਹੀਂ ਸੀ ਰਿਹਾ ਕਿਉਂਕਿ ਉਹ ਪੈਸੇ ਬਣਾਉਣ ਦੀ ਖਾਤਰ ਉਸ ਦਾ ਲਿਵਰ ਟਰਾਂਸਪਲਾਂਟ ਕਰਨ ਦੀ ਗੱਲ ਕਰ ਰਹੇ ਸਨ ਪਰ ਇਥੇ ਦੇ ਡਾਕਟਰਾਂ ਨੇ ਅਜਿਹਾ ਕੁਝ ਵੀ ਨਹੀਂ ਸੀ ਕਿਹਾ। ਹਾਂ, ਉਸ ਦੀ ਦਵਾਈ ਕਈ ਵਾਰ ਬਦਲ ਚੁੱਕੇ ਸਨ। ਵਿੱਚ-ਵਿੱਚ ਉਹ ਹਸਪਤਾਲ ਵੀ ਰਹਿ ਆਉਂਦਾ ਸੀ। ਸ਼ਰਾਬ ਉਹ ਹਾਲੇ ਵੀ ਪੀਂਦਾ ਸੀ। ਕਦੇ-ਕਦੇ ਬਾਹੜਾ ਉਸ ਨੂੰ ਮਿਲਣ ਆ ਜਾਂਦਾ। ਉਹ ਆਪਣੀ ਬੋਤਲ ਕੋਲ ਲੈ ਆਉਂਦਾ। ਨਵੀ ਨਾਲ ਉਸ ਦੀ ਫੋਨ ਉਪਰ ਹੀ ਗੱਲਬਾਤ ਹੁੰਦੀ ਸੀ। ਜੇ ਜੱਗੀ ਨੂੰ ਬਹੁਤੀ ਹੀ ਲੋੜ ਹੁੰਦੀ ਤਾਂ ਨਵੀ ਆ ਵੀ ਜਾਂਦਾ।

       ਇਕ ਦਿਨ ਜੱਗੀ ਨੂੰ ਅਫਾਰਾ ਜਿਹਾ ਪੈ ਗਿਆ। ਹਵਾ ਦਾ ਇਕ ਗੁਬਾਰ ਜਿਹਾ ਸਿਰ ਨੂੰ ਚੜਨ ਲੱਗਾ। ਪਹਿਲਾਂ ਵੀ ਅਕਸਰ ਅਜਿਹਾ ਹੁੰਦਾ ਰਹਿੰਦਾ ਸੀ। ਉਸ ਦਾ ਸਾਹ ਉਖੜਨ ਲੱਗ ਪਿਆ। ਸੱਜੀ ਵੱਖੀ ਵਿੱਚ ਅਜਿਹਾ ਦਰਦ ਉਠਿਆ ਕਿ ਉਸ ਤੋਂ ਸਿਹਾ ਨਹੀਂ ਸੀ ਜਾ ਰਿਹਾ। ਉਸ ਨੇ ਇਕ ਦਮ ਐਂਬੂਲੈਂਸ ਨੂੰ ਫੋਨ ਕਰ ਦਿੱਤਾ। ਕੁਝ ਮਿੰਟਾਂ ਵਿੱਚ ਹੀ ਐਂਬੂਲੈਂਸ ਆ ਗਈ। ਐਂਬੂਲੈਂਸ ਵਾਲਿਆਂ ਨੇ ਆਉਂਦੇ ਆਉਂਦੇ ਉਸ ਦੇ ਰਿਕਾਰਡ 'ਤੇ ਨਜ਼ਰ ਮਾਰੀ ਤਾਂ ਉਹਨਾਂ ਨੂੰ ਉਸ ਦੀ ਮੈਡੀਕਲ ਹਿਸਟਰੀ ਬਾਰੇ ਪਤਾ ਚੱਲਿਆ। ਉਹ ਉਸ ਨੂੰ ਐਮਰਜੈਂਸੀ ਲੈਜਾਣ ਦੀ ਥਾਂ ਦਿਮਾਗੀ ਪਰੇਸ਼ਾਨੀ ਵਾਲੇ ਮਰੀਜ਼ਾਂ ਦੀ ਵਾਰਡ ਵਿੱਚ ਛੱਡ ਗਏ।

       ਜਦੋਂ ਉਹ ਦਵਾਈਆਂ ਦੇ ਨਸ਼ੇ ਵਿੱਚੋਂ ਨਿਕਲਿਆ ਤਾਂ ਉਸ ਨੇ ਨਵੀ ਨੂੰ ਫੋਨ ਕੀਤਾ। ਨਵੀ ਉਸ ਨੂੰ ਨਾ ਮਿਲਿਆ। ਉਸ ਨੇ ਪ੍ਰੀਤੀ ਨੂੰ ਫੋਨ ਕਰ ਲਿਆ। ਪ੍ਰੀਤੀ ਬੋਲੀ,

       -ਮੈਂ ਸਾਰੀ ਉਮਰ ਤੇਰੀ ਸੰਭਾਲ ਕੀਤੀ ਐ ਪਰ ਮੈਨੂੰ ਮਿਲਿਆ ਕੀ? ਵਸੀਅਤ ਤੂੰ ਆਪਣੀ ਭਾਣਜੀ ਦੇ ਨਾਂ ਕਰ ਦਿੱਤੀ ਐ, ਮੈਨੂੰ ਤੂੰ ਕੁਝ ਵੀ ਦੇ ਕੇ ਖੁਸ਼ ਨਹੀਂ, ਜੇ ਮੈਨੂੰ ਕੁਝ ਦੇਣਾ ਹੀ ਨਹੀਂ ਤਾਂ ਮੈਂ ਤੈਨੂੰ ਦੇਖਣ ਹਸਪਤਾਲ ਵੀ ਕਿਉਂ ਆਵਾਂ? ਉਹਨੂੰ ਫੋਨ ਕਰ ਜਿਹਨਾਂ ਨੂੰ ਤੂੰ ਆਪਣੇ ਵਾਰਸ ਬਣਾਇਆ ਹੋਇਐ

       ਪ੍ਰੀਤੀ ਨੇ ਇਵੇਂ ਤੋੜ ਕੇ ਕਦੇ ਜਵਾਬ ਨਹੀਂ ਸੀ ਦਿੱਤਾ। ਵੈਸੇ ਭਾਵੇਂ ਲੜ ਲਿਆ ਕਰਦੀ ਸੀ ਪਰ ਇਵੇਂ ਇਨਕਾਰ ਨਹੀਂ ਸੀ ਕਰਿਆ ਕਰਦੀ। ਉਸ ਨੇ ਬਾਹੜੇ ਨੂੰ ਫੋਨ ਕੀਤਾ ਤਾਂ ਉਹ ਵੀ ਨਾ ਮਿਲਿਆ। ਪਰ ਅਗਲੇ ਦਿਨ ਨਵੀ ਦਾ ਫੋਨ ਮਿਲ ਗਿਆ। ਨਵੀ ਦੇ ਹੈਲੋ ਕਹਿੰਦਿਆਂ ਹੀ ਜੱਗੀ ਨੇ ਕਿਹਾ,

       -ਕਿਵੇਂ ਬਈ ਨਵੀ ਸਿਆਂ, ਠੀਕ ਐਂ?

       -ਮੈਂ ਤਾਂ ਠੀਕ ਆਂ, ਤੂੰ ਕਿਵੇਂ ਐਂ? ਘਰੇ ਹੀ ਐਂ?

       -ਨਹੀਂ, ਮੈਂ ਘਰ ਨਹੀਂ।

       -ਹੋਰ ਕਿਥੇ ਐਂ?

       -ਮੈਂ ਆਪਣੇ ਟਿਕਾਣੇ ਪਰ ਮਿਡਲਸੈਕਸ ਹੌਸਪੀਟਲ। ਮੈਂ ਐਬੂਲੈਂਸ ਕਿਸੇ ਹੋਰ ਗੱਲ ਲਈ ਬੁਲਾਈ ਸੀ, ਸਾਲ਼ੇ ਛੱਡ ਗਏ ਇਥੇ। ਹੁਣ ਜੇ ਤੂੰ ਆਵੇਂ ਤਾਂ ਇਹਨਾਂ ਨੇ ਮੈਨੂੰ ਜਾਣ ਦੇਣਾ।

       -ਮੈਂ ਕੰਮ ਤੋਂ ਮੁੜਦਾ ਹੋਇਆ ਆਊਂ।

       -ਜ਼ਰੂਰ ਆਈਂ ਯਾਰ, ਇਹਨਾਂ ਨੇ ਤਾਂ ਮੈਨੂੰ ਪਾਗਲਾਂ ਨਾਲ ਰੱਖਿਆ ਹੋਇਆ। ਸਾਲ਼ੀ ਨਿਰੀ ਜੇਲ੍ਹ ਐ, ਆ ਕੇ ਦੇਖ ਜ਼ਰਾ। æææਪਰ ਓਦਾਂ ਮੈਂ ਠੀਕ ਆਂ, ਤੂੰ ਫਿਕਰ ਨਾ ਕਰੀਂ। ਚਰਨਜੀਤ ਦਾ ਫੋਨ ਆਇਆ ਤਾਂ ਦੱਸ ਦੇਵੀਂ ਕਿ ਮੈਂ ਸਭ ਠੀਕ ਐ।

       ਬਿਮਾਰ ਆਵਾਜ਼ ਵਿੱਚ ਗੱਲ ਕਰਦਾ ਜੱਗੀ ਜਿਵੇਂ ਸਿਹਤਯਾਬ ਹੋ ਗਿਆ ਹੋਵੇ।

       ਸ਼ਾਮ ਨੂੰ ਨਵੀ ਕੰਮ ਤੋਂ ਮੁੜਿਆ ਤਾਂ ਸਿੱਧਾ ਹਸਪਤਾਲ ਹੀ ਚਲੇ ਗਿਆ। ਉਸ ਨੇ ਰਾਹ ਵਿੱਚੋਂ ਮੈਕਡੌਨਲਡ ਵੀ ਲੈ ਲਿਆ। ਉਸ ਨੂੰ ਪਤਾ ਸੀ ਕਿ ਜੱਗੀ ਨੂੰ ਹਸਪਤਾਲ ਦਾ ਖਾਣਾ ਪਸੰਦ ਨਹੀਂ। ਮਿਡਲਸੈਕਸ ਹੌਸਪੀਟਲ ਵਿੱਚ ਨਵੀ ਬਹੁਤ ਵਾਰ ਆਇਆ ਹੋਇਆ ਸੀ। ਉਸ ਦੀ ਪਤਨੀ ਪਲਵੀ ਵੀ ਇਸੇ ਹਸਪਤਾਲ ਵਿੱਚ ਰਹੀ ਸੀ ਤੇ ਇਥੇ ਹੀ ਆਖਰੀ ਸਾਹ ਲਿਆ ਸੀ ਪਰ ਇਸ ਵਾਰਡ ਵਿੱਚ ਉਹ ਕਦੇ ਨਹੀਂ ਸੀ ਆਇਆ। ਇਹ ਹਸਪਤਾਲ ਤੋਂ ਬਿਲਕੁਲ ਅਲੱਗ ਸੀ। ਵੱਡਾ ਸਾਰਾ ਦਰਵਾਜ਼ਾ ਲੰਘਦਿਆਂ ਸਕਿਉਰਟੀ ਚੈਕ ਰਾਹੀਂ ਗੁਜ਼ਰਨਾ ਪੈਂਦਾ ਸੀ। ਤੁਹਾਡੇ ਬਾਰੇ ਪੂਰੀ ਜਾਣਕਾਰੀ ਲਈ ਜਾਂਦੀ ਕਿ ਕੌਣ ਹੋ ਤੇ ਕਿਸ ਨੂੰ ਮਿਲਣਾ ਹੈ। ਇਕ ਦਰਵਾਜ਼ਾ ਲੰਘਦੇ ਤਾਂ ਅਗਲਾ ਦਰਵਾਜ਼ਾ ਓਨੀ ਦੇਰ ਤਕ ਨਾ ਖੁਲ੍ਹਦਾ ਜਦ ਤਕ ਪਿਛਲਾ ਬੰਦ ਨਾ ਹੋ ਜਾਂਦਾ। ਇਵੇਂ ਤਿੰਨ ਦਰਵਾਜ਼ੇ ਲੰਘ ਕੇ ਜੱਗੀ ਦੀ ਵਾਰਡ ਆਈ। ਵਾਰਡ ਦਾ ਦਰਵਾਜ਼ਾ ਵੀ ਉਸ ਨੂੰ ਪੂਰੀ ਤਰਾਂ੍ਹ ਨਰੀਖ ਕੇ ਖੁਲ੍ਹਿਆ। ਵਾਰਡਨ ਕੋਈ ਅਫਰੀਕੀ ਸੀ। ਨਵੀ ਬੋਲਿਆ,

       -ਏਨੀ ਸਕਿਉਰਟੀ ਤਾਂ ਕਿਸੇ ਜੇਲ੍ਹ ਵਿੱਚ ਵੀ ਨਹੀਂ ਹੋਣੀ!

       -ਜੇਲ੍ਹ ਵਿੱਚ ਤਾਂ ਕਈ ਨਿਰਦੋਸ਼ ਵੀ ਹੁੰਦੇ ਹੋਣਗੇ ਪਰ ਇਥੇ ਇਹ ਸਾਰੇ ਖਤਰਨਾਕ ਲੋਕ ਨੇ।

       -ਨਹੀਂ, ਮੇਰਾ ਦੋਸਤ ਇਥੇ ਐ, ਜੈਗ, ਉਹ ਬਿਲਕੁਲ ਖਤਰਨਾਕ ਨਹੀਂ।

       -ਇਹ ਤਾਂ ਤੇਰੀ ਸੋਚ ਐ, ਸਾਡੀ ਨਹੀਂ।

        ਆਖਦੇ ਅਫਰੀਕੀ ਵਾਰਡਨ ਨੇ ਉਸ ਨੂੰ ਜੱਗੀ ਦੇ ਕਮਰੇ ਵਲ ਇਸ਼ਾਰਾ ਕਰ ਦਿੱਤਾ। ਉਸੇ ਵੇਲੇ ਇਕ ਇੰਡੀਅਨ ਮਰੀਜ਼ ਉਸ ਵਲ ਦੇਖਦਾ ਪੁੱਛਣ ਲੱਗਾ,      

       -ਕੌਣ ਆਂ ਇਥੇ, ਤੇਰਾ ਮੁੰਡਾ ਜਾਂ ਭਰਾ?

       -ਭਰਾ।

       ਆਖਦਿਆਂ ਨਵੀ ਜੱਗੀ ਦੇ ਕਮਰੇ ਵਿੱਚ ਜਾ ਵੜਿਆ। ਜੱਗੀ ਉਸ ਨਾਲ ਭਰਵਾਂ ਹੱਥ ਮਿਲਾਉਂਦਾ ਬੋਲਿਆ,

       -ਹੋਰ ਸੁਣਾ ਬਈ ਨਵੀ ਸਿਆਂ, ਕੀ ਹਾਲ ਐ?

       -ਮੈਂ ਠੀਕ ਆਂ ਪਰ ਇਹ ਚੱਕਰ ਮੈਨੂੰ ਸਮਝ ਨਹੀਂ ਆਇਆ।

       -ਮੈਨੂੰ ਵੀਹ ਸਾਲ ਹੋ ਚੱਲੇ ਸਮਝਦੇ ਨੂੰ, ਮੈਨੂੰ ਕੁਝ ਸਮਝ ਨਹੀਂ ਆਇਆ, ਤੈਨੂੰ ਇਕ ਦਿਨ ਵਿੱਚ ਕਿਵੇਂ ਸਮਝ ਆ ਜਾਏਗਾ?

       ਆਖਦਾ ਜੱਗੀ ਹੱਸਣ ਲੱਗਾ। ਜੱਗੀ ਨਵੀ ਦਾ ਲਿਆਂਦਾ ਮੈਕਡਾਲਨਡ ਖਾਣ ਲੱਗਿਆ ਤੇ ਨਵੀ ਡਾਕਟਰ ਨਾਲ ਗੱਲ ਕਰਨ ਚਲੇ ਗਿਆ। ਡਾਕਟਰ ਨਾਲ ਆਪਣੀ ਪੱਛਾਣ ਕਰਵਾ ਕੇ ਕਹਿਣ ਲੱਗਾ,

       -ਡੌਕ, ਮੇਰੇ ਹਿਸਾਬ ਨਾਲ ਤਾਂ ਜੈਗ ਬਿਲਕੁਲ ਠੀਕ ਐ, ਮੈਨੂੰ ਯਕੀਨ ਐਂ ਕਿ ਇਹ ਕਿਸੇ ਲਈ ਖਤਰਨਾਕ ਨਹੀਂ।

       -ਮਿਸਟਰ, ਇਹ ਐਂਬੂਲੈਂਸ ਸਟਾਫ ਨੂੰ ਕੁੱਟਣ ਪੈ ਗਿਆ ਸੀ, ਤਾਂ ਹੀ ਇਥੇ ਲਿਆਂਦਾ।





ਉਨਤਾਲੀ


       ਦੋ ਕੁ ਦਿਨ ਓਸ ਵਾਰਡ ਵਿੱਚ ਰੱਖ ਕੇ ਉਸ ਨੂੰ ਮੁਖ ਵਾਰਡ ਵਿੱਚ ਭੇਜ ਦਿੱਤਾ ਤੇ ਉਥੋਂ ਤਿੰਨ ਦਿਨਾਂ ਬਾਅਦ ਉਸ ਨੂੰ ਘਰ ਜਾ ਲੈਣ ਦਿੱਤਾ। ਘਰ ਆ ਕੇ ਉਸ ਨੇ ਚਰਨਜੀਤ ਨੂੰ ਫੋਨ ਕੀਤਾ। ਚਰਨਜੀਤ ਨੂੰ ਨਵੀ ਰਾਹੀਂ ਉਸ ਦੇ ਹਸਪਤਾਲ ਹੋਣ ਦਾ ਪਤਾ ਚੱਲ ਚੁੱਕਾ ਸੀ। ਹੁਣ ਚਰਨਜੀਤ ਦਾ ਦਿਮਾਗ ਕਾਹਲੀ ਨਾਲ ਕੰਮ ਕਰਨ ਲੱਗਿਆ। ਉਸ ਨੂੰ ਕਿਸੇ ਨਾਲ ਸਲਾਹ ਕਰਨ ਦੀ ਲੋੜ ਨਾ ਪਈ, ਹੁਣ ਸਾਰੇ ਫੈਸਲੇ ਉਸ ਨੇ ਆਪ ਹੀ ਕਰ ਲਏ। ਉਸ ਨੇ ਜੱਗੀ ਨੂੰ ਫੋਨ ਕਰ ਕੇ ਕਿਹਾ,

       -ਵੀਰੇ, ਜੇ ਮੈਂ ਤੇਰੇ ਕੋਲ ਹੋਵਾਂ ਤਾਂ ਤੇਰੀ ਸੇਵਾ ਕਰਾਂ ਤੇ ਤੈਨੂੰ ਨੌਂ ਬਰ ਨੌਂ ਕਰ ਦੇਵਾਂ।

       -ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਤੂੰ ਆ ਜਾ, ਸ਼ਿਵਚਰਨ ਨੂੰ ਪੁੱਛ ਲੈ, ਜੇ ਮੰਨਦਾ ਤਾਂ ਆ ਜਾ ਦੋ ਤਿੰਨ ਮਹੀਨੇ ਲਈ।

       -ਮੈਂ ਕਰ ਲਈ ਸਾਰੀ ਗੱਲ। ਮੈਂ ਤਾਂ ਆਨੰਦੀ ਨੂੰ ਵੀ ਕਹਿ ਦਿੱਤਾ ਕਿ ਉਹ ਵੀ ਆ ਜਾਵੇ। ਆਪਾਂ ਸਾਰੇ ਇਕੱਠੇ ਰਹਾਂਗੇ।

       -ਮੈਂ ਵੀ ਕੀਤਾ ਸੀ ਆਨੰਦੀ ਨੂੰ ਫੋਨ।

       ਆਨੰਦੀ ਦੇ ਨਾਂ 'ਤੇ ਉਸ ਦੇ ਮਨ ਵਿੱਚ ਠੰਡ ਜਿਹੀ ਪੈ ਜਾਂਦੀ ਸੀ। ਉਸ ਨੇ ਚਰਨਜੀਤ ਨੂੰ ਕਿਹਾ,

       -ਜਲਦੀ ਤੋਂ ਜਲਦੀ ਕਰ। ਮੈਂ ਇਥੋਂ ਪੇਪਰ ਪਵਾ ਦਿੰਨਾਂ। ਬਸ ਤੂੰ ਤਿਆਰੀ ਕਰ ਤੇ ਆ ਜਾਹ। ਮੇਰੀ ਭੈਣ ਮੇਰੇ ਕੋਲ ਹੋਵੇ, ਮੇਰੀ ਭਾਣਜੀ ਮੇਰੇ ਕੋਲ ਹੋਵੇ, ਇਸ ਤੋਂ ਵੱਧ ਮੈਨੂੰ ਕੀ ਚਾਹੀਦਾ!

       ਬੋਲਦਾ ਹੋਇਆ ਜੱਗੀ ਜਜ਼ਬਾਤੀ ਹੋ ਗਿਆ।

       ਉਸ ਨੇ ਅਗਲੇ ਦਿਨ ਹੀ ਨਵੀ ਨੂੰ ਫੋਨ ਕਰਕੇ ਕਿਹਾ,

       -ਨਵੀ ਯਾਰ, ਚਰਨਜੀਤ ਨੇ ਆਉਣਾ, ਨਾਲੇ ਆਨੰਦੀ ਨੇ ਵੀ। ਚਰਨਜੀਤ ਦੀ ਰਾਹਦਾਰੀ ਭੇਜਣੀ ਆਂ। ਮੇਰੇ ਕੋਲ ਤਾਂ ਜੌਬ ਹੈ ਨਹੀਂ, ਉਹ ਸ਼ਾਇਦ ਵੀਜ਼ਾ ਨਾ ਦੇਣ।

       -ਕੋਈ ਗੱਲ ਨਹੀਂ। ਮੈਂ ਭੇਜ ਦੇਵਾਂਗਾ। ਇਹਦਾ ਫਿਕਰ ਨਾ ਕਰ।

       ਨਵੀ ਨੇ ਕਿਹਾ ਤੇ ਉਹ ਅਗਲੇ ਦਿਨ ਹੀ ਵਕੀਲ ਦੇ ਗਿਆ ਤੇ ਸਾਰੇ ਪੇਪਰ ਤਿਆਰ ਕਰਵਾ ਕੇ ਸਿੱਧੇ ਹੀ ਚਰਨਜੀਤ ਨੂੰ ਭੇਜ ਦਿੱਤੇ। ਪੇਪਰ ਭੇਜ ਕੇ ਨਵੀ ਸੋਚਾਂ ਵਿਚ ਪੈ ਗਿਆ ਕਿ ਕਿਤੇ ਉਹ ਕਿਸੇ ਚਰਕਵਿਊ ਵਿੱਚ ਤਾਂ ਨਹੀਂ ਫਸਦਾ ਜਾ ਰਿਹਾ। ਉਸ ਦੀ ਜ਼ਿੰਦਗੀ ਬੜੀ ਸਿੱਧੀ ਜਿਹੀ ਚਲਦੀ ਸੀ। ਰਾਹੁਲ ਵੱਡਾ ਹੋ ਕੇ ਆਪਣੇ ਰਾਹ ਪੈ ਗਿਆ ਸੀ। ਉਹ ਇਕ ਸਮੇਂ ਇਕ ਔਰਤ ਨਾਲ ਸੀਮਤ ਜਿਹੇ ਸੰਬੰਧ ਰਖਿਆ ਕਰਦਾ ਸੀ ਤੇ ਰਿਸ਼ਤੇਦਾਰਾਂ ਨੂੰ ਬਹੁਤਾ ਨਹੀਂ ਸੀ ਮਿਲਦਾ। ਉਸ ਦਾ ਬਹੁਤਾ ਸਮਾਂ ਕਲੱਬਾਂ ਤੇ ਚੈਰਿਟੀ ਦੇ ਕੰਮ ਕਰਦਿਆਂ ਹੀ ਬੀਤਦਾ ਸੀ। ਚਰਨਜੀਤ ਦੇ ਆ ਜਾਣ ਨਾਲ ਉਸ ਦੀਆਂ ਜ਼ਿੰਮੇਵਾਰੀਆਂ ਵੀ ਵਧ ਸਕਦੀਆਂ ਸਨ। ਪਹਿਲਾਂ ਹੀ ਉਹ ਜੱਗੀ ਕਾਰਨ ਕਈ ਵਾਰ ਭੱਜ ਦੌੜ ਵਿਚ ਪੈ ਜਾਂਦਾ ਸੀ। ਬਿਨਾਂ ਲੋੜ ਤੋਂ ਉਸ ਨੂੰ ਕਈ ਵਾਰ ਪੈਸੇ ਵੀ ਖਰਚਣੇ ਪੈਂਦੇ ਸਨ ਤੇ ਸਮਾਂ ਵੀ। ਹੁਣ ਜੱਗੀ ਤਾਂ ਹਸਪਤਾਲ ਹੀ ਤੁਰਿਆ ਰਹਿੰਦਾ ਸੀ ਤੇ ਅਜਿਹੇ ਵੇਲੇ ਚਰਨਜੀਤ ਉਸ ਤੋਂ ਹੀ ਆਸ ਰੱਖੇਗੀ ਕਿ ਉਸ ਨੂੰ ਲਈ ਫਿਰੇ। ਇਸ ਤਰਾਂ੍ਹ ਇਕ ਤਾਂ ਉਸ ਦੀ ਰੋਜ਼ ਮਰਾਹ ਦੀ ਜ਼ਿੰਦਗੀ ਵਿੱਚ ਖਲਲ ਪਵੇਗਾ ਤੇ ਦੂਜੇ ਉਸ ਦੀ ਨਿੱਜਤਾ ਅੰਦਰ ਵੀ ਦਖਲ ਹੋਵੇਗਾ। ਪ੍ਰੀਤੀ ਵੀ ਵਾਰ ਵਾਰ ਫੋਨ ਕਰਕੇ ਉਸ ਉਪਰ ਦਬਾਅ ਬਣਾਉਂਦੀ ਰਹਿੰਦੀ ਸੀ। ਪ੍ਰੀਤੀ ਨੂੰ ਤਾਂ ਉਸ ਨੇ ਇਕ ਦਿਨ ਜਵਾਬ ਹੀ ਦੇ ਦਿੱਤਾ ਸੀ ਕਿ ਉਹ ਕੁਝ ਨਹੀਂ ਕਰ ਸਕਦਾ।

        ਇਹਨਾਂ ਦਿਨਾਂ ਵਿੱਚ ਹੀ ਜੱਗੀ ਦੇ ਪੇਟ ਵਿੱਚ ਇਕ ਵਾਰ ਫਿਰ ਪਾਣੀ ਭਰ ਗਿਆ। ਲਿਵਰ ਨੇ ਖਾਣਾ ਹਜ਼ਮ ਕਰਨ ਤੋਂ ਇਨਕਾਰ ਕਰ ਦਿੱਤਾ। ਜੱਗੀ ਨੂੰ ਹਸਪਤਾਲ ਭਰਤੀ ਹੋਣਾ ਪਿਆ। ਚਰਨਜੀਤ ਦਾ ਫੋਨ ਆਇਆ ਤਾਂ ਨਵੀ ਨੇ ਕਿਹਾ,

       -ਜੱਗੀ ਦੀ ਲਿਵਰ ਦੀ ਪ੍ਰੌਬਲਮ ਖਤਮ ਨਹੀਂ ਹੋਈ। ਹੁਣ ਉਹ ਫਿਰ ਵੱਡੇ ਹਸਪਤਾਲ ਐ।

       -ਭਾਜੀ, ਤਾਹੀਂ ਮੈਂ ਚਾਹੁੰਦੀ ਸੀ ਕਿ ਜਲਦੀ ਤੋਂ ਜਲਦੀ ਆਵਾਂ, ਉਹਨੂੰ ਦੇਖਾਂ। ਉਹਨੂੰ ਮਿਲਣ ਹਸਪਤਾਲ ਜਾਇਆ ਕਰਾਂ।

       -ਭੈਣ ਜੀ, ਹਸਪਤਾਲ ਕੇਂਦਰੀ ਲੰਡਨ ਵਿਚ ਐ, ਜੱੱਗੀ ਦੇ ਫਲੈਟ ਤੋਂ ਪੰਦਰਾਂ ਮੀਲ ਦੂਰ। ਕੋਈ ਸਿੱਧੀ ਬਸ-ਟਰੇਨ ਵੀ ਨਹੀਂ ਜਾਂਦੀ। ਮੈਂ ਵੀ ਕੰਮ 'ਤੇ ਜਾਨਾਂ, ਬਹੁਤੀ ਹੈਲਪ ਨਹੀਂ ਕਰ ਸਕਣੀ।

       -ਕੋਈ ਗੱਲ ਨਹੀਂ ਭਾਜੀ, ਮੈਂ ਸਮਝਦੀ ਆਂ। ਮੈਨੂੰ ਤਾਂ ਬਹੁਤਾ ਪਤਾ ਨਹੀਂ ਪਰ ਆਨੰਦੀ ਤਾਂ ਕੈਨੇਡਾ ਰਹਿੰਦੀ ਐ, ਉਸ ਨੂੰ ਸਾਰੇ ਸਿਸਟਮ ਦਾ ਪਤਾ। ਉਹੀ ਤਾਂ ਉਥੋਂ ਬੈਠੀ ਹਸਪਤਾਲਾਂ ਨੂੰ ਫੋਨ ਕਰ ਕਰ ਕੇ ਵੀਰੇ ਦੀ ਖ਼ਬਰ ਲੈਂਦੀ ਰਹਿੰਦੈ ਐ।

       -ਹਾਂ, ਜੇ ਬਿਟੀਆ ਆ ਗਈ ਫਿਰ ਤਾਂ ਗੱਲ ਹੀ ਕਿਹੜੀ ਐ।

       ਨਵੀ ਨੇ ਕਿਹਾ। ਉਹ ਖੁਸ਼ ਸੀ ਕਿ ਉਸ ਨੇ ਆਪਣਾ ਸੁਨੇਹਾ ਦੇ ਦਿੱਤਾ ਸੀ। ਉਹ ਸੋਚ ਰਿਹਾ ਸੀ ਕਿ ਜੱਗੀ ਦੇ ਝੰਜਟ ਤੋਂ ਦੂਰ ਹੀ ਰਹੇ।

       ਚਰਨਜੀਤ ਵੀ ਤੇਜ਼ ਸੀ ਤੇ ਨਵੀ ਦੀ ਗੱਲ ਸਮਝਣ ਵਿੱਚ ਉਸ ਨੂੰ ਦੇਰ ਨਾ ਲੱਗੀ। ਉਹ ਨਵੀ ਉਪਰ ਸਹਿੰਦਾ-ਸਹਿੰਦਾ ਬੋਝ ਹੀ ਪਾਉਣਾ ਚਾਹੁੰਦੀ ਸੀ। ਉਸ ਨੇ ਹਾਲੇ ਨਵੀ ਨੂੰ ਆਨੰਦੀ ਦੇ ਨਾਂ ਦੀ ਵਸੀਅਤ ਕਰਾਉਣ ਵਿਚ ਵੀ ਵਰਤਣਾ ਸੀ।

       ਇਸ ਵਾਰ ਜੱਗੀ ਹਸਪਤਾਲ ਦੋ ਹਫਤੇ ਤਕ ਰਿਹਾ। ਉਸ ਦੇ ਪੇਟ ਵਿੱਚੋਂ ਤਰਲ ਮਾਦਾ ਨਿਕਲ ਨਹੀਂ ਸੀ ਰਿਹਾ। ਇਕ ਵਾਰ ਜਿੱæਦ ਕਰਕੇ ਉਹ ਘਰ ਆ ਵੀ ਗਿਆ ਸੀ। ਤਰਲ ਮਾਦਾ ਬਾਹਰ ਕੱਢਣ ਲਈ ਉਸ ਦੇ ਪੇਟ ਵਿਚ ਟਿਊਬ ਲਾਈ ਹੋਈ ਸੀ, ਘਰੇ ਸੁੱਤੇ ਪਿਆਂ ਟਿਊਬ ਨਿਕਲ ਗਈ ਤੇ ਉਸ ਦਾ ਸਾਰਾ ਬਿਸਤਰ ਤਰਲ ਮਾਦੇ ਨਾਲ ਭਰ ਗਿਆ ਸੀ। ਉਸ ਨੂੰ ਅਗਲੇ ਦਿਨ ਹੀ ਮੁੜ ਹਸਪਤਾਲ ਜਾਣਾ ਪਿਆ। ਹਸਪਤਾਲ ਜਾ ਕੇ ਜੱਗੀ ਦੋ ਦਿਨ ਤਕ ਬੇਹੋਸ਼ ਰਿਹਾ ਸੀ। ਹੁਣ ਲਿਵਰ ਦੇ ਨਾਲ ਨਾਲ ਉਸ ਦੀਆਂ ਕਿਡਨੀਆਂ ਵੀ ਤਕਲੀਫ ਦੇਣ ਲੱਗੀਆਂ ਸਨ। ਡਾਕਟਰਾਂ ਲਈ ਇਹ ਇਕ ਹੋਰ ਮੁਸੀਬਤ ਆ ਪਈ ਸੀ। ਇਕ ਦਿਨ ਨਵੀ ਉਸ ਨੂੰ ਦੇਖਣ ਗਿਆ ਤਾਂ ਉਸ ਨੂੰ ਜਾਪਿਆ ਕਿ ਇਹ ਤਾਂ ਗਿਆ ਕੰਮ ਤੋਂ।        

       ਜੱਗੀ ਨੂੰ ਦੇਖ ਕੇ ਆ ਕੇ ਨਵੀ ਨੇ ਪ੍ਰੀਤੀ ਨੂੰ ਫੋਨ ਕੀਤਾ ਤੇ ਕਿਹਾ,

       -ਪ੍ਰੀਤੀ, ਤੂੰ ਤਾਂ ਪੱਥਰ ਦੀ ਹੀ ਬਣ ਗਈ ਐਂ!

       -ਕੀ ਹੋਇਆ?

       -ਤੂੰ ਮੁੜ ਕੇ ਜੱਗੀ ਨੂੰ ਦੇਖਣ ਹੀ ਨਹੀਂ ਗਈ, ਕਿਉਂ, ਪੈਸੇ ਨਾਲ ਹੀ ਵਾਹ ਸੀ ਤੇਰਾ?

       -ਇਹ ਗੱਲ ਨਹੀਂ ਪਰ ਤੂੰ ਆਪਣੇ ਦੋਸਤ ਵਲ ਵੀ ਤਾਂ ਦੇਖ, ਉਹਨੇ ਤਾਂ ਸਾਨੂੰ ਇਵੇਂ ਇਗਨੋਅਰ ਕੀਤੈ ਜਿਵੇਂ ਅਸੀਂ ਹੁੰਦੇ ਹੀ ਨਹੀਂ, ਮੈਂ ਨਹੀਂ ਤਾਂ ਰੌਕੀ ਬਾਰੇ ਤਾਂ ਕੁਝ ਕਰ ਹੀ ਸਕਦਾ।

       -ਹਾਲੇ ਕਿਹੜਾ ਉਹਨੇ ਕੁਝ ਕਰ ਦਿੱਤਾ, ਤੂੰ ਉਹਦੇ ਆਲੇ ਦੁਆਲੇ ਤਾਂ ਰਹਿ। ਉਹ ਬਹੁਤ ਇਕੱਲਾ ਵਿਚਾਰਾ।

       -ਇਕੱਲਾ ਕਾਹਨੂੰ, ਮੈਂ ਇੰਡੀਆ ਫੋਨ ਕੀਤਾ ਸੀ, ਸ਼ਿਵਚਰਨ ਭਾਜੀ ਨੂੰ। ਓਦਾਂ ਤਾਂ ਉਹ ਸਿੱਧੇ ਮੂੰਹ ਗੱਲ ਨਹੀਂ ਸੀ ਕਰ ਰਿਹਾ ਪਰ ਏਨਾ ਜ਼ਰੂਰ ਦੱਸਿਆ ਕਿ ਚਰਨਜੀਤ ਆ ਰਹੀ ਐ। ਵੀਜ਼ਾ ਮਿਲ ਗਿਆ ਉਹਨੂੰ।

       -ਇਹ ਤਾਂ ਠੀਕ ਐ, ਜੱਗੀ ਨੂੰ ਹੈਲਪ ਹੋਵੇਗੀ।

       -ਪਰ ਉਹ ਹੈਲਪ ਕਰਨ ਨਹੀਂ ਆ ਰਹੀ, ਉਹ ਤਾਂ ਜੈਗ ਤੋਂ ਵਸੀਅਤ ਕਰਵਾਉਣ ਆ ਰਹੀ ਐ। ਨਵੀ, ਮੈਂ ਤੈਨੂੰ ਜ਼ਿੰਦਗੀ ਵਿੱਚ ਇਕ ਕੰਮ ਕਿਹਾ ਸੀ, ਤੂੰ ਉਹ ਵੀ ਨਹੀਂ ਕੀਤਾ।

       -ਪ੍ਰੀਤੀ, ਮੈਂ ਤੈਨੂੰ ਦੱਸ ਦਿੱਤਾ ਸੀ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ।

       -ਨਵੀ, ਤੂੰ ਚਾਹੁੰਦਾ ਹੀ ਨਹੀਂ ਕਿ ਮੈਨੂੰ ਕੁਝ ਮਿਲੇ।

       -ਮੈਂ ਚਾਹੁੰਨਾ ਕਿ ਰੌਕੀ ਨੂੰ ਜ਼ਰੂਰ ਕੁਝ ਮਿਲੇ।

       -ਕਿਵੇਂ ਮਿਲੇ? ਕੋਈ ਰਾਹ ਦੱਸ?

       -ਪ੍ਰੀਤੀ, ਇਕ ਸਲਾਹ ਮੰਨੇਗੀ?

       -ਦੱਸ।

       -ਪੰਜਾਬੀ ਵਿਚ ਕਹਾਵਤ ਐ ਕਿ ਸਾਰਾ ਜਾਂਦਾ ਦੇਖ ਕੇ ਅੱਧਾ ਦੇਈਏ ਗਵਾ। ਮੇਰੇ ਹਿਸਾਬ ਨਾਲ ਉਸ ਨੇ ਵਸੀਅਤ ਹਾਲੇ ਕਰਾਈ ਨਹੀਂ। ਜੇ ਵਸੀਅਤ ਨਾ ਵੀ ਕਰਾਈ ਤਾਂ ਵੀ ਸ਼ਿਵਚਰਨ ਨੇ ਤੁਹਾਨੂੰ ਉਸ ਜਾਇਦਾਦ ਦੇ ਨੇੜੇ ਨਹੀਂ ਲੱਗਣ ਦੇਣਾ। ਬਘਿਆੜ ਐ ਉਹ। ਵਧੀਆ ਗੱਲ ਇਹ ਐ ਸ਼ਿਵਚਰਨ ਤੇ ਚਰਨਜੀਤ ਨਾਲ ਲੜਨ ਦੀ ਥਾਂ ਸੁਲਾਹ ਕਰ ਲੈ ਤੇ ਸਲਾਹ ਅਜਿਹੀ ਕਿ ਸਮਝੌਤਾ ਕਰ ਲੈ।

       -ਕੈਸਾ ਸਮਝੌਤਾ?

       -ਸਭ ਅੱਧੋ-ਅੱਧ। ਤੁਹਾਡੇ ਕੋਲ ਕਾਨੂੰਨੀ ਹੱਕ ਐ ਤੇ ਉਹਦੇ ਕੋਲ ਕਬਜ਼ਾ। ਨਾ ਤੇਰੇ ਤੋਂ ਇੰਡੀਆ ਜਾ ਕੇ ਕਾਨੂੰਨੀ ਉਲਝਣਾਂ ਵਿੱਚ ਪੈ ਹੋਣਾਂ ਤੇ ਨਾ ਕੁਝ ਹੋਰ। ਹਿੱਸੇਦਾਰੀ ਦੋਵਾਂ ਧਿਰਾਂ ਲਈ ਠੀਕ ਰਹਿਣੀ ਐਂ।

       -ਪਰ ਨਵੀ ਇਹ ਹੋਵੇਗਾ ਕਿਵੇਂ?

       -ਇਹ ਹੁਣ ਤੂੰ ਸੋਚ। ਜੋ ਵੀ ਮਿਲਦਾ ਲੈ ਲੈ।





ਚਾਲੀ


     ਪ੍ਰੀਤੀ ਅਗਲੇ ਦਿਨ ਹੀ ਜੱਗੀ ਨੂੰ ਮਿਲਣ ਚਲੇ ਗਈ। ਆਪਣੇ ਨਾਲ ਉਹ ਰੌਕੀ ਨੂੰ ਵੀ ਲੈ ਗਈ। ਵੈਸੇ ਰੌਕੀ ਸ਼ਾਇਦ ਹੀ ਜਾਂਦਾ ਪਰ ਹੁਣ ਪ੍ਰੀਤੀ ਨੇ ਉਸ ਨੂੰ ਨਵੀਆਂ ਆਸਾਂ ਦਿਖਾਈਆਂ ਹੋਈਆਂ ਸਨ। ਉਹ ਸੋਚਦੀ ਸੀ ਕਿ ਜੇ ਵੀਹ ਸਾਲ ਪਹਿਲਾਂ ਇਕ ਇਕ ਕਰੋੜ ਦੀ ਦੁਕਾਨ ਸੀ ਤਾਂ ਹੁਣ ਤਾਂ ਉਹ ਕਈ ਕਈ ਕਰੋੜ ਦੀ ਹੋ ਗਈ ਹੋਵੇਗੀ। ਫਿਰ ਜੱਗੀ ਦਾ ਘਰ ਵੀ ਤਾਂ ਸੀ ਤੇ ਇਕ ਪਲੌਟ ਵੀ। ਇਸ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਹੋ ਸਕਦਾ ਸੀ। ਨਾਲ ਦੀ ਨਾਲ ਉਸ ਨੂੰ ਇਹ ਡਰ ਵੀ ਸੀ ਕਿ ਜੇ ਜੱਗੀ ਨੇ ਵਸੀਅਤ ਕਰਵਾ ਦਿੱਤੀ ਹੋਵੇਗੀ ਤਾਂ ਜੱਗੀ ਨੂੰ ਮਿਲਣ ਜਾਣਾ ਸਮਾਂ ਨਸ਼ਟ ਕਰਨਾ ਹੀ ਹੋਵੇਗਾ। ਨਵੀ ਮੁਤਾਬਕ ਹਾਲੇ ਵਸੀਅਤ ਨਹੀਂ ਸੀ ਹੋਈ ਪਰ ਉਸ ਨੂੰ ਵੀ ਪੱਕਾ ਨਹੀਂ ਸੀ ਪਤਾ। ਕਿੰਨਾ ਕੁਝ ਸੋਚਦੀ ਉਹ ਹਸਪਤਾਲ ਜਾ ਪੁੱਜੀ।

       ਉਹ ਜੱਗੀ ਨੂੰ ਦੇਖ ਕੇ ਹੈਰਾਨ ਰਹਿ ਗਈ। ਹੱਡੀਆਂ ਦੀ ਮੁੱਠ ਰਹਿ ਗਿਆ ਸੀ ਜੱਗੀ। ਬਿਸਤਰ ਨਾਲ ਬਿਸਤਰ ਹੋਇਆ ਪਿਆ ਸੀ। ਉਹ ਸੁੱਤਾ ਪਿਆ ਇਵੇਂ ਲਗਦਾ ਸੀ ਜਿਵੇਂ ਕਿਸੇ ਹੋਰ ਦੁਨੀਆਂ ਵਿਚ ਪੁੱਜ ਚੁੱਕਿਆ ਹੋਵੇ। ਇਕ ਪਲ ਲਈ ਤਾਂ ਉਹ ਡਰ ਗਈ ਪਰ ਫਿਰ ਉਸ ਨੇ ਜੱਗੀ ਨੂੰ ਮੋਢ੍ਹੇ ਤੋਂ ਹਲੂਣਿਆਂ। ਉਹ ਉਠ ਖੜਿਆ। ਪ੍ਰੀਤੀ ਤੇ ਰੌਕੀ ਨੂੰ ਦੇਖ ਕੇ ਜੱਗੀ ਦੇ ਨੀਲੇ ਫਿਰੇ ਬੁਲ੍ਹਾਂ 'ਤੇ ਮੁਸਕ੍ਰਾਹਟ ਆ ਗਈ। ਉਹ ਬੋਲਿਆ,

         -ਕਿਵੇਂ ਮੈਡਮ, ਠੀਕ ਐਂ? ਤੂੰ ਬਈ ਯੰਗ ਮੈਨ?

        ਆਖਦਾ ਉਹ ਬਹਿਣ ਦੀ ਕੋਸ਼ਿਸ਼ ਕਰਨ ਲੱਗਾ। ਪ੍ਰੀਤੀ ਨੇ ਬੈਠਣ ਵਿੱਚ ਉਸ ਦੀ ਮੱਦਦ ਕੀਤੀ। ਪ੍ਰੀਤੀ ਨੇ ਘਰੋਂ ਉਸ ਲਈ ਖਾਣਾ ਲਿਆਂਦਾ ਹੋਇਆ ਸੀ ਪਰ ਡਾਕਟਰਾਂ ਵਲੋਂ ਬਾਹਰਲਾ ਖਾਣਾ ਖਾਣ ਦੀ ਮਨਾਹੀ ਸੀ। ਸਿਰਫ ਹਲਕੀਆਂ ਚੀਜ਼ਾਂ ਹੀ ਖਾਣ ਨੂੰ ਦਿੱਤੀਆਂ ਜਾਂਦੀਆਂ ਸਨ। ਘੰਟਾ ਭਰ ਪ੍ਰੀਤੀ ਤੇ ਰੌਕੀ ਜੱਗੀ ਕੋਲ ਬੈਠੇ ਰਹੇ। ਏਨੇ ਚਿਰ ਵਿੱਚ ਜੱਗੀ ਮੁੜ ਕੇ ਵਧੀਆ ਗੱਲਾਂ ਕਰਨ ਲੱਗ ਪਿਆ ਸੀ।

       ਘਰ ਆ ਕੇ ਪ੍ਰੀਤੀ ਸੋਚਣ ਲੱਗੀ ਕਿ ਹੁਣ ਕੀ ਕੀਤਾ ਜਾਵੇ। ਨਿੱਕ ਨਾਲ ਉਹ ਅਜਿਹੀ ਕੋਈ ਸਲਾਹ ਨਹੀਂ ਸੀ ਕਰਿਆ ਕਰਦੀ। ਜਦੋਂ ਉਹ ਜੱਗੀ ਦੀ ਵਿਰਾਸਤ ਵਿੱਚ ਹਿੱਸੇ ਬਾਰੇ ਗੱਲ ਕਰਦੀ ਤਾਂ ਨਿੱਕ ਈਰਖਾ ਕਰਨ ਲੱਗ ਪੈਂਦਾ। ਉਸ ਨੂੰ ਮਿਲੀਅਨ ਪੌਂਡਾਂ ਦੀ ਗੱਲ ਕਰਦਿਆਂ ਦੇਖ ਉਹ ਪ੍ਰੀਤੀ ਨੂੰ ਪਾਗਲ ਵੀ ਕਹਿਣ ਲਗਦਾ ਪਰ ਹੁਣ ਮਿਲੀਅਨ ਪੌਂਡ ਪ੍ਰੀਤੀ ਨੂੰ ਸਾਹਮਣੇ ਪਿਆ ਦਿਸ ਰਿਹਾ ਸੀ। ਉਹ ਇਸ ਨੂੰ ਨਿੱਕ ਨਾਲ ਨਹੀਂ ਸੀ ਵੰਡਣਾ ਚਾਹੁੰਦੀ। ਇਹ ਉਸ ਦਾ ਆਪਣਾ ਨਿੱਜੀ ਸੀ। ਉਸ ਦਾ ਅੱਧਾ ਮਨ ਕਹਿ ਰਿਹਾ ਸੀ ਕਿ ਉਹ ਚੁੱਪ ਰਹੇ ਤੇ ਜੱਗੀ ਦੇ ਮਰਨ ਤੋਂ ਬਾਅਦ ਆਪਣਾ ਹੱਕ ਜਿਤਾਵੇ। ਕਾਨੂੰਨੀ ਹੱਕ ਰੌਕੀ ਦਾ ਹੀ ਬਣਨਾ ਸੀ। ਮਨ ਦਾ ਦੂਜਾ ਅੱਧ ਨਵੀ ਦੀ ਸਲਾਹ ਮੰਨ ਰਿਹਾ ਸੀ ਕਿ ਸ਼ਿਵਚਰਨ ਤੇ ਚਰਨਜੀਤ ਨੇ ਏਨੀ ਆਸਾਨੀ ਨਾਲ ਕੁਝ ਵੀ ਨਹੀਂ ਦੇਣਾ ਤੇ ਕਾਨੂੰਨੀ ਲੜਾਈ ਉਸ ਤੋਂ ਲੜੀ ਨਹੀਂ ਸੀ ਜਾਣੀ ਇਸ ਲਈ ਉਹਨਾਂ ਨਾਲ ਸਮਝੌਤਾ ਕਰਕੇ ਜੋ ਕੁਝ ਪਿਆਰ ਨਾਲ ਮਿਲਦਾ ਹੈ ਲੈ ਲਵੇ। ਉਸ ਦੇ ਆਪੇ ਲਾਏ ਅੰਦਾਜ਼ੇ ਮੁਤਾਬਕ ਜੱਗੀ ਦੀ ਜਾਇਦਾਦ ਸੌ ਕਰੋੜ ਦੀ ਹੋਵੇਗੀ, ਪੌਂਡਾਂ ਵਿਚ ਉਸ ਨੇ ਦਸ ਮਿਲੀਅਨ ਬਣਾ ਲਏ ਹੋਏ ਸਨ। ਇਹਨਾਂ ਵਿਚੋਂ ਪੰਜ ਮਿਲੀਅਨ ਵੀ ਮਿਲ ਜਾਣ ਤਾਂ ਬਹੁਤ ਸੀ। ਇਹ ਗੱਲਾਂ ਟੈਲੀਫੋਨ ਉਪਰ ਤਾਂ ਹੋਣੀਆ ਨਹੀਂ ਸਨ, ਜਾਂ ਤਾਂ ਉਹ ਇੰਡੀਆ ਜਾਵੇ ਜਾਂ ਫਿਰ ਚਰਨਜੀਤ ਤੇ ਸ਼ਿਵਚਰਨ ਇੰਗਲੈਂਡ ਆਉਣ। ਇਵੇਂ ਬਹੁਤ ਕੁਝ ਸੋਚਦਿਆਂ ਉਸ ਨੇ ਚਰਨਜੀਤ ਨੂੰ ਫੋਨ ਕਰਨ ਦਾ ਮਨ ਬਣਾ ਲਿਆ।

       ਚਰਨਜੀਤ ਦੀ ਇੰਗਲੈਂਡ ਦੀ ਪੂਰੀ ਤਿਆਰੀ ਸੀ। ਇਸ ਤਿਆਰੀ ਵਿੱਚ ਇਕ ਵਿਘਨ ਆ ਪਿਆ, ਉਹ ਇਹ ਕਿ ਆਨੰਦੀ ਨੂੰ ਕਿਸੇ ਕਾਰਨ ਇੰਗਲੈਂਡ ਦਾ ਵੀਜ਼ਾ ਨਹੀਂ ਸੀ ਮਿਲਿਆ। ਜੇ ਆਨੰਦੀ ਇੰਗਲੈਂਡ ਉਸ ਦੇ ਨਾਲ ਨਹੀਂ ਹੋਏਗੀ ਤਾਂ ਪਤਾ ਨਹੀਂ ਜੱਗੀ ਵਸੀਅਤ ਕਰੇਗਾ ਵੀ ਕਿ ਨਹੀਂ। ਦੂਜਾ ਇਹ ਕਿ ਆਨੰਦੀ ਬਿਨਾਂ ਉਹ ਇੰਗਲੈਂਡ ਵਿੱਚ ਕਿਵੇਂ ਕੰਮ ਚਲਾਵੇਗੀ। ਕੌਣ ਉਸ ਨੂੰ ਹਸਪਤਾਲਾਂ ਵਿੱਚ ਲੈ ਕੇ ਜਾਇਆ ਕਰੇਗਾ। ਇਕੱਲੀ ਜੱਗੀ ਦੇ ਫਲੈਟ ਵਿੱਚ ਕਿਵੇਂ ਰਹੇਗੀ। ਨਵੀ ਨੇ ਜਵਾਬ ਦੇ ਦਿੱਤਾ ਹੋਇਆ ਸੀ। ਉਸ ਦੀ ਮਾਸੀ ਜਿਸ ਨੇ ਜੱਗੀ ਦਾ ਰਿਸ਼ਤਾ ਕਰਾਇਆ ਸੀ, ਹੁਣ ਮਰ ਚੁੱਕੀ ਸੀ ਤੇ ਉਸ ਦੇ ਬੱਚਿਆਂ ਨਾਲ ਉਹਨਾਂ ਦਾ ਕੋਈ ਰਾਬਤਾ ਨਹੀਂ ਸੀ। ਸੋ ਹੁਣ ਤਾਂ ਉਹ ਇਹ ਸੋਚ ਰਹੀ ਸੀ ਕਿ ਇੰਗਲੈਂਡ ਜਾਵੇ ਵੀ ਕਿ ਨਾ। ਅਜਿਹੀਆਂ ਸੋਚਾਂ ਵਿਚ ਉਹ ਵਿਚਰ ਰਹੀ ਸੀ ਕਿ ਪ੍ਰੀਤੀ ਦਾ ਫੋਨ ਆ ਗਿਆ। ਪ੍ਰੀਤੀ ਦੇ ਫੋਨ ਨੇ ਜਿਵੇਂ ਚਰਨਜੀਤ ਨੂੰ ਇਕ ਨਵੀ ਆਸ ਜਗਾ ਦਿੱਤੀ ਹੋਵੇ। ਉਸ ਨੇ ਸਤਿ ਸ੍ਰੀ ਆਕਾਲ ਬੁਲਾ ਕੇ ਪੁੱਛਿਆ,

       -ਪ੍ਰੀਤੀ, ਕੀ ਹਾਲ ਐ ਜੱਗੀ ਵੀਰੇ ਦਾ।

       -ਚਰਨਜੀਤ, ਬਿਲਕੁਲ ਠੀਕ ਨਹੀਂ, ਤੈਨੂੰ ਚਾਹੀਦਾ ਕਿ ਇਕ ਵਾਰ ਆ ਕੇ ਆਪਣੇ ਭਰਾ ਨੂੰ ਮਿਲ ਲਵੇਂ।

       -ਪ੍ਰੀਤੀ, ਮੈਂ ਵੀਜ਼ਾ ਤਾਂ ਲਿਆ ਹੋਇਆ ਪਰ ਮੈਂ ਦੁਚਿੱਤੀ ਵਿਚ ਆਂ ਕਿ ਆਵਾਂ ਕਿ ਨਾ। ਜੇ ਆ ਵੀ ਜਾਵਾਂ ਤਾਂ ਮੈਨੂੰ ਤਾਂ ਏਸ ਮੁਲਕ ਬਾਰੇ ਕੁਝ ਪਤਾ ਹੀ ਨਹੀਂ। ਜੱਗੀ ਵੀਰਾ ਹਸਪਤਾਲ ਪਿਐ ਤੇ ਮੈਂ ਕਿਥੇ ਰਹੂੰ?

       -ਦੁਚਿੱਤੀ ਕਾਹਦੀ ਐ ਚਰਨਜੀਤ। ਤੂੰ ਆ ਜਾ। ਆਹ ਘਰ ਰੌਕੀ ਦਾ ਹੀ ਐ। ਮੈਂ ਨਾ ਸਹੀ ਪਰ ਰੌਕੀ ਤਾਂ ਤੁਹਾਡੇ ਖਾਨਦਾਨ ਦਾ ਹਿੱਸਾ ਹੀ ਐ ਨਾ। ਤੂੰ ਆ ਤੇ ਸਾਡੇ ਕੋਲ ਰਹਿ। ਜਿਥੇ ਵੀ ਜਾਣਾ ਹੋਏਗਾ ਮੈਂ ਲੈ ਕੇ ਜਾਵਾਂਗੀ।

       ਪ੍ਰੀਤੀ ਦੀਆਂ ਗੱਲਾਂ ਵਿਚੋਂ ਚਰਨਜੀਤ ਨੂੰ ਕਈ ਸਵਾਲਾਂ ਦੇ ਜਵਾਬ ਤਾਂ ਮਿਲ ਗਏ ਪਰ ਨਾਲ ਦੀ ਨਾਲ ਹੋਰ ਸਵਾਲ ਖੜੇ ਹੋ ਗਏ। ਪ੍ਰੀਤੀ ਕੋਲ ਜਾਣ ਦਾ ਮਤਲਬ ਸੀ ਕਿ ਉਹ ਜੱਗੀ ਨੂੰ ਇਕੱਲੀ ਮਿਲ ਹੀ ਨਹੀਂ ਸਕੇਗੀ। ਜੱਗੀ ਪ੍ਰੀਤੀ ਦੇ ਪ੍ਰਭਾਵ ਹੇਠ ਆ ਕੇ ਸ਼ਾਇਦ ਸਭ ਕੁਝ ਰੌਕੀ ਨੂੰ ਹੀ ਦੇ ਦੇਵੇ। ਚਰਨਜੀਤ ਨੇ ਇਹ ਵੀ ਭਾਂਪ ਲਿਆ ਸੀ ਕਿ ਪ੍ਰੀਤੀ ਮੁੜ ਜੱਗੀ ਦੀ ਜ਼ਿੰਦਗੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਸੀ। ਪੈਸੇ ਦੀ ਖਾਤਰ ਉਹ ਕੁਝ ਵੀ ਕਰ ਸਕਦੀ ਸੀ। ਉਸ ਦਾ ਦਿਲ ਕਰਦਾ ਸੀ ਕਿ ਇਸ ਬਾਰੇ ਉਹ ਸ਼ਿਵਚਰਨ ਦੀ ਸਲਾਹ ਲਵੇ ਪਰ ਉਹ ਆਪਣਾ ਦਿਲ ਆਪਣੇ ਪਤੀ ਕੋਲ ਨਹੀਂ ਸੀ ਖੋਹਲਣਾ ਚਾਹੁੰਦੀ। ਉਸ ਨੇ ਫੈਸਲਾ ਕਰ ਲਿਆ ਕਿ ਜੱਗੀ ਨੂੰ ਪ੍ਰੀਤੀ ਲਈ ਇਕੱਲਾ ਨਹੀਂ ਛੱਡੇਗੀ ਤੇ ਉਹ ਇੰਗਲੈਂਡ ਜਾਵੇਗੀ ਹੀ ਜਾਵੇਗੀ।

       ਚਰਨਜੀਤ ਇੰਗਲੈਂਡ ਪੁੱਜ ਗਈ। ਪ੍ਰੀਤੀ ਚਰਨਜੀਤ ਨੂੰ ਲੈਣ ਏਅਰਪੋਰਟ ਤੇ ਗਈ। ਉਹ ਦੋਵੇਂ ਪਿਛਲੇ ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਮਿਲੀਆਂ। ਰੌਕੀ ਵੀ ਨਾਲ ਸੀ। ਚਰਨਜੀਤ ਨੇ ਰੌਕੀ ਨੂੰ ਜੱਫੀ ਵਿੱਚ ਲਿਆ ਤਾਂ ਉਸ ਨੂੰ ਜੱਗੀ ਜਿਹਾ ਮੋਹ ਹੀ ਮਹਿਸੂਸ ਹੋਇਆ। ਘਰ ਆਏ ਤਾਂ ਨਿੱਕ ਨੂੰ ਦੇਖ ਕੇ ਉਸ ਦੇ ਮਨ ਵਿੱਚ ਨਫਰਤ ਦੀ ਤਾਰ ਜਿਹੀ ਫਿਰ ਗਈ ਪਰ ਉਹ ਉਸ ਨੇ ਮਨ 'ਤੇ ਕਾਬੂ ਰੱਖਿਆ। ਅਗਲੇ ਦਿਨ ਪ੍ਰੀਤੀ ਉਸ ਨੂੰ ਹਸਪਤਾਲ ਲੈ ਗਈ। ਜੱਗੀ ਦੀ ਹਾਲਤ ਦੇਖ ਕੇ ਚਰਨਜੀਤ ਦਾ ਰੋਣਾ ਨਿਕਲ ਗਿਆ। ਜੱਗੀ ਚਰਨਜੀਤ ਨੂੰ ਦੇਖ ਕੇ ਜਿਵੇਂ ਜਿਉਂਦਿਆਂ ਵਿੱਚ ਹੋ ਗਿਆ ਹੋਵੇ। ਉਹ ਬਹੁਤ ਖੁਸ਼ ਸੀ। ਉਸ ਨੇ ਨਰਸ ਨੂੰ ਕਿਹਾ,

       -ਸਿਸਟਰ, ਡਾਕਟਰ ਨੂੰ ਕਹਿ ਕੇ ਮੈਨੂੰ ਘਰ ਭੇਜ ਦੇਵੋ। ਹੁਣ ਮੈਂ ਬਿਲਕੁਲ ਠੀਕ ਹੋ ਜਾਣਾਂ। ਮੇਰੀ ਭੈਣ ਆ ਗਈ, ਹੁਣ ਮੈਨੂੰ ਕੋਈ ਫਿਕਰ ਨਹੀਂ।

       -ਹਾਂ ਵੀਰੇ, ਘਰ ਵੀ ਚੱਲਾਂਗੇ, ਤੂੰ ਜ਼ਰਾ ਠੀਕ ਹੋ ਜਾ।

       -ਮੈਂ ਬਿਲਕੁਲ ਠੀਕ ਆਂ, ਬਸ ਹਵਾ ਜਿਹੀ ਭਰਦੀ ਕਰਕੇ ਇਥੇ ਰੱਖ ਲਿਆ, ਉਪਰੋਂ ਦੀ ਦਵਾਈਆਂ ਐਸੀਆਂ ਕਿæææ।

       ਜੱਗੀ ਦੀ ਨੂੰ ਘਰ ਜਾਣ ਦੀ ਕਾਹਲੀ ਵਿਚ ਸੀ। ਪ੍ਰੀਤੀ ਤੇ ਚਰਨਜੀਤ ਆਪ ਜਾ ਕੇ ਡਾਕਟਰ ਨੂੰ ਮਿਲੀਆਂ। ਡਾਕਟਰ ਨੇ ਕਿਹਾ,

       -ਮਰੀਜ਼ 'ਤੇ ਦਵਾਈ ਦਾ ਅਸਰ ਨਹੀਂ ਹੋ ਰਿਹਾ। ਜਦ ਦਵਾਈਆਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿਤਾ ਤਾਂ ਅਸੀਂ ਇਹਨੂੰ ਘਰ ਭੇਜ ਦੇਵਾਂਗੇ।

       -ਡੌਕ, ਜੈਗ ਦੇ ਠੀਕ ਹੋਣ ਦੇ ਕਿੰਨੇ ਕੁ ਚਾਂਸ ਨੇ?

       ਪ੍ਰੀਤੀ ਦੇ ਮਨ ਦਾ ਪਾਲ਼ਾ ਬੋਲਿਆ। ਡਾਕਟਰ ਆਖਣ ਲੱਗਾ,

       -ਮੈਂ ਡਾਕਟਰ ਹਾਂ ਤੇ ਮੈਂ ਕਦੇ ਵੀ ਆਸ ਦਾ ਪੱਲਾ ਨਹੀਂ ਛੱਡਦਾ।

       ਪ੍ਰੀਤੀ ਜਾਣਦੀ ਸੀ ਕਿ ਡਾਕਟਰ ਉਹਨਾਂ ਦਾ ਦਿਲ ਰੱਖਣ ਲਈ ਕਹਿ ਰਿਹਾ ਹੈ, ਨਹੀਂ ਤਾਂ ਜੱਗੀ ਦੀ ਸਿਹਤ ਇਸ ਸਥਿਤੀ ਵਿਚ ਸੀ ਕਿ ਇਹ ਮੁੜ ਕੇ ਨਹੀਂ ਸੁਧਰਨ ਵਾਲੀ। ਹੁਣ ਜੱਗੀ ਕਦੇ ਵੀ ਵਾਪਸ ਘਰ ਨਹੀਂ ਆਵੇਗਾ। ਦੋ ਕੁ ਘੰਟੇ ਉਹ ਹਸਪਤਾਲ ਬਹਿ ਕੇ ਵਾਪਸ ਆ ਗਈਆਂ। ਹੁਣ ਪ੍ਰੀਤੀ ਚਰਨਜੀਤ ਨਾਲ ਗੱਲ ਕਰਨ ਦਾ ਮੌਕਾ ਲੱਭਣ ਲੱਗੀ। ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਨਛੱਤਰ ਆਪਣੇ ਕਮਰੇ ਵਿੱਚ ਚਲੇ ਗਿਆ ਤੇ ਰੌਕੀ ਆਪੇ ਕਮਰੇ ਵਿੱਚ। ਬਹਿਣ-ਕਮਰੇ ਵਿਚ ਪ੍ਰੀਤੀ ਤੇ ਚਰਨਜੀਤ ਹੀ ਸਨ। ਪ੍ਰੀਤੀ ਬੋਲੀ,

       -ਕੀ ਸੋਚ ਰਹੀ ਐਂ?

       -ਇਹੀ ਕਿ ਵੀਰਾ ਜਲਦੀ ਠੀਕ ਹੋ ਜਾਵੇ।

       -ਚਰਨਜੀਤ, ਜ਼ਰਾ ਸੱਚ ਦੇ ਨਜ਼ਦੀਕ ਰਹਿ ਕੇ ਸੋਚ। ਲਿਵਰ ਉਹਦਾ ਪੂਰੀ ਤਰਾਂ੍ਹ ਜਾ ਚੁੱਕਾ ਤੇ ਕਿਡਨੀਆਂ ਵੀ ਖਤਮ ਨੇ।

       -ਇਵੇਂ ਨਾ ਕਹਿ ਪ੍ਰੀਤੀ, ਮੇਰਾ ਭਰਾ ਐ, ਇਵੇਂ ਸੋਚ ਕੇ ਮੇਰੇ ਦਿਲ ਨੂੰ ਡੋਬਾ ਪੈਂਦਾ।

       -ਹੌਸਲੇ ਤੋਂ ਕੰਮ ਲੈਣਾ ਪੈਣਾਂ।

       -ਹਾਂ, ਹੌਸਲਾ ਤਾਂ ਰੱਖਣਾ ਹੀ ਪਵੇਗਾ।

       ਚਰਨਜੀਤ ਨੇ ਕਿਹਾ। ਪ੍ਰੀਤੀ ਕੁਝ ਦੇਰ ਰੁਕੀ ਤੇ ਫਿਰ ਹਿੰਮਤ ਕਰਕੇ ਬੋਲੀ,

       -ਚਰਨਜੀਤ, ਜੈਗ ਦੀ ਸਾਰੀ ਪ੍ਰੌਪਰਟੀ ਹੁਣ ਰੌਕੀ ਨੂੰ ਮਿਲਣੀ ਚਾਹੀਦੀ ਐ।

       ਚਰਨਜੀਤ ਖਿਝਦੀ ਬੋਲੀ,

       -ਪ੍ਰੀਤੀ, ਤੂੰ ਸਦਾ ਹੀ ਪ੍ਰੌਪਰਟੀ ਦਾ ਰਾਗ ਅਲਾਪਦੀ ਰਹਿੰਨੀ ਐਂ, ਏਨੀ ਪ੍ਰੌਪਰਟੀ ਨਹੀਂ ਜਿੰਨੀ ਤੂੰ ਆਸ ਰੱਖੀ ਬੈਠੀ ਐਂ।

       -ਵੀਹ ਸਾਲ ਪਹਿਲਾਂ ਮੈਨੂੰ ਜੈਗ ਨੇ ਦੱਸਿਆ ਸੀ ਕਿ ਇਕ ਇਕ ਕਰੋੜ ਦੀਆਂ ਪੰਜ ਦੁਕਾਨਾਂ। ਹੁਣ ਤਾਂ ਉਹ ਵੀਹ ਵੀਹ ਕਰੋੜ ਦੀਆਂ ਹੋ ਗਈਆਂ ਹੋਣਗੀਆਂ। ਘਰ, ਪਲੌਟ ਤੇ ਕੈਸ਼। ਦਸ ਕਰੋੜ ਦਾ ਇਕ ਮਿਲੀਅਨ ਪੌਂਡ ਬਣਦਾ ਤੇ ਜੈਗ ਦੀ ਜਾਇਦਾਦ ਹੈਗੀ ਐ ਪੱਚੀ ਮਿਲੀਅਨ ਪੌਂਡ।

       -ਪ੍ਰੀਤੀ, ਤੂੰ ਕਿਹੜੀ ਦੁਨੀਆਂ ਵਿੱਚ ਰਹਿੰਦੀ ਐਂ! ਏਨੀ ਕਿਵੇਂ ਹੋ ਜਾਏਗੀ? ਦੁਕਾਨਾਂ ਕਿਰਾਏ 'ਤੇ ਐ ਤੇ ਕਿਰਾਏ ਦੀਆਂ ਦੁਕਾਨਾਂ ਦੀ ਕੀਮਤ ਬਹੁਤੀ ਨਹੀਂ ਹੁੰਦੀ ਕਿਉਂਕਿ ਕਿਰਾਏਦਾਰ ਦੁਕਾਨ ਛੱਡੇਗਾ ਤਾਂ ਹੀ ਤਾਂ ਵਿਕੇਗੀ, ਉਸ ਦੀ ਕੀਮਤ ਪਏਗੀ। ਪੱਚੀ-ਪੱਚੀ ਸਾਲ ਦੇ ਦੁਕਾਨਦਾਰ ਦੁਕਾਨਾਂ ਵਿਚ ਬੈਠੇ ਆ, ਉਹ ਤਾਂ ਕਿਰਾਇਆ ਵੀ ਥੋੜਾ ਜਿਹਾ ਹੀ ਦਿੰਦੇ ਆ। ਇੰਡੀਆ ਦਾ ਕਾਨੂੰਨ ਕਿਰਾਏਦਾਰ ਦੇ ਹੱਕ ਵਿੱਚ ਐ। ਘਰ ਦੀ ਵੀ ਕੀਮਤ ਬਹੁਤੀ ਨਹੀਂ, ਪੁਰਾਣੇ ਜ਼ਮਾਨੇ ਦਾ ਛੱਤਿਆ ਹੋਇਆ। ਪਲਾਟ ਜੱਗੀ ਵੀਰੇ ਦਾ ਨਹੀਂ, ਮੇਰਾ ਐ। ਕੈਸ਼ ਸਾਰਾ ਡੈਡੀ ਤੇ ਜੱਗੀ ਦੀ ਬਿਮਾਰੀ 'ਤੇ ਖਰਚ ਹੋ ਗਿਆ ਸੀ ਤੇ ਜੱਗੀ ਵੀਰਾ ਪੌਂਡ ਬਣਾ ਕੇ ਲੈ ਵੀ ਆਇਆ ਸੀ।

       ਚਰਨਜੀਤ ਦੀ ਗੱਲ ਸੁਣ ਕੇ ਪ੍ਰੀਤੀ ਦਾ ਸਾਰਾ ਉਤਸ਼ਾਹ ਖਤਮ ਹੋ ਗਿਆ। ਉਸ ਨੇ ਅਗਲੇ ਹੀ ਪਲ ਸੋਚਿਆ ਕਿ ਸ਼ਾਇਦ ਚਰਨਜੀਤ ਉਸ ਨੂੰ ਬੇਵਕੂਫ ਬਣਾ ਰਹੀ ਹੈ। ਉਸ ਨੇ ਕਿਹਾ,

       -ਇਹ ਤਾਂ ਕੀਮਤ ਪਵਾਏ 'ਤੇ ਪਤਾ ਚੱਲ ਜਾਂਦਾ ਹੁੰਦਾ। ਪ੍ਰੌਪਰਟੀ ਡੀਲਰ ਸਭ ਦੱਸ ਦਿੰਦੇ ਹੁੰਦੇ ਆ। ਜਿੰਨਾ ਵੀ ਹੋਵੇ ਹੈ ਤਾਂ ਸਭ ਰੌਕੀ ਦਾ ਹੀ ਨਾ।

       ਚਰਨਜੀਤ ਦੇ ਮਨ ਨੂੰ ਕੁਝ ਹੋਣ ਲੱਗ ਪਿਆ। ਉਸ ਨੂੰ ਸਭ ਕੁਝ ਹੱਥੋਂ ਜਾਂਦਾ ਦਿਸਦਾ ਜਾਪਿਆ। ਉਹ ਹੌਂਸਲਾ ਕਰਕੇ ਬੋਲੀ,

      -ਪ੍ਰੀਤੀ, ਇਹਦੇ ਵਿਚ ਅੱਧ ਤਾਂ ਮੇਰਾ ਐ, ਅੱਧ ਵੀਰੇ ਦਾ।

       -ਅੱਧ ਕਿਵੇਂ? ਡੈਡੀ ਤਾਂ ਵਸੀਅਤ ਕਰ ਗਿਆ ਸੀ ਨਾ ਜੈਗ ਦੇ ਨਾਂ?

       -ਵਸੀਅਤ ਤਾਂ ਕੀਤੀ ਸੀ ਪਰ ਲਾਗੂ ਨਹੀਂ ਸੀ ਕੀਤੀ। ਹਾਲੇ ਵੀ ਸਭ ਕੁਝ ਡੈਡੀ ਦੇ ਨਾਂ ਹੀ ਐ ਤੇ ਜੇ ਵੀਰੇ ਨੂੰ ਕੁਝ ਹੋ ਗਿਆ ਤਾਂ ਸਭ ਮੈਨੂੰ ਮਿਲਣਾ।

       ਚਰਨਜੀਤ ਨੇ ਆਪਣੇ ਹਿਸਾਬ ਨਾਲ ਚਾਲ ਚੱਲੀ। ਪ੍ਰੀਤੀ ਸੋਚਾਂ ਵਿੱਚ ਪੈ ਗਈ ਕਿ ਇਹ ਕੀ ਕਹਿ ਰਹੀ ਸੀ। ਉਸ ਨੇ ਆਖਿਆ,

       -ਚਰਨਜੀਤ, ਤੁਸੀਂ ਸਾਡੇ ਨਾਲ ਇਵੇਂ ਨਹੀਂ ਕਰ ਸਕਦੇ, ਤੁਸੀਂ ਸਾਨੂੰ ਸਾਡੇ ਹਿੱਸੇ ਤੋਂ ਵਾਂਝੇ ਨਹੀਂ ਕਰ ਸਕਦੇ, ਮੇਰਾ ਮਤਲਬ ਰੌਕੀ ਨੂੰ, ਅਖਿਰ ਉਹ ਤੁਹਾਡਾ ਹੀ ਤਾਂ ਖੂਨ ਐ, ਤੁਹਾਡੇ ਖਾਨਦਾਨ ਦਾ ਅਸਲੀ ਵਾਰਿਸ।

       ਆਪਣੀ ਗੱਲ ਕਹਿ ਕੇ ਪ੍ਰੀਤੀ ਆਪਣੇ ਕਮਰੇ ਵਿੱਚ ਸੌਣ ਚਲੇ ਗਈ। ਆਪਣੇ ਕਮਰੇ ਵਿੱਚ ਤਾਂ ਚਰਨਜੀਤ ਵੀ ਚਲੇ ਗਈ ਪਰ ਉਹ ਸੌਂ ਨਾ ਸਕੀ। ਉਹ ਸੋਚ ਰਹੀ ਸੀ ਕਿ ਹੁਣ ਕੀ ਕੀਤਾ ਜਾਵੇ। ਜੇ ਤਾਂ ਉਸ ਕੋਲ ਜੱਗੀ ਦੀ ਕੀਤੀ ਵਸੀਅਤ ਹੁੰਦੀ ਤਾਂ ਉਹ ਪ੍ਰੀਤੀ ਦੀਆਂ ਗੱਲਾਂ ਨੂੰ ਨਕਾਰ ਕੇ ਰੱਖ ਦਿੰਦੀ ਪਰ ਉਹਦੇ ਹੱਥ ਵਿੱਚ ਤਾਂ ਕੁਝ ਵੀ ਨਹੀਂ ਤੇ ਨਾ ਹੀ ਜੱਗੀ ਇਸ ਕਾਬਲ ਹੈ ਕਿ ਕੋਈ ਵਸੀਅਤ ਕਰ ਸਕੇ। ਉਸ ਨੇ ਸੋਚ-ਸੋਚ ਕੇ ਉਸ ਨੇ ਸ਼ਿਵਚਰਨ ਨੂੰ ਫੋਨ ਕਰ ਲਿਆ। ਇਹ ਪਹਿਲੀ ਵਾਰ ਸੀ ਕਿ ਉਹ ਆਪਣੇ ਪਤੀ ਨਾਲ ਆਪਣੇ ਭਰਾ ਦੀ ਜਾਇਦਾਦ ਬਾਰੇ ਗੱਲ ਕਰ ਰਹੀ ਸੀ। ਸ਼ਿਵਚਰਨ ਤਾਂ ਸਾਰੀ ਜਾਇਦਾਦ ਨੂੰ ਦੱਬਣ ਦੀਆਂ ਪਹਿਲਾਂ ਹੀ ਸਕੀਮਾਂ ਬਣਾਈ ਫਿਰਦਾ ਸੀ। ਉਹ ਅਕਸਰ ਸੋਚਦਾ ਕਿ ਕਿਸੇ ਨਾ ਕਿਸੇ ਤਰਾਂ੍ਹ ਦਿੱਲੀ ਵਾਲੀਆਂ ਦੁਕਾਨਾਂ ਵੇਚ ਦਿੱਤੀਆਂ ਜਾਣ ਤੇ ਉਹੀ ਪੈਸੇ ਜਲੰਧਰ ਵਿੱਚ ਵਰਤ ਲਏ ਜਾਣ। ਦੁਕਾਨਾਂ ਦੀ ਕੀਮਤ ਬਹੁਤ ਸੀ। ਇਕ ਦੁਕਾਨ ਦੇ ਪੈਸੇ ਪ੍ਰੀਤੀ ਨੂੰ ਦੇ ਕੇ ਵੀ ਉਹਨਾਂ ਲਈ ਬਹੁਤ ਕੁਝ ਸੀ। ਸ਼ਿਵਚਰਨ ਨੇ ਪਤਨੀ ਨੂੰ ਸਾਰੀ ਗੱਲ ਸਮਝਾ ਦਿੱਤੀ ਕਿ ਕੀ ਕਰਨਾ ਹੈ।





ਇਕਤਾਲੀ


      ਸਵੇਰੇ ਉਹ ਉਠੇ ਤਾਂ ਰਾਤ ਵਾਲੇ ਵਿਸ਼ੇ 'ਤੇ ਮੁੜ ਕੇ ਕੋਈ ਵੀ ਗੱਲ ਨਾ ਹੋਈ। ਉਹ ਗੱਲਾਂ ਤਾਂ ਬਹੁਤ ਕਰ ਰਹੀਆਂ ਸਨ ਪਰ ਹੋਰ ਵਿਸ਼ਿਆਂ ਉਪਰ। ਉਹ ਦੋਵੇਂ ਸ਼ਾਮ ਨੂੰ ਹਸਪਤਾਲ ਜਾਂਦੀਆਂ, ਹੋਰ ਗੱਲਾਂ ਕਰਦੀਆਂ ਪਰ ਜਾਇਦਾਦ ਬਾਰੇ ਨਾ। ਹਾਂ, ਚਰਨਜੀਤ ਹੁਣ ਹਰ ਰੋਜ਼ ਸ਼ਿਵਚਰਨ ਨੂੰ ਫੋਨ ਕਰਕੇ ਸਲਾਹਾਂ ਕਰਨ ਲੱਗੀ ਸੀ। ਇਕ ਦਿਨ ਉਹ ਹਸਪਤਾਲ ਗਈਆਂ ਤਾਂ ਦੇਖਿਆ ਕਿ ਜੱਗੀ ਦੀ ਹਾਲਤ ਹੋਰ ਵੀ ਖਰਾਬ ਸੀ। ਉਸ ਨੂੰ ਆਕਸੀਜ਼ਨ ਲੱਗੀ ਹੋਈ ਸੀ। ਗੁਲੂਕੋਸ ਤਾਂ ਪਹਿਲਾਂ ਵੀ ਹਰ ਵੇਲੇ ਲੱਗਾ ਹੀ ਰਹਿੰਦਾ ਸੀ ਪਰ ਹੁਣ ਇਕ ਹੋਰ ਪਾਈਪ ਵੀ ਲਾਇਆ ਹੋਇਆ ਸੀ। ਉਸਦੀ ਹਾਲਤ ਦੇਖ ਕੇ ਉਹ ਦੋਵੇਂ ਹੀ ਰੋਣ ਲੱਗੀਆਂ। ਚਰਨਜੀਤ ਨੇ ਚਾਹਿਆ ਕਿ ਜੱਗੀ ਨੂੰ ਜਗਾ ਲਵੇ ਪਰ ਨਰਸ ਨੇ ਰੋਕ ਦਿੱਤਾ। ਉਹ ਦੋਵੇਂ ਜਲਦੀ ਹੀ ਘਰ ਮੁੜ ਆਈਆਂ। ਘਰ ਆ ਕੇ ਪ੍ਰੀਤੀ ਨੇ ਫਿਰ ਉਹੋ ਗੱਲ ਸ਼ੁਰੂ ਕਰਦਿਆਂ ਕਿਹਾ,

       -ਕੀ ਸੋਚਿਆ ਫਿਰ? ਭਾਜੀ ਕੀ ਕਹਿੰਦੇ?

       ਚਰਨਜੀਤ ਸਮਝ ਗਈ ਕਿ ਸ਼ਿਵਚਰਨ ਨਾਲ ਗੱਲਾਂ ਕਰਦੀ ਦੀ ਭਿਣਕ ਉਸ ਨੂੰ ਪੈ ਗਈ ਹੋਵੇਗੀ। ਉਹ ਬੋਲੀ,

       -ਦੇਖ ਪ੍ਰੀਤੀ, ਇਹ ਸਾਰਾ ਕੰਮ ਏਨਾ ਸੌਖਾ ਨਹੀਂ ਹੁੰਦਾ। ਜਿਹੜਾ ਤਾਂ ਹੈਗਾ ਘਰ ਡੈਡੀ ਦਾ, ਇਹ ਅਸੀਂ ਕਿਸੇ ਵੀ ਹਾਲਤ ਵਿੱਚ ਨਹੀਂ ਵੇਚਣਾ। ਇਹਦਾ ਮਿਲਣਾ ਵੀ ਕੁਝ ਨਹੀਂ ਤੇ ਵੇਚਣਾ ਵੀ ਨਹੀਂ।

       -ਦੁਕਾਨਾਂ ਦੀ ਗੱਲ ਕਰੀਏ। ਸਾਨੂੰ ਇਹਨਾਂ ਵਿੱਚੋਂ ਅੱਧ ਚਾਹੀਦਾ।

       -ਪਹਿਲੀ ਗੱਲ ਤਾਂ ਕਿਰਾਏ 'ਤੇ ਹੋਣ ਕਰਕੇ ਇਹ ਦੁਕਾਨਾਂ ਵਿਕਣੀਆਂ ਨਹੀਂ ਦੂਜੇ ਇਹਨਾਂ ਦਾ ਮਿਲਣਾ ਵੀ ਬਹੁਤਾ ਕੁਝ ਨਹੀਂ। ਇਹ ਸਾਰੀਆਂ ਦੁਕਾਨਾਂ ਹੀ ਝਗੜੇ ਵਾਲੀਆਂ ਨੇ।

       -ਮਿਲਣਾ ਕਿਉਂ ਨਹੀਂ। ਜੇ ਵੀਹ ਸਾਲ ਪਹਿਲਾਂ ਇਕ ਇਕ ਕਰੋੜ ਦੀਆਂ ਹੋਣਗੀਆਂ ਤਾਂ ਹੁਣ ਤਾਂ ਸੌ ਕਰੋੜ ਦੀਆਂ ਹੋਣੀਆਂ ਹੀ ਨੇ।

       -ਨਹੀਂ ਪ੍ਰੀਤੀ, ਵੇਚਣ ਤੋਂ ਪਹਿਲਾਂ ਜੱਗੀ ਵੀਰੇ ਤੋਂ ਬਾਅਦ ਇਹ ਦੁਕਾਨਾਂ ਆਪਣੇ ਸਾਰਿਆਂ ਦੇ ਨਾਂ ਚੜ੍ਹਨਗੀਆਂ, ਜਿਹਦੇ ਉਤੇ ਕਾਫੀ ਪੈਸੇ ਲੱਗਦੇ ਆ। ਉਹਦੇ ਲਈ ਰੌਕੀ ਦਾ ਉਥੇ ਹਾਜ਼ਰ ਹੋਣਾ ਜ਼ਰੂਰੀ ਹੋਏਗਾ ਤੇ ਜਾਂ ਇਹਦਾ ਮੁਖਤਿਆਰ ਨਾਮਾ ਚਾਹੀਦਾ ਹੋਵੇਗਾ। ਫਿਰ ਨਾਂ ਚੜ੍ਹਨਗੀਆਂ ਤੇ ਉਸ ਤੋਂ ਬਾਅਦ ਵੇਚਣ ਦੀ ਗੱਲ ਹੋਵੇਗੀ। ਸੌ ਕਰੋੜ ਤਾਂ ਦੂਰ ਦੀ ਗੱਲ ਜੇ ਦਸ ਕਰੋੜ ਵੀ ਮਿਲ ਜਾਵੇ ਤਾਂ ਬਹੁਤ ਐ।

       -ਇਹ ਨਹੀਂ ਹੋ ਸਕਦਾ।

       -ਤੂੰ ਆਪ ਜਾ ਕੇ ਦੇਖ ਆ। ਕਿਸੇ ਪ੍ਰੋਪਰਟੀ ਡੀਲਰ ਨਾਲ ਗੱਲ ਕਰ ਕੇ ਦੇਖ ਲੈ। ਉਸ ਤੋਂ ਬਾਅਦ ਗੱਲ ਕਰ ਲਵਾਂਗੇ।

       ਚਰਨਜੀਤ ਨੇ ਆਖਿਆ ਤੇ ਪ੍ਰੀਤੀ ਸੋਚਾਂ ਵਿਚ ਪੈ ਗਈ। ਉਹ ਤਾਂ ਦਸ ਮਿਲੀਅਨ ਪੌਂਡ ਸੋਚੀ ਬੈਠੀ ਸੀ ਪਰ ਇਹ ਤਾਂ ਇਕ ਮਿਲੀਅਨ ਵੀ ਨਹੀਂ ਬਣ ਰਿਹਾ। ਉਹਦੇ ਵਿੱਚੋਂ ਵੀ ਹਿੱਸਾ ਹੋਵੇਗਾ। ਇੰਡੀਆ ਉਹ ਕਿਥੋਂ ਜਾ ਸਕੇਗੀ। ਇੰਡੀਆ ਸੱਦਣਾ ਇਹਨਾਂ ਦੀ ਕੋਈ ਚਾਲ ਵੀ ਤਾਂ ਹੋ ਸਕਦੀ ਹੈ। ਉਸ ਨੇ ਸੋਚਿਆ ਕਿ ਜਿਥੇ ਕੁ ਵੀ ਸਮਝੌਤਾ ਹੁੰਦਾ ਹੋਵੇ ਕਰ ਲੈਣਾ ਚਾਹੀਦਾ ਹੈ। ਉਸ ਨੇ ਚਰਨਜੀਤ ਨਾਲ ਲੈਣ ਦੇਣ ਸ਼ੁਰੂ ਕਰ ਲਿਆ। ਇਸ ਲੈਣ ਦੇਣ ਦੇ ਵਿਚਕਾਰ ਚਰਨਜੀਤ ਨੂੰ ਸਲਾਹ ਲੈਣ ਲਈ ਦੋ ਵਾਰ ਸ਼ਿਵਚਰਨ ਨੂੰ ਫੋਨ ਕਰਨਾ ਪਿਆ। ਕਰ ਕਰਾ ਕੇ ਚਰਨਜੀਤ ਨੇ ਪੰਜ ਕਰੋੜ ਪ੍ਰੀਤੀ ਨੂੰ ਦੇਣਾ ਕਰ ਲਿਆ ਤੇ ਬਦਲੇ ਵਿਚ ਰੌਕੀ ਸ਼ਿਵਚਰਨ ਦੇ ਨਾਂ 'ਤੇ ਆਮ-ਮੁਖਤਿਆਰਨਾਮਾ ਲਿਖ ਕੇ ਦੇਵੇਗਾ ਤੇ ਆਪਣੇ ਸਾਰੇ ਹੱਕ ਸ਼ਿਵਚਰਨ ਦੇ ਨਾਂ ਕਰ ਦੇਵੇਗਾ। ਪੰਜ ਕਰੋੜ ਦਾ ਭਾਵ ਸੀ ਪੰਜ ਲੱਖ ਪੌਂਡ। ਪ੍ਰੀਤੀ ਲਈ ਇਹ ਵੀ ਬਹੁਤ ਸੀ। ਹਸਪਤਾਲ ਜਾਣ ਤਕ ਪ੍ਰੀਤੀ ਤੇ ਚਰਨਜੀਤ ਵਿੱਚ ਸਾਰੇ ਸਮਝੌਤੇ ਹੋ ਗਏ ਤੇ ਦੋਵਾਂ ਨੇ ਆਪਸ ਵਿਚ ਹੱਥ ਮਿਲਾ ਲਿਆ। ਦੋਵੇਂ ਹੀ ਖੁਸ਼ ਸਨ। ਦੋਵੇਂ ਜਿੱਤ ਗਈਆਂ ਸਮਝ ਰਹੀਆਂ ਸਨ। ਚਹਿਕ ਚਹਿਕ ਕੇ ਗੱਲਾਂ ਕਰ ਰਹੀਆਂ ਸਨ।

         ਸ਼ਾਮ ਨੂੰ ਉਹ ਦੋਵੇਂ ਹਸਪਤਾਲ ਪੁੱਜ ਗਈਆਂ। ਕਾਰ ਖੜੀ ਕਰ ਕੇ ਉਹ ਹਸਪਤਾਲ ਦੀ ਇਮਾਰਤ ਵਿਚ ਜਾ ਵੜੀਆਂ। ਉਹਨਾਂ ਦੇ ਪੈਰਾਂ ਵਿਚ ਕਾਹਲ ਸੀ। ਗੱਲਬਾਤ ਵਿਚ ਮੋਹ। ਸਤਵੀ ਮੰਜ਼ਿਲ 'ਤੇ ਜੱਗੀ ਵਾਲੀ ਵਾਰਡ ਸੀ। ਲਿਫਟ ਰਾਹੀਂ ਉਹ ਸੱਤਵੀਂ ਮੰਜ਼ਿਲ 'ਤੇ ਪੁੱਜ ਗਈਆਂ। ਨਾਈਟਿੰਗੇਲ ਵਾਰਡ ਵਿੱਚ ਜੱਗੀ ਦਾ ਕਮਰਾ ਸੀ। ਉਹ ਦੋਵੇਂ ਇਕ ਦੂਜੇ ਦਾ ਹੱਥ ਫੜੀ ਤੁਰ ਰਹੀਆਂ ਸਨ। ਉਹ ਜੱਗੀ ਦੇ ਕਮਰੇ ਮੁਹਰੇ ਆ ਗਈਆਂ। ਉਹਨਾਂ ਨੇ ਕਮਰੇ ਦੇ ਅੰਦਰ ਦੇਖਿਆ ਤਾਂ ਅੰਦਰਲਾ ਨਜ਼ਾਰਾ ਦੇਖ ਕੇ ਉਹਨਾਂ ਦੇ ਪੈਰ ਥਾਵੇਂ ਹੀ ਜੰਮ ਗਏ। ਜੱਗੀ ਬੈਠਾ ਨਵੀ ਨਾਲ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ। ਉਹਨਾਂ ਨੂੰ ਆਈਆਂ ਨੂੰ ਦੇਖ ਕੇ ਉਹ ਬੋਲਿਆ,

       -ਕਿਵੇਂ ਕੀ ਹਾਲ ਐ? æææਚੰਗਾ ਹੋਇਆ ਤੁਸੀਂ ਆ ਗਈਆਂ। ਚਰਨਜੀਤ, ਦਵਾਈ ਆਪਣਾ ਕੰਮ ਕਰ ਗਈ, ਡਾਕਟਰ ਨੇ ਮੈਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ। ਇਸੇ ਲਈ ਮੈਂ ਨਵੀ ਨੂੰ ਸੱਦਿਆ ਸੀ, æææਇਕ ਵਾਰ ਡਾਕਟਰ ਨੇ ਹੋਰ ਚੈੱਕ ਕਰਨਾ ਤੇ ਫੇਰ ਆਪਾਂ ਘਰ ਨੂੰ ਚਲਦੇ ਆਂ।


ਸਮਾਪਤ



 
 
 

Comments


bottom of page